Tue, 16 April 2024
Your Visitor Number :-   6976440
SuhisaverSuhisaver Suhisaver

ਸੱਭਿਆਚਾਰ ਦੀ ਸਿਆਸਤ - ਕੰਵਰਜੀਤ ਸਿੰਘ ਸਿੱਧੂ

Posted on:- 06-02-2014

(ਪੰਜਾਬੀ ਗਾਇਕੀ ਦੀ ਸੂਫ਼ੀਆਨਾ ਰੰਗਤ ਦੇ ਸੰਦਰਭ ਵਿਚ)

ਅੱਜ ਕੱਲ੍ਹ ਸਾਡੇ ਸਮਾਜ ਵਿਚ ਹਰ ਖੇਤਰ ਵਿਚ ਦਿਖਾਵੇ ਅਤੇ ਭੇਡਚਾਲ ਦਾ ਬੋਲਬਾਲਾ ਹੈ। ਗੀਤ ਸੰਗੀਤ ਵੀ ਇਸ ਮਰਜ਼ ਦਾ ਬਹੁਤ ਵੱਡੇ ਪੱਧਰ 'ਤੇ ਸ਼ਿਕਾਰ ਹੈ। ਇਸ ਦੀਰਘ ਰੋਗ ਦੇ ਕਈ ਸਾਰੇ ਲੱਛਣ ਹਨ ਪਰ ਇਥੇ ਸਿਰਫ ਜੋਰ ਸ਼ੋਰ ਨਾਲ ਚੱਲ ਰਹੇ “ਅਖੌਤੀ ਸੂਫ਼ੀਵਾਦ” ਦੀ ਹੀ ਚਰਚਾ ਕਰਾਂਗੇ। ਇਸ ਲਈ ਸਾਨੂੰ ਪਹਿਲਾਂ ਇਹ ਅਹਿਮ ਪੱਖ ਸਮਝਣ ਦੀ ਜਰੂਰਤ ਹੈ ਕਿ ਅਸਲ ਵਿਚ ਸੂਫ਼ੀਵਾਦ ਕੀ ਹੈ? ਸੂਫ਼ੀਵਾਦ ਦੇ ਮੂਲ ਤੱਤ ਦੇ ਸੰਦਰਭ ਵਿਚ ਅਖੌਤੀ ਸੂਫ਼ੀ ਗਾਇਕੀ ਦੀ ਪਰਖ ਪੜਚੋਲ ਕਰਨ ਦੀ ਲੋੜ ਹੈ।

ਸੂਫ਼ੀ ਪਦ ਦੀ ਵਿਆਖਿਆ ਕਰਦਿਆਂ ਸਿਰਦਾਰ ਕਪੂਰ ਸਿੰਘ ਜੀ ਲਿਖਦੇ ਹਨ,  
"ਸੂਫ਼ੀ ਅਰਬੀ ਭਾਸ਼ਾ ਦਾ ਸ਼ਬਦ ਹੈ, ਜਿਸ ਦੇ ਅਰਥ ਹਨ-ਉੱਨ। ਸੂਫੀ ਨੂੰ ਈਰਾਨ ਵਿਚ ਪਸ਼ਮੀਨਾਪੋਸ਼ ਵੀ ਕਹਿੰਦੇ ਹਨ, ਜਿਸ ਤੋਂ ਇਹੋ ਸਿੱਧ ਹੁੰਦਾ ਹੈ ਕਿ ਸੂਫ਼ੀ ਦੇ ਅਰਥ ਇਹੋ ਹਨ ਕਿ ਜੋ ਉੱਨ ਦੇ ਕੱਪੜੇ ਪਹਿਨੇ ਯਾ ਉਹੋ ਮਤ ਯਾ ਸੰਘ, ਜਿਸ ਦੇ ਅਨੁਆਈ ਉੱਨ ਦੇ ਕੱਪੜੇ ਰਹਿਤ ਵਜੋਂ ਪਹਿਨਦੇ ਹੋਣ।"” (ਸੂਫ਼ੀ ਮਤ ਦਾ ਨਿਕਾਸ ਅਤੇ ਵਿਕਾਸ)

ਸੋ ਮੁੱਢਲੇ ਤੌਰ 'ਤੇ ਉੱਨ ਦੇ ਵਸਤਰ ਧਾਰਨ ਕਰਨ ਵਾਲੇ ਸਾਧਕ ਸੂਫ਼ੀ ਅਖਵਾਏ। ਸੂਫ਼ੀ ਮਤ ਦੇ ਨਿਮਨਲਿਖਤ ਮੂਲ ਸਿਧਾਂਤ ਹਨ ਜੋ ਕਿਸੇ ਸਮਾਜਿਕ ਜਾਂ ਰਾਜਨੀਤਿਕ ਮਾਹੌਲ ਮੁਤਾਬਕ ਕਿਤੇ ਜਾਹਰਾ ਰੂਪ ਵਿਚ ਪ੍ਰਚਲਤ ਹਨ ਅਤੇ ਕਿਤੇ ਗੁੱਝੇ ਰੂਪ ਵਿਚ।

1. ਈਸ਼ਵਰੀ ਸੱਤਾ ਸਰਵ ਵਿਆਪਕ ਹੈ।
2. ਧਾਰਮਿਕ ਸੰਘਾਂ ਅਤੇ ਮੱਠਾਂ ਦੀ ਪ੍ਰਾਪਤੀ
3. ਧਾਰਮਿਕ ਜੀਵਨ ਦੀ ਮਾਰਗ, ਪੰਥ (ਤਰੀਕਤ) ਨਾਲ ਤੁਲਨਾ ਕਰਨੀ
4. ਸ਼ਿੰਗਾਰ ਰਸ ਦੇ ਪ੍ਰਮਾਣਾਂ ਦੀ ਆਤਮਿਕ ਅਵਸਥਾ ਨੂੰ ਨਿਰੂਪਣ ਕਰਨ ਲਈ ਖੁੱਲ੍ਹੀ ਵਰਤੋਂ; ਅਤੇ
5. ਪੁਨਰ ਜਨਮ ਵਿਚ ਸਪੱਸ਼ਟ ਯਾ ਪਰੋਖ ਤੇ ਲੁਕਵਾਂ ਵਿਸ਼ਵਾਸ।

