Fri, 19 April 2024
Your Visitor Number :-   6985110
SuhisaverSuhisaver Suhisaver

ਸੱਜਣਾ ਸਦਾ ਨਹੀਂ ਰਹਿਣੇ ਮਾਪੇ -ਗੁਰਤੇਜ ਸਿੰਘ

Posted on:- 20-06-2016

suhisaver

ਜੀਆਂ ਦੇ ਸਮੂਹ ਨੂੰ ਪਰਿਵਾਰ ਕਿਹਾ ਜਾਂਦਾ ਹੈ।ਸਮਾਜ ਦੀ ਛੋਟੀ ਇਕਾਈ ਪਰਿਵਾਰ ਹੀ ਹੈ।ਹਰੇਕ ਸਮਾਜਿਕ ਪ੍ਰਾਣੀ ਦਾ ਸੰਪੂਰਨ ਜੀਵਨ ਆਪਣੇ ਪਰਿਵਾਰ(ਸਮਾਜ) ਦੇ ਆਲੇ ਦੁਆਲੇ ਘੁੰਮਦਾ ਹੈ।ਆਪਣੇ ਪਰਿਵਾਰ ਦੀ ਖੁਸ਼ੀ, ਤੰਦਰੁਸਤੀ ਅਤੇ ਤਰੱਕੀ ਲਈ ਹਰ ਤਰ੍ਹਾਂ ਦੇ ਜ਼ੋਖਮਮ ਲੈਂਦਾ ਹੈ।ਪਰਿਵਾਰਕ ਤਾਣਾ ਬਾਣਾ ਮਨੁੱਖ ਨੂੰ ਸਮਝਦਾਰ ਬਣਾਉਣ ਦੇ ਨਾਲ ਨਾਲ ਜ਼ਿੰਮੇਵਾਰ ਵੀ ਬਣਾਉਂਦਾ ਹੈ।ਰਿਸ਼ਤਿਆਂ ਦਾ ਨਿੱਘ ਅਤੇ ਜ਼ਿੰਮੇਵਾਰੀਆਂ ਨਿਭਾਉਣ ਦੀ ਕਲਾ ਇਨਸਾਨ ਨੇ ਪਰਿਵਾਰ ‘ਚ ਰਹਿ ਕੇ ਸਿੱਖੀ ਹੈ।ਆਦਿ ਮਾਨਵ ਤੋਂ ਮਾਨਵ ਬਣਨ ਤੱਕ ਦਾ ਸਫਰ ਪਰਿਵਾਰ ‘ਤੇ ਆਕੇ ਮੁੱਕਿਆ ਹੈ।ਅਸੱਭਿਅਕ ਨੂੰ ਸੱਭਿਅਕ ਬਣਾਉਣਾ ਸਮਾਜ ਦੇ ਨਾਲ ਪਰਿਵਾਰ ਦੇ ਵੱਡੇ ਜੀਆਂ ਦੀ ਜ਼ਿੰਮੇਵਾਰੀ ਹੁੰਦੀ ਹੈ।

