Sat, 15 August 2020
Your Visitor Number :-   2625535
SuhisaverSuhisaver Suhisaver
ਸੂਹੀ ਸਵੇਰ ਦਾ ਸਾਲਾਨਾ ਸਮਾਗਮ 9 ਫਰਵਰੀ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ               ਜਥੇਦਾਰ ਅਵਤਾਰ ਸਿੰਘ ਮੱਕੜ ਨਹੀਂ ਰਹੇ              

ਮੋਜ਼ਰ ਜੋੜੀ ਦੀ ਯੁੱਗ ਪਲਟਾਊ ਖੋਜ -ਡਾ. ਕੁਲਦੀਪ ਸਿੰਘ ਧੀਰ

Posted on:- 19-10-2014

suhisaver

ਮਨੁੱਖਤਾ ਦੀ ਤਬਾਹੀ ਲਈ ਬਾਰੂਦ ਤਿਆਰ ਕਰਨ ਵਾਲੇ ਅਲਫਰੈਡ ਨੋਬਲ ਨੇ ਹੀ ਪਸ਼ਚਾਤਾਪ ਵਜੋਂ ਇਸ ਧੰਦੇ ਤੋਂ ਕਮਾਈ ਨੂੰ ਮਨੁੱਖਤਾ ਦੀ ਭਲਾਈ ਲਈ ਵਰਤਣ ਦੇ ਉਦੇਸ਼ ਨਾਲ 1895 ਵਿੱਚ ਪੰਜ ਨੋਬਲ ਪੁਰਸਕਾਰ ਹਰ ਵਰ੍ਹੇ ਦੇਣ ਦੀ ਵਸੀਅਤ ਕੀਤੀ। ਸਟਾਕਹੋਮ (ਸਵੀਡਨ) ਵਿੱਚ ਜਨਮੇ ਨੋਬਲ ਦੇ ਸ਼ਹਿਰ ਸਟਾਕਹੋਮ ਵਿੱਚ ਹੀ ਹਰ ਸਾਲ 10 ਦਸੰਬਰ ਨੂੰ ਉਸੇ ਵਰ੍ਹੇ ਦਾ ਮੈਡੀਸਨ ਦਾ ਨੋਬਲ ਪੁਰਸਕਾਰ ਦਿੱਤਾ ਜਾਂਦਾ ਹੈ। ਗੋਲਡ-ਮੈਡਲ, ਸਰਟੀਫਿਕੇਟ, ਡਿਪਲੋਮਾ ਵੱਡੀ ਨਕਦ ਰਾਸ਼ੀ ਤੇ ਵਿਸ਼ਵ ਪੱਧਰ ਦਾ ਇਜ਼ਤ ਮਾਣ ਮਿਲਦਾ ਹੁੰਦਾ ਹੈ। ਸਮੁੱਚੀ ਮਨੁੱਖਤਾ ਦੀ ਭਲਾਈ ਲਈ ਸਭ ਤੋਂ ਵੱਧ ਵਿਹਾਰਕ ਮਹੱਤਵ ਵਾਲੀ ਮੌਲਿਕ ਖੋਜਾਂ ਇਸ ਬਾਰੇ ਫੈਸਲਾ ਕਰਦੀ ਹੈ ਕਾਰਲੋਸਕਾ ਇਨਸਟੀਚਿਊਟ ਸਟਾਕਹੋਮ ਦੀ ਨੋਬਲ ਅਸੈਂਬਲੀ ਕਰਦੀ ਹੈ।

