Mon, 09 December 2019
Your Visitor Number :-   1996948
SuhisaverSuhisaver Suhisaver
ਕਾਰਟੂਨਿਸਟ ਸੁਧੀਰ ਧਰ ਦਾ ਦਿਹਾਂਤ               ਮਲਵਿੰਦਰ ਤੇ ਸ਼ਿਵਿੰਦਰ ਹੱਤਕ ਅਦਾਲਤ ਦੇ ਦੋਸ਼ੀ ਕਰਾਰ              

ਇਹ ਜੰਗੀ ਮਾਹੌਲ ਹੈ - ਰਾਜਵਿੰਦਰ ਮੀਰ

Posted on:- 26-10-2019

ਕੁਝ ਦਿਨ ਪਹਿਲਾਂ ਬਿਗੁਲ ਮਜ਼ਦੂਰ ਦਸਤਾ ਦੇ ਕਾਰਕੁਨਾਂ ਉੱਤੇ ਹਰਿਦੁਆਰ ਵਿੱਚ ਹਮਲਾ ਅਤੇ ਫਿਰ ਉਮਰ ਖਾਲਿਦ ਉੱਤੇ ਦਿੱਲੀ ਵਿੱਚ ਹਮਲਾ।ਇਸ ਤੋਂ ਪਹਿਲਾਂ ਕਨ੍ਹੱਈਆ ਕੁਮਾਰ,ਸਵਾਮੀ ਅਗਨੀਵੇਸ਼, ਗੌਰੀ ਲੰਕੇਸ਼,ਗੋਵਿੰਦ ਪਨਸਾਰੇ, ਅਫਰਾਜੁਲ, ਅਖਲਾਕ...ਸੂਚੀ ਕਾਫੀ ਲੰਮੀ ਹੈ ।ਹਰ ਰੋਜ਼ ਵਾਪਰ ਰਹੀ ਨਵੀਂ ਘਟਨਾ ਕਿਤੇ ਸਾਨੂੰ ਸਹਿਣ ਕਰਨ ਦਾ ਆਦੀ ਤਾਂ ਨਹੀਂ ਬਣਾ ਰਹੀ? ਡਰ ਹੈ ਕਿਤੇ ਸਾਡੀ ਸੰਵੇਦਨਾ ਗ੍ਰਹਿਣੀ ਨਾ ਜਾਵੇ! ਸਾਡੇ ਫ਼ਿਕਰ ਖੁੰਡੇ ਨਾ ਹੋ ਜਾਣ!
             
ਲੀਕ ਸਪੱਸ਼ਟ ਹੋ ਗਈ ਹੈ ।ਲੜਾਈ ਦੋ ਧਰਾਤਲਾਂ 'ਤੇ ਲੜੀ ਜਾ ਰਹੀ ਹੈ। ਸਰੀਰਕ ਧਰਾਤਲ 'ਤੇ ਅਤੇ ਮਾਨਸਿਕ ਧਰਾਤਲ 'ਤੇ।ਫਾਸ਼ਿਸਟ ਆਪਣੀ ਪ੍ਰਕਿਰਤੀ ਤੋਂ ਦੱਬੂ ਅਤੇ ਕਮੀਨਾ ਹੁੰਦਾ।ਹੈ ਫਾਸ਼ਿਸਟ ਆਪਣੀ ਪ੍ਰਕਿਰਤੀ ਤੋਂ ਮਨੋ ਵਿਕਾਰੀ ਹੁੰਦਾ ਹੈ।ਉਹ ਇਕੱਲਾ ਰਹਿਣਾ ਚਾਹੁੰਦਾ ਹੈ ।ਲੋਕਾਂ ਦੇ ਸੰਗ ਸਾਥ ਤੋਂ ਡਰਦਾ ਹੈ।ਸੰਗ ਸਾਥ ਹੋਵੇਗਾ ਤਾਂ ਸਵਾਲ ਹੋਣਗੇ।ਸਵਾਲ ਉਸ ਦੀ ਹਸਤੀ ਨੂੰ ਕਾਟੇ ਹੇਠ ਲਿਆਉਂਦੇ ਹਨ। ਇਕੱਲਤਾ ਚ ਉਹ ਸੁਰੱਖਿਅਤ ਮਹਿਸੂਸ ਕਰਦਾ ਹੈ। ਅਜੀਬੋ ਗਰੀਬ ਹਰਕਤਾਂ ਕਰਦਾ ਹੈ।ਜਿਵੇਂ ਚਾਰਲੀ ਚੈਪਲਿਨ ਨੇ 'ਦ ਗ੍ਰੇਟ ਡਿਕਟੇਟਰ' ਵਿੱਚ ਦਿਖਾਇਆ।

