Thu, 13 June 2024
Your Visitor Number :-   7106531
SuhisaverSuhisaver Suhisaver

ਝੁਮਕੇ -ਕੁਲਜੀਤ ਮਾਨ

Posted on:- 07-09-2012

suhisaver

ਅੱਜ ਸਕੂਨ  ਰਾਸ ਆ ਰਿਹਾ ਸੀ। ਸਮਾਂ ਬੀਤ ਗਿਆ, ਗੱਲ ਆਈ ਗਈ ਹੋ ਗਈ। ਜੇ ਨਹੀਂ ਹੋਈ ਤਾਂ ਹੋ ਜਾਣੀ ਚਾਹੀਦੀ ਸੀ। ਬਰਸਾਤ ਆਈ, ਪਾਣੀ ਦਿਸਿਆ ਤੇ ਫਿਰ ਪਾਣੀ ਚੇਤਿਆਂ ਵਿਚ ਵਸ ਗਿਆ। ਉਸ ਵਸੇ ਪਾਣੀ ਦੀ ਰਿਮਝਿਮ ਵਕਤ ਦੀ ਮੁਥਾਜ਼ ਨਹੀਂ ਰਹੀ। ਚਿੱਕੜ ਵਿਚ ਕਮਲ ਹੀ ਨਹੀਂ ਉੱਗਦੇ, ਚਿੱਕੜ ਵਿਚ ਕੀੜੇ ਮਕੌੜੇ ਵੀ ਹੁੰਦੇ ਹਨ। ਇਨ੍ਹਾਂ ਕੀੜਿਆਂ ਦੀ ਸ਼ਨਾਖਤ ਕਰਦੇ, ਕਮਲ ਦੇ ਫੁੱਲ ਚੰਗੇ ਲਗਦੇ ਹਨ। ਇਨ੍ਹਾਂ ਕੀੜਿਆਂ ਦੀ ਗੱਲ ਨੂੰ ਅੱਖੋਂ ਪਰੋਖੇ ਕਰਦੇ ਫੁੱਲ, ਕਮਲ ਦੇ ਫੁੱਲ ਨਹੀਂ ਸਦੀਂਦੇ। ਫੁੱਲਾਂ ਤੇ ਕੀੜਿਆਂ ਦੇ ਵਿਚਾਲੇ ਖੜੇ ਵਿਚਾਰੇ, ਪਰਖ ਕਰਦੇ ਰਹਿੰਦੇ ਹਨ ਜਿਵੇਂ ਉਹ ਕਿਸੇ ਖੇਡ ਦਾ ਮੈਚ ਵੇਖ ਰਹੇ ਹੋਣ। ਮੈਚ ਦਰਸ਼ਕ ਵੀ ਵੇਖਦਾ ਹੈ ਤੇ ਰੈਫ਼ਰੀ ਵੀ,ਫਰਕ ਤੇ ਸਿਰਫ ਜਿੰਮੇਵਾਰੀ ਦਾ ਹੈ। ਮੈਂ ਕਈ ਵਾਰ ਸੋਚਦਾ ਹਾਂ ਕਿ ਮੈਚ ਵੇਖ ਰਿਹਾ ਰੈਫ਼ਰੀ ਕਿਤੇ ਤਾਂ ਆਪਣੇ ਅੰਦਰ ਦੇ ਦਰਸ਼ਕ ਦਾ ਕੋਈ ਛੋਟਾ ਜਿਹਾ ਬੋਲ ਤਾਂ ਸੁਣਦਾ ਹੀ ਹੋਵੇਗਾ। ਕਿਤੇ ਤਾਂ ਕੋਈ ਖਿਡਾਰੀ ਉਸਦੇ ਰੈਫਰੀਪੁਣੇ ਨੂੰ ਲਲਕਾਰਕੇ ਉਸਦੀ ਬਿਰਤੀ ਭੰਗ ਕਰਦਾ ਹੀ ਹੋਵੇਗਾ। ਅਕਸਰ ਰੈਫਰੀ ਵੀ ਤੇ ਕਦੇ ਖਿਡਾਰੀ ਹੀ ਹੁੰਦੇ ਹੋਣਗੇ। ਰੈਫਰੀ ਵੀ ਇਨਸਾਨ ਹਨ ਤੇ ਸਾਨੂੰ ਰੋਜ਼ ਜਿੰæਦਗੀ ਵਿਚ ਰੈਫਰੀ ਮਿਲਦੇ ਹਨ। ਸਭ ਨੇ ਆਪੋ ਆਪਣੇ ਖੇਤ ਮੱਲੇ ਹੋਏ ਹਨ। ਅਸਲ ਵਿਚ ਇਹ ਦੁਨੀਆਂ ਹੀ ਸਾਰੀ ਰੈਫਰੀਆਂ ਨਾਲ ਭਰੀ ਹੋਈ ਹੈ। ਕੋਈ ਛੋਟਾ ਤੇ ਕੋਈ ਵੱਡਾ ਆਪੋ ਆਪਣੀਆ ਸੀਟੀਆਂ ਮਾਰਦੇ ਤੇ ਜ਼ਿੰਦਗੀ ਦੇ ਬੇਹਤਰ ਪਲਾਂ ਨੂੰ ਬੋਝਲ ਕਰਦੇ, ਆਪਣੀਆਂ ਮਨਮਾਨੀਆਂ ਬਿਨਸਦੇ, ਛਾਂਗਦੇ, ਛਾਂਟਦੇ, ਛੋਟੇ ਤੋਂ ਛੋਟਾ ਕਰਦੇ ਭੰਬਲਭੂਸੇ ਵਿਚ ਪਏ ਆਪਣੀ ਰੁਕਸਤੀ ਨੂੰ ਲਮਕਾਉਂਦੇ ਤੁਰੇ ਜਾਂਦੇ ਹਨ ਜਾਂ ਕਹਿ ਲਉ ਸਾਰੀ ਉਮਰ ਹੀ ਰੁਕਸਤੀ ਦੀ ਤਿਆਰੀ ਵਿਚ ਬਿਤਾ ਦਿੰਦੇ ਹਨ। ਆਖਰੀ ਸੀਟੀ ਮਾਰਨ ਦਾ ਮੌਕਾ ਤਾਂ ਕਿਸੇ ਕਿਸੇ ਨੂੰ ਹੀ ਮਿਲਦਾ ਹੈ।

'ਆਪ ਆਏ ਬਹਾਰ ਆਈ।'
ਮੈਂ ਮੁਸਕਰਾਇਆ। " ਸਰ ਜੀ ਅਸੀਂ ਤੁਹਾਨੂੰ ਮਿਸ ਕਰਾਂਗੇ।"
"ਮੀ ਟੂ"  ਮੈਂ ਮੁਸਕਰਾਕੇ ਹਲਕਾ ਹੋਇਆ। ਮੇਰੀ ਕਾਫ਼ੀ ਗਰਮ ਨਹੀਂ ਰਹਿ ਗਈ ਸੀ ਪਰ ਅਜੇ ਠੰਡੀ ਵੀ ਨਹੀਂ ਹੋਈ ਸੀ ਜਦ ਕਿ ਹੋ ਜਾਣੀ ਚਾਹੀਦੀ ਸੀ। ਮੈਨੂੰ ਲੱਗਾ ਇਹ ਕਾਫੀ ਦਾ ਕੋਸਾ ਕੱਪ ਤਾਂ ਮੇਰੇ ਅੱਗੇ ਦਹਾਕਿਆਂ ਤੋਂ ਪਿਆ ਹੈ। ਮੈਂ ਹਰ ਵਾਰ ਇਸਨੂੰ ਹੱਥ ਵਿਚ ਫੜਕੇ ਇਸਦੀ ਗਰਮਾਇਸ਼ ਮਹਿਸੂਸ ਕਰ ਲੈਂਦਾ ਹਾਂ। ਮੇਰੀ ਆਦਤ ਹੀ ਬਣ ਗਈ ਹੈ ਕਿ ਮੈਂ ਆਪਣਾ ਕਾਫੀ ਦਾ ਕੱਪ ਕਦੇ ਵੀ ਖਤਮ ਨਹੀਂ ਕਰਦਾ।

"ਸਰ ਜੀ ਪਿੱਤਲ ਦੇ ਗਲਾਸ ਵਿਚ ਗੁੜ ਦੀ ਚਾਹ ਹੋਵੇ, ਤੱਤੀ ਤੱਤੀ, ਰਜ਼ਾਈ ਦੀ ਬੁੱਕਲ ਹੋਵੇ ਤੇ ਬੰਦਾ ਸੜ ਸੜ ਕਰਦੇ ਬੁਲ੍ਹਾਂ ਨਾਲ ਆਖਰੀ ਘੁੱਟ ਤੱਕ ਪੀਵੇ ਦੀਪੇ ਵਾਂਗ,ਤਾਂ ਹੀ ਮਜ਼ਾ ਆਉਂਦਾ ਹੈ।" ਹਰੀ ਨੇ ਆਪਣੇ ਕਾਫ਼ੀ ਦੇ ਢੱਕਣ ਨੂੰ ਮਰੋੜਾ ਜਿਹਾ ਦੇਕੇ ਤੋੜਿਆ ਸੀ। ਉਸਦੀਆਂ ਅੱਖਾਂ ਵਿਚ ਜਨੂਨੀ ਤੀਬਰਤਾ ਸੀ। "ਮੈਨੂੰ ਲਗਦਾ ਤੁਸੀਂ ਵੀ ਮੋਰਨੀਆਂ ਵਾਲੇ ਪਿੱਤਲ ਦੇ ਗਲਾਸ ਵਿਚ ਹੀ ਪਸੰਦ ਕਰਦੇ ਹੋ ਤਾਂ ਹੀ ਤੇ ਆਪਣੀ ਕਾਫੀ ਨੂੰ ਕਦੇ ਖਤਮ ਨਹੀਂ ਕਰਦੇ।" ਹਰੀ ਨੇ ਇਹ ਗੱਲਾਂ ਉਦੋਂ ਕੀਤੀਆਂ ਸਨ ਜਦੋਂ ਉਸਨੇ ਆਪਣੇ ਸੱਜੇ ਪੈਰ ਨੂੰ ਕਲਾਕ ਵਾਈਜ਼ ਨਹੀਂ ਘੁੰਮਾਇਆ ਸੀ।
ਅਠਾਰਾਂ ਸਾਲ ਗੁਜ਼ਾਰੇ ਹਨ ਮੈਂ ਇੱਥੇ। ਅੱਜ ਲੰਚ ਅੱਧੇ ਘੰਟੇ ਦਾ ਨਾ ਹੋਕੇ ਘੰਟੇ ਦਾ ਸੀ। ਮੁਨੀਮਾਂ ਵਾਂਗ ਸੋਚਾਂ ਤਾਂ ਚਾਰ ਕੁ ਸੌ ਦਾ ਕਸਾਰਾ ਸੀ ਸਾਰਾ। ਚਵੀ ਘੰਟੇ ਸੱਤੇ ਦਿਨ ਚਲਣ ਵਾਲੀ ਪੰਜ ਨੰਬਰ ਮਸ਼ੀਨ ਅਜੇ ਵੀ ਪਹੀਏ ਬਣਾ ਬਣਾ ਪਟੇ ਤੇ ਸੁੱਟੀ ਜਾ ਰਹੀ ਸੀ। ਕਰਿਸਟਲ ਪਲਾਸਟਿਕ ਨੂੰ ਠੰਡਾ ਹੋਣ ਦਾ ਪਤਾ ਨਹੀਂ ਕਾਹਦਾ ਚਾਅ ਚੜਿਆ ਸੀ ਮੇਰੀ ਰਿਟਾਇਰਮੈਂਟ ਦਾ ਲਿਹਾਜ਼ ਵੀ ਨਹੀਂ ਕਰ ਰਹੀ ਸੀ। ਪਤਾ ਨਹੀਂ ਕਿਤਨੇ ਕੁ ਘੰਟੇ ਗੁਜ਼ਾਰੇ ਸਨ ਮੈਂ ਇਸ ਮਸ਼ੀਂਨ ਨਾਲ। ਮਣਾਂ ਮੂੰਹੀਂ ਤੇਲ ਦਿੱਤਾ ਹੋਣਾ ਮੈਂ ਇਸ ਮਸ਼ੀਨ ਨੂੰ ਪਰ ਇਹ ਕਿਹੜੀ ਕਿਸੇ ਨਾਲੋਂ ਘੱਟ ਹੈ। ਇਸਨੂੰ ਵੀ ਕੋਈ ਅਫਸੋਸ ਨਹੀਂ। ਹੋ ਸਕਦਾ ਹੈ, ਇਸਨੂੰ ਵੀ ਆਪਣਾ ਕੰਮ ਮੁੱਕਾਕੇ ਟੁੱਟਣ ਦੀ ਕਾਹਲੀ ਹੋਵੇ। ਕਿਤਨਾ ਕੁ ਚਿਰ ਕੋਈ ਚਲ ਸਕਦਾ ਹੈ।  ਝੂਠੀਆਂ ਤਾਰੀਫ਼ਾਂ ਤੇ ਸੱਚੀ ਵਿਦਾਇਗੀ ਦੇ ਵਿਚਾਲੇ ਸਫ਼ਰ ਬਾਰੇ ਸੋਚਾਂ ਤਾਂ ਬੱਚੇ ਵੀ ਪੜ੍ਹ ਗਏ,ਘਰ ਵੀ ਬਣ ਗਿਆ ਤੇ ਸੱਜੀ ਖੱਬੀ ਕਬੀਲਦਾਰੀ ਵੀ ਨਜਿੱਠੀ ਗਈ ਤੇ ਬੀਵੀ ਅਜੇ ਵੀ ਚਿਚੜੀ ਵਾਂਗ ਮੇਰੇ ਨਾਲ ਹੀ ਲਮਕੀ ਫਿਰਦੀ ਹੈ। ਰਿਟਾਇਰਮੈਂਟ ਦੀ ਨਾ ਕੋਈ ਨੂਰੀ ਖੁਸ਼ੀ ਨਾ ਕੋਈ ਝੁਲਸਿਆ ਗਮ, ਬਸ ਫਰੀਜ਼ਡ ਟਰਕੀ ਵਾਂਗ ਮੇਰੇ ਹੱਥ ਵਿਚ ਕੁਝ ਫੜਿਆ ਹੋਇਆ ਸੀ ਪਰ ਜਿਸਮ ਦੇ ਅੰਦਰ ਦਿਲ ਨਾਮ ਦੇ ਭੁਲੇਖੇ ਨਾਲ ਰੂਹ ਵਾਲਾ ਪਾਸਾ ਇੱਕ ਸਕੂਨ ਨਾਲ ਜਰੂਰ ਰਜਿਆ ਹੋਇਆ ਸੀ। ਰੂਹ ਨੂੰ ਮਤਵਾਲੀ ਪਹਿਚਾਨ ਹੋ ਗਈ ਸੀ। ਦਿਲ ਤਾਂ ਕਬਜਾ ਭਾਲਦਾ ਹੈ ਤੇ ਕਬਜੇ ਕਦੇ ਵੀ ਸ਼ਰੀਫ਼ ਨਹੀਂ ਹੁੰਦੇ।

ਕਿਸੇ ਦੀ ਭਟਕਣ ਦੂਰ ਕਰਨ ਲਈ ਮੇਰੀਆਂ ਕੋਸ਼ਿਸਾਂ, ਕੁਝ ਕਰ ਸਕੀਆਂ ਜਾਂ ਨਹੀਂ ਪਰ ਮੇਰੀ ਆਪਣੀ ਖੁਰਚਣ ਨੇ ਮੇਰੀ ਆਪਣੀ ਭਟਕਣ ਤੇ ਬੂਰ ਜਰੂਰ ਲਿਆਂਦਾ ਹੈ। ਉਮਰਾਂ ਦੀਆਂ ਪੌੜੀਆਂ ਚੜਦਿਆਂ ਮੇਰੇ ਆਪਣੇ ਅੰਦਰਲੇ ਮੁੰਡੇ ਦੀਆਂ ਲਗਾਮਾਂ ਨੂੰ ਨਕੇਲ ਜਰੂਰ ਪਈ ਹੈ।

ਮੇਰੀ ਉਮਰ ਉਦੋਂ ਮਸੀਂ ਪੰਤਾਲੀ ਸਾਲ ਸੀ ਤੇ ਮੇਰੇ ਅੰਦਰਲੇ ਮੁੰਡੇ ਦੀ ਉਮਰ ਅਠਾਰਾਂ ਸਾਲ ਜਦੋਂ ਉੁਹ ਸਾਡੀ ਫੈਕਟਰੀ ਵਿਚ ਹਾਇਰ ਹੋਈ। ਇੱਕ ਹਫ਼ਤਾ ਪਹਿਲਾਂ ਕੰਟਰੋਲ ਤੋਂ ਬਾਹਰ ਹੋਏ ਆਰਡਰਾਂ ਨੂੰ ਸੰਭਾਲਣ ਲਈ ਬੋਰਡ ਦੀ ਮੀਟਿੰਗ ਵਿਚ ਮੈਨੂੰ ਹਦਾਇਤ ਹੋਈ, ਕੋਈ ਵੀ ਆਵੇ ਹਾਇਰ ਕਰ ਲਵੋ। ਵਰਕਰਾਂ ਨੂੰ ਕਹੋ ਆਪਣੇ ਦੋਸਤਾਂ ਨੂੰ ਦਸਣ। ਅੋਵਰ ਟਾਇਮ ਦੀ ਪਰਵਾਹ ਨਾ ਕਰੋ।
"ਮੇ ਆਈ ਕਮ ਇਨ?"

"ਯੈਸ ਯੈਸ" ਤੇ ਉਹ ਮੇਰੇ ਸਾਹਮਣੇ ਆਕੇ ਬੈਠ ਗਈ। ਮੈਂ ਉਸਨੂੰ ਬੈਠਣ ਲਈ ਨਹੀਂ ਕਿਹਾ ਸੀ ਫਿਰ ਵੀ ਉਹ ਬੈਠ ਗਈ। ਇੱਕ ਯਕੀਨ ਨਾਲ ਬੈਠੀ, ਉਹ ਮੇਰੇ ਹਾਵ ਭਾਵਾਂ ਦਾ ਕੋਈ ਚਿੱਤਰ ਬਨਾਉਣ ਲੱਗ ਪਈ। ਐਸਾ ਮੈਂ ਸੋਚਦਾ ਹਾਂ ਸ਼ਾਇਦ ਉਹ ਐਸਾ ਨਾ ਸੋਚ ਰਹੀ ਹੋਵੇ। 'ਸੋਚਣ ਵਿਚ ਕੀ ਪਰਾਬਲਮ ਹੈ?'ਇਹੀ ਕਿਹਾ ਸੀ ਕਿਸੇ ਵਕਤ ਹੀਰੀ ਨੇ।
"ਪਰਾਬਲਮ ਤੇ ਕੋਈ ਨਹੀਂ ਪਰ ਸੋਚਣ ਲਈ ਦਿਮਾਗ ਚਾਹੀਦਾ ਹੈ ਤੇ ਦਿਮਾਗ ਕੋਲ ਪਤਾ ਨਹੀਂ ਕੀ ਕੀ ਚਾਹੀਦਾ ਹੈ। ਤੇਰੇ ਕੋਲ ਦਿਮਾਗ ਤਾਂ ਹੈ ਪਰ ਦਿਮਾਗ ਕੋਲ 'ਕੀ ਕੀ' ਨਹੀਂ।"
"ਰਹਿਣ ਦਿਉ ਸਰਜੀ ਮੇਰੇ ਕੋਲ ਬਹੁਤ ਕੁਝ ਹੈ, ਮੈਨੂੰ ਦਿਮਾਗ ਦੀ ਲੋੜ ਹੀ ਨਹੀਂ।"
ਮੈਂ ਉਸਦੀ ਐਪਲੀਕੇਸ਼ਨ ਆਪਣੇ ਹੱਥ ਵਿਚ ਫੜ ਲਈ।

"ਟੂ ਦੀ ਪੰਵਾਂਇੰਟ ਜੁਆਬ ਦੇਣਾ ਹੈ, ਹਾਂ ਜਾਂ ਨਹੀਂ ਵਿਚ, ਸਮਝ ਗਈ?" ਮੈਂ ਅਫਸਰੀ ਦੇ ਆਹਲਾ ਅੰਦਾਜ਼ ਵਿਚ ਐਪਲੀਕੇਸ਼ਨ ਤੋਂ ਧਿਆਨ ਚੁੱਕਕੇ ਉਹਦੇ ਵੱਲ ਸਰਸਰੀ ਵੇਖਕੇ ਕਿਹਾ।

ਸਰਸਰੀ ਨਜ਼ਰ ਨਾਲ ਦੇਖਣ ਵਾਲੀ ਕੋਈ ਡੌਲ ਨਹੀਂ ਸੀ ਉਹ। ਕਾਸ਼ ਮੈਂ ਕਾਲੀਆਂ ਐਂਨਕਾਂ ਲਾਈਆਂ ਹੁੰਦੀਆਂ। ਨਜ਼ਰ ਦੀਆਂ ਐਨਕਾਂ ਨਾਲ ਕਿੱਥੇ ਤੁਸੀਂ ਸਾਰਾ ਕੁਝ ਦੇਖ ਸਕਦੇ ਹੋ?ਗੋਲ ਮਟੋਲ ਫੁੱਲ, ਤਿੱਖੇ ਤਰਾਸ਼ੇ ਬੂਟੇ, ਉੱਚੇ ਨੀਵੇਂ ਪਹਾੜ,ਪਹਾੜਾਂ ਵਿਚਲੀ ਸਿਲ੍ਹੀ ਸਿਲ੍ਹੀ ਡੰਡੀ,ਰੇਗਿਸਤਾਨ ਵਿਚ ਆਏ ਤੂਫਾਂਨ ਤੋਂ ਬਾਦ ਵਾਲੀ ਸ਼ਾਤੀ ਨਾਲ ਸੁਸਤਾਉਂਦੀ ਕੱਕੀ ਕੱਕੀ ਰੇਤ ਕਿਤੋਂ ਉੱਚੀ ਕਿਤੋਂ ਨੀਵੀਂ ਪਰ ਹਰ ਪਾਸਿਉਂ ਮੁਲਾਇਮ ਜਿਸਨੂੰ ਛੋਹਣ ਨੂੰ ਦਿਲ ਕਰਦਾ ਹੈ,  ਸਰਦੀ ਰੁੱਤੇ ਪੈਂਦੀ ਸਭਤੋਂ ਪਹਿਲੀ ਸਨੋ ਜੋ ਕਿਤੇ ਖਹਿ ਕੇ ਕਦੇ ਅੜ ਜਾਂਦੀ ਹੈ ਜਾਂ ਅੜਣ ਦਾ ਬਹਾਨਾ ਕਰਦੀ ਹੈ,ਇਹਨਾਂ ਸਭਨੂੰ ਐਨਕਾਂ ਤੋਂ ਬਗੈਰ ਹੀ ਵੇਖਣਾ ਬਣਦਾ ਹੈ ਪਰ ਸੋਹਬਤ ਤੋਂ ਬਿਨ੍ਹਾਂ ਐਨਕਾਂ ਕਿੱਥੇ ਖਹਿੜਾ ਛਡਦੀਆਂ ਹਨ। ਮੈਂ ਪੌਣਾ ਕੁ ਹੀ ਦੇਖ ਸਕਿਆ, ਜਿਨ੍ਹੇ ਦੀ ਇਜਾਜ਼ਤ ਸੀ।
ਐਪਲੀਕੇਸ਼ਨ ਵੇਖਕੇ ਮੇਰਾ ਕੁਝ ਮਖੌਲ ਕਰਨ ਨੂੰ ਜੀਅ ਕੀਤਾ ਪਰ ਆਪਣੇ ਜੀਅ ਦਾ ਗਲਾ ਘੁੱਟ ਕੇ ਇਤਨਾ ਹੀ ਪੁੱਛਿਆ। " ਮਿਸਜ਼ ਗਿੱਲ, ਐਜੂਕੇਸ਼ਨ?"
" ਜੀ ਬੀæਏ।"
ਜੁਆਬ ਹਾਂ ਜਾਂ ਨਹੀਂ ਵਿਚ ਦਿਉ। ਮੈਂ ਡਿਗਰੀਆਂ ਨਹੀਂ ਪੁੱਛੀਆਂ।"
"ਜੀ ਯੈਸ।"
"ਸ਼ਿਫ਼ਟ ਵਰਕ ਕਰੋਗੇ?"
"ਜੀ ਹਾਂ।
"ਕਾਰ ਹੈ?"
"ਜੀ ਨਹੀਂ"

"ਯੂ ਆਰ ਹਾਇਰਡ। ਮਿਸਜ਼ ਹਰੀ ਗਿਲ।" ਮੈਂ ਐਪਲੀਕੇਸ਼ਨ ਤੇ ਨੋਟ ਲਿਖਕੇ ਪਰੇ ਰੱਖ ਦਿੱਤੀ।
"ਮੁਬਾਰਕ।" ਮੇਰੇ ਅੰਦਰਲੇ ਮੁੰਡੇ ਨੇ ਹੱਥ ਮਿਲਾਉਂਣ ਲਈ ਅੱਗੇ ਵਧਾਇਆ। ਹਰੀ ਨੇ ਝਕਦੇ ਝਕਦੇ ਮੇਰੇ ਨਾਲ ਹੱਥ ਮਿਲਾਇਆ। ਉਸ ਦਿਨ ਮੈਂ ਪੰਜ ਮੁੰਡੇ ਤੇ ਚਾਰ ਕੁੜੀਆਂ ਹਾਇਰ ਕੀਤੀਆਂ ਪਰ ਹੱਥ ਮੈਂ ਹੋਰ ਕਿਸੇ ਨਾਲ ਨਹੀਂ ਮਿਲਾਇਆ। ਸਾਰਿਆਂ ਨੂੰ ਸੇਫਟੀ ਸੂæ ਲੈਕੇ ਆਉਣ ਦੀ ਤਾਕੀਦ ਕਰਕੇ ਉਹਨਾਂ ਦੀਆਂ ਸ਼ਿਫਟਾਂ ਅਲਾਟ ਕਰ ਦਿਤੀਆਂ।
ਅਗਲੇ ਦਿਨ ਮੈਂ ਕੰਮ ਤੇ ਪੰਦਰਾਂ ਮਿੰਟ ਪਹਿਲਾਂ ਪਹੁੰਚ ਗਿਆ। ਹਰੀ ਇੱਕ ਦਰਸ਼ਨੀ ਨੌਜਵਾਨ ਨਾਲ ਐਂਟਰੈਸ ਕੋਲ ਖੜੀ ਸੀ। ਇਹ ਫੈਸਲਾ ਕਰਨਾ ਔਖਾ ਸੀ ਕਿ ਦੋਵਾਂ ਵਿਚੋਂ ਜਿਆਦਾ ਸੋਹਣਾ ਕੌਣ ਹੈ।  ਮੈਂਨੂੰ ਵੇਖਕੇ ਹੰਸ ਮੇਰੇ  ਕੋਲ ਆ ਗਏ।
"ਇਹ ਮੇਰ ਹਸਬੈਂਡ ਹਨ ਪਰਮਿੰਦਰ ਤੇ ਪਰਮਿੰਦਰ ਇਹ ਹਨ ਸਾਡੇ ਫੋਰਮੈਨ ਗੋਪੀ ਜੀ।" ਹਰੀ ਨੇ ਹਲਕਾ ਜਿਹਾ ਮੁਸਕਰਾ ਕੇ ਚੇਹਰੇ ਦੇ ਖੇੜੇ ਨੂੰ ਸਿਵਾਇਆ ਕਰਦਿਆਂ ਕਿਹਾ। ਮੈਂ ਪਰਮਿੰਦਰ ਨਾਲ ਹੱਥ ਮਿਲਾਉਂਦਿਆਂ ਆਪਣੇ ਅੰਦਰਲੇ ਮੁੰਡੇ ਨੂੰ ਛੋਟਾ ਛੋਟਾ ਮਹਿਸੂਸ ਕੀਤਾ। ਮੇਰੀ ਕਰੜ ਬਰੜ ਫਰੈਂਚ ਕੱਟ ਦਾੜੀ ਵਿਚ ਮਾਮੂਲੀ ਜਿਹੀ ਖੁਰਕ ਹੋਈ ਜਿਸਨੂੰ ਮੈਂ ਨਜ਼ਰ ਅੰਦਾਜ਼ ਕਰਨਾ ਚਾਹਿਆ। ਬਹੁਤ ਕੋਸ਼ਿਸ਼ ਕਰਨ ਦੇ ਬਾਵਯੂਦ ਵੀ ਮੈਨੂੰ ਲੁਕਵੇਂ ਢੰਗ ਨਾਲ ਥੋੜੀ ਜਿਹੀ ਖੁਰਕ ਕਰਨੀ ਹੀ ਪਈ।

"ਜੀ ਹਰੀ ਦਾ ਖਿਆਲ ਰੱਖਿਉ। ਅਜੇ ਹੁਣੇ ਹੀ ਇੰਡੀਆ ਤੋਂ ਆਈ ਹੈ ਕਿਤੇ ਉਧਰ ਨਾ ਜਾਏ। ਮੈਂ ਤੇ ਕਹਿੰਦਾ ਸੀ ਕੰਮ ਨਾ ਕਰ, ਪੜਾਈ ਕਰ ਲੈ ਪਰ ਇਹਨੂੰ ਕਮਾਈ ਕਰਨ ਦਾ ਚਾਅ ਚੜਿਆ ਹੈ।"
"ਜੀ ਤੁਸੀਂ ਫਿਕਰ ਨਾ ਕਰੋ, ਮੇਰੀ ਛੋਟੀ ਭੈਣ ਵਾਂਗ ਹੈ। ਮੈਂ ਉਦਾਸ ਨਹੀਂ ਹੋਣ ਦਿੰਦਾ।" ਮੈਂ ਕੁਫ਼ਰ ਤੋਲਦਿਆਂ ਪਰਮਿੰਦਰ ਦੀਆਂ ਸਾਰੀਆਂ ਚਿੰਤਾਵਾਂ ਤੋਂ ਉਸਨੂੰ ਮੁਕਤ ਕਰ ਦਿੱਤਾ। ਹਰੀ ਦੀਆਂ ਅੱਖਾਂ ਵਿਚ ਵੀ ਨਿਸਚਿੰਤਤਾ ਆ ਗਈ। ਉਸਦੀਆਂ ਭਾਵਨਾਵਾਂ ਨਾਲ ਮੇਰੇ ਵਲ ਤਕਦੀਆਂ ਗੋਲ ਮਟੋਲ ਅੱਖਾਂ, ਮੈਨੂੰ ਹੋਰ ਵੀ ਸੈਕਸੀ ਲੱਗੀਆਂ।

