Thu, 25 April 2024
Your Visitor Number :-   6999850
SuhisaverSuhisaver Suhisaver

ਨੌਜਵਾਨਾਂ ਨੂੰ ਨਸ਼ਿਆਂ ਤੋਂ ਕਿਵੇਂ ਬਚਾਈਏ? -ਹਰਗੁਣਪ੍ਰੀਤ ਸਿੰਘ

Posted on:- 07-08-2013

suhisaver

ਅਕਸਰ ਕਿਹਾ ਜਾਂਦਾ ਹੈ ਕਿ ਨੌਜਵਾਨ ਹੀ ਕਿਸੇ ਦੇਸ਼ ਦਾ ਭਵਿੱਖ ਹੁੰਦੇ ਹਨ, ਪਰੰਤੂ ਜੇ ਦੇਸ਼ ਦੇ ਨੌਜਵਾਨ ਹੀ ਨਸ਼ਿਆਂ ਦੇ ਸ਼ਿਕਾਰ ਹੋ ਜਾਣ, ਤਾਂ ਉਸ ਦੇਸ਼ ਦਾ ਭਵਿੱਖ ਕਿਸ ਤਰ੍ਹਾਂ ਦਾ ਹੋਵੇਗਾ, ਇਹ ਤਾਂ ਰੱਬ ਹੀ ਜਾਣੇ।ਪਦਾਰਥਵਾਦ ਅਤੇ ਪੂੰਜੀਵਾਦ ਦੇ ਅਜੋਕੇ ਭ੍ਰਿਸ਼ਟਾਚਾਰੀ ਸਮਾਜਿਕ ਢਾਂਚੇ ਦੀਆਂ ਸਮੱਸਿਆਵਾਂ ਨਾਲ ਜੂਝਣ ਦੀ ਅਸਮਰੱਥਾ ਕਾਰਨ ਉਪਜੀ ਨਿਰਾਸ਼ਾ ਅਤੇ ਤਣਾਓ ਤੋਂ ਛੁਟਕਾਰੇ ਲਈ ਨੌਜਵਾਨ ਕੁਸੰਗਤ ਦੇ ਧੱਕੇ ਚੜ੍ਹਕੇ ਸ਼ਰਾਬ, ਗ਼ਰਦਾ, ਅਫੀਮ, ਭੰਗ, ਤੰਬਾਕੂ, ਨਸ਼ੇ ਦੀਆਂ ਗੋਲੀਆਂ, ਕੈਪਸੂਲ, ਟੀਕੇ, ਹੈਰੋਇਨ, ਸਮੈਕ, ਕੋਰੈਕਸ, ਆਇਓਡੈਕਸ ਅਤੇ ਸਿੰਥੈਟਿਕ ਡਰੱਗਜ਼ ਆਦਿ ਨਸ਼ਿਆਂ ਦਾ ਸ਼ਿਕਾਰ ਹੋ ਕੇ ਦਿਲ, ਜਿਗਰ, ਗੁਰਦੇ, ਫੇਫੜੇ ਅਤੇ ਮਾਨਸਿਕ ਬਿਮਾਰੀਆਂ ਤੋਂ ਇਲਾਵਾ ਕੈਂਸਰ ਤੇ ਏਡਜ਼ ਜੈਸੀਆਂ ਨਾਮੁਰਾਦ ਬਿਮਾਰੀਆਂ ਦੀ ਲਗਾਤਾਰ ਜਕੜ ਵਿਚ ਆ ਰਿਹਾ ਹੈ।ਨਸ਼ੇੜੀ ਨੌਜਵਾਨਾਂ ਦੁਆਰਾ ਚੋਰੀ, ਲੁੱਟ, ਝਗੜੇ, ਕਤਲ, ਛੇੜਛਾੜ, ਬਲਾਤਕਾਰ ਅਤੇ ਸੜਕ ਹਾਦਸੇ ਕਰਨ ਜੈਸੇ ਅਪਰਾਧਾਂ ਬਾਰੇ ਸਾਨੂੰ ਆਮ ਪੜ੍ਹਨ-ਸੁਣਨ ਨੂੰ ਮਿਲਦਾ ਹੈ।



