Sat, 20 April 2024
Your Visitor Number :-   6988283
SuhisaverSuhisaver Suhisaver

ਮਿੱਤਰਾਂ ਨੇ ਮੁੱਛ ਰੱਖੀ ਆ… - ਡਾ. ਬਲਵੰਤ ਸਿੰਘ ਸੰਧੂ

Posted on:- 11-01-2016

suhisaver

ਅੱਜ ਕੱਲ੍ਹ ਕਾਮਯਾਬ ਜਾਂ ਹਿੱਟ ਗੀਤ ਉਸਨੂੰ ਹੀ ਸਮਝਿਆ ਜਾਂਦਾ ਹੈ, ਜਿਹੜਾ ਵਿਆਹ ਸ਼ਾਦੀਆਂ ਜਾਂ ਡੀ.ਜੇ. ਤੇ ਗੂੰਜਦਾ ਹੋਵੇ।ਅਜੋਕੇ ਬਹੁਤੇ ਗਾਇਕਾਂ ਦੀ ਇਹੀ ਮਨਸ਼ਾ ਹੁੰਦੀ ਹੈ ਕਿ ਉਨ੍ਹਾਂ ਦਾ ਗੀਤ ਬੱਸਾਂ ਤੋਂ ਲੈ ਕੇ ਵਿਆਹ ਸ਼ਾਦੀਆਂ ਤੱਕ ਗੂੰਜੇ।ਗੀਤ ਦੇ ਬੋਲ ਭਾਵੇਂ ਕਿਹੋ ਜਿਹੇ ਵੀ ਹੋਣ ਇਸ ਗੱਲ ਦੀ ਬਹੁਤੀ ਚਿੰਤਾ ਨਹੀਂ ਕੀਤੀ ਜਾਂਦੀ।ਬੱਸ ਮੁੱਢਲੇ ਬੋਲ ਅਜਿਹੇ ਹੋਣੇ ਚਾਹੀਦੇ ਹਨ, ਜੋ ਲੋਕਾਂ ਦੀ ਜ਼ੁਬਾਨ ਤੇ ਆਸਾਨੀ ਨਾਲ ਚੜ੍ਹ ਜਾਣ।ਬਾਕੀ ਕੰਮ ਸੰਗੀਤ ਵਿੱਚ ਸੁਰ ਤਾਲ ਨੇ ਹੀ ਕਰ ਦੇਣਾ ਹੁੰਦਾ ਹੈ।ਇਸੇ ਦੌਰ ਵਿੱਚ ਬਹੁਤ ਸਾਰੇ ਗੀਤ ਹਨ, ਜੋ ਸੰਗੀਤ ਪੈਦਾ ਕਰਨ ਵਾਲੇ ਯੰਤਰਾਂ ਦੀ ਮਦਦ ਨਾਲ ਹਰ ਇੱਕ ਨੂੰ ਥਿਰਕਣ ਲਾ ਦਿੰਦੇ ਹਨ, ਭਾਵੇਂ ਉਨ੍ਹਾਂ ਗੀਤਾਂ ਦਾ ਕੋਈ ਅਰਥ ਹੋਵੇ ਜਾਂ ਨਾ।ਇਹ ਗੀਤ ਭਾਵੇਂ ਸਭਿਆਚਾਰਕ ਕਦਰਾਂ ਕੀਮਤਾਂ ਦਾ ਘਾਣ ਹੀ ਕਰਦੇ ਹੋਣ ਜਾਂ ਮੂਲ ਪੰਜਾਬੀ ਸੁਭਾਅ ਦੇ ਉਲਟ ਹੀ ਹੋਣ।

ਉਂਝ ਅਜਿਹੇ ਪਾਪੂਲਰ ਗੀਤਾਂ ਦੀ ਉਮਰ ਬਹੁਤ ਥੋੜ੍ਹੀ ਹੁੰਦੀ ਹੈ।ਕੁਝ ਦਿਨ ਜਾਂ ਵੱਧ ਤੋਂ ਵੱਧ ਕੁਝ ਹਫ਼ੳਮਪ;ਤੇ।ਇਹ ਉਦੋਂ ਤੱਕ ਹੀ ਗੂੰਜਦੇ ਹਨ ਜਦੋਂ ਤੱਕ ਕੋਈ ਹੋਰ ਗੀਤ ਇਨ੍ਹਾਂ ਦੀ ਥਾਂ ਨਹੀਂ ਲੈ ਲੈਂਦਾ।ਕਈ ਗੀਤ ਸਭਿਆਚਾਰਕ ਹੁੰਦੇ ਹਨ, ਪਰ ਉਨ੍ਹਾਂ ਨੂੰ ਪਾਪੂਲਰ ਕਰਨ ਲਈ ਕਈ ਵਾਰ ਅਜਿਹੇ ਸ਼ਬਦਾਂ ਦਾ ਸਹਾਰਾ ਲੈ ਲਿਆ ਜਾਂਦਾ ਹੈ ਜੋ ਸਭਿਆਚਾਰਕ ਪੱਧਰ ਤੇ ਹੀਣੇ ਪਰ ਮਨ ਟੁੰਬਵੇਂ ਹੋਣ।

ਕਈ ਵਾਰ ਸਾਰਾ ਗੀਤ ਬਹੁਤ ਵਧੀਆ ਹੁੰਦਾ ਹੈ ਪਰ ਇੱਕ ਅੱਧ ਸ਼ਬਦ ਜਾਂ ਸਤਰ ਸਭ ਕੀਤੇ ਕਰਾਏ ਤੇ ਪਾਣੀ ਫੇਰ ਦਿੰਦੀ ਹੈ।ਗੀਤਕਾਰ ਅਤੇ ਗਾਇਕ ਅੰਮ੍ਰਿਤ ਮਾਨ ਗੋਨਿਆਣਾ ਦਾ ਲਿਖਿਆ ਇੱਕ ਗੀਤ ‘ਲੋਕਾਂ ਨੇ ਮਸ਼ੂਕ ਰੱਖੀ ਹੋਣੀ ਆ, ਮਿੱਤਰਾਂ ਨੇ ਮੁੱਛ ਰੱਖੀ ਆ’…ਨੂੰ ਵੀ ਅਜਿਹੀ ਹੀ ਸ਼੍ਰੇਣੀ ਵਿੱਚ ਰੱਖਿਆ ਜਾ ਸਕਦਾ ਹੈ।