"ਅੱਜ ਤੁਹਾਡੇ ਸਾਰਿਆਂ ਦੇ ਇਨ ਟਾਇਮ ਮੈਂ ਹੱਥ ਨਾਲ ਲਿਖਾਂਗਾ। ਆਊਟ ਟਾਇਮ ਲਈ  ਤੁਸੀਂ ਦਿੱਤੇ ਕਾਰਡ ਆਪ ਸਵਾਈਪ ਕਰਨੇ ਹਨ ਤੇ ਕਲ ਤੋਂ ਇਨ  ਤੇ ਆਊਟ ਟਾਇਮ ਤੁਸੀਂ ਆਪ ਕਰਨੇ ਹਨ।" ਮੈ ਸਾਰਿਆਂ ਨੂੰ ਸਵਾਈਪ ਕਾਰਡ ਫੜਾਉਂਦਿਆਂ ਕਿਹਾ। ਪਹਿਲੀ ਘੰਟੀ ਤੋਂ ਪਹਿਲਾਂ ਇਨ ਕਾਰਡ ਸਵਾਈਪ ਹੋਣਾ ਚਾਹੀਦਾ ਹੈ। ਸ਼ਿਫਟ ਖਤਮ ਹੋਣ ਵੇਲੇ ਪਹਿਲੀ ਬੈਲ ਹੋਣ ਤੇ ਹੀ ਵਰਕ ਪਲੇਸ ਤੋਂ ਹਿਲਣਾ ਹੈ। ਪਹਿਲੀ ਤੇ ਦੂਸਰੀ ਬੈਲ ਦਾ ਵਿਚਕਾਰਲਾ ਟਾਇਮ ਤੁਹਾਡੀ ਸਾਫ਼ ਸਫਾਈ ਦਾ ਹੈ। ਜਿੰਨਾ ਚਿਰ ਦੂਸਰਾ ਉਪਰੇਟਰ ਆ ਨਾ ਜਾਏ ਮਸ਼ੀਨ ਨੂੰ ਉਪਰੇਟ ਕਰਨਾ ਬੰਦਾ ਨਹੀਂ ਕਰਨਾ। ਖਾਸ ਕਰਕੇ ਕਰਿਸਟਲ ਪਲਾਸਟਕ ਤੇ ਠੰਡਾ ਹੋਣ ਨੂੰ ਵਕਤ ਹੀ ਨਹੀਂ ਲਾਉਂਦਾ। ਬਰੇਕ ਟਾਇਮ ਤੇ ਤੁਹਾਨੂੰ ਰਿਲੀਵਰ ਰਿਲੀਵ ਕਰੇਗਾ। ਬਰੇਕ ਟਾਇਮ ਕੋਈ ਪੱਕਾ ਨਹੀਂ ਹੈ। ਐਂਨੀ ਕੁਅਸਚਨ?" ਮੈਂ ਸਾਰਾ ਕੁਝ ਸਮਝਾ ਕੇ ਆਖਰੀ ਗੱਲ ਕਹੀ।
"ਹਾਂ ਤੇ ਕੋਸ਼ਿਸ ਕਰੋ, ਵਾਸ਼ਰੂਮ ਨਾ ਜਾਣਾ ਪਵੇ ਤੇ ਜੇ ਜਰੂਰਤ ਪੈ ਹੀ ਜਾਵੇ ਤਾਂ ਹੈਲਪ ਬਟਨ ਨਪੋ, ਕੋਈ ਨਾ ਕੋਈ ਤੁਹਾਡੀ ਸਹਾਇਤਾ ਲਈ ਆ ਜਾਇਗਾ।"

ਮੈਂ ਕਹਿ ਤੇ ਦਿਤਾ ਪਰ ਹੈਲਪ ਦੇ ਨਾਮ ਤੇ ਮੇਰੇ ਕੋਲ ਸਿਰਫ਼ ਦੋ ਹੀ ਕਾਮੇ ਸਨ। ਇੱਕ ਰੀਟਾ ਤੇ ਇੱਕ ਮਾਰੀਆ। ਮਾਰੀਆ ਤੇ ਭਰੋਸੇਮੰਦ ਸੀ, ਭੰਬੀਰੀ ਵਾਂਗ ਘੁੰਮਦੀ ਰਹਿੰਦੀ। ਬਰੇਕ ਟਾਇਮ ਤੋਂ ਪਹਿਲਾਂ ਹੀ ਪੂਰੀ ਤਿਆਰੀ ਕਰ ਲੈਂਦੀ ਪਰ ਰੀਟਾ ਪਲਾਂਟ ਮੈਨੇਜਰ ਨਾਲ ਕੁਝ ਜਿਆਦਾ ਹੀ ਘੁਲੀ ਮਿਲੀ ਸੀ। ਕਹਿਣ ਨੂੰ ਤੇ ਜ਼ਾਹਰਾ ਤੌਰ ਤੇ  ਕੁਝ ਵੀ ਨਹੀਂ ਸੀ ਪਰ ਲੋਕੀਂ ਮੈਨੇਜਰ ਦੀ ਕਿਰਪਾ ਦ੍ਰਿਸ਼ਟੀ ਨੂੰ ਹੋਰ ਹੀ ਤੰਦ ਨਾਲ ਬੰਨਕੇ ਆਪਣੇ ਸੁਆਦ ਦਾ ਮੱਕੂ ਠੱਪਦੇ ਰਹਿੰਦੇ।   ਪਰੋਗਰੈਸ ਚਾਰਟ ਬਨਾਉਣ ਲਈ ਜੇ  ਸੱਜੇ ਹੱਥ ਵਿਚ ਪੈਂਨ ਹੁੰਦਾ ਤੇ ਖੱਬੇ ਹੱਥ ਵਿਚ ਲਿਪਸਟਿਕ ਘੁੱਟੀ ਰਖਦੀ। ਉਸਨੂੰ ਮਸ਼ੀਂਨ ਤੇ ਉਪਰੇਟਰ ਲਾਉਣਾ ਮੇਰੇ ਵੱਸ ਵਿਚ ਨਹੀਂ ਸੀ। ਪਤਾ ਨਹੀਂ ਸਵੇਰੇ ਸਵੇਰੇ ਉੱਠਕੇ ਇਤਨਾ ਮੇਕਅੱਪ ਕਿਸਤਰਾਂ ਕਰ ਲੈਂਦੀ? ਸਮਝ ਤੇ ਇਹ ਵੀ ਨਹੀਂ ਆਉਂਦੀ ਕਿ ਇਤਨਾ ਹਸੂੰ ਹਸੂੰ ਕਰਦੀ ਦਾ ਡਾਇਵੋਰਸ  ਕਿਸਤਰਾਂ ਹੋ ਗਿਆ। ਆਪਣੇ ਹੋਏ ਤੇ ਬੀਤ ਰਹੇ ਡਾਇਵੋਰਸ ਦਾ ਉਸਨੂੰ ਭੋਰਾ ਵੀ ਅਫਸੋਸ ਨਹੀਂ ਸੀ। ਯਾਰਾਂ ਸਾਲ ਦੇ ਮੁੰਡੇ ਦਾ ਉਸਨੂੰ ਕੋਈ ਖਿਆਲ ਨਹੀਂ ਸੀ। ਪਤਾ ਨਹੀਂ ਚਾਰ ਸਾਲ ਵਿਚ ਉਸਦੀਆਂ ਅੱਖਾਂ ਇਤਨੀਆਂ ਛੋਟੀਆਂ ਕਿਵੇਂ ਹੋ ਗਈਆਂ?ਸ਼ਾਇਦ ਦੂਰ ਤੱਕ ਦੇਖਣ ਦੀ ਤਮੰਨਾ ਹੀ ਨਹੀਂ ਸੀ ਰਹੀ ਉਸਦੀ।  ਬਰੇਕਾਂ ਦਿੰਦੀ ਇਸਤਰ੍ਹਾਂ ਵਿਹਾਰ ਕਰਦੀ ਜਿਵੇਂ ਉਨ੍ਹਾਂ ਤੇ ਅਹਿਸਾਨ ਕਰ ਰਹੀ ਹੋਵੇ। ਪਰ ਇੱਕ ਫਾਇਦਾ ਵੀ ਸੀ ਉਹਦਾ ਰਿਲੀਵ ਕੀਤਾ ਉਪਰੇਟਰ ਕਦੇ ਵੀ ਲੇਟ ਨਹੀਂ ਸੀ ਹੋ ਸਕਦਾ।

ਉਸ ਦਿਨ ਮੱਖਣ ਸਿੰਘ ਮਟੀਰਿਅਲ ਹੈਂਡਲਰ ਛੁਟੀ ਤੇ ਸੀ । ਫਰੈਂਕ ਮਕੈਨਿਕ ਮੱਖਣ ਸਿੰਘ ਦੀ ਜੌਬ ਕਰਨ ਲੱਗ ਪਿਆ ਤੇ ਮੈ ਫਰੈਂਕ ਦੀ ਜਗ੍ਹਾ ਮੋਲਡ ਚੇਂਜ ਕਰਨ ਵਿਚ ਰੁੱਝ ਗਿਆ। ਮਸ਼ੀਂਨ ਨੰਬਰ ਸੱਤ ਦਾ ਮੋਲਡ ਚੇਂਜ ਕਰਕੇ ਮੈਂ ਮਸ਼ੀਨ ਚਾਲੂ ਕਰ ਦਿੱਤੀ। ਸਤ ਸੌ ਪੀਸ ਪੂਰੇ ਕਰਨ ਤੋਂ ਬਾਦ ਮਸ਼ੀਨ ਨੰਬਰ ਪੰਜ ਦਾ ਮੋਲਡ ਵੀ ਚੇਂਜ ਕਰਨਾ ਸੀ ਜਿੱਥੇ ਹਰੀ ਕੰਮ ਕਰ ਰਹੀ ਸੀ। ਸਤ ਸੌ ਪੀਸ ਬਨਣ ਨੂੰ ਅਜੇ ਦੋ ਘੰਟੇ ਲਗਣੇ ਸਨ।

ਮੋਲਡ ਚੇਂਜ ਕਰਨ ਲਗਿਆਂ ਮੈਂ ਹਰੀ ਨੂੰ ਕਿਹਾ, "ਹੀਰੀ, ਆ  ਜ਼ਰਾ ਲੌਂਗ ਨੋਜ਼ ਪਲਾਇਰ ਫੜਾਈਂ। ਇੱਕ ਫੀਮੇਲ ਪੀਸ ਮੋਲਡ ਵਿਚ ਫਸਿਆ ਪਿਆ ਹੈ। ਮੇਲ ਪੀਸ ਕਦੇ ਵੀ ਮੋਲਡ ਵਿਚ ਨਹੀਂ ਫਸਦੇ।" ਮੇਰੀ ਗੁੱਟਰਗੂੰ ਨੂੰ ਸੁਣਕੇ ਹਰੀ ਨੇ ਹੈਰਾਨੀ ਨਾਲ ਮੇਰੇ ਵੱਲ ਵੇਖਿਆ ਤੇ ਪਲਾਇਰ ਫੜਾ ਦਿੱਤਾ। ਮੈਨੂੰ ਪਤਾ ਸੀ ਹਰੀ ਨੂੰ ਹੀਰੀ  ਦਾ ਨਾਮ ਦੇਣਾ ਕਿਸੇ ਮੈਸਜ਼ ਦਾ ਸੰਕੇਤ ਹੈ ਪਰ ਇਹ ਮੈਂ ਜਾਣ ਬੁੱਝ ਕੇ ਨਹੀਂ ਕਿਹਾ ਸੀ। ਪਤਾ ਨਹੀਂ ਕਿਸਤਰਾਂ੍ਹ ਕਹਿ ਹੋ ਗਿਆ। ਪਰ ਹਰੀ ਅਜੇ ਸ਼ਸ਼ੋਪੰਜ ਵਿਚ ਹੀ ਸੀ। ਉਹ ਕੀ ਸੋਚਦੀ ਸੀ ਜਾਂ ਸੋਚਦੀ ਵੀ ਸੀ ਜਾਂ ਨਹੀਂ। ਮੈਂ ਇਹ ਸੋਚਦਿਆਂ ਮੋਲਡ ਦੇ ਨੱਟ ਖੋਲ ਰਿਹਾ ਸੀ।

ਆਖਰੀ ਨਟ ਖੋਲਣ ਲਗਿਆਂ ਮੈਂ ਹੀਰੀ ਵਲ ਵੇਖਿਆ। ਹਰੀ ਮੇਰੇ ਵਲ ਵੇਖ ਰਹੀ ਸੀ। ਮਂੈ ਆਪਣੇ ਮੋਟੇ ਸ਼ੀਸੇæ ਵਾਲੀਆਂ ਐਨਕਾਂ ਲਾਹ ਲਈਆਂ। ਸ਼ਾਇਦ ਇਹ ਸੋਚਕੇ ਕਿ ਮੇਰੀਆਂ ਨੰਗੀਆਂ ਅੱਖਾਂ ਦੇ ਸੱਚ ਦੀ ਇੱਕ ਝਲਕ ਹਰੀ ਵੀ ਵੇਖ ਲਵੇ ਤੇ ਜੰਮੀ ਹੋਈ ਬਰਫ਼ ਦਾ ਇੱਕ ਤੁਪਕਾ ਅਛੋਪਲੇ ਜਿਹੇ ਉਸ ਫ਼ਰਸ਼ ਤੇ ਡਿਗ ਪਵੇ ਜਿਸ ਤੇ ਕੁਝ ਹੀ ਦੂਰੀ ਤੇ ਹੀਰੀ ਆਪਣੇ ਪੈਰਾਂ ਉੱਤੇ ਖਲੋਤੀ ਹੋਈ ਸੀ। ਹਰੀ ਦੇ ਪੈਰ ਭਾਰੇ ਸੇਫ਼ਟੀ ਸ਼ੂ ਵਿਚ ਕੈਦ ਸਨ। ਉਹ ਸ਼ੂ ਜੋ ਉਸਨੂੰ ਉਸਦੇ ਪਤੀ ਪਰਮੇਸ਼ਰ ਨੇ ਖਰੀਦਕੇ ਦਿੱਤੇ ਹੋਏ ਸਨ। ਸੇਫਟੀ ਸ਼ੂਜ਼ ਨੇ ਹਰੀ ਦਾ ਸਾਰਾ ਸਮਾਨ ਚੁੱਕਿਆ ਹੋਇਆ ਸੀ। ਉਸਦਾ ਸਾਰਾ ਸਮਾਨ ਸਲੀਕੇ ਨਾਲ ਸਜਿਆ ਹੋਇਆ ਸੀ। ਸਜਾਵਟ ਵਿਚ ਕੋਈ ਬਨਾਵਟ ਨਹੀਂ ਸੀ। ਹਰ ਚੀਜ਼ ਆਪਣੀ ਪੂਰੀ ਠੁੱਕ ਨਾਲ ਥਾਂ ਟਿਕਾਣੇ ਸੀ। ਠਾਠਾਂ ਮਾਰਦੇ ਜੋæਬਨ ਦੇ ਸ਼ੋਰ ਵਿਚ  ਜੇ ਕੋਈ ਗਇਬ ਵਸਤੂ ਸੀ ਤਾਂ ਉਹ ਸਨ ਉਸਦੇ ਨਿੱਕੇ ਨਿੱਕੇ ਸੁਪਨੇ। ਸੋਨੇ ਚਾਂਦੀ ਦੀ ਕੋਈ ਵੀ ਚੀਜ਼ ਉਸਦੇ ਹੱਥਾਂ ਕੰਨਾਂ ਵਿਚ ਨਹੀਂ ਸੀ।  ਉਸਦੀਆਂ ਅੱਖਾਂ ਦੀ ਸੁਲਝਣ ਕਿਸੇ ਤਲਾਸ਼ ਵਿਚ ਦਿਸਦੀ ਸੀ। ਇੰਝ ਲਗਦਾ ਸੀ ਕਿ ਉਹ ਆਪਣੀ ਰੂਹ ਦੀ ਖੁਸ਼ਬੋ ਨੂੰ ਢੂੰਡਦੀ, ਆਪਣੇ ਹੀ ਸਿਰਜੇ ਸੰਸਾਰ ਦਾ ਨਿੱਘ ਮਾਨਣ ਤੋਂ ਵਾਂਝੀ ਇੱਕ ਪਲਾਸਟਿਕ ਡੌਲ ਵਾਂਗ ਤੁਰੀ ਫਿਰਦੀ ਹੈ।

ਹੋ ਸਕਦਾ ਹੈ ਇਹ ਮੇਰਾ ਵਹਿਮ ਹੀ ਹੋਵੇ ਜਾਂ ਇਹ ਵੀ ਹੋ ਸਕਦਾ ਹੈ ਕਿ ਮੈਂ ਹੀ ਇਹ ਚਾਹੁੰਦਾ ਹੋਵਾਂ ਕਿ ਐਸਾ ਹੀ ਹੋਵੇ। ਇਹ ਨਿੱਘ ਤਾਂ ਬਚਪਨ ਹੁੰਢਾਉਂਦਾ ਹੈ। ਇਹ ਨਿੱਘ ਤਾਂ ਹੌਲੀ ਹੌਲੀ ਗਰਮਾਉਂਦਾ ਹੈ। ਇਹ ਨਿਘ ਤਾਂ ਕੁਝ ਤਲਾਸ਼ਦਾ ਹੈ। ਇਸ ਤਲਾਸ਼ ਦੇ ਸਰੋਕਾਰ ਹੀ ਹਰੀ ਨੂੰ ਹੀਰੀ ਬਣਾਉਂਦੇ ਹਨ। ਮੇਰੀਆਂ ਬਾਰ ਬਾਰ ਤਿਲਕਦੀਆਂ ਅੱਖਾਂ ਨੇ ਹੀਰੀ ਦੀ ਵਿਹੂਣੀ ਨਜ਼ਰ ਪੜ੍ਹਨ ਦੀ ਕੋਸ਼ਿਸ਼ ਕੀਤੀ। ਮੈਂ ਧੋਖਾ ਖਾ ਗਿਆ, ਸਾਰਾ ਕੁਝ ਭਾਰ ਰਹਿਤ ਨਹੀਂ ਹੁੰਦਾ ਤੇ ਮੈਂਨੂੰ ਪਤਾ ਹੀ ਨਹੀਂ ਲੱਗਾ ਕਦੋਂ ਦੋ ਸੌ ਕਿਲੋ ਦਾ ਮੋਲਡ ਆਪਣੀਆਂ ਰੋਕਾਂ ਟੋਕਾਂ ਤੋਂ ਖਿਸਕਕੇ ਮੇਰੇ ਪੈਰਾਂ ਤੇ ਡਿਗ ਪਿਆ। ਇੱਕ ਜੋਰਦਾਰ ਅਵਾਜ਼ ਨਾਲ ਮੇਰੀ ਚੀਕ ਵੀ ਰਲ ਗਈ। ਸੇਫ਼ਟੀ ਸ਼ੂ ਮਿਧਦਾ ਹੋਇਆ ਭਾਰਾ ਮੋਲਡ ਮੇਰੇ ਪੈਰ ਦੀਆਂ ਦੋ ਉਂਗਲਾਂ ਨੂੰ ਵੀ ਮਿਧ ਗਿਆ।

ਮੇਰੇ ਕੰਨਾਂ ਨੇ ਹਰੀ ਦੀ ਚੀਕ ਸੁਣੀ। ਇਹ ਚੀਕ ਕੋਈ ਓਪਰੀ ਨਹੀਂ ਸੀ, ਆਪਣੀ ਸੀ। ਉਸਦੀਆਂ ਮੋਟੀਆਂ ਗੋਲ ਮਟੋਲ ਅੱਖਾਂ ਵਿਚ ਇੱਕਦਮ ਤੈਰੇ ਅਥਰੂ ਵੇਖਕੇ ਮੇਰੇ ਅੰਦਰ ਇੱਕ ਭੰਨਤੋੜ ਹੋਈ। ਇਸ ਭੰਨਤੋੜ ਨੂੰ ਮੈਂ ਅਹਿਸਾਸ ਦਾ ਨਾਮ ਨਹੀਂ ਦੇ ਸਕਦਾ। ਤਰੇਲੀਉ ਤਰੇਲੀ ਹੋਇਆ ਪੀਲਾ ਭੂਕ ਚੇਹਰਾ, ਇੱਕਲੀ ਪੀੜ ਨਾਲ ਹੀ ਭਰਿਆ ਹੋਇਆ ਨਹੀਂ ਸੀ। ਖੂਨ ਨਾਲ ਲੱਥਪੱਥ ਮੇਰੇ ਬੂਟਾਂ ਦੇ ਤਸਮੇਂ ਹਰੀ ਖ੍ਹੋਲ ਰਹੀ ਸੀ। ਇੱਕ ਨਿੱਘ, ਨਿਰਵਿਘਨ ਮੇਰੀ ਰੂਹ ਨੂੰ ਛੋਹ ਰਿਹਾ ਸੀ।  ਰੂਹ ਦੀ ਹੂਕ ਨੂੰ ਜਲਦੀ ਜਲਦੀ ਕੋਈ ਨਾਮ ਦਿੱਤਾ ਵੀ ਨਹੀਂ ਜਾ ਸਕਦਾ। ਇਹ ਤਾਂ ਇਨਸਾਨੀਅਤ ਦੀ ਇੱਕ ਗਲਵਕੜੀ ਸੀ। ਜਿਸ ਦਾ ਮੇਰੇ ਅੰਦਰਲੇ ਮੁੰਡੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਹਰੀ ਨੇ ਭਜਕੇ ਪਾਣੀ ਦਾ ਗਲਾਸ ਲਿਆਂਦਾ। ਮੈਨਜਮੈਂਟ ਦੀ ਭੀੜ ਨੂੰ ਧੁਸ ਨਾਲ ਚੀਰਦੀ ਹਰੀ, ਇਸ ਕਾਇਨਾਤ ਦੀ ਮਾਲਕ ਲੱਗ ਰਹੀ ਸੀ।

ਫੈਕਟਰੀ ਤੇ ਇਸਦੇ ਸਿਸਟਮ ਨੂੰ ਨਿਗੂਣਾ ਸਮਝਦੇ ਹੋਏ ਉਸਨੇ ਪਾਣੀ ਦਾ ਗਲਾਸ ਮੇਰੇ ਮੂੰਹ ਨੂੰ ਲਗਾਇਆ। ਮੈਂ ਕਦੇ ਕਦੇ ਆਪਣੀ ਇੱਕਲਤਾ ਨਾਲ ਗੱਲਾਂ ਕਰਦਿਆਂ ਸੋਚਿਆ ਕਰਦਾ ਸੀ ਕਿ ਇਨਸਾਨ ਸਾਰੀ ਜ਼ਿੰਦਗੀ ਵਿਚਰਦਾ ਮਾਂ-ਬਾਪ, ਭੈਣ-ਭਰਾ, ਪਰਿਵਾਰ ਸਮਾਜ ਨਾਲ ਰਹਿੰਦਿਆਂ ਇੱਕ ਵੀ ਇਨਸਾਨ ਦੀ ਕਮਾਈ ਨਹੀਂ ਕਰਦਾ ਜਿਸ ਨਾਲ ਉਹ ਸਾਰੇ ਦੁਖ ਸੁਖ ਸਾਂਝੇ ਕਰ ਸਕੇ। ਅਪਣੇ ਸਾਰੇ ਪਾਪ-ਪੁੰਨ ਸਾਂਝੇ ਕਰ ਸਕੇ। ਕਿਸੇ ਨਾਲ ਕਿਸੇ ਗੱਲ ਦਾ ਲਕੋ ਤੇ ਕਿਸੇ ਨਾਲ ਕਿਸੇ ਹੋਰ ਗੱਲ ਦਾ ਲਕੋ। ਸ਼ਰਮਸ਼ਾਰ ਕਰਨ ਵਾਲੀਆਂ ਗੱਲਾਂ ਨੂੰ ਸਾਂਝਾ ਕਰਨ ਲਈ ਵੀ ਕੋਈ ਚਾਹੀਦਾ ਹੈ।  ਕੋਈ ਮਿਲਣਾ ਚਾਹੀਦਾ ਹੈ। ਪਰ ਲਾਟਰੀ ਨਿਕਲਣ ਦਾ ਚਾਂਸ ਹੈ ਪਰ ਐਸਾ ਸੁਖਰਾਬ ਮਿਲਣ ਦਾ ਕੋਈ ਚਾਂਸ ਨਹੀਂ। ਸਾਰੀ ਜ਼ਿੰਦਗੀ ਵਿਚ ਐਸਾ ਨਿਰਛੱਲ ਇਨਸਾਨ ਤਾਂ ਉਹ ਹੀ ਹੋ ਸਕਦਾ ਹੈ ਜਿਸ ਨਾਲ ਤੁਹਾਡਾ ਕੋਈ ਨਾਤਾ ਨਾ ਹੋਵੇ, ਤੁਹਾਨੂੰ ਛੱਲਣ ਨਾਲ ਉਸਦਾ ਕੋਈ ਵੀ ਫਾਇਦਾ ਜੁੜਿਆ ਹੋਇਆ ਨਾ ਹੋਵੇ। ਇਹ ਵੀ ਤੇ ਇੱਕ ਸਤ-ਸੁਪਨਾ ਹੈ,ਤੇਰੇ ਦੁਧ ਦੇ ਗਲਾਸ ਵਿਚ ਮਖਣਾਂ ਮੈਂ ਰਲ ਜਾਵਾਂ ਖੰਡ ਬਣਕੇ। ਨਾਤੇ ਤਾਂ ਪਰਦਾ ਭਾਲਦੇ ਹਨ। ਉਹ ਤੁਹਾਡੀ ਮਾਂ ਨਾ ਹੋਵੇ ਪਤਨੀ ਤਾਂ ਬਿਲਕੁਲ  ਨਾ ਹੋਵੇ ਇਥੋਂ ਤੱਕ ਕਿ ਤੁਹਾਡਾ ਦੋਸਤ ਵੀ ਨਾ ਹੋਵੇ। ਕਨਫੈæਸ਼ਨ ਨੂੰ ਸਮਝਣ ਵਾਲਾ ਕੋਈ ਸਿਆਣਾ ਵੀ ਨਾ ਹੋਵੇ। ਇਥੋਂ ਤੱਕ ਕਿ ਬੰਦੇ ਦਾ ਬਣਾਇਆ ਰੱਬ ਵੀ ਨਾ ਹੋਵੇ। ਰੱਬ ਤਾਂ ਤੁਹਾਡੀ ਕਹੀ ਹੋਈ ਗੱਲ ਨੂੰ ਕਨਫੈਸ਼ਨ ਸਮਝਕੇ, ਕੋਈ ਰੂਪ ਦੇ ਦੇਵੇਗਾ। ਇੱਕੋ ਹੀ ਸਦਾਚਾਰੀ ਖਿੜਕੀ ਖੋਲੇਗਾ।  ਆਪਣੇ ਪ੍ਰਛਾਂਵੇਂ ਵਿਚ ਲੈਕੇ ਤੁਹਾਡੀ ਧੁੱਪ ਖੋਹ ਲਵੇਗਾ। ਬੰਦੇ ਦਾ ਸਿਰਜਿਆ ਕੰਮਪਿਊਟਰੀ-ਰੱਬ, ਸੱਚ ਕਦੋਂ ਬੋਲਦਾ ਹੈ? ਰੱਬ ਤਾਂ ਇਨਸਾਨ ਦੇ ਪਿੱਛੇ ਹੀ ਪਿਆ ਰਹਿੰਦਾ ਹੈ। ਉਹ ਕਦੋਂ ਖੁਸ਼ਬੋਆਂ ਦੀ ਗੱਲ ਕਰਨ ਦਿੰਦਾ ਹੈ? ਪਰ ਰਬ ਵੀ ਕੀ ਕਰੇ, ਸਵੀਕਾਰੇ ਰਬ ਵਿਚ ਅਸੀਂ ਖੁਸ਼ਬੋ ਬੀਜਦੇ ਹੀ ਕਦੋਂ ਹਾਂ?
ਐਮਬੂਲੈਂਸ ਵਿਚ ਸਟਰੇਚਰ ਤੇ ਸੁਆਰ ਹੁੰਦਿਆਂ ਅਥਾਹ ਪੀੜ ਨੂੰ ਸਹਾਰਦਿਆਂ, ਹੀਰੀ ਦੀਆਂ ਅੱਖਾਂ ਵਿਚਲੀ ਨਮੀਂ ਨੇ ਇੱਕ ਵਖਰੇ ਅੰਦਾਜ਼ ਤੋਂ ਸੋਚਣ ਲਈ ਮਜਬੂਰ ਕਰ ਦਿੱਤਾ।

ਦੋ ਮਹੀਨੇ ਦੀਆਂ ਛੁਟੀਆਂ, ਬਸ ਮੌਜਾਂ ਹੀ ਮੌਜਾਂ। ਕੋਈ ਫ਼ਿਕਰ ਨਹੀਂ, ਕੋਈ ਪਰੋਡਕਸ਼ਨ, ਕੋਈ ਪਰੋਗਰੈਸ ਚਾਰਟ, ਕੋਈ ਸਵੇਰੇ ਉੱਠਣ ਦੀ ਕਾਹਲ ਨਹੀਂ ਬਸ ਥੋੜਾ ਜਿਹਾ ਲੰਗੜਾਉਣਾ ਤੇ ਔਖੇ ਜਿਹੇ ਹੋਕੇ ਬੈਠਣਾ ਤੇ ਲੇਟਣਾ। ਇਹ ਤੇ ਕੁਝ ਵੀ ਨਹੀਂ ਸੀ। ਬਸ ਥੋੜੀ ਜਿਹੀ ਤਕਲੀਫ਼ ਟਾਇਲਟ ਤੇ ਬੈਠਣ ਲਗਿਆਂ ਜ਼ਿਆਦਾ ਹੁੰਦੀ ਸੀ, ਫ਼ਿਰ ਵੀ ਮੈਂ ਖੁਸ਼ ਸੀ। ਫੈਕਟਰੀ ਵਾਲਿਆਂ ਇਹਨਾਂ ਦੋ ਮਹੀਨਿਆਂ ਵਿਚ ਮੇਰੀ ਜਗ੍ਹਾ ਰੀਟਾ ਨੂੰ ਦੇ ਦਿਤੀ। ਰੀਟਾ ਦੇ ਮੇਕਅੱਪ ਦਾ ਖਰਚਾ ਵਧ ਗਿਆ ਤੇ ਵਰਕਰ ਡਾਹਢੇ ਔਖੇ ਹੋ ਗਏ।

ਇੱਕ ਦਿਨ ਡੋਰ-ਬੈਲ ਹੋਈ। ਮੈਂ ਲੱਤਾਂ ਘੜੀਸ ਕੇ ਆਪਣੀਆਂ ਫੌੜੀਆਂ ਚੁੱਕੀਆਂ ਤੇ ਦਰਵਾਜ਼ਾ ਖੋਲਿਆ। ਹਰੀ ਤੇ ਪਰਮਿੰਦਰ ਬਾਹਰ ਖੜੇ ਸਨ।