ਕਿਸੇ ਸਮੇਂ ਪੰਜਾਬ ਦੇ ਨੌਜਵਾਨ ਪੂਰੀ ਦੁਨੀਆ ਵਿਚ ਆਪਣੇ ਚੁਸਤ-ਦਰੁਸਤ ਸਰੀਰ ਕਰਕੇ ਜਾਣੇ ਜਾਂਦੇ ਸਨ ਪਰੰਤੂ ਹੁਣ ਗੁਰੂਆਂ, ਪੀਰਾਂ ਅਤੇ ਮਹਾਂਪੁਰਖਾਂ ਦੀ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਵਿਚ ਨਸ਼ਿਆਂ ਦਾ ਛੇਵਾਂ ਦਰਿਆ ਸ਼ਾਮਲ ਹੋ ਚੁੱਕਾ ਹੈ।ਪਿਛਲੇ ਸਮੇਂ ਪੰਜਾਬ ਪੁਲੀਸ ਵੱਲੋਂ ਰਾਜ ਨੂੰ ਨਸ਼ਿਆਂ ਤੋਂ ਬਚਾਉਣ ਲਈ ਬਣਾਏ ਗਏ ਐਕਸ਼ਨ ਪਲਾਨ ਮੁਤਾਬਿਕ ਪੰਜਾਬ ਦੇ ਮਾਲਵਾ ਖੇਤਰ ਵਿਚਲੇ 64 ਫੀਸਦੀ ਅਤੇ ਮਾਝਾ ਤੇ ਦੁਆਬਾ ਖੇਤਰ ਵਿਚਲੇ 65 ਫੀਸਦੀ ਪਰਿਵਾਰਾਂ ਵਿਚੋਂ ਘੱਟੋ-ਘੱਟ ਇਕ ਜੀਅ ਨਸ਼ਿਆਂ ਦੇ ਚੁੰਗਲ ਵਿਚ ਫਸਿਆ ਹੋਇਆ ਹੈ।ਕੁਝ ਸਮਾਂ ਪਹਿਲਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਐਨ.ਐਸ.ਯੂ.ਆਈ ਦੇ ਇਕ ਸਮਾਗਮ ਦੌਰਾਨ ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਨੇ ਬਿਆਨ ਦਿੱਤਾ ਕਿ ਪੰਜਾਬ ਦੇ ਦੱਸ ਵਿਚੋਂ ਸੱਤ ਨੌਜਵਾਨ ਨਸ਼ੇ ਕਰਦੇ ਹਨ ਜਿਸ ਨਾਲ ਕਾਫੀ ਵਿਵਾਦ ਵੀ ਖੜ੍ਹਾ ਹੋਇਆ।ਪਰੰਤੂ ਸਾਨੂੰ ਇਹ ਗੱਲ ਇੱਥੇ ਹੀ ਨਾ ਭੁੱਲਦੇ ਹੋਏ ਇਸ ਉਤੇ ਗੰਭੀਰਤਾ ਨਾਲ ਵਿਚਾਰ ਕਰਕੇ ਇਨ੍ਹਾਂ ਤੱਥਾਂ ਪਿਛਲੀ ਸੱਚਾਈ ਜਾਨਣ ਦੀ ਲੋੜ ਹੈ।

