Tue, 16 April 2024
Your Visitor Number :-   6975850
SuhisaverSuhisaver Suhisaver

ਸ਼ੇਖ਼ ਚਿੱਲੀ ਮਾਰਕਾ ਟਪੱਲੀਆਂ ਮਾਰਨ ਵਾਲੇ ਕਦੋਂ ਖ਼ੈਰ ਕਰਨਗੇ? -ਸ਼ੌਂਕੀ ਇੰਗਲੈਂਡੀਆ

Posted on:- 29-08-2012

ਸ਼ੇਖ਼ ਚਿੱਲੀ ਨਾਮ ਦਾ ਸ਼ਖ਼ਸ ਪਤਾ ਨਹੀਂ ਕਦੇ ਹੋਇਆ ਵੀ ਸੀ ਜਾਂ ਨਹੀਂ, ਪਰ ਬਹੁਤੀ ਟਪੱਲੀਆਂ ਮਾਰਨ ਵਾਲੇ ਨੂੰ ਲੋਕ  ਚਿੱਲੀ ਆਖ ਦਿੰਦੇ ਹਨ। ਸ਼ੇਖ਼ ਚਿੱਲੀ ਦੇ ਨਾਮ 'ਤੇ ਕਈ ਕਥਾ ਕਹਾਣੀਆਂ ਬਣੀਆਂ ਹੋਈਆਂ ਹਨ ਅਤੇ ਉਹ ਹਵਾਈ ਮਹਿਲ ਉਸਾਰਨ ਵਾਲਾ ਕਿਰਦਰ ਗਿਣਿਆਂ ਜਾਂਦਾ ਹੈ। ਹੁਣ ਤਾਂ ਅੰਗਰੇਜ਼ੀ ਵਿੱਚ ਬੱਚਿਆਂ ਦੇ ਮਨੋਰੰਜਨ ਵਾਸਤੇ ਸ਼ੇਖ਼ ਚਿੱਲੀ ਨਾਮ ਦਾ ਕਿਰਦਾਰ ਘੜ ਲਿਆ ਗਿਆ ਹੈ। ਜਦ ਸ਼ੌਂਕੀ ਨੇ ਇਕ ਬੁੱਧੀਜੀਵੀ ਤੋਂ ਸ਼ੇਖ਼ ਚਿੱਲੀ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਸ਼ੇਖ਼ ਚਿੱਲੀ ਮੁਗਲ ਪ੍ਰਿੰਸ ਦਾਰ ਸ਼ਿਕੋਹ ਦਾ ਇਕ ਸਲਾਹਕਾਰ ਸੀ ਜੋ ਗੱਪਾਂ ਮਾਰਨ ਦਾ  ਮਾਰਨ ਸੀ। ਸੰਸਾਰ ਦੇ ਹਰ ਭਾਈਚਾਰੇ ਵਿੱਚ ਅਕਸਰ ਸ਼ੇਖ਼ ਚਿੱਲੀ ਵਰਗੇ ਕਿਰਦਾਰ ਹੁੰਦੇ ਹਨ। ਸਿੱਖਾਂ ਦੇ ਹਿੱਸੇ ਵੀ ਚੋਖੇ ਸ਼ੇਖ਼ ਚਿੱਲੀ ਆਏ ਹੋਏ ਹਨ।
         
ਸਾਬਕਾ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਸ: ਤਰਲੋਚਨ ਸਿੰਘ "ਵਿਦੇਸ਼ਾਂ ਵਿੱਚ ਸਿੱਖਾਂ ਲਈ ਏਜੰਡਾ" ਨਾਮ ਦੇ ਆਪਣੇ ਇਕ ਲੇਖ ਵਿੱਚ ਪੰਜਾਬ ਦੇ ਅਮੀਰ ਵਿਰਸੇ ਦੀ ਉਦਾਹਰਣ ਦਿੰਦੇ ਹੋਏ ਇੰਝ ਲਿਖਦੇ ਹਨ, "ਪੰਜਾਬੀਆਂ ਦਾ ਇਤਿਹਾਸ ਬਹੁਤ ਪੁਰਾਣਾ ਹੈ, ਅਸੀਂ ਆਪਣੇ ਬੱਚਿਆਂ ਨੂੰ ਵੀ ਨਹੀਂ ਦੱਸਦੇ ਕਿ ਸਾਡਾ ਪਿਛੋਕੜ ਕੀ ਹੈ? ਭਗਵਾਨ ਰਾਮ ਦੀ ਮਾਤਾ ਕੁਸ਼ੱਲਿਆ ਪਟਿਆਲਾ ਦੇ ਨੇੜੇ ਘੁੜਾਮ ਦੀ ਸੀ। ਲਕਸ਼ਮਣ ਦੀ ਮਾਂ ਦਸੂਹੇ ਦੀ ਸੀ। ਟੈਕਸਲਾ, ਮਹੈਜੋਦਾਰੋ ਪੰਜਾਬ ਵਿੱਚ ਹਨ। ਸੰਘੋਲ ਚੰਡੀਗੜ੍ਹ ਦੇ ਨੇੜੇ ਹੈ। ਪਾਣਿਨੀ ਜਿਸ ਨੇ ਪਹਿਲੀ ਗਰੇਮਰ ਬਣਾਈ ਮਣਕਿਆਲਾ ਜੋ ਰਾਵਲਪਿੰਡੀ ਦੇ ਨੇੜੇ ਹੈ ਉੱਥੇ ਦਾ ਸੀ। ਪੋਰਸ ਸਾਡਾ ਰਾਜਾ ਸੀ। ਗੀਤਾ ਦਾ ਉਚਾਰਣ ਕੁਰੂਕਸ਼ੇਤਰ ਵਿੱਚ ਹੋਇਆ। ਗੁਰੂ ਨਾਨਕ ਦੇਵ ਜੀ ਰੱਬ ਰੂਪ ਸੁਲਤਾਨਪੁਰ ਦੀ ਵੇਈਂ ਨਦੀ ਵਿਚੋਂ ਨਿਕਲ ਕੇ ਬਣੇ। ਕਿੰਨਾ ਗੌਰਵਮਈ ਇਤਿਹਾਸ ਹੈ, ਇਸ ਨੂੰ ਕੌਣ ਯਾਦ ਕਰੇਗਾ?"
         