ਇਸ ਸੰਦਰਭ ਵਿਚ ਪ੍ਰੋ. ਗੁਲਵੰਤ ਸਿੰਘ ਦੀ  ਪੁਸਤਕ 'ਇਸਲਾਮ ਅਤੇ ਸੂਫ਼ੀਵਾਦ' ਦਾ ਅਧਿਐਨ ਜਰੂਰੀ ਹੈ। ਇਸ ਵਿਚ ਸੂਫ਼ੀਵਾਦ ਬਾਰੇ ਸਮੁੱਚੇ ਰੂਪ ਵਿਚ ਬਹੁਤ ਗੰਭੀਰ ਚਰਚਾ ਕੀਤੀ ਗਈ ਹੈ। ਇਸ ਵਿਚ ਉਹ ਸੂਫ਼ੀ ਦੀ ਮੂਲ ਵਿਸ਼ੇਸ਼ਤਾ ਦੱਸਦੇ ਹੋਏ ਲਿਖਦੇ ਹਨ, “ਮੂਲ ਨਾਲ ਮੇਲ ਦੀ ਬਿਹਬਲਤਾ, ਅਸਲ ਨਾਲ ਵਸਲ ਦੀ ਤਲਬ ਅਤੇ ਹਕੀਕਤ ਦੇ ਨਾਲ ਨਿਕਟਤਾ ਦਾ ਨਿੱਘਾ ਸਬੰਧ ਸਥਾਪਿਤ ਕਰਨ ਦੀ ਅਭਿਲਾਸ਼ਾ ਮਾਨਵ ਮਨ ਵਿਚ ਸ਼ੁਰੂ ਤੋਂ ਹੈ ਅਤੇ ਅਖੀਰ ਤੱਕ ਰਹੇਗੀ। ਸੱਚ ਦੇ ਸਾਖਿਆਤ ਉਪਰੰਤ ਉਸਨੂੰ ਜੀਵਨ ਵਿਚ ਚਰਿਚਾਰਯ ਕਰਨ ਦੇ ਉਦੇਸ਼ ਨਾਲ ਸਾਧਨਾ ਕਰਨ ਵਾਲੇ ਵਿਅਕਤੀਆਂ ਨੂੰ ਸੂਫ਼ੀ ਅਰਥਾਤ “ਅਹਿਲ-ਏ-ਹੱਕ” ਕਿਹਾ ਜਾਂਦਾ ਹੈ।””

ਇਸੇ ਪੁਸਤਕ ਵਿਚ ਪ੍ਰੋ. ਸਾਹਿਬ ਲਿਖਦੇ ਹਨ, “ਸੂਫ਼ੀਵਾਦ ਦਾ ਅਸਲ ਮਤਲਬ ਦੋ ਗੱਲਾਂ ਉਪਰ ਨਿਰਭਰ ਹੈ, ਪਹਿਲੀ ਅਨੁਸਾਰ ਜ਼ਰੂਰੀ ਹੈ ਕਿ ਸੂਫ਼ੀ ਆਪਣੇ ਮਨ ਨੂੰ ਮਾਰ ਚੁੱਕਾ ਹੋਵੇ; ਉਸਦਾ ਦਿਲ ਸਾਫ ਹੋਵੇ; ਲੋਭ ਅਤੇ ਲਾਲਚ ਉਪਰ ਕਾਬੂ ਪਾ ਚੁੱਕਾ ਹੋਵੇ; ਹਜ਼ਰਤ ਪੈਗੰਬਰ ਸਾਹਿਬ ਦੇ ਚਰਨ ਚਿੰਨ੍ਹਾਂ ਦਾ ਅਨੁਸਾਰੀ ਹੋਵੇ; ਹੋਰ ਸਾਰੇ ਸਬੰਧ ਤੋੜ ਕੇ ਸਿਰਫ ਅੱਲਾਹ ਨਾਲ ਸਬੰਧ ਜੋੜ ਚੁੱਕਾ ਹੋਵੇ ਅਤੇ ਹਰ ਵੇਲੇ ਰੱਬ ਦੀ ਯਾਦ ਵਿਚ ਲੀਨ ਰਹਿੰਦਾ ਹੋਵੇ।”

ਉਪਰੋਕਤ ਵਿਆਖਿਆ ਦੇ ਸੰਦਰਭ ਵਿਚ ਸਾਨੂੰ ਅਜੋਕੇ (ਅਖੌਤੀ) ਸੂਫ਼ੀਆਂ (ਗਾਇਕਾਂ) ਦੇ ਕਾਰ ਵਿਹਾਰ ਦੀ ਪੜਚੋਲ ਕਰਨੀ ਚਾਹੀਦੀ ਹੈ। ਸੂਫ਼ੀ ਗਾਇਕੀ ਚਰਚਾ ਪੰਜਾਬੀ ਸੰਗੀਤ ਵਿਚ ਨਵੀਂ ਗੱਲ ਨਹੀਂ ਹੈ ਪਰ ਹੁਣ ਜਿਸ ਬੇਸ਼ਰਮੀ ਨਾਲ ਡੇਰੇਦਾਰੀ ਦੇ ਸਿਰ 'ਤੇ ਪਲ ਰਹੀ ਗਾਇਕੀ ਨੂੰ ਸੂਫ਼ੀ ਗਾਇਕੀ ਦਾ ਨਾਮ ਦਿੱਤਾ ਜਾ ਰਿਹਾ ਹੈ, ਉਸ ਨਾਲ ਇਹ ਮਸਲਾ ਵਿਵਾਦ ਦਾ ਕੇਂਦਰ ਬਣ ਚੁੱਕਿਆ ਹੈ।

