Mon, 15 July 2024
Your Visitor Number :-   7187063
SuhisaverSuhisaver Suhisaver

ਪਾਪਾ ਲਾਬੀਆ - ਰਵੇਲ ਸਿੰਘ ਇਟਲੀ

Posted on:- 29-03-2015

suhisaver

ਇਹ ਸ਼ਬਦ ਕਿਸੇ ਭਾਸ਼ਾ ਨਾਲ ਸੰਬੰਧਤ ਸ਼ਬਦ ਨਹੀਂ, ਹਨ ਸਗੋਂ ਮੇਰੀ ਪਿਆਰੀ ਪੋਤੀ ਦੇ ਬਚਪਨ ਵਿੱਚ ਤੋਤਲੀ ਜਬਾਨ ਦੇ ਬੋਲੇ ਜਾਣ ਵਾਲੇ ਸ਼ਬਦ ਹਨ , ਜਿਸ ਨੂੰ ਮੇਰਾ ਵਿਦੇਸ਼ ਵਿੱਚ ਰਹਿੰਦਾ ਦੋਹਤਾ ਪੁਸ਼ਪੀ ਅਜੇ ਵੀ ਕਦੇ ਕਦੇ ਫੋਨ ਤੇ ਇਸ ਨਾਮ ਨਾਲ ਯਾਦ ਕਰਕੇ ਹੱਸਦਾ ਹੋਇਆ ਉਸ ਨਾਲ ਗੱਲਾਂ ਕਰਦਾ ਹੈ ।

ਬਚਪਨ ਵਿੱਚ ਲਗਭਗ ਹਰ ਬੱਚੇ ਨੂੰ ਲਾਡ ਪਿਆਰ ਨਾਲ ਉਸਦੇ ਨਾਮ ਨੂੰ ਛੋਟਾ ਕਰ ਕੇ ਬੁਲਾਣਾ ਆਮ ਜਿਹੀ ਗੱਲ ਹੁੰਦਾ ਹੈ, ਪਰ ਪਾਪਾ ਲਾਬੀਆ ਉਸ ਦਾ ਛੋਟਾ ਨਾਂ ਨਹੀਂ ਹੈ, ਦਰਅਸਲ ਜਦੋਂ ਉਸ ਦੀ ਨਿੱਕੀ ਜੇਹੀ ਤੋਤਲੀ ਜ਼ੁਬਾਨ ਕੁਝ ਬੋਲਣ ਯੋਗ ਲਈ ਹੋਈ ਤਾਂ ਉਸ ਦੀ ਇਹੋ ਖਿੱਚ ਹੁੰਦੀ ਕਿ ਸਾਰੇ ਜੀਅ ਹੋਰਨਾਂ ਸਾਰਿਆਂ ਦੀਆਂ ਗੱਲਾਂ ਛੱਡ ਜੇ ਉਸ ਦੀ ਗੱਲ ਪਹਿਲਾਂ ਸੁਨਣ । ਖਾਸ ਕਰਕੇ ਜਦੋਂ ਉਸ ਦਾ ਪਾਪਾ ਉਸ ਦੀ ਗੱਲ ਵੱਲ ਧਿਅਨ ਨਾ ਦਿੰਦਾ ਤਾਂ ਉਹ ਝੱਟ ਆਪਣੇ ਪਾਪਾ ਦੀ ਠੋਡੀ ਫੜ ਕੇ ਆਪਣੇ ਵੱਲ ਕਰਦੀ ਹੋਈ ਉੱਚੀ ਉੱਚੀ ” ਪਾਪਾ ਲਾਬੀਆ , ਪਾਪਾ ਲਾਬੀਆ “ ਬੋਲਣ ਲੱਗ ਜਾਂਦੀ ਇਸ ਲਈ ਇਹ ਸ਼ਬਦ ਉਸ ਦੀ ਤੋਤਲੀ ਮਿੱਠੀ ਪਿਆਰੀ ਜ਼ੁਬਾਨ ਤੇ ਆਮ ਹੀ ਚੜ੍ਹ ਚੁਕੇ ਸਨ ਖੋਰੇ ਇਸੇ ਕਰਕੇ ਹੀ ਇਸ ਲਈ ਇਹ ਸ਼ਬਦ ਹੁਣ ਪਾਪਾ ਰਾਬੀਆ ਤੋਂ ਪਾਪਾ ਲਾਬੀਆ ਬਣ ਚੁਕੇ ਸਨ, ਜੋ ਉਸ ਦੇ ਵਾਰ ਵਾਰ ਕਹਿਨ ਤੇ ਬੜੇ ਪਿਆਰੇ ਲਗਦੇ ਸਨ ।

