Fri, 19 April 2024
Your Visitor Number :-   6985035
SuhisaverSuhisaver Suhisaver

ਐੱਲ ਕੇ ਅਡਵਾਨੀ ਦਾ ਅਸਤੀਫ਼ਾ ਵਾਪਸ ਲੈਣ ਦਾ ਪਰਪੰਚ - ਭੁਪਿੰਦਰ ਸਾਂਬਰ

Posted on:- 26-06-2013

ਆਰਐੱਸਐੱਸ ਦਾ ਸਿਆਸੀ ਮਖ਼ੌਟਾ ਭਾਜਪਾ

ਭਾਜਪਾ ਦਾ ਅੰਦਰੂਨੀ ਡਰਾਮਾ ਹਾਲ ਦੀ ਘੜੀ ਰੁਕ ਗਿਆ ਹੈ। ਡਰਾਮਾ ਇਸ ਲਈ ਕਿ ਭਾਜਪਾ ਦੇ ਹੀ ਕਿਸੇ ਸੀਨੀਅਰ ਆਗੂ ਦਾ ਕਹਿਣਾ ਹੈ ਕਿ ਇਸ ਨਾਟਕ ’ਚੋਂ ਕਿਸੇ ਨੂੰ ਕੀ ਮਿਲਣਾ ਹੈ? ਇਹ ਸਵਾਲ ਤਾਂ ਤਦੇ ਉੱਠੂ ਜਦ ਪਾਰਟੀ ਜਿੱਤੂ। ਦੂਜੇ ਭਾਜਪਾ ਦੀ ਮਾਂ ਆਰਐੱਸਐੱਸ ਨੇ ਜੋ ਠੰਡਿਆਰਾ ਕਰਵਾਇਆ ਹੈ, ਉਸ ਅਨੁਸਾਰ ਅਗੋਂ ਪ੍ਰਧਾਨ ਮੰਤਰੀ ਦੀ ਚੋਣ ਅਡਵਾਨੀ ਤੋਂ ਹੀ ਕਰਵਾਈ ਜਾਵੇਗੀ ਤੇ ਭਾਜਪਾ ਪ੍ਰਧਾਨ ਰਾਜਨਾਥ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਆਪ ਬਜ਼ੁਰਗ ਆਗੂ ਦੀਆਂ ਫ਼ਿਕਰਾਂ ਦੂਰ ਕਰਨਗੇ, ਜਿਹੜੇ ਸਵਾਲ ਸ੍ਰੀ ਅਡਵਾਨੀ ਨੇ ਆਪਣੇ ਅਸਤੀਫ਼ੇ ਵਿੱਚ ਉਠਾਏ ਹਨ, ਉਨ੍ਹਾਂ ਦਾ ਨਿਪਟਾਰਾ ਵੀ ਕਰਨਗੇ। ਜੇ ਅਜਿਹਾ ਹੀ ਕਰਨਾ ਸੀ ਤਾਂ ਬਿਨਾਂ ਇਹ ਸਭ ਕੁਝ ਕੀਤੇ ਗੋਆ ਜਾਣ ਦੀ ਕੀ ਲੋੜ ਸੀ?

