Thu, 25 April 2024
Your Visitor Number :-   6997241
SuhisaverSuhisaver Suhisaver

ਪਰਛਾਵਿਆਂ ਦੇ ਅੰਗ-ਸੰਗ - ਪਰਮਬੀਰ ਕੌਰ

Posted on:- 06-05-2016

suhisaver

ਚਾਨਣ ਤੋਂ ਬਗ਼ੈਰ ਜੀਵਨ ਦੀ ਕਲਪਨਾ ਕਰਨੀ ਅਸੰਭਵ ਹੈ। ਪਰ ਜਿੰਨੀ ਅਹਿਮੀਅਤ ਰੋਸ਼ਨੀ ਦੀ ਹੈ, ਉਸੇ ਤਰ੍ਹਾਂ ਪਰਛਾਵਿਆਂ ਦੀ ਵੀ ਸਾਡੇ ਜੀਵਨ ਵਿਚ, ਕਿਸੇ ਦੀਆਂ ਕਿਆਸਅਰਾਈਆਂ ਤੋਂ ਕਿਤੇ ਵੱਧ ਮਹੱਤਤਾ ਹੈ। ਜਿੱਥੇ ਰੋਸ਼ਨੀ ਹੈ, ਉੱਥੇ ਹੀ ਪਰਛਾਂਵਾਂ ਮੌਜੂਦ ਹੁੰਦਾ ਹੈ। ਭਾਵ ਕਿ ਚਾਨਣ ਦਾ ਸਾਥ ਪਰਛਾਵਾਂ ਕਦੇ ਨਹੀਂ ਛਡਦਾ, ਸਗੋਂ ਨਾਲ-ਨਾਲ ਤੁਰਦਾ ਅਤੇ ਅੰਗ-ਸੰਗ ਰਹਿੰਦਾ ਹੈ। ਅਸਲ ਵਿਚ ਪਰਛਾਵਿਆਂ ਦਾ ਆਪਣਾ ਇਕ ਵਜੂਦ ਤੇ ਸੰਸਾਰ ਹੈ। ਇਹ ਬਹੁਤ ਆਕਰਸ਼ਕ ਹੁੰਦੇ ਨੇ ਤੇ ਕਈ ਵੇਰ ਤਾਂ ਆਪਣੇ ਮੂਲ ਨਾਲੋਂ ਵੀ ਵਧੇਰੇ ਰੋਚਕ! ਜੇ ਮੂਲ ਰੂਪ ਦੀ ਵਿਸਤਰਿਤ ਜਾਣਕਾਰੀ ਲੋੜੀਂਦੀ ਹੋਵੇ ਤਾਂ ਉਸਦੇ ਪਰਛਾਵੇਂ ਨੂੰ ਚੰਗੀ ਤਰ੍ਹਾਂ ਘੋਖ ਕੇ ਕਾਫ਼ੀ ਮਦਦ ਮਿਲ ਜਾਂਦੀ ਹੈ ਤੇ ਯਥਾਰਥ ਦੀਆਂ ਕਈ ਨਵੀਂਆਂ ਪਰਤਾਂ ਖੁਲ੍ਹਦੀਆਂ ਹਨ। ਇਸ ਜੀਵਨ ਦੇ ਆਰਜ਼ੀ ਹੋਣ ਸਦਕਾ, ਇਸਦੀ ਤੁਲਨਾ ਵੀ ਆਮ ਹੀ ਪਰਛਾਵੇਂ ਨਾਲ ਕਰ ਦਿੱਤੀ ਜਾਂਦੀ ਹੈ। ਅਤੇ ਅਜਿਹੇ ਲੋਕਾਂ ਦੀ ਗਿਣਤੀ ਵੀ ਕੋਈ ਘਟ ਨਹੀਂ ਜਿਹੜੇ ਪਰਛਾਵੇਂ ਨੂੰ ਸੰਸਾਰ ਦੀ ਸਭ ਤੋਂ ਸੁੰਦਰ ਅਤੇ ਸੁਹਜ-ਭਰਪੂਰ ਸ਼ੈਅ ਮੰਨਦੇ ਹਨ!

