Fri, 19 April 2024
Your Visitor Number :-   6982725
SuhisaverSuhisaver Suhisaver

ਭਾਅ ਜੀ ਗੁਰਸ਼ਰਨ ਸਿੰਘ ਮਾਰਗ ਦਰਸ਼ਕ ਬਣੇ ਰਹਿਣਗੇ

Posted on:- 07-09-2015

suhisaver

1944 ‘ਚ ਮੈਂ ਸੀ.ਪੀ.ਆਈ. ਦਾ ਮੈਂਬਰ ਬਣਿਆ ਤਾਂ ਉਦੋਂ ਮੈਨੂੰ 5 ਰੁਪਏ ਮਹੀਨਾ ਜੇਬ ਖਰਚ ਮਿਲਦਾ ਸੀ, ਜਿਸ ‘ਚੋਂ ਦਸਵਾਂ ਹਿੱਸਾ 50 ਪੈਸੇ ਮੈਂ ਪਾਰਟੀ ਲੇਵੀ ਵਜੋਂ ਹਰ ਪਹਿਲੀ ਨੂੰ ਦਿੰਦਾਂ ਰਿਹਾ ਹਾਂ। ਇਸ ਵਿੱਚ ਮੈਂ ਕਦੀ ਖੁੰਝਾਈ ਨਾ ਕੀਤੀ।

1971 ‘ਚ ਜਦੋਂ ਮੈਂ ਸੀ.ਪੀ.ਆਈ. ਨੂੰ ਛੱਡਿਆ ਤਾਂ ਇਸਦਾ ਵੀ ਇੱਕ ਭਾਵੁਕ ਕਾਰਨ ਸੀ। ਅਮਿ੍ਰਤਸਰ ’ਚ ਸੀ.ਪੀ ਆਈ. ਨੇ ਕਾਂਗਰਸ ਵੱਲੋਂ ਸਾਂਝਾ ਜਲਸਾ ਹੋਇਆ। ਸਟੇਜ ’ਤੇ ਕਾਮਰੇਡ ਸੱਤਪਾਲ ਡਾਂਗ ਤੇ ਕਾਂਗਰਸ ਵੱਲੋਂ ਜੈਇੰਦਰ ਸਿੰਘ ਬੈਠੇ ਸਨ। ਕਾਮਰੇਡ ਡਾਂਗ ਦੀ ਮੇਰੇ ਮਨ ‘ਚ ਬਹੁਤ ਇੱਜ਼ਤ ਹੈ। ਮੈਂ ਸਟੇਜ ਮੂਹਰੇ ਬੈਠਾ ਹੋਇਆ ਸਾਂ। ਜਦੋਂ ਜੈਇੰਦਰ ਸਿੰਘ ਬੋਲਣ ਲਈ ਉੱਠਿਆ ਤਾਂ ਮੈਨੁੰ ਬਹੁਤ ਭੈੜਾ ਲੱਗਿਆ। ਮੈਂ ਉੱਠਿਆ ਤੇ ਬਹਾਰ ਆ ਗਿਆ। ਪਿੱਛੋਂ ਭੇਜ ਦਿੱਤਾ।