10 ਦਸੰਬਰ ਨੂੰ ਨੋਬਲ ਦੀ ਬਰਸੀ ਹੁੰਦੀ ਹੈ। 1896 ਵਿੱਚ ਇਸੇ ਦਿਨ ਉਸ ਦੀ ਮੌਤ ਸੈਨ ਰੈਮੋ ਵਿੱਚ ਬਰੇਨ ਹੈਮਰੇਜ਼ ਨਾਲ ਹੋਈ ਸੀ। ਅੱਠ ਵਰੇ੍ਹ ਪਹਿਲਾਂ 1888 ਵਿੱਚ ਉਸ ਦੇ ਭਰਾ ਅਲਫਰੈਡ ਲੁਡਵਿੰਗ ਦੀ ਮੌਤ ਹੋਈ ਤਾਂ ਫਰਾਂਸ ਦੇ ਇੱਕ ਅਖ਼ਬਾਰ ਨੇ ਭੁਲੇਖੇ ਨਾਲ ਸਮਝਿਆ ਕਿ ਅਲਫਰੈਡ ਨੋਬਲ ਮਰਿਆ ਹੈ। ਉਸ ਦੇ ਭਰਾ ਨੂੰ ਬਹੁਤ ਘੱਟ ਲੋਕ ਜਾਣਦੇ ਸਨ। ਅਲਫਰੈਡ ਨੋਬਲ ਆਪਣੀਆਂ ਖੋਜਾਂ ਤੇ ਦੌਲਤ ਕਾਰਨ ਕਿਤੇ ਵੱਧ ਪ੍ਰਸਿੱਧ ਸੀ। ਪ੍ਰਸਿੱਧ ਨਾਲੋਂ ਬਦਨਾਮ ਕਹਿਣਾ ਵਧੇਰੇ ਉਚਿੱਤ ਹੈ। ਫਰਾਂਸੀਸੀ ਅਖ਼ਬਾਰ ਨੇ ਖ਼ਬਰ ਦੀ ਸੁਰਖੀ ਦਿੱਤੀ : ਮੌਤ ਦਾ ਵਪਾਰੀ ਅਲਫਰੈਡ ਨੋਬਲ ਨਹੀਂ ਰਿਹਾ;।

ਨੋਬਲ ਨੇ ਪੜ੍ਹੀ ਤਾਂ ਉਸ ਨੂੰ ਝਟਕਾ ਲੱਗਾ ਕਿ ਮੇਰੇ ਮਰਨ ਉਪਰੰਤ ਲੋਕ ਮੈਨੂੰ ਇਸ ਤਰ੍ਹਾਂ ਹੀ ਯਾਦ ਕਰਨਗੇ। ਆਪਣੇ ਇਸੇ ਬਿੰਬ ਨੂੰ ਸਦੀਵੀ ਰੂਪ ਵਿੱਚ ਹੀ ਸੁਧਾਰਨ ਦੇ ਉਦੇਸ਼ ਨਾਲ ਉਸ ਨੇ ਸਾਰੀ ਉਮਰ ਦੀ ਬਚੀ 94 ਪ੍ਰਤੀਸ਼ਤ ਕਮਾਈ ਨੋਬਲ ਪੁਰਸਕਾਰ ਦੇਣ ਲਈ ਵਸੀਅਤ ਕਰ ਦਿੱਤੀ। 1900 ਤੱਕ ਇਸ ਬਾਰੇ ਸਭ ਕਾਰਵਾਈਆਂ ਕਰਕੇ 1901 ਤੋਂ ਬਾਕਾਇਦਾ ਇਹ ਪੁਰਸਕਾਰ ਦਿੱਤੇ ਜਾਣੇ ਸ਼ੁਰੂ ਹੋ ਗਏ।

