Wed, 17 January 2018
Your Visitor Number :-   1131453
SuhisaverSuhisaver Suhisaver
ਇਸ ਸਾਲ ਦਾ ‘ਸੂਹੀ ਸਵੇਰ ਮੀਡੀਆ ਐਵਾਰਡ’ ਬੂਟਾ ਸਿੰਘ ਅਤੇ ਮਹਿੰਦਰ ਸਿੰਘ ਮਾਨੂੰਪੁਰੀ ਨੂੰ !               ਲਾਲੂ ਯਾਦਵ ਸਜ਼ਾ ਖ਼ਿਲਾਫ਼ ਹਾਈ ਕੋਰਟ ਪੁੱਜੇ               ਹਿੰਦੀ ਲੇਖਕ ਦੂਧਨਾਥ ਸਿੰਘ ਦਾ ਦੇਹਾਂਤ              

ਗਰੈਜੂਏਟ ਚਾਹ ਵਾਲੀ - ਸਰੂਚੀ ਕੰਬੋਜ਼

Posted on:- 23-07-2017

suhisaver

ਇਹ ਜ਼ਿੰਦਗੀ ਬੜੀ ਅਜੀਬ ਤੇ ਬੇਰਹਿਮ ਹੈ ਹਰ ਮੋੜ ਤੇ ਨਵਾਂ ਹੀ ਇਮਤਿਹਾਨ ਲੈਂਦੀ ਹੈ।ਕਦੇ ਲੋਕਾਂ ਨੂੰ ਲੱਗਦਾ ਕਿ ਜ਼ਿੰਦਗੀ ਉਨ੍ਹਾਂ ਉਪਰ ਖੁਸ਼ੀਆਂ ਭਰ ਭਰ ਦੋਵਾਂ ਹੱਥਾਂ ਨਾਲ ਲੁਟਾਉਂਦੀ ਹੈ ਤੇ ਕਦੇ ਦੁਖਾਂ ਦੇ ਬੱਦਲ ਪਲ ਪਲ ਵਰਾਉਂਦੀ ਹੈ।ਕਈ ਲੋਕ ਸਭ ਕੁਝ ਹਾਸਲ ਕਰਕੇ ਵੀ ਦੁਖੀ ਹਨ ਤੇ ਕਈ ਕੁਝ ਨਾ ਹੁੰਦਿਆਂ ਹੋਇਆਂ ਵੀ ਖੁਸ਼ ਹਨ।ਕੁਝ ਨੇ ਜੋ ਦੂਸਰੇ ਨੂੰ ਨੀਚਾ ਦਿਖਾਉਣ ਵਿੱਚ ਕੋਈ ਕਸਰ ਨਹੀਂ ਛੱਡਦੇ ਤੇ ਕੁਝ ਨੇ ਜੋ ਹਰ ਪਲ ਸਰਬਤ ਦਾ ਭਲਾ ਮੰਗਦੇ ਹੋਏ ਆਪਣੇ ਆਪ ਵਿੱਚ ਮਸਤ ਹਨ।ਕੁਝ ਅਜਿਹੀ ਹੀ ਜ਼ਿੰਦਗੀ ਸੀ ਨਿਮਰ ਦੀ ।ਇਕ ਛੋਟਾ ਤੇ ਸੁਖੀ ਪਰਿਵਾਰ ਸੀ ਉਸਦਾ ਜਿਸ ਵਿਚ ਉਸਦਾ ਪਿਤਾ ਸਰਜਨ ਸਿੰਘ ਤੇ ਮਾਂ ਬੇਅੰਤ ਕੌਰ ਖੁਸ਼ੀ ਖੁਸ਼ੀ ਰਹਿੰਦੇ ਸਨ।

ਸਰਜਨ ਸਿੰਘ ਇਕ ਰਿਕਸ਼ਾ ਚਾਲਕ ਸੀ ਤੇ ਬੇਅੰਤ ਕੌਰ ਘਰਬਾਰ ਸੰਭਾਲਦੀ ਸੀ।ਉਹਨਾਂ ਦੋਹਾਂ ਦੀ ਲਾਡਲੀ ਅਤੇ ਇਕਲੌਤੀ ਧੀ ਸੀ ਨਿਮਰ।ਦੋਵਾਂ ਦੀ ਜਾਨ ਨਿਮਰ ਚ ਵੱਸਦੀ ਸੀ, ਉਹ ਤਿੰਨ ਜਣੇ ਆਪਣੀ ਛੋਟੀ ਜਿਹੀ ਜ਼ਿੰਦਗੀ ਵਿੱਚ ਬਹੁਤ ਖੁਸ਼ ਸਨ।ਨਾ ਕਿਸੇ ਨਾਲ ਕਦੇ ਉੱਚਾ ਨੀਵਾਂ ਬੋਲੇ ਸਨ ਅਤੇ ਨਾ ਹੀ ਕਿਸੇ ਦੇ ਕੰਮ ਵਿਚ ਦਖਲ ਦਿੱਤਾ ਸੀ ਬਸ ਆਪਣੇ ਛੋਟੇ ਜਿਹੇ ਸੰਸਾਰ ਵਿੱਚ ਹੀ ਰੁੱਝੇ ਹੋਏ ਸਨ ਉਹ ।

ਫਿਰ ਇਕ ਦਿਨ ਉਹਨਾਂ ਦੀ ਹੱਸਦੀ ਵੱਸਦੀ ਜ਼ਿੰਦਗੀ ਵਿੱਚ ਤੂਫਾਨ ਆ ਗਿਆ ਸੀ ਜਦ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਬੇਅੰਤ ਕੌਰ ਦਾ ਇੰਤਕਾਲ ਹੋ ਗਿਆ।ਬੇਅੰਤ ਕੌਰ ਦੀ ਮੌਤ ਦਾ ਅਫਸੋਸ ਸਭ ਨੂੰ ਘੱਟ ਸੀ ਤੇ ਇਹ ਫਿਕਰ ਜਿਆਦਾ ਸੀ ਕਿ ਆਖਰ ਹੁਣ ਛੇ ਸਾਲ ਦੀ ਨਿਮਰ ਦੀ ਪਰਵਰਿਸ਼ ਕੌਣ ਕਰੇਗਾ।ਕੋਈ ਕਹਿੰਦਾ ਨਿਮਰ ਦੇ ਚਾਚਾ ਚਾਚੀ ਸੰਭਾਲ ਲੈਣਗੇ ।ਕੋਈ ਕਹਿੰਦਾ ਕੁੜੀ ਨੂੰ ਉਸਦੇ ਨਾਨਕੇ ਘਰ ਭੇਜ ਦੇਣ।ਕਿਸੇ ਨੇ ਸਰਜਨ ਸਿੰਘ ਨੂੰ ਦੂਜਾ ਵਿਆਹ ਕਰਵਾ ਲੈਣ ਦੀ ਸਲਾਹ ਦਿੱਤੀ।

