Thu, 18 April 2024
Your Visitor Number :-   6981429
SuhisaverSuhisaver Suhisaver

ਗ਼ੁਲਾਮੀ -ਗੁਰਤੇਜ ਸਿੱਧੂ

Posted on:- 26-11-2015

suhisaver

ਕਰਮ ਸਿੰਘ ਸੰਪੂਰਨ ਸਿਹੁੰ ਨਾਲ ਸੀਰੀ ਰਲਿਆ ਹੋਇਆ ਸੀ। ਉਸ ਦੀਆਂ ਕਈ ਪੁਸ਼ਤਾਂ ਨੇ ਆਪਣਾ ਖੂਨ-ਪਸੀਨਾ ਵਹਾ ਕੇ ਇਸ ਘਰ ਦੀ ਖੁਸ਼ਹਾਲੀ ਨੂੰ ਬਰਕਰਾਰ ਰੱਖਿਆ ਸੀ ਪਰ ਆਪ ਸਾਰੀ ਉਮਰ ਕੰਗਾਲ ਅਤੇ ਕਰਜ਼ਈ ਰਹੇ, ਪਤਾ ਨਹੀਂ ਕਰਮ ਸਿੰਘ ਦੇ ਪੁਰਖਿਆਂ ਨੇ ਸੰਪੂਰਨ ਸਿੰਘ ਦੇ ਖਾਨਦਾਨ ਤੋਂ ਕਿਹੜੇ ਹੀਰੇ ਮੁੱਲ ਲਏ ਸਨ, ਜਿਨ੍ਹਾਂ ਦੇ ਪੈਸੇ ਉਹ ਸਾਰੀ ਉਮਰ ਮਿਹਨਤ ਕਰਕੇ ਵੀ ਨਹੀਂ ਚੁੱਕਾ ਸਕੇ ਅਤੇ ਉਹੀ ਕਰਜ਼ਾ ਪੀੜ੍ਹੀ ਦਰ ਪੀੜ੍ਹੀ ਚੱਲਦਾ ਆ ਰਿਹਾ। ਉਹੀ ਕਰਜ਼ੇ ਦੇ ਬੋਝ ਨੇ ਕਰਮ ਸਿੰਘ ਨੂੰ ਬੁਰੀ ਤਰ੍ਹਾਂ ਦੱਬਿਆ ਹੋਇਆ ਸੀ, ਉਹ ਵੀ ਬੜੀ ਡਟ ਕੇ ਕਮਾਈ ਕਰਦਾ ਰਿਹਾ ਅਤੇ ਕੰਜੂਸੀ ਦੀਆਂ ਹੱਦਾਂ ਟੱਪ ਕੇ ਵੀ ਉਹ ਕਰਜ਼ਾ ਟੱਸ ਤੋਂ ਮੱਸ ਨਹੀਂ ਹੋਇਆ। ਇਸ ਕਰਜ਼ੇ ਨੂੰ ਲੈ ਕੇ ਉਹ ਸਦਾ ਝੂਰਦਾ ਰਹਿੰਦਾ ਅਤੇ ਮਹਿਸੂਸ ਕਰਦਾ ਜਿਵੇਂ ਉਹ ਸਮੇਂ ਤੋਂ ਪਹਿਲਾਂ ਹੀ ਬੁੱਢਾ ਹੋ ਗਿਆ ਹੈ। ਉਦੋਂ ਉਹ ਮਸਾਂ ਅੱਠ ਦਸ ਵਰ੍ਹਿਆਂ ਦਾ ਸੀ, ਜਦੋਂ ਉਸ ਦੇ ਬਾਪ ਨੇ ਇੱਕ ਦਿਨ ਮੱਝਾਂ ਚਾਰਨ ਤੋਂ ਨਾਂਹ ਕਰਨ ‘ਤੇ ਗ਼ੁੱਸੇ ਵਿੱਚ ਉਸ ਨੂੰ ਆਪਣੇ ਨਾਲ ਸੰਪੂਰਨ ਸਿੰਘ ਦੇ ਘਰ ਉਨ੍ਹਾਂ ਦੇ ਘਰੇਲੂ ਕੰਮ ‘ਤੇ ਲਗਾ ਦਿੱਤਾ ਸੀ।

ਕਰਮ ਸਿੰਘ ਦੀ ਬੜੀ ਇੱਛਾ ਸੀ ਕਿ ਉਹ ਸਕੂਲ ਪੜ੍ਹਨ ਜਾਵੇ ਅਤੇ ਸੰਪੂਰਨ ਸਿੰਘ ਦੇ ਬੱਚਿਆਂ ਨੂੰ ਜਦੋਂ ਉਹ ਸਕੂਲ ਜਾਂਦੇ ਵੇਖਦੇ ਤਾਂ ਉਸ ਨੂੰ ਹੌਲ ਜਿਹੇ ਪੈਂਦੇ ਸਨ, ਪਰ ਹੁਣ ਕੁਝ ਵੀ ਨਹੀਂ ਹੋ ਸਕਦਾ ਸੀ, ਕਿਉਂਕਿ ਉਸ ਦਾ ਬਾਪ ਹੁਣ ਮੰਨਣ ਵਾਲਾ ਨਹੀਂ ਸੀ। ਉਸ ਦੀ ਮੱਤ ਤਾਂ ਜ਼ਿੰਮੀਦਾਰਾਂ ਦੇ ਕੰਮ ਨੇ ਮਾਰ ਦਿੱਤੀ ਸੀ ਅਤੇ ਪਸ਼ੂ ਬਣਨ ਲਈ ਮਜਬੂਰ ਕਰ ਦਿੱਤਾ ਸੀ, ਫਿਰ ਉਹ ਕਿਵੇਂ ਸੋਚਦਾ ਕਰਮ ਸਿੰਘ ਨੂੰ ਪੜ੍ਹਾਇਆ ਜਾਵੇ। ਆਪਣੇ ਬਾਪ ਦੀ ਤਰ੍ਹਾਂ ਕਰਮ ਸਿੰਘ ਵੀ ਸੰਪੂਰਨ ਸਿੰਘ ਦੇ ਘਰ ਰੂਪੀ ਕੋਹਲੂ ਦਾ ਬੈਲ ਬਣ ਗਿਆ ਸੀ।

