Thu, 18 April 2024
Your Visitor Number :-   6980111
SuhisaverSuhisaver Suhisaver

ਪੰਜਾਬ ਅੰਦਰ ਹੁਣ ਬਾਲੜੀ ਦੀ ਇੱਜ਼ਤ ਮਹਿਫ਼ੂਜ਼ ਨਹੀਂ- ਫਤਿਹ ਪ੍ਰਭਾਕਰ

Posted on:- 16-12-2013

suhisaver

ਪੰਜਾਬੀਆਂ ਦਾ ਸਿੱਕਾ ਸਾਰੀ ਦੁਨੀਆਂ ਮੰਨਦੀ ਹੈ ਕਿਉਂਕਿ ਪੰਜਾਬੀ ਮਿਹਨਤੀ, ਇਖਲਾਕੀ ਕਦਰਾਂ ਕੀਮਤਾਂ ਨੂੰ ਸਿਰੜ ਨਾ ਨਿਭਾਉਣ ਵਾਲੇ ਗਿਣੇ ਜਾਂਦੇ ਹਨ। ਪੰਜਾਬੀ ਹਮੇਸ਼ਾਂ ਧੀ ਭੈਣ ਦੀ ਇੱਜ਼ਤ ਦੇ ਸਾਂਝੇ ਰਹੇ ਹਨ। ਪਿਛਲ੍ਹੇ ਡੇਢ ਦੋ ਦਹਾਕਿਆਂ ਤੋਂ ਪੰਜਾਬ ਨੂੰ ਪਤਾ ਨਹੀਂ ਕੀ ਨਜ਼ਰ ਲੱਗ ਗਈ ਸਮਾਜਕ ਬੁਰਾਈਆਂ ਨਸ਼ੇ, ਗਰਭਪਾਤ ਕਰਾਉਣ ਅਤੇ ਹੁਣ ਮਾਸੂਮ ਬਾਲੜੀਆਂ ਨਾਲ ਜਬਰ-ਜਨਾਹ ਦੀਆਂ ਘਟਨਾਵਾਂ ਵਿਚ ਹੋ ਰਹੇ ਵਾਧੇ ਨੇ ਤਾਂ ਪੰਜਾਬੀਆਂ ਨੂੰ ਸ਼ਰਮਸਾਰ ਹੀ ਕਰ ਦਿੱਤਾ।

ਪਿਛਲੇ ਕੋਈ ਡੇਢ ਦਹਾਕੇ ਤੋਂ ਕੁੜੀਆਂ ਨੂੰ ਕੁੱਖ ਵਿਚ ਕਤਲ ਦੀਆਂ ਘਟਨਾਵਾਂ ਵਿਚ ਢੇਰ ਸਾਰਾ ਵਾਧਾ ਹੋਇਆ ਹੈ। ਅਜਿਹੀਆਂ ਘਟਨਾਵਾਂ ਕਾਰਨ ਪੰਜਾਬੀਆਂ ਨੇ ਕੁਦਰਤੀ ਵਰਤਾਰਾ ਕਿ ਔਸਤਨ ਕੁੜੀਆਂ ਤੇ ਮੁੰਡਿਆਂ ਦੀ ਜਨਮ ਦਰ ਬਰਾਬਰ ਤੋਂ ਘਟ ਕੇ ਇਕ ਹਜ਼ਾਰ ਮੁੰਡਿਆਂ ਪਿਛੇ ਸਿਰਫ 874 ਕੁੜੀਆਂ ਤੇ ਲਿਆ ਖੜੀ ਕੀਤੀ। ਇਸੇ ਹੀ ਵਰਤਾਰੇ ਕਾਰਨ ਪੰਜਾਬੀਆਂ ਨੂੰ ‘ਕੁੜੀ ਮਾਰ’ ਜਿਹੇ ਸ਼ਬਦ ਦੁਨੀਆਂ ਨੇ ਕਹਿ ਦਿੱਤੇ ।

