Sun, 23 June 2024
Your Visitor Number :-   7133676
SuhisaverSuhisaver Suhisaver

ਸਾਊ ਤੇ ਸੰਗਾਊ ਨਾਵਲਕਾਰ ਜਰਨੈਲ ਸਿੰਘ ਸੇਖਾ

Posted on:- 24-07-2012

suhisaver

 ਮੁਲਾਕਾਤੀ: ਅਵਤਾਰ ਸਿੰਘ ਬਿਲਿੰਗ

 ਵਡੇਰੀ ਉਮਰ ਵਿਚ ਨਾਵਲ ਦੇ ਪਿੜ ਵਿਚ ਕੁੱਦਿਆ ਜਰਨੈਲ ਸਿੰਘ ਸੇਖਾ ਹੁਣ ਤੱਕ ਲਿਖੇ ਤਿੰਨ ਨਾਵਲਾਂ; 'ਦੁਨੀਆ ਕੈਸੀ ਹੋਈ', 'ਭਗੌੜਾ' ਅਤੇ „ਵਿਗੋਚਾ' ਨਾਲ ਹੀ ਬਤੌਰ ਨਾਵਲਕਾਰ ਪੂਰੀ ਤਰ੍ਹਾਂ ਸਥਾਪਤ ਹੋ ਚੁੱਕਾ ਹੈ। ਉਂਜ, ਉਸ ਨੇ ਕਹਾਣੀ, ਸਫਰਨਾਮਾ ਅਤੇ ਸੰਪਾਦਨਾ ਨਾਲ ਵੀ ਹੱਥ-ਅਜ਼ਮਾਈ ਕਰ ਕੇ ਦੇਖੀ ਹੈ। ਉਸ ਕੋਲ ਕੈਨੇਡੀਅਨ ਪੰਜਾਬੀ ਜੀਵਨ ਦਾ ਭਰਪੂਰ ਅਨੁਭਵ ਹੈ ਅਤੇ ਇਸ ਨੂੰ ਗਲਪੀ ਰੰਗ ਦੇਣ ਦੀ ਨਿਵੇਕਲੀ ਜੁਗਤ ਵੀ। ਤਾਂਹੀ ਇਹ ਤਿੰਨੇ ਨਾਵਲ ਕੈਨੇਡੀਅਨ ਪੰਜਾਬੀ ਜੀਵਨ ਤੇ ਸਭਿਆਚਾਰ ਨੂੰ ਸਮੁੱਚਤਾ ਵਿਚ ਪੇਸ਼ ਕਰਦੇ ਹਨ। ਉਸ ਨੇ ਬਹੁਗਿਣਤੀ ਪਰਵਾਸੀ ਪੰਜਾਬੀ ਲੇਖਕਾਂ ਵਾਂਗ ਬਦੇਸ ਵਿਚ ਬੈਠ ਕੇ ਦੇਸੀ ਪੰਜਾਬ ਬਾਰੇ ਨਹੀਂ ਲਿਖਿਆ, ਸਗੋਂ ਸਮੁੰਦਰੋਂ ਪਾਰ ਦੇ ਸ਼ੁੱਧ ਕੈਨੈਡੀਅਨ ਸਮਾਜ ਨੂੰ ਆਪਣੀ ਸਮਰੱਥਾ ਅਨੁਸਾਰ ਭਰਪੂਰਤਾ ਵਿਚ ਚਿਤਰਨ ਨੂੰ ਪਹਿਲ ਦਿੱਤੀ ਹੈ। ਇਹੀ ਉਸ ਦੀ ਪ੍ਰਾਪਤੀ ਹੈ।

?ਸੇਖਾ ਸਾਹਬ! ਜਨਮ, ਮਾਤਾ ਪਿਤਾ ਅਤੇ ਦਾਦਕੇ ਪਰਵਾਰ ਬਾਰੇ ਦੱਸੋ?
-ਬਿਲਿੰਗ ਸਾਹਿਬ, ਆਪਣੇ ਜਨਮ ਬਾਰੇ ਵਿਸਥਾਰ ਵਿਚ ਇਕ ਆਰਟੀਕਲ ਲਿਖਿਆ ਹੈ, 'ਮੇਰਾ ਜਨਮ ਤੇ ਜਨਮ ਤ੍ਰੀਕ ਦਾ ਭੰਬਲ ਭੂਸਾ', ਤੁਸੀਂ ਉਹ ਪੜ੍ਹ ਲੈਣਾ। ਇਥੇ ਇੰਨਾ ਦੱਸਣਾ ਹੀ ਬਿਹਤਰ ਹੈ ਕਿ ਮੇਰੀ ਮਾਂ ਮੇਰਾ ਜਨਮ 22 ਪੋਹ ਸੰਮਤ 1992 ਦਾ ਦਸਦੀ ਸੀ, ਜਿਹੜਾ 5, 6 ਜਨਵਰੀ ਸੰਨ 1936 ਬਣਦਾ ਹੈ ਪਰ ਸਰਟੀਫੀਕੇਟ ਉਪਰ 01 ਅਗਸਤ 1934 ਲਿਖਿਆ ਹੋਇਆ ਹੈ, ਜਿਹੜਾ ਹੁਣ ਮੇਰਾ ਅਸਲੀ ਜਨਮ ਦਿਨ ਬਣ ਗਿਆ ਹੈ। ਮੈਂ ਇਕ ਛੋਟੀ ਕਿਸਾਨੀ ਪਰਵਾਰ ਵਿਚੋਂ ਹਾਂ ਪਰ ਜੱਟ ਨਹੀਂ ਤੇ ਪਿੰਡ ਸਾਡਾ ਸੇਖਾ ਕਲਾਂ, ਜ਼ਿਲਾ ਮੋਗਾ ਹੈ। ਮੈਂ 'ਪਿਦਰਮ ਸੁਲਤਾਨ ਬੂਦ' ਵਾਲੀ ਗੱਲ ਤਾਂ ਨਹੀਂ ਕਰਾਂਗਾ ਪਰ ਗੱਲ ਆਪਣੇ ਪੜਦਾਦੇ, ਸ. ਜਿਉਣ ਸਿੰਘ ਤੋਂ ਸ਼ੁਰੂ ਕਰਦਾਂ। ਉਸ ਕੋਲ ਜੱਦੀ ਜ਼ਮੀਨ ਭਾਵੇਂ ਦਸ ਘੁਮਾਂ ਹੀ ਸੀ ਪਰ ਉਸ ਨੇ ਗਹਿਣੇ ਬੈਅ ਜ਼ਮੀਨ ਲੈ ਕੇ ਦੋ ਹਲ਼ ਦੀ ਵਾਹੀ ਕੀਤੀ ਹੋਈ ਸੀ। ਮੇਰਾ ਦਾਦਾ, ਸ. ਸੱਜਣ ਸਿੰਘ ਉਹਦਾ ਇਕਲੋਤਾ ਪੁੱਤਰ ਸੀ, ਜੀਨ੍ਹੇ ਨਿਠ ਕੇ ਖੇਤੀ ਦਾ ਕੰਮ ਨਾ ਕੀਤਾ। ਅਗਾਂਹ ਮੇਰੇ ਦਾਦੇ ਦੇ ਚਾਰ ਪੁੱਤਰ ਸਨ। ਸਾਂਝਾ ਪਰਵਾਰ ਸੀ। ਤਿੰਨ ਭਰਾ ਖੇਤੀ ਕਰਦੇ ਸਨ ਅਤੇ ਇਕ ਐਸ.ਵੀ. ਟੀਚਰ ਸੀ। ਮੇਰਾ ਬਾਪ, ਸ. ਮੁਹਿੰਦਰ ਸਿੰਘ ਸਰਾ ਸਭ ਤੋਂ ਵੱਡਾ ਸੀ। ਜਦੋਂ ਮੇਰੇ ਬਾਪ ਦਾ ਪਰਵਾਰ ਕੁਝ ਵੱਡਾ ਹੋਇਆ ਤਾਂ ਉਸ ਨੂੰ ਭਰਾਵਾਂ ਨਾਲੋਂ ਅੱਡ ਹੋਣਾ ਪੈ ਗਿਆ। ਤਿੰਨ ਕੁ ਘੁਮਾਂ ਜ਼ਮੀਨ ਹੀ ਹਿੱਸੇ ਆਈ, ਇਸ ਕਰਕੇ ਹਿੱਸੇ ਠੇਕੇ 'ਤੇ ਜ਼ਮੀਨ ਲੈ ਕੇ ਹਲ਼ ਵਾਹੀ ਦਾ ਕੰਮ ਚਲਾਉਣਾ ਪਿਆ।

?ਸੇਖਾ ਜੀ, ਤੁਹਾਡਾ 'ਜੱਟ ਨਹੀਂ' ਤੋਂ ਕੀ ਮਤਲਬ ਹੈ?
-ਆਪਾਂ ਸਾਰੇ ਜਾਣਦੇ ਹਾਂ ਕਿ ਸਾਰਾ ਭਾਰਤ ਜਾਤ ਅਧਾਰਤ ਵੰਡਿਆ ਹੋਇਆ ਹੈ। ਜੱਟ ਇਕ ਜਾਤੀ ਹੈ ਪਰ ਪੰਜਾਬ ਵਿਚ ਜੱਟ ਨੂੰ ਹੀ ਕਿਸਾਨ ਜਾਂ ਜ਼ਿਮੀਦਾਰ ਸਮਝ ਲਿਆ ਜਾਂਦਾ ਹੈ। ਹਾਲਾਂਕਿ ਖੇਤੀ ਬਾੜੀ ਦਾ ਧੰਦਾ ਦੂਸਰੀਆਂ ਜਾਤੀਆਂ ਦੇ ਲੋਕ ਵੀ ਕਰਦੇ ਨੇ। ਸਾਡੀ ਜਾਤੀ ਟਾਂਕਖੱਤਰੀ ਹੈ ਜਿਨ੍ਹਾਂ ਨੂੰ ਲੋਕ ਦਰਜੀ ਜਾਂ ਛੀਂਬਾ ਵੀ ਕਹਿ ਦਿੰਦੇ ਹਨ। ਸਰ ਛੋਟੂ ਰਾਮ ਨੇ ਜ਼ਮੀਨ ਸੁਧਾਰ ਐਕਟ ਬਣਾ ਕੇ ਜੱਟਾਂ ਤੇ ਕੁਝ ਹੋਰ ਜਾਤੀਆਂ ਨੂੰ ਕਾਸ਼ਤਕਾਰ ਤੇ ਬਾਕੀ ਜਾਤੀਆਂ ਨੂੰ ਗ਼ੈਰਕਾਸ਼ਤਕਾਰ ਕਰਾਰ ਦੇ ਦਿੱਤਾ ਸੀ। ਗ਼ੈਰਕਾਸ਼ਤਕਾਰ ਕਾਸ਼ਤਕਾਰ ਦੀ ਜ਼ਮੀਨ ਨਹੀਂ ਸੀ ਖਰੀਦ ਸਕਦਾ। ਪ੍ਰਾਇਮਰੀ ਸਕੂਲਾਂ ਵਿਚ ਗ਼ੈਰਕਾਸ਼ਤਕਾਰਾਂ ਦੇ ਮੁੰਡਿਆਂ ਨੂੰ ਫੀਸਾਂ ਦੇਣੀਆਂ ਪੈਂਦੀਆਂ ਸਨ।

?ਮੁੱਢਲੇ ਜੀਵਨ ਦੌਰਾਨ ਕਿੰਨੀਆਂ ਕੁ ਕਠਿਨਾਈਆਂ ਝੱਲਣੀਆਂ ਪਈਆਂ?
-ਅਸੀਂ ਦਸ ਭੈਣ ਭਰਾ ਸੀ। ਛੇ ਭਰਾ ਅਤੇ ਚਾਰ ਭੈਣਾਂ। ਖੇਤੀ ਤੋਂ ਬਿਨਾਂ ਹੋਰ ਕੋਈ ਆਮਦਨ ਦਾ ਵਸੀਲਾ ਹੈ ਹੀ ਨਹੀਂ ਸੀ। ਇਸ ਕਰਕੇ ਬਚਪਨ ਘੋਰ ਗਰੀਬੀ ਵਿਚ ਬੀਤਿਆ। ਭਾਵੇਂ ਕਿ ਘਰ ਵਿਚ ਗਰੀਬੀ ਸੀ ਪਰ ਮੇਰੇ ਬਾਪ ਨੇ ਸਾਨੂੰ ਪਿੰਡ ਦੇ ਸਕੂਲ ਵਿਚ ਪੜ੍ਹਨ ਜ਼ਰੂਰ ਲਾ ਦਿੱਤਾ ਸੀ।ਮੇਰਾ ਵੱਡਾ ਭਰਾ, ਮੱਲ ਸਿੰਘ ਪੰਜਵੀਂ ਵਿਚੋਂ ਹਟ ਕੇ ਖੇਤੀ ਦੇ ਕੰਮ ਵਿਚ ਹੱਥ ਵਟਾਉਣ ਲੱਗ ਪਿਆ ਸੀ। ਦੂਸਰੀ ਸੰਸਾਰ ਜੰਗ ਸਮੇਂ ਤੇਰਾਂ ਕੁ ਸਾਲ ਦੇ ਮੁੰਡਿਆਂ ਨੂੰ ਬੱਚਾ ਕੰਪਨੀ ਵਿਚ ਭਰਤੀ ਕਰ ਲਿਆ ਜਾਂਦਾ ਸੀ।ਮੇਰਾ ਭਰਾ ਬੱਚਾ ਕੰਪਨੀ ਵਿਚ ਭਰਤੀ ਹੋ ਕੇ ਫੌਜ ਵਿਚ ਚਲਾ ਗਿਆ। ਮੈਥੋਂ ਵੱਡਾ ਮਲਕੀਤ ਸਿੰਘ ਪੜ੍ਹਾਈ ਛੱਡ ਕੇ ਸਾਡੇ ਇਕ ਰਿਸ਼ਤੇਦਾਰ, ਸ. ਕਿਹਰ ਸਿੰਘ ਵਾਂਦਰ ਜਟਾਨਾ ਕੋਲ ਸਿਲਾਈ ਸਿੱਖਣ ਚਲਾ ਗਿਆ। ਮੈਂ ਭਰਾਵਾਂ 'ਚੋਂ ਤੀਜੇ ਨੰਬਰ 'ਤੇ ਹਾਂ। ਉਹਨਾਂ ਦੇ ਘਰੋਂ ਚਲੇ ਜਾਣ ਮਗਰੋਂ ਮੈਨੂੰ ਪੜ੍ਹਾਈ ਦੇ ਨਾਲ ਨਾਲ ਆਪਣੇ ਬਾਪ ਨਾਲ ਖੇਤੀ ਬਾੜੀ ਦਾ ਕੰਮ ਕਰਵਾਉਣਾ ਪੈਂਦਾ ਸੀ ਅਤੇ ਘਰ ਵਿਚ ਆਪਣੀ ਮਾਂ ਨਾਲ ਘਰੇਲੂ ਕੰਮ ਵਿਚ ਵੀ ਹੱਥ ਵਟਾਉਣਾ ਪੈਂਦਾ ਸੀ। ਇਸ ਤਰ੍ਹਾਂ ਕਠਿਨਾਈਆਂ ਤਾਂ ਝੱਲਣੀਆਂ ਹੀ ਪਈਆਂ।

