Mon, 13 July 2020
Your Visitor Number :-   2572850
SuhisaverSuhisaver Suhisaver
ਸੂਹੀ ਸਵੇਰ ਦਾ ਸਾਲਾਨਾ ਸਮਾਗਮ 9 ਫਰਵਰੀ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ               ਜਥੇਦਾਰ ਅਵਤਾਰ ਸਿੰਘ ਮੱਕੜ ਨਹੀਂ ਰਹੇ              

ਸਮਾਜ ਦੀ ਅੱਖ ’ਚ ਤਿਣ ਨੇ ਇਹ ਨਸ਼ੇ - ਬਲਕਰਨ ਕੋਟ ਸ਼ਮੀਰ

Posted on:- 17-07-2015

suhisaver

ਸੁੱਖਾਂ ਮੰਗ ਕੇ ਕਿਹੜੇ ਪੰਜਾਬ ਦੀ ਖੈ਼ਰੀਅਤ ਦੀ ਗੱਲ ਕਰਦੇ ਹੋ, ਉਹ ਵੇਲਾ ਕਦੋਂ ਦਾ ਸਾਡੇ ਹੱਥਾਂ ’ਚੋਂ ਖਿਸਕ ਗਿਆ ਜਦੋਂ ਇਥੋਂ ਦੇ ਗੱਭਰੂ ਸੁਵਖ਼ਤੇ ਕੁੱਕੜ ਦੀ ਵਾਂਗ ਨਾਲ ਉਠ ਖੜੋਂਦੇ ਸੀ ਤੇ ਆਪਣੇ ਸੌ਼ਕੀਨ ਬਲਦਾਂ ਦੀ ਜੋੜੀ ਦੇ ਪਿੰਡੇ ਤੇ ਹੱਥ ਫੇਰ ਕੇ ਖੇਤਾਂ ’ਚ ਹਲ ਜੋੜ ਲੈਂਦੇ ਸੀ। ਸੂਰਜ ਦੇ ਉਦੇ ਹੋਣ ਤੱਕ ਕਈ-ਕਈ ਘੁੰਮਾਂ ਵਾਹਣ ਵਾਹ ਸੁਟਦੇ ਸੀ। ਉਨ੍ਹਾਂ ਦੇ ਪਿੰਡਿਆਂ ਚੋਂ ਲਾਲੀ ਝਲਕਦੀ ਸੀ,ਪੰਸੇਰੀ ਘਿਓ ਜਾਂ ਲੱਸੀ ਦਾ ਰਿੜਕਣਾ ਤਾਂ ਉਹ ਡੀਕ ਲਾ ਕੇ ਪੀ ਜਾਂਦੇ ਸੀ। ਮੇਲਿਆਂ ਤੇ ਛਿੰਝਾਂ ’ਚ ਤਾਂ ਬਸ ਪਹਿਲਵਾਨਾਂ ਦੇ ਹੀ ਚਰਚੇ ਹੁੰਦੇ ਸੀ ।