ਪਹਿਲਾਂ ਪੰਜਾਬੀਆਂ ਤੇ ਕੁੜੀ ਮਾਰ ਜਿਹਾ ਕਲੰਕ ਲੱਗਾ ਤੇ ਹੁਣ ਇਕ ਹੋਰ ਉਸ ਤੋਂ ਘਾਤਕ ਵਰਤਾਰਾ ਪੰਜਾਬ ਵਿਚ ਵਾਪਰਨ ਲੱਗ ਪਿਆ, ਛੋਟੀ ਉਮਰ ਦੀਆਂ ਬਾਲੜੀਆਂ ਨਾਲ ਜਬਰ ਜਨਾਹ ਦਾ। ਕਦੇ ਪੰਜਾਬੀ ਪਿੰਡ ਦੀ ਨੂੰਹ ਧੀ ਦੀ ਇੱਜ਼ਤ ਦੇ ਰਖਵਾਲੇ ਹੁੰਦੇ ਸਨ ਪਰ ਹੁਣ ਨਿੱਤ ਵਾਪਰ ਦੀਆਂ ਮਾੜੀਆਂ ਘਟਨਾਵਾਂ ਪੜ੍ਹ ਸੁਣਕੇ ਇੰਝ ਮਹਿਸੂਸ ਹੁੰਦਾ ਹੈ ਕਿ ਅਸੀਂ ਹੁਣ ਪੰਜਾਬੀ ਨਹੀਂ ਰਹੇ ਕੁਝ ਹੋਰ ਹੀ ਬਣ ਗਏ। ਪਹਿਲਾਂ ਤਾਂ ਔਰਤ ਘਰਦਿਆਂ ਰਿਸ਼ਤੇਦਾਰਾਂ ਤੇ ਸਮਾਜ ਦਾ ਵਿਰੋਧ ਕਰਕੇ ਕੁੜੀ ਨੂੰ ਕੁੱਖ ਵਿਚ ਕਤਲ ਕਰਨ ਤੋਂ ਬਚਾਉਂਦੀ ਹੈ। ਕੁੱਖ ਸੁਲੱਖਣੀ ਕਰਕੇ ਧੀ ਨੂੰ, ਉਸ ਬੱਚੀ ਨੂੰ ਤਾਂ ਤਾਹਨੇ-ਮਿਹਣੇ ਸਹਿਕੇ ਪਾਲਦੀ ਹੈ ਫੇਰ ਉਸ ਨੂੰ ਸਮਾਜ ਦੇ ਹਵਸੀ ਭੇਡਿਆਂ ਤੋਂ ਬਚਾਉਣ ਦੀ ਚਿੰਤਾ ਵਿਚ ਡੁੱਬ ਜਾਂਦੀ ਹੈ। ਹਵਸੀ ਦਰਿੰਦੇ ਤਾਂ ਹਰਲ ਹਰਲ ਕਰਦੇ ਗਲੀਆਂ, ਮੁਹੱਲਿਆਂ ਤੇ ਘਰਾਂ ਵਿਚ ਇਕੱਲੀਆਂ ਬਚੀਆਂ ਨੂੰ ਦੇਖਕੇ ਭੁੱਖੇ ਬਾਜ ਵਾਂਗ ਝਪਟ ਪੈਂਦੇ ਹਨ। ਮਾਸੂਮ ਬਾਲੜੀਆਂ ਉਹਨਾਂ ਦਰਿੰਦਿਆਂ ਤੋਂ ਆਪਣੇ ਆਪ ਨੂੰ ਬਹੁਤੇ ਵਾਰ ਬਚਾਉਣ ਵਿਚ ਅਸਫਲ ਹੀ ਰਹਿੰਦੀਆਂ ਹਨ।

