Fri, 19 April 2024
Your Visitor Number :-   6985076
SuhisaverSuhisaver Suhisaver

ਭੁੱਖ ਤੇ ਇੱਜ਼ਤ - ਹਰਮਨਦੀਪ ਚੜ੍ਹਿੱਕ

Posted on:- 10-08-2014

suhisaver

ਗੋਧੀ ਮਸਾਂ ਹਫਿਆ ਹੋਇਆ ਖੇਤੋਂ ਸਿੱਧਾ ਘਰ ਵੱਜਿਆ, ਉਸਨੇ ਕੋਈ ਪਰਵਾਹ ਨਹੀਂ ਕੀਤੀ ਕਿ ਸਰਦਾਰ ਕੀ ਕਹੇਗਾ ਜੇ ਪਤਾ ਲੱਗਾ ਕਿ ਉਹ ਖੇਤ ਹੈ ਹੀ ਨਹੀਂ .....ਉਹਨੇ ਸਾਈਕਲ ਨੂੰ ਹਨੇਰੀ ਬਣਾ, ਪੰਦਰਾਂ ਕੁ ਮਿੰਟਾਂ ਚ ਘਰ ਵਾੜਤਾ, ਘੱਟੋ ਘੱਟ ਵੀਹ ਗਾਲਾਂ ਕੱਢੀਆਂ ਸੀ ਰਾਹ ਵਿੱਚ ਉਸਨੇ ਉਸ ਸਾਈਕਲ ਨੂੰ ਜਿਸ ਨੂੰ ਉਹ ਹੀਰ ਵਾਂਗ ਰਖਦਾ ਹੁੰਦਾ ਸੀ। ਗੱਲ ਹੀ ਅਜੇਹੀ ਸੀ ਕਿ ਬੰਦਾ ਅਜੇਹੀ ਹੋਣੀ 'ਤੇ ਕਤਲੇਆਮ ਤੱਕ ਉੱਤਰ ਆਵੇ।

ਗੋਧੀ ਸਰਦਾਰਾਂ ਦੇ ਨਾਲ ਨਿੱਕਾ ਜਿਹਾ ਹੀ ਕੰਮ ਕਰਨ ਰਲ਼ ਗਿਆ ਸੀ ਜਦੋਂ ਉਹਦਾ ਬਾਪੂ ਵੀ ਉਹਨਾਂ ਸਰਦਾਰਾਂ ਦੇ ਹੀ ਸੀਰ ਕਰਦਾ ਹੁੰਦਾ ਸੀ, ਪਹਿਲਾਂ ਸਮੇਂ ਹੋਰ ਸਨ ਤੇ ਸਰਦਾਰ ਵੀ ਹੋਰ ਤੇ ਹੁਣ ਨਵੀਂ ਪੀੜ੍ਹੀ ਸੀ ਜੋ ਨਵੀਆਂ ਖੇਡਾਂ ਖੇਡਦੀ। ਅਚਾਨਕ ਸਰਦਾਰ ਦੇ ਮੁੰਡੇ ਨੇ ਗੋਧੀ ਨੂੰ ਖੇਤ ਗੇੜਾ ਮਾਰਨ ਲਈ ਕਹਿ ਦਿੱਤਾ ਜਦੋਂ ਕਿ ਘਰੇ ਅਜੇ ਪਸ਼ੂਆਂ ਨੂੰ ਪੱਠੇ ਪਾਉਣ ਵਾਲੇ ਪਏ ਸਨ, ਵੱਡਾ ਸਰਦਾਰ ਤੇ ਸਰਦਾਰਨੀ,ਸਰਦਾਰਨੀ ਦੀ ਰਿਸ਼ਤੇਦਾਰੀ ਚ' ਮਰਗ ਦੇ ਭੋਗ 'ਤੇ ਗਏ ਸਨ।

