Thu, 13 June 2024
Your Visitor Number :-   7106543
SuhisaverSuhisaver Suhisaver

ਤੀਜਾ ਪਹਿਰ - ਮੁਖ਼ਤਿਆਰ ਸਿੰਘ

Posted on:- 04-02-2012

suhisaver ਹਵਾ ਦਾ ਬੁੱਲ੍ਹਾ ਮਰ ਗਿਆ ।ਨੇਤਰ ਅਤੇ ਇੰਦਰ ਬਲਦਾਂ ਨਾਲ ਗਾਹੀ ਕਣਕ ਦੀ ਧੜ ਉਤੇ ,ਕੱਛ ਹੇਠ ਤੰਗਲੀਆਂ ਦੀ ਆੜ ਲਾ ਕੇ ,ਇਕ ਲੱਤ ਭਾਰ ਖੜ ਗਏ ।ਜਿੰਦਰੋ ਅਜੇ ਰੋਟੀ ਲੈ ਕੇ ਨਹੀਂ ਆਈ ਸੀ ।

                   ‘ ਰੋਟੀ ਕਿਤੇ ਔਂਦੀ ਦਿਸਦੀ ਨੀ ।’ ਨੇਤਰ ਨੇ ਪਿੰਡ ਵੱਲ  ਦੂਰ ਤੱਕ ਨਿਗ੍ਹਾ ਮਾਰੀ ।                                           
                   ‘ਅਜੇ ਸਿਰ ਦਾ ਛਾਵਾਂ ਸਿਧਾ ਪੈਰਾਂ ‘ਚ ਐ ।’  ਇੰਦਰ ਨੇ ਹੇਠਾਂ ਨੂੰ ਤੱਕ  ਕੇ ਆਪਣੇ ਪਰਛਾਵੇਂ ਦਾ ਅਨੁਮਾਨ ਲਾਇਆ । 

                    ‘ ਜਿੰਨਾ ਚਿਰ ਹਵਾ ਦਾ ਬੁੱਲਾ ਮਰਿਆ ਹੋਇਐ ,ਰੋਟੀ ਈ ਚੱਬ ਲੈਂਦੇ ।’
                    ਨੇਤਰ ਵਿਆਹਿਆ ਹੋਇਆ ,ਉਸ ਤੋਂ ਛੋਟਾ ਇੰਦਰ ਕੁਆਰਾ ਹੀ ਰਹਿ ਗਿਆ ਸੀ ।ਕਬੀਲਦਾਰੀ ‘ਚ ਦੋ ਕੁੜੀਆਂ ਤਾਂ ਵਿਆਹੁਣ ਵਾਲੀਆਂ ,ਇਕ ਅਜੇ ਛੋਟੀ ਅਤੇ ਇਕੋ ਮੁੰਡਾ ,ਅੱਠਵੀਂ ‘ਚ ਪੜ੍ਹਦਾ ਸੀ ।ਜੇਠ ਦਾ ਮਹੀਨਾ ,ਧੁੱਪ ਕੜਾਕੇਦਾਰ ,ਪਰ ਕਹਿੰਦੇ ਐ , ‘ਜੱਟ ਦਾ ਹੱਡ ਤਾਂ ਜੇਠ ਹਾੜ ਦੇ ਮਹੀਨੇ ਹੀ ਪੰਘਰਦੈ ।’
                     ‘ ਆਉਣ ਲੱਗ ਪਿਐ ਕੋਈ ਕੋਈ ਸਾਹ ।’ ਨੇਤਰ ਨੂੰ ਥੋੜੀ ਥੋੜੀ ਹਵਾ ਲੱਗੀ ।  
                    ‘ਏਕਣੇ ਆਵੇ ਤਾਂ ਧੜ ਮਿੰਟਾਂ ‘ਚ ਨਿਕਲ ਜਾਊ ।’ ਇੰਦਰ ਨੇ ਕੱਛ ਹੇਠਾਂ ਤੋਂ ਤੰਗਲੀ ਕੱਢੀ ।  
                     ‘ ਆਹੋ ਰੋਟੀ ਤਾਂ ਮਗਰੋਂ ਖਾਧੀ ਜਾਊ ।’ ਉਹ ਆਪਣੇ ਹੀ ਧਿਆਨ ‘ਚ ਤੂੜੀ ਅੱਡ ਅਤੇ ਦਾਣੇ ਘੁੰਡੀਆਂ ਅੱਡ ਕਰਦੇ ਰਹੇ ।ਉਹਨਾਂ ਨੂੰ ਪਤਾ ਹੀ ਨਾ ਲੱਗਾ ,ਕਦੋਂ ਜਿੰਦਰੋ ਰੋਟੀ ਲੈ ਕੇ ਆ ਗਈ ।ਜਿੰਦਰੋ ਨੇ ਰੋਟੀਆਂ  ਧੜ ਤੋਂ ਕੁਝ ਕਦਮ ਦੂਰ ਰੱਖ ਲਈਆਂ ਅਤੇ ਬੈਠਦੀ ਹੋਈ ਬੋਲੀ , ‘ ਬਾਪੂ ਰੋਟੀ ਖਾ ਲੋ ।’

