Tue, 16 April 2024
Your Visitor Number :-   6976767
SuhisaverSuhisaver Suhisaver

ਮਹਿਲਾ ਪੱਤਰਕਾਰ ਨੂੰ ਕੱਟੜ ਹਿੰਦੂਤਵੀ ਵੱਲੋਂ ਧੋਤੀ ਲਾਹ ਕੇ ਲਿੰਗ ਦਿਖਾਉਣਾ ... ਕੀ ਇਹ ਹੈ ਰਾਮ ਰਾਜ?

Posted on:- 14-08-2020

ਅਨੁਵਾਦ-ਅਮਨਦੀਪ ਹਾਂਸ

ਅੱਜ ਬਦਲ ਰਹੇ ਦੇਸ਼ ਚ ਜਦ ਤਕਰੀਬਨ ਨੱਬੇ ਫੀਸਦ ਮੀਡੀਆ ਸਰਕਾਰ ਦੀ ਗੋਦੀ ਚ ਝੂਲ ਰਿਹਾ ਹੈ ਤਾਂ ਓਸ ਵਕਤ ਬਚੇ ਹੋਏ ਜਾਗਦੇ ਮੀਡੀਆ ਸਿਰ ਮਾਣ ਨਾਲ ਲੋਕ ਹਿੱਤਾਂ ਲਈ ਰਣ ਤੱਤੇ ਚ ਜੂਝ ਰਹੇ ਨੇ।

ਪਰ ਏਸ ਬਦਲ ਰਹੇ ਮੁਲਕ ਚ ਆਪਣੇ ਸੁਰੱਖਿਅਤ ਘਰਾਂ ਤੋਂ ਨਿਕਲ ਕੇ ਲੋਕਾਂ ਚ, ਲੋਕਾਂ ਲਈ ਵਿਚਰਨ ਵਾਲਿਆਂ ਨਾਲ ਅੱਜ ਕੀ ਹੋ ਰਿਹਾ ਹੈ, ਦਿ ਵਾਇਰ ਦੇ ਸਹਿਯੋਗ ਨਾਲ ਸਾਂਝਾ ਕਰਦੇ ਹਾਂ  .. ਜਾਗਦੇ ਜਿਹਨ ਨਾਲ ਸੁਣਨਾ.. ਪੜਨਾ..  

ਬੀਤੀ ੧੧ ਅਗਸਤ ਦੀ ਸ਼ਾਮ ਨੂੰ ਉੱਤਰ ਪੂਰਬੀ ਦਿੱਲੀ ਦੇ ਸੁਭਾਸ਼ ਮੁਹੱਲੇ ਚ ਕਾਰਵਾਂ ਪੱਤ੍ਰਿਕਾ ਦੇ ਤਿੰਨ ਪੱਤਰਕਾਰਾਂ ਉੱਤੇ ਭੀੜ ਨੇ ਹਮਲਾ ਕਰ ਦਿੱਤਾ, ਇਹਨਾਂ ਚ ਇਕ ਮਹਿਲਾ ਪੱਤਰਕਾਰ ਵੀ ਸੀ, ਭੀੜ ਵਿਚੋਂ ਕੁਝ ਨੇ ਉਸ ਦਾ ਜਿਸਮਾਨੀ ਸ਼ੋਸ਼ਣ ਕੀਤਾ।

ਇਹ ਪੱਤਰਕਾਰ ਹਾਲ ਹੀ ਚ ਪ੍ਰਭਜੋਤ ਸਿੰਘ ਤੇ ਸ਼ਾਹਿਦ ਤਾਂਤ੍ਰੇ ਵਲੋਂ ਕੀਤੀ ਇਕ ਰਿਪੋਰਟ ਦਾ ਫਾਲੋਅਪ ਕਰ ਰਹੇ ਸਨ, ਜਿਥੇ  ਦਿੱਲੀ ਦੰਗਿਆਂ ਦੀ ਪੀੜਤ ਇੱਕ ਮਹਿਲਾ ਨੇ ਦੋਸ਼ ਲਾਇਆ ਸੀ  ਕਿ ਬੀਤੀ ਅੱਠ ਅਗਸਤ ਦੀ ਰਾਤ ਨੂੰ ਭਜਨਪੁਰਾ ਪੁਲਸ ਸਟੇਸ਼ਨ ਦੇ ਪੁਲਸ ਮੁਲਾਜ਼ਮਾਂ ਨੇ ਉਸ ਨੂੰ ਤੇ ਉਸ ਦੀ ਸਤਾਰਾਂ ਵਰਿਆਂ ਦੀ ਧੀ ਨੂੰ ਕਥਿਤ ਕੁੱਟਿਆ, ਤੇ ਉਹਨਾਂ ਦਾ ਸਰੀਰਕ ਸ਼ੋਸ਼ਣ ਵੀ ਕੀਤਾ।