ਪਰਿਵਾਰ ਦੇ ਹਰ ਮੈਂਬਰ ਦਾ ਆਪਣਾ ਵਿਲੱਖਣ ਰੋਲ ਹੁੰਦਾ ਹੈ ਪਰ ਦੋ ਮੈਂਬਰਾਂ ਦੀ ਪਰਿਵਾਰ ‘ਚ ਅਹਿਮੀਅਤ ਨੂੰ ਕਦੇ ਵੀ ਨਕਾਰਿਆ ਨਹੀਂ ਜਾ ਸਕਦਾ।ਉਹ ਦੋ ਮੈਂਬਰ ਹਨ ਮਾਤਾ ਪਿਤਾ ਜਿਨ੍ਹਾਂ ਦੀ ਸ਼ਮੂਲੀਅਤ ਤੋਂ ਬਿਨਾਂ ਘਰ ਪਰਿਵਾਰ ਅਧੂਰਾ ਹੁੰਦਾ ਹੈ।ਅੰਗਰੇਜ਼ੀ ਦੇ ਫੈਮਿਲੀ ਸ਼ਬਦ ਨੂੰ ਅਗਰ ਗੌਰ ਨਾਲ ਵਾਚਿਆ ਜਾਵੇ ਤਾਂ ਇਹ ਅਲਫਾਜ਼ ਪਰਿਵਾਰ ਦੀ ਸੰਪੂਰਨ ਪ੍ਰੀਭਾਸ਼ਾ ਬਾਖੂਬੀ ਬਿਆਨਦਾ ਹੈ।

ਫੈਮਿਲੀ ਸ਼ਬਦ ਵਿੱਚ ਮੌਜੂਦ ਅੱਖਰ ਐੱਫ ਅਤੇ ਐੱਮ ਬਾਕੀ ਅੱਖਰਾਂ ਨੂੰ ਬੰਨਦੇ ਹੋਏ ਪ੍ਰਤੀਤ ਹੁੰਦੇ ਹਨ।ਪਹਿਲਾ ਅੱਖਰ ਐੱਫ ਇਸ ਸ਼ਬਦ ਦਾ ਧੁਰਾ ਹੈ ਜੋ ਫਾਦਰ(ਪਿਤਾ) ਨੂੰ ਪੇਸ਼ ਕਰਦਾ ਹੈ।ਇਸ ਤੋਂ ਬਾਅਦ ਐੱਮ ਸ਼ਬਦ ਵੀ ਉੱਭਰਦਾ ਮਾਲੂਮ ਹੁੰਦਾ ਹੈ ਜਿਸਨੂੰ ਮਦਰ(ਮਾਤਾ) ਦੇ ਰੂਪ ‘ਚ ਲਿਆ ਜਾਂਦਾ ਹੈ ਜਿਸਨੇ ਪੂਰੇ ਸ਼ਬਦ ਨੂੰ ਆਪਣੇ ਨਾਲ ਜੋੜ ਕੇ ਰੱਖਿਆ ਹੋਇਆ ਹੈ।

ਫਾਦਰਜ ਡੇਅ (ਪਿਤਾ ਦਿਵਸ) ਮਨਾਉਣ ਦੀ ਸ਼ੁਰੂਆਤ ਵੀਹਵੀਂ ਸਦੀ ਦੇ ਸ਼ੁਰੂ ‘ਚ ਹੋਈ ਅਤੇ ਪਹਿਲੀ ਵਾਰ ਪੰਜ ਜੁਲਾਈ 1908 ਨੂੰ ਵੈਸਟ ਵਰਜੀਨੀਆ ਵਿੱਚ ਮਨਾਇਆ ਗਿਆ।ਗਰੇਸ ਕਲੇਟਨ ਜੋ ਐਨਾ ਜਰਵਿਸ ਤੋਂ ਬਹੁਤ ਪ੍ਰਭਾਵਿਤ ਸੀ।ਐਨਾ ਜਰਵਿਸਸ਼ ਜਿਸਨੇ ਮਾਤਾ ਦਿਵਸ ਮਨਾਉਣਾ ਸ਼ੁਰੂ ਕੀਤਾ ਸੀ।