                      ‘ ਹਾਲੇ ਨੀ ਕੁੜੀਏ ਰੋਟੀ ਰੁਟੀ ਖਾਣੀ ।’ ਨੇਤਰ ਨੇ ਬਿਨਾ ਉਸ ਵੱਲ ਦੇਖੇ ਹੀ ਕਿਹਾ । 

                      ‘ ਕਦ ਖਾਣੀ ਐ ... ਬਾਪੂ ?’    
                     ‘ ਧੜ ਉਡਾ ਕੇ ।’      
                     ‘ ਧੜ ਤਾਂ ਅਜੇ ਅੱਧੀ ਨੀ ਨਿਕਲੀ , ਰੋਟੀ ਠੰਡੀ ਹੋ ਜਾਣੀ ਐ ... ।’  
                     ‘ ਕੋਈ ਨੀ ਠੰਡੀ ... ਤੂੰ ਉਰਲੀ ਕਿਕਰ ਹੇਠ ਜਾ ਬੈਠ ਛਾਵੇਂ ।’   
                     ਜਿੰਦਰੋ ਰੋਟੀ ਚੁੱਕ ਕੇ ਕਿਕਰ ਹੇਠ ਜਾ ਬੈਠੀ ਜੋ ਥੋੜੀ ਹੀ ਦੂਰ ਸੀ । ਕਿਕਰ ਦੀ ਸੂਲ ਚੁੱਕ ਕੇ ਕਦੇ ਦੰਦਾਂ ਹੇਠ ਹੌਲੀ ਹੌਲੀ ਚੱਬਣ ਲੱਗ ਜਾਂਦੀ ,ਕਦੇ ਧਰਤੀ ਉਤੇ ਲੀਕਾਂ ਖਿਚਣ ਲੱਗ ਪੈਂਦੀ ।ਕਦੇ ਮੂੰਹ ਵਿਚ ਹੀ ਗੁਣਗੁਣਾਉਂਦੀ ,   ‘ਉਹ ਘਰ ਟੋਹਲੀਂ ਬਾਬਲਾ ਜਿਥੇ ਢੋਹਣੀਆਂ ਨਾ ਪੈਣ ਨਿਤ ਰੋਟੀਆਂ ।’ ਉਸ ਨੇ ਫਿਰ ਜੋਰ ਨਾਲ ਆਵਾਜ ਮਾਰੀ , ‘ਬਾਪੂ ਆ ਜਾਓ ਹੁਣ ... ।’  

 2

                    ਪਰ ਉਹ ਆਪਣੇ ਹੀ ਕੰਮ ਵਿਚ ਲਟਾ-ਪੀਂਘ ਹੋਏ ਹੋਏ ਸਨ ।ਉਹਨਾਂ ਨੇ ਕੋਈ ਜੁਆਬ ਨਾ ਦਿੱਤਾ।  ਥੋੜਾ ਚਿਰ ਪਿਛੋਂ ਤੂੜੀ ਦਾਣਿਆਂ ਨਾਲੋਂ ਅੱਡ ਨਹੀਂ ਸੀ ਹੋ ਰਹੀ ।ਉਹਨਾਂ ਨੇ ਜੋਰ ਨਾਲ ਤੰਗਲੀਆਂ ਉਪਰ ਨੂੰ ਮਾਰ ਕੇ,  ਨਾਲ ਹੀ ਉਪਰ ਨੂੰ ਦੇਖਿਆ ਪਰ ਤੂੜੀ ਫਿਰ ਵੀ ਅੱਡ ਨਾ ਹੋਈ ।ਇੰਦਰ ਧੜ ਤੋਂ ਹੇਠਾਂ ਉਤਰਦਾ ਹੋਇਆ ਕਹਿਣ ਲੱਗਾ ,   ‘ ਬੜੇ ਭਾਈ ਆਪਾਂ ਰੋਟੀ ਖਾ ਲੀਏ ।’   
                     ‘ ਏਹਨੀਂ ਦਿਨੀਂ ਬੁਲ੍ਹੇ ਹੀ ਆਉਂਦੇ ਹੁੰਦੇ ਐ ।ਕਦੇ ਮਰਗੇ ਕਦੇ ਚੱਲ ਪੇ ।’ ਨੇਤਰ ਨੇ ਤੰਗਲੀ ਧੜ   ਵਿਚ ਗੱਡ ਦਿੱਤੀ ।
                     ‘ ਚਲ ਕੁੜੀ ਵੀ ਕਦੋਂ ਦੀ ਆਈ ਬੈਠੀ ਐ ।’  
                     ਜਿੰਦਰੋ ਨੇ ਉਹਨਾਂ ਨੂੰ ਆਉਂਦੇ ਦੇਖ ਕੇ ਪੋਣੇ ਦੀ ਗੰਢ ਪਹਿਲਾਂ ਹੀ ਖੋਲ੍ਹ ਲਈ ਸੀ । ਦੋਵੇਂ ਆਹਮੋ-ਸਾਹਮਣੇ  ਦੋ ਕੁ ਕਦਮ ਦੇ ਫਰਕ ਨਾਲ ਪੇਤਲੀ ਜਿਹੀ ਵੱਟ ‘ਤੇ ਬੈਠ ਗਏ ।ਜਿੰਦਰੋ ਨੇ ਦੋ ਕੌਲੀਆਂ ਵਿਚ ਮਾਂਹ ਦੀ ਦਾਲ ਪਾ ਕੇ ਚਾਰ ਚਾਰ ਰੋਟੀਆਂ ਉਹਨਾਂ ਦੇ ਹੱਥਾਂ ‘ਤੇ ਧਰ ਕੇ ਕਿਹਾ , ‘ ਬਾਪੂ ਆਟਾ ਪਿਹਾ ਕੇ ਕਦ ਲਿਆਉਣੈ ? ਬੇਬੇ ਔਖੀ ਹੁੰਦੀ ਐ , ਸਾਤੋਂ ਨੀ ਰੋਜ ਦਰ ਦਰ ਤੋਂ ਮੰਗ ਹੁੰਦਾ ।’  
                    ‘ ਪਿਹਾ ਲਮਾਂਗੇ ... ਇਕ ਅੱਧਾ ਡੰਗ ਹੋਰ ਕਿਸੇ ਤੋਂ ਧਾਰਾ ਲੈ ਲਿਓ ... ।’ ਨੇਤਰ ਨੇ ਦਾਲ ਵਿਚ ਬੁਰਕੀ ਲਬੇੜਦੇ ਹੋਏ ਨੇ ਕਿਹਾ ।  
                     ‘ ਨਾਲੇ ਗੁਲਰਾ ਤੇ ਛਿਟੀਆਂ ਲੈ ਕੇ ਆਇਓ ਆਥਣ ਨੂੰ । ਘਰ ਬਾਲਣ ਦਾ ਡੱਕਾ ਨੀ ।’  
                     ‘ ਲੈ ਆਵਾਂਗੇ ਭਾਈ ... ਇੰਦਰਾ ਯਾਦ ਰੱਖੀਂ ।’ 