"ਸਤਿ ਸ੍ਰੀ ਅਕਾਲ ਭਾਜ਼ੀ।" ਹਰੀ ਨੇ ਕਿਹਾ, ਤੇ ਪਰਮਿੰਦਰ ਨੇ ਮੇਰੇ ਨਾਲ ਹੱਥ ਮਿਲਾਇਆ। ਇਧਰ ਉਧਰ ਦੀਆਂ ਗੱਲਾਂ ਮਾਰਕੇ, ਹੀਰੀ ਰਸੋਈ ਵਿਚ ਚਾਹ ਬਨਾਉਣ ਚਲੇ ਗਈ। ਚਾਹ ਪੀਦਿੰਆਂ ਅਸੀਂ ਤਿੰਨਾ ਨੇ ਰੱਜ ਕੇ ਚੁਗਲੀ ਨਿੰਦਾ ਕੀਤੀ। ਖਾਸ ਤੌਰ ਤੇ ਰੀਟਾ ਦੀ ਤੇ ਤਹਿ ਹੀ ਲਾ ਦਿੱਤੀ। ਪਰਮਿੰਦਰ ਅੱਜਕਲ ਦੋ ਜੌਬਾਂ ਕਰ ਰਿਹਾ ਸੀ। ਸੱਤੇ ਦਿਨ ਕੰਮ ਕਰਦੇ ਪਰਮਿੰਦਰ ਦੇ ਆਪਣੇ ਮਨਸੂਬੇ ਸਨ ਤੇ ਇਨ੍ਹਾਂ ਮਨਸੂਬਿਆਂ ਵਿਚੋਂ ਹਰੀ ਗਾਇਬ ਸੀ। ਹਰੀ ਦੀਆਂ ਕੀਤੀਆਂ ਗੱਲਾਂ ਵਿਚ ਊਣਪੁਣੇ ਦੀ ਭਰਪੂਰਤਾ ਸੀ। ਮੈਨੂੰ ਮਹਿਸੂਸ ਹੋਇਆ ਜੋ ਮੈਂ ਸੋਚਦਾ ਸੀ ਉਹ ਮੇਰੇ ਚੇਤਿਆਂ ਦੀ ਨਿਰੀਪੂਰੀ ਗੱਪ ਨਹੀਂ ਸੀ ਉਹ ਕੋਈ ਮੇਰਾ ਨਿੱਜ ਵੀ ਨਹੀਂ ਸੀ। ਇਹ ਇੱਕ ਹੋਰ ਹੋਣੀ ਦੇ ਮੁਸਾਫਰ ਸਨ। ਹਰੀ, ਪਰਮਿੰਦਰ ਦੇ ਸੋਚੇ ਜਾ ਰਹੇ ਪੈਸੇ ਨਾਲ ਭੁਰਨ ਵਾਲੀ ਸ਼ੈਅ ਨਹੀਂ ਸੀ। ਉਹ ਇੱਕ ਦੂਜੇ ਦਾ ਹੁੰਗਾਰਾ ਭਰਦੇ ਹਸਦੇ ਵੀ ਸਨ। ਇੱਕ ਦੂਜੇ ਨਾਲ ਭਿੱਜੇ ਹੋਏ ਵੀ ਸਨ ਬਿਲਕੁਲ ਉਸਤਰਾਂ ਜਿਵੇਂ ਮਹਿੰਗੇ ਸੂਟ ਨਾਲ ਮਹਿੰਗੀ ਟਾਈ ਲਾਈ ਹੋਵੇ ਪਰ ਉਹ ਸੂਟ ਨਾਲ ਮੈਚ  ਨਾ ਕਰਦੀ ਹੋਵੇ ਜਾਂ  ਕਰਦੀ ਵੀ ਹੋਵੇ ਤਾਂ ਉਹ ਮੈਚ ਕਰਦੀ ਲੱਗੇ ਨਾ। ਹਲਵਾਈ ਦੇ ਦੁੱਧ ਦੇ ਕੜਾਹੇ ਵਾਂਗ। ਮੋਟੀ ਮਲਾਈ ਵੱਖਰੀ ਤੇ ਪਤਲਾ ਦੁੱਧ ਵਖਰਾ। ਬੜੀ ਹੀ ਸੌਖੀ ਤਰ੍ਹਾਂ ਬਿਨ੍ਹਾਂ ਦੁੱਧ ਨੂੰ ਤਕਲੀਫ਼ ਦਿਤਿਆਂ ਜਦੋਂ ਮਰਜ਼ੀ ਮਲਾਈ ਲਾ ਲਵੋ।  ਮੈਂ ਵੀ ਉਨ੍ਹਾਂ ਦੇ ਮਹਿੰਗੇ ਕਪੜਿਆਂ ਤੋਂ ਪ੍ਰਭਾਵਿਤ ਨਹੀਂ ਸੀ,ਹਾਂ ਮਲਾਈ ਦੀ ਹੋਰ ਗੱਲ ਹੈ। ਗੋਲਗੱਪੇ ਵਿਚ ਪਾਈ ਕਾਂਜੀ ਜੇ ਗੋਲਗਪੇ ਨੂੰ ਤੋੜ ਵੀ ਦੇਵੇ ਤਾਂ ਵੀ ਉਸਦਾ ਸੁਆਦ ਨਹੀਂ ਗੁਆਚਦਾ ਪਰ ਇੱਥੇ ਤਾਂ ਕਾਂਜੀ ਵਧੀਆਂ ਬੋਤਲਾਂ ਵਿਚ ਪਾਈ ਹੋਈ ਸੀ। ਇਹ ਗੱਲਾਂ ਉਦੋਂ ਤੇ ਮੈਂਨੂੰ ਐਵੇਂ ਕੈਵੇਂ ਹੀ ਲਗੀਆਂ ਐਵੇਂ ਆਪਣੇ ਹੀ ਖਿਆਲਾਂ ਦਾ ਫਤੂਰ ਪਰ ਵਕਤ ਬੀਤਣ ਨਾਲ ਇਹ ਗੱਲ ਨਿਤਰ ਗਈ ਕਿ ਮੇਰੇ ਖਿਆਲਾਂ ਵਿਚ ਐਵੇਂ ਹੀ ਫਿਰੀ ਤਾਰ ਜਿਹੀ ਗਲਤ ਨਹੀਂ ਸੀ। ਪਰਮਿੰਦਰ ਹੱਦ ਦਰਜੇ ਦਾ ਵਸਤੂਵਾਦੀ ਸੀ।

ਘੰਟਾ ਕੁ ਬੈਠਕੇ ਉਹ ਮੇਰਾ ਫੋਨ ਨੰਬਰ ਲੈਕੇ ਚਲੇ ਗਏ। ਉਨ੍ਹਾਂ ਦੇ ਜਾਣ ਤੋਂ ਬਾਅਦ ਮੈਂ ਸੋਫੇ ਦੀ ਗੱਦੀ ਦੇ ਥੱਲੇ ਪਈ ਮਧੋਲੀ, ਅੱਧਪੜੀ ਅਖਬਾਰੀ ਅਪਰਾਧ ਕਥਾ ਨੂੰ ਦੁਬਾਰਾ ਪੜਣ ਲੱਗ ਪਿਆ। ਸੁਨੀਤਾ ਆਪਣੇ ਨਿਆਣਿਆਂ ਨੂੰ ਛੱਡਕੇ ਆਪਣੇ ਪ੍ਰੇਮੀ ਨਾਲ ਦੌੜ ਚੁੱਕੀ ਸੀ। ਅੱਧੇ ਕੁ ਸਫ਼ੇ ਬਾਅਦ ਹੀ ਉਹ ਦੁਖੀ ਹੋਕੇ ਨਿਆਣੇ ਯਾਦ ਕਰਨ ਲੱਗ ਪਈ। ਅੰਤ ਵਿਚ ਉਹੋ ਕੁਝ ਹੋਇਆ ਜੋ ਮੈਂ ਸੋਚਿਆ ਸੀ। ਅਖਬਾਰ ਪਰ੍ਹੇ ਰੱਖਕੇ ਮੈਂ ਸੋਚਣਾ ਸ਼ੁਰੂ ਕੀਤਾ ਕਿ ਮੈਂ ਐਸਾ ਕਿਉਂ ਸੋਚਿਆ ਸੀ ਜੋ ਕਹਾਣੀ ਦੇ ਅੰਤ ਵਿਚ ਹੋਇਆ ਹੈ। ਇਸ ਅੰਤ ਤੋਂ ਸੁਨੀਤਾ ਕਿਵੇਂ ਬਚ ਸਕਦੀ ਸੀ। ਸੁਨੀਤਾ ਹੀ ਕਿਉਂ ਮੈਂ ਇਸ ਅੰਤ ਤੋਂ ਵਖਰਾ ਕਿਉਂ ਕੁਝ ਹੋਰ ਤਸਵਰ ਨਹੀਂ ਕਰ ਸਕਦਾ ਸੀ? ਇਸ ਵਖਰੇ ਸੋਚਣ ਦੇ ਢੰਗ ਬਾਰੇ ਸੋਚਦਿਆਂ, ਇਹ ਹਰੀ ਦਾ ਚੇਹਰਾ ਕਿਉਂ ਧੁੰਧਲਾ ਧੁੰਦਲਾ ਮੇਰੇ ਜ਼ਹਿਨ ਵਿਚ ਚੱਕਰ ਕੱਟ ਰਿਹਾ ਹੈ?

ਅਗਲੇ ਦਿਨ ਲੰਘੇ ਵਾਹ ਢਿਝਕੂੰ ਢਿਝਕੂੰ ਕਰਦਿਆਂ,ਮੈਂ ਚਾਹ ਬਣਾਕੇ ਹਟਿਆ ਹੀ ਸੀ ਜਦੋਂ ਫੋਨ ਦੀ ਘੰਟੀ ਵੱਜੀ।
ਫੋਨ ਤੇ ਹਰੀ ਸੀ, "ਗੋਪੀ ਭਾਜ਼ੀ ਕੀ ਹਾਲ ਹੈ ਤੁਹਾਡਾ?" ਮੇਰੇ ਤੋਂ ਵੀਹ ਸਾਲ ਛੋਟੀ ਹਰੀ, ਮੈਨੂੰ ਆਪਣੇ ਹਾਣ ਦੀ ਜਾਪੀ।
" ਬਸ ਠੀਕ ਹੈ, ਤੇਰੇ ਫੋਨ ਆਏ ਤੋਂ ਇਹੋ ਸੋਚਦਾ ਹਾਂ ਕਿ ਕਾਸ਼ ਦਸ ਸਾਲ ਬਾਅਦ ਜੰਮਿਆ ਹੁੰਦਾ।"
" ਨਾ ਭਲਾ  ਇਹ ਕੀ  ਗੱਲ ਹੋਈ।"ਹਰੀ ਦਾ ਹਾਸਾ ਛਣਕਿਆ।
" ਜਾਂ ਫਿਰ ਤੂੰ ਦਸ ਸਾਲ ਪਹਿਲਾਂ  ਜੰਮੀ ਹੁੰਦੀ।" ਮੈਂ ਪੂਰੇ ਵਿਸ਼ਵਾਸ਼ ਨਾਲ ਕਿਹਾ।
"ਕਿਉਂ ਇਸ ਤਰਾਂ ਕਿਉਂ ਹੁੰਦਾ?"
"ਫੇਰ ਤੈਨੂੰ ਭਾਜ਼ੀ ਨਾ ਕਹਿਣਾ ਪੈਂਦਾ।" ਉਹ ਬੋਲੀ ਤੇ ਕੁਝ ਨਹੀਂ ਪਰ ਹਸਣ ਲੱਗ ਪਈ। ਉਸਦੇ ਹਾਸੇ ਨੇ ਕੋਈ ਸੁਆਲ ਖੜਾ ਕਰ ਦਿੱਤਾ। ਉਸਦੇ ਹੱਸੇ ਸੁਆਲ ਦਾ, ਮੇਰੇ ਕੋਲ ਕੋਈ ਘੜਿਆ ਘੜਾਇਆ ਜੁਆਬ ਨਹੀਂ ਸੀ ਪਰ ਇੱਕ ਗੱਲ ਪੱਕੀ ਹੈ ਕਿ ਮੈਂ ਪਜ਼ੈਸਿਵਨੈਸ ਮਹਿਸੂਸਿਆ ਨਹੀਂ। ਇੱਕ ਤਲਾਸ਼ ਦੀ ਡਗਰ ਤੇ ਪਹਿਲਾ ਕਦਮ ਧਰਿਆ ਲਗਿਆ।
"ਭਾਜ਼ੀ ਸ਼ਬਦ ਵਿਚ ਇੱਕ ਵਲਗਣ ਹੈ। ਇੱਕ ਲਿਮਟ, ਬੱਸ ਇੱਕ ਹੱਦ ਤੱਕ ਤੇ ਉਸਤੋਂ ਬਾਅਦ ਤੁਹਾਡਾ ਧਰਮ ਖਤਰੇ ਵਿਚ। ਕੀ ਤੂੰ ਨਹੀਂ ਚਾਹੁੰਦੀ ਇਸ ਲਿਮਟ ਨੂੰ ਅਨਲਿਮਟਿਡ ਕਰ ਦਿੱਤਾ ਜਾਵੇ ਜਾਂ ਤੈਨੂੰ ਮੇਰੇ ਤੇ ਵਿਸ਼ਵਾਸ਼ ਨਹੀਂ?" ਹਰੀ ਫੋਨ ਤੇ ਫੇਰ ਹੱਸ ਪਈ।

" ਨਾ ਹਸਦੀ ਕਿਉਂ ਹੈਂ?" ਮੈਂ ਪੌੜੀ ਦੇ ਦੂਸਰੇ ਡੰਡੇ ਤੇ ਪੈਰ ਧਰਦਿਆਂ ਕਿਹਾ।
"ਮੈਂ ਆ ਰਹੀ ਹਾਂ ਤੁਹਾਡੇ ਕੋਲ। ਅੱਜ ਤੋਂ ਬਾਦ ਹਰ ਸ਼ਾਮ ਤੁਹਾਡੀ ਰੋਟੀ ਲੈਕੇ ਆਇਆ ਕਰਾਂਗੀ ਜਿਨ੍ਹਾਂ ਚਿਰ ਭਾਬੀ ਜੀ ਨਹੀਂ ਇੰਡੀਆ ਤੋਂ ਮੁੜਦੇ।"
" ਇਸ ਵਿਚ  ਖੇਚਲ ਕਾਹਦੀ। ਦੋ ਰੋਟੀਆਂ ਥਪਣ ਵਿਚ ਕਾਹਦੀ ਤਕਲੀਫ਼।  ਬਸ ਸਰ ਐਵੇਂ ਤੁਸੀਂ ਮਜ਼ਾਕ ਕਰਦੇ ਹੋ। ਇਸ ਕਰਕੇ ਹਸਦੀ ਹਾਂ।" ਕਾਫੀæ ਟੇਬਲ ਤੇ ਖਾਣਾ ਲਗਾਕੇ ਉਹ ਸੋਫੇ ਤੇ ਬੈਠ ਗਈ।  ਉਸਨੇ ਭਾਜ਼ੀ ਦੀ ਬਜਾਏ ਮੈਨੂੰ ਸਰ ਕਿਹਾ।

" ਮੈਂ ਮਜ਼ਾਕ ਨਹੀਂ ਕਰ ਰਿਹਾ। ਮਜ਼ਾਕ ਤਾਂ ਇਹ ਹੁੰਦਾ ਜੇ ਮੈਂ ਕਹਿੰਦਾ ਕਿ ਹੀਰੀ ਰੋਟੀ ਨਹੀਂ ਮੈਨੂੰ ਭੱਤਾ ਚਾਹੀਦਾ ਹੈ। ਮੈਂ ਤਾਂ ਜ਼ਿੰਦਗੀ ਨਾਲ ਗੱਲਾਂ ਕਰ ਰਿਹਾ ਹਾਂ।" ਹਰੀ ਚੁੱਪ ਹੋ ਗਈ, ਸਿਰਫ਼ ਕੁਝ ਹੋਰ ਸੁਣਨ ਲਈ।
" ਤੇਰੀ ਇਕਾਗਰਤਾ ਦਾ ਕੀ ਜੁਆਬ ਦਿਆਂ। ਬੱਸ ਤੇਰੀਆਂ ਅੱਖਾਂ ਵਿਚਲੀ ਉਦਾਸੀ ਵੇਖੀ ਹੈ। ਤੂੰ ਜ਼ਿੰਦਗੀ ਤੋਂ ਖੁਸ਼ ਨਹੀਂ ਹੈਂ।  ਇਤਨੀ ਸੁਆਦ ਰੋਟੀ, ਇਤਨੀ ਸੋਹਣੀ ਕੁੜੀ ਤੇ ਇਤਨੀਆਂ ਵਿਰਾਨ ਅੱਖਾਂ! ਮੇਰੀ ਜ਼ਿੰਦਗੀ ਮੌਤ ਦੇ ਪਲ ਵਿਚ ਤੇਰੇ ਪਾਣੀ ਦੇ ਗਲਾਸ ਨੇ ਮੂੰਹੋਂ ਬੋਲਕੇ ਕਿਹਾ ਹੈ ਕਿ ਮੈਂ ਤੇਰਾ ਖੇੜਾ ਚਾਹਾਂ। ਬਸ ਇਤਨੀ ਕੁ ਹੀ ਗੱਲ ਹੈ, ਮੇਰੇ ਦੋਸਤ।"

"ਮੈਂ ਡਰਦੀ ਹਾਂ ਸਰ।" ਹਰੀ ਦੇ ਬੋਲ ਭਿੱਜੇ ਹੋਏ ਸਨ।
"ਭਾਜ਼ੀ ਨਾਲੋਂ ਸਰ ਚੰਗਾ ਪਰ ਜੇ ਤੂੰ ਚਾਹੇਂ ਤਾਂ ਸਰ ਕਹਿਣਾ ਵੀ ਛੱਡ ਸਕਦੀ ਹੈਂ। ਮੈਨੂੰ ਖੁਸ਼ੀ ਹੋਵੇਗੀ।"
"ਕੀ ਕਹਾਂ?" ਹਰੀ ਦੇ ਭਿੱਜੇ ਹੋਏ ਬੋਲ ਕੁਝ ਨਿਖਰ ਰਹੇ ਸਨ।
" ਮੈਂ ਨਹੀਂ ਕਹਿੰਦਾ ਮੈਨੂੰ ਡਾਰਲਿੰਗ ਕਹਿ ਪਰ ਕੋਈ ਹਰਜ਼ ਵੀ ਨਹੀਂ ਪਰ  ਉਹ ਤੇ ਤੇਰਾ ਪਰਮਿੰਦਰ ਹੈ ਹੀ। ਬਸ ਵਿਚ ਵਿਚਾਲੇ ਕੁਝ ਕਹਿ ਲੈ।"

" ਤੁਸੀਂ ਹੀ ਦਸੋ, ਕੀ ਕਹਾਂ?"  ਹਰੀ ਚਾਂਬਲੀ ਜਿਹੀ ਕਹਿ ਰਹੀ ਸੀ।
" ਮੈਨੂੰ ਨਹੀਂ ਪਤਾ। ਜੋ ਮਰਜ਼ੀ ਕਹਿ, ਪਰ ਨਾ ਭਾਜ਼ੀ ਨਾ ਸਰ। ਕੁਝ ਆਪਣਾ ਜਿਹਾ। ਪਰਾਏਪਨ ਤੋਂ ਬਗੈਰ। ਕੁਝ ਵੀ, ਕੋਈ ਵੀ ਨਾਮ, ਦੋਸਤ, ਮਿੱਤਰ, ਸਹੇਲੀ, ਦੁਸ਼ਮਣ, ਬਦਮਾਸ਼। ਬਸ ਮੈਂ ਤਾਂ ਚਾਹੁੰਨਾ ਮੇਰੇ ਪੈਰ ਦੀ ਪੀੜ ਨੂੰ ਮਹਿਸੂਸਣ ਵਾਲੀ ਮੈਨੂੰ ਪਜੈਸਿਵ ਨਾ ਸਮਝੇ। ਸਿਰਫ ਆਪਣਾ ਸਮਝੇ।"

" ਅੋਕੇ ਅੋਕੇ ਦੋਸਤ ਜੀ, ਮੈਂ ਕਲ ਨੂੰ ਦੁਪਿਹਰੇ ਫੋਨ ਕਰਕੇ ਦਸਾਂਗੀ ਕਿ ਕੀ ਕਿਹਾ ਜਾਵੇ ਤੁਹਾਨੂੰ।" ਹਰੀ ਨੇ ਭਾਂਡੇ ਢੀਂਡੇ ਸੰਭਾਲ ਕੇ ਥਾਂਉਂ ਥਾਂਈ ਟਿਕਾ ਦਿੱਤੇ ਤੇ ਚਲੇ ਗਈ।  

ਹਰ ਸ਼ਾਮ ਖਾਣਾ ਲੈਕੇ ਆਉਂਦੀ ਹਰੀ ਜਿਵੇਂ ਇਸ ਛੋਟੇ ਜਿਹੇ ਲਿਵ-ਰੂਮ ਦਾ ਹਿੱਸਾ ਬਣ ਗਈ। ਲਾਂਡਰੀ ਕਰਦੀ ਵੈਕਿਊਮ ਕਰਦੀ ਮੇਰੇ ਆਸੇ-ਪਾਸੇ ਫਿਰਦੀ, ਨਿੱਕੀਆਂ ਨਿੱਕੀਆਂ ਗੱਲਾਂ ਕਰਦੀ, ਮੇਰੇ ਲਈ ਕਿਤਨੇ ਹੀ ਸੁਆਲ ਛੱਡ ਜਾਂਦੀ। ਉਸਦਾ ਹਰ ਸੁਆਲ ਮੇਰੇ ਲਈ ਇਮਤਿਹਾਨ ਹੁੰਦਾ। ਕਿਤੇ ਨਾ ਕਿਤੇ ਮੈਂ ਪਰੇਸ਼ਾਨ ਜ਼ਰੂਰ ਸੀ। ਕੋਈ ਤੇ ਗੱਲ ਸੀ ਜੋ ਸਾਡੇ ਵਿਚ ਵਿਚਾਲੇ  ਸਾਂਝੀ ਨਹੀਂ ਸੀ। ਉਸਦਾ ਕੋਈ ਵੀ ਵਾਕ ਮੇਰੇ ਤੱਕ ਨਿਰਵਿਘਨ ਨਹੀਂ ਪਹੁੰਚਦਾ ਸੀ। ਉਸਦੀ ਕੋਈ ਵੀ ਗੱਲ,ਮੇਰੀ ਸੋਚ ਨੂੰ ਹੋਰ ਹੀ ਪਾਸੇ ਲੈ ਜਾਂਦੀ। ਕਿਸੇ ਵੀ ਗੱਲ ਦਾ ਸਿੱਧਾ ਪਾਸਾ ਮੇਰੇ ਲਈ ਮੁਸੀਬਤ ਬਣਦਾ ਜਾ ਰਿਹਾ ਸੀ। ਉਸਦੇ ਕਹੇ ਸ਼ਬਦਾਂ ਦੇ ਕੀ ਮਤਲਬ ਹਨ,ਉਨ੍ਹਾਂ ਅਰਥਾਂ ਦਾ ਮੈਂ ਕੀ ਜੁਆਬ ਦੇਣਾ ਹੈ?ਹੌਲੀ ਹੌਲੀ ਮੈਂ ਮਹਿਸੂਸ ਕਰਨ ਲੱਗ ਪਿਆ ਕਿ ਇਹ ਡਰ ਮੇਰਾ ਆਪਣਾ ਹੈ। ਮੇਰਾ ਹੀ ਨਿੱਜ, ਰੁਕਾਵਟ ਹੈ। ਮੈਂ ਹੋਰ ਵੀ ਸਤਰਕ ਹੋ ਗਿਆ। ਆਪਣੇ ਪਾਣੀਆਂ ਨੂੰ ਨਿਰਮਲ ਕਰਨ ਦੇ ਮੇਰੇ ਉਪਰਾਲੇ, ਧਰਤੀ ਦੇ ਹਾਣਦੇ ਹੋਣ ਲੱਗੇ।  ਨਿੱਕੇ ਨਿੱਕੇ ਹਾਸੇ, ਛੋਟੇ ਛੋਟੇ ਲਤੀਫੇ ਸੁਣਨ ਸੁਨਾਉਣ ਤੋਂ ਬਾਅਦ ਹਰੀ ਨੂੰ ਮਹਿਸੂਸ ਹੋ ਗਿਆ ਕਿ ਮੈਂ ਹਾਰਮਲੈਸ ਜੀਵ ਹਾਂ। ਔਰਤ ਤੇ ਘੜਾ ਲੈਣ ਲਗਿਆਂ ਵੀ ਟਣਕਾਕੇ ਵੇਖਦੀ ਹੈ ਪਰ ਹਰੀ ਨੇ ਮੈਨੂੰ ਟਣਕਾਉਂਣ ਵਿਚ ਕੁਝ ਜ਼ਿਆਦਾ ਹੀ ਵਕਤ ਲੈ ਲਿਆ ਜਾਂ ਇਹ ਸਮਝ ਲਵੋ ਕਿ ਮੇਰੇ ਹੀ ਘੜੇ ਦਾ ਸੰਗੀਤ ਲੈਅ ਵਿਚ ਆਉਣ ਲਗਿਆਂ ਕੁਝ ਸਮਾਂ ਲੈ ਗਿਆ। ਗੱਲਾਂ ਸੁਣਦੀ, ਗਹਿਰ ਗੰਭੀਰ ਵੀ ਹੋ ਜਾਂਦੀ ਪਰ ਪਰਨਾਲਾ ਉੱਥੇ ਦਾ ਉੱਥੇ, ਇੱਕ ਗੁੱਠੇ ਜਿਹੇ। ਫਿਰ ਇੱਕ ਦਿਨ ਮੇਰੀ ਕਹੀ ਗੱਲ ਨੇ ਉਸਦਾ ਟਣਕਾਉਂਣਾ ਸਮਾਪਤ ਕਰ ਦਿੱਤਾ।

ਹਰੀ ਨੇ ਫੋਨ ਕਰਕੇ ਮੈਨੂੰ ਟਿਮ ਹਾਰਟਨ ਸਦਿਆ ਸੀ। ਕਹਿਣ ਲੱਗੀ, "ਗੋਪੀ ਜੀ ਹਮਨੇ  ਪੰਜ ਨੰਬਰ ਮਸ਼ੀਨ ਤੇ ਕੰਮ ਨਹੀਂ ਕਰਨਾ ਮੈ ਨਹੀਂ ਹੋਰ ਸੀਮਾ ਨਾਲ ਕੰਮ ਕਰ ਸਕਦੀ। ਉਹ ਨਿਰੀਪੁਰੀ ਗੁਆਰ ਹੈ।" ਸੀਮਾ ਤੇ ਹਰੀ ਦੇ ਹਮੇਸ਼ਾਂ ਸਿੰਗ ਫ਼ਸੇ ਰਹਿੰਦੇ। ਕਦੇ ਕਦੇ ਗੱਲ ਵਧ ਵੀ ਜਾਂਦੀ।
ਮੈਂ ਕਿਹਾ, " ਪਤਾ ਹਰੀ ਤੁਹਾਡੇ ਦੋਵਾਂ ਦੀ ਲੜਾਈ ਵਿਚ ਕਸੂਰ ਕਿਸਦਾ ਹੈ?"
" ਕਿਸਦਾ?"