ਇਨ੍ਹਾਂ ਸ਼ਬਦਾਂ ਦਾ ਉਸ ਦੀ ਮਾਸੂਮ ਸੋਚ ਦਾ ਅਰਥ ਇਹ ਹੁੰਦਾ ਸੀ ਕਿ ਪਾਪਾ ਸਾਰਿਆਂ ਦੀਆਂ ਗੱਲਾਂ ਛੱਡ ਕੇ ਪਹਿਲਾਂ ਉਸ ਦੀ ਗੱਲ ਸੁਣੇ। ਇਹ ਸ਼ਬਦ ਉਹ ਕਈ ਵਾਰ ਆਪਣੇ ਪਾਪਾ ਦੀ ਬਜਾਏ ਪਰਿਵਾਰ ਦੇ ਹੋਰ ਜੀਆਂ ਨਾਲ ਖਾਸ ਕਰਕੇ ਮੇਰੇ ਨਾਲ ਵੀ ਇਸ ਤਰ੍ਹਾਂ ਹੀ ਕਰਦੀ ਤਾਂ ਉਸ ਦੋ ਇਹ ਬੋਲ ਸਾਰਿਆਂ ਨੂੰ ਬੜੇ ਪਿਆਰੇ ਲਗਦੇ ਸਨ, ਜੋ ਅਜੇ ਵੀ ਸਾਰੇ ਪਰਿਵਾਰ ਨੂੰ ਅਜੇ ਵੀ ਭੁੱਲੇ ਨਹੀਂ । ਘਰ ਵਿੱਚ ਜਦੋਂ ਉਹ ਰਿੜ੍ਹਨ ਜੋਗੀ ਹੋਈ ਤਾਂ ਰਿੜ੍ਹਦੀ ਰਿੜ੍ਹਦੀ ਘਰ ਦੇ ਰੈਕਾਂ ਅਲਮਾਰੀਆਂ ਵਿੱਚੋਂ ਛੋਟੀਆਂ ਚੀਜਾਂ ਨੂੰ ਇੱਧਰ ਓਧਰ ਕਰਕੇ ਫਰੋਲਦੀ ਖਿਲਾਰਦੀ ਰਹਿੰਦੀ ।ਮਾਂ ਗੁੱਸੇ ਹੁੰਦੀ ਤਾਂ ਮਿੱਠੀ ਪਿਆਰੀ ਹਾਸੀ ਨਾਲ ਉਹ ਆਪਣਾ ਕੰਮ ਕਰੀ ਜਾਂਦੀ ਖੇਡੇ ਲੱਗੀ ਰਹਿੰਦੀ । ਮੈਨੂੰ ਚੰਗੀ ਤਰ੍ਹਾਂ ਯਾਦ ਹੈ ਜਦੋਂ ਅੱਜ ਤੋਂ ਬਾਰਾਂ ਕੁ ਸਾਲ ਪਹਿਲਾਂ ਜਦੋਂ ਉਸ ਦਾ ਜਨਮ ਹੋਇਆ ਤਾਂ ਸਾਰਾ ਪਰਿਵਾਰ ਖੁਸ਼ੀ ਨਾਲ ਖਿਲ ਗਿਆ ਸੀ, ਅਸੀਂ ਲੱਡੂ ਵੰਡੇ ਸਨ ਮੇਰਾ ਛੋਟਾ ਬੇਟਾ ਅਜੇ ਵਿਦੇਸ਼ ਨਹੀਂ ਸੀ ਗਿਆ ਬੜਾ ਪਿਆਰ ਕਰਦਾ ਸੀ ਉਹ ਵੀ ਉਸ ਨੂੰ ।