ਹਿੰਦੁਸਤਾਨ ਮੁਲਕ ਅੰਦਰ ਇਹ ਵਰਤਾਰਾ ਇਉਂ ਹੈ-ਫਾਸ਼ਿਸਟ ਅਤੇ ਫਾਸ਼ਿਸਟ ਸੰਚਾਲਕ।ਤੇ ਸੰਚਾਲਕ ਤੇਜ਼ ਤਰਾਰ ਹਨ।ਭਾਰਤ ਦੇ ਪਬਲਿਕ ਸੈਕਟਰ ਨੂੰ ਖਤਮ ਕਰਨ ਲਈ ਖਾਂਦੀ ਪੀਂਦੀ ਮਿਡਲ ਕਲਾਸ ਨੂੰ ਮਾਨਸਿਕ ਤੌਰ ਤੇ ਪਹਿਲਾਂ ਤਿਆਰ ਕੀਤਾ ਗਿਆ।ਸਕੂਲਾਂ, ਸਿਹਤ ਸੰਸਥਾਵਾਂ, ਤੇ ਪਬਲਿਕ ਟਰਾਂਸਪੋਰਟ ਵਿੱਚ ਹੁੰਦੇ ਭ੍ਰਿਸ਼ਟਾਚਾਰ ਅਤੇ ਅਨੈਤਿਕ ਵਿਵਹਾਰ ਨੂੰ ਸੋਚੀ ਸਮਝੀ ਯੋਜਨਾ ਤਹਿਤ ਖੁੱਲ੍ਹਾ ਪ੍ਰਚਾਰਿਆ ਗਿਆ ਤਾਂ ਕਿ ਇਨ੍ਹਾਂ ਸੰਸਥਾਵਾਂ ਵਿੱਚੋਂ ਲੋਕਾਂ ਦਾ ਵਿਸ਼ਵਾਸ ਖਤਮ ਕੀਤਾ ਜਾ ਸਕੇ।ਬੁੱਧੀਜੀਵੀਆਂ ਦੇ ਇੱਕ ਪੂਰ ਨੂੰ ਕਤਲ ਕਰਨ ਤੋਂ ਬਾਅਦ ਫਾਸ਼ਿਸਟਾਂ ਨੂੰ ਇਹ ਸਮਝ ਆਈ ਹੈ,ਕਿ ਇਨ੍ਹਾਂ ਦਾ ਵਜੂਦ ਮਿਟਾਉਣ ਲਈ ਇਨ੍ਹਾਂ ਦੀ ਕਿਰਦਾਰ ਕੁਸ਼ੀ ਜ਼ਰੂਰੀ ਹੈ।ਇਨ੍ਹਾਂ ਦਾ ਖੁੱਲ੍ਹੇਆਮ ਬਾਹਰ ਘੁੰਮਣਾ ਇਸ ਲਈ ਵੀ ਖਤਰਨਾਕ ਹੈ ਕਿ ਮਸਲਾ ਹੁਣ ਅਸਹਿਮਤੀ ਦਾ ਨਾ ਰਹਿ ਕੇ ਬਦਲ ਦਾ ਬਣ ਗਿਆ ਹੈ।ਇਸ ਲਈ ਹਕੂਮਤ ਕੋਲ ਵੀ ਕਤਲਾਂ ਅਤੇ ਨਜ਼ਰਬੰਦੀ ਤੋਂ ਬਿਨਾਂ ਕੋਈ ਬਦਲ ਰਹਿ ਨਹੀਂ ਗਿਆ।ਪਰ ਜਿਹੜੇ ਸ਼ਬਦ ਨੂੰ ਦੇਸ਼ਧ੍ਰੋਹੀ ਦਾ ਪ੍ਰਾਇਵਾਚੀ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਉਹੋ ਸ਼ਬਦ ਜੱਦੋਜਹਿਦ ਦਾ ਪ੍ਰਾਇਵਾਚੀ ਬਣ ਗਿਆ।
                  