" ਤੇਰਾ, ਸੌ ਫੀ ਸਦੀ ਤੇਰਾ। ਤੂੰ ਉਸਨੂੰ ਬਦਲਨਾ ਚਾਹੁੰਦੀ ਹੈਂ। ਤੇਰੇ ਦਿਮਾਗ ਵਿਚ ਕਿਤੇ ਨਾ ਕਿਤੇ ਇਹ ਗੱਲ ਬੈਠੀ ਹੈ ਕਿ ਉਹ ਤੇਰੇ ਵਾਂਗ ਸੋਚੇ, ਤੇਰੀ ਸੋਚ ਵਾਂਗ ਵਿਹਾਰ ਕਰੇ। ਤੇਰੇ ਵਾਂਗ ਉੱਠੇ ਬੈਠੇ। ਤੂੰ ਇਹ ਕਿਉਂ ਨਹੀਂ ਸੋਚਦੀ ਕਿ ਇਹ ਤੇਰੇ ਵਸ ਵਿਚ ਨਹੀਂ ਤੇ ਤੇਰਾ ਇਹ ਕੰਮ ਵੀ ਨਹੀਂ। ਇਨਸਾਨ ਨੂੰ ਸਮੁੱਚ ਵਿਚ ਲੈਣਾ ਚਾਹੀਦਾ ਹੈ। ਜਸਟ ਇਨ ਟੋਟੈਲਿਟੀ। ਅੱਧ ਪਚੱਧਾ ਨਹੀਂ। ਉਹ ਆਪਣੀਆਂ ਆਦਤਾਂ ਨਾਲ ਆਪਣੇ ਟੱਬਰ ਨਾਲ ਜੀ ਰਹੀ ਹੈ, ਬੱਚੇ ਪਾਲ ਰਹੀ ਹੈ, ਸਮਾਜ ਵਿਚ ਵਿਚਰ ਰਹੀ ਹੈ ਤੇ ਵਿਚਰਨ ਦੇ। ਉਹਦੇ ਇਰਾਦੇ ਬਦਲਣ ਦੀ ਤੈਨੂੰ ਕੀ ਜਰੂਰਤ ਹੈ। ਤੂੰ ਉਹਦੀ ਗਾਈਡ ਬਣਨ ਦੀ ਕੋਸ਼ਿਸ਼ ਨਾ ਕਰ। ਜਿਸ ਦਿਨ ਤੇਰਾ ਗਾਈਡ ਬਣਨ ਦਾ ਇਰਾਦਾ ਬਦਲ ਗਿਆ ਤੁਹਾਡੀ ਲੜਾਈ ਖ਼ਤਮ ਹੋ ਜਾਇਗੀ, ਤੇਰਾ ਕੰਮ ਅਡਜਸਟ ਕਰਨਾ ਹੈ।"

ਉਹਦੋਂ ਹੀ ਫ਼ੋਨ ਦੀ ਘੰਟੀ ਵੱਜੀ। ਹਰੀ ਨੇ ਫੋਨ ਖੋਲ ਕੇ ਹੈਲੋ ਕਿਹਾ। " ਹਾਂ ਮੈਂ ਟਿਮ ਹਾਰਟਨ ਹਾਂ, ਕਾਫੀ ਪੀਣ ਗੋਪੀ ਭਾਜ਼ੀ ਨਾਲ। ਮੈਂ ਪਹੁੰਚ ਜਾਵਾਂਗੀ।" ਹਰੀ ਨੇ ਫੋਨ ਫੋਲਡ ਕਰਕੇ ਪਰਸ ਵਿਚ ਪਾ ਲਿਆ।
" ਕੀਹਦਾ ਫੋਨ ਸੀ?"
" ਪਰਮਿੰਦਰ ਦਾ।" ਇੱਕ ਵਾਰੀ ਤਾਂ ਮੈਂ ਥਿੜਕ ਗਿਆ, ਸੋਚਿਆ ਕੀ ਸੋਚਦਾ ਹੋਵੇਗਾ?
" ਹਾਂ ਤੇ ਤੁਸੀਂ ਜੋ ਕਿਹਾ ਉਹੋ ਠੀਕ ਹੈ। ਹੁਣ ਮੇਰੀ ਸਮਝ ਵਿਚ ਆ ਗਿਆ ਹੈ ਸਰ ਜੀ। ਸੀਮਾ ਨਾਲ ਮੈਂ ਹੁਣ ਨਹੀਂ ਲੜਦੀ ਸਰ ਜੀ।"
"ਬਸ ਇਤਨੀ ਹੀ ਗੱਲ ਹੈ।" ਮੈਂ ਆਪਣੀ ਗੱਲ ਦੀ ਤਾਮੀਰ ਨਪਵਾ ਕੇ ਖੁਸ਼ ਹੋਇਆ।
" ਪਰ ਕੀ ਤੁਸੀਂ ਵੀ ਕਦੇ ਮੈਨੂੰ ਬਦਲਣ ਦੀ ਕੋਸ਼ਿਸ਼ ਕਰ ਸਕਦੇ ਹੋ?"
" ਹਰਗਿਜ਼ ਨਹੀਂ। ਮੈਂ ਸਮੁੱਚ ਵਿਚ ਵਿਸ਼ਵਾਸ਼ ਰੱਖਦਾ ਹਾਂ।"
" ਪਰ ਤੁਹਾਡੇ ਸਮੁੱਚੇ ਵਿਸ਼ਵਾਸ਼ ਦਾ ਪੁੱਠਾ ਪਾਸਾ ਵੀ ਤੇ ਹੋ ਸਕਦਾ ਹੈ।"
" ਗੱਲ ਸਿੱਧੇ ਜਾਂ ਪੁੱਠੇ ਦੀ ਨਹੀਂ। ਗੱਲ ਦੋਸਤੀ ਦੀ ਹੈ। ਹਰੀ ਦੀ ਦੋਸਤੀ ਦੀ।"
" ਤੇ ਜੇ ਹਰੀ ਤੇ ਦੋਸਤੀ ਦੋ ਗੱਲਾਂ ਹੋਣ?"
" ਫਿਰ ਵੀ ਨਹੀਂ।"
" ਸੋਚ ਲਵੋ।"

"ਹਰੀ ਇੱਕ ਗੱਲ ਦਸਾਂ, ਕਦੇ ਕਦੇ ਮੈਨੂੰ ਲਗਦਾ ਹੈ ਤੂੰ ਜਿਤਨੀ ਸੋਹਣੀ ਹੈਂ ਉਤਨੀ ਸਿਆਣੀ ਨਹੀਂ। ਪਰ ਮੈਂਨੂੰ ਸਿਆਣਪ ਨਾਲ ਕੋਈ ਸਰੋਕਾਰ ਨਹੀਂ। ਮੈਨੂੰ ਤੇ ਦੋਸਤੀ ਨਾਲ ਮਤਲਬ ਹੈ ਤੇ ਜਿਸਦਾ ਨਾਮ ਹਰੀ ਹੈ। ਦਰਅਸਲ ਦੋਸਤੀ ਵਿਚ ਸਿਆਣਪ ਹੋਣੀ ਹੀ ਨਹੀਂ ਚਾਹੀਦੀ।"
" ਕਦੇ ਸੋਹਣੀ ਕਦੇ ਮੋਹਣੀ,ਤੁਸੀਂ ਦੋਸਤੀ ਦੀ ਆੜ ਵਿਚ ਕਿਤੇ ਪਜੈਸਿਵ ਤੇ ਨਹੀਂ ਹੁੰਦੇ ਜਾ ਰਹੇ?"
"ਪਜੈਸਿਵ ਹੋਕੇ ਮੈਂਨੂੰ ਕੀ ਮਿਲੇਗਾ? ਵਧ ਤੋਂ ਵਧ ਇੱਕ ਪੱਪੀ ਜਾਂ ਦੋ ਜਾਂ ਤਿੰਨ। ਤਿੰਨ ਚੁੰਮੀਆਂ ਪਿੱਛੇ ਮੈਂ ਆਪਣਾ ਦੋਸਤ ਤੇ ਨਹੀਂ ਗੁਵਾਉਣ ਲੱਗਾ।"
" ਵਾਰੇ ਵਾਰੇ ਜਾਈਏ ਤੁਹਾਡੇ ਇਸ਼ਾਰਿਆਂ ਦੇ।"

" ਵਾਰੇ ਵਾਰੇ ਜਾਉ ਮੈਂ ਕਦੋਂ ਮਨ੍ਹਾਂ ਕਰਦਾ ਹਾਂ। ਬਹੁਤ ਗੁਣੀ ਗਿਆਨੀ, ਰੁੜੇ ਗੜੇ ਵੀ ਇਸ ਪਜੈਸਿਵਪੁਣੇ ਤੋਂ ਮੁਕਤ ਨਹੀਂ ਹਨ। ਕਹਿਣ ਨੂੰ ਤੇ ਜੋ ਮਰਜ਼ੀ ਕਹਿ ਲਵੋ ਪਰ ਨਬੇੜੇ ਤਾਂ ਜਾਚ ਨਾਲ ਹੀ ਹੁੰਦੇ ਹਨ। ਨੱਚਣ ਦਾ ਚੱਜ ਹੋਵੇ ਤਾਂ ਹੀ ਸੰਗੀਤ ਦੀ ਇਜ਼ਤ ਹੁੰਦੀ ਹੈ। ਇੱਕ ਕਰੈਕਟਰ ਦੀ ਗੱਲ ਤੈਨੂੰ ਸੁਣਾਉਂਦਾ ਹਾਂ।
ਉਹ ਭਲਾਮਾਣਸ ਔਰਤ ਦੀ ਇਜ਼ਤ ਹੀ ਨਹੀਂ ਕਰਦਾ ਬਲਕਿ ਔਰਤਾਂ ਤੇ ਹੋਣ ਵਾਲੇ ਇਨਵਿਜ਼ਿਬਲ ਜ਼ੁਲਮਾਂ ਦੀਆਂ ਕਹਾਣੀਆਂ ਵੀ ਪਾਉਂਦਾ ਹੈ। ਗਿਆਨਵਾਨ ਹੈ। ਔਰਤਜ਼ਾਤ ਦੀਆਂ ਨਾਇਕਾਵਾਂ ਦੀਆਂ ਕਿਤਨੀਆਂ ਹੀ ਉਦਾਹਰਣਾਂ ਹਨ ਜੋ ਪਤੀ ਦੇ ਸਾਏ ਵਿਚ ਰਹਿਕੇ  ਨੱਢੀਆਂ ਹੀ ਰਹਿੰਦੀਆਂ ਹਨ ਵਡੀਆਂ ਨਹੀਂ ਹੁੰਦੀਆਂ।  ਪਤੀ ਦੇ ਸਾਏ ਤੋਂ ਬਾਹਰ ਆਕੇ ਸੋਚ ਵੀ ਨਹੀਂ ਸਕਦੀਆਂ। ਆਪਣੇ ਮਰਦ ਦੀ ਇਜ਼ਤ ਕਰਦੀਆਂ ਕਰਦੀਆਂ ਆਪਣਾ ਵਖਰਾ ਸਰੂਪ ਹੀ ਗੁਆ ਬੈਠਦੀਆਂ ਹਨ। ਸਾਡੇ ਘਰ ਬੈਠਿਆਂ ਔਰਤਾਂ ਇੱਕਠੀਆਂ ਹੋਕੇ ਮਾਲ ਨੂੰ ਗਈਆਂ ਪਰ ਇੱਕ ਨਹੀਂ ਗਈ ਜੋ ਨਹੀਂ ਗਈ ਉਹ ਮੁੱਕਤ ਸੀ ਆਪਣੇ ਆਪ ਤੋਂ। ਆਪਣੇ ਨਾਮ ਤੋਂ ਅਨਜਾਣ ਉਹ ਸਿਰਫ਼ ਮਿਸਿਜ਼ ਸੀ। ਪਰਮੇਸ਼ਰ ਨੇ ਰੋਟੀ ਤੋਂ ਬਾਅਦ ਦੋ ਵਜ਼ੇ ਚਾਹ ਪੀਣੀ ਸੀ। ਕੋਈ ਦੁਵਾਈ ਦਵੂਈ ਖਾਣੀ ਸੀ। ਬੇਵਕੂਫ ਤੋਂ ਬੇਵਕੂਫ਼ ਬੰਦਾ ਵੀ ਚਾਹ ਬਨਾਉਂਣ ਵਰਗਾ ਨਖਿਧ ਕੰਮ ਕਰ ਸਕਦਾ ਹੈ। ਜੋ ਚਾਹ ਵੀ ਨਹੀਂ ਬਣਾ ਸਕਦਾ ਉਸਨੂੰ ਤੇ ਵਿਆਹ ਵੀ ਨਹੀਂ ਕਰਵਾਉਂਣਾ ਚਾਹੀਦਾ। ਪਰ ਉਹਨਾਂ ਦੇ ਪਿਆਰ ਦੀ ਇੰਤਹਾ ਸ਼ਾਹਜਹਾਨ-ਮੁਮਤਾਜ਼ ਦੇ ਇਸ਼ਕ ਨੂੰ ਮਾਤ ਪਾ ਰਹੀ ਸੀ।"
" ਸਰ ਜੀ, ਗੁਸਤਾਖੀ ਮੁਆਫ਼ ਤੁਹਾਡੀ ਗੱਲ ਟੋਕੀ ਇਹ ਪਿਆਰ ਤੇ ਇਸ਼ਕ ਵਿਚ ਫ਼ਰਕ ਕੀ ਹੁੰਦਾ ਹੈ?"
" ਜਦੋਂ ਪਿਆਰ ਨੂੰ ਬੁਖਾਰ ਚੜ੍ਹ ਜਾਏ।ਤਾਪਮਾਨ ਵਸੋਂ ਬਾਹਰ ਜੋ ਜਾਏ। ਨਜ਼ਰ ਕੰਮਜੋਰ ਹੋ ਜਾਏ ਤੇ ਉਹੋ ਕੁਝ ਦਿਸੇ ਜਿਸਨੂੰ ਦੇਖਣ ਲਈ ਦਿਲ ਕਰੇ।"

"ਇਹ ਕੀ ਗੱਲ ਹੋਈ ਭਲਾ, ਹਮਨੇ ਨਹੀਂ ਸਮਝੀ?"
"ਬੱਸ ਇਹੋ ਤੇ ਗੱਲ ਹੈ। ਸਭ ਕੁਝ ਜਾਣਦਿਆਂ ਬੁਝਦਿਆਂ ਵੀ ਸੱਚ ਨਹੀਂ ਬੋਲਦੇ।ਕਬਜ਼ੇ ਨੂੰ ਹੀ ਇਸ਼ਕ ਦਾ ਨਾਮ ਦੇਈ ਜਾਂਦੇ ਹਨ। ਬੁਲੇ ਨੇ ਵੀ ਇਸ਼ਕ ਕੀਤਾ ਸੀ। ਉਸਦਾ ਇਸ਼ਕ ਸਾਰੇ ਜਾਣਦੇ ਹਨ।  ਕੌਣ ਲਾਟ ਦੀ ਅੱਖ ਵਿਚ ਅੱਖ ਪਾਵੇ। ਝੂਠ ਬੋਲੇ ਕਊਆ ਕਾਟੇ... ਪਰ ਇਹ ਝੂਠ ਬੋਲਦੇ ਕਦੋਂ ਹਨ? ਇਹਨਾਂ ਦੀ ਦਲੀਲ ਦੀ ਖਿੜਕੀ ਹੋਰ ਹੁੰਦੀ ਹੈ। ਇਹਨਾਂ ਕੋਲ ਹਜਾਰਾਂ ਖਿੜਕੀਆਂ ਹੁੰਦੀਆਂ ਹਨ।ਜਿਸ ਖਿੜਕੀ ਵਿਚੋਂ ਠੰਡੀ ਹਵਾ ਆਏ,ਉਹੋ ਸੱਚ।"  ਝੂਠ ਬੋਲਣ ਦੀ ਲੋੜ ਤਾਂ ਸੱਚੇ ਆਦਮੀ ਨੂੰ ਹੁੰਦੀ ਹੈ। ਝੂਠ ਤਾਂ ਉਹ ਹੁੰਦਾ ਹੈ ਜਿਸਦਾ ਪਤਾ ਹੋਵੇ ਕਿ ਉਹ ਝੂਠ ਹੈ ਜਿਸਦਾ ਪਤਾ ਨਹੀਂ ਉਹ ਸਭ ਸੱਚ ਹੈ।"

"ਪਰ ਇਸ ਝੂਠ ਸੱਚ ਦਾ ਨਿਤਾਰਾ ਕਿਤੇ ਤਾਂ ਨਿੱਤਰਤਾ ਹੀ ਹੋਊ?" ਹੀਰੀ ਨੇ ਆਪਣੀ ਚੀਚੀ ਦੇ ਨੌਂਹ ਨੂੰ ਦੰਦਾਂ ਥੱਲੇ ਦਬਦਿਆਂ ਕਿਹਾ।
"ਇਸ ਕਰਕੇ ਤਾਂ ਮੈਂ ਤੈਨੂੰ ਕਹਿਨੈ ਮਿਲਦੀ ਰਿਹਾ ਕਰ।"
"ਚਲੋ ਛੱਡੋ ਪਰਾਂ, ਮੇਰੇ ਮਿਲਣ ਜਾਂ ਨਾ ਮਿਲਣ ਦੀ ਗੱਲ, ਤੁਸੀਂ ਸ਼ਾਹਜਹਾਨ ਬਾਰੇ ਕੁਝ ਕਹਿ ਰਹੇ ਸੀ।"

" ਹਾਂ ਤੇ ਮੈਂ ਕਿਹਾ ਸੀ ਕਿ ਸ਼ਾਹਜਹਾਨ ਨੂੰ ਚਾਹ ਬਨਾਉਂਣੀ ਨਹੀ ਆਉਂਦੀ ਸੀ।"
" ਨਹੀਂ ਨਹੀਂ ਗੋਪੀ ਜੀ, ਤੁਸੀਂ ਭੁਲਦੇ ਹੋ। ਤੁਸੀਂ ਕਿਹਾ ਸੀ ਕਿ ਸ਼ਾਹਜਹਾਨ ਨਖਿਧ ਸੀ। ਹਮਨੇ ਆਪ ਇਨ੍ਹਾਂ ਗੁਨਾਹਗਾਰ ਕੰਨਾਂ ਨਾਲ ਸੁਣਿਆ ਹੈ।"

"ਨਹੀਂ ਸ਼ਾਹਜਹਾਨ ਨਖਿਧ ਨਹੀਂ ਸੀ। ਜੇ ਉਹ ਇਤਨਾ ਹੀ ਨਿੰਕਮਾ ਹੁੰਦਾ ਤਾਂ ਬਾਦਸ਼ਾਹ ਕਿਵੇਂ ਬਣਦਾ। ਮੇਰਾ ਨਹੀਂ ਖਿਆਲ ਉਹਨੇ ਕਦੇ ਵੀ ਆਪਣੀ ਮੁਮਤਾਜ਼ ਨੂੰ ਹੁਕਮ ਕਰਕੇ ਕਿਹਾ ਹੋਵੇ, ਏਹ ਜੀ ਸੋਹਣਿਉ, ਮੈਨੂੰ ਦੋ ਵਜ਼ੇ ਚਾਹ ਚਾਹੀਦੀ ਹੈ। ਢਾਈ ਵਜ਼ੇ ਮੈਂ ਦਰਬਾਰ ਲਾਉਂਣਾ ਹੈ।  ਇਹ ਤੇ ਮਕਬਰਾ ਹੀ ਐਸਾ ਬਣਾਉਂਦੇ ਹਨ ਜੋ ਸੋਹਣਾ ਲੱਗੇ। ਮਕਬਰਾ ਕਿਸਤਰ੍ਹਾਂ ਬਣਿਆ, ਉਸ ਮਕਬਰੇ ਵਿਚ ਮੁਮਤਾਜ਼ ਦੀਆਂ ਕਿਤਨੀਆਂ ਖਾਹਿਸ਼ਾਂ ਦਫ਼ਨ ਹਨ? ਇਸਦਾ ਹਿਸਾਬ ਉਹਨਾਂ ਕਿਸੇ ਨੂੰ ਨਹੀਂ ਦੇਣਾ, ਨਾ ਮੁਮਤਾਜ਼ ਨੂੰ ਤੇ ਨਾ ਪਰਜਾ ਨੂੰ। ਅਸਲ ਵਿਚ ਹਕੂਮਤ ਕਰਦਿਆਂ,ਇਹ ਹਿਸਾਬ ਉਹਨਾਂ ਨੂੰ ਖੁਦ ਵੀ ਪਤਾ ਨਹੀਂ ਹੁੰਦਾ।"
"ਇਹ ਸਰ ਜੀ, ਕਮਾਲ ਦੀ ਗੱਲ ਕੀਤੀ ਤੁਸੀਂ, ਦਿਲ ਕਰਦਾ ਹਮਰੀ ਉਮਰ ਤੁਹਾਡੇ ਜਿਤਨੀ ਹੋ ਜਾਏ।"
" ਫ਼ਿਰ ਕੀ ਹੋਊ?"

"ਇਹ ਤੇ ਜੀ ਬਾਬਿਓ ਪਤਾ ਨਹੀਂ ਪਰ ਸੋਚਣ ਵਿਚ ਕੀ ਪਰਾਬਲਮ ਹੈ।"
"ਇਹ ਹਰੀ, ਤੇਰਾ ਪਰਮਿੰਦਰ ਕਿਸਤਰ੍ਹਾਂ ਦਾ ਹੈ? ਸ਼ਾਹਜਹਾਨ ਵਰਗਾ ਜਾਂ ਥੋੜਾ ਘੱਟ-ਵਧ?"
"ਬਹੁਤ ਚੰਗਾ ਹੈ, ਦੋਸਤ ਹੈ, ਮੇਰੇ ਸਰੀਰ ਦਾ ਮਾਲਕ ਹੈ। ਮੇਰੇ ਤੇ ਯਕੀਨ ਕਰਦਾ ਹੈ। ਕਦੇ ਵੀ ਦੋ ਵਜ਼ੇ ਚਾਹ ਨਹੀਂ ਮੰਗਦਾ।"
ਰਾਤ ਦੇ ਦੋ ਵਜ਼ੇ ਵੀ ਨਹੀਂ?"

"ਨਹੀਂ, ਰਾਤ ਦੇ ਦੋ ਵਜ਼ੇ ਵੀ ਨਹੀਂ।" ਹਰੀ ਨੇ ਬਹੁਤ ਹੀ ਗੰਭੀਰ ਹੋਕੇ ਕਿਹਾ। ਉਸਦੀ ਅਵਾਜ਼ ਵਿਚ ਕਹਿਰਾਂ ਦੀ ਉਦਾਸੀ ਸੀ। ਐਸੀ ਉਦਾਸੀ ਜੋ ਉਸਦੀਆਂ ਅੱਖਾਂ ਵਿਚ ਤਲਾਸ਼ ਬਣਕੇ ਸਾਰੇ ਸੰਸਾਰ ਦੀ ਖੋਜ਼ ਕਰ ਰਹੀ ਸੀ।
"ਫਿਰ ਤੇ ਮਾੜੀ ਗੱਲ ਹੈ।" ਮੈਂ ਆਪਣੇ ਸ਼ਬਦਾਂ ਬਾਰੇ ਸੋਚਣ ਲਈ ਮਜ਼ਬੂਰ ਹੋ ਗਿਆ। ਐਸੀ ਉਦਾਸੀ ਨੂੰ ਕੋਈ ਵੀ ਅਣਤੁਲਿਆ ਸ਼ਬਦ ਬੇਮੇਚ ਹੋ ਸਕਦਾ ਸੀ।

"ਮਾੜੀ ਵਰਗੀ ਮਾੜੀ, ਮੈਂ ਤੇ ਚਾਹੁੰਦੀ ਹਾਂ ਉਹ ਮੇਰੇ ਤੋਂ ਚਾਹ ਮੰਗੇ। ਰੋਟੀ ਮੰਗੇ, ਮੈਨੂੰ ਕਹੇ ਮੇਰੇ ਬੂਟ ਪਾਲਿਸ਼ ਕਰ। ਮੈਨੂੰ ਕਹੇ ਮੇਰੇ ਪੈਰਾਂ ਦੇ ਨੋਂਹ ਕੱਟ ਜਾਂ ਕਹੇ ਜਦੋਂ ਤੱਕ ਮੈਂ ਕਪੜੇ ਪਾਵਾਂ ਬਾਹਰ ਜਾਕੇ ਕਾਰ ਸਟਾਰਟ ਕਰ। ਕਾਰ ਦੀ ਸਨੋ ਸਾਫ਼ ਕਰਨ ਦੇ ਬਹਾਨੇ ਮੈਂ ਉਸਦਾ ਕਾਰ ਵਿਚ ਪਾਇਆ ਗੰਦ ਵੀ ਸਾਫ ਕਰਾਂ। ਸ਼ਾਮ ਨੂੰ ਆਕੇ, ਸਾਫ ਕਾਰ ਦੀ ਗਾਥਾ ਪਾਉਂਦਾ ਉਹ ਮੇਰਾ ਮੂੰਹ ਚੁੰਮੇ।ਅਗਲੇ ਦਿਨ ਮੈਨੂੰ ਫਿਰ ਉਸ ਚੁੰਮੀ ਦੀ ਇੰਤਜ਼ਾਰ ਹੋਵੇ। ਇਸ ਚੁੰਮੀ ਦੀ ਖਾਤਰ ਮੈਂ ਉਸਦਾ ਘਾਹ ਕੱਟਾਂ। ਮੈਂ ਭਲਾ ਆਪਣਾ ਸਮਝਕੇ ਘਾਹ ਕਿਉਂ ਕਟਾਂ? ਮੈਂ ਤਾਂ ਚਾਹੁੰਦੀ ਹਾਂ, ਮੈਂ ਤਾਂ ਚਾਹੁੰਦੀ ਹਾਂ ਜਦੋਂ ਉਹ ਸ਼ਰਾਬ ਪੀਵੇ ਮੇਰੇ ਕੋਲੋਂ ਆਈਸ ਮੰਗੇ। ਕਦੇ ਕਦੇ ਗੁੱਸੇ ਵਿਚ ਆਕੇ ਨਸ਼ੇ ਦੇ ਲੋਰ ਵਿਚ ਮੇਰੇ ਥੱਪੜ ਮਾਰੇ। ਫਿਰ ਸਵੇਰੇ ਉੱਠਕੇ ਮੇਰੇ ਕੋਲੋਂ ਮੁਆਫੀ ਮੰਗੇ।" ਹਰੀ ਗੱਲਾਂ ਕਰਦੀ ਕਰਦੀ ਭਾਵਕ ਹੋਕੇ ਰੋਣ ਲੱਗ ਪਈ।

ਮੇਰੀ ਸਮਝ ਵਿਚ ਕੁਝ ਨਹੀਂ ਆ ਰਿਹਾ ਸੀ। ਅਸੀਂ ਦੋਵੇਂ ਦੋਸਤ ਨਦੀ ਦੇ ਦੋ ਕਿਨਾਰਿਆਂ ਵਾਂਗ ਬੈਠੇ ਸਾਂ। ਮੈਂ ਆਪਣੀ ਹੀ ਗੱਲ ਨੂੰ ਉਲਟਾਉਂਣਾ ਨਹੀਂ ਚਾਹੁੰਦਾ ਸੀ। ਦੋਸਤ ਨੂੰ ਬਦਲਣ ਦੀ ਕੋਸ਼ਿਸ਼ ਨੈਤਿਕਤਾ ਨਹੀਂ ਸੀ। ਜਿਹਨਾਂ ਮਕਬਰਿਆਂ ਦੀਆਂ ਗੱਲਾਂ ਕਰਕੇ ਮੈਂ ਹਰੀ ਨੂੰ ਖੁਸ਼ ਕਰਨ ਦਾ ਭਰਮ ਪਾਲ  ਰਿਹਾ ਸੀ ਹਰੀ ਤਾਂ ਉਹਨਾਂ ਹੀ ਮਕਬਰਿਆਂ ਵਿਚ ਦਫਨ ਹੋਣ ਵਿਚ ਆਪਣੀ ਖੁਸ਼ੀ ਭਾਲ ਰਹੀ ਸੀ। ਮਕਬਰੇ ਦੇ ਭੋਰੇ ਵਿਚ ਜਾਣ ਵਾਲੀਆਂ ਪੌੜੀਆਂ ਦੀ ਤਲਾਸ਼ ਕਰਦੀ ਕੁੜੀ ਦਾ ਭੂਤ, ਨੰਗ ਮਨੰਗਾ ਸੀ ਜਾਂ ਉਸਨੇ ਕਿਸੇ ਤਰਾਂ ਦਾ ਕੋਈ ਮਹਿੰਗਾ ਲਿਬਾਸ ਪਾਇਆ ਹੋਇਆ ਸੀ। ਮੈਂ ਉੱਠਣਾ ਹੀ ਬੇਹਤਰ ਜਾਣਿਆਂ।

ਘਰ ਆਕੇ ਮੈਂ ਡੂੰਘੀ ਸੋਚ ਵਿਚ ਪੈ  ਗਿਆ। ਮੈਂ ਠੀਕ ਸੀ ਜਾਂ ਹਰੀ ਠੀਕ ਸੀ ਜਾਂ ਅਸੀਂ ਦੋਵੇਂ ਠੀਕ ਸਾਂ? ਮੈਂ ਹਰੀ ਦੇ ਵਿਚਾਰਾਂ ਨੂੰ ਫਿਰ ਘੋਖਣਾ ਸ਼ੁਰੂ ਕੀਤਾ। ਗੱਲਾਂ ਵਿਚ ਲਈਆਂ ਖੁਲਾਂ ਨੂੰ ਨਾਪਿਆ ਪਰ ਮੇਰੇ ਹੱਥ ਪੱਲੇ ਕੁਝ ਨਾ ਪਿਆ। ਹਰੀ ਦੀਆਂ ਪਰਤਾਂ ਵਿਚ ਪਈ ਜੁਆਲਾਮੁਖੀ ਵਿਚ ਕਿਹੜੀ ਅੱਗ ਸੀ। ਉਸ ਅੱਗ ਦਾ ਸੇਕ ਕਿਹੋ ਜਿਹਾ ਭੋਜ਼ਨ ਚਾਹੁੰਦਾ ਹੈ? ਕਿਤਨੇ ਹੀ ਸੁਆਲਾਂ ਨੇ ਮੈਨੂੰ ਘੇਰ ਲਿਆ।

ਇਹਨਾਂ ਸੁਆਲਾਂ ਵਿਚ ਘਿਰੇ, ਮੈਨੂੰ ਹਰੀ ਦੇ ਅੰਗ ਮਗਦੇ ਦਿਸਣ ਲੱਗੇ। ਮੈਨੂੰ ਪਤਾ ਹੀ ਨਹੀਂ ਚਲਿਆ ਕਦੋਂ ਮੇਰੇ ਖਿਆਲਾਂ ਵਿਚ ਹਰੀ ਦਾ ਸਰੀਰ ਅੰਗੜਾਈ ਲੈਣ ਲੱਗਾ। ਮੇਰੇ ਅੰਦਰ ਬੈਠਾ ਮੁੰਡਾ ਜਾਗ ਰਿਹਾ ਸੀ। ਉਸਦੀਆਂ ਮਾਰੀਆਂ ਕੂਹਣੀਆਂ ਮੈਨੂੰ ਸੁਣਾਈ ਦੇਣ ਲੱਗੀਆਂ। 'ਹਰੀ ਨੂੰ ਮਰਦ ਚਾਹੀਦਾ ਹੈ ਕਮਲਿਆ,ਮੇਰੇ ਮੁੰਡੇ ਨੇ ਲਲਕਾਰਾ ਮਾਰਿਆ। ਮੌਕਾ ਨਾ ਗਵਾ। ਔਰਤ ਸਦਾ ਤੋਂ ਮਧੋਲ ਹੋਣਾ ਪਸੰਦ ਕਰਦੀ ਆਈ ਹੈ। ਇਹੋ ਹਰੀ ਦੀ ਬਿਮਾਰੀ ਹੈ। ਕਰਦੇ ਉਹਦਾ ਇਲਾਜ। ਹੋਰ ਹਰ ਮੌਕੇ ਭੱਜੀ ਕਾਹਤੋਂ ਆਉਂਦੀ ਹੈ?' ਮੇਰੇ ਅੰਦਰਲੇ ਮੂਰਛਿਤ ਬਿੱਛੂ, ਡੰਗ ਮਾਰ ਮਾਰ ਮੈਨੂੰ ਬੇਹਾਲ ਕਰ ਰਹੇ ਸਨ।

'ਨਹੀਂ ਇਹ ਠੀਕ ਨਹੀ ਮੇਰੇ ਆਪਣੇ ਵੀ ਕੁਝ ਵੇਗ ਹਨ ਕਿ ਨਹੀਂ। ਚਲ ਛੱਡ ਇਹਨਾਂ ਵੇਗਾਂ ਵੂਗਾਂ ਨੂੰ, ਟੋਹ ਕੇ ਤੇ ਵੇਖ।' ਮੇਰਾ ਅੰਦਰਲਾ ਆਪਾ,ਮੇਰੇ ਆਪਣੇ ਸਿਰਜੇ ਅਸੂਲਾਂ ਦੇ ਲੈਂਟਰ ਤੇ ਮਣਾਂ ਮੂੰਹੀਂ ਭਾਰ ਸੁਟ ਰਿਹਾ ਸੀ। ਆਖਰ ਲੈਂਟਰ ਵਿਚ ਤਰੇੜ ਆ ਹੀ ਗਈ ਤੇ ਮੈਂ ਕੁਝ ਸੋਚ ਲਿਆ। ਬੰਦੇ ਦੇ ਬਣਾਏ ਰੱਬ ਨੇ ਮੈਨੂੰ ਕਿਹਾ, ਜੋੜੀਆਂ ਤਾਂ ਰੱਬ ਬਣਾਉਂਦਾ ਹੈ, ਧਰਤੀ ਤੇ ਤਾਂ ਸਿਰਫ਼ ਜਸ਼ਨ ਹੁੰਦਾ ਹੈ।

ਅੱਜ ਹੀਰੀ ਨੂੰ ਫੋਂਨ ਕਰਦਿਆਂ ਮੇਰਾ ਦਿਲ ਘਬਰਾ ਰਿਹਾ ਸੀ। ਸਿਆਣੀ ਕੁੜੀ ਹੈ, ਨਾਂਹ ਵੀ ਕਰੇਗੀ ਤਾਂ ਸਿਆਣਪ ਨਾਲ ਹੀ ਕਰੇਗੀ। ਵੈਸੇ ਐਸਾ ਮੌਕਾ ਨਾਂ ਹੀ ਆਵੇ ਤਾਂ ਚੰਗਾ। ਆਰ ਜਾਂ ਪਾਰ।
"ਜੀ ਸਰ ਜੀ।" ਹੀਰੀ ਨੇ ਫੋਨ ਚੁੱਕ ਲਿਆ। ਮੈਂ ਕੁਝ ਵੀ ਨਾ ਬੋਲ ਸਕਿਆ।
" ਹੈਲੋ ਹੈਲੋ ਅਵਾਜ਼ ਨਹੀਂ ਆ ਰਹੀ ਸਰ ਜੀ।"

ਸਰ ਬੋਲੂ ਤਾਂ ਅਵਾਜ਼ ਆਊ ਐਵੇਂ ਕਿਵੇਂ ਅਵਾਜ਼ ਆਊ।
"ਹੀਰੀ ਅੱਜ ਸ਼ਾਮ ਨੂੰ ਚਿੱਟਾ ਸੂਟ ਪਾਕੇ ਟਿਮ ਹਾਰਟਨ ਪਹੁੰਚ ਜਾਵੀਂ। ਨੋ ਜੀਂਨਜ਼ ਪਲੀਜ਼।"
ਹਰੀ ਹੱਸਣ ਲੱਗ ਪਈ। " ਅੋਕੇ ਸਰ ਜੀ, ਹਮਨੇ ਅੱਜ ਜੀਨ ਨਹੀਂ ਪਾਉਂਣੀ, ਮੈਂ ਆ ਜਾਵਾਂਗੀ।"
ਸ਼ਾਮ ਨੂੰ ਹਰੀ ਹਰੇ ਸੂਟ ਵਿਚ ਕਾਰ ਵਿਚੋਂ ਉੱਤਰਕੇ ਟਿਮ ਹਾਰਟਨ ਵੱਲ ਆ ਰਹੀ ਸੀ। ਆਉਂਦਿਆਂ ਹੀ ਹੱਸਣ ਲੱਗ ਪਈ।

" ਇਹ ਚਿੱਟੇ ਸੂਟ ਦੀ ਕੀ ਕਹਾਣੀ ਹੈ?" ਉਹ ਆਉਂਦਿਆਂ ਹੀ ਬੋਲੀ।
" ਬੱਸ ਐਵੇਂ ਹੀ, ਅੱਜ ਸ਼ਾਤੀ ਵਾਲਾ ਦਿਨ ਹੈ। ਜਵਾਹਰ ਲਾਲ ਨੈਹਰੂ ਦਾ ਜਨਮ ਦਿਨ। ਮੈਂ ਸੋਚਿਆ ਸ਼ਾਤੀ ਦੇ ਦਰਸ਼ਨ ਕਰ ਲਈਏ। ਪਰ ਤੂੰ ਪਾਇਆ ਕਿਉਂ ਨਹੀਂ?"
" ਮੈਂ ਸੋਚਿਆ, ਸਰ ਜੀ ਐਵੇਂ ਮਜ਼ਾਕ ਕਰਦੇ ਹਨ। ਪਰਮਿੰਦਰ ਵੀ ਸੁਣਕੇ ਬਹੁਤ ਹੱਸਿਆ।
" ਕੀ ਪਰਮਿੰਦਰ ਨੂੰ ਵੀ ਦਸਿਆ ਤੂੰ?"