ਸ: ਤਰਲੋਚਨ ਸਿੰਘ ਤਰਲੋਚਨ ਸਿੰਘ ਇਹ ਗੱਲ ਭੁੱਲਦੇ ਹਨ ਕਿ ਸੰਸਾਰ ਦਾ ਹਰ ਫਿਰਕਾ, ਹਰ ਧਰਮ ਅਤੇ ਹਰ ਵਰਗ ਹੀ ਆਪਣੇ ਆਪਣੇ ਇਤਿਹਾਸ ਨੂੰ ਗੌਰਵਮਈ ਸਮਝਦਾ ਹੈ। ਕੀ ਉਹ ਕਿਸੇ ਅਜੇਹੇ ਭਾਈਚਾਰੇ ਦਾ ਨਾਮ ਦੱਸ ਸਕਦੇ ਹਨ ਜੋ ਇਹ ਆਖਦਾ ਹੋਵੇ ਕਿ ਉਹਨਾਂ ਦਾ ਪਿਛੋਕੜ ਗੌਰਵਮਈ ਨਹੀਂ ਹੈ। ਰਹੀ ਗੱਲ ਭਗਵਾਨ ਰਾਮ ਦੀ ਮਾਂ ਦੇ ਪੰਜਾਬਣ ਹੋਣ, ਭਗਾਵਾਨ ਲਸ਼ਮਣ, ਟੈਕਸਲਾ ਅਤੇ ਹੋਰ ਇਤਿਹਾਸ ਬਾਰੇ ਆਪਣੇ ਬੱਚਿਆਂ ਨੂੰ ਦੱਸਣ ਦੀ, ਅਮਲ ਤਾਂ ਇਸ ਦੇ ਓਲਟ ਹੋ ਰਿਹਾ ਹੈ ਅਤੇ ਸਿੱਖਾਂ ਵਿੱਚ ਅਜੇਹੇ ਸ਼ੇਖ ਚਿੱਲੀ ਸਰਗਮ ਹਨ ਜੋ ਹਿੰਦੁਆਂ ਨਾਲੋਂ ਨਾੜੂਆ ਕੱਟਣ ਵਾਸਤੇ ਜੰਗਾਲੀਆਂ ਕੈਂਚੀਆਂ ਚੁੱਕੀ ਫਿਰਦੇ ਹਨ, ਜਿਸ ਨਾਲ ਮਾਂ ਅਤੇ ਬੱਚਾ ਦੋਵਾਂ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ। ਇਕ ਦਿਨ ਸ਼ੌਂਕੀ ਇਕ ਰੇਡੀਓ ਸੁਣ ਰਿਹਾ ਸੀ ਜਿਸ 'ਤੇ ਇਕ ਕੱਟੜਪੰਥੀ ਇਹ ਆਖ ਰਿਹਾ ਸੀ ਕਿ ਸਿੱਖਾਂ ਨੇ ਹਿੰਦੂਆਂ ਦੀਆਂ ਬਹੂ-ਬੇਟੀਆਂ ਮੁਸਲਿਮ ਹਮਲਾਵਰਾਂ ਤੋਂ ਛੁਡਵਾਈਆਂ ਸਨ।
ਸ਼ੇਖ਼ ਚਿੱਲੀ ਜੀ ਇਹ ਦੱਸਣਾ ਭੁੱਲ ਗਏ ਕਿ ਉਹਨਾਂ ਦਿਨਾਂ ਵਿੱਚ ਸਿੱਖਾਂ ਅਤੇ ਹਿੰਦੂਆਂ ਵਿੱਚ ਫਰਕ ਕੀ ਸੀ? ਸਿੱਖ ਕੌਣ ਸਨ ਅਤੇ ਜੋ ਛੁਡਵਾਈਆਂ ਗਈਆਂ ਸਨ, ਉਹ ਸਿੱਖਾਂ ਦੀਆਂ ਕੀ ਲਗਦੀਆਂ ਸਨ? ਸਿੱਖਾਂ ਨੂੰ ਵੱਖਰੇ ਦੱਸਣ ਦੀਆਂ ਗੱਲਾਂ ਤਾਂ ਅਜੇ ਕੁਝ ਦਹਾਕੇ ਪਹਿਲਾਂ ਹੀ ਸ਼ੁਰੂ ਹੋਈਆਂ ਹਨ। ਉੱਤਰੀ ਭਾਰਤ ਦਾ ਹਿੰਦੂ ਭਾਈਚਾਰਾ ਸਿੱਖਾਂ ਦੀ ਨਰਸਰੀ ਰਿਹਾ ਹੈ ਜਿਸ ਤੋਂ ਬਿਨਾਂ ਸਿੱਖਾਂ ਦੀ ਗਿਣਤੀ ਤਾਂ ਪੋਟਿਆਂ 'ਤੇ ਗਿਨਣ ਜੋਗੀ ਹੀ ਹੋਣੀ ਸੀ।
        