                     ‘ ਜੇ ਧੜ ਨਿਕਲਗੀ ਤਾਂ ਈ ਯਾਦ ਰਹੂ ।’ ਇੰਦਰ ਮੂੰਹ ਵਿਚ ਬੁਰਕੀ ਪਾਉਣ ਲੱਗਿਆ ਬੋਲਿਆ । ਨੇਤਰ ਦੀ ਨਿਗਾ੍ਹ ਦੂਰ ਕਿਸੇ ਖੇਤ ‘ਚ ਚੱਲ ਰਹੇ ਥਰੈਸ਼ਰ ਵੱਲ ਗਈ ।ਧੂੜ ‘ਚ ਰਲੀ ਮਿਲੀ ਤੂੜੀ ਦੀ ਲੰਮੀ ਜਿਹੀ ਪੂਛ ਦਾ ਰੁਖ  ਉਹਨਾਂ ਵੱਲ ਨੂੰ ਬਦਲ ਰਿਹਾ ਸੀ ।ਉਸ ਤੋਂ ਲਾਗੇ ਦੇ ਖੇਤ ‘ਚ ਧੜ ਉਤੇ ਕਿਸੇ ਦੀਆਂ ਤੰਗਲੀਆਂ ਹਵਾ ਵਿਚ ਉਲਰੀਆਂ ਦਿਸੀਆਂ ।  

                     ‘ ਛੋਟੇ ਭਾਈ ਉਠੀਂ ਕੇਰਾਂ ,ਹਵਾ ਦਾ ਸਾਹ ਆੳਂੁਦੈ ਕੋਈ ਕੋਈ ।’ ਉਸ ਨੇ ਕੌਲੀ ਉਤੇ ਰੋਟੀਆਂ ਰੱਖ ਕੇ ਇਕ ਦਮ ਉਠਦੇ ਹੋਏ ਨੇ ਕਿਹਾ ।ਇੰਦਰ ਵੀ ਕੌਲੀਆਂ ਉਤੇ ਹੀ ਰੋਟੀਆਂ ਰੱਖ ਕੇ ਧੜ ਉਤੇ ਜਾ ਚੜਿਆ । ਦੋਵੇਂ ਜਣੇ ਤੰਗਲੀਆਂ ਫੜ ਕੇ ਛੇਤੀ ਛੇਤੀ ਧੜ ਉਡਾਉਂਣ ਲੱਗ ਪਏ । ਹਵਾ ਥੋੜੀ ਤਿੱਖੀ ਹੋ ਗਈ ।      
                      ਜਿੰਦਰੋ ਨੇ ਬੈਠੀ ਨੇ ਹੀ ਲੰਮੀ ਬਾਂਹ ਕਰਕੇ ਰੋਟੀਆਂ ਅਤੇ ਕੌਲੀਆਂ ਨੇੜੇ ਕਰ ਲਈਆਂ । ਉਪਰ ਚੁੰਨੀ ਦਾ ਲੜ ਦੇ ਦਿੱਤਾ ।ਇਕ ਹੱਥ ਵਿਚ ਦੂਜਾ ਹੱਥ ਫੜ ਕੇ ਗੋਡਿਆਂ ਨੂੰ ਬਾਹਾਂ ਨਾਲ ਘੁੱਟ ਲਿਆ ।ਫੇਰ ਆਲੇ-ਦੁਆਲੇ   ਖਾਲੀ ਖੇਤਾਂ ਵੱਲ ਦੂਰ ਦੂਰ ਤਕ ਦੇਖਦੀ ਰਹੀ ।ਕਿਸੇ ਖੇਤ ਵਿਚ ਥਰੈਸ਼ਰ ਚੱਲ ਰਿਹਾ ਸੀ ,ਕਿਸੇ ‘ਚ ਤੂੜੀ ਦਾ ਵੱਡਾ ਸਾਰਾ ਢੇਰ ਦਿਸਦਾ ।ਕਈ ਲਾਣੇ ਗੱਡਿਆਂ ਅਤੇ ਟਰੈਕਟਰਾਂ ਨਾਲ ਪਿੰਡ ਵੱਲ ਕਣਕ ਅਤੇ ਤੂੜੀ ਢੋ ਰਹੇ ਸਨ ।