ਆਪਣੇ ਮੋਢਿਆਂ ਤੇ ਚੁੱਕ ਕੇ ਕਿੰਨੇ ਕਿੰਨੇ ਚਿਰ ਉਹ ਵਿਹੜੇ ਵਿੱਚ ਉਸ ਨਾਲ ਲਾਡ ਪਿਆਰ ਕਰਦਾ ਗੇੜੇ ਕੱਢਦਾ ਅੱਕਦਾ ਨਾ ,ਬੜੇ ਪਿਆਰ ਨਾਲ ਉਸ ਦੇ ਮਾਂ ਤੇ ਪਿਓ ਦੇ ਨਾਂਵਾਂ ਦੇ ਅੱਗਲੇ ਪਿਛਲੇ ਅੱਖਰਾਂ ਦੇ ਸੁਮੇਲ ਦਾ ਜੋ ਅਸਾਂ ਨਾਂ ਰੱਖਿਆ ਉਹ ਲਾਡ ਪਿਆਰ ਵਿੱਚ ਹੌਲੀ ਹੌਲੀ ਬਦਲ ਕੇ ਰਾਬੀਆ ਬਣ ਗਿਆ । ਰਾਬੀਆ ਨਾਲ ਮੋਹ ਤਾਂ ਭਾਵੇਂ ਸਾਰੇ ਟੱਬਰ ਦਾ ਹੀ ਸੀ ਪਰ ਮੇਰੇ ਨਾਲ ਕੁਝ ਜ਼ਿਆਦਾ ਹੀ ਸੀ ਕਿਉਂ ਜੋ ਬੱਚੇ ਤਾਂ ਲਾਡ ਪਿਆਰ ਦੇ ਭੁੱਖੇ ਹੁੰਦੇ ਹਨ । ਮੇਰੀ ਪੂਰੀ ਕੋਸ਼ਿਸ਼ ਹੁੰਦੀ ਕਿ ਉਸ ਦੀ ਕੋਈ ਗੱਲ ਨਾ ਮੋੜੀ ਜਾਏ । ਜਦੋਂ ਜਰਾ ਤੁਰਨ ਜੋਗੀ ਹੋਈ ਤਾਂ ਮੇਰੇ ਕੁੱਛੜ ਚੜ੍ਹ ਕੇ ਇੱਕ ਦਿਨ ਮੋਟਰ ਤੇ ਚਲੀ ਗਈ ਚਵੱਚੇ ਦੀ ਧਾਰ ਹੇਠਾਂ ਨਿੱਕੇ ਨਿੱਕੇ ਹੱਥਾਂ ਦੀ ਬੁੱਕ ਬਣਾਈ ਕਹਿੰਦੀ “ਤਿੰਨਾ ਥੰਦਾ ਪਾਂਈਂ ,ਤਿੰਨਾ ਥੰਦਾ ਪਾਂਈਂ “ਕਹਿੰਦੀ ,ਖੁਸ਼ੀ ਨਾਲ ਕਿਲਕਾਰੀਆਂ ਮਾਰਦੀ ਬੜੀ ਪਿਆਰੀ ਲਗਦੀ ਇੱਕ ਦਿਨ ਬਦੋ ਬਦੀ ਨਹਾਉਣ ਲਈ ਸਣ ਕਪੜਿਆਂ ਹੀ ਚਵੱਚੇ ਵਿਚ ਵੜ ਗਈ ਮੈਂ ਬੜੀ ਮੁਸ਼ਕਲ ਨਾਲ ਸੰਭਾਲ ਕੇ ਉਸ ਨੂੰ ਫੜ ਕੇ ਤਾਰੀ ਲੁਆਈ ਘਰ ਆਉਂਦੇ ਹੀ ਮਾਂ ਨੂੰ ਆਪਣੀ ਤੋਤਲੀ ਜ਼ੁਬਾਨ ਵਿੱਚ ਕਹਿਣ ਲੱਗੀ” ਮੰਮਾਂ ਮੈਂ ਥੰਦੇ ਪਾਂਈ ਵਿੱਤ ਨ੍ਹਾਈ ਕੀਤੀ “ , ਫਿਰ ਉਹ ਰੋਜ਼ ਹੀ ਮੇਰੇ ਨਾਲ ਮੋਟਰ ਤੇ ਜਾਣ ਲਈ ਜਿ਼ੱਦ ਕਰਦੀ ਮਾਂ ਕਹਿੰਦੀ ਡੈਡੀ ਜ਼ਰਾ ਧਿਆਨ ਨਾਲ ਬਚਾ ਕੇ , ਪਰ ਉਹ ਬੜੀ ਬੇ ਪਰਵਾਹ ਸੀ ,ਮੋਟਰ ਤੇ ਮੇਰੇ ਨਾਲ ਜਾਣ ਲਈ ਮੇਰੇ ਬੂਟ ਚਪਲਾਂ ਦੇ ਜੋੜੇ ਇੱਕੱਠੇ ਕਰਕੇ ਮੇਰੇ ਅੱਗੇ ਲਿਆ ਧਰਦੀ ਤੇ ਆਪਣੀ ਤੋਤਲੀ ਜ਼ੁਬਾਨ ਵਿੱਚ ਕਹਿੰਦੀ “ਆਈ ਜੀ ਤਲੋ ਮੋਤਲ ਤੇ ਤੱਲੀਏ  , ਉਹ ਮੈਨੂੰ ਡੈਡੀ ਜੀ ਦੀ ਥਾਂ ਆਈ ਜੀ ਹੀ ਕਹਿੰਦੀ ਸੀ ਜੋ ਅਜੇ ਵੀ ਇਸੇ ਨਾਂ ਨਾਲ ਹੀ ਬੁਲਾਉਂਦੀ ਹੈ ਮਾਂ ਗੁੱਸੇ ਹੁੰਦੀ ਕਿ ਧੁੱਪ ਬੜੀ ਹੈ ਬਾਹਰ ਨਹੀਂ ਜਾਣਾ ਪਰ ਉਹ ਮੋਟਰ ਦੇ ਕਮਰੇ ਦੀ ਚਾਬੀ ਲੱਭ ਕੇ ਆਪਣੇ ਗਲ਼ ਵਿੱਚ ਪਾ ਕੇ ਮੋਟਰ ਤੇ ਜਾਣ ਲਈ ਜਿ਼ੱਦ ਕਰਦੀ ਉਸ ਦੇ ਮਸੂਮ ਬਚਪਨ ਅੱਗੇ ਮੈਨੂੰ ਹੱਥ ਖੜੇ ਕਰਨੇ ਪੈਂਦੇ ਮੇਰੇ ਕੁਛੜ ਚੜ੍ਹ ਕੇ ਉਹ ਮੋਟਰ ਤੇ ਚਲੀ ਜਾਂਦੀ ਤੇ ਚਲਦੀ ਮੋਟਰ ਦੇ ਪਾਣੀ ਦੀ ਧਾਰ ਨਾਲ ਹੱਸਦੀ ਨਚਦੀ ਟੱਪਦੀ ਰਹਿੰਦੀ ਪਰ ਮੇਰਾ ਪੂਰਾ ਧਿਆਨ ਉਸ ਵੱਲ ਰਹਿੰਦਾ ।

