Wed, 17 January 2018
Your Visitor Number :-   1131451
SuhisaverSuhisaver Suhisaver
ਇਸ ਸਾਲ ਦਾ ‘ਸੂਹੀ ਸਵੇਰ ਮੀਡੀਆ ਐਵਾਰਡ’ ਬੂਟਾ ਸਿੰਘ ਅਤੇ ਮਹਿੰਦਰ ਸਿੰਘ ਮਾਨੂੰਪੁਰੀ ਨੂੰ !               ਲਾਲੂ ਯਾਦਵ ਸਜ਼ਾ ਖ਼ਿਲਾਫ਼ ਹਾਈ ਕੋਰਟ ਪੁੱਜੇ               ਹਿੰਦੀ ਲੇਖਕ ਦੂਧਨਾਥ ਸਿੰਘ ਦਾ ਦੇਹਾਂਤ              

ਪਛਤਾਵਾ - ਸਰੂਚੀ ਕੰਬੋਜ

Posted on:- 06-06-2017

suhisaver

ਰੋਸ਼ਨੀ ਨੂੰ ਅਜੇ ਕੋਈ ਮਸਾਂ ਛੇ ਕੁ ਮਹੀਨੇ ਹੀ ਹੋਏ ਸਨ ਕਾਲਜ ਦਾਖਲਾ ਲਏ ਕਿ ਇਕ ਦਿਨ ਗੁਣਤਾਜ ਨੇ ਰਿਸ਼ਤਾ ਭੇਜ ਦਿੱਤਾ।ਕੋਈ ਛੋਟੀ ਜਿਹੀ ਹਸਤੀ ਨਹੀਂ ਸੀ, ਸ਼ਹਿਰ ਦੇ ਅਮੀਰਾਂ ਵਿੱਚੋਂ ਇੱਕ ਅਮੀਰ ਸੀ ।ਆਪਣਾ ਬਿਜ਼ਨੈਸ, ਆਪਣਾ ਬੰਗਲਾ ਤੇ ਕਈ ਪਲਾਟ ਸਨ ਸ਼ਹਿਰ ਤੋਂ ਸ਼ਹਿਰ ਤੋਂ ਬਾਹਰ ਅਤੇ ਉਪਰੋਂ ਅਨਾਥ ਵੀ।ਬਸ ਇਕ ਦਿਨ ਉਸਦੀ ਨਜ਼ਰ ਰੋਸ਼ਨੀ ਤੇ ਪਈ ਅਤੇ ਉਸ ਨੂੰ ਮੁਹੱਬਤ ਹੋ ਗਈ ਉਸ ਨਾਲ।ਦਿਲ, ਦਿਮਾਗ ਸਭ ਕੁਝ ਉਸ ਉੱਪਰ ਹਾਰ ਬੈਠਾ ।ਜਿਸ ਰਸਤੇ ਤੋਂ ਉਹ ਆਪਣੇ ਆਫਿਸ ਜਾਂਦਾ ਸੀ ਉਸ ਰਸਤੇ ਹੀ ਰੋਸ਼ਨੀ ਦਾ ਕਾਲਜ ਸੀ।

ਰਸਤੇ ਵਿੱਚ ਜਾਂਦੀ ਆਪਣੀਆਂ ਸਹੇਲੀਆਂ ਨਾਲ ਮਸਤੀ ਕਰਦੀ ਉਸਨੂੰ ਬੜੀ ਪਿਆਰੀ ਲੱਗਦੀ,ਉਸਦਾ ਚੁਲਬੁਲਾਪਣ, ਸਹੇਲੀਆਂ ਨਾਲ ਛੋਟੀਆਂ ਛੋਟੀਆਂ ਮਸਤੀਆਂ ਸ਼ਰਾਰਤਾਂ ਬੇਹੱਦ ਪਸੰਦ ਆਈਆਂ ਸੀ ਗੁਣਤਾਜ ਨੂੰ।ਉਸਨੂੰ ਲੱਗਦਾ ਸੀ ਜੇ ਰੋਸ਼ਨੀ ਉਸਦੀ ਜ਼ਿੰਦਗੀ ਵਿੱਚ ਆ ਗਈ ਤਾਂ ਬਹਾਰ ਲੈ ਆਵੇਗੀ ਉਸਦੀ ਵੀਰਾਨ ਜ਼ਿੰਦਗੀ ਵਿੱਚ ।ਉਸਦਾ ਇਕੱਲਾਪਣ, ਉਸਦੀ ਉਦਾਸੀ ਨੂੰ ਸਿਰਫ ਉਹੀ ਦੂਰ ਕਰ ਸਕਦੀ ਹੈ ।


ਇਸ ਲਈ ਉਸ ਇਕ ਵਿਚੋਲੇ ਦੇ ਹੱਥ ਰਿਸ਼ਤਾ ਭੇਜ ਦਿੱਤਾ।ਹਾਲਾਂਕਿ ਰੋਸ਼ਨੀ ਦੇ ਮਾਂ ਬਾਪ ਇਸ ਰਿਸ਼ਤੇ ਲਈ ਪਹਿਲਾਂ ਤਾਂ ਰਜ਼ਾਮੰਦ ਨਾ ਹੋਏ ਕਿਉਂਕਿ ਰੋਸ਼ਨੀ ਨਾਬਾਲਿਗ ਸੀ ਨਾਲੇ ਉਸ ਦੀ ਪੜਾਈ ਵੀ ਅਧੂਰੀ ਰਹਿ ਜਾਣੀ ਸੀ।ਇਸ ਲਈ ਉਨ੍ਹਾਂ ਬਿਨਾਂ ਸੋਚੇ ਵਿਚਾਰੇ ਇਨਕਾਰ ਕਰ ਦਿੱਤਾ ।ਪਰ ਵਿਚੋਲੇ ਦੇ ਦੋਬਾਰਾ ਸੋਚਣ ਦੀ ਸਲਾਹ ਮੰਨ ਕੇ ਜਦੋਂ ਇਕੱਲਿਆਂ ਬੈਠ ਠੰਡੇ ਦਿਮਾਗ਼ ਨਾਲ ਸੋਚਿਆ ਤਾਂ ਸਮਝ ਆਈ।ਗੁਣਤਾਜ ਵਰਗਾ ਰਿਸ਼ਤਾ ਤਾਂ ਉਨ੍ਹਾਂ ਨੂੰ ਚਿਰਾਗ ਲੈ ਕੇ ਢੂੰਡਿਆ ਵੀ ਨਹੀਂ ਮਿਲਣਾ ਸੀ।ਸਾਰੀ ਜ਼ਿੰਦਗੀ ਉਹਨਾਂ ਦੀ ਕੁੜੀ ਰਾਜ ਕਰੇਗੀ ਫਿਰ ਰਿਸ਼ਤਾ ਖੁਦ ਚੱਲ ਕੇ ਆਇਆ ਤਾਂ ਠੁਕਰਾਇਆ ਵੀ ਨਹੀਂ ਜਾ ਸਕਦਾ।ਫਿਰ ਵੀ ਸਭ ਸੋਚ ਵਿਚਾਰ ਉਹਨਾਂ ਮਨਾ ਕਰ ਦਿੱਤਾ।ਫਿਰ ਜਵਾਬ ਦੇਣ ਦੇ ਕਈ ਦਿਨਾਂ ਬਾਅਦ ਆਪਣੀ ਕੁੜੀ ਦੇ ਸੁਖ ਨੂੰ ਵੇਖ ਉਹਨਾਂ ਰੋਸ਼ਨੀ ਦੀ ਪੜਾਈ ਵਿੱਚ ਹੀ ਛੁੜਵਾ ਕੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ।ਸਾਦਾ ਤਰੀਕੇ ਨਾਲ ਵਿਆਹ ਕੀਤਾ ਗਿਆ, ਕੋਈ ਜ਼ਿਆਦਾ ਰਿਸ਼ਤੇਦਾਰ ਨਹੀਂ ਬੁਲਾਏ ਸਨ ਦੋਹਾਂ ਪਾਸਿਉਂ।

"ਵਿਆਹ ਤੋਂ ਬਾਅਦ ਅਕਸਰ ਗੁਣਤਾਜ ਰੋਸ਼ਨੀ ਦੀ ਗੋਦ ਵਿੱਚ ਸਿਰ ਰੱਖ ਕੇ ਕਹਿੰਦਾ ਹੁੰਦਾ ਸੀ।"
"ਮੈਂ ਤੁਹਾਡੀ ਗੋਦ ਵਿਚ ਸਿਰ ਰੱਖ ਕੇ ਕੁਝ ਪਲ ਆਰਾਮ ਕਰਨਾ ਚਾਹੁੰਦਾ।ਤੁਸੀਂ ਆਪਣੇ ਮੁਲਾਇਮ ਹੱਥ ਦੀਆਂ ਉਂਗਲਾਂ ਮੇਰੇ ਵਾਲਾਂ ਵਿੱਚ ਫੇਰਨਾ।"

ਮੈਨੂੰ ਯਾਦ ਹੈ ਗੁਣਤਾਜ ਰੋਸ਼ਨੀ ਤੋਂ ਕੋਈ ਅੱਠ ਨੌ ਸਾਲ ਵੱਡਾ ਸੀ.. ਜਦੋਂ ਉਸ ਨਾਲ ਵਿਆਹ ਹੋਇਆ ਸੀ ਰੋਸ਼ਨੀ ਜ਼ਿੰਦਗੀ ਦੀਆਂ ਤਲਖ ਹਕੀਕਤਾਂ ਤੋਂ ਬੇਖਬਰ ਸੀ ।ਜਵਾਨੀ ਦੀ ਸ਼ੁਰੂਆਤ ਵਿਚ ਹੀ ਵਿਆਹ ਵਰਗੇ ਐਨੇ ਵੱਡੇ ਰਿਸ਼ਤੇ ਦਾ ਬੋਝ ਸੌਂਪ ਦਿੱਤਾ ਗਿਆ ਸੀ ਉਸਨੂੰ।ਬਚਪਨਾ ਬਹੁਤ ਸੀ ਉਸ ਵਿੱਚ ।
 ਕਾਲੇਜ ਵਿੱਚ ਪੜਦੀ ਨੂੰ ਅਜੇ ਪਹਿਲਾ ਸਾਲ ਹੀ ਸੀ ਕਿ ਉਹ ਆਪਣੇ ਨਾਲ ਪੜਦੇ ਇਕ ਮੁੰਡੇ ਸੁਧੀਰ ਨੂੰ ਪਸੰਦ ਕਰਨ ਲੱਗੀ ਸੀ,ਇਸ਼ਕ ਹੋ ਗਿਆ ਸੀ ਉਸ ਨਾਲ ।

ਗੁਨਤਾਜ ਦੇ ਰਿਸ਼ਤਾ ਭੇਜਣ ਦੀ ਖਬਰ ਨਾਲ ਉਹ ਘਬਰਾ ਗਈ ।ਉਸ ਘਰ ਵਿਚ ਐਲਾਨ ਕਰ ਦਿੱਤਾ, 'ਵਿਆਹ ਕਰਾਂਗੀ ਤਾਂ ਸੁਧੀਰ ਨਾਲ, ਵਰਨਾ ਮਰ ਜਾਵਾਂਗੀ ।'ਉਸਨੂੰ ਪਿਆਰ ਨਾਲ ਸਮਝਾਇਆ ਪਰ ਨਾ ਮੰਨੀ।ਉਸਦੇ ਪਾਪਾ ਨੇ ਬਹੁਤ ਕੁੱਟਿਆ ਪਰ ਉਹ ਟਸ ਤੋਂ ਮਸ ਨਾ ਹੋਈ।ਅੰਤ ਉਸਨੂੰ ਕਾਲਜ ਤੋਂ ਛੁਡਵਾ ਲਿਆ।ਗੁਣਤਾਜ ਦਾ ਰਿਸ਼ਤਾ ਤਾਂ ਪਹਿਲਾਂ ਹੀ ਆ ਚੁੱਕਿਆ ਸੀ ਬਸ ਹਾਂ ਕਰਨ ਦੀ ਦੇਰ ਸੀ ਕਿ ਝੱਟ ਮੰਗਣੀ ਪੱਟ ਵਿਆਹ ਕਰਤਾ ।

ਫਿਰ ਉਸਦੀਆਂ ਗੱਲਾਂ ਉਸਦੀਆਂ ਸ਼ਰਾਰਤਾਂ ਮਸਤੀਆਂ ਸਭ ਗਾਇਬ ਹੋ ਗਈਆਂ।ਮਾਂ ਨੇ ਵੀ ਸਖਤ ਹਦਾਇਤ ਦੇ ਕੇ ਭੇਜਿਆ ਸੀ ਉਸਨੂੰ 'ਪਤੀ ਇੱਜ਼ਤ ਤੇ ਪਿਆਰ ਦਾ ਹੱਕਦਾਰ ਹੁੰਦੈ ।ਉਹਦੀ ਹਮੇਸ਼ਾ ਇੱਜ਼ਤ ਕਰੀਂ, ਕਦੇ ਸ਼ਿਕਾਇਤ ਦਾ ਮੌਕਾ ਨਾ ਦੇਈਂ ।'

ਬਸ ਇਹੀ ਇੱਕ ਗੱਲ ਮਾਂ ਦੀ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ ਉਸ।ਮਾਂ ਨੇ ਉਸਨੂੰ ਚੰਗੀ ਤਰ੍ਹਾਂ ਦੱਸਿਆ ਸੀ ਪਤੀ ਨੂੰ ਮੁਹੱਬਤ ਕਿੱਦਾਂ ਦੇਣੀ ਹੈ, ਕਿੱਦਾਂ ਉਸਦੇ ਦਿਲ ਵਿੱਚ ਜਗ੍ਹਾ ਬਣਾ ਕੇ ਰੱਖਣੀ ਹੈ ।ਪਰ ਉਸ ਤਾਂ ਕੁਝ ਹੋਰ ਹੀ ਸੋਚ ਰੱਖਿਆ ਸੀ ਕਿ ਪਤੀ ਨਾਲ ਨਫਰਤ ਕਿਵੇਂ ਕਰਨੀ ਹੈ ।

ਨਜਦੀਕ ਹੁੰਦਿਆਂ ਹੋਇਆਂ ਵੀ ਉਹਨਾਂ ਦੋਵਾਂ ਵਿੱਚ ਕਈ ਸ਼ਹਿਰਾਂ ਦਾ ਫਾਸਲਾ ਸੀ ।ਗੁਣਤਾਜ ਉਸਨੂੰ ਹੱਦੋਂ ਵੱਧ ਚਾਹੁੰਦਾ ਸੀ । ਉਹ ਜਾਣਦੀ ਸੀ ਕਿ ਗੁਣਤਾਜ ਉਸਦੀ ਜ਼ਿੰਦਗੀ ਵਿੱਚ ਰੱਬ ਦੀ ਮਰਜ਼ੀ ਨਾਲ ਆਇਆ ਪਰ ਫਿਰ ਵੀ ਉਹ ਉਸ ਨਾਲ ਬੇਵਫਾਈ ਦੀ ਨੀਅਤ ਰੱਖਦੀ ਸੀ ।
ਗੁਣਤਾਜ ਉਸ ਨਾਲ ਹਮੇਸ਼ਾ ਹੱਸ ਕੇ ਗੱਲ ਕਰਦਾ, ਪਰ ਉਸ ਨਾ ਚਾਹ ਕੇ ਵੀ ਉਸ ਨਾਲ ਉਹੀ ਰਵੱਈਆ ਰੱਖਿਆ ਜੋ ਪਹਿਲੇ ਦਿਨ ਸੀ।ਜਦ ਵੀ ਕਦੇ ਉਹ ਰੋਸ਼ਨੀ ਦੇ ਕਰੀਬ ਆਉਣ ਦੀ ਕੋਸ਼ਿਸ਼ ਕਰਦਾ, ਉਹ ਸਖ਼ਤ ਸ਼ਬਦਾਂ ਵਿੱਚ ਬੋਲਦੀ

"ਆਪਣੇ ਕੰਮ ਨਾਲ ਕੰਮ ਰੱਖਿਆ ਕਰੋ।ਪਤਨੀ ਹਾਂ ਤੁਹਾਡੀ ਕੋਈ ਪ੍ਰੇਮਿਕਾ ਨਹੀਂ ਜੋ ਇਸ ਤਰ੍ਹਾਂ ਗੱਲ ਗੱਲ ਤੇ ਇਜ਼ਹਾਰ ਏ ਮੁਹੱਬਤ ਕਰਦੇ ਰਹਿੰਦੇ ਹੋ ।"

ਉਹ ਲਾਚਾਰ ਤੇ ਬੇਬਸ ਜਿਹਾ ਹੱਸਦਾ ਹੋਇਆ ਸਿਰਹਾਣਾ ਚੁੱਕ ਕੇ ਸੋਫੇ ਵੱਲ ਤੁਰ ਜਾਂਦਾ।ਉਹ ਸੌਂਦਾ ਜਾਂ ਨਹੀਂ ਉਸ ਕਦੇ ਜਾਣਨਾ ਜ਼ਰੂਰੀ ਹੀ ਨਾ ਸਮਝਿਆ ।ਬਸ ਉਹ ਚੈਨ ਨਾਲ ਸੌਂ ਜਾਂਦੀ ਐਨਾ ਯਾਦ ਹੈ ਉਸਨੂੰ।"

ਦਿਨ ਨਿਕਲਦੇ ਸਾਰ ਹੀ ਉਹ ਉਸ ਕੋਲ ਆ ਬੈਠਦਾ ।ਕਦੇ ਉਸ ਨਾਲ ਉਸਦੇ ਬਰਾਬਰ ਬੈਠਣ ਦੀ ਕੋਸ਼ਿਸ਼ ਕਰਦਾ, ਉਸ ਨਾਲ ਦੋ ਪਿਆਰ ਦੇ ਬੋਲ ਬੋਲਣ ਦੀ ਸੋਚਦਾ ਪਰ ਫਿਰ ਸਿਰ ਝਟਕਦੇ ਹੋਏ ਦੂਰ ਹੋ ਕੇ ਬਹਿ ਜਾਂਦਾ ।ਇਕ ਵਾਰ ਸੁਣਿਆ ਸੀ ਉਸ ਬੈੱਡ ਕੋਲ ਖੜਾ ਉਹ ਖੁਦ ਨਾਲ ਗੱਲਾਂ ਕਰਦਾ ਹੋਇਆ ਉਸਨੂੰ ਕਹਿ ਰਿਹਾ ਸੀ "ਕਿਉਂ ਕਰਦੀ ਹੈ ਐਦਾ ਮੇਰੇ ਨਾਲ ।ਆਖਿਰ ਕਸੂਰ ਕੀ ਹੈ ਮੇਰਾ?ਕੀ ਕਮੀ ਹੈ ਮੇਰੇ ਵਿੱਚ ਜੋ ਐਨਾ ਬੁਰਾ ਲੱਗਦਾ ਹਾਂ ਤੈਨੂੰ? "

ਉਸ ਨੂੰ ਲੱਗਦਾ ਉਹ ਚੁੱਪਚਾਪ ਮੂੰਹ ਤੇ ਚਾਦਰ ਪਾਏ ਸੌਂ ਰਹੀ ਹੈ ਪਰ ਉਹ ਜਾਗਦੀ ਹੁੰਦੀ ਤੇ ਸਭ ਗੱਲਾਂ ਸੁਣ ਰਹੀ ਹੁੰਦੀ ।

ਫਿਰ ਇਕ ਦਿਨ ਉਹ ਆਫਿਸ ਵਿਚ ਛੁੱਟੀ ਹੋਣ ਕਾਰਨ ਘਰ ਸੀ ।ਉਹ ਦੇਰ ਤੱਕ ਸੁੱਤੀ ਰਹੀ ।ਉਹ ਬੈੱਡ ਕੋਲ ਖੜ੍ਹਾ ਸੀ।ਉਸ ਹਲਕੇ ਜਿਹੇ ਪਿਆਰ ਨਾਲ ਪੁਕਾਰਿਆ "ਉੱਠ ਜਾਉ ਮੇਮ ਸਾਹਿਬਾ ਦਸ ਵੱਜ ਗਏ ਨੇ, ਨਾਸ਼ਤਾ ਤਿਆਰ ਹੈ, ਕੱਪੜੇ ਤੁਹਾਡੇ ਬਾਹਰ ਕੱਢ ਕੇ ਰੱਖ ਦਿੱਤੇ ਹਨ, ਨਹਾ ਕੇ ਫਰੈੱਸ਼ ਹੋ ਜਾਉ, ਫਿਰ ਬਾਹਰ ਕਿਤੇ ਘੁੰਮਣ ਚਲਦੇ ਹਾਂ।"

ਉਸ ਹਲਕੀ ਨਰਮ ਦਿਲ ਮੁਹੱਬਤ ਭਰੀ ਆਵਾਜ਼ ਤੇ ਵੀ ਉਹ ਬੜਾ ਚੀਖੀ ਚਿੱਲਾਈ ਸੀ।ਇਹ ਦੱਸਣ ਲਈ ਕਿ ਉਹ ਉਸਨੂੰ ਜਰਾ ਜਿੰਨਾ ਵੀ ਪਸੰਦ ਨਹੀਂ ਕਰਦੀ, ਇਕ ਅੱਖ ਨਹੀਂ ਸੁਖਾਂਦਾ ਉਸਨੂੰ।ਤੇ ਉਹ ਹਮੇਸ਼ਾ ਹੱਸਦੇ ਹੋਏ ਬੈੱਡ ਲਾਗੇ ਟੇਬਲ ਤੇ ਚਾਹ ਦਾ ਕੱਪ ਰੱਖ ਫਿਰ ਬਾਥਰੂਮ ਵਿੱਚ ਉਸਦਾ ਸਫੇਦ ਤੌਲੀਆ ਟੰਗ ਬਾਹਰ ਚਲਾ ਜਾਂਦਾ ਸੀ ।

ਉਹ ਖਾਮੋਸ਼ ਹੀ ਰਿਹਾ ਉਸਦੀ ਹਰ ਉੱਚੀ ਉੱਠਦੀ ਆਵਾਜ ਤੇ। ਉਹ ਖਾਮੋਸ਼ ਹੀ ਰਿਹਾ ਉਸਦੇ ਬੜਬੋਲੇ ਪਨ, ਉਸਦੇ ਕੌੜੇ ਤੇ ਰੁੱਖੇ ਰਵਈਏ ਤੇ, ਉਸਦੀਆਂ ਸਭ ਜਿਆਦਤੀਆਂ ਖਿੜੇ ਮੱਥੇ ਸਹਿ ਰਿਹਾ ਸੀ।ਜੇ ਕਦੇ ਉਸ ਕੁਝ ਕਿਹਾ ਹੋਏ ਤਾਂ ਇਹ ਚਲਦੇ ਸਾਹ ਹਰਾਮ ਨੇ ਉਸ ਉੱਪਰ ।

ਗੁਣਤਾਜ ਸੁਧੀਰ ਨਾਲੋਂ ਹਰ ਮਾਈਨੇ ਵਿੱਚ ਬੇਹਤਰ ਸੀ ਫਿਰ ਚਾਹੇ ਸ਼ਕਲ ਸੂਰਤ ਹੋਏ, ਅਕਲਮੰਦੀ ਹੋਏ ਪੈਸਾ ਹੋਏ ਜਾਂ ਪੜਾਈ ਲਿਖਾਈ ਹਰ ਪੱਖੋਂ ਕਈ ਗੁਣਾ ਬਿਹਤਰ ਸੀ ਸੁਧੀਰ ਤੋਂ ਉਹ।
ਫਿਰ ਉਸ ਨੂੰ ਗੁਣਤਾਜ ਨਾਲ ਨਫ਼ਰਤ ਕਿਉਂ ਸੀ?

ਉਸ ਨੂੰ ਗੁਣਤਾਜ ਨਾਲ ਨਫਰਤ ਇਸ ਲਈ ਸੀ ਕਿ ਉਸਦੇ ਕਾਰਨ ਉਸ ਤੋਂ ਉਸਦੀ ਮੁਹੱਬਤ ਖੋਹ ਲਈ ਗਈ ਸੀ ।ਉਸਦੇ ਨਾਲ ਰਿਸ਼ਤਾ ਜੋੜਨ ਨਾਲ ਉਹ ਆਪਣੀ ਮੁਹੱਬਤ ਤੋਂ ਦੂਰ ਹੋ ਗਈ।ਚਾਹ ਕੇ ਵੀ ਉਹ ਉਸ ਖੂਬਸੂਰਤ ਤੇ ਜਵਾਨ ਇਨਸਾਨ ਨੂੰ ਮੁਹੱਬਤ ਨਹੀਂ ਕਰ ਪਾ ਰਹੀ ਸੀ ਚਾਹੇ ਉਹ ਵਾਕਈ ਇਸ ਮੁਹੱਬਤ ਦਾ ਹੱਕਦਾਰ ਸੀ ।
ਕਿਉਂ?

ਕਿਉਂਕਿ ਵਿਛੜਨ ਤੋਂ ਪਹਿਲਾਂ ਉਸ ਵਾਅਦਾ ਕੀਤਾ ਸੀ ਆਪਣੇ ਪਿਆਰ ਨਾਲ ਕਿ ਚਾਹੇ ਕੁਝ ਵੀ ਹੋ ਜਾਏ ਉਹ ਆਪਣੇ ਪਤੀ ਨੂੰ ਉਸਦੀ ਜਗ੍ਹਾ ਨਹੀਂ ਦੇਵੇਗੀ ।

ਬਸ ਇਹੀ ਵਾਅਦੇ ਜਾਂ ਜਿੱਦ ਕਹਿ ਲਉ, ਵਿੱਚ ਉਹ ਨਿੱਤ ਨਵੇਂ ਫਸਾਦ ਖੜੇ ਕਰਦੀ ਰਹਿੰਦੀ ।
ਫਿਰ ਇਕ ਦਿਨ ਉਸਦੀ ਮੁਲਾਕਾਤ ਹੋ ਗਈ ਆਪਣੇ ਪਹਿਲੇ ਪਿਆਰ ਨਾਲ।ਦਮ ਤੋੜ ਚੁੱਕੀ ਮੁਹੱਬਤ ਦੋਬਾਰਾ ਤੋਂ ਸਾਹ ਲੈਣ ਲੱਗੀ ਸੀ ।ਦਿਨ ਰਾਤ ਫੋਨ ਤੇ ਗੱਲਾਂ ਹੁੰਦੀਆਂ ਗੁਣਤਾਜ ਦੀ ਗੈਰਹਾਜ਼ਰੀ ਵਿੱਚ।
ਦੋਬਾਰਾ ਤੋਂ ਕਸਮਾਂ ਵਾਅਦੇ ਕੀਤੇ ਜਾਣ ਲੱਗੇ ਸਨ ਸੰਗ ਜੀਊਣ ਮਰਨ ਦੇ, ਚੋਰੀ ਛੁਪੇ ਮੁਲਾਕਾਤਾਂ ਹੁੰਦੀਆਂ ਗੱਲ ਇੱਥੋਂ ਤੱਕ ਪਹੁੰਚ ਗਈ ਕਿ ਰੋਸ਼ਨੀ ਉਸ ਨਾਲ ਮੌਕਾ ਵੇਖ ਕੇ ਭੱਜ ਜਾਣ ਵਾਲੀ ਸੀ।
 ਫਿਰ ਇਕ ਦਿਨ ਗੁਣਤਾਜ ਜਬਰਦਸਤੀ ਉਸਨੂੰ ਆਪਣੇ ਨਾਲ ਫਿਲਮ ਦਿਖਾਉਣ ਲੈ ਗਿਆ।ਉਥੇ ਉਸ ਜੋ ਦੇਖਿਆ ਉਹ ਦੇਖ ਉਸਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ।ਉਸ ਦੇ ਖਵਾਬ, ਅਰਮਾਨ, ਜਜ਼ਬਾਤ ਸਭ ਢਹਿਢੇਰੀ ਹੋ ਗਏ।ਉਸਦੀ ਪਹਿਲੀ ਮੁਹੱਬਤ ਕਿਸੇ ਹੋਰ ਦੀਆਂ ਬਾਹਵਾਂ ਵਿੱਚ ਬਾਹਵਾਂ ਪਾ ਫਿਲਮ ਵੇਖ ਰਹੀ ਸੀ।ਜਿਸ ਮੁਹੱਬਤ ਲਈ ਉਹ ਤਿੰਨ ਸਾਲਾਂ ਤੋਂ ਆਪਣੇ ਜੀਵਨਸਾਥੀ ਨੂੰ ਅਸਹਿ ਕਸ਼ਟ ਦੇ ਰਹੀ ਸੀ ਅਸਲ ਵਿੱਚ ਉਹ ਤਾਂ ਮੁਹੱਬਤ ਦਾ ਢੋਂਗ ਕਰ ਰਿਹਾ ਸੀ ਉਸ ਨਾਲ।ਰੂਹ ਦੀ ਨਹੀਂ ਜਿਸਮ ਦੀ ਚਾਹ ਸੀ ਉਸਨੂੰ।ਤੇ ਜਿਸਨੂੰ ਉਸਦੀ ਰੂਹ ਨਾਲ ਮੁਹੱਬਤ ਸੀ ਉਸ ਨਾਲ ਉਸ ਨੇ ਕੀ ਕੀਤਾ ।

ਰੋਸ਼ਨੀ ਨੂੰ ਬਹੁਤ ਆਹਤ ਹੋਈ ।ਬਹੁਤ ਪਛਤਾਵਾ ਸੀ ਉਸਨੂੰ ਆਪਣੀ ਕੀਤੀ ਇਸ ਗਲਤੀ ਤੇ ।ਪੂਰੀ ਫਿਲਮ ਵਿਚ ਉਸ ਗੁਣਤਾਜ ਨਾਲ ਕੀਤੇ ਬੁਰੇ ਸਲੂਕ ਤੇ ਰੋਣਾ ਆਉਂਦਾ ਰਿਹਾ,ਵਾਰ ਵਾਰ ਉਸ ਨਾਲ ਕੀਤੀਆਂ ਨਾ ਇਨਸਾਫੀਆਂ ਉਸਦਾ ਅੰਦਰ ਝੰਜੋੜ ਰਹੀਆਂ ਸਨ।ਆਖਰ ਕਿੱਦਾਂ ਤੇ ਕਿਉਂ ਸਹਿੰਦਾ ਰਿਹਾ ਉਹ ਉਸਦੀਆਂ ਬਦਸਲੂਕੀਆਂ ਨੂੰ, ਉਹ ਵੀ ਲਗਾਤਾਰ ਤਿੰਨ ਸਾਲਾਂ ਤੋਂ ।

ਕਿਉਂਕਿ ਉਹ ਹਕੀਕਤ ਵਿੱਚ ਉਸਨੂੰ ਚਾਹੁੰਦਾ ਸੀ ਉਸਦੀ ਹਰ ਬੁਰਾਈ ਨਾਲ ਖਿੜੇ ਮੱਥੇ ਸਵੀਕਾਰ ਕੀਤਾ ਸੀ ਉਸਨੂੰ ।

ਘਰ ਵਾਪਸੀ ਵੇਲੇ ਅਚਾਨਕ ਕਾਰ ਚਲਾਉਂਦੇ ਗੁਣਤਾਜ ਦੀ ਬਾਂਹ ਫੜ ਉਸ ਆਪਣਾ ਸਿਰ ਉਸਦੇ ਮੋਢੇ ਨਾਲ ਟਿਕਾ ਲਿਆ ਆਪਣੀਆਂ ਭੁੱਲਾਂ ਦੀ ਸਭ ਖਤਾਵਾਂ ਦੀ ਮੁਆਫੀ ਮੰਗੀ।ਉਸਦੀਆਂ ਅੱਖਾਂ ਵਿੱਚ ਤੈਰਦੇ ਅੱਥਰੂ ਉਸਦੇ ਪਛਤਾਵੇ ਨੂੰ ਪ੍ਰਗਟ ਕਰ ਰਹੇ ਸਨ ।ਗੁਣਤਾਜ ਬਹੁਤ ਖੁਸ਼ ਸੀ, ਉਸਨੂੰ ਯਕੀਨ ਹੀ ਨਹੀਂ ਹੋ ਪਾ ਰਿਹਾ ਸੀ ਕਿ ਇਕ ਦਮ ਅਚਾਨਕ ਰੋਸ਼ਨੀ ਚ ਇਹ ਸਭ ਪਰਿਵਰਤਨ ਦੇਖਣ ਨੂੰ ਮਿਲੇਗਾ, ਉਹ ਵੀ ਇਕ ਫਿਲਮ ਦੇਖਣ ਨਾਲ।'ਕਾਸ਼ ਮੈਂ ਰੋਸ਼ਨੀ ਨੂੰ ਫਿਲਮ ਦਿਖਾਉਣ ਦਾ ਸਟੈੱਪ ਪਹਿਲਾਂ ਚੁੱਕਿਆ ਹੁੰਦਾ ਤਾਂ ਸਾਡੀ ਜ਼ਿੰਦਗੀ ਹੁਣ ਨੂੰ ਕਿੰਨੀ ਖੁਸ਼ਗਵਾਰ ਹੋਣੀ ਸੀ ।'ਉਹ ਮਨ ਹੀ ਮਨ ਸੋਚ ਰਿਹਾ ਸੀ ।ਆਖਰ ਉਸਦੀ ਮੁਹੱਬਤ ਜਿੱਤ ਗਈ ਸੀ ਰੋਸ਼ਨੀ ਦੇ ਬਨਾਵਟ ਦੇ ਗੁੱਸੇ ਅੱਗੇ।ਆਪਣੇ ਹੱਥਾਂ ਦੇ ਪੋਰਾਂ ਨਾਲ ਉਸਦੀਆਂ ਗੱਲਾਂ ਤੇ ਤੈਰਦੇ ਹੰਝੂ ਪੂੰਝ ਰਿਹਾ ਸੀ ਉਹ ਤੇ ਰੋਸ਼ਨੀ ਵੀ ਵਾਅਦਾ ਕਰ ਰਹੀ ਸੀ ਗੁਣਤਾਜ ਨਾਲ ਉਸਦੀ ਜ਼ਿੰਦਗੀ ਵਿੱਚ ਮੁਹੱਬਤ ਹੀ ਮੁਹੱਬਤ ਭਰ ਦੇਣ ਦਾ ।ਦੋਵਾਂ ਦੀਆਂ ਅੱਖਾਂ ਵਿੱਚ ਇਕ ਅਲੱਗ ਹੀ ਚਮਕ ਸੀ ਖੁਸ਼ੀ ਸੀ ਇਕ ਦੂਜੇ ਨੂੰ ਅਰਪਣ ਕਰ ਦੇਣ ਦੀ ਇਕ ਦੂਜੇ ਦੀ ਖੁਸ਼ੀ ਲਈ।ਇਕ ਦੂਜੇ ਦੀਆਂ ਬਾਹਾਂ ਵਿੱਚ ਖੋਏ ਆਪਣੇ ਸੁਪਨਿਆਂ ਦੇ ਇਕ ਅਲੱਗ ਸੰਸਾਰ ਵਿੱਚ ਪਹੁੰਚ ਗਏ ਸਨ ।

        ਦੋ ਸਾਲ ਬਾਅਦ, ਅਚਾਨਕ ਬੈੱਡ ਤੇ ਲੇਟੀ ਰੋਸ਼ਨੀ ਕੰਬਦੇ ਹੱਥ ਨਾਲ ਟੇਬਲ ਤੇ ਪਿਆ ਪਾਣੀ ਦਾ ਗਿਲਾਸ ਉਠਾਉਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਹੱਥ ਵਿੱਚ ਆਉਣ ਤੋਂ ਪਹਿਲਾਂ ਹੀ ਗਿਲਾਸ ਥੁੜਕ ਕੇ ਹੇਠਾਂ ਡਿੱਗ ਪਿਆ ।ਗਿਲਾਸ ਦੇ ਖੜਾਕ ਨਾਲ ਗੁਣਤਾਜ ਦੂਰ ਕੁਰਸੀ ਤੇ ਬੈਠਾ ਚੌਂਕ ਕੇ ਉੱਠਿਆ ਤੇ ਆਪਣਾ ਸਾਰਾ ਕੰਮ ਛੱਡ ਦੌੜ ਕੇ ਉਸ ਕੋਲ ਆਇਆ

"ਤੁਸੀਂ ਕਿਉਂ ਉੱਠੇ? ਮੈਨੂੰ ਆਵਾਜ਼ ਦੇ ਦੇਣੀ ਸੀ ਜੇ ਪਾਣੀ ਚਾਹੀਦਾ ਸੀ ਤਾਂ? "

ਬਿਸਤਰ ਤੇ ਅੱਧ ਮਰਾ ਜਿਸਮ ਸੰਭਾਲਣ ਵਿਚ ਉਹ ਦੋ ਸਾਲਾਂ ਤੋਂ ਲੱਗੀ ਹੋਈ ਹੈ, ਜ਼ੁਬਾਨ ਤੇ ਤਾਲੇ ਲੱਗੇ ਹਨ ਤੇ ਪੈਰਾਂ ਚੋਂ ਬੇਜਾਨ ਰੂਹ ਜੋ ਹੁਣ ਨਿਕਲਣ ਦੇ ਇੰਤਜਾਰ ਵਿਚ ਸੁੱਤੀ ਪਈ ਹੈ।

    ਉਸ ਰਾਤ ਉਹ ਐਨਾ ਖੁਸ਼ ਸੀ ਕਿ ਕਾਰ ਚਲਾਉਂਦੇ ਸਾਹਮਣੇ ਵੇਖਣ ਦੀ ਬਜਾਏ ਰੋਸ਼ਨੀ ਨੂੰ ਆਪਣੇ ਮੋਢੇ ਨਾਲ ਸਿਰ ਟਿਕਾਈ ਨੂੰ ਵੇਖਦਾ ਰਿਹਾ ਕਿ ਅਚਾਨਕ ਅੱਗੋਂ ਸਪੀਡ ਵਿਚ ਆਉਂਦੇ ਟਰੱਕ ਵਿੱਚ ਗੱਡੀ ਜਾ ਵੱਜੀ ।ਗੁਣਤਾਜ ਨੂੰ ਵੀ ਕਾਫ਼ੀ ਸੱਟਾਂ ਲੱਗੀਆਂ ਸਨ ਪਰ ਵਕਤ ਦੇ ਨਾਲ ਸਭ ਭਰ ਗਈਆਂ ਪਰ ਰੋਸ਼ਨੀ ਉਸ ਐਕਸੀਡੈਂਟ ਵਿੱਚ ਪੈਰਾਲਾਇਜ ਹੋ ਗਈ ।

ਪੈਰਾਲਾਈਜ ਹੋਣ ਤੋਂ ਬਾਅਦ ਹੀ ਸਮਝੀ ਸੀ ਉਹ। ਉਸਨੂੰ ਹਮੇਸ਼ਾਂ ਤੋਂ ਗੁਣਤਾਜ ਦੀ ਹੀ ਜਰੂਰਤ ਸੀ ਉਸਦੀ ਮੁਹੱਬਤ ਦੀ, ਉਸਦੀ ਦਿੱਤੀ ਹੋਈ ਇੱਜ਼ਤ ਦੀ ਤੇ ਜਰੂਰਤ ਸੀ ਉਸਦੇ ਸਿਰ ਨੂੰ ਆਪਣੀ ਗੋਦ ਵਿਚ ਰੱਖ ਕੇ ਕੁਝ ਦੇਰ ਆਰਾਮ ਕਰਨ ਦੇਣ ਦੀ, ਕੀ ਪਤਾ ਸੀ ਕਿ ਗੁਜਰਦਾ ਵਕਤ ਉਸਨੂੰ ਹੁਣ ਇਸ ਸਭ ਲਈ ਮੋਹਲਤ ਵੀ ਨਹੀਂ ਦੇਵੇਗਾ ।ਉਸਦੀ ਜ਼ਿੰਦਗੀ ਵਿੱਚ ਬੇਜਾਰੀ ਤੇ ਪਛਤਾਵੇ ਤੋਂ ਸਿਵਾ ਕੁਝ ਵੀ ਨਹੀਂ ਬਚਿਆ।

ਇਸ ਮੁਕਾਮ ਤੇ ਪਹੁੰਚ ਕੇ ਉਹ ਸਮਝੀ ਸੀ ਉਸਦੀ ਸੱਚੀ ਤੇ ਪਾਕ ਮੁਹੱਬਤ ਨੂੰ।ਜਿਸ ਵਿਚ ਉਸ ਆਪਣਾ ਦਫਤਰ ਘਰ ਵਿਚ ਸ਼ਿਫਟ ਕਰ ਲਿਆ ਸੀ ਅਤੇ ਖੁਦ ਉਸਦੀ ਦੇਖਭਾਲ ਕਰਦਾ ਸੀ ।ਜੇ ਜਿਸਮ ਦੀ ਚਾਹ ਹੁੰਦੀ ਤਾਂ ਉਸ ਅੱਧਮਰੀ ਲਾਸ਼ ਨੂੰ ਦਫਨ ਕਰਕੇ ਉਹ ਦੋਬਾਰਾ ਤੋਂ ਜ਼ਿੰਦਗੀ ਸ਼ੁਰੂ ਕਰ ਲੈਂਦਾ, ਪਰ ਨਹੀਂ ਉਸ ਤਾਂ ਉਸ ਦੀ ਰੂਹ ਨਾਲ ਮੁਹੱਬਤ ਕੀਤੀ ਸੀ।

ਬੈੱਡ ਕੋਲ ਪਈ ਕੁਰਸੀ ਤੇ ਹੁਣ ਉਹ ਅਕਸਰ ਰੋਜ ਰਾਤ ਨੂੰ ਸਿਰ ਝੁਕਾਏ ਸੌਂ ਜਾਂਦਾ ਹੈ ਉਸਦੇ ਕੋਲ ਅਤੇ ਉਹ ਹਰ ਰਾਤ ਨੂੰ ਜਾਗਿਆ ਕਰਦੀ ਹੈ।

ਸੰਪਰਕ: +91  98723 48277

Comments

Name (required)

Leave a comment... (required)

Security Code (required)ਕਹਾਣੀ-ਨਾਵਲ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