ਉਹ ਸਾਰਾ ਦਿਨ ਉਨ੍ਹਾਂ ਦੇ ਘਰੇ ਕੰਮ ਕਰਦਾ ਡੰਗਰਾਂ ਨੂੰ ਪੱਠੇ ਪਾਉਂਦਾ, ਨਹਾਉਂਦਾ ਅਤੇ ਰੇਹੜੀ ਤੇ ਖੇਤੋਂ ਪੱਠੇ ਵੱਢ ਕੇ ਲਿਆਉਂਦਾ, ਜਿੱਥੇ ਉਹ ਇੱਕਲਾ ਪੱਠੇ ਵੱਢਦਾ, ਲੱਦਦਾ ਅਤੇ ਫਿਰ ਕੁਤਰਾ ਕਰਦਾ, ਉਸ ਕੋਲ ਖੜ੍ਹੇ ਸੰਪੂਰਨ ਸਿੰਘ ਦੇ ਬੱਚੇ ਜ਼ਰਾ ਜਿੰਨੀ ਵੀ ਉਸ ਦੀ ਮੱਦਦ ਨਹੀਂ ਕਰਦੇ ਸਨ। ਗੋਬਰ ਦਾ ਭਰਿਆ ਬੱਠਲ ਕਈ ਵਾਰ ਚੁੱਕਦੇ ਸਮੇਂ ਆਪਣੇ ਆਪ ‘ਤੇ ਹੀ ਉਲਟ ਜਾਂਦਾ ਸੀ। ਮੂੰਹ ਸਿਰ ਗੋਬਰ ਨਾਲ ਲਿੱਬੜ ਜਾਂਦਾ ਜਿਸ ਤੇ ਸਾਰਾ ਟੱਬਰ ਉਸ ਉੱਤੇ ਹੱਸ ਛੱਡਦਾ, ਪਰ ਕੋਈ ਉਸ ਨੂੰ ਬੱਠਲ ਚੁਕਾਉਣ ਨਹੀਂ ਬਹੁੜਦਾ ਸੀ, ਉਸ ਦਾ ਵੀ ਕੀ ਕਸੂਰ ਸੀ?ਸਰੀਰਕ ਪੱਖੋਂ ਕਾਫੀ ਕਮਜ਼ੋਰ ਸੀ ਤੇ ਕੰਮ ਉਸ ਨੂੰ ਜਿਆਦਾ ਕਰਨਾ ਪੈਂਦਾਸੀ। ਸਵੇਰੇ ਚਾਰ ਵਜੇ ਉਹ ਆਪਣੇ ਬਾਪ ਨਾਲ ਸੰਪੂਰਨ ਸਿੰਘ ਦੇ ਘਰ ਪਹੁੰਚ ਜਾਂਦਾ ਸੀ ਪਰ ਉਨ੍ਹਾਂ ਦੇ ਬੱਚੇ ਅਜੇ ਵੀ ਸੁੱਤੇ ਹੋਏ ਹੁੰਦੇ ਸਨ। ਉਹ ਕਾਫੀ ਕੰਮ ਮੁਕਾ ਲੈਂਦਾ, ਜਦੋਂ ਉਨ੍ਹਾਂ ਦੇ ਬੱਚੇ ਉੱਠਦੇ ਸਨ, ਪਰ ਕਰਮਾ ਵਿਚਾਰਾ ਰਾਤ ਨੂੰ ਸੁਪਨਿਆਂ ਵਿੱਚ ਹੀ ਸੰਪੂਰਨ ਸਿੰਘ ਦੇ ਘਰ ਪਾ ਪਿਆ ਕੰਮ ਦੇਖਦਾ ਬੁੜਬੁੜਾਉਂਦਾ ਰਹਿੰਦਾ। ਉਸ ਦੀ ਮਾਂ ਉਸ ਦੀ ਹਾਲਤ ਦੇਖ ਕੇ ਬਹੁਤ ਦੁੱਖੀ ਹੁੰਦੀ ਕਿ ਮੇਰੇ ਲੋੜੀਂਦੇ ਗੁੜ ਦਾ ਕੰਮ ਕਿੰਨਾ ਔਖਾ ਹੈ ਅਤੇ ਕਿਸ ਤਰ੍ਹਾਂ ਉਸ ਤੋਂ ਪਸ਼ੂਆਂ ਵਾਂਗ ਕੰਮ ਲਿਆ ਜਾਂਦਾ ਹੈ। ਚਾਰ ਭੈਣਾਂ ਦਾ ਇਕਲੌਤਾ ਭਾਈ ਹੋਣ ਕਾਰਨ ਉਸ ਦੀ ਮਾਂਅਤੇ ਭੈਣਾਂ ਨੇ ਕਦੇ ਉਸ ਨੂੰ ਝਿੜਕਿਆ ਤੱਕ ਵੀ ਨਹੀਂ ਸੀ। ਗਰੀਬੀ ਤੇ ਲਾਚਾਰੀ ਨੇ ਕਿਹੜੇ ਹਾਲਾਤ ਪੈਦਾ ਕਰ ਦਿੱਤੇ ਸਨ ਕਿ...।