ਨਸ਼ਿਆਂ ਦੀ ਮਾਰ ਕਾਰਨ ਸਰੀਰਕ, ਮਾਨਸਿਕ, ਬੌਧਿਕ ਅਤੇ ਆਤਮਿਕ ਤੌਰ ਉੱਤੇ ਖੋਖਲੇ ਹੁੰਦੇ ਜਾ ਰਹੇ ਨੌਜਵਾਨਾਂ ਨੂੰ ਸੁਚੱਜੀ ਸੇਧ ਦੇਣ ਦੀ ਲੋੜ ਹੈ।ਖਾਸ ਤੌਰ ‘ਤੇ ਮਾਪਿਆਂ ਤੇ ਅਧਿਆਪਕਾਂ ਨੂੰ ਨਸ਼ਾ-ਰਹਿਤ ਜੀਵਨ ਦੀ ਨਿਜੀ ਮਿਸਾਲ ਰਾਹੀਂ ਘਰਾਂ ਤੇ ਸਕੂਲਾਂ ਵਿਚ ਉੱਚੀਆਂ ਸੁੱਚੀਆਂ ਨੈਤਿਕ ਕਦਰਾਂ-ਕੀਮਤਾਂ ਵਾਲੇ ਪਵਿੱਤਰ ਵਾਤਾਵਰਣ ਦੀ ਸਿਰਜਣਾ ਕਰਨੀ ਚਾਹੀਦੀ ਹੈ।ਜਿਸ ਘਰ ਵਿਚ ਪਿਤਾ ਸ਼ਰੇਆਮ ਪਰਿਵਾਰਕ ਮੈਂਬਰਾਂ ਸਾਹਮਣੇ ਸ਼ਰਾਬ ਪੀਂਦਾ ਹੋਵੇ ਅਤੇ ਰੋਕੇ ਜਾਣ ਉਤੇ ਗਾਲ੍ਹਾਂ ਕੱਢਦਾ ਜਾਂ ਮਾਰਕੁੱਟ ਕਰਦਾ ਹੋਵੇ ਉਸ ਘਰ ਦੇ ਪੁੱਤਰ ਤੋਂ ਇਹ ਕਿਵੇਂ ਆਸ ਲਗਾਈ ਜਾ ਸਕਦੀ ਹੈ ਕਿ ਉਹ ਭਵਿੱਖ ਵਿਚ ਨਸ਼ਿਆਂ ਅਤੇ ਬੁਰੀ ਸੰਗਤ ਤੋਂ ਬਚਿਆ ਰਹੇਗਾ।ਇਸ ਲਈ ਮਾਪਿਆਂ ਨੂੰ ਬੱਚੇ ਨੂੰ ਛੋਟੀ ਉਮਰੇ ਹੀ ‘ਵੱਡੀ ਕਾਰ’ ਦੇਣ ਦੀ ਥਾਂ ‘ਤੇ ‘ਵੱਡੇ ਸੰਸਕਾਰ’ ਦੇਣੇ ਚਾਹੀਦੇ ਹਨ।ਇਸ ਤੋਂ ਇਲਾਵਾ ਹੋਸਟਲਾਂ ਵਿਚ ਰਹਿਣ ਵਾਲੇ ਵਿਦਿਆਰਥੀਆਂ ਉੱਤੇ ਪਿਆਰ ਭਰੀ ਦੋਸਤਾਨਾ ਨਿਗਰਾਨੀ ਰੱਖਣੀ ਚਾਹੀਦੀ ਹੈ।