ਭਾਵੇਂ ਪਰਛਾਵਿਆਂ ਨੂੰ ਝੂਠ ਆਖ ਦਿੱਤਾ ਜਾਂਦਾ ਹੈ ਪਰ ਇਹਨਾਂ ਦੇ ਵੀ ਕਈ ਸੱਚ ਹੁੰਦੇ ਹਨ। ਯਕੀਨਨ ਜੇ ਅਸਲੀਅਤ ਹੈ ਤਦੇ ਹੀ ਪਰਛਾਵੇਂ ਦੀ ਕੋਈ ਹਸਤੀ ਬਣਦੀ ਹੈ! ਜੇ ਕਿਸੇ ਸਮੇਂ ਬੰਦੇ ਨੂੰ ਪਰਤੀਤ ਹੋਵੇ ਕਿ ਉਹ ਹਰ ਪਾਸਿਉਂ ਪਰਛਾਵਿਆਂ ਵਿਚ ਹੀ ਘਿਰ ਗਿਆ ਹੈ ਤਾਂ ਇਹ ਕਦਾਚਿਤ ਨਹੀਂ ਭੁਲਣਾ ਚਾਹੀਦਾ ਕਿ ਚਾਰ-ਚੁਫੇਰੇ ਚਾਨਣ ਦੀ ਹੋਂਦ ਹੀ ਇਹਨਾਂ ਪਰਛਾਵਿਆਂ ਦਾ ਸਬੱਬ ਬਣ ਰਹੀ ਹੈ।

ਭਾਵ ਕਿ ਆਸ ਦੀ ਕਿਰਨ ਵੀ ਉੱਥੇ ਨਾਲ ਮੌਜੂਦ ਹੁੰਦੀ ਹੈ। ਘੁੱਪ ਹਨੇਰੇ ਦਾ ਸਾਥ ਤਾਂ ਪਰਛਾਵਾਂ ਦੇਂਦਾ ਵੀ ਨਹੀਂ । ਅੰਗਰੇਜ਼ੀ ਦੇ ਪ੍ਰਸਿੱਧ ਲੇਖਕ ਤੇ ਨਾਟਕਕਾਰ, ਔਸਕਰ ਵਾਈਲਡ ਨੇ ਕਿਹਾ ਹੈ, “ਜਿਹਨਾਂ ਨੂੰ ਲੋਕੀਂ ਸਰੀਰ ਦੇ ਪਰਛਾਵੇਂ ਆਖਦੇ ਹਨ, ਅਸਲ ਵਿਚ ਉਹ ਸਰੀਰ ਦੇ ਪਰਛਾਵੇਂ ਨਹੀਂ ਬਲਕਿ ਆਤਮਾ ਦਾ ਸਰੀਰ ਹੁੰਦੇ ਹਨ।”