ਪੁਰਾਣੇ ਸਮੇਂ ਤੋਂ ਬਹੁਤ ਸਾਰੇ ਪੰਜਾਬੀ ਗਾਇਕਾਂ ਨੂੰ ਸੂਫ਼ੀ ਗਾਇਕ ਕਹਿ ਕੇ ਵਡਿਆਇਆ ਜਾਂਦਾ ਰਿਹਾ ਹੈ ਅਤੇ ਉਹ ਸਾਰੇ ਹੀ ਆਪਣੀ ਕਲਾ ਦੇ ਉੱਘੇ ਉਸਤਾਦ ਸਨ। ਬਿਨਾਂ ਕਿਸੇ ਦਿਖਾਵੇ ਤੋਂ ਉਹ ਆਪਣੀ ਕਲਾ ਦਾ ਮੁਜ਼ਾਹਰਾ ਕਰਦੇ ਸਨ ਪਰ ਅੱਜ ਕੱਲ੍ਹ ਅਖੌਤੀ ਸੂਫ਼ੀ ਗਾਇਕਾਂ ਦੀ ਅਜਿਹੀ ਭੀੜ ਲਾਮਬੰਦ ਹੋਈ ਹੈ ਕਿ ਇਹਨਾਂ ਪੱਲੇ ਸਿਰਫ ਦਿਖਾਵੇ ਤੋਂ ਬਿਨਾਂ ਕੁਝ ਵੀ ਨਹੀਂ, ਸਗੋਂ ਇਹਨਾਂ ਦਾ ਮੁੱਖ ਮਕਸਦ ਸੂਫ਼ੀ ਹੋਣ ਦਾ ਮੁਖੌਟਾ ਪਾ ਕੇ ਵਾਹ-ਵਾਹ ਅਤੇ ਦੌਲਤ ਹਾਸਲ ਕਰਨ ਦਾ ਹੈ। ਇਹਨਾਂ ਗਾਇਕਾਂ ਨੂੰ ਵੱਡਾ ਹੁਲਾਰਾ ਮਿਲਣ ਦਾ ਕਾਰਨ ਗਾਇਕੀ ਵਿਚ ਵਧੇ ਹੋਏ ਅਸ਼ਲੀਲਤਾ ਤੋਂ ਅੱਕੀ ਹੋਈ ਲੋਕਾਈ ਹੈ। ਬਹੁਤ ਹੀ ਫੂਹੜ ਕਿਸਮ ਦੀ ਗਿੱਪੀ ਮਾਰਕਾ ਗਾਇਕੀ ਅਤੇ ਇਸਦੇ ਹੱਦਾਂ ਤੋੜ ਅਸ਼ਲੀਲ ਫਿਲਮਾਂਕਣ ਤੋਂ ਉਕਤਾਏ ਹੋਏ ਲੋਕਾਂ ਲਈ ਅਜਿਹੀ ਦਿਖਾਵੇ ਵਾਲੀ ਸੂਫ਼ੀ ਗਾਇਕੀ ਵੱਡੀ ਠਾਹਰ ਬਣਦੀ ਹੈ। ਓਪਰੀ ਨਜ਼ਰੇ ਦੇਖਿਆਂ ਇਸ ਤਬਦੀਲੀ ਨੂੰ ਹਾਂ-ਪੱਖੀ ਕਿਹਾ ਜਾ ਸਕਦਾ ਹੈ ਪਰ ਡੂੰਘੀ ਘੋਖ ਕਰਨ 'ਤੇ ਇਹ ਅਹਿਸਾਸ ਹੁੰਦਾ ਹੈ ਕਿ ਅਸ਼ਲੀਲ ਗਾਇਕੀ ਦੇ ਬਦਲ ਵਜੋਂ ਇਸ ਨਵੀਂ ਡੇਰਾਵਾਦੀ ਸੂਫ਼ੀ ਗਾਇਕੀ ਦੀ ਪਨਾਹ ਵੱਲ ਜਾਣਾ ਖੂਹ ਛੱਡ ਕੇ ਖਾਤੇ ਪੈਣ ਵਰਗੀ ਗੱਲ ਹੀ ਹੈ।

ਪੰਜਾਬੀ ਸੰਗੀਤ ਵਿਚ ਵਾਪਰ ਰਿਹਾ ਅਜੋਕਾ “ਸੂਫ਼ੀ ਵਰਤਾਰਾ” ਕੋਈ ਸਹਿਜ ਜਾਂ ਅਚਾਨਕ ਵਾਪਰਿਆ ਵਰਤਾਰਾ ਨਹੀਂ ਹੈ ਅਤੇ ਨਾ ਹੀ ਇਸਨੂੰ ਸਹਿਜ ਭਾਅ ਹੋਈ ਤਬਦੀਲੀ ਕਹਿ ਸਕਦੇ ਹਾਂ। ਇਸ ਪਿੱਛੇ ਇਕ ਬੜੀ ਵੱਖਰੀ ਤਰ੍ਹਾਂ ਦੀ ਸਿਆਸਤ ਕੰਮ ਕਰ ਰਹੀ ਹੈ, ਉਹ ਹੈ ਸੱਭਿਆਚਾਰ ਦੀ ਸਿਆਸਤ। ਕੀ ਹੈ ਇਹ ਸੱਭਿਆਚਾਰ ਦੀ ਸਿਆਸਤ? ਇੱਕੀਵੀਂ ਸਦੀ ਵਿਚ ਏਨੇ ਵੱਡੇ ਪੱਧਰ 'ਤੇ ਸਿਰਫ ਪੰਜਾਬੀ ਗਾਇਕਾਂ ਨੂੰ ਹੀ ਕਿਉਂ ਪ੍ਰੇਰਿਤ ਕਰ ਰਿਹਾ ਹੈ ਸੂਫ਼ੀਵਾਦ? ਪੰਜਾਬੀ ਗਾਇਕੀ ਦੇ ਇਸ 'ਸੂਫ਼ੀਵਾਦੀ' ਰੁਝਾਨ ਦੇ ਕੀ-ਕੀ ਹਾਂ-ਪੱਖੀ ਅਤੇ ਨਾਂਹ ਪੱਖੀ ਨਤੀਜੇ ਸਾਹਮਣੇ ਆ ਰਹੇ ਹਨ ਜਾਂ ਜਾਂ ਆਉਣਗੇ? ਇਨ੍ਹਾਂ ਸਵਾਲਾਂ ਦੇ ਸੰਦਰਭ ਵਿਚ ਹੀ ਅਸੀਂ ਅੱਗੇ ਚਰਚਾ ਕਰਾਂਗੇ।