ਇੱਕ ਦਿਨ ਕੀ ਹੋਇਆ ਉਹ ਆਮ ਵਾਂਗ ਮੇਰੇ ਨਾਲ ਮੋਟਰ ਤੇ ਨ੍ਹਾਉਣ ਚਲੀ ਗਈ ਪਰ ਬੱਤੀ ਨਾ ਹੋਣ ਕਰ ਕੇ ਮੋਟਰ ਨਹੀਂ ਚਲ ਰਹੀ ਸੀ, ਪਰ ਚੱਵੱਚੇ ਵਿੱਚ ਥੋੜ੍ਹਾ ਜਿਹਾ ਪਾਣੀ ਹੈ ਸੀ ਉਹ ਨਹਾਉਣ ਦੀ ਜਿੱਦ ਕਰਦੀ ਬਦੋ ਬਦੀ ਚਵੱਚੇ ਵਿੱਚ ਵੜ ਗਈ ਤੇ ਗੰਦੇ ਪਾਣੀ ਦੀ ਪ੍ਰਵਾਹ ਨਾ ਕਰਦੀ ਹੋਈ ਨਹਾ ਕੇ ਹੀ ਹਟੀ । ਮਾਂ ਨੂੰ ਜਦ ਪਤਾ ਲੱਗਾ ਤਾਂ ਸਾਨੂੰ ਦੋਹਾਂ ਨੂੰ ਸਾਰਾ ਟੱਬਰ ਬੜਾ ਗੁੱਸੇ ਹੋਇਆ । ਮੈਨੂੰ ਸਭ ਕੁਝ ਉਸ ਦੇ ਮੋਹ ਪਿਆਰ ਕਰ ਕੇ ਦਰਗੁਜ਼ਰ ਕਰਨਾ ਪਿਆ । ਮੈਂ ਬੜੀ ਰੀਝ ਨਾਲ ਉਸ ਲਈ ਇਕ ਕੁਰਸੀ ਵਾਲਾ ਪੰਘੂੜਾ ਲਿਆ ਕੇ ਘਰ ਦੀ ਡਿਓੜ੍ਹੀ ਵਿੱਚ ਲਟਕਾ ਦਿੱਤਾ ਜਿੱਸ ਵਿੱਚ ਉਹ ਝੂਟੇ ਲੈਂਦੀ ਲੈਂਦੀ  ਕਦੇ ਕਦੇ ਵਿੱਚ ਹੀ ਸੌਂ ਜਾਂਦੀ ।