ਦਸੰਬਰ 1907 ਵਿੱਚ ਇੱਕ ਦਿਲ ਕੰਬਾਊ ਘਟਨਾ ਵਿੱਚ ਗਰੇਸ ਦੇ ਪਿਤਾ ਦੀ ਮੌਤ ਹੋ ਗਈ ਸੀ ਉਨ੍ਹਾਂ ਦੇ ਨਾਲ 250 ਆਦਮੀ ਵੀ ਆਪਣੇ ਵਿਲਕਦਿਆਂ ਬੱਚਿਆਂ ਨੂੰ ਛੱਡ ਕੇ ਦੁਨੀਆਂ ਤੋਂ ਰੁਖਸਤ ਹੋ ਗਏ ਸਨ।ਗਰੇਸ ਆਪਣੇ ਮਾਰੇ ਗਏ ਪਿਤਾ ਅਤੇ ਲੋਕਾਂ ਦੀ ਯਾਦ ‘ਚ ਪਿਤਾ ਦਿਵਸ ਮਨਾ ਕੇ ਉਨ੍ਹਾਂ ਨੂੰ ਸ਼ਰਧਾਜਲੀ ਦੇਣਾ ਚਾਹੁੰਦੀ ਸੀ ਪਰ ਉਸ ਸਮੇ ਆਪਣੇ ਇਲਾਕੇ ਤੋਂ ਬਿਨਾਂ ਹੋਰ ਲੋਕਾਂ ਨੂੰ ਇਸ ਪ੍ਰਤੀ ਉਤਸਾਹਿਤ ਨਾ ਕਰ ਸਕੀ।ਉਸ ਤੋਂ ਬਾਅਦ 19 ਜੂਨ 1910 ਈਸਵੀ ਨੂੰ ਵਾਸ਼ਿੰਗਟਨ ‘ਚ ਇਹ ਦਿਵਸ ਮਨਾਇਆ ਗਿਆ ਜਿਸਤੋਂ ਪ੍ਰਭਾਵਿਤ ਹੋਕੇ ਬਹੁਤ ਸਾਰੇ ਲੋਕਾਂ ਨੇ ਮਨਾਉਣਾ ਸ਼ੁਰੂ ਕੀਤਾ।ਸੰਨ 1966 ਵਿੱਚ ਰਾਸਟਰਪਤੀ ਲਿੰਡਨ ਬੀ ਜਾਨਸਨ ਨੇ ਪਹਿਲੀ ਵਾਰ ਜੂਨ ਦੇ ਤੀਜੇ ਐਤਵਾਰ ਨੂੰ ਫਾਦਰਜ ਡੇਅ ਮਨਾਉਣ ਦਾ ਫੈਸਲਾ ਕੀਤਾ।ਹੁਣ ਸੰਸਾਰ ਦੇ ਵੱਖ ਵੱਖ ਦੇਸ਼ਾਂ ਅਮਰੀਕਾ,ਇੰਗਲੈਡ,ਭਾਰਤ ਅਤੇ ਕਈ ਹੋਰ ਦੇਸ਼ਾਂ ਵਿੱਚ ਪਿਤਾ ਦਿਵਸ ਜੂਨ ਮਹੀਨੇ ਦੇ ਤੀਜੇ ਐਤਵਾਰ ਨੂੰ ਮਨਾਇਆ ਜਾਂਦਾ ਹੈ।

ਇਹ ਪਿਰਤ ਚਾਹੇ ਸਾਡੇ ਲਈ ਨਵੀਂ ਹੈ ਪਰ ਸਾਡੇ ਦੇਸ਼ ਵਿੱਚ ਹਮੇਸ਼ਾਂ ਤੋਂ ਹੀ ਆਪਣੇ ਪੂਰਵਜਾਂ ਦਾ ਸਤਿਕਾਰ ਕੀਤਾ ਜਾਂਦਾ ਹੈ ਅਤੇ ਮਾਪਿਆਂ ਨੂੰ ਰੱਬ ਦਾ ਦਰਜਾ ਦਿੱਤਾ ਜਾਂਦਾ ਹੈ।