ਮੋਦੀ ਨੂੰ ਚੋਣ-ਮੁਹਿੰਮ ਕਮੇਟੀ ਦਾ ਮੁਖੀ ਆਰਐੱਸਐੱਸ ਦੇ ਦਖ਼ਲ ਨਾਲ਼ ਹੀ ਬਣਾਇਆ ਗਿਆ। ਇਹ ਗੱਲ ਕਿਸੇ ਤੋਂ ਲੁਕੀ ਨਹੀਂ ਤੇ ਸਾਰੇ ਪ੍ਰਚਾਰ ਮਾਧਿਅਮ ਵਾਰ-ਵਾਰ ਕਹਿ ਚੁੱਕੇ ਹਨ। ਸ੍ਰੀ ਮੋਹਨ ਭਾਗਵਤ ਵੀ ਕਿਤੇ ਅਲੋਪ ਨਹੀਂ ਹੋਏ ਸਨ ਅਤੇ ਨਾ ਅਡਵਾਨੀ ਪਹੁੰਚ ਤੋਂ ਬਾਹਰ ਸਨ। ਫੇਰ ਸਭ ਪਰਪੰਚ ਗੋਆ ਵਿੱਚ ਕਰਨ ਤੋਂ ਪਹਿਲਾਂ ਝਗੜਾ ਹੱਲ ਕਿਉਂ ਨਾ ਹੋ ਸਕਿਆ। ਇਸ ਲਈ ਇਹ ਸਭ ਕੁਝ ਡਰਾਮਾ ਹੀ ਸੀ। ਹਾਲ ਦੀ ਘੜੀ ਰੁਕਿਆ ਇਹ ਕੁਰਸੀ ਯੁੱਧ ਕਿਸੇ ਵੀ ਸਮੇਂ ਹੁਣ ਤੋਂ ਵੀ ਭਿਆਨਕ ਰੂਪ ਵਿੱਚ ਸ਼ੁਰੂ ਹੋ ਸਕਦਾ ਹੈ, ਜਿਸ ਦੇ ਸੰਕੇਤ ਪਹਿਲਾਂ ਹੀ ਮਿਲਣੇ ਸ਼ੁਰੂ ਹੋ ਗਏ ਸਨ।

ਇਸ ਠੰਡਿਆਰੇ ਦੀਆਂ, ਅਡਵਾਨੀ ਵੱਲੋਂ ਅਸਤੀਫ਼ੇ ਵਾਪਸ ਲੈਣ ਦੀਆਂ, ਰਿਪੋਰਟਾਂ ਵਿੱਚ ਇਹ ਫਿਕਰੇ ਵੀ ਮਿਲ਼ ਰਹੇ ਹਨ ਕਿ ਸਭ ਧੜੇ ਆਪੋ-ਆਪਣੀ ਜਿੱਤ ਦੇ ਦਾਅਵੇ ਕਰ ਰਹੇ ਹਨ। ਇਸ ਤਰ੍ਹਾਂ ਦਾ ਠੰਡਿਆਰਾ ਜੇ ਪੱਕਾ ਹੁੰਦਾ ਤਾਂ ਬਜ਼ੁਰਗ ਆਗੂ ਅਡਵਾਨੀ ਉਸ ਦਾ ਐਲਾਨ ਕਰਨ ਤੋਂ ਗ਼ੈਰਹਾਜ਼ਰ ਕਿਉਂ ਰਹਿੰਦੇ। ਦੂਜੇ ਪਾਸੇ ਵਾਰ-ਵਾਰ ਭਾਜਪਾ ਲੀਡਰਸ਼ਿਪ ਇਹ ਆਖ ਰਹੀ ਹੈ ਕਿ ਵਰਤਮਾਨ ਹਾਲਤ ਵਿੱਚ ਮੋਦੀ ਹੀ 2014 ਲਈ, ਭਾਜਪਾ ਦੀ ਵੱਡੀ ਸ਼ਰਤ ਹੈ। ਪਰ ਇਹੋ ਮੋਦੀ, ਕਰਨਾਟਕ ਵਿੱਚ, ਕੁਝ ਹੀ ਹਫ਼ਤੇ ਪਹਿਲਾਂ ਨਾਕਾਮ ਹੋ ਚੁੱਕਿਆ ਹੈ। ਦੂਜੇ, ਹਾਲ ਦੀ ਘੜੀ ਤਾਂ ਉਹ ਐਨਡੀਏ ਨੂੰ ਲੀਰੋ-ਲੀਰ ਕਰਨ ਵਾਲ਼ਾ ਸਿੱਧ ਹੋ ਰਿਹਾ ਹੈ। ਉਸ ਦਾ ਇੱਕੋ-ਇੱਕ ਹਮਾਇਤੀ ਹੈ, ਅਕਾਲੀ ਦਲ, ਜਿਸ ਨੂੰ ਦਸਾਂ ਸਾਲਾਂ ਤੋਂ ਲੋਕ ਸਭਾ ਵਿੱਚ ਅੱਧੀ ਦਰਜਨ ਸੀਟਾਂ ਵੀ ਨਹੀਂ ਮਿਲ਼ ਰਹੀਆਂ। ਤੀਜੇ, ਹੁਣ ਤੱਕ ਤਾਂ ਸਥਿਤੀ, ਭਾਜਪਾ ਲਈ ਕਠਿਨਾਈਆਂ ਹੀ ਪੈਦਾ ਕਰ ਰਹੀ ਹੈ।