?ਉਹਨਾਂ ਔਕੜਾਂ ਨੂੰ ਤੁਸੀਂ ਕਿਵੇਂ ਸਰ ਕੀਤਾ?
-ਅਵਤਾਰ ਜੀ, ਔਕੜਾਂ ਬਾਰੇ ਗੱਲ ਕਰਨ ਤੋਂ ਪਹਿਲਾਂ ਮੈਂ ਇਕ ਹੋਰ ਘਟਨਾ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਨਾਂ। ਮੇਰਾ ਇਕ ਚਾਚਾ, ਸ. ਪਾਖਰ ਸਿੰਘ ਟੀਚਰ ਸੀ ਤੇ ਉਹ ਪਿੰਡ ਦੇ ਲੋਇਰ ਮਿਡਲ ਸਕੂਲ ਵਿਚ ਪੜ੍ਹਾਉਂਦਾ ਸੀ। ਹਰ ਹਫਤੇ ਡਾਕੀਆ ਡਾਕ ਮੇਰੇ ਚਾਚੇ ਦੇ ਘਰ ਹੀ ਫੜਾ ਜਾਂਦਾ। ਡਾਕ ਵਿਚ ਬਾਲ ਦਰਬਾਰ ਤੇ ਲਲਕਾਰ ਅਖਬਾਰ ਆਉਂਦਾ ਸੀ। ਕਿਉਂਕਿ ਮੈਂ ਪੰਜਾਬੀ ਗੁਰਦਵਾਰੇ ਵਿਚ ਹੀ ਸਿੱਖ ਲਈ ਸੀ, ਇਸ ਕਰਕੇ ਮੈਂ ਉਹ ਅਖਬਾਰ ਪੜ੍ਹਨ ਨੂੰ ਚੁੱਕ ਲੈਣਾ। ਇਕ ਦਿਨ ਮੇਰੀ ਚਾਚੀ ਨੇ ਮੇਰੇ ਹੱਥੋਂ ਉਹ ਅਖਬਾਰ ਫੜਦਿਆਂ ਕਿਹਾ, „ਮੱਲਾ ਪੰਜਵੀਂ 'ਚੋਂ ਹਟ ਗਿਐ ਤੇ ਮੀਤਾ ਚੌਥੀ ਚੋਂ। ਤੂੰ ਵੀ ਪੰਜਵੀਂ ਪਾਸ ਕਰ ਕੇ ਹਟ ਜਾਏਂਗਾ, ਤੂੰ ਕਿਹੜਾ 'ਗਾਂਹ ਪੜ੍ਹਨੈ। ਫੇਰ ਤੈਨੂੰ ਕੀ ਲੋੜ ਐ ਇਹਨਾਂ ਨੂੰ ਪੜ੍ਹਨ ਦੀ!„ ਮੈਂ ਕਿਹਾ, „ਚਾਚੀ, ਮੈਂ ਤਾਂ ਬੀਆ ਪਾਸ ਕਰਨੀ ਐ।„ (ਉਸ ਸਮੇਂ ਮੈਨੂੰ ਬੀ.ਏ. ਦੇ ਉਚਾਰਨ ਦਾ ਵੀ ਪਤਾ ਨਹੀਂ ਸੀ।) ਉਸ ਕਿਹਾ, „ਹੂੰਅ! ਬੀਆ ਨਾ ਬੀਆ। ਕਰਾ ਦੂ ਭਾਈ ਜੀ (ਸਾਡੇ ਪਾਸੇ ਜੇਠ ਨੂੰ ਭਾਈ ਜੀ ਕਿਹਾ ਜਾਂਦਾ ਸੀ) ਤੈਨੂੰ ਬੀਆ ਪਾਸ।„ ਉੇਸ ਹੋਰ ਵੀ ਕੁਝ ਕਿਹਾ ਹੋਵੇ, ਮੈਨੂੰ ਯਾਦ ਨਹੀਂ ਪਰ ਚਾਚੀ ਦੇ ਇਹ ਬੋਲ ਸਦਾ ਮੇਰੇ ਨਾਲ ਰਹੇ। ਪ੍ਰਾਇਮਰੀ ਪਾਸ ਕਰਨ ਤੋਂ ਮਗਰੋਂ ਮੇਰਾ ਬਾਪ ਮੈਨੂੰ ਵੀ ਸਿਲਾਈ ਦੇ ਕੰਮ ਵਿਚ ਪਾਉਣਾ ਚਾਹੁੰਦਾ ਸੀ ਪਰ ਮੈਂ ਹਰ ਹਾਲਤ ਵਿਚ ਅਗਾਂਹ ਪੜ੍ਹਨ ਦਾ ਤਹੱਈਆ ਕੀਤਾ ਹੋਇਆ ਸੀ। ਉਸ ਸਮੇਂ ਪਿੰਡ ਦੇ ਨੇੜੇ ਨਾ ਕੋਈ ਹਾਈ ਸਕੂਲ ਸੀ ਤੇ ਨਾ ਹੀ ਪਿੰਡ ਵਿਚ ਪੜ੍ਹਾਈ ਵਾਲਾ ਮਾਹੌਲ। ਮੇਰੇ ਹਾਈ ਸਕੂਲ ਜਾਣ ਤੱਕ ਪਿੰਡ ਦੇ ਕੇਵਲ ਦੋ ਮੁੰਡੇ ਹੀ ਦਸਵੀ ਪਾਸ ਸਨ। ਆਪਣੀ ਵੱਡੀ ਭੈਣ ਦੀ ਸਫਾਰਸ਼ ਨਾਲ ਮੈਂ ਰੋਡਿਆਂ ਵਾਲੇ ਖਾਲਸਾ ਹਾਈ ਸਕੂਲ ਵਿਚ ਦਾਖਲ ਹੋ ਹੀ ਗਿਆ, ਜਿਹੜਾ ਸਾਡੇ ਪਿੰਡ ਤੋਂ ਸੱਤ ਮੀਲ ਦੂਰ ਹੈ। ਫੀਸਾਂ ਤੇ ਕਿਤਾਬਾਂ ਖਰੀਦਣ ਲਈ ਪੈਸਿਆਂ ਦਾ ਜੁਗਾੜ ਬੜੀ ਮੁਸ਼ਕਲ ਨਾਲ ਹੁੰਦਾ ਸੀ। ਗਰਮੀਆਂ ਵਿਚ ਨੰਗੇ ਪੈਰੀਂ ਰੇਤਲੇ ਟਿੱਬਿਆਂ ਵਿਚ ਦੀ ਜਾਣਾ। ਕਈ ਵਾਰ ਰੇਤਾ ਇੰਨਾ ਗਰਮ ਹੋਣਾ ਕਿ ਪੈਰਾਂ ਹੇਠ ਅੱਕ ਦੇ ਪੱਤੇ ਬੰਨ੍ਹ ਕੇ ਟਿੱਬਿਆਂ ਨੂੰ ਪਾਰ ਕਰਨਾ ਪੈਣਾ। ਮੈਨੂੰ ਅੱਠਵੀਂ ਤੱਕ ਜੁੱਤੀ ਨਸੀਬ ਨਹੀਂ ਸੀ ਹੋਈ।ਸਕੂਲੋਂ ਆ ਕੇ ਖੇਤੀ ਦੇ ਕੰਮ ਵਿਚ ਵੀ ਹੱਥ ਵਟਾਉਣਾ। ਮੁੰਡਿਆਂ ਨੇ ਰੌੜਾਂ ਵਿਚ ਖੇਡਦੇ ਹੋਣਾ ਤੇ ਮੇਰੇ ਹੱਥ ਵਿਚ ਕਹੀ, ਕਸੀਆ ਜਾਂ ਦਾਤੀ ਹੋਣੀ। ਤਰਸੇਵੇਂ ਭਰੀਆਂ ਅੱਖਾਂ ਨਾਲ ਉਹਨਾਂ ਨੂੰ ਖੇਡਦੇ ਦੇਖਦਿਆਂ ਕੋਲ ਦੀ ਲੰਘ ਜਾਣਾ। ਘਰੇ ਪੜ੍ਹਨ ਦਾ ਮੌਕਾ ਹੀ ਨਹੀਂ ਸੀ ਮਿਲਦਾ। ਆਪਣੀਆਂ ਰੀਝਾਂ ਨੂੰ ਦਬਾ ਕੇ ਘਰ ਦਾ ਕੰਮ ਵੀ ਕਰਨਾ ਤੇ ਸਕੂਲ ਵੀ ਜਾਣਾ। ਪਰ ਮੈਂ ਸ੍ਰਿੜ ਨਹੀਂ ਸੀ ਹਾਰਿਆ। ਲਗਾਤਾਰ ਛੇ ਸਾਲ ਤੇਰਾਂ ਚੌਦਾਂ ਮੀਲ ਪੈਦਲ ਸਕੂਲ ਜਾਂਦਾ ਰਿਹਾ ਜਦੋਂ ਕਿ ਨਾਲ ਦੇ ਬਹੁਤੇ ਪਾੜ੍ਹਿਆਂ ਕੋਲ ਸਾਈਕਲ ਸਨ ਜਾਂ ਕਈ ਬੋਰਡਿੰਗ ਵਿਚ ਰਹਿਣ ਲੱਗ ਪਏ ਸਨ। ਅਜੇਹੀਆਂ ਹਾਲਤਾਂ ਵਿਚ ਮੈਂ ਹਾਈ ਸਕੂਲ ਦੀ ਪੜ੍ਹਾਈ ਪੂਰੀ ਕੀਤੀ। ਅਗਲੇਰੀ ਪੜ੍ਹਾਈ ਮੈਂ ਟੀਚਰ ਬਣਨ ਤੋਂ ਮਗਰੋਂ ਪ੍ਰਾਈਵੇਟਲੀ ਕੀਤੀ। ਇਸ ਤਰ੍ਹਾਂ ਚਾਚੀ ਨੂੰ ਕਹੇ ਸ਼ਬਦ 'ਬੀਆ ਪਾਸ' ਤੋਂ ਵੀ ਅਗਾਂਹ ਲੰਘ ਗਿਆ।

?ਕੀ ਉਹਨਾਂ ਸਮਿਆਂ ਵਿਚ ਮੁੰਡਿਆਂ ਕੋਲ ਸਾਈਕਲ ਵੀ ਹੁੰਦੇ ਸਨ?
- ਨੇੜੇ ਤੇੜੇ ਕਿਤੇ ਕੋਈ ਸਕੂਲ ਤਾਂ ਹੈ ਨਹੀਂ ਸੀ। ਦੂਰੋਂ ਪੜ੍ਹਨ ਆਉਂਦੇ ਸਨ। ਕੁਝ ਬੋਰਡਿੰਗ ਹਾਊਸ ਵਿਚ ਰਹਿੰਦੇ ਸਨ ਅਤੇ ਕਈ ਸਰਦੇ ਪੁਜਦੇ ਘਰਾਂ ਵਾਲੇ ਸਾਈਕਲਾਂ 'ਤੇ ਆ ਜਾਂਦੇ ਸਨ ਪਰ ਸਨ ਬਹੁਤ ਥੋੜੇ। ਸੰਨ ਪੰਜਾਹ ਵਿਚ ਸਾਡੇ ਪਿੰਡ ਦੇ ਦੋ ਮੁੰਡਿਆਂ ਨੇ ਸਾਈਕਲ ਲੈ ਲਏ ਸਨ।

?ਤੁਹਾਡੇ ਆਪਣੇ ਪਰਵਾਰ ਵਿਚ ਕੌਣ ਕੌਣ ਹੈ?
-ਮੇਰਾ ਵਿਆਹ ਸੰਨ 1957 ਵਿਚ ਹੋਇਆ ਸੀ।ਮੇਰੀ ਪਤਨੀ ਦਾ ਨਾਮ ਕੁਲਦੀਪ ਕੌਰ ਹੈ। ਭਾਵੇਂ ਉਹ ਅਨਪੜ੍ਹ ਹੈ ਪਰ ਉਸ ਨੇ ਸਦਾ ਹੀ ਮੇਰੇ ਮੋਢੇ ਨਾਲ ਮੋਢਾ ਜੋੜ ਕੇ ਮੇਰਾ ਸਾਥ ਦਿੱਤਾ ਹੈ। ਸਾਡੇ ਤਿੰਨ ਬੱਚੇ ਹਨ। ਵੱਡੀ ਲੜਕੀ ਨਵਜੋਤ ਕੌਰ ਇੰਗਲੈਂਡ ਦੇ ਸ਼ਹਿਰ ਲੈਸਟਰ ਵਿਚ ਵਿਆਹੀ ਹੋਈ ਹੈ। ਉਹਨਾਂ ਦਾ ਆਪਣਾ ਗਾਰਮਿੰਟ ਦਾ ਚੰਗਾ ਕਾਰੋਬਾਰ ਹੈ। ਉਸ ਦੀ ਲੜਕੀ ਦੇ ਵੀ ਅਗਾਂਹ ਦੋ ਬੱਚੇ ਹਨ। ਉਸ ਤੋਂ ਛੋਟਾ ਨਵਨੀਤ ਸਿੰਘ ਪੰਜਾਬ ਸਿਹਤ ਵਿਭਾਗ ਵਿਚ ਸੀਨੀਅਰ ਆਰਟਿਸਟ ਹੈ ਅਤੇ ਉਸ ਦੀ ਪਤਨੀ ਹਰਦੀਪ ਕੌਰ ਮੋਗਾ ਜ਼ਿਲੇ ਦੇ ਪਿੰਡ ਮਹਿਰੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਵਿਚ ਲੈਕਚਰਾਰ ਹੈ। ਉਹਨਾਂ ਦੇ ਵੀ ਦੋ ਬੱਚੇ ਹਨ। ਮੁੰਡਾ ਨਵਦੀਪ ਸਿੰਘ ਸਰਾ ਵੈਟਰਨਰੀ ਡਾਕਟਰ ਹੈ ਅਤੇ ਕੁੜੀ ਸਮੀਤਪਾਲ ਕੌਰ ਚੰਡੀਗੜ੍ਹ ਫਾਈਨ ਆਰਟ ਦੀ ਡਿਗਰੀ ਕਰ ਰਹੀ ਹੈ। ਛੋਟਾ ਨਵਰੀਤ ਸਿੰਘ ਇਥੇ ਕੈਨੇਡਾ ਵਿਚ ਹੈ ਜਿਸ ਕੋਲ ਅਸੀਂ ਰਹਿ ਰਹੇ ਹਾਂ। ਉਸ ਦੇ ਵੀ ਦੋ ਬੱਚੇ ਹਨ। ਕੁੜੀ ਪ੍ਰਭਜੋਤ ਕੌਰ ਯੂਨੀਵਰਸਿਟੀ ਵਿਚ ਪੜ੍ਹਦੀ ਹੈ ਅਤੇ ਮੁੰਡਾ ਉਪਿੰਦਰ ਸਿੰਘ ਗਿਆਰਵੇਂ ਗ੍ਰੇਡ ਵਿਚ ਹੋਇਆ ਹੈ।