ਹਰ ਮਾਂ ਬਾਪ ਆਪਣੀ ਉਦਾਹਰਨ ਆਪ ਹਨ ਜੋ ਆਪਣੇ ਬੱਚਿਆਂ ਨੂੰ ਜ਼ਿੰਦਗੀ ‘ਚ ਸਫਲ ਇਨਸਾਨ ਬਣਾਉਣ ਲਈ ਆਪਾ ਕੁਰਬਾਨ ਕਰਨ ਤੋਂ ਵੀ ਗੁਰੇਜ ਨਹੀਂ ਕਰਦੇ।ਮਾਂ ਦੀ ਕੁਰਬਾਨੀ ਦੇ ਸੋਹਲੇ ਤਾਂ ਸਾਰੇ ਗਾਉਦੇ ਹਨ ਪਰ ਪਿਤਾ ਦੇ ਯੋਗਦਾਨ ਨੂੰ ਅਕਸਰ ਅਣਗੌਲਿਆ ਕੀਤਾ ਜਾਂਦਾ ਹੈ।ਢਲਦੀ ਉਮਰੇ ਮਾਪਿਆਂ ਦੀ ਸੰਭਾਲ ਰੂਪੀ ਜ਼ਿੰਮੇਵਾਰੀ ਔਲਾਦ ਦੇ ਮੋਢਿਆਂ ‘ਤੇ ਹੁੰਦੀ ਹੈ ਜਿਸਨੂੰ ਨਿਭਾਇਆ ਜਾਣਾ ਲਾਜ਼ਮੀ ਹੈ।ਇਨ੍ਹਾਂ ਦਿਵਸਾਂ ਦਾ ਮਹੱਤਵ ਹੀ ਇਹ ਹੈ ਕਿ ਮਾਪਿਆਂ ਵੱਲੋਂ ਮੂੰਹ ਫੇਰੀ ਬੈਠੀ ਔਲਾਦ ਨੂੰ ਉਸਦੇ ਕਰਤੱਵਾਂ ਦਾ ਗਿਆਨ ਕਰਾਇਆ ਜਾਵੇ।

ਅਜੋਕੇ ਅਗਾਂਹਵਧੂ ਯੁੱਗ ਵਿੱਚ ਭੱਜਦੌੜ ਵਾਲੀ ਜ਼ਿੰਦਗੀ ‘ਚ ਲੋਕ ਕਿਤੇ ਨਾਂ ਕਿਤੇ ਆਪਣੀਆਂ ਸਾਕਾਰਤਮਿਕ ਪ੍ਰੰਪਰਾਵਾਂ ਤੋਂ ਮੂੰਹ ਫੇਰ ਰਹੇ ਹਨ।ਸੰਯੁਕਤ ਪਰਿਵਾਰ ਟੁੱਟ ਰਹੇ ਹਨ।ਕਿਸੇ ਕੋਲ ਐਨਾ ਵਕਤ ਹੀ ਨਹੀਂ ਕਿ ਉਹ ਦੂਜਿਆਂ ਦੀ ਸੁੱਖ ਸਾਂਦ ਪੁੱਛ ਸਕੇ।ਇਸ ਸਮੱਸਿਆ ਨਾਲ ਬਜ਼ੁਰਗ ਅੱਜ ਜੂਝ ਰਹੇ ਹਨ।ਜ਼ਿਆਦਾਤਰ ਘਰਾਂ ‘ਚ ਉਨ੍ਹਾਂ ਨਾਲ ਸਿੱਧੇ ਮੂੰਹ ਨਾਲ ਗੱਲ ਤੱਕ ਨਹੀਂ ਕੀਤੀ ਜਾਦੀ।ਉਨ੍ਹਾਂ ਦੀ ਖੁਸ਼ੀ ਗਮੀ ਦਾ ਕੋਈ ਧਿਆਨ ਨਹੀਂ ਰੱਖਿਆ ਜਾਂਦਾ।