ਇਕ ਹੋਰ ਪਰਚੇ ਵਿੱਚ ਇਕ ਖ਼ਬਰ ਪੜ੍ਹੀ ਜਿਸ ਵਿੱਚ ਇਕ ਸਿੱਖ ਸੱਜਣ ਆਨੰਦਪੁਰ ਸਾਹਿਬ ਤੋਂ ਨੈਣਾਂ ਦੇਵੀ ਤੱਕ ਬਨਣ ਜਾ ਰਹੇ 'ਰੋਪਵੇਅ' ਦੀ ਇਸ ਬਹਾਨੇ ਵਿਰੋਧਤਾ ਕਰ ਰਿਹਾ ਹੈ ਕਿ ਇਹ "ਸਿੱਖਾਂ ਨੂੰ ਮੂਰਤੀ ਪੂਜਕ ਬਨਾਉਣ ਦੀ ਚਾਲ" ਹੈ। ਸੱਜਣ ਜੀ ਦਾ ਦਾਅਵਾ ਹੈ ਕਿ ਇਸ ਰੋਪਵੇਅ ਦੀ ਕਿਸੇ ਨੇ ਮੰਗ ਵੀ ਨਹੀਂ ਕੀਤੀ ਤਦ ਵੀ ਹਿਮਾਚਲ ਅਤੇ ਪੰਜਾਬ ਰਲ਼ ਕੇ ਇਸ ਨੂੰ ਬਣਾ ਰਹੇ ਹਨ ਅਤੇ ਇਹ ਜਲਦੀ ਸਿਰੇ ਚੜ੍ਹ ਜਾਵੇਗਾ ਜਦ ਕਿ ਆਨੰਦਪੁਰ ਦੇ ਆਸਪਾਸ ਪੱਕੀਆਂ ਸੜ੍ਹਕਾਂ ਵੀ ਨਹੀਂ ਹਨ। ਸੱਜਣ ਜੀ ਇਹ ਭੁੱਲ ਗਏ ਹਨ ਕਿ ਵਾਜਪਾਈ ਦੀ ਭਾਰਤ ਸਰਕਾਰ ਨੇ ਆਨੰਦਪੁਰ ਸਾਹਿਬ ਦੀ ਤਰੱਕੀ ਵਾਸਤੇ ਕਈ ਸੌ ਕਰੋੜ ਰੁਪਏ ਦਿੱਤਾ ਸੀ। ਸ਼ੇਖ਼ ਚਿੱਲੀ ਵਾਲੀਆਂ ਮਾਰਦੇ ਹੋਏ ਸੱਜਣ ਜੀ ਆਖਦੇ ਹਨ ਕਿ ਇਸ ਰੋਪਵੇਅ ਨਾਲ ਸਿੱਖਾਂ ਨੂੰ ਆਨੰਦਪੁਰ ਤੋਂ ਨੈਣਾਂ ਦੇਵੀ ਲੈ ਜਾਇਆ ਜਾਵੇਗਾ ਜਿੱਥੇ ਜਾ ਕੇ ਉਹ ਮੂਰਤੀ ਪੂਜਕ ਬਣ ਜਾਣਗੇ। ਸੱਜਣ ਜੀ ਇਹ ਭੁੱਲ ਰਹੇ ਹਨ ਕਿ ਬਹੁਤ ਸਾਰੇ ਸਿੱਖ ਤਾਂ ਪਹਿਲਾਂ ਹੀ ਨੈਣਾਂ ਦੇਵੀ ਜਾਂਦੇ ਹਨ ਅਤੇ ਹਰ ਸਾਲ ਯਾਤਰੀਆਂ ਦੀਆਂ ਭਰੀਆਂ ਬੱਸਾਂ ਉਧਰ ਨੂੰ ਜਾਂਦੀਆਂ ਹਨ ਜਿਹਨਾਂ ਵਿੱਚ ਸਿੱਖਾਂ ਦੀ ਚੋਖੀ ਗਿਣਤੀ ਹੁੰਦੀ ਹੈ। ਸੱਜਣ ਜੀ ਨੇ ਇਸ ਤਰਕ ਦੀ ਕਾਟ ਵੀ ਦਿੱਤੀ ਹੈ ਕਿ ਹਿੰਦੂ ਵੀ ਤਾਂ ਸਿੱਖਾਂ ਦੇ ਗੁਰਦਵਾਰਿਆਂ ਵਿੱਚ ਆ ਜਾਂਦੇ ਹਨ ਜੇ ਸਿੱਖ ਮੰਦਿਰ ਚਲੇ ਗਏ ਤਾਂ ਕੀ ਹਰਜ਼ ਹੈ।  ਸੱਜਣ ਜੀ ਦਾ ਕਹਿਣਾ ਹੈ ਕਿ ਹਿੰਦੂ ਤਾਂ ਲਿੰਗ, ਲਛਮੀ, ਪਿੱਪਲ, ਤੁਲਸੀ, ਕੁਤੇ, ਨੰਦੀ (ਬਲਦ) ਅਤੇ ਚੂਹੇ ਨੂੰ ਵੀ ਮੱਥਾ ਟੇਕ ਦਿੰਦੇ ਹਨ ਇਸ ਲਈ ਗੁਰਦਵਾਰੇ ਵਿੱਚ ਸ੍ਰੀ ਗ੍ਰੰਥ  ਸਾਹਿਬ ਮੂਹਰੇ ਹਿੰਦੂਆਂ ਦਾ ਝੁਕਣਾ ਕੋਈ ਅਰਥ ਨਹੀਂ ਰੱਖਦਾ ਪਰ ਸਿੱਖ ਤਾਂ ਗੁਰੂ ਗ੍ਰੰਥ ਤੋਂ ਇਲਾਵਾ ਕਿਧਰ ਹੋਰ ਝੁਕ ਜਾਦਾਂ ਹੈ ਤਾਂ ਸਿੱਖ ਨਹੀਂ ਰਹਿੰਦਾ। ਕਿੱਡਾ ਬੇਹੂਦਾ ਤਰਕ ਹੈ ਇਸ ਸੱਜਣ ਦਾ ਜੋ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਸਿੱਖ ਕਿਧਰੇ ਹੋਰ ਸਿਰ ਨਹੀਂ ਝੁਕਾਉਂਦਾ। ਨੈਣਾਂ ਦੇਵੀ, ਹੋਰ ਦੇਵੀਆਂ ਅਤੇ ਬਾਬਾ ਬਾਲਕ ਨਾਥ ਆਦਿ ਨੂੰ ਤਾਂ ਛੱਡੋ ਸਿੱਖ ਤਾਂ ਪੰਜਾਬ ਦੇ ਕਈ ਪਿੰਡਾਂ ਵਿੱਚ ਮੁਸਲਮਾਨਾਂ ਦੇ ਮਕਬਰਿਆਂ 'ਤੇ ਵੀ ਸਿਰ ਝੁਕਾਉਂਦੇ ਹਨ ਅਤੇ ਹਰ ਸਾਲ  ਮੇਲੇ ਲਗਾਉਂਦੇ ਹਨ। ਪੰਜਾਬੀ ਅਖਬਾਰ ਇਹਨਾਂ ਮਜ਼ਾਰਾਂ 'ਤੇ ਲਗਾਏ ਜਾਂਦੇ ਸਾਲਾਨਾ ਮੇਲਿਆਂ ਦੀਆਂ ਖਬਰਾਂ ਅਤੇ ਤਸਵੀਰਾਂ ਨਾਲ ਭਰੇ ਪਏ ਹਨ। ਸਿੱਖ ਅੰਦਰ ਕੱਟੜਪੰਥੀਆਂ ਦਾ ਇਕ ਅਜੇਹਾ ਵਰਗ ਪੈਦਾ ਹੋ ਗਿਆ ਹੈ ਜਿਸ ਵਾਸਤੇ ਸਿੱਖੀ ਕਿਸੇ ਹੋਰ ਵਸਤੂ ਦਾ ਨਾਮ ਹੈ। ਉਹਨਾਂ ਦੀ ਸਿੱਖੀ ਅਨੋਖੀ ਹੀ ਹੈ ਜੋ ਬਹੁਤੇ ਸਿੱਖਾਂ ਦੀ ਸਿੱਖੀ ਤੋਂ ਵੱਖਰੀ ਹੈ।
         