ਭਗਤਾ ਭਾਈਕਾ ਦੀ 13 ਕੁ ਸਾਲਾਂ ਦੀ ਮਾਸੂਮ ਬਾਲੜੀ ਨੂੰ ਅੱਧੀ ਦਰਜਨ ਹਵਸੀ ਦਰਿੰਦਿਆਂ ਨੇ ਸ਼ਾਮ ਦੇ ਸਮੇਂ ਜਦੋਂ ਉਹ ਆਪਣੇ ਕਿਸੇ ਰਿਸ਼ਤੇਦਾਰ ਦੇ ਘਰੋਂ ਦੁੱਧ ਲੈ ਕੇ ਆ ਰਹੀ ਸੀ, ਜ਼ਬਰਦਸਤੀ ਚੁੱਕ ਲਿਆ ਤੇ ਉਸ ਨਾਲ ਕੀ ਵਾਪਰੀ ਇਹ ਤਾਂ ਉਸ ਬਦਨਸੀਬ ਬਾਲੜੀ ਹੀ ਜਾਣਦੀ ਹੈ। ਮਾਛੀਵਾੜਾ ਦੇ ਮੈਰਿਜ ਪੈਲੇਸ ਵਿਚ ਇਕ 10 ਕੁ ਸਾਲਾਂ ਦੀ ਤੀਸਰੀ ਜਮਾਤ ਦੀ ਗ਼ਰੀਬ ਵਿਦਿਆਰਥਣ ਨਾਲ ਉਸ ਦੀ ਛੋਟੀ ਭੈਣ ਦੀ ਹਾਜ਼ਰੀ ਵਿਚ ਹਵਸੀ ਦਰਿੰਦਿਆਂ ਨੇ ਕਹਿਰ ਢਾਅ ਦਿੱਤਾ। ਉਹਨਾਂ ਗ਼ਰੀਬ ਲੜਕੀਆਂ ਦੀ ਮਾਂ ਪੈਲੇਸ ਦੇ ਮਾਲਕ ਦੇ ਘਰ ਕੰਮ ਕਰਦੀ ਸੀ।
ਇਸੇ ਤਰ੍ਹਾਂ ਘੁਮਾਣਾ ਦੀ ਇਕ ਨਾਬਾਲਗ ਲੜਕੀ ਨੂੰ ਸਕੂਲੋਂ ਘਰ ਵਾਪਸ ਆਉਂਦੀ ਨੂੰ ਮੋਟਰ-ਸਾਇਕਲ ਸਵਾਰ ਚੁੱਕ ਕੇ ਲੈ ਗਏ। ਇਸ ਨਾ-ਬਾਲਗ ਲੜਕੀ ਨੇ ਆਪਣੇ ਨਾਲ ਵਾਪਰੀ ਘਟਨਾ ਨੂੰ ਸਹਿਣ ਨਹੀਂ ਕੀਤਾ ਤੇ ਸਮਾਜਕ ਨਾਮੋਸ਼ੀ ਸਹਿਣ ਦੀ ਥਾਂ ਜ਼ਹਿਰ ਨਿਗਲ ਕੇ ਮੌਤ ਨੂੰ ਗਲੇ ਲਗਾ ਲਿਆ। ਅਜਿਹੀ ਹੀ ਇਕ ਹੋਰ ਮਿਹਨਤਕਸ਼ ਪਰਿਵਾਰ ਦੀ ਭੱਠੇ ਤੇ ਕੰਮ ਕਰਦੀ ਕੁੜੀ ਨਾਲ ਵਾਪਰਿਆ, ਉਸ ਨੂੰ ਭੱਠੇ ਤੋਂ ਵਰਗਲਾ ਕੇ ਲੈ ਜਾਣ ਉਪਰੰਤ ਉਸ ਨਾਲ ਵੀ ਮਾੜਾ ਵਰਤਾਰਾ ਹੋਇਆ। ਕਲਾਨੌਰ ਦੇ ਸਰਹੱਦੀ ਪਿੰਡ ਝੋਪਾ ਵਿਖੇ ਤਿੰਨ ਮਹੀਨੇ ਪਹਿਲਾਂ ਇਕ ਔਰਤ ਨਾਲ ਜਬਰ ਜਨਾਹ ਹੋਇਆ ਪਰ ਪੁਲਿਸ ਨੇ ਤਿੰਨ ਮਹੀਨੇ ਕੋਈ ਕਾਰਵਾਈ ਹੀ ਨਾ ਕੀਤੀ। ਉਸ ਔਰਤ ਦੇ ਕੇਸ ਦੀ ਕਾਰਵਾਈ ਪੁਲਿਸ ਨੂੰ ਉਸ ਸਮੇਂ ਕਰਨੀ ਪਈ ਜਦੋਂ ਕਾਂਗਰਸ ਪਾਰਟੀ ਦੇ ਕੌਮੀ ਆਗੂ ਰਾਹੁਲ ਗਾਂਧੀ ਨੇ ਇਲਾਕੇ ਦਾ ਦੌਰਾ ਕੀਤਾ ਤੇ ਔਰਤ ਨੇ ਫਰਿਆਦ ਕੀਤੀ। ਇਸ ਤੋਂ ਵੀ ਮਾੜੀ ਘਟਨਾ ਥਾਣਾ ਗੁਰੂ ਹਰ ਸਹਾਏ ਵਿਖੇ ਤਾਇਨਾਤ ਇਕ ਹੌਲਦਾਰ ਨੇ 6 ਕੁ ਸਾਲਾਂ ਕੁੜੀ ਨੂੰ ਗਲੀ ਵਿਚੋਂ ਚੁੱਕ ਕੇ ਲੈ ਜਾ ਕੇ ਭਾਣਾ ਵਰਤਾ ਦਿੱਤਾ।