ਉਹ ਆਪਣੇ ਪਤੀ ਨੂੰ ਮਨ ਹੀ ਮਨ ਕੋਸਦੀ ਕਿ ਜ਼ਾਲਮ ਨੇ ਫੁੱਲ ਵਰਗੇ ਬੱਚੇ ਨੂੰ ਕਸਾਈਆਂ ਦੇ ਹੱਥ ਦੇ ਦਿੱਤਾ ਹੈ। ਸਰਦੀ ਦੇ ਦਿਨਾਂ ਵਿੱਚ ਜਦ ਉਹ ਪੱਠੇ ਲੈਣ ਜਾਂਦਾ ਤਾਂ ਠੰਢ ਕਾਰਨ ਅਕਸਰ ਹੀ ਕੰਬਦੇ ਹੋਏ ਹੱਥਾਂ ਨਾਲ ਹਰਾ ਚਾਰਾ ਵੱਢਦੇ ਸਮੇਂ ਦਾਤੀ ਉਸ ਦੀਆਂ ਉਂਗਲਾਂ ਤੇ ਵੱਜ ਜਾਂਦੀ। ਕਾਫੀ ਸਮਾਂ ਖੂਨ ਵਹਿੰਦਾ ਰਹਿੰਦਾ ਅਤੇ ਉਹ ਉਵੇਂ ਹੀ ਪੱਠੇ ਵੱਢੀ ਜਾਂਦਾ ਸੰਪੂਰਨ ਸਿੰਘ ਦੇਖਦਾ ਤਾਂ ਉਸ ਨੂੰ ਮਜਾਕੀਆ ਲਹਿਜੇ ਵਿੱਚ ਕਹਿੰਦਾ ਕੋਈ ਨਾ ਤੇਰੇ ਵਰਗੇ ਚੋਬਰ ਨੂੰ ਕੀ ਫਰਕ ਪੈਂਦਾ ਜਾਹ ਉਂਗਲ‘ਤੇ ਪਿਸ਼ਾਬ ਕਰ ਲੈ, ਨਾਲੇ ਝੱਗੇ ਨਾਲੋਂ ਪਾੜ ਕੇ ਲੀਰ ਬੰਨ੍ਹ ਲੈ ਠੀਕ ਹੋਜੂ ਆਪੇ। ਇੱਕ ਦਿਨ ਉਸ ਦੇ ਸੰਪੂਰਨ ਸਿੰਘ ਛੋਟੇ ਪੁੱਤਰ ਨੇ ਖੇਡਦੇ ਹੋਏ ਹੱਥ ਤੇ ਚਾਕੂ ਮਾਰ ਲਿਆ ਸੀ ਤਾਂ ਸਾਰੇ ਟੱਬਰ ਨੂੰ ਹੱਥਾਂ ਪੈਰਾਂ ਦੀ ਪੈ ਗਈ ਸੀ। ਮੁੰਡੇ ਦੀ ਮਾਂ ਤਾਂ ਖੂਨ ਦੇਖ ਕੇ ਬੇਹੋਸ਼ ਹੀ ਹੋ ਗਈ ਸੀ। ਸੰਪੂਰਨ ਸਿੰਘ ਵੀ ਕਮਲਿਆਂ ਵਾਂਗ ਭੱਜਿਆ ਫਿਰਦਾ ਸੀ ਤੇ ਅਜੀਬ ਹਰਕਤਾਂ ਕਰਦਾ ਸੀ। ਜਦ ਉਹ ਡਾਕਟਰ ਨੂੰ ਲੈ ਕੇ ਅੱਪੜਿਆ ਤਾਂ ਦੇਰੀ ਕਾਰਨ ਗ਼ੁੱਸੇ ਵਿੱਚ ਆ ਕੇ ਸੰਪੂਰਨ ਸਿੰਘ ਦੇ ਪਿੰਡ ਦੇ ਡਾਕਟਰ ਦੇ ਥੱਪੜ ਜੜ ਦਿੱਤਾ ਸੀ, ਉਸ ਬੱਚੇ ਦੇ ਛੋਟੇ ਜਿਹੇ ਜ਼ਖਮ ਨੂੰ ਲੈ ਕੇ ਸਾਰਾ ਟੱਬਰ ਚਿੰਤੁਤ ਸੀ ਤੇ ਰੋਜ਼ ਸ਼ਹਿਰ ਦੇ ਮੰਨੇ ਹੋਏ ਡਾਕਟਰ ਕੋਲ ਬੱਚੇ ਨੂੰ ਲੈ ਕੇ ਜਾਂਦੇ। ਪਸ਼ੂਆਂ ਦੇ ਗੋਬਰ ਨਾਲ ਉਨ੍ਹਾਂ ਬੱਚਿਆਂ ਦੀ ਟੱਟੀ ਵੀ ਕਰਮ ਸਿੰਘ ਚੁੱਕ ਕੇ ਸੁੱਟਦਾ ਅਤੇ ਸ਼ਰਾਬ ਪੀ ਕੇ ਸੰਪੂਰਨ ਸਿੰਘ ਦੀਆਂ ਕੀਤੀਆਂ ਉਲਟੀਆਂ ਨੂੰ ਵੀ ਉਹੀ ਸਾਫ ਕਰਦਾ ਸੀ। ਉਸ ਦਾ ਕੌਲਾ ਦੂਰ ਡੰਗਰਾਂ ਵਾਲੇ ਵਾੜੇ ਵਿੱਚ ਖਲ ਦੀ ਤੋੜੀ ਕੋਲ ਰੱਖਿਆ ਹੁੰਦਾ ਸੀ।

ਸੰਪੂਰਨ ਸਿੰਘ ਦੀ ਪਤਨੀ ਨੂੰ ਉਹ ਚਾਚੀ ਕਹਿੰਦਾ ਸੀ, ਉਂਝ ਉਹ ਉਸ ਦੀ ਭਾਬੀ ਲੱਗਦੀ ਸੀ। ਉਹ ਉਸ ਨੂੰ ਆਵਾਜ਼ ਮਾਰਦੀ ਵੇ ਕਰਮਿਆ ਆ ਰੋਟੀ ਡੱਫ ਲੈ ਫਿਰ ਮੈਂ ਵੀ ਕਿਸੇ ਕੰਮ ਨੂੰ ਹੱਥ ਪਾਊਂ। ਉਹ ਕੌਲਾ ਚੁੱਕ ਕੇ ਨੱਸਿਆ ਆਉਂਦਾ ਤੇ ਚੌਂਕੇ ਤੋਂ ਦੂਰ ਕੰਧੋਲੀ ਕੋਲ ਬੈਠ ਜਾਂਦਾ ਕਿਉਂਕਿ ਉਸ ਨੂੰ ਚੁੱਲ੍ਹੇ ਨੇੜੇ ਆਉਣ ਦੀ ਇਜਾਜਤ ਨਹੀਂ ਸੀ। ਉਂਝ ਆਟਾ ਪਿਸਾ ਕੇ ਢੋਲੀ ਵਿੱਚ ਉਹੀ ਪਾਉਂਦਾ ਸੀ, ਪਰ ਰੋਟੀ ਸਬਜ਼ੀ ਫੜਾਉਣ ਲਈ ਉਹ ਝੁਕਦੇ ਨਹੀਂ ਸਨ ਤੇ ਸਿੱਧੇ ਖੜ੍ਹੇ ਉੱਪਰੋਂ ਹੀ ਸੁੱਟੀ ਜਾਂਦੀ। ਇਸ ਗੱਲ ਦਾ ਖਾਸ ਧਿਆਨ ਰੱਖਦੇ ਕਿਤੇ ਸਾਡਾ ਹੱਥ ਉਸ ਦੇ ਹੱਥਾਂ ਨਾਲ ਨਾ ਲੱਗ ਜਾਵੇ, ਪਤਾ ਨਹੀਂ ਉਹ ਕਿਉਂ ਇੰਨਾ ਡਰਦੇ ਸਨ ਕਿਤੇ ਉਸ ਦੇ ਹੱਥਾਂ ਤੋਂ ਫੜ ਹੀ ਨਾ ਹੋ ਜਾਵੇ। ਕਈ ਵਾਰ ਰੋਟੀ ਫੜਾਉਂਦਿਆਂ ਤੋਂ ਰੋਟੀ ਜ਼ਮੀਨ ‘ਤੇ ਡਿੱਗ ਪੈਂਦੀ ਪਰ ਉਹ ਇਹ ਸੋਚ ਕੇ ਚੁੱਕ ਕੇ ਖਾ ਲੈਂਦਾ ਸੀ ਕਿ ਗਰੀਬ ਦੀ ਰੋਟੀ ਨੂੰ ਕਦੇ ਮਿੱਟੀ ਨਹੀਂ ਲੱਗਦੀ। ਗਰਮ ਚਾਹ ਦਾ ਕੌਲਾ ਪਰਨੇ ਦੇ ਲੜ ਨਾਲ ਫੜ ਕੇ ਪੀਂਦਾ ਸੀ, ਕਿਉਂਕਿ ਉਸ ਦੇ ਹੱਥਾਂ ਤੇ ਛਾਲੇ ਸਨ। ਸਮੇਂ ਦਾ ਪਹੀਆ ਚੱਲਦਾ ਰਿਹਾ ਤੇ ਕਰਮ ਸਿੰਘ ਉਨ੍ਹਾਂ ਦੀਆਂ ਝਿੜਕਾਂ, ਫਿਟਕਾਰਾਂ ਖਾਸ ਕਰਕੇ ਉਸ ਦੀ ਜਾਤ ਪ੍ਰਤੀ ਬੋਲੇ ਸ਼ਬਦਾਂ ਨੂੰ ਅੰਦਰੋਂ-ਅੰਦਰੀਂ ਮਜਬੂਰੀ ਵੱਸ ਪੀਂਦਾ ਰਿਹਾ। ਭੈਣਾਂ ਦੇ ਵਿਆਹ ਅਤੇ ਮਾਂ ਦੀ ਨਾਮੁਰਾਦ ਕੈਂਸਰ ਦੀ ਬਿਮਾਰੀ ਨੇ ਉਸ ਦੀ ਕਮਰ ਤੋੜ ਕੇ ਰੱਖ ਦਿੱਤੀ ਸੀ। ਬਾਪ ਖੇਤ ਖੂਹ ਪੁੱਟਦੇ ਸਮੇਂ ਢਿੱਗਾਂ ਡਿੱਗਣ ਕਾਰਨ ਬੇਮੌਤ ਮਾਰਿਆ ਗਿਆ ਸੀ, ਜਿਸ ਕਾਰਨ ਘਰ ਦੀ ਜ਼ਿੰਮੇਵਾਰੀ ਦਾ ਬੋਝ ਉਸ ਦੇ ਮੋਢਿਆਂ ਉੱਪਰ ਸੀ। ਮਾੜਾ ਸਰੀਰ ਅਤੇ ਦੁੱਖਾਂ ਕਰਕੇ ਉਸਨੂੰ ਪਤਾ ਹੀ ਨਹੀਂ ਲੱਗਿਆ ਕਦੋਂ ਉਸ ‘ਤੇ ਜਵਾਨੀ ਆਈਤੇ ਮਾਂ ਦੀ ਬਿਮਾਰੀ ਕਾਰਨ ਉਸ ਦਾ ਵਿਆਹ ਕਰ ਦਿੱਤਾ ਗਿਆ, ਉਸ ਦੀ ਪਤਨੀ ਬੜੀ ਲਾਇਕ ਸੀ । ਜੋ ਉਸ ਦੀ ਮਾਂ ਦੀ ਬੜੀ ਸੇਵਾ ਕਰਦੀ ਸੀ, ਇਸ ਪੱਖ ਤੋਂ ਉਹ ਸੰਤੁਸ਼ਟ ਸੀ। ਖੇਤ ਦਾ ਸਾਰਾ ਕੰਮ ਹੁਣ ਉਹ ਇੱਕਲਾ ਸੰਭਾਲਦਾ ਸੀ। ਸੌ ਏਕੜ ਜ਼ਮੀਨ ਦਾ ਸਾਰਾ ਕੰਮ ਉਸ ਦੇ ਜ਼ਿੰਮੇ ਸੀ, ਜਿੱਥੇ ਉਹ ਦਿਨ ਰਾਤ ਕੰਮ ਕਰਦਾ ਸੀ, ਕਿਉਂਕਿ ਸੰਪੂਰਨ ਸਿੰਘ ਬਜ਼ੁਰਗ ਹੋਣ ਕਰਕੇ ਖੇਤ ਨਹੀਂ ਜਾਂਦਾ ਸੀ, ਪਰ ਉਸ ਦੀ ਔਲਾਦ ਵੀ ਖੇਤ ਪੈਰ ਨਹੀਂ ਪਾਉਂਦੀ ਸੀ ਅਤੇ ਪੜ੍ਹਾਈ ਦੇ ਨਾਂ ‘ਤੇ ਐਸ਼ ਕਰਦੇ ਸਨ, ਉਸ ਦੀ ਲਗਨ ਅਤੇ ਇਮਾਨਦਾਰੀ ਦੀ ਪੂਰੇ ਪਿੰਡ ਵਿੱਚ ਚਰਚਾ ਸੀ ਪਰ ਉਸ ਦੇ ਗੁਣਾਂ ਦਾ ਉਹ ਕੋਈ ਮੁੱਲ ਨਹੀਂ ਪਾਉਂਦੇ ਸਨ। ਉਹ ਅਕਸਰ ਹੀ ਘਰ ਦੇਰੀ ਨਾਲ ਜਾਂਦਾ ਸੀ, ਜਿਸ ਤੋਂ ਉਸ ਦੀ ਪਤਨੀ ਨਾਖੁਸ਼ ਸੀ, ਪਰ ਉਸ ਦਾ ਵੀ ਕੀ ਕਸੂਰ ਸੀ ਜੋ ਅਜਿਹਾ ਨਾ ਕਰੇ। ਕਈ ਵਾਰ ਉਸ ਦੀ ਪਤਨੀ ਸਾਰੀ-ਸਾਰੀ ਰਾਤ ਉਸ ਨੂੰ ਉਡੀਕਦੀ, ਪਰ ਉਸ ਦਾ ਕੁਝ ਪਤਾ ਨਹੀਂ ਹੁੰਦਾ ਸੀ ਕਿ ਉਹਘਰ ਕਿਉਂ ਨਹੀਂ ਆਇਆ? ਕਈ ਵਾਰ ਪਾਣੀ ਲਗਾਉਣ ਲਈ ਦਿਨ ਰਾਤ ਇੱਕ ਕਰਨਾ ਪੈਂਦਾ ਸੀ।