ਦੋ ਦਿਨ ਪਹਿਲਾਂ ਦਰਜ ਕਰਵਾਈ ਗਈ ਸ਼ਿਕਾਇਤ ਦੀ ਐਫ ਆਈ ਆਰ ਦਰਜ ਕਰਨ ਦੀ ਮੰਗ ਕਰਨ ਲਈ ਉਸ ਰਾਤ ਪੁਲਸ ਸਟੇਸ਼ਨ ਦਾ ਦੌਰਾ ਕੀਤਾ ਸੀ

ਰਿਪੋਰਟ ਮੁਤਾਬਕ ਬੀਤੀ 5, 6 ਅਗਸਤ ਦੀ ਦਰਮਿਆਨੀ ਰਾਤ ਕੁਝ ਲੋਕਾਂ ਨੇ ਫਿਰਕੂ ਨਾਅਰੇ ਲਾਏ ਅਤੇ ਅਯੁਧਇਆ ਚ ਰਾਮ ਮੰਦਰ ਭੂਮੀ ਪੂਜਨ ਸਮਾਰੋਹ ਦੇ ਉਤਸਵ ਦੇ ਰੂਪ ਚ ਗੁਆਂਢ ਦੇ ਮੁਸਲਮ ਇਲਾਕੇ ਦੇ ਗੇਟ ਤੇ ਭਗਵਾਂ ਝੰਡਾ ਲਾ ਦਿੱਤਾ ਸੀ।

ਪੁਲਸ ਨੇ ਔਰਤਾਂ ਦੀ ਸ਼ਿਕਾਇਤ ਦੀ ਇਕ ਹਥਲਿਖਤ ਕਾਪੀ ਦੇ ਦਿੱਤੀ ਸੀ, ਪਰ ਜਦ ਔਰਤਾਂ ਨੇ ਐਫ ਆਈ ਆਰ ਦੀ ਕਾਪੀ ਮੰਗੀ ਤਾਂ ਪੁਲਸ ਨੇ ਕਥਿਤ ਤੌਰ ਤੇ ਸ਼ਿਕਾਇਤ ਕਰਤਾ ਮਹਿਲਾ, ਉਸ ਦੀ ਧੀ ਤੇ ਨਾਲ ਗਈ ਇਕ ਹੋਰ ਮਹਿਲਾ ਦੀ ਕੁੱਟਮਾਰ ਕੀਤੀ ਤੇ ਸਰੀਰਕ ਸ਼ੋਸ਼ਣ ਕੀਤਾ।