ਨਕਸਲੀ ਲਹਿਰ ਨਾਲ ਪਹਿਲਾਂ ਸੰਬੰਧ ਅਮਰਜੀਤ ਚੰਦਨ ਰਾਹੀਂ ਜੁੜਿਆ। ਅਮਰਜੀਤ ਚੰਦਨ ਸਾਈਕਲਪਸਟਾਇਮ ਪਰਚਾ ਕੱਢਦਾ ਹੁੰਦਾ ਸੀ। ‘ਦਸਤਾਵੇਜ’; ਇਸ ਮੈਗਜ਼ੀਨ ‘ਚੋਂ ਹੀ ਮੈਂ ਪਹਿਲੀ ਵਾਰ ਪਾਸ਼ ਦੀਆਂ ਕਵਿਤਵਾਂ ਪੜ੍ਹੀਆਂ ਸਨ। ਚੰਦਨ ਕਈ ਵਾਰ ਮੇਰੇ ਕੋਲ ਆ ਜਾਂਦਾ। 1971 ਵਿੱਚ ਉਹ ਮੇਰੇ ਦਫਤਰ ;ਚੋਂ ਹੀ ਫੜ੍ਹਿਆ ਗਿਆ। ਉਸ ਦੀ ਗਿ੍ਰਫਤਾਰੀ ਤੋਂ ਪਿੱਛੋਂ ਪੁਲਿਸ ਵਾਲੇ ਮੈਨੂੰ ਫੜ ਕਿ ਪੁੱਛਗਿੱਛ ਕੇਂਦਰ ਲੈ ਗਏ। ਉਸ ਉਹ ਮੈਨੂੰ ਹਰਭਜਨ ਹਲਵਾਰਵੀ ਤੇ ਅਮਰਜੀਤ ਚੰਦਨ ਬਾਰੇ ਪੁੱਛਦੇ ਰਹੇ ਹਾਲਾਂਕਿ ਨਾ ਤਾਂ ਮੈਂ ਉਸ ਸਮੇਂ ਤੱਕ ਹਲਵਾਰੀ ਨੂੰ ਮਿਲਿਆ ਸਾਂ ਤੇ ਨਾ ਹੀ ਲਹਿਰ ਨਾਲ ਜਥੇਬੰਦਕ ਰੂਪ ‘ਚ ਕੋਈ ਸਾਂਝ ਸੀ॥ ਅਖਬਾਰਾਂ ‘ਚੋਂ ਪੜ੍ਹ ਕੇ ਪ੍ਰਭਾਂਵਿਤ ਜ਼ਰੂਰ ਸਾਂ। ਖੈਰ.ਪੁੱਛਗਿੱਛ ਦੌਰਾਨ ਮੇਰੀ ਕੁੱਟਮਾਰ ਤਾਂ ਕੋਈ ਨਾ ਹੋਈ, ਪਰ ਪੁੱਛਦੇ ਘੁੰਮਾ ਫਿਰਾ ਕੇ ਬਹੁਤ ਰਹੇ, ਉਲਝਾਉਣ ਲਈ। ਬਹਾਰੋਂ ਦਬਾਅ ਪੈਣ ‘ਤੇ ਸ਼ਾਮ ਤੱਕ ਮੈਨੂੰ ਛੱਡ ਦਿੱਤਾ ਗਿਆ।

ਇਹ ਘਟਨਾ ਮੇਰੀ ਜ਼ਿੰਦਗੀ ਦਾ ਟਰਨਿੰਗ ਪੁਆਇੰਟ ਸਾਬਤ ਹੋਈ। ਇਸ ਪਿੱਛੋਂ ਮੈਂ ਹਰ ਘਟਨਾ ‘ਤੇ ਰੀਐਕਟ ਕਰਦਾ ਰਿਹਾ ਹਾਂ ਚਾਹੇ ਉਹ ਥਾਣਿਆਂ ‘ਚ ਨਕਸਲੀ ਕਾਰਕੁੰਨਾਂ ‘ਤੇ ਅਣਮਨੁੱਖ ਤਸ਼ਦਦ ਸੀ, ਝੂਠੇ ਪੁਲਿਸ ਮੁਕਾਬਲੇ ਤੇ ਜਾਂ ਫਿਰ ਉਨ੍ਹਾਂ ਦੇ ਪਰਿਵਾਰਾਂ ‘ਤੇ ਜ਼ਬਰ। 1975 ਤੱਕ ਮੈਂ ਪੀ.ਐਸ.ਯੂ ਤੇ ਨੌਜਵਾਨ ਭਾਰਤ ਸਭਾ ਦੇ ਸੱਦੇ ‘ਤੇ ਜਦੋਂ ਇੱਕ-ਇੱਕ ਦਿਨ ‘ਚ ਚਾਰ-ਚਾਰ ਥਾਂ ਪੇਸ਼ਕਾਰੀਆਂ ਵੀ ਕੀਤੀਆਂ। ਇਹ ਨਾਟਕ ਸਿੱਧੀ ਰਾਜਸੀ ਚੇਤਨਾ ਵਾਲੇ ਹੁੰਦੇ। ਕਈ ਵਾਰ ਪੰਚਾਇਤਾਂ ਵੀ ਨਾਟਕਾਂ ਲਈ ਸੱਦਾ ਦਿੰਦੀਆਂ।