ਅੰਮ੍ਰਿਤ ਮਾਨ ਗੋਨਿਆਣਾ ਦਾ ਇਹ ਗੀਤ ਇੱਕ ਪਾਪੂਲਰ ਗੀਤ ਵਜੋਂ ਉਭਰ ਕੇ ਸਾਹਮਣੇ ਆਇਆ ਹੈ।‘ਲੋਕਾਂ ਨੇ ਮਸ਼ੂਕ ਰੱਖੀ ਹੋਣੀ ਆ, ਮਿੱਤਰਾਂ ਨੇ ਮੁੱਛ ਰੱਖੀ ਆ’…ਇਹ ਸਤਰਾਂ ਗੀਤ ਦਾ ਸਥਾਈ ਹਨ।ਇਹ ਧਿਆਨ ਦੀ ਮੰਗ ਕਰਦੀਆਂ ਹਨ, ਜਿਨ੍ਹਾਂ ਤੇ ਚਰਚਾ ਕਰਨ ਦੀ ਲੋੜ ਹੈ।ਪਹਿਲੀ ਗੱਲ ਤਾਂ ਇਹ ਹੈ ਕਿ ਮੁੱਛ ਅਤੇ ਮਸ਼ੂਕ ਦੀ ਤੁਲਨਾ ਕਰਨਾ ਹੀ ਅੱਖਰਦਾ ਹੈ।ਇਹ ਸ਼ਬਦ ਧੁਨੀਆਤਮਕ ਤੌਰ ਤੇ ਭਾਵੇਂ ਇੱਕ ਲੈਅ ਪੈਦਾ ਕਰਦੇ ਪ੍ਰਤੀਤ ਹੋਣ ਪਰ ਇਨ੍ਹਾਂ ਵਿੱਚ ਸਿੱਧੀ ਸਾਂਝ ਨਹੀਂ ਹੈ।ਉਂਝ ਮੁੱਛ ਤੇ ਮਸ਼ੂਕ ਦੋ ਵੱਖ ਵੱਖ ਧਿਰਾਂ ਹਨ ਜਿਨ੍ਹਾਂ ਵਿੱਚ ਇੱਕ ਧਿਰ ‘ਮਾਸ਼ੂਕ’ ਜਿਉਂਦੀ ਜਾਗਦੀ ਹੈ, ਮਾਨਵੀ ਸੰਵੇਦਨਾ ਵਾਲੀ ਹੈ ਤੇ ਦੂਜੀ ਧਿਰ ‘ਮੁੱਛ’ ਸਰੀਰ ਦਾ ਇੱਕ ਅਜਿਹਾ ਹਿੱਸਾ ਹੈ, ਜਿਸਦਾ ਆਪਣਾ ਸਭਿਆਚਾਰਕ ਮੁੱਲ ਹੈ।ਮਾਸ਼ੂਕ ਦਾ ਰੱਖਣਾ ਆਪਣੇ ਆਪ ਵਿੱਚ ਜਾਗੀਰੂ ਮੁੱਲਾਂ ਵੱਲ ਝੁਕਣਾ ਹੈ।ਮੁੱਛ ਦਾ ਰੱਖਣਾ ਰੋਅਬਦਾਰ ਹੋਣ, ਗੈਰਤਮੰਦ ਹੋਣ ਤੇ ਮਰਦਾਨਗੀ ਦੀ ਨਿਸ਼ਾਨੀ ਹੈ।ਇਸ ਲਈ ਮੁੱਛ ਤਾਂ ਰੱਖੀ ਜਾ ਸਕਦੀ ਹੈ ਪਰ ਮਾਸ਼ੂਕ ਦਾ ਰੱਖਣਾ ਔਰਤਾਂ ਦੀ ਆਜ਼ਾਦੀ ਦੀ ਹੋਂਦ ਉੱਤੇ ਪ੍ਰਸ਼ਨ ਚਿੰਨ੍ਹ ਹੈ।ਮਸ਼ੂਕ ਕੋਈ ਵਸਤੂ ਨਹੀਂ ਹੈ ਜਿਸ ਨੂੰ ਰੱਖਿਆ ਜਾ ਸਕੇ।ਮਸ਼ੂਕ ਬਣਾਈ ਤਾਂ ਜਾ ਸਕਦੀ ਹੈ ਪਰ ਰੱਖੀ ਨਹੀਂ।‘ਰੱਖਣ’ ਸ਼ਬਦ ਰਖੇਲ ਨਾਲ ਜਾ ਜੁੜਦਾ ਹੈ।ਇਸ ਤਰ੍ਹਾਂ ਵਿੱਚ ਮਾਲਕੀ ਗੁਲਾਮੀ ਸੰਬੰਧ ਉਪਜਦੇ ਹਨ।