ਇਸੇ ਤਹਿਤ ਇੱਕ ਰਾਤ ਉਸ ਦੀ ਮਾਂ ਦੀ ਹਾਲਤ ਕਾਫੀ ਵਿਗੜ ਗਈ ਤੇ ਹਸਪਤਾਲ ਨਾ ਲਿਜਾਣ ਕਰਕੇ ਉਸ ਨੇ ਦਮ ਤੋੜਿਆ। ਉਸ ਦੀ ਪਤਨੀ ਇੱਕਲੀ ਸੀ ਕੀ ਕਰਦੀ ਉਹ ਬੇਵੱਸ ਸੀ। ਦਿਨ ਚੜ੍ਹੇ ਉਸ ਨੂੰ ਦੱਸਿਆ ਕਿ ਤੇਰੀ ਮਾਂ ਗੁਜਰ ਗਈ, ਜਦ ਉਹ ਘਰ ਨੂੰ ਆਉਣ ਲੱਗਾ ਤਾਂ ਉਸ ਨੇ ਆਪਣੇ ਮਾਲਕ ਤੇ ਵੱਡੇ ਮੁੰਡੇ ਤੋਂ ਕੱਫਨ ਤੇ ਲੱਕੜਾਂ ਲਈ ਪੈਸੇ ਮੰਗੇ ਤਾਂ ਉਸ ਨੇ ਬੇਰੁੱਖੀ ਵਰਤਦਿਆਂ ਕਿਹਾ ‘‘ਪਹਿਲਾਂ ਵਾਲੇ ਤਾਂ ਲਾਹ ਦੇ ਹੋਰ ਮੰਗੀ ਜਾਨੈਂ ਉਹ ਦੁੱਖੀ ਹੋਇਆ ਘਰ ਵੱਲ ਤੁਰ ਪਿਆ। ਪੈਸੇ ਦੇ ਜੁਗਾੜ ਲਈ ਮਾਂ ਦੀ ਦਿੱਤੀ ਅੰਤਿਮ ਨਿਸ਼ਾਨੀ ਤਵੀਤੀ ਸੁਨਿਆਰੇ ਕੋਲ ਵੇਚ ਦਿੱਤੀ। ਉਸ ਦਾ ਕਲੇਜਾ ਫੱਟਦਾ ਜਾ ਰਹਾ ਸੀ, ਮੰਨੋ ਜਿਵੇਂ ਉਸ ਨੇ ਤਵੀਤੀ ਨਹੀਂ ਆਪਣੇ ਸਰੀਰ ਦਾ ਕੋਈ ਅੰਗ ਵੇਚ ਦਿੱਤਾ ਹੋਵੇ। ਮਾਂ ਦੇ ਸਸਕਾਰ ਦੀ ਰਸਮ ਵਿੱਚਸ਼ਰੀਕ ਬਹੁਤ ਘੱਟ ਸ਼ਾਮਲ ਸੀ ਤੇ ਚੰਦ ਲੋਕ ਹੀ ਇਸ ਵਿੱਚ ਸ਼ਾਮਲ ਸਨ। ਸਾਰੇ ਡਰਦੇ ਸਨ ਕਿ ਕਿਤੇ ਸਾਡੇ ਤੋਂ ਪੈਸੇ ਨਾ ਮੰਗ ਲਵੇ। ਅੰਤਿਮ ਅਰਦਾਸ ਦੇ ਦਿਨ ਉਸ ਨੂੰ ਚੰਦ ਘੰਟਿਆਂ ਦੀ ਵਿਹਲ ਸੀ ਤੇ ਦੁਪਹਿਰ ਨੂੰ ਕੱਸੀ ਵਾਲੇ ਖੇਤ ਪਾਣੀ ਲਗਾਉਣ ਦਾ ਫੁਰਮਾਨ ਸਵੇਰੇ ਹੀ ਉਨ੍ਹਾਂ ਨੇ ਕਰਮ ਸਿੰਘ ਨੂੰ ਸੁਣਾ ਦਿੱਤਾ ਸੀ।