ਸਮਾਜ ਦੇ ਮਜਬੂਤ ਥੰਮ ਇਨ੍ਹਾਂ ਬਜ਼ੁਰਗਾਂ ਨੇ ਸਾਰੀ ਉਮਰ ਆਪਣੀ ਔਲਾਦ ਦੇ ਨਾਂਅ ਲਗਾਈ ਹੁੰਦੀ ਹੈ ਜਦ ਉਹੀ ਔਲਾਦ ਆਪਣੇ ਪੈਰਾਂ ‘ਤੇ ਖੜੀ ਹੁੰਦੀ ਹੈ ਤਾਂ ਬਜ਼ੁਰਗ ਮਾਪਿਆਂ ਨੂੰ ਤ੍ਰਿਸਕਾਰਨ ਲੱਗ ਜਾਦੀ ਹੈ।ਜਦ ਤੱਕ ਮਾਪੇ ਪੈਸੇ ਦੀ ਮਸ਼ੀਨ ਹੁੰਦੇ ਹਨ ਤਾਂ ਪੁੱਛ ਪੜਤਾਲ ਹੁੰਦੀ ਹੈ ਬਾਅਦ ‘ਚ ਬਿਗਾਨਿਆਂ ਵਾਲਾ ਵਰਤਾਉ ਹੋਣ ਲੱਗ ਜਾਂਦਾ ਹੈ।ਇਨ੍ਹਾਂ ਬਜ਼ੁਰਗਾਂ ਨਾਲ ਮਧੂ ਮੱਖੀਆਂ ਵਾਲੀ ਕਹਾਣੀ ਵਾਪਰਦੀ ਹੈ ਕਿ ਉਹ ਸਾਰੀ ਉਮਰ ਸ਼ਹਿਦ ਇਕੱਠਾ ਕਰਨ ‘ਚ ਲਗਾਉਦੀਆਂ ਹਨ।ਅੰਤ ‘ਚ ਇਨਸਾਨ ਜਾਕੇ ਧੂੰਆ ਕਰਕੇ ਜਾਂ ਹੋਰ ਤਰੀਕਿਆਂ ਨਾਲ ਮਧੂ ਮੱਖੀਆਂ ਨੂੰ ਛੱਤੇ ਤੋਂ ਦੂਰ ਭਜਾ ਦਿੰਦਾ ਹੈ ਤੇ ਸ਼ਹਿਦ ਆਪਣੇ ਘਰ ਲੈ ਆਉਦਾ ਹੈ।ਉਸੇ ਤਰ੍ਹਾਂ ਬਜ਼ੁਰਗਾਂ ਦੇ ਸਰਮਾਏ ‘ਤੇ ਕਬਜਾ ਕਰਕੇ ਔਲਾਦ ਉਨ੍ਹਾਂ ਨੂੰ ਫਿਟਕਾਰਾਂ ਸੁਣਨ ਲਈ ਮਜਬੂਰ ਕਰ ਦਿੰਦੀ ਹੈ।ਅਸੱਭਿਅਕ ਸ਼ਬਦਾਂ ਨਾਲ ਸੰਬੋਧਨ ਤੱਕ ਕੀਤਾ ਜਾਂਦਾ ਹੈ।

ਆਖਿਰ ਅਜਿਹਾ ਕਿਉਂ ਹੁੰਦਾ ਹੈ ਜਿਨ੍ਹਾਂ ਦੀ ਖੁਸ਼ੀ ਲਈ ਮਾਪਿਆਂ ਨੇ ਦਿਨ ਰਾਤ ਇੱਕ ਕੀਤਾ ਹੁੰਦਾ ਹੈ ਉਹੀ ਬੱਚੇ ਸਭ ਕੁਝ ਭੁੱਲ ਕੇ ਪੈਸੇ ਦੇ ਪੀਰ ਬਣ ਜਾਦੇ ਹਨ।ਮਾਪਿਆਂ ਨੂੰ ਬਜ਼ੁਰਗ ਹੁੰਦੇ ਘਰੋਂ ਕੱਢਣਾ ਸਾਡੇ ਸਮਾਜ ਦੇ ਚੰਦ ਲੋਕਾਂ ਦੀ ਸ਼ੁਰੂ ਤੋਂ ਹੀ ਪ੍ਰਥਾ ਰਹੀ ਹੈ।