ਕਾਰਵਾਂ ਮੈਗਜੀਨ ਦੇ ਅਸਿਟੈਂਟ ਫੋਟੋਗਰਾਫਰ ਸ਼ਾਹਿਦ ਤਾਂਤ੍ਰੇ, ਕਾਂਟ੍ਰੀਬਿਊਟਰ ਪੱਤਰਕਾਰ ਪ੍ਰਭਜੀਤ ਸਿੰਘ ਅਤੇ ਮਹਿਲਾ ਪੱਤਰਕਾਰ ਜਦ ਇਸ ਬਾਬਤ ਰਿਪੋਰਟਿੰਗ ਕਰਨ ਗਏ, ਤੇ ਜਦ ਉਹ ਮੁਸਲਮ ਇਲਾਕੇ ਦੇ ਗੇਟ ਤੇ ਲਾਏ ਭਗਵੇਂ ਝੰਡੇ ਦੀ ਤਸਵੀਰ ਲੈ ਰਹੇ ਸਨ ਤਾਂ ਭੀੜ ਨੇ ਘੇਰ ਲਿਆ ਤੇ ਡੂਢ ਘੰਟੇ ਤੱਕ ਘੇਰੀ ਰੱਖਿਆ। ਭੀੜ ਚ ਇਕ ਭਗਵਾਂ ਕੁੜਤਾ ਪਹਿਨੀ ਸ਼ਖਸ ਨੇ ਖੁਦ ਨੂ ਭਾਜਪਾ ਜਨਰਲ ਸਕੱਤਰ ਦੱਸਿਆ ਅਤੇ ਤਾਂਤ੍ਰੇ ਤੋਂ ਪਹਿਚਾਣ ਪੱਤਰ ਮੰਗਿਆ, ਜਿਉਂ ਹੀ ਭੀੜ ਨੂੰ ਪਤਾ ਲੱਗਿਆ ਕਿ ਤਾਂਤ੍ਰੇ ਮੁਸਲਮ ਹੈ, ਤਾਂ ਭੀੜ ਨੇ ਇਹਨਾਂ ਪੱਤਰਕਾਰਾਂ ਨਾਲ ਹਥੋਪਾਈ ਕਰਨੀ ਸ਼ੁਰੂ ਕਰ ਦਿੱਤੀ, ਡਰਾਇਆ, ਧਮਕਾਇਆ ਗਿਆ, ਭੀੜ ਤੋਂ ਬਚਣ ਦੀ ਕੋਸ਼ਿਸ਼ ਕਰਦਿਆਂ ਮਹਿਲਾ ਪੱਤਰਕਾਰ ਨੇ ਉਥੋਂ ਦੂਰ ਜਾਣ ਦੀ ਕੋਸ਼ਿਸ਼ ਕੀਤੀ, ਤਾਂ ਕੁਝ ਲੋਕਾਂ ਨੇ ਉਸ ਨਾਲ ਛੇੜਛਾੜ ਕਰਨੀ ਸ਼ੁਰੂ ਕਰ ਦਿੱਤੀ।

ਪ੍ਰਭਜੀਤ ਸਿੰਘ ਨੇ ਦਿ ਵਾਇਰ ਦੀ ਟੀਮ ਨਾਲ ਸਾਰੀ ਵਾਰਤਾ ਸਾਂਝੀ ਕਰਦਿਆਂ ਦੱਸਿਆ ਕਿ ਅਸੀਂ ਭੀੜ ਨੂੰ ਸਮਝਾਉਣ ਦੀ ਬੜੀ ਕੋਸ਼ਿਸ਼ ਕੀਤੀ ਕਿ ਅਸੀਂ ਸਿਰਫ ਗੱਲ ਕਰਨੀ ਹੈ, ਰਿਪੋਰਟ ਕਰਨੀ ਹੈ, ਤੁਸੀਂ ਆਪਣਾ ਪੱਖ ਰੱਖੋ, ਪਰ ਜੋ ਖੁਦ ਨੂੰ ਭਾਜਪਾ ਜਨਰਲ ਸਕੱਤਰ ਦੱਸ ਰਿਹਾ ਸੀ, ਓਸ ਸ਼ਖਸ ਨੇ ਕਿਹਾ- ਤੇਰੇ ਵਰਗੇ ਬਥੇਰੇ ਪੱਤਰਕਾਰ ਦੇਖੇ ਨੇ, ਹੁਣ ਦੇਖ ਤੇਰੇ ਨਾਲ ਅਸੀਂ ਕੀ ਕਰਦੇ ਹਾਂ, ਤੈਨੂੰ ਅੰਦਰ ਕਰਵਾ ਦਿਆਂਗੇ।