26 ਜੂਨ 1975 ਨੂੰ ਐਮਰਜੈਂਸੀ ਲੱਗ ਗਈ। ਇਹਨਾਂ ਹੀ ਦਿਨਾਂ ‘ਚ ਪਕਿਸਤਾਨ ਵਿੱਚ ਨਜ਼ਮ ਹੁਸੈਨ ਸੱਯਦ ਦਾ ਨਾਟਕ ਛਪਿਆ ‘ਤਖਤ ਲਾਹੌਰ’। ਇਹ ‘ਆਯੂਸ-ਸ਼ਾਹੀ’ ਦੇ ਵਿਰੋਧ ‘ਚ ਸੀ। ਮੈਂ ਇਸ ਨਾਟਕ ਨੁੰ ਖੇਡਣ ਦਾ ਫੈਸਲਾ ਕੀਤਾ।9 ਸਤੰਬਰ 1975 ਨੂੰ ਇਹ ਅਮਿ੍ਰਤਸਰ ਨਾਟਕ ਕਲਾ ਕੇਂਦਰ ਦੀ ਸਟੇਜ ਤੋਂ ਪੇਸ਼ ਕੀਤਾ। ਦਰਸ਼ਕਾਂ ‘ਚ ਐਸ.ਐਸ.ਪੀ ਜੇਜੀ ਸਮੇਤ ਬਹੁਤ ਸਾਰੇ ਪੁਲਿਸ ਵਾਲੇ ਵੀ ਆਏ ਹੋਏ ਸਨ। 9 ਸਤੰਬਰ ਨੂੰ ਇਹ ਨਾਟਕ ਖੇਡਿਆ ਤੇ 11 ਸਤੰਬਰ ਨੂੰ ਮੈਨੂੰ 311/2 ਧਾਰਾ ਅਧੀਨ ਨੌਕਰੀ ਤੋਂ ਡਿਸਮਿਸ ਦੇ ਹੁਕਮ ਮਿਲ ਗਏ। ਮੇਰੇ ਕੋਲ ਉਸ ਵੇਲੇ ਨਾ ਕੋਈ ਜਮ੍ਹਾ ਪੂੰਜੀ ਸੀ ਤੇ ਨਾ ਆਮਦਨ ਦਾ ਕੋਈ ਹੋਰ ਸਰੋਤ। ਬੱਚੀਆਂ ਚੌਥੀ ਅਤੇ ਸੱਤਵੀਂ ’ਚ ਪੜ੍ਹ ਰਹੀਆਂ ਸਨ। ਉਸ ਵੇਲੇ ਪਿ੍ਰਥੀਪਾਲ ਰੰਧਾਵਾ ਦਾ ਜੇਲ੍ਹ ’ਚੋਂ ਮੈਨੂੰ ਰੁੱਕਾ ਮਿਲਿਆ, “ਭਾਅ ਜੀ, ਫਿਕਰ ਨਾ ਕਰਨਾ, ਸਾਨੂੰ ਤੁਹਾਡਾ ਫ਼ਿਕਰ ਹੈ।” ਪੀ.ਐੱਸ.ਯੂ. ਵਾਲਿਆਂ ਤੇ ਨੌਜਵਾਨ ਸਭਾਵਾਂ ਦੇ ਇਹੋ ਜਿਹੇ ਹੋਰ ਸੇਨੇਹਿਆਂ ਨੇ ਵੀ ਮੇਰਾ ਹੋਸਲਾ ਵਧਾਇਆ। ਫਿਰ ਮੈਂ ਧਾਰਮਿਕ ਮੁਹਾਵਰੇ ਅਧੀਨ ‘ਕਿਵ ਕੂੜੇ ਟੁੱਟੇ ਪਾਲ’, ‘ਇਹ ਲਹੂ ਕਿਸਦਾ ਹੈ’ ਆਦਿ ਅਤੇ ਸ਼ਹੀਦ ਭਗਤ ਸਿੰਘ ਦੇ ਨਾਂਅ ਉੱਪਰ ‘ਇਨਕਲਾਬ ਜ਼ਿੰਦਾਬਾਦ’ ਆਦਿ ਨਾਟਕ ਪਿੰਡ-ਪਿੰਡ ਜਾ ਕੇ ਖੇਡੇ। ਇਹ ਅਸਿੱਧੇ ਰੂਪ ਵਿੱਚ ਤਾਨਾਸ਼ਾਹੀ ਦਾ ਵਿਰੋਧ ਕਰਦੇ ਸਨ। 17 ਸਤੰਬਰ 1976 ਨੂੰ ਮੈਨੂੰ ਜੰਮੂ ਯੂਨੀਵਰਸਿਟੀ ਵੱਲੋਂ ਨਾਟਕ ਖੇਡਣ ਲਈ ਸੱਦਿਆ ਗਿਆ। ਦਰਸ਼ਕਾਂ ’ਚ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਸ਼ੇਖ ਅਬਦੁੱਲਾ ਤੇ ਪੰਜਾਬ ਦੇ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਵੀ ਬੈਠੇ ਸਨ। ਨਾਟਕ ਮੈਂ ‘ਕਿਵ ਕੂੜੇ ਟੁੱਟੇ ਪਾਲ’ ਖੇਡਿਆ। ਨਾਟਕ ਮੁੱਕਣ ਲੱਗੇ ਤਾਂ ਸਟੇਜ ਤੋਂ ਕਿਹਾ ਗਿਆ, “ਗੁਰਸ਼ਰਨ ਸਿੰਘ ਤਾਂ ਪੰਜਾਬ ਦਾ ਹੀਰਾ ਹੈ।’’ ਪਰ 21 ਸਤੰਬਰ ਨੂੰ ਮੈਂ ਆਪਣੀਆਂ ਬੱਚੀਆਂ ਨੂੰ ਸਕੂਲੋਂ ਲੈ ਕੇ ਆ ਰਿਹਾ ਸੀ ਤਾਂ ਮੈਨੂੰ ਥਾਣੇ ਸਾਹਮਣੇ ਰੋਕ ਲਿਆ ਗਿਆ। ਉੱਥੋਂ ਸਕੂਟਰ ’ਤੇ ਬੱਚੀਆਂ ਇੱਕ ਸਿਪਾਹੀ ਹੀ ਘਰ ਛੱਡ ਕੇ ਗਿਆ। ਮੈਨੂੰ ਰਾਤ ਹਵਾਲਾਤ ਰੱਖਿਆ ਅਤੇ ਦੂਸਰੇ ਦਿਨ ਜੇਲ੍ਹ ਭੇਜ ਦਿੱਤਾ।

