Thu, 13 June 2024
Your Visitor Number :-   7106570
SuhisaverSuhisaver Suhisaver

ਮਨੋਰੰਜਨ ਤੇ ਸੰਜੀਦਾ ਸੁਨੇਹੇ ਦਾ ਸੁਮੇਲ ਫ਼ਿਲਮ ‘ਕਿਰਪਾਨ – ਦ ਸਵੋਰਡ ਆਫ਼ ਆੱਨਰ’

Posted on:- 06-02-2014

ਮੁਲਾਕਾਤੀ: ਪਰਮਜੀਤ ਸਿੰਘ ਕੱਟੂ

ਫ਼ਿਲਮ ‘ਕਿਰਪਾਨ – ਦ ਸਵੋਰਡ ਆਫ਼ ਆੱਨਰ’ ਦੇ ਨਿਰੇਦਸ਼ਕ ਅਮਰੀਕ ਗਿੱਲ ਭਾਰਤੀ ਸਿਨੇਮਾ ਜਗਤ ਵਿਚ ਬਹੁਤ ਸਨਮਾਨਿਤ ਹਸਤੀ ਹਨ। ਅਮਰੀਕ ਗਿੱਲ ਪੰਜਾਬ ਯੂਨੀਵਰਸਿਟੀ ਤੋਂ ਐਮ.ਏ. ਪੰਜਾਬੀ ਤੇ ਐਮ.ਏ. ਥੀਏਟਰ ਨੈਸ਼ਨਲ ਸਕੂਲ ਆਫ਼ ਡਰਾਮਾ (ਦਿੱਲੀ) ਤੋਂ ਡਾਇਰੈਕਸ਼ਨ ਦਾ ਕੋਰਸ ਕਰਨ ਦੇ ਨਾਲ-ਨਾਲ ਫ਼ਿਲਮ ਇੰਸਟੀਚਿਊਟ ਪੂਨਾ ਦੇ ਵੀ ਵਿਦਿਆਰਥੀ ਰਹੇ ਹਨ। ਹੁਣ ਤਕ ਉਨ੍ਹਾਂ ਨੇ 28 ਹਿੰਦੀ ਤੇ ਪੰਜਾਬੀ ਫ਼ਿਲਮਾਂ ਦੀ ਕਹਾਣੀ ਪਟਕਥਾ ਤੇ ਸੰਵਾਦ ਲਿਖੇ ਹਨ। ਇਨ੍ਹਾਂ ਵਿਚੋਂ ਪ੍ਰਮੁੱਖ ਫ਼ਿਲਮਾਂ ਹਿੰਦੀ ਵਿਚ ‘ਜੀਤ’ ‘ਯਾਦੇਂ’ ‘ਹਮ ਦਿਲ ਦੇ ਚੁਕੇ ਸਨਮ’ ‘ਨਿਸ਼ਬਦ’ ਅਤੇ ਪੰਜਾਬੀ ਵਿਚ ‘ਉਚਾ ਦਰ ਬਾਬੇ ਨਾਨਕ ਦਾ’ ‘ਤੇਰਾ ਮੇਰਾ ਕੀ ਰਿਸ਼ਤਾ’ ‘ਯਾਰਾਂ ਨਾਲ ਬਹਾਰਾਂ’ ਆਦਿ ਹਨ।
 


ਅਮਰੀਕ ਗਿੱਲ ਕਈ ਵਾਰ ਭਾਰਤ ਸਰਕਾਰ ਵਲੋਂ ਦਿੱਤੇ ਜਾਂਦੇ ਰਾਸ਼ਟਰੀ ਫ਼ਿਲਮ ਅਵਾਰਡਾਂ ਦੇ ਜਿਊਰੀ ਮੈਂਬਰ ਰਹੇ ਹਨ। ਉਨ੍ਹਾਂ ਨੇ ਭਾਰਤੀ ਸਿਨੇਮਾ ਦੇ ਨਾਮਵਰ ਨਿਰਦੇਸ਼ਕਾਂ ਗੁਲਜ਼ਾਰ ਰਾਮ ਗੋਪਾਲ ਵਰਮਾ ਗੋਬਿੰਦ ਨਿਹਲਾਨੀ ਸੰਜੇ ਭੰਸਾਲੀ ਸਾਗਰ ਸਰਹੱਦੀ ਆਦਿ ਨਾਲ ਸਹਾਹਿਕ ਨਿਰਦੇਸ਼ਕ ਵਜੋਂ ਨਾਲ ਕੰਮ ਕੀਤਾ ਹੈ। ਉਨ੍ਹਾਂ ਨੂੰ ਦੋ ਵਾਰ ਫ਼ਿਲਮ ਫੇਅਰ ਐਵਾਰਡ ਦੋ ਵਾਰ ਜ਼ੀ ਸਿਨੇਮਾ ਦਾ ਸਕਰੀਨ ਐਵਾਰਡ ‘ਹਮ ਦਿਲ ਦੇ ਚੁਕੇ ਸਨਮ’ ਫ਼ਿਲਮ ਲਈ ਆਈਫ਼ਾ ਐਵਾਰਡ ਆਦਿ ਬਹੁਤ ਸਾਰੇ ਕੌਮੀ ਤੇ ਕੌਮਾਂਤਰੀ ਐਵਾਰਡ ਮਿਲ ਚੁੱਕੇ ਹਨ।

ਨਿਰਦੇਸ਼ਕ ਦੇ ਤੌਰ ’ਤੇ ਅਮਰੀਕ ਗਿੱਲ ਦੀ ਪਹਿਲੀ ਫ਼ਿਲਮ ‘ਕਿਰਪਾਨ – ਦ ਸਵੋਰਡ ਆਫ਼ ਆੱਨਰ’ 7 ਫਰਵਰੀ 2014 ਨੂੰ ਦੁਨੀਆਂ ਭਰ ਵਿਚ ਰਿਲੀਜ਼ ਹੋ ਰਹੀ ਹੈ। ਪੇਸ਼ ਹਨ ਇਸ ਫ਼ਿਲਮ ਸਬੰਧੀ ਅਮਰੀਕ ਗਿੱਲ ਨਾਲ ਹੋਈ ਵਾਰਤਾਲਾਪ ਦੇ ਕੁਝ ਅੰਸ਼:

? ਆਪਣੀ ਆਉਣ ਵਾਲੀ ਫ਼ਿਲਮ ਦੀ ਕਹਾਣੀ ਬਾਰੇ ਦੱਸੋ?
ਅਮਰੀਕ ਗਿੱਲ : ਫ਼ਿਲਮ ‘ਕਿਰਪਾਨ – ਦ ਸਵੋਰਡ ਆਫ਼ ਆੱਨਰ’ ਦੀ ਕਹਾਣੀ ਅਸਲ ਵਿਚ ਬੰਦੇ ਦੀ ਹੋਂਦ ਹੀ ਕਹਾਣੀ ਹੈ ਕਿ ਸਮੇਂ-ਸਮੇਂ ਮਨੁੱਖ ਨੂੰ ਕੀ-ਕੀ ਸਮੱਸਿਆਵਾਂ ਆਉਂਦੀਆਂ ਹਨ ਤੇ ਉਹ ਇਨ੍ਹਾਂ ਨੂੰ ਹੱਲ ਕਿਵੇਂ ਕਰਦਾ ਹੈ। ਇਸ ਕਹਾਣੀ ਨੂੰ ਤੁਸੀਂ ਦੁਨੀਆਂ ਦੇ ਬਹੁ-ਗਿਣਤੀ ਬੰਦਿਆਂ ਨਾਲ ਜੋੜ ਕੇ ਵੀ ਸਮਝ ਸਕੋਂਗੇ। ਇਸ ਕਹਾਣੀ ਦੇ ਤਿੰਨ ਪੜਾਅ ਹਨ 1850 ਦਾ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਦਾ ਸਮਾਂ 1945-46 ਦਾ ਆਜ਼ਾਦੀ ਤੋਂ ਪਹਿਲਾਂ ਦਾ ਸਮਾਂ ਅਤੇ 2013 ਦੇ ਯੂਥ ਦੀ ਕਹਾਣੀ ਹੈ। ਇਸ ਕਹਾਣੀ ਦੇ ਪਾਤਰਾਂ ਵਿਚ ਵੀ ਤੁਹਾਨੂੰ ਇੰਗਲੈਂਡ ਅਫਰੀਕਾ ਪਾਕਿਸਤਾਨ ਸਮੇਤ ਕਈ ਮੁਲਕਾਂ ਦੇ ਪਾਤਰ ਮਿਲਣਗੇ। ਫ਼ਿਲਮ ਦੀ ਸ਼ੂਟਿੰਗ ਪੰਜਾਬ ਚੰਡੀਗੜ੍ਹ ਮੁੰਬਈ ਸਮੇਤ ਵੱਡਾ ਹਿੱਸਾ ਇੰਗਲੈਂਡ ਵਿਚ ਵੀ ਫ਼ਿਲਮਾਇਆ ਗਿਆ ਹੈ।

? ਇਸ ਦਾ ਮਤਲਬ ਇਹ ਕਹਾਣੀ ਬਹੁਤ ਜ਼ਿਆਦਾ ਸੀਰੀਅਸ ਹੈ?
ਨਹੀਂ ਐਨੀ ਕੁ ਸੀਰੀਅਸ ਹੈ ਜਿੰਨੀ ਸਾਡੀ ਜ਼ਿੰਦਗੀ ਹੁੰਦੀ ਹੈ। ਇਸ ਵਿਚ ਜ਼ਿੰਦਗੀ ਦਾ ਹਰ ਰੰਗ ਮਿਲੇਗਾ ਜਿਵੇਂ ਸਤਰੰਗੀ ਪੀਂਘ ਵਿਚ ਸਾਰੇ ਰੰਗ ਹੁੰਦੇ ਨੇ। ਇਸ ਫ਼ਿਲਮ ਵਿਚ ਰੁਮਾਂਸ ਵੀ ਹੈ ਕਮੇਡੀ ਵੀ ਹੈ ਡਰਾਮਾ ਵੀ ਐਕਸ਼ਨ ਵੀ ਗੀਤ-ਸੰਗੀਤ ਵੀ ਮਤਬਲ ਸਾਰਾ ਕੁਝ ਹੈ ਜੋ ਇਕ ਚੰਗੀ ਫ਼ਿਲਮ ਵਿਚ ਹੋਣਾ ਚਾਹੀਦਾ ਹੈ ਪਰ ਇਹ ਸਾਰਾ ਕੁਝ ਇਵੇਂ ਹੈ ਜਿਵੇਂ ਜ਼ਿੰਦਗੀ ਵਿਚ ਹੁੰਦੈ... ਇਸ ਵਿਚ ਕਿਸੇ ਕਿਸਮ ਦਾ ਬਨਾਉਟੀਪਨ ਨਹੀਂ। ਦਰਸ਼ਕ ਇਸ ਨੂੰ ਆਪਣੀ ਕਹਾਣੀ ਸਮਝਣਗੇ।


? ਇਸ ਫ਼ਿਲਮ ਦੇ ਕਲਾਕਾਰਾਂ ਬਾਰੇ ਕੀ ਕਹੋਗੇ?
ਫ਼ਿਲਮ ਦਾ ਹੀਰੋ ਰੌਸ਼ਨ ਪਿ੍ਰੰਸ ਹੈ ਤੇ ਦੋ ਹੀਰਇਨਾਂ ਸਮੀਕਸ਼ਾ ਸਿੰਘ ਤੇ ਗੁਰਲੀਨ ਚੋਪੜਾ ਹਨ। ਇਸ ਦੇ ਨਾਲ-ਨਾਲ ਕੁਲਭੂਸ਼ਨ ਖਰਬੰਦਾ ਸ਼ਵਿੰਦਰ ਮਾਹਲ ਸੁਨੀਤਾ ਧੀਰ ਸਮੇਤ ਸਾਰੇ ਕਲਾਕਾਰਾਂ ਨੇ ਬਹੁਤ ਮਿਹਨਤ ਨਾਲ ਕੰਮ ਕੀਤਾ ਹੈ। ਇਸ ਫ਼ਿਲਮ ਵਿਚ ‘ਕਿਰਪਾਨ’ ਆਪਣੇ ਆਪ ਵਿਚ ਇਕ ਪਾਤਰ ਹੈ ਜੋ ਕਈ ਪੀੜ੍ਹੀਆਂ ਨੂੰ ਆਪਸ ਵਿਚ ਜੋੜਦਾ ਹੈ।

? ਫ਼ਿਲਮ ਦਾ ਤਕਨੀਕੀ ਪੱਖ ਕਿਹੋ ਜਿਹਾ ਹੈ?
ਇਤਿਹਾਸ ਦੇ ਤਿੰਨ ਪੜਾਅ ਸਕਰੀਨ ’ਤੇ ਪੇਸ਼ ਕਰਨੇ ਆਪਣੇ ਆਪ ਵਿਚ ਚੁਣੌਤੀ ਭਰਿਆ ਕਾਰਜ ਹੈ ਪਰ ਅਸੀਂ ਕਿਸੇ ਕਿਸਮ ਦਾ ਸਮਝੌਤਾ ਨਹੀਂ ਕੀਤਾ। ਭਾਰਤੀ ਫ਼ਿਲਮਾਂ ਦੇ ਚੰਗੇ ਤੋਂ ਚੰਗੇ ਟੈਕਨੀਸ਼ੀਅਨਾਂ ਦੀ ਮਦਦ ਨਾਲ ਫ਼ਿਲਮ ਬਣੀ ਹੈ। ਪੋਸਟ-ਪ੍ਰੋਡਕਸ਼ਨ ਦਾ ਸਾਰਾ ਕੰਮ ਮੁੰਬਈ ਦੀਆਂ ਨਾਮਵਰ ਲੈਬਜ਼ ਵਿਚ ਹੋਇਆ ਹੈ। ਪ੍ਰੋਡਿਊਸਰ ਸ. ਰਾਜਿੰਦਰਪਾਲ ਸਿੰਘ ਬਨਵੈਤ ਨੇ ਖਰਚੇ ਪੱਖੋਂ ਕਿਸੇ ਕਿਸਮ ਦਾ ਸੰਕੋਚ ਨਹੀਂ ਕੀਤਾ।

? ਗੀਤ-ਸੰਗੀਤ ਕਿਹੋ ਜਿਹਾ ਹੈ?
ਫ਼ਿਲਮ ਦਾ ਸੰਗੀਤ ਨਾਮਵਰ ਸੰਗੀਤਕਾਰ ਗੁਰਮੀਤ ਸਿੰਘ ਨੇ ਦਿੱਤਾ ਹੈ ਗੀਤ ਕੁਮਾਰ ਅਤੇ ਅਮਰਦੀਪ ਗਿੱਲ ਨੇ ਲਿਖੇ ਹਨ। ਆਵਾਜ਼ ਮੀਕਾ ਸਿੰਘ, ਮਾਸਟਰ ਸਲੀਮ ਸੁਨਿਧੀ ਚੌਹਾਨ ਮੀਨੂੰ ਸਿੰਘ ਰੌਸ਼ਨ ਪਿ੍ਰੰਸ ਸਮੇਤ ਈਦੂ ਸਰੀਫ਼ ਦੇ ਢਾਡੀਆਂ ਦੀ ਹੈ। ਗੀਤ ਨੱਚਣ ਵਾਲੇ ਹੀ ਹਨ ਤੇ ਮਾਨਣ ਵਾਲੇ ਵੀ ਇਨ੍ਹਾਂ ਵਿਚ ਦੇਸ਼ ਭਗਤੀ ਵੀ ਹੈ ਪਿਆਰ ਭਰੇ ਜਜ਼ਬੇ ਵੀ ਹਨ। ਇਸ ਵਿਚ ਇਕ ਸ਼ਬਦ ਗੁਰੂ ਗੋਬਿੰਦ ਸਿੰਘ ਜੀ ਦਾ ਵੀ ਹੈ ਜੋ ਹਜ਼ੂਰੀ ਰਾਗੀ ਭਾਈ ਬਲਵੀਰ ਸਿੰਘ ਦੀ ਆਵਾਜ਼ ਵਿਚ ਵੀ ਹੈ।


?ਇਸ ਫਿਲਮ ਵਿਚ ਵੱਖਰਾ ਕੀ ਹੈ?
ਫਿਲਮ ਦੇ ਤੌਰ ’ਤੇ ਇਹ ਮਨੋਰੰਜਨ ਕਰੇਗੀ ਪਰ ਸਿਰਫ ਮਨੋਰੰਜਨ ਤਕ ਸੀਮਤ ਨਹੀਂ ਇਹ ਫਿਲਮ ਬਹੁਤ ਸਾਰੇ ਸੁਨੇਹੇੇ ਵੀ ਦਰਸ਼ਕਾਂ ਤੱਕ ਪਹੁੰਚਾਏਗੀ। ਇਹ ਸੁਨੇਹਾ ਆਪਣੇ ਵਿਰਸੇ ਨਾਲ ਜੁੜਣ ਦਾ ਵੀ ਹੈ ਪੰਜਾਬੀਅਤ ਦੀ ਪਛਾਣ ਦਾ ਵੀ ਹੈ ਜ਼ਿੰਦਗੀ ਦੇ ਵੱਡੇ ਆਦਰਸ਼ਾਂ ਨਾਲ ਵੀ ਜੁੜਿਆ ਹੋਇਆ ਹੈ। ਅਸੀਂ ਕੌੜੀ ਦਵਾਈ ਮਿੱਠਾਈ ਵਿਚ ਲਪੇਟ ਕੇ ਦੇਣ ਦੀ ਕੋਸ਼ਿਸ਼ ਕੀਤੀ ਹੈ। ਇਹ ਫਿਲਮ ਦਿਸ਼ਾਹੀਣ ਹੋ ਰਹੀ ਜਵਾਨੀ ਨੂੰ ਦਿਸ਼ਾ ਦੇਣ ਦੀ ਸਮਰੱਥਾ ਰੱਖਦੀ ਹੈ। ਇਸ ਫ਼ਿਲਮ ਤੋਂ ਬਹੁਤ ਵੱਡੀਆਂ ਆਸਾਂ ਹਨ ਕਿਉਂਕਿ ਫੋਕੀ ਜਿਹੀ ਕਮੇਡੀ ਚੋਂ ਨਿਕਲ ਕੇ ਇਕ ਵਾਰ ਪੰਜਾਬੀ ਸਿਨੇਮਾ ਜ਼ਿੰਦਗੀ ਦੀ ਹਕੀਕਤ ਨਾਲ ਜੁੜਣ ਜਾ ਰਿਹਾ ਹੈ।

ਸੰਪਰਕ: +91 94631 24131

Comments

sunny

gud

Security Code (required)Can't read the image? click here to refresh.

Name (required)

Leave a comment... (required)

ਸ਼ਖ਼ਸਨਾਮਾ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