ਆਖਰ ਨਿਮਰ ਦੀ ਭੋਲੀ ਸੂਰਤ ਵੇਖ ਕੇ ਉਸਦੀ ਚਾਚੀ ਦਾ ਦਿਲ ਪਸੀਜ ਗਿਆ ਜਾਂ ਸ਼ਾਇਦ ਲੋਕਾਂ ਵਿਚ ਆਪਣੀ ਦਰਿਆ ਦਿਲੀ ਵਿਖਾਉਣ ਲਈ ਨਿਮਰ ਦੀ ਚਾਚੀ ਨੇ ਉਸਨੂੰ ਆਪਣੀ ਧੀ ਬਣਾ ਕੇ ਪਾਲਣ ਦਾ ਫੈਸਲਾ ਕੀਤਾ ।ਪਰ ਅਫਸੋਸ ਕਿ ਉਹ ਆਪਣੇ ਬੋਲੇ ਬੋਲਾਂ ਤੇ ਚਾਰ ਦਿਨ ਵੀ ਪੂਰੀ ਨਾ ਉਤਰੀ ਕਿ ਆਖਰ ਉਸਨੇ ਬਿਨ ਮਾਂ ਦੀ ਧੀ ਨਾਲ ਮਤਰੇਆਂ ਨਾਲੋਂ ਵੀ ਮਾੜਾ ਸਲੂਕ ਕੀਤਾ ।ਸਰਜਨ ਤਾਂ ਸਵੇਰ ਨਾਲ ਰਿਕਸ਼ਾ ਲੈ ਕੇ ਤੁਰ ਜਾਂਦਾ ਸੀ ਅਤੇ ਉਸ ਦੇ ਜਾਣ ਤੋਂ ਬਾਅਦ ਨਿਮਰ ਦੀ ਚਾਚੀ ਉਸ ਉੱਪਰ ਕੀ ਕੀ ਜ਼ੁਲਮ ਢਾਉਂਦੀ ਸੀ ਇਸ ਸਭ ਤੋਂ ਸਰਜਨ ਸਿੰਘ ਬੇਖਬਰ ਸੀ ।ਨਿਮਰ ਦੀ ਚਾਚੀ ਨੇ ਉਸ ਨੂੰ ਸਕੂਲ ਤੋਂ ਹਟਵਾ ਲਿਆ ਸੀ, ਹੁਣ ਉਹ ਘਰ ਦਾ ਸਾਰਾ ਕੰਮ ਉਸ ਤੋਂ ਹੀ ਕਰਵਾਉਂਦੀ ਹਾਲਾਂਕਿ ਸਰਜਨ ਜੋ ਵੀ ਹਰ ਰੋਜ਼ ਪੈਸੇ ਕਮਾ ਕੇ ਲਿਆਉਂਦਾ ਸੀ, ਜਿਸ ਵਿਚੋਂ ਆਪਣਾ ਜੇਬ ਖਰਚਾ ਕੱਢ ਕੇ ਬਾਕੀ ਦੇ ਪੈਸੇ ਉਹ ਸਭ ਉਸਨੂੰ ਹੀ ਦੇ ਦਿੰਦਾ ਸੀ ।

ਆਖਰ ਇਕ ਦਿਨ ਉਸ ਨੇ ਆਪਣੇ ਅੱਖੀਂ ਵੇਖਿਆ ਕਿ ਨਿਮਰ ਨਾਲ ਉਸਦੀ ਚਾਚੀ ਕਿਸ ਤਰ੍ਹਾਂ ਦਾ ਸਲੂਕ ਕਰਦੀ ਹੈ ।ਸਰਜਨ ਨੇ ਉਸੇ ਵੇਲੇ ਹੀ ਆਪਣੀ ਧੀ ਨੂੰ ਆਪਣੇ ਘਰ ਲੈ ਆਉਂਦਾ ।ਉਸਨੇ ਫੈਸਲਾ ਕੀਤਾ ਸੀ ਕਿ ਚਾਹੇ ਕੁਝ ਵੀ ਹੋ ਜੇ ਉਹ ਆਪਣੀ ਧੀ ਦੀ ਪਰਵਰਿਸ਼ ਖੁਦ ਕਰੇਗਾ ਪਰ ਕਿਸੇ ਦੇ ਉੱਤੇ ਉਸਨੂੰ ਬੋਝ ਨਹੀਂ ਬਣਨ ਦੇਵੇਗਾ।ਇਕ ਵਾਰ ਫਿਰ ਸਭ ਨੇ ਉਸਨੂੰ ਦੂਜਾ ਵਿਆਹ ਕਰਵਾ ਲੈਣ ਦੀ ਸਲਾਹ ਦਿੱਤੀ ਪਰ ਮਤਰੇਈ ਮਾਂ ਦੇ ਬਾਰੇ ਸੋਚ ਕੇ ਉਸ ਦਾ ਮਨ ਕੰਬ ਜਾਂਦਾ ਇਸ ਲਈ ਉਸ ਦੂਜੇ ਵਿਆਹ ਦਾ ਵਿਚਾਰ ਵੀ ਤਿਆਗ ਦਿੱਤਾ ।ਦੋ-ਚਾਰ ਦਿਨ ਨਿਮਰ ਆਪਣੇ ਪਿਤਾ ਨੂੰ ਚੌਂਕਾ ਚੁੱਲਾ ਸੰਭਾਲਦੇ ਨੂੰ ਦੇਖਦੀ ਰਹੀ ਫਿਰ ਇੱਕ ਦਿਨ ਸਵੱਖਤੇ ਉਠ ਕੇ ਉਸ ਘਰ ਦੀ ਸਾਫ ਸਫਾਈ ਕਰ ਆਪਣੇ ਛੋਟੇ ਛੋਟੇ ਹੱਥਾਂ ਨਾਲ ਕੱਚੀਆਂ ਪੱਕੀਆਂ ਰੋਟੀਆਂ ਸੇਕੀਆਂ ਤੇ ਚਾਹ ਬਣਾਈ।ਜਦੋਂ ਉਸਦੇ ਪਿਤਾ ਨੇ ਆਪਣੀ ਸੱਤ ਸਾਲਾਂ ਦੀ ਧੀ ਨੂੰ ਐਦਾ ਘਰ ਦੇ ਕੰਮ ਕਰਦਿਆਂ ਵੇਖਿਆ ਤਾਂ ਉਸ ਦੀਆਂ ਅੱਖਾਂ ਭਰ ਆਈਆਂ।ਉਸ ਆਪਣੇ ਪਿਤਾ ਦੇ ਅੱਥਰੂ ਪੂੰਜਦੇ ਹੋਏ ਕਿਹਾ "ਬਾਊ ਜੀ,ਤੁਸੀਂ ਹੁਣ ਘਰ ਦੇ ਕੰਮਾਂ ਦੀ ਚਿੰਤਾ ਨਾ ਕਰਨਾ।ਮੈਂ ਸਭ ਕੁਝ ਸੰਭਾਲ ਲਵਾਂਗੀ।"ਆਪਣੀ ਸੱਤ ਸਾਲ ਦੀ ਧੀ ਦੇ ਜਬਾਨੋੱ ਇਹ ਬੋਲ ਸੁਣ ਉਸ ਰੋਂਦੇ ਨੇ ਨਿਮਰ ਨੂੰ ਗਲਵਕੜੀ ਵਿੱਚ ਲੈ ਲਿਆ ।