                      ਧੜ ਅਜੇ ਥੋੜੀ ਹੀ ਨਿਕਲੀ  ਸੀ ਕਿ ਹਵਾ ਫੇਰ ਮਰ ਗਈ ।ਉਹਨਾਂ ਨੇ ਤੰਗਲੀਆਂ ਧੜ ਵਿਚ ਗੱਡ ਦਿੱਤੀਆਂ ਅਤੇ ਤੰਗਲੀਆਂ ਦੇ ਉਤਲੇ ਸਿਰੇ ਉਤੇ ਠੋਡੀ ਰੱਖ ਕੇ ਖੜ੍ਹ ਗਏ ।ਜਿੰਦਰੋ ਨੇ ਦੇਖ ਕੇ ਆਵਾਜ ਮਾਰੀ , ‘ ਬਾਪੂ ਆ ਜੋ ਹਵਾ ਤਾਂ ਹੈ ਨੀ ।’ ਉਹਨਾਂ ਨੇ ਜਿੰਦਰੋ ਵੱਲ ਦੇਖਿਆ । ਚੁੱਪ ਚਾਪ ਉਸੇ ਤਰ੍ਹਾਂ ਖੜੀਆਂ ਤੰਗਲੀਆਂ ਛੱਡ ਕੇ ਰੋਟੀ ਖਾਣ ਆ ਬੈਠੇ ।

                                              
     3

                    ‘ ਸੁੱਕ ਵੀ ਗਈਆਂ ।’ ਜਿੰਦਰੋ ਨੇ ਓਹੀ ਰੋਟੀਆਂ ਫੜਾਉਂਦੀ ਹੋਈ ਨੇ ਕਿਹਾ ।
                    ‘ ਲੈ ... ਜੱਟਾਂ ਨੂੰ ਕੀ ਤੱਤੀਆਂ ਠੰਡੀਆਂ ਨਾਲ ।ਕੁਰਸੀਆਂ ਆਲੇ ਈ ਸੱਜਰੀਆਂ ਖਾਂਦੇ ਐ ,ਸਾਡੇ ਕਰਮਾਂ ‘ਚ ਕਿਥੇ ... ।’ ਨੇਤਰ ਨੇ ਰੋਟੀ ਫੜਦੇ ਹੋਏ ਨੇ ਕਿਹਾ ।
                    ਫਿਰ ਉਹ ਚੁੱਪ ਚਾਪ ਇਕ ਇਕ ਰੋਟੀ ਖਾ ਗਏ ।ਕਿਕਰ ਉਤੋਂ ਬੀਂਡੇ ਦੀ ਟੀਂ ਟੀਂ ,ਉਹਨਾਂ ਨੂੰ ਸੰਗੀਤ ਦੀ ਧੁਨ ਵਾਂਗ ਸੁਣ ਰਹੀ ਸੀ ।ਜਿੰਦਰੋ ਚੁੱਪ ਦੇਖ ਕੇ ਕਹਿਣਾ ਤਾਂ ਨਹੀਂ ਸੀ ਚਾਹੁੰਦੀ ਪਰ ਝਕਦੀ ਝਕਦੀ ਨੇ ਕਹਿ ਹੀ ਦਿੱਤਾ ,    ‘ ਬਾਪੂ ਵੀਰੇ ਨੇ ਕਿਐ ,ਮਾਸਟਰਾਂ ਨੇ ਇਕ ਰੰਗ ਦੀ ਵਰਦੀ ਲੁਆਈ ਐ ।ਖੰਨੇ ਤੋਂ ਕਪੜਾ ਲੈ ਆਇਓ ।’ 