"ਹੋਰ ਕੀ ਤੁਹਾਡੇ ਤੋਂ ਬਾਅਦ ਉਹਦਾ ਫੋਨ ਆ ਗਿਆ। ਪੁੱਛਦਾ ਸੀ, ਕੀ ਕਰਦੀ ਹੈਂ? ਮੈਂ ਕਿਹਾ ਚਿੱਟਾ ਸੂਟ ਲਭਦੀ ਹਾਂ ਸਰ ਜੀ ਦੀ ਫਰਮਾਇਸ਼ ਹੈ। ਕਹਿੰਦਾ ਚਿੱਟਾ ਸੂਟ ਨਾ ਪਾਈਂ, ਉਹ ਪਤਲਾ ਬੜਾ, ਐਵੇਂ ਡਲਕਾਂ ਮਾਰੇਂਗੀ ਅੱਗੇ ਪਿੱਛੇ।"
ਮੈਂ ਪਾਣੀਉਂ ਪਤਲਾ ਹੋਈ ਜਾਂਦਾ ਸੀ। ਸੋਚ ਰਿਹਾ ਸੀ, ਘਬਰਾ ਰਿਹਾ ਸੀ। ਦਿਲ ਕਰਦਾ ਸੀ ਹੋਏ ਬੀਤੇ ਨੂੰ ਰੀਵਾਂਈਡ ਕਰ ਦਿਆਂ। ਨਿਕਲੇ ਤੀਰ ਨੂੰ ਪਿੱਛੇ ਮੋੜ ਲਵਾਂ। ਸੋਚ ਰਿਹਾ ਸੀ ਮਿੱਟੀ ਪਾਉਣ ਲਈ ਕੀ ਕਰਾਂ? ਹਲਕੀ ਜੀ ਟਰਾਈ ਐਵੇਂ ਹੀ ਭਾਰੀ ਹੋ ਗਈ ਸੀ। ਪਰ ਹਰੀ ਦੇ ਵਿਵਹਾਰ ਵਿਚ ਕੋਈ ਡਾਵਾਂ ਡੋਲੀ ਨਹੀਂ ਸੀ। ਹੋਈ ਬੀਤੀ ਨੂੰ ਬਾਦ ਵਿਚ ਸੋਚਣ ਦੇ ਡੱਬੇ ਵਿਚ ਬੰਦ ਕਰਕੇ ਮੈਂ ਕਾਫੀ ਸਿਪ ਕੀਤੀ।
"ਹਰੀ ਇੱਕ ਗੱਲ ਤੇ ਦਸ।"
" ਪੁੱਛੋ ਜੀ।"

"ਤੂੰ ਜਦੋਂ ਵੀ ਇੱਥੇ ਕਾਫ਼ੀ ਪੀਣ ਆਉਂਦੀ ਹੈਂ ਮੈਂ ਇੱਥੇ ਹੁੰਦਾ ਹਾਂ ਕਦੇ ਪਰਮਿੰਦਰ ਨੇ ਕੋਈ ਸ਼ਕ ਨਹੀਂ ਕੀਤਾ?ਕਦੇ ਗੁੱਸਾ ਨਹੀਂ ਕੀਤਾ?"

" ਜੀ ਪਿਆਰਿਉ, ਮੈਂ ਤਾਂ ਤਰਸ ਗਈ ਹਾਂ ਕਿ ਉਹ ਸ਼ਕ ਕਰੇ। ਮੇਰਾ ਪਿੱਛਾ ਕਰੇ, ਪਰ ਉਹਨੂੰ ਪੈਸੇ ਕਮਾਉਂਣ 'ਚੋਂ ਫੁਰਸਤ ਮਿਲੇ ਤਾਂ ਉਹ ਸ਼ਕ ਕਰੇ। ਸ਼ਕ ਕਰਨ ਲਈ ਟਾਇਮ ਚਾਹੀਦਾ ਹੈ ਤੇ ਟਾਇਮ ਜਨਾਬ ਕੋਲ ਹੈ ਕੋਈ ਨਹੀਂ। ਵੈਸੇ ਵੀ ਤੁਸੀਂ ਦੇਖਣ ਪਾਖਣ ਨੂੰ ਮੇਰੇ ਅੰਕਲ ਲਗਦੇ ਹੋ ਤੇ ਅੰਕਲ ਜੀ ਤੇ ਕਾਹਦਾ ਸ਼ਕ।" ਹਰੀ ਹੱਸਣ ਲੱਗ ਪਈ।
" ਗੱਲ ਹੱਸਣ ਦੀ ਨਹੀਂ।"

" ਹਾਂ ਗੱਲ ਹੱਸਣ ਦੀ ਨਹੀਂ ਰੋਣ ਦੀ ਹੈ।" ਹਰੀ ਸਿਰੀਅਸ ਹੋ ਗਈ। " ਮੈਂ ਤਾਂ ਚਾਹੁੰਦੀ ਹਾਂ,ਉਹ ਮੇਰੇ ਤੇ ਸ਼ਕ ਕਰੇ। ਮੈਨੂੰ ਸਾਂਭ ਸਾਂਭ ਰੱਖੇ। ਮੇਰੇ ਤੇ ਪੂਰਾ ਕਬਜਾ ਜਮਾਏ। ਜਿਵੇਂ ਮੇਰੇ ਬਾਪ ਨੇ ਮੇਰੀ ਮਾਂ ਤੇ ਕੀਤਾ ਹੈ। ਮੈਨੂੰ ਥਪੜ ਮਾਰੇ। ਪਤਾ ਮੇਰਾ ਬਾਪ ਮੇਰੀ ਮਾਂ ਨੂੰ ਕਦੋਂ ਥਪੜ ਮਾਰਦਾ ਸੀ? ਜਦੋਂ ਉਸਦਾ ਬਾਹਰ ਕਿਸੇ ਨਾਲ ਪੰਗਾ ਹੁੰਦਾ ਸੀ ਤੇ ਉਹ ਬਾਹਰ ਹੌਲਾ ਪੈ ਜਾਂਦਾ ਸੀ। ਮੇਰੀ ਮਾਂ ਨੂੰ ਪਤਾ ਹੁੰਦਾ ਸੀ ਅੱਜ ਫਿਰ ਸਰਦਾਰ ਜੀ ਦੁਖੀ ਹਨ।
'ਇਹ ਦੁਨੀਆਂ ਵੀ ਕਿਤਨੀ ਜਾਲਮ ਹੈ।' ਮੇਰੀ ਮਾਂ ਦੇ ਇਹ ਆਖਰੀ ਸ਼ਬਦ ਹੁੰਦੇ ਸਨ। ਮੈਂ ਤਾਂ ਚਾਹੁੰਦੀ ਹਾਂ ਉਹ ਮੈਨੂੰ ਘਰੋਂ ਕੱਢਣ ਦੀ ਧਮਕੀ ਦੇਵੇ ਤੇ ਬਾਦ ਵਿਚ ਗੁੱਸਾ ਲਥਣ ਤੋਂ ਬਾਦ ਦੰਦ ਕੱਢਣ ਲੱਗ ਪਵੇ। ਮੈਂ ਡਰਦੇ ਮਾਰੇ ਉਸਦੀ ਰੋਟੀ ਪਕਾਵਾਂ। ਲੂਣ ਮਿਰਚਾਂ ਉਹਦੀ ਮਰਜ਼ੀ ਮੁਤਾਬਕ ਪਾਵਾਂ। ਕਦੇ ਘੱਟ ਕਦੇ ਵੱਧ। ਉਹਨੂੰ ਸੁਆਦੀ ਖਾਣਾਂ ਖੁਆ ਕੇ ਖੁਸ਼ ਹੋਵਾਂ। ਪਰ ਉਹ ਐਸਾ ਨਹੀਂ ਹੈ। ਇਸ ਗੱਲ ਦਾ ਮੈਂਨੂੰ ਅਫਸੋਸ ਹੈ, ਬਹੁਤ ਅਫਸੋਸ ਹੈ। ਮੈਨੂੰ ਤੇ ਲਗਦਾ ਉਹ ਮੈਨੂੰ ਆਪਣੀ ਪਤਨੀ ਨਹੀਂ ਸਮਝਦਾ, ਸਿਰਫ਼ ਇੱਕ ਔਰਤ ਸਮਝਦੈ।"

" ਇਹ ਤਾਂ ਸਗੋਂ ਚੰਗੀ ਗੱਲ ਹੈ। ਔਰਤਾਂ ਤੇ ਤਰਸਦੀਆਂ ਹਨ ਐਸੇ ਮਾਹੌਲ ਨੂੰ। ਔਰਤ ਤੇ ਆਪਣੇ ਆਪ ਨੂੰ ਅਜ਼ਾਦੀ ਦਿਵਾਣ ਲਈ ਜਦੋ-ਜਹਿਦ ਕਰ ਰਹੀ ਹੈ ਤੇ ਤੁਸੀਂ ਪਿਆਰਿਓ ਉਲਟੀ ਗੰਗਾ ਵਲ ਮੇਰਾ ਮਤਲਬ ਗੰਗੋਤਰੀ ਵਲ ਤੁਰੇ ਜਾ ਰਹੇ ਹੋ? ਤੁਹਾਡਾ ਦਿਮਾਗ ਤੇ ਠੀਕ ਹੈ?"

" ਸਰ ਜੀ ਮੈਨੂੰ ਬਦਲਣ ਦੀ ਕੋਸ਼ਿਸ਼ ਨਾ ਕਰੋ। ਇਹ ਤੁਹਾਡੀ ਆਪਣੀ ਫਿਲਾਸਫੀ ਹੈ। ਯਾਦ ਆਇਆ ਕੁਝ? ਕੀ ਤੁਸੀਂ ਵੀ ਉਹਨਾਂ ਲੱਖਾਂ ਵਿਚੋਂ ਹੀ ਹੋ? ਨਹੀਂ ਨਹੀਂ ਜੇ ਹੋ ਤਾਂ ਦੱਸ ਦਿਉ, ਹਮਨੇ ਤੇ ਇੱਥੇ ਆਕੇ ਗਲਤੀ ਕਰ ਲਈ। ਅਜੇ ਤਾਂ ਮੈਂ ਹੋਰ ਬਹੁਤ ਕੁਝ ਸਾਂਝਾ ਕਰਨ ਨੂੰ ਫਿਰਦੀ ਸੀ। ਪਤਾ ਤਾਂ ਲੱਗੇ ਤੁਹਾਡਾ। ਨਹੀਂ ਤਾਂ ਛੇਤੀ ਛੁਟਕਾਰਾ ਹੋਊ, ਤੁਹਾਡੇ ਤੋਂ ਵੀ।" ਹਰੀ ਨੇ ਮੇਰੀ ਭੰਬੀਰੀ ਘੁੰਮਾ ਦਿੱਤੀ ਸੀ। ਮੈਂ ਚੁੱਪ ਰਿਹਾ ਜਿਤਨਾ ਚਿਰ ਭੰਬੀਰੀ ਘੁੰਮਦੀ ਰਹੀ।
"ਮੇਰੀ ਮਾਂ ਕੋਲ ਝੁਮਕੇ ਸਨ। ਲਿਸ਼ ਲਿਸ਼ ਕਰਦੇ। ਨੱਕ ਵਿਚ ਨੱਥਣੀ, ਹੱਥਾਂ 'ਚ ਚੂੜੀਆਂ,ਪੈਰਾਂ 'ਚ ਪਜ਼ੇਬਾਂ,ਪੈਰਾਂ ਦੀਆਂ ਉਂਗਲਾਂ 'ਚ ਕਚੀਲਾਂ, ਮੱਥੇ ਤੇ ਟਿੱਕਾ, ਗਲੇ ਵਿਚ ਮੰਗਲ ਸੂਤਰ,ਮੱਥੇ ਦੇ ਐਨ ਵਿਚਕਾਰ  ਲਾਈ ਬਿੰਦੀ । ਇਹਨਾਂ ਵਿਚੋਂ ਕੁਝ ਸੋਨੇ ਦੇ ਤੇ ਕੁਝ ਸੋਨੇ ਦੇ ਨਹੀਂ। ਮੱਥੇ ਦਾ ਟਿੱਕਾ ਸੋਨੇ ਦਾ ਨਹੀਂ ਸੀ ਪਹਿਲੇ, ਪਰ ਫਿਰ ਇੱਕ ਦਿਨ ਮੇਰੇ ਬਾਪ ਨੇ ਆਪਣੇ ਹੱਥੀਂ ਸੋਨੇ ਦਾ ਟਿੱਕਾ ਲਿਆਕੇ ਮੇਰੀ ਮਾਂ ਦਾ ਮੱਥਾ ਸੋਨੇ ਰੰਗਾ ਕਰ ਦਿੱਤਾ। ਮੇਰੇ ਕੋਲ ਤੇ ਕੁਝ ਵੀ ਨਹੀਂ। ਝੁਮਕਿਆਂ ਨੂੰ ਛੱਡਕੇ ਬਾਕੀ ਸਾਰਾ ਕੁਝ ਕਈ ਵਾਰੀ ਬਾਪ ਨੇ ਵੇਚਿਆ ਤੇ ਕਈ ਵਾਰੀ ਖਰੀਦਿਆ ਪਰ ਪਰਮਿੰਦਰ ਨੇ ਤੇ ਕਦੇ ਕੁਝ ਖਰੀਦਿਆ ਨਹੀਂ ਕਦੇ ਕੁਝ ਵੇਚਿਆ ਨਹੀਂ।"

"ਪਰ ਔਰਤ ਦੇ ਇਹ ਗਹਿਣੇ ਤਾਂ ਕਹਿੰਦੇ ਹਨ ਗੁਲਾਮੀ ਦੀ ਨਿਸ਼ਾਨੀ ਹਨ। ਇੱਕ ਪਛੂਪੁਣੇ ਦੀ ਪਛਾਣ ਮਾਤਰ। ਅੱਜਕਲ ਜ਼ਮਾਨਾ ਬਦਲ ਗਿਆ ਹੈ। ਔਰਤ ਮਰਦ ਬਰਾਬਰ ਖਲੋਤੇ ਹਨ। ਸਮਾਂ ਬਦਲ ਗਿਆ ਹੈ, ਸਮਾਂ ਬਦਲ ਰਿਹਾ ਹੈ।"
" ਕੁਝ ਨਹੀਂ ਬਦਲਿਆ, ਸਗੋਂ ਔਰਤ ਦੀ ਸਰਦਾਰੀ ਖੁਸ ਰਹੀ ਹੈ। ਪਰਿਵਾਰ ਤੇ ਭੀੜ ਆ ਜਾਵੇ ਤਾਂ ਔਰਤ ਕੀ ਕਰ ਸਕਦੀ ਹੈ? ਕੀਹਦੇ ਅੱਗੇ ਹਾੜੇ ਕਢੇਗਾ ਬੰਦਾ ਜੇ ਬੰਦੀ ਦੇ ਪੱਲੇ ਹੀ ਕੁਝ ਨਹੀਂ।"

"ਔਰਤ ਕੋਲ ਬੈਂਕ-ਬੈਂਲਸ ਹੈ। ਡਾਲਰ ਕਮਾਉਣ ਦੀ ਸਮਰਥਾ ਹੈ।" ਮੈਂ ਛਿੱਥਾ ਪੈ ਗਿਆ।
" ਸਭ ਬਕਵਾਸ਼ææਜੇ ਔਰਤ ਕੋਲ ਆਤਮ-ਸਨਮਾਨ ਹੀ ਨਹੀਂ ਰਿਹਾ, ਬੈਂਕ ਬੈਂਲਸ ਨੂੰ ਕਿਸੇ ਕੀ ਕਰਨਾ। ਰੂਹ ਦਾ ਰੱਜ ਤਾਂ ਝੁਮਕੇ ਪਾਉਣ ਵਿਚ ਹੈ, ਝੁਮਕੇ ਕੋਈ ਕਪੜੇ ਨਹੀਂ ਹਨ, ਔਰਤ ਦੇ ਜਿਸਮ ਦਾ ਹਿੱਸਾ ਹਨ। ਔਰਤ ਦਾ ਕੱਜ ਹਨ। ਔਰਤ ਦਾ ਸੁਆਦ ਹੈ।"

ਮੈਂ ਕੁੱਚਜਾ ਜਿਹਾ ਮੁਸਕਰਾਇਆ। ਮੇਰੀ ਭੰਬੀਰੀ ਮੂਧੇ ਮੂੰਹ ਡਿਗੀ ਪਈ ਸੀ। "ਹਰੀ ਛੋਟੇ ਹੁੰਦੇ ਗਾਣਾ ਸੁਣਦੇ ਹੁੰਦੇ ਸੀ, ਝੁਮਕਾ ਗਿਰਾ ਰੇ ਬਰੇਲੀ ਕੇ ਬਜ਼ਾਰ ਮੇਂ। ਮੈਨੂੰ ਇਹ ਗਾਣਾ ਬੜਾ ਛਛੋਰਾ ਲਗਦਾ ਸੀ ਐਵੇਂ ਫੁੱਕਰਾ ਜਿਹਾ, ਸਸਤੇ ਜਿਹੇ ਡਾਂਨਸ ਵਾਲਾ, ਪਰ ਤੇਰੀਆਂ ਗੱਲਾਂ ਨਾਲ ਹੁਣ ਸਮਝ ਆ ਰਿਹਾ ਹੈ ਕਿ ਬਰੇਲੀ ਦੇ ਬਜ਼ਾਰ ਵਿਚ ਡਿਗਿਆ ਝੁਮਕਾ ਕੋਈ ਮਾਮੂਲੀ ਨਹੀਂ ਸੀ। ਉਸਦਾ ਲਭਣਾ ਬਹੁਤ ਜਰੂਰੀ ਸੀ। ਮੈਂ ਹਫਤੇ ਕੁ ਤੱਕ ਜਾਣਾ ਹੈ ਇੰਡੀਆ। ਮਾਰੂੰਗਾ ਚੱਕਰ ਬਰੇਲੀ ਵੀ ਜੇ ਲਭ ਪਿਆ ਤਾ ਤੈਨੂੰ ਫੋਨ ਕਰੂੰਗਾ। ਜੇ ਨਾ ਵੀ ਲਭਾ ਤਾਂ ਤੈਨੂੰ ਫੋਨ ਕਰਕੇ ਦਸੂੰਗਾ ਕਿ ਉਹ ਬਰੇਲੀ ਵਾਲਾ ਨਹੀਂ ਲਭਣਾ ਜੇ ਹੋਰ ਕੋਈ ਲਭਣਾ ਹੈ ਤਾਂ ਦੱਸ।"

"ਜਰੂਰ ਦਸਾਂਗੀ। ਝੁਮਕਿਆਂ ਦੀ ਸਾਈ ਦੇ ਦਿੱਤੀ ਹੈ, ਸ਼ਾਇਦ ਤੁਹਾਡੇ ਆਉਣ ਤੱਕ ਤਿਆਰ ਹੋ ਜਾਣ।" ਹਰੀ ਮੁਸਕਰਾ ਰਹੀ ਸੀ। ਉਸਦੀਆਂ ਅੱਖਾਂ ਦੀ ਤਕਣੀ ਵਿਚ ਲੋਹੜੇ ਦਾ ਸ਼ੋਰ ਸੀ।
"ਹਰੀ ਮੇਰੀ ਇੱਕ ਸਮਸਿਆ ਹੈ। ਸ਼ਾਇਦ ਤੇਰੀ ਮਦਦ ਦੀ ਲੋੜ ਪਵੇ।
"ਹੁੱਕਮ ਜਨਾਬ।" ਹਰੀ ਹੁਣ ਚਾਂਬਲੀ ਹੋਈ ਸੀ।
"ਗੱਲ ਸਿਰੀਅਸ ਹੈ। ਮੈਂ ਸੋਚਦਾ ਹਾਂ ਕਿ ਤੇਰੇ ਨਾਲ ਗੱਲ ਕਰਾਂ ਜਾਂ ਨਾਂ।"
"ਜੇ ਤੁਹਾਨੂੰ ਸੋਚਣਾ ਪੈ ਰਿਹਾ ਹੈ, ਤਾਂ ਬਹੁਤ ਹੀ ਮਾੜੀ ਗੱਲ ਹੈ। ਅਜੇ ਵੀ ਜੇ ਤੁਸੀਂ ਕੋਈ ਗੱਲ ਕਹਿਣ ਲਈ ਸੋਚਦੇ ਹੋ ਤਾਂ ਲਾਹਨਤ ਹੈ ਆਪਣੇ ਦੋਵਾਂ ਤੇ।"

"ਗੱਲ ਜੇ ਤੇਰੇ ਇੱਕਲੇ ਦੀ ਹੁੰਦੀ ਤਾਂ ਸ਼ਾਇਦ  ਇਤਨਾ ਨਾ ਸੋਚਦਾ। ਪਰਮਿੰਦਰ ਨੂੰ ਵੀ ਵਿਸ਼ਵਾਸ਼ ਵਿਚ ਲੈਣਾ ਪਵੇਗਾ।"
"ਇਹ ਗੱਲ ਤਾਂ ਵਾਕਈ ਮੈਂ ਸੋਚੀ ਹੀ ਨਹੀਂ ਕਿ ਕਦੇ ਤਾਹਡੀ ਗੱਲ ਮੋੜਨ ਲਈ ਪਰਮਿੰਦਰ ਵੀ ਕਿਤੇ ਹੋਵੇਗਾ।"

" ਗੱਲ ਇਸਤਰ੍ਹਾਂ ਹੈ ਕਿ ਸਾਡੀ ਜਾਇਦਾਦ ਦਾ ਕੋਈ ਰੌਲਾ ਹੈ ਤੇ ਮੇਰੀ ਛੋਟੀ ਭੈਣ ਸਾਈਨ ਕਰਨ ਨੂੰ ਮੰਨਦੀ ਨਹੀਂ। ਉਸਦਾ ਪ੍ਰਾਹੁਣਾ ਮੰਨਦਾ ਹੈ ਪਰ ਉਹ ਆਪਣੀ ਹੀ ਦੁਨੀਆਂ ਵਿਚ ਰਹਿੰਦੀ ਹੈ ਕਿ ਇਹ ਤੇ ਪਿਉ ਵੇਚਣ ਵਾਲੀ ਗੱਲ ਹੈ। ਉਸ ਕਮਲੀ ਨੂੰ ਦੁਨੀਆਂਦਾਰੀ ਦੀ ਇਤਨੀ ਸਮਝ ਨਹੀਂ। ਜੇ ਵਕਤ ਸਿਰ ਕੁਝ ਨਾ ਕੀਤਾ ਤਾਂ ਸ਼ਰੀਕਾਂ ਨੇ ਕਿਹੜੀ ਘੱਟ ਕਰਨੀ ਹੈ। ਮੈਂ ਚਾਹੁੰਨਾ ਕਿ ਜੇ ਲੋੜ ਪਈ ਤਾਂ ਉਸਦੀ ਜਗ੍ਹਾ ਤੈਨੂੰ ਖੜਾ ਕਰ ਦੇਈਏ। ਸਾਰਾ ਇੰਤਜ਼ਾਮ ਬਾਕੀ ਠੀਕ ਠਾਕ ਹੈ। ਤੇਰੀ ਤੇ ਉਹਦੀ ਉਮਰ ਇੱਕੋ ਜੇਹੀ ਹੈ।"

"ਇਹਦੇ ਵਿਚ ਸੋਚਣ ਵਾਲੀ ਕਿਹੜੀ ਗੱਲ ਹੈ। ਜਿਸਤਰ੍ਹਾਂ ਤੁਸੀਂ ਠੀਕ ਸਮਝਦੇ ਹੋ, ਕਰ ਲਿਉ। ਇਸੇ ਬਹਾਨੇ ਮੈਂ ਵੀ ਇੰਡੀਆ ਗੇੜਾ ਮਾਰ ਲਵਾਂਗੀ।"
ਉਸਤੋਂ ਬਾਦ ਮੈਂ ਇੰਡੀਆ ਚਲੇ ਗਿਆ। ਆਖਰੀ ਮੌਕੇ ਛੋਟੀ ਵੀ ਮੰਨਕੇ ਇੰਡੀਆ ਆ ਗਈ ਸੀ। ਇੱਕ ਮਹੀਨਾ ਮੈਨੂੰ ਹਰੀ ਚੇਤੇ ਵੀ ਨਾ ਰਹੀ। ਜਦੋਂ ਮੈਂ ਆਇਆ ਤਾਂ ਹਰੀ ਮੈਨੂੰ ਫੈਕਟਰੀ ਵਿਚ ਧਾਹ ਕੇ ਮਿਲੀ। ਉਸਦੀਆਂ ਅੱਖਾਂ ਦੇ ਸ਼ੋਰ ਵਿਚ ਇੱਕ ਅਜੀਬ ਸੱਖਣਾਪਨ ਸੀ। ਦਿਲ ਵਿਚ ਕੋਈ ਗੱਲ ਛੁਪਾਈ ਆਪਣੇ ਕੰਮ ਵਿਚ ਰੁਝੀ ਰਹੀ।
" ਇਹ ਠੀਕ ਨਹੀਂ।" ਮੈਂ ਸਾਰੀ ਗੱਲ ਸੁਣਕੇ ਕਿਹਾ।

" ਤੁਸੀਂ ਕੌਣ ਹੁੰਦੇ ਹੋ ਇਹ ਫੈਸਲਾ ਕਰਨ ਵਾਲੇ ਕਿ ਕੀ ਠੀਕ ਹੈ ਤੇ ਕੀ ਗਲਤ। ਮੇਰੀ ਆਪਣੀ ਮਰਜ਼ੀ ਹੈ, ਮੇਰੀ ਆਪਣੀ ਸੋਚ ਹੈ। ਮੇਰੀ ਹੋਂਦ ਨੂੰ ਠੀਕ ਤੇ ਗਲਤ ਦੇ ਦੋ ਹਿੱਸਿਆਂ ਵਿਚ ਵੰਡਣਾ ਤਾਂ ਵੈਸੇ ਵੀ ਤੁਹਾਡੇ ਆਪਣੇ ਸਿਰਜੇ ਅਸੂਲਾਂ ਦੇ ਖਿਲਾਫ਼ ਹੈ।"
" ਪਰ ਹਦੋਂ ਵੱਧ ਗੱਲ ਨੂੰ ਠੀਕ ਸੇਧ ਦੇਣੀ ਵੀ ਤੇ ਮੇਰਾ ਫ਼ਰਜ ਹੈ। ਮੈਂ ਮੰਨਦਾ ਸ਼ਰਮਸ਼ਾਰੀ ਵਾਲੀਆਂ ਗੱਲਾਂ ਹਰ ਇੱਕ ਨਾਲ ਸਾਂਝੀਆਂ ਕਰਨੀਆਂ ਮੁਮਕਿਨ ਨਹੀਂ। ਮੈਂ ਮਾਣ ਮਹਿਸੂਸ ਕਰ ਰਿਹੈਂ ਕਿ ਤੂੰ ਮੇਰੇ ਤੇ ਇਤਨਾ ਯਕੀਂਨ ਕਰ ਰਹੀ ਹੈਂ ਪਰ..."

"ਪਰ ਪੁਰ ਕੋਈ ਨਹੀਂ। ਇਸ ਵਿਚ ਕੋਈ ਸ਼ਰਮ ਵਾਲੀ ਗੱਲ ਹਮਕੋ ਨਹੀਂ ਦਿਸਦੀ। ਇਹੀ ਹਮਰੀ ਜ਼ਿੰਦਗੀ ਦਾ ਸੱਚ ਹੈ। ਜੋ ਮੈਂ ਤੁਹਾਡੇ ਅੱਗੇ ਨੰਗਾ ਕੀਤਾ ਹੈ।"
"ਹਰੀ ਤੈਨੂੰ ਝੁਮਕਿਆਂ ਦਾ ਓਬਸ਼ੈਸ਼ਨ ਹੋ ਗਿਆ ਹੈ।"

" ਨਹੀਂ ਨਹੀਂ, ਇਹ ਕੋਈ ਓਬਸ਼ੈਸ਼ਨ ਨਹੀਂ ਇਹ ਤੇ ਮੇਰੀ ਉਮਰ ਦੇ ਨਾਲ ਨਾਲ ਵੱਡਾ ਹੋਇਆ ਹੈ, ਫਿਰ ਓਬਸ਼ੈਸ਼ਨ ਕਾਹਦਾ।"
" ਪਰ ਪਰਮਿੰਦਰ...?"
"ਕੀ ਪਰਮਿੰਦਰ... ਜੇ ਮੈਂ ਉਸਨੂੰ ਕਹਾਂ ਮੈਨੂੰ ਝੁਮਕੇ ਚਾਹੀਦੇ ਹਨ ਤਾਂ ਉਹ ਕਹੇਗਾ ਕਾਰਡ ਤੇ ਖਰੀਦ ਲਿਆ। ਐਸੇ ਝੁਮਕੇ ਤਾਂ ਮੇਰੇ ਕੰਨਾਂ ਨੂੰ ਕੀੜੀਆਂ ਵਾਂਗ ਚੰਬੜ ਜਾਣਗੇ। ਮੈਨੂੰ ਝੁਮਕੇ ਚਾਹੀਦੇ ਹਨ ਕੀੜੀਆਂ ਨਹੀਂ।"
" ਪਰ ਹਰੀ..."