ਮਾਲਕ ਦਾ ਮੁੰਡਾ ਉਸ ਨੂੰ ਸੱਦਣ ਲਈਕਈ ਗੇੜੇ ਮਾਰ ਵੀ ਗਿਆ ਸੀ। ਗੁਲਾਮੀ ਦੀ ਇਸ ਤੋਂ ਵੱਧ ਕੀ ਹੱਦ ਹੋ ਸਕਦੀ ਸੀ ਕਿ ਰਿਸ਼ਤੇਦਾਰਾਂ ਨੂੰ ਘਰ ਛੱਡ ਕੇ ਆਪ ਉਹ ਖੇਤ ਜਾ ਰਿਹਾ ਸੀ, ਜੋ ਉਸ ਦੀ ਮਜਬੂਰੀ ਸੀ।ਉਸ ਦੀ ਮਜ਼ਬੂਰੀ ਕਾਰਨ ਉਹ ਉਸ ਦਾ ਨਾਜਾਇਜ਼ ਫਾਇਦਾ ਉਠਾਉਂਦੇ ਸਨ ਅਤੇ ਉਨ੍ਹਾਂ ਦੀਆਂ ਵਧੀਕੀਆਂ ਦਿਨ-ਬ-ਦਿਨ ਵੱਧ ਰਹੀਆਂ ਸਨ। ਹਾਲਾਂਕਿ ਉਹ ਦਿਨ ਰਾਤ ਉਨ੍ਹਾਂ ਦੇ ਕੰਮ ‘ਤੇ ਖਪਦਾ ਸੀ। ਪਰ ਫਿਰ ਵੀ ਮਿੰਟਾਂ ਸਕਿੰਟਾਂ ਦੀ ਦੇਰੀ ਨੂੰ ਜੋੜ ਜੋੜ ਕੇ ਉਹ ਦਿਹਾੜੀ ਕੱਟ ਲੈਂਦੇ ਸਨ ਅਤੇ ਉਹ ਲਾਚਾਰੀ ਵੱਸ ਕਟਾ ਲੈਂਦਾ। ਹੁਣ ਤਾਂ ਉਹ ਕਰਜ਼ੇ ਬਦਲੇ ਉਸ ਦੇ ਘਰ ਨੂੰ ਹੜੱਪਣ ਦੀ ਤਾਕ ਵਿੱਚ ਸਨ। ਸੰਪੂਰਨ ਸਿੰਘ ਦਾ ਛੋਟਾ ਲੜਕਾ ਜੋ ਸਿਰੇ ਦਾ ਨਸ਼ਈ ਸੀ। ਉਸ ਦੀ ਇੱਜ਼ਤ ਵੀ ਤਕਾਉਣ ਲੱਗ ਪਿਆ ਸੀ ਅਤੇ ਕਈ ਵਾਰ ਸ਼ਰੇਆਮ ਉਸ ਨੂੰ ਇਹ ਪੇਸ਼ਕਸ਼ ਵੀ ਕਰ ਦਿੰਦਾ। ਸ਼ਰੇਆਮ ਉਸ ਨੂੰ ਜਾਤੀਸੂਚਕ ਸ਼ਬਦਾਂ ਨਾਲ ਸੰਬੋਧਨ ਕੀਤਾ ਜਾਂਦਾ, ਪਰ ਉਸਦੀ ਗਰੀਬੀ, ਲਾਚਾਰੀ ਅਤੇ ਕਰਜ਼ੇ ਕਾਰਨ ਵੱਢ ਕੇ ਦਿੱਤੇ ਹੱਥ ਉਸ ਨੂੰ ਸਭ ਕੁਝ ਚੁੱਪ-ਚਾਪ ਸਹਿਣ ਕਰਨ ਲਈ ਮਜਬੂਰ ਕਰਦੇ ਸਨ। ਕਰਮ ਸਿੰਘ ਉਨ੍ਹਾਂ ਦੇ ਸਾਰੇ ਟੱਬਰ ਹਾਲਾਂਕਿ ਆਪਣੇ ਤੋਂ ਛੋਟੇ ਮਾਲਕ ਦੇ ਮੁੰਡਿਆਂ ਨੂੰ ਵੀ ਹਾਂਜੀ ਕਹਿੰਦਾ ਅਤੇ ਉਹ ਸਾਰੇ ਉਸ ਨੂੰ ਬੋਲਿਆ ਤੇ ਉਏ ਕਰਮਿਆ ਕਹਿ ਕੇ ਬੁਲਾਉਂਦੇ ਸਨ। ਸੰਪੂਰਨ ਸਿੰਘ ਦਾ ਚਾਰ ਸਾਲਾ ਪੋਤਾ ਵੀ ਉਸ ਨੂੰ ਕਾਮਾਕਾਮਾ ਕਹਿ ਕੇ ਸੱਦਦਾ ਸੀ। ਸੰਪੂਰਨ ਸਿੰਘ ਤੇ ਉਸ ਦੇ ਲੜਕੇ ਅਕਸਰ ਉਸ ਨੂੰ ਕਹਿੰਦੇ ਤੂੰ ਆਪਣੇ ਵੱਡੇ ਮੁੰਡੇ ਨੂੰ ਕੰਮ ਤੇ ਨਾਲ ਲਾ ਲੈ, ਤੇਰਾ ਹੱਥ ਵੀ ਵਟਾਊ ਅਤੇ ਚਾਰ ਪੈਸੇ ਵੀ ਮਿਲਣਗੇ ਪੜ੍ਹ ਕੇ ਉਸ ਨੇ ਕਿਹੜਾ ਡੀਸੀ ਲੱਗ ਜਾਣਾ। ਕੰਮ ਤਾਂ ਸਾਡੇ ਹੀ ਕਰਨਾ ਪਊ।