                   ਨੇਤਰ ਨੇ ਜਿੰਦਰੋ ਵੱਲ ਝਾਕ ਕੇ ਰੋਟੀ ਨਾਲੋਂ ਬੁਰਕੀ ਤੋੜਕੇ ਮੂੰਹ ਵਿਚ ਪਾ ਲਈ ,ਪਰ ਬੋਲਿਆ ਕੁਝ ਨਾ। ਇੰਦਰ ਨੇ ਪਾਣੀ ਦਾ ਗਲਾਸ ਮੂੰਹ ਨੂੰ ਲਾ ਕੇ ਇਕੋ ਸਾਹ ਪੀ ਲਿਆ ਅਤੇ  ਧਰਤੀ ‘ਤੇ ਰੱਖ ਕੇ ਕਿਹਾ , ‘ਲਿਆ ਭਾਈ ਪਾ ਦੇ ਹੋਰ ਪਾਣੀ ।’   
                   ਜਿੰਦਰੋ ਨੇ ਪਾਣੀ ਪਾ ਦਿੱਤਾ ਅਤੇ ਰਸਤੇ ਵੱਲ ਦੇਖਿਆ ਤਾਂ ਇਕ ਦਮ ਬੋਲ ਪਈ , ‘ ਬਾਪੂ ਬੋਦੀ ਆਲਾ ਵਾਵਰੋਲਾ ?’   
                   ਉਹਨਾਂ ਦੇ ਸਿਰ ਰਸਤੇ ਵੱਲ ਘੁੰਮੇ ਤੇ  ਉਠ ਕੇ ਨੱਠ ਪਏ ।ਵਾਵਰੋਲਾ ਘੁੰਮਦਾ ਘੁੰਮਦਾ ਸਿੱਧਾ ਧੜ ਵੱਲ ਆ ਰਿਹਾ ਸੀ ।ਉਹਨਾਂ ਨੇ ਛੇਤੀ ਛੇਤੀ ਦੋਲੇ੍ਹ ,ਪੱਲੀਆ-ਬੋਰੀਆਂ (ਜਿਹੜੇ ਦੋ ਦੋ ਚਾਰ ਚਾਰ ਸਨ) ਧੜ ਉਤੇ ਦੇ ਦਿੱਤੇ ।    ਖੂਹ ਦੇ ਔਲੂ ‘ਚੋਂ ਪੀਪਿਆਂ ਵਿਚ ਪਾਣੀ ਲੈਣ ਗਏ ਪਰ ਵਾਵਰੋਲਾ ਚੱਕਰ ਕੱਟਦਾ ,ਧੜ ਦੇ ਲਾਗੋਂ ਦੀ ਲੰਘ ਗਿਆ ।ਵਾਵਰੋਲੇ    ‘ਚ ਮਿੱਟੀ ਗੋਲ ਚੱਕਰ ਵਾਂਗ ਘੁੰਮਦੀ ਸੀ ।ਜਿੰਦਰੋ ਨੇ ਪਹਿਲਾਂ ਹੀ ਦਿਸਦੇ ਸਾਰ ਜ਼ੋਰ ਜ਼ੋਰ ਨਾਲ ਕਹਿਣਾ ਸ਼ੁਰੂ ਕਰ ਦਿੱਤਾ ਸੀ,  
                    ‘ ਕਾਰ ਕਾਰ ਬਾਬੇ ਨਾਨਕ ਦੀ ,                                                  
                     ਕਾਰ ਕਾਰ ਬਾਬੇ ਨਾਨਕ ਦੀ ।’    
                     ਵਾਵਰੋਲਾ ਮਿੰਟਾਂ ਵਿਚ ਹੀ ਅੱਗੇ  ਲੰਘ ਗਿਆ ।ਧੜ ਦੇ ਲਾਗੋਂ ਥੋੜੀ ਬਹੁਤੀ ਤੂੜੀ ਉਡ ਕੇ ਖੇਤ ਵਿਚ        ਖਿਲਰ ਗਈ ।   
                     ‘ ਇੰਦਰਾ ਰੜਕਾ ਲੈ ਕੇ ਪਿੜ ‘ਚੋਂ ਤੂੜੀ ਕੱਠੀ ਕਰ ਲੈ ਜੇੜ੍ਹੀ ਖਿੰਡਰੀ ਐ।’  
                    ‘ ਕਰ ਲੈਨਾ ਤੂੰ ਧੜ ‘ਤੇ ਚੜ੍ਹ ਕੇ ਦੇਖ ,ਬੁੱਲਾ ਆਉਦੈ ਵਰੋਲੇ ਦੀ ਹਵਾ ਦਾ ।’ ਇੰਦਰ ਨੇ ਰੜਕਾ ਚੁੱਕ ਕੇ ਬੈਠਦੇ ਹੋਏ ਨੇ ਕਿਹਾ ।
                     ‘ ਧੜ ਦਾ ਤਾਂ ਵਰੋਲੇ ਨੇ ਕੱਖ ਨੀ ਛੱਡਣਾ ਤੀ ਜੇ ਕਿਤੇ ਉਪਰੋਂ ਲੰਘਦਾ ।’ ਨੇਤਰ ਧੜ ‘ਤੇ ਚੜ ਗਿਆ ।  
                    ‘ ਥਰੈਸ਼ਰ ਆਲਿਆਂ ਦੇ ਢੇਰਾਂ ਵਿਚੋਂ ਲੰਘ ਕੇ ਗਿਐ ... ਉਹ ਤਾਂ ਓਨੇ ਈ ਦਿਸਦੇ ਨੇ ।’ ਇੰਦਰ ਨੇ ਆਲੇ-ਦੁਆਲੇ ਖੇਤਾਂ ‘ਚ ਚੱਲ ਰਹੇ ਥਰੈਸ਼ਰਾਂ ਵੱਲ ਨਿਗਾਹ ਮਾਰੀ ।  
                    ‘ ਐਡੇ ਬੜੇ ਢੇਰਾਂ ‘ਚ ਨੀ ਕੁਸ ਮੁਕਦਾ ।’  
                   ਜਿੰਦਰੋ ਨੇ ਉਹਨਾਂ ਦਾ ਧਿਆਨ ਰੋਟੀ ਵੱਲ ਦੁਆਇਆ, ‘ ਬਾਪੂ ਰੋਟੀ...!’
                   ਉਹ ਹੱਥਲਾ ਕੰਮ ਛੱਡ ਕੇ ਛੇਤੀ ਛੇਤੀ ਰੋਟੀ ਖਾ ਕੇ ਆਪਣੇ ਕੰਮ ਜਾ ਲੱਗੇ ।