ਮੈਡੀਸਨ, ਚਕਿਤਸਾ ਜਾਂ ਸਰੀਰ ਵਿਗਿਆਨ ਦਾ ਪਹਿਲਾ ਨੋਬਲ ਪੁਰਸਕਾਰ 1901 ਵਿੱਚ ਐਮਿਲ ਐਡਾਲਫ਼ ਵਾਨ ਬੈਹਰਿੰਗ ਨਾਂ ਦੇ ਜਾਰਮਨ ਵਿਗਿਆਨੀ ਨੂੰ ਦਿੱਤਾ ਗਿਆ। ਡਿਪਥੀਰੀਆ ਦੇ ਇਲਾਜ ਲਈ ਟੀਕਾ ਅਤੇ ਸੀਰਮ ਥੀਰੈਪੀ ਦੇ ਖ਼ੇਤਰ ਵਿੱਚ ਉਸ ਦੇ ਕੰਮ ਨੂੰ ਇਸ ਦਾ ਆਧਾਰ ਬਣਾਇਆ ਗਿਆ। 1947 ਵਿੱਚ ਮੈਡੀਸਨ, ਸਰੀਰ ਵਿਗਿਆਨ ਦੇ ਖੇਤਰ ਦੇ ਪੁਰਸਕਾਰ ਲਈ ਪਹਿਲੀ ਵਾਰ ਕਿਸੇ ਔਰਤ ਨੂੰ ਚੁਣਿਆ ਗਿਆ। ਇਹ ਔਰਤ ਸੀ ਗਰਟੀ ਕੋਰੀ। ਉਸ ਨੂੰ ਗਲੂਕੋਜ਼ ਦੀ ਮੈਟਾਬੋਲਿਜ਼ਮ ਸਮਝਣ ਸਮਝਾਉਣ ਲਈ ਇਹ ਪੁਰਸਕਾਰ ਦਿੱਤਾ ਗਿਆ। ਉਸ ਦੀ ਇਸ ਖੋਜ ਨਾਲ ਡਾਇਬਟੀਜ਼ ਭਾਵ ਸ਼ੂਗਰ ਦੇ ਰੋਗੀਆਂ ਦੇ ਇਲਾਜ ਵਾਸਤੇ ਰਾਹ ਖੁੱਲ੍ਹੇ ਸਨ। ਮੈਡੀਸਨ ਦੇ ਖ਼ੇਤਰ ਵਿੱਚ ਇੱਕ ਹੋਰ ਮਹੱਤਵ ਪੂਰਨ ਵਰ੍ਹਾ ਸੀ 1962 ਦਾ। ਇਸ ਸਾਲ ਵਟਿਜ਼ਨ ਕਰਿਕ ਤੇ ਵਿਲਸਨ ਨੂੰ ਡੀ.ਐਨ.ਏ ਦੀ ਸਰੰਚਨਾ ਸਮਝਣ ਵਾਸਤੇ ਇਹ ਪੁਰਸਕਾਰ ਦਿੱਤਾ ਗਿਆ। 2014 ਦੇ ਇਸ ਖੇਤਰ ਦੇ ਪੁਰਸਕਾਰ ਦਾ ਵਿਸ਼ੇਸ਼ ਮਹੱਤਵ ਹੈ। ਇਹ ਦਿਮਾਗ ਅੰਦਰਲੇ ਜੀ.ਪੀ.ਐਸ ਨੂੰ ਖੋਜਣ ਸਮਝਣ ਵੱਲ ਇੱਕ ਵੱਡੀ ਪੁਲਾਂਘ ਸਾਬਤ ਹੋਣ ਵਾਲੇ ਕਾਰਜ ਲਈ ਦਿੱਤਾ ਗਿਆ ਹੈ। ਜੀ.ਪੀ.ਐਸ ਸਾਡੇ ਸੰਚਾਰ ਯੁੱਗ ਦਾ ਸੰਕੇਤ ਹੈ। ਜਿਸ ਦਾ ਭਾਵ ਹੈ ਗਰਾਊਂਡ ਪੋਜ਼ੀਸ਼ਨਿੰਗ ਸਿਸਟਮ ਸੜਕਾਂ ’ਤੇ ਚਲਦੇ ਸਮੇਂ ਜਾਂ ਆਕਾਸ਼ ਵਿੱਚ ਜਹਾਜ਼ਾਂ ਵਿੱਚ ਉੱਡਦੇ ਸਮੇਂ ਦਿਸ਼ਾ ਸਥਾਨ ਤੇ ਮਾਰਗ ਦਾ ਨਿਰਣਾ ਕਰਦਾ ਹੈ, ਇਹ ਸਿਸਟਮ। ਮਹਾਂ ਨਗਰਾਂ ਵਿੱਚ ਸੈਟਲਾਈਟ ਦੀ ਮਦਦ ਨਾਲ ਹਰ ਸਮੇਂ ਇਹ ਸਿਸਟਮ ਡਰਾਈਵਰ ਨੂੰ ਰਾਹ ਲੱਭ ਕੇ ਮੰਜ਼ਿਲ ’ਤੇ ਪਹੁੰਚਣ ਵਿੱਚ ਮਦਦ ਕਰਦਾ ਹੈ। ਦਿਮਾਗ ਦਾ ਜੀਪੀ. ਐਸ ਦਿਮਾਗ਼ ਦੇ ਅੰਦਰੋਂ ਸਕ੍ਰਿਅ ਹੁੰਦਾ ਹੈ। ਕਿਸੇ ਨਵੇਂ ਥਾਂ ਟਿਕਾਣੇ ’ਤੇ ਜਾ ਕੇ ਵਾਪਸ ਪਰਤਣ ਸਮੇਂ ਇਹ ਦਿਮਾਗੀ ਜੀ.ਪੀ.ਐਸ ਹੀ ਰਸਤੇ ਦੇ ਮੋੜਾਂ, ਮਹੱਤਵਪੂਰਨ ਦਿ੍ਰਸ਼ਾ, ਭਵਨਾਂ, ਰੋਡ ਸਾਈਨਾਂ ਆਦਿ ਦੀ ਮਦਦ ਨਾਲ ਮੰਜ਼ਿਲ ’ਤੇ ਅਪੜਾਂਦਾ ਹੈ।