ਸਿੱਖਿਆ ਸੰਸਥਾਵਾਂ ਵਿਚ ਵਿਦਿਆਰਥੀਆਂ ਦੀ ਸ਼ਕਤੀ ਦੇ ਸਦਉਪਯੋਗ ਲਈ ਪੜ੍ਹਾਈ ਦੇ ਨਾਲ-ਨਾਲ ਖੇਡਾਂ, ਕੋਮਲ-ਕਲਾਵਾਂ ਅਤੇ ਹੋਰ ਸਹਿ-ਕਿਰਿਆਵਾਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ।ਉਸਾਰੂ ਜੀਵਨ ਜਾਚ ਲਈ ਬੱਚਿਆਂ ਨੂੰ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਪ੍ਰੇਰਨਾਦਾਇਕ ਸਾਹਿਤ ਮੁਹੱਈਆ ਕਰਵਾਉਣਾ ਚਾਹੀਦਾ ਹੈ।ਪ੍ਰਿੰਟ, ਇਲੈਕਟ੍ਰਾਨਿਕ ਅਤੇ ਡਿਜੀਟਲ ਮੀਡੀਆ ਨੂੰ ਖਿਡਾਰੀਆਂ ਤੇ ਐਕਟਰਾਂ ਰਾਹੀਂ ਪਾਨ-ਪਰਾਗ, ਸ਼ਰਾਬ ਤੇ ਸਿਗਰੇਟ ਦੀ ਇਸ਼ਤਿਹਾਰੀ ਦੀ ਥਾਂ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਪ੍ਰਤੀ ਜਾਗਰੂਕਤਾ ਪੈਦਾ ਕਰਨੀ ਚਾਹੀਦੀ ਹੈ।ਅਖਬਾਰਾਂ, ਰਸਾਲਿਆਂ, ਰੇਡੀਓ, ਟੈਲੀਵੀਜ਼ਨ ਅਤੇ ਇੰਟਰਨੈੱਟ ਰਾਹੀਂ ਨਸ਼ਿਆਂ ਦੇ ਪ੍ਰਭਾਵ ਅਤੇ ਬਚਾਵ ਸਬੰਧੀ ਬੁੱਧੀਜੀਵੀਆਂ ਦੇ ਉਪਯੋਗੀ ਲੇਖ, ਡਾਕਟਰਾਂ ਅਤੇ ਨਸ਼ਾ ਛੱਡ ਚੁੱਕੇ ਲੋਕਾਂ ਦੀ ਇੰਟਰਵਿਊ ਅਤੇ ਹੋਰ ਪ੍ਰੇਰਨਾਦਾਇਕ ਪ੍ਰੋਗਰਾਮ ਦਿਖਾਉਣ ਨਾਲ ਸਮਾਜ ਵਿਚ ਕ੍ਰਾਂਤੀ ਲਿਆਈ ਜਾ ਸਕਦੀ ਹੈ।