?ਅੱਜ ਕੱਲ੍ਹ ਦੇ ਅਧਿਆਪਕ ਵਰਗ ਨੇ ਆਪ ਤਾਂ ਪੁਸਤਕਾਂ ਕੀ ਪੜ੍ਹਨੀਆਂ ਹੋਈਆਂ, ਉਹ ਆਪਣੇ ਵਿਦਿਆਰਥੀਆਂ ਨੰ  ਵੀ ਇਧਰ ਝਾਕਣ ਨਹੀਂ ਦਿੰਦੇ ਪਰ ਤੁਹਾਨੂੰ ਇਕ ਅਧਿਆਪਕ ਹੁੰਦਿਆਂ ਇਹ ਭੁਸ ਕਿਵੇਂ ਪੈ ਗਿਆ?
-ਅਸਲ ਅਧਿਆਪਕ ਦਾ ਵਾਹ ਤਾਂ ਸਦਾ ਪੁਸਤਕਾਂ ਨਾਲ ਹੋਣਾ ਹੀ ਚਾਹੀਦਾ ਹੈ। ਪਰ ਸਾਡੇ ਵਿਦਿਅਕ ਢਾਂਚੇ ਦਾ ਹੀ ਕਸੂਰ ਹੈ, ਜਿਸ ਕਾਰਨ ਨਾ ਪੜ੍ਹਾਕੂਆਂ ਵਿਚ ਤੇ ਨਾ ਹੀ ਪਾੜ੍ਹਿਆਂ ਵਿਚ ਪੁਸਤਕ ਪ੍ਰੇਮ ਪੈਦਾ ਹੁੰਦਾ ਹੈ। ਉਹਨਾਂ ਲਈ ਸਿਰਫ ਸਲੇਬਸ ਦੀਆਂ ਪੁਸਤਕਾਂ ਜਾਂ ਫੇਰ ਗਾਈਡਾਂ ਹੀ ਸਭ ਕੁਝ ਹੁੰਦੀਆਂ ਹਨ। ਪਰ ਕਈ ਵਾਰ ਪ੍ਰਸਥਿਤੀਆਂ ਹੀ ਅਜੇਹੀਆਂ ਬਣ ਜਾਂਦੀਆਂ ਹਨ ਕਿ ਅਧਿਆਪਕ ਜਾਂ ਗੈਰ ਅਧਿਆਪਕ ਹੋਣਾ ਕੋਈ ਮਾਅਨੇ ਨਹੀਂ ਰਖਦਾ ਅਤੇ ਪੁਸਤਕਾਂ ਤੁਹਾਡੀਆਂ ਸਹੇਲੀਆਂ ਬਣ ਜਾਂਦੀਆਂ ਹਨ। ਮੇਰੇ ਨਾਲ ਵੀ ਕੁਝ ਅਜੇਹਾ ਹੀ ਵਾਪਰਿਆ। ਸੰਨ ਸੰਤਾਲੀ ਤੋਂ ਪਹਿਲਾਂ ਸਕੂਲਾਂ ਵਿਚ ਪੰਜਾਬੀ ਨਹੀਂ ਸੀ ਪੜ੍ਹਾਈ ਜਾਂਦੀ। ਉਂਜ ਮੈਂ ਗੁਰਦਾਰਿਉਂ ਗੁਰਮੁਖੀ ਅੱਖਰ ਸਿੱਖ ਲਏ ਸਨ। ਮੈਂ ਤੀਜੀ ਜਮਾਤ ਵਿਚ ਪੜ੍ਹਦਾ ਸੀ ਤੇ ਮੇਰੇ ਕੋਲ ਮੁਸਲਮਾਨ ਜੁਲਾਹਿਆਂ ਦਾ ਮੁੰਡਾ ਲਾਲ ਦੀਨ ਬੈਠਦਾ ਸੀ। ਉਹ ਮੇਰਾ ਚੰਗਾ ਦੋਸਤ ਹੁੰਦਾ ਸੀ। ਇਕ ਦਿਨ ਉਹ ਆਪਣੇ ਬਸਤੇ ਵਿਚ ਉਰਦੂ ਅਖਰਾਂ ਵਿਚ ਲਿਖਿਆ ਸੋਹਣੀ ਮਹੀਵਾਲ ਦਾ ਚਿੱਠਾ ਲੈ ਆਇਆ, ਜਿਹੜਾ ਅਸੀਂ ਸੂਏ 'ਤੇ ਜਾ ਕੇ ਚੋਰੀ ਚੋਰੀ ਪੜ੍ਹਿਆ। ਉਸ ਨੇ ਦੱਿਸਆ ਕਿ ਇਸ ਤਰ੍ਹਾਂ ਦੇ ਹੋਰ ਚਿੱਠੇ ਵੀ ਉਹਨਾਂ ਦੇ ਘਰ ਪਏ ਹਨ, ਜਿਨ੍ਹਾਂ ਨੂੰ ਉਹਦਾ ਵੱਡਾ ਭਰਾ ਪੜ੍ਹਦਾ ਹੁੰਦਾ ਹੈ। ਮੈਂ ਉਸ ਨੂੰ ਹੋਰ ਚਿੱਠੇ ਲੈ ਕੇ ਆਉਣ ਲਈ ਉਕਸਾਇਆ। ਇਸ ਤਰ੍ਹਾਂ ਅਸੀਂ ਬੇਗੋ ਨਾਰ ਤੇ ਯੂਸਫ ਜ਼ੁਲੈਖਾਂ ਦੇ ਕਿੱਸੇ ਵੀ ਪੜ੍ਹੇ। ਚੌਥੀ ਜਮਾਤ ਪੜ੍ਹਦਿਆਂ ਮੈਂ ਰੂਪ ਬਸੰਤ ਦਾ ਕਿੱਸਾ ਮਾੜੀ ਦੇ ਮੇਲੇ ਤੋਂ ਮੁੱਲ ਲੈ ਕੇ ਆਇਆ ਸੀ। ਅਧਿਆਪਕ ਚਾਚੇ ਦੇ ਘਰ ਜਾ ਕੇ ਬਾਲ ਦਰਬਾਰ ਤੇ ਲਲਕਾਰ ਪੜ੍ਹਨ ਦਾ ਕਾਰਨ ਵੀ ਪੜ੍ਹਨ ਦਾ ਭੁਸ ਹੀ ਕਹਿ ਸਕਦੇ ਹਾਂ। ਫਿਰ ਜਿਹੜੀ ਵੀ ਕਿਤਾਬ ਮਿਲ ਜਾਣੀ ਪੜ੍ਹ ਲੈਣੀ। ਪੇਂਡੂ ਇਲਾਕਾ ਹੋਣ ਕਰ ਕੇ ਕਿਤਾਬਾਂ ਰਸਾਲੇ ਪੜ੍ਹਨ ਨੂੰ ਘੱਟ ਹੀ ਮਿਲਦੇ ਸਨ।ਪਰ ਕਿਤਾਬਾਂ ਪੜ੍ਹਨ ਦਾ ਇਕ ਹੋਰ ਵਸੀਲਾ ਬਣ ਗਿਆ ਸੀ। ਮੈਂ ਉਦੋਂ ਅੱਠਵੀਂ ਵਿਚ ਪੜ੍ਹਦਾ ਸੀ ਜਦੋਂ ਸਾਡਾ ਗੁਆਂਢੀ ਹਟਵਾਣੀਆ, ਹਰਦਵਾਰੀ ਲਾਲ ਕੋਟ ਕਪੂਰੇ ਚਲਾ ਗਿਆ ਸੀ ਅਤੇ ਉਸ ਮਕਾਨ ਵਿਚ ਇਕ ਹੋਰ ਦੁਕਾਨਦਾਰ ਆ ਬੈਠਾ, ਜਿਨ੍ਹਾਂ ਦਾ ਇਕ ਮੁੰਡਾ ਮੈਟ੍ਰਿਕ ਪਾਸ ਸੀ। ਉਸ ਨੂੰ ਜਾਸੂਸੀ ਅਤੇ ਰੁਮਾਨੀ ਨਾਵਲ ਪੜ੍ਹਨ ਦਾ ਬਹੁਤ ਸ਼ੌਕ ਸੀ। ਉਹ ਨਾਵਲ ਹਿੰਦੀ ਜਾਂ ਉਰਦੂ ਵਿਚ ਹੁੰਦੇ। ਮੈਂ ਉਸ ਕੋਲੋਂ ਨਾਵਲ ਲੈ ਕੇ ਪੜ੍ਹ ਲੈਂਦਾ ਸਾਂ। ਮੈਂ 'ਸੁਮਨ ਕਾਂਤਾ' ਨਾਵਲ ਦੇ ਕਈ ਭਾਗ ਉਸ ਕੋਲੋਂ ਲੈ ਕੇ ਹੀ ਪੜ੍ਹੇ ਸੀ। ਇਸ ਤਰ੍ਹਾਂ ਮੈਨੂੰ ਪੜ੍ਹਨ ਦਾ ਭੁਸ ਪੈ ਗਿਆ।

?ਕਿਸੇ ਵਿਅਕਤੀ ਵਿਸ਼ੇਸ਼ ਵੱਲੋਂ ਵੀ ਪ੍ਰੇਰਨਾ ਮਿਲੀ?
-ਹਾਂ! ਅਸਿੱਧੇ ਰੂਪ ਵਿਚ। ਮੇਰਾ ਚਾਚਾ ਮਿਹਰ ਸਿੰਘ, ਵਸਾਖਾ ਸਿੰਘ ਕਵੀਸ਼ਰ ਦੇ ਕਵੀਸ਼ਰੀ ਜੱਥੇ ਨਾਲ ਕਦੀ ਕਦੀ ਕਵੀਸ਼ਰੀ ਕਰਨ ਚਲਿਆ ਜਾਂਦਾ ਸੀ। ਬਹੁਤ ਸਾਰੇ ਛੰਦ ਉਸ ਦੇ ਜ਼ੁਬਾਨੀ ਯਾਦ ਸਨ। ਉਹ ਮੈਨੂੰ ਛੰਦ ਲਿਖ ਕੇ ਦੇ ਦਿੰਦਾ ਅਤੇ ਮੈਂ ਕਿਸੇ ਸੰਗਰਾਂਦ ਜਾਂ ਜਲੂਸ 'ਤੇ ਪੜ੍ਹ ਦਿੰਦਾ। ਅਸਲ ਪ੍ਰੇਰਨਾ ਸਰੋਤ ਤਾਂ ਸ. ਜਸਵੰਤ ਸਿੰਘ ਕੰਵਲ ਹਨ।

?ਸਕੂਲ ਸਮੇਂ ਦੌਰਾਨ ਜਾਂ ਬਾਅਦ ਵਿਚ ਕਿੰਨੇ ਕੁ ਲੇਖਕਾਂ ਨੂੰ ਪੜ੍ਹਿਆ?
-ਖਾਲਸਾ ਸਕੂਲ ਹੋਣ ਕਰਕੇ ਸਕੂਲ ਲਾਇਬ੍ਰੇਰੀ ਵਿਚ ਬਹੁਤੀਆਂ ਧਾਰਮਿਕ ਕਿਤਾਬਾਂ ਹੁੰਦੀਆਂ ਸਨ। ਸਾਡੇ ਧਾਰਮਿਕ ਟੀਚਰ ਸ. ਦਿਆਲ ਸਿੰਘ ਸਨ ਜਿਹੜੇ ਕੁਝ ਲੋੜ ਤੋਂ ਜ਼ਿਆਦਾ ਹੀ ਧਾਰਮਿਕ ਸਨ। ਉਹ ਵਿਦਿਆਰਥੀ ਨੂੰ ਧਾਰਮਿਕ ਪੁਸਤਕ ਦੇਣ ਵੇਲੇ ਉਸ ਨੂੰ ਪੜ੍ਹਨ ਲਈ ਕੁਝ ਬੰਦਸ਼ਾਂ ਵੀ ਲਾਉਂਦੇ ਸਨ।ਇਸ ਉਹ ਘੱਟ ਹੀ ਪੜ੍ਹੀਆਂ ਜਾਂਦੀਆਂ।ਫਿਰ ਵੀ ਮੈਨੂੰ ਅੱਠਵੀਂ ਵਿਚ ਇਨਾਮ ਦੇ ਤੌਰ 'ਤੇ ਦੋ ਕਿਤਾਬਾਂ, ਇਕ ਭਾਈ ਵੀਰ ਸਿੰਘ ਦਾ ਨਾਵਲ 'ਸੁੰਦਰੀ' ਅਤੇ ਦੂਜੀ ਪੁਸਤਕ 'ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ' ਮਿਲੀਆਂ, ਜਿਹੜੀਆਂ ਮੈਂ ਬੜੇ ਚਾਅ ਨਾਲ ਪੜ੍ਹੀਆਂ। ਇਕ ਪੁਸਤਕ ਜਰਨਲ ਮੋਹਣ ਸਿੰਘ ਨੇ ਆਪਣੀ ਹੱਡਬੀਤੀ 'ਕਾਂਗਰਸ ਨਾਲ ਖਰੀਆਂ ਖਰੀਆਂ' ਸਾਨੂੰ ਪਾੜ੍ਹਿਆਂ ਨੂੰ ਚਾਰ ਚਾਰ ਆਨੇ ਵਿਚ ਦਿੱਤੀ ਸੀ, ਜਿਹੜੀ ਮੈਂ ਪੜ੍ਹ ਤਾਂ ਲਈ ਸੀ ਪਰ ਉਸ ਸਮੇਂ ਉਹਦੀ ਸਮਝ ਨਹੀਂ ਸੀ ਆਈ। ਦਸਵੀਂ ਜਮਾਤ ਵਿਚ ਜਸਵੰਤ ਸਿੰਘ ਕੰਵਲ ਦਾ ਇਕ ਨਾਵਲ 'ਪਾਲੀ' ਤੇ ਕਿਸੇ ਹੋਰ ਲੇਖਕ ਦਾ ਕਹਾਣੀ ਸੰਗ੍ਰਹਿ 'ਸਤਨਾਜਾ' ਪੜ੍ਹਿਆ ਸੀ ਪਰ ਚੰਗਾ ਸਾਹਿਤ ਪੜ੍ਹਨ ਦਾ ਸਬੱਬ ਮੋਗੇ ਜੇ.ਬੀ.ਟੀ. ਕਰਨ ਸਮੇਂ ਲੱਗਾ। ਉਥੇ ਜਸਵੰਤ ਸਿੰਘ ਕੰਵਲ ਨਾਲ ਮੇਲ ਹੋਇਆ, ਜਿਨ੍ਹਾਂ ਨੇ ਲਿਖਣ ਤੇ ਪੜ੍ਹਨ ਵਿਚ ਮੇਰੀ ਅਗਵਾਈ ਕੀਤੀ। ਮਾਰਕਸਵਾਦ ਬਾਰੇ ਮੁੱਢਲੀ ਜਾਣਕਾਰੀ ਵੀ ਉਹਨਾਂ ਕੋਲੋਂ ਮਿਲੀ ਅਤੇ ਟਰੇਡ ਯੂਨੀਅਨ ਵਿਚ ਸਰਗਰਮੀ ਨਾਲ ਕੰਮ ਕਰਨ ਦਾ ਹੌਸਲਾ ਵੀ ਹੋਇਆ। ਇਸ ਦੌਰਾਨ ਪੰਜਾਬੀ, ਹਿੰਦੀ ਅਤੇ ਉਰਦੂ ਵਿਚ ਛਪਿਆ ਰੂਸੀ ਸਾਹਿਤ ਪੜਨ੍ਹ ਨੂੰ ਮਿਲਿਆ। ਉਸ ਸਮੇਂ ਹੀ ਪਾਕਟ ਬੁਕ ਸੀਰੀਜ਼ ਅਧੀਨ ਪੰਜਾਬੀ ਵਿਚ ਚੰਗੇ ਚੰਗੇ ਅੰਗ੍ਰੇਜ਼ੀ ਨਾਵਲ ਸੰਖੇਪ ਰੂਪ ਵਿਚ ਛਪੇ ਸਨ, ਜਿਹੜੇ ਇਕ ਰੁਪਏ ਵਿਚ ਮਿਲ ਜਾਂਦੇ ਸਨ, ਉਹ ਪੜ੍ਹੇ। ਨਾਨਕ ਸਿੰਘ, ਸੁਰਿੰਦਰ ਸਿੰਘ ਨਰੂਲਾ, ਸੁਜਾਨ ਸਿੰਘ, ਕੁਲਵੰਤ ਸਿੰਘ ਵਿਰਕ, ਸੰਤ ਸਿੰਘ ਸੇਖੋਂ, ਮੋਹਣ ਸਿੰਘ , ਅਮ੍ਰਿਤਾ ਪ੍ਰੀਤਮ ਆਦਿ ਦੀਆਂ ਲਿਖਤਾਂ ਨੂੰ ਉਸ ਸਮੇਂ ਹੀ ਪੜ੍ਹਿਆ। ਫਿਰ ਤਾਂ ਪੰਜਾਬੀ ਦਾ ਕੋਈ ਵੀ ਅਜੇਹਾ ਲੇਖਕ ਨਹੀਂ ਹੋਵੇਗਾ ਜਿਹੜਾ ਪੜ੍ਹਨੋ ਰਹਿ ਗਿਆ ਹੋਵੇ। ਜੇ.ਬੀ.ਟੀ. ਕਰਨ ਮਗਰੋਂ ਛੇਤੀ ਹੀ ਗਿਆਨੀ ਪਾਸ ਕਰ ਲਈ ਸੀ। ਗਿਆਨੀ ਪਾਸ ਕਰਨ ਮਗਰੋਂ ਕਿਸੇ ਕਾਰਨ ਮੇਰੀ ਉਚੇਰੀ ਪੜ੍ਹਾਈ ਵਿਚ ਦਸ ਸਾਲ ਦੀ ਖੜੋਤ ਆ ਗਈ। ਉਸ ਸਮੇਂ ਦੌਰਾਨ ਕ੍ਰਿਸ਼ਨ ਚੰਦਰ, ਰਾਜਿੰਦਰ ਸਿੰਘ ਬੇਦੀ, ਮੰਟੋ, ਮੁਹਿੰਦਰ ਨਾਥ ਆਦਿ ਨੂੰ ਪੜ੍ਹਨ ਦਾ ਮੌਕਾ ਮਿਲ ਗਿਆ। ਉਸ ਸਮੇਂ ਹਿੰਦੀ, ਉਰਦੂ ਵਿਚ ਨਾਵਲ ਜਾਂ ਕਹਾਣੀਆਂ ਦੀ ਜਿਹੜੀ ਵੀ ਚੰਗੀ ਕਿਤਾਬ ਮਿਲ ਜਾਂਦੀ, ਮੈਂ ਉਹ ਪੜ੍ਹ ਲੈਂਦਾ। ਜਦੋਂ ਮੈਂ ਆਪਣੀ ਅਗਲੇਰੀ ਪੜ੍ਹਾਈ ਸ਼ੁਰੂ ਕੀਤੀ ਤਾਂ ਅੰਗ੍ਰੇਜ਼ੀ ਸਾਹਿਤ ਨਾਲ ਵਾਹ ਪੈ ਗਿਆ। ਸਲੇਬਸ ਦੇ ਨਾਲ ਨਾਲ, ਜਿਹੜੇ ਪਹਿਲਾਂ ਅੰਗਰੇਜ਼ੀ ਦੇ ਅਨੁਵਾਦਤ ਨਾਵਲ ਪੰਜਾਬੀ ਵਿਚ ਪੜ੍ਹੇ ਸੀ, ਉਹਨਾਂ ਨੂੰ ਅੰਗ੍ਰੇਜ਼ੀ ਵਿਚ ਪੜ੍ਹਿਆ। ਫਿਰ ਤਾਂ ਪੜ੍ਹਨਾ ਇਕ ਰੁਟੀਨ ਹੀ ਬਣ ਗਿਆ।

?ਕੈਨੇਡਾ ਆਉਣਾ ਕਿਵੇਂ ਸੰਭਵ ਹੋਇਆ?
-ਕੈਨੇਡਾ ਆਉਣ ਦਾ ਤਾਂ ਮੈਂ ਸੁਪਨਾ ਵੀ ਨਹੀਂ ਸੀ ਦੇਖਿਆ। ਸੇਵਾ ਮੁਕਤ ਹੋਣ ਦੇ ਨਾਲ ਹੀ ਮੈਂ ਪਿੰਡ  ਦੀ ਪੰਚਾਇਤ ਦਾ ਪੰਚ ਚੁਣਿਆ ਗਿਆ ਸੀ ਅਤੇ ਪਿੰਡ ਰਹਿ ਕੇ ਹੀ ਪਿੰਡ ਦੀ ਤਰੱਕੀ ਲਈ ਕੁਝ ਕਰਨ ਬਾਰੇ ਸੋਚਿਆ ਸੀ ਪਰ ਸਬੱਬ ਅਜੇਹਾ ਬਣਿਆ ਕਿ ਇਧਰ ਆਉਣਾ ਪੈ ਗਿਆ। ਮੇਰਾ ਛੋਟਾ ਲੜਕਾ ਨਵਰੀਤ ਰੇਡੀਉ ਟੀਵੀ ਦਾ ਡਿਪਲੋਮਾ ਕਰ ਕੇ ਲੁਧਿਆਣੇ ਡਾਇਆਨੋਰਾ ਕੰਪਨੀ ਵਿਚ ਟੀਵੀ ਮਕੈਨਿਕ ਲੱਗ ਗਿਆ। ਉਸ ਨੂੰ ਟੀਵੀ ਠੀਕ ਕਰਨ ਲਈ ਪਿੰਡਾਂ ਸ਼ਹਿਰਾਂ ਵਿਚ ਮੋਟਰਸਾਈਕਲ 'ਤੇ ਜਾਣਾ ਪੈਂਦਾ ਸੀ ਅਤੇ ਵੇਲ਼ੇ ਕੁਵੇਲ਼ੇ ਵਾਪਸ ਮੁੜਨਾ ਪੈਂਦਾ ਸੀ। ਹਾਲਾਤ ਠੀਕ ਨਹੀਂ ਸਨ। ਇਕ ਦੋ ਵਾਰ ਉਸ ਕੋਲੋਂ ਮੋਟਰਸਾਈਕਲ ਖੋਹਣ ਦੀ ਕੋਸ਼ਸ਼ ਵੀ ਕੀਤੀ।  ਸਾਡੀ ਰਿਸ਼ਤੇਦਾਰੀ ਵਚੋਂ ਕੈਨੇਡਾ ਜਾਣ ਵਾਲੀ ਇਕ ਕੁੜੀ ਨਾਲ ਉਸ ਦਾ ਰਿਸ਼ਤਾ ਪੱਕਾ ਹੋ ਗਿਆ ਅਤੇ ਉਹ ਇਧਰ ਆ ਗਿਆ। ਉਹਨਾਂ ਦੇ ਬੱਚਿਆਂ ਦੀ ਸੰਭਾਲ ਲਈ ਸਾਨੂੰ ਵੀ ਆਉਣਾ ਪਿਆ। ਮੇਰਾ ਵੱਡਾ ਲੜਕਾ ਤੇ ਉਹਦਾ ਪਰਵਾਰ ਉਧਰ ਪੰਜਾਬ ਵਿਚ ਹੀ ਹੈ।

?ਕੀ ਉਧਰ ਰਹਿ ਗਏ ਅੱਧੇ ਪਰਵਾਰ ਨੂੰ ਵੀ ਇਧਰ ਲਿਆਉਣਾ ਚਾਹੁੰਦੇ ਹੋ?
-ਬਿਲਿੰਗ ਸਾਹਿਬ, ਜੀਅ ਤਾਂ ਬੜਾ ਕਰਦਾ ਸੀ ਕਿ ਸਾਰਾ ਪਰਵਾਰ ਇਕ ਥਾਂ ਹੀ ਹੁੰਦਾ।ਇੰਡੀਆ ਰਹਿੰਦਾ ਲੜਕਾ ਨਵਨੀਤ ਸਿੰਘ ਪਰਵਾਰ ਸਮੇਤ ਪੁਆਇੰਟ ਬੇਸਿਸ 'ਤੇ ਆ ਵੀ ਸਕਦਾ ਸੀ ਤੇ ਉਹ ਆਉਣਾ ਵੀ ਚਾਹੁੰਦੇ ਸਨ। ਪਰ ਇਕ ਕਾਰਨ ਅਜੇਹਾ ਬਣਿਆ ਕਿ ਉਹਨਾਂ ਆਪਣਾ ਇਰਾਦਾ ਬਦਲ ਲਿਆ। ਕਾਰਨ ਇਹ ਸੀ ਕਿ ਹਰਦੀਪ (ਨਵਨੀਤ ਦੀ ਪਤਨੀ) ਦਾ ਭਰਾ ਅਵਤਾਰ ਸਿੰਘ ਬੈਂਕ ਆਫ ਇੰਡੀਆ ਵਿਚ ਬੈਂਕ ਮੈਨੇਜਰ ਸੀ। ਉਹ ਨੰਬਰਾਂ ਦੇ ਆਧਾਰ 'ਤੇ ਇਧਰ ਆ ਗਿਆ।ਉਸ ਨੇ ਜਦੋਂ ਇਥੋਂ ਦੇ ਹਾਲਾਤ ਦੇਖੇ, ਉਹ ਵਾਪਸ ਚਲਾ ਗਿਆ ਪਰ ਬੱਚਿਆਂ ਦੇ ਭਵਿਖਤ ਦਾ ਵਾਸਤਾ ਪਾ ਕੇ ਉਸ ਨੂੰ ਮੁੜ ਕੈਨੇਡਾ ਵਾਪਸ ਮੋੜ ਦਿੱਤਾ। ਉਹ ਮਜਬੂਰੀ ਵੱਸ ਦੂਜੀ ਵਾਰ ਫੇਰ ਆ ਤਾਂ ਗਿਆ ਪਰ ਤਿੰਨ ਮਹੀਨੇ ਬੜੀ ਮੁਸ਼ਕਲ ਨਾਲ ਕੱਢੇ ਹਾਲਾਂਕਿ ਇਥੇ ਉਸ ਦੀ ਸਹਾਇਤਾ ਕਰਨ ਲਈ ਉਸ ਦੀ ਇਕ ਸਕੀ ਭੈਣ ਸੀ। ਅਸੀਂ ਵੀ ਉਸ ਦੀ ਸਹਾਇਤਾ ਲਈ ਹਾਜ਼ਰ ਸਾਂ। ਪਰ ਕੋਸ਼ਸ਼ ਕਰਨ 'ਤੇ ਵੀ ਉਸ ਨੂੰ ਕੋਈ ਚੱਜ ਦੀ ਜਾਬ ਨਾ ਮਿਲ ਸਕੀ ਤੇ ਮਾਯੂਸ ਹੋ ਕੇ ਉਹ ਫਿਰ ਵਾਪਸ ਮੁੜ ਗਿਆ। ਉਸ ਦਾ ਕਹਿਣਾ ਸੀ, „ ਮੈਂ ਇਥੇ ਸਕਿਉਰਟੀ ਦਾ ਕੰਮ ਕਰਨ ਨਹੀਂ ਆਇਆ। ਉਥੇ ਮੇਰੇ ਅੰਡਰ ਦਸ ਪੰਦਰਾਂ ਸਕਿਉਰਟੀ ਗਾਰਡ ਕੰਮ ਕਰਦੇ ਨੇ। ਮੈਂ ਏਥੇ ਇਹ ਕੰਮ ਕਰਾਂ! ਮੇਰੀ ਜ਼ਮੀਰ ਨਹੀਂ ਮੰਨਦੀ।„
ਉਸ ਨੇ ਉਥੇ ਜਾ ਕੇ ਇਥੋਂ ਦੀ ਸਾਰੀ ਸਥਿਤੀ ਬਾਰੇ ਦੱਸਿਆ ਅਤੇ ਉਥੇ ਰਹਿੰਦੇ ਸਾਡੇ ਪਰਵਾਰ ਨੇ ਇਥੇ ਆਉਣ ਦੀ ਸੋਚ ਨੂੰ ਤਿਆਗ ਦਿੱਤਾ। ਹੁਣ ਮੇਰੇ ਪੋਤੇ ਨੇ ਬੀ.ਵੀ.ਐਸ.ਸੀ. ਕਰ ਲਈ ਹੈ। ਜੇ ਉਹ ਆਉਣਾ ਚਾਹਵੇ ਤਾਂ ਸਾਨੂੰ ਖੁਸ਼ੀ ਹੋਵੇਗੀ।

?ਬਤੌਰ ਅਧਿਆਪਕ ਤੁਸੀਂ ਸਕੂਲੀ ਬੱਚਿਆਂ ਨੂੰ ਪੜ੍ਹਾਉਂਦੇ ਹੋਏ ਸਾਹਿਤ ਵੱਲ ਕਿਵੇਂ ਖਿੱਚੇ ਗਏ? ਹਾਲਾਂਕਿ ਵੱਡੀਆਂ ਜਮਾਤਾਂ ਨੂੰ ਪੜਾਉਂਦੇ ਅਧਿਆਪਕ / ਪਰਾ-ਅਧਿਆਪਕ ਇਸ ਤਰਫ ਘੱਟ ਹੀ ਦਿਲਚਸਪੀ ਦਿਖਾਉਂਦੇ ਨੇ! ਆਪਣਾ ਪ੍ਰੇਰਨਾ ਸਰੋਤ ਦੱਸੋ?
-ਅਵਤਾਰ ਸਿੰਘ ਜੀ, ਸਾਹਿਤਕਾਰ ਹੋਣਾ, ਸਾਹਿਤ ਪੜ੍ਹਨਾ, ਸਾਹਿਤ ਪੜ੍ਹਾਉਣਾ ਅਤੇ ਬੱਚਿਆਂ ਵਿਚ ਸਾਹਿਤ ਦੀ ਰੁਚੀ ਪੈਦਾ ਕਰਨਾ ਮੇਰੇ ਵਿਚਾਰ ਵਿਚ ਅਧਿਆਪਕ ਦਾ ਫਰਜ਼ ਬਣਦਾ ਹੈ। ਮੈਂ ਆਪਣੇ ਅਧਿਆਪਨ ਦਾ ਸਫਰ ਪ੍ਰਾਇਮਰੀ ਸਕੂਲ਼ ਤੋਂ ਸ਼ੁਰੂ ਕਰ ਕੇ ਮਿਡਲ, ਹਾਈ, ਹਾਇਰ ਸੈਕੰਡਰੀ ਤੇ ਸੀਨੀਅਰ ਸੈਕੰਡਰੀ 'ਤੇ ਜਾ ਖਤਮ ਕੀਤਾ ਹੈ। ਮੇਰਾ ਹਰ ਸੋਚ ਦੇ ਅਧਿਆਪਕ ਨਾਲ ਵਾਹ ਪੈਂਦਾ ਰਿਹਾ ਹੈ ਪਰ ਬਹੁਤ ਘੱਟ ਅਜੇਹੇ ਅਧਿਆਪਕ ਡਿੱਠੇ ਨੇ, ਜਿਹੜੇ ਸਾਹਿਤ ਵਿਚ ਰੁਚੀ ਰਖਦੇ ਹੋਣ। ਮੈਂ ਸਮਝਦਾ ਹਾਂ ਕਿ ਹਰ ਸਤਰ 'ਤੇ ਕੁਝ ਇਕ ਅਧਿਆਪਕ ਹੀ ਸਾਹਿਤ ਵੱਲ ਰੁਚਿਤ ਹੁੰਦੇ ਹੋਣਗੇ ਭਾਵੇਂ ਕਿ ਉਹ ਕਿਸੇ ਵੀ ਅਦਾਰੇ ਵਿਚ ਪੜਾ੍ਹਉਂਦੇ ਹੋਣ। ਮੈਂ ਇਸ ਵਿਚ ਅਧਿਆਪਕ ਵਰਗ ਦਾ ਬਹੁਤਾ ਕਸੂਰ ਨਹੀਂ ਸਮਝਦਾ। ਕਸੂਰ ਸਾਡੇ ਸਮਾਜਿਕ ਤੇ ਵਿਦਿਅਕ ਢਾਂਚੇ ਦਾ ਹੈ। ਇਥੇ ਰੱਟੇ 'ਤੇ ਹੀ ਜੋਰ ਦਿੱਤਾ ਜਾਂਦਾ ਹੈ। ਬੱਚਿਆਂ ਨੂੰ ਪੁਸਤਕਾਂ ਪੜ੍ਹਨ ਵੱਲ ਰੁਚਿਤ ਨਹੀਂ ਕੀਤਾ ਜਾਂਦਾ। ਨਾ ਹੀ ਸਰਕਾਰਾਂ ਸਕੂਲ ਲਾਇਬ੍ਰੇਰੀਆਂ ਲਈ ਇੰਨਾ ਫੰਡ ਹੀ ਮੁਹੱਈਆ ਕਰਵਾਉਂਦੀਆਂ ਹਨ ਕਿ ਹਰ ਉਮਰ ਵਰਗ ਦੇ ਬੱਚੇ ਲਈ ਸਕੂਲ ਲਾਇਬ੍ਰੇਰੀ ਵਿਚ ਪੁਸਤਕਾਂ ਖਰੀਦੀਆਂ ਜਾ ਸਕਣ। ਉਂਜ ਵੀ ਪੰਜਾਬੀ ਵਿਚ ਉਮਰ ਵਰਗ ਦੇ ਹਿਸਾਬ ਨਾਲ ਬਾਲ ਸਾਹਿਤ ਬਹੁਤ ਘੱਟ ਲਿਖਿਆ ਗਿਆ ਹੈ। ਵਿਕਸਤ ਦੇਸਾਂ ਵਿਚ ਇਕ ਸਾਲ ਦੀ ਉਮਰ ਦੇ ਬਾਲ ਲਈ ਨਿਰੋਲ ਮੂਰਤਾਂ ਵਾਲੀਆਂ ਪੁਸਤਕਾਂ ਤੋਂ ਲੈ ਕੇ ਕਿਸ਼ੋਰ ਅਵਸਥਾ ਵਿਚ ਪਹੁੰਚਣ ਵਾਲੇ ਬੱਚਿਆਂ ਤੱਕ ਲਈ ਵੱਖ ਵੱਖ ਵੰਨਗੀ ਦੀਆਂ ਪੁਸਤਕਾਂ ਦੇ ਸਟੋਰ ਭਰੇ ਪਏ ਹੁੰਦੇ ਨੇ। ਬੱਚਿਆਂ ਨੂੰ ਸਕੂਲ ਜਾਣ ਤੋਂ ਪਹਿਲਾਂ ਹੀ ਪੁਸਤਕਾਂ ਪੜ੍ਹਨ ਵੱਲ ਰੁਚਿਤ ਕੀਤਾ ਜਾਂਦਾ ਹੈ। ਮੇਰੇ ਵਿਚਾਰ ਵਿਚ ਉਹੀ ਅਧਿਆਪਕ ਜਾਂ ਪਰਾ-ਅਧਿਆਪਕ ਸਾਹਿਤ ਪੜ੍ਹਨ ਪੜ੍ਹਾਉਣ ਵਿਚ ਦਿਲਚਸਪੀ ਦਿਖਾਉਂਦੇ ਹਨ, ਜਿਨ੍ਹਾਂ ਲਈ ਬਚਪਨ ਵਿਚ ਹੀ ਪੁਸਤਕਾਂ ਪੜ੍ਹਨ ਦੀਆਂ ਪ੍ਰਸਥਿਤੀਆਂ ਬਣ ਗਈਆਂ ਹੁੰਦੀਆਂ ਹਨ। ਬਾਕੀ ਤਾਂ ਸਿਰਫ ਸਲੇਬਸ ਨਾਲ ਬੱਝ ਕੇ ਰਹਿ ਜਾਂਦੇ ਹਨ। ਸਾਹਿਤ ਵੱਲ ਖਿੱਚੇ ਜਾਣ ਦੀ ਸਥਿਤੀ ਬਾਰੇ ਮੈਂ ਪਹਿਲਾਂ ਹੀ ਦੱਸ ਚੱਕਾ ਹਾਂ ਕਿ ਬਚਪਨ ਵਿਚ ਪੜ੍ਹਿਆ ਕਿੱਸਾ ਕਾਵਿ ਤੇ ਜਾਸੂਸੀ ਨਾਵਲ ਪੜ੍ਹਨ ਕਾਰਨ ਸਾਹਿਤ ਪੜ੍ਹਨ ਦੀ ਰੁਚੀ ਪੈਦਾ ਹੋਈ। ਪ੍ਰੇਰਨਾ ਸਰੋਤ ਬਾਰੇ ਪਹਿਲਾਂ ਹੀ ਦੱਸ ਚੁੱਕਿਆ ਹਾਂ ਕਿ ਮੇਰੇ ਕਵੀਸ਼ਰ ਚਾਚੇ ਦੀ ਰੀਸ ਨਾਲ ਤੁਕਬੰਦੀ ਕਰਨ ਲੱਗਾ ਅਤੇ ਸਮਰੱਥ ਨਾਵਲਕਾਰ ਜਸਵੰਤ ਸਿੰਘ ਕੰਵਲ ਸਾਹਿਤ ਵਿਚ ਮੇਰਾ ਰਾਹ ਦਸੇਰਾ ਬਣਿਆ। 

?ਇਸ ਤਰਫ ਆਉਣ ਤੋਂ ਪਹਿਲਾਂ ਕੀ ਕੁਝ ਲਿਖਿਆ ਜਾ ਚੁੱਕਾ ਸੀ?
-ਕੈਨੇਡਾ ਆਉਣ ਤੋਂ ਪਹਿਲਾਂ ਮੈਂ ਕਹਾਣੀਆਂ ਤਾਂ 60 ਕੁ ਦੇ ਕਰੀਬ ਲਿਖ ਲਈਆਂ ਸਨ ਪਰ ਇਕੋ ਕਹਾਣੀਆਂ ਦੀ ਪੁਸਤਕ 'ਉਦਾਸੇ ਬੋਲ' ਛਪੀ ਸੀ। ਬਹੁਤ ਸਾਰੀਆਂ ਸੰਪਾਦਤ ਪੁਸਤਕਾਂ ਵਿਚ ਕਹਾਣੀਆਂ ਅਤੇ ਕਵਿਤਾਵਾਂ ਵੀ ਛਪੀਆਂ ਸਨ। ਜਿਵੇਂ ਆਮ ਲੇਖਕ ਪਹਿਲਾਂ ਕਵਿਤਾ ਤੋਂ ਆਪਣਾ ਸਫਰ ਸ਼ੁਰੂ ਕਰਦਾ ਹੈ, ਮੈਂ ਵੀ ਆਪਣਾ ਸਫਰ ਕਵਿਤਾ ਤੋਂ ਹੀ ਅਰੰਭ ਕੀਤਾ ਸੀ। ਕੁਝ ਗੀਤ ਵੀ ਲਿਖੇ ਸਨ। ਫਿਰ ਜਸਵੰਤ ਸਿੰਘ ਕੰਵਲ ਦੀ ਪ੍ਰੇਰਨਾ ਨਾਲ ਕਹਾਣੀ ਵਾਲੇ ਪਾਸੇ ਆ ਗਿਆ। ਮੈਂ ਸੱਠ ਸੱਤਰ ਜਿਗਰਪਾਰੇ ਵੀ ਲਿਖੇ ਸੀ, ਜਿਨ੍ਹਾਂ ਵਿਚੋਂ ਬਹੁਤੇ ਸੱਠਵਿਆਂ ਦੇ ਅਖੀਰ ਵਿਚ ਬਰਨਾਲਾ ਤੋਂ ਨਿਕਲਦੇ ਤ੍ਰੈਮਾਸਕ 'ਮੁਹਾਂਦਰਾ' ਵਿਚ ਛਪਦੇ ਰਹੇ ਹਨ ਅਤੇ ਕੁਝ ਜਿਗਰਪਾਰੇ 'ਪ੍ਰਤੀਕ' ਵਿਚ ਵੀ ਛਪੇ ਸੀ। ਇਸ ਤੋਂ ਬਿਨਾਂ ਮੈਂ ਕਈ ਪੁਸਤਕਾਂ ਦੇ ਰਿਵਿਊ ਵੀ ਲਿਖੇ ਸੀ ਅਤੇ ਕੁਝ ਪੁਸਤਕਾਂ ਉਪਰ ਪਰਚੇ ਵੀ ਲਿਖੇ ਤੇ ਪੜ੍ਹੇ ਹਨ।

?ਪਹਿਲਾ ਨਾਵਲ 'ਦੁਨੀਆ ਕੈਸੀ ਹੋਈ' ਲਿਖਣ ਦਾ ਵਿਚਾਰ ਕਿਵੇਂ ਆਇਆ? ਪ੍ਰੇਰਨਾ ਦੇਸੀ ਜਾਂ ਬਦੇਸੀ, ਕਿਨ੍ਹਾਂ ਨਾਵਲਕਾਰਾਂ ਤੋਂ ਮਿਲੀ?
-ਬਿਲਿੰਗ ਜੀ, ਇਹ ਨਾਵਲ ਕਿਸੇ ਦੇਸੀ ਜਾਂ ਬਦੇਸੀ ਨਾਵਲਕਾਰ ਦੀ ਪ੍ਰੇਰਨਾ ਨਾਲ ਨਹੀਂ ਲਿਖਿਆ ਗਿਆ। ਇਸ ਨੂੰ ਲਿਖੇ ਜਾਣ ਦਾ ਕਾਰਨ ਵੱਖਰਾ ਹੈ। ਰੀਟਾਇਰ ਹੋਣ ਮਗਰੋਂ ਮੈਂ ਸੰਨ 94 ਵਿਚ ਕੈਨੇਡਾ ਆਇਆ ਸੀ। ਜਦੋਂ ਏਥੇ ਹੋਰ ਕੋਈ ਕੰਮ ਨਾ ਮਿਲਿਆ ਤਾਂ ਮੈਂ ਇਕ ਸੀਜ਼ਨ ਬੈਰੀ ਪਿਕਰ ਦਾ ਕੰਮ ਕੀਤਾ। ਮੇਰੇ ਨਾਲ ਕੰਮ ਕਰਨ ਵਾਲੇ ਬਹੁਤੇ ਬੈਰੀ ਪਿਕਰ ਪੰਜਾਬ ਤੋਂ ਚੰਗੀਆਂ ਪੋਸਟਾਂ ਤੋਂ ਰੀਟਾਇਰ ਹੋ ਕੇ ਜਾਂ ਰੀਟਾਇਰਮਿੰਟ ਲੈ ਕੇ ਏਥੇ ਆਏ ਸਨ। ਕੁਝ ਵੱਡੀ ਢੇਰੀ ਵਾਲੇ ਉਹ ਜ਼ਿਮੀਂਦਾਰ ਵੀ ਸਨ ਜਿਹੜੇ ਉਧਰ ਆਪਣੇ ਆਪ ਨੂੰ ਲਾਟ ਸਾਹਿਬ ਸਮਝਦੇ ਸਨ। ਏਥੇ ਉਹ ਮਾਲਕ ਤੋਂ ਮਜ਼ਦੂਰ ਬਣੇ, ਬੈਰੀ ਦੇ ਇਕ ਇਕ ਦਾਣੇ ਲਈ ਲੜਦੇ ਤੇ ਫਲੈਟੋ ਫਲੈਟੀ ਹੁੰਦੇ ਦੇਖੇ ਤਾਂ ਉਹਨਾਂ ਦੀ ਮਾਨਸਿਕਤਾ ਨੂੰ ਬਿਆਨ ਕਰਨ ਦਾ ਵਿਚਾਰ ਮੇਰੇ ਮਨ ਵਿਚ ਉਪਜਿਆ। ਮੈਂ ਉਹਨਾਂ ਵਿਚਾਰਾਂ ਨੂੰ ਕਹਾਣੀਆਂ ਦੇ ਰੂਪ ਵਿਚ ਲਿਖਣਾ ਸ਼ੁਰੂ ਕੀਤਾ ਅਤੇ ਉਹਨਾਂ ਕਹਾਣੀਆਂ ਨੇ ਨਾਵਲ ਦਾ ਰੂਪ ਧਾਰਨ ਕਰ ਲਿਆ।

?ਮੁਖ ਤੌਰ 'ਤੇ ਇਹ ਇਕ ਪਾਤਰੀ ਨਾਵਲ ਹੈ। ਹਰੇਕ ਕਾਂਡ ਇਕ ਵੱਖਰੀ ਘਟਨਾ ਜਾਂ ਕਹਾਣੀ ਹੈ। ਅਜਿਹੀ ਵੱਖਰੀ ਤਕਨੀਕ, ਕੀ ਤੁਸੀਂ ਪਹਿਲਾਂ ਦੇਖੀ ਪੜ੍ਹੀ ਸੀ?
-ਬਿਲਿੰਗ ਜੀ, ਨਾਵਲ ਵਿਚ ਪਾਤਰ ਤਾਂ ਅਨੇਕ ਨੇ ਪਰ ਸੰਪਰਕ ਪਾਤਰ ਇਕ, ਜਗਤਾਰ ਸਿੰਘ ਹੈ, ਜਿਹੜਾ ਹਰ ਕਾਂਡ ਵਿਚ ਕਾਰਜਸ਼ੀਲ ਰਹਿੰਦਾ ਹੈ। ਇਸ ਪੱਖ ਤੋਂ ਨਾਵਲ ਨੂੰ ਇਕ ਪਾਤਰੀ ਕਿਹਾ ਜਾ ਸਕਦਾ ਹੈ। ਬਾਕੀ, ਜਿਵੇਂ ਮੈਂ ਦੱਸਿਆ ਹੈ ਕਿ ਮੈਂ ਖੇਤ ਮਜ਼ਦੂਰਾਂ ਦੀ ਮਾਨਸਿਕਤਾ ਨੂੰ ਪਹਿਲਾਂ ਕਹਾਣੀ ਵਿਧਾ ਰਾਹੀ ਦਰਸਾਉਣਾ ਚਾਹੁੰਦਾ ਸੀ। ਮੈਂ ਪਹਿਲੀ ਕਹਾਣੀ 'ਦੀਵਾਲੀ ਵਾਲੀ ਰਾਤ' ਲਿਖੀ। ਜਦੋਂ ਮੈਂ ਪਹਿਲੀ ਵਾਰ ਵੈਨਕੂਵਰ ਦੀ ਨਾਮੀ ਸਾਹਿਤਕ ਸੰਸਥਾ, ਪੰਜਾਬੀ ਲੇਖਕ ਮੰਚ, ਦੀ ਮੀਟਿੰਗ ਵਿਚ ਗਿਆ ਤਾਂ ਉਥੇ ਉਹ ਕਹਾਣੀ ਪੜ੍ਹੀ, ਜਿਸ ਨੂੰ ਸਲਾਹਿਆ ਗਿਆ। ਫਿਰ ਮੈਂ ਮੰਚ ਦਾ ਮੈਂਬਰ ਬਣ ਗਿਆ। ਮੰਚ ਦੀਆਂ ਅਗਲੀਆਂ ਮੀਟਿੰਗਾਂ ਵਿਚ ਬੀ.ਸੀ. ਦੇ ਖੇਤ ਮਜ਼ਦੂਰਾਂ ਬਾਰੇ ਦੋ ਕਹਾਣੀਆਂ ਹੋਰ ਸੁਣਾਈਆਂ ਤਾਂ ਡਾ. ਦਰਸ਼ਨ ਗਿੱਲ (ਮਰਹੂਮ) ਕਹਿੰਦਾ, 'ਇਹ ਇਕ ਨਾਵਲ ਬਣ ਸਕਦਾ ਹੈ।' ਸੋ ਮੈਂ ਨਾਵਲ ਬਾਰੇ ਸੋਚਣਾ ਸ਼ੁਰੂ ਕਰ ਦਿੱੱਤਾ। ਇਸ ਵਿਧਾ ਵਿਚ ਮੈਂ ਪਹਿਲਾਂ ਕ੍ਰਿਸ਼ਨ ਚੰਦਰ ਦਾ ਨਾਵਲ 'ਬੋਰਬਨ ਕਲੱਬ' ਅਤੇ ਇਕ ਅੰਗ੍ਰੇਜ਼ੀ ਦੀ ਲੇਖਕਾ, ਜਿਸ ਦਾ ਨਾਮ ਯਾਦ ਨਹੀਂ, ਦਾ ਨਾਵਲ 'ਆਲ ਮੈ¥ਨ, ਮਾਈ ਲਵਰਜ਼' ਪੜ੍ਹੇ ਹੋਏ ਸਨ। ਇਨ੍ਹਾਂ ਨਾਵਲਾਂ ਦਾ ਹਰ ਕਾਂਡ ਮੁਕੰਮਲ ਕਹਾਣੀ ਹੈ ਅਤੇ ਸਾਰੀਆਂ ਕਹਾਣੀ ਮਿਲ ਕੇ ਮੁਕੰਮਲ ਨਾਵਲ ਬਣਦਾ ਹੈ। ਜਸਵੰਤ ਸਿੰਘ ਕੰਵਲ ਦਾ ਨਾਵਲ 'ਲਹੂ ਦੀ ਲੋਅ' ਵੀ ਕੁਝ ਇਸੇ ਵਿਧਾ ਵਿਚ ਲਿਖਿਆ ਗਿਆ ਹੈ ਜੋ ਮੈਂ ਦੋ ਵਾਰ ਪੜ੍ਹਿਆ ਸੀ। ਸੋ ਮੈਂ ਆਪਣੀਆਂ ਕਹਾਣੀਆਂ ਵਿਚ ਥੋੜੀ ਕਾਂਟ ਛਾਂਟ ਕਰ ਕੇ ਉਸ ਨੂੰ ਨਾਵਲ ਦਾ ਰੂਪ ਦੇ ਦਿੱਤਾ। ਮੇਰੇ ਖਿਆਲ ਵਿਚ ਪਰਵਾਸੀ ਖੇਤ ਮਜ਼ਦੁਰਾਂ ਉਪਰ ਲਿਖਿਆ ਜਾਣ ਵਾਲਾ ਇਹ ਪਹਿਲਾ ਨਾਵਲ ਸੀ ਅਤੇ ਅਜੇ ਤਾਈਂ ਵੀ ਖੇਤ ਮਜ਼ਦੂਰਾਂ ਉਪਰ ਕੋਈ ਹੋਰ ਨਾਵਲ ਮੇਰੀ ਨਿਗਾਹ ਵਿਚ ਨਹੀਂ ਆਇਆ।

?ਨਿੱਜੀ ਅਨੁਭਵ ਤੋਂ ਇਲਾਵਾ ਤੁਸੀਂ ਇਸ ਨੂੰ ਗਲਪੀ ਰੰਗ ਦੇਣ ਲਈ ਕਿੰਨੀ ਕੁ ਮਿਲਾਵਟ ਕੀਤੀ ਹੈ?
-ਅਵਤਾਰ ਜੀ, ਤੁਸੀਂ ਆਪ ਇਕ ਨਾਮਵਰ ਨਾਵਲਕਾਰ ਹੋ। ਤੁਹਾਨੂੰ ਵੀ ਬਖੂਬੀ ਪਤਾ ਹੈ ਕਿ ਜੇ ਕਿਸੇ ਵੀ ਰਚਨਾ ਵਿਚ ਕਲਪਣਾ ਦਾ ਰੰਗ ਨਾ ਭਰਾਂਗੇ ਤਾਂ ਉਹ ਫੋਟੋਗਰਾਫੀ ਰਚਨਾ ਬਣ ਕੇ ਰਹਿ ਜਾਵੇਗੀ। ਸੋ ਗਲਪ ਵਿਚ ਕਲਪਣਾ ਦੀ ਮਿਲਾਵਟ ਜ਼ਰੂਰੀ ਹੈ ਪਰ ਕਲਪਣਾ ਇੰਨੀ ਵੀ ਨਹੀਂ ਭਰਨੀ ਚਾਹੀਦੀ ਕਿ ਰਚਨਾ ਯਥਾਰਥ ਤੋਂ ਕੋਹਾਂ ਦੂਰ ਚਲੀ ਜਾਵੇ। ਇਸ ਨਾਵਲ ਦੇ ਸਾਰੇ ਪਾਤਰ ਹੀ ਜਿਉਂਦੇ ਜਾਗਦੇ ਨੇ। ਉਹਨਾਂ ਦੇ ਨਾਵਾਂ, ਥਾਵਾਂ ਅਤੇ ਵਾਰਤਾਲਾਪ ਵਿਚ ਕਲਪਣਾ ਦੀ ਰੰਗਤ ਹੈ, ਜਿਸ ਨੂੰ ਤੁਸੀਂ ਮਿਲਾਵਟ ਵੀ ਕਹਿ ਸਕਦੇ ਹੋ।

?ਇਸ ਦੀ ਮੁਖ ਥੀਮ ਕੀ ਚਿਤਵੀ ਸੀ?
-ਨਾਵਲ ਦਾ ਮੁਖ ਥੀਮ ਤਾਂ ਫਾਰਮਰਾਂ ਅਤੇ ਠਕੇਦਾਰਾਂ ਵੱਲੋਂ ਖੇਤ ਕਾਮਿਆਂ ਦਾ ਹੋ ਰਿਹਾ ਸ਼ੋਸ਼ਣ ਦਰਸਾਉਣਾ ਸੀ। ਮੈਂ ਸੋਚਦਾ ਹੁੰਦਾ ਸੀ ਕਿ ਵਿਕਸਤ ਮੁਲਕਾਂ ਵਿਚ ਮਾਲਕ ਤੇ ਮਜ਼ਦੂਰ ਦਾ ਰਿਸ਼ਤਾ ਕੁਝ ਵੱਖਰੀ ਤਰ੍ਹਾਂ ਦਾ ਹੋਵੇਗਾ। ਪਰ ਜਦੋਂ ਮੈਂ ਏਥੇ ਆ ਕੇ ਖੇਤ ਮਜ਼ਦੂਰੀ ਕਰਨ ਲੱਗਾ ਤਾਂ ਮਹਿਸੂਸ ਕੀਤਾ ਕਿ ਮਾਲਕ ਦਾ ਮਜ਼ਦੂਰ ਪ੍ਰਤੀ ਜਿਹੜਾ ਰਵੱਈਆ ਭਾਰਤ ਵਿਚ ਹੈ, ਉਹੀ ਵਰਤਾਰਾ ਇਥੇ ਹੈ।ਉਂਜ ਮੈਂ ਜਾਣਦਾ ਸਾਂ ਕਿ ਇਹ ਵਰਤਾਰਾ ਵਿਸ਼ਵ ਵਿਆਪੀ ਹੈ। ਜਿੰਨੀ ਦੇਰ ਪੂੰਜੀਵਾਦੀ ਪ੍ਰਬੰਧ ਰਹੇਗਾ ਮਾਲਕ ਵੱਲੋਂ ਮਜ਼ਦੂਰ ਦਾ ਸ਼ੋਸ਼ਣ ਹੁੰਦਾ ਹੀ ਰਹੇਗਾ। ਇਸ ਤੋਂ ਬਿਨਾਂ ਮੈਂ ਮਾਲਕਾਂ ਤੋਂ ਮਜ਼ਦੂਰ ਬਣੇ ਮਨੁੱਖ ਦੀ ਮਾਨਸਿਕਤਾ ਵਿਚ ਆਏ ਬਦਲਾ ਨੂੰ ਵੀ ਰੂਪਮਾਨ ਕਰਨਾ ਚਾਹੁੰਦਾ ਸੀ।

?ਆਪਣੇ ਤਿੰਨਾਂ ਨਾਵਲਾਂ, 'ਦੁਨੀਆ ਕੈਸੀ ਹੋਈ', 'ਭਗੌੜਾ' ਅਤੇ 'ਵਿਗੋਚਾ' ਵਿਚ ਤੁਸੀਂ ਪੰਜਾਬੀਆਂ ਦੇ ਜੀਵਨ ਨੂੰ ਮੁੱਢਲੇ ਸੰਘਰਸ਼ ਅਤੇ ਸਥਾਪਤੀ ਵਿਚ ਆਏ ਵਿਗਾੜਾਂ ਤੱਕ ਪੇਸ਼ ਕੀਤਾ ਹੈ। ਕੀ ਇਹ ਪਹਿਲਾਂ ਤੋਂ ਹੀ ਮਿਥਿਆ ਪ੍ਰੋਗਰਾਮ ਸੀ?
-ਬਿਲਿੰਗ ਜੀ, ਮਿਥ ਕੇ ਤਾਂ ਕੁਝ ਲਿਖਿਆ ਨਹੀਂ ਜਾਂਦਾ। ਪਰ ਮੇਰਾ ਇਹ ਵਿਚਾਰ ਹੈ ਕਿ ਪੰਜਾਬ ਦੀਆਂ ਸਮੱਸਿਆਵਾਂ ਬਾਰੇ ਤਾਂ ਪੰਜਾਬ ਵਿਚ ਰਹਿੰਦੇ ਲੇਖਕ ਲਿਖੀ ਜਾ ਰਹੇ ਹਨ, ਬਦੇਸ ਵਿਚ ਰਹਿੰਦੇ ਲੇਖਕਾਂ ਨੂੰ ਆਪਣੀਆਂ ਸਮੱਸਿਆਵਾਂ ਬਾਰੇ ਹੀ ਲਿਖਣਾ ਚਾਹੀਦਾ ਹੈ।ਸੋ ਮੈਂ ਇਥੋਂ ਦੀਆਂ ਸਮੱਸਿਆਵਾਂ ਲਿਖਣ ਬਾਰੇ ਹੀ ਸੋਚਿਆ ਹੋਇਆ ਹੈ। ਮੇਰੇ ਨਾਵਲਾਂ ਦਾ ਵਿਸ਼ਾ ਵਸਤੂ ਵੀ ਕੈਨੇਡੀਅਨ ਪੰਜਾਬੀਆਂ ਦੀਆਂ ਸਮੱਸਿਆਵਾਂ ਬਾਰੇ ਹੈ ਅਤੇ ਮੈਂ ਆਪਣੇ ਨਾਵਲਾਂ ਵਿਚ ਪੰਜਾਬੀਆਂ ਦੇ ਕੈਨੇਡਾ ਵਿਚ ਸਥਾਪਤੀ ਲਈ ਕੀਤੇ ਸੰਘਰਸ਼ ਨੂੰ ਕਲਮਬੰਦ ਕਰਨ ਦੀ ਕੋਸ਼ਸ਼ ਕੀਤੀ ਹੈ।

?'ਭਗੌੜਾ' ਦਾ ਮੁੱਖ ਪਾਤਰ, ਸੁਖਬੀਰ ਉਧਰਲੇ ਪੰਜਾਬ ਵਿਚ ਵਸਦੀ ਪ੍ਰੇਮਕਾ, ਸੁਰੇਖਾ ਕੋਲੋਂ ਤਾਂ ਭੱਜ ਕੇ ਆਉਂਦਾ ਹੈ, ਏਧਰਲੀ ਮਨਮਰਜੀ ਨਾਲ ਸਹੇੜੀ ਮਹਿਬੂਬਾ, ਡਰੈਸਲਰ ਤੋਂ ਵੀ ਭਗੌੜਾ ਹੋ ਜਾਂਦਾ ਹੈ। ਕੀ ਤੁਹਾਡਾ ਇਹ ਸੁਝਾ ਨਕਾਰਾਤਮਿਕ ਤਾਂ ਨਹੀਂ?
ਸੇਖਾ: ਅਵਤਾਰ ਸਿੰਘ ਜੀ, ਸੁਝਾ ਨਕਾਰਾਤਮਿਕ ਨਹੀਂ ਹੈ। ਇਸ ਨਕਾਰਾਤਮਿਕਤਾ 'ਚੋਂ ਸਕਾਰਾਤਮਿਕਤਾ ਦੀ ਝਲਕ ਦੇਖੀ ਜਾ ਸਕਦੀ ਹੈ। ਸੁਖਬੀਰ ਦਾ ਸੁਰੇਖਾ ਨਾਲ ਪਿਆਰ ਹੈ ਅਤੇ ਉਸ ਦੀ ਜਾਨ ਨੂੰ ਖਤਰਾ ਹੋਣ ਕਾਰਨ ਸੁਰੇਖਾ ਉਸ ਨੂ ਸਾਵਧਾਨ ਕਰਦੀ ਹੋਈ ਅਸਿੱਧੇ ਰੂਪ ਵਿਚ ਬਾਹਰ ਭੇਜਣ ਲਈ ਉਸ ਦੀ ਸਹਾਇਤਾ ਕਰਦੀ ਹੈ। ਸੁਖਬੀਰ ਬਦੇਸ ਵਿਚ ਸਥਾਪਤ ਹੋਣ ਲਈ ਡਰੈਸਲਰ ਨੂੰ ਪੌੜੀ ਬਣਾਉਂਦਾ ਹੈ, ਜਿਹੜੀ ਕਿ ਉਸ ਨੂੰ ਬਹੁਤ ਪਿਆਰ ਕਰਦੀ ਹੈ। ਪੂੰਜੀਵਾਦ ਦੇ ਪਸਾਰੇ ਤੇ ਮੰਡੀ ਮਾਨਸਿਕਤਾ ਨੇ ਮਨੁੱਖ ਨੂੰ ਵਿਅਕਤੀਵਾਦੀ ਬਣਾ ਦਿੱਤਾ ਹੈ।ਉਹ ਆਰਥਿਕ ਤੌਰ 'ਤੇ ਸਥਾਪਤ ਹੋਣ ਲਈ ਹੱਥ ਪੈਰ ਮਾਰਦਾ ਹੋਇਆ ਹਰ ਜਾਇਜ਼ ਨਜਾਇਜ਼ ਢੰਗ ਤ੍ਰੀਕਾ ਵਰਤਦਾ ਹੈ। ਉਸ ਲਈ ਰਿਸ਼ਤੇ ਨਾਤੇ ਦੁਜੈਲੇ ਹੋ ਜਾਂਦੇ ਹਨ। ਪੂੰਜੀਵਾਦੀ ਸਮਾਜ ਵਿਚ ਮਨੁੱਖ ਸਿਰਫ ਤੇ ਸਿਰਫ ਆਪਣੇ ਬਾਰੇ ਹੀ ਸੋਚਦਾ ਹੈ। ਇਹੋ ਸੁਖਬੀਰ ਦਾ ਵਰਤਾਰਾ ਹੈ। ਉਹ ਵੀ ਮੰਡੀ ਮਾਨਸਿਕਤਾ ਦਾ ਮੁਹਰਾ ਹੈ। ਉਹ ਜਾਣਦਾ ਹੈ ਕਿ ਡਰੈਸਲਰ ਹਰ ਔਕੜ ਵਿਚ ਉਹਦੀ ਮਦਦਗਾਰ ਬਣਦੀ ਰਹੀ ਹੈ ਇਸ ਲਈ ਉਹ ਉਸ ਨੂੰ ਵੀ ਨਹੀਂ ਛੱਡਣਾ ਚਾਹੁੰਦਾ ਤੇ ਸੁਰੇਖਾ ਨਾਲ ਵੀ ਸੰਪਰਕ ਬਣਾਈ ਰੱਖਣਾ ਚਾਹੁੰਦਾ ਹੈ। ਅਜੇਹੀ ਮੰਡੀ ਮਾਨਸਿਕਤਾ ਮਨੱਖ ਨੂੰ ਕਿਸੇ ਪਾਸੇ ਜੋਗਾ ਵੀ ਨਹੀਂ ਛਡਦੀ। ਇਸੇ ਕਰਕੇ ਸੁਖਬੀਰ ਸੁਰੇਖਾ ਨੂੰ ਪ੍ਰਾਪਤ ਨਹੀਂ ਕਰ ਸਕਦਾ ਤੇ ਡਰੈਸਲਰ ਵੀ ਉਸ ਨੂੰ ਛੱਡ ਕੇ ਤੁਰ ਜਾਂਦੀ ਹੈ। ਉਹ ਪਿਆਰ ਅਤੇ ਸਮਾਜ ਦਾ ਭਗੌੜਾ ਬਣ ਕੇ ਅਖੀਰ ਚੌਰਾਹੇ ਵਿਚ ਖੜ੍ਹਾ ਰਹਿ ਜਾਂਦਾ ਹੈ। ਉਸ ਨੂੰ ਇਕ ਰਾਹ ਚੁਣਨਾ ਹੀ ਪੈਣਾ ਹੈ। ਇਥੇ ਦੇਖਣ ਵਾਲੀ ਗੱਲ ਇਹ ਹੈ ਕਿ ਪਾਠਕ ਦੀ ਹਮਦਰਦੀ ਕਿਸ ਪਾਤਰ ਨਾਲ ਜਾਗਦੀ ਹੈ?

?ਪਾਠਕ ਦੀ ਹਮਦਰਦੀ ਮੁਖ ਪਾਤਰ ਸੁਖਬੀਰ ਨਾਲੋਂ ਖਤਮ ਨਹੀਂ ਹੋ ਜਾਂਦੀ?
-ਮੇਰਾ ਮੁਖ ਮੰਤਵ ਹੀ ਇਹੋ ਦਰਸਾਉਣਾ ਸੀ। ਦੋ ਬੇੜੀਆਂ ਦਾ ਸਵਾਰ ਕਦੀ ਪਾਰ ਨਹੀਂ ਲਗਦਾ। ਮਨੁੱਖ ਨੂੰ ਸਦਾ ਆਪਣੇ ਹਿਤ ਨੂੰ ਹੀ ਮੁਖ ਰਖਣਾ ਚਾਹੀਦਾ। ਹਮਦਰਦਾਂ ਦੀ ਕੀਤੀ ਹਮਦਰਦੀ ਨੂੰ ਵੀ ਕੋਈ ਮਹੱਤਤਾ ਦੇਣੀ ਚਾਹੀਦੀ ਹੈ।    

?ਇਸ ਨਾਵਲ ਦਾ ਅਨੁਭਵ ਕੀ ਤੁਹਾਡਾ ਆਪਣਾ ਹੈ ਜਾਂ ਸਭ ਕੁਝ ਮਨੋਕਲਪਤ ਹੈ?