ਦਿਮਾਗ਼ੀ ਜੀ.ਪੀ.ਐਸ ਦਿਮਾਗ ਦੀ ਅੰਦਰੂਨੀ ਬਣਤਰ ਤੇ ਕਾਰਜ ਪ੍ਰਣਾਲੀ ਦਾ ਇੱਕ ਜ਼ਰੂਰੀ ਹਿੱਸਾ ਹੈ। ਦਿਮਾਗ ਦੇ ਨਿਊਰਾਨਾਂ, ਇਨ੍ਹਾਂ ਦੇ ਵੱਖ-ਵੱਖ ਕਾਰਜਾਂ ਨਾਲ ਸਬੰਧਿਤ ਸਮੂਹ, ਟਿਕਾਣਿਆਂ, ਸੰਚਾਰ ਵਿਧੀਆਂ, ਸੰਕੇਤਾਂ ਬਾਰੇ ਅਜੇ ਬੜਾ ਕੁਝ ਵਿਗਿਆਨੀਆਂ ਲਈ ਸਪੱਸ਼ਟ ਨਹੀਂ। ਇਸੇ ਲਈ ਅਲਜ਼ਾਈਮਰ ਜਿਹੇ ਰੋਗ ਲਾਇਲਾਜ ਬਣੇ ਪਏ ਹਨ। ਕਿਸੇ ਹਾਦਸੇ ਕਾਰਨ ਕਈਆਂ ਦੀ ਯਾਦ ਸ਼ਕਤੀ ਖ਼ਤਮ, ਘੱਟ ਹੋ ਜਾਂਦੀ ਹੈ। ਸੁਭਾਅ, ਵਿਹਾਰ ਵਿੱਚ ਜ਼ਬਰਦਸਤ ਬਦਲਾਵ ਆ ਜਾਂਦਾ ਹੈ। ਕਈ ਬੰਦੇ ਥਾਵਾਂ, ਟਿਕਾਣਿਆਂ, ਬੰਦਿਆਂ, ਨਾਵਾਂ, ਵਸਤਾਂ, ਦਿ੍ਰਸ਼ਾਂ ਦੀ ਪਛਾਣ ਕਰਨੋਂ ਅਸਮਰਥ ਹੋ ਜਾਂਦੇ ਹਨ। ਅਜਿਹਾ ਐਲਜ਼ੀਮਰ ਦੇ ਰੋਗੀਆਂ ਵਿੱਚ ਤਾਂ ਵਾਪਰਦਾ ਹੀ ਹੈ, ਕਈ ਵਾਰ ਉਂਜ ਵੀ ਕਈ ਬੰਦਿਆਂ ਵਿੱਚ ਇਹ ਅਲਾਮਤ ਰਤਾ ਘੱਟ ਮਾਤਰਾ ਵਿੱਚ ਦਿਸਣ ਲੱਗਦੀ ਹੈ। ਇਸ ਮਰਜ਼ ਦਾ ਡਾਕਟਰਾਂ ਕੋਲ ਕੋਈ ਇਲਾਜ ਅਜੇ ਤੱਕ ਨਹੀਂ। ਇਸ ਕਾਰਨ ਐਲਜ਼ੀਮਰ ਦੇ ਰੋਗੀਆਂ ਦਾ ਜੀਵਨ ਨਰਕ ਬਣਿਆ ਹੋਇਆ ਹੈ। ਇਸ ਨੋਬਲ ਪੁਰਸਕਾਰ ਨਾਲ ਜੁੜੀ ਖੋਜ ਨੂੰ ਦਿਮਾਗ ਦੇ ਅੰਦਰੂਨੀ ਜੀ.ਪੀ.ਐਸ ਨੂੰ ਖੋਜਣ ਲੱਭਣ ਪੱਖੋਂ ਇੱਕ ਕ੍ਰਾਂਤੀਕਾਰੀ ਕਦਮ ਮੰਨਿਆ ਗਿਆ ਹੈ।