ਤੇ ਹੁਣ ... ਪੰਜਾਬੀਅਤ ਨੂੰ ਖ਼ੌਰੇ ਕੀ ਸ਼ਰਾਪ ਲੱਗ ਗਿਆ ਹੈ ਕਿ ਚੁੱਲ੍ਹਿਆਂ ਚ ਬਲ਼ਦੀ ਅੱਗ ਵੀ ਅੱਖਾਂ ਕੱਢ ਕੇ ਡਰਾਉਂਦੀ ਹੈ,ਜਿਵੇਂ ਚੁੱਲ੍ਹੇ ’ਚੋਂ ਬਾਗੀ ਹੋ ਕੇ ਸਾਰਾ ਘਰ ਫ਼ੂਕ ਸੁਟਣਾ ਚਾਹੁੰਦੀ ਹੋਵੇ। ਮੋਹ ਮੁਹੱਬਤਾਂ ਦਾ ਪਤਨ ਹੋਣਾ, ਖੇਤਾਂ ’ਚੋਂ ਟ੍ਰਾਂਸਫਾਰਮਰ ਤੇ ਪੱਕੇ ਖਾਲ਼ਾਂ ਦੀ ਪੱਟੀਆਂ ਚੋਰੀ ਹੋਣਾ ਸਾਡੇ ਪਿੰਡਾਂ ਦੀ ਫਿ਼ਤਰਤ ਕਦੋਂ ਸੀ। ਜੇ ਗਹਿਰਾਈ ਨਾਲ ਸੋਚਿਆ ਜਾਵੇ ਤਾਂ ਇਹ ਕੋਈ ਤਰੱਕੀ ਕਰਕੇ ਨਹੀਂ, ਸਗੋਂ ਪੰਜਾਬ ਦੀ ਹਿੱਕ ਦੇ ਵਗੇ ਨਸਿ਼ਆਂ ਦੇ ਦਰਿਆ ਸਦਕਾ ਹੋਇਆ ਹੈ ਤੇ ਨਸਿ਼ਆਂ ਨੇ ਤਾਂ ਪਿੰਡ ਵਿੱਚ ਚੰਗਾ ਅਸਰ ਰਸੂਖ਼ ਰੱਖਣ ਵਾਲੇ ਪਰਿਵਾਰਾਂ ਦੀ ਅਰਥੀ ਚੁੱਕੀ ਹੋਈ ਆ। ਛੋਟੇ ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਕੀ ਮੁੰਡੇ, ਕੀ ਕੁੜੀਆਂ ਸਾਰੇ ਇਹਨੇ ਆਪਣੀ ਲਪੇਟ ਚ ਲਏ ਹੋਏ ਆ। ਬੇਸ਼ੱਕ ਇਹ ਦਰਦ ਇੱਕਲੇ ਪੰਜਾਬ ਦਾ ਨਹੀਂ, ਇਹ ਸੰਤਾਪ ਤਾਂ ਪੂਰੀ ਕਾਇਨਾਤ ਭੋਗ ਰਹੀ ਹੈ। ਸ਼ੌਕ ਸ਼ੌਕ ਵਿੱਚ ਸ਼ੁਰੂ ਹੋਏ ਸ਼ੁਗਲ ਤੋਂ ਵਧ ਕੇ ਗੱਲ ਘਰ ਉਜੜਨ ਤੱਕ ਜਾ ਪਹੁੰਚਦੀ ਹੈ।

