Thu, 18 April 2024
Your Visitor Number :-   6982380
SuhisaverSuhisaver Suhisaver

ਪੱਤ ਕੁਮਲਾ ਗਏ (ਕਾਂਡ-6) -ਅਵਤਾਰ ਸਿੰਘ ਬਿਲਿੰਗ

Posted on:- 01-07-2013

suhisaver

-6-
ਜੈਬਾ ਤਾਂ ਘੂਕ ਸੌਂ ਗਿਆ, ਪਰ ਹੁਣ ਗੁਰਮੇਲੋ ਦੀ ਨੀਂਦ ਉੱਡ ਗਈ। ਬਲਰਾਜ ਵੱਲੋਂ ਪਾਇਆ ਖਰੂਦ ਮੁੜ ਉਸਦੀਆਂ ਅੱਖਾਂ ਅੱਗੇ ਆਉਣ ਲੱਗਾ। ਪਿਓ-ਪੁੱਤ ਵਿਕਾਰ ਖਹਿਬੜ-ਖਬੜਾਈ ਤਾਂ ਪਹਿਲਾਂ ਵੀ ਹੋ ਜਾਂਦੀ। ਬਾਲਾ ਬਰਾਬਰੀ ਵੀ ਕਰਦਾ, ਪਰ ਅੰਤ ਜਦੋਂ ਲੜਾਈ ਵਾਲੀ ਧੂਣੀ ਮੱਘਣ ਲੱਗਦੀ ਤਾਂ ਇੱਕਦਮ ਟੇਢ ਵੱਟ ਜਾਂਦਾ, ਜਿਵੇਂ ਉਸਦਾ ਮਨੋਰਥ ਪਿਤਾ ਨੂੰ ਕੇਵਲ ਖਿਝਾਉਣਾ-ਚਿੜਾਉਣਾ ਹੀ ਹੁੰਦਾ। ਉਹ ਉਲਟ-ਪੁਲਟ ਬੋਲਦਾ ਰਹਿੰਦਾ, ਜਦੋਂ ਜੈਬੇ ਦਾ ਪਾਰਾ ਪੂਰਾ ਚੜ੍ਹ ਜਾਂਦਾ ਤਾਂ ਬਾਲਾ ਠਹਾਕਾ ਮਾਰ ਕੇ ਹੱਸਦਾ। ‘‘ਸ਼ਾਂਤੀ! ਭਾਪੇ ਸ਼ਾਂਤੀ!’’ ਕਹਿੰਦਾ ਉਹ ਬਾਪੂ ਨੂੰ ਹਸਾ ਦਿੰਦਾ। ਜੈਬੇ ਵੱਲ ਸੁਣਾਇਆ ਪਖਾਣਾ ਆਪ ਵੀ ਦੁਹਰਾਉਂਦਾ, ਜਿਸ ਵਿੱਚ ਦੋ ਸ਼ਰਾਰਤੀ ਲੜਕੇ ਕਿਸੇ ਸਾਧ ਕੋਲ ਜਾਂਦੇ ਹਨ। ਇੱਕ ਜਣਾ ਹੌਲੀ ਦੇ ਕੇ ਪੁੱਛਦਾ, ‘‘ਕੀ ਨਾਉਂ ਐ ਬਾਵਾ ਜੀ ਥੋਡਾ?’’



‘‘ਸ਼ਾਂਤੀ ਪ੍ਰਸਾਦ!’’ ਸਾਧੂ ਠਰ੍ਹੰਮੇਂ ਨਾਲ ਦੱਸਦਾ ਹੈ।
ਮਸਖ਼ਰੇ ਮੁੰਡੇ ਚੁੱਪਚਾਪ ਬਹਿ ਕੇ ਧੂਣੇ ਮੂਹਰੇ ਸਜੇ ਸਾਧ ਵੱਲ ਸ਼ਰਧਾ ਭਾਵਨਾ ਦਿਖਾਉਂਦੇ ਹਨ।

‘‘ਭਲਾ ਕੀ ਨਾਉਂ ਦੱਸਿਆ ਸੀ, ਬਾਵਾ ਜੀ?’’ ਮੁੰਡਾ ਮੁੜ ਸਵਾਲ ਦੁਹਰਾਉਂਦਾ ਹੈ।
‘‘ਸ਼ਾਂਤੀ ਪ੍ਰਸਾਦ, ਭਗਤਾ! ਹਾਂਤੀ ਪ੍ਰਸਾਦ’’ ਸਾਧੂ ਮੂੰਹ ਵਿੱਚ ਦੁਹਰਾਉਂਦਾ ਅੱਖਾਂ ਨਹੀਂ ਖੋਹਲਦਾ।

ਕੁਝ ਦੇਰ ਲਈ ਚੁੱਪ ਵਰਤ ਜਾਂਦੀ ਹੈ। ਇੱਕ ਜਣਾ ਫੇਰ ਨਾਂ ਪੁੱਛਦਾ ਹੈ। ਦੂਜਾ ਇਕਦਮ ਉਹੀ ਸਵਾਲ ਦੁਹਰਾਉਂਦਾ ਹੈ ਤਾਂ ਤਿਆਗੀ ਖਿੱਝ ਜਾਂਦਾ ਹੈ। ਧੂਣੇ ਵਿੱਚ ਮਘਦੀ ਖਲਪਾੜ ਧੂਹੰਦਾ, ਜਗਿਆਸੂ ਮੁੰਡਿਆਂ ਮਗਰ ਭੱਜਦਾ ਹੈ। ਜਦੋਂ ਮੋਟੇ ਢਿੱਡ ਵਾਲਾ ਸਾਧ ਹਬਕ ਜਾਂਦਾ ਹੈ ਤਾਂ ਇੱਕ ਲੜਕਾ ਸਾਹੋ ਸਾਹ ਹੋਏ ਸਾਧ ਕੋਲ ਕਹਿਕਹਾ ਲਗਾਉਂਦਾ ਹੈ, ‘‘ਤੈਨੂੰ ਭਲਾ ਸ਼ਾਂਤੀ ਪਰਸ਼ਾਦ ਕਿਹੜਾ ਮੰਨ ਲੂ ਸਾਧਾ? ਤੂੰ ਤਾਂ ਲੱਕੜਧੂਣਾ ਪੂਪਨਾ ਨਿਕਲਿਆ।’’

ਬਾਲਾ ਵੀ ਟੋਟਕਾ ਸੁਣਾ ਕੇ ਹੱਸਦਾ ਤਾਂ ਅਜੈਬ ਅਕਸਰ ਮੁਸਕਰਾਉਂਦਾ ਹਰਖ ਨੂੰ ਮਾਰ ਲੈਂਦਾ। ਪਰ ਕਦੇ ਹੋਰ ਖਿਝ ਕੇ ਬਾਲੇ ਪਿੱਛੇ ਭੱਜਦਾ, ਆਪਣਾ ਗੁੱਭ-ਗੁੱਭਾਟ ਕੱਢ ਕੇ ਸ਼ਾਂਤੀ ਪਰਸ਼ਾਦ ਵਾਂਗ ਹੌਂਕਦਾ ਸ਼ਾਂਤੀ ਅਖ਼ਤਿਆਰ ਕਰ ਲੈਂਦਾ। ਪਰ ਅੱਜ ਜਿੰਨ ਝੱਜੂ ਕਦੇ ਨਹੀਂ ਸੀ ਪਿਆ।...ਗੁਰਮੇਲ ਕੌਰ ਕਲਪਦੀ ਰਹੀ।

ਹੁਣ ਤਾਂ ਬਲਰਾਜ ਅੰਤਾਂ ਦਾ ਮਾਰ ਖੁੰਢਾ ਹੋ ਗਿਆ ਸੀ, ਜਿਵੇਂ ਉਸਦਾ ਸਿਰ ਭੌਂਅ ਗਿਆ ਹੋਵੇ। ਪਿਓ ਮੂਹਰੇ ਭੋਰਾ ਭਰ ਨਹੀਂ ਝਿਪਿਆ। ਸਗੋਂ ਉੱਸਰ ਉੱਸਰ ਅੱਗੇ ਨੂੰ ਆਉਂਦਾ ਜਿਵੇਂ ਬਾਪ ਦੇ ਟੱਕਰ ਮਾਰਨੀ ਹੋਵੇ।