ਫਿਰ ਜਦੋਂ ਮੈਥੋਂ ਵਿੱਛੜ ਕੇ ਉਹ ਆਪਣੇ ਪਾਪਾ ਕੋਲ ਵਿਦੇਸ਼ ਗਈ ਤਾਂ ਉਹ ਦਿਨ ਵੀ ਮੇਰੇ ਲਈ ਭੁੱਲਣ ਵਾਲਾ ਨਹੀਂ ਜਦੋਂ ਉਹ ਦਿੱਲੀ ਏਅਰ ਪੋਰਟ ਤੱਕ ਬਸ ਵਿਚ ਬੈਠੀ ਮੇਰੇ ਨਾਲ ਪਿਆਰ ਭਰੀਆਂ ਤੋਤਲੀਆਂ ਗੱਲਾਂ ਕਰਦੀ ਰਾਹ ਵਿੱਚ ਮੇਰੀ ਗੋਦੀ ਵਿੱਚ ਖੇਡਦੀ ਖੇਡਦੀ ਸੌਂ ਗਈ ਤੇ ਇਮੀਗ੍ਰੇਸ਼ਨ ਵੇਲੇ ਜਦ ਹਵਾਈ ਜਹਾਜ਼ ਵਿੱਚ ਚੜ੍ਹਨ ਵੇਲੇ ਆਪਣੀ ਮਾਂ ਦੇ ਮੋਢੇ ਲੱਗੀ ਹੋਈ ਦੀ ਉਸ ਦੀ ਅੱਖ ਖੁਲ੍ਹੀ ਤਾਂ ਮੈਨੂੰ ਬਾਹਰ ਖੜੇ ਹੋਏ ਨੂੰ ਵੇਖ ਕੇ ਦੂਰੋਂ ਵੇਖ ਕੇ ਅੱਖਾਂ ਖੋਲ਼੍ਹੀ ਬੜੀ ਹੈਰਾਨਗੀ ਨਾਲ ਮੇਰੇ ਵੱਲ ਨਿਹਾਰ ਰਹੀ ਸੀ ਤੇ ਅਚਾਨਕ ਜਾਂਦੀ ਹੋਈ ਅਪਨਾ ਨਿੱਕਾ ਜਿਹਾ ਹੱਥ ਹਿਲਾਉਂਦੀ ਕਹਿ ਰਹੀ ਸੀ “ ਆਈ ਜੀ ਆ ਜਾਓ ਤੁਸ਼ੀਂ ਵੀ ਆ ਜਾਓ “ ਮੈਂ ਇਹ ਸੁਣ ਕੇ ਬੜਾ ਭਾਵੁਕ ਹੋਇਆ ਆਖਿਰ ਉਸ ਨੂੰ ਅਲਵਿਦਾ ਕਹਿ ਕੇ ਜਦ ਮੈ ਘਰ ਵਾਪਸ ਮੁੜਿਆ ਤੇ ਜਦੋਂ ਮੈਂ ਮੋਟਰ ਤੇ ਜਾਂਦਾ ਤਾਂ ਇਵੇਂ ਲਗਦਾ ਜਿਵੇਂ ਅਜੇ ਵੀ ਉਹ ਮੋਟਰ ਦੀਆਂ ਚਾਬੀਆਂ ਗਲ ਪਾਈ ਮੇਰੇ ਕੁੱਛੜ ਚੜ੍ਹਕੇ ਮੋਟਰ ਤੇ ਨ੍ਹਾਉਣ ਜਾਣ ਲਈ ਮੇਰੇ ਨਾਲ ਜਾ ਰਹੀ ਹੋਵੇ ਅਤੇ ਉਸ ਦੀਆਂ ਤੋਤਲੀਆਂ ਗੱਲਾਂ ਮੇਰੇ ਮਨ ਦੇ ਖਿਆਲਾਂ ਦੇ ਮਾਹੌਲ ਵਿੱਚ ਯਾਦਾਂ ਦੀ ਇੱਕ ਮਹਿਕ ਜਿਹੀ ਖਿਲਾਰ ਰਹੀਆਂ ਹੋਣ ।