ਤੇਰੇ ਵਰਗੇ ਫਟੀਚਰ ਪੱਤਰਕਾਰ ਬੜੇ ਦੇਖੇ ਆ, ਸਾਡਾ ਕੁਝ ਨਹੀ ਵਿਗਾੜ ਸਕਦੇ।

ਤੇ ਹੌਲੀ ਹੌਲੀ ਹੋਰ ਭੀੜ ਜਮਾ ਹੁੰਦੀ ਗਈ, ਬਾਹਰੋਂ ਲੋਕਾਂ ਨੂੰ ਸੱਦਿਆ ਗਿਆ, ਦੇਖਦਿਆਂ ਦੇਖਦਿਆਂ ਦੋ ਸੌ ਦੇ ਕਰੀਬ ਲੋਕ ਇਕੱਠੇ ਹੋ ਗਏ। ਕੁਝ ਔਰਤਾਂ ਸਨ, ਜੋ ਆਪਣੇ ਪਤੀਆਂ ਨੂੰ ਭੀੜ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰ ਰਹੀਆਂ ਸਨ ਤੇ ਅਜਿਹਾ ਹੱਲਾ ਗੁੱਲਾ ਕਰਨ ਤੋਂ ਮਨਾ ਕਰ ਰਹੀਆਂ ਸਨ। ਪਰ ਫੇਰ ਉਹ ਵੀ ਪੱਤਰਕਾਰਾਂ ਤੇ ਹਮਲਾਵਰ ਹੋ ਗਈਆਂ।

ਭੀੜ ਨੇ ਤਾਂਤ੍ਰੇ ਨੂੰ ਮੁਸਲਮ ਹੋਣ ਤੇ ਗੰਦੀਆਂ ਗਾਲਾਂ ਕਢਦਿਆਂ ਕਿਹਾ ਕਿ- ਤੂੰ ਤਾਂ ਫਲਾਣਾ ਮੁੱਲਾਂ ਏ
ਮੁੱਲਾਂ ਫਲਾਣਾ ਕਟੂਆ, ਜਾਨ ਤੋਂ ਮਾਰ ਦਿਓ ਇਹਨੂੰ..

ਪੱਤਰਕਾਰਾਂ ਦੀ ਕੁਟਮਾਰ ਤਾਂ ਕੀਤੀ ਹੀ, ਉਹਨਾਂ ਦੇ ਕੈਮਰੇ ਚੋਂ ਸਾਰੀ ਵੀਡੀਓ, ਸਾਰੀਆਂ ਤਸਵੀਰਾਂ ਡਿਲੀਟ ਕਰਵਾਈਆਂ ਗਈਆਂ।

ਮਹਿਲਾ ਪੱਤਰਕਾਰ ਨੇ ਭੀੜ ਤੋਂ ਬਚਦਿਆਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਕੁਝ ਲੋਕਾਂ ਨੇ ਗਲੀ ਦੇ ਗੇਟ ਨੂੰ ਲੌਕ ਕਰ ਦਿੱਤਾ। ਮਹਿਲਾ ਪੱਤਰਕਾਰ ਨੇ ਉਹਨਾਂ ਵਿਅਕਤੀਆਂ ਨੂੰ ਬੇਨਤੀ ਕੀਤੀ ਕਿ ਉਸ ਨੂੰ ਜਾ ਲੈਣ ਦਿਓ, ਪਰ ਇਕ ਸ਼ਖਸ ਉਸ ਨੂੰ ਧੂਹ ਕੇ ਲੈ ਆਇਆ। ਉਹ ਛੁੱਟ ਕੇ ਦੂਜੀ ਗਲੀ ਚ ਜਾ ਕੇ ਬਹਿ ਗਈ, ਆਪਣੇ ਆਪ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਨ ਲੱਗੀ, ਤਾਂ ਓਥੇ 20-25 ਸਾਲ ਦੀ ਉਮਰ ਦੇ ਕਈ ਮੁੰਡੇ ਆ ਗਏ, ਉਸ ਨੂੰ ਘੇਰ ਲਿਆ , ਵੀਡੀਓ ਬਣਾਉਣ ਲੱਗੇ, ਤਸਵੀਰਾਂ ਲੈਣ ਲੱਗੇ, ਤੇ ਕੁਝ ਗੰਦੇ ਲਹਿਜੇ ਚ ਕਹਿਣ ਲੱਗੇ ਕਿ ਇਹਨੂੰ ਦਿਖਾਓ ਦਿਖਾਓ..
ਮਹਿਲਾ ਪੱਤਰਕਾਰ ਨੇ ਪੁਲਸ ਕੋਲ ਦਿੱਤੀ ਸ਼ਿਕਾਇਤ ਚ ਦੱਸਿਆ ਹੈ ਕਿ ਮੈਂ ਜਦ ਉਹਨਾਂ ਮੁੰਡਿਆਂ ਦੇ ਘੇਰੇ ਚੋਂ ਨਿਕਲਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਚ ਸ਼ਾਮਲ ਇਕ ਅਧਖੜ ਸ਼ਖਸ ਜਿਸ ਨੇ ਟੀਸ਼ਰਟ ਪਾਈ ਸੀ ਤੇ ਧੋਤੀ ਲਾਈ ਹੋਈ ਸੀ, ਸਿਰੋਂ ਗੰਜਾ ਸੀ, ਉਹ ਮੇਰੇ ਸਾਹਮਣੇ ਆ ਕੇ ਖੜਾ ਹੋ ਗਿਆ ਤੇ ਆਪਣੀ ਧੋਤੀ ਖੋਲ ਕੇ  ਮੈਨੂੰ ਆਪਣਾ ਗੁਪਤ ਅੰਗ ਦਿਖਾ  ਕੇ ਅਭੱਦਰ ਭਾਸ਼ਾ ਬੋਲਣ ਲੱਗਿਆ, ਉਹ ਸ਼ਖਸ ਤੇ ਬਾਕੀ ਮੁੰਡੇ ਹੱਸਣ ਲੱਗੇ, ਅਸ਼ਲੀਲ ਟਿਪਣੀਆਂ ਕਰਨ ਲੱਗੇ।