ਅਜੇ ਸਾਰਾ ਕੁਝ ਤਾਂ ਗੁਰਮੇਲੋ ਨੇ ਪਤੀ ਨੂੰ ਦੱਸਿਆ ਨਹੀਂ ਸੀ। ਜੇ ਦੱਸ ਦਿੰਦੀ ਤਾਂ ਦੁਬਾਰਾ ਭੜਥੂ ਪੈ ਜਾਂਦਾ। ਪਿਓ-ਪੁੱਤਰਾਂ ਦੇ ਸਿਰ ਪਾਟ ਗਏ ਹੁੰਦੇ। ਉਹ ਆਪ ਸਹਿਣ ਤਾਂ ਕਰ ਗਈ ਸੀ, ਪਰ ਪੁੱਤ ਵੱਲੋਂ ਛੱਡੇ ਗਏ ਤੀਰ ਨੇ ਉਸਦਾ ਕਾਲਜਾ ਵਿੰਨ੍ਹ ਕੇ ਰੱਖ ਦਿੱਤਾ ਸੀ। ਜੇ ਸ਼ਰਾਬੀ ਨੂੰ ਬੱਕਦੇ ਨੂੰ ਕੋਈ ਹੋਰ ਸੁਣ ਲੈਂਦਾ ਤਾਂ ਕੀ ਸੋਚਦਾ! ਕੀ ਪਤਾ, ਕਿਸੇ ਨੇ ਸੁਣ ਹੀ ਲਿਆ ਹੋਵੇ। ਕੀ ਕਹਿੰਦੇ ਹੋਣਗੇ ਸ਼ਰੀਕ! ਏਨੀ ਬੇਸ਼ਰਮੀ! ਾਂ ਦੇ ਅੰਦਰੋਂ ਹੁਣ ਵੀ ਲਾਟਾਂ ਨਿਕਲਾਂ ਲੱਗੀਆਂ। ਜਦੋਂ ਖ਼ਰੂਦ ਕਰਦੇ ਬਾਲੇ ਨੂੰ ਉਹ ਧੂਹ ਕੇ ਸੁਬਾਤ ਵੱਲ ਲਿਜਾ ਰਹੀ ਸੀ ਤਾਂ ਦਰਵਾਜ਼ੇ ਦੇ ਅੰਦਰ ਬਾਹਰ ਖੜ੍ਹੀ ਤੋਂ ਹਰਖ ਨਾਲ ਆਖਿਆ ਗਿਆ, ‘‘ਵੇ ਮੈਂ ਤੇਰੀ ਮਾਂ ਹੈਗੀ ਆਂ, ਊਤਾ! ਤੈਨੂੰ ਜਨਮ ਦਿੱਤੈ। ਏਹ ਦੁਨੀਆਂ ਦਿਖਾਈ ਐ, ਤੈਨੂੰ ਮੈਂ।’’

‘‘ਆਪਣੇ ਸੁਆਦ ਖ਼ਾਤਰ ਮਾਤਾ! ਆਪਣੇ ਸੁਆਦ ਖ਼ਾਤਰ! ਮੇਰੇ ’ਤੇ ’ਸਾਨ ਨਹੀਂ ਕੀਤਾ ਤੈਂ।’’ ਬਲਰਾਜ ਨੇ ਬੇਹਯਾਈ ਵਾਲੀ ਹੱਦ ਟੱਪ ਦਿੱਤੀ।

ਆਪਣੇ ਕੰਨਾਂ ਉੱਤੇ ਹੱਥ ਰੱਖਦੀ ਗੁਰਮੇਲ ਕੌਰ, ਰਛਪਾਲ ਉੱਪਰ ਗ਼ੁੱਸਾ ਝਾੜਦੀ, ਬੇਗ਼ੈਰਤ ਬਾਲੇ ਨੂੰ ਧੱਕਾ ਦੇ ਕੇ ਸੁਬਾਤ ਵਿੱਚੋਂ ਇੰਝ ਬਾਹਰ ਨੂੰ ਭੱਜੀ ਜਿਵੇਂ ਜਵਾਨ ਪੁੱਤਰ ਨੇ ਉਸਦਾ ਨੰਗ ਦੇਖ ਲਿਆ ਹੋਵੇ। ਪਰ ਬਾਹਰ ਕਿੱਥੇ ਜਾਂਦੀ? ਰਸੋਈ ਅੰਦਰ ਬੈਠ ਕੇ ਉਹ ਅੰਤਾਂ ਦੀ ਰੋਈ ਸੀ। ਬੈਠੀ ਬਿਠਾਈ ਨੇ ਇੱਕ ਦੁਹੱਥੜ ਆਪਣੀ ਕੁੱਖ ’ਤੇ ਮਾਰੀ ਸੀ।...

ਹੁਣ ਵੀ ਅੱਖਾਂ ਖੋਹਲ ਕੇ ਬੈਠਕ ਵਿੱਚੋਂ ਬਾਹਰ ਨਿਕਲੀ। ਸੁਬਾਤ ਵੱਲੋਂ ‘ਝੀਂਅ ਝੀਂਅ ਦੀ ਆਵਾਜ਼ ਆਈ। ਦੱਬੇ ਪੈਰ ਤੁਰਦੀ, ਉਹ ਜ਼ਰਾ ਕੁ ਖੁੱਲ੍ਹੀ ਖਿੜਕੀ ਕੋਲ ਜਾ ਖੜ੍ਹੀ। ਬੱਤੀ ਬੁਝੀ ਹੋਈ ਸੀ। ਛੱਤ ਵਾਲਾ ਪੱਖਾ ਚੱਲ ਰਿਹਾ ਸੀ। ਗੁਰਮੇਲ ਕੌਰ ਨੇ ਜਿਵੇਂ ਪਹਿਲੀ ਵਾਰ ਇਸ ਝੀਂਅ ਝੀਂਅ ਨੂੰ ਗੌਲਿਆ ਹੋਵੇ। ਰਛਪਾਲ ਭਲਾ ਬਾਲੇ ਨੂੰ ਸ਼ਰਾਬ ਪੀਣੋਂ ਕਿਉਂ ਨਹੀਂ ਰੋਕਦੀ? ਗੁਰਮੇਲੋ ਦੇ ਮਨ ਵਿੱਚ ਮੜ ਇਹ ਸਵਾਲ ਉੱਭਰਿਆ ਤਾਂ ਜੈਬੇ ਵੱਲੋਂ ਕੀਤੀਆਂ ਟਿੱਚਰਾਂ ਯਾਦ ਆ ਗਈਆਂ। ਮਿੰਨ੍ਹੀਂ ਜਿਹੀ ਮੁਸਕਰਾਉਂਦੀ ਉਹ ਪਿਛਾਂਹ ਪਰਤ ਗਈ।

ਕੁਝ ਦੇਰ ਮਗਰੋਂ ਉਹ ਮੁੜ ਬਿੜਕ ਲੈਣ ਆਈ. ਪੂਰਨਮਾਸ਼ੀ ਦੇ ਚੰਦਰਮਾ ਦੀ ਇੱਕ ਕਾਤਰ ਨਿੱਕੇ ‘ਰੌਣਕੀ ਰਾਮ’ ਦੇ ਚਿਹਰੇ ਉੱਤੇ ਖੇਡ ਰਹੀ ਸੀ। ਨਵੇਂ ਜਨਮੇ ਪੋਤਰੇ ਦਾ ਨਾਂ ਅਜੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਕਢਾਉਣਾ ਸੀ। ਹੁਣ ਰਛਪਾਲ ਵੀ ਸਿਰਹਾਣੇ ਬਾਂਹ ਰੱਖੀ ਘੁਰਾੜੇ ਮਾਰ ਰਹੀ ਸੀ। ਦਿਨੋ ਦਿਨ ਖੁਰਦੇ ਜਾ ਰਹੇ ਆਪਣੇ ਪਤੀ ਦੀ ਉਸ ਨੂੰ ਜ਼ਰਾ ਜਿੰਨੀਂ ਵੀ ਚਿੰਤਾ ਨਹੀਂ ਸੀ। ਏਨੀ ਜ਼ਿਆਦਾ ਲਾਪਰਵਾਹੀ। ਏਨੀ ਹਰਾਮਜ਼ਾਦਗੀ! ਟਾਕੀ ਮੂਹਰੇ ਖੜ੍ਹੀ ਗਰਮੇਲ ਕੌਰ ਨੂੰ ਦੁਬਾਰਾ ਹਰਖ ਚੜ੍ਹਨ ਲੱਗਿਆ। ਪਰ ਦੂਜੇ ਪਲ ਉਸਦਾ ਅੰਦਰਲਾ ਪਸੀਜ ਗਿਆ। ਸੱਸ ਵਾਲਾ ਸ਼ਰੀਕਪੁਣਾ ਜਿਵੇਂ ਹੁਣ ਉੱਕਾ ਗ਼ਾਇਬ ਸੀ।