ਇਸ ਵਾਰ ਮੈਂ 45 ਦਿਨ ਜੇਲ੍ਹ ’ਚ ਰਿਹਾ ਤੇ ਦੋ ਵਾਰ ਪੇਸ਼ੀ ਲਈ ਲਿਜਾਇਆ ਗਿਆ। ਪਹਿਲੀ ਪੇਸ਼ੀ ’ਤੇ ਪੁਲਿਸ ਨੇ ਚਾਰਜਸ਼ੀਟ ਪੇਸ਼ ਕੀਤੀ ਕਿ ਗੁਰਸ਼ਰਨ ਸਿੰਘ ਖੇਮਕਰਨ ਨੇੜੇ ਰੇਲਵੇ ਪੁਲ ਹੇਠਾਂ ਤਿੰਨ ਨੌਜੁਆਨਾਂ ਨੂੰ ਪੁਲ ਉਡਾਉਣ ਦੀ ਟਰੇਨਿੰਗ ਦੇ ਰਿਹਾ ਸੀ। ਚਾਰਜਸ਼ੀਟ ਪੜ੍ਹ ਕੇ ਮੈਜਿਸਟਰੇਟ ਹੱਸ ਕੇ ਵਿਅੰਗ ਨਾਲ ਪੁਲਿਸ ਵਾਲਿਆਂ ਨੂੰ ਕਹਿਣ ਲੱਗਾ, “ਗੁਰਸ਼ਰਨ ਸਿੰਘ ’ਤੇ ਤਾਂ ਕੋਈ ਨਾਟਕ ਦਾ ਕੇਸ ਬਣਾ ਦਿੰਦੇ।” ਤੀਸਰੀ ਪੇਸ਼ੀ ਸਮੇਂ 9 ਨਵੰਬਰ ਨੂੰ ਮੇਰੀ ਰਿਹਾਈ ਹੋ ਗਈ। ਉਦੋਂ ਤੱਕ ਅਮੈਰਜੈਂਸੀ ਵੀ ਕੁਝ ਢਿੱਲੀ ਪੈ ਗਈ ਸੀ। ਮੈਂ ਬਹਾਰ ਆ ਕਿ ਫਿਰ ਨਾਟਕ ਸਰਗਰਮੀਆਂ ਵਿੱਚ ਰੁੱਝ ਗਿਆ।