" ਵੇਖੋ ਸਰ ਜੀ ਹਮਸੇ ਹੋ ਗਈ ਖੁਨਾਮੀਂ। ਤੁਹਾਨੂੰ ਦੱਸਕੇ। ਤੁਹਾਡੀਆਂ ਗੱਲਾਂ ਵਿਚ ਆਕੇ ਮੈਂ ਸੋਚਿਆ ਸੀ ਸਾਰੇ ਮਰਦ ਇਕੋ ਜਿਹੇ ਨਹੀਂ ਹੁੰਦੇ। ਪਰ ਕਈਆਂ ਨੇ ਸ਼ੇਰ ਦੀ ਖੱਲ ਪਾਈ ਹੁੰਦੀ ਹੈ। ਖੱਲ ਲਾਹ ਦਿਉ ਵਿਚੋਂ ਨਿਕਲਣਗੇ ਖੋਤੇ ਦੇ ਖੋਤੇ। ਮੈਨੂੰ ਲਗਦਾ ਸੀ ਤੁਸੀਂ ਖੋਤੇ ਨਹੀਂ ਹੋ। ਕਿਉਂਕਿ ਤੁਹਾਡੀਆਂ ਗੱਲਾਂ ਖੋਤਿਆਂ ਨਾਲੋਂ ਵਖਰੀਆਂ ਸਨ। ਅਖੇ ਕਿਸੇ ਨੂੰ ਬਦਲੀਦਾ ਨਹੀਂ, ਸਮੁੱਚਤਾ ਵਿਚ ਲਈਦਾ ਹੈ ਤੇ ਇਹ ਹੈ ਤੁਹਾਡੀ ਸਮੁੱਚਤਾ? ਤੇ ਜਦੋਂ ਹਮਨੇ ਦਸਿਆ ਆਪਣਾ ਸੱਚ, ਤੁਸੀਂ ਵੀ ਲੱਗ ਪਏ ਹਿਣਕਣ। ਕੀ ਲੋੜ ਸੀ ਮੈਨੂੰ ਵਰਗਲਾਉਣ ਦੀ। ਮੈਂ ਕੋਈ ਕਨਫੈæਸ਼ਨ ਨਹੀਂ ਕਰ ਰਹੀ ਤੁਹਾਡੇ ਅੱਗੇ ਤੇ ਨਾ ਤੁਹਾਨੂੰ ਲਗਾਮ ਪਾਉਣ ਦੇਵਾਂਗੀ ਆਪਣੀ ਸੋਚ ਤੇ। ਜਿਹਨਾ ਨਾਹਤੀ ਉਹਨਾ ਪੁੰਨ।"

"ਉਹ ਬਾਬਿਓ ਗਲਤੀ ਹੋ ਗਈ ਮੁਆਫ ਕਰ ਦੇ। ਚਲ ਮੈਨੂੰ ਵੀ ਇੱਕ ਪਪੀ  ਦੇਦੇ।"
" ਪਪੀ ਛੱਡਕੇ ਜੋ ਮਰਜ਼ੀ ਕਰ ਲਵੋ ਖੋਤਾ ਸਰ ਜੀ ਪਰ ਉਸਤੋਂ ਬਾਦ ਮੈਨੂੰ ਬਲਾਇਉ ਨਾ। ਤੁਹਾਡਾ ਹਮਰਾ ਮੇਲ ਮਿਲਾਪ ਖ਼ਤਮ। ਜਿੱਥੇ ਇੱਕ ਉੱਥੇ ਦੋ ਪਰ ਲਾਹਨਤ ਹੈ ਇਸ ਜੀਣ ਤੇ।æææ ਉਸਤੋਂ ਬਾਦ।"
"ਮੇਰੇ ਤੇ ਕਿਉਂ ਮੈਂ ਤੇ ਕੁਝ ਨਹੀ ਕਿਹਾ।"

" ਕਿਹਾ ਤੇ ਪਰਮਿੰਦਰ ਨੇ ਵੀ ਕੁਝ ਨਹੀਂ। ਨਾ ਉਹਨੇ ਉਹ ਕੀਤਾ ਜੋ ਮੈਨੂੰ ਚਾਹੀਦਾ ਸੀ ਤੇ ਨਾ ਤੁਸੀਂ ਖਰੇ ਉੱਤਰੇ।"
" ਮੈਂ ਭਲਾ ਕਿਉਂ?"

"ਹਮਕੋ ਨਸੀਹਤਾਂ ਨਹੀਂ ਚਾਹੀਦੀਆਂ, ਸਮਝੇ? ਤੁਸੀਂ ਦੋਸਤ ਹੋ, ਦੋਸਤ ਹੀ ਰਹੋ, ਗਾਈਡ ਨਾ ਬਣੋ।"
"ਚਲ ਮੇਰੀ ਛੱਡ, ਪਰਮਿੰਦਰ ਦਾ ਕੀ ਕਸੂਰ ਹੈ ਤੇਰੀ ਨਜ਼ਰ ਵਿਚ? ਮੈਂ ਕਈ ਕੁਝ ਜਾਣਦਾ ਹਾਂ ਪਰ ਤੇਰਾ ਵਿਚਾਰ ਜਾਣਨਾ ਚਾਹੁੰਨਾ, ਸ਼ਾਇਦ ਔਰਤ ਦੀਆਂ ਭਾਵਨਾਵਾਂ ਦੀ ਕੋਈ ਪਰਤ ਸਮਝ ਸਕਾਂ।"
" ਪਰਮਿੰਦਰ ਨੇ ਮੇਰੇ ਨਾਲ ਵਿਆਹ ਨਹੀਂ ਕੀਤਾ, ਇੱਕ ਔਰਤ ਦੇ ਗੋਸ਼ਤ ਨਾਲ ਵਿਆਹ ਕੀਤਾ ਹੈ।"

" ਪਰ ਵਧੀਆ ਗੋਸ਼ਤ ਨਾਲ ਵਿਆਹ ਕੀਤਾ ਹੈ।" ਮੈਂ ਸੰਜੀਦਗੀ ਨੂੰ ਪੇਤਲਾ ਕਰਨ ਲਈ ਇੱਕ ਘਟੀਆ ਜਿਹਾ ਫ਼ਿਕਰਾ ਬੋਲਿਆ ਜਿਸਦਾ ਮੈਨੂੰ ਵੀ ਅਫਸੋਸ ਹੋਇਆ ਤੇ ਹਰੀ ਨੇ ਵੀ ਕੋਈ ਨੋਟਿਸ ਨਾ ਲਿਆ। ਮੈਂ ਸੰਜੀਦਗੀ ਨੂੰ ਬਰਕਰਾਰ ਰੱਖਣ ਲਈ ਕਿਹਾ, " ਪਰ ਤੂੰ ਉਹਦੇ ਵਿਚੋਂ ਆਪਣੇ ਬਾਪ ਨੂੰ ਕਿਉਂ ਢੂੰਡ ਰਹੀ ਹੈਂ? ਤੂੰ ਕਿਉਂ ਚਾਹੁੰਦੀ ਹੈਂ ਕਿ ਉਹ ਤੈਨੂੰ ਆਪਣੀ ਜਾਇਦਾਦ ਸਮਝੇ। ਉਹਦੇ ਕਪੜੇ ਟੰਗਣ ਵਾਲੀ ਕਿੱਲੀ ਬਣਕੇ ਤੇਰਾ ਕਿਹੜਾ ਸਕੂਨ ਸ਼ਾਤ ਹੋਣ ਵਾਲਾ ਹੈ? ਉਹ ਤੈਨੂੰ ਥਪੜ ਮਾਰੇ ਤੇ ਫਿਰ ਮੁਆਫੀ ਮੰਗੇ?"

"ਤੈਨੂੰ ਨਹੀਂ ਪਤਾ ਸਰ ਜੀ, ਆਦਮੀ ਸਾਰਾ ਦਿਨ ਖਪਿਆ ਕ੍ਰਿਝਿਆ ਦੁਨੀਆਂ ਨਾਲ ਲੜਦਾ, ਹਾਰਦਾ ਜਦੋਂ ਘਰ ਆਉਂਦਾ ਹੈ ਤੇ ਉਹਨੂੰ ਆਪਣਾ ਗੁੱਸਾ ਉੱਤਾਰਨ ਲਈ ਕੋਈ ਆਪਣਾ ਚਾਹੀਦਾ ਹੈ ਜਿਸਤੇ ਉਹ ਆਪਣੀ ਹਕੂਮਤ ਕਰ ਸਕੇ ਤੇ ਉਸਦੀ ਉਹ ਹਕੂਮਤ ਹੈ ਉਸਦੀ ਬੀਵੀ। ਉਹ ਪੀਕੇ ਜਦੋਂ ਖੁਸ਼ ਹੁੰਦਾ ਹੈ ਤਾਂ ਬੀਵੀ ਦੇ ਕੰਨਾਂ ਦੁਆਲੇ ਲਮਕੇ ਝੁਮਕਿਆਂ ਨਾਲ ਖੇਡਦਾ ਹੈ। ਮੇਰੀ ਮਾਂ ਮੇਰੇ ਬਾਪ ਦੇ ਖਿਝਣ ਤੇ ਖੁਸ਼ ਹੁੰਦੀ ਸੀ। ਉਸਨੂੰ ਖੁਸ਼ ਕਰਨ ਨਾਲ ਉਸਦੀ ਤ੍ਰਿਪਤੀ ਹੁੰਦੀ ਸੀ। ਤੂੰ ਸਮਝਦਾ ਹੈਂ ਨਾ ਤ੍ਰਿਪਤੀ ਕਿਸਨੂੰ ਕਹਿੰਦੇ ਹਨ? ਨਹੀ ਮੇਰਾ ਨਹੀਂ ਖਿਆਲ ਤੈਨੂੰ ਇਸਦਾ ਇਲਮ ਹੈ।  ਤ੍ਰਿਪਤੀ ਜੋ ਔਰਤ ਦੀ ਤਲਾਸ਼ ਹੈ। ਪਰ ਮੇਰੀ ਮਾਂ ਦੀ ਇੱਕ ਤ੍ਰਿਸ਼ਨਾਂ ਹੁੰਦੀ ਸੀ ਕਿ ਸਵੇਰੇ ਜਾਣ ਲਗਿਆਂ ਉਸਦਾ ਬਾਪ ਹੌਲਾ ਫੁੱਲ ਹੋਕੇ ਕੰਮ ਤੇ ਜਾਵੇ, ਖਿਝਣ ਖਿਝਾਉਣ ਦੀ ਦੁਨੀਆਂ ਵਿਚ। ਸਾਲ ਵਿਚ ਇੱਕ ਵਾਰ ਮੇਰੀ ਮਾਂ ਸਾਰੇ ਗਹਿਣੇ ਪਾਕੇ ਮੇਰੇ ਬਾਪ ਦੀ ਇੰਤਜ਼ਾਰ ਕਰਦੀ ਸੀ, ਆਪਣੀ ਸਾਰੀ ਗੁਲਾਮੀ ਦੇ ਸਮਰਪਣ ਨਾਲ। ਇਹ ਦਿਨ ਸੀ ਉਹਨਾ ਦੇ ਵਿਆਹ ਦੀ ਵਰ੍ਹੇ-ਗੰਢ। ਇਸ ਦਿਨ ਕਦੇ ਵੀ ਉਹਨਾਂ ਦੀ ਲੜਾਈ ਨਹੀਂ ਹੋਈ ਸੀ। ਮੇਰੀ ਮਾਂ ਆਪਣੇ ਪੈਰਾਂ ਦੀ ਕਲੀਚੀਆਂ ਸਮੇਤ ਤੁਰੀ ਫਿਰਦੀ ਮੈਨੂੰ ਬਹੁਤ ਚੰਗੀ ਲਗਦੀ ਸੀ। ਪਰ ਸਰ ਜੀ ਇਹ ਸਾਰਾ ਕੁਝ ਮੈਨੂੰ ਕਿਉਂ ਨਹੀਂ ਮਿਲਿਆ?"
"ਪਰ ਇਤਨੀ ਰੂੜੀਵਾਦੀ ਹੋਕੇ ਇਹ ਤੂੰ ਕੀ ਕਰਨ ਲਗੀ ਹੈ?"

"ਉਹ ਆਇਆ ਸੀ ਟਰਾਂਟੋ ਸਾਡੇ ਘਰ। ਮੈਂ ਤੇ ਭੁਲ ਭੁਲਾ ਗਈ ਸੀ। ਪਰ ਪਤਾ ਨਹੀਂ ਕਿਉਂ ਕਿਵੇਂ ਉਹਨੇ ਪਰਮਿੰਦਰ ਨਾਲ ਦੋਸਤੀ ਪਾ ਲਈ। ਉਹਨੂੰ ਦੇਖਦਿਆਂ ਪਹਿਲਾਂ ਤਾਂ ਮੈਂਨੂੰ ਅੱਗ ਹੀ ਲੱਗ ਗਈ। ਪਰ ਫਿਰ ਇਹ ਅੱਗ ਹੌਲੀ ਹੌਲੀ ਮੱਠੀ ਪੈਂਦੀ ਹੋਰ ਹੀ ਰੂਪ ਅਖਤਿਆਰ ਕਰਕੇ ਹਮਕੋ ਮੱਠਾ ਮੱਠਾ ਸੇਕ ਦਿੰਦੀ ਨਿਘ ਦੇਣ ਲੱਗ ਪਈ। ਉਸਦਾ ਫਿੱਕਾ ਜਿਹਾ ਚੇਹਰਾ।"
" ਕਿਤਨਾ ਕੁ ਫਿੱਕਾ?"

" ਬਸ ਸਰ ਜੀ ਇਹ ਸਮਝ ਲਵੋ, ਉਹ ਇੱਕ ਸਾਇਆ ਸੀ। ਕਾਲੇ ਰੰਗ ਦਾ। ਜਿਸਦਾ ਸਿਰਫ਼ ਕਲਬੂਤ ਦਿਸਦਾ ਸੀ। ਇੱਕ ਝਾਉਲਾ ਜਿਹਾ। ਤੁਰੇ ਜਾਂਦੇ ਦਾ ਕੋਈ ਖੜਾਕ ਨਹੀਂ। ਸਾਹ ਦੀ ਕੋਈ ਅਵਾਜ਼ ਨਹੀਂ। ਮੈਂ ਉਸਨੂੰ ਭੂਤ ਤੇ ਨਹੀਂ ਕਹਿੰਦੀ ਕਿਉਂਕਿ ਉਹਦੇ ਕੋਲੋਂ ਮੈਨੂੰ ਕੋਈ ਡਰ ਨਹੀਂ ਆਉਂਦਾ ਸੀ। ਉਸਦੇ ਪ੍ਰਛਾਵੇਂ ਨੇ ਦਸਤਾਨੇ ਪਾਏ ਹੋਏ ਸਨ ਜਾਂ ਉਸਦੇ ਹੱਥ ਨੰਗੇ ਸਨ ਇਸ ਚੀਜ਼ ਦੇ ਅਹਿਸਾਸ ਨਾਲ ਵੀ ਮੈਨੂੰ ਕੋਈ ਮਤਲਬ ਨਹੀਂ ਸੀ।

ਪਰ ਫਿਰ ਇੱਕ ਦਿਨ ਅਚਾਨਕ ਮੈਨੂੰ ਉਸਦੇ ਹੱਥ ਨੰਗੇ ਦਿਸੇ। ਹਮਰਾ ਯਕੀਂਨ ਬੱਝ ਗਿਆ ਕਿ ਉਸਦੇ ਹੱਥਾਂ ਤੇ ਕੋਈ ਦਸਤਾਨੇ ਨਹੀਂ ਸਨ। ਉਹ ਫਾਇਰ ਪਲੇਸ ਤੇ ਪਈ ਨਟਰਾਜ਼ ਦੀ ਦੇਵੀ ਨੂੰ ਛੂਹ ਰਿਹਾ ਸੀ। ਉਸਨੇ ਮੇਰੇ ਕੋਲੋਂ ਗਿੱਲਾ ਕਪੜਾ ਮੰਗਿਆ। ਕਪੜੇ ਨਾਲ ਨਟਰਾਜ਼ ਦੀ ਮੂਰਤੀ ਨੂੰ ਸਾਫ਼ ਕੀਤਾ। ਕਪੜਾ ਮੈਲਾ ਹੋ ਗਿਆ। ਮੈਨੂੰ ਬਹੁਤ ਸ਼ਰਮ ਆਈ। ਪਤਾ ਨਹੀਂ ਮੇਰੀ ਆਈ ਸ਼ਰਮ ਨੂੰ ਉਸਨੇ ਕਿਸਤਰ੍ਹਾਂ ਮਹਿਸੂਸ ਕੀਤਾ ਪਰ ਹਮਕੋ ਉਸਦਾ ਚੇਹਰਾ ਕੁਝ ਕੁਝ ਦਿਸਣ ਲੱਗ ਪਿਆ। ਉਸਦਾ ਨੱਕ ਪਹਿਲਾਂ ਵਾਂਗ ਹੀ  ਤਿੱਖਾ ਤੇ ਲੰਬਾ ਸੀ। ਬਿਲਕੁਲ ਉਸੇ ਤਰ੍ਹਾਂ ਦਾ ਜਿਵੇਂ ਦਾ ਹੋਣਾ ਚਾਹੀਦਾ ਹੈ। ਕੁਝ ਕੁਝ ਮੇਰੀ ਮਾਂ ਵਰਗਾ।"

"ਤੁਸੀਂ ਮਾੜਾ ਨਾ ਮਹਿਸੂਸ ਕਰੋ ਇਹ ਨਟਰਾਜ਼ ਦਾ ਧਾਤੂ ਹੀ ਐਸਾ ਹੈ, ਪਤਾ ਹੀ ਨਹੀਂ ਲਗਦਾ ਕਿਥੋਂ ਕਿਤਨਾ ਕੁ ਮੈਲਾ ਹੈ। ਲਵੋ ਹੁਣ ਇਹ ਬਿਲਕੁਲ ਸਾਫ਼ ਹੈ। ਲਾਗੇ ਪਾਸੇ ਤੋਂ ਆਈ ਨਿੱਕੀ ਤੋਂ ਨਿੱਕੀ ਮਿੱਟੀ ਦੀ ਕਣੀ ਵੀ ਇਹ ਆਪਣੇ ਵੱਲ ਸਰਕਾ ਲੈਂਦਾ ਹੈ। ਬੱਸ ਇਹ ਸਮਝ ਲਵੋ ਇਹ ਇਸਦਾ ਸ਼ੌਕ ਹੈ।  ਸਾਡੇ ਘਰ ਵੀ ਹੈ ਐਸੀ ਮੂਰਤੀ। ਮੈਂ ਉਸਦੀ ਦਿਹਾੜੀ ਵਿਚ ਦੋ ਵਾਰੀ ਸਫ਼ਾਈ ਕਰਦਾ ਹਾਂ। ਇਨ ਫੈਕਟ ਮੈਂ ਤਾਂ ਉਸ ਮੂਰਤੀ ਨੂੰ ਹੋਰ ਵੀ ਸਜਾਇਆ  ਹੋਇਆ ਹੈ। ਉਸਦੇ ਕੰਨਾਂ ਨੂੰ ਵਿੰਨਕੇ ਖਰੇ ਸੋਨੇ ਦੇ ਝੁਮਕੇ ਵੀ ਪਾਏ ਹੋਏ ਹਨ।"

" ਬਸ ਵੱਜ ਗਿਆ ਵਾਜਾ।" ਮੈਂ ਕੁਝ ਜ਼ੋਰ ਦੀ ਬੋਲ ਪਿਆ।
"ਕਿਹੜਾ ਵਾਜਾ? ਪੂਰੀ ਗੱਲ ਤੇ ਸੁਣੋ।"
"ਹਰੀ ਮੈਂ ਕੋਈ ਕਨਫੈæਸ਼ਨ ਬੌਕਸ ਵਿਚ ਖੜਾ ਪਾਦਰੀ ਨਹੀਂ ਹਾਂ। ਮੈਂ ਤੈਨੂੰ ਦੇਖ ਸਕਦਾ ਹਾਂ। ਫਾਦਰ ਦੇ ਰਟੇ ਰਟਾਏ ਡਾਇਲੌਗ ਕੁਝ ਕਮਿਸ਼ਨ ਹੁੰਦੇ ਤੇ ਕੁਝ ਓਮਿਸ਼ਨ। ਕੁਝ ਕਰੋ ਤੇ ਕੁਝ ਨਾ ਕਰੋ। ਬੀਬੇ ਰਾਣੇ ਲੋਕ ਸੁਣਦੇ ਹਨ ਤੇ ਚਲੇ ਜਾਂਦੇ ਹਨ।"

"ਪਰ ਸਰਜੀ ਮੈਂ ਤੇ ਕਨਫੈਸ਼ਨ ਕਰ ਹੀ ਨਹੀਂ ਰਹੀ। ਇਹ ਤੇ ਮੇਰੀ ਸੁਭਾਵਿਕ ਤੋਰ ਹੈ।"
"ਚੱਲ ਅੱਗੇ ਸੁਣਾ।" ਮੈਂ ਹਾਰ ਰਹੀ ਕੁੜੀ ਦੀ ਉਗਾਈ  ਪਹਿਲੀ ਡੋਡੀ ਨੂੰ ਦੇਖਣਾ ਚਾਹੁੰਦਾ ਸੀ। ਇਹ ਡੋਡੀ ਫੁੱਲ ਨਹੀਂ ਸੀ, ਇਹ ਮੇਰੀ ਸਮਝ ਸੀ ਤੇ ਇਹ ਜ਼ਹਿਰ ਨਹੀਂ ਸੀ ਇਹ ਹਰੀ ਦਾ ਭਰਮ ਸੀ।  
"ਨਟਰਾਜ਼ ਦੀ ਮੂਰਤੀ ਦੇ ਕੰਨਾਂ ਵਿਚ ਪਾਏ ਝੁਮਕਿਆਂ ਦੀ ਕਥਾ ਸੁਣਦਿਆਂ ਹਮਰਾ ਸੂਰਜ ਉਦੈ ਹੋ ਗਿਆ। ਅੱਖਾਂ ਵਿਚ ਅੱਖਾਂ ਪਾਕੇ ਗੱਲ ਕਰਨ ਦੀ ਉਸਦੀ ਮਾੜੀ ਆਦਤ, ਮੇਰੀ ਲੋੜ ਬਣ ਗਈ। ਖਰੇ ਸੋਨੇ ਦੇ ਝੁਮਕਿਆਂ ਨਾਲ ਆਪਣੇ ਕੰਨਾਂ ਨੂੰ ਸਜਾਉਂਣ ਦੀ ਖਿੱਚ, ਮੇਰੀ ਰੂਹ ਦੀ ਲੋੜ ਬਣ ਗਈ।"
" ਪਰ ਇਹ ਤੇ ਨਜ਼ਾਇਜ਼ ਕਬਜ਼ਾ ਹੈ।"

"ਮੇਰੀ ਸੱਖਣੀ ਰੂਹ, ਇਸਨੂੰ ਕਬਜ਼ਾ ਨਹੀਂ ਸਮਝਦੀ। ਮੈਂ ਮਗ ਪਈ ਸੀ। ਦੋ ਰਾਤਾਂ ਰਿਹਾ ਸਿਰਫ਼ ਮੇਰਾ ਸੈਲ ਫੋਂਨ ਲੈਣ ਖਾਤਰ। ਤੀਸਰੇ ਦਿਨ ਅਸੀਂ ਉਸਨੂੰ ਛਡਣ ਬਫਲੋ ਗਏ। ਰਸਤੇ ਵਿਚ ਲੱਗ ਪਿਆ ਉਹੋ ਰਾਗ ਅਲਾਪਣ ਜੋ ਹਮਰੀ ਕਮਜੋਰੀ ਹੈ। ਜ਼ਿੰਦਗੀ ਐਸੀ ਹੈ,ਜ਼ਿੰਦਗੀ ਵੈਸੀ ਹੈ। ਫਲਾਣਾ ਰਾਗ ਫਲਾਣੇ ਮੌਸਮ ਵਿਚ ਛੇੜਿਆ ਜਾਂਦਾ ਹੈ ਤੇ ਫਿਰ ਉਹਨੇ ਕਹਿਕੇ ਰਸਤੇ ਵਿਚ ਕਾਰ ਖਲਿਆਰ ਲਈ। ਚਾਰੇ ਪਾਸੇ ਦਰਖ਼ਤ ਸਨ। ਇੱਕ ਦੂਜੇ ਦੀ ਥੋੜੀ ਵਿੱਥ ਤੇ ਖਲੋਤੇ ਦਰਖ਼ਤ। ਕਹਿੰਦੈ ਦੇਖੋ ਇਹਨਾਂ ਦਰਖਤਾਂ ਦੀ ਦੁਨੀਆਂ ਨੂੰ। ਅਡੋਲ ਖੜੇ ਤੁਹਾਨੂੰ ਬੇਜਾਨ ਲਗਣਗੇ ਪਰ ਇਹਨਾਂ ਦੀਆਂ ਆਪਸ ਵਿਚ ਰਿਸ਼ਤੇਦਾਰੀਆਂ ਹਨ। ਅੱਤ ਦੇ ਮੌਸਮ ਵਿਚ ਇਹ ਇੱਕ ਦੂਜੇ ਦਾ ਸਾਥ ਦਿੰਦੇ ਹਨ। ਰਾਤ ਦੇ ਹਨੇਰੇ ਵਿਚ ਇਹਨਾਂ ਦੀਆਂ ਮਹਿਫ਼ਲਾਂ ਸਜਦੀਆਂ ਹਨ। ਪੱਤੇ ਆਪਣਾ ਸਰੂਪ ਵਟਾਉਂਦੇ ਹਨ। ਇਹਨਾਂ ਦੇ ਵਿਆਹ ਵੀ ਹੁੰਦੇ ਹਨ। ਕਿਸੇ ਦਾ ਪਰਾਗ ਕੋਈ ਆਪਣੇ ਗਰਭ ਵਿਚ ਪਾਲਦਾ ਹੈ ਤੇ ਕਿਸੇ ਦਾ ਗਰਭ ਕਿਸੇ ਦਾ ਪਰਾਗ ਢੂੰਡਣ ਲਈ ਪੌਣਾਂ ਨੂੰ ਅਵਾਜ਼ ਮਾਰਦਾ ਹੈ। ਪੌਣਾਂ ਦੀ ਸ਼ਿਦਤ ਮਾਨਣੀ ਹੋਵੇ ਤਾਂ ਦਰਖਤਾਂ ਤੋਂ ਉੱਤਮ ਹੋਰ ਕੋਈ ਧਰਮ ਨਹੀਂ। ਹੋਰ ਕਿਤਨਾ ਹੀ ਕੁਝ ਉਸਨੇ ਕਿਹਾ ਜੋ ਹਮਕੋ ਯਾਦ ਨਹੀਂ ਪਰ ਮੇਰੇ ਜ਼ਿਹਨ ਵਿਚ ਵਸਿਆ ਹੋਇਆ ਹੈ। ਯਾਦ ਹੈ ਤੇ ਸਿਰਫ ਉਹਦੀ ਫੋਨ ਕਾਲ।"
"ਬੜਾ ਫੁੰਕਾਰ ਬੰਦਾ ਹੈ।" ਮੈਂ ਹੌਲੀ ਜਿਹੀ ਪਰ ਹਰੀ ਨੂੰ ਸੁਣਾਕੇ ਕਿਹਾ।

" ਜੋ ਮਰਜ਼ੀ ਕਹੋ ਹਮਕੋ ਤਾਂ ਉਸਦੀ ਇੱਕੋ ਗੱਲ ਨੇ ਖਰੀਦ ਲਿਆ। ਕਹਿੰਦਾ ਸੀ ਹਰੀ ਅਮਰੀਕਾ ਆਕੇ ਨਟਰਾਜ਼ ਦੀ ਮੂਰਤੀ ਨੂੰ ਝੁਮਕਿਆਂ ਤੋਂ ਮੁੱਕਤ ਕਰਦੇ। ਤੁਸੀਂ ਦਸੋ ਸਰਜੀ ਮੈਂ ਹੁਣ ਕੀ ਕਰਾਂ? ਇਹ ਨਾ ਕਹਿਣਾ ਫਰਗੈਟ ਇੱਟ। ਇਹ ਦਸੋ ਕਦੋਂ ਤੇ ਕਿਸਤਰ੍ਹਾਂ ਜਾਵਾਂ ਤੇ ਤੁਸੀਂ ਹਮਰੀ ਕੀ ਮਦਦ ਕਰ ਸਕਦੇ ਹੋ? ਮੈਨੂੰ ਉਹ ਝੁਮਕੇ ਚਾਹੀਦੇ ਹਨ।"
" ਹਰੀ ਇਹਨਾਂ ਗੱਲਾਂ ਦੀ ਗਹਿਰਾਈ ਦੀਆਂ ਜੜ੍ਹਾਂ ਨਹੀਂ ਹੁੰਦੀਆਂ ਤੇ ਜੜ੍ਹਾਂ ਤੋਂ ਬਗੈਰ ਅਸੀਂ ਜੋਰਦਾਰ ਭੱਜੇ ਜਾਂਦੇ ਪਾਣੀ ਦੇ ਧੱਕੇ ਉਹ ਪੱਥਰ ਹਾਂ ਜਿਹਨਾਂ ਦੀ ਆਪਣੀ ਕੋਈ  ਝੁੱਗੀ ਨਹੀਂ ਹੁੰਦੀ। ਮੈਂ ਵੀ ਰਿੜਿਆ ਹਾਂ। ਇੱਕ ਕੱਥਾ ਮੇਰੀ ਵੀ ਹੈ। ਇਸੇ ਲਈ ਮੈਂ ਤੈਨੂੰ ਸੁਝਾ ਹੀ ਦੇ ਸਕਦਾ ਹਾਂ ਕਿ ਇਹ ਸਭ ਭਟਕਣ ਹੈ। ਇਸ ਰੋਗ ਦਾ ਇਲਾਜ ਬਹੁਤ ਮੁਸ਼ਕਲ ਹੈ। ਲੈ ਮੇਰੀ ਵੀ ਕੱਥਾ ਸੁਣ।"

"ਸਰਜੀ ਮੈਂ ਤੇ ਤੁਹਾਨੂੰ ਸ਼ਰੀਫ ਸਮਝਦੀ ਸੀ ਪਰ ਤੁਸੀਂ ਤੇ ਪੂਰੇ ਕਮੀਨੇ ਨਿਕਲੇ,ਤੁਹਾਡੇ ਵਰਗੇ ਹਲਕਾਏ ਕੁੱਤੇ ਨੂੰ ਤੇ ਗੋਲੀ ਮਾਰ ਦੇਣੀ ਚਾਹੀਦੀ ਹੈ। ਲਾਹਨਤ ਹੈ ਤੁਹਾਡੇ ਤੇ, ਫਿਰ ਕੀ ਹੋਇਆ?"
"ਹੋਣਾ ਕੀ ਹੈ ਤੇ ਰੋਣਾ ਕੀ ਹੈ। ਭਟਕਣ ਨੂੰ ਜਿਹਨਾਂ ਮਰਜ਼ੀ ਵਧਾਈ ਜਾਉ।"
"ਹਮਰੇ ਮੰਨਣ ਵਿਚ ਨਹੀਂ ਆਉਂਦੀ ਤੁਹਾਡੀ ਸੁਣੀ ਗੱਲ, ਕੋਈ ਇਤਨਾ ਵੀ ਗਿਰ ਸਕਦਾ ਹੈ?"