ਇਹ ਉਤਰਾਖੰਡ, ਹਿਮਾਚਲ ਤੇ ਕਰਨਾਟਕ ਵਿੱਚ ਮਾਤ ਖਾ ਗਈ ਹੈ ਤੇ ਛਤੀਸਗੜ੍ਹ ਵਿੱਚ ਮਾਓਵਾਦੀ ਹਮਲੇ ਮਗਰੋਂ ਸਪੱਸ਼ਟ ਦਿਖਦਾ ਹੈ ਕਿ ਕਾਂਗਰਸ ਦੇ ਆਗੂਆਂ ਦੀ ਮੌਤ ਦਾ ਕਾਂਗਰਸ ਨੂੰ ਮੱਧ ਪ੍ਰਦੇਸ਼ ਅਤੇ ਛਤੀਸਗੜ੍ਹ, ਦੋਹਾਂ ਵਿੱਚ ਲਾਭ ਮਿਲਣਾ ਹੀ ਮਿਲਣਾ ਹੈ, ਬਿਹਾਰ ਵਿੱਚ ਹੁਣੇ ਐਨਡੀਏ ਨੇ ਲਾਲੂ ਯਾਦਵ ਦੇ ਆਰਜੇਡੀ ਤੋਂ ਮਾਰ ਖਾਧੀ ਹੈ। ਚੋਥੇ, ਭਾਜਪਾ ਦੇ ਪੁਰਾਣੇ ਜੋਟੀਦਾਰ ਇਸ ਦਾ ਸਾਥ ਨਹੀਂ ਦੇ ਰਹੇ ਤੇ ਰੰਗ-ਬਿਰੰਗੇ ਮੋਰਚੇ ਬਣਾਉਣ ਦੀਆਂ ਗੱਲਾਂ ਕਰ ਰਹੇ ਹਨ।
ਆਪਣੇ ਨਿੱਜੀ ਆਚਰਣ ਪੱਖੋਂ ਭਾਜਪਾ ਦੀ ਹਾਲਤ ਹੋਰ ਵੀ ਪੇਤਲੀ ਹੈ। ਅੱਧੀ ਦਰਜਨ ਸਰਕਾਰਾਂ ਇਸ ਨੇ ਚਲਾਈਆਂ ਜਾਂ ਉਨ੍ਹਾਂ ’ਚੋਂ ਇਹ ਭਾਈਵਾਲ ਸੀ। ਸਭ ਵਿੱਚ ਹੀ ਭਿ੍ਰਸ਼ਟਾਚਾਰ ਦਾ ਬੋਲਬਾਲਾ ਰਿਹਾ। ਇਸ ਦੇ ਮੁੱਖ ਮੰਤਰੀ ਅਤੇ ਮੰਤਰੀ ਭਿ੍ਰਸ਼ਟਾਚਾਰ ਦੇ ਮੁਕੱਦਮੇ ਭੁਗਤ ਰਹੇ ਹਨ। ਇਸ ਦੇ ਰਾਸ਼ਟਰੀ ਪ੍ਰਧਾਨ ਭਿ੍ਰਸ਼ਟਾਚਾਰ ਵਿੱਚ ਫਸੇ ਰਹੇ ਹਨ। ਇਸ ਦੀ ਹਾਲਤ ਕਿਸੇ ਤਰ੍ਹਾਂ ਕਾਂਗਰਸ ਨਾਲ਼ੋਂ ਬਿਹਤਰ ਨਹੀਂ। ਸਭ ਰਾਜਾਂ ਵਿੱਚ ਹੀ ਇਹ ਕਾਂਗਰਸ ਦੀ ਤਰ੍ਹਾਂ ਹੀ ਪਾਟੋ-ਧਾੜ ਹੈ। ਮੋਦੀ-ਅਡਵਾਨੀ ਯੁੱਧ ਵਿੱਚ ਹੁਣੇ-ਹੁਣੇ ਇਸੇ ਨੇ ਭਿ੍ਰਸ਼ਟਾਚਾਰ ਦੀਆਂ ਉਹ ਨਿਵਾਣਾਂ ਦਿਖਾਈਆਂ, ਜੋ ਆਮ ਵਿਅਕਤੀ ਕਦੇ ਮਨਜ਼ੂਰ ਨਹੀਂ ਕਰ ਸਕਦਾ। ਮੋਦੀ ਆਪ ਕਹਿੰਦੇ ਹਨ ਕਿ ਸੋਸ਼ਲ ਮੀਡੀਆ ਸਿਆਸੀ ਸੰਚਾਰ ਦਾ ਅਸਰਦਾਰ ਹਥਿਆਰ ਹੈ। ਇਹ ਹੈ ਮੋਦੀ ਦੇ ਸਿਆਸੀ ਸੰਚਾਰ ਮਾਧਿਅਮ ਦੀ ਤਹਿਜ਼ੀਬ। ਉੱਪਰ ਦਿੱਤੇ ਸਾਰੇ ਵਰਤਾਰਿਆਂ, ਤੱਥਾਂ, ਸਮਾਜੀ-ਸਿਆਸੀ ਹਾਲਤਾਂ, ਸਿਆਸੀ ਸੰਭਾਵਨਾਵਾਂ ਤੋਂ ਰਾਸ਼ਟਰੀ ਸਵੈਮ ਸੇਵਕ ਸੰਘ ਅਤੇ ਇਸ ਦੇ ਸਿਆਸੀ ਅੰਗ, ਭਾਜਪਾ, ਭਲੀਭਾਂਤ ਜਾਣੂ ਹਨ ਅਤੇ ਅਡਵਾਨੀ ਜੀ ਵੀ। ਇਹ ਸਾਫ਼ ਦਿਸ ਰਹੇ ਨਿਰਾਸ਼ਾਜਨਕ ਭਵਿੱਖ ਤੋਂ ਬਚਣ ਲਈ ਹੀ ਹੈ ਕਿ ਭਾਜਪਾ-ਆਰਐੱਸਐੱਸ ਮੋਦੀ ਨੂੰ ਮੂਹਰੇ ਲੱਗਾ ਕੇ ਉਹੋ ਕੁਝ ਕਰਨਾ ਚਾਹੁੰਦੇ ਹਨ, ਜੋ ਕਿਸੇ ਸਮੇਂ ਉਨ੍ਹਾਂ ਨੇ ਡਵਾਨੀ ਤੋਂ ਕਰਵਾਇਆ ਸੀ। ਅਡਵਾਨੀ ਵੱਲੋਂ ਟੈਲੀਫ਼ੋਨ ’ਤੇ ਹੀ ਮੋਹਨ ਭਗਵਤ ਅੱਗੇ ਸਿਰ ਝੁਕਾ ਦੇਣਾ ਸਮਝ ਆ ਜਾਂਦਾ ਹੈ।