ਸਿੱਖਾਂ ਅੰਦਰ ਅਜੇਹੇ 'ਵਿਦਵਾਨ' ਪੈਦਾ ਹੋ ਗਏ ਹਨ ਜੋ ਹਰ ਖਬਰ ਅਤੇ ਹਰ ਘਟਨਾ ਨੂੰ ਹਿੰਦੂ ਵਿਰੋਧੀ ਬਣਾ ਕੇ ਪੇਸ਼ ਕਰਦੇ ਹਨ। ਇਕ ਅਜੇਹਾ ਅਖੌਤੀ ਸਿੱਖ ਵਿਦਵਾਨ ਹਰਜਿੰਦਰ ਸਿੰਘ ਦਲਗੀਰ ਵੀ ਹੈ ਜਿਸ ਨੂੰ ਹਿੰਦੂਫੋਬੀਆ ਹੋਇਆ ਹੋਇਆ ਹੈ ਅਤੇ ਉਹ ਹਰ ਘਟਨਾ ਨੂੰ "ਚੰਦੂ ਪਾਪੀ" ਜਿਹੇ ਕਿਰਦਾਰਾਂ ਨਾਲ ਜੋੜ ਕੇ ਪੇਸ਼ ਕਰਦਾ ਹੈ। ਸ਼ੇਖ ਚਿੱਲੀਆਂ ਮਾਰਨ ਵਾਲਾ ਦਲਗੀਰ ਇੱਕ ਅਜੇਹਾ ਅਖੌਤੀ ਸਿੱਖ ਵਿਦਵਾਨ ਹੈ ਜੋ ਭੂਤ, ਵਰਤਮਾਨ ਅਤੇ ਭਵਿਖ ਨੂੰ ਤੀਲੀ ਲਗਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਿਹਾ ਹੈ। ਸਿੱਖਾਂ ਨਾਲ ਧੋਖਾ ਕਰਨ ਵਾਲੇ ਸਾਰੇ ਇਤਿਹਾਸਕ ਅਤੇ ਮਿਥਿਹਾਕ ਕਿਰਦਾਰ ਉਸ ਨੂੰ ਇਕੋ ਹਿੰਦੂ ਖਾਨਦਾਨ ਨਾਲ ਜੁੜ ਹੋਏ ਵਿਖਾਈ ਦਿੰਦੇ ਹਨ ਜਿਸ ਦਾ ਸਬੰਧ ਨਹਿਰੂ ਖਾਨਦਾਨ ਨਾਲ ਹੈ। ਸਿੱਖਾਂ ਅੰਦਰ ਭੰਬਲਭੂਸਾ ਪਾਉਣ ਵਾਸਤੇ ਵੀ ਦਿਲਗੀਰ  ਅੱਡੀ ਚੋਟੀ ਦਾ ਜ਼ੋਰ ਲਗਾਉਂਦਾ ਹੈ ਉਹ ਅਕਾਲ ਤਖ਼ਤ ਦੀ ਹੋਂਦ ਨੂੰ ਤਾਂ ਮੰਨਦਾ ਹੈ  ਪਰ ਜਥੇਦਾਰ ਨੂੰ ਨਹੀਂ ਮੰਨਦਾ ਅਤੇ ਜਥੇਦਾਰਾਂ ਨੂੰ ਵੇਸਵਾਵਾਂ ਦੇ ਤੁੱਲ ਦੱਸਣ ਤੱਕ ਵੀ ਚਲੇ ਜਾਂਦਾ ਹੈ।
         
ਇਕ ਹੋਰ
ਸ਼ੇਖ਼ ਚਿੱਲੀ ਮਾਰਕਾ ਮੀਡੀਆਕਾਰ ਇਹ ਦਾਅਵੇ ਕਰਦਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਛੇਵੇਂ ਗੁਰੂ ਨੇ ਦਿੱਲੀ ਦੇ ਤਖ਼ਤ ਨਾਲੋਂ 6 ਇੰਚ ਉਚਾ ਬਣਾਇਆ ਸੀ। ਸ਼ੇਖਚਿੱਲੀ ਮੀਡੀਆਕਾਰ ਇਹ ਭੁੱਲ ਜਾਂਦਾ ਹੈ ਕਿ ਛੇਵੇਂ ਗੁਰੂ ਦੇ ਵੇਲੇ ਦਿੱਲੀ ਵਿੱਚ ਮੁਗਲ ਤਖ਼ਤ ਹੈ ਹੀ ਨਹੀਂ ਸੀ। ਲਾਲ ਕਿਲੇ ਵਾਲਾ ਮੁਗਲ ਤਖ਼ਤ ਤਾਂ ਮੁਗਲ ਬਾਦਸ਼ਾਹ ਸ਼ਾਹਜਹਾਂ ਨੇ ਪਿੱਛੋਂ ਬਣਾਇਆ ਸੀ। ਇੰਝ ਸ਼ਾਹਜਹਾਂ ਅਤੇ ਜਹਾਂਗੀਰ ਨੇ ਦਿੱਲੀ ਦੇ ਤਖ਼ਤ ਨੂੰ 'ਭਾਗ' ਲਾਏ ਸਨ। ਮੁਗਲ ਬਾਦਸ਼ਾਹਤ ਦੀਆਂ ਭਾਰਤ ਵਿੱਚ ਜੜ੍ਹਾਂ ਲਗਾਉਣ ਵਾਲੇ ਮੁਗਲ ਬਾਦਸ਼ਾਹ ਅਕਬਰ ਦਾ ਤਖ਼ਤ ਤਾਂ ਫਤਿਹਪੁਰ ਸੀਕਰੀ ਵਿੱਚ ਸੀ।
         