ਪੰਜਾਬੀ ਗੀਤ-ਸੰਗੀਤ ਦੀ ਸਮੁੱਚੇ ਵਿਸ਼ਵ ਵਿਚ ਸਰਦਾਰੀ ਹੈ, ਪਰੰਤੂ ਅਜੋਕੇ ਕੁਝ ਸਿਰ-ਫਿਰੇ ਅਖੌਤੀ ਗਾਇਕ ਅਤੇ ਗੀਤਕਾਰ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਨੂੰ ਖੋਰਾ ਲਾਉਣ ਲੱਗੇ ਹੋਏ ਹਨ।ਪਿਛਲੇ ਕੁਝ ਸਮੇਂ ਦੌਰਾਨ ਮਾਰਕਿਟ ਵਿਚ ਆਏ ਅਸੱਭਿਅਕ ਗੀਤ ਜਿਵੇਂ ‘ਬੰਦੇ ਵੀ ਦੇਸੀ ਹਾਂ ਪੀਂਦੇ ਵੀ ਦੇਸੀ ਹਾਂ’, ‘ਰੰਨ ਬੋਤਲ ਵਰਗੀ’, ‘ਮੁੱਕ ਗਈ ਫੀਮ ਡੱਬੀ ਚੋਂ ਯਾਰੋ’, ‘ਡੱਟ ਖੁੱਲ੍ਹਗੇ ਬੋਤਲਾਂ ਦੇ’, ‘ਰਾਤੀਂ ਪੀਣੀ ਦਾਰੂ’, ‘ਵਿਸਕੀ ਦੀ ਬੋਤਲ ਵਰਗੀ’ ਅਤੇ ‘ਬੋਤਲਾਂ ਸ਼ਰਾਬ ਦੀਆਂ ਅੱਖਾਂ ਤੇਰੀਆਂ’ ਆਦਿ ਬੱਚਿਆਂ ਅਤੇ ਨੌਜਵਾਨਾਂ ਨੂੰ ਕੁਰਾਹੇ ਪਾ ਰਹੇ ਹਨ।ਸਮਾਜ ਸੇਵੀ ਸੰਸਥਾਵਾਂ, ਧਾਰਮਿਕ ਸੰਸਥਾਵਾਂ ਅਤੇ ਨਸ਼ਾ ਮੁਕਤੀ ਕੇਂਦਰਾਂ ਨੂੰ ਸੈਮੀਨਾਰਾਂ, ਡਾਕੂਮੈਂਟਰੀ ਫਿਲਮਾਂ, ਕਿਤਾਬਾਂ, ਵਿਦਿਆਰਥੀ-ਪ੍ਰਤੀਯੋਗਤਾਵਾਂ ਅਤੇ ਰੈਲੀਆਂ ਰਾਹੀਂ ਨਸ਼ਾ ਵਿਰੋਧੀ ਚੇਤਨਾ ਦਾ ਐਸਾ ਜਨ ਅੰਦੋਲਨ ਪੈਦਾ ਕਰਨਾ ਚਾਹੀਦਾ ਹੈ ਕਿ ਲੋਕ ਸ਼ਰਾਬ ਜੈਸੇ ਨਸ਼ਿਆਂ ਨੂੰ ਮਿਲਣਸਾਰੀ ਜਾਂ ਅਗਾਂਹਵਧੂ ਪ੍ਰਤੀਕ ਮੰਨਣ ਦੀ ਥਾਂ ਬਰਬਾਦੀ ਦਾ ਚਿੰਨ੍ਹ ਸਮਝਕੇ ਵਿਆਹਾਂ ਵਿਚ ਸ਼ਰਾਬ ਦੇ ਸਟਾਲ ਲਾਉਣੇ ਬੰਦ ਕਰ ਦੇਣ, ਚੋਣਾਂ ਵੇਲੇ ਨਸ਼ਾ ਵੰਡਣ ਵਾਲੇ ਉਮੀਦਵਾਰਾਂ ਨੂੰ ਅੰਗੂਠਾ ਦਿਖਾ ਦੇਣ, ਕਥਿਤ ਧਰਮ ਅਸਥਾਨਾਂ ਤੇ ਸ਼ਰਾਬ ਦੀਆਂ ਬੋਤਲਾਂ ਤੇ ਭੰਗ ਦੇ ਚੜ੍ਹਾਵੇ ਚੜ੍ਹਾਉਣੇ ਤੇ ਪ੍ਰਸ਼ਾਦ ਲੈਣੇ ਬੰਦ ਕਰ ਦੇਣ ਅਤੇ ਇਕਜੁਟ ਹੋ ਕੇ ਆਪਣੇ ਇਲਾਕੇ ਵਿਚ ਨਸ਼ਿਆਂ ਦੇ ਖੋਖੇ ਤੇ ਸ਼ਰਾਬ ਦੇ ਠੇਕੇ ਬੰਦ ਕਰਨ ਲਈ ਸਰਕਾਰ ਨੂੰ ਉਸੇ ਤਰ੍ਹਾਂ ਮਜਬੂਰ ਕਰ ਦੇਣ ਜਿਵੇਂ ਸੰਗਰੂਰ ਜ਼ਿਲ੍ਹੇ ਦੇ ਪਿੰਡ ਬੱਖੋਪੀਰ ਦੇ ਲੋਕਾਂ ਨੇ ਕਰ ਦਿਖਾਇਆ ਹੈ।