ਇਹ ਕੁਝ ਘਟਨਾਵਾਂ ਤਾਂ ਉਦਾਹਰਣ ਮਾਤਰ ਹਨ, ਜਿਹੜੀਆਂ ਛੋਟੀ ਉਮਰ ਦੀਆਂ ਬਾਲੜੀਆਂ ਤੇ ਔਰਤਾਂ ਨਾਲ ਹੁਣੇ ਹੁਣੇ ਜਿਹੇ ਵਾਪਰੀਆਂ ਘਟਨਾਵਾਂ ਥਾਣਿਆਂ ਤੇ ਅਦਾਲਤਾਂ ਤੱਕ ਪਹੁੰਚੀਆਂ ਪਰ ਸੈਕੜੇ ਅਜਿਹੀਆਂ ਘਟਨਾਵਾਂ ਤਾਂ ਥਾਣਿਆਂ ਤੱਕ ਵੀ ਨਹੀਂ ਪਹੁੰਚਦੀਆਂ। ਅਜਿਹੀਆਂ ਬਦਨਸੀਬ ਕੁੜੀਆਂ ਦੇ ਮਾਪੇ ਗਰੀਬ ਹੁੰਦੇ ਹਨ ਤੇ ਉਹਨਾਂ ਨੂੰ ਬਦਨਾਮੀ ਹੋਣ ਦਾ ਡਰ ਹੁੰਦਾ ਹੈ। ਇਸ ਲਈ ਸਬਰ ਦਾ ਘੁੱਟ ਭਰਕੇ ਘਰ ਬੈਠ ਜਾਂਦੇ ਹਨ। ਬਹੁਤੇ ਕੇਸ ਜਿਹੜੇ ਥਾਣੇ ਪਹੁੰਚਦੇ ਵੀ ਹਨ ਉਹਨਾਂ ਵਿਚ ਵੀ ਪੀੜ੍ਹਤ ਬਾਲੜੀ ਨੂੰ ਕੋਈ ਇਨਸਾਫ ਨਹੀਂ ਮਿਲਦਾ, ਕਿਉਂਕਿ ਪੁਲਿਸ ਦੀ ਭੂਮਿਕਾ, ਰਾਜਨੀਤਿਕ ਦਬਾਅ ਤੇ ਪੁਲਿਸ ਦੇ ਟਾਉਟਾ ਦੀ ਭੂਮਿਕਾ ਘਟਨਾ ਨੂੰ ਲੈ ਦੇ ਕੇ ਰਫਾ-ਦਫਾ ਹੀ ਕਰਾ ਦਿੰਦੇ ਹਨ। ਅਜਿਹੀਆਂ ਘਟਨਾਵਾਂ ਵਾਰੇ ਅੰਕੜੇ ਕਿਧਰੇ ਵੀ ਦਰਜ ਨਹੀਂ ਹੁੰਦੇ। ਫਰੀਦਕੋਟ ਦੀ ਇਕ ਬੱਕਰੀਆਂ ਚਾਰਨ ਵਾਲੇ ਦੀ ਦਸਵੀਂ ਜਮਾਤ ਵਿਚ ਪੜ੍ਹਦੀ ਕੁੜੀ ਨੇ ਦਰਿੰਦਿਆਂ ਤੋਂ ਆਪਣੀ ਜਾਨ ਥਾਣੇ ਅੰਦਰ ਵੜਕੇ ਮਸਾਂ ਬਚਾਈ।