1977 ਵਿੱਚ ਜਨਤਾ ਸਰਕਾਰ ਬਣੀ ਤਾਂ ਮੈਂ, ਗ੍ਰਹਿ ਮੰਤਰੀ ਚੌਧਰੀ ਚਰਨ ਸਿੰਘ ਨੂੰ ਆਪਣੀ ਨੌਕਰੀ ਦੇ ਸਬੰਧ ਵਿੱਚ ਮਿਲਿਆ। ਉਹ ਸਵੇਰੇ ਸਵੇਰੇ ਆਪਣਾ ਦਰਬਾਰ ਲਾਉਂਦਾ ਸੀ, ਜਿਸ ਦੌਰਾਨ ਉਸ ਨੂੰ ਕੋਈ ਵੀ ਮਿਲ ਸਕਦਾ ਸੀ। ਜਦੋਂ ਮੈਂ ਆਪਣੇ ਕੇਸ ਦੀ ਉਸ ਨਾਲ ਗੱਲ ਕੀਤੀ ਤਾਂ ਉਹ ਵਿੱਚੋਂ ਹੀ ਟੋਕ ਕੇ ਕਹਿੰਦਾ, “ਤੁਹਾਡੇ ਕੇਸ ਦਾ ਮੈਨੂੰ ਪਤਾ ਹੈ ਛੇਤੀ ਹੀ ਤੁਹਾਡੀ ਬਹਾਲੀ ਹੋ ਜਾਵੇਗੀ।” ਅੰਮਿ੍ਰਤਸਰ ਆਇਆ ਤਾਂ ਹਫਤੇ ਦੇ ਅੰਦਰ-ਅੰਦਰ ਮੈਨੂੰ ਬਹਾਲੀ ਦੇ ਹੁਕਮ ਮਿਲ ਗਏ, ਸਮੇਤ ਡਿਸਮਿਸ ਸਮੇਂ ਦੀ ਸਾਰੀ ਤਨਖਾਹ ਦੇ।

1981 ਵਿੱਚ ਵਾਧੇ ਬੱਸ ਕਿਰਾਇਆ ਦੇ ਵਿਰੋਧ ‘ਚ ਅੰਦੋਲਨ ਉੱਠਿਆ। ਅੰਦੋਲਨ ਉੱਠਿਆ। ਅੰਦੋਲਨ ਭਖਿਆ ਤਾਂ ਇੱਕ ਦਿਨ ਦਫਤਰ, ਇੱਕ ਹੌਲਦਾਰ ਮੈਨੂੰ ਸੱਦਣ ਆ ਗਿਆ ਕਿ ਥਾਣੇ ਬੁਲਾਇਆ ਹੈ। ਮੈਂ ਸਮਝ ਗਿਆ ਕਿ ਉਹੀ ਚੱਕਰ ਸ਼ੁਰੂ ਹੋਣ ਲੱਗਾ ਹੈ। ਮੈਂ ਉਸ ਨੂੰ ਬੈਠਾ ਕੇ ਅਸਤੀਫ਼ਾ ਲਿਖਿਆ। ਉਦੋਂ ਤੱਕ ਮੇਰੀ ਨੌਕਰੀ ਦੇ 29 ਸਾਲ ਪੂਰੇ ਹੋ ਗਏ ਸਨ ਤੇ ਮੈਂ ਪਰੀ-ਮੈਚਿਓਰ ਪੈਨਸ਼ਨ ਦਾ ਹੱਕਦਾਰ ਹੋ ਗਿਆ ਸਾਂ। ਆਪਣੇ ਡਾਇਰੈਕਟਰ ਨੂੰ ਅਸਤੀਫਾ ਫੜਾ ਕੇ ਮੈਂ ਥਾਣੇ ਚਲਿਆ ਗਿਆ। ਰਾਤ ਹਵਾਲਾਤ ਵਿੱਚ ਰਿਹਾ, ਪਰ ਦੂਸਰੇ ਦਿਨ ਛੱਡ ਦਿੱਤਾ।