‘‘ਇਹ ਵੀ ਕੀ ਕਰੇ ਵਿਚਾਰੀ?’’ ਉਸਨੇ ਹਉਕਾ ਲਿਆ। ਜਗਰਾਤੇ ਝਾਕ ਕੇ ਵੀ ਰਛਪਾਲ ਆਪਣੇ ਆਦਮੀ ਦਾ ਕੀ ਸੰਵਾਰ ਲਵੇਗੀ। ਜਿੰਨੀਆਂ ਮਰਜ਼ੀ ਸਮਝੋਤੀਆਂ ਦੇ ਕੇ ਦੇਖ ਲਵੇ, ਸ਼ਰਾਬੀ ਬੰਦਾ ਆਪਣੀ ਪੁੱਠੀ ਧਤ ਨੂੰ ਤਿਲਾਂਜਲੀ ਨਹੀਂ ਦੇਵੇਗਾ। ਜਦੋਂ ਮਾਂ ਦੇ ਆਖੇ ਉਸ ਨੇ ਚੂਲ਼ੀ ਨਹੀਂ ਛੱਡੀ, ਪਤਨੀ ਨੂੰ ਉਹ ਕੀ ਸਿਆਣਦਾ ਸੀ। ਗੁਰਮੇਲੋ ਸੋਚਦੀ ਸੀ।

ਉਸਨੇ ਆਪ ਵੀ ਕਿੰਨੇ ਓਹੜ ਪੋਹੜ ਕੀਤੇ ਸਨ। ਡਾਕਟਰ ਕੋਲ ਜਾਣਾ ਬਲਰਾਜ ਮੰਨਿਆ ਨਹੀਂ ਸੀ। ਸੱਸ ਨੂੰਹ ਨੇ ਆਪਸੀ ਸਹਿਮਤੀ ਨਾਲ ਲਲਹੇੜੀ ਵਾਲੇ ਮੀਏਂ ਤੋਂ ਲਿਆਂਦਾ ਤਬੀਤ ਦੋ ਵਾਰੀ ਦੁੱਧ ਵਿੱਚ ਘੋਲ ਕੇ ਬਾਲੇ ਨੂੰ ਪਿਲਾਇਆ ਸੀ। ਮਹੀਨੇ ਸਵਾ ਮਹੀਨੇ ਲਈ ਜਿਵੇਂ ਉਹ ਦਾਰੂ ਨੂੰ ਭੁੱਲ ਗਿਆ ਸੀ। ਉਸ ਨੂੰ ਸ਼ਰਾਬ ਤੋਂ ਅਲਕਤ ਆਉਂਦੀ। ਪਿਓ ਨਾਲ ਵੀ ਕੰਮਕਾਰ ਵਿੱਚ ਹੱਥ ਵਟਾਉਣ ਲੱਗਿਆ। ਪਰ ਫਿੱਡੂ ਅਮਲੀ ਮੁੜ ਕਿਧਰੋਂ ਤਾ ਨਹੀਂ ਪ੍ਰੇਤ ਬਣ ਕੇ ਚਿੰਬੜ ਗਿਆ। ਰਾਹ ਗਲ਼ੀ ਮਿਲਦਾ ਬਾਲੇ ਨੂੰ ਖਿਝਾਉਂਦਾ, ‘‘ਕੌਰੂ ਵਾਲੇ ਗੰਜ ਜੋੜ ਕੇ ਰੱਖੇਂਗਾ ਕਿੱਥੇ, ਬਾਈ ਬਾਲਿਆ? ਖਾਇਆ ਪੀਆ ਕਰ, ਵੀਰ! ਅਜੇ ਤੇਰੀ ਸੰਨਿਆਸ ਧਾਰਨ ਦੀ ਵਰੇਸ ਨਹੀਂ।’’

ਸ਼ਰਾਬ ਛੱਡੀ ਤੇ ਰੋਜ਼ ਨਹਾ ਧੋ ਕੇ ਗੁਰੂ ਘਰ ਵਿੱਚ ਸਿਰ ਨਿਵਾਉਣ ਜਾਂਦੇ ਬਲਰਾਜ ਨੂੰ ਏਹੀ ਫਿੱਡੂ ਫੇਰ ਟਿੱਚਰਾਂ ਕਰਦਾ, ‘‘ਮਾਅਰਾਜ ਬਾਬਾ ਜੀ ਸਾਹਬ! ਹੈਂ ਨ੍ਹੀਂ ਲੋਹੜਾ। ਬੁੜ੍ਹਾ ਥੋਡਾ ਰੋਜ਼ ਫਰੌਟੀਏ ਨਾਲ ਗ਼ਲਾਸੀਆਂ ਭਿੜਾ ਭਿੜਾ ਦਾਰੂ ਪੀਂਦੈ! ਤੂੰ ਹੁਣੇ ਅਮਰਤ ਛਕਦਾ ਚੰਗਾ ਲਗੇਂਗਾ? ਨਾਮਰਦ ਬਣ ਜਾਏਂਗਾ, ਚਾਚਾ!’’
ਇੱਕ ਦਿਨ ਬਲਰਾਜ ਨੂੰ ਘੇਰ ਕੇ ਫਿੱਡੇ ਨੇ ਆਪਣੇ ਪੱਲਿਓਂ ਸ਼ਰਾਬ ਪਿਲਾ ਦਿੱਤੀ। ਬਾਲੇ ਦਾ ਸਾਰਾ ਸਰੀਰ ਧੱਫੜਾਂ ਨਾਲ ਭਰ ਗਿਆ, ਜਿਵੇਂ ਉਹਦੇ ਧੱਸੜ ਨਿਕਲੀ ਹੋਵੇ। ਹੱਥਾਂ ਪੈਰਾਂ ਉੱਪਰ ਝੌਂਅ ਛੁੱਟਣ ਲੱਗੀ ਅਤੇ ਖੁਰਕ ਵਰਗੀਆਂ ਸੂਹੀਆਂ ਝਰੀਟਾਂ ਵਿੱਚੋਂ ਲਹੂ ਸਿੰਮਣ ਲੱਗਿਆ।

‘‘ਤੂੰ ਵੀ ਰਗੜਿਆ ਗਿਐਂ, ਬਾਲੇ ਵੀਰਨਾ! ਰਾੜ੍ਹ ਕੇ ਰੱਖ ’ਤਾ ਜਨਾਨੀ ਜਾਤ ਨੇ।’’
ਦੂਜੇ ਦਿਨ ਖ਼ਬਰ ਲੈਣ ਆਇਆ ਫਿੱਡੂ ਬਿੱਲੀਆਂ ਬੁਲਾਉਂਦਾ ਹੱਸਦਾ ਰਿਹਾ।
‘‘ਦਿਖਾ’ਤੀ ਨਾ ਚਲਿੱਤਰੀ, ਸੱਸ ਨੂੰਹ ਦੇ ਸੋਥੇ ਨੇ?’’ ਅਮਲੀ ਨੇ ਅਜੇ ਬਾਲੇ ਦੇ ਕੰਨ ਕੋਲ ਮੂੰਹ ਕੀਤਾ ਹੀ ਸੀ ਕਿ ਗੁਰਮੇਲੋ ਗਰਜ ਪਈ, ‘‘ਕਿਹੜੀ ਚਲਿੱਤਰੀ ਦਿਖਾ’ਤੀ, ਫਿੱਡਿਆ?’’