ਹੌਲੀ ਹੌਲੀ ਦਿਨਾਂ ਵਿੱਚ ਹੀ ਨਿਮਰ ਘਰ ਦੇ ਸਾਰੇ ਕੰਮ ਸੋਹਣੇ ਢੰਗ ਨਾਲ ਕਰਨੇ ਸਿੱਖ ਗਈ ਸੀ।ਹੋਰ ਤੇ ਹੋਰ ਉਹ ਆਪਣੀ ਪੜਾਈ ਵੀ ਮਨ ਲਾ ਕੇ ਕਰਦੀ ਸੀ ਜਿਸਦੇ ਚਲਦੇ ਉਹ ਹਰ ਸਾਲ ਆਪਣੀ ਜਮਾਤ ਵਿੱਚੋਂ ਅਵੱਲ ਆਉਂਦੀ ।
ਆਪਣੀ ਧੀ ਦੀ ਕਾਬਲੀਅਤ ਨੂੰ ਵੇਖ ਸਰਜਨ ਸਿੰਘ ਨੇ ਨਿਮਰ ਨੂੰ ਉੱਚ ਸਿੱਖਿਆ ਦਵਾਉਣ ਦਾ ਫੈਸਲਾ ਕੀਤਾ ਸੀ ।
ਨਿਮਰ ਬਹੁਤ ਅਲੜ ਤੇ ਭੋਲੀ ਭਾਲੀ ਸੀ ।ਉਸਦੇ ਚਿਹਰੇ ਤੇ ਸਿਰਫ ਮਾਸੂਮੀਅਤ ਹੀ ਝਲਕਦੀ ਸੀ।ਆਪਣੇ ਆਪ ਵਿੱਚ ਮਸਤ ਰਹਿਣ ਵਾਲੀ ਬਹੁਤ ਹੀ ਰਿਜ਼ਰਵ ਨੇਚਰ ਦੀ ਸੀ। ਸਕੂਲ ਵਿਚ ਵੀ ਕਿਸੇ ਨਾਲ ਜਿਆਦਾ ਮੇਲ ਜੋਲ ਨਹੀਂ ਰਖਦੀ ਸੀ ਘਰੋਂ ਵੀ ਬਹੁਤ ਘੱਟ ਨਿਕਲਦੀ ਸੀ ਤੇ ਨਾ ਹੀ ਉਸਨੂੰ ਕਦੇ ਕੋਈ ਘਰ ਮਿਲਣ ਆਉਂਦਾ ਸੀ ।ਉਸਦੀ ਜ਼ਿੰਦਗੀ ਬਸ ਆਪਣੇ ਪਿਤਾ ਦੇ ਇਰਦ ਗਿਰਦ ਤੇ ਆਪਣੀਆਂ ਛੋਟੀਆਂ ਛੋਟੀਆਂ ਇੱਛਾਵਾਂ ਵਿੱਚ ਹੀ ਸਿਮਟੀ ਹੋਈ ਸੀ ।ਆਪਣੀ ਮਿਹਨਤ ਅਤੇ ਲਗਨ ਸਦਕਾ ਉਸ ਆਪਣੀ ਗਰੈਜੂਏਸ਼ਨ ਪੂਰੀ ਕਰਨ ਤੋਂ ਬਾਅਦ ਸਰਕਾਰੀ ਨੌਕਰੀ ਲਈ ਜੋ ਟੈਸਟ ਦਿੱਤਾ ਸੀ ਉਹ ਪਾਸ ਕਰ ਲਿਆ ਸੀ। ਪਰ ਇਕ ਸਾਲ ਬੀਤ ਗਿਆ ਉਸਦਾ ਜੁਆਨਿੰਗ ਲੈਟਰ ਨਹੀਂ ਸੀ ਆਇਆ ।ਇਸ ਲਈ ਉਹ ਪਿੰਡ ਵਿੱਚ ਹੀ ਪ੍ਰਾਈਵੇਟ ਸਕੂਲ ਵਿਚ ਬੱਚਿਆਂ ਨੂੰ ਪੜ੍ਹਾਉਣ ਲੱਗ ਗਈ ਸੀ ।ਛੇ ਮਹੀਨੇ ਤੋਂ ਉੱਤੇ ਸਮਾਂ ਹੋ ਗਿਆ ਸੀ ਉਸਨੂੰ ਮਨ ਲਗਾ ਕੇ ਬੱਚਿਆਂ ਨੂੰ ਪੜ੍ਹਾਉਂਦੀ ਨੂੰ ਪਰ ਸਕੂਲ ਵਾਲਿਆਂ ਉਸਨੂੰ ਤਨਖਾਹ ਦਾ ਇਕ ਰੁਪਿਆ ਤੱਕ ਨਹੀਂ ਦਿੱਤਾ ਸੀ ।ਫਿਰ ਵੀ ਉਹ ਚੁੱਪਚਾਪ ਆਪਣਾ ਕੰਮ ਕਰਦੀ ਰਹੀ।