ਉਂਝ ਗੋਧੀ ਨੇ ਕਦੇ ਛੱਕ ਨਹੀਂ ਕੀਤੀ ਸੀ ਪਰ ਜੀਤੋ (ਗੋਧੀ ਦੇ ਘਰ ਵਾਲੀ) ਨੂੰ ਸਰਦਾਰਨੀ ਕਹਿ ਗਈ ਸੀ ਕਿ ਅੱਜ ਉਹ ਉਸਦੇ ਆਉਣ ਤੱਕ ਘਰ ਬਾਰ ਦਾ ਖਿਆਲ ਰੱਖੇ। ਜੀਤੋ ਮਸਾਂ 33 ਕੁ ਵਰ੍ਹੇ ਦੀ ਦਰਮਿਆਨੇ ਜਿਹੇ ਸਰੀਰ ਦੀ ਸਾਢੇ ਪੰਜ ਫੁੱਟ ਕੱਦ, ਰੰਗ ਦੀ ਸਾਂਵਲੀ ਪਰ ਤਿੱਖੇ ਨੈਣ ਨਕਸ਼ਾਂ ਵਾਲੀ ਸੁਨੱਖੀ ਤੀਵੀਂ ਸੀ ਇਸ ਤਰਾਂ ਹਿੱਕ ਤਾਣ ਕੇ ਤੁਰਦੀ ਸੀ ਕਿ ਸਰਦਾਰਾਂ ਨੇ ਚੋਰੀਓਂ ਉਸਦਾ ਨਾਂ ਸਿੰਧ ਦੀ ਘੋੜੀ ਰੱਖਿਆ ਹੋਇਆ ਸੀ, ਪਰ ਜੀਤੋ ਇਕ ਇੱਜ਼ਤਦਾਰ ਤੇ ਇਮਾਨਦਾਰ ਔਰਤ ਸੀ ਜਿਸ ਉੱਤੇ ਸਰਦਾਰ ਵੀ ਅੰਨ੍ਹਾ ਯਕੀਨ ਕਰਦੇ ਸਨ ।

ਗੋਧੀ ਨੂੰ ਪਤਾ ਨਹੀਂ ਕਿਉਂ ਗੱਲ ਟਣਕ ਗਈ ਕਿ ਖੇਤ ਕਰਨ ਵਾਲਾ ਕੁਝ ਵੀ ਨਹੀਂ, ਸਰਦਾਰ ਮੈਨੂੰ ਜਾਣ ਨੂੰ ਕਹਿ ਰਿਹਾ,ਐਧਰ ਜੀਤੋ ਘਰ ਕੱਲੀ ....ਕਿਤੇ ਸਰਦਾਰ ਦੀ ਨੀਅਤ ਚ ਖੋਟ ਤਾਂ ਨਹੀਂ ..?...ਸੋਚਾਂ ਸੋਚਦਾ, ਬਿਨਾ ਜੀਤੋ ਨਾਲ ਗੱਲ ਕੀਤਿਆਂ ਹੀ ਸਾਈਕਲ ਚੱਕ ਖੇਤਾਂ ਵਲ ਨੂੰ ਤੁਰ ਪਿਆ ...ਉਹਦਾ ਇਕ ਜੀਅ ਤਾਂ ਕਰੇ ਵੀ ਪੁੱਛ ਲਵਾਂ ਕਿ ਜੀਤੋ ਤੈਨੂੰ ਵੀ ਘਰ ਛੱਡ ਜਾਵਾਂ ਪਰ ਫੇਰ ਸੋਚਦਾ ਹੀ ਰਹਿ ਗਿਆ .....''ਯਾਰ ਸਰਦਾਰ ਐਨਾ ਤਾਂ ਨਹੀਂ ਗਿਰ ਸਕਦਾ''......?..'' ਪਰ ਸਾਡਾ ਹੈ ਵੀ ਕੀ ਹੈ ਬਿਨਾ ਇੱਜਤ ਤੋਂ, ਕਿਤੇ ਉਹੀ ਨਾ ਹੋਜੇ ਕਿ .....?"