ਰਹੀ ਗੱਲ ਸ੍ਰੀ ਅਕਾਲ ਤਖ਼ਤ ਨੂੰ ਦਿੱਲੀ ਦੇ ਤਖ਼ਤ ਤੋਂ ਛੇ ਇੰਝ ਉਚਾ ਬਨਾਉਣ ਵਾਲੀ, ਸ਼ੇਖਚਿੱਲੀ ਮਾਰਕਾ ਮੀਡੀਆਕਾਰ ਜੀ ਨੇ ਕਦੇ ਇਹ ਨਹੀਂ ਦੱਸਿਆ ਕਿ ਇਸ ਨੂੰ ਮਿਣਿਆਂ ਕਿਵੇਂ ਗਿਆ ਸੀ? ਕੀ ਦਿੱਲੀ ਦੇ ਕਿਸੇ ਤਖ਼ਤ (ਥੜੇ) ਦੀ ਉਚਾਈ ਮਾਪ ਕੇ ਉਸ ਨਾਲੋਂ ਉਚਾਈ ਛੇ ਇੰਚ ਵੱਧ ਰੱਖ ਲਈ ਗਈ ਸੀ ਜਾਂ ਕਿ ਸ੍ਰੀ ਅਕਾਲ ਤਖ਼ਤ ਦੀ ਇਮਾਰਤ ਦੀ ਉਚਾਈ ਛੇ ਇੰਚ ਵੱਧ ਸੀ? ਉਂਝ ਤਕਨੀਕੀ ਉਚਾਈ ਮਾਪਣ ਵਾਸਤੇ  ਸਮੁੰਦਰ ਦੇ ਤੱਲ ਨੂੰ ਅਧਾਰ ਬਣਾਇਆ ਜਾਂਦਾ ਹੈ।
         
ਸ਼ੌਂਕੀ ਨੂੰ ਬੀਤੇ ਦਿਨੀਂ ਇਕ ਰੇਡੀਓ ਸੁਣਦੇ ਸਮੇਂ ਬਹੁਤ ਹੈਰਾਨੀ ਹੋਈ ਜਦ ਇਕ ਸ਼ੇਖਚਿੱਲੀ ਮਾਰਕਾ ਰੇਡੀਓਕਾਰ ਸਿੱਖਾਂ ਨੂੰ ਫੂਕ ਦੇਣ ਦੀ ਇੱਛਾ ਨਾਲ ਇਹ ਆਖ ਰਿਹਾ ਸੀ ਕਿ ਸਿੱਖ ਉਹ ਬਹਾਦਰ ਕੌਮ ਹੈ ਜਿਸ ਨੇ ਅਫਗਾਨਿਸਤਾਨ 'ਤੇ ਆਪਣੀ ਬਾਦਸ਼ਾਹਤ ਕਾਇਮ ਕੀਤੀ ਸੀ। ਉਸ ਮੁਤਾਬਿਕ ਸਿੱਖ ਜਰਨੈਲ ਹਰੀ ਸਿੰਘ ਨਲਵਾ ਨੇ ਅਫਗਾਨਾਂ ਨੂੰ ਹਰਾ ਕੇ ਕਾਬੁਲ 'ਤੇ ਸਿੱਖ ਰਾਜ ਦੇ ਝੰਡੇ ਝੁਲਏ ਸਨ ਅਤੇ ਅੱਜ ਦੁਨੀਆਂ ਦੀ ਵੱਡੀ ਸੁਪਰ ਪਾਵਰ ਅਮਰੀਕਾ ਵੀ ਅਫਗਾਨਾਂ ਨੂੰ ਹਰਾ ਨਹੀਂ ਸਕੀ।  ਦੋ ਕੁ ਸਾਲ ਪਹਿਲਾਂ ਜਦ ਅਮਰੀਕੀ ਪ੍ਰਧਾਨ ਓਬਾਮਾ ਨੇ ਅਮਰੀਕਾ ਦੀ ਅਫਗਾਨਿਸਤਾਨ ਵਿਚੋਂ ਨਿਕਾਸੀ ਦੀ ਤਰੀਕ ਤੈਅ ਕੀਤੀ ਸੀ ਤਾ ਇਕ ਹੋਰ ਰੇਡੀਓਕਾਰ ਨੇ ਵੀ ਇਹੀ ਫੜ ਮਾਰੀ ਸੀ ਅਤੇ ਫਿਰ ਪੰਜਾਬੀ ਅਖ਼ਬਾਰ ਵਿੱਚ ਵੀ ਇਹ ਖ਼ਬਰ ਲਗਾਈ ਸੀ ਕਿ ਜਿਹਨਾਂ ਅਫਗਾਨਾਂ ਨੂੰ ਅੰਗਰੇਜ਼, ਰੂਸੀ ਅਤੇ ਅਮਰੀਕੀ ਨਹੀਂ ਹਰਾ ਸਕੇ ਉਹਨਾਂ ਨੂੰ ਸਿੱਖ ਜਰਨੈਲ ਹਰੀ ਸਿੱੰਘ ਨਲਵਾ ਨੇ ਹਰਾ ਦਿੱਤਾ ਸੀ ਤੇ ਕਾਬੁਲ 'ਤੇ ਕਬਜ਼ਾ ਕਰ ਲਿਆ ਸੀ। ਇਹ ਫੜ ਵੀ ਮਾਰੀ ਗਈ ਸੀ ਕਿ ਹੁਣ ਅਮਰੀਕੀ ਜਰਨੈਲ ਆਖ ਰਹੇ ਹਨ ਕਿ ਜੇਕਰ ਉਹਨਾਂ ਕੋਲ ਸਿੱਖ ਫੌਜ ਹੋਵੇ ਤਾਂ ਉਹ ਅਫਗਾਨਿਸਤਾਨ ਫਤਿਹ ਕਰ ਸਕਦੇ ਹਨ।
         