ਤੇ ਉਦੋਂ ਤੋਂ ਲੈ ਕੇ ਸਾਰਾ ਸਮਾਂ ਨਾਟਕ, ਸਮਾਜਿਕ ਤਬਦੀਲੀ ਲਈ ਲਹਿਰ ਨੂੰ ਸਮਰਪਿਤ ਕਰ ਦਿੱਤਾ ਹੈ।

ਅਪ੍ਰੇਸ਼ਨ ਗਰੀਨ ਹੰਟ

ਮੈਂ ਅਜੋਕੇ ਭਾਰਤ ਵਿੱਚ ਸਾਮਰਾਜੀ ਵਿਸ਼ਵੀਕਰਨ ‘ਤੇ ਟਿਕੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਵਿਦੇਸ਼ ਨੀਤੀ ਤੇ ਕੌਮਾਂਤਰੀ ਹਰਮਨ ਪਿਆਰਤਾ ਵੇਖਦਾ ਹਾਂ ਤਾਂ ਕਸ਼ਮੀਰ ਦੇ ਹਾਲਤ ਦੀ ਨਕਸਲੀ ਅੰਦੋਲਨ ਵਰਗੀ ਸਥਿਤੀ ਦਾ ਅਹਿਸਾਸ ਹੁੰਦਾ ਹੈ। ਉਸ ਸਮੇਂ ਹਿੰਦੂਤੱਵਵਾਦੀ ਕਾਂਗਰਸੀ ਸਰਕਾਰ ਦੇ ਗ੍ਰਹਿ ਮੰਤਰੀ ਨਾਲ ਹਮਦਰਦੀ ਰੱਖਦੇ ਹਨ, ਅੱਹ ਉਹ ਨਕਸਲਵਾਦ ਨਾਲ ਨਜਿੱਠਣ ਦੇ ਨਾਂ ਹੇਠ ਵਾਲੇ ਗ੍ਰਹਿ ਮੰਤਰੀ ਪੀ.ਚਿਦੰਬਰਮ ਦੀ ਖੁੱਲ੍ਹ ਕੇ ਹਮਾਇਤ ਕਰ ਰਹੇ ਹਨ। ਇਹ ਸਭ ਕੁਝ ‘ਗਰੀਨ ਹੰਟ ਅਪ੍ਰੇਸ਼ਨ’ ਦੇ ਨਾਂ ਹੇਠ ਵਾਪਰ ਰਿਹਾ ਹੈ। ਸਰਕਾਰ ਵੱਲੋਂ ਤਾਇਨਾਤ ਅਰਧ-ਸੈਨਿਕ ਬਲਾਂ ਦਾ ਜ਼ੁਲਮ ਤਾਂ ਹੋਣਾ ਤਾਂ ਹੋਣਾ ਹੀ ਹੈ, ਇਹ ਹਰ ਖੇਤਰ ਵਿੱਚ ਹੋਇਆ ਹੈ, ਜਿੱਥੇ ਵੀ ਅੰਦੋਲਨ ਸਾਹਮਣੇ ਆਏ ਹਨ, ਪਰ ਭਾਰਤੀ ਜਨਬਤਾ ਪਾਰਟੀ ਦੀ ਅਗਵਾਈ ਵਾਲੀ ਛਤੀਸਗ੍ਹੜ ਸਰਕਾਰ ਨੇ ‘ਸਲਵਾ ਜੁਦਮ’ ਨਾਂ ਦੀ ਮੁਹਿੰਮ ਤਹਿਤ ਤਨਖਾਹਦਾਰ ਆਦਿਵਾਸੀ ਨਕਸਲੀਆਂ ਖਿਲਾਫ਼ ਖੜ੍ਹੇ ਕਰਕੇ ਸਿਵਲ ਵਾਰ ਦੇ ਹਾਲਾਤ ਪੈਦਾ ਕਰ ਦਿੱਤੇ ਹਨ। ਮੈਂ ਇਹਦੇ ਵਿਰੁੱਧ ਪੰਜਾਬ ਭਰ ਅੰਦਰ ਚਲਦੇ ਅੰਦੋਲਨ ਦੇ ਨਾਲ ਖੜ੍ਹਾ ਹਾਂ। ਜਿਸ ਤਰ੍ਹਾਂ ਦੇ ਹਾਲਤ ਚੱਲ ਰਹੇ, ਕਦੇ ਵੀ ਪੁਲਿਸ ਮੇਰੇ ਤੱਕ ਆ ਸਕਦੀ ਹੈ। ਉਹ ਗਿ੍ਰਫ਼ਤਾਰ ਨਾ ਵੀ ਕਰੇ, ਪੁੱਛ-ਪੜ੍ਹਤਾਲ ਤਾਂ ਕਰ ਸਕਦੀ ਹੈ। ਮੈਂ ਜਿਸਮਾਨੀ ਪੱਧਰ ’ਤੇ ਸੰਘਰਸ਼ ਦਾ ਸਾਥੀ ਨਹੀਂ ਹਾਂ। ਜੇ ਮੇਰੇ ਜਨ-ਬਦਨ ਵਿੱਚ ਪਹਿਲਾਂ ਵਰਗੀ ਤਾਕਤ ਹੁੰਦੀ ਜਾਂ ਘੱਟੋ-ਘੱਟ ਖ਼ੁਦ ਤੁਰਨ-ਫਿਰਨ ਲਾਇਕ ਬੁਢਾਪਾ ਵੀ ਹੁੰਦਾ ਤਾਂ ਮੈਂ ਘਰ ਬੈਠ ਕੇ ਹਮਾਇਤ ਨਾ ਕਰਦਾ। ਮੈਂ ਕਮਜ਼ੋਰ ਸਰੀਰ ਨਾਲ ਵੀ ਲੜ੍ਹ ਰਹੇ ਲੋਕਾਂ ਦਾ ਝੰਡਾ ਉੱਠਾ ਲੈਂਦਾ। ਮੇਰੇ ਮਨ ਲਈ ਕੋਈ ਦੁਵਿਧਾ ਨਹੀਂ, ਕੋਈ ਡਰ ਨਹੀਂ। ਜੇ ਪੁਲਿਸ ਪੁੱਛ-ਪੜ੍ਹਤਾਲ ਲਈ ਆਏਗੀ, ਮੈਂ ਸਾਫ ਆਖਾਂਗਾ, “ਮੈਂ ਨਕਸਲਬਾੜੀ ਕਮਿਊਨਿਸਟ ਹਾਂ, ਹਾਲਾਂ ਕਿ ਕਦੇ ਵੀ ਹਥਿਆਰ ਹੱਥ ਵਿੱਚ ਫੜ ਕੇ ਨਹੀਂ ਵੇਖਿਆ। ਹਾਂ, ਇਸ ਤਰ੍ਹਾਂ ਦੇ ਝੂਠੇ ਮੁਕੱਦਮੇ ਭੁਗਤ ਚੁੱਕਾ ਹਾਂ।”

(ਸੰਖੇਪ, ਸੁਚੇਤਕ ‘ਚੋਂ ਧੰਨਵਾਦ ਸਹਿਤ)

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