ਉਹ ਜੱਕਾਂ ਤੱਕਾਂ ਜਿਹੀਆਂ ਕਰਦਾ ਖੇਤ ਪਹੁੰਚ ਗਿਆ ਗੋਧੀ ਦਾ ਸਰੀਰ ਖੇਤ ਪਰ ਦਿਮਾਗ ਜੀਤੋ 'ਤੇ ਟਿਕਿਆ ਹੋਇਆ ਸੀ ਉਸ ਨੇ ਘੰਟਾ ਕੁ ਖੇਤ ਮਸਾਂ ਕੱਢਿਆ। ਅਜੇ ਵੀ ਇਹੀ ਸੋਚ ਰਿਹਾ ਸੀ ਯਾਰ ਮੈਂ ਸਰਦਾਰ ਨੂੰ ਜਵਾਬ ਕਿਉ ਨਹੀਂ ਦੇ ਦਿੱਤਾ ...ਪਰ ਰੋਜੀ ਰੋਟੀ ਵੀ ਤਾਂ ਉਥੋਂ ਹੀ ਚਲਦੀ ਹੈ ......ਕਿਤੇ ਮੂਰਖਾ ਘਾਣ ਹੀ ਨਾ ਕਰਾ ਕੇ ਬੈਠ ਜਾਵੀਂ.....ਸੀਰ ਤਾਂ ਹੋਰ ਵੀ ਮਿਲ ਜਾਣਗੇ ਪਰ ਇੱਜਤ.....?'' ........''ਜੀਤੋ ਐਨੀ ਮਾੜੀ ਤਾਂ ਨਹੀਂ ਹੋ ਸਕਦੀ ਕਿ ਸਰਦਾਰ ਤੋਂ.......''ਤੀਵੀਂ ਦਾ ਕੀ ਹੈ ਝੇਪ ਹੀ ਨਾ ਮੰਨ ਜਾਵੇ।

.''ਜੇ ਕੁਝ ਹੋ ਗਿਆ ਨਾ, ਸਰਦਾਰਾਂ ਨੂੰ ਵਿਚਾਲਿਓਂ ਚੀਰ ਦੂੰ ....ਸਾਲਿਆਂ ਨੂੰ।
.''ਚੱਲ ਮਨਾਂ ਭੈਣ ਮਰਾਵੇ ਸੀਰ '' ਕਹਿ ਸਾਈਕਲ ਚੁੱਕ ਵਗਿਆ ਵਗਿਆ, ਪੈਡਲ ਦੇ ਆਸਰੇ ਕਾਠੀ ਮੱਲੀ ਤੇ ਸਪੀਡਾਂ ਘੱਤ ਤੀਆਂ......ਆਪਣੇ ਆਪ ਨਾਲ ਗੱਲਾਂ ਕਰਦਾ ਕਹਿ ਰਿਹਾ ਸੀ..''ਪਹਿਲਾਂ ਘਰੇ ਹੀ ਪਤਾ ਕਰ ਜਾਵਾਂ ਕਿਤੇ ਸ਼ਾਇਦ ਆ ਹੀ ਗਈ ਹੋਵੇ...?" ਉਹ ਸਿੱਧਾ ਆਵਦੇ ਘਰ ਵੱਜਿਆ .....

''ਜੀਤੋ....ਉਹ ਜੀਤੋ...ਸੁਣਦੀ ਐਂ ....'' ਆਵਾਜ਼ ਕਿਉਂ ਨਹੀਂ ਆਈ''?....ਇਸ ਤਰਾਂ ਬੁੜਬੁੜਾ ਰਿਹਾ ਸੀ ਜਿਵੇਂ ਉਹਦਾ ਡਰ ਹੋਰ ਵੀ ਵਧ ਗਿਆ ਹੋਵੇ.........!

''ਵੇ ਗੋਧੀ! ਮੈਂ ਤਾਂ ਅੰਧਰ ਹਾਂ, ਹਫਿਆ ਕਾਹਤੋਂ ਫਿਰਦੈਂ, ਖੈਰ ਸੁੱਖ ਹੈ ..?" ਜੀਤੋ ਨੇ ਕੱਚੇ ਤੇ ਡੂੰਘੇ ਜਿਹੇ ਕੋਠੇ ਚੋਂ ਨਿਕਲਦੀ ਨੇ ਪੁਛਿਆ,... ਗੋਧੀ ਦੇ ਜਿਵੇਂ ਸਾਹ ਚ ਸਾਹ ਆ ਗਏ ਹੋਣ, ਸਿਰ ਤੋਂ ਪਰਨਾ ਜਿਹਾ ਮਲਕੇ ਲਾਹੁੰਦਾ ਹੋਏ, ਨਲਕੇ ਵੱਲ ਨੂੰ ਜਾਂਦੇ ਨੇ ਪੁੱਛਿਆ ''ਤੂੰ ਕਦੋਂ ਕੁ ਆਗੀ ਸੀ, ਸਰਦਾਰਾਂ ਦਿਉਂ..?'' ਜੀਤੋ ਨੂੰ ਦੇਖ ਕੇ ਗੋਧੀ ਦਾ ਜਿਵੇਂ ਸੋਚਾਂ ਦਾ ਸਾਰਾ ਜਾਲ਼ ਜਿਹਾ ਇੱਕ ਦਮ ਲਹਿ ਗਿਆ ਹੋਵੇ...