"ਤਾਂ ਹੀ ਤੇ ਮੈਂ ਕਹਿੰਦਾ ਹਾਂ, ਇਹ ਦਿਲਾਂ ਦੇ ਕਹਿਣੇ,ਰੂਹ ਦੇ ਗਹਿਣੇ ਨਹੀਂ ਹੁੰਦੇ। ਲਗਦੇ ਹਨ ਪਰ ਹੁੰਦੇ ਨਹੀਂ।"
"ਸਰਜੀ ਮੈਨੂੰ ਤੁਹਾਡਾ ਡੈਬਿਟ ਕਾਰਡ ਤੇ ਉਸਦਾ ਪਿੰਨ ਨੰਬਰ ਚਾਹੀਦਾ ਹੈ। ਪਰਸੋਂ ਸਵੇਰੇ ਮੈਨੂੰ ਆਪਣੇ ਕਰੈਡਿਟ ਕਾਰਡ ਤੇ  ਕਾਰ ਰੈਂਟ ਕਰਕੇ ਦੇਵੋ। ਤੜਕੇ ਛੇ ਵਜ਼ੇ ਮੈਂ ਚਲਣਾ ਹੈ, ਅੱਠ ਵਜ਼ੇ ਤੋਂ ਪਹਿਲਾਂ ਪਹਿਲਾਂ ਮੈਂ ਅਮਰੀਕਾ ਦਾ ਬਾਰਡਰ ਕਰਾਸ ਕਰਨਾ ਹੈ। ਤੁਸੀਂ ਮੇਰਾ ਕਾਰਡ ਸਵਾਈਪ ਇੰਨ ਤੇ ਸਵਾਈਪ ਆਊਟ ਕਰਨਾ ਹੈ। ਮੇਰਾ ਘਰੋਂ ਕੋਈ ਫ਼ੋਨ ਆਵੇ ਤਾਂ ਗੱਲ ਨੂੰ ਸੰਭਾਲਣਾ ਹੈ। ਪੂਰੇ ਦੋ ਵਜ਼ੇ ਹਮਨੇ  ਕੈਨੇਡਾ ਦਾ ਬਾਰਡਰ ਕਰਾਸ ਕਰ, ਚਾਰ ਵਜ਼ੇ ਤੋਂ ਪਹਿਲਾਂ ਰੈਂਟਲ ਕਾਰ ਵਾਪਸ ਕਰਕੇ, ਝੁਮਕਿਆਂ ਸਮੇਤ ਘਰ ਜਾਣਾ ਹੈ ਤੇ ਫੇਰ ਤੁਹਾਨੂੰ ਫੋਨ ਕਰਾਂਗੀ।"

" ਤੇ ਜੇ ਕਾਰ ਰਸਤੇ ਵਿਚ ਪੰਕਚਰ ਹੋ ਗਈ ਫੇਰ?"
"ਜੇ ਤੁਸੀਂ ਚਾਹੁੰਦੇ ਹੋ ਕਾਰ ਪੰਕਚਰ ਨਾ ਹੋਵੇ ਤਾਂ ਨਹੀਂ ਹੋਵੇਗੀ।"
"ਤੂੰ ਟਲਣਾ ਨਹੀਂ। ਕਾਰ ਤੇ ਪੰਕਚਰ ਨਹੀਂ ਹੋਵੇਗੀ ਪਰ ਤੇਰੀ ਕੋਈ ਗਾਰੰਟੀ ਨਹੀਂ। ਮੈਨੂੰ ਪਤਾ ਹੈ ਤੂੰ ਆਕੇ ਮੈਨੂੰ ਕੁਝ ਨਹੀਂ ਦਸਣਾ। ਕਿਉਂਕਿ ਦਸਣ ਲਈ ਤੇਰੇ ਕੋਲ ਕੁਝ ਰਹਿਣਾ ਹੀ ਨਹੀਂ।"

"ਅਜੇ ਮੈਂ ਕੁਝ ਨਹੀਂ ਕਹਿ ਸਕਦੀ।"
" ਪਰ ਜੇ ਤੂੰ ਕਹੇਂ ਤਾਂ ਮੈਂ ਕੋਰੇ ਕਾਗਜ਼ ਤੇ ਲਿਖਕੇ ਲੌਕਰ ਵਿਚ ਰੱਖ ਦਿੰਦਾ ਹਾਂ ਕਿ ਤੇਰੇ ਨਾਲ ਕੀ ਬੀਤਣ ਵਾਲੀ ਹੈ। ਆਕੇ ਪੜ੍ਹ ਲਵੀਂ।  ਜੇ ਇੰਨ ਬਿੰਨ ਗੱਲ ਸੱਚ ਨਾ ਨਿਕਲੇ ਤਾਂ ਮੈਨੂੰ ਸਰਜੀ ਕਹਿਣਾ ਛੱਡ ਦੇਵੀਂ।" ਅੱਜ ਫੇਰ ਮੈਨੂੰ ਪੁਰਾਣੀ ਅਪਰਾਧ ਕੱਥਾ ਯਾਦ ਆ ਰਹੀ ਸੀ। ਸੁਨੀਤਾ ਦੋ ਮਹੀਨੇ ਬਾਦ ਵਾਪਸ ਆ ਗਈ ਸੀ। ਨਾ ਪ੍ਰੇਮੀ ਰਿਹਾ ਤੇ ਨਾ ਪਤੀ। ਨਾ ਸੁਨੀਤਾ ਪਤਨੀ ਬਣੀ ਨਾ ਬੇਟੀ ਨਾ ਮਾਂ ਨਾ ਪ੍ਰੇਮਿਕਾ। ਬੱਸ ਇੱਕ ਮਾਸ ਦਾ ਲੋਥੜਾ। ਮੈਂ ਚਾਹੁੰਦਾ ਸੀ ਹਰੀ ਨਾਲ ਐਸਾ ਨਾ ਹੋਵੇ। ਇਸੇ ਕਰਕੇ ਹੀ ਮੈਂ ਉਸਦੀ ਮਦਦ ਕਰ ਰਿਹਾ ਸੀ। ਮੇਰੇ ਕੋਲ ਉਸਦੀ ਬੇਹਤਰੀ ਦਾ ਹੋਰ ਕੋਈ ਹੱਲ ਵੀ ਨਹੀਂ ਸੀ। ਮੇਰੀ ਜ਼ਰਾ ਜਿਤਨੀ ਸਿਆਣਪ ਉਸਦੀ ਜ਼ਿੰਦਗੀ ਤਬਾਹ ਕਰ ਸਕਦੀ ਸੀ। ਤਿਲਕਦੇ ਪੱਥਰ ਨੂੰ ਕੋਣ ਰੋਕ ਸਕਦਾ ਹੈ?ਮੈਂ ਤਾਂ ਚਾਹੁੰਦਾ ਸੀ ਕਿ ਇਹ ਤਿਲਕਦਾ ਪੱਥਰ ਆਪਣੇ ਖੇਤ ਤੋਂ ਲਾਂਭੇ ਨਾ ਜਾ ਪਵੇ।  ਅਸੀਂ ਦੁਆ ਹੀ ਕਰ ਸਕਦੇ ਹਾਂ ਕਿ ਤਿਲਕਦਾ ਪੱਥਰ ਕਿਸੇ ਜੀਂਦੇ ਜਾਗਦੇ ਇਨਸਾਨ ਤੇ ਨਾ ਡਿਗੇ।

ਅੱਜ ਦੀ ਰਾਤ ਮੇਰੇ ਲਈ ਕਹਿਰ ਦੀ ਰਾਤ ਸੀ। ਸਵੇਰੇ ਹਰੀ ਨੇ ਜਾਣਾ ਸੀ। ਅਮਰੀਕਾ ਵਿਚ ਬੈਠਾ ਮੈਂ ਉਸਦਾ ਇੰਤਜਾਰ ਕਰ ਰਿਹਾ ਸੀ। ਅਮਰੀਕਾ ਵਿਚ ਬੈਠਾ ਮੈਂ ਹਰੀ ਦੇ ਸਰੀਰ ਦਾ ਇੰਤਜਾਰ ਕਰ ਰਿਹਾ ਸੀ। ਮੈਂ ਬਹੁਤ ਝੂਠ ਬੋਲ ਚੁੱਕਿਆ ਸੀ। ਚੰਗੇ ਤੋਂ ਚੰਗੇ ਸ਼ਬਦਾਂ ਨੂੰ ਚੁਰਾਇਆ ਸੀ ਮੈਂ। ਮੈਂ ਹਰੀ ਨੂੰ ਪ੍ਰਭਾਵਿਤ ਕਰਨ ਲਈ ਉਸਦੀਆਂ ਕਮਜ਼ੋਰੀਆਂ ਨੂੰ ਲਭਿਆ ਸੀ। ਉਸਦੀ ਬੀਤ ਰਹੀ ਜ਼ਿੰਦਗੀ ਨੂੰ ਮਜ਼ਲੂਮ ਸਾਬਤ ਕਰਨ ਲਈ ਕੋਸ਼ਿਸ਼ਾਂ ਕੀਤੀਆਂ ਸਨ। ਔਰਤ ਕੋਈ ਵਸਤੂ ਨਹੀਂ ਹੈ, ਔਰਤ ਕੋਈ ਗੁਲਾਮ ਨਹੀਂ ਹੈ। ਅੱਜ ਦੇ ਯੁੱਗ ਦੀ ਔਰਤ ਚੰਦ ਤਾਰਿਆਂ ਤੇ ਪਹੁੰਚ ਰਹੀ ਹੈ। ਹਵਾਈ ਜ਼ਹਾਜ਼ ਉਡਾ ਰਹੀ ਹੈ ਤੇ ਤੂੰ ਅਜੇ ਤੱਕ ਸਿਰਫ਼ ਆਪਣੇ ਪਤੀ ਨਾਲ ਰਹਿ ਰਹੀਂ ਹੈਂ? ਹੁਣ ਔਰਤ ਦੇ ਜਾਗਣ ਦਾ ਸਮਾਂ ਹੈ। ਬਹੁਤ ਗੁਲਾਮੀ ਝੇਲ ਲਈ ਸਮਾਜ ਦੀ। ਚੱਲ ਉੱਠ ਤੇ ਆ ਜਾ ਮੇਰੀਆਂ ਬਾਹਵਾਂ ਵਿਚ। ਮੈਂ ਤੈਨੂੰ ਅਜ਼ਾਦੀ ਦੇਵਾਂਗਾ। ਤੇਰੇ ਕੁਆਰੇ ਸੰਕਲਪਾਂ ਨੂੰ ਨਵਿਆਵਾਂਗਾ। ਛੋਟੇ ਜਿਹੇ ਖੂਬਸੂਰਤ ਪੱਥਰ ਨੂੰ ਮੇਰੇ ਪਾਣੀਆਂ ਦੀਆਂ ਛੱਲਾਂ ਨੇ ਆਪਣੀ ਜਗ੍ਹਾ ਤੋਂ ਸਰਕਾ ਦਿੱਤਾ ਸੀ। ਪੱਥਰ ਹਿਲ ਪਿਆ। ਆਪਣੀ ਜਗ੍ਹਾ ਤੋਂ ਥੋੜਾ ਜਿਹਾ ਸਰਕਿਆ।

ਉਸਦੇ ਥੋੜੇ ਜਿਹੇ ਸਰਕਣ ਤੋਂ ਬਾਦ ਮੈਂ ਚਾਹੁੰਦਾ ਸੀ ਉਹ ਦੁਬਾਰਾ ਆਪਣੀ ਜਗ੍ਹਾ ਤੇ ਫਿਟ ਹੋ ਜਾਏ। ਪਰ ਕਿੱਥੇ ਉਹ ਤੇ ਕਈਆਂ ਨੂੰ ਮਿੱਧਦਾ, ਰੋਲਦਾ, ਤੁਰਿਆ ਹੀ ਜਾ ਰਿਹਾ ਸੀ। ਉਸਦੀ ਚਾਲ ਹੁਣ ਮਟਕ ਵਾਲੀ ਨਹੀਂ ਸੀ। ਜਿਸਤਰ੍ਹਾਂ ਮੈਂ ਮਿੱਥ ਲਈ ਸੀ। ਬਖਸ਼ ਲਈਂ ਰੱਬਾ।

ਸਵੇਰੇ ਪੰਜ ਵਜ਼ੇ ਮੈਂ ਘਰੋਂ ਚੱਲ ਪਿਆ। ਕਾਰ ਰੈਂਟ ਕਰਦਿਆਂ ਮੈਂ ਅਜੀਬ ਤੱਕਣੀ ਨਾਲ ਪੱਥਰ ਵਲ ਵੇਖਿਆ। ਹਰੀ ਦੇ ਕੰਨ ਸੁੰਨੇ ਸਨ। ਹਮੇਸ਼ਾਂ ਲਟਕਦੀਆਂ ਵਾਲੀਆਂ ਉਹ ਘਰ ਰੱਖ ਆਈ ਸੀ। ਅੱਜ ਸ਼ਾਮ ਜਦੋਂ ਹਰੀ ਪਰਤੇਗੀ ਤਾਂ ਇਹਦੇ ਕੰਨਾਂ ਵਿਚ ਝੁਮਕੇ ਹੋਣਗੇ ਜਾਂ ਨਹੀਂ। ਕੀ ਕੱਲ ਇਹ ਕੰਮ ਤੇ ਵਾਲੀਆਂ ਪਹਿਨਕੇ ਆਵੇਗੀ ਜਾਂ ਝੁਮਕੇ। ਹਰੀ ਸਮਝਦੀ ਸੀ ਕਿ ਉਹ ਝੁਮਕੇ ਹੀ ਪਹਿਨੇਗੀ। ਵਾਲੀਆਂ ਤੇ ਝੁਮਕਿਆਂ ਦੀ ਦੋਹਰੀ ਜ਼ਿੰਦਗੀ ਜੀਣ ਲਈ ਬੇਤਾਬ ਹਰੀ, ਖੁਸ਼ ਦਿਸ ਰਹੀ ਸੀ। ਹਰੀ ਚਲੇ ਗਈ। ਲੈਫਟ ਟਰਨ ਲੈਕੇ ਹਰੀ ਨੇ ਰੈਂਟਲ ਕਾਰ ਨੂੰ ਅੱਖੋਂ ਉਹਲੇ ਕਰ ਲਿਆ।
ਮੈਂ ਅਮਰੀਕਾ ਉਸਦਾ ਇੰਤਜ਼ਾਰ ਕਰ ਰਿਹਾ ਸੀ। ਅੱਜ ਮੈਂ ਜਿਤਣਾ ਸੀ। ਇਸ ਜਿੱਤ ਲਈ ਮੈਂ ਕਾਫੀ ਮੇਹਨਤ ਕੀਤੀ ਸੀ। ਮੇਰੇ ਤਿੱਖੇ ਜ਼ਹਿਰੀਲੇ ਡੰਗ ਮੈਨੂੰ ਸੁਆਦ ਦੇ ਰਹੇ ਸਨ। ਸਾਬਤ ਸਬੂਤ ਹਰੀ  ਮੇਰੇ ਸਾਹਮਣੇ ਸੀ। ਪੱਥਰ, ਫੁਲਾਂ ਦੀ ਵਰਖਾ ਕਰ ਰਿਹਾ ਸੀ। ਰਿਮਝਿਮ, ਰਿਮਝਿਮ, ਨਿੱਕੀ ਨਿੱਕੀ ਕਣੀਂ ਨਾਲ ਮੈਂ ਭਿੱਜ ਰਿਹਾ ਸੀ। ਮੇਰੇ ਅੰਦਰ ਦੇ ਸੇਕ ਨਾਲ ਇੱਕਮਿੱਕ ਹੋਈ ਇਹ ਗਰਮਾਈ ਕਣੀ ਮੈਨੂੰ ਸੁਆਦ ਦੇ ਰਹੀ ਸੀ। ਫਿਰ ਇਸ ਰਿਮ ਝਿਮ ਨਾਲ ਮੈਂਨੂੰ ਠੰਡ ਲੱਗਣ ਲੱਗ ਪਈ। ਠੰਡ ਵਧਦੀ ਹੀ ਜਾ ਰਹੀ ਸੀ। ਨਿੱਘ ਦੀ ਗੁੰਜਾਇਸ਼ ਖਤਮ ਹੋਈ ਜਾ ਰਹੀ ਸੀ। ਹੌਲੀ ਹੌਲੀ ਇਸ ਗੁੰਜਾਇਸ਼ ਨੇ ਆਪਣੀ ਹੋਂਦ ਸਮੇਟ ਲਈ। ਹਰੀ ਖੁਸ਼ ਸੀ। ਬਹੁਤ ਹੀ ਖੁਸ਼। ਉਸਦੀ ਰੂਹ ਨਿੱਘ ਮਾਣ ਰਹੀ ਸੀ। ਭਿੱਜਦਿਆਂ ਤੇ ਭਿੱਜਣ ਤੋਂ ਪਹਿਲਾਂ, ਮੇਰੇ ਕੀਤੇ ਕੌਲ ਕਰਾਰ ਉਸਦੇ ਦਿਲ ਦਿਮਾਗ ਮੱਲੀ ਜਾ ਰਹੇ ਸਨ। ਮੱਥੇ ਤੇ ਚੰਨ ਉਕਰ ਰਿਹਾ ਸੀ। ਇਸਤੋਂ ਪਹਿਲਾਂ ਕਿ ਇਹ ਚੰਨ ਉਦੈ ਹੋਕੇ ਹਰੀ ਦੀ ਕੋਈ ਆਸ ਜਗਾਵੇ ਮੈਂ ਇਸ ਰੌਸ਼ਨ ਹੋ ਰਹੇ ਚੰਨ ਨੂੰ ਭੰਨ ਦੇਣ ਦਾ ਫੈਸਲਾ ਕਰ ਲਿਆ। ਸ਼ਾਇਦ ਇਹ ਫੈਸਲਾ ਨਹੀਂ ਸੀ। ਇਹ ਤੇ ਮੇਰੀ ਕੋਈ ਸਾਜਿਸ਼ ਸੀ। ਚਾਰੇ ਗਨੇਰੀਆਂ ਜਿੱਤਕੇ ਮੈਂ ਸੋਫੇ ਤੇ ਬੈਠ ਗਿਆ। ਮੇਰੇ ਥੋੜੇ ਜਿਹੇ ਉਧੜੇ ਬੂਟ ਮੇਰੇ ਵਲ ਦੇਖ ਰਹੇ ਸਨ।

ਮੇਰੀ ਅਗਲੀ ਕੀਤੀ ਜਾਣ ਵਾਲੀ ਗੱਲ ਹਰੀ ਦੀ ਸਮਝ ਤੋਂ ਬਾਹਰ ਸੀ। ਕੁਆਰੀ ਸਨੋ ਨਾਲ ਹਰੀ  ਦੇ ਪੈਰ ਧੋਣ ਵਾਲੀ ਗੱਲ ਮੇਰੇ ਗਲੇ ਵਿਚ ਹੀ ਅੱਟਕ ਗਈ।
ਹਰੀ ਮੈਂ ਚਾਹੁੰਨੈਂ ਤੇਰੇ ਪੈਰਾਂ ਤੇ ਲੱਗੀ ਧੂੜ ਮੈਂ ਧੋਕੇ ਤੈਨੂੰ ਪਵਿਤਰ ਕਰ ਦਿਆਂ। ਸ਼ਾਇਦ ਇਹ ਗੱਲ ਦੁਬਾਰਾ ਸੁਣਨ ਲਈ ਹਰੀ ਦੀਆਂ ਸਾਰੀਆਂ ਇੰਦਰੀਆਂ ਉੱਤਸੁੱਕ ਸਨ। ਹਰੀ ਨੂੰ ਤੇ ਪਤਾ ਹੀ ਨਹੀਂ ਸੀ ਕਿ ਉਹ ਬਾਜ਼ੀ ਹਾਰ ਚੁੱਕੀ ਹੈ। ਇਹ ਪਲ ਪਿਆਰ ਦੇ ਪਲ ਨਹੀਂ ਸਗੋਂ ਬਾਜ਼ੀ ਦੀ ਸਿੱਧ ਪੁੱਠ ਦੇ ਪਲ ਸਨ। ਇਹ ਪਲ ਹਰੀ ਦੇ ਲਈ ਭਰਮ ਦੇ ਪਲ ਸਨ। ਲਿਬੜੇ ਪੈਰਾਂ ਤੋਂ ਬੇਖ਼ਬਰ ਹਰੀ, ਮੇਰੀਆਂ ਅੱਖਾਂ ਵਿਚੋਂ ਕੁਝ ਲਭਣ ਦੀ ਕੋਸ਼ਿਸ਼ ਕਰ ਰਹੀ ਸੀ।

ਮੈਂ ਤੇ ਕਦੇ ਵੀ ਹਰੀ ਨੂੰ ਇਹ ਨਹੀਂ ਕਿਹਾ ਸੀ ਕਿ ਮੈਂ ਸਿਰਫ਼ ਤੇਰਾ ਹਾਂ। ਸ਼ਾਇਦ ਮੇਰੇ ਸ਼ਬਦਾਂ ਦੇ ਹੇਰ ਫ਼ੇਰ ਨੇ ਹਰੀ ਨੂੰ ਪਜੈਸਿਵ ਬਣਾ ਦਿੱਤਾ ਸੀ। ਮੇਰੀ ਇੱਕ ਸੀਮਾ ਹੈ। ਹਰੀ ਦੀ ਵੀ ਇੱਕ ਸੀਮਾ ਹੋਣੀ ਚਾਹੀਦੀ  ਹੈ। ਫਰਕ ਸਿਰਫ ਇਹ ਹੈ ਕਿ ਮੈਨੂੰ ਆਪਣੀ ਸੀਮਾ ਦੀ ਪਛਾਣ ਹੈ ਤੇ ਹਰੀ ਇਸ ਸੀਮਾ ਤੋਂ ਬੇਪਛਾਣ ਹੈ। ਆਈ ਕੈਂਟ ਅਫੋਰਡ ਇੱਟ।  

ਅੱਜ ਸਾਰਾ ਦਿਨ ਮੈਂ ਬਹੁਤ ਹੀ ਬੇਚੈਨ ਰਿਹਾ। ਹਰੀ ਕੀ ਕਰ ਰਹੀ ਹੋਵੇਗੀ। ਉਸਦੇ ਕੰਨਾਂ ਵਿਚ ਝੁਮਕਿਆਂ ਨੂੰ ਲਟਕਾਉਂਣ ਵਾਲੀ ਪਿੰਨ ਪਈ ਹੋਵੇਗੀ ਜਾਂ ਨਹੀਂ। ਕਾਸ਼ ਹਰੀ ਮੈਨੂੰ ਮੁਆਫ ਕਰ ਦੇਵੇ। ਮੈਂ ਜਾਂ ਮੇਰੇ ਵਰਗੇ ਲੋਕਾਂ ਨੇ ਹਰੀ ਨੂੰ ਜਾਂ ਉਸ ਵਰਗੇ ਹੋਰ ਲੋਕਾਂ ਨੂੰ ਬਥੇਰਾ ਖੁਆਰ ਕਰ ਲਿਆ ਹੈ। ਹਰੀ ਅੱਜ ਆ ਰਹੀ ਹੋਵੇਗੀ। ਕਾਸ਼ ਉਸ ਦੇ ਕੰਨ ਖਾਲੀ ਹੋਣ ਤੇ ਰੂਹ ਭਰੀ ਹੋਈ। ਕਾਸ਼ ਮੈਂ ਉਸਨੂੰ ਨਾ ਬਦਲਣ ਦੀ ਖਾਮੋਸ਼ ਕੋਸ਼ਿਸ਼ ਤੋਂ ਮੁੱਕਤ ਹੋ ਜਾਵਾਂ। ਕਿਤੇ ਮੈਨੂੰ ਕੁਝ ਪੁੱਛ ਹੀ ਨਾ ਲਵੇ। ਮੈਂ ਉਸਨੂੰ ਉਹਦੇ ਹਾਲ ਤੇ ਛੱਡ ਕੇ ਗੁਨਾਹ ਕੀਤਾ ਹੈ। ਮਸੀਂ ਚਾਰ ਵੱਜੇ ਤੇ ਫੇਰ ਛੇ ਵਜੇæ ਹਰੀ ਦਾ ਫੋਨ ਆਇਆ। ਉਸਨੇ ਕਾਰ ਵਾਪਸ ਕਰ ਦਿੱਤੀ ਸੀ। ਮੈਂ ਕੁਝ ਨਾ ਪੁੱਛਿਆ।

ਅਗਲੇ ਦਿਨ ਹਰੀ ਕੰਮ ਤੇ ਨਾ ਆਈ। ਫਿਰ ਅਗਲੇ ਦਿਨ ਵੀ ਕੰਮ ਤੇ ਨਹੀਂ ਆਈ। ਮੈਨੂੰ ਫਿਕਰ ਲੱਗਾ। ਉਸਦਾ ਸਵਾਈਪ ਕਾਰਡ ਮੇਰੇ ਕੋਲ ਸੀ। ਨਾ ਕੋਈ ਫੋਨ ਨਾ ਸੁਨੇਹਾ। ਮੈਂ ਜਾਣਦਾ ਸੀ ਇਹ ਨਾਰਮਲ ਵਤੀਰਾ ਸੀ, ਇਹ ਇਸਤਰ੍ਹਾਂ ਹੀ ਹੋਣਾ ਸੀ। ਮੈਂ ਇਹ ਵੀ ਜਾਣਦਾ ਸੀ ਕਿ ਉਹ ਜਦੋਂ ਵੀ ਕੰਮ ਤੇ ਆਵੇਗੀ ਉਸਦੇ ਕੰਨ ਸੁੰਨੇ ਹੋਣਗੇ। ਬਰੇਲੀ ਦੇ ਬਜ਼ਾਰ ਵਿਚ ਡਿੱਗਾ ਝੁਮਕਾ ਅਜੇ ਤੱਕ ਕਿਸੇ ਨੂੰ ਨਹੀਂ ਲੱਭਾ ਫਿਰ ਹਰੀ ਕੀਹਦੇ ਪਾਣੀਹਾਰ ਹੈ।

ਤੀਸਰੇ ਦਿਨ ਸੁੰਨੇ ਕੰਨਾਂ ਨਾਲ ਹਰੀ ਕੰਮ ਤੇ ਆਈ। ਉਤਰਿਆ ਹੋਇਆ ਚੇਹਰਾ, ਅੱਖਾਂ ਵਿਚ ਲਾਲੀ ਤੇ ਮੂੰਹ ਤੇ ਕੁਝ ਕਹਿਣ ਦੀ ਕਾਹਲ ਨੇ ਉਸਦਾ ਹੁਲੀਆ ਵਿਗਾੜਿਆ ਹੋਇਆ ਸੀ। ਮੈਂ ਕੁਝ ਵੀ ਪੁੱਛਣਾ ਮੁਨਾਸਿਬ ਨਾ ਸਮਝਿਆ।
"ਸਰਜੀ ਤੁਸੀਂ ਬਹੁਤ ਖਰਾਬ ਹੋ।" ਟਿਮ ਹਾਰਟਨ ਦੀ ਨੁੱਕਰ ਵਿਚ ਬੈਠਿਆਂ ਹਰੀ ਦਾ ਪਹਿਲਾ ਵਾਕ ਮੇਰਾ ਜਾਣਾ ਪਛਾਣਿਆ ਸੀ।

"ਮੈਂ ਕੀ ਕੀਤਾ?"
"ਤੁਸੀਂ ਹਮਕੋ ਵਰਜਿਆ ਕਿਉਂ ਨਹੀਂ?"
"ਮੇਰੇ ਵਰਜਣ ਦਾ ਕੋਈ ਫਾਇਦਾ ਨਹੀਂ ਸੀ।"
"ਪਰ ਤੁਸੀਂ ਕੋਸ਼ਿਸ਼ ਵੀ ਨਹੀਂ ਕੀਤੀ।"
"ਮੈਂ ਕਿਹਾ ਨਹੀਂ ਸੀ ਕਿ ਇਹ ਠੀਕ ਨਹੀਂ? ਸ਼ਾਇਦ ਤੈਨੂੰ ਯਾਦ ਨਹੀਂ।"
"ਮੈਨੂੰ ਸਭ ਯਾਦ ਹੈ।"

"ਮੈਨੂੰ ਪਤਾ ਹੈ ਕਿ ਤੈਨੂੰ ਸਭ ਯਾਦ ਹੈ। ਮੈਨੂੰ ਇਹ ਵੀ ਪਤਾ ਸੀ  ਕਿ ਤੂੰ ਗਰੈਵੀਟੇਸ਼ਨ ਤੋਂ ਪਰੇ ਜਾ ਰਹੀ ਹੈਂ। ਮੈਂ ਇਹ ਵੀ ਸਮਝਦਾ ਸੀ ਕਿ ਜੇ ਮੈਂ ਕੋਈ ਧੱਕੇ ਨਾਲ ਕੁਝ ਕਹਿਣਾ ਚਾਹਿਆ ਵੀ ਤਾਂ ਤੂੰ ਸੁਣਨਾ ਨਹੀਂ। ਉਹ ਤੇਰੇ ਛਣ, ਸੁਣਨ ਦੇ ਕਾਬਲ ਹੀ ਨਹੀਂ ਸਨ।
ਤੂੰ ਆਪ ਹੀ ਤੇ ਕਹਿੰਦੀ ਸੀ ਮੈਂ ਕੋਈ ਪਾਦਰੀ ਨਹੀਂ ਹਾਂ। ਮੈਂ ਤੇ ਚਾਹਿਆ ਸੀ, ਪਰ ਮੇਰੇ ਚਾਹੁੰਣ ਨਾਲ ਕੀ ਹੁੰਦਾ ਹੈ?"
" ਹਾਂ ਕੀ ਲੋੜ ਸੀ, ਹਮ ਥੋਡੀ ਕੋਈ ਆਪਣੀ ਥੋੜਾ ਸੀ ਜੋ ਵਰਜਦੇ।"

" ਦੇਖ ਹਰੀ, ਨਾਤਿਆਂ ਦਾ ਵਾਸਤਾ ਨਾ ਦੇ। ਨਾਤਿਆਂ ਦੇ ਆਪਣੇ ਬੋਲ ਹੁੰਦੇ ਹਨ। ਇਹ ਬੋਲ, ਜਿੰæਦਗੀ ਦੀ ਕਮਾਈ ਦੇ ਹਾਣੀ ਨਹੀਂ ਹੁੰਦੇ। ਮੈਂ ਤੇ ਸਿਰਫ ਇਹ ਚਾਹੁੰਦਾ ਸੀ ਕਿ ਘੁੱਪ ਹਨੇਰੀ ਗਲੀ ਲੰਘਦਿਆਂ ਤੇਰੇ ਤੇ ਕਿਸੇ ਦੀ ਰੋਸ਼ਨੀ ਨਾ ਪੈ ਜਾਵੇ। ਮੇਰੀ ਵੀ ਨਹੀਂ। "

" ਪਰ ਤੁਸੀਂ ਦੋਸਤੀ ਵੀ ਨਹੀਂ ਨਿਭਾਈ। ਚਲੋ ਠੀਕ ਅੱਜ ਮੈਂ ਕਨਫੈਸ਼ਨ ਬੌਕਸ ਵਿਚ ਖੜੇ ਫਾਦਰ ਨਾਲ ਮਿਲਦੀ ਹਾਂ।"
"ਪਰ ਤੇਰਾ ਤੇ ਚੇਹਰਾ ਨੰਗਾ ਹੈ, ਮੇਰਾ ਜਾਣਿਆਂ ਪਛਾਣਿਆਂ, ਤੈਨੂੰ ਨੇਕ ਸਲਾਹ ਨਹੀਂ ਦੇ ਸਕਦਾ। ਤੈਨੂੰ ਇਹ ਨਹੀਂ ਕਹਿ ਸਕਦਾ ਕਿ ਕਨਫੈਸ਼ਨ ਕਰਕੇ ਆਪਣੇ ਆਪ  ਨੂੰ ਸੁਰਖ਼ਰੂ ਕਰਦੇ। ਰੱਬ ਬਖਸ਼ਣਹਾਰ ਹੈ। ਬੰਦਾ ਭੁਲਣਹਾਰ ਹੈ। ਬਹੁਤੇ ਸਿਆਣਿਆਂ ਵਾਂਗ ਇਹ ਵੀ ਨਹੀਂ ਕਹਿ ਸਕਦਾ ਕਿ ਆਪਣੀਆਂ ਖਾਹਸ਼ਾਂ ਨੂੰ ਦਬਾਉ ਨਹੀਂ। ਉਹਨਾਂ ਨੂੰ ਪੂਰਾ ਕਰਕੇ ਹੀ ਰੱਬੀ ਮਾਰਗ ਤੇ ਜਾ ਸਕਦੇ ਹੋ। ਤੈਨੂੰ ਆਪਣੇ ਹਿੱਸੇ ਦਾ ਭਟਕਣਾ ਤੇ ਪੈਣਾ ਹੀ ਹੈ। "
"ਚੱਲ ਕਥਾ ਸੁਣਾ ਆਪਣੀ।"

"ਕਾਹਦੀ ਕਥਾ, ਇਤਨਾ ਅਪੋਲੋਜੈਟਿਕ ਤੇ ਫੈਮਨਿਸ਼ਟ ਬੰਦਾ ਮਹਿਸੂਸ ਕਰਕੇ ਮੈਨੂੰ ਤਾਂ ਉਦਾਂ ਹੀ ਕੋਫ਼ਤ ਹੁੰਦੀ ਹੈ। ਹਰ ਗੱਲ ਤੇ ਮੁਆਫੀ ਹਰ ਗੱਲ ਤੇ ਲੌਜ਼ਿਕ, ਇਸਤਰਾਂ ਵੀ ਕਦੇ ਹੁੰਦਾ ਹੈ? ਬੰਦਾ ਗੁਨਾਹ ਵੀ ਕਰੇ ਤਾਂ ਹਿੱਕ ਤਾਣਕੇ ਕਰਨਾ ਚਾਹੀਦਾ ਹੈ। ਰੀਂਗਦੇ ਕੀੜਿਆਂ ਵਾਂਗ ਨਹੀਂ।"
"ਫੇਰ ਤੂੰ ਦੱਸ ਕਿਸਤਰਾਂ ਹੋਣਾ ਚਾਹੀਦਾ ਹੈ?"