ਸ਼ੌਂਕੀ ਇਹਨਾਂ ਗੱਲਾਂ ਤੋਂ ਬਹੁਤ ਪ੍ਰਭਾਵਤ ਹੋਇਆ ਸੀ ਅਤੇ ਸੋਚ ਰਿਹਾ ਸੀ ਕਿ ਜੋ ਗੱਲ ਅਮਰੀਕੀ ਜਰਨੈਲ ਆਖ ਰਹੇ ਹਨ ਉਹ ਇਸ ਦੀ ਸਿਫਾਰਸ਼ ਪ੍ਰਧਾਨ ਓਬਾਮਾ, ਪ੍ਰਧਾਨ ਮੰਤਰੀ ਹਾਰਪਰ ਅਤੇ ਹੋਰ ਪੱਛਮੀ ਦੇਸ਼ਾਂ ਦੇ ਆਗੂਆਂ ਨੂੰ ਕਿਉਂ ਨਹੀਂ ਕਰਦੇ? ਹਰ ਸਾਲ ਸੈਂਕੜੇ ਬਿਲੀਅਨ ਡਾਲਰ ਖਰਚਣ ਨਾਲੋਂ ਤਾਂ ਚੰਗਾ ਹੈ ਕਿ ਦੋ ਕੁ ਲੱਖ ਸਿੱਖ ਭਰਤੀ ਕਰ ਕੇ ਅਫਗਾਨਿਸਤਾਨ ਵਿੱਚ ਸੁੱਟ ਦੇਣ ਅਤੇ ਲੇਲ੍ਹੜੀਆਂ ਕੱਢਦੇ ਅਫ਼ਗਾਨਾਂ ਦੀਆਂ  ਫਿਲਮਾਂ ਯੂਟਿਊਬ 'ਤੇ ਪਾ ਦੇਣ।
         
ਸ਼ੌਂਕੀ ਏਨਾ ਭਾਵੁਕ ਹੋ ਗਿਆ ਕਿ ਸ਼ੌਂਕੀ ਨੇ ਇਸ ਬਾਰੇ ਇਕ ਇਤਿਹਾਸ ਦੇ ਗਿਆਤਾ ਸਿੱਖ ਬੁੱਧੀਜੀਵੀ ਨਾਲ ਸੰਪਰਕ ਕਰਕੇ ਉਸ ਨੂੰ ਪ੍ਰਧਾਨ ਓਬਾਮਾ ਦੇ ਕੰਨ ਵਿੱਚ ਕੰਮ ਦੀ ਫੂਕ ਮਾਰਨ ਵਾਸਤੇ ਆਖਿਆ। ਸੱਜਣ ਜੀ ਨੇ ਹੈਰਾਨ ਹੋ ਕੇ ਪੁੱਛਿਆ ਕਿ ਕਾਬੁਲ 'ਤੇ ਜਰਨੈਲ ਹਰੀ ਸਿੰਘ ਵਲੋਂ ਕਬਜ਼ਾ ਕਰਨ ਦੀ ਗੱਲ ਕੌਣ ਆਖ ਰਿਹਾ ਹੈ? ਸ਼ੌਂਕੀ ਨੇ
ਸ਼ੇਖ਼ ਚਿੱਲੀ ਮੀਡੀਆਕਾਰ ਦਾ ਨਾਮ ਦੱਸਿਆ ਤਾਂ ਸੱਜਣ ਜੀ ਨੇ ਇਤਿਹਾਸ ਦਾ ਹਵਾਲਾ ਦੇ ਕਿ ਦੱਸਿਆ ਕਿ ਜਰਨਲ ਹਰੀ ਸਿੰਘ ਦੀ ਆਖਰੀ ਪੋਸਟ ਜਮਰੌਦ ਦਾ ਕਿਲਾ ਸੀ ਜੋ ਅੱਜ ਦੇ ਪਾਕਿਸਤਾਨ ਦੇ ਖੈਬਰ-ਪਖਤੂਨਵਾ ਸੂਬੇ ਵਿੱਚ ਪ੍ਰਸਿੱਧ ਸ਼ਹਿਰ ਪਿਸ਼ਾਵਰ ਤੋਂ ਸਿਰਫ਼ 17 ਕਿਲੋਮੀਟਰ ਪੱਛਮ ਵਿੱਚ ਹੈ। ਜਮਰੌਦ ਦਾ ਕਿਲਾ ਅਫਗਾਨ ਬਾਰਡਰ ਤੋਂ ਬਹੁਤ ਪਿੱਛੇ ਹੈ ਅਤੇ ਨਜ਼ਦੀਕੀ ਵੱਡੇ ਅਫਗਾਨ ਸ਼ਹਿਰ ਜਲਾਲਾਬਾਦ ਤੋਂ ਵੀ ਬਹੁਤ ਦੂਰ ਹੈ, ਰਹੀ ਗੱਲ ਕੰਧਾਰ ਅਤੇ ਕਾਬੁਲ ਦੀ ਉਹ ਤਾਂ ਕਈ ਸੈਂਕੜੇ ਕਿਲੋਮੀਟਰ ਦੂਰ ਹਨ। ਸੱਜਣ ਜੀ ਨੇ ਇਹ ਵੀ ਦੱਸਿਆ ਕਿ ਸਿੱਖ ਜਰਨੈਲ ਹਰ ਸਿੰਘ ਨੇ ਕਦੇ ਵੀ ਕੰਧਾਰ, ਕਾਬੁਲ ਜਾਂ ਅਫਗਾਨਿਸਤਾਨ 'ਤੇ ਰਾਜ ਨਹੀਂ ਕੀਤਾ ਅਤੇ ਨਾ ਹੀ ਅਫਗਾਨਾਂ ਨੂੰ ਕੋਈ ਵੱਡੀ ਹਾਰ ਉਹਨਾਂ ਦੇ ਘਰ ਜਾ ਕੇ ਦਿੱਤੀ ਹੈ। ਬਰਤਾਨੀਆਂ, ਰੂਸ ਅਤੇ ਅਮਰੀਕਾ ਤਾਂ ਅਫਗਾਨਿਸਤਾਨ 'ਤੇ ਕਈ ਕਈ ਸਾਲ ਕਬਜ਼ਾ ਜਮਾ ਚੁੱਕੇ ਹਨ ਇਹ ਵੱਖਰੀ ਗੱਲ ਹੈ ਕਿ ਅੰਦਰੋ ਅੰਦਰ ਬਗਾਵਤ ਜਾਰੀ ਰਹੀ ਹੈ। ਅਮਰੀਕਾ ਵਾਸਤੇ ਅਫਗਾਨਾਂ ਨੂੰ ਹਰਾਉਣਾ ਅਤੇ ਤਬਾਹ ਕਰਨਾ ਔਖਾ ਨਹੀਂ ਹੈ, ਔਖਾ ਤਾਂ ਉਹਨਾਂ ਨੂੰ ਸੁੱਖੀ ਸਾਂਦੀ ਵਸਾਉਣਾ ਹੋ ਰਿਹਾ ਹੈ ਜਿਸ 'ਤੇ ਸੰਸਰ ਦੇ ਕਈ ਦੇਸ਼ ਹਰ ਸਾਲ ਵੱਡਾ ਖਰਚਾ ਕਰ ਰਹੇ ਹਨ।
         