ਫਿਰ ਇੱਕ ਸਮਾਂ ਆਇਆ ਬੇਟੇ ਨੇ ਮੈਨੂੰ ਆਪਣੇ ਪਾਸ ਬੁਲਾ ਲਿਆ ਰਾਬੀਆ ਹੁਨ ਬਚਪਨ ਦੀਆਂ ਪੁਲਾਂਘਾਂ ਪੁਟਦੀ ਵੱਡੀ ਹੋ ਗਈ ਸੀ ਸਕੂਲ ਜਾਂਦੀ ਘਰ ਵਾਪਸੀ ਤੇ ਮੈਨੂੰ ਇਟਾਲੀਆਨ ਸਿਖਾਂਦੀ ਬੜੀ ਪਿਆਰੀ ਲਗਦੀ ਸੀ ।

ਇੱਕ ਦਿਨ ਸ਼ਾਮ ਨੂੰ ਰਸੋਈ ਵਿੱਚ ਜਾ ਕੇ ਇੱਕ ਬਰਤਨ ਵਿੱਚ ਪਾਣੀ ਗਰਮ ਕਰਕੇ ਵਿੱਚ ਪੈਰ ਸਾਫ ਕਰਨ ਵਾਲੀ ਦੁਆਈ ਪਾ ਕੇ ਮੈਨੂੰ ਕਹਿਣ ਲੱਗੀ ਆਈ ਜੀ ਮੰਜੇ ਤੋਂ ਹੇਠਾਂ ਪੈਰ ਲਮਕਾਓ ਮੈਂ ਤੁਹਾਡੇ ਪੈਰ ਸਾਫ ਕਰਾਂ । ਮੈਂ ਹੈਰਾਨ ਹੋ ਕੇ ਉਸ ਨੂੰ ਕਿਹਾ ਨਾ ਬੇਟਾ ਤੂੰ ਰਹਿਣ ਦੇ ਮੈਂ ਆਪੇ ਸਾਫ ਕਰਦਾ ਹਾਂ ਪਰ ਉਹ ਐਸੀ ਖਹਿੜੇ ਪਈ ਕਿ ਮੇਰੇ ਲੱਖ ਕਹਿਣ ਦੇ ਬਾਵਜੂਦ ਮੇਰੇ ਪੈਰ ਧੋ ਕੇ ਹੀ ਹਟੀ । ਕੁਝ ਸਮੇਂ ਬਾਅਦ ਉਹ ਪੜ੍ਹਨ ਦੇ ਮੰਤਵ ਨਾਲ ਫਿਰ ਪੰਜਾਬ ਪਰਤ ਆਈ ,ਅਤੇ ਮੈਂ ਵੀ । ਇੱਕ ਦਿਨ ਮੈਂ ਬਾਹਰ ਕਿਤੇ ਕੰਮ ਗਿਆ ਸਰਦੀ ਤੇ ਬਾਰਸ਼ ਦਾ ਮੌਸਮ ਸੀ ,ਮੇਰੇ ਬੂਟ ਚਿੱਕੜ ਨਾਲ ਲਿਬੜੇ ਹੋਏ ਸਨ ਸਵੇਰੇ ਅਚਾਣਕ ਉਹ ਮੇਰੇ ਬੂਟ ਪਾਲਿਸ਼ ਕਰ ਕੇ ਹੱਥਾਂ ਵਿੱਚ ਫੜੀ ਹੋਈ ਨੇ ਆ ਕੇ ਬੂਟ ਮੇਰੇ ਅੱਗੇ ਰੱਖ ਕੇ ਬੋਲੀ ਆਈ ਜੀ ਬੂਟ ਪਾ ਲਓ ਮੈਂ ਪਾਲਿਸ਼ ਕਰ ਦਿੱਤੇ ਹਨ । ਮੈਂ ਇਹ ਵੇਖ ਕੇ ਹੈਰਾਨ ਰਹਿ ਗਿਆ ਮੈਨੂੰ ਇਸ ਤਰ੍ਹਾਂ ਲਗਿਆ ਜਿਵੇਂ ਉਹ ਬਚਪਨ ਦੇ ਬਿਤਾਏ ਹੋਏ ਮੋਹ ਦੇ ਪਲਾਂ ਦੇ ਸਮਾਂ ਦੀ ਯਾਦ ਮੈਨੂੰ ਮੋੜਨ ਦਾ ਯਤਨ ਕਰ ਰਹੀ ਹੋਵੇ ,ਮੈਂ ਬੜੇ ਪਿਆਰ ਨਾਲ ਉਸਦਾ ਸਿਰ ਪਲੋਸਦੇ ਹੋਏ ਕਹਿੰਦਾ ਹਾਂ ਨਾਂ ਬੇਟਾ ਧੀਆਂ ਇਸ ਤਰ੍ਹਾਂ ਨਹੀਂ ਕਰਦੀਆਂ ,ਉਹ ਝੱਟ ਬੋਲਦੀ ਹੈ ਆਈ ਜੀ ਤੁਸੀਂ ਆਪ ਹੀ ਤਾਂ ਕਹਿੰਦੇ ਹੋ ਧੀਆਂ ਤੇ ਪੁੱਤ੍ਰਾਂ ਵਿੱਚ ਕੋਈ ਫਰਕ ਨਹੀਂ ਹੁੰਦਾ ਨਾਲੇ ਪਾਪਾ ਵੀ ਤਾਂ ਹੁਣ ਸਾਥੋਂ ਬਹੁਤ ਦੂਰ ਵਿਦੇਸ਼ ਵਿੱਚ ਹਨ ਜੇ ਮੈਂ ਉਨ੍ਹਾਂ ਦੀ ਥਾਂ ਤੁਹਾਡੇ ਕੰਮ ਵਿੱਚ ਤੁਹਾਡਾ ਹੱਥ ਵਟਾ ਦਿੱਤਾ ਤਾਂ ਕੀ ਹੋਇਆ । ਮੈਂ ਉਸ ਦੇ ਇਸ ਛੋਟੀ ਉਮਰ ਵਿੱਚ ਵੱਡੀ ਸੋਚਣੀ ਅੱਗੇ ਬਹੁਤ ਕੁਝ ਸੋਚਦਾ ਹੋਇਆ ਨਿਰ ਉੱਤਰ ਜਿਹਾ ਹੋ ਕੇ ਚੁੱਪ ਕਰ ਜਾਂਦਾ ਹਾਂ ।