ਤੇਜ਼ੀ ਨਾਲ ਉਡਦਾ ਜਾਂਦਾ ਸਮਾਂ ਭਾਵੇਂ ਮੁੜ ਕੇ ਕਦੇ ਨਹੀਂ ਆਉਂਦਾ ਪਰ ਜਿੱਥੋਂ ਵੀ ਲੰਘਦਾ ਹੈ, ਉੱਥੇ ਆਪਣੇ ਪਰਛਾਵੇਂ ਪਿੱਛੇ ਛਡ ਜਾਂਦਾ ਹੈ, ਜਿਹੜੇ ਉਸਦੇ ਉੱਥੋਂ ਗੁਜ਼ਰ ਕੇ ਗਏ ਹੋਣ ਦੀ ਗਵਾਹੀ ਭਰਦੇ ਹਨ। ਪਰਛਾਵੇਂ ਤੁਰਦੇ-ਫਿਰਦੇ ਜਾਂ ਖੜ੍ਹੇ ਵੇਖੇ ਜਾ ਸਕਦੇ ਨੇ; ਨਿੱਕੇ-ਵੱਡੇ ਜਾਂ ਲੰਮੇ-ਚੌੜੇ ਹੋਣਾ ਤੇ ਮੌਕੇ ਮੁਤਾਬਕ ਰੂਪ ਵਟਾਉਂਦੇ ਰਹਿਣਾ ਇਹਨਾਂ ਦੇ ਸੁਭਾਅ ਦਾ ਅਟੁੱਟ ਹਿੱਸਾ ਹੈ। ਮੌਜੂਦ ਚਾਨਣ ਦੇ ਸਰੋਤ ਅਨੁਸਾਰ, ਪਰਛਾਵਾਂ ਕਦੇ ਬੰਦੇ ਦੇ ਅੱਗੇ, ਜਿਵੇਂ ਰਾਹ ਦਸੇਰਾ ਬਣ ਕੇ ਤੁਰਦਾ ਹੈ ਤੇ ਫਿਰ ਕਦੇ ਪਿੱਛੇ ਲਗ ਜਾਂਦਾ ਹੈ।ਹੋਰ ਤਾਂ ਹੋਰ ਇਹ ਆਪਸ ਵਿਚ ਸੰਵਾਦ ਰਚਾਉਂਦੇ ਵੀ ਦਿਸ ਆਉਂਦੇ ਹਨ! ਇਹਨਾਂ ਦੀ ਮੌਜੂਦਗੀ ਕਿਸੇ ਸਥਾਨ ਨੂੰ ਬੜੀ ਕਲਾਤਮਕ ਤੇ ਸੁਹੱਪਣ-ਭਰਪੂਰ ਦਿੱਖ ਪ੍ਰਦਾਨ ਕਰਦੀ ਹੈ। ਕਦੇ ਖਿੜੀ ਧੁੱਪ ਸਮੇਂ ਆਪਣੀ ਬਗੀਚੀ ਵਿਚਲੇ ਫੁੱਲ-ਬੂਟਿਆਂ ਦੇ ਜ਼ਮੀਨ ਜਾਂ ਕੰਧ ਤੇ ਪੈਂਦੇ ਪਰਛਾਵੇਂ ਵੇਖੀਏ ਤਾਂ ਹੈਰਾਨ ਹੋ ਜਾਈਦਾ ਹੈ; ਇਹਨਾਂ ਦੀ ਤਲਿਸਮੀ ਛਬ ਵੇਖਿਆਂ ਹੀ ਬਣਦੀ ਹੈ। ਰੁਮਕਦੀ ਪੌਣ ਵਿਚ ਟਹਿਕਦੇ ਫੁੱਲਾਂ ਦੇ ਪਰਛਾਵੇਂ ਕੋਈ ਹੋਰ ਹੀ ਬਾਤ ਪਾਉਂਦੇ ਨਜ਼ਰੀਂ ਪੈ ਜਾਂਦੇ ਨੇ। ਰਾਤ ਸਮੇਂ ਵੀ ਕੁਝ ਅਜਿਹੇ ਹੀ ਦ੍ਰਿਸ਼ ਅਜੋਕੇ ਜਗਮਗ ਦੇ ਯੁਗ ਵਿਚ ਵੇਖਣ ਨੂੰ ਮਿਲ ਜਾਣੇ ਕੋਈ ਓਪਰੀ ਗੱਲ ਨਹੀਂ। ਉਂਜ ਚੰਨ ਦੀ ਚਾਨਣੀ ਵਿਚ ਬਣਦੇ ਪਰਛਾਵੇਂ ਵੀ ਆਪਣੇ ਹੀ ਢੰਗ ਨਾਲ ਵਿਲੱਖਣ ਦ੍ਰਿਸ਼ ਪੇਸ਼ ਕਰਦੇ ਹਨ। ਇਕ ਤੋਂ ਵੱਧ ਰੋਸ਼ਨੀ ਦੇ ਸਰੋਤ ਹੋਣ ਕਰਕੇ, ਇੱਕੋ ਬੰਦੇ ਜਾਂ ਚੀਜ਼ ਦੇ ਉੱਨੇ ਹੀ ਪਰਛਾਵੇਂ ਬਣ ਜਾਂਦੇ ਨੇ। ਜੇ ਘਰ ਵਿਚ ਦਿਵਾਰ ਤੇ ਕੋਈ ਫੁੱਲਦਾਨ ਟੰਗਿਆ ਹੋਵੇ ਤਾਂ ਰਾਤ ਸਮੇਂ ਲਾਈਟ ਦੇ ਜਗਣ ਤੇ ਉਸਦਾ ਪਰਛਾਵਾਂ ਕਿੰਨਾ ਆਕਰਸ਼ਕ ਹੁੰਦਾ ਹੈ, ਇਹ ਵੇਖਣ ਦੀ ਹੀ ਗੱਲ ਹੈ! ਪਰਛਾਵਿਆਂ ਦੇ ਰੌਣਕ-ਮੇਲੇ ਨੂੰ ਮਾਣਦਾ ਬੰਦਾ ਉਦਾਸੀਨਤਾ ਤੋਂ ਬਚਿਆ ਰਹਿ ਸਕਦਾ ਹੈ। ਪਰ ਕਦੇ ਕਿਸੇ ਨੂੰ ਪਰਛਾਵਿਆਂ ਤੋਂ ਭੈਅ ਵੀ ਆ ਜਾਂਦਾ ਹੈ; ਕੋਈ ਅਚਾਨਕ ਤ੍ਰਭਕ ਜਾਂਦਾ ਹੈ ਆਪਣਾ ਹੀ ਪਰਛਾਵਾਂ ਵੇਖ ਕੇ!