ਸਭ ਕੁਝ ਸਹੀ ਚਲ ਰਿਹਾ ਸੀ ਕਿ ਇਕ ਦਿਨ ਗਰਮੀ ਜਿਆਦਾ ਹੋਣ ਕਾਰਨ ਰਿਕਸ਼ਾ ਚਲਾਉਂਦਾ ਸਰਜਨ ਸਿੰਘ ਵਿੱਚ ਸੜਕ ਡਿੱਗ ਕੇ ਬੇਹੋਸ਼ ਹੋ ਗਿਆ ।ਜੋ ਦੋ-ਚਾਰ ਸਾਥੀ ਉਸਨੂੰ ਜਾਣਦੇ ਸਨ ਉਸਨੂੰ ਚੱਕ ਕੇ ਹਸਪਤਾਲ ਲੈ ਗਏ ।ਜਦ ਨਿਮਰ ਤੱਕ ਖਬਰ ਪਹੁੰਚੀ ਉਹ ਵੀ ਦੌੜ ਕੇ ਹਸਪਤਾਲ ਪਹੁੰਚ ਗਈ ।ਆਪਣੇ ਬਾਪੂ ਦੇ ਬੈੱਡ ਲਾਗੇ ਬੈਠ ਉਹ ਉਸਦੇ ਹੋਸ਼ ਵਿਚ ਆਉਣ ਦਾ ਇੰਤਜ਼ਾਰ ਕਰਦੀ ਰਹੀ।

ਉਸ ਦਿਨ ਪਹਿਲੀ ਵਾਰ ਉਸਨੇ ਆਪਣੇ ਪਿਤਾ ਸਾਹਮਣੇ ਦਿਲ ਖੋਲ ਕੇ ਆਪਣੀ ਖਾਹਿਸ਼ ਜ਼ਾਹਿਰ ਕੀਤੀ ਸੀ "ਬਾਊ ਜੀ, ਤੁਸੀਂ ਬਹੁਤ ਕੰਮ ਕਰ ਲਿਆ ਬਸ ਹੁਣ ਹੋਰ ਨਹੀਂ ।"

"ਪੁੱਤਰ ਜੇ ਮੈਂ ਕੰਮ ਨਹੀਂ ਕਰਾਂਗਾ ਤਾਂ ਘਰ ਦਾ ਗੁਜਾਰਾ ਕਿਵੇਂ ਹੋਵੇਗਾ? "ਨਿਮਰ ਦੇ ਪਿਤਾ ਨੇ ਮੰਜੇ ਤੇ ਬੈਠਦੇ ਹੋਏ ਜਵਾਬ ਦਿੱਤਾ ।

" ਤੁਸੀਂ ਉਸਦੀ ਫਿਕਰ ਨਾ ਕਰੋ ਮੈਂ ਕੋਈ ਵੀ ਕੰਮ ਕਰ ਲਵਾਂਗੀ ।"

"ਕੀ ਕੰਮ ਕਰੇਂਗੀ ਜਿਸ ਸਕੂਲ ਵਿਚ ਤੂੰ ਪਿਛਲੇ ਛੇ ਮਹੀਨਿਆਂ ਤੋਂ ਪੜ੍ਹਾ ਰਹੀ ਹੈ ਉਹਨਾਂ ਨੇ ਤੈਨੂੰ ਇਕ ਰੁਪਈਆ ਤੱਕ ਨਹੀਂ ਵਿਖਾਇਆ ।"
"ਜਾਣਦੀ ਹਾਂ ਇਸ ਲਈ ਮੈਂ ਫੈਸਲਾ ਕੀਤਾ ਕਿ ਮੈਂ ਸਕੂਲ ਪੜਾਉਣ ਨਹੀਂ ਜਾਵਾਂਗੀ ।ਬਾਊ ਜੀ ਮੈਂ ਆਪਣਾ ਬਿਜ਼ਨੈਸ ਕਰਾਂਗੀ ।" ਉਸਦੀਆਂ ਅੱਖਾਂ ਵਿਚ ਇਕ ਅਜੀਬ ਜਿਹੀ ਚਮਕ ਸੀ ।

"ਕਿਹੋ ਜਿਹੀਆਂ ਗੱਲਾਂ ਕਰ ਰਹੀ ਹੈ, ਤੈਨੂੰ ਪਤਾ ਵੀ ਹੈ ਇਕ ਬਿਜ਼ਨੈਸ ਚਲਾਉਣ ਲਈ ਕਿੰਨੇ ਪੈਸੇ ਦੀ ਜ਼ਰੂਰਤ ਪੈਂਦੀ ਹੈ ।"

" ਕੋਈ ਜਿਆਦਾ ਪੈਸਿਆਂ ਦੀ ਲੋੜ ਨਹੀਂ ਪੈਂਦੀ ।ਬਸ ਤੁਸੀਂ ਮੈਨੂੰ ਇਕ ਵਾਰ ਘਰ ਤੋਂ ਬਾਹਰ ਜਾ ਕੇ ਬਿਜ਼ਨੈਸ ਕਰਨ ਦੀ ਆਗਿਆ ਦੇ ਦਿਉ, ਪਲੀਜ਼ ਬਾਊ ਜੀ ।"

ਨਿਮਰ ਦੇ ਪਿਤਾ ਨੇ ਕੁਝ ਦੇਰ ਸੋਚਣ ਤੋਂ ਬਾਅਦ ਨਿਮਰ ਨੂੰ ਕਹਿਣਾ ਸ਼ੁਰੂ ਕੀਤਾ ।

"ਮੈਂ ਜਾਣਦਾ ਹਾਂ ਤੂੰ ਕਦੇ ਕੁਝ ਗਲਤ ਨਹੀਂ ਕਰੇਂਗੀ ਪੂਰਾ ਐਤਬਾਰ ਹੈ ਤੇਰੇ ਤੇ ਮੈਨੂੰ, ਧੀਏ।ਜੇ ਤੇਰੀ ਇਹ ਇੱਛਾ ਹੈ ਤਾਂ ਚਲ ਇਜਾਜ਼ਤ ਹੈ ਤੈਨੂੰ ਕਰ ਲੈ ਜੋ ਤੂੰ ਕਰਨਾ।"ਸਰਜਨ ਸਿੰਘ ਨੇ ਨਿਮਰ ਦੇ ਸਿਰ ਤੇ ਹੱਥ ਫੇਰਦਿਆਂ ਖੁਸ਼ ਹੋ ਕਿਹਾ ।
"ਥੈਂਕ ਯੂ ਬਾਊ ਜੀ ।"ਨਿਮਰ ਖੁਸ਼ ਹੋ ਆਪਣੇ ਪਿਤਾ ਦੇ ਗਲੇ ਲੱਗ ਬੋਲੀ ।

ਉਸ ਤੋਂ ਬਾਅਦ ਕੁਝ ਦਿਨ ਦੇ ਸੋਚ ਵਿਚਾਰ ਤੋਂ ਬਾਅਦ ਨਿਮਰ ਨੇ ਚਾਹ ਦੀ ਛੋਟੀ ਜਿਹੀ ਸਟਾਲ ਬਣਾਉਣ ਦਾ ਫੈਸਲਾ ਕੀਤਾ ।ਪਿੰਡ ਦੇ ਬਾਹਰਵਾਰ ਇਕ ਖਾਲੀ ਜਿਹੀ ਜਗ੍ਹਾ ਨੂੰ ਵੇਖ ਉਸ ਉਹ ਥਾਂ ਨਿਯਤ ਕਰ ਲਈ ਜਿਥੇ ਉਸ ਸਟਾਲ ਲਾਉਣੀ ਸੀ।ਕਾਫੀ ਚਹਿਲ ਕਦਮੀ ਰਹਿੰਦੀ ਸੀ ਉਸ ਜਗ੍ਹਾ ਲੋਕਾਂ ਦੀ ।ਉਸ ਨੂੰ ਵਿਸ਼ਵਾਸ ਸੀ ਉਥੇ ਉਸਦੀ ਚਾਹ ਵਾਲੀ ਸਟਾਲ ਖੂਬ ਚੱਲੇਗੀ।

ਆਪਣੇ ਪਿਤਾ ਦੀ ਮਦਦ ਨਾਲ ਉਸਨੇ ਉਸ ਜਗ੍ਹਾ ਨੂੰ ਸਾਫ਼ ਕਰਕੇ ਇਕ ਛੋਟੀ ਜਿਹੀ ਸਟਾਲ ਬਣਾ ਲਈ ਅਤੇ ਅਗਲੇ ਦਿਨ ਸ਼ਹਿਰ ਜਾ ਕੇ ਕੁਝ ਬਰਤਨ ਖਰੀਦ ਲਿਆਈ।ਸ਼ੁਭ ਮਹੂਰਤ ਵੇਖ ਕੇ ਉਸ ਆਪਣੀ ਚਾਹ ਦੀ ਸਟਾਲ ਚਾਲੂ ਕਰ ਦਿੱਤੀ ।ਸਟਾਲ ਦੀ ਸਾਫ ਸਫਾਈ ਤੇ ਕੜਕ ਚਾਹ ਕਾਰਨ ਨਿਮਰ ਨੇ ਦਿਨਾਂ ਵਿੱਚ ਹੀ ਬਹੁਤ ਸਾਰੇ ਗਾਹਕ ਬਣਾ ਲਏ ਸਨ।

ਪਹਿਲੇ ਪਹਿਲ ਤਾਂ ਉਹ ਸਿਰਫ਼ ਇਲਾਇਚੀ, ਸੌਂਫ ਤੇ ਅਦਰਕ ਵਾਲੀ ਚਾਹ ਬਣਾਉਂਦੀ ਹੁੰਦੀ ਸੀ ।ਹੌਲੀ ਹੌਲੀ ਉਸ ਗਰੀਨ ਟੀ ਨੂੰ ਬਣਾਉਣਾ ਵੀ ਸਿੱਖ ਲਿਆ ।ਪਰ ਸਭ ਤੋਂ ਵੱਧ ਉਸਦੇ ਹੱਥਾਂ ਦੀ ਬਣਾਈ ਚਾਹ ਜੋ ਪਸੰਦ ਕੀਤੀ ਗਈ ਸੀ ਉਸਦੇ ਗਾਹਕਾਂ ਦੁਆਰਾ ਉਹ ਸੀ 'ਨਮਕੀਨ ਚਾਹ' ਜੋ ਉਹ ਨਮਕ ਤੇ ਬੇਕਿੰਗ ਸੋਡਾ ਮਿਲਾ ਕੇ ਬਣਾਉਂਦੀ ਸੀ। ਜਿਸ ਨੂੰ ਮਿਲਾਉਣ ਨਾਲ ਚਾਹ ਦਾ ਰੰਗ ਗੁਲਾਬੀ ਹੋ ਜਾਂਦਾ ਸੀ ।

ਇਹ ਗੁਲਾਬੀ ਚਾਹ ਕਸ਼ਮੀਰ ਵੱਲ ਬਹੁਤ ਮਸ਼ਹੂਰ ਹੈ ਜਿਸਨੂੰ ਨੂਨ ਚਾਹ, ਗੁਲਾਬੀ ਚਾਹ ਤੇ ਸ਼ੀਰ ਚਾਹ ਵੀ ਕਹਿੰਦੇ ਹਨ।ਇਸ ਚਾਹ ਨੂੰ ਪੀਣ ਦੇ ਬਹੁਤ ਸਾਰੇ ਫਾਇਦੇ ਹਨ ਜਿਵੇਂ ਕਿ ਬਲਡ ਪ੍ਰੈਸ਼ਰ ਘਟਾਉਣ,ਸਰੀਰ ਵਿਚ ਵਧੀ ਚਰਬੀ ਨੂੰ ਖਤਮ ਕਰਨ, ਹਾਜਮਾ ਤੇ ਜਿਗਰ ਤੰਦਰੁਸਤ ਰੱਖਣ ਲਈ, ਇਕਾਗਰਤਾ ਵਿੱਚ ਸੁਧਾਰ ਲਿਆਉਣ ਲਈ,ਸਟ੍ਰੈਸ(ਤਨਾਵ) ਦੂਰ ਕਰਨ ਵਿੱਚ ਮਦਦ ਕਰਦੀ ਹੈ।

ਹੌਲੀ ਹੌਲੀ ਆਸ ਪਾਸ ਦੇ ਇਲਾਕਿਆਂ ਵਿੱਚ ਨਿਮਰ ਦੀ ਗੁਲਾਬੀ ਚਾਹ ਦੇ ਚਰਚੇ ਹੋਣ ਲੱਗੇ।

ਜਦ ਨਿਮਰ ਦੀ ਸਟਾਲ ਦੀ ਕਾਮਯਾਬੀ ਉਸਦੀ ਚਾਚੀ ਨੂੰ ਉਸਦੇ ਮੁੰਡੇ ਤੋਂ ਪਤਾ ਲੱਗੀ ਤਾਂ ਉਹ ਸੜ ਭੁੱਜ ਗਈ ।ਉਸਨੇ ਆਪਣੇ ਮੁੰਡੇ ਨੂੰ ਖੂਬ ਭੜਕਾਇਆ ਜਿਸਦੇ ਚਲਦੇ ਉਸਨੇ ਆਪਣੇ ਕੁਝ ਸਾਥੀਆਂ ਨਾਲ ਜਾ ਕੇ ਨਿਮਰ ਦੀ ਸਾਰੀ ਸਟਾਲ ਤਹਿਸ ਨਹਿਸ ਕਰ ਦਿੱਤੀ ਅਤੇ ਉਸ ਨੂੰ ਵਾਰਨਿੰਗ ਦਿੱਤੀ ਕਿ ਅੱਗੇ ਤੋਂ ਉਹ ਉਸ ਜਗ੍ਹਾ ਤੇ ਸਟਾਲ ਨਾ ਲਗਾਏ ਕਿਉਂਕਿ ਉਹ ਜਗਾ ਉਹਨਾਂ ਦੀ ਹੈ।ਨਿਮਰ ਦੁਖੀ ਅਤੇ ਨਿਰਾਸ਼ ਹੋ ਕੇ ਘਰ ਪਰਤ ਆਈ।ਉਸਨੇ ਸੋਚਿਆ ਨਹੀਂ ਸੀ ਕਿ ਉਸ ਦੇ ਚੰਗੇ ਭਲੇ ਚਲਦੇ ਕੰਮ ਵਿੱਚ ਐਦਾ ਉਸਦਾ ਸੱਕਾ ਚਚੇਰਾ ਭਰਾ ਰੋੜਾ ਬਣ ਜਾਵੇਗਾ।

ਖੈਰ ਕੁਝ ਦਿਨਾਂ ਬਾਅਦ ਉਸਨੇ ਦੋਬਾਰਾ ਸਮਾਨ ਖਰੀਦ ਕੇ ਸਟਾਲ ਖੋਲਣ ਦੀ ਯੋਜਨਾ ਬਣਾਈ ।ਇਸ ਵਾਰ ਉਸਨੇ ਸ਼ਹਿਰ ਜਾ ਕੇ ਇਕ ਸਿਨੇਮਾ ਹਾਲ ਦੇ ਸਾਹਮਣੇ ਕੋਨੇ ਵਿੱਚ ਕਿਰਾਏ ਤੇ ਇੱਕ ਸਟਾਲ ਖੋਲ੍ਹ ਲਈ।ਜੋ ਵੀ ਉਸਦੇ ਹੱਥ ਦੀ ਬਣੀ ਚਾਹ ਪੀਂਦਾ ਉਹ ਉਸਦੀ ਚਾਹ ਦਾ ਸ਼ੌਕੀਨ ਹੋ ਜਾਂਦਾ।ਉਸਦੇ ਗੁਣਗਾਨ ਗਾਉਣ ਲੱਗਦਾ।ਹੌਲੀ ਹੌਲੀ ਸ਼ਹਿਰ ਵਿੱਚ ਹਰ ਪਾਸੇ ਉਸਦੀ ਚਾਹ ਦੀ ਧੁੰਮ ਮਚ ਗਈ ਸੀ।ਕੁਝ ਹੀ ਦਿਨਾਂ ਵਿੱਚ ਉਹ ਸ਼ਹਿਰ ਵਿਚ ਬਹੁਤ ਮਸ਼ਹੂਰ ਹੋ ਗਈ ਸੀ।ਕਈ ਲੋਕ ਤਾਂ ਦੂਰੋਂ ਦੂਰੋਂ ਉਸਦੇ ਹੱਥ ਦੀ ਬਣੀ ਚਾਹ ਪੀਣ ਆਉਂਦੇ ਸਨ ।

ਦੂਜੇ ਪਾਸੇ ਨਿਮਰ ਦੇ ਚਚੇਰੇ ਭਰਾ ਨੇ ਉਸਦੀ ਜਗ੍ਹਾ ਤੇ ਚਾਹ ਦੀ ਸਟਾਲ ਲਗਾਉਣੀ ਸ਼ੁਰੂ ਕਰ ਦਿੱਤੀ ।ਇੱਕ ਦੋ ਹਫਤੇ ਤਾਂ ਉਸ ਕੋਲੋਂ ਚਾਹ ਪੀਣ ਬਹੁਤ ਗਾਹਕ  ਆਏ।ਸਭ ਨੂੰ ਉਮੀਦ ਸੀ ਕਿ ਉਹ ਨਿਮਰ ਦਾ ਭਰਾ ਹੈ ਅਤੇ ਸ਼ਾਇਦ ਉਸ ਵਾਂਗ ਵਧੀਆ ਚਾਹ ਬਣਾਉਂਦਾ ਹੋਵੇਗਾ ਪਰ ਚਾਹ ਬੇਸੁਆਦੀ ਹੋਣ ਕਾਰਨ ਜੋ ਪੰਜ ਸੱਤ ਗਾਹਕ ਬਣੇ ਸਨ ਉਹ ਵੀ ਉਹ ਗੁਆ ਬੈਠਾ।ਜਿਸਦੇ ਚਲਦੇ ਮਹੀਨੇ ਵਿੱਚ ਹੀ ਉਸਦੀ ਚਾਹ ਦਾ ਬਿਜ਼ਨੈੱਸ ਠੱਪ ਹੋ ਗਿਆ ।

ਦੂਜੇ ਪਾਸੇ ਨਿਮਰ ਦਿਨ ਦੁੱਗਣੀ ਰਾਤ ਚੁਗਣੀ ਤਰੱਕੀ ਕਰ ਰਹੀ ਸੀ।

ਇੱਕ ਦਿਨ ਸ਼ਹਿਰ ਦੇ ਇੱਕ ਕਾਲੇਜ ਚੋਂ ਕੁਝ ਸ਼ਰਾਰਤੀ ਤੇ ਬਦਤਮੀਜ਼ ਵਿਦਿਆਰਥੀ ਜਿਹਨਾਂ ਵਿੱਚ ਚਾਰ ਕੁੜੀਆਂ ਤੇ ਛੇ ਮੁੰਡੇ ਸਨ ਫਿਲਮ ਵੇਖਣ ਆਏ।ਜੋ ਵੀ ਅਣਜਾਣ, ਸ਼ਰੀਫ ਚਾਹੇ ਉਹ ਬੁੱਢਾ, ਜੁਆਨ, ਬੱਚਾ ਜਾਂ ਔਰਤ ਸੀ ਉਹਨਾਂ ਨੂੰ ਰਾਹ ਵਿਚ ਮਿਲਦਾ ਉਹਨਾਂ ਕਿਸੇ ਨੂੰ ਵੀ ਨਾ ਬਖਸ਼ਿਆ, ਝਟ ਉਸਦਾ ਮਜ਼ਾਕ ਬਣਾ ਉਸਦੀ ਬੇਇਜ਼ਤੀ ਕਰ ਦਿੰਦੇ।