ਸਰਕਾਰ ਨੂੰ ਨੌਜਵਾਨਾਂ ਲਈ ਉਨ੍ਹਾਂ ਦੀ ਯੋਗਤਾ ਮੁਤਾਬਿਕ ਰੋਜ਼ਗਾਰ ਦੇ ਮੌਕੇ ਪੈਦਾ ਕਰਨੇ ਚਾਹੀਦੇ ਹਨ।ਸਰਹੱਦੀ ਇਲਾਕਿਆ ਵਿਚ ਆਏ ਦਿਨ ਹੁੰਦੀ ਨਸ਼ਿਆਂ ਦੀ ਸਮਗਲਿੰਗ ਰੋਕਣ ਲਈ ਵੀ ਸਰਕਾਰ ਨੂੰ ਸਖਤੀ ਅਤੇ ਇਮਾਨਦਾਰੀ ਨਾਲ ਕੰਮ ਕਰਨਾ ਚਾਹੀਦਾ ਹੈ।ਕਿਉਂਕਿ ਸਰਕਾਰ ਨੂੰ ਸ਼ਰਾਬ ਦੇ ਠੇਕਿਆਂ ਤੋਂ ਹੋਣ ਵਾਲੀ ਆਮਦਨ ਨਾਲੋਂ ਤਿਗੁਣਾ ਖਰਚ ਨਸ਼ਿਆਂ ਤੋਂ ਉਪਜੀਆਂ ਗੰਭੀਰ ਬਿਮਾਰੀਆਂ ਉੱਤੇ ਕਰਨਾ ਪੈਂਦਾ ਹੈ, ਇਸ ਲਈ ਠੇਕੇ ਪੱਕੇ ਤੌਰ ‘ਤੇ ਬੰਦ ਕਰਨ ਵਿਚ ਹੀ ਦੇਸ਼ ਕੌਮ ਦੀ ਭਲਾਈ ਸੰਭਵ ਹੈ।ਅਜੋਕੇ ਧਾਰਮਿਕ ਸੰਤ-ਪੁਰਸ਼ਾਂ, ਅਧਿਆਤਮਿਕ ਗੁਰੂਆਂ ਅਤੇ ਜੋਤਸ਼ੀਆਂ ਨੂੰ ਵੀ ਆਪਣੇ ਦੇਸ਼ ਦੇ ਨੌਜਵਾਨਾਂ ਨੂੰ ਅੰਧ-ਵਿਸ਼ਵਾਸਾਂ ਤੇ ਪਾਖੰਡਾਂ ਵਿਚ ਫਸਾਉਣ ਦੀ ਥਾਂ ਸੱਚੇ ਪ੍ਰਭੂ ਨਾਮ ਦੀ ਖੁਮਾਰੀ ਨਾਲ ਜੋੜਨ ਅਤੇ ਉੱਚ ਆਚਰਣ ਦੇ ਧਾਰਨੀ ਬਣਕੇ ਧਰਮ ਨੂੰ ਜੀਵਨ ਵਿਚ ਅਪਨਾਉਣ ਦਾ ਉਪਦੇਸ਼ ਦੇਣਾ ਚਾਹੀਦਾ ਹੈ ਤਾਂ ਜੋ ਉਹ ਇਨ੍ਹਾਂ ਝੂਠੇ ਨਸ਼ਿਆਂ ਤੋਂ ਆਪ ਮੁਹਾਰੇ ਹੀ ਟੁੱਟ ਜਾਣ।ਜੇਕਰ ਸਮਾਜ ਦਾ ਹਰੇਕ ਵਿਅਕਤੀ ਸਮਰੱਥਾ ਅਨੁਸਾਰ ਆਪਣਾ ਯੋਗਦਾਨ ਪਾਵੇ ਤਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕਦਾ ਹੈ ਅਤੇ ਬਹੁਤ ਜਲਦ ਹੀ ਨਸ਼ਾ-ਮੁਕਤ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ।

ਸੰਪਰਕ: +91 94636 19353

Comments

ajitpal

sohni peshkari hai hargun jee

sunny

khoob veer

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