‘‘ਜਿਹੜੀ ਸਾਰੀਆਂ ਜਨਾਨੀਆਂ ਦਿਖਾਉਂਦੀਆਂ, ਚਾਚੀ।’’ ਏਨੀ ਕਹਿ ਕੇ ਫਿੱਡੂ ਹਰਨ ਹੋ ਗਿਆ ਸੀ। ਪਰ ਉਸ ਦਿਨ ਮਗਰੋਂ ਜਿਵੇਂ ਬਾਲੇ ਦਾ ਆਪਣੀ ਮਾਂ ਤੋਂ ਵਿਸ਼ਵਾਸ ਉੱਠ ਗਿਆ। ਰਛਪਾਲ ਦੀ ਤਾਂ ਉਸ ਨੇ ਚੰਗੀ ਭੁਗਤ ਸੁਆਰੀ ਸੀ। ਹਮਲ ਦਾ ਵੀ ਖ਼ਿਆਲ ਨਹੀਂ ਸੀ ਰੱਖਿਆ। ਹੂਰਿਆਂ-ਹੁੱਜਾਂ ਨਾਲ ਥਾਂ-ਥਾਂ ਨੀਲ ਪਾ ਦਿੱਤੇ। ਅਜਿਹੇ ਸ਼ਰਾਬੀ ਨਾਲ ਆਢਾ ਲਾ ਕੇ ਰਛਪਾਲ ਭਲਾ ਕਿਹੜਾ ਸੁਧਾਰ ਕਰ ਸਕਦੀ ਸੀ। ਨਸ਼ਈ ਬੰਦਾ ਛਿਲੇ ਵਿੱਚੋਂ ਉੱਠੀ ਔਰਤ ਦੇ ਥਾਂ-ਕੁਥਾਂ ਸੱਟ ਮਾਰਦਾ ਤਾਂ ਸਰੀਰ ਸਦਾ ਲਈ ਕਿਤਾਬਿਆ ਜਾਂਦਾ।... ਖੁੱਲ੍ਹੀ ਖਿੜਕੀ ਦੇ ਬਾਹਰ ਵਿਹੜੇ ਵਿੱਚ ਖੜ੍ਹੀ ਗੁਰਮੇਲ ਕੌਰ ਨੂੰਹ ਦੇ ਸ਼ਾਂਤ ਚਿਹਰੇ ਨੂੰ ਨਿਹਾਰ ਰਹੀ ਸੀ ਕਿ ਰਛਪਾਲ ਨੇ ਖੰਘੂਰਾ ਮਾਰਿਆ। ਅੱਧ-ਸੁੱਤੀ ਅਵਸਥਾ ਵਿੱਚ ਉਸ ਨੇ ‘ਰੌਣਕੀ’ ਨੂੰ ਆਪਣੀ ਹਿੱਕ ਨਾਲ ਘੁੱਟਿਆ ਅਤੇ ਦੁੱਧ ਚੁੰਘਾਉਣ ਲੱਗੀ।

‘‘ਜੇ ਔਰਤ ਚਾਹੇ ਤਾਂ ਉਹ ਕੀ ਨਹੀਂ ਕਰ ਸਕਦੀ?’’ ਮੁੜ ਆਪਣੇ ਮੰਜੇ ਉੱਪਰ ਟੇਢੀ ਹੋਮ ੍ਅਘਈ ਘਉ੍ਰਣਏ੍ਓ ੂਡੇ ਮਨ ਵਿੱਚ ਇੱਕ ਲਹਿਰ ਉੱਠੀ। ਉਸ ਨੂੰ ਸਰਾਸਰ ਰਛਪਾਲ ਕਸੂਰਵਾਰ ਜਾਪੀ, ਜਿਹੜੀ ਸ਼ਰਾਬ ਨਾਲ ਟੱਲੀ ਹੋ ਕੇ ਮੁੜੇ ਬਾਲੇ ਦੀ ਮੋਰਨੀ ਵਾਂਗ ਨੱਚ ਕੇ ਪਰਿਕਰਮਾ ਕਰਦੀ। ਅੱਜ ਵਾਂਗ ਹੀ ਉਹ ਇੱਕ ਰਾਤ ਨੂੰਹ-ਪੁੱਤਰ ਦੀ ਬਿੜਕ ਲੈਣ ਖ਼ਾਤਰ ਖਿੜਕੀ ਓਹਲੇ ਖੜ੍ਹੀ ਸੀ ਤਾਂ ਰਛਪਾਲ ਆਪਣੇ ਪਤੀ ਦਾ ਜੂੜਾ ਕਰਦੀ ਗੁਣਗੁਣਾ ਰਹੀ ਸੀ;

‘‘ਮੇਰੇ ਨਿੱਤ ਦੇ ਸ਼ਰਾਬੀਆ ਯਾਰਾ, ਲਿਆ ਮੈਂ ਤੇਰੇ ਕੇਸ ਬੰਨ੍ਹ ਦਿਆਂ।’’

ਜੇ ਰਛਪਾਲ ਦੀ ਥਾਂ ਗੁਰਮੇਲ ਕੌਰ ਹੁੰਦੀ ਤਾਂ ਸ਼ਰਾਬ ਨਾਲ ਇੰਝ ਟੁੰਨ ਹੋ ਕੇ ਮੁੜੇ ਪਤੀ ਨੂੰ ਕਦੇ ਵੀ ਮੂੰਹ ਨਾ ਲਾਉਂਦੀ। ਆਪਣੇ ਪੇਕੀਂ ਤੁਰ ਜਾਣ ਦਾ ਢਰਾਵਾ ਦਿੰਦੀ। ਬੇਸ਼ੱਕ ਰੁੱਸ ਕੇ ਚਲੀ ਵੀ ਜਾਂਦੀ। ਡੰਡਾਉਤ ਕਰਦਾ, ਉਸ ਦੇ ਪੇਕੇ ਪਹੁੰਚਦਾ ਪਤੀ ਹਾੜੇ ਕੱਢ ਕੇ ਨੱਕ ਰੱਗੜ ਕੇ ਉਸਨੂੰ ਮਨਾਉਂਦਾ, ਸ਼ਰਾਬ ਵੱਲੋਂ ਤੌਬਾ ਕਰਦਾ ਤਾਂ ਹੀ ਮੁੜ ਕੇ ਮਾਨੂੰਪੁਰ ਪੈਰ ਪਾਉਂਦੀ। ਨਹੀਂ ਤਾਂ ਬਾਕੀ ਦੀ ਸਾਰੀ ਜ਼ਿੰਦਗੀ ਆਪਣੇ ਮਾਪਿਆਂ ਦੇ ਘਰ ਘੁੰਗਰਾਲ਼ੀ ਕੱਟਣ ਨੂੰ ਤਰਜੀਹ ਦਿੰਦੀ।...

ਸੋਚੀਂ ਪਈ ਗੁਰਮੇਲ ਕੌਰ ਦੀ ਸਾਹ ਲੜੀ ਮੁੜ ਤੇਜ਼ ਹੋ ਗਈ।

ਕਈ ਔਰਤਾਂ ਨੇ ਕੁਰਾਹੇ ਪਏ ਆਪਣੇ ਆਦਮੀਆਂ ਨੂੰ ਇੰਝ ਹੀ ਸਿੱਧੇ ਰਸਤੇ ਉੱਤੇ ਮੋੜ ਲਿਆਂਦਾ ਸੀ। ਅਮਰੇ ਭੇਡੂ ਦੀ ਨੂੰਹ ਨੇ ਸੁਭਾਅ ਦੀ ਸਖ਼ਤੀ ਵਿਖਾ ਕੇ ਆਪਣੇ ਘਰਵਾਲੇ ਭੀਰੇ ਨੂੰ ਤੱਕਲੇ ਵਰਗਾ ਸਿੱਧਾ ਕਰ ਲਿਆ ਸੀ। ‘‘ਜਿੱਦਣ ਦਾਰੂ ਡੱਫ਼ ਕੇ ਆਵੇਂ, ਮੇਰੇ ਨਾਲ ਕਲਾਮ ਨਾ ਕਰੀਂ ਭੀਰਿਆ! ਆਪਣੀ ਲਾਲ ਪਰੀ ਨਾਲੇ ਲੱਜ਼ਤਾਂ ਲਿਆ ਕਰ ਉੱਦਣ।’’ ਕੁਲਦੀਪ ਨੇ ਲਲਕਾਰ ਕੇ ਆਖਿਆ ਸੀ।