ਇਸ ਗੀਤ ਦੀ ਮੁੱਢਲੀ ਸਤਰ ਵਿੱਚ ਹੀ ਗੀਤਕਾਰ ਇਸ਼ਾਰਾ ਕਰਦਾ ਹੈ ਕਿ ਹੁਣ ਸਮਾਂ ਬਦਲ ਗਿਆ ਹੈ।ਪਹਿਲਾਂ ਵਾਲੀਆਂ ਗੱਲਾਂ ਨਹੀਂ ਰਹੀਆਂ।ਧੜਾ ਧੜ ਤਬਦੀਲੀ ਇਸ ਯੁਗ ਦਾ ਖਾਸਾ ਹੈ।ਗੀਤਕਾਰ ਨੂੰ ਬਦਲ ਰਹੇ ਸਮੇਂ ਵਿੱਚ ਬਹੁਤ ਕੁਝ ਵਿਕਾਊ ਨਜ਼ਰ ਆਉਂਦਾ ਹੈ ਪਰ ਫਿਰ ਵੀ ਉਸਨੂੰ ਲਗਦਾ ਹੈ ਕਿ ਅਜੇ ਸਭ ਕੁਝ ਵਿਕਾਊ ਨਹੀਂ ਹੋਇਆ।ਬਹੁਤ ਕੁਝ ਹੈ, ਜਿਸਦਾ ਕੋਈ ਮੁੱਲ ਹੀ ਨਹੀਂ ਹੈ।ਅਜੇ ਵੀ ਬਹੁਤ ਸਾਰੀਆਂ ਪੰਜਾਬੀ ਕਦਰਾਂ ਕੀਮਤਾਂ ਜੀਵਨ ਵਿੱਚ ਸਾਰਥਕ ਭੂਮਿਕਾ ਨਿਭਾ ਰਹੀਆਂ ਹਨ।ਗੀਤ ਦੀਆਂ ਮੁੱਢਲੀਆਂ ਸਤਰਾਂ ਵਿੱਚ ਗੀਤਕਾਰ ਪੁਰਾਣੇ ਸਮੇਂ ਦਾ ਹੇਰਵਾ ਮਹਿਸੂਸ ਕਰਦਾ ਜਾਪਦਾ ਹੈ।ਨਵੀਂ ਜੀਵਨ ਸ਼ੈਲੀ ਦੇ ਮੁਕਾਬਲੇ ਉਹ ਪੁਰਾਣੀ ਜੀਵਨ ਸ਼ੈਲੀ ਦੇ ਪੱਖ ਵਿੱਚ ਖੜੋਂਦਾ ਹੈ।ਪੁਰਾਣੇ ਵਿਰਸੇ ਨਾਲ ਜੁੜੇ ਰਹਿਣ ਦੀ ਸੁਮੱਤ ਬਖਸ਼ਣ ਲਈ ਉਹ ਪ੍ਰਮਾਤਮਾ ਦਾ ਧੰਨਵਾਦ ਕਰਦਾ ਹੈ।ਉਸਦੀ ਕ੍ਰਿਪਾ ਨਾਲ ਹੀ ਉਸਨੂੰ ਅਜਿਹਾ ਜੀਵਨ ਮਿਲਿਆ ਹੈ।ਇਹ ਜੀਵਨ ਉਸਨੂੰ ਸੁੱਚਾ ਲਗਦਾ ਹੈ।ਗੀਤਕਾਰ ਮਹਿਸੂਸ ਕਰਦਾ ਹੈ ਕਿ ਸਮੇਂ ਦੀ ਹਵਾ ਦਾ ਰੁਖ ਭਾਵੇਂ ਵਿਰੋਧੀ ਅਵਸਥਾ ਵਿੱਚ ਹੈ ਪਰ ਅਜੇ ਉਸਦੀ ਜ਼ਮੀਰ ਨਹੀਂ ਵਿਕੀ।ਅੱਜ ਦੇ ਦੰਭੀ ਯੁਗ ਵਿੱਚ ਵੀ ਇਸ ਗੀਤ ਦਾ ਨਾਇਕ ਪੁਰਾਤਨ ਕਦਰਾਂ ਕੀਮਤਾਂ ਤੇ ਪਹਿਰਾ ਦੇ ਰਿਹਾ ਪ੍ਰਤੀਤ ਹੁੰਦਾ ਹੈ।ਉਹ ਅੰਦਰੋਂ ਬਾਹਰੋਂ ਇੱਕ ਤਰ੍ਹਾਂ ਦਾ ਜੀਵਨ ਬਤੀਤ ਕਰਨ ਨੂੰ ਤਰਜ਼ੀਹ ਦਿੰਦਾ ਹੈ।ਜਿਸ ਨਾਲ ਉਸ ਦਾ ਮਨ ਨਹੀਂ ਮਿਲਦਾ, ਉਸਨੂੰ ਆਪਣੇ ਮਤਲਬ ਲਈ ਬੁਲਾਉਣਾ ਜ਼ਰੂਰੀ ਨਹੀਂ ਸਮਝਦਾ।ਉਸ ਨਾਲ ਹੱਥ ਮਿਲਾਉਣਾ ਵੀ ਚੰਗਾ ਨਹੀਂ ਸਮਝਦਾ।ਇਸ ਤਰ੍ਹਾਂ ਨਾਇਕ ਇੱਕ ਵਿਸ਼ੇਸ਼ ਤਰ੍ਹਾਂ ਦੀ ਜੀਵਨ ਸ਼ੈਲੀ ਦਾ ਧਾਰਨੀ ਹੈ।ਉਸਦਾ ਇਹ ਆਦਿਕਾਲੀਨ ਸੁਭਾਅ ਪੰਜਾਬੀਆਂ ਦੇ ਸਵੈਮਾਨ ਵੱਲ ਇਸ਼ਾਰਾ ਕਰਦਾ ਹੈ।

ਇਸ ਗੀਤ ਦਾ ਸਥਾਈ ਕਿ ‘ਲੋਕਾਂ ਨੇ ਮਸ਼ੂਕ ਰੱਖੀ ਹੋਣੀ ਆ, ਮਿੱਤਰਾਂ ਨੇ ਮੁੱਛ ਰੱਖੀ ਆ’ ਵਿੱਚ ਸਪੱਸ਼ਟ ਤੌਰ ਤੇ ਦੋ ਜੀਵਨ ਸ਼ੈਲੀਆਂ ਦਾ ਮੁਕਾਬਲਾ ਨਜ਼ਰ ਆਉਂਦਾ ਹੈ।ਮੁੱਛ ਤੇ ਮਾਸ਼ੂਕ ਦੋ ਸ਼ਬਦ, ਦੋ ਧਿਰਾਂ ਉੱਭਰ ਕੇ ਸਾਹਮਣੇ ਆਉਂਦੀਆਂ ਹਨ।ਭਾਵੇਂ ਕਿ ਇਸ ਗੀਤ ਵਿੱਚ ਸਾਰਾ ਬਿਆਨ ਇੱਕ ਤਰਫ਼ਾ ਭਾਵ ਮੁੱਛ ਵਾਲੀ ਧਿਰ ਵੱਲੋਂ ਹੀ ਬਿਆਨ ਕੀਤਾ ਗਿਆ ਹੈ।ਅਜੋਕਾ ਦੌਰ ਪੂੰਜੀਵਾਦ ਤੇ ਉਪਭੋਗਤਾਵਾਦ ਦਾ ਹੈ।ਮੰਡੀ ਤੇ ਮੁਨਾਫ਼ਾ ਇਸ ਦੌਰ ਦੀ ਕੇਂਦਰੀ ਚੂਲ ਹੈ।ਪੂੰਜੀਵਾਦੀ ਧਿਰਾਂ ਆਪਣੇ ਮੁਨਾਫ਼ੇ ਲਈ ਅਜਿਹੇ ਨਾਇਕ ਸਿਰਜ ਰਹੀਆਂ ਹਨ ਜਿਨ੍ਹਾਂ ਰਾਹੀ ਉਹ ਆਪਣੇ ਹਿੱਤ ਵਿੱਚ ਭੁਗਤਦੀ ਜੀਵਨ ਸ਼ੈਲੀ ਦਾ ਨਿਰਮਾਣ ਕਰ ਸਕਣ।ਇਸ ਲਈ ਮੀਡੀਆ ਦੇ ਸਹਾਰੇ ਨਾਲ ਬਹੁਤ ਸਾਰੇ ਨਾਇਕਾਂ ਦੀ ਸਿਰਜਣਾ ਕੀਤੀ ਜਾ ਰਹੀ ਹੈ।ਇਹ ਨਾਇਕ ਤੜਕ ਭੜਕ ਵਾਲੀ ਜ਼ਿੰਦਗੀ ਜਿਉਂਦੇ ਹਨ, ਨਿੱਜਤਾ ਨੂੰ ਪਹਿਲ ਦਿੰਦੇ ਹਨ।ਹਰ ਕਿਸਮ ਦੀ ਖਾਹਿਸ਼ ਪੂਰਤੀ ਹੀ ਇਨ੍ਹਾਂ ਦੀ ਜ਼ਿੰਦਗੀ ਦਾ ਮੁੱਖ ਮਕਸਦ ਹੈ।ਕਿਰਤ ਸਭਿਆਚਾਰ ਨਾਲੋਂ ਟੁੱਟੇ ਅਜਿਹੇ ਨਾਇਕ ਜ਼ਮੀਨੀ ਹਕੀਕਤਾਂ ਤੋਂ ਉੱਪਰ ਉੱਠ ਕੇ ਖਾਸ ਤਰ੍ਹਾਂ ਦੇ ਮਾਨਸਿਕ ਮੰਡਲ ਵਿੱਚ ਜਿਉਂਦੇ ਹਨ।ਮੀਡੀਆ ਨੇ ਅਜਿਹੇ ਨਾਇਕਾਂ ਦੀ ਜ਼ਿੰਦਗੀ ਨੂੰ ਸਮੁੱਚਤਾ ਵਿੱਚ ਪੇਸ਼ ਕਰਨ ਦੀ ਥਾਂ ਸਿਰਫ਼ ਉਨ੍ਹਾਂ ਕੁਝ ਪਲਾਂ ਨੂੰ ਹੀ ਦਿਖਾਉਣਾ ਹੁੰਦਾ ਹੈ ਜੋ ਆਮ ਲੋਕਾਂ ਨੂੰ ਪ੍ਰਭਾਵਿਤ ਕਰ ਸਕਣ।