ਚੇਤੇ ਕਰੋ ਕਿ ਐਮਰਜੈਂਸੀ ਮਗਰੋਂ ਮਰਹੂਮ ਸ੍ਰੀ ਜੈ ਪ੍ਰਕਾਸ਼ ਨਾਰਾਇਣ ਨੂੰ ਮੂਹਰੇ ਲਾ ਕੇ ਜਨਤਾ ਪਾਰਟੀ, ਜਿਸ ਵਿੱਚ ਜਨ-ਸੰਘ ਆਰਐੱਸਐੱਸ ਸ਼ਾਮਿਲ ਸਨ ਤੇ ਜੋ ਇਹ ਸਰਕਾਰ ਟੁੱਟਣ ਮਗਰੋਂ ਭਾਜਪਾ ਆਰਐੱਸਐੱਸ ਬਣ ਗਈ, ਬਣਾਈ ਤੇ ਉਸ ਦੀ ਸਰਕਾਰ ਬਣੀ। ਇਹ ਸਰਕਾਰ ਜਨਤਾ ਪਾਰਟੀ ਅਤੇ ਜਨ-ਸੰਘ-ਆਰਐੱਸਐੱਸ ਦੀ ਦੂਰੀ ਮੈਂਬਰਸ਼ਿੱਪ ਦੇ ਮੁੱਦੇ ’ਤੇ ਟੁੱਟੀ। ਫੇਰ ਕਈ ਉਤਰਾਅ-ਚੜ੍ਹਾਅ ਆਏ। ਅਡਵਾਨੀ ਨੇ ਬਾਬਰੀ ਮਸਜਿਦ ਢੁਆਈ ਅਤੇ ਉਸ ਦੀ ਥਾਂ ’ਤੇ ਰਾਮ ਮੰਦਿਰ ਉਸਾਰਨ ਦਾ ਫਿਰਕੂ-ਮੂਲਵਾਦੀ ਨਾਅਰਾ ਚੁੱਕ ਕੇ ਰਥ ਯਾਤਰਾ ਕੀਤੀ। ਅਡਵਾਨੀ ਹਿੰਦੂਤਵ ਦੇ ਕੱਟੜ ਰੂਪ ਵੱਜੋਂ ਉੱਭਰੇ। ਫਿਰਕੂ ਵੰਡ, ਤਣਾਅ ਦੇ ਮਾਹੌਲ ਵਿੱਚ ਭਾਜਪਾ ਲੋਕ ਸਭਾ ਵਿੱਚ 2 ਸੀਟਾਂ ਤੋਂ ਵੱਧ ਕੇ 182 ਤੱਕ ਪੁੱਜੀ। ਦੋ ਗੱਲਾਂ ਉਦੋਂ ਦੀਆਂ ਅਹਿਮ ਨੇ। ਇੱਕ ਇਹ ਕਿ ਅਜਿਹੀ ਵੱਡੀ ਪ੍ਰਾਪਤੀ, ਹੁਣ ਭਾਜਪਾ-ਆਰਐੱਸਐੱਸ ਗੁਜਰਾਤ ਦੇ ਦੰਗਿਆਂ ਦੇ ਕੱਟੜ ਚਿਹਰੇ ਨੂੰ ਮੂਹਰੇ ਲਾ ਕੇ ਫੇਰ ਪ੍ਰਾਪਤ ਕਰਨੀ ਚਾਹੁੰਦੇ ਹਨ। ਦੂਜੀ, ਇੰਨੇ ਵੱਡੇ ਜੇਤੂ ਨੂੰ ਕੋਈ ਆਪਣਾ ਆਗੂ ਪ੍ਰਵਾਨ ਕਰਨ ਨੂੰ ਤਿਆਰ ਨਾ ਹੋਇਆ। ਉਸ ਨੂੰ ਐਨਡੀਏ ਦੀ ਕਾਇਮੀ ਤੇ ਉਸ ਦੀ ਸਰਕਾਰ ਬਣਾਉਣ ਲਈ ਵਾਜਪਾਈ ਦਾ ਮਖੌਟਾ ਸਾਹਮਣੇ ਲਿਆਉਣਾ ਪਿਆ, ਜਿਸ ਨੇ ਸੱਤ ਸਾਲ ਦੇ ਲਗਭਗ ਰਾਜ ਵੀ ਕੀਤਾ।