ਵਡਾਲੀ ਭਰਾ, ਬਰਕਤ ਸਿੱਧੂ, ਮਰਹੂਮ ਹਾਕਮ ਸੂਫ਼ੀ ਆਦਿ ਕੁਝ ਕੁ ਗਾਇਕਾਂ ਨੂੰ ਲੰਮੇ ਸਮੇਂ ਤੋਂ ਸੂਫ਼ੀ ਗਾਇਕ ਵਜੋਂ ਮਾਨਤਾ ਮਿਲੀ ਹੋਈ ਹੈ ਅਤੇ ਇਕ ਦਾਇਰੇ ਦੇ ਸਰੋਤੇ ਇਹਨਾਂ ਦੀ ਗਾਇਕੀ ਨਾਲ ਜੁੜੇ ਹੋਏ ਹਨ। ਇਹਨਾਂ ਤੋਂ ਬਾਅਦ ਪੰਜਾਬੀ ਦੇ ਚਰਚਿਤ ਗਾਇਕ ਗੁਰਦਾਸ ਮਾਨ ਨੂੰ ਵੀ ਸੂਫ਼ੀ ਢੰਗ ਦਾ ਗਾਇਕ ਕਿਹਾ ਜਾਂਦਾ ਰਿਹਾ ਹੈ। ਗੁਰਦਾਸ ਮਾਨ ਕੋਲ ਦਰਸ਼ਕਾਂ ਨੂੰ ਕੀਲ ਲੈਣ ਵਾਲੀ ਸਟੇਜੀ ਅਦਾਕਾਰੀ ਦਾ ਤੋਹਫਾ ਸੀ ਜਿਸ ਨਾਲ ਉਸਨੂੰ ਬਹੁਤ ਵੱਡੀ ਸ਼ੋਹਰਤ ਹਾਸਲ ਹੋਈ। ਇਸ ਦੇ ਨਾਲ ਨਾਲ ਉਸ ਵਲੋਂ ਪੰਜਾਬ ਦੇ ਦੁਖਾਂਤ ਸਬੰਧੀ ਸੱਚ ਬਿਆਨਦੀ ਫਿਲਮ 'ਦੇਸ ਹੋਇਆ ਪਰਦੇਸ' ਦਾ ਨਿਰਮਾਣ ਕਰਨ ਨਾਲ ਵੀ ਉਸਦੇ ਮਾਣ ਵਿਚ ਵੱਡਾ ਵਾਧਾ ਹੋਇਆ ਪਰ ਪਿਛਲੇ ਕੁਝ ਵਰ੍ਹਿਆਂ ਤੋਂ ਉਸ ਵਲੋਂ ਨਕੋਦਰ ਦੇ ਇਕ ਡੇਰੇਦਾਰ ਦੀ ਬੁੱਕਲ ਵਿਚ ਜਾ ਬਹਿਣਾ ਇਕ ਹੈਰਾਨੀ ਵਾਲੀ ਗੱਲ ਹੈ। ਗੁਰਦਾਸ ਮਾਨ ਦੇ ਨਕੋਦਰੀਏ ਡੇਰੇ ਨਾਲ ਸਬੰਧ ਨਵੇਂ ਨਹੀਂ ਹਨ ਪਰ ਹੁਣ ਉਸ ਵਲੋਂ ਜਾਹਰਾ ਤੌਰ 'ਤੇ ਡੇਰੇਦਾਰਾਂ ਦੇ ਸੱਭਿਆਚਾਰਕ ਦੂਤ ਵਜੋਂ ਵਿਚਰਨਾ ਕੋਈ ਮਾਣ ਵਾਲੀ ਗੱਲ ਨਹੀਂ ਹੈ। ਇਸਦੇ ਬਾਅਦ ਚਰਚਿਤ ਹੋਇਆ ਗਾਇਕ ਸਤਿੰਦਰ ਸਰਤਾਜ ਵੀ ਸੂਫ਼ੀ ਗਾਇਕ ਅਖਵਾਉਣ ਵਿਚ ਖੁਸ਼ੀ ਮਹਿਸੂਸ ਕਰਦਾ ਹੈ। ਅੱਜਕੱਲ੍ਹ ਮਕਬੂਲ ਹੋ ਰਿਹਾ ਕੰਵਰ ਗਰੇਵਾਲ ਵੀ ਇਕ ਸੂਫ਼ੀ ਬਣਕੇ ਵੱਡੀ ਵਾਹ-ਵਾਹ ਖੱਟ ਰਿਹਾ ਹੈ। ਇਸ ਤੋਂ ਪਹਿਲਾਂ ਇਕ ਸਾਈਂ ਗੁਲਾਮ ਜੁਗਨੀ ਨਾਮ ਦਾ ਗਵੱਈਆ ਵੀ ਆਪਣੀ ਲਿਸ਼ਕੋਰ ਛੱਡ ਗਿਆ ਹੈ। ਇਸ ਤੋਂ ਬਿਨਾਂ ਸੂਫ਼ੀਵਾਦ ਦਾ ਲਬਾਦਾ ਪਾ ਕੇ ਵਿਚਰਨ ਵਾਲੇ ਹੋਰ ਵੀ ਬਹੁਤ ਸਾਰੇ ਨਿੱਕੇ ਵੱਡੇ ਗਾਇਕ ਹਨ।