ਅਜੋਕੇ ਦੌਰ ਵਿੱਚ ਪੂੰਜੀਵਾਦੀ ਪ੍ਰਭਾਵ ਅਧੀਨ ਮੀਡੀਆ ਅਜਿਹੇ ਨਾਇਕਾਂ ਦੀ ਸਿਰਜਣਾ ਕਰ ਰਿਹਾ ਹੈ, ਜਿਨ੍ਹਾਂ ਦਾ ਚਿਹਰਾ ਮੋਹਰਾ ਗਲੋਬਲੀ ਹੋਵੇ।ਦਾੜ੍ਹੀ ਮੁੱਛਾਂ ਤਾਂ ਖਾਸ ਖਾਸ ਖਿੱਤਿਆਂ ਦਾ ਪਛਾਣ ਚਿੰਨ੍ਹ ਹੈ।ਦਾੜ੍ਹੀ ਮੁੱਛਾਂ ਵਿਰਸੇ ਨਾਲ ਜੁੜੇ ਰਹਿਣ ਦਾ ਪ੍ਰਤੀਕ ਹੈ ਅਤੇ ਜੋ ਵੀ ਵਿਰਸੇ ਨਾਲ ਜੁੜਿਆ ਹੈ ਉਸ ਕੋਲ ਪੂੰਜੀਵਾਦੀ ਸ਼ਕਤੀਆਂ ਦੇ ਵਹਾਅ ਦੇ ਵਿਰੁੱਧ ਖੜ੍ਹਣ ਦੀ ਸੋਝੀ ਤੇ ਸਾਹਸ ਹੁੰਦਾ ਹੈ।ਇਸ ਕਸ਼ਮਕਸ਼ ਦੇ ਦੌਰ ਵਿੱਚ ਪੂੰਜੀਵਾਦੀ ਸਿਸਟਮ ਔਰਤ ਮਰਦ ਦੇ ਰਿਸ਼ਤਿਆਂ ਵਿਚਲੀ ਕਮਜ਼ੋਰੀ ਨੂੰ ਸਮਝਦਿਆਂ ਔਰਤ ਮਾਨਸਿਕਤਾ ਵਿੱਚ ਇਹ ਗੱਲ ਭਰਨ ਵਿੱਚ ਕਾਮਯਾਬ ਹੋ ਗਿਆ ਕਿ ਬਿਨਾਂ ਦਾੜ੍ਹੀ ਮੁੱਛਾਂ ਵਾਲੇ ਮਰਦਾਂ ਵਿੱਚ ਹੀ ਅਜੋਕੇ ਦੌਰ ਦੇ ਨਾਇਕ ਬਣਨ ਦੀ ਸਮਰੱਥਾ ਹੁੰਦੀ ਹੈ।ਭਾਵੇਂ ਕਿ ਅਜਿਹੀਆਂ ਔਰਤਾਂ ਦੀ ਵੀ ਕਮੀ ਨਹੀਂ ਜੋ ਆਪਣੇ ਸਾਥੀਆਂ ਨੂੰ ਦਾੜ੍ਹੀ ਮੁੱਛਾਂ ਰੱਖਣ ਲਈ ਪ੍ਰੇਰਦੀਆਂ ਹਨ।ਫਿਰ ਵੀ ਸਮੇਂ ਦੇ ਵਹਿਣ ਵਿੱਚ ਆਈ ਤਬਦੀਲੀ ਸਦਕਾ ਤੇ ਬਦਲੀ ਮਾਨਸਿਕਤਾ ਅਧੀਨ ਬਹੁ ਗਿਣਤੀ ਅਜੋਕੀ ਨਾਰੀ ਨੂੰ ਅਜਿਹਾ ਹੀ ਨਾਇਕ ਪਸੰਦ ਹੈ ਜੋ ਕਲੀਨ ਸ਼ੇਵ ਹੋਵੇ।ਅਜਿਹੀਆਂ ਔਰਤਾਂ ਕਈ ਵਾਰ ਅਜਿਹੀ ਸ਼ਰਤ ਵੀ ਰੱਖਦੀਆਂ ਹਨ ਕਿ ਮਰਦ ਨੂੰ ਪ੍ਰੇਮਿਕਾ ਜਾਂ ਦਾੜ੍ਹੀ ਮੁੱਛਾਂ ਵਿੱਚੋਂ ਇੱਕ ਨੂੰ ਚੁਣਨਾ ਪੈਂਦਾ ਹੈ।ਇਹ ਗੀਤ ਅਜਿਹੀ ਸਥਿਤੀ ਦੀ ਹੀ ਉਪਜ ਹੈ।ਇਸ ਗੀਤ ਦਾ ਨਾਇਕ ਮੁੱਛਾਂ ਰੱਖਣ ਨੂੰ ਤਰਜ਼ੀਹ ਦੇ ਕੇ ਸਮੇਂ ਦੇ ਵਹਾਉ ਦੇ ਵਿਰੁੱਧ ਖੜ੍ਹਣ ਦਾ ਰਸਤਾ ਚੁਣਦਾ ਹੈ।