"ਬੰਦਾ ਕਿਤੇ ਤਾਂ ਅੜਬੀ ਹੋਵੇ। ਆਪਣੀ ਗੱਲ ਮੰਨਾਵੇ ਧੱਕੇ ਨਾਲ । ਪੂਰਨੇ ਪਾਈ ਫੱਟੀ ਤੇ ਹੀ ਲਿਖੀ ਜਾਣਾ। ਇਹ ਵੀ ਕੋਈ ਸਲੀਕਾ ਹੈ?"
"ਹਰੀ ਤੈਨੂੰ ਇੱਕ ਗੱਲ ਦੱਸਾਂ? ਤੇਰੇ ਆਪਣੇ ਬਾਰੇ।"
" ਹਾਂ ਦੱਸੋ?"
"ਤੈਨੂੰ ਡੌਮੀਨੇਸ਼ਨ ਚਾਹੀਦੀ ਹੈ ਤੇ ਇਹ ਅਰੇਂਜਡ ਇਸ਼ਕ ਵਿਚੋਂ ਨਹੀਂ ਮਿਲਦੀ।"
"ਫਿਰ ਕਿਥੋਂ ਮਿਲੇਗੀ?"

" ਸਿਰਫ ਪਰਮਿੰਦਰ ਕੋਲੋਂ। ਉਹਦੇ ਕੋਲ ਸਭ ਕੁਝ ਹੈ, ਤੇਰੇ ਝੁਮਕੇ ਵੀ। ਸਿਰਫ ਤੈਨੂੰ ਦਿਸਦੇ ਨਹੀਂ।"
"ਫਿਰ ਇਹ ਭਟਕਣ ਕਿਉਂ?"

" ਇਹ ਭਟਕਣ ਨਹੀਂ। ਇਹ ਕੋਈ ਇਸ਼ਕ ਉਸ਼ਕ ਨਹੀਂ। ਇਹ ਤੇ ਹਵਸ ਹੈ। ਤੇਰੀ ਆਪਣੀ ਪਾਲੀ ਤੇ ਲਾਡਾਂ ਨਾਲ ਪ੍ਰਵਾਨ ਚੜਾਈ,ਬਚਪਨ ਤੋਂ ਲੈਕੇ ਹੁਣ ਤੱਕ ਉੱਕਰੀ ਹੋਈ,ਇੱਕ ਐਸੀ ਤਮੰਨਾ, ਜਿਸਨੇ ਤੈਨੂੰ ਅੰਨਾ ਕੀਤਾ ਹੋਇਆ ਹੈ। ਦੁਲਹਨ ਬਣਨ ਦਾ ਪਲ, ਤੂੰ ਆਪਣੇ ਹੱਥ ਨਾਲ ਘੁੱਟਕੇ ਫੜਿਆ ਹੋਇਆ ਹੈ। ਤੂੰ ਆਪਣੇ ਆਪ ਨੂੰ ਸਜਾਕੇ ਬੈਠ ਗਈ। ਤੂੰ ਸਮਝਦੀਂ ਹੈਂ ਕਿ ਤੇਰੀ ਸਜਾਵਟ ਨੂੰ ਕਿਸੇ ਦੇਖਿਆ ਨਹੀਂ ਮਾਣਿਆਂ ਨਹੀਂ।  ਤੈਨੂੰ ਪਤਾ ਚਰਖੇ ਦੀ ਘੂਕਰ ਅਜੇ ਵੀ ਜਿੰਦਾ ਹੈ? ਜੋਗੀ ਸੈਲ ਫੋਨਾਂ ਦੇ ਹੁੰਦੇ ਸੁੰਦੇ ਅਜੇ ਵੀ ਪਹਾੜਾਂ ਤੋਂ ਲਹਿੰਦੇ ਹਨ। ਪੌੜੀ ਦੇ ਹਰ ਡੰਡੇ ਦਾ ਆਪਣਾ ਇੱਕ ਨਜ਼ਰੀਆ ਹੁੰਦਾ ਹੈ। ਪਰਮਿੰਦਰ ਕਿਸੇ ਉਪਰਲੇ ਡੰਡੇ ਤੇ ਖੜਾ ਆਪਣੇ ਬੱਚਿਆਂ ਦੀ ਖਾਤਰ ਧੰਨ ਇੱਕਠਾ ਕਰਨ ਵਿਚ ਰੁਝਿਆ ਹੋਇਆ ਹੈ। "
"ਮੈਂ ਅਜੇ ਹਮਿਲਟਨ ਵੀ ਨਹੀਂ ਪਹੁੰਚੀ ਸੀ ਜਦੋਂ ਪਰਮਿੰਦਰ ਦਾ ਫੋਨ ਆ ਗਿਆ। ਕਹਿੰਦੈ ਹਰੀ ਮੈਨੂੰ ਤੁਰਨ ਲਗਿਆਂ ਯਾਦ ਨਹੀਂ ਰਿਹੈ। ਪਿੱਛਲੇ ਹਫਤੇ ਹੀ ਤੂੰ ਟਵਿੰਕਲ ਦੀ ਐਜੂਕੇਸ਼ਨ ਪਲੈਨ ਦੀ ਗੱਲ ਕੀਤੀ ਸੀ। ਮੈਂ ਆਰæਈæਐਸ਼ਪੀ ਦਾ ਚੈੱਕ ਕੱਟਕੇ ਤੇਰੇ ਡਰੈਸਿੰਗ ਟੇਬਲ ਤੇ ਰੱਖ ਦਿੱਤਾ ਹੈ। ਚੇਤੇ ਨਾਲ ਪੋਸਟ ਕਰ ਦੇਵੀਂ।
ਉਦੋਂ ਮੈਨੂੰ ਕੁਝ ਵੀ ਮਹਿਸੂਸ ਨਹੀਂ ਹੋਇਆ। ਮੈਂ ਤੇ ਹਵਾ ਨਾਲ ਗੱਲਾਂ ਕਰ ਰਹੀ ਸੀ।

ਠੰਡੀ ਠੰਡੀ ਪੌਂਣ ਨੂੰ ਮੈਂ ਹੱਥਾਂ ਰਾਹੀਂ ਜਿਸਮ ਨਾਲ ਛੋਹ ਰਹੀ ਸੀ। ਕੋਲੋਂ ਲੰਘ ਰਹੇ ਦਰਖ਼ਤਾਂ ਦੀ ਤੇਜ਼ ਰਫਤਾਰੀ ਨੇ ਹਮਕੋ ਸਰੂਰਿਆ ਹੋਇਆ ਸੀ। ਦਰਖਤਾਂ ਨਾਲੋ ਟੁੱਟੇ ਪੱਤਿਆਂ ਦਾ ਨਾਚ ਦੇਖ ਰਹੀ ਸੀ। ਹਵਾ ਬਹੁਤ ਤੇਜ਼ ਵੱਗ ਰਹੀ ਸੀ। ਰੈਂਟਲ ਕਾਰ, ਤੇਜ਼ ਹਵਾ ਨੂੰ ਚੀਰਦੀ ਹੋਈ ਅਵਾਜ਼ ਪੈਦਾ ਕਰ ਰਹੀ ਸੀ। ਉਹ ਅਵਾਜ਼ ਨਹੀਂ ਸੰਗੀਤ ਸੀ। ਉਸ ਅਵਾਜ਼ ਨੂੰ ਫੜਨ ਲਈ ਮੈਂ ਕਾਰ ਦਾ ਸ਼ੀਸ਼ਾ ਥੋੜਾ ਜਿਹਾ ਹੇਠਾਂ ਕੀਤਾ। ਦੋ ਪੱਤੇ ਅਗੜ ਪਿੱਛੜ ਉੱਡ ਰਹੇ ਸਨ। ਇੱਕ ਥੋੜਾ ਜਿਹਾ ਹੀ  ਦੂਰ ਉੱਡਦਾ ਨੱਚਦਾ ਗਾਉਂਦਾ ਕੁਝ ਜ਼ਿਆਦਾ ਹੀ ਅੱਗੇ ਲੰਘ ਗਿਆ। ਫੇਰ ਪਤਾ ਨਹੀਂ ਉਸਨੂੰ ਕੀ ਸੁੱਝਾ, ਉਸਨੇ ਝੋਲ ਜਿਹੀ ਮਾਰਕੇ ਆਪਣੀ ਗਤੀ ਘਟਾਈ ਕਿ ਐਨੇ ਨੂੰ ਪਿੱਛਲਾ ਪੱਤਾ ਉਸਦੇ ਵਿਚ ਵਜਦਾ ਵਜਦਾ ਬਚਿਆ। ਮੈਂ ਸੋਚ ਰਹੀ ਸੀ ਕਿ ਜੇ ਮੈਂ ਉਹ ਪਿੱਛਲਾ  ਪੱਤਾ ਹੁੰਦੀ ਤਾਂ ਮੈਂ ਉਸਦੇ ਵਿਚ ਵਜਣਾ ਹੀ ਵਜਣਾ ਸੀ। ਮੈਂ ਮੁਸਕਰਾ ਪਈ। ਮੈਂ ਆਪਣੇ ਪਰਸ ਵਿਚੋਂ ਗਮ ਕਢਕੇ ਮੂੰਹ ਵਿਚ ਪਾਇਆ। ਮਿਰਰ ਵਿਚੋਂ ਆਪਣਾ ਮੂੰਹ ਦੇਖਿਆ। ਪਰਸ ਵਿਚੋਂ ਲਿਪਸਟਿਕ ਕਢਕੇ ਹੱਥ ਵਿਚ ਫੜ ਲਈ। ਮੈਂਨੂੰ ਪਤਾ ਸੀ ਅਜੇ ਇਸਦੀ ਲੋੜ ਨਹੀਂ ਪਰ ਫਿਰ ਵੀ ਪਤਾ ਨਹੀਂ ਮੈਨੂੰ ਕਾਹਦੀ ਕਾਹਲੀ ਸੀ। ਮੈਂ ਪੱਤਿਆਂ ਤੋਂ ਕਾਫੀ ਅੱਗੇ ਨਿਕਲ ਆਈ ਸੀ। ਸਟੋਨੀ ਕਰੀਕ ਲੰਘਕੇ ਮੈਂ ਟੇਪ ਲਾ ਲਈ। ਤੁਹਾਡੀ ਦਿਤੀ ਕੈਸਟ ਮੈਨੂੰ ਪਸੰਦ ਨਹੀਂ ਆਈ। ਮੈਂ ਆਪਣੀ ਬਹੁਤ ਪਿਆਰ ਨਾਲ ਤਿਆਰ ਕੀਤੀ ਕੈਸਿਟ ਲਾ ਲਈ। ਮਿਰਰ ਵਿਚੋਂ ਮੈਂ ਆਪਣੀ ਮੁਸਕਰਾਹਟ ਦੇਖਕੇ ਮੁਸਕਰਾ  ਪਈ। ਸਰਜੀ, ਮੇਰੇ ਨਹੀਂ ਖਿਆਲ ਹਮਨੇ ਪਹਿਲਾਂ ਕਿਤੇ ਐਨੇ ਹੁਲਾਸ ਪਲ ਗੁਜ਼ਾਰੇ ਹੋਣ। ਸਿਰਫ ਆਪਣੇ ਆਪ ਨਾਲ। ਕੋਈ ਸਾਥ ਨਹੀਂ, ਕੋਈ ਖਿਆਲ ਨਹੀਂ। ਕੋਈ ਪਰਮਿੰਦਰ ਨਹੀਂ ਕੋਈ ਸਾਇਆ ਨਹੀਂ। ਹੁਲਾਸ ਦੀ ਇਹ ਉਡਾਣ ਟਰਾਂਟੋ ਤੋਂ ਸ਼ੁਰੂ ਹੋਕੇ ਬਫਲੋ ਤੱਕ, ਉਸਦੇ ਮਿਲਣ ਤੋਂ ਪਹਿਲਾਂ ਤੱਕ ਸੀ। ਸਰਜੀ, ਕੀ ਇਹ ਹੁਲਾਸ ਦੁਬਾਰਾ ਆਕੇ ਠਹਿਰ ਸਕਦਾ ਹੈ ਮੇਰੀ ਜ਼ਿੰਦਗੀ ਵਿਚ?"

ਮੈਂ ਮੁਸਕਰਾ ਪਿਆ, " ਤੇ ਬਫਲੋ ਤੋਂ ਟਰਾਂਟੋ ਤੱਕ ਦੀ ਉੱਡਾਣ ਬਾਰੇ ਤੇਰਾ ਕੀ ਖਿਆਲ ਹੈ?"
"ਮੇਰੀ ਜ਼ਿੰਦਗੀ ਦੇ ਸਭਤੋਂ ਬਦਤਰ ਪਲ। ਜਿਨ੍ਹਾਂ ਨੂੰ ਯਾਦ ਕਰਕੇ ਹੀ ਘੌਲ ਆਉਂਦੀ ਹੈ। ਦਿਲ ਕਰਦਾ ਹੈ ਮਲ ਮਲ ਕੇ ਨਹਾਵਾਂ ਪਰ ਹਰ ਵਾਰ ਲਗੇਗਾ ਕਿ ਜਿਵੇਂ ਕੁਝ ਮੈਲ ਰਹਿ ਗਈ ਹੈ।"
" ਵਾਪਸੀ ਤੇ ਉੱਡਦੇ ਹੋਏ ਪੱਤੇ ਕਿਵੇਂ ਲੱਗੇ?"
"ਕਲੋਲਾਂ ਕਰਦੇ ਪੱਤੇ ਹੈ ਹੀ ਕਿੱਥੇ ਸਨ ਵਾਪਸੀ ਵੇਲੇ?"

"ਪੱਤੇ ਤੇ ਹੈ ਸਨ ਸਿਰਫ਼ ਉਹਨਾਂ ਨੂੰ ਦੇਖਣ ਦੀ ਤੇਰੀ ਇੱਛਾ ਖ਼ਤਮ ਹੋ ਗਈ ਸੀ।"
"ਤੁਹਾਨੂੰ ਕਿਵੇਂ ਪਤਾ?"
"ਮੈਂ ਵੀ ਕਿਸੇ ਵਕਤ ਆਪਣੀ ਸਹੀ ਲੋੜ ਦਾ ਨਿਰਾਦਰ ਇਸੇ ਤਰ੍ਹਾਂ ਹੀ ਕੀਤਾ ਸੀ। ਮੈਨੂੰ ਵੀ ਸੋਨੇ ਦਾ ਖਰੀਦਿਆ ਛੱਲਾ ਬਹੁਤ ਮਹਿੰਗਾ ਲੱਗਾ ਸੀ।"
"ਹੁਣ ਮੈਂ ਕੀ ਕਰਾਂ?"
"ਇੱਕ ਦੂਜੇ ਨੂੰ ਨਾ ਬਦਲਣ ਦੀ ਸ਼ਰਤ ਕੁਝ ਨਰਮ ਕਰੇਂ ਤਾਂ ਦੱਸਾਂ?"
" ਹਾਂ ਹਾਂ ਦੱਸੋ।" ਹਰੀ ਨੇ ਕਾਹਲੀ ਪੈਕੇ ਕਿਹਾ।


"ਕੱਲ ਮੈਂ ਇੱਕ ਟੀਵੀ ਸ਼ੋ ਦੇਖ ਰਿਹਾ ਸੀ। ਇੱਕ ਮੋਟੀ ਠੁੱਲੀ ਪਰ ਗੋਰੀ ਚਿੱਟੀ ਕੁੜੀ ਸਟੇਜ਼ ਤੇ ਬੈਠੀ ਸੀ। ਹੋਸਟ ਮਾਈਕ ਫੜਕੇ ਮਸਾਲੇਦਾਰ ਛੁਰਲੀਆਂ ਛੱਡ ਰਿਹਾ ਸੀ ਤੇ ਦਰਸ਼ਕ ਸਟੇਜ਼ ਦੇ ਥੱਲੇ ਕੁਰਸੀਆਂ ਤੇ ਬੈਠੇ ਤਾੜੀਆਂ ਮਾਰ ਮਾਰ ਹੱਸ ਰਹੇ ਸਨ। ਇਤਨੇ ਨੂੰ ਸਟੇਜ਼ ਤੇ ਪਏ ਇੱਕ ਵਡੇ ਟੀਵੀ ਸਕਰੀਨ ਤੇ ਇੱਕ ਗੰਜਾ ਜਿਹਾ ਭਲਵਾਨ ਆਇਆ। ਠੁਲੀ ਕੁੜੀ ਆਪਣੀ ਕੁਰਸੀ ਤੋਂ ਉੱਠਕੇ ਉਸਨੂੰ ਅਵਾ ਤਵਾ ਬੋਲਣ ਲੱਗ ਪਈ। ਦੋਵੇਂ ਚੀਕਾਂ ਮਾਰ ਰਹੇ ਸਨ ਤੇ ਦਰਸ਼ਕ ਹਸ ਹਸਕੇ ਲੋਟ ਪੋਟ ਹੋ ਰਹੇ ਸਨ। ਇਸਤਰ੍ਹਾਂ ਲਗਦਾ ਸੀ ਕਿ ਜੇ ਇਹ ਗੰਜਾ ਭਲਵਾਨ ਸਟੇਜ਼ ਤੇ ਆ ਜਾਵੇ ਤਾਂ ਇਸ ਮੋਟੀ ਠੁੱਲੀ ਕੁੜੀ ਨੇ ਉਸਦਾ ਕਤਲ ਕਰ ਦੇਣਾ ਹੈ। ਹੋਸਟ ਨੇ ਜ਼ੋਰਦਾਰ ਜਿਹੀ ਚੀਕ ਮਾਰੀ ਤੇ ਉਹ ਭਲਵਾਨ ਸਚਮੁੱਚ ਹੀ ਸਟੇਜ਼ ਤੇ ਆ ਗਿਆ। ਉਹ ਦੋਵੇਂ ਮਰਨ ਮਰਾਨ ਤੇ ਉਤਾਰੂ ਸਨ ਤੇ ਦਰਸ਼ਕ ਹਸ ਹਸਕੇ ਦੂਹਰੇ ਚੌਹਰੇ ਹੋ ਰਹੇ ਸਨ। ਗੱਲ ਵਿਚੋਂ ਇਹ ਸੀ ਕਿ ਹੋਸਟ ਨੇ ਪਤਾ ਲਗਾਉਂਣਾ ਸੀ ਕਿ ਮੋਟੀ ਠੁੱਲੀ ਕੁੜੀ ਦੇ ਹੋਇਆ ਬੇਬੀ ਬੁਆਏ ਦਾ ਬਾਪ ਕੌਣ ਹੈ। ਇਹ ਗੱਲ ਉਹ ਪਹਿਲਾਂ ਹੀ ਸਵੀਕਾਰ ਕਰ ਚੁੱਕੀ ਸੀ ਕਿ ਉਸਨੂੰ ਚਾਰ ਬੰਦਿਆਂ ਤੇ ਸ਼ਕ ਹੈ। ਦਰਸ਼ਕਾਂ ਲਈ ਬੜੀ ਦਿਲਚਸਪ ਕੁਵਿਜ਼ ਸੀ। ਸਪੌਨਸ਼ਰਜ਼ ਦੇ ਐਡ ਲਗਾਤਾਰ ਆ ਰਹੇ ਸਨ। ਸੁਝਾ ਦਰ ਸੁਝਾਵਾਂ ਨਾਲ ਗੱਲ ਇੱਥੇ ਨਿਬੜੀ ਕਿ ਡੀ ਐਨ ਏ ਟੈਸਟ ਕਰਾ ਲਿਆ ਜਾਵੇ।"

"ਇਹੋ ਜਿਹੇ ਸ਼ੋ ਤਾਂ ਚਲਦੇ ਹੀ ਰਹਿੰਦੇ ਹਨ ਪਰ ਤੁਸੀਂ ਇਸਦਾ ਜ਼ਿਕਰ ਕਿਉਂ ਕਰ ਰਹੇ ਹੋ?"
"ਹਰੀ ਮੇਰੀ ਹੈਰਾਨੀ ਦਾ ਕਾਰਣ ਉਹ ਹੋਸਟ, ਉਹ ਸਪੋਨਸਰਜ਼, ਸ਼ੋ, ਉਹ ਭਲਵਾਨ ਮੁੰਡਾ ਜਾਂ ਮੋਟੀ ਠੁੱਲੀ ਕੁੜੀ ਨਹੀਂ ਹੈ। ਬਲਕਿ ਦਰਸ਼ਕਾਂ ਦੀ ਅਸੈਪਟੰਸ ਹੈ ਜਾਂ ਤੇਰਾ ਇਹ ਕਹਿਣਾ ਕਿ ਐਸੇ ਸ਼ੋ ਤਾਂ ਚਲਦੇ ਹੀ ਰਹਿੰਦੇ ਹਨ। ਤਾੜੀਆਂ ਮਾਰ ਰਹੇ ਘਰਾਂ ਵਿਚ ਬੈਠੇ ਅਨਗਿਣਤ ਟੀਵੀ ਸਿਕਨਿਸ ਨਾਲ ਪੀੜਤ ਰੋਗੀ ਹੀ ਤੇਰੇ ਝੁਮਕਿਆਂ ਦੇ ਚੋਰ ਹਨ। ਮੇਰੀ ਤੈਨੂੰ ਇਕੋ ਸਲਾਹ ਹੈ, ਇਹ ਸਲਾਹ ਹੀ ਨਹੀਂ ਤੇਰਾ ਨਸੀਬ ਹੈ। ਆਪਣੀ ਪਸੰਦ ਦੇ ਝੁਮਕੇ ਆਪ ਖਰੀਦ ਤੇ ਰੁਮਕਦੀ ਫੁਰਸਤ ਵਿਚ ਪਰਮਿੰਦਰ ਨੂੰ ਕਹਿ ਉਹ ਤੁਮਰੇ  ਕੰਨਾਂ ਨੂੰ ਸ਼ਿੰਗਾਰੇ।"

"ਹਮਰੇ ਤੁਮਰੇ ਕੀਤਾ ਤਾਂ ਮਾਰ ਖਾਉਗੇ, ਖੋਤੇ ਸਰਜੀ।"  ਹਰੀ ਨੇ ਅਪਣੇ ਰਿੜੇ ਜਾ ਰਹੇ ਪੱਥਰ ਨੂੰ ਜਿਵੇਂ ਕੋਈ ਜਗ੍ਹਾ ਦੇ ਦਿਤੀ ਹੋਵੇ।  
"ਮੇਰੇ ਤੇ ਕਿਤਨਾ ਕੁ ਯਕੀਨ ਹੈ?"
"ਬਹੁਤ।"

"ਚੱਲ ਆਪਣੀ ਕੁਰਸੀ ਨੂੰ ਕੁਝ ਪਿੱਛੇ ਕਰ।"
ਹਰੀ ਨੇ ਕੁਰਸੀ ਪਿੱਛੇ ਵੱਲ ਸਰਕਾ ਲਈ।
"ਹੁਣ ਆਪਣੇ ਸੱਜੇ ਪੈਰ ਨੂੰ ਕਲਾਕ ਵਾਈਜ਼ ਘੁੰਮਾ।" ਹਰੀ ਨੇ ਮੇਰੇ ਆਖੇ ਲੱਗਕੇ ਸੱਜੇ ਪੈਰ ਨੂੰ ਕਲਾਕ ਵਾਈਜ਼ ਘੁੰਮਾਉਂਣਾ ਸ਼ੁਰੂ ਕਰ ਦਿੱਤਾ।
"ਹੁਣ ਆਪਣੇ ਸੱਜੇ ਹੱਥ ਦੀ ਕਿਸੇ ਵੀ ਉਂਗਲ  ਨਾਲ ਹਵਾ ਵਿਚ ਛੇ ਲਿਖ।" ਹਰੀ ਨੇ ਇਸਤਰ੍ਹਾਂ ਹੀ ਕੀਤਾ। ਜਿਉਂ ਹੀ ਉਸਨੇ ਇਸਤਰ੍ਹਾਂ ਕੀਤਾ। ਗੜਬੜ ਹੋ ਗਈ। ਪੈਰ ਕਿਤੇ ਛੇ ਕਿਤੇ।

"ਦਿਮਾਗ ਦੀ ਤਰ੍ਹਾਂ ਸਾਡਾ  ਜੀਣਾ ਵੀ ਪ੍ਰੀ-ਪਰੋਗਰਾਮਡ ਹੈ।" ਮੈਂ ਆਪਣੇ ਫੋਨ ਨੂੰ ਬੇਮਤਲਬ ਹੀ ਪੁੱਠਾ ਕਰਕੇ ਕਿਹਾ।
ਹਰੀ ਨੇ ਗੱਲ ਨੂੰ ਸਮਝ ਲਿਆ ਸੀ। ਉਸਦਾ ਯਕੀਨ ਸੀ ਕਿ ਇਹ ਨਹੀਂ ਹੋ ਸਕਦਾ ਜਾਂ ਪੈਰ ਘੁੰਮਾ ਲਵੋ ਤੇ ਜਾਂ ਹਵਾ ਵਿਚ ਛੇ ਲਿਖ ਲਵੋ। ਉਸਦੀਆਂ ਅੱਖਾਂ ਦੇ ਚਾਨਣ ਨੇ ਆਪਣੇ ਆਪ ਨੂੰ ਸਵਾਇਆ ਕਰ ਲਿਆ। ਸ਼ਾਇਦ ਉਹ ਚਾਹੁੰਦੀ ਸੀ ਕਿ ਕੋਈ ਉਸਨੂੰ ਯਕੀਨ ਦਵਾ ਦੇਵੇ।

"ਧੰਨਵਾਦ, ਤੂੰ ਦੁਬਾਰਾ ਟਰਾਈ ਨਹੀਂ ਕੀਤੀ। ਪਰ ਸੁਨੀਤਾ ਨੇ ਮੇਰੀ ਗੱਲ ਨਹੀਂ ਸੁਣੀ ਸੀ।"

Comments

Jaskaran Singh

Sama a gya hai k hun eh sewamukat ho jaan!! Bahut sewa ho gayi punjabi di !!

Jaskaran Singh

sorry eh vichar main Gabbi di khani thalle dene c Kuljeet ji di khani thale de ditte lekhk te sampadak dovan kolo maafi mangda han g

Dhido Gill

ਮੁਬਾਰਕ ਮਾਨ ਸਾਹਬ

Nirmal Brar

ਬਹੁਤ ਵਧੀਆ ਕਹਾਣੀ ਐ !

Security Code (required)Can't read the image? click here to refresh.

Name (required)

Leave a comment... (required)

ਕਹਾਣੀ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