ਮਹਿਲਾ ਪੱਤਰਕਾਰ ਜਿਵੇਂ ਕਿਵੇਂ ਓਥੋਂ ਭੱਜ ਨਿਕਲੀ ਤਾਂ ਉਸ ਨੂੰ ਸਾਥੀ ਪੱਤਰਕਾਰ ਸ਼ਾਹਿਦ ਤਾਂਤ੍ਰੇ ਦਾ ਫੋਨ ਆਇਆ ਕਿ ਭਜਨਪੁਰਾ ਪੁਲਸ ਸਟੇਸ਼ਨ ਤੇ ਆਓ, ਕਿਉਂਕਿ ਉਦੋਂ ਤੱਕ ਪੁਲਸ ਭੀੜ ਚੋਂ ਪ੍ਰਭਜੀਤ ਸਿੰਘ ਤੇ ਤਾਂਤ੍ਰੇ ਨੂੰ ਲੈ ਗਈ ਸੀ। ਜਦ ਮਹਿਲਾ ਪੱਤਰਕਾਰ ਪੁਲਸ ਸਟੇਸ਼ਨ ਦਾ ਰਾਹ ਪੁੱਛਣ ਲੱਗੀ ਤਾਂ ਭੀੜ ਦਾ ਹਿੱਸਾ ਰਹੇ ਕੁਝ ਲੋਕ ਫੇਰ ਆ ਧਮਕੇ ਤੇ ਮਹਿਲਾ ਪੱਤਰਕਾਰ ਦੀ ਕੁਟਮਾਰ ਕੀਤੀ ਗਈ।