ਜੇ ਪੀ.ਸਾਈਂਨਾਥ ਜਿਹੇ ਅਪਾਹਜ ਅਧਿਆਪਕ ਦੀ ਆਵਾਜ਼ ਥਰਥਰਾਹਟ ਪੈਦਾ ਕਰਦੀ ਹੈ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਇਸ ਮੁਲਕ ਦੀ ਹਕੂਮਤ ਦੀ ਬੁਨਿਆਦ ਜਰਜਰ ਹੋ ਚੁੱਕੀ ਹੈ।ਭਾਰਤ ਜਿਹੇ ਮੁਲਕਾਂ ਵਿੱਚ ਜਿੱਥੇ ਜਮਹੂਰੀਅਤ ਇੱਕ ਰਾਜਨੀਤਕ ਮਾਡਲ ਵਜੋਂ ਵੇਲਾ ਵਿਹਾ ਚੁੱਕੀ ਹੈ, ਜੋ ਲੰਘਦੇ ਹਰ ਦਿਨ,ਹਰ ਘੜੀ,ਹਰ ਪਲ ਹੋਰ ਦੋਗਲੀ,ਹੋਰ ਰੋਗੀ,ਹੋਰ ਦਮਨਕਾਰੀ ਹੁੰਦੀ ਜਾ ਰਹੀ ਹੈ,ਉੱਥੇ ਵਿਸ਼ਾਲ ਭਾਰਤੀ ਜਨ ਮਾਨਸ ਦੇ ਜੀਵਨ ਵਿੱਚ ਇਹ ਜਮਹੂਰੀਅਤ ਇੱਕ ਮੁੱਲ ਪ੍ਰਬੰਧ ਵਜੋਂ ਕਦੇ ਵੀ ਰਚੀ ਵਸੀ ਨਹੀਂ ਸੀ।ਤੇ ਨਾ ਹੀ ਜਮਹੂਰੀ ਕਲਾ ਅਤੇ ਚਿੰਤਨ ਦੀ ਧਾਰਾ ਇੱਕ ਇਨਕਲਾਬੀ ਵੇਗ ਨਾਲ ਕਾਂਗ ਬਣ ਕੇ ਚੜ੍ਹੀ।ਧਾਰਮਿਕ ਪੁਨਰ ਸੁਰਜੀਤੀ,ਆਧੁਨਿਕ ਬੁਰਜੂਆ,ਖੱਬੇ ਪੱਖੀ,ਅਤੇ ਪਛਾਣ ਦੀ ਰਾਜਨੀਤੀ ਦੀਆਂ ਇੱਕ ਦੂਜੇ ਵਿੱਚ ਰਲਗੱਡ ਹੁੰਦੀਆਂ- ਇੱਕ ਦੂਜੀ ਨੂੰ ਕੱਟਦੀਆਂ ਧਾਰਾਵਾਂ ਸਮਾਨਅੰਤਰ ਚੱਲਦੀਆਂ ਰਹੀਆਂ।ਰਾਧਾ ਮੋਹਨ ਗੋਕੁਲ ਜੀ,ਰਾਹੁਲ ਸੰਕਰਤਾਇਨ ਤੋਂ ਲੈ ਕੇ ਭਗਤ ਸਿੰਘ ਤੱਕ,ਗ਼ਦਰ ਅਖ਼ਬਾਰ ਅਤੇ 'ਕਿਰਤੀ' ਤੋਂ ਲੈ ਕੇ ਮੁਕਤੀਬੋਧ,ਪਾਸ਼,ਪੱਡਾ,ਕਾਤਿਆਇਨੀ,ਅਰੁਨ ਫਰੇਰਾ, ਸੀਮਾ ਆਜ਼ਾਦ ਤੱਕ ਇਹ ਧਾਰਾ ਮੌਜੂਦ ਤਾਂ ਰਹੀ ਪਰ ਮਾਨਸਿਕ ਤਬਦੀਲੀ ਦਾ ਵਿਸਫੋਟ ਨਾ ਕਰ ਸਕੀ।ਇਸ ਦਾ ਖਾਮਿਆਜ਼ਾ ਇਸ ਧਾਰਾ ਨੂੰ ਭੁਗਤਣਾ ਪੈ ਰਿਹਾ ਹੈ। ਪਰ ਮੌਜੂਦਾ ਦਮਨ ਨੇ ਇਸ ਧਾਰਾ ਨੂੰ ਨਿਖਾਰ ਦਿੱਤਾ ਹੈ।ਸਿਖਰ ਦੁਪਹਿਰੇ ਖਿੜੀ ਦੁਪਹਿਰਖਿੜੀ ਵਾਂਗ ਇਹ ਧਾਰਾ ਵੱਖਰੀ ਪਛਾਣੀ ਜਾ ਰਹੀ ਹੈ।
             