ਅਡਵਾਨੀ ਇਸ ਸਾਰੇ ਵਰਤਾਰੇ ਨੂੰ ਅਣਦੇਖਿਆ ਨਹੀਂ ਕਰ ਸਕਦੇ। ਉਨ੍ਹਾਂ ਨੇ ਆਪਣੀ ਦਿੱਖ ਸੁਧਾਰਨ ਲਈ ਬਹੁਤ ਕੁਝ ਕੀਤਾ। 60 ਸਾਲਾਂ ਮਗਰੋਂ ਉਨ੍ਹਾਂ ਨੂੰ ਜਿਨਾਹ ਦਾ ਸੈਕੂਲਰਵਾਦ ਚੇਤੇ ਆਇਆ, ਜਿਸ ਲਈ ਅਰਐੱਸਐੱਸ ਦਾ ਗੁੱਸਾ ਝੱਲਣਾ ਤੇ ਉਨ੍ਹਾਂ ਦੇ ਦਬਾਅ ਹੇਠ ਭਾਜਪਾ ਦੀ ਪ੍ਰਧਾਨਗੀ ਛੱਡਣੀ ਪਈ। ਉਨ੍ਹਾਂ ਨੇ ਐਨਡੀਏ ਦੇ ਸਹਿਯੋਗੀਆਂ ਨਾਲ਼ ਸਬੰਧ ਉਸਾਰੇ ਅਤੇ ਉਨ੍ਹਾਂ ਨੂੰ ਇਹੋ ਖ਼ਦਸ਼ਾ ਹੈ ਕਿ ਐਨਡੀਏ ਦੀ ਪੂਛ ਫੜ੍ਹੇ ਬਿਨਾਂ ਉਹ ਐਨਡੀਏ ਦੇ ਵੀ ਆਗੂ ਨਹੀਂ ਰਹਿ ਸਕਦੇ ਅਤੇ ਯੂਪੀਏ ਦਾ ਬਦਲ ਬਣ ਕੇ ਨਹੀਂ ਉੱਭਰ ਸਕਦੇ।