ਸਾਰੇ ਮਾਮਲੇ ਦੀ ਪੁਲਸ ਨੇ ਸ਼ਿਕਾਇਤ ਲੈ ਲਈ ਹੈ ਪਰ ਹਾਲੇ ਤੱਕ ਐਫ ਆਈ ਆਰ ਦਰਜ ਨਹੀਂ ਕੀਤੀ।
ਪ੍ਰਭਜੀਤ ਸਿੰਘ  ਨੇ ਦੱਸਿਆ ਕਿ ਕਰੀਬ ਨੱਬੇ ਮਿੰਟ ਤੱਕ ਅਸੀਂ ਓਸ ਦਹਿਸ਼ਤ ਦੇ ਸਾਏ ਹੇਠ ਰਹੇ, ਤੇ ਫੇਰ ਪੁਲਸ ਆਈ, ਪਰ ਭੀੜ, ਪੁਲਸ ਦੇ ਆਉਣ ਤੇ ਵੀ ਹਮਲਾਵਰ ਰਹੀ, ਕੁਝ ਚਿਰ ਤਾਂ ਪੁਲਸ ਟੀਮ ਦੂਰ ਖੜੀ ਰਹੀ ਫੇਰ ਐਡੀਸ਼ਨਲ ਸਬ ਇੰਸਪੈਕਟਰ ਤੇ ਹੈਡ ਕਾਂਸਟੇਬਲ ਦੀ ਅਗਵਾਈ ਚ ਪੁਲਸ ਟੀਮ ਅੱਗੇ ਆਈ ਤੇ ਪੱਤਰਕਾਰਾਂ ਨੂੰ ਭੀੜ ਚੋਂ ਕੱਢ ਕੇ ਲੈ ਗਈਅਸੀਂ ਪੁਲਸ ਨੂੰ ਕਈ ਵਾਰ ਕਿਹਾ ਕਿ ਐਫ ਆਈ ਆਰ ਦਰਜ ਕਰੋ ਤੇ ਸਾਨੂੰ ਕਾਪੀ ਦੇ ਦਿਓ, ਪਰ ਪੁਲਸ ਨੇ ਅਜਿਹਾ ਨਹੀ ਕੀਤਾ।

ਤੇ ਪੁਲਸ ਨੇ ਪੱਤਰਕਾਰਾਂ ਨੂੰ ਇਹ ਵੀ ਕਿਹਾ ਕਿ ਸਾਨੂੰ ਦੱਸ ਕੇ ਕਿਉਂ ਨਹੀਂ ਗਏ?

ਪ੍ਰਭਜੀਤ ਨੇ ਇਹ ਵੀ ਕਿਹਾ ਹੈ ਕਿ ਜੇ ਮੈਂ ਓਥੇ ਨਾ ਹੁੰਦਾ ਤਾਂ ਭੀੜ ਮੁਸਲਮ ਹੋਣ ਕਰਕੇ ਸ਼ਾਹਿਦ ਤਾਂਤ੍ਰੇ ਦਾ ਕਤਲ ਵੀ ਕਰ ਦਿੰਦੀ ।

ਮਹਿਲਾ ਪੱਤਰਕਾਰ , ਘੱਟ ਗਿਣਤੀ ਭਾਈਚਾਰੇ ਨਾਲ ਸੰਬੰਧਤ ਸਿੱਖ ਪ੍ਰਭਜੀਤ ਸਿੰਘ, ਤੇ ਮੁਸਲਮ ਸ਼ਾਹਿਦ ਤਾਂਤ੍ਰੇ ਨਾਲ ਭੂਤਰੀ ਕੱਟੜ ਹਿੰਦੂਤਵੀ ਭੀੜ ਨੇ ਜੋ ਕੀਤਾ, ਜਾਗਦੇ ਸਿਰ ਅਲੋਚਨਾ ਕਰ ਰਹੇ ਨੇ, ਪਰ ਸਿਆਸਤ ਤੇ ਵਿਵਸਥਾ ਬਦਲਣ ਦਾ ਦਾਅਵਾ ਕਰਕੇ ਸੱਤਾ ਚ ਆਏ, ਦਿੱਲੀ ਸੂਬੇ ਦੇ ਹਾਕਮ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਸ਼ਾਇਦ ਮਾਮਲੇ ਦਾ ਪਤਾ ਨਹੀ ਲੱਗਿਆ।

ਕੇਂਦਰੀ ਸੱਤਾ ਤੇ ਬੈਠੇ ਹਾਕਮ ਦੀ ਘੇਸਲ ਤਾਂ ਜੱਗ ਜਾਣਦਾ ਹੈ ਆਮ ਲੋਕ, ਜਾਗਦੇ ਹੋਣ ਦਾ ਦਾਅਵਾ ਕਰਦੇ ਖਾਸ ਲੋਕ ਵੀ ਖਾਮੋਸ਼ ਹੀ ਨੇ।