                                                   4

                    ਜਿੰਦਰੋ ਉਥੇ ਹੀ ਬੈਠ ਕੇ ਭਾਂਡੇ ਮਾਂਜਣ ਲੱਗ ਪਈ ।ਉਹ ਕਦੇ ਨੀਵੀਂ ਪਾ ਲੈਂਦੀ ,ਕਦੇ ਉਹਨਾਂ ਵੱਲ ਵੇਖ ਲੈਂਦੀ ।ਆਲੇ ਦੁਆਲਿਉਂ ਥਰੈਸ਼ਰਾਂ ਦੀ ਘੂੰ ਘੂੰ ਦੀਆਂ ਆਵਾਜਾਂ ਉਸ ਨੂੰ ਸੁਣਾਈ ਦੇ ਰਹੀਆਂ ਸਨ ।  
                   ‘ ਹਵਾ ਤਾਂ ਫੇਰ ਮਰਗੀ ।’ ਇੰਦਰ ਨੇ ਤੂੜੀ ਇਕੱਠੀ ਕਰਦੇ ਹੋਏ ਨੇ ਕਿਹਾ ।      
                  ‘ ਕੋਈ ਕੋਈ ਮਰਿਆ ਹੋਇਆ ਸਾਹ ਹੀ ਰਹਿ ਗਿਐ ।’ ਨੇਤਰ ਵੀ ਧੜ ਤੋਂ ਉਤਰ ਆਇਆ ।  
                  ‘ ਚੱਲ ਤੂੰ ਬਲਦਾਂ ਨੂੰ ਪਾਣੀ ਪਿਲਾ ਦੇ ,ਘੁੰਮਦੇ ਨੇ ਕਿੱਲਿਆਂ ‘ਤੇ ।ਮੈਂ ਤੂੜੀ ਲੈ ਕੇ ਆਉਨਾ ।’
                  ‘ ਝੋਟੀ ਤੇ ਗਾਂ ਵਾਸਤੇ ਥੱਬਾ ਕੁ ਬਰਸੀਮ ਵੀ ਵੱਢ ਲਿਆਈਂ ।’  
                  ‘ ਚੰਗਾ ।’   
                 ਉਹ ਡੰਗਰਾਂ ਨੂੰ ਪਾਣੀ-ਧਾਣੀ ,ਕੱਖ-ਕੰਡਾ ਪਾ ਕੇ ,ਧੜ ‘ਤੇ ਆ ਗਏ ।  
                 ‘ ਕਿਤੇ ਮੀਂਹ ਮੂੂੰਹ ਨਾ ਆ ਜਾਵੇ ?’  ਇੰਦਰ ਨੇ ਦੂਰ ,ਧਰਤੀ ਅਤੇ ਆਸਮਾਨ ਦੇ ਦੋਮੇਲ ‘ਚੋਂ ਇਕ ਛੋਟਾ ਜਿਹਾ ,ਚਿੱਟੇ ਬੱਦਲ ਦਾ ਟੁਕੜਾ ਨਿਕਲਿਆ ਦੇਖਿਆ ।   
                  ‘ ਮੌਸਮ ਵੀ ਸੌਰਾ ਜ਼ਮਾਨੇ ਨਾਲ ਈ ਬਦਲ ਗਿਐ ,ਅਗੇ ਤਾਂ ਵਸਾਖ ਜੇਠ ਦੇ ਅੱਧ ਤਕ ਕਦੇ ਮੀਂਹ ਨੇ੍ਹਰੀ ਨੀ ਤੀ ਆਉਂਦੀ ਹੁੰੁਦੀ ।’   
                  ‘ ਸਾਰੀ ਵਾਢੀ ਤੇ ਗਹਾਈ ਕੜਾਕੇ ਆਲੀ ਧੁੱਪ ‘ਚ ਕਰਦੇ ਤੀ ।ਫੇਰ ਕਿਤੇ ਚੜਦੇ ਹਾੜ੍ਹ ਜੱਗ ਜੁਗ ਕਰੇ ਤੋਂ ਮੀਂਹ ਪੈਂਦਾ ।’ ਇੰਦਰ ਨੇ ਕਿਕਰ ਦੀਆਂ ਟਾਹਣੀਆਂ ਨਾਲ ਪੁਠੇ  ਲਟਕਦੇ ਬੀਜੜਿਆ ਦੇ ਆਲ੍ਹਣਿਆਂ ਵੱਲ ਦੇਖਦਿਆਂ ਕਿਹਾ।   
                 ‘ ਪਿੰਡ ਆਲੀ ਸ਼ਾਮਲਾਟ ‘ਚ ਗਰੀਬ ਗੁਰਬਿਆਂ ਨੇ ਲਾਵੀ ਆਲੀ ਕਣਕ ਦੀਆਂ ਭਰੀਆ, ਮੱਝਾਂ, ਕੱਟੀਆਂ-ਬੱਛੀਆਂ ਨਾਲ ਗਾਹ ਕੇ ਚੱਕ ਵੀ ਲਈਆਂ ।’  
                  ‘ ਉਹ ਤਾਂ ਸਣੇ ਨਿਆਣੇ- ਨਿਕੇ ਸਾਰਾ ਟੱਬਰ ਲਾ ਲੈਂਦੇ ਐ ।’ ਨੇਤਰ ਬੋਲਿਆ ।  
                  ‘ ਅਗਲੀਆਂ ਵਾਢੀਆਂ ‘ਚ ਲਾਵੀ ਕੇਹੜੇ ਪਿਓ ਆਲੇ ਖੇਤ ‘ਚੋਂ ਕਰਨਗੇ ।ਥਰੈਸ਼ਰ ਆਲਿਆਂ ਨੇ ਮੀਂਹ ਕਣੀ ਤੋਂ ਡਰਦੇ ਕਮਬੈਨਾਂ ਨਾਲ ਕਣਕ ਵਢਾ ਲੈਣੀ ਐ । ਐਤਕੀਂ ਤਾਂ ਅੱਧੀ ਪੁਚੱਧੀ ਈ ਵਢਾਈ ਤੀ ।’ਇੰਦਰ ਨੇ ਦੂਰ ਸਫੈਦਿਆਂ ਵਾਲੀ ਪੱਹੀ ਵੱਲ  ਦੇਖਿਆ ।  
                  ਆਸਮਾਨ ਲਾਲ ਜਿਹਾ ਹੋਣ ਲੱਗ ਪਿਆ ।ਜਿੰਦਰੋ ਭਾਂਡੇ ਇਕੱਠੇ ਕਰਕੇ ਧੜ ਦੇ ਲਾਗੇ ਆ ਗਈ ਸੀ । ਉਸ ਨੇ ਉਹਨਾਂ ਦੀਆਂ ਗੱਲਾਂ ਵਿਚ ਦਖਲ ਨਹੀਂ ਸੀ ਦਿੱਤਾ ਪਰ ਦੂਰ ਚੜੀ ਆ ਰਹੀ ਗਹਿਰ ਨੂੰ ਦੇਖ ਕੇ ਕਿਹਾ , ‘ਬਾਪੂ ਨੇਰ੍ਹੀ ਆਉਂਦੀ ਐ ।’
                   ‘ ਹਾਂ ਲੱਗਦੀ ਤਾਂ ਐ ।’ ਨੇਤਰ ਨੇ ਵੀ ਆਲੇ-ਦੁਆਲੇ ਦੂਰ ਤਕ ਨਿਗ੍ਹਾ ਘੁੰਮਾਈ ।   
                   ਥੋੜੇ ਚਿਰ ‘ ਚ ਹੀ ਹਨੇਰੀ ਚੜੀ ਆ ਰਹੀ ਸੀ ।ਦੋਵੇਂ ਭਰਾ ਉਠ ਕੇ ਧੜ ਨੂੰ ਸਾਂਭਣ ਲੱਗ ਪਏ ।ਫੇਰ ਦੇਖਦੇ ਦੇਖਦੇ ਹੀ ਹਨੇਰੀ ਆ ਗਈ ।ਨੇਤਰ ਨੇ ਪੀਪੇ ‘ਚ ਲਿਆਂਦਾ ਪਾਣੀ ਧੜ ਉਤੇ ਛਿੜਕਿਆ। ਇਕ ਦਮ ਹਨੇਰਾ ਹੋ ਗਿਆ।ਹੱਥ ਨਾਲ ਹੱਥ ਮਾਰਿਆਂ ਕੁਝ ਵੀ ਨਹੀਂ ਸੀ ਦਿਸਦਾ ।ਹਵਾ ਦੇ ਫਰਾਟਿਆਂ ਨਾਲ ਧੜ ਉਡ ਕੇ ਮਿੱਟੀ ਘੱਟੇ ਵਿਚ         