ਮਾਤਾ ਪਿਤਾ ਆਪਣੀ ਔਲਾਦ ਤੇ ਆਪਣਾ ਸਾਰਾ ਤਾਣ ਲਾ ਦਿੰਦੇ ਹਨ। ਸੋਹਣੇ ਸੋਹਣੇ ਸੁਪਨੇ ਸਜਾਉਂਦੇ ਆ ਕਿ ਸਾਡੇ ਬੱਚੇ ਵੱਡੇ ਹੋ ਕੇ ਪੜ੍ਹ ਲਿਖ ਕੇ ਖੂਬ ਤਰੱਕੀ ਕਰਨਗੇ। ਮਾਪੇ ਆਪਣੀ ਜਿ਼ੰਦਗੀ ਚ ਅਧੂਰੀਆਂ ਰਹੀਆਂ ਖ਼ਾਹਿਸ਼ਾਂ ਵੀ ਉਹਨਾਂ ਰਾਹੀਂ ਪੂਰਾ ਹੋਣ ਦਾ ਖ਼ਾਬ ਚਿਤਵਦੇ ਹਨ। ੳਹੀ ਬੱਚੇ ਜਦੋਂ ਰਾਹੋਂ ਕੁਰਾਹੇ ਹੋ ਕੇ ਨਸਿ਼ਆਂ ਚ ਗ੍ਰਸਤ ਹੋ ਕੇ ਨਾ ਸਿਰਫ਼ ਆਪਣੀ ਜ਼ਿੰਦਗੀ ਬਰਬਾਦ ਕਰਦੇ ਹਨ, ਸਗੋਂ ਕਈ ਕਈ ਘਰ ਬਰਬਾਦ ਕਰ ਦਿੰਦੇ ਹਨ। ਪੜ੍ਹਾਈਆਂ ਵਿਚ ਵਿਚਾਲੇ ਰੁਲ਼ ਜਾਂਦੀਆਂ ਹਨ, ਜਿਨ੍ਹਾਂ ਨੇ ਬਜੁਰਗ ਮਾਤਾ ਪਿਤਾ ਦਾ ਸਹਾਰਾ ਬਣਨਾ ਹੁੰਦਾ ਹੈ। ਬੁੱਢੇ ਮਾਤਾ ਪਿਤਾ ਉਨ੍ਹਾਂ ਨੂੰ ਸੰਭਾਲਦੇ ਦਰ ਦਰ ਠੋਕਰਾਂ ਖਾਂਦੇ ਨਜ਼ਰ ਆਉਂਦੇ ਹਨ।ਨਸਿ਼ਆਂ ਦੀ ਚੰਦਰੀ ਜ਼ਹਿਮਤ ਨੇ ਸਾਡਾ ਆਲਾ ਦੁਆਲਾ ਇਸ ਕਦਰ ਘੇਰ ਰੱਖਿਆ ਹੈ ਕਿ ਇਸ ਤੋਂ ਬਚ ਸਕਣਾ ਆਮ ਬੰਦੇ ਲਈ ਵੱਸ ਦੀ ਗੱਲ ਨਹੀ ਲੱਗਦੀ,ਕਿਉਂ ਕਿ ਨਸਿ਼ਆਂ ਦੀਆਂ ਵੰਨਗੀਆਂ ਹੀ ਏਨੀਆਂ ਹਨ ਕਿ ਹਰ ਕੋਈ ਏਨਾਂ ਨੂੰ ਵਰਤਕੇ ਆਪਣਾ ਰੁਤਬਾ ਪ੍ਰਗਟਾਉਣ ਚ ਲੱਗਿਆ ਹੈ। ਦੇਖਾ ਦੇਖੀ ਜਾਂ ਸ਼ਾਨ ਸ਼ੌਕਤ ਪ੍ਰਗਟਾਉਣ ਦੇ ਸਰੂਰ ’ਚ ਜੋ ਇੱਕ ਵਾਰ ਨਸ਼ੇ ਚ ਡੁੱਬ ਜਾਂਦਾ ਹੈ ਉਹ ਸਰੀਰਕ, ਮਾਨਸਿਕ ਪੱਖ ਤੋਂ ਹੌਲੀ ਹੌਲੀ ਖੋਖਲ਼ਾ ਅਤੇ ਹੀਣਾ ਹੋ ਜਾਂਦਾ ਹੈ। ਅੰਦਰੋਂ ਬਾਹਰੋਂ ਟੁੱਟ ਜਾਂਦਾ ਹੈ।ਕਿਸੇ ਨਾਲ ਅੱਖਾਂ ਮਿਲਾਉਣ ਤੋਂ ਵੀ ਕੰਨੀ ਖਿਸਕਾਉਂਦਾ ਹੈ, ਕਿਉਂ ਕਿ ਨਸ਼ਈ ਆਦਮੀ ਦਾ ਮੁਹੱਲੇ ਵਾਲੇ, ਜਾਣੂ, ਰਿਸ਼ਤੇਦਾਰ, ਸਮਾਜ ਇੱਥੋਂ ਤੱਕ ਕਿ ਹੌਲੀ ਹੌਲੀ ਪਰਿਵਾਰ ਵਾਲੇ ਵੀ ਅੰਦਰੋਂ ਬਾਈਕਾਟ ਕਰ ਦਿੰਦੇ ਹਨ, ਕਿਉਂ ਕਿ ਉਨ੍ਹਾਂ ਵਿੱਚੋਂ ਕਈਆਂ ਤੋਂ ਨਸ਼ਾ ਕਰਨ ਲਈ ਝੂਠ ਬੋਲ ਕੇ ਲਏ ਪੈਸੇ ਵਾਪਸ ਨਹੀਂ ਕੀਤੇ ਹੁੰਦੇ ਜਾਂ ਕਈ ਜਾਣੂਆਂ ਨੂੰ ਇਹ ਡਰ ਹੁੰਦਾ ਹੈ ਕਿ ਉਹ ਨਸ਼ਈ ਆਦਮੀ ਉਨ੍ਹਾਂ ਤੋਂ ਕਿਤੇ ਪੈਸੇ ਮੰਗ ਨਾ ਲਵੇ ਇਸ ਕਰਕੇ ਇੱਕ ਇੱਕ ਕਰਕੇ ਸਾਰੇ ਉਸ ਤੋਂ ਦੂਰ ਖਿਸਕਣ ਲਗ ਪੈਂਦੇ ਹਨ।