ਸਾਰੇ ਮਾਜਰੇ ਉਤੇ ਸੀਨੀਅਰ ਪੱਤਰਕਾਰ ਰਵੀਸ਼ ਕੁਮਾਰ ਨੇ ਕਿਹਾ ਹੈ ਕਿ ਜਨਤਾ ਹੁੰਦੀ ਤਾਂ ਪੁੱਛਦੀ ਕਿ ਐਸਾ ਕਿਉਂ ਹੋ ਰਿਹਾ ਹੈ, ਪਰ ਜਨਤਾ ਹੀ ਜਨਤਾ ਨਹੀ ਹੈ।

ਮਹਿਲਾ ਪੱਤਰਕਾਰ ਨੂੰ ਅਸ਼ਲੀਲ ਗਾਲਾਂ ਕਢੀਆਂ ਗਈਆਂ, ਇਕ ਅਧਖੜ ਆਪਣੀ ਧੋਤੀ ਲਾਹ ਕੇ ਉਸ ਨੂੰ ਭੀੜ ਚ ਆਪਣਾ ਲਿੰਗ ਦਿਖਾਉਂਦਾ ਹੈ, ਸਭਿਅਕ ਸਮਾਜ ਦੀ ਜਨਤਾ ਇਹ ਸਭ ਜਾਣ ਕੇ ਵੀ ਅਣਜਾਣ ਹੈ,  ਜਾਗਦੇ ਸਿਰ ਵਾਲੇ ਸਾਰਾ ਮਾਜਰਾ ਸੁਣਨ, ਪੜਨ ਤਾਂ ਜੋ ਪਤਾ ਲੱਗ ਸਕੇ ਕਿ ਹੁਣ ਦੇ ਭਾਰਤ ਚ ਜਨਤਾ ਕੀ ਕੁਝ ਬਰਦਾਸ਼ਤ ਕਰਨ ਜੋਗੀ ਕਰ ਲਈ ਗਈ ਹੈ,  ਇਸ ਘਾਤਕ ਖਾਮੋਸ਼ੀ ਦੀ ਨੀਂਹ ਤੇ ਅਗਲੀ ਪੀੜੀ ਦੀ ਕਿਹੋ ਜਿਹੀ ਇਮਾਰਤ ਉਸਰੇਗੀ, ਇਹ ਚਿੱਟੇ ਦਿਨ ਵਾਂਗ ਸਾਫ ਦਿਸਦਾ ਹੈ।

ਸਾਫ ਹੈ ਕਿ ਨਵੇਂ ਭਾਰਤ ਦਾ ਉਦੈ ਹੋ ਰਿਹਾ ਹੈ।
ਭਾਰਤ ਬਦਲ ਰਿਹਾ ਹੈ, ਕੀ ਬਦਲ ਰਹੇ ਭਾਰਤ ਹੁਣ ਇਉਂ ਹੀ ਹੁੰਦਾ ਰਹੇਗਾ. ਅਸੀਂ ਤੁਸੀਂ ਸਿਰਫ ਦੇਖਣ ਸੁਣਨ ਵਾਲਿਆਂ ਚ ਹੀ ਖੜੇ ਰਹਾਂਗੇ..?

ਕੀ ਇਹ ਸੀ ਅਜਾਦੀ ਲਈ ਕੁਰਬਾਨ ਹੋਇਆਂ ਦਾ ਸੁਪਨਾ..??
ਸਵਾਲ ਸਾਡੇ ਸਾਰਿਆਂ ਲਈ ਨੇ..
 
ਹਮੇਸ਼ਾ ਵਾਂਗ ਹੁੰਗਾਰੇ ਦੀ ਆਸ ਰਹੇਗੀ,
ਭਾਰਤ ਦੇ ਮੂਲ ਵਾਸੀਓ.. ਜਾਗਦੇ ਰਹਿਣਾ,

 ਸੁਣਦੇ-ਪੜਦੇ ਰਹਿਣਾ ਬਦਲਦੇ ਭਾਰਤ ਦੀ ਦਾਸਤਾਨ...

(ਦਿ ਵਾਇਰ ਤੋਂ ਧੰਨਵਾਦ ਸਹਿਤ)


Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