ਇਸੇ ਤਰ੍ਹਾਂ ਇਹਨਾਂ ਦਿਨਾਂ ਵਿਚ ਸਭ ਤੋਂ ਵੱਧ ਚਲਚਰਿਤ ਸ਼ਰੂਤੀ ਅਗਵਾ ਕਾਂਡ ਨੇ ਸਰਕਾਰ ਤੇ ਪੁਲਿਸ ਦੀ ਭੂਮਿਕਾ ਨੂੰ ਪੂਰੀ ਤਰ੍ਹਾਂ ਨੰਗਾ ਕਰਕੇ ਰੱਖ ਦਿੱਤਾ। ਸ਼ਰੂਤੀ ਅਗਵਾ ਕਾਂਡ ਵਿਚ ਜੇਕਰ ਲੋਕ ਘੋਲ ਤਿੱਖਾ ਨਾਂ ਹੁੰਦਾ ਤਾਂ ਇਸ ਕੇਸ ਨੂੰ ਵੀ ਰਫਾ-ਦਫਾ ਹੀ ਕਰ ਦਿੱਤਾ ਜਾਂਦਾ। ਇਸ ਸ਼ਰੂਤੀ ਅਗਵਾ ਕਾਂਡ ਵਿਚ ਸਭ ਤੋਂ ਵੱਧ ਨਿਗ੍ਹਾ ਰੱਖਣ ਵਾਲੇ ਵਰਗ ਮੀਡੀਆ ਦੀ ਭੂਮਿਕਾ ਜਿੱਥੇ ਪ੍ਰਸ਼ੰਸਾ ਯੋਗ ਰਹੀ ਹੈ। ਉਥੇ ਕੁਝ ਜ਼ੁੰਮੇਵਾਰ ਪੱਤਰਕਾਰ ਇਸ ਘਟਨਾ ਨੂੰ ਸਿਰਫ ਪ੍ਰੇਮ ਪ੍ਰਸੰਗ ਹੀ ਦਸਕੇ ਅਗਵਾ ਕਰਨ ਸਮੇਂ ਅਪਣਾਈ ਗੁੰਡਾਗਰਦੀ, ਰਾਜਸੀ ਆਗੂਆਂ ਦੀ ਭੂਮਿਕਾ ਤੇ ਪੁਲਿਸ ਦੀ ਭੂਮਿਕਾ ਨੂੰ ਕਲੀਨ ਚਿੱਟ ਦੇਣ ਦਾ ਯਤਨ ਕੀਤਾ ਹੈ, ਜਿਹੜਾ ਸਰਾਸਰ ਮਾੜਾ ਰੁਝਾਨ ਹੈ।