ਮੋਦੀ, ਵਿਸ਼ਵ-ਬੈਂਕੀ ਭਾਸ਼ਾ ਵਿੱਚ ਗਵਰਨੈਂਸ (ਹਕੂਮਤ ਚਲਾਉਣ) ਵਿਕਾਸ, ਕਾਰਪੋਰੇਟਾਂ ਦੇ ਵੱਡੇ-ਵੱਡੇ ਪ੍ਰੋਜੈਕਟ ਲਾਉਣ ਦੀਆਂ ਬਹੁਤ ਗੱਲਾਂ ਕਰਦੇ ਹਨ। ਸ਼ਾਇਦ ਇਹ ਸੱਚ ਵੀ ਹੋਵੇ ਕਿ ਉਹ ਕਾਂਗਰਸ ਅੰਦਰਲੇ ਵਿਸ਼ਵ-ਬੈਂਕੀਆਂ ਦੇ ਟਾਕਰੇ ’ਤੇ ਵਧੇਰੇ ਵਿਸ਼ਵ ਬੈਂਕੀਏ ਹਨ ਅਤੇ ਦਰਬਾਰੀ ਸਰਮਾਏ ਦੇ ਵਧੇਰੇ ਚਹੇਤੇ ਹਨ, ਪਰ ਨਿਸ਼ਚੇ ਹੀ ਲੋਕ-ਭਲਾਈ ਦੇ ਮੁੱਦਿਆਂ ’ਤੇ ਉਨ੍ਹਾਂ ਤੇ ਕਾਂਗਰਸ ਅੰਦਰਲੇ ਵਿਸ਼ਵ-ਬੈਂਕੀਆਂ ਵਿੱਚ ਕੋਈ ਫ਼ਰਕ ਨਹੀਂ। ਪਰ ਹਿੰਦੂਤਵੀ ਫਾਸ਼ੀਵਾਦ ਉਹ ਬੇਹੱਦ ਖ਼ਤਰਨਾਕ ਰੂਪ ਹਨ ਅਤੇ ਭਾਜਪਾ ਅੰਦਰ ਖੇਡੇ ਗਏ ਇਸ ਡਰਾਮੇ ਪਿੱਛੇ ਕੰਮ ਕਰਦੀ ਇਸ ਖ਼ਤਰਨਾਕ ਸਾਜਿਸ਼ ਨੂੰ ਸਮਝਣਾ ਤੇ ਭਾਂਜ ਦੇਣਾ ਸਾਡੇ ਦੇਸ਼ ਦੇ ਪ੍ਰਭੂਸੱਤਾ-ਸੰਪੰਨ ਜਮਹੂਰੀ, ਸੋਸ਼ਸਿਟ, ਸੈਕੂਲਰ ਗਣਰਾਜ ਦੇ ਆਦਰਸ਼ ਵੱਲ ਵਧਣ ਲਈ ਜ਼ਰੂਰੀ ਹੈ। ਵਰਤਮਾਨ ਨਾਟਕ ਨੇ ਸਿੱਧ ਕਰ ਦਿੱਤਾ ਕਿ ਭਾਜਪਾ ਕੋਈ ਆਜ਼ਾਦ ਜਮਹੂਰੀ ਪਾਰਟੀ ਨਹੀਂ, ਬਲਕਿ ਸਰਮਾਏਦਾਰੀ ਦੀ ਤੇ ਆਰਐੱਸਐੱਸ ਦੀ ਗੋਲੀ ਸੰਸਥਾ ਹੈ। ਬਿਲਕੁਲ ਉਸੇ ਤਰ੍ਹਾਂ ਜਿਵੇਂ ਜਨ-ਸੰਘ ਵੀ ਸੀ।