                                               5

ਰਲਦੀ ਜਾ ਰਹੀ ਸੀ । ਹਵਾ ਦੀ ਆਵਾਜ ਸੁਊਂ...ਸੂੰ ...ਛੀਂ ਛੀਂ ਈਂ ਈਂ । ਲਾਲ ਭੂਰੀ ਕਾਲੀ ਮਿੱਟੀ ਹੀ ਮਿੱਟੀ ।
                     ਉਹ ਧੜ ਨੂੰ ਸਾਂਭਣ ‘ਚ ਲੱਗੇ ਹੋਏ ਸਨ ਪਰ ਹਵਾ ਕੋਈ ਪੇਸ਼ ਨਹੀਂ ਸੀ ਜਾਣ ਦਿੰਦੀ। ਜੇ ਜਰਾ ਕੁ ਵੀ ਅੱਖ ਜਾਂ ਮੂੰਹ ਖੋਲ੍ਹਦੇ ਤਾਂ ਮਿੱਟੀ ਦੇ ਕਿਣਕੇ ਅਤੇ ਫੂਸਪੱਲਾ ਆ ਕੇ ਵਜਦਾ ।ਇਕ   ਦੂਜੇ ਨੂੰ ਕੁਝ ਵੀ ਨਹੀਂ ਸੀ ਦਿਸਦਾ ।  
                     ਜਿੰਦਰੋ ਦੇ ਕੰਡਿਆਂ ਵਾਲੀ ਝਾੜੀ ਆ ਬੱਜੀ ।ਉਸ ਨੇ ਜੋਰ ਨਾਲ ਚੀਕ ਮਾਰੀ , ‘ ਬਾ...ਪੂ...ਊ...।’
                     ਹਵਾ ਐਨੀ ਗੂੰਜਣ ਲੱਗ ਪਈ ,ਕਿਸੇ ਨੂੰ ਕੁਝ ਨਾ ਸੁਣਿਆ । ਤੇ ਫਿਰ ਝਾੜੀ ਆਪੇ ਹੀ ਹਵਾ ਨਾਲ ਜਿੰਦਰੋ ਦੇ ਕਪੜਿਆਂ ‘ਚ ਮੋਰੀਆਂ ਕਰਕੇ ਅਤੇ ਸਰੀਰ ‘ਤੇ ਝਰੀਟਾਂ ਮਾਰ ਕੇ ਉਡ ਗਈ ।
 