ਬਾਲੜੀਆਂ ਨਾਲ ਨਿੱਤ ਵਾਪਰਦੀਆਂ ਇਹਨਾਂ ਮਾੜੀਆਂ ਘਟਨਾਵਾਂ ਵਿਚ ਪੀੜ੍ਹਤ ਬੱਚੀਆਂ ਨੂੰ ਇਨਸਾਫ ਨਹੀਂ ਮਿਲਦਾ ਤੇ ਨਾਂ ਹੀ ਦੋਸ਼ੀਆਂ ਨੂੰ ਕੋਈ ਸਖ਼ਤ ਸਜ਼ਾਵਾਂ ਮਿਲਦੀਆਂ ਹਨ। ਅਜਿਹੇ ਬਹੁਤ ਘੱਟ ਕੇਸਾਂ ਵਿਚ ਦੋਸ਼ੀਆਂ ਨੂੰ ਸਜ਼ਾਵਾਂ ਮਿਲਦੀਆਂ ਹਨ। ਫਰੀਦਕੋਟ ਦੀ ਇਕ ਮਾਨਯੋਗ ਅਦਾਲਤ ਜਿਸ ਦੀ ਜੱਜ ਖੁਦ ਇਕ ਔਰਤ ਹੈ ਉਸ ਨੇ ਦੋਸ਼ੀਆਂ ਨੂੰ 10-10 ਸਾਲ ਦੀ ਸਜ਼ਾ ਸੁਣਾਈ ਹੈ। ਰਾਜਸਥਾਨ ਵਿਚ 1997 ਵਿਚ ਇਕ ਯੂਨੀਵਰਸਿਟੀ ਵਿਚ ਪੜ੍ਹਦੀ ਕੁੜੀ ਨਾਲ ਸਮੂਹਿਕ ਜਬਰ ਜਨਾਹ ਹੋਇਆ ਸੀ। ਇਸ ਕੇਸ਼ ਵਿਚ 15 ਵਰ੍ਹੇ ਅਦਾਲਤੀ ਪ੍ਰਤੀਕਿਆ ਉਪਰੰਤ ਹੀ ਅੱਧੀ ਦਰਜਨ ਦੋਸ਼ੀਆਂ ਨੂੰ 10-10 ਸਾਲਾਂ ਦੀ ਸਜ਼ਾ ਹੋਈ ਹੈ।

ਪੰਜਾਬ ਅੰਦਰ ਨਾਬਾਲਗ, ਬਾਲੜੀਆਂ ਨਾਲ ਵਾਪਰ ਰਹੀਆਂ ਇਹ ਮਾੜੀਆਂ ਘਟਨਾਵਾਂ ਕਾਰਨ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਭਾਵੇਂ ਹਵਸੀ ਦਰਿੰਦੇ ਥੋੜੇ ਹਨ। ਪੰਜਾਬ ਦੀ ਸਰਕਾਰ, ਪੁਲਿਸ ਤੰਤਰ, ਸਮਾਜਕ ਜਥੇਬੰਦੀਆਂ, ਧਾਰਮਿਕ ਲੋਕ ਸਾਰੇ ਮਿਲ ਕੇ ਇਸ ਮਾੜੇ ਵਰਤਾਰੇ ਤੇ ਰੋਕ ਲਗਾਉਣ ਤਾਂ ਜੋ ਗੁਰੂ ਪੀਰਾਂ ਦੀ ਚਰਨ ਛੋਹ ਵਾਲਾ ਇਹ ਪੰਜਾਬ ਧੀ ਭੈਣ ਦੀ ਇੱਜ਼ਤ ਦਾ ਰਾਖਾ ਕਹਾਉਣ ਦਾ ਹੱਕਦਾਰ ਬਣਿਆ ਰਹੇ।

ਸੰਪਰਕ: +91 98140 13210

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