Wed, 17 January 2018
Your Visitor Number :-   1131453
SuhisaverSuhisaver Suhisaver
ਇਸ ਸਾਲ ਦਾ ‘ਸੂਹੀ ਸਵੇਰ ਮੀਡੀਆ ਐਵਾਰਡ’ ਬੂਟਾ ਸਿੰਘ ਅਤੇ ਮਹਿੰਦਰ ਸਿੰਘ ਮਾਨੂੰਪੁਰੀ ਨੂੰ !               ਲਾਲੂ ਯਾਦਵ ਸਜ਼ਾ ਖ਼ਿਲਾਫ਼ ਹਾਈ ਕੋਰਟ ਪੁੱਜੇ               ਹਿੰਦੀ ਲੇਖਕ ਦੂਧਨਾਥ ਸਿੰਘ ਦਾ ਦੇਹਾਂਤ              

ਪਿੰਜਰਾ - ਸਰੂਚੀ ਕੰਬੋਜ

Posted on:- 25-08-2017

suhisaver

ਸਮਾਂ ਸਵੇਰ ਦੇ ਛੇ ਵਜੇ ਦਾ ਘਰ ਵਿਚ ਹਰ ਪਾਸੇ ਚਹਿਲ ਕਦਮੀ ਹੈ ਅਤੇ ਹਰ ਚਿਹਰੇ ਤੇ ਇਕ ਅਜਬ ