Fri, 19 April 2024
Your Visitor Number :-   6985071
SuhisaverSuhisaver Suhisaver

ਆਦਿਵਾਸੀਆਂ ’ਤੇ ਹੋ ਰਹੇ ਜ਼ੁਲਮਾਂ ਤੋਂ ਭਾਰਤ ਵਾਸੀਆਂ ਨੂੰ ਜਾਣੂ ਕਰਵਾਉਣਾ ਮੇਰਾ ਮੁੱਖ ਉਦੇਸ਼: ਹਿਮਾਂਸ਼ੂ ਕੁਮਾਰ

Posted on:- 23-03-2012

suhisaver

ਮੁਲਾਕਾਤੀ-ਸ਼ਿਵ ਇੰਦਰ ਸਿੰਘ

ਹਿਮਾਂਸ਼ੂ ਕੁਮਾਰ ਭਾਰਤ ਦੇ ਉੱਘੇ ਸਮਾਜ ਸੇਵਕ ਤੇ ਗਾਂਧੀਵਾਦੀ ਚਿੰਤਕ ਹਨ। ਪਿਛਲੇ 17-18 ਸਾਲਾਂ ਤੋਂ ਪਰਿਵਾਰ ਸਮੇਤ ਦਾਂਤੇਵਾੜਾ ਦੇ ਜੰਗਲਾਂ ’ਚ ਰਹਿ ਕੇ ਆਦਿਵਾਸੀਆਂ ਦੇ ਜੀਵਨ ਪੱਧਰ ਨੂੰ ਸੁਧਾਰਨ ਲਈ ਕੰਮ ਕਰ ਰਹੇ ਹਨ। ‘ਅਪਰੇਸ਼ਨ ਗਰੀਨ ਹੰਟ’ ਤਹਿਤ ਪੁਲਿਸ ਤੇ ਫੌਜ ਵੱਲੋਂ ਮਾਉਵਾਦੀਆਂ ਦੇ ਨਾਂ ਹੇਠ ਗਰੀਬ ਆਦਿਵਾਸੀਆਂ ’ਤੇ ਤਸ਼ੱਦਦ ਵਿਰੁੱਧ ਆਪ ਨੇ ਪੁਰਜ਼ੋਰ ਆਵਾਜ਼ ਉਠਾਈ ਹੈ। ਜਿਸ ਤੋਂ ਖਫ਼ਾ ਹੋ ਕੇ ਹਕੂਮਤ ਨੇ ਉਨਾਂ ਦਾ ਆਸ਼ਰਮ ਢੁਹਾ ਦਿੱਤਾ ਗਆ ਤੇ ਝੂਠੇ ਕੇਸਾਂ ’ਚ ਫਸਾਉਣ ਦੀ ਕੋਸ਼ਿਸ਼ ਕੀਤੀ। ਪਿੱਛੇ ਜਿਹੇ ਉਹਨਾਂ  (ਜਨਵਰੀ 2010) ‘ਅਪਰੇਸ਼ਨ ਗਰੀਨ ਹੰਟ’ ਵਿਰੁੱਧ ਭਾਰਤ ਯਾਤਰਾ ਕੀਤੀ। ਇਸੇ ਹੀ ਲੜੀ ਤਹਿਤ  ਦਿਨਾਂ ਉਹ ਪੰਜਾਬ ਵੀ ਆਏ। ਜਿੱਥੇ ਉਹਨਾਂ ਨਾਲ ਮੈਨੂੰ ਗੱਲ ਕਰਨ ਦਾ ਮੌਕਾ ਮਿਲਿਆ।


? ਸਵਾਲ- ਦਾਂਤੇਵਾੜਾ ਦੀ ਸੋਚ ਕੇ ਗਏ? ਉੱਥੇ ਜਾ ਕੇ ਕਿਸ ਤਰਾਂ ਦਾ ਮਹਿਸੂਸ ਕੀਤਾ?
ਜਵਾਬ- ਮਹਾਤਮਾ ਗਾਂਧੀ ਜੀ ਦਾ ਵਿਚਾਰ ਸੀ ਕਿ ਅਸਲ ਭਾਰਤ ਪਿੰਡਾ ਵਿਚ ਵਸਦਾ ਹੈ ਅਤੇ ਉਥੋਂ ਦੀਆਂ ਹਾਲਤਾਂ ਨੂੰ ਸੁਧਾਰਨ ਲਈ ਨੌਜਵਾਨਾਂ ਨੂੰ ਪਿੰਡਾ ਵੱਲ ਜਾਣਾ ਚਾਹੀਦਾ ਹੈ। ਮੇਰਾ ਪਰਿਵਾਰਕ ਪਿਛੋਕੜ ਗਾਂਧੀਵਾਦੀ ਹੈ। ਮੇਰੇ ਪਿਤਾ ਜੀ ਨੇ ਗਾਂਧੀ ਜੀ ਨਾਲ ਆਜ਼ਾਦੀ ਦੀ ਲੜਾਈ ’ਚ ਹਿੱਸਾ ਲਿਆ ਸੀ। ਸੋ ਗਾਂਧੀ ਜੀ ਦੇ ਵਚਨਾਂ ਨੂੰ ਪੁਗਾਉਦਿਆਂ ਹੋਇਆਂ 1992 ’ਚ ਮੈਂ ਵਿਆਹ ਤੋਂ ਇਕ ਮਹੀਨਾ ਬਾਅਦ ਪਤਨੀ ਨਾਲ ਦਾਂਤੇਵਾੜਾ ਚਲਾ ਗਿਆ। ਉੱਥੇ ਅਸੀਂ ਬਗੈਰ ਕੰਧਾ ਵਾਲਾ ਝੌਪੜਾ ਬਣਾ ਕੇ ਰਹਿਣ ਲੱਗੇ ਫਿਰ ਪਿੰਡ ਦੇ ਲੋਕਾਂ ਨੇ ਮੈਨੂੰ ਆਸ਼ਰਮ ਬਣਾਉਣ ਲਈ ਥਾਂ ਦੇ ਦਿੱਤੀ। ਮੇਰੀਆਂ ਦੋਵੇਂ ਬੇਟੀਆਂ ਦਾ ਜਨਮ ਉੱਥੇ ਹੀ ਹੋਇਆ ਹੈ।



ਅਸੀਂ ਦੋਵੇਂ ਪਤੀ-ਪਤਨੀ ਨੇ ਜਾਂਦੇ ਸਾਰ ਹੀ ਆਦਿਵਾਸੀ ਲੋਕਾਂ ਦੀ ਸੇਵਾ-ਸੰਭਾਲ ਦਾ ਕੰਮ ਸ਼ੁਰੂ ਕਰ ਦਿੱਤਾ, ਜਿਵੇਂ ਪਤਨੀ ਦੇ ਮੇਕਅੱਪ ਬਾਕਸ (ਸ਼ਿੰਗਾਰ ਬਕਸੇ) ’ਚ ਦਵਾਈਆਂ ਪਾ ਕੇ ਪਿੰਡ-ਪਿੰਡ ਜਾਣਾ, ਆਦਿਵਾਸੀਆਂ ਦੇ ਬੱਚਿਆਂ ਨੂੰ ਪੜਾਉਣਾ ਤੇ ਨਹਿਲਾਉਣਾ ਆਦਿ।
ਉੱਥੇ ਦੇ ਲੋਕਾਂ ਨੇ ਮੈਨੂੰ ਬਹੁਤ ਪਿਆਰ ਦਿੱਤਾ। ਜਦੋਂ ਮੈਂ ਮੱਧ ਪ੍ਰਦੇਸ਼ ਘੁੰਮਣ ਲਈ5-6 ਦਿਨਾਂ ਵਾਸਤੇ ਪਤਨੀ ਨੂੰ ਇੱਕਲਾ ਛੱਡ ਕੇ ਚਲਿਆ ਜਾਂਦਾ ਤਾਂ ਉਸਨੂੰ ਕਦੇ ਡਰ ਨਹੀਂ ਲੱਗਿਆ। ਉੱਥੋਂ ਦੀਆਂ ਔਰਤਾਂ ਮੇਰੀਆਂ ਬੇਟੀਆਂ ਨੂੰ ਕੁੱਛੜ ਚੁੱਕਦੀਆਂ ਤੇ ਖਿਡਾਉਦੀਆਂ।

? ਸਵਾਲ- ਸਮਾਜ ਸੇਵਾ ਦੇ ਕੰਮਾਂ ਲਈ ਤੁਹਾਨੂੰ ਫੰਡ ਜਾਂ ਸਹਾਇਤਾ ਰਾਸ਼ੀ ਕਿੱਥੋਂ ਮਿਲਦੀ ਸੀ?
ਜਵਾਬ- ਸਾਡੇ ‘ਵਣਵਾਸੀ ਚੇਤਨਾ ਆਸ਼ਰਮ’ ਦੇ 250 ਦੇ ਕਰੀਬ ਕਾਰਕੁੰਨ ਹਨ, ਜੋ ਚੰਦੇ ਰਾਂਹੀ ਪੈਸੇ ਇਕੱਠੇ ਕਰਦੇ ਸਨ। ਭਾਰਤ ਸਰਕਾਰ ਦੀਆਂ ਆਦਿਵਾਸੀਆਂ ਲਈ  ਬਣਾਈਆਂ ਸਕੀਮਾਂ ਵੀ ਅਸੀਂ ਲਾਗੂ ਕਰਵਾਈਆਂ। ਇਸ ਤੋਂ ਬਿਨਾਂ ‘ਯੂਨੀਸੈਫ਼’ ਨੇ ਸਾਡੀ ਭਰਪੂਰ ਮੱਦਦ ਕੀਤੀ।

? ਸਵਾਲ- ਇਸ ਸਮੇਂ ਦਾਂਤੇਵਾੜਾ ’ਚ ਕੀ ਸਥਿਤੀ ਹੈ?
ਜਵਾਬ- ਆਦਿਵਾਸੀ ਇਲਾਕੇ ’ਚ ਇੱਕ ਕਾਨੂੰਨ ਹੈ ‘ਪੇਸਾ’ ਜਿਸ ਤਹਿਤ ਜੇਕਰ ਸਰਕਾਰ ਨੇ ਜ਼ਮੀਨ ਲੈਣੀ ਹੈ ਤਾਂ ਉਸ ਨੂੰ ਗ੍ਰਾਮ ਸਭਾ ਤੋਂ ਇਜਾਜ਼ਤ ਲੈਣੀ ਪੈਂਦੀ ਹੈ, ਪਰ ਸਰਕਾਰ ਨੇ ਸ਼ਾਰਟਕੱਟ ਮਾਰਦੇ ਹੋਏ ਕਿਹਾ ਕਿ ਆਦਿਵਾਸੀ ਨਕਸਲੀਆਂ ਨਾਲ ਮਿਲੇ ਹੋਏ ਹਨ। ਸਾਲ 2005 ਵਿੱਚ ਸਰਕਾਰ ਨੇ ‘ਸਲਵਾ ਜ਼ੁਡਮ’ ਦੀ ਸ਼ੁਰੂਆਤ ਕੀਤੀ। ਜੋ ਕਿ ਗੁੰਡੇ ਬਦਮਾਸ਼ਾਂ ਤੇ ਪੁਲਿਸ ਦਾ ਟੋਲਾ ਹੈ। ਉਸਨੇ ਜ਼ਬਰਦਸਤੀ ਲੋਕਾਂ ਤੋਂ ਪਿੰਡ ਖਾਲੀ ਕਰਵਾਏ ਤੇ ਪੁਲਿਸ ਥਾਣਿਆਂ ਨੇੜਲੇ ਕੈਪਾਂ ’ਚ ਲੋਕਾਂ ਨੂੰ ਰੱਖਣ ਦੀ ਕੋਸ਼ਿਸ਼ ਕੀਤੀ ਗਈ। ਜਦੋਂ ਲੋਕ ਇਨਾਂ ਕੈਪਾਂ ’ਚੋਂ ਭੱਜਣ ਦੀ ਕੋਸ਼ਿਸ਼ ਕਰਦੇ ਤਾਂ ਇਹ ‘ਸਲਵਾ ਜ਼ੁਡਮ’ ਵਾਲੇ ਲੋਕਾਂ ’ਤੇ ਗੋਲੀ ਚਲਾਉਦੇ, ਉਨਾਂ ਨੂੰ ਫੜ ਕੇ ਜੇਲਾਂ ’ਚ ਡੱਕਦੇ ਤੇ ਬਲਤਕਾਰ ਕਰਦੇ। ਸਾਡੀਆਂ ਕੋਸ਼ਿਸ਼ਾਂ ਸਦਕਾ  650 ਪਿੰਡਾਂ ਦੇ ਲੋਕਾਂ ਨੇ ਆਪਣਾ ਮੁੜ ਵਸੇਵਾ ਤੇ ਖੇਤੀ ਸ਼ੁਰੂ ਕੀਤੀ ਪਰ ਸਰਕਾਰ ਉਹਨਾਂ ’ਤੇ ਨਕਸਲੀਆ ਕਹਿ ਕੇ ਤਸ਼ੱਦਦ ਕਰਦੀ ਰਹੀ।
ਅਸੀਂ ਇੱਕ ਪਿੰਡ ਨੂੰ ਵਸਾਉਣ ਦਾ ਤਹੱਈਆ ਕੀਤਾ। ਮੈਂ ਕਿਹਾ ਕਿ ਅਸੀਂ ਇਹ ਪਿੰਡ ਨਹੀਂ ਛੱਡਾਂਗੇ। ਜੇ ਉਹ ਪਿੰਡ ਨੂੰ ਸਾੜ ਕੇ ਸੁਆਹ ਕਰਨਾ ਚਾਹੁੰਦੇ ਹਨ ਤਾਂ ਪਹਿਲਾਂ ਮੈਨੂੰ ਸਾੜ ਕੇ ਸੁਆਹ ਕਰਨ। ਅਸੀਂ ਉਸ ਪਿੰਡ ਦੁਆਲੇ ਮਨੁੱਖੀ ਢਾਲ ਬਣਾਈ।
ਸੁਪਰੀਮ ਕੋਰਟ ਨੇ ਸਰਕਾਰ ਨੂੰ ਆਦਿਵਾਸੀਆਂ ਦੇ ਮੁੜ ਵਸੇਵਂੇ ’ਤੇ ਮੁਆਵਜ਼ਾ ਦੇ ਆਦੇਸ਼ ਦਿੱਤੇ ਹੋਏ ਸਨ ਪਰ ਸਰਾਕਾਰ ਨੇ ਇੱਕ ਵੀ ਪਿੰਡ ਨਹੀਂ ਵਸਾਇਆ। ਸਰਕਾਰ ਦਾ ਆਦਵਾਸੀਆਂ ’ਤੇ ਹਮਲਾ ਕਰਨ ਦਾ ਇੱਕੋ-ਇੱਕ ਮਕਸਦ ਉਨਾਂ ਨੂੰ ਉਥੋਂ ਦਵੱਲ ਕੇ ਉਨਾਂ ਦੇ ਹਰੇ ਭਰੇ ਜੰਗਲਾਂ ’ਤੇ ਕਬਜ਼ਾ ਕਰਨਾ ਤੇ ਉਦਯੋਗਪਤੀਆਂ ਨੂੰ ਦੇਣਾ ਹੈ। ਇਹ ਜਾਣਦੇ ਹੀ ਆਦਿਵਾਸੀਆਂ ਨੇ ਇਹ ਫੈਸਲਾ ਕੀਤਾ ਕਿ ਸਰਕਾਰ ਦੇ ਨੌਜਵਾਨ ‘ਸਲਵਾ ਜ਼ੁਡਮ’ ਤੇ ਪਿੰਡਾਂ ਦੀ ਰਾਖੀ ਕਰਨਗੇ। ਉਹ ਡਾਂਗਾਂ-ਸੋਟੇ ਤੇ ਖੇਤੀ ਦੇ ਸੰਦ ਹੱਥ ’ਚ ਫੜ ਕੇ ਪਿੰਡਾਂ ’ਚ ਪਹਿਰਾ ਦੇਣ ਲੱਗ ਪਏ ਤੇ ਭਾਰਤੀ ਹਕੂਮਤ ਇਨਾਂ ਨੂੰ ਨਕਸਲੀ ਦੱਸਣ ਲੱਗ ਪਈ।
ਸਰਕਾਰ ਤਾਂ ਪੁਲਿਸ ਦੇ ਗੁਨਾਹ ਮੰਨਣ ਤੋਂ ਵੀ ਇਨਕਾਰੀ ਹੈ। ਅਸੀਂ ਬਲਾਤਕਾਰ, ਅਗਵਾ, ਸਾੜ-ਫੂਕ ਵਰਗੇ ਸੰਗੀਨ ਅਪਰਾਧਾਂ ਦੀਆਂ ਅਨੇਕਾਂ ਐੱਫ. ਆਈ. ਆਰ ਦਰਜ ਕਰਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਪਰ ਪੁਲਿਸ ਐੱਸ. ਪੀ ਨੇ ਇਹ ਕਹਿ ਕੇ ਦਰਜ ਨਹੀਂ ਕੀਤੀਆਂ ਕਿ ਇਹ ਸਭ ਝੂਠੀਆਂ ਹਨ। ਕਾਨੂੰਨ ਮੁਤਾਬਿਕ ਕੋਈ ਪੁਲਿਸ ਅਫ਼ਸਰ ਇਹ ਤੈਅ ਨਹੀਂ ਕਰ ਸਕਦਾ ਕਿ ਸ਼ਿਕਾਇਤਾਂ ਝੂਠੀਆਂ ਹਨ ਜਾਂ ਸੱਚੀਆਂ, ਖ਼ਾਸ ਕਰ ਉੁਦੋਂ ਜਦੋਂ ਇਹ ਪੁਲਿਸ ਦੇ ਹੀ ਖਿਲਾਫ਼ ਹੋਣ।
ਉੱਥੇ ਹਾਲਾਤ ਇਹ ਹੈ ਕਿ ਜੇਕਰ ਕੋਈ ਔਰਤ 5 ਕਿਲੋਮੀਟਰ ਦੀ ਦੂਰੀ ਤੇ ਹਫ਼ਤਾਵਾਰ ਬਾਜ਼ਾਰ ਜਾਂਦੀ ਹੈ ਤਾਂ ਉਹ ਜਾਣਦੀ ਹੈ ਕਿ ‘ਸਲਵਾ ਜ਼ੁਡਮ’ ਵਾਲੇ ਘੇਰ ਲੈਣਗੇ। ਇਸ ਲਈ ਉਹ 85 ਕਿਲੋਮੀਟਰ ਦੂਰੀ ਵਾਲੇ ਬਾਜ਼ਾਰ ਜਾਂਦੀ ਹੈ, ਜਿੱਥੇ ਦੋ ਦਿਨ ਜਾਣ ਅਤੇ ਦੋ ਦਿਨ ਆਉਣ ਨੂੰ ਲੱਗਦੇ ਹਨ। ਆਖ਼ਿਰ ਇਹ ਹਾਲਾਤ ਵੀ ਤਾਂ ਸਰਕਾਰ ਨੇ ਹੀ ਪੈਦਾ ਕੀਤੇ ਹਨ?
ਸਰਕਾਰ ਅਕਸਰ ਕਹਿੰਦੀ ਹੈ ਕਿ ਨਕਸਲੀਏ ਖ਼ਤਰਨਾਕ ਹਨ। ਸਰਕਾਰ ਨੂੰ ਇਹ ਸਵਾਲ ਕਰਨਾ ਬਣਦਾ ਹੈ ਕਿ ਜੇਕਰ ਉਹ ਵਾਕਈ ਖ਼ਤਰਨਾਕ ਹਨ ਤਾਂ ਉਹ ਆਦਿਵਾਸੀਆਂ ’ਚ ਹਰਮਨ ਪਿਆਰੇ ਕਿਉ ਹਨ? ਮੈਂ ਨਕਸਲੀਆਂ ਨੂੰ ਪਿਛਲੇ 17-18 ਸਾਲ ਤੋਂ ਕੰਮ ਕਰਦੇ ਵੇਖਿਆ ਹੈ। ਅੱਸੀਵਿਆਂ ’ਚ ਮਾਓਵਾਦੀ ਉੱਥੇ ਆਏ। ਉਦੋਂ ਹੀ ਉਨਾਂ ਜ਼ਾਲਮ ਗਾਰਡ ਨੂੰ ਫ਼ੜ ਕੇ ਆਦਿਵਾਸੀਆਂ ਹਵਾਲੇ ਕੀਤਾ। ਪਹਿਲੀ ਵਾਰ ਆਦਿਵਾਸੀਆਂ ਨੂੰ ਮਹਿਸੂਸ ਹੋਇਆ, ਕਿ ਉਨਾਂ ਕੋਲ ਵੀ ਜ਼ੁਲਮਾਂ ਖ਼ਿਲਾਫ਼ ਲੜਨ ਦੀ ਤਾਕਤ ਹੈ। ਸਰਕਾਰ ਨੇ ਕਦੇ ਮਹੂਆ ਦਾ ਦਾ ਘੱਟੋ-ਘੱਟ ਮੁੱਲ ਤੈਅ ਨਹੀਂ ਕੀਤਾ ਪਰ ਮਾਓਵਾਦੀਆਂ ਨੇ ਕੀਤਾ ਹੈ।
ਜੇਕਰ ਸਰਕਾਰ ਸੱਚਮੁੱਚ ਅਮਨ ਚਾਹੁੰਦੀ ਹੈ ਤਾਂ ਇੱਕ ਹਫ਼ਤੇ ’ਚ ਕਾਇਮ ਹੋ ਸਕਦਾ ਹੈ। ਸਰਕਾਰ ਉਥੇਂ ਦੀਆਂ ਸਿਹਤ ਸਿੱਖਿਆ ਸਹੂਲਤਾਵਾਂ ਨੂੰ ਬਹਾਲ ਕਰੇ। ਸਰਕਾਰੀ ਇਸ਼ਾਰੇ ’ਤੇ ਹੋ ਰਹੇ ਜ਼ੁਲਮ ਬੰਦ ਹੋ ਜਾਣ ਪਰ ਸਰਕਾਰ ਇਹ ਸਭ ਕੁਝ ਕਰਨਾ ਨਹੀਂ ਚਾਹੁੰਦੀ।
ਜਦੋਂ ਮੈਂ ਉੱਥੇ ਮਨੁੱਖੀ ਅਧਿਕਾਰਾਂ ਦੇ ਹੋ ਰਹੇ ਘਾਣ ਵਿਰੁੱਧ ਆਵਾਜ਼ ਉਠਾਈ ਤਾਂ ਸਰਕਾਰ ਨੇ ਮੈਨੂੰ ਵੀ ਝੂਠੇ ਕੇਸਾਂ ’ਚ ਫਸਾਉਣਾ ਚਾਹਿਆ।

? ਸਵਾਲ- ਹਿੰਸਾ ਨੂੰ ਤੁਸੀਂ ਕਿਵੇਂ ਪ੍ਰਭਾਸ਼ਿਤ ਕਰੋਗੇ? ਮਾਓਵਾਦੀਆਂ ਦੀ ਹਿੰਸਾ ਤੇ ਸਟੇਟ ਦੀ ਹਿੰਸਾ ’ਚ ਕੀ ਫਰਕ ਹੈ?
ਜਵਾਬ- ਹਿੰਸਾ ਕੇਵਲ ਹਥਿਆਰਾਂ ਨਾਲ ਨਹੀਂ ਹੁੰਦੀ। ਇੱਕ ਹਿੰਸਾ ਸਾਡੇ ਆਰਥਿਕ ਤੇ ਰਾਜਨੀਤਕ ਢਾਂਚੇ ਦੀ ਹੁੰਦੀ ਹੈ। ਸਾਡਾ ਆਰਥਿਕ ਤੇ ਰਾਜਨੀਤਕ ਢਾਂਚਾ ਨਾ ਬਰਾਬਰੀ ’ਤੇ ਉਸਰਿਆ ਹੋਇਆ ਹੈ ਜੋ ਕਿ ਹਿੰਸਾ ਨੂੰ ਜਨਮ ਦਿੰਦਾ ਹੈ। ਏਥੇ ਇੱਕ ਪਾਸੇ ਇਹ ਲੋਕ ਹਨ ਜਿੰਨਾ ਕੋਲ ਪੁਲਿਸ ਹੈ, ਸਰਕਾਰ ਹੈ। ਦੂਜੇ ਪਾਸੇ ਉਹ ਲੋਕ ਵੀ ਹਨ ਜਿਨਾਂ ਕੋਲ ਨਾ ਪੁਲਿਸ ਹੈ, ਨਾ ਸਰਕਾਰ ਹੈ। ਇਨਾਂ ਕੋਲ ਖਾਣ ਵਾਸਤੇ ਵੀ ਕੁਝ ਨਹੀਂ ਹੈ। ਇਹ ਸਾਲਾਂ ਤੋਂ ਲੁੱਟੇ ਜਾ ਰਹੇ ਹਨ। ਸਾਡੇ ਸਮਾਜ ਦਾ ਇੱਕ ਢਾਂਚਾ ਹੈ, ਜੋ ਲੋਕ ਇਸ ਤੋਂ ਬਾਹਰ ਹਨ ਇਹ ਲੜਾਈ ਉਹਨਾਂ ਦੀ ਹੈ। ਇਸੇ ਤਰਾਂ ਨਾਬਰਾਬਰਤਾ ਸਾਡੇ ਪ੍ਰਬੰਧ ਵਿਚ ਮੌਜੂਦ ਹੈ। ਜਿਸਦਾ ਸਾਧਨਾਂ ’ਤੇ ਕਬਜ਼ਾ ਹੋ ਜਾਂਦਾ ਹੈ, ਉਹ ਸਾਡੀਆਂ ਕਦਰਾਂ ਕੀਮਤਾਂ ਦੇ ਪ੍ਰਬੰਧ ’ਤੇ ਵੀ ਕਾਬਜ਼ ਹੋ ਜਾਂਦੇ ਹੈ ਅਤੇ ਸਾਡੇ ਰਾਜਨੀਤਕ ਪ੍ਰਬੰਧ ’ਤੇ ਵੀ ਇਹਦਾ ਥੰਮ ਆਰਥਿਕ ਸਿਸਟਮ ਬਣਦਾ ਹੈ। ਇਹੀ ਢਾਂਚਾ ਗਰੀਬ ਨੂੰ ਹੋਰ ਗਰੀਬ ਅਤੇ ਅਮੀਰ ਨੂੰ ਹੋਰ ਅਮੀਰ ਬਣਾਉਦਾ ਹੈ। ਇੱਥੇਂ ਹੀ ਹਿੰਸਾ ਦਾ ਬੀਜ ਬੋਇਆ ਜਾਂਦਾ ਹੈ।
ਤੁਸੀਂ ਪੁੱਛਿਆ ਸੀ ਕਿ ਮਾਓਵਾਦੀਆਂ ਦੀ ਹਿੰਸਾ ਤੇ ਸਟੇਟ ਦੀ ਹਿੰਸਾ ’ਚ ਕੀ ਫਰਕ ਹੈ। ਮੈਂ ਸਮਝਦਾ ਹਾਂ ਮਾਓਵਾਦੀਆਂ ਦੀ ਹਿੰਸਾ ਰਾਜਨੀਤਕ ਤੇ ਆਰਥਿਕ ਪ੍ਰਸਥਿਤੀਆਂ ’ਚੋਂ ਨਿਕਲੀ ਹੈ ਪਰ ਸਟੇਟ ਦੀ ਹਿੰਸਾ ਤਾਕਤਵਰ ਕਾਰਪੋਰੇਟ ਘਰਾਣਿਆਂ ’ਚੋਂ ਨਿਕਲੀ ਹੈ। ਸਰਕਾਰ ਇਨਾਂ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਦੀ ਰਾਖੀ ਆਪਣੇ ਦੇਸ਼ਵਾਸੀਆਂ ਨੂੰ ਮਾਰ ਕੇ ਕਰ ਰਹੀ ਹੈ।

? ਸਵਾਲ- ਤੁਸੀਂ ਇੱਕ ਥਾਂ ਕਿਹਾ ਸੀ ਕਿ ਜੇ ਅੱਜ ਬਾਪੂ ਹੁੰਦੇ ਤਾਂ ਉਹ ਤੁਹਾਨੂੰ ਕੁੱਟਦੇ?
ਜਵਾਬ- ਮੈਂ ਇਹ ਗੱਲ ਉਸ ਪ੍ਰਸੰਗ ’ਚ ਆਖੀ ਸੀ ਕਿ ਲੋਕ ਤਾਂ ਮੈਨੂੰ ਗਾਂਧੀਵਾਦੀ ਮੰਨਦੇ ਹਨ, ਪਰ ਮੈਂ ਕਈ ਗੱਲਾਂ ’ਚ ਪੂਰਨ ਗਾਂਧੀਵਾਦੀਆਂ ਤੋਂ ਵੱਖਰਾ ਹਾਂ, ਜਿਵੇਂ ਮੈਂ ਧੋਤੀ ਨਹੀਂ ਕੁੜਤਾ-ਪਜ਼ਾਮਾ ਪਹਿਨਦਾ ਹਾਂ (ਹੱਸ ਕੇ)।

? ਸਵਾਲ- ਜਦੋਂ ਹਿਮਾਂਸ਼ੂ ਕੁਮਾਰ ਵਰਗਾ ਗਾਂਧੀਵਾਦੀ ਚਿੰਤਕ ਮਾਓਵਾਦੀਆਂ ਨਾਲ ਤੁਰ ਪਿਆ ਹੈ, ਕੀ ਇਹ ਹੋਰਨਾਂ ਗਾਂਧੀਵਾਦੀਆਂ ਲਈ ਚੁਣੌਤੀ ਨਹੀਂ ਬਣ ਗਿਆ ਹੈ ਕਿ ਉਹ ਆਦਿਵਾਸੀਆਂ ਜਾਂ ਇਸ ਤਰਾਂ ਦੇ ਹੋਰ ਇਲਾਕਿਆਂ ’ਚ ਆਪਣੀ ਲਹਿਰ ਕਿਵੇਂ ਚਲਾਉਣ ਅੱਜ ਦੇ ਸਮੇਂ ’ਚ?
ਜਵਾਬ- ਦੇਖੋ, ਨਾ ਤਾਂ ਮੈਂ ਮਾਓਵਾਦੀਆਂ ਬਾਰੇ ਕੋਈ ਟਿੱਪਣੀ ਕਰਾਂਗਾ ਤੇ ਨਾ ਹੀ ਗਾਂਧੀਵਾਦੀਆਂ ਬਾਰੇ ਕੁਝ ਕਹਿਣਾ ਚਾਹੁੰਦਾ ਹਾਂ, ਮੈਂ ਤਾਂ ਆਪਣੀ ਗੱਲ ਨਾਲ ਹੀ ਕਰਾਂਗਾ। ਮੈਂ ਸੱਚ ਦੇ ਨਾਲ ਖੜਾ ਹਾਂ, ਮੈਂ ਲੁੱਟੇ ਜਾ ਰਹੇ ਲੋਕਾਂ ਦੇ ਨਾਲ ਹਾਂ। ਜਦੋਂ ਸਰਕਾਰ ਨੇ ਮੇਰਾ ਆਸ਼ਰਮ ਢਾਹ ਦਿੱਤਾ ਤਾਂ ਮੈਨੂੰ ਕਿਸੇ ਨੇ ਕਿਹਾ ਕਿ ਇਹ ਤਾਂ ਬਹੁਤ ਬੁਰਾ ਹੋਇਆ, ਪਰ ਮੈਂ ਕਿਹਾ ਨਹੀਂ ਇਹ ਬਹੁਤ ਚੰਗਾ ਹੋਇਆ, ਇਸ ਨਾਲ ਆਦਿਵਾਸੀਆਂ ਦਾ ਭਰੋਸਾ ਮੇਰੇ ਵਿੱਚ ਹੋਰ ਪੱਕਾ ਹੋਵੇਗਾ। ਉਹ ਹੁਣ ਇਹ ਜ਼ਰੂਰ ਸੋਚਣਗੇ ਕਿ ਇਹ ਵਿਅਕਤੀ ਸਾਡੀ ਖ਼ਾਤਰ ਘਰ ਤੁੜਵਾ ਸਕਦਾ ਹੈ ਤੇ ਇਹ ਹੁਣ ਸਾਡੇ ਬਰਾਬਰ ਹੀ ਆ ਖੜੋਤਾ ਹੈ।

? ਸਵਾਲ- ਤੁਹਾਡੇ ਵਰਗੇ ਹੋਰ ਗਾਂਧੀਵਾਦੀ ਹੋਣਗੇ ਪਰ ਕਿਧਰੇ ਲੋਕਾਂ ’ਚ ਕੰਮ ਕਰਦੇ ਦਿਖੇ ਨਹੀਂ?
ਜਵਾਬ- ਇਹ ਬੜੇ ਦੁਖ ਦੀ ਗੱਲ ਹੈ ਕਿ ਜੋ ਲੋਕ ਆਪਣੇ ਆਪ ਨੂੰ ਗਾਂਧੀਵਾਦੀ ਕਹਾਉਂਦੇ ਹਨ ਉਹ ਲੋਕਾਂ ਨਾਲੋਂ
ਪੂਰੀ ਤਰਾਂ ਟੁੱਟ ਚੁੱਕੇ ਹਨ ਅਤੇ ਆਪਣੀਆਂ ਨਿੱਜੀ ਲੋੜਾਂ ਪਿੱਛੇ ਭੱਜ ਰਹੇ ਹਨ।

? ਸਵਾਲ- ਕੀ ਭਵਿੱਖ ’ਚ ਮਾਰਕਸਵਾਦੀ ਤੇ ਗਾਂਧੀਵਾਦੀ ਮਾਡਲ ਇੱਕਠੇ ਨਹੀਂ ਚੱਲ ਸਕਦੇ? ਜਿਵੇਂ ਤੁਹਾਡੀ ਸਾਇਕਲ ਯਾਤਰਾ ਦੇ ਪ੍ਰਸੰਗ ’ਚ ਵੀ ਕੁਝ ਅਖ਼ਬਾਰਾਂ ਨੇ ਇਸ ਤਰਾਂ ਲਿਖਿਆ ਹੈ?
ਜਵਾਬ- ਅਸੀਂ ਤਾਂ ਇਹ ਚਾਹੁੰਦੇ ਹਾਂ ਕਿ ਲੋਕਾਂ ਦੇ ਭਲੇ ਵਾਸਤੇ ਅਸੀਂ ਸਭ ਵੱਖ-ਵੱਖ ਵਿਚਾਰਧਾਰਵਾਂ ਨਾਲ ਜੁੜ ਕੇ ਇੱਕਠੇ ਰਲ ਕੇ ਕੰਮ ਕਰੀਏ।

? ਸਾਵਲ- ਬਿਨੋਵਾ ਭਾਵੇ ਦਾ ਗਰੀਬਾਂ ਵਿੱਚ ਜ਼ਮੀਨ ਵੰਡਣ ਵਾਲਾ ਰਾਹ ਤਾਂ ਸਟੇਟ ਨੂੰ ਸਹੀ ਜਾਪਦਾ ਹੈ, ਪਰ ਮਾਓਵਾਦੀਆਂ ਵਾਲਾ ਗ਼ਲਤ ਕਿਉ ਜਾਪਦੀ ਹੈ?
ਜਵਾਬ- ਸੰਤ ਬਿਨੋਵਾ ਵਾਲਾ ਰਾਹ ਵੀ ਸਰਕਾਰ ਨੂੰ ਕਦੋਂ ਸਹੀ ਜਾਪਦਾ ਹੈ। ਜੇ ਜਾਪਦਾ ਹੁੰਦਾ ਤਾਂ ਹੁਣ ਤੱਕ ਅਮਨ ਨਾ ਆ ਚੁੱਕਾ ਹੁੰਦਾ? ਹਾਂ ਇੱਕ ਵਿਸ਼ੇਸ਼ ਬੁੱਧੀਜੀਵੀ ਵਰਗ ਨੂੰ ਬਿਨੋਵਾ ਸੰਤ ਦਾ ਰਸਤਾ ਠੀਕ ਤੇ ਮਾਓਵਾਦੀਆਂ ਵਾਲਾ ਗ਼ਲਤ ਲੱਗ ਸਕਦਾ ਹੈ। ਜਦੋਂ ਸਟੇਟ ’ਤੇ ਤਾਕਾਤਵਰ ਲੋਕ ਕਾਬਜ਼ ਹੋ ਜਾਂਦੇ ਹਨ ਤਾਂ ਉਹ ਲੋਕਾਂ ਪ੍ਰਤੀ ਉਤਰਦਾਈ ਨਹੀਂ ਹੁੰਦੇ। ਪੁਲਿਸ ਰਾਹੀਂ ਲੋਕਾਂ ਦੀ ਜ਼ਬਾਨ ਵੀ ਬੰਦ ਕਰਵਾਉਦੇ ਹਨ। ਸਾਡੇ ਮੁਲਕ ਵਿੱਚ ਤਾਂ ਇਹੀ ਹੋ ਰਿਹਾ ਹੈ।

? ਸਵਾਲ- ਜੇਕਰ ਸਟੇਟ ਐਮ.ਓ.ਯੂ ਨੂੰ ਵਾਪਸ ਲੈਂਦੀ ਹੈ ਤੇ ਜਲ, ਜੰਗਲ ਅਤੇ ਜ਼ਮੀਨ ਆਦਿਵਾਸੀਆਂ ਨੂੰ ਦੇ ਦਿੰਦੀ ਹੈ ਤਾਂ ਤੁਸੀਂ ਮਾਓਵਾਦੀ ਮੂਵਮੈਂਟ ਦਾ ਕੀ ਆਧਾਰ ਵੇਖਦੇ ਹੋ?
ਜਵਾਬ- ਮੈਨੂੰ ਤਾਂ ਇਹੀ ਲੱਗਦਾ ਹੈ ਕਿ ਇਸ ਨਾਲ ਸਮੱਸਿਆ ਹੱਲ ਹੋ ਜਾਵੇਗੀ। ਮੈਂ ਤਾਂ ਸਾਰੀ ਲੜਾਈ ਦੀ ਜੜ ਹੀ ਇਨਾਂ ਗੱਲਾਂ ਨੂੰ ਸਮਝਦਾ ਹਾਂ, ਜੇਕਰ ਸਟੇਟ ਇਸ ਤਰਾਂ ਕਰਦੀ ਹੈ ਤਾਂ ਕੋਈ ਆਦਿਵਾਸੀ ਹਥਿਆਰ ਕਿਉਂ ਚੁੱਕੇਗਾ?

? ਸਵਾਲ- ਕੀ ਮਾਓਵਾਦੀ ਵਿਕਾਸ ਵਿਰੋਧੀ ਨਹੀਂ ਹਨ, ਕਿਉਕਿ ਕਿਸੇ ਵੀ ਦੇਸ਼ ਦੇ ਵਿਕਾਸ ਲਈ ਖਣਿਜ ਪਦਾਰਥਾਂ ਦੀ ਅਹਿਮ ਲੋੜ ਹੁੰਦੀ ਹੈ, ਫੇਰ ਸਰਕਾਰ ਇਨਾਂ ਨੂੰ ਵਰਤੇ ਕਿਉ ਨਾ?
ਜਵਾਬ- ਮੈਂ ਤੁਹਾਨੂੰ ਸਵਾਲ ਕਰਦਾ ਹਾਂ, ਆਖਿਰ ਵਿਕਾਸ ਕਿਸਦਾ? ਸਭ ਤੋਂ ਪਹਿਲਾ ਸਾਨੂੰ ਵਿਕਾਸ ਦੀ ਪਰਿਭਾਸ਼ਾ ਤੈਅ ਕਰਨੀ ਪਵੇਗੀ, ਆਖਿਰ ਤੁਸੀਂ ਵਿਕਾਸ ਕਹਿੰਦੇ ਕਿਸ ਨੂੰ ਹੋ? ਸਾਡੇ ਦੇਸ਼ ’ਚੋਂ ਨਿਕਲਣ ਵਾਲਾ ਕੱਚਾ ਮਾਲ ਜਾਂ ਲੋਹਾ ਭਾਰਤ ਸਰਕਾਰ 400 ਰੁਪਏ ਮੀਟਰਿਕ ਟਨ ਤਾਂ ਜਾਪਾਨ ਨੂੰ ਦੇ ਦਿੰਦੀ ਹੈ, ਪਰ ਜੇ ਸਾਡੇ ਦੇਸ਼ ਦੇ ਕਿਸੇ ਭਾਰਤੀ ਉਦਯੋਗਪਤੀ ਨੇ ਖਰੀਦਣਾ ਹੋਵੇ ਤਾਂ ਮੁੱਲ ਹੋਵੇਗਾ 6 ਹਜ਼ਾਰ ਰੁਪਏ ਮੀਟਰਿਕ ਟਨ ਉੱਤੇ 20 ਫੀਸਦੀ ਰਾਇਲਟੀ ਸਰਕਾਰ ਨੂੰ ਮਿਲਦੀ ਹੈ। ਆਪਣੇ ਮੁਲਕ ’ਚੋ ਬੇਸ਼ਕੀਮਤੀ ਖਣਿਜ ਪਦਾਰਥਾਂ ਨੂੰ ਲੁਟਾਵਾਉਣ ਨੂੰ ਤੁਸੀਂ ਵਿਕਾਸ ਕਹੋਗੇ? ਇੱਕ ਤਾਂ ਇਹ ਅਮੀਰ ਮੁਲਕ ਸਾਨੂੰ ਲੁੱਟਣ ਵਾਲੇ ਸਾਡਾ ਵਾਤਾਵਰਣ ਖ਼ਰਾਬ ਕਰੀ ਜਾਣ।
ਦੂਜਾ ਸਵਾਲ ਇਹ ਹੈ ਕਿ ਕੀ ਇਹ ਖਣਿਜ ਪਦਾਰਥ ਸਿਰਫ਼ ਇਸੇ ਪੀੜੀ ਵਾਸਤੇ ਹਨ। ਅਸੀਂ ਆਉਣ ਵਾਲੀਆਂ ਨਸਲਾਂ ਲਈ ਇਹ ਖਜ਼ਾਨਾ ਸੰਭਾਲ ਕੇ ਨਹੀਂ ਰੱਖਣਾ? ਗਰੀਬਾਂ ਨੂੰ ਹਾਸ਼ੀਏ ’ਤੇ ਧੱਕ ਕੇ ਅਮੀਰਾਂ ਨੂੰ ਮਾਲਾ-ਮਾਲ ਕਰਨ ਨੂੰ ਅਸੀਂ ਵਿਕਾਸ ਕਿਵੇਂ ਕਹਿ ਸਕਦੇ ਹਾਂ?

? ਸਵਾਲ- ਮਾਰਕਸਵਾਦ ਜੇ ਕਿਸੇ ਵੀ ਮੁਲਕ ’ਚ ਕਾਇਮ ਰਿਹਾ ਤਾਂ ਉਹ ਸਮਾਜਵਾਦੀ ਰੂਪ ’ਚ ਹੀ ਰਿਹਾ ਵੈਨਜ਼ੁਏਲਾ ਵਰਗੇ ਦੇਸ਼ ਇਸਦੀ ਮਿਸਾਲ ਹਨ, ਪਰ ਮਾਓਵਾਦੀ ਇਹ ਗੱਲ ਮੰਨਣ ਨੂੰ ਤਿਆਰ ਹੀ ਨਹੀਂ ਹਨ?
ਜਵਾਬ- ਹਥਿਆਰਬੰਦ ਤਰੀਕਿਆਂ ਦਾ ਤਾਂ ਮੈਂ ਵੀ ਵਿਰੋਧੀ ਹਾਂ। ਮੈਂ ਮੰਨਦਾ ਹਾਂ ਕਿ ਹਥਿਆਰਬੰਦ ਵਿਅਕਤੀ ਨਾਲੋਂ ਨਿਹੱਥਾ ਵਿਅਕਤੀ ਕਿਤੇ, ਕਿਤੇ ਵੱਧ ਖ਼ਤਰਨਾਕ ਹੁੰਦਾ ਹੈ। ਜੇਕਰ ਮੈਂ ਹਥਿਆਰ ਚੁੱਕਦਾ ਤਾਂ ਸਟੇਟ ਮੈਨੂੰ ਕਦੋਂ ਦਾ ਮਾਓਵਾਦੀ ਆਖ ਕੇ ਮਾਰ ਦਿੰਦੀ, ਪਰ ਮੈਂ ਆਪਣੀ ਲੜਾਈ ਲੋਕਤੰਤਰਿਕ ਤਰੀਕੇ ਨਾਲ ਲੜ ਰਿਹਾਂ ਹਾਂ।

? ਸਵਾਲ- ਭਾਰਤ ਪੱਧਰ ’ਤੇ ਤੁਹਾਡੀ ਇਸ ‘ਗ੍ਰੀਨ ਹੰਟ’ ਵਿਰੋਧੀ ਮੁਹਿੰਮ ਨੂੰ ਬਹੁਤ ਵੱਡਾ ਸਮਰਥਨ ਨਹੀਂ ਮਿਲ ਰਿਹਾ, ਅਜਿਹਾ ਕਿਉ?
ਜਵਾਬ- ਤੁਹਾਡਾ ਸਵਾਲ ਅੱਧਾ ਸਹੀ ਹੈ। ਇਹ ਗੱਲ ਠੀਕ ਹੈ ਕਿ ਇਸ ‘ਗ੍ਰੀਨ ਹੰਟ’ ਵਿਰੋਧੀ ਮੁਹਿੰਮ ਨੂੰ ਉਤਨਾ ਹੁੰਗਾਰਾ ਨਹੀਂ ਮਿਲ ਰਿਹਾ, ਜਿਨਾਂ ਮਿਲਣਾ ਚਾਹੀਦਾ ਹੈ। ਇਸਦਾ ਕਾਰਨ ਵੀ ਸਾਫ ਹੈ, ਜੋ ਲੋਕ ਸਾਧਨ ਸੰਪਨ ਹਨ ਉਹ ਗਰੀਬ ਆਦਿਵਾਸੀਆਂ ਲਈ ਰਿਸਕ ਕਿਉ ਲੈਣਗੇ। ਲੇਕਿਨ ਇਹ ਗੱਲ ਵੀ ਸੱਚ ਹੈ ਕਿ ਬਹੁਤ ਸਾਰੇ ਬੁੱਧੀਜੀਵੀ ਸਾਡੇ ਹੱਕ ’ਚ ਨਿੱਤਰੇ ਹਨ, ਜਿਨਾਂ ਸਰਕਾਰੀ ਜ਼ਬਰ ਵਿਰੱਧ ਖੁਲ ਕੇ ਬੋਲਿਆ ਹੈ।

? ਸਵਾਲ- ਜਦੋਂ ਸਾਡਾ ਭਾਰਤੀ ਮੀਡੀਆ ਬਹੁਤ ਸਾਰੇ ਕੁਰੱਪਸ਼ਨ ਦੇ ਕੇਸ ਫੜ ਸਕਦਾ ਹੈ, ਹੋਰ ਬਹੁਤ ਸਾਰੀਆਂ ਗੱਲਾਂ ਤੋ ਪਰਦੇ ਚੁੱਕ ਸਕਦਾ ਹੈ ਫੇਰ ਇਸ ਮੁੱਦੇ ’ਤੇ ਚੁੱਪ ਕਿਉ ਹੈ? ਕੀ ਤੁਹਾਨੂੰ ਮੀਡੀਆ ਕਾਰਪੋਰੇਟ ਦਾ ਹਿੱਸਾ ਨਹੀਂ ਲੱਗਦਾ?
ਜਵਾਬ- ਤੁਹਾਡੀ ਗੱਲ ਬਿਲਕੁਲ ਸਹੀ ਹੈ, ਮੀਡੀਆ ਕਾਰਪੋਰੇਟ ਜਗਤ ਦਾ ਹੀ ਹਿੱਸਾ ਹੈ। ਇਸ ’ਤੇ ਸਾਧਨ ਸੰਪਨ ਲੋਕ ਕਾਬਜ਼ ਹਨ। ਮਾਓਵਾਦੀ ਇਲਾਕਆਂ ’ਚ ਜਦੋਂ ਪੁਲਿਸ ਦੀ ਗੋਲੀ ਨਾਲ ਕੋਈ ਗਰੀਬ ਮਾਰਿਆ ਜਾਂਦਾ ਹੈ ਤਾਂ ਉਸ ਦੀ ਕਿਧਰੇ ਕੋਈ ਖ਼ਬਰ ਨਹੀਂ ਲੱਭਦੀ, ਪਰ ਜੇ ਕੋਈ ਪੁਲਿਸ ਵਾਲਾ ਮਾਓਵਾਦੀਆਂ ਦੇ ਅੱੜਿਕੇ ਆ ਜਾਵੇ, ਫਿਰ ਧੜਾਧੜ ਖ਼ਬਰਾਂ ਛਪਦੀਆਂ ਹਨ। ਅਖੇ ਮਾਓਵਾਦੀਆਂ ਨੇ ਆਹ ਕਰਤਾ, ਮਾਓਵਾਦੀਆਂ ਨੇ ਔਹ ਕਰਤਾ।
ਮੀਡੀਆ ਦੀ ਭੂਮਿਕਾ ਦੀ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਮਿਸਾਲ ਦਿੰਦਾ ਹਾਂ। ਪਿਛਲੇ ਸਾਲ (2009) ਸਤੰਬਰ ’ਚ ‘ਅਪਰੇਸ਼ਨ ਗ੍ਰੀਨ ਹੰਟ’ ਦੇ ਪਹਿਲੇ ਪੜਾਅ ਦੌਰਾਨ ਪੁਲਸ ਦਸਤਿਆਂ ਨੇ ਇੱਕ ਪੂਰੇ ਪਰਿਵਾਰ ਨੂੰ ਨਿਸ਼ਾਨਾ ਬਣਾਇਆ। ਪਹਿਲਾਂ ਉਨਾਂ ਪਿਓ ਨੂੰ ਛੁਰੀਆਂ ਨਾਲ ਵਿੰਨਿਆ, ਫੇਰ ਮਾਂ ਨੂੰ ਤੇ ਵੱਡੀ ਕੁੜੀ ਦੇ ਦੋ ਸਾਲ ਦੇ ਬੱਚੇ ਦੇ ਦੰਦ ਤੋੜ ਦਿੱਤੇ ਤੇ ਉਸਦੀ ਜੀਭ ਦਾ ਇੱਕ ਹਿੱਸਾ ਵੱਢ ਦਿੱਤਾ। ਮੈਂ ਚਾਹੰੁਦਾ ਸੀ ਕਿ ਪੈ੍ਰਸ ਨੂੰ ਉਹਨਾਂ ਦੀ ਦਾਸਤਾਨ ਸੁਣਾਵਾਂ। ਮੈਂ ਉਨਾਂ ਨੂੰ ਰਾਏਪੁਰ ਲੈ ਕੇ ਗਿਆ। ਰਾਏਪੁਰ ਪੈ੍ਰਸ ਨੇ ਮੈਥੋਂ ਉਨਾਂ ਦੇ ਨਕਸਲੀ ਨਾ ਹੋਣ ਦਾ ਸਬੂਤ ਮੰਗਿਆ। ਮੈਂ ਉਨਾਂ ਨੂੰ ਦੱਸਿਆ ਕਿ ਇਨਾਂ ਨੂੰ ਤਾਂ ਪੁਲਿਸ ਵੀ ਨਕਸਲੀ ਨਹੀਂ ਮੰਨਦੀ। ਇਸਦੇ ਬਾਵਜੂਦ ਵੀ ਸਾਡੀ ਇੱਕ ਨਾ ਸੁਣੀ।

? ਸਵਾਲ- ਅੰਦਰੂਨੀ ਮਾਓਵਾਦੀ ਮੂਵੈਂਮਟ ਨੂੰ ਬਾਹਰੀ ਤੇ ਬਾਹਰੀ ਨੂੰ ਅੰਦਰੂਨੀ ਨਾਲ ਜੋੜਨ ਦਾ ਪਰੋਸੈੱਸ ਕਿਤੇ ਦਿਖਾਈ ਨਹੀਂ ਦਿੰਦਾ?
ਜਵਾਬ- ਮੈਂ ਮਾਓਵਾਦੀ ਲਹਿਰ ਦਾ ਅੰਗ ਨਹੀਂ ਹਾਂ। ਇਸ ਲਈ ਮੈਂ ਇਸ ਵਾਰੇ ਕੁਝ ਨਹੀਂ ਕਹਾਂਗਾ।

? ਸਵਾਲ- ਅਮਰੀਕਾ ਨੇ ਜਦ ਵੀ ਕਿਸੇ ਦੇਸ਼ ’ਤੇ ਹਮਲਾ ਕੀਤਾ ਹੈ ਤਾਂ ਇਹ ਹਾਲ ਦੁਹਾਈ ਪਾ ਕੇ ਕੀਤਾ ਹੈ ਕਿ ਇਸ ਦੇਸ਼ ’ਚ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ ਹੈ, ਪਰ ਭਾਰਤ ਦੇ ਆਦਿਵਾਸੀ ਇਲਾਕਿਆਂ ਬਾਰੇ ਅਮਰੀਕਾ ਦੀ ਚੁੱਪੀ ਕੀ ਦਰਸਾਉਂਦੀ ਹੈ?
ਜਵਾਬ- ਇਹਦਾ ਜਵਾਬ ਸਭ ਜਾਣਦੇ ਹੀ ਹਨ ਕਿ ਭਾਰਤ ਦੀ ਸਰਕਾਰ ਅਮਰੀਕਾ ਦੀ ਗੋਲੀ ਹੈ। ਭਾਰਤ ਦੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਅਮਰੀਕਾ ਦੀਆਂ ਬਹੁਕੌਮੀ ਕੰਪਨੀਆਂ ਦੇ ਹਿੱਤਾਂ ਦੀ ਰੱਖਿਆ ਕਰਦੇ ਹਨ ਤੇ ਉਨਾਂ ਦੇ ਨੌਕਰ ਰਹਿ ਚੁੱਕੇ ਹਨ। ਫੇਰ ਅਮਰੀਕਾ ਹੀ ਆਪਣੇ ਝੋਲੀ-ਚੁੱਕਾਂ ਖਿਲਾਫ ਕਿਵੇਂ ਬੋਲੇਗਾ?

? ਸਵਾਲ- ਸੀ.ਪੀ.ਆਈ ਤੇ ਸੀ.ਪੀ.ਐਮ ਦਾ ‘ਅਪਰੇਸ਼ਨ ਗ੍ਰੀਨ ਹੰਟ’ ਦੇ ਮੁੱਦੇ ’ਤੇ ਕੀ ਸਟੈਂਡ ਹੈ?
ਜਵਾਬ- ਦੇਖੋ ਦੋਵਾਂ ਦਾ ਸਟੈਂਡ ਹੁਣ ਤੱਕ ਇਹ ਹੈ ਕਿ ਸੀ.ਪੀ.ਆਈ ਨੇ ‘ਅਪਰੇਸ਼ਨ ਗ੍ਰੀਨ ਹੰਟ’ ਦਾ ਵਿਰੋਧ ਕੀਤਾ ਹੈ ਤੇ ਸੀ.ਪੀ.ਐਮ ਇਸ ਅਪ੍ਰੇਸ਼ਨ ਦੀ ਭਾਗੀਦਾਰ ਬਣੀ ਖੜੀ ਹੈ।

? ਸਵਾਲ- ਭਾਰਤੀ ਸੰਵਿਧਾਨ ਬਾਰੇ ਤੁਹਾਡਾ ਕੀ ਨਜ਼ਰੀਆ ਹੈ?
ਜਵਾਬ-ਮੈਂ ਭਾਰਤੀ ਸੰਵਿਧਾਨ ਦੀ ਦਿਲੋਂ ਇੱਜ਼ਤ ਕਰਦਾ ਹਾਂ। ਇਹ ਦੁਨੀਆ ਦੇ ਬਿਹਤਰ ਸੰਵਿਧਾਨਾਂ ’ਚੋਂ ਇੱਕ ਹੈ। ਇਹ ਤਾਂ ਸਮਾਜਵਾਦੀ ਸਰੂਪ ਹੈ। ਇਹ ਹਰ ਵਰਗ ਦੇ ਲੋਕਾਂ ਤੇ ਹਰ ਵਿਚਾਰਧਾਰਾ ਦਾ ਸਤਿਕਾਰ ਕਰਦਾ ਹੈ, ਪਰ ਅਫਸੋਸ ਇਸ ਗੱਲ ਦਾ ਹੈ ਕਿ ਗੁੰਡੇ ਕਿਸਮ ਦੇ ਲੋਕਾਂ ਦੇ ਵੱਸ ਪੈ ਗਿਆ ਹੈ। ਉਹ ਦੇਸ਼ ਦੇ ਲੀਡਰ ਬਣ ਬੈਠੇ ਹਨ। ਵੱਧ ਧੱਜੀਆਂ ਵੀ ਇਨਾਂ ਲੋਕਾਂ ਨੇ ਉਡਾਈਆਂ ਹਨ।

? ਸਵਾਲ- ਮਾਓਵਾਦੀ ਭਾਰਤ ਨੂੰ ਅਰਧ-ਜਗੀਰੂ ਸਟੇਟ ਮੰਨਦੇ ਹਨ ਤੇ ਤੁਸੀਂ...?
ਜਵਾਬ- ਮੰੈਂ ਮੰਨਦਾ ਹਾਂ ਕਿ ਭਾਰਤ ਵਿੱਚ ਸਰਮਾਏਦਾਰੀ ਆਪਣੀ ਚੜਤ ’ਤੇ ਹੈ, ਇਹ ਵਿਕਰਾਲ ਰੂਪ ’ਚ ਉਭਰ ਕੇ ਸਾਹਮਣੇ ਆ ਰਹੀ ਹੈ।

? ਸਵਾਲ- ਇਸ ਸਮੇਂ ਭਾਰਤ ’ਚ ਪੂੰਜੀਵਾਦੀ ਪ੍ਰਣਾਲੀ ਨਾਲ ਵਿਕਾਸ ਹੋ ਰਿਹਾ ਹੈ, ਜਿਸ ਨੂੰ ਤੁਸੀਂ ਵੀ ਮੰਨ ਚੁੱਕੇ ਹੋ। ਜੇਕਰ ਨੇੜਲੇ ਭਵਿੱਖ ਵਿੱਚ ਇਨਾਂ ਮਾਓਵਾਦੀਆਂ ਕੋਲ ਇੰਨੀ ਤਾਕਤ ਆ ਵੀ ਜਾਂਦੀ ਹੈ, ਕੀ ਤੁਹਾਨੂੰ ਲੱਗਦਾ ਹੈ ਕਿ ਇਹ ਜੰਗਲਾਂ ’ਚੋਂ ਉਠ ਕੇ ਭਾਰਤ ਦੀ ਆਵਾਮ ਦੀ ਸਹੀ ਅਗਵਾਈ ਕਰ ਸਕਣਗੇ?
ਜਵਾਬ- ਸਵਾਲ ਇਹ ਨਹੀਂ ਹੁੰਦਾ ਕਿ ਲੋਕਾਂ ਦੀ ਅਗਵਾਈ ਕਰਨ ਵਾਲਾ ਜੰਗਲਾਂ ’ਚੋਂ ਉਠ ਕੇ ਆਉਂਦਾ ਹੈ ਜਾਂ ਤੁਾਹਡੇ ‘ਸੱਭਿਅਕ ਸਮਾਜ’ ਵਿੱਚੋਂ, ਸਵਾਲ ਤਾਂ ਇਹ ਹੈ ਕਿ ਕੀ ਉਸ ਕੋਲ ਕੀ ਸੋਚ ਜਾਂ ਸਿਧਾਂਤ ਹਨ, ਜਿਸ ਤਹਿਤ ਉਹ ਆਵਾਮ ਦੀ ਅਗਵਾਈ ਕਰਨਗੇ। ਜੇਕਰ ਵਿਚਾਰਧਾਰਾ ’ਚ ਸ਼ਪੱਸ਼ਟਤਾ ਨਹੀਂ ਤਾਂ ਉਹ ਸਹੀ ਰੂਪ ’ਚ ਦੇਸ਼ ਦੀ ਆਵਾਮ ਦੀ ਅਗਵਾਈ ਨਹੀਂ ਕਰ ਸਕਦੇ। ਫੇਰ ਚਾਹੇ ਉਹ ਮਾਓਵਾਦੀਏ ਹੋਣ ਜਾਂ ਕੋਈ ਹੋਰ।

? ਸਵਾਲ- ਤੁਸੀਂ ਇੱਕ ਥਾਂ ਆਪਣੀ ਤਕਰੀਰ ਵਿੱਚ ਕਿਹਾ ਸੀ ਕਿ ਸੰਤ ਬਿਨੋਬਾ ਨੇ ਭਾਰਤੀ ਸਰਕਾਰ ਨੂੰ ਕਿਹਾ ਸੀ ਕਿ ਨਕਸਲੀਆਂ ਨੂੰ ਕੇਰਲ ਦਾ ਕੁਝ ਇਲਾਕਾ ਦੇ ਦਿੱਤਾ ਜਾਵੇ, ਜਿੱਥੇ ਉਹ ਆਪਣੀ ਮਰਜ਼ੀ ਅਨੁਸਾਰ ਰਾਜ ਚਲਾ ਸਕਣ ਤਾਂ ਕਿ ਜਨਤਾ ’ਚ ਉਨਾਂ ਦੇ ਕੰਮਾ ਦੀ ਪਰਖ ਹੋ ਸਕੇ। ਬਿਨੋਵਾ ਨੇ ਇਹ ਗੱਲ ਕਿਸ ਥਾਂ ਲਿਖੀ ਹੈ?
ਜਵਾਬ- ਕੁਝ ਸਾਲ ਪਹਿਲਾਂ ਮੇਰੇ ਇੱਕ ਯੂਰਪੀਅਨ ਮਿੱਤਰ ਨੇ ਸੰਤ ਬਿਨੇਵਾ ਦੀ ਤਕਰੀਰ ਮੈਨੂੰ ਮੇਲ ਕੀਤੀ ਸੀ। ਸ਼ਾਇਦ ਇਹ ‘ਭੂਦਾਨ ਗੰਗਾ’ ਵਿੱਚੋਂ ਸੀ।

? ਸਵਾਲ- ਦਾਂਤੇਵਾੜਾ ’ਚ ਮਾਓਵਾਦੀਆਂ ਦੀ ‘ਜਨਤੰਨਾ ਸਰਕਾਰ’ ਵੱਲੋਂ ਚਲਾਇਆ ਜਾਂਦਾ ਲੋਕਤੰਤਰ ਤੇ ਭਾਰਤੀ ਲੋਕਤੰਤਰ ਨੂੰ ਤੁਸੀਂ ਕਿਵਂੇ ਵੇਖਦੋ ਹੋ?
ਜਵਾਬ- ਦਾਂਤੇਵਾੜਾ ਦੇ ਲੋਕਤੰਤਰ ਬਾਰੇ ਵਿਦਵਾਨਾਂ ਵੱਲੋਂ ਕਾਫੀ ਕੁਝ ਲਿਖਿਆ ਜਾ ਚੁੱਕਾ ਹੈ, ਤੁਹਾਡੀ ਪੰਜਾਬੀ ਭਾਸ਼ਾ ਵੀ ਛਪ ਚੁੱਕਾ ਹੈ। ਮੈਂ ਤਾਂ ਇਹੀ ਕਹਾਂਗਾ ਕਿ ਦਾਂਤੇਵਾੜਾ ਦਾ ਲੋਕਤੰਤਰ ਪੂਰੇ ਭਾਰਤਵਰਸ਼ ਲਈ ਇੱਕ ਮਿਸਾਲ ਹੈ।

? ਸਵਾਲ- ਕੁਝ ਵਿਦਵਾਨਾਂ ਦਾ ਕਹਿਣਾ ਹੈ ਕਿ ਗ਼ਰੀਬੀ ਤਾਂ ਭਾਰਤ ਦੇ ਹੋਰਨਾਂ ਇਲਾਕਿਆਂ ’ਚ ਵੀ ਹੈ, ਉੱਥੇ ਤਾਂ ਕੋਈ ਹਿੰਸਾ ’ਤੇ ਉਤਾਰੂ ਨਹੀਂ ਹੁੰਦਾ?
ਜਵਾਬ- ਗਰੀਬੀ ਦੀਆਂ ਵੀ ਤਿੰਨ ਕਿਸਮਾਂ ਹੁੰਦੀਆਂ ਹਨ- ਪਹਿਲੀ ਕਿਸਮ ਉਨਾਂ ਗ਼ਰੀਬਾਂ ਦੀ ਹੈ ਜੋ ਅਮੀਰਾਂ ਆਸਰੇ ਜਿਉਦੇ ਹਨ, ਜਿਵੇਂ- ਗੁਬਾਰੇ ਵੇਚਣ ਵਾਲਾ, ਘਰੇਲੂ ਨੌਕਰ ਜਾਂ ਮਜ਼ਦੂਰ। ਦੂਜੀ ਕਿਸਮ ਉਨਾਂ ਗਰੀਬਾਂ ਦੀ ਹੈ ਜੋ ਆਪਣੀ ਗਰੀਬੀ ਨੂੰ ਧੁਰੋਂ ਲਿਖੀ ਮੰਨਦੇ ਹਨ, ਮਤਲਬ ਜਿਨਾਂ ਕਿਸਮਤ ਨਾਲ ਸਮਝੌਤਾ ਕਰ ਲਿਆ ਹੈ। ਤੀਜੀ ਕਿਸਮ ਇਨਾਂ ਆਦਿਵਾਸੀਆਂ ਦਾ ਹੈ, ਜੋ ਆਪਣੇ ਜੰਗਲਾਂ ’ਚ ਖੁਸ਼ੀ ਭਰਿਆ ਜੀਵਨ ਬਤੀਤ ਕਰਦੇ ਸਨ ਪਰ ‘ਸੱਭਿਅਕ ਸਮਾਜ’ ਦੀ ਅਮੀਰ ਬਣਨ ਦੀ ਲਾਲਸਾ ਨੇ ਉਨਾਂ ਦਾ ਜੰਗਲ ਖੋਹ ਲਿਆ। ਹੁਣ ਜਦੋਂ ਇਨਾਂ ਗਰੀਬਾਂ ਨੇ ਹਥਿਆਰ ਚੁੱਕ ਲਏ ਹਨ ਤਾਂ ਇਹ ‘ਸੱਭਿਅਕ ਸਮਾਜ’ ਵਾਲੇ ਅਮੀਰ ਚਿੰਦਬਰਮ ਮੂਹਰੇ ਹਾੜੇ ਕੱਢ ਰਹੇ ਹਨ। ਜਦੋਂ ਗਰੀਬਾਂ ਦੀਆਂ ਪਹਿਲੀਆਂ ਦੋ ਕਿਸਮਾਂ ਤੀਜੀ ਕਿਸਮ ਨਾਲ ਮਿਲ ਗਈਆਂ ਤਾਂ ਉਸ ਦਿਨ ਤੂਫ਼ਾਨ ਆ ਜਾਵੇਗਾ। ‘ਸੱਭਿਅਕ ਸਮਾਜ’ ਦੀ ਹਰ ਚੀਜ਼ ਤਬਾਹ ਕੀਤੀ ਜਾਵੇਗੀ। ਇਸੇ ਗੱਲ ਤੋਂ ਇਹ ਅਮੀਰ ਲੋਕ ਡਰਦੇ ਹਨ।

? ਸਵਾਲ- ਆਦਿਵਾਸੀਆਂ ਦਾ ਸੱਭਿਆਚਾਰ ਤੇ ਸਾਹਿਤ ਕਿਸ ਤਰਾਂ ਦਾ ਹੈ?
ਜਵਾਬ- ਆਦਿਵਾਸੀ ਪੁਰਾਣੇ ਜੰਗਲੀ ਲੋਕਾਂ ਵਾਂਗ ਕੁਦਰਤ ਨਾਲ ਇੱਕ-ਮਿਕ ਹੋ ਕੇ ਰਹਿੰਦੇ ਹਨ। ਉੱਥੇ ਕੁਦਰਤੀ ਇਨਸਾਫ਼ ਚਲਦਾ ਹੈ, ਜਿਵੇਂ ਸਾਡੀਆਂ ਪੁਰਾਤਨ ਕਥਾਵਾਂ ’ਚ ਦਰਜ ਹੈ ਕਿ ਅਸੁਰਾਂ ਦੇ ਵੱਡੇ-ਵੱਡੇ ਸਿੰਗ ਹੁੰਦੇ ਸਨ। ਆਦਿਵਾਸੀ ਅੱਜ ਵੀ ਸਿਰ ’ਤੇ ਸਿੰਗ ਰੱਖ ਕੇ ਨੱਚਦੇ ਹਨ। ਉਨਾਂ ਦੇ ਆਪਣੇ ਲੋਕ-ਗੀਤ ਤੇ ਬੋਲੀਆਂ ਹਨ, ਪਰ ਲਿਖਤੀ ਸਾਹਿਤ ਨਹੀਂ ਹੈ।

? ਸਵਾਲ- ਇਹ ਜੋ ਤੁਸੀਂ ਸਾਇਕਲ ਯਾਤਰਾ ਕਰ ਰਹੇ ਹੋ, ਇਸ ਦਾ ਕੀ ਉਦੇਸ਼ ਹੈ? ਕਿਤੇ ਇਹ ਦਾਰਸ਼ਨਿਕ ਰੁਮਾਂਸ ਤਾਂ ਨਹੀਂ?
ਜਵਾਬ- ਜੇਕਰ ਤੁਸੀਂ ਇਸ ਨੂੰ ਦਾਰਸ਼ਨਿਕ ਰੁਮਾਂਸ ਸਮਝਦੇ ਹੋ ਤਾਂ ਮੈਂ ਕਹਾਂਗਾ ਕਿ ਇਹ ਦਾਰਸ਼ਨਿਕ ਰੁਮਾਂਸ ਹੀ ਹੈ। ਜੇ ਇਹ ਦਾਰਸ਼ਨਿਕ ਰੁਮਾਂਸ ਨਾ ਹੁੰਦਾ ਤਾਂ ਮੈਂ ਇਸ ਤਰਾਂ ਘਰ-ਬਾਰ ਛੱਡ ਕੇ ਦਾਂਤੇਵਾੜੇ ਨਾ ਜਾਂਦਾ ਤੇ ਆਸ਼ਰਮ ਢਹਿਣ ’ਤੇ ਇਸ ਤਰਾਂ ਸਾਇਕਲ ’ਤੇ ਥਾਂ-ਥਾਂ ਜਾ ਕੇ ਪ੍ਰੋਗਰਾਮ ਨਾ ਕਰਦਾ। ਤੁਸੀਂ ਮੇਰੀ ਯਾਤਰਾ ਦਾ ਉਦੇਸ਼ ਪੁੱਛ ਰਹੇ ਹੋ, ਮੇਰੀ ਯਾਤਰਾ ਦਾ ਮਕਸਦ ਭਾਰਤ ਵਾਸੀਆਂ ਨੂੰ ਅਦਿਵਾਸੀਆਂ ’ਤੇ ਹੋ ਰਹੇ ਜ਼ੁਲਮਾਂ ਤੋਂ ਜਾਣੂ ਕਰਵਾਉਣਾ ਹੈ ਤਾਂ ਕਿ ਉਹ ਵੀ ਉਨਾਂ ਗਰੀਬਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ। ਮੈਨੂੰ ਲੱਗਦਾ ਹੈ ਕਿ ਮੈਂ ਕਾਫ਼ੀ ਹੱਦ ਤੱਕ ਇਸ ਮਕਸਦ ਵਿੱਚ ਕਾਮਯਾਬ ਰਿਹਾ ਹਾਂ।

? ਸਵਾਲ- ਕੁਝ ਲੋਕਾਂ ਦਾ ਕਹਿਣਾ ਹੈ ਕਿ ਹਿਮਾਂਸ਼ੂ ਜੀ ਆਪਣੀ ਤਕਰੀਰ ਤੇ ਚਿਹਰੇ ਦੇ ਹਾਵਾਂ-ਭਾਵਾਂ ਤੋਂ ਬੁਲਾਰੇ ਘੱਟ ਤੇ ਕਲਾਕਾਰ ਜ਼ਿਆਦਾ ਲੱਗਦੇ ਹਨ?
ਜਵਾਬ- (ਹੱਸ ਕੇ) ਇਸ ਤਰਾਂ ਸੋਚਣ ਵਾਲਿਆਂ ਦਾ ਸ਼ੁਕਰੀਆ।

? ਸਵਾਲ-  ਪੰਜਾਬ ਵਿੱਚ ਆ ਕੇ ਕਿਸ ਤਰਾਂ ਦਾ ਮਹਿਸੂਸ ਕੀਤਾ। ਪੰਜਾਬੀਆਂ ਨੂੰ ਕੋਈ ਸੰਦੇਸ਼ ਦੇਣਾ ਚਾਹੋਗੇ?
ਜਵਾਬ- ਚੰਗਾ ਲੱਗਾ, ਪੰਜਾਬ ਦੇ ਲੋਕ ਮਿਲਣਸਾਰ ਹਨ। ਆਏ ਮਹਿਮਾਨ ਦੀ ਖ਼ੂਬ ਆਓ ਭਗਤ ਕਰਦੇ ਹਨ। ਮੇਰਾ ਤਾਂ ਪੰਜਾਬੀਆਂ ਨਾਲ ਗਹਿਰਾ ਰਿਸ਼ਤਾ ਵੀ ਹੈ, ਕਿਉਕਿ ਮੇਰੀ ਪਤਨੀ ਵੀ ਪੰਜਾਬਣ ਹੈ (ਹੱਸ ਕੇ) ਉਹਦੀ ਜ਼ਾਤ ਭਲਾ ਹੈ। ਪੰਜਾਬੀਆਂ ਨੇ ਹਰ ਥਾਂ ਮੇਰਾ ਗਰਮਜ਼ੋਸ਼ੀ ਨਾਲ ਸਵਾਗਤ ਕੀਤਾ। ਮੈਂ ਤਾਂ ਪੰਜਾਬੀਆਂ ਨੂੰ ਇਹੀ ਕਹਾਂਗਾ ਕਿ ਗਰੀਬ ਆਦਿਵਾਸੀਆਂ ਦੇ ਹੱਕ ’ਚ ਆਵਾਜ਼ ਉਠਾਓ, ਕਿਉਕਿ ਪੂੰਜੀਪਤੀਆਂ ਦੀ ਹਵਸ ਇੰਨੀ ਭੈੜੀ ਹੈ ਕਿ ਪੰਜਾਬ ਵੀ ਦਾਂਤੇਵਾੜਾ ਬਣ ਸਕਦਾ ਹੈ। ਜੇ ਅਸੀਂ ਆਪਣੇ ਭਰਾਵਾਂ ’ਤੇ ਹੁੰਦੇ ਅੱਤਿਆਚਾਰਾਂ ਨੂੰ ਚੁੱਪ ਕਰਕੇ ਵੇਖਦੇ ਰਹੇ ਤਾਂ ਕੱਲ ਨੂੰ ਸਾਡੇ ਹੱਕ ’ਚ ਨਾਹਰਾ ਮਾਰਨ ਵਾਲਾ ਕੋਈ ਨਹੀਂ ਰਹੇਗਾ।

Comments

HARMINDER SINGH

PUNJAB VICH SIKHAN NALL VI EHI HOIA SI UDON SIKHAN NU VI ATVAADI AAKHIA GIA SI SIKH KOUM LAI VI KOI NAHIN BOLIA SI

Prem Kaul

ਜੁਲਮ ਚਾਹੇ ਕਿਸੇ ਤੇ ਵੇ ਹੋਵੇ ਜੁਲਮ ਤੇ ਜੁਲਮ ਹੈ ! ਜਿਨਾ ਤੇ ਜੁਲਮ ਹੋ ਰਿਹਾ ਓਹ ਲੋਕੀ ਵਖਰੇ ਵਖਰੇ ਧਰਮਾ / ਜਾਤਾਂ ਵਿਚ ਵੰਡੇ ਹੋਏ ਨੇ ,,, ਪਹਲੋੰ ਓਹਨਾ ਲੋਕਾਂ ਨੂ ਗਾਂਧੀ ਦਾ ਨਹੀ ਅਮਬੇਡਕਰ ਦਾ ਸਿਧਾਂਤ ਪੜਾਉਣਾ ਪਵੇਗਾ !!

lakhwinder bhagat

jaldi hi punjab v dantewada howega

Jasmeet Singh

media can play vital role in protecting interest of adivasi's and also in cool downing maoist armed movement

jugtar singh bhai rupa

ਬਹੁਤ ਵਦੀਆ ਉਪਰਾਲਾ ਹੈ ਜੀ ਵੀਰ ਜੀ ਇਹ ਮੁਲਾਕਾਤ ਨੀੰ ਕਿਸੇ ਪਜਾਬੀ ਅਖਬਾਰ ਵਿਚ ਜਰੂਰ ਦਿਉਜੀ ਸ਼ਾਬਾਸ਼ ਵੀਰ ਜੀ

Agung

Fillnay! This is just what I was looking for.

Security Code (required)



Can't read the image? click here to refresh.

Name (required)

Leave a comment... (required)





ਸ਼ਖ਼ਸਨਾਮਾ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