-ਬਿਲਿੰਗ ਜੀ,  ਕੋਈ ਵੀ ਰਚਨਾ ਅਨੁਭਵ ਤੋਂ ਬਿਨਾਂ ਹੋਂਦ ਵਿਚ ਨਹੀਂ ਆਉਂਦੀ। ਉਂਜ ਮਨੋਕਲਪਣਾ ਵੀ ਅਨੁਭਵ ਦੀ ਹੀ ਦੇਣ ਹੁੰਦੀ ਹੈ। ਤੁਹਾਡਾ ਸੰਕੇਤ ਨਾਵਲ ਦੀ ਕਹਾਣੀ ਵੱਲ ਹੈ। ਨਾਵਲ ਦੀ ਸਾਰੀ ਕਹਾਣੀ ਹਕੀਕਤ 'ਤੇ ਅਧਾਰਤ ਹੈ। ਮੁਖ ਪਾਤਰ, ਸੁਖਬੀਰ ਮੇਰੇ ਨਾਲ ਫਰਨੀਚਰ ਫੈਕਟਰੀ ਵਿਚ ਕੰਮ ਕਰਦਾ ਰਿਹਾ ਹੈ। ਉਸ ਨੇ ਹੀ ਆਪਣੀ ਦਰਦ ਭਰੀ ਵਿਥਿਆ ਮੈਨੂੰ ਸੁਣਾਈ ਸੀ। ਸੁਖਬੀਰ ਹੁਰਾਂ ਦੀ ਬੇਸਮਿੰਟ ਵਿਚ ਬੈਠ ਕੇ ਮੈਂ ਡਰੈਸਲਰ ਨਾਲ ਵੀ ਗੱਲਾਂ ਕੀਤੀਆਂ ਹਨ ਅਤੇ ਉਸ ਦੇ ਹੱਥ ਦਾ ਖਾਣਾ ਵੀ ਖਾਧਾ ਹੈ। (ਮੈਂ ਤਾਂ ਕਈ ਵਾਰ ਸੁਖਬੀਰ ਦੇ ਅਸਲ ਨਾਮ ਨੂੰ ਭੁੱਲ ਕੇ ਉਸ ਨੂੰ ਸੁਖਬੀਰ ਕਹਿ ਕੇ ਹੀ ਬੁਲਾ ਲੈਂਦਾ ਸਾਂ।) ਨਾਵਲ ਦਾ ਹਰ ਕਿਰਦਾਰ ਆਪਣੇ ਆਪ ਮੁਕੰਮਲ ਨਹੀਂ ਹੁੰਦਾ, ਉਸ ਕਿਰਦਾਰ ਵਿਚ ਕੁਝ ਹੋਰ ਵਾਪਰੀਆਂ ਘਟਨਾਵਾਂ ਵੀ ਪਾਉਣੀਆਂ ਪੈਂਦੀਆਂ ਹਨ। ਕੋਈ ਰਚਨਾ ਕਰਦੇ ਸਮੇਂ ਲੇਖਕ ਘਟਨਾਵਾਂ ਨੂੰ ਕਹਾਣੀ ਦੀ ਲੋੜ ਅਨੁਸਾਰ ਢਾਉਂਦਾ ਬਣਾਉਂਦਾ ਹੈ। ਦੇਖਿਆ ਇਹ ਨਹੀਂ ਜਾਂਦਾ ਕਿ ਕੋਈ ਘਟਨਾ ਕਿਵੇਂ ਵਾਪਰੀ ਸੀ, ਸਗੋਂ ਦੇਖਣਾ ਇਹ ਹੁੰਦਾ ਹੈ ਕਿ ਘਟਨਾ ਨੂੰ ਕਿਵੇਂ ਵਾਪਰਨਾ ਚਾਹੀਦਾ ਸੀ। ਇਸ ਕਰਕੇ ਰਚਨਾ ਵਿਚ ਕਲਪਣਾ ਦੀ ਪੁੱਠ ਦੇਣੀ ਵਾਜਬ ਬਣ ਜਾਂਦੀ ਹੈ।

?ਨਾਵਲਕਾਰ ਜੋ ਸਮਾਜਕ ਇਤਿਹਾਸ ਚਿਤਰਦਾ ਹੈ, ਉਸ ਵਿਚ ਨਾਵਾਂ ਥਾਵਾਂ ਤੋਂ ਬਿਨਾਂ ਸਭ ਕੁਝ ਸੱਚ ਹੁੰਦਾ ਹੈ। ਆਪਣੇ ਤਿੰਨਾਂ ਨਾਵਲਾਂ ਦੇ ਸਬੰਧ ਵਿਚ ਤੁਸੀਂ ਕਿੰਨੇ ਸਹੀ ਹੋ?
-ਮੈਂ ਤੁਹਾਡੀ ਉਪਰੋਕਤ ਗੱਲ ਨਾਲ ਬਿਲਕੁਲ ਸਹਿਮਤ ਹਾਂ। ਮੇਰੇ ਨਾਵਲਾਂ 'ਤੇ ਇਹ ਇਹ ਗੱਲ ਪੂਰੀ ਤਰ੍ਹਾਂ ਢੁਕਦੀ ਹੈ। ਹਾਂ! ਨਾਵਲਾਂ ਵਿਚ ਕਲਪਣਾ ਯਥਾਰਥ ਦੇ ਰੰਗ ਨੂੰ ਹੋਰ ਗੂੜ੍ਹਾ ਕਰਦੀ ਹੈ।

?ਜਦੋਂ ਨਾਵਲਕਾਰ ਆਪਣੇ ਜਨਮ ਤੋਂ ਪਹਿਲਾਂ ਦਾ ਜੀਵਨ ਚਿਤ੍ਰਦਾ ਹੈ ਤਾਂ ਉਸ ਨੂੰ ਕੁਝ ਮਨੁੱਖੀ ਸ੍ਰੋਤਾਂ, ਪੁਸਤਕਾਂ ਜਾਂ ਕਈ ਹੋਰ ਸਾਧਨਾ ਦੀ ਲੋੜ ਪੈਂਦੀ ਹੈ। ਵਿਗੋਚਾ ਵਿਚ ਤੁਸੀਂ ਅਜੇਹਾ ਕਰਨ ਸਮੇਂ ਕਿਹੜੇ ਸਾਧਨਾਂ ਦੀ ਵਰਤੋਂ ਕੀਤੀ?
-ਅਵਤਾਰ ਜੀ, ਵਿਗੋਚਾ ਨਾਵਲ ਮੈਂ ਸੱਤਾਂ ਸਾਲਾਂ ਵਿਚ ਪੂਰਾ ਕੀਤਾ ਹੈ। ਬਹੁਤਾ ਸਮਾਂ ਨਾਵਲ ਦੀ ਸਮਗਰੀ ਦੀ ਖੋਜ ਵਿਚ ਹੀ ਬਤੀਤ ਹੋਇਆ। ਮੇਰਾ ਬਹੁਤਾ ਸਮਾਂ ਲਾਇਬ੍ਰੇਰੀ ਵਿਚ ਹੀ ਬੀਤਦਾ ਸੀ।ਗ੍ਰੇਟਰ ਵੈਨਕੂਵਰ ਦੇ ਇਤਿਹਾਸ ਬਾਰੇ ਪੁਸਤਕਾਂ ਪੜ੍ਹੀਆਂ। ਪੁਰਾਣੇ ਅਖਬਾਰ ਵਿਚੋਂ ਲੋੜੀਂਦੀ ਸਮਗਰੀ ਨੂੰ ਟੋਲਿਆ। ਭਾਰਤੀਆਂ ਦੇ ਇਥੇ ਆਉਣ ਨਾਲ ਸਬੰਧਤ ਪੁਸਤਕਾਂ, ਕਾਮਾ ਗਾਟਾ ਮਾਰੂ ਬਾਰੇ ਪੁਸਤਕਾਂ, ਸਿੱਖਾਂ ਦਾ ਸੌ ਸਾਲਾ ਇਤਿਹਾਸ, ਪੰਜਾਬੀਆਂ ਦੇ ਸੰਘਰਸ਼ ਦੇ ਸੌ ਵਰ੍ਹੇ ਅਤੇ ਸਬੰਧਤ ਹੋਰ ਪੁਸਤਕਾਂ, ਜਿੱਥੋਂ ਵੀ ਮਿਲੀਆਂ, ਭਾਲ਼ ਕੇ ਪੜ੍ਹੀਆਂ। ਪੁਰਾਣੇ ਪੰਜਾਬੀ ਅਖਬਾਰਾਂ ਦੇ ਬੰਡਲਾਂ ਦੇ ਬੰਡਲ ਘੋਖੇ ਪੜਤਾਲੇ। ਸੰਨ ਸੰਤਾਲੀ ਤੋਂ ਪਹਿਲਾਂ ਆਏ ਕਈ ਪੰਜਾਬੀਆਂ ਨਾਲ ਇੰਟਰਵਿਊਆਂ ਕੀਤੀਆਂ। ਇਸ ਕੰਮ ਵਿਚ ਮੈਨੂੰ ਬਹੁਤੀ ਔਕੜ ਨਹੀਂ ਆਈ ਕੁਝ ਇਕ ਪੁਰਾਣੇ ਬਜ਼ੁਰਗਾਂ ਦੇ ਇੰਟਰਵਿਊ ਦੇਣੋਂ ਇਨਕਾਰ ਕਰਨ ਦੇ। ਪਰ ਡਰਗਜ਼ ਜਾਂ ਗੈਂਗ ਵਾਰ ਨਾਲ ਸਬੰਧਤ ਕੁਝ ਸ਼ਖਸੀਅਤਾਂ ਨਾਲ ਇੰਟਰਵਿਊਆਂ ਕਰਨ ਵਿਚ ਬਹੁਤ ਔਕੜਾਂ ਦਾ ਸਾਹਮਣਾ ਕਰਨਾ ਪਿਆ। ਬਹੁਤਿਆਂ ਨੇ ਤਾਂ ਸਾਡੇ ਨਾਲ ਗੱਲ ਕਰਨ ਤੋਂ ਹੀ ਇਨਕਾਰ ਕਰ ਦਿੱਤਾ। ਕਈਆਂ ਨੇ ਸਾਨੂੰ ਸਰਕਾਰੀ ਸੂਹੀਏ ਸਮਝ, ਮਾਰਨ ਦੀਆਂ ਧਮਕੀਆਂ ਦਿੱਤੀਆਂ। ਉਂਜ ਮੈਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਬਾਰੇ ਕਈ ਪੁਸਤਕਾਂ ਪੜ੍ਹ ਲਈਆਂ ਸਨ। ਇਸ ਵਿਸ਼ੇ ਨਾਲ ਸਬੰਧਤ ਕੁਝ ਨਾਵਲ ਵੀ ਪੜ੍ਹੇ ਅਤੇ ਮੂਵੀਆਂ ਵੀ ਦੇਖੀਆਂ। ਕਈਆਂ ਦੋਸਤਾਂ ਦੇ ਸਹਿਯੋਗ ਨਾਲ ਮੈਂ ਆਪਣਾ ਪ੍ਰਜੈਕਟ ਨੇਪਰੇ ਚਾੜ੍ਹ ਹੀ ਲਿਆ ਸੀ।

?ਕੈਨੇਡੀਅਨ ਪੰਜਾਬੀ, ਜੋ ਚੰਗੇ ਭਲੇ ਖਾਂਦੇ ਪੀਂਦੇ, ਸਾਧਨ-ਸੰਪੰਨ ਬਣ ਚੁੱਕੇ ਹਨ, ਉਹਨਾਂ ਨੂੰ ਕਾਹਦਾ ਵਿਗੋਚਾ ਮਾਰ ਗਿਆ?
-ਇਸ ਨਾਵਲ ਦੀ ਕਹਾਣੀ ਪੂਰੀ ਸਦੀ ਵਿਚ ਫੈਲੀ ਹੋਈ ਹੈ। ਪਹਿਲੀਆਂ ਵਿਚ ਏਥੇ ਆਏ ਭਾਰਤੀਆਂ ਲਈ ਆਪਣੇ ਪਰਵਾਰ ਨੂੰ ਲਿਆਉਣਾ ਮਨ੍ਹਾ ਸੀ। ਪਿੱਛੇ ਉਹਨਾਂ ਦੇ ਘਰ ਵਾਲੀਆਂ ਵਿਗੋਚੇ ਦੀ ਅੱਗ ਵਿਚ ਸੜਦੀਆਂ ਅਤੇ   ਇਧਰ ਉਹ ਵਿਗੋਚਾ ਸਹਿਣ ਕਰਦੇ ਰਹੇ। ਉਹਨਾਂ ਨੂੰ ਪਰਵਾਸ ਹੰਢਾਉਣ ਦਾ ਵਿਗੋਚਾ ਕੋਈ ਘੱਟ ਪ੍ਰੇਸ਼ਾਨ ਨਹੀਂ ਸੀ ਕਰਦਾ। ਫਿਰ ਜਦੋਂ ਇਥੇ ਆਏ ਪੰਜਾਬੀ ਸਥਾਪਤ ਹੋ ਕੇ ਸਾਧਨ-ਸੰਪੰਨ ਹੋ ਸਥਾਪਤੀ ਦਾ ਸੁਖ ਮਾਨਣ ਲੱਗ ਪਏ ਤਾਂ ਜਾਪਦਾ ਸੀ ਕਿ ਹੁਣ ਉਹਨਾਂ ਨੂੰ ਨਾ ਪਰਵਾਰ ਦਾ ਵਿਗੋਚਾ ਤੰਗ ਕਰੇਗਾ ਅਤੇ ਨਾ ਹੀ ਪਰਵਾਸ ਦਾ ਪਰ ਫਿਰ ਇਕ ਅਜੇਹਾ ਦੌਰ ਆਇਆ ਕਿ ਆਪਣੇ ਕਈ ਨੌਜਵਾਨ, ਕਈ ਸ਼ੌਕੀਆ ਅਤੇ ਕਈ ਛੇਤੀ ਧਨਵਾਨ ਬਣਨ ਦੇ ਲਾਲਚ ਵਿਚ, ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਧੰਧੇ ਵਿਚ ਪੈ ਗਏ। ਉਹਨਾਂ ਵਿਚੋਂ ਬਹੁਤ ਸਾਰੇ ਗਭਰੂ ਆਪਣੀਆਂ ਜਾਨਾਂ ਤੋਂ ਹੱਥ ਧੋ ਬੈਠੇ ਜਾਂ ਕਾਲਕੋਠੜੀਆਂ ਵਿਚ ਆਪਣੀ ਜਵਾਨੀ ਗਾਲ਼ ਰਹੇ ਹਨ ਅਤੇ ਉਹਨਾਂ ਦੀ ਮਾਵਾਂ ਵਿਗੋਚੇ ਦੀ ਅੱਗ ਵਿਚ ਸੜ ਰਹੀਆਂ ਹਨ। ਮੈਂ ਇਸ ਵਿਗੋਚੇ ਨੂੰ ਆਪਣੇ ਨਾਵਲ ਵਿਚ ਰੂਪਮਾਨ ਕਰਨ ਦੀ ਕੋਸ਼ਸ਼ ਕੀਤੀ ਹੈ।

?ਹੁਣ ਤੱਕ ਲਿਖੇ ਤਿੰਨਾਂ ਨਾਵਲ ਵਿਚੋਂ ਤੁਹਾਡੇ ਵਿਚਾਰ ਵਿਚ ਕਿਹੜਾ ਸ੍ਰੇਸ਼ਟ ਹੈ?
-ਮੇਰੇ ਲਈ ਤਾਂ ਤਿੰਨੇ ਹੀ ਸ੍ਰੇਸ਼ਟ ਹਨ। ਇਹ ਪਾਠਕਾਂ ਤੇ ਅਲੋਚਕਾਂ ਨੇ ਦੇਖਣਾ ਹੈ ਕਿ ਉਹਨਾਂ ਨੂੰ ਕਿਹੜਾ ਨਾਵਲ ਸ੍ਰੇਸ਼ਟ ਜਾਂ ਚੰਗਾ ਲੱਗਾ ਹੈ। ਜਾਂ ਫਿਰ ਉਹਨਾਂ ਨੂੰ ਕੋਈ ਪਸੰਦ ਆਇਆ ਵੀ ਹੈ ਜਾਂ ਨਹੀਂ ।

?ਭਲਾ ਮੰਨ ਲਉ, ਜੇ ਤੁਹਾਨੂੰ ਮਜਬੂਰ ਕੀਤਾ ਜਾਵੇ ਕਿ ਤੁਹਾਡੀਆਂ ਲਿਖੀਆਂ ਸਾਰੀਆਂ ਰਚਨਾਵਾਂ ਵਿਚੋਂ ਸਿਰਫ ਇਕ ਹੀ ਤੁਸੀਂ ਰੱਖ ਸਕਦੇ ਹੋ ਤਾਂ ਫੇਰ ਕਿਸ ਨੂੰ ਬਚਾਉਣਾ ਚਾਹੋਗੇ?
-ਬਿਲਿੰਗ ਜੀ, ਮੈਂ ਬਹੁਤ ਘੱਟ ਲਿਖਿਆ ਹੈ। ਮੈਂ ਆਪਣੀਆਂ ਸਾਰੀਆਂ ਰਚਨਾਵਾਂ ਨੂੰ ਬਚਾਵਾਂਗਾ ਜਾਂ ਸਾਰੀਆਂ ਹੀ ਛੱਡ ਦਿਆਂਗਾ।