ਜਦ ਮਾਪੇ ਸਹਾਰਾ ਲੈਣ ਯੋਗ ਹੁੰਦੇ ਸਨ ਤਾਂ ਉਨ੍ਹਾਂ ਦੀ ਅਯੋਗ ਔਲਾਦ ਉਨ੍ਹਾਂ ਨੂੰ ਤੀਰਥਾਂ ‘ਤੇ ਛੱਡ ਆਉਂਦੀ ਸੀ।ਅਜੋਕੇ ਦੌਰ ਅੰਦਰ ਬਿਰਧ ਆਸ਼ਰਮ ਸਮਾਜ ਦੇ ਮੱਥੇ ‘ਤੇ ਬਹੁਤ ਵੱਡੇ ਕਲੰਕ ਹਨ ਜਿੱਥੇ ਪੰਜਾਹ ਫੀਸਦੀ ਬਜ਼ੁਰਗ ਘਰੋਂ ਠੁਕਰਾਏ ਹੁੰਦੇ ਹਨ।ਅਜੋਕੇ ਇਨਸਾਨ ਦੀ ਮਤਲਬਪ੍ਰਸਤੀ ਇਸ ਹੱਦ ਤੱਕ ਗਿਰ ਚੁੱਕੀ ਹੈ ਬਿਰਧ ਮਾਪਿਆਂ ਨੂੰ ਬਿਰਧ ਆਸ਼ਰਮਾਂ ਵਿੱਚ ਛੱਡ ਕੇ ਆਪ ਦੁਨੀਆਂ ਦੀਆਂ ਰੰਗ ਰਲੀਆਂ ‘ਚ ਮਸਤ ਹੋ ਰਿਹਾ ਹੈ।ਜੋ ਆਪਣੇ ਜਨਮ ਦਾਤਾ ਦਾ ਨਹੀਂ ਹੋਇਆ ਉਹ ਦੇਸ਼ ਸਮਾਜ ਦਾ ਕੀ ਸੰਵਾਰੇਗਾ।

ਸੋਚਣ ਦੀ ਗੱਲ ਹੈ ਅਗਰ ਜਨਮ ਸਮੇ ਸਾਡੇ ਮਾਪੇ ਸਾਡੇ ਵਾਂਗ ਮਤਲਬੀ ਹੋ ਜਾਦੇ ਤਾਂ ਸਾਡਾ ਭਵਿੱਖ ਕੀ ਹੁੰਦਾ।ਸ਼ਾਇਦ ਅਸੀ ਵੀ ਅੱਜ ਕਿਸੇ ਅਨਾਥ ਆਸ਼ਰਮ ‘ਚ ਹੋਣਾ ਸੀ,ਪਰ ਉਹ ਖੁਦਗਰਜ ਨਹੀਂ ਬਣੇ।ਉਨ੍ਹਾਂ ਨੇ ਇਸਨੂੰ ਨੈਤਿਕ ਫਰਜ਼ ਸਮਝ ਕੇ ਨਿਭਾਇਆ ਫਿਰ ਅਸੀ ਅਨੈਤਿਕਤਾ ‘ਤੇ ਕਿਉਂ ਉੱਤਰ ਆਏ ਹਾਂ।ਅਗਰ ਦੇਖਿਆ ਜਾਵੇ ਜੇਕਰ ਸਮਾਜ ‘ਚ ਬਿਰਧ ਆਸ਼ਰਮ ਮੌਜੂਦ ਹਨ ਤਾਂ ਅਨਾਥ ਆਸ਼ਰਮਾਂ ਦੀ ਵੀ ਕੋਈ ਕਮੀ ਨਹੀਂ ਹੈ।ਮੰਨਿਆ ਮਸ਼ੀਨੀ ਯੁੱਗ ‘ਚ ਮਸ਼ੀਨ ਬਣੇ ਬਿਨਾਂ ਪਾਰ ਨਹੀਂ ਪੈਦੀ ਪਰ ਮਾਪਿਆਂ ਲਈ ਚੰਦ ਪਲ ਕੱਢਣੇ ਇੰਨੇ ਵੀ ਜ਼ਿਆਦਾ ਔਖੇ ਨਹੀਂ ਹਨ।