ਪਰ 'ਪਛਾਣ' ਦੇ ਖਤਰੇ ਵੀ ਹਨ। ਪਛਾਣਿਆ ਗਿਆ ਤਾਂ ਸਮਝੋ ਟਿੱਕਿਆ ਗਿਆ। ਟਿੱਕਿਆ ਗਿਆ ਤਾਂ ਫੁੰਡਿਆ ਗਿਆ।ਹਿਟਲਰ ਦੇ ਦਸਤਿਆਂ ਨੇ ਯਹੂਦੀਆਂ ਦੇ ਟਿਕਾਣਿਆਂ ਨੂੰ ਪਛਾਨਣ ਲਈ ਨਿਸ਼ਾਨ ਲਗਾ ਦਿੱਤੇ ਸਨ।ਇਸ ਤੋਂ ਪਹਿਲਾਂ ਕਿ ਫਾਸ਼ੀਵਾਦ ਇਤਿਹਾਸ ਵਿੱਚ ਆਪਣੀ ਦੂਜੀ ਵਾਰੀ ਲਵੇ ਉਨ੍ਹਾਂ ਨੇ ਚਿੰਤਨ ਅਤੇ ਕਲਾ ਦੇ ਖੇਤਰ ਵਿੱਚ ਮਲਕੜੇ ਜਿਹੇ 'ਪਛਾਣ' ਉਤਾਰ ਦਿੱਤੀ ਹੈ।ਖੌਲਦੇ ਦਰਿਆ ਵਿੱਚ ਹਕੂਮਤ ਦੇ ਸੁੱਟੇ ਰੱਸੇ ਨੂੰ ਫੜਨ ਵਾਲਿਆਂ ਦੀ ਕਮੀ ਨਹੀਂ ਹੈ।ਉਹ ਪੂਰੇ ਜਬ੍ਹੇ ਨਾਲ ਹਕੂਮਤ ਦੇ ਏਜੰਡੇ ਤੋਂ ਆਪਣੀ ਲੜਾਈ ਲੜ ਰਹੇ ਹਨ।ਲੜ ਰਹੇ ਹਨ ਅਤੇ ਹਰ ਰੋਜ਼ ਮਰ ਰਹੇ ਹਨ।
             