''ਮੈਂ ਤਾਂ ਤੇਰੇ ਖੇਤ ਨੂੰ ਜਾਣ ਬਾਅਦ ਛੇਤੀ ਆ ਜਾਣਾ ਸੀ, ਐਨੇ ਨੂੰ ਸਰਦਾਰਾਂ ਦੀ ਕੁੜੀ ਆ ਗਈ .... ਮੈਂ ਸੋਚਿਆ ਵਿਚਾਰੀ ਥੱਕੀ ਟੁੱਟੀ ਹੋਊ, ਚਾਹ ਬਣਾ ਦੇਵਾਂ, ਬਸ ਫੇਰ ਆਈ ਗੱਲਾਂ ਬਾਤਾਂ ਚ ਘੰਟਾ ਲੰਘ ਗਿਆ ''....ਗੋਧੀ ਮਨ ਹੀ ਮਨ ਸੋਚ ਰਿਹਾ ਸੀ ਚਲੋ ਸ਼ੁਕਰ ਹੈ ਤੂੰ ਕੱਲੀ ਤਾਂ ਨਹੀਂ ਸੀ ਉਥੇ, ਇਹਨਾਂ ਤੀਵੀਂਬਾਜਾਂ ਦਾ ਕੀ ਪਤੈ....? ਕੁਰਲੀ ਕਰਕੇ ਮੂੰਹ ਹੱਥ ਧੋ ਸਾਫੇ ਨਾਲ ਸਾਫ ਕਰਦਾ ਹੀ ਬੋਲਿਆ ''ਮੈਨੂੰ ਸਰਦਾਰਾਂ ਦੇ ਸ਼ੋਕਰਿਆਂ ਤੇ ਭੋਰਾ ਇਤਬਾਰ ਨਹੀਂ, ਇਹਨਾਂ ਦਾ ਤਾਂ ਬਾਹਰ ਐਨਾ ਮਾੜਾ ਹਾਲ ਹੈ'' ਗਲਾ ਜਿਹਾਂ ਸਾਫ ਕਰਦਾ ਬੋਲਿਆ ....''.ਤੂੰ ਧਿਆਨ ਰੱਖਿਆ ਕਰ'' .....''ਕਿਹੋ ਜਿਹੀਆਂ ਗੱਲਾਂ ਕਰੀ ਜਾਨੈ, ਤੂੰ ਆਏਂ ਕਰ ਪਹਿਰੇਦਾਰ ਬੈਠਾ ਦੇ ਮੇਰੇ 'ਤੇ ਇੱਕ, ਨਾਲੇ ਇੱਕ ਗੱਲ ਤੈਨੂੰ ਦੱਸ ਦੇਵਾਂ, ਇੱਜਤਾਂ, ਰਖਵਾਲੇ ਰੱਖ ਕੇ ਨਹੀਂ ਕੱਜੀਆਂ ਜਾਂਦੀਆਂ ....ਜਿਹਨਾਂ ਦੇ ਘਰੋਂ ਦਾਣਾ ਪਾਣੀ ਚਲਦੈ ਜੇ ਉਹਨਾਂ ਦੀ ਹੀ ਨੀਅਤ ਖੋਟੀ ਹੋ ਗਈ, ਫੇਰ ਤਾਂ ਵਾੜ ਦੇ ਖੇਤ ਨੂੰ ਖਾਣ ਵਾਲੀ ਗੱਲ ਹੋ ਗਈ..''....ਗੋਧੀ ਇੱਕ ਪਾਸੇ ਨੂੰ ਸਿਰ ਜਿਹਾ ਮਾਰਦਾ ਬੋਲਿਆ ''ਹੂੰ..ਜਿਹਨਾਂ ਨੂੰ ਤੂੰ ਵਾੜ ਸਮਝਦੀ ਐਂ ਨਾ.....ਇਹ ਬਘਿਆੜ ਹਨ ਬਘਿਆੜ, ਮੈਂ ਮਿੱਟੀ ਨਾਲ ਮਿੱਟੀ ਹੋਇਆ ਰਹਿੰਦਾ ਹਾਂ ਜਦੋਂ ਕੋਈ ਇਹਨਾ ਤੱਕ ਲੋੜ ਪੈਂਦੀ ਐ, ਇਹਨਾਂ ਦੀ ਜੁਬਾਨ 'ਤੇ ਨੱਨਾ ਪੱਕਾ ਹੈ....ਜਿਸ ਦਿਨ ਤੂੰ ਮੈਨੂੰ ਗੱਲਾਂ ਗੱਲਾਂ ਵਿੱਚ ਕਿਹਾ ਸੀ ਕਿ ਤੈਨੂੰ ਬੀਬੀ ਦੀ ਯਾਦ ਬਹੁਤ ਆ ਰਹੀ ਹੈ ਅੱਜ ਕੱਲ੍ਹ, ਮੈਂ ਸੋਚਿਆ ਸਰਦਾਰ ਤੋਂ ਹਜਾਰ ਕੁ ਰੁਪਈਆ ਫੜ ਲੈਨਾ, ਨਾਲੇ ਦੋ ਦਿਨ 'ਨਾ ਆਏ' ਜਾਣ ਬਾਰੇ ਦਸ ਦੇਵਾਂ...ਦੰਦਲ ਪੈ ਗਈ ਮੇਰੇ ਸਾਲੇ ਨੂੰ .....ਕਹਿੰਦਾ ਅਜੇ ਹੱਥ ਤੰਗ ਹੈ, ਨਾਲੇ ਘਰੇ ਨਹੀਂ ਸਰਨਾ........''ਮੈਂ ਸਭ ਕੁੱਝ ਸੱਚ ਮੰਨ ਲਿਆ ਸੀ, ਉਸੇ ਦਿਨ ਆਥਣ ਜਿਹੇ ਨੂੰ ਪਰਤਾਪੇ ਕਾ ਛੋਟਾ ਆਇਆ, ਇਸੇ ਸਰਦਾਰ ਨੇ ਪੰਦਰਾਂ ਹਜ਼ਾਰ ਇੱਕ ਮਿੰਟ ਚ ਕੱਢ ਕੇ ਦੇ ਦਿੱਤਾ .........ਜਿਹਨੇ ਇਹਨਾ ਨੂੰ ਕਦੇ ਵੀ ਖਰਾ ਸੌਦਾ ਨਹੀਂ ਦਿੱਤਾ ''