ਬੱਚਿਆਂ ਨਾਲ ਪਿਕਨਿਕ ‘ਤੇ ਜਾਣ ਲਈ,ਪਾਰਟੀਆਂ ਕਰਨ ਜਾਂ ਹੋਰ ਸਮਾਜਿਕ ਧਾਰਮਿਕ ਕੰਮਾਂ ਲਈ ਤਾਂ ਸਮਾ ਬਹੁਤ ਹੈ ਪਰ ਮਾਪਿਆਂ ਲਈ ਵਕਤ ਦਾ ਕਾਲ ਕਿਉਂ। ਸਾਨੂੰ ਅੱਜ ਇਹ ਜ਼ਰੂਰ ਦੇਖਣਾ ਹੋਵੇਗਾ ਕਿ ਅਸੀ ਆਪਣੇ ਬੱਚਿਆਂ ਨੂੰ ਕੀ ਸਿਖਾ ਰਹੇ ਹਾਂ।ਅੱਜ ਜੇਕਰ ਅਸੀ ਆਪਣੇ ਮਾਪਿਆਂ ਦਾ ਕਹਿਣਾ ਨਹੀਂ ਮੰਨਦੇ,ਉਨ੍ਹਾਂ ਦੀ ਸੇਵਾ ਸੰਭਾਲ ਨਹੀਂ ਕਰਦੇ ਤਾਂ ਕੀ ਸਾਡੀ ਆਉਣ ਵਾਲੀ ਪੀੜੀ ਸਾਡੀ ਆਗਿਆਕਾਰ ਹੋਵੇਗੀ ਤੇ ਸਾਡੇ ਅਰਮਾਨਾਂ ‘ਤੇ ਖਰਾ ਉੱਤਰੇਗੀ?

ਇਨ੍ਹਾਂ ਦਿਵਸਾਂ ਦੀ ਸਾਰਥਿਕਤਾ ਇਸ ਗੱਲ ‘ਚ ਹੈ ਕਿ ਔਲਾਦ ਆਪਣੇ ਮਾਪਿਆਂ ਦੀ ਦੇਣ,ਸੰਘਰਸ਼ ਤੇ ਉਨ੍ਹਾਂ ਲਈ ਕੀਤੀਆਂ ਕੁਰਬਾਨੀਆਂ ਨੂੰ ਸਦਾ ਯਾਦ ਰੱਖੇ।ਉਦੋਂ ਦਿਲ ‘ਚੋਂ ਚੀਸ ਨਿੱਕਲਦੀ ਹੈ ਜਦ ਲੋਕ ਕਹਿੰਦੇ ਹਨ ਸਾਡੇ ਬੁੜ੍ਹੇ ਨੇ ਸਾਡੇ ਲਈ ਕੀ ਕੀਤਾ ਹੈ।ਜਿਨ੍ਹਾਂ ਕੁ ਉਨ੍ਹਾਂ ਨੂੰ ਗਿਆਨ ਸੀ,ਸ਼ਕਤੀ ਤੇ ਸਰਮਾਇਆ ਸੀ ਉਸ ਨਾਲ ਲਾਜ਼ਮੀ ਹੀ ਉਨ੍ਹਾਂ ਨੇ ਚੰਗੇਰਾ ਕਰਨ ਦੀ ਕੋਸ਼ਿਸ਼ ਕੀਤੀ ਹੋਵੇਗੀ।ਕਿਸੇ ਵਿਦਵਾਨ ਨੇ ਕਿਹਾ ਹੈ ਆਪਣੀ ਜ਼ਿੰਦਗੀ ‘ਚ ਦੋ ਵਿਅਕਤੀਆਂ ਨੂੰ ਕਦੇ ਨਾ ਭੁੱਲੋ,ਇੱਕ (ਪਿਤਾ) ਉਹ ਜੋ ਤੁਹਾਨੂੰ ਕਿਸੇ ਮੁਕਾਮ ‘ਤੇ ਪਹੁੰਚਾਉਣ ਲਈ ਆਪਣਾ ਸਭ ਕੁਝ ਨਿਸ਼ਾਵਰ ਕਰਨ ਨੂੰ ਤਿਆਰ ਰਹਿੰਦਾ ਹੈ।