ਅਸਲ ਵਿੱਚ ਇਸ ਤਰ੍ਹਾਂ ਉਹ ਪੁਰਾਤਨ ਕਦਰਾਂ ਕੀਮਤਾਂ ਦੇ ਹੱਕ ਵਿੱਚ ਖੜ੍ਹਦਾ ਹੈ।ਆਪਣੇ ਵਿਰਸੇ ਸਾਹਮਣੇ ਉਸਨੂੰ ਇਸ਼ਕ ਜਾਂ ਰੁਮਾਂਸ ਵਰਗੇ ਵਰਤਾਰੇ ਦੁਜੈਲੇ ਲਗਦੇ ਹਨ।ਇਸ ਗੱਲ ਦਾ ਉਸ ਨੂੰ ਮਾਣ ਨਹੀਂ ਹੈ ਬਲਕਿ ਉਹ ਇਸਦਾ ਸਿਹਰਾ ਪ੍ਰਮਾਤਮਾ ਨੂੰ ਦਿੰਦਾ ਹੈ ਜਿਸ ਨੇ ਉਸਨੂੰ ਅਜਿਹੀ ਸੋਝੀ ਦਿੱਤੀ ਹੈ।ਪਰ ਆਪਣੀਆਂ ਇਨ੍ਹਾਂ ਸਤਰਾਂ ਰਾਹੀਂ ਉਹ ਆਪਣੇ ਆਪ ਨੂੰ ਦੂਜੇ ਆਮ ਲੋਕਾਂ ਨਾਲੋਂ ਵਖਰਿਆ ਕੇ ਪੇਸ਼ ਕਰਦਾ ਹੈ।ਉਹ ਉਨ੍ਹਾਂ ਲੋਕਾਂ ਨੂੰ ਹੀਣੇ ਸਮਝਦਾ ਪ੍ਰਤੀਤ ਹੁੰਦਾ ਹੈ ਜਿਨ੍ਹਾਂ ਨੇ ਨਵੀਆਂ ਕੀਮਤਾਂ ਦੇ ਵਹਾਉ ਵਿੱਚ ਆ ਕੇ ਆਪਣਾ ਪਿਛੋਕੜ ਭੁਲਾ ਦਿੱਤਾ।

ਉਹ ਆਪਣੀ ਜੀਵਨ ਸ਼ੈਲੀ ਦੇ ਕੁਝ ਪੱਖਾਂ ਨੂੰ ਪੇਸ਼ ਕਰਦਾ ਹੋਇਆ ਕਹਿੰਦਾ ਹੈ ਕਿ ਉਹ ਸਬਰ ਸੰਤੋਖ ਵਾਲੀ ਜ਼ਿੰਦਗੀ ਜਿਉਣ ਵਿੱਚ ਯਕੀਨ ਰੱਖਦਾ ਹੈ।ਉਹ ਮੂਲ ਰੂਪ ਵਿੱਚ ਮਿਹਨਤੀ ਸੁਭਾਅ ਦਾ ਅਤੇ ਆਪਣਾ ਆਪ ਕਮਾ ਕੇ ਖਾਣ ਵਿੱਚ ਯਕੀਨ ਰੱਖਦਾ ਹੈ।ਉਹ ਤਾਂ ਸ਼ਿਕਾਰ ਵੀ ਚੋਰੀ ਚੋਰੀ ਨਹੀਂ ਕਰਦਾ।ਇਹ ਗੁਣ ਉਸਨੂੰ ਵਿਰਾਸਤ ਵਿੱਚ ਮਿਲੇ ਹਨ ਕਿ ਕਿਸੇ ਨਿਹੱਥੇ ਤੇ ਜਾਂ ਕਿਸੇ ਸੁੱਤੇ ਪਏ ਉੱਤੇ ਵਾਰ ਨਹੀਂ ਕਰਨਾ।ਗੀਤਕਾਰ ਵਿਰਾਸਤ ਵਿੱਚ ਮਿਲੇ ਅਜਿਹੇ ਗੁਣਾਂ ਤੇ ਮਾਣ ਕਰਦਾ ਹੈ।ਦਲੇਰੀ ਦਿਖਾਉਣਾ ਪੰਜਾਬੀਆਂ ਦੇ ਚਰਿੱਤਰ ਦਾ ਗੁਣ ਹੈ।ਉਸਨੂੰ ਯਕੀਨ ਹੈ ਕਿ ਦਲੇਰੀ ਵਰਗੇ ਗੁਣ ਉਪਜਾਇਆਂ ਨਹੀਂ ਉਪਜਦੇ।ਇਹ ਤਾਂ ਵਿਰਾਸਤ ਵਿੱਚੋਂ ਹੀ ਮਿਲਦੇ ਹਨ।ਉਹ ਉਨ੍ਹਾਂ ਅਜੋਕੇ ਨੌਜਵਾਨਾਂ ਤੇ ਵੀ ਵਿਅੰਗ ਕਰਦਾ ਹੈ ਜੋ ਜਿਮ ਵਿੱਚ ਇਸ ਲਈ, ਡੰਡ ਮਾਰਦੇ ਹਨ ਜਾਂ ਕਸਰਤਾਂ ਕਰਦੇ ਹਨ ਕਿ ਆਪਣੇ ਸਰੀਰਕ ਜ਼ੋਰ ਨਾਲ ਆਮ ਲੋਕਾਂ ਤੇ ਰੋਹਬ ਪਾ ਸਕਣ।ਉਹ ਖੁੱਲ੍ਹਾ ਡੁੱਲ੍ਹਾ ਖਾਣ ਪੀਣ ਅਤੇ ਜੀਵਨ ਜੀਣ ਵਿੱਚ ਯਕੀਨ ਰੱਖਦਾ ਹੈ।ਗੁਰੂ ਘਰ ਵਿੱਚ ਸ਼ਰਧਾ ਦਰਸਾਉਂਦਾ ਹੈ।ਅਜਿਹੇ ਜੀਵਨ ਲਈ ਉਹ ਗੁਰੂ ਨਾਨਕ ਦੇਵ ਜੀ ਦਾ ਵਿਸ਼ੇਸ਼ ਧੰਨਵਾਦੀ ਹੈ ਜਿਸਦੀ ਕਿਰਪਾ ਨਾਲ ਉਸਨੂੰ ਸਬਰ, ਸੰਤੋਖ ਤੇ ਸਨਮਾਨ ਵਾਲਾ ਜੀਵਨ ਮਿਲਿਆ ਹੈ।