ਉਪਰ ਜਿਵੇਂ ਅਸੀਂ ਸੂਫ਼ੀਵਾਦ ਦੇ ਅਰਥਾਂ ਅਤੇ ਸਿਧਾਂਤਾ ਦਾ ਜ਼ਿਕਰ ਕੀਤਾ ਹੈ। ਉਸ ਪੈਮਾਨੇ ਮੁਤਾਬਕ ਜਦੋਂ ਅਸੀਂ ਇਨ੍ਹਾਂ ਗਾਇਕਾਂ ਦੀ ਜੀਵਨ ਸ਼ੈਲੀ ਵੱਲ ਝਾਤ ਪਾਉਂਦੇ ਹਾਂ ਤਾਂ ਸਾਰਾ ਸੱਚ ਪ੍ਰਤੱਖ ਹੋ ਜਾਂਦਾ ਹੈ। ਸੂਫ਼ੀਵਾਦ ਦਾ ਮੁੱਢਲਾ ਅਕੀਦਾ ਇੱਕੋ ਈਸ਼ਵਰ ਵਿਚ ਯਕੀਨ ਹੈ ਅਤੇ ਇਹ ਗਾਇਕ ਤਾਂ ਮੌਕੇ ਮੁਤਾਬਕ ਹਰ ਕਿਸੇ ਦੇ ਪੈਰ ਫੜਣ ਨੂੰ ਤੱਤਪਰ ਰਹਿੰਦੇ ਹਨ। ਸੂਫ਼ੀ ਲਈ ਆਪਣਾ ਮਨ ਮਾਰਨਾ ਅਤੇ ਲੋਭ ਲਾਲਚ ਦਾ ਤਿਆਗ ਵੀ ਜਰੂਰੀ ਸ਼ਰਤ ਹੈ ਪਰ ਇਹ ਗਾਇਕ ਤਾਂ ਵੱਡੇ ਪੱਧਰ 'ਤੇ ਧਨ ਦੌਲਤ ਇਕੱਠੀ ਕਰਨਾ ਹੀ ਮੁੱਖ ਟੀਚਾ ਬਣਾਈ ਬੈਠੇ ਹਨ ਅਤੇ ਸ਼ੋਹਰਤ ਲਈ ਇਹ ਨਿੱਤ ਕਈ ਸ਼ੋਸ਼ੇ ਵੀ ਕਰਦੇ ਹਨ। ਸੂਫ਼ੀ ਲਈ ਹੋਰ ਸਾਰੇ ਸਬੰਧ ਤੋੜ ਕੇ ਇੱਕੋ ਰੱਬ ਦੀ ਯਾਦ ਵਿਚ ਲੀਨ ਰਹਿਣਾ ਵੀ ਲਾਜ਼ਮੀ ਹੈ ਪਰ ਇਹ ਗਾਇਕ ਤਾਂ ਹਮੇਸ਼ਾ ਅਖਾੜੇ, ਮਹਿਫ਼ਲਾਂ ਲਾਉਣ ਲਈ ਦੇਸ-ਵਿਦੇਸ ਦੇ ਦੌਰੇ ਚੜ੍ਹੇ ਰਹਿੰਦੇ ਹਨ।

ਸਾਰੇ ਸੂਫ਼ੀ ਫਕੀਰ ਆਮ ਲੋਕਾਈ ਨਾਲ ਜੁੜੇ ਹੋਏ ਸਨ ਅਤੇ ਬਾਦਸਾਹੀ ਦਰਬਾਰ ਨਾਲੋਂ ਨਿਰਲੇਪ ਹੋ ਕੇ ਪਰ੍ਹੇ ਵਿਚਰਦੇ ਸਨ ਪਰ ਅਜੋਕੇ 'ਸੂਫ਼ੀ' ਗਾਇਕ ਤਾਂ ਲੋਕਾਂ ਨੂੰ ਮਿਲਣ ਭਾਵੇਂ ਨਾ ਮਿਲਣ ਪਰ ਵੱਡੀ ਰਕਮ ਲੈ ਕੇ ਵਕਤ ਦੇ ਭਾਗੋਆਂ ਅਤੇ ਹਾਕਮਾਂ ਦੇ ਘਰੀਂ ਮਹਿਫ਼ਲਾਂ ਜਰੂਰ ਸਜਾਉਂਦੇ ਹਨ। ਇਨ੍ਹਾਂ ਵਿਚੋਂ ਹੀ ਇਕ ਉੱਘਾ ਗਾਇਕ ਕਹਿੰਦਾ ਹੈ ਕਿ ਮੈਂ ਪ੍ਰਸਾਸ਼ਨਿਕ ਗਾਇਕ ਹਾਂ। ਮੇਰੇ ਜਿਆਦਾ ਪ੍ਰੋਗਰਾਮ ਪ੍ਰਸਾਸ਼ਨ ਵਲੋਂ ਕਰਵਾਏ ਜਾਂਦੇ ਹਨ। ਲੋਕ ਗਾਇਕ ਵਰਗੇ ਜ਼ਮੀਨ ਨਾਲ ਜੁੜੇ ਭਾਵਪੂਰਤ ਲਕਬ ਨੂੰ ਛੱਡ ਕੇ ਪ੍ਰਸਾਸ਼ਨਿਕ ਗਾਇਕ ਹੋਣ ਦੀ ਉਪਾਧੀ ਭਾਲਣੀ ਕਿੱਧਰ ਦੀ ਸੂਫ਼ੀ ਬਿਰਤੀ ਹੈ? ਏਨਾ ਹੀ ਨਹੀਂ ਸਗੋਂ ਇਨ੍ਹਾਂ ਵਿਚੋਂ ਕਈ ਸੂਫ਼ੀ ਅਖਵਾਉਣ ਵਾਲੇ ਗਾਇਕ ਚੋਣਾਂ ਦੇ ਦਿਨਾਂ ਦੌਰਾਨ ਆਪਣੇ ਚਹੇਤੇ ਉਮੀਦਵਾਰਾਂ ਲਈ ਸ਼ਰੇਆਮ ਚੋਣ ਪ੍ਰਚਾਰ ਵੀ ਕਰਦੇ ਹਨ।