..ਜਿਵੇਂ ਜੀਤੋ ਨੇ ਆਪਣੇ ਆਪ ਨੂੰ ਅਤੀਤ ਵਿੱਚ ਲਿਜਾ ਕੇ ਲੱਭਿਆ ਕਿ ਉਸਨੇ ਇਹ ਕਦੋਂ ਕਿਹਾ ਸੀ...
....''ਮੈਂ ਤਾਂ ਤੈਨੂੰ ਵੈਸੇ ਹੀ ਕਿਹਾ ਸੀ ਕਿ ਬੀਬੀ ਦੀ ਯਾਦ ਆਉਂਦੀ ਰਹਿੰਦੀ ਹੈ, ਤੂੰ ਬਹੁਤਾ ਹੀ ਕਾਹਲਾ ਵਗਿਆ''
ਨਾਲੇ ਜੀਤੋ ਮਨ ਹੀ ਮਨ ਵਿੱਚ ਹੀ ਸੋਚ ਰਹੀ ਸੀ ਵੀ ਮੇਰਾ ਸਾਂਈ ਵੀ ਕਿਨਾਂ ਫਿਕਰਮੰਦ ਰਹਿੰਦਾ, ਮੇਰੀਆਂ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਵੀ ਦਿਲ ਤੇ ਲਾ ਜਾਂਦੈ

'ਨਾਲੇ ਤੂੰ ਮੇਰਾ ਬਹੁਤਾ ਫਿਕਰ ਨਾ ਕਰਿਆ ਕਰ, ਔਰਤ ਦਾ ਕੀ ਐ ਦਿਨ ਚ ਵੀਹ ਵਿਉਂਤਾਂ ਬੁਣਦੀ ਹੈ''
....... ਗੋਧੀ ਮੁਸ਼ਕੜੀਂ ਜਿਹੇ ਹਸਦਾ ਹੋਇਆ ''ਮੈਂ ਸੋਚਿਆ ਗੋਲਪੁਣਾ ਤਾਂ ਕਰੀਂ ਜਾਣੈ, ਸਹੁਰਿਆਂ ਤੋਂ ਸੇਵਾ ਵੀ ਕਰਾ ਕੇ ਵੇਖ ਲਈਏ''

ਜੀਤੋ ਦਾ ਵੀ ਜੁਵਾਬ ਤਿਆਰ ਪਿਆ ਸੀ ...''ਨਾ ਸੇਵਾ ਨੂੰ ਤਾਂ ਛੋਟੀ ਸਾਲੀ ਬੈਠੀ ਉਥੇ'' ਜੀਤੋ ਨੂੰ ਜਿਵੇ ਪੇਕਿਆਂ ਦੀਆਂ ਗੱਲਾਂ ਦਾ ਨਸ਼ਾ ਚੜ੍ਹ ਗਿਆ ਹੋਵੇ......ਗੋਧੀ ਨੂੰ ਭੁੱਖ ਲੱਗੀ ਹੋਣ ਕਰਕੇ ਉਸਨੇ ਜੀਤੋ ਨੂੰ ਦੁਹਰਾ ਕੇ ਪੁੱਛਿਆ ''ਚੱਲ ਛੱਡ ਸਹੁਰੀਂ ਵੀ ਜਾ ਆਵਾਂਗੇ, ਤੂੰ ਮੈਨੂੰ ਟੁੱਕ ਦਾ ਭੋਰਾ ਦੇ ਜੇ ਹੈ ਤਾਂ ''