ਕਈ ਵਾਰ ਹੁੰਦਾ ਹੈ ਕਿ ਜਿਨ੍ਹਾਂ ਪੁੱਤਾਂ ਲਈ ਤਰਸਦੀਆਂ ਮਾਵਾਂ ਨੇ ਪਤਾ ਨਹੀਂ ਕਿੱਥੇ ਕਿੱਥੇ ਮੱਥੇ ਰਗੜੇ ਸੀ ਕਿ ਮੇਰੀ ਝੋਲੀ ਸਰਵਣ ਪੁੱਤ ਦੀ ਖੈਰ ਦੀ ਪੱਲੇ ਪੈ ਜਾਏੇ, ਅੱਜ ਉਸੇ ਦਾ ਪੁੱਤ ਦਾ ਫਿਕਰ ਹੈ ਕਿ ਪਤਾ ਨਹੀਂ ਨਸ਼ੇ ਚ ਟੱਲੀ ਹੋਕੇ ਕਿੱਥੇ ਡਿੱਗਿਆ ਪਿਆ ਹੋਣੈ ਜਾਂ ਕਿਹੜੇ ਥਾਣੇ, ਕਚਿਹਰੀ ਚ ਮਾਤਾ ਪਿਓ ਦੀ ਪੱਤ ਰੋਲ ਰਿਹੈ ਹੋਣੈ, ਫੇਰ ਤਾਂ ਦੁਖੀ ਹੋਏ ਮਾਪੇ ਪੁੱਤ ਹੋਣ ਦੇ ਬਾਵਜੂਦ ਵੀ ਖੁਦ ਨੁੰ ਔਤਰੇ ਹੀ ਸਮਝਦੇ ਆ, ਉਹ ਇੱਕ ਤਾਂ ਆਪਣੀ ਔਲਾਦ ਦੇ ਕੁਰਾਹੇ ਪੈਣਾ ਤੇ ਇੱਕ ਘਰ ਦਾ ਦੀਵਾ ਗੁੱਲ ਹੋਣ ਦਾ ਫਿਕਰ ਦੋਹਰਾ ਦੁਖਾਂਤ ਭੋਗਦੇ ਆ, ਸਾਡੇ ਸਮਾਜ ਦਾ ਇੱਕ ਹੋਰ ਘਿਨਾਉਣਾ ਪੱਖ ਵੀ ਹੈ ਜਿਸਦਾ ਜਿ਼ਕਰ ਕਰਦਿਆਂ ਵੀ ਸ਼ਰਮ ਨਾਲ ਸਿਰ ਝੁਕ ਜਾਂਦਾ ਹੈ ਕਿ ਕੁਝ ਲੋਕ ਆਪਣੀ ਰੰਜਿਸ਼ ਕੱਢਣ ਜਾਂ ਆਪਣੀ ਸ਼ਰੀਕੇਬਾਜ਼ੀ ਕਰਕੇ ਜਾਂ ਪੈਸਾ ਕਮਾਉਣ ਦੇ ਲਾਲਚੀ ਲੋਕ ਆਪਣੇ ਸਾਕ ਸਬੰਧੀਆਂ ਜਾਂ ਸ਼ਰੀਕਾਂ ਦੇ ਬੱਚਿਆਂ ਜਾਂ ਕਿਸ਼ੋਰਾਂ ਨੂੰ ਆਪਣੇ ਕੋਲੋਂ ਪੈਸੇ ਖ਼ਰਚ ਕੇ ਲੁਭਾਉਣੇ ਸੁਪਨਬਾਗ ਦਿਖਾ ਕੇ ਪ੍ਰੇਰਿਤ ਕਰਕੇ ਨਸਿ਼ਆਂ ਦੀ ਡੂੰਘੀ ਖਾਈ ਵਿੱਚ ਧਕੇਲ ਦਿੰਦੇ ਹਨ। ਫਿਰ ਉਨ੍ਹਾਂ ਦੇ ਆਦੀ ਹੋਣ ਤੇ ਉਹਨ੍ਹਾਂ ਨੂੰ ਨਸ਼ਾ ਲਿਆ ਕੇ ਦੇਣ ਦੇ ਲਾਲਚ ਵਿੱਚ ਘਿਨਾਉਣੇ ਜ਼ੁਰਮ ਕਰਵਾਉਂਦੇ ਹਨ, ਜਾਂ ਜਿ਼ਸਮ ਫਰੋਸ਼ੀ, ਡਕੈਤੀ, ਚੋਰੀਆਂ ਜਾਂ ਹੋਰ ਜ਼ੁਰਮ ਕਰਨ ਲਈ ਮਜਬੂਰ ਕਰਦੇ ਹਨ, ਤਾਂ ਉਨ੍ਹਾਂ ਲਈ ਇੱਕ ਗੱਲ ਕਹਿਣੀ ਚਾਹਵਾਂਗਾ ਕਿ ਦੂਜੇ ਘਰ ਲੱਗੀ ਅੱਗ ਹਮੇਸ਼ਾਂ ਬਸੰਤਰ ਦੇਵਤਾ ਨਹੀਂ ਹੁੰਦੀ। ਕਈ ਵਾਰ ਉਹ ਅੱਗ ਆਪਣੇ ਘਰਾਂ ਨੁੰ ਵੀ ਆ ਪੈਂਦੀ ਹੈ, ਪਤਾ ਓਦੋਂ ਲਗਦਾ ਕਿ ਦੂਜੇ ਲਈ ਮਾੜੀ ਭਾਵਨਾ ਨਾਲ ਕੀਤਾ ਗਿਆ ਕੰਮ ਸਾਡੇ ਘਰ ਮੱਲੋਜ਼ੋਰੀ ਪੈਰ ਪਸ਼ਾਰ ਲੈਂਦਾ ਹੈ, ਫਿਰ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਅਸੀਂ ਉਸਦੀ ਮਾਰ ਤੋਂ ਬਚ ਨਹੀਂ ਸਕਦੇ, ਨਾਲੇ ਸੱਪ ਤਾਂ ਸੱਪ ਹੀ ਹੈ ਭਾਵੇਂ ਦੁੱਧ ਪਿਲਾਓ ਉਸਦਾ ਕੰਮ ਤਾਂ ਡੰਗਣਾ ਹੀ ਹੈ ।

ਇੱਕ ਤਾਜ਼ਾ ਸਰਵੇਖਣ ਅਨੁਸਾਰ ਮੁਲਕ ਦੇ 71 ਪ੍ਰਤੀਸ਼ਤ ਨੌਜਵਾਨ ਨਸਿ਼ਆਂ ਚ ਗਰਕ ਚੁੱਕੇ ਹਨ। ਨੌਜਵਾਨਾਂ ਚ ਵਧ ਰਹੇ ਨਸਿ਼ਆਂ ਦੇ ਰੁਝਾਨ ਕਾਰਨ ਬੇਰੁਜ਼ਗਾਰੀ, ਅਨੁਸ਼ਾਸ਼ਨਹੀਣਤਾ, ਵਧ ਰਹੇ ਮਾਨਸਿਕ ਤਣਾਅ ਅਤੇ ਜ਼ੁਰਮ ਸਮਾਜ ਦੀ ਅਸਲੀ ਤਸਵੀਰ ਬਣ ਕੇ ਸਾਹਮਣੇ ਆ ਰਹੇ ਹਨ।ਨਸਿ਼ਆਂ ਦੀ ਵਰਤੋਂ ਨਾਲ ਲੋਕ 90 ਫੀਸਦੀ ਤੇਜ਼ਧਾਰ ਹਥਿਆਰਾਂ ਹਮਲੇ,69 ਫੀਸਦੀ ਬਲਾਤਕਾਰ,74 ਫੀਸਦੀ ਡਕੈਤੀ,80 ਫੀਸਦੀ ਨਿੱਜੀ ਰੰਜਿਸ਼ ਵਾਲੇ ਮਾਰੂ ਹਮਲੇ ਅਤੇ 60 ਫੀਸਦੀ ਦੁਰਘਟਨਾਵਾਂ ਨੇ ਰੰਗਲੇ ਪੰਜਾਬ ਨੂੰ ਦੀ ਸੋਹਣੀ ਫਿ਼ਜ਼ਾ ਨੂੰ ਸੋਗਮਈ ਬਣਾ ਦਿੱਤਾ ਹੈ।
ਸੋ ਅੱਜ ਦਾ ਸਮਾਂ ਬੜਾ ਗੰਭੀਰ ਚਿੰਤਨ ਕਰਨ ਦਾ ਹੈ ਅੱਜ ਸਾਨੂੰ ਆਪਸੀ ਭੇਦਭਾਵ ਤੋਂ ਉਪਰ ਉਠ ਕੇ ਸਾਰੀ ਮਨੁਖਤਾ ਦੇ ਚੰਗੇ ਭਵਿੱਖ ਲਈ ਸੋਚਣਾ ਬਣਦਾ ਹੈ, ਆਓ ਆਪਾਂ ਸਾਰੇ ਇੱਕ ਜੁੱਟ ਹੋ ਕੇ ਇਸ ਚੰਦਰੀ ਜ਼ਹਿਮਤ ਤੋਂ ਪੱਲਾ ਛੁਡਾਉਣ ਲਈ ਯਤਨ ਕਰੀਏ ਤਾਂ ਕਿ ਸਾਡੇ ਸਮਾਜ ਨੂੰ ਸ਼ਹੀਦ ਭਗਤ ਸਿ਼ੰਘ ਦੀ ਸੋਚ ਦਾ ਸਮਾਜ ਸਿਰਜਿਆ ਜਾ ਸਕੇ। ਕੋਈ ਮਾਂ ਆਪਣੇ ਇੱਕਲੋਤੇ ਪੁੱਤਰ ਦੇ ਜਿਉਂਦੇ ਦੇ ਕੀਰਨੇ ਪਾਉਣ ਲਈ ਮਜਬੂਰ ਨਾ ਹੋਵੇ, ਸਾਰੇ ਘਰਾਂ ਦੇ ਚਿਰਾਗ ਲਪਟੀਂ ਬਲਣ।

ਸੰਪਰਕ: +91 75080 92957

Comments

Security Code (required)Can't read the image? click here to refresh.

Name (required)

Leave a comment... (required)

ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