ਇਸ ਤੋਂ ਬਾਅਦ ਜੇ ਇਨ੍ਹਾਂ ਦੀ ਗਾਇਕੀ ਦੀ ਕਰੀਏ ਤਾਂ ਇਨ੍ਹਾਂ ਕੋਲ ਕੋਈ ਨਿਵੇਕਲਾ ਅੰਦਾਜ ਨਹੀਂ ਹੈ ਸਗੋਂ ਇਨਾਂ ਵਲੋਂ ਕੱਵਾਲੀ+ਕਾਫ਼ੀ ਦੀ ਮਿਸ਼ਰਤ ਰੰਗਤ ਕਈ ਵਾਰ ਬੜੀ ਹੀ ਓਪਰੀ ਜਿਹੀ ਲਗਦੀ ਹੈ। ਇਹਨਾਂ ਦੀ ਬੜੇ ਉਚੇਚ ਨਾਲ ਕੀਤੀ ਗਈ ਸਟੇਜੀ ਅਦਾਕਾਰੀ ਜਾਂ ਗਾਏ ਗਏ ਬੋਲਾਂ ਦੇ ਅੰਤਰੀਵੀ ਬਾਵਾਂ ਵਿਚ ਕਿਧਰੇ ਵੀ ਸੂਫ਼ੀ ਰੰਗਣ ਨਜ਼ਰ ਨਹੀਂ ਆਉਂਦੀ ਸਗੋਂ ਸੂਫ਼ੀ ਮਤ ਦੀ ਮੈਂ (ਹਉਮੈ) ਨੂੰ ਮਾਰਨ ਦੇ ਸਦੀਵੀ ਉਪਦੇਸ ਦੇ ਉਲਟ ਆਪੇ ਨੂੰ ਹੀ ਕੇਂਦਰਿਤ ਕਰਨ ਦਾ ਯਤਨ ਜਿਆਦਾ ਪ੍ਰਬਲ ਹੁੰਦਾ ਹੈ ਪੇਸ਼ਕਾਰੀ ਵਿਚ ਵੀ ਅਤੇ ਲੱਫ਼ਾਜ਼ੀ ਵਿਚ ਵੀ। ਇਨ੍ਹਾਂ ਗੀਤਾਂ ਵਿਚ ਸਦੀਆਂ ਪੁਰਾਣੇ ਅੰਦਾਜ ਦੀ ਨਿਗੂਣੀ ਜਿਹੀ ਨਕਲ ਕਰਕੇ ਸੂਫ਼ੀ ਫਕੀਰਾਂ ਦੇ ਬੋਲਾਂ ਦੀ ਅਜਿਹੀ ਕੁਵਰਤੋਂ ਕੀਤੀ ਗਈ ਹੁੰਦੀ ਹੈ ਕਿ ਇਨ੍ਹਾਂ ਦੀ ਤਾਜ਼ਗੀ ਹੀ ਕਾਇਮ ਨਹੀਂ ਰਹਿੰਦੀ।

ਇਸ ਦੌਰਾਨ ਹੀ ਇਨ੍ਹੀ ਦਿਨੀਂ ਚਰਚਾ ਦਾ ਕੇਂਦਰ ਬਣੇ ਕੰਵਰ ਗਰੇਵਾਲ ਵਲੋਂ ਪਾਕਿਸਤਾਨੀ ਸੂਫ਼ੀ ਸੇਨ ਜ਼ਹੂਰ ਅਹਿਮਦ ਦੇ ਹੀ ਸਾਰੇ ਗੀਤਾਂ ਨੂੰ ਇੰਨ-ਬੰਨ ਨਕਲ ਕਰਕੇ ਗਾਏ ਜਾਣ ਦੇ ਕਿੱਸੇ ਵੀ ਗਰਮ ਹਨ ਅਤੇ ਉਸ ਵਲੋਂ ਇਹ ਗੱਲ ਮੰਨੀ ਵੀ ਗਈ ਹੈ। ਜ਼ਿਕਰਯੋਗ ਹੈ ਕਿ ਅਜਿਹੇ ਹੀ ਦੋਸ਼ ਸਤਿੰਦਰ ਸਿਰਤਾਜ ਉਪਰ ਵੀ ਗਾਹੇ ਬਗਾਹੇ ਲਗਦੇ ਰਹਿੰਦੇ ਹਨ ਤੇ ਪੰਜਾਬੀ ਗਜ਼ਲਗੋ ਤਿਰਲੋਕ ਜੱਜ ਦੀ ਇਕ ਗਜ਼ਲ ਨੂੰ ਸਰਤਾਜ ਵਲੋਂ ਥੋੜ੍ਹਾ ਤਬਦੀਲ ਕਰਕੇ ਗਾਏ ਜਾਣ ਦੇ ਮਾਮਲੇ ਵਿਚ ਤਿਰਲੋਕ ਜੱਜ ਜੀ ਵਲੋਂ ਕਨੂੰਨੀ ਲੜਾਈ ਵੀ ਲੜੀ ਗਈ ਸੀ। ਇਸ ਦੇ ਨਾਲ ਹੀ ਇਹ ਵੀ ਦੱਸਣਾ ਬਣਦਾ ਹੈ ਕਿ ਸੇਨ ਜ਼ਹੂਰ ਅਹਿਮਦ ਸੱਚੇ ਅਰਥਾਂ ਵਿਚ ਸੂਫ਼ੀ ਹੈ ਜਿਸਦਾ ਇੱਕੋ ਅੱਲਾਹ ਵਿਚ ਅਥਾਹ ਵਿਸ਼ਵਾਸ ਹੈ ਅਤੇ ਜੋ ਦੁਨੀਆਂ ਦੇ ਇਸ ਦਿਖਾਵੇ ਵਾਲੇ ਪਾਖੰਡਾਂ ਤੋਂ ਕੋਹਾਂ ਪਰ੍ਹੇ ਹੈ। ਅਜੇ ਜੇ ਇਹਨਾਂ ਅਖੌਤੀ ਸੂਫ਼ੀਆਂ 'ਤੇ ਸੂਫ਼ੀ ਪਹਿਰਾਵੇ ਅਤੇ ਰਹਿਣ-ਸਹਿਣ ਅਨੁਸਾਰ ਜੀਵਨ ਜਿਉਣ ਦੀ ਸ਼ਰਤ ਲਾ ਦਿੱਤੀ ਜਾਵੇ ਤਾਂ ਪਤਾ ਨਹੀਂ ਕੀ ਬਣੇ।