ਰਛਪਾਲ ਏਨੀ ਜੁਰਅਤ ਦਿਖਾਉਣ ਜੋਗੀ ਕਿੱਥੇ ਸੀ!...ਗੁਰਮੇਲੋ ਦੀ ਸੁਰਤੀ ਮੁੜ ਸੁਬਾਤ ਵੱਲ ਚਲੀ ਗਈ।...ਇੱਕ ਵਾਰੀ ਸੱਸ ਦੀ ਤਾੜੀ ਹੋਈ ਨੂੰਹ ਰਛਪਾਲ ਸ਼ਰਾਬੀ ਬਾਲੇ ਨੂੰ ਦਬਕਾ ਤਾਂ ਮਾਰ ਬੈਠੀ, ਪਰ ਮਗਰੋਂ ਪਛਤਾਵਾ ਪੱਲੇ ਪਿਆ ਸੀ।
‘‘ਛੇਤੀਓ ਤੂੰ ਮੇਰੇ ਮਰੇ-ਮੁੱਕੇ ਦਾ ਮੂੰਹ ਦੇਖੇਂਗੀ ਪਾਲੋ! ਸੋਚ ਲੈ ਜੇ ਸੋਚ ਹੁੰਦੈ। ਜੇ ਤੈਨੂੰ ਨਵੇਂ ਬੰਦੇ ਦੀਓ ਲੋੜ ਐ ਤਾਂ ਤੇਰੀ ਮਰਜ਼ੀ।’’

ਦੂਜੀ ਸ਼ਾਮ ਧਮਕੀਆਂ ਦਿੰਦੇ ਬਾਲੇ ਦੇ ਮੂੰਹ ਅੱਗੇ ਮਾਂ ਨੂੰ ਹੱਥ ਦੇਣਾ ਪਿਆ ਸੀ। ਕਈ ਦਿਨ ਮਗਰੋਂ ਬਲਰਾਜ ਦੇ ਖੀਸੇ ਵਿੱਚੋਂ ਦੋ ਗੋਲੀਆਂ ਸਲਫ਼ਾਸ ਦੀਆਂ ਰਛਪਾਲ ਨੂੰ ਮਿਲ ਗਈਆਂ ਤਾਂ ਉਹ ਕੰਬਣ ਲੱਗੀ। ਚੰਗੀ ਭਲੀ ਨੂੰ ਤ੍ਰੇਲੀਆਂ ਆਉਣ ਲੱਗ ਪਈਆਂ। ‘‘ਬਾਲੇ ਨੂੰ ਬਚਾ ਲੋ ਬੀ ਜੀ!’’ ਮੁੜ ਮੁੜ ਪਾਣੀ ਪੀਂਦੀ, ਗੁਰਮੇਲ ਕੌਰ ਅੱਗੇ ਹੱਥ ਬੰਨ੍ਹਦੀ।

‘‘ਸ਼ਰਾਬੀਆਂ ਦੀਆਂ ਗਿੱਦੜ-ਭਬਕੀਆਂ ਤੋਂ ਨਹੀਂ ਡਰੀਦਾ, ਪਾਲੋ ਪੁੱਤਰੀ। ਅੱਜ ਤੱਕ ਕੋਈ ਸ਼ਰਾਬੀ ਕਿਸੇ ਦੇ ਸਿਰ ਚੜ੍ਹ ਕੇ ਨਹੀਂ ਮਰਿਆ, ’’ਹੁਬਕੀਂ ਰੋਂਦੀ ਨੂੰਹ ਨੂੰ ਜੈਬੇ ਨੇ ਵੀ ਦਿਲਾਸਾ ਦਿੱਤਾ।

‘‘ਚੱਲ ਛੱਡ ਪਰੇ, ਨਹੀਂ ਮੰਨਦਾ ਖਾਵੇ ਖਸਮਾਂ ਨੂੰ। ਆਪੇ ਇੱਕ ਦਿਨ ਏਹਦਾ ਮੂੰਹ ਮੁੜ ਜਾਣੈ। ਕਦੇ ਤਾਂ ਵਾਹਗੁਰੂ ਸੁਮੱਤ ਬਖ਼ਸ਼ੂਗਾ ਹੀ।’’ ਗੁਰਮੇਲੋ ਵੱਲੋਂ ਵੀ ਨੂੰਹ ਨੂੰ ਧੀਰਜ ਦੇਣਾ ਬਣਦਾ ਸੀ।

‘‘ਵੇ ਪੁੱਤ, ਜ਼ਿੰਦਗੀ ਤੋਂ ਹੱਥ ਧੋ ਬੈਠੇਂਗਾ ਇੱਕ ਦਿਨ, ’’ ਉਹ ਆਪ ਵੀ ਦਿਲ ਫੜ ਕੇ ਬੈਠੀ ਕਹਿ ਗਈ ਸੀ।

‘‘ਕਿਧਰੇ ਨਹੀਂ ਜੱਗ ਸੁੰਨਾ ਹੋਣ ਲੱਗਿਆ ਮਾਤਾ। ਨਾਲੇ ਵੈਸ਼ਨੂੰ ਬੰਦਿਆਂ ਵੀ ਕਿਹੜੇ ਕੀਲੇ ਗੱਡੇ ਹੋਏ ਨੇ?’’- ਬਾਲੇ ਉੱਤੇ ਕੋਈ ਅਸਰ ਨਹੀਂ ਸੀ।
ਗੁਰਮੇਲ ਕੌਰ ਅਨੁਸਾਰ ਉਹ ਥੰਧਾ ਘੜਾ ਸੀ।

‘‘ਕਚੀਲ ਮਰੇ ਬੰਦੇ ਦੀ ਗਤੀ ਕੋਈ ਨਹੀਂ ਹੁੰਦੀ ਕਾਕਾ। ਪ੍ਰੇਤ-ਜੂਨੀ ਭੋਗਣੀ ਪੈਂਦੀ ਐ’’-ਮਾਂ ਦਲਿੀ ਪਈ ਸੀ।

ਪਰ ਬਾਲੇ ਮੁਤਾਬਿਕ ਉਹ ਹੁਣ ਵੀ ਪ੍ਰੇਤਾਂ ਨਾਲੋਂ ਭੈੜੀ ਜ਼ਿੰਦਗੀ ਭੋਗ ਰਿਹਾ ਸੀ। ਪੰਜਵੀਂ ਸਾੜ੍ਹਸਤੀ ਹੰਢਾ ਰਿਹਾ ਸੀ।

‘‘ਰਿਸ਼ੀਆਂ ਮੁਨੀਆਂ ਦੇ ਏਸ ਦੇਸ ’ਚ ਵਿੱਦਿਆ ਦੀ ਕਿਹੜੀ ਪੁੱਛ-ਪਰਤੀਤ ਐ ਮਾਂ ਮੇਰੀਏ? ਬਾਹੋਂ ਫੜ ਫੜ ਨਿਕੰਮਿਆਂ ਨੂੰ ਸਾਡੇ ਮੂਹਰੇ ਲਾਈ ਜਾਂਦੇ ਨੇ। ਗੁਣ ਦੀ ਕਦਰ ਹੈ ਕੋਈ? ਕਿਹੜੀ ਜੀਵਿਤ ਹੈ ਸਾਡੀ?’’

ਘਬਰਾਏ ਹੋਏ ਬਾਲੇ ਨੂੰ ਚੁੱਪ ਕਰਾਉਣਾ ਉਸ ਦਿਨ ਨਾਂ ਲਈ ਅਸੰਭਵ ਜਾਪਿਆ। ਉਹ ਮਰਨਾ ਚਾਹੁੰਦਾ ਸੀ।

‘‘ਤੇਰੀ ਏਸ ਟੱਬਰੀ ਨੂੰ ਕਿਹੜਾ ਸੰਭਾਲੋ ਕੰਜਰਾ।’’ ਮਾਂ ਨੂੰ ਅਖ਼ੀਰ ਉਸ ਦੇ ਪਰਿਵਾਰ ਦਾ ਵਾਸਤਾ ਪਾਉਣਾ ਪਿਆ।

‘‘ਲੈ ਭਲਾ ਏਹ ਕਿੱਡੀ ਕੁ ਸਮੱਸਿਆ ਹੈਗੀ, ਬੀਬੀ?’’ ਬਾਲਾ ਹੱਸਿਆ ਤੇ ਹੱਸਦਾ ਰਿਹਾ ਸੀ। ਪਾਗ਼ਲਾਂ ਵਾਂਗ!