ਸੱਜਣ ਜੀ ਨੇ ਇਹ ਵੀ ਦੱਸਿਆ ਕਿ ਜਰਨਲ ਹਰੀ ਸਿੰਘ ਨਲਵਾ ਨੇ ਸਿੱਖ ਰਾਜ ਦੇ ਪਠਾਣ ਵੱਸੋਂ ਵਾਲੇ ਇਲਾਕੇ ਵਿੱਚ ਹਰੀਪੁਰ ਨਾਮ ਦਾ ਵਧੀਆ ਸ਼ਹਿਰ ਵਸਾਇਆ ਸੀ ਜੋ ਅੱਜ ਦੀ ਪਾਕਿ ਰਾਜਧਾਨੀ ਇਸਲਾਮਾਬਾਦ ਤੋਂ ਸਿਰਫ਼ 65 ਕਿਲੋਮੀਟਰ ਉੱਤਰ ਵਿੱਚ ਹੈ। ਇਹ ਓਹੀ ਹਰੀਪੁਰ ਹੈ ਜਿਸ ਵਿੱਚ ਦਹਿਸ਼ਤਗਰਦ ਓਸਾਮਾ ਬਿਨ ਲਾਦਿਨ ਅਫਗਾਨਿਸਤਾਨ ਵਿਚੋਂ ਖਿਸਕਣ ਪਿੱਛੋਂ ਕੁਝ ਸਾਲ ਛੁਪਿਆ ਰਿਹਾ ਸੀ ਅਤੇ ਫਿਰ ਐਬਟਾਬਾਦ ਵਿੱਚ ਬਣਾਈ ਗਈ ਖਾਸ ਕੋਠੀ 'ਚ ਆਣ ਵਸਿਆ ਸੀ ਜਿਥੇ ਅਮਰੀਕਾ ਨੇ ਉਸ ਨੂੰ ਮਈ, 2011 ਵਿੱਚ ਮਾਰ ਮੁਕਾਇਆ ਸੀ।
         
ਜਨਰਲ ਹਰੀ ਸਿੰਘ ਨਲਵਾ ਨੇ ਹਰੀਪੁਰ 1822 ਵਿੱਚ ਵਸਾਇਆ ਸੀ ਅਤੇ ਇਹ "ਹਜ਼ਾਰਾ" ਨਾਮ ਦੇ ਸੂਬੇ ਦੀ ਰਾਜਧਾਨੀ 1853 ਤੱਕ ਰਿਹਾ। ਹਰੀ ਸਿੰਘ ਨਲਵਾ ਨੂੰ ਰਣਜੀਤ ਸਿੰਘ ਨੇ "ਹਜ਼ਾਰਾ ਸੂਬੇ ਦਾ ਨਜ਼ਾਮ" ਭਾਵ ਸਿੱਖ ਗਵਰਨਰ ਲਗਾਇਆ ਸੀ ਜਦਕਿ ਉਸ ਤੋਂ ਪਹਿਲੇ ਸਿੱਖ ਗਵਰਨਰ ਅਮਰ ਸਿੰਘ ਮਜੀਠੀਆ ਨੂੰ ਲੋਕਲ ਨਾਰਾ ਨਾਮ ਦੇ ਕਬੀਲੇ ਨੇ ਕਤਲ ਕਰ ਦਿੱਤਾ ਸੀ। ਅੱਜ ਵੀ ਹਰੀਪੁਰ ਵਿੱਚ ਕਈ  ਯਾਦਾਂ ਹਰੀ ਸਿੰਘ ਨਲਵਾ ਨਾਲ ਜੁੜੀਆਂ ਹੋਈਆਂ ਹਨ ਜਿਸ ਵਿੱਚ ਕਿਲਾ ਵੀ ਸ਼ਾਮਲ ਹੈ।
         
ਹਰੀ ਸਿੰਘ ਨਲਵਾ 1791 ਵਿੱਚ ਗੁਜਰਾਂਵਾਲਾ ਦੇ ਓਪਲ ਖੱਤਰੀ ਪਰਿਵਾਰ ਵਿੱਚ ਪੈਦਾ ਹੋਇਆ ਸੀ ਅਤੇ 1837 ਵਿੱਚ ਅਫਗਾਨ ਪਠਾਣ ਜਰਨੈਲ ਦੋਸਤ ਮੁਹੰਮਦ ਖਾਨ ਨਾਲ ਲੜਦਾ ਹੋਇਆ ਸ਼ਹੀਦ ਹੋ ਗਿਆ ਸੀ। ਹਰੀ ਸਿੰਘ ਨਲਵਾ ਦਾ ਅੰਤਿਮ ਸਸਕਾਰ ਜਮਰੌਦ ਦੇ ਕਿਲੇ ਵਿੱਚ ਕੀਤਾ ਗਿਆ ਸੀ ਅਤੇ ਉਸ ਦੀ ਸਮਾਧ ਬਾਬੂ ਗੱਜਾ ਮੱਲ ਕਾਪੂਰ ਨੇ ਬਣਾਈ ਸੀ।  ਹਰੀ ਸਿੰਘ ਨਲਵਾ ਨੇ ਕਸੂਰ, ਸਿਲਾਕੋਟ, ਮੁਲਤਾਨ, ਕਸ਼ਮੀਰ, ਅਟਕ, ਪਿਸ਼ਾਵਰ ਅਤੇ ਜਮਰੌਦ ਫਤਿਹ ਕੀਤੇ ਸਨ ਅਤੇ ਇਹ ਸਾਰੇ ਇਲਾਕੇ ਅਫਗਾਨਿਸਤਾਨ ਤੋਂ ਬਾਹਰ (ਸਾਰੇ ਅੱਜ ਦੇ ਪਾਕਿ ਅਤੇ ਅੱਧਾ ਕਸ਼ਮੀਰ ਭਾਰਤ ਵਿੱਚ) ਹਨ। ਉਸ ਨੇ ਸਿੱਖ ਰਾਜ ਦੀ ਹੱਦ ਦਰਾ ਖੈਬਰ ਤੱਕ ਵਧਾਈ ਸੀ ਜੋ ਅਫਗਾਨ-ਪਾਕਿ ਬਾਰਡਰ ਨਜ਼ਦੀਕ ਸਥਿਤ ਹੈ।
         