ਫਿਰ ਅਚਾਨਕ ਉਹਨਾਂ ਦਾ ਧਿਆਨ ਨਿਮਰ ਵੱਲ ਗਿਆ, ਨਿਮਰ ਬਹੁਤ ਭੋਲੀ ਤੇ ਮਾਸੂਮ ਸੀ ਆਪਣੇ ਹਰ ਗਾਹਕ ਨੂੰ ਰੱਬ ਦਾ ਰੂਪ ਸਮਝਦੀ ਸੀ ਜਦ ਉਹਨਾਂ ਨਿਮਰ ਨੂੰ ਵੇਖਿਆ ਉਹ ਸਭ ਉਸ ਕੋਲ ਆ ਗਏ।ਨਿਮਰ ਨੇ ਬੜੇ ਆਦਰ ਨਾਲ ਉਹਨਾਂ ਨੂੰ ਨਮਸਤੇ ਬੁਲਾ ਚਾਹ ਪੀਣ ਲਈ ਪੁੱਛਿਆ ਤਾਂ ਉਨ੍ਹਾਂ ਨੇ ਨਿਮਰ ਤੋਂ ਉਸ ਬਾਰੇ ਪੁੱਛਣਾ ਸ਼ੁਰੂ ਕਰ ਦਿੱਤਾ ।ਉਸਦੀ ਪੜਾਈ ਬਾਰੇ ਪੁੱਛਣ ਤੇ ਨਿਮਰ ਨੇ ਦੱਸਿਆ ਕਿ ਉਹ ਗਰੈਜੂਏਟ ਹੈ। ਪੜ੍ਹਾਈ ਪੂਰੀ ਹੋਣ ਬਾਅਦ ਜਦ ਕਿਤੇ ਨੌਕਰੀ ਨਹੀਂ ਮਿਲੀ ਤਾਂ ਉਸਨੇ ਆਪਣਾ ਬਿਜ਼ਨੈਸ ਕਰਨ ਦਾ ਫੈਸਲਾ ਕੀਤਾ ਸੀ।ਪਹਿਲਾਂ ਤਾਂ ਉਹ ਸਭ ਬੜੀ ਧਿਆਨ ਨਾਲ ਉਸਦੀਆਂ ਗੱਲਾਂ ਸੁਣਦੇ ਰਹੇ ਪਰ ਜਦੋਂ ਉਸਦੇ ਮੂੰਹੋਂ ਉਸਦੀ ਗਰੈਜੂਏਸ਼ਨ ਤੱਕ ਪੜਾਈ ਬਾਰੇ ਸੁਣਿਆ ਤਾਂ ਸਭ ਇੱਕ ਦੂਸਰੇ ਦੇ ਮੂੰਹ ਨੂੰ ਝਾਕਣ ਲੱਗੇ ਅਤੇ ਕੁਝ ਪਲਾਂ ਬਾਅਦ ਉਸ ਉੱਪਰ ਜੋਰ ਜੋਰ ਨਾਲ ਹੱਸਣ ਲੱਗੇ ।ਨਿਮਰ ਇਹ ਸਭ ਦੇਖ ਕੇ ਥੋੜੀ ਸਹਿਮ ਗਈ ।ਫਿਰ ਹੌਲੀ ਹੌਲੀ ਕਦਮ ਵਧਾਉਂਦੇ ਹੋਏ ਉਹਨਾਂ ਸਭ ਨੇ ਨਿਮਰ ਦੇ ਦੁਆਲੇ ਇਕ ਘੇਰਾ ਬਣਾ ਲਿਆ ।ਫਿਰ ਉਹ ਨਿਮਰ ਦੇ ਆਲੇ ਦੁਆਲੇ ਤਾੜੀਆਂ ਮਾਰ ਮਾਰ ਹੱਸਦੇ ਹੋਏ ਨਿਮਰ ਨੂੰ "ਗਰੈਜੂਏਟ ਚਾਹ ਵਾਲੀ!ਗਰੈਜੂਏਟ ਚਾਹ ਵਾਲੀ!" ਕਹਿ ਕੇ ਉਸਦਾ ਮਜ਼ਾਕ ਉਡਾਉਣ ਲੱਗੇ।ਉਹਨਾਂ ਵਿੱਚ ਜੋ ਕੁੜੀਆਂ ਸਨ ਉਹਨਾਂ ਨੇ ਤਾਂ ਉਸਦੀਆਂ ਫੋਟੋਆਂ ਵੀ ਕਰ ਲਈਆਂ ਤੇ ਮਜ਼ਾਕ ਵਿੱਚ ਉਸਦੀਆਂ ਫੋਟੋਆਂ ਉਪਰ ਹੈਡਿੰਗ 'ਗਰੈਜੂਏਟ ਚਾਹ ਵਾਲੀ' ਲਿਖ ਸ਼ੋਸ਼ਲ ਸਾਇਟ ਤੇ ਪਾ ਦਿੱਤੀਆਂ।ਹਰ ਇੱਕ ਨੂੰ ਟੈਗ ਕਰਦਿਆਂ ਕਰਦਿਆਂ ਤਕਰੀਬਨ ਹਰ ਪਾਸੇ ਨਿਮਰ ਦੀ ਚਰਚਾ ਹੋਣ ਲੱਗੀ ਸੀ।ਕਈਆਂ ਨੇ ਫੋਟੋ ਹੇਠਾਂ ਉਸ ਦੀ ਬੁਰਾਈ ਕੀਤੀ ਅਤੇ ਕਈਆਂ ਨੇ ਉਸਦੇ ਇਸ ਕੰਮ ਨੂੰ ਸ਼ਲਾਘਾਯੋਗ ਕਿਹਾ ।ਸ਼ਾਇਦ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਹੌਲੀ ਹੌਲੀ ਫੇਸਬੁੱਕ ਤੇ ਮਜ਼ਾਕ ਵਿੱਚ ਪਾਈ ਫੋਟੋ ਨਿਮਰ ਦੀ ਜ਼ਿੰਦਗੀ ਬਦਲ ਦੇਵੇਗੀ ।ਹਾਲਾਂਕਿ ਕਈ ਲੋਕਾਂ ਨੇ ਕੁਮੈਂਟਸ ਵਿੱਚ ਉਸਦਾ ਮਜ਼ਾਕ ਉਡਾਇਆ ਕਈਆਂ ਨੇ ਤਾਰੀਫ਼ ਵੀ ਕੀਤੀ ।ਸ਼ੋਸ਼ਲ ਸਾਇਟ ਤੇ ਘੁੰਮਦੀ ਉਸਦੀ ਫੋਟੋ ਉਸਦੇ ਛੋਟੇ ਸ਼ਹਿਰ ਤੋਂ ਵੱਡੇ ਸ਼ਹਿਰਾਂ ਫਿਰ ਦੇਸ਼ ਅਤੇ ਫਿਰ ਬਾਹਰਲੇ ਦੇਸ਼ਾਂ ਵਿੱਚ ਵੀ ਮਸ਼ਹੂਰ ਕਰ ਦਿੱਤਾ ।ਫਿਰ ਇਕ ਦਿਨ ਉਸਦੀ ਪ੍ਰਤਿਭਾ ਉਸਦੀ ਕਾਬਲੀਅਤ ਤੇ ਇਕ ਗੋਰੇ ਅੰਗਰੇਜ਼ ਸ਼ੈੱਫ ਦੀ ਨਜ਼ਰ ਪਈ, ਉਹ ਨਿਮਰ ਦੇ ਇਸ ਹੁਨਰ ਤੋਂ ਬਹੁਤ ਪ੍ਰਭਾਵਿਤ ਹੋਇਆ।ਖਾਸ ਤੌਰ ਤੇ ਉਸਨੂੰ ਮਿਲਣ ਲਈ ਉਹ ਭਾਰਤ ਆਇਆ ।