‘ਨੂੰਵੇ ਚਬਰੀਕੀਆਂ ਨਾ ਕਰ, ਦੁਸ਼ਟਾ।’’ ਗੁਰਮੇਲੋ ਨੇ ਝੂਠੀ ਮੂਠੀ ਦੀ ਝਿੜਕੀ ਦਿੱਤੀ।

‘‘ਆਪਣਾ ਮੇਹਰੂ ਕਿਹੜੀ ਮਰਜ਼ ਦੀ ਦਵਾਈ ਐ? ਤਾਂ ਹੀ ਤਾਂ ਆਪਾਂ ਨੇ ਛੜਾ ਰੱਖਿਆ, ਉਹਨੂੰ ਸਟਿੱਪਣੀ ਜਿਹੀ ਨੂੰ! ਉਹਦੇ ਸਿਰ ਧਰ ਦਿਉ। ਨਾਲੇ ਤੇਰੀ ਨੂੰਹ ਖੁਸ਼ ਹੋ ਜੂ।’’ ਬਾਲਾ ਅੱਗੇ ਬੱਕਣ ਲੱਗਿਆ ਤਾਂ ਰਛਪਾਲ ਨੇ ਭੁੱਬ ਮਾਰੀ, ‘‘ਕਦੇ ਤਾਂ ਸੁੱਖ ਬੋਲਿਆ ਕਰ।’’

ਬਲਰਾਜ ਨੇ ਪਹਿਲਾਂ ਵੀ ਕਈ ਵਾਰ ਰਛਪਾਲ ਨੂੰ ਨਸੀਹਤ ਦਿੱਤੀ ਸੀ ਕਿ ਉਹ ਮੇਹਰੂ ਨੂੰ ਵੀ ਚੱਜ ਨਾਲ ਰੋਟੀ ਦੇ ਦਿਆ ਕਰੇ।

‘‘ਇਹ ਰਿਵਾਜ ਥੋਡੇ ਘਰੇ ਰਿਹਾ ਹੋਊਗਾ। ਸਾਡੀਆਂ ਤਾਂ ਸੱਤਾਂ ਪੁਸ਼ਤਾਂ ਵਿੱਚ ਕਿਸੇ ਬੁੜੀ ਨੇ ਛੜਾ ਨਹੀਂ ਰੱਖਿਆ, ’’ ਰਛਪਾਲ ਟੁੱਟ ਕੇ ਪੈ ਗਈ ਸੀ।

ਗੁਰਮੇਲ ਕੌਰ ਵੀ ਨੂੰਹ ਦਾ ਤਾਅਨਾ ਸੁਣ ਕੇ ਖ਼ਫਾ ਹੋਈ ਸੀ ਅਤੇ ਹੁਣ ਅਜੈਬ ਦੇ ਬਰਾਬਰ ਪਈ ਪਤਾ ਨਹੀਂ ਦੁਬਾਰਾ ਕਿਵੇਂ ਤੈਸ਼ ਵਿੱਚ ਆ ਗਈ, ‘‘ਤੇਰੀ ਏਸ ਸੱਸ ਨੇ ਵੀ ਇਹੋ ਜੇਹਾ ਗੰਧਲ਼ ਨਹੀਂ ਪਾਇਆ, ਨੂੰਹ ਰਾਣੀਏਂ। ਆਪਣਾ ਹੱਡ ਹਮੇਸ਼ਾ ਖਰਾ ਰੱਖਿਐ।’’

ਮਿਲਾਪ ਦੀ ਪਹਿਲੀ ਰਾਤ ਤੋਂ ਹੀ ਉਹ ਜੈਬੇ ਕੋਲ ਹਵੇਲੀ ਦੀ ਇੱਕ ਨੁੱਕਰ ਵਿੱਚ ਸੌਂਦੀ। ਹੁਣ ਤਾਂ ਸੁੱਖ ਨਾਲ ਬਾਲੇ ਅਤੇ ਰਛਪਾਲ ਲਈ ਵੱਖਰਾ ਚੁਬਾਰਾ ਵੀ ਸੀ। ਸੋਹਣੇ ਡਰਾਈਵਰ ਦੇ ਵਿਆਹ ਮੌਕੇ ਅਜੈਬ ਨੇ ਪਸ਼ੂਆਂ ਲਈ ਸ਼ੈੱਡ ਦਾ ਲੋਨ ਲੈ ਕੇ ਪੱਕੀ ਸੁਬਾਤ ਬਣਾ ਲਈ ਸੀ। ਵੱਡੇ ਮੁੰਡੇ ਦੇ ਅਲਹਿਦਾ ਹੋਣ ਮਗਰੋਂ ਰਸੋਈ ਲਾਗਲਾ ਸਟੋਰ ਵੀ ਖ਼ਾਲੀ ਹੋ ਗਿਆ। ਬੈਠਕ ਅਲੱਗ ਸੀ।... ਗੁਰਮੇਲ ਕੌਰ ਦੀ ਸੋਚ ਹੋਰ ਕਈ ਸਾਲ ਪਿੱਛੇ ਪਰਤ ਗਈ। ਉਹਨਾਂ ਸਮਿਆਂ ਵਿੱਚ ਜਦੋਂ ਉਸਦਾ ਬਾਪੂ ਘੁੰਗਰਾਲੀ ਤੋਂ ਮਾਨੂੰਪੁਰ ਮੁੰਡਾ ਦੇਖਣ ਆਇਆ, ਮਹਿੰਦਰ ਸਿਹੁੰ ਮੋਹਤਬਰ ਦੀ ਹਵੇਲੀ ਦੀਆਂ ਬਾਹਰਲੀਆਂ ਮੂਰਤਾਂ ਦੇਖ ਕੇ ਡੁੱਲ੍ਹ ਗਿਆ ਸੀ।

‘‘ਮੇਲੋ ਪੁੱਤਰੀ! ਐਹੋ ਜਿਹੀ ਹਵੇਲੀ ਆਪਣੇ ਦਸਾਂ ਪਿੰਡਾਂ ’ਚ ਨਹੀਂ ਹੋਰ ਕਿਤੇ ਦੇਖੀ।’’ ਬਾਪੂ ਪਿੰਡ ਮੁੜ ਕੇ ਸਿਫਤਾਂ ਕਰਦਾ ਨਹੀਂ ਸੀ ਥੱਕਦਾ। ਉਸ ਅਨੁਸਾਰ ਬਾਹਰਲੀ ਪੱਕੀ ਕੰਧ ਉੱਪਰ ਰੰਗਦਾਰ ਤਸਵੀਰਾਂ ਵੀ ਵਾਹੀਆਂ ਸਨ, ਜਿਵੇਂ ਸਾਖ਼ਸ਼ਾਤ ਹਨੂੰਮਾਨ ਪਹਾੜ ਚੁੱਕੀ ਜਾ ਰਿਹਾ ਹੋਵੇ। ਕੁੱਲੂ ਅਤੇ ਕਿੱਕਰ ਸਿੰਘ ਦੀ ਕੁਸ਼ਤੀ ਸੱਚਮੁੱਚ ਸਜੀਵ ਜਾਪਦੀ। ਇੱਕ ਤਰਫ਼ ਖੰਡਾਧਾਰੀ ਸੂਰਮਾ ਸਜਿਆ ਖੜ੍ਹਾ ਸੀ, ਜਿਸ ਦੀ ਤਸਵੀਰ ਹੇਠ ਲਿਖਿਆ ਸੀ ‘ਸਰਦਾਰ ਸ਼ਾਮ ਸਿੰਘ ਅਟਾਰੀ’।...ਉਦੋਂ ਗੁਰਮੇਲ ਕੌਰ ਦੇ ਬਾਪੂ ਲਈ ਲੱਕੜ ਦੀ ਸੰਬੀ ਲਟੈਣ ਹੀ ਟਾਟਾ ਦਾ ਨਿੱਗਰ ਗਾਡਰ ਬਣ ਗਈ ਸੀ ਅਤੇ ਸ਼ਤੀਰੀਆਂ ਵਾਲੇ ਚੀਹਾਂ ਖ਼ਣਾਂ ਨੂੰ ਉਹ ਪੰਜਾਹ ਪੱਕੇ ਖਣ ਦੱਸਦਾ, ਹੁੱਬ ਹੁੱਬ ਬੈਠਦਾ।...ਬਾਪੂ ਨੇ ਸਿਰਫ਼ ਮੋਹਤਬਰ ਦੀ ਗੁੱਡੀ ਚੜ੍ਹੀ ਦੇਖੀ ਸੀ। ਅੰਦਰਲੀ ਕਮੀਨਗੀ ਨੂੰ ਕਿਵੇਂ ਪਰਖ਼ ਲੈਂਦਾ। ਮਹੰਦਰ ਸਿਹੁੰ ਸਿਰਫ਼ ਜ਼ਮੀਨ ਖ਼ਰੀਦਣ ਵੱਲ ਤਵੱਜ਼ੋ ਦਿੰਦਾ। ਵਿਆਹੇ ਵਰੇ ਦੋਹਾਂ ਮੁੰਡਿਆਂ ਨੂੰ ਬੇਸ਼ੱਕ ਹਵੇਲੀ ਦੇ ਦੋਹਾਂ ਖੂੰਜਿਆਂ ਵਿੱਚ ਬੇਪਰਦ ਸੌਣਾ ਪੈਂਦਾ। ਗੁਰਮੇਲ ਕੌਰ ਨੂੰ ਉਹ ਨਮੋਸ਼ੀ ਵੀ ਯਾਦ ਆਈ, ਜਿਹੜੀ ਤਿੰਨ ਪੱਖਿਆਂ ਦੀ ਖੁੱਲ੍ਹੀ ਸੁਬਾਤ ਵਿੱਚ ਰਾਤ ਨੂੰ ਝੱਲਣੀ ਪੈਂਦੀ। ਇੱਕ ਖੂੰਜੇ ਉਸਦਾ ਜੇਠ-ਜੇਠਾਣੀ ਸੌਂਦੇ ਤਾਂ ਤਾਂ ਥਮਲੇ ਦੀ ਓਟ ਵਿੱਚ ਦੂਜੀ ਤਰਫ਼ ਜੈਬੇ ਅਤੇ ਗੁਰਮੇਲੋ ਦੇ ਨਵਾਰੀ ਪਲੰਘ ਡਾਹੇ ਹੁੰਦੇ। ਹਨੇਰਾ ਹੀ ਇੱਕੋ-ਇੱਕ ਪਰਦਾ ਹੁੰਦਾ।