ਇਸ ਪੁਰਸਕਾਰ ਨੂੰ ਤਿੰਨ ਬੰਦਿਆਂ ਵਿੱਚ ਵੰਡਿਆ ਗਿਆ ਹੈ। ਅੱਧੀ ਰਾਸ਼ੀ ਜਾਨ.ਓ.ਕੀਫ਼ ਨੂੰ ਮਿਲੇਗੀ ਜੋ ਅਮਰੀਕਾ ਤੇ ਇੰਗਲੈਂਡ ਦੀ ਦੋਹਰੀ ਨਾਗਰਿਕਤਾ ਰੱਖਦਾ ਹੈ। ਉਹ ਯੂਨੀਵਰਸਿਟੀ ਕਾਲਜ ਲੰਡਨ ਦੇ ਸੇਨਜ਼ਬਰੀ ਵੈਲਕਮ ਸੈਂਟਰ ਇਨ ਨਿਊਰਲ ਸਰਕਟਸ ਐਂਡ ਬੀਹੇਵੀਅਰ ਦਾ ਡਾਇਰੈਕਟਰ ਹੈ। ਕੀਫ ਨੇ 1971 ਵਿੱਚ ਦਿਮਾਗ਼ੀ ਜੀ.ਪੀ.ਐਸ ਦਾ ਪਹਿਲਾ ਮੁੱਖ ਅੰਸ਼ ਲੱਭਿਆ। ਇਹ ਸੀ ਦਿਮਾਗ਼ ਦੇ ਹਿਪੋਕੈਂਪਸ ਦੇ ਕੁੱਝ ਸੈੱਲਾਂ ਦਾ ਸਮੂਹ। ਉਸ ਨੇ ਇਸ ਦੀ ਖੋਜ ਚੂਹਿਆਂ ’ਤੇ ਤਜ਼ਰਬੇ ਕਰਦੇ ਹੋਏ ਕੀਤੀ। ਉਸ ਨੇ ਵੇਖਿਆ ਕਿ ਚੂਹੇ ਨੂੰ ਕਮਰੇ ਵਿੱਚ ਵੱਖ-ਵੱਖ ਥਾਵਾਂ ’ਤੇ ਰੱਖੀਏ ਤਾਂ ਹਿਪੋਕੈਂਪਸ ਦੇ ਕੁੱਝ ਸੈੱਲ ਵੱਖ-ਵੱਖ ਤਰੀਕਿਆਂ ਨਾਲ ਸਕ੍ਰਿਅ ਹੁੰਦੇ ਹਨ। ਉਸ ਦੀ ਇਸ ਖੋਜ ਨੂੰ ਨਾਰਵੇ ਦੀ ਯੂਨੀਵਰਸਿਟੀ ਆਫ਼ ਸਾਇੰਸ ਟੈਕਨਾਲੋਜੀ ਦੇ ਨਿਊਰੋ ਸਾਇੰਸ ਵਿਭਾਗ ਦੀ ਪ੍ਰੋਫੈਸਰ ਜੋੜੀ ਨੇ 2005 ਵਿੱਚ ਅੱਗੇ ਤੋਰਨਾ ਸ਼ੁਰੂ ਕੀਤਾ।