ਇਹ ਸੁਣ ਕੇ ਉਸ ਦੇ ਲੂੰ ਕੰਡੇ ਖੜ੍ਹੇ ਹੋ ਜਾਂਦੇ ਸਨ ਕਿ ਮੇਰੀ ਔਲਾਦ ਨਾਲ ਵੀ ਉਹੀਕੁਝ ਹੋਊ ਜੋ ਮੈਂ ਪਿਛਲੇ ਚਾਲੀ ਸਾਲਾਂ ਤੋਂ ਸਹਿ ਰਿਹਾ ਹਾਂ। ਛੋਟੀ ਛੋਟੀ ਗੱਲ ਤੇ ਉਸ ਨੂੰ ਬੇਇੱਜ਼ਤ ਕੀਤਾ ਜਾਂਦਾ ਤੇ ਉਸ ਦੀ ਚਿੱਟੀ ਦਾਹੜੀ ਦਾ ਕਿਸੇ ਨੂੰ ਖਿਆਲ ਨਹੀਂ ਆਉਂਦਾ ਸੀ। ਰੋਟੀ ਪਾਣੀ ਵੀ ਕਈ ਵਾਰ ਬੇਹਾ ਹੀ ਦਿੱਤਾ ਜਾਂਦਾ ਸੀ। ਉਸ ਸ਼ਾਮ ਨੂੰ ਘਰ ਜਾਂਦੇ ਹੋਏ ਉਹ ਅੜਕ ਕੇ ਡਿੱਗ ਪਿਆ ਸੀ, ਜਿਸ ਕਾਰਨ ਰੋਟੀ ਸਬਜ਼ੀ ਗਲੀ ਵਿੱਚ ਖਿੱਲਰ ਗਈਸੀ। ਉਸ ਨੇ ਕੌਲਾ ਚੁੱਕਿਆ ਅਤੇ ਬਾਕੀ ਸਮਾਨ ਸਾਰਾ ਉੱਥੇ ਹੀ ਛੱਡ ਦਿੱਤਾ। ਅਗਲੀ ਸਵੇਰ ਉਸ ਨੇ ਦੇਖਿਆ ਕਿ ਕੋਲ ਬੈਠੇ ਕੁੱਤੇ ਨੇ ਵੀ ਰੋਟੀ ਮੂੰਹ ਨਹੀਂ ਸੀ ਲਗਾਈ, ਸ਼ਾਇਦ ਉਸ ਨੇ ਇਸ ਨੂੰ ਖਾਣ ਯੋਗ ਨਾ ਸਮਝਿਆ ਹੋਵੇ। ਰੋਜ਼ ਦੀਆਂ ਵਧੀਕੀਆਂ ਨੇ ਉਸ ਦਾ ਜਿਉਣਾ ਹਰਾਮ ਕਰ ਦਿੱਤਾ ਸੀ, ਉਸ ਦਾ ਘਰ ਵਿਕ ਗਿਆ, ਪਰ ਕਰਜ਼ਾ ਤੇ ਗੁਲਾਮੀ ਅਜੇ ਵੀ ਉਸ ਨੂੰ ਛੱਡਣ ਲਈ ਤਿਆਰ ਨਹੀਂ ਸਨ। ਦੋ ਸਾਲ ਹੋਰ ਉਸ ਨੂੰ ਉਨ੍ਹਾਂ ਦੇ ਘਰ ਕੰਮ ਕਰਨਾ ਪੈਣਾ ਸੀ। ਉਸ ਦੀ ਔਲਾਦ ਵੀ ਪਿੰਡ ਵਿੱਚ ਦਿਹਾੜੀ ਜਾਂਦੀ, ਜਿਸ ਕਾਰਨ ਉਨ੍ਹਾਂ ਪੜ੍ਹਾਈ ਵਿਚੇ ਛੱਡ ਦਿੱਤੀ ਸੀ। ਹੱਡ ਭੰਨਵੀਂ ਕਮਾਈ ਦੇ ਬਾਵਜੂਦ ਟੱਪਰੀਵਾਸਾਂ ਵਾਲਾ ਜੀਵਨ ਜਿਉਣ ਲਈ ਮਜਬੂਰਸਨ। ਉਸ ਨਾਲ ਡੰਗਰਾਂ ਵਾਂਗ ਵਿਵਹਾਰ ਕੀਤਾ ਜਾਂਦਾ ਸੀ ਜੋ ਲੰਮੇ ਸਮੇਂ ਤੋਂ ਲਿਆ ਰਿਹਾ ਸੀ, ਪਰ ਮਾਲਕ ਦੇ ਦੋ ਕੁੱਤੇ ਮੰਜਿਆਂ ਤੇ ਬਰਾਬਰ ਬੈਠਦੇ ਸਨ ਤੇ ਸਨਮਾਨ ਨਾਲ ਰੋਟੀ ਪ੍ਰਾਪਤ ਕਰਦੇ ਸਨ। ਇਸ ਨਾਲ ਉਸ ਦੀ ਆਤਮਾ ਵਲੂੰਧਰੀ ਗਈ। ਰੋਜ਼ ਦੀਆਂ ਵਧੀਕੀਆਂ ਤੇ ਮਹਾਂਪੁਰਸ਼ਾਂ ਦੇਇਹ ਬੋਲ ਉਸ ਨੂੰ ਪ੍ਰੇਸ਼ਾਨ ਕਰਦੇ ਸਨ ਕਿ ਸਾਰੇ ਮਨੁੱਖ ਇੱਕੋ ਪ੍ਰਮਾਤਮਾ ਦੀ ਔਲਾਦ ਹਨ ਤੇ ਮਨੁੱਖ ਸਰਦਾਰ ਜੂਨ ਹੈ ਜੋ ਕਿਸੇ ਦੀ ਗ਼ੁਲਾਮ ਨਹੀਂ, ਉਹ ਹਮੇਸ਼ਾਂ ਸੋਚਦਾ ਕੀ ਇਨ੍ਹਾਂ ਕੁੱਤਿਆਂ ਦੀ ਜਾਤ ਵੀ ਮੇਰੇ ਤੋਂ ਉਚੀ ਹੈ, ਜੋ ਗ਼ੁਲਾਮ ਨਹੀਂ ਬਲਕਿ ਆਜ਼ਾਦੀ ਤੇ ਸਨਮਾਨ ਵਾਲੀ ਜ਼ਿੰਦਗੀ ਬਿਤਾਉਂਦੇ ਹਨ, ਪਰ ਮੇਰੀ ਆਜ਼ਾਦੀ ਤਾਂ ਉਨ੍ਹਾਂ ਦੀ ਗੁਲਾਮੀ ਤੋਂ ਵੀ ਮਾੜੀ ਹੈ। ਜਾਨਵਰਾਂ ਦਾ ਸਨਮਾਨ ਤੇ ਇਨਸਾਨਾਂ ਦਾ ਅਪਮਾਨ ਕਾਹਦੀ ਸਰਦਾਰੀ ਹੈ। ਸਾਡੇ ਵਰਗੇ ਗੁਲਾਮਾਂ ਨੂੰ ਮਹਾਂਪੁਰਸ਼ ਪਤਾ ਨਹੀਂ ਕਿਉਂ ਸਰਦਾਰ ਆਖੀ ਜਾਂਦੇ ਨੇ। ਸਰਦਾਰੀ ਹੋਰਾਂ ਨੂੰ ਬਖਸ਼ ਛੱਡੀ ਏ ਤੇ ਹਮਾਤੜਾਂ ਨੂੰ ਉਂਝ ਹੀ...।

ਸੰਪਰਕ: +91 94641 72783

Comments

harpreet singh

bahut vdiya te sohni kahani likhi hai gurtej sidhu ji

parkash malhar

kmal h, aini dardnak halat de bavjood sabar karna kise sirdi da hi kam h.....

Security Code (required)



Can't read the image? click here to refresh.

Name (required)

Leave a comment... (required)





ਕਹਾਣੀ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