ਰਹੀ ਗੱਲ ਅਫਗਾਨ ਔਰਤਾਂ ਵਲੋਂ ਹਰੀ ਸਿੰਘ ਦਾ ਨਾਮ ਲੈ ਕੇ ਬੱਚੇ ਚੁੱਪ ਕਰਵਾਉਣ ਦੀ ਇਸ ਦਾ ਕੋਈ ਸਬੂਤ ਨਹੀਂ ਹੈ। ਜਿਸ ਜਰਨੈਲ ਤੋਂ ਬੱਚੇ ਅਤੇ ਔਰਤਾਂ ਡਰਦੇ ਹੋਣ ਉਹ ਜ਼ਾਲਮ ਹੀ ਹੋ ਸਕਦਾ ਹੈ ਜੋ ਹਰੀ ਸਿੰਘ ਨਲਵਾ ਨਹੀਂ ਸੀ। ਹਰੀ ਸਿੰਘ ਨਲਵਾ ਦਾ ਸਖ਼ਤ ਵਿਰੋਧ ਸਥਾਨਕ ਜੋਸਫ਼ਜਾਈ ਨਾਮ ਦੇ ਪਠਾਣ ਕਬੀਲੇ ਵਲੋਂ ਕੀਤਾ ਜਾਂਦਾ ਰਿਹਾ ਸੀ ਅਤੇ ਕਹਾਵਤ ਇਹ ਹੈ ਕਿ ਇਸ ਜੋਸਫ਼ਜਾਈ ਕਬੀਲੇ ਦੀਆਂ ਔਰਤਾਂ  ਹਰੀ ਸਿੰਘ ਦਾ ਨਾਮ ਲੈ ਕੇ ਬੱਚਿਆਂ ਨੂੰ ਡਰਾਉਂਦੀਆਂ ਸਨ। ਕਿਸੇ ਸ਼ੇਖਚਿੱਲੀ ਨੇ ਪਿੱਛੋਂ ਇਸ ਨੂੰ ਅਫ਼ਗਾਨ ਔਰਤਾਂ ਨਾਲ ਜੋੜ ਦਿੱਤਾ ਅਤੇ ਹਰੀ ਸਿੰਘ ਨਲਵਾ ਨੂੰ ਕਾਬੁਲ ਫਤਿਹ ਕਰਨ ਵਾਲਾ ਜਰਨੈਲ ਬਣਾ ਦਿੱਤਾ ਜਦਕਿ ਉਸ ਨੇ ਅਫਗਾਨਿਸਤਾਨ 'ਤੇ ਕਦੇ ਹਮਲਾ ਵੀ ਨਹੀਂ ਸੀ ਕੀਤਾ। ਜਨਰਲ ਹਰੀ ਸਿੰਘ ਇੱਕ ਬਹਾਦਰ ਜਰਨੈਲ ਸੀ ਅਤੇ ਅਫਗਾਨ ਧਾੜਵੀਆਂ ਦੇ ਹਮਲਿਆਂ ਨੂੰ ਰੋਕ ਦੇਣਾ ਉਸ ਦੀ ਇਕ ਬਹੁਤ ਵੱਡੀ ਪ੍ਰਾਪਤੀ ਸੀ।

Comments

Lakhy Barn

eh post kar k ki siddh kita sekh chilli tan tera shonki englaindia ... jehda bina gal ton ithiaas nu apni marji nal pesh kari janda....... je sikhan ch dam c ohna ne afgana nu fateh kita ... je himduan ch hunda oh kar lainde ....

Gill Harinder Singh Gagewalia

ਵੀਰ ਜੀ ਇਸ ਵਿੱਚ ਕੁੱਝ ਠੀਕ ਲਿਖਿਆ ਗਿਆ ਹੈ । ਕੁਝ ਗਲਤ ,,ਜੋ ਇਨਾ ਨੇ ਨੇਣਾ ਦੇਵੀ ,ਬਾਲਕ ਨਾਥ ,ਕਬਰਾਂ ਉਤੇ ਮੱਥੇ ਟੇਕਣ ਦੀ ਗੱਲ ਹੈ ਇਹ ਸੱਚ ਹੈ ,,,,ਪਰ ਮੈ ਇਸ ਲੇਖਕ ਨੂੰ ਇਹ ਦੱਸ ਦੇਵਾਂ ਕਿ ਜੋ ਲੋਕ ਇਹੋ ਜਿਹੇ ਕ੍ਰਮ ਕਾਂਡ ਕਰਦੇ ਨੇ ਉਹ ਸਿੱਖ ਨਹੀਂ ਹੋ ਸਕਦੇ ,,ਉਹ ਸਾਡੀ ਸਿੱਖ ਕੋਮ ਉਪਰ ਕਲੰਕ ਹਨ ,ਇਹੋ ਜਿਹੇ ਦੋਗਲੇ ਲੋਕਾਂ ਨੂੰ ਅਸੀਂ ਸਿੱਖ ਨਹੀ ਕਹਿ ਸਕਦੇ ,,,,

davinder

murakhan di kami nahi hai saadi komm ch...... maneya k katdtta maari gal aa...main v katdtta nu thik nahi manda,,,, par apne nijji sawarath lyi apni komm nu bura bhala kahna v sahi nahi.

Rogergilky

Hello everyone! We have opened a new Ukrainian project - Online Ukrainian Language Course, so if you want to learn Ukrainian then you should visit this school https://ecolefamily.com/ukrainian-language-course/

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