ਗਾਇਕਾਂ ਦੀ ਡੇਰਿਆਂ ਨਾਲ ਸਾਂਝ ਦਾ ਕਾਰਨ ਉਨਾਂ ਦੀ ਸਥਾਪਤੀ ਨਾਲ ਜੁੜਿਆ ਹੋਇਆ ਹੈ ਕਿਉਂਕਿ ਪੰਜਾਬੀ ਸੰਗੀਤ ਵਿਚ ਗਾਇਕਾਂ ਦਾ ਏਨਾ ਗਾਹ ਪਿਆ ਹੋਇਆ ਹੈ ਕਿ ਸਥਾਪਤ ਹੋਣ ਲਈ ਵੱਡੇ ਤੋਂ ਵੱਡੇ ਗਾਇਕ ਨੂੰ ਵੀ ਤਰੱਦਦ ਕਰਨਾ ਪੈਂਦਾ ਹੈ। ਇਸ ਲਈ ਬਹੁਤ ਸਾਰੇ ਗਾਇਕ ਡੇਰਿਆਂ ਦਾ ਆਸਰਾ ਤੱਕਦੇ ਹਨ ਕਿਉਂਕਿ ਏਦਾਂ ਉਨ੍ਹਾਂ ਨੂੰ ਬਣਿਆ-ਬਣਾਇਆ ਦਰਸ਼ਕ ਵਰਗ ਮਿਲ ਜਾਂਦਾ ਹੈ। ਇਸ ਤੋਂ ਬਿਨਾਂ ਇਨ੍ਹਾਂ ਡੇਰਿਆਂ ਲਈ ਵੀ ਨੌਜਵਾਨ ਤਬਕੇ ਨੂੰ ਆਪਣੇ ਵੱਲ ਖਿੱਚਣ ਲਈ ਅਜਿਹੇ ਸ਼ਗੂਫਿਆਂ ਦੀ ਬੜੀ ਲੋੜ ਹੁੰਦੀ ਹੈ। ਇਸ ਤਰ੍ਹਾਂ ਗਾਇਕ ਅਤੇ ਡੇਰੇਦਾਰ ਦੁਵੱਲੀ ਸਾਂਝ ਵਿਚ ਬੱਝੇ ਹੋਏ ਹਨ। ਇਹ ਸਾਂਝ ਸਾਡੇ ਸੱਭਿਆਚਾਰ ਅਤੇ ਸਮਾਜ ਲਈ ਕਿੰਨੀ ਖਤਰਨਾਕ ਬਣੀ ਹੋਈ ਹੈ, ਉਸ ਵਿਚ ਹੁਣ ਕੋਈ ਓਹਲੇ ਵਾਲੀ ਗੱਲ ਨਹੀਂ ਰਹੀ। ਇਹੀ ਕਾਰਨ ਹੈ ਕਿ ਇੱਕੀਵੀਂ ਸਦੀ ਵਿਚ ਪੰਜਾਬੀ ਗਾਇਕੀ ਨੂੰ ਹੀ 'ਸੂਫ਼ੀਵਾਦ' ਦਾ ਤਾਪ ਚੜ੍ਹਿਆ ਹੋਇਆ ਹੈ। ਗਾਇਕਾਂ ਵਲੋਂ ਪਰਚਾਰਿਆ ਜਾ ਰਿਹਾ ਸੂਫ਼ੀਵਾਦ ਉਸ ਸੂਫ਼ੀਵਾਦ ਨਾਲ ਕੋਈ ਇਤਫਾਕ ਨਹੀਂ ਰੱਖਦਾ ਜਿਸਨੂੰ ਸਦੀਆਂ ਤੋਂ ਸੂਫ਼ੀ ਫਕੀਰਾਂ ਨੇ ਆਪਣੀ ਸਾਧਨਾ, ਸਿਦਕ ਅਤੇ ਸਬਰ ਨਾਲ ਕਾਇਮ ਕੀਤਾ ਹੈ। ਅਖੌਤੀ ਸੂਫ਼ੀਵਾਦੀ ਗਾਇਕਾਂ ਵਲੋਂ ਦੌਲਤ, ਨਸ਼ੇ ਅਤੇ ਉਜੱਡਤਾ ਦੇ ਖੁੱਲ੍ਹੇਆਮ ਦਿਖਾਵੇ ਦੇ ਵਾਹਕ ਬਣਕੇ ਬੀਜੀ ਜਾ ਰਹੀ ਫਸਲ ਨੇ ਪੰਜਾਬ ਦੇ ਸਮਾਜ ਅਤੇ ਸੱਭਿਆਚਾਰ ਦੀ ਪੱਟੀ ਮੇਸ ਹੀ ਕਰਨੀ ਹੈ। ਬੇਸ਼ੱਕ ਇਕ ਵਾਰ ਲੋਕ ਅਸ਼ਲੀਲ ਕਿਸਮ ਦੀ ਗਾਇਕੀ ਤੋਂ ਅੱਕੇ ਹੋਣ ਕਰਕੇ ਇਸ ਤਰ੍ਹਾਂ ਦੀ ਗਾਇਕੀ ਵੱਲ ਮੁੜ ਰਹੇ ਹਨ ਪਰ ਇਸ ਗਾਇਕੀ ਕੋਲ ਵੀ ਕੁਝ ਉਸਾਰੂ ਸਿਰਜ ਸਕਣ ਦੀ ਸਮਰੱਥਾ ਮੌਜੂਦ ਨਹੀਂ ਹੈ ਸਗੋਂ ਇਸਨੇ ਵੀ ਸਾਡੀ ਨੌਜਵਾਨ ਪੀੜ੍ਹੀ ਨੂੰ ਗੁੰਮਰਾਹ ਹੀ ਕੀਤਾ ਹੈ ਅਤੇ ਕਰਨਾ ਹੈ।