ਵਹਿਸ਼ਤ ਤਾਂ ਜਾਰੀ ਹੈ। ਕਿਤੇ ਤਿੱਖੇ ਰੂਪ 'ਚ। ਕਿਤੇ ਮੱਧਮ ਰੂਪ 'ਚ। ਸਵਾਲ ਤਾਂ ਇਹ ਹੈ ਕਿ ਹਰ ਰੋਜ਼ ਵਾਪਰਦੀ ਨਵੀਂ ਘਟਨਾ ਕਿਤੇ ਸਾਨੂੰ ਸਹਿਣ ਕਰਨ ਦਾ ਆਦੀ ਤਾਂ ਨਹੀਂ ਬਣਾ ਰਹੀ ?ਇਸ ਵਹਿਸ਼ਤ ਨੂੰ ਅਸੀਂ ਆਪਣੀ ਜ਼ਿੰਦਗੀ ਦਾ ਸਹਿਜ ਹਿੱਸਾ ਤਾਂ ਨਹੀਂ ਬਣਾ ਲਿਆ ?
             
ਇੱਥੇ ਧੁੱਪ ਦੇ ਵਿੱਚ ਫੈਲਿਆ ਮੌਤ ਦਾ ਅਦਿੱਖ ਦਸਤਾਵੇਜ਼ ਹੈ।ਮੌਤ ਦਾ ਦਸਤਾਵੇਜ਼,ਜੋ ਪਿਆਜ਼ ਦੇ ਰਸ ਨਾਲ ਲਿਖਿਆ ਗਿਆ ਹੈ।ਜਿਵੇਂ ਜਿਵੇਂ ਵਹਿਸ਼ਤ ਦਾ ਸੇਕ ਵਧੇਗਾ ਸਾਡੇ ਨਾਮ ਉੱਘੜ ਉੱਘੜ ਆਉਂਦੇ ਜਾਣਗੇ ।ਬੂਟਾ ਸਿੰਘ ਵਾਸੀ ਨਵਾਂ ਸ਼ਹਿਰ,ਪੇਰੂਮਲ ਮੁਰੂਗਨ, ਰਾਣਾ ਅਯੂਬ,ਮਨਜੀਤ ਧਨੇਰ, ਦਰਸ਼ਨ ਖਟਕੜ,.....।
            
ਇਹ ਜੋ ਹਰ ਰੋਜ਼ ਸਨਸਨੀ ਦੀ ਕਾਂਗ ਖੜ੍ਹੀ ਹੁੰਦੀ ਹੈ,ਦੱਸਦੀ ਹੈ ਕਿ ਸੰਕਟ ਮੂੰਹ ਆਈ ਸਰਮਾਏਦਾਰੀ ਨੇ ਆਪਣਾ ਫਾਸ਼ਿਸਟ ਵਿਕਲਪ ਚੁਣ ਲਿਆ ਹੈ। ਕਮਿਊਨਿਸਟਾਂ,ਘੱਟ ਗਿਣਤੀਆਂ,ਦਲਿਤਾਂ,ਜਮਹੂਰੀ ਅਧਿਕਾਰ ਕਾਰਕੁੰਨਾਂ ਦੇ ਰੂਪ ਵਿੱਚ ਆਪਣਾ ਦੁਸ਼ਮਣ ਵੀ ਚੁਣ ਲਿਆ ਹੈ।
             