ਕਿਸੇ ਹੀਲੇ ਵਸੀਲੇ ਨਾਲ ਉਸ ਨਿਮਰ ਦੇ ਘਰ ਦਾ, ਉਸਦੀ ਸਟਾਲ ਦਾ ਪਤਾ ਲੱਭਿਆ।ਫਿਰ ਉਹ ਉਸ ਨੂੰ ਮਿਲਣ ਪਹਿਲਾਂ ਉਸਦੇ ਘਰ ਗਿਆ। ਫਿਰ ਜਿਥੇ ਉਹ ਕੰਮ ਕਰਦੀ ਸੀ ਉਥੇ ਗਿਆ ।ਉਸਨੇ ਉਸਦੇ ਹੱਥ ਦੀ ਬਣੀ ਹਰ ਤਰ੍ਹਾਂ ਦੀ ਚਾਹ ਪੀਤੀ ਜਿਸਨੂੰ ਪੀ ਕੇ ਉਹ ਹੋਰ ਵੀ ਜ਼ਿਆਦਾ ਖੁਸ਼ ਹੋਇਆ।ਉਸਨੇ ਨਿਮਰ ਦੇ ਕੰਮ ਤੋਂ ਖੁਸ਼ ਹੁੰਦਿਆਂ ਆਪਣੇ ਹੋਟਲ ਵਿੱਚ ਮੂੰਹ ਮੰਗੀ ਤਨਖਾਹ ਤੇ ਕੰਮ ਕਰਨ ਦਾ ਨਿਮੰਤਰਣ ਦਿੱਤਾ, ਹੋਰ ਤੇ ਹੋਰ ਉਸਨੂੰ ਰਹਿਣ ਲਈ ਮੁਫਤ ਵਿੱਚ ਘਰ ਵੀ ਦੇਣਾ ਕੀਤਾ।ਨਿਮਰ ਨੂੰ ਆਪਣੇ ਕੰਨਾਂ ਤੇ ਵਿਸ਼ਵਾਸ ਹੀ ਨਹੀਂ ਹੋ ਰਿਹਾ ਸੀ ਕਿ ਉਸਦੇ ਹੱਥ ਦੀ ਬਣਾਈ ਚਾਹ ਉਸਨੂੰ ਇਸ ਤਰ੍ਹਾਂ ਮਸ਼ਹੂਰ ਬਣਾ ਦੇਵੇਗੀ ।ਉਸਨੇ ਆਪਣੇ ਪਿਤਾ ਨਾਲ ਸਲਾਹ ਕਰਕੇ ਉਸ ਅੰਗਰੇਜ਼ ਨੂੰ ਜਵਾਬ ਦੇਣ ਲਈ ਕਿਹਾ।ਨਿਮਰ ਨੇ ਆਪਣੇ ਪਿਤਾ ਸਾਹਮਣੇ ਸਾਰੀ ਘਟਨਾ ਦੱਸੀ ਜਿਸਨੂੰ ਸੁਣ ਕੇ ਉਹ ਬੜਾ ਖੁਸ਼ ਹੋਇਆ।ਆਪਣੀ ਧੀ ਦੀ ਕਾਬਲੀਅਤ ਦਾ ਮੁੱਲ ਪੈਂਦਾ ਵੇਖ ਉਸਦਾ ਸੀਨਾ ਮਾਨ ਨਾਲ ਹੋਰ ਫੁੱਲ ਗਿਆ ।ਉਸਨੇ ਖੁਸ਼ੀ ਖੁਸ਼ੀ ਨਿਮਰ ਨੂੰ ਅੱਗੇ ਵੱਧਣ ਦਾ ਅਸ਼ੀਰਵਾਦ ਦਿੱਤਾ ਅਤੇ ਗੋਰੇ ਅੰਗਰੇਜ਼ ਲਈ ਕੰਮ ਕਰਨ ਲਈ ਸਹਿਮਤੀ ਦੇ ਦਿੱਤੀ।ਅੱਜ ਪੂਰੇ ਪੰਜ ਸਾਲ ਹੋ ਗਏ ਨਿਮਰ ਨੂੰ ਕੰਮ ਕਰਦੀ ਨੂੰ,ਪਰ ਆਪਣੇ ਬਣਾਏ ਰੈਸਟੋਰੈਂਟ ਵਿਚ।ਕਈ ਸ਼ਹਿਰਾਂ ਵਿੱਚ ਉਸਦੇ ਚਾਹ ਦੀਆਂ ਦੁਕਾਨਾਂ ਹਨ ।ਆਪਣੀ ਮਿਹਨਤ ਸਦਕਾ ਅੱਜ ਉਸ ਕੋਲ ਆਪਣਾ ਖੁਦ ਦਾ ਬਿਜਨੇਸ, ਆਲੀਸ਼ਾਨ ਘਰ,ਕਈ ਗੱਡੀਆਂ ਤੇ ਖੁਦ ਦੀ ਪਹਿਚਾਣ ਹੈ।

ਸੰਪਰਕ: +91 98723 48277

Comments

Name (required)

Leave a comment... (required)

Security Code (required)ਕਹਾਣੀ-ਨਾਵਲ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