ਅੰਤ ਵਿਚ ਬਾਕੀ ਗੱਲਾਂ ਨੂੰ ਕਿਸੇ ਹੋਰ ਮੌਕੇ ਲਈ ਛੱਡਦੇ ਹੋਏ ਇਹ ਹੀ ਕਹਿਣਾ ਚਾਹਾਂਗੇ ਕਿ ਸੂਫ਼ੀ ਹੋਣ ਲਈ ਨੱਚਣ ਗਾਉਣ ਦੀ ਕੋਈ ਜ਼ਰੂਰਤ ਨਹੀਂ, ਇਹ ਤਾਂ ਦੁਨੀਆਂ ਦੇ ਐਬਾਂ ਤੋਂ ਨਿਰਲੇਪ ਰਹਿ ਕੇ ਇੱਕੋ ਰੱਬ ਦੀ ਬੰਦਗੀ ਕਰਨ ਕਰਨ ਦਾ ਰਾਹ ਦਸਦਾ ਹੈ ਅਤੇ ਇਹ ਬੰਦਗੀ ਦਾ ਅਮਲ ਉਸਨੂੰ ਹਮੇਸ਼ਾ ਸੱਚ ਦਾ ਝੰਡਾ ਬੁਲੰਦ ਕਰਨ ਦੀ ਤਾਕਤ ਬਖਸ਼ਦਾ ਹੈ। ਇਸੇ ਸੱਚ ਦੇ ਸਦਕਾ ਸੂਫ਼ੀ ਸੰਤ ਸਮੇਂ ਦੇ ਨਿਜਾਮ ਤੋਂ ਨਾਬਰ ਹੋ ਕੇ ਲੋਕਾਈ ਦੇ ਹੱਕ ਵਿਚ ਨਾਹਰਾ ਬੁਲੰਦ ਕਰਦੇ ਹਨ। ਸੋ ਨਚਾਰ ਕਿਸਮ ਦੇ ਲੋਕ ਕਦੇ ਵੀ ਇਹ ਰੁਤਬਾ ਹਾਸਲ ਨਹੀਂ ਕਰ ਸਕਦੇ। ਸਾਡੇ ਸਮਾਜ ਅੰਦਰ ਦਿਨੋ ਦਿਨ 'ਮਸਤਾਂ' ਦੀ ਇਸ ਵਧ ਫੁੱਲ ਰਹੀ ਡਰਾਮੇਬਾਜ਼ੀ ਪਿੱਛੇ ਹੋਰ ਕਿਹੜੇ-ਕਿਹੜੇ ਸਮਾਜ ਵਿਗਿਆਨਕ ਅਤੇ ਮਨੋ-ਵਿਗਿਆਨਕ ਕਾਰਨ ਮੌਜ਼ੂਦ ਹਨ, ਉਹ ਇਕ ਵੱਖਰੇ ਲੇਖ ਵਿਚ ਵਿਚਾਰੇ ਜਾਣਗੇ।

ਅੱਜ ਤੋਂ ਸਵਾ 1200 ਸਾਲ ਪਹਿਲਾਂ ਦੇ ਬਗਦਾਦ ਵਿਚ ਰਹਿਣ ਵਾਲੇ ਪੁਰਾਤਨ ਸੂਫ਼ੀ ਲਿਖਾਰੀ ਨੇ ਅਲ-ਹਰਸ-ਬਿਨ-ਅਸ-ਦਿਲ-ਮੁਸਾਹਿਬੀ ਨੇ ਆਪਣੇ ਅਰਬੀ ਗ੍ਰੰਥ 'ਅਲ ਰਿਆਇਆਲਿ ਹਕੂਕੱਲਾ' ਵਿਚ ਲਿਖਿਆ ਹੈ:
"“ਜਿਉਂਦਿਆਂ ਮਰ ਜਾਣਾ, ਇਹੋ ਦੀਨ ਅਤੇ ਇਹੋ ਸੂਫ਼ੀ ਮਤ ਹੈ।"”

ਅਜੋਕੇ ਸਮੇਂ ਵਿਚ ਸੂਝਵਾਨ ਲੋਕਾਂ ਨੂੰ ਇਕੱਠੇ ਹੋ ਕੇ ਇਕ ਸੱਭਿਆਚਾਰਕ ਬਦਲ ਉਸਾਰਨ ਦੀ ਲੋੜ ਹੈ ਜਿਸ ਰਾਹੀਂ ਪੰਜਾਬ ਦੀਆਂ ਸਿਹਤਮੰਦ ਪਰੰਪਰਾਵਾਂ ਨੂੰ ਬੁਲੰਦ ਕੀਤਾ ਜਾ ਸਕੇ।

ਸੰਪਰਕ:  +91 98159 52769

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