ਪਤੀ ਦਾ ਨਾਂ ਹੈ ਐਡਵਰਡ ਮੋਜ਼ਰ ਅਤੇ ਪਤਨੀ ਹੈ ਮੇਬਰਿਟ ਮੋਜ਼ਰ। ਤਜ਼ਰਬਿਆਂ ਨਾਲ ਉਨ੍ਹਾਂ ਨੇ ਦਿਮਾਗ਼ ਦੇ ਉਹ ਗਰਿੱਡ ਸੈੱਲ ਲੱਭੇ ਜੋ ਰਾਹ, ਥਾਂ ਪਛਾਣਨ ਲਈ ਕੋ-ਆਰਡੀਨੇਟ ਸਿਸਟਮ ਬਣਾਉਂਦੇ ਹਨ। ਉਨ੍ਹਾਂ ਨੇ ਇਹ ਸਪੱਸ਼ਟ ਕੀਤਾ ਹੈ ਕਿ ਦਿਮਾਗ਼ ਦਾ ਐਂਟੋਹਰਾਈਨਲ ਕਾਰਟੈਕਸ ਇਸ ਕਾਰਜ ਸਮੇਂ ਸਕ੍ਰਿਅ ਹੁੰਦਾ ਹੈ। ਇਸ ਵਿਚਲੇ ਗਰਿੱਡ-ਸੈੱਲ ਹੀ ਆਲੇ-ਦੁਆਲੇ ਦਾ ਦੋ ਤ੍ਰੈਵਿਮੀ ਗਰਿੱਡ ਕਲਪਿਤ ਕਰਦੇ ਹਨ। ਇਸ ਹਿਸੇ ਦੇ ਨਿਊਰਾਨਾਂ ਦਾ ਸਮੂਹ ਹੀ ਦੱਸਦਾ ਹੈ ਕਿ ਬੰਦਾ ਕਿੱਥੇ ਹੈ? ਕੀ ਵੇਖ ਰਿਹਾ ਹੈ? ਕਿੱਧਰ ਜਾ ਰਿਹਾ ਹੈ? ਨਕਸ਼ਾ ਲੋਕਾਂ, ਥਾਵਾਂ, ਦਿਸ਼ਾ, ਸੁਗੰਧੀਆਂ ਅਤੇ ਹੋਰ ਅਨੁਭਵਾਂ ਨਾਲ ਜੁੜਦਾ ਜੋੜਦਾ ਹੋਇਆ ਸਾਡਾ ਮਾਰਗ ਦਰਸ਼ਨ ਕਰਦਾ ਹੈ। ਇਸ ਸਮੇਂ ਦੁਨੀਆ ਦੀ ਚੋਟੀ ਦੀ ਨਿਊਰੋ ਵਿਗਿਆਨਕ ਕਾਰਨੀਲੀਆ ਬਰੈਗਮੈਨ ਅਨੇਕ ਇਨਾਮਾਂ ਸਨਮਾਨਾਂ ਨਾਲ ਨਿਵਾਜੀ ਜਾ ਚੁੱਕੀ ਹੈ ਅਤੇ ਅੱਜ-ਕੱਲ੍ਹ ਰਾਕਫੈਲਰ ਯੂਨੀਵਰਸਿਟੀ ਵਿੱਚ ਦਿਮਾਗ ਨਾਲ ਸਬੰਧਤ ਖੋਜਾਂ ਦਾ ਨਿਰਦੇਸ਼ਨ ਕਰ ਰਹੀ ਹੈ। ਉਸ ਨੇ ਦਿਮਾਗੀ ਜੀ.ਪੀ.ਐਸ ਦੀ ਖੋਜ ਨੂੰ ਕ੍ਰਾਂਤੀਕਾਰੀ ਕਿਹਾ ਹੈ। ਉਹ ਕਹਿੰਦੀ ਹੈ ਕਿ ਯਕੀਨ ਨਹੀਂ ਆਉਂਦਾ ਇਸ ਖੋਜ ’ਤੇ। ਮੈਂ ਤਾਂ ਹੈਰਾਨੀ ਤੇ ਖੁਸ਼ੀ ਨਾਲ ਕੁਰਸੀ ਤੋਂ ਡਿੱਗਣ ਲੱਗੀ ਸਾਂ ਇਸ ਦਾ ਪਤਾ ਲੱਗਣ ’ਤੇ। ਹਾਰਵਰਡ ਯੂਨੀਵਰਸਿਟੀ ਦਾ ਸੈਂਟਰ ਫਾਰ ਬਰੇਨ ਰਿਸਰਚ ਦਾ ਡਾਇਰੈਕਟਰ ਜੇਸ਼ੂਅ ਸ਼ੰਨਜ ਇਸ ਨੂੰ ਦੂਰ ਰਸੀ ਪ੍ਰਭਾਵਾਂ ਵਾਲੀ ਅਜਿਹੀ ਖੋਜ ਮੰਨਦਾ ਹੈ। ਜੋ ਹਿਊਮਨ ਜੀਨੋਮ ਜਿੰਨੀ ਹੀ ਯੁੱਗ ਪਲਟਾਊ ਸਾਬਤ ਹੋਵੇਗੀ। ਇਸ ਖੋਜ ਨੇ ਚੂਹਿਆਂ, ਕੀੜੇ-ਕੀੜੀਆਂ, ਸ਼ਹਿਦ ਦੀਆਂ ਮੱਖੀਆਂ ਦਾ ਰਾਹ ਲੱਭਣ ਦੀ ਯੋਗਤਾ ਦੇ ਭੇਦ ਖੋਲ੍ਹੇ ਹਨ। ਵੇਖਣ ਵਾਲੀ ਗੱਲ ਇਹ ਹੈ ਕਿ ਕੀ ਬੰਦਿਆਂ ਦੇ ਦਿਮਾਗ ਵਿੱਚ ਵੀ ਗਰਿੱਡ ਸੈੱਲ ਚੂਹਿਆਂ ਦੇ ਦਿਮਾਗ ਵਾਂਗ ਸਰਗਰਮ ਹੁੰਦੇ ਹਨ ਜਾਂ ਦੋਹਾਂ ਵਿੱਚ ਵਿਸ਼ੇਸ਼ ਅੰਤਰ ਹਨ। ਜੇ ਮਨੁੱਖੀ ਦਿਮਾਗ ਦੇ ਜੀ.ਪੀ.ਐਸ ਵਜੋਂ ਕਾਰਜਸ਼ੀਲ ਗਰਿੱਡ-ਸੈੱਲ ਅਤੇ ਉਨ੍ਹਾਂ ਦਾ ਸਥਾਨ ਨਿਸ਼ਚਿਤ ਹੋ ਜਾਵੇ ਤਾਂ ਇਸ ਨੂੰ ਲੋੜ ਅਨੁਸਾਰ ਸਰਗਰਮ ਤੇ ਉਤੇਜਿਤ ਕਰਨ ਦੀਆਂ ਵਿਧੀਆਂ, ਦਵਾਈਆਂ ਲੱਭਣ ਦਾ ਕਾਰਜ ਔਖਾ ਨਹੀਂ ਰਹੇਗਾ।