ਜ਼ਰੂਰੀ ਨਹੀਂ ਕਿ ਫਾਸ਼ੀਵਾਦ ਦੀ ਸ਼ਰਨ ਚ ਗਿਆ ਪੂੰਜੀਵਾਦ ਭਾਰਤ ਵਿੱਚ ਸੋਬੀਬੋਰ/ਬੁਖਨਵਾਲਡ ਜਿਹੇ ਨੰਗੇ ਚਿੱਟੇ ਤਸੀਹਾ ਕੈਂਪ ਖੜ੍ਹੇ ਕਰੇ। ਪਰ ਮੁਲਕ ਦੇ ਖਾਸ-ਖਾਸ ਹਿੱਸਿਆਂ ਵਿੱਚ ਗੁਜਰਾਤ ਅਤੇ ਮੁਜ਼ੱਫਰਨਗਰ ਖੜ੍ਹੇ ਕਰਨ ਤੋਂ ਬਾਜ਼ ਨਹੀਂ ਆਵੇਗਾ। ਜੰਗ ਦੇ ਦਿਨਾਂ ਵਿੱਚ ਕਫਨ ਘੋਟਾਲਾ ਅਤੇ ਸ਼ਾਂਤੀ ਦੇ ਦਿਨਾਂ ਵਿੱਚ ਭੋਪਾਲ ਗੈਸ ਕਾਂਡ ਸਿਰਜ ਕੇ ਮੁਨਾਫ਼ੇ ਦੀ ਹਵਸ ਸ਼ਾਂਤ ਕਰਨੋਂ ਨਹੀਂ ਟਲ਼ੇਗਾ।ਮਜ਼ਦੂਰਾਂ ਦੇ ਕੰਮ ਕਰਨ ਦੀਆਂ ਥਾਵਾਂ ਨੂੰ ਗੈਸ ਚੈਂਬਰ ਬਣਾ ਕੇ ਕਤਲ ਕਰਦਾ ਰਹੇਗਾ।ਦਿੱਲੀ ਵਿੱਚ ਸੀਵਰੇਜ ਸਾਫ ਕਰਦਿਆਂ ਗੈਸ ਚੜ੍ਹਨ ਨਾਲ ਮਰੇ ਪੰਜ ਮਜ਼ਦੂਰਾਂ ਦੀਆਂ ਲਾਸ਼ਾਂ ਅਜੇ ਤੱਕ ਜ਼ਿਹਨ ਵਿੱਚ ਤੈਰਦੀਆਂ ਫਿਰਦੀਆਂ ਹਨ।
             
ਜ਼ਰੂਰੀ ਨਹੀਂ ਕਿ ਇਹ ਅਜੇ ਅੱਗ ਦੇ ਭਬੂਕੇ ਵਾਂਗ ਮੱਚ ਉੱਠੇ ਪਰ ਸਾਡੀ ਰੋਜ਼ਮੱਰਾ ਦੀ ਜ਼ਿੰਦਗੀ ਵਿੱਚ ਧੀਮਾ ਜ਼ਹਿਰ ਬਣ ਕੇ ਲਹਿੰਦਾ ਹੋਇਆ ਸਾਹ ਘੁੱਟਦਾ ਰਹੇਗਾ।
        
ਪੰਜਾਬੀ ਕਵੀ ਲਾਲ ਸਿੰਘ ਦਿਲ ਜਦੋਂ ਅਜਿਹੇ ਮਾਹੌਲ ਬਾਰੇ ਬੋਲਦਾ ਹੈ,ਤਾਂ ਆਪਣਾ ਪੈਂਤੜਾ ਵੀ ਪੇਸ਼ ਕਰਦਾ ਹੈ:-
               ਇਹ ਜੰਗੀ ਮਾਹੌਲ ਹੈ
               ਤਾਕਤ ਨਾਲ਼ ਗੁਲਾਮ ਬਣਾਉਣ ਦਾ
               ਹਰ ਕੋਈ ਹਰ ਕਿਤੇ
               ਦਬਦਾ ਜਾਂ ਦਬਾਉਂਦਾ ਹੈ

               ਬੋਲ ਰੁੱਖੇ ਅਤੇ ਸਪੱਸ਼ਟ ਹੋ ਗਏ ਹਨ
               ਦੇਖਣਾ, ਸੁਕੜਨਾ ਨਾ
               ਨਹੀਂ ਤਾਂ ਫੈਲ ਜਾਵੇਗਾ
               ਤੁਹਾਡੇ ਤੇ ਕੁਝ।          

Comments

Security Code (required)Can't read the image? click here to refresh.

Name (required)

Leave a comment... (required)

ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