ਇਨੇ ਨੂੰ ਅਚਾਨਕ ਵਿਦੇਸ਼ ਤੋਂ ਮੇਰੇ ਦੋਹਤੇ ਪੁਸ਼ਪੀ ਦਾ ਫੋਨ ਆਉਂਦਾ ਹੈ ਹੈਲੋ ਡੈਡੀ ਜੀ ਮੈਂ ਪੁਸ਼ਪੀ ਬੋਲਦਾ ਮੇਰੀ ਪਾਪਾ ਲਾਬੀਆ ਨਾਲ ਗੱਲ ਕਰਾਓ ਮੈਂ ਫੋਨ ਰਾਬੀਆ ਦੇ ਹੱਥ ਫਵਾਉਂਦਾ ਹਾਂ ਪੁਸ਼ਪੀ ਬੋਲਦਾ ਹੈ ਹੈਲੋ ਪਾਪਾ ਲਾਬੀਆ ਮੈਂ ਪੁਸ਼ਪੀ ਬੋਲਦਾ ਹਾਂ ਕੀ ਹਾਲ ਏ ਕਿੱਦਾਂ ਚੱਲ ਰਹੀ ਏ ਤੇਰੀ ਪੜ੍ਹਾਈ ਅਤੇ ਮੈਂ ਪਾਪਾ ਲਾਬੀਆ ਨਾਲ ਬਿਤਾਏ ਹੋਏ ਬਚਪਨ ਦੇ ਦਿਨਾਂ ਵਿੱਚ ਗੁਆਚ ਜਾਂਦਾ ਹਾਂ ।

Comments

Security Code (required)Can't read the image? click here to refresh.

Name (required)

Leave a comment... (required)

ਕਹਾਣੀ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