?ਕੀ ਅਲੋਚਕਾਂ ਤੇ ਪਾਠਕਾਂ ਤੋਂ ਸੰਤੁਸ਼ਟ ਹੋ?
-ਹਾਂ, ਸੰਤੁਸ਼ਟ ਹਾਂ। ਮੇਰਾ ਪਹਿਲਾ ਨਾਵਲ ਹੀ ਅਲੋਚਕਾਂ ਦੀ ਨਜ਼ਰ ਚੜ੍ਹ ਗਿਆ ਸੀ ਅਤੇ ਉਸ ਦੇ ਛਪਣ ਤੋਂ ਤੁਰੰਤ ਬਾਅਦ ਪੰਜਾਬ ਯੂਨੀਵਰਸਿਟੀ ਵਿਚ ਇਕ ਵਿਦਿਆਰਥਣ ਨੇ ਉਸ ਉਪਰ ਐਮ.ਫਿਲ. ਕਰ ਲਈ ਸੀ ਅਤੇ ਇਹੋ ਨਾਵਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਐਮ.ਏ. ਸਲੇਬਸ ਦਾ ਭਾਗ ਵੀ ਬਣ ਗਿਆ ਸੀ। ਮੇਰੇ ਤਿੰਨਾਂ ਨਾਵਲਾਂ ਉਪਰ ਹੀ ਖੋਜਾਰਥੀਆਂ ਨੇ ਕੰਮ ਕੀਤਾ ਹੈ ਤੇ ਕਰ ਰਹੇ ਹਨ। ਇਨ੍ਹਾਂ ਨਾਵਲਾਂ ਦੇ ਦੋ ਦੋ ਤਿੰਨ ਤਿੰਨ ਅਡੀਸ਼ਨ ਵੀ ਛਪ ਗਏ ਹਨ। ਇਹੋ ਮੇਰੇ ਲਈ ਸੰਤੁਸ਼ਟੀ ਦੀ ਗੱਲ ਹੈ।

?ਪੰਜਾਬੀ ਨਾਵਲ ਦੀ ਅਜੋਕੀ ਸਥਿਤੀ ਬਾਰੇ ਕੀ ਰਾਏ ਹੈ? ਤੁਹਾਡੇ ਖਿਆਲ ਵਿਚ ਕੀ ਪੰਜਾਬੀ ਨਾਵਲ ਬਾਕੀ ਵਿਧਾਵਾਂ ਨਾਲੋਂ ਪਛੜਿਆ ਹੋਇਆ ਹੈ?
-ਮੇਰੇ ਵਿਚਾਰ ਵਿਚ ਸਾਨੂੰ ਬਹੁਤ ਵਿਕਸਤ ਜ਼ੁਬਾਨਾਂ ਦੇ ਨਾਵਲਾਂ ਨਾਲ ਪੰਜਾਬੀ ਨਾਵਲ ਦਾ ਮੁਕਾਬਲਾ ਨਹੀਂ ਕਰਨਾ ਚਾਹੀਦਾ। ਉਂਜ ਪੰਜਾਬੀ ਨਾਵਲ ਦੀ ਅਜੋਕੀ ਸਥਿਤੀ ਕੋਈ ਮਾੜੀ ਨਹੀਂ। ਪੰਜਾਬੀ ਵਿਚ ਚੰਗਾ ਨਾਵਲ ਲਿਖਿਆ ਜਾ ਰਿਹਾ ਹੈ। ਸਮਾਜ ਦੇ ਹਰ ਪੱਖ ਨੂੰ ਨਾਵਲਾਂ ਦਾ ਵਿਸ਼ਾ ਵਸਤੂ ਬਣਾਇਆ ਜਾ ਰਿਹਾ ਹੈ। ਪੰਜਾਬੀ ਨਾਵਲ ਵੀ ਬਾਕੀ ਵਿਧਾਵਾਂ ਦੇ ਹਾਣ ਦਾ ਹੋ ਕੇ ਤੁਰ ਰਿਹਾ ਹੈ।

?ਤੁਸੀਂ ਪੰਜਾਬੀ ਨਾਵਲਾਂ ਤੇ ਨਾਵਲਕਾਰਾਂ ਦੇ ਨਾਂ ਕਿਉਂ ਨਹੀਂ ਲੈ ਦਿੰਦੇ।
-ਬਿਲਿੰਗ ਜੀ, ਇਹ ਤਾਂ ਤੁਸੀਂ ਮੇਰੇ ਲਈ ਧਰਮ ਸੰਕਟ ਖੜ੍ਹਾ ਕਰ ਦਿੱਤਾ। ਕੀ੍ਹਦਾ ਨਾਂ ਲਵਾਂ ਤੇ ਕੀ੍ਹਦਾ ਛੱਡਾਂ! ਸੈਂਕੜੇ ਨਾਵਲਕਾਰ ਹਨ ਜਿਨ੍ਹਾਂ ਚੰਗੇ ਨਾਵਲ ਲਿਖੇ ਹਨ। ਨਾਵਲਾਂ ਦੇ ਨਾਂ ਛੱਡੀਏ, ਕੁਝ ਕੁ ਅਜੋਕੇ ਨਾਵਲਕਾਰਾਂ ਵਿਚੋਂ ਬਲਦੇਵ ਸਿੰਘ ਸੜਕਨਾਮਾ, ਮਿੱਤਰ ਸੈਨ ਮੀਤ, ਪ੍ਰਮਜੀਤ ਜੱਜ, ਕੇਵਲ ਕਲੋਟੀ, ਅਵਤਾਰ ਸਿੰਘ ਬਿਲਿੰਗ,  ਹਰਜੀਤ ਅਟਵਾਲ, ਨਛੱਤਰ ਅਤੇ ਕਈ ਹੋਰ ਵੀ ਨੇ ਜਿਹੜੇ ਹੁਣ ਯਾਦ ਨਹੀਂ ਆ ਰਹੇ।

?ਤੁਹਾਨੂੰ ਕਦੇ ਅਜਿਹਾ ਨਹੀਂ ਮਹਿਸੂਸ ਹੋਇਆ ਕਿ ਇੰਡੋ-ਕੈਨੇਡੀਅਨ ਜੀਵਨ ਦਾ ਭਰਪੂਰ ਅਨੁਭਵ ਅਰਥਾਤ ਕੱਚਾ-ਮਾਲ ਹੋਣ ਦੇ ਬਾਵਜੂਦ ਨਾਵਲ ਦੀ ਗੋਂਦ ਵਿਚ ਕੁਝ ਢਿੱਲ ਜਿਹੀ ਨਹੀਂ ਰਹਿ ਜਾਂਦੀ?
-ਗੋਂਦ ਦਾ ਸਬੰਧ ਕੱਚੇ ਮਾਲ ਨਾਲ ਨਹੀਂ ਲੇਖਕ ਦੀ ਲੇਖਣ ਪ੍ਰਕਿਰਿਆ ਨਾਲ ਹੁੰਦਾ ਹੈ। ਗੋਂਦ ਵਿਚ ਜ਼ਰੂਰ ਢਿੱਲ ਰਹਿ ਜਾਂਦੀ ਹੋਵੇਗੀ। ਪਰ ਮੈਨੂੰ ਆਪ ਨੂੰ ਇਹ ਢਿੱਲ ਕਦੀ ਮਹਿਸੂਸ ਨਹੀਂ ਹੋਈ ਅਤੇ ਨਾ ਹੀ ਕਿਸੇ ਅਲੋਚਕ ਨੇ ਇਸ ਪਾਸੇ ਸੰਕੇਤ ਕੀਤਾ ਹੈ।

?ਆਪਣੇ ਆਉਣ ਵਾਲੇ ਨਾਵਲ ਬਾਰੇ ਕੁਝ ਦੱਸਣਾ ਚਾਹੋਗੇ?
-ਮੈਂ ਇਕ ਨਾਵਲ ਲਿਖਿਆ ਹੈ, ਜਿਹੜਾ ਕਿ ਸੋਧ ਸੁਧਾਈ ਦੀ ਪ੍ਰਕਿਰਿਆ ਵਿਚੋਂ ਦੀ ਗੁਜ਼ਰ ਰਿਹਾ ਹੈ। ਹੁਣ ਉਹ ਅਖੀਰਲੀ ਸਟੇਜ 'ਤੇ ਹੈ। ਇਸ ਦਾ ਵਿਸ਼ਾ ਵਸਤੂ ਦੂਸਰੇ ਨਾਵਲਾਂ ਨਾਲੋਂ ਕੁਝ ਹਟਵਾਂ ਹੈ। ਅੱਡਰੋ ਅੱਡਰੇ ਮਾਪਿਆਂ ਦੇ ਬੱਚੇ ਆਪਣੇ ਮਤੇਏ ਮਾਂ ਬਾਪ ਨਾਲ ਰਹਿ ਕੇ ਕੀ ਮਹਿਸੂਸ ਕਰਦੇ ਹਨ ਅਤੇ ਵਿਆਹ ਬੰਧਣ ਵਿਚ ਬੱਧੇ ਉਹਨਾਂ ਦੇ ਮਾਂ ਪਿਉ ਦੀ ਜ਼ਿੰਦਗੀ 'ਤੇ ਉਹ ਕਿਵੇਂ ਅਸਰ-ਅੰਦਾਜ਼ ਹੁੰਦੇ ਹਨ? ਇਹ ਨਾਵਲ ਉਹਨਾਂ ਬੱਚਿਆਂ ਦੀ ਮਾਨਸਿਕਤਾ ਨੂੰ ਦਰਸਾਉਂਦਾ ਹੈ।

?ਇਸ ਤੋਂ ਬਿਨਾਂ ਵੀ ਕੁਝ ਹੋਰ ਲਿਖ ਰਹੇ ਹੋ?
-ਹਾਂ! ਇਸ ਤੋਂ ਬਿਨਾਂ ਮੈਂ ਆਪਣੇ ਬਚਪਨ ਦੀਆਂ ਯਾਦਾਂ ਨੂੰ ਕਹਾਣੀਆਂ ਦੇ ਰੂਪ ਵਿਚ ਲਿਖਿਆ ਹੈ। ਉਮੀਦ ਹੈ ਕਿ ਇਹ ਕਿਤਾਬੀ ਰੂਪ ਵਿਚ ਛੇਤੀ ਹੀ ਪਾਠਕਾਂ ਦੇ ਹੱਥਾਂ ਵਿਚ ਹੋਵੇਗੀ।

?ਕੀ ਤੁਸੀਂ ਹੁਣ ਤੱਕ ਦੇ ਪੌਣੀ ਸਦੀ ਦੇ ਜੀਵਨ ਤੋਂ ਸੰਤੁਸ਼ਟ ਹੋ?
-ਅਵਤਾਰ ਸਿੰਘ ਜੀ, ਜ਼ਿੰਦਗੀ ਵਿਚ ਜੱਦੋ ਜਹਿਦ ਬਥੇਰੀ ਕੀਤੀ ਪਰ ਕਿਸੇ ਨਾਲ ਕੋਈ ਧੋਖਾ ਜਾਂ ਹੇਰਾ ਫੇਰੀ ਕਰਨ ਬਾਰੇ ਸੋਚਿਆ ਵੀ ਨਹੀਂ। ਮੈਂ ਜੀਵਨ ਦੇ ਬਹੁਤ ਉ¥ਚੇ ਟੀਚੇ ਨਹੀਂ ਸੀ ਮਿਥੇ ਹੋਏ। ਬੱਸ ਸੰਘਸ਼ਸ਼ੀਲ ਜ਼ਿੰਦਗੀ ਦੀ ਸਹਿਜ ਤੋਰੇ ਤੁਰਦਾ ਰਿਹਾ। ਜੋ ਮੈਂ ਚਿਤਵਿਆ ਵੀ ਨਹੀਂ ਸੀ ਉਹ ਪ੍ਰਾਪਤ ਹੋ ਗਿਆ, ਇਸ ਲਈ ਆਪਣੇ ਜੀਵਨ ਤੋਂ ਪੂਰੀ ਤਰ੍ਹਾਂ ਸਤੁਸ਼ਟ ਹਾਂ।

?ਕੋਈ ਹੋਰ ਸਵਾਲ ਜੋ ਆਪਣੇ ਆਪ 'ਤੇ ਕਰਨਾ ਚਾਹੋ?
-ਸਵਾਲ ਕੋਈ ਨਹੀਂ ਬੱਸ ਤਮੰਨਾ ਹੈ ਕਿ ਰਹਿੰਦਾ ਜੀਵਨ ਲਿਖਦਿਆਂ, ਪੜ੍ਹਦਿਆਂ ਤੇ ਸਮਾਜ ਸੇਵਾ ਵਿਚ ਬੀਤ ਜਾਵੇ। ਚਲਦਿਆਂ ਫਿਰਦਿਆਂ ਦਾ ਦਮ ਨਿਕਲ ਜਾਵੇ ਅਤੇ ਇਹ ਸਰੀਰ, ਜਿਹੜਾ ਕਿ ਮੈਂ ਪਹਿਲਾਂ ਹੀ ਆਪਣੀ ਵਸੀਅਤ ਵਿਚ ਮੈਡੀਕਲ ਵਾਸਤੇ ਦਾਨ ਕੀਤਾ ਹੋਇਆ ਹੈ, ਕਿਸੇ ਦੇ ਕੰਮ ਆ ਜਾਵੇ।

Comments

Mukhtiar Singh

Good Mulakat Billing ji.

dhanwant bath

thanks for sharing billing saab

Manga Basi

It is good mulakat, Sekha sahib is a good writer, teacher ,father and husband too. i salute to his strugle for success. Long live sekha sahib your readers stll expecting more from yo, though you did lots.

harbans singh sidhu

good mulakat ji

sukhdev

very interesting

Rajveer Kaur Dhillon

Dil nu chuhan wali mulaqat

Hari Krishan Mayer

vadhia mulakat

surjit Gag

ਸਾਊ ਤੇ ਸੰਗਾਊ ਨਾਵਲਕਾਰ ਜਰਨੈਲ ਸਿੰਘ ਸੇਖਾ wah ji wah !

Gurmeet Sandhu

ਬਿਲਿੰਗ ਸਾਹਿਬ, ਨਾਵਲਿਸਟ ਜਰਨੈਲ ਸਿੰਘ ਸੇਖਾ ਹੋਰਾਂ ਨਾਲ ਬਹੁਤ ਵਧੀਆ ਮੁਲਾਕਾਤ ਤੁਸੀਂ ਕਲਮਬੰਦ ਕੀਤੀ ਹੈ, ਕਲਮਕਾਰ ਦੇ ਨਿਜੀ ਜੀਵਨ ਨੂੰ ਨੇੜਿਓਂ ਹੋ ਕੇ ਜਾਨਣ ਦੀ ਉਤਸੁਕਤਾ ਇਹਦੇ ਵਿਚ ਬਰਕਰਾਰ ਰਹਿੰਦੀ ਹੈ। ਸੇਖਾ ਸਾਹਿਬ ਦਾ ਸੰਘਰਸ਼ਸ਼ੀਲ ਜੀਵਨ ਗੌਰਵਮਈ ਹੈ।

Jagjit Sandhu

ਬਹੁਤ ਵਧੀਆ ਸਾਖਿਆਤਕਾਰ ਹੈ ਜੀ। ਵੈਨਕੂਵਰ ਆ ਕੇ ਵੇਖਿਆ ਕਿ ਇਹ ਸੱਚੀਂ ਹੀ ਬੜੇ ਸਾਊ ਅਤੇ ਸੰਗਾਊ ਸੁਭਾਅ ਦੇ ਹਨ।

tarsem rana

wonderfull!jaisa banda taisi malakaat.....

Security Code (required)Can't read the image? click here to refresh.

Name (required)

Leave a comment... (required)

ਸ਼ਖ਼ਸਨਾਮਾ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