ਨਿਸ਼ਚੇ ਹੀ 2014 ਦੇ ਮੈਡੀਸਨ ਦੇ ਨੋਬਲ ਪੁਰਸਕਾਰ ਨੇ ਦਿਮਾਗੀ ਰੋਗਾਂ ਦੇ ਇਲਾਜ ਪੱਖੋਂ ਨਵੀਂ ਜ਼ਮੀਨ ਤੋੜੀ ਹੈ। ਨਵੀਆਂ ਸੰਭਾਵਨਾਵਾਂ ਦੇ ਰਾਹ ਰੋਸ਼ਨ ਕੀਤੇ ਹਨ। ਆਸ ਹੈ ਕਿ ਹੁਣ ਇਸ ਖੇਤਰ ਵਿੱਚ ਵਿਹਾਰਕ ਖੋਜ ਵਿੱਚ ਤੇਜ਼ੀ ਆਵੇਗੀ ਜਿਸ ਦਾ ਲਾਭ ਐਲਜ਼ਾਈਮਰ ਦੇ ਰੋਗੀਆਂ ਨੂੰ ਵੀ ਮਿਲੇਗਾ।

ਸੰਪਰਕ :+91 98722-60550

Comments

Security Code (required)Can't read the image? click here to refresh.

Name (required)

Leave a comment... (required)

ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