ਅਖ਼ਬਾਰ ਅਕਨਾਮਿਕ ਟਾਈਮਜ਼ ਆਪਣੇ 12 ਜੂਨ ਬੁੱਧਵਾਰ ਦੇ ਸੰਪਾਦਕੀ ਵਿੱਚ ਕਹਿੰਦਾ ਹੈ ਕਿ ਜਿਸ ਗੱਲ ਨੇ ਹਕੀਕਤ ਵਿੱਚ ਅਡਵਾਨੀ ਦਾ ਦਿਲ ਬਦਲਾਇਆ ਉਹ ਹੈ ਆਰਐੱਸਐੱਸ ਦੇ ਮੁਖੀ ਦਾ ਦਖ਼ਲ, ਜਿਸ ਤੋਂ ਇਹੋ ਗੱਲ ਜ਼ੋਰ ਨਾਲ਼ ਉੱਭਰਦੀ ਹੈ ਕਿ ਭਾਜਪਾ ਆਰਐੱਸਐੱਸ ਦੀ ਬਰਾਂਚ ੀ ਹੈ, ਜਿਹੜੀ ਸੰਵਿਧਾਨ ਦੇ ਉਦਾਰਵਾਦੀ ਜਮਹੂਰੀ ਢਾਂਚੇ ਨੂੰ ਉਲਟਾਉਣ ਅਤੇ ਇਸ ਦੀ ਥਾਂ ਹਿੰਦੂਤਵੀ ਅਧਿਆਤਮਕ ਪ੍ਰਣਾਲੀ ਲਾਗੂ ਕਰਨ ਲਈ, ਅਨੁਸ਼ਾਸਨ ਭਰੀ ਸ਼ਰਧਾ ਨਾਲ਼, ਕੰਮ ਕਰਦੀ ਹੈ; ਇਸ ਤਰ੍ਹਾਂ ਹਿੰਦੂਤਵੀ ਸਿਧਾਂਤਕਾਰ ਭਾਰਤੀ ਰਾਸ਼ਟਰਵਾਦ ਦੀ ਵਿਆਖਿਆ ਕਰਦੇ ਹਨ ਅਤੇ ਘੱਟ-ਗਿਣਤੀਆਂ ਨੂੰ ਦੂਜੇ ਦਰਜੇ ਦੇ ਸ਼ਹਿਰੀ ਦੇ ਰੁਤਬੇ ਹੇਠ ਸੁੱਟ ਦਿੰਦੇ ਹਨ।

ਅਡਵਾਨੀ ਦੀ ਵਾਪਸੀ ਖ਼ਤਰਾ ਘਟਾਉਂਦੀ ਨਹੀਂ, ਸਗੋਂ ਦਰਸਾਉਂਦੀ ਹੈ ਕਿ ਉਸ ਦਾ ਮਖੌਟਾ ਵਿਖਾ ਕੇ ਸੈਕੂਲਰਵਾਦ ਦੇ ਦਾਅਵੇਦਾਰਾਂ ਨੂੰ ਗੁੰਮਰਾਹ ਕੀਤਾ ਜਾਵੇ ਤੇ ਐਨਡੀਏ ਵਿੱਚ ਫਸਾਇਆ ਤੇ ਉਲ਼ਝਾਇਆ ਜਾਵੇ। ਇਸ ਸਾਰੇ ਡਰਾਮੇ ਨੇ ਭਾਜਪਾ ਦਾ ਅਸਲ ਚਿਹਰਾ ਨੰਗਾ ਕੀਤਾ ਹੈ, ਪਰ ਨਾਲ਼ ਹੀ ਭਾਜਪਾ-ਆਰਐੱਸਐੱਸ ਦਾ ਫਿਰਕੂ ਮੂਲਵਾਦੀ ਤੱਤ ਕਮਜ਼ੋਰ ਨਹੀਂ ਹੋਣ ਦਿੱਤਾ।

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