ਚਿੱਤਰਕਾਰ ਵੀ ਆਪਣੇ ਦੁਆਰਾ ਬਣਾਏ ਗਏ ਚਿਤਰਾਂ ਵਿਚ ਪਰਛਾਵਿਆਂ ਦੀ ਬਾਖ਼ੂਬੀ ਵਰਤੋਂ ਕਰਦੇ ਹਨ। ਚਿੱਤਰ ਵਿਚਲੇ ਪਾਤਰਾਂ ਦੀ ਸੋਭਾ ਨੂੰ, ਨਾਲ ਢੁਕਵੇਂ ਪਰਛਾਵੇਂ ਬਣੇ ਹੋਣ ਕਰਕੇ ਚਾਰ ਚੰਨ ਲਗ ਜਾਂਦੇ ਹਨ ਤੇ ਰਚਨਾ ਇਕਦੱਮ ਸਜੀਵ ਹੋ ਕੇ ਅਸਲ ਹੋਣ ਦਾ ਭੁਲੇਖਾ ਪਾਉਣ ਲਗਦੀ ਹੈ। ਅਜਿਹੀ ਕਲਾਕ੍ਰਿਤ ਵੇਖਣ ਵਾਲਿਆਂ ਦੇ ਮਨ ਨੂੰ ਵੀ ਮੋਹ ਲੈਂਦੀ ਹੈ। ਮੈਂ ਆਪ ਤਿੰਨ ਕੁ ਦਹਾਕੇ ਪਹਿਲਾਂ ਕਈ ਤੇਲ-ਚਿੱਤਰ ਬਣਾਏ, ਜਿਨ੍ਹਾਂ ਵਿਚ ਪਰਛਾਵੇਂ ਬੜੀ ਮਿਹਨਤ ਤੇ ਲਗਨ ਨਾਲ ਅੰਕਿਤ ਕੀਤੇ। ਅਤੇ ਪਿੱਛੋਂ ਪੂਰੇ ਚਿੱਤਰ ਨੂੰ ਵੇਖ ਕੇ ਅਸੀਮ ਸੰਤੁਸ਼ਟੀ ਤੇ ਖ਼ੁਸ਼ੀ ਮਿਲਣੀ। ਅੱਜਕੱਲ੍ਹ ਰੰਗਮੰਚ ਤੇ ਵੀ, ਵੰਨਸੁਵੰਨੀਆਂ ਸਜਾਵਟੀ ਲਾਈਟਾਂ ਉਪਲਬਧ ਹੋਣ ਕਰਕੇ, ਚਾਨਣ ਤੇ ਪਰਛਾਵਿਆਂ ਨਾਲ ਕਿੰਨੇ ਭਾਂਤ-ਭਾਂਤ ਦੇ ਨਜ਼ਾਰੇ ਸਿਰਜੇ ਜਾਂਦੇ ਹਨ। ਕਈ ਵੱਡੇ ਹੋਟਲਾਂ ਤੇ ਸਿਨਮਾ-ਘਰਾਂ ਆਦਿ ਦੀਆਂ ਕੰਧਾਂ ਦੀ ਸੁੰਦਰਤਾ ਵਧਾਉਣ ਲਈ ਉਹਨਾਂ ਉੱਤੇ ਕੇਵਲ ਪਰਛਾਵਿਆਂ ਦੀ ਸਹਾਇਤਾ ਨਾਲ ਆਕਰਿਤੀਆਂ ਬਣਾਈਆਂ ਹੁੰਦੀਆਂ ਹਨ।

ਪੁਰਾਣੇ ਵਕਤਾਂ ਵਿਚ ਪਰਛਾਵੇਂ ਘੜੀ ਦਾ ਕੰਮ ਵੀ ਕਰਦੇ ਰਹੇ ਹਨ। ਢਲਦੇ ਪਰਛਾਵਿਆਂ ਨੂੰ ਵੇਖ ਕੇ ਸਮੇਂ ਦਾ ਅੰਦਾਜ਼ਾ ਲਗਾ ਲਿਆ ਜਾਂਦਾ ਸੀ ਤੇ ਰੋਜ਼ਮੱਰਾ ਦੇ ਸਾਰੇ ਕੰਮ ਨੇਪਰੇ ਚਾੜ੍ਹੇ ਜਾਂਦੇ। ਉਹਨਾਂ ਦਿਨਾਂ ਵਿਚ ਘੜੀਆਂ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋਇਆ ਕਰਦੀਆਂ ਸਨ। ਪਰਛਾਵੇਂ ਸਮੇਂ ਦੇ ਨਾਲ ਤੁਰਨ ਦੇ ਆਦੀ ਹੁੰਦੇ ਨੇ ਤੇ ਇਸੇ ਮੁਤਾਬਕ ਆਪਣਾ ਕਦ ਛੋਟਾ-ਲੰਮਾ ਕਰਦੇ ਰਹਿੰਦੇ ਨੇ। ਚੜ੍ਹਦੇ ਅਤੇ ਢਲਦੇ ਸੂਰਜ ਸਮੇਂ ਇਹ ਸਭ ਤੋਂ ਲੰਮੇ ਹੁੰਦੇ ਨੇ। ਇਸ ਗ੍ਰਹਿ ਤੇ ਜਦੋਂ ਵੀ ਕਿਸੇ ਖਿੱਤੇ ਵਿਚ ਰਾਤ ਪੈਂਦੀ ਹੈ, ਉਹ ਵੀ ਤਾਂ ਕੁਝ ਹੋਰ ਨਾ ਹੋ ਕੇ ਧਰਤੀ ਦਾ ਆਪਣਾ ਪਰਛਾਵਾਂ ਹੀ ਹੁੰਦਾ ਹੈ।

ਹੁਨਾਲ ਰੁੱਤੇ ਜਦੋਂ ਸੂਰਜ ਆਪਣੀ ਤਪਸ਼ ਵਰ੍ਹਾ ਰਿਹਾ ਹੁੰਦਾ ਹੈ ਤਾਂ ਅਸੀਂ ਜਿਹੜੀ ਠੰਡਕ ਸੰਘਣੇ ਰੁੱਖਾਂ ਹੇਠ ਮਾਣਦੇ ਹਾਂ, ਉਹ ਰੁੱਖਾਂ ਦੇ ਪਰਛਾਵੇਂ ਸਦਕਾ ਹੀ ਤਾਂ ਹੁੰਦੀ ਹੈ। ਇਸ ਛਾਂ ਦਾ ਅਸਲ ਮੁੱਲ ਤਾਂ ਕੋਈ ਰੇਗਿਸਤਾਨ ਵਿਚ ਤੁਰੇ ਜਾਂਦੇ ਹਾਰੇ-ਹੁੱਟੇ ਰਾਹੀ ਤੋਂ ਪੁੱਛੇ! ਇਹੀ ਰੁੱਖਾਂ ਦੇ ਸਾਏ ਜੰਗਲੀ ਜੀਵ-ਜੰਤਾਂ ਤੇ ਹੋਰ ਸਾਰੇ ਪਸ਼ੂ-ਪੰਛੀਆਂ ਦੇ ਲਈ ਕਿੰਨੇ ਅਵਸ਼ੱਕ ਤੇ ਸਕੂਨ ਦੇਣ ਵਾਲੇ ਹੁੰਦੇ ਨੇ, ਵਰਨਾ ਕੀ ਬਣੇ ਸਾਰਿਆਂ ਦਾ ਇਹਨਾਂ ਦੀ ਅਣਹੋਂਦ ਵਿਚ।