                     ਹਨੇਰੀ ਕੁਝ ਘੱਟ ਹੋਈ ।ਫਿਰ ਚਾਨਣ ਜਿਹਾ ਹੋਇਆ ।ਜਿੰਦਰੋ ਨੇ ਅੱਖਾਂ ਮਲੀਆਂ ਤੇ ਝਾਕਣ ਦੀ ਕੋਸ਼ਿਸ਼ ਕੀਤੀ ਪਰ ਮਿੱਟੀ ਐਨੀ ਰੜਕਣ ਲੱਗ ਪਈ ਕਿ ਅੱਖਾਂ ਫਿਰ ਬੰਦ ਹੋ ਗਈਆਂ ।ਉਸ ਨੇ ਅੱਖਾਂ ਮਲ ਮਲ ਪਾਣੀ ਕੱਢ ਲਿਆ ।ਕਦੇ ਮੀਚਦੀ ਕਦੇ ਖੋਲ੍ਹਦੀ ਹੋਈ ਬੋਲੀ , ‘ ਬਾਲਣ ਨਾ ਭੁਲਿਓ ... ਬਾਪੂ !’   
                     ‘ ਨਈਂ ਕੁੜੀਏ  ... ਜਾ ਤੂੰ ,ਕਿਤੇ ਮੀਂਹ ਨਾ ਆ ਜਾਵੇ ।’ ਨੇਤਰ ਨੇ ਵੀ ਅੱਖਾਂ ਮਲੀਆਂ ਤੇ ਨੱਕ ਸਿਣਕ ਕੇ ਮਿੱਟੀ ਕੱਢੀ ।
 
                      ਜਿੰਦਰੋ ਬੁੜ ਬੁੜ ਕਰਦੀ ,ਅੱਖਾਂ ਖੋਲ੍ਹਦੀ ਮੀਚਦੀ, ਭਾਂਡੇ ਚੁੱਕ ਕੇ ਘਰ ਨੂੰ ਤੁਰ ਪਈ , ‘ ਧੜ ਦਾ ਤਾਂ ਕੱਖ ਨੀ ਰਿਆ ,ਬਾਲਣ ਦਾ ਕੀ ਚੇਤਾ ਰਹਿਣੈ ... ਘਰ ਬੇਬੇ ਆਖੂ , ‘ ਤੀਆ ਪਹਿਰ ਹੋ ਗਿਐ ?’ ਉਸ ਨੂੰ ਜਾਪਿਆ ਸਿਖਰ ਦੁਪਹਿਰ ਤਾਂ ਉਸ ਉਤੋਂ ਹਾਲੀ ਵੀ ਕੜਕ ਰਹੀ ਹੋਵੇ ,ਭਾਵੇਂ ਪਰਛਾਵਾਂ ਢਲ ਗਿਆ ਹੈ ।ਫਿਰ ਉਸ ਨੇ ਆਪਣੇ ਸਰੀਰ ਦਾ ਆਲਾ-ਦੁਆਲਾ ਦੇਖਿਆ ਤਾਂ ਉਸ ਨੂੰ ਢਿਲਾ ਢਿਲਾ ਜਿਹਾ ਲੱਗਾ ।

                      ਹਨੇਰੀ ਹੌਲੀ ਹੌਲੀ ਘੱਟ ਰਹੀ ਸੀ ।ਧੜ ਥੋੜੀ ਜਿਹੀ ਰਹਿ ਗਈ ।ਉਹ ਅੱਖਾਂ ‘ਚ ਪਈ ਮਿੱਟੀ ,  ਹਥੇਲੀਆਂ ਨਾਲ ਮਲ ਮਲ ਕੱਢਦੇ ਹੋਏ ਤੰਗਲੀਆਂ ਲੱਭਣ ਲੱਗ ਪਏ ।ਉਹਨਾਂ ਦੇ ਕੰਨਾਂ ‘ਚ ਥਰੈਸ਼ਰਾਂ ਦੀ ਆਵਾਜ ,ਹਨੇਰੀ ਵਾਂਗ ਗੂੰਜਣ ਲੱਗ ਪਈ ।
                                             
                                        
   
ਸੰਪਰਕ:  98728 23511    
           

Comments

Security Code (required)Can't read the image? click here to refresh.

Name (required)

Leave a comment... (required)

ਕਹਾਣੀ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