ਉਹ ਆਪਣੇ ਆਪ ਨੂੰ ਮੋਹਤਬਰ ਬੰਦਿਆਂ ਵਿੱਚ ਗਿਣਦਾ ਹੈ।ਪੰਜਾਬੀ ਸਮਾਜ ਵਿੱਚ ਕਿਸੇ ਨੂੰ ਮੋਹਤਬਰ ਗਿਣਿਆ ਜਾਣਾ ਬਹੁਤ ਸਨਮਾਨਜਨਕ ਰੁਤਬਾ ਹੈ।ਪਰ ਮੋਹਤਬਰ ਬੰਦਾ ਆਪਣੇ ਆਪ ਨੂੰ ਕਦੇ ਮੋਹਤਬਰ ਘੋਸ਼ਿਤ ਨਹੀਂ ਕਰਦਾ।ਇੱਥੇ ਗੀਤਕਾਰ ਹਊਮੈ ਦਾ ਸ਼ਿਕਾਰ ਹੁੰਦਾ ਪ੍ਰਤੀਤ ਹੁੰਦਾ ਹੈ।ਅਜਿਹਾ ਕਰਨਾ ਹੋਛੇਪਣ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ।ਪਰ ਗੀਤ ਦੇ ਬਹੁਤੇ ਹਿੱਸੇ ਵਿੱਚ ਉਹ ਚੰਗੀਆਂ ਗੱਲਾਂ ਦੀ ਕਰਦਾ ਹੈ।ਇਸ ਤਰ੍ਹਾਂ ਗੀਤਕਾਰ ਹਊਮੈ ਦੇ ਆਰ ਪਾਰ ਵਿਚਰਦਾ ਪ੍ਰਤੀਤ ਹੁੰਦਾ ਹੈ।ਇੱਕ ਚੰਗਾ ਇਨਸਾਨ ਕਦੇ ਵੀ ਕਿਸੇ ਦਾ ਬੁਰਾ ਨਹੀਂ ਕਰਦਾ।ਇਸ ਗੀਤ ਦਾ ਨਾਇਕ ਵੀ ਆਪਣੇ ਮਨ ਵਿੱਚ ਕਿਸੇ ਦਾ ਵੀ ਬੁਰਾ ਨਹੀਂ ਚਿਤਵਦਾ।ਅਜਿਹੇ ਗੁਣ ਉਸਨੂੰ ਵਿਰਸੇ ਅਤੇ ਪ੍ਰਮਾਤਮਾ ਦੀ ਮਿਹਰ ਨਾਲ ਮਿਲੇ ਹਨ।

ਬਦਲ ਰਹੇ ਯੁਗ ਵਿੱਚ ਆਪਣੀ ਮਨਮਰਜ਼ੀ ਨਾਲ ਪਿਆਰ ਵਿਆਹ ਕਰਵਾਉਣ ਦਾ ਪ੍ਰਚਲਣ ਜ਼ੋਰ ਫੜ ਰਿਹਾ ਹੈ।ਇਸ ਨਾਲ ਮਾਤਾ ਪਿਤਾ ਦੀ ਅਹਿਮੀਅਤ ਘਟ ਰਹੀ ਹੈ।ਵਿਆਹ ਸ਼ਾਦੀ ਦੇ ਮਾਮਲੇ ਵਿੱਚ ਇਸ ਗੀਤ ਦਾ ਨਾਇਕ ਪੰਜਾਬੀ ਲੋਕ ਮਾਨਸਿਕਤਾ ਵਿੱਚ ਪਏ ‘ਧੁਰੋਂ ਪਏ ਸੰਯੋਗ’ ਦੇ ਵਿਸ਼ਵਾਸ ਨੂੰ ਮੰਨਦਾ ਹੈ।ਅਜੋਕੇ ਦੌਰ ਵਿੱਚ ਮਨਪਸੰਦ ਜੀਵਨ ਸਾਥੀ ਚੁਣਨ ਵਾਲੀ ਜੀਵਨ ਸ਼ੈਲੀ ਦੇ ਮੁਕਾਬਲੇ ਉਸਨੂੰ ਮਾਪਿਆਂ ਦੁਆਰਾ ਚੁਣਿਆ ਜੀਵਨ ਸਾਥੀ ਸਵੀਕਾਰ ਹੈ।ਅਜੋਕੇ ਦੌਰ ਵਿੱਚ ਇਹ ਮਾਪਿਆਂ ਸਾਹਮਣੇ ਸਤਿਕਾਰ ਵਿੱਚ ਸਮਰਪਣ ਦੀ ਭਾਵਨਾ ਦਾ ਪ੍ਰਤੀਕ ਹੈ।ਅਦਾਲਤੀ ਵਿਆਹ ਦੇ ਮੁਕਾਬਲੇ ਲਾਵਾਂ ਫੇਰਿਆਂ ਨਾਲ ਕੀਤੇ ਵਿਆਹ ਨੂੰ ਤਰਜ਼ੀਹ ਦਿੰਦਾ ਹੈ।ਇੱਕ ਪਾਸੇ ਮਨ ਦੇ ਪਿੱਛੇ ਲੱਗਣ ਵਾਲਾ ਜੀਣ ਢੰਗ ਹੈ ਤੇ ਦੂਜੇ ਪਾਸੇ ਸਮਾਜਕ ਕੀਮਤਾਂ ਅਨੁਸਾਰ ਚੱਲਣ ਅਤੇ ਉਨ੍ਹਾਂ ਤੇ ਪਹਿਰਾ ਦੇਣ ਵਾਲਾ।ਉਹ ਆਪਣੇ ਆਪ ਨੂੰ ਜਿਸਮਾਨੀ ਪਿਆਰ ਤੋਂ ਵੀ ਕੋਹਾਂ ਦੂਰ ਦਰਸਾਉਂਦਾ ਹੈ।ਪੰਜਾਬੀ ਮਾਨਸਿਕਤਾ ਵਿੱਚ ਗੋਰਾ ਰੰਗ ਮਰਦ ਦੀ ਕਮਜ਼ੋਰੀ ਹੈ ਪਰ ਇਸ ਗੀਤ ਦਾ ਨਾਇਕ ਇਸ ਕਮਜ਼ੋਰੀ ਨੂੰ ਆਪਣੀ ਕਮਜ਼ੋਰੀ ਨਹੀਂ ਬਣਨ ਦਿੰਦਾ।ਉਹ ਆਪਣੇ ਆਪ ਨੂੰ ਇਨ੍ਹਾਂ ਤੋਂ ਉੱਪਰ ਸਮਝਦਾ ਹੈ।

ਪੰਜਾਬੀ ਜੀਵਨ ਵਿੱਚ ਦੋਸਤੀ ਦੀ ਬਹੁਤ ਅਹਿਮੀਅਤ ਹੈ।ਔਖੀਆਂ ਘੜੀਆਂ ਵਿੱਚ ਕਰੀਬੀ ਦੋਸਤ ਹੀ ਸਾਥ ਦਿੰਦੇ ਹਨ।ਦੋਸਥਤੀ ਕਰਨ ਤੇ ਨਿਭਾਉਣ ਲਈ ਨਿਰਛਲ ਤੇ ਨਿਰਸਵਾਰਥੀ ਦਿਲ ਚਾਹੀਦਾ ਹੈ।ਗੀਤਕਾਰ ਵੀ ਆਪਣੇ ਆਪ ਨੂੰ ਅਜਿਹੀ ਸੋਚ ਦਾ ਧਰਾਨੀ ਦਰਸਾ ਦਰਸਾਉਂਦਾ ਹੋਇਆ ਕਹਿੰਦਾ ਹੈ ਕਿ ਉਸਨੇ ਭਾਵੇਂ ਦੋ ਤਿੰਨ ਹੀ ਦੋਸਤ ਬਣਾਏ ਹਨ ਪਰ ਹਨ ਉਹ ਪੱਕੇ ਮਿੱਤਰ।ਸਿਰਫ਼ ਉਨ੍ਹਾਂ ਨਾਲ ਉਹ ਆਪਣੇ ਮਨ ਦੀਆਂ ਗੱਲਾਂ ਕਰ ਸਾਂਝੀਆਂ ਕਰਦਾ ਹੈ।ਉਨ੍ਹਾਂ ਨਾਲ ਹੀ ਉਸਦੇ ਵਿਚਾਰ ਮਿਲਦੇ ਹਨ।ਉਹ ਬਹੁਤੀ ਵਧਾ ਚੜ੍ਹਾ ਕੇ ਗੱਲ ਨਹੀਂ ਕਰਦਾ ਕਿ ਉਸਦਾ ਤਾਂ ਸਾਰੇ ਪਾਸੇ ਨਾਮ ਚਲਦਾ ਹੈ ਜਾਂ ਉਸਦੀ ਜਾਣ ਪਛਾਣ ਦਾ ਘੇਰਾ ਬਹੁਤ ਹੈ।ਸਮਾਜ ਵਿੱਚ ਰਹਿੰਦਿਆਂ ਭਾਵੇਂ ਉਹ ਸਭ ਨੂੰ ਮਾਣ ਸਤਿਕਾਰ ਦਿੰਦਾ ਹੈ, ਸਭ ਨਾਲ ਬੋਲਬਾਣੀ ਰੱਖਦਾ ਹੈ ਪਰ ਸਭ ਨਾਲ ਦਿਲ ਦੀ ਗੱਲ ਸਾਂਝੀ ਨਹੀਂ ਕਰਦਾ।ਉਹ ਖੁੱਲ੍ਹੀ ਕਿਤਾਬ ਵਾਂਗ ਨਹੀਂ ਵਿਚਰਦਾ ਬਲਕਿ ਬੰਦ ਮੁੱਠੀ ਵਿੱਚ ਹੀ ਯਕੀਨ ਰੱਖਦਾ ਹੈ।ਆਪਣੇ ਅਜਿਹੇ ਜੀਵਨ ਢੰਗ ਨੂੰ ਉਹ ਆਮ ਲੋਕਾਂ ਉੱਤੇ ਆਪਣੇ ਪ੍ਰਭਾਵ ਦਾ ਇਹ ਕਾਰਨ ਮੰਨਦਾ ਹੈ।

ਗੀਤਕਾਰ ਨਿਵੇਕਲੇ ਢੰਗ ਨਾਲ ਪੰਜਾਬੀ ਸਭਿਆਚਾਰ ਦੇ ਚੰਗੇ ਗੁਣਾਂ ਨੂੰ ਪੁਨਰ ਸੁਰਜੀਤ ਕਰਦਾ ਹੈ।ਇਸ ਗੀਤ ਵਿਚਲੇ ਸਥਾਈ ਦੀ ਸਤਰ ਦੀ ਵਿੱਚ ਮੁੱਛ ਤੇ ਮਸ਼ੂਕ ਦੀ ਆਪਸੀ ਤੁਲਨਾ ਅਤੇ ਖਾਸ ਕਰ ਸ਼ਬਦ ‘ਮਸ਼ੂਕ’ ਅੱਖਰਦਾ ਹੈ।ਪੰਜਾਬੀ ਸਭਿਆਚਾਰ ਵਿੱਚ ਇਸ ਸ਼ਬਦ ਨੂੰ ਬਹੁਤਾ ਚੰਗਾ ਨਹੀਂ ਸਮਝਿਆ ਜਾਂਦਾ।ਇਹ ਅਨਪੜ੍ਹ ਜਾਂ ਬਹੁਤੇ ਦੇਸੀ ਬੰਦਿਆਂ ਦੁਆਰਾ ਬੋਲਿਆ ਸ਼ਬਦ ਮੰਨਿਆ ਜਾਂਦਾ ਹੈ।ਉਂਝ ਕਿਸੇ ਸਮੇਂ ਇਸ ਸ਼ਬਦ ਨੂੰ ਵੀ ਸਤਿਕਾਰ ਪ੍ਰਾਪਤ ਸੀ।ਪੰਜਾਬੀ ਦਾ ਪ੍ਰਸਿੱਧ ਤੇ ਸਤਿਕਾਰਤ ਕਿੱਸਾਕਾਰ ਵਾਰਿਸ ਸ਼ਾਹ ਆਪਣੇ ਕਿੱਸੇ ‘ਹੀਰ ਵਾਰਿਸ’ ਦੇ ਮੰਗਲਾਚਰਨ ਵਿੱਚ ਲਿਖਦਾ ਹੈ:

‘ਅੱਵਲ ਹਮਦ ਖ਼ੁਦਾਇ ਦਾ ਵਿਰਦ ਕੀਚੈ
ਇਸ਼ਕ ਕੀਤਾ ਸੂ ਜੱਗ ਦਾ ਮੂਲ ਮੀਆਂ
ਪਹਿਲਾਂ ਆਪ ਹੈ ਰੱਬ ਨੇ ਇਸ਼ਕ ਕੀਤਾ,
ਮਾਸ਼ੂਕ ਹੈ ਨਬੀ ਰਸੂਲ ਮੀਆਂ…’


ਇਸ ਤੋਂ ਪ੍ਰਤੀਤ ਹੁੰਦਾ ਹੈ ਕਿ ਸ਼ਬਦ ‘ਮਸ਼ੂਕ’ ਕਿਸੇ ਸਮੇਂ ਪੰਜਾਬੀ ਸਾਹਿਤ ਸਭਿਆਚਾਰ ਵਿੱਚ ਉੁੱਚਾ ਤੇ ਸੁੱਚਾ ਸਥਾਨ ਰਖਦਾ ਸੀ।ਇਹ ਸ਼ਬਦ ਇਸ਼ਕ ਹਕੀਕੀ ਅਤੇ ਇਸ਼ਕ ਮਿਜਾਜੀ ਦੇ ਅਰਥਾਂ ਦਾ ਧਾਰਨੀ ਸੀ।ਸਮੇਂ ਨਾਲ ਇਸ ਦੇ ਅਰਥਾਂ ਵਿੱਚ ਗਿਰਾਵਟ ਆਈ ਹੈ।ਹੁਣ ਇਹ ਸ਼ਬਦ ਬਾਜ਼ਾਰੂ ਜਿਹੇ ਸਬਦਾਂ ਦੇ ਅਰਥਾਂ ਦਾ ਧਾਰਨੀ ਬਣ ਗਿਆ ਹੈ।ਇਸ ਲਈ ਹੁਣ ਦੇ ਦੌਰ ਵਿੱਚ ਇਸ ਸ਼ਬਦ ਨੂੰ ਯੋਗ ਸਥਾਨ ਪ੍ਰਾਪਤ ਨਹੀਂ ਹੈ।ਇਸ ਸ਼ਬਦ ਕਾਰਨ ਹੀ ਇਹ ਗੀਤ ਸਭਿਆਚਾਰਕ ਘੇਰੇ ਤੋਂ ਬਾਹਰ ਰਹਿ ਗਿਆ ਪ੍ਰਤੀਤ ਹੁੰਦਾ ਹੈ।ਇਹ ਸ਼ਬਦ ਦਾਲ ਵਿੱਚ ਕੋਕੜੂ ਵਾਂਗ ਰੜਕਦਾ ਹੈ।ਜਿਵੇਂ ਚਿੱਟੇ ਕੱਪੜੇ ਤੇ ਕੋਈ ਕਾਲਾ ਦਾਗ ਲੱਗ ਗਿਆ ਹੋਵੇ, ਜੋ ਸਮੁੱਚੇ ਕੱਪੜੇ ਦਾ ਪ੍ਰਭਾਵ ਵਿਗਾੜ ਦੇਵੇ।ਪੰਜਾਬੀ ਸਮਾਜ ਦੀ ਇਹ ਵੀ ਵਿਡੰਬਨਾ ਹੈ ਕਿ ਗੀਤ ਦੀਆਂ ਇਹ ਸਤਰਾਂ ਹੀ ਆਮ ਪੰਜਾਬੀਆਂ ਦੀ ਜ਼ੁਬਾਨ ਤੇ ਚੜ੍ਹੀਆਂ ਹਨ।ਜੇਕਰ ਇਸ ਇੱਕ ਸਤਰ ਜਾਂ ਸ਼ਬਦ ਦੀ ਥਾਂ ਕੁਝ ਹੋਰ ਸ਼ਬਦ ਵਰਤ ਲਏ ਜਾਂਦੇ ਤਾਂ ਇਹ ਪਰਿਵਾਰ ਵਿੱਚ ਬੈਠ ਕੇ ਸੁਣੇ ਜਾਣ ਵਾਲੇ ਅਤੇ ਪੰਜਾਬੀ ਦੇ ਸਭਿਆਚਾਰਕ ਗੀਤਾਂ ਦੀ ਸੂਚੀ ਵਿੱਚ ਸ਼ੁਮਾਰ ਹੋ ਸਕਦਾ ਸੀ।ਹੁਣ ਇਹ ਕੁਝ ਵਰਗਾਂ ਦੀ ਪਸੰਦ ਤੇ ਨਾ ਪਸੰਦ ਵਿੱਚ ਵੰਡਿਆ ਗਿਆ।

ਸੰਪਰਕ: +91 98886 58185

Comments

ਹਰਮਨ

ਬਾਈ ਦਵਾਈ ਦਵੁਈ ਦਵਾਓ ਇਹਨੂੰ | ਨਾ ਭਲਾ ਸੱਚੀਂ ਇਹ ਲੱਗਿਆ ਕਿ ਮਖੋਲ ਕੀਤਾ ? ਲੇਖ ਪੜਨ ਲੱਗੇ ਸਾਡੇ ਹੋਸਟਲ ਦੇ ਕਮਰੇ ਚੋਂ ਬੰਦੇ ਭੱਜ ਗਏ ਮਗਰੋਂ ਮਿੰਨਤਾਂ ਕਰ ਕਰ ਬੁਲਾਏ | ਦੋ ਜਾਣਿਆਂ ਨੂੰ ਠੰਡ ਲਗ ਗਈ | ਸੂਹੀ ਸਵੇਰ ਨੂੰ ਬੇਨਤੀ ਹੈ ਕਿ ਠੰਡ ਦੇ ਮਹੀਨੇ ਇਹੋ ਜਿਹੇ ਲੇਖ ਨਾ ਪਾਏ ਜਾਣ.....

Jas

Thanks for the write up..Good assessment, which analyzes and covers most Punjabi songs.

Jashan

ਬਹੁਤ ਖੂਬ ਲਿਖਿਆ ਸਰ ਜੀ

Kaler

Ghgggg

Security Code (required)



Can't read the image? click here to refresh.

Name (required)

Leave a comment... (required)





ਸਾਹਿਤ ਸਰੋਦ ਤੇ ਸੰਵੇਦਨਾ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