ਦੂਜਾ ਉਹ (ਮਾਤਾ) ਜੋ ਹਰ ਦੁੱਖ ਦਰਦ ‘ਚ ਤੁਹਾਡਾ ਸਾਥ ਦਿੰਦੀ ਹੈ।ਇਸ ਲਈ ਇਹ ਬੇਹੱਦ ਜ਼ਰੂਰੀ ਹੈ ਲੋਕ ਆਪਣੀ ਜ਼ਿੰਮੇਵਾਰੀ ਸਮਝਣ ਤੇ ਮਾਪਿਆਂ ਨੂੰ ਬਣਦਾ ਮਾਣ ਸਨਮਾਨ ਦੇਣ ਦੀ ਕੋਸ਼ਿਸ਼ ਕਰਨ।ਮਾਪੇ ਸਦਾ ਕੋਲ ਨਹੀਂ ਰਹਿੰਦੇ ਉਨ੍ਹਾਂ ਦਾ ਵਿਛੋੜਾ ਹੀ ਉਨ੍ਹਾਂ ਦੀ ਅਹਿਮੀਅਤ ਦਾ ਅਹਿਸਾਸ ਕਰਾਉਦਾ ਹੈ।ਬਜ਼ੁਰਗ ਦੁਆਵਾਂ ਅਤੇ ਤਜਰਬੇ ਦੇ ਭੰਡਾਰ ਹੁੰਦੇ ਹਨ ਇਸਦਾ ਲਾਹਾ ਲਿਆ ਜਾਣਾ ਚਾਹੀਦਾ ਹੈ।ਬਜ਼ੁਰਗ ਵੀ ਸਾਰਥਿਕ ਸੋਚ ਅਪਣਾਉਣ ਅਗਰ ਉਨ੍ਹਾਂ ਦੀ ਸਲਾਹ ਨਹੀਂ ਪੁੱਛੀ ਜਾਦੀ ਤਾਂ ਆਪਣੀ ਟੰਗ ਨਾ ਅੜਾਉਣ।ਚੌਧਰ ਵਾਲੀ ਬਿਰਤੀ ਉਨ੍ਹਾਂ ਨੂੰ ਵੀ ਤਿਆਗਣੀ ਚਾਹੀਦੀ ਹੈ ਤੇ ਹਰ ਹੀਲੇ ਸੰਤੁਸ਼ਟੀ ਵਾਲਾ ਜੀਵਨ ਜਿਉਣ ਦੀ ਜਾਚ ਸਿੱਖਣੀ ਹੋਵੇਗੀ।ਸਭ ਤੋਂ ਵੱਡੀ ਗੱਲ ਦੋਨਾਂ ਪੀੜੀਆਂ ਆਪਸ ਵਿੱਚ ਵਿਚਾਰਕ ਮੱਤਭੇਦ ਖਤਮ ਕਰਨ ਅਤੇ ਤਾਲਮੇਲ ਬਿਠਾਉਣ ਦੀ ਕੋਸ਼ਿਸ਼ ਕਰਨ।

ਈ-ਮੇਲ: gurtejsingh72783@gmail.com
(ਲੇਖਕ ਮੈਡੀਕਲ ਵਿਦਿਆਰਥੀ ਹਨ)


Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