....ਜੀਤੋ ਘੰਧੋਲੀ ਨਾਲ ਪਈ ਲੱਕੜ ਦੀ ਸੰਦੂਖੜੀ ਨੂੰ ਖੋਲਦੀ ਹੋਈ ਬੋਲਦੀ ਹੈ ''ਮੈਨੂੰ ਪਤਾ ਸੀ ਤੂੰ ਰੋਟੀ ਖਾਣ ਲਈ ਘਰੇ ਗੇੜਾ ਜਰੂਰ ਮਾਰੇਂਗਾ ਇਸੇ ਲਈ ਮੈਂ ਸਰਦਾਰਾਂ ਦਿਉਂ ਚਾਰ ਰੋਟੀਆਂ ਤੇ ਦਹੀਂ ਲੈ ਆਈ ਸੀ, ਜੀਤੋ ਸਰਦਾਰਨੀ ਦੀ ਤਰੀਫ ਕਰਦੀ ਹੋਈ ਗੱਲ ਜਾਰੀ ਰਖਦੀ ਹੈ.......''ਇਸ ਗੱਲੋਂ ਸਰਦਾਰਨੀ ਬਹੁਤ ਵਧੀਆ, ਕਦੇ ਵੀ ਹੱਥ ਨਹੀਂ ਘੁੱਟਦੀ, ਜਾਣ ਲੱਗੀ ਕਹਿ ਗਈ ਸੀ ਰੋਟੀ ਪਾਣੀ ਜੋ ਕੁਝ ਚਾਹੀਦਾ ਹੋਇਆ ਲੈ ਜਾਵੀਂ,ਨਾਲੇ ਖਾ ਜਾਂਵੀ''.......''ਭਲਾ ਜੇ ਕਿਤੇ ਸਰਦਾਰ ਕੌੜੇ ਵੀ ਬੋਲਦੇ ਐ ਕੁਝ ਲਹਿ ਜਾਂਦਾ ਤੇਰਾ,, ਜਰ ਲਿਆ ਕਰ, ਐਵੇਂ ਨਾ ਕੈੜਾ ਹੋਇਆ ਕਰ, ਸਰਦਾਰਾਂ ਨਾਲ ਸੀਰ ਲਈ ਤਾਂ ਲੋਕ ਮਗਰ ਮਗਰ ਫਿਰਦੇ ਐ''

ਚੱਲ ਛੱਡ ਵੀ ਹੁਣ, ਮੈਂ ਤਾਂ ਤੇਰੇ ਸੰਸੇ 'ਚ ਹੀ ਤਾਅ ਖਾ ਗਿਆ ਸੀ '' ਗੋਧੀ ਨੇ ਬੁਰਕੀ ਨਿਗਲਦੇ ਨੇ ਜਵਾਬ ਦਿੱਤਾ, ਉਸਨੂੰ ਜੀਤੋ ਦੀ ਗੱਲ ਵਿੱਚ ਸਚਾਈ ਜਾਪਣ ਲੱਗੀ........''ਫੇਰ ਵੀ ਤੂੰ ਜੀਤੋ ਧਿਆਨ ਰੱਖਿਆ ਕਰ, ਸਾਡੀਆਂ ਤਾਂ ਇੱਜ਼ਤਾਂ ਹੀ ਸਾਡਾ ਧੰਨ ਹਨ''

ਜੀਤੋ ਰਸੋਈ ਵਿੱਚ ਹੱਥ ਪੱਲਾ ਜਿਹਾ ਮਾਰੀ ਜੀ ਰਹੀ ਸੀ,ਬਿਨਾਂ ਦੇਖੇ ਹੀ ਗੋਧੀ ਨੂੰ ਬੋਲੀ....''ਲਗਦਾ ਸਰਦਾਰਾਂ ਦਾ ਅਸਰ ਹੋ ਗਿਆ ਤੇਰੇ 'ਤੇ ਵੀ, ਇਹ ਇੱਜਤਾ ਉੱਜਤਾਂ ਭਰੇ ਢਿੱਡਾਂ ਦੇ ਚੋਚਲੇ ਹਨ, ਸਾਡੀਆਂ ਕਾਹਦੀਆਂ ਇੱਜ਼ਤਾਂ..? ...ਬੱਬਰ 'ਚ ਟੁੱਕ ਨਾ ਗਿਆ ਤਾਂ ਸਾਨੂੰ ਨੀਵੇਂ ਹੋਣਾ ਪਿਆ'' ............ਗੋਧੀ ਨੂੰ ਪਤਾ ਹੀ ਨਹੀਂ ਲੱਗਿਆ ਕਦੋਂ ਉਹ ਭੁੱਖ ਤੇ ਇੱਜ਼ਤ ਚੋਂ ਕੌਣ ਵੱਡਾ ਹੋਣ ਬਾਰੇ ਸੋਚਦਾ ਸੋਚਦਾ ਦੁਬਾਰਾ ਖੇਤ ਪਹੁੰਚ ਗਿਆ....!

Comments

Security Code (required)



Can't read the image? click here to refresh.

Name (required)

Leave a comment... (required)





ਕਹਾਣੀ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