ਬਾਈ ਬਖ਼ਤੌਰੇ ਅਤੇ ਅਜੈਬ ਵਿਚਕਾਰਲਾ ਮਾਧੋ ਛੜਾ ਅਲੱਗ ਸਿਰਦਰਦੀ ਬਣਿਆ ਰਹਿੰਦਾ, ਜਿਹੜਾ ਸੌਂਦਾ ਤਾਂ ਡੰਗਰਾਂ ਵਾਲੇ ਮਕਾਨ ਵਿੱਚ ਸੀ, ਪਰ ਵੱਡੇ ਤੜਕੇ ਹਵੇਲੀ ਦੇ ਉੱਚੇ ਤਖ਼ਤੇ ਭੰਨਣ ਲੱਗ ਜਾਂਦਾ। ਚਾਹ ਪੀ ਕੇ ਇੱਕ ਵਾਰੀ ਤਾਂ ਉਹ ਭਰਾਾਂ ਨਾਲ ਖੇਤ ਨੂੰ ਤੁਰਨ ਦੀ ਕਾਹਲੀ ਪਾਉਂਦਾ। ਜਦੋਂ ਕਦੇ ਉਹਦਾ ਾਅ ਭਰਦਾ ਤਾਂ ਪਿੱਛਲਖੁਰੀ ਮੁੜਨ ਦੀ ਵੀ ਘੋਲ ਨਾ ਕਰਦਾ। ਬਰਾਬਰ ਤੁਰੇ ਜਾਂਦੇ ਰੁਲਦੇ ਨੂੰ ਰੱਸੇ ਫੜਾ ਕੇ ਘਰ ਰਹਿ ਗਿਆ ਕੋਈ ਜ਼ਰੂਰੀ ਸੰਦ ਚੁੱਕਣ ਖ਼ਾਤਰ ਹਵੇਲੀ ਆ ਵੜਦਾ ਅਤੇ ਮੱਲਕ ਦੇ ਕੇ ਕੇਹਰੋ ਕੋਲ ਜਾ ਸੌਂਦਾ।

ਇੱਕ ਵਾਰੀ ਉਹ ਗੁਰਮੇਲੋ ਦੇ ਮੰਜੇ ਉਪਰ ਵੀ ਆ ਡਿੱਗਿਆ, ਜਿਸ ਨੇ ਛੜੇ ਨੂੰ ਭਰਿੰਡ ਵਾਂਗੂ ਤੋੜ ਕੇ ਪਰੇ ਵਗਾਹ ਮਾਰਿਆ। ਜਦੋਂ ਉਹ ਅੰਨ੍ਹਾ ਹੋ ਕੇ ਮੁੜ ਜੱਫ਼ੀ ਭਰਨ ਲੱਗਿਆ ਤਾਂ ਗੁਰਮੇਲ ਕੌਰ ਸ਼ੀਹਣੀ ਬਣ ਕੇ ਭਬਕੀ ਸੀ ਅਤੇ ਇੱਕ ਲਫੇੜਾ ਵੱਟ ਕੇ ਛੜੇ ਦੇ ਬੂਥੇ ਉੱਤੇ ਮਾਰਿਆ ਸੀ, ‘‘ਮੈਂ ਪੁੜਪੁੜੀਆਂ ਸੇਕ ਦਊਂਗੀ ਨਾਸ੍ਹਲ-ਕੁੱਜੇ ਜਿਹੇ ਦੀਆਂ।’’

ਮਾਧੋ ਨੂੰ ਭੱਜੇ ਜਾਂਦੇ ਨੂੰ ਰਸਤਾ ਨਹੀਂ ਸੀ ਲੱਭ ਰਿਹਾ। ਭਾਵੇਂ ਮਗਰੋਂ ਗੁਰਮੇਲੋ ਦੀ ਸੱਸ ਈਸ਼ਰ ਕੌਰ ਵੀ ਕਲੇਸ਼ ਪਾ ਕੇ ਬੈਠ ਗਈ ਸੀ;

‘‘ਕਾਲ਼ਾ ਬੌਲ਼ਦ ਬਣ ਕੇ ਕਮਾਈ ਕਰਦਾ ਨ੍ਹੀਂ ਦੀਂਹਦਾ ਤੈਨੂੰ? ਤੇਰੀਆਂ ਕੀ ਲੂਲ੍ਹਾਂ ਲਾਹ ਲਿੰਦਾ ਉਹ?’’

ਰਾਤ ਭਰੀ-ਪੀਤੀ ਰਮੇਲੋ ਨੇ ਸੱਸ ਮੂਹਰੇ ਬੋਲਣਾ ਵਾਜਬ ਨਹੀਂ ਸਮਝਿਆ। ਦੂਜੀ ਸਵੇਰ ਉਹ ਪੇਕੀਂ ਤੁਰ ਗਈ ਸੀ।

ਛੜੇ ਮਾਧੋ ਨੇ ਉਹਦੇ ਨਾਲ ਝੋਟੇ ਵਾਲਾ ਵੈਰ ਬੰਨ੍ਹ ਲਿਆ ਸੀ। ਅਜੈਬ ਨੂੰ ਵੀ ਉਹ ਸਭ ਤੋਂ ਵੱਡਾ ਦੁਸ਼ਮਣ ਸਮਝਦਾ।

‘‘ਇਹ ਜੈਬਾ ਨਿਰੀ ਇੱਲਤ ਦੀ ਜੜ੍ਹ ਐ, ਬਾਪੂ।’’ ਮਾਧੋ ਆਪਣੇ ਪਿਓ ਕੋਲ ਸ਼ਿਕਾਇਤਾਂ ਲਾਉਂਦਾ।

‘‘ਤੀਮੀਂ ਦੀ ਕੀ ਮਜਾਲ ਬਈ ਖਸਮ ਤੋਂ ਇੱਕ ਉਂਗਲ ਵੀ ਬੇਪਰਵਾਹੀ ਹੋ ਕੇ ਚੱਲੇ। ਇਹ ਮੀਖਰ ਜਿਹੀ ਜੈਬੇ ਨੇ ਆਪੇ ਭੂਹੇ ਚੜ੍ਹਾਈ ਹੋਈ ਐ। ਨਹੀਂ ਤਾਂ ਦੋ ਮਾਰੇ ਕਾਂਬੜੇ, ਐਹੋ ਜਿਹੀ ਭੂਹੜ ਜਨਾਨੀ ਦੇ।’’

ਮੋਹਤਬਰ ਵੀ ਆਪਣੇ ਲਾਡਲੇ ਮਾਧੋ ਵਾਲੀ ਬੋਲੀ ਬੋਲਦਾ, ਛੜੇ ਦਾ ਵਜਾਇਆ ਵੱਜਦਾ, ‘‘ ’ਲੈਹਿਦਾ ਹੋ ਕੇ ਲੈ ਆਈਂ ਭਾਈ ਜੈਬ ਸਿਆਂ, ਆਪਣੀ ਸਤੀ ਸਵਿੱਤਰੀ ਨੂੰ। ਸਾਡੇ ਨਾਲ ਤਾਂ ਛੋਡਾ ਹੁਣ ਲਾਂਘਾ ਕੋਈ ਵ੍ਹੀਂ ਲੰਘਣਾ।’’...