ਜੇ ਕਿਤੇ ਇਸ ਗ੍ਰਹਿ ਤੇ ਪਰਛਾਵੇਂ ਹੁੰਦੇ ਹੀ ਨਾ ਤਾਂ ਕਿਵੇਂ ਦਾ ਅਕਾਊ, ਨੀਰਸ ਤੇ ਬੇਢੰਗਾ ਜਿਹਾ ਜੀਵਨ ਹੋਣਾ ਸੀ ਇੱਥੇ! ਜ਼ਿੰਦਗੀ ਦੇ ਸਫ਼ਰ ਨੂੰ ਰੋਚਕ ਤੇ ਸੁਹਜ-ਭਰਪੂਰ ਬਣਾਉਣ ਵਿਚ ਇਹ ਸਾਏ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ। ਕਦੇ ਕਿਸੇ ਕੋਲ ਮਨ ਦਾ ਬੋਝ ਹਲਕਾ ਕਰਨ ਜੇ ਕੋਈ ਹੋਰ ਥਾਂ ਨਾ ਹੋਵੇ ਤਾਂ ਅਜਿਹੇ ਹਾਲਾਤ ਵਿਚ ਪਰਛਾਵੇਂ ਨਾਲ ਆਪਣੇ ਅੰਤਰੀਵ ਭਾਵ ਸਾਂਝੇ ਕਰ ਲੈਣਾ ਇਕ ਸੁਖਦਾਇਕ ਅਮਲ ਸਿੱਧ ਹੁੰਦਾ ਹੈ। ਉਸ ਸਮੇਂ ਪਰਛਾਵਾਂ ਬੰਦੇ ਨੂੰ ਹੁੰਗਾਰਾ ਭਰਦਾ ਵੀ ਭਾਸੇਗਾ! ਇਹ ਇਕ ਮੰਨਣਯੋਗ ਸਚਾਈ ਹੈ ਕਿ ਪਰਛਾਵੇਂ ਬੰਦੇ ਦੇ ਸਭ ਤੋਂ ਨਜ਼ਦੀਕ ਅਤੇ ਕਰੀਬੀ ਹੁੰਦੇ ਹਨ। ਸ਼ਾਇਦ ਇਸੇ ਤੱਥ ਦੇ ਮਹੱਤਵ ਨੂੰ ਪਛਾਣਦਿਆਂ ਸ਼ਾਇਰ ਨੇ ਕਿਹਾ ਹੈ,
            “ਸਿਆਹ ਬਖ਼ਤੀ ਮੇਂ ਕਬ ਕੋਈ ਕਿਸੀ ਕਾ ਸਾਥ ਦੇਤਾ ਹੈ,
                ਕਿ ਤਾਰੀਕੀ ਮੇਂ ਸਾਇਆ ਭੀ ਜੁਦਾ ਇੰਸਾਂ ਸੇ ਹੋਤਾ ਹੈ।”

ਅਤੇ ਉਪਰੋਕਤ ਕਥਨ ਵਿਚ ਇਹ ਜਿਹੜਾ ਪਰਛਾਵੇਂ ਦਾ ਹਨੇਰੇ ਵਿਚ ਬੰਦੇ ਦਾ ਸਾਥ ਨਾ ਦੇਣ ਦਾ ਜ਼ਿਕਰ ਹੈ, ਉਹ ਵੀ ਬੰਦੇ ਦੇ ਹਿਤ ਵਿਚ ਹੀ ਹੈ। ਪਰਛਾਵੇਂ ਆਖਦੇ ਨੇ ਕਿ ਬੰਦਾ ਹਨੇਰੇ ਰਾਹਾਂ ਦਾ ਪਾਂਧੀ ਬਣੇ ਹੀ ਕਿਉਂ? ਉਹਨਾਂ ਦੀ ਤਮੰਨਾ ਹੈ ਕਿ ਹਰ ਸ਼ਖ਼ਸ ਜਿੱਧਰ ਵੀ ਜਾਵੇ ਆਪਣਾ ਚਾਨਣ ਨਾਲ ਲੈ ਕੇ ਜਾਵੇ ਤਾਂ ਜੋ ਇਹਨਾਂ ਨੂੰ ਇਕ ਪਲ ਲਈ ਵੀ ਅਦ੍ਰਿਸ਼ਟ ਹੋਣਾ ਹੀ ਨਾ ਪਵੇ। ਆਖ਼ਰ ਪਰਛਾਵੇਂ ਰਹਿੰਦੇ ਤਾਂ ਉਦੋਂ ਵੀ ਨਾਲ-ਨਾਲ ਹੀ ਨੇ ਨਾ!

Email: parambirkaur@gmail.com

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