ਸੋਚਾਂ ਵਿੱਚ ਡੁੱਬੀ ਗੁਰਮੇਲੋ ਨੇ ਉੱਚੀ ਖੰਘੂਰਾ ਮਾਰਿਆ। ਬਾਹਰ ਵਿਹੜੇ ਵਿੱਚ ਖੜਾਕ ਹੋਇਆ ਸੀ। ਸ਼ਾਇਦ ਰਛਪਾਲ ਛੱਤ ਉੱਤੇ ਰੋਂਦੀਆਂ ਬਿੱਲੀਆਂ ਨੂੰ ਭਜਾਉਣ ਲਈ ਬਾਹਰ ਨਿਕਲੀ ਸੀ।

...ਪੂਰੇ ਛੇ ਮਹੀਨੇ ਉਸ ਨੂੰ ਘੁੰਗਰਾਲੀ ਕੱਟਣੇ ਪਏ ਸਨ। ਗੁਰਮੇਲੋ ਦੀ ਸੋਚ ਲੜੀ ਮੁੜ ਬੀਤੇ ਸਮੇਂ ਨਾਲ ਜਾ ਜੁੜੀ ਸੀ। ਖਿਝੇ ਹੋਏ ਅਜੈਬ ਨੇ ਘੁੰਗਰਾਲੀ ਜਾਣ ਤੋਂ ਨਾਂਹ ਕਰ ਦਿੱਤੀ। ਮਾਈ ਈਸ਼ਰੋ ਅਤੇ ਮਾਧੋ ਛੜਾ ਤਾਂ ਬਾਗ਼ੋ ਬਾਗ਼ ਸਨ ਪਰ ਮਹਿੰਦਰ ਸਿੰਘ ਮੋਹਤਬਰ ਲੋਕਾਂ ਦੀਆਂ ਪੁੱਛਾਂ ਦੇ ਜਵਾਬ ਦਿੰਦਾ ਘਬਰਾ ਗਿਆ ਸੀ।

‘‘ਅੰਦਰਲਾ ਘਰ ਸੰਭਾਲ਼ ਲੈ, ਜੈਬ ਸਿਆਂ।’’

ਆਖ਼ਰ ਹਵੇਲੀ ਵਾਲਾ ਉਹ ਖੂੰਜਾ ਵੀ ਉਹਨਾਂ ਪਾਸੋਂ ਖੁੱਸ ਗਿਆ। ਅਲਹਿਦਾ ਹੋ ਕੇ ਗੁਰਮੇਲ ਕੌਰ ਨੇ ਤਿਕੋਨੀ ਜਿਹੀ ਕੋਠੜੀ ਵਿੱਚ ਆਪਣੇ ਭਾਂਡੇ ਰੱਖ ਲਏ। ਜਿਸ ਨੂੰ ਮੋਹਤਬਰ ਅੰਦਰਲਾ ਮਕਾਨ ਦੱਸਦਾ। ਇਸ ਕੋਠੜੇ ਵਿੱਚ ਇੱਕ ਮੰਜਾ ਮਸਾਂ ਡਾਹਿਆ ਜਾਂਦਾ। ਚੁਲ੍ਹਾ ਬਾਲਣਾ ਹੁੰਦਾ ਤਾਂ ਮੰਜਾ ਤੁੱਕ ਕੇ ਬਾਹਰ ਖੜ੍ਹਾਉਣਾ ਪੈਂਦਾ। ਜੇਹਲ ਨੁਮਾ ਉਸ ਕੱਚੀ ਕੋਠੜੀ ਮਹਰੇ ਸਿਰਫ਼ ਇੱਕ ਪੱਖੇ ਦਾ ਵਿਹੜਾ ਸੀ, ਜਿਹੜਾ ਚਹੁਆਂ ਪਾਸਿਆਂ ਤੋਂ ਕੱਚੀਆਂ ਕੰਧਾਂ ਨਾਲ ਘਿਰਿਆ ਹੋਇਆ ਸੀ। ਖੋਲੇ ਜਿਹੇ ਦੇ ਮੁੱਖ ਅੱਗੇ ਜੜੀ ਹੋਈ ਦਰਵਾਜ਼ਿਓਂ ਸੱਖਣੀ ਚੁਗਾਠ ਤੋਂ ਲੱਗਦਾ, ਜਿਵੇਂ ਉਹ ਵੀ ਕਦੇ ਵਾਸੂ ਮਕਾਨ ਰਿਹਾ ਹੋਵੇਗਾ। ਹੁਣ ਹ ਉਸ ਸਰਦਲ ਅੱਗੇ ਮੰਜਾ ਟੇਢਾ ਕਰ ਦਿੰਦੇ। ਡੰਡਿਆਂ ਵਾਲੀ ਸਾਦੀ ਖਿੜਕੀ ਲਵਾਉਣ ਦੀ ਵੀ ਗੁੰਜਾਇਸ਼ ਨਹੀਂ ਸੀ। ਸਿਆ ਤਾਂ ਉਹ ਜਿਵੇਂ ਕਿਵੇਂ ਕੱਟ ਲੈਂਦੀ, ਪਰ ਗਰਮੀ ਦੇ ਮਹੀਨੇ ਭੱਠੀ ਵਾਂਗੂੰ ਤਪਦੀ ਕੋਠੜੀ ਵਿੱਚ ਬੈਠੀ ਗੁਰਮੇਲ ਕੌਰ ਆਹਲਣਿਓਂ ਡਿੱਗੇ ਬੋਟ ਵਾਂਗ ਹੌਂਰਦੀ। ਉਦੋਂ ਉਸਦੇ ਪਹਿਲ ਪਲੇਠੀ ਦੇ ਸੋਹਣੇ ਨੇ ਹੋਣਾ ਸੀ। ਪਰ ਉਸ ਸ਼ੇਰ ਦੀ ਬੱਚੀ ਨੇ ਈਨ ਨਹੀਂ ਮੰਨੀਂ। ਮੁੜ ਕੇ ਕਦੇ ਵੀ ਮੋਹਤਬਰ ਦੀ ਉੱਚੀ ਹਵੇਲੀ ਅੱਗੇ ਜਾ ਕੇ ਹੱਥ ਨਹੀਂ ਅੱਡਿਆ। ਮਾਧੋ ਦੀ ਵੰਗਾਰ ਨੂੰ ਸਦਾ ਬਹਾਦਰਾਂ ਵਾਂਗ ਸਵੀਕਾਰਿਆ ਸੀ।

ਪਰ ਅੱਜ ਉਹਦੇ ਆਪਣੇ ਲਹੂ ਨੇ ਉਸ ਨੂੰ ਧੁਰ ਅੰਦਰ ਤੱਕ ਤੜਫ਼ਾ ਕੇ ਰੱਖ ਦਿੱਤਾ ਸੀ। ਬਾਲਾ ਤਾਂ ਮਾਧੋ ਨਾਲੋਂ ਵੀ ਨੀਵਾਂ ਡਿੱਗ ਪਿਆ ਸੀ। ਏਨਾ ਨੰਗਾ ਮਿਹਣਾ ਤਾਂ ਕਦੇ ਛੜੇ ਜੇਠ ਨੇ ਵੀ ਨਹੀਂਸੀ ਮਾਰਿ। ਗੁਰਮੇਲ ਕੌਰ ਦਾ ਗੱਚ ਭਰ ਆਇਆ। ਹੰਝੂ ਜਿਵੇਂ ਪਾਣੀ ਵਾਂਗ ਉਮਡ ਪਏ।

Comments

Rudy

Yo, that's what's up trhutfully.

raj

vdiaa navl

Security Code (required)



Can't read the image? click here to refresh.

Name (required)

Leave a comment... (required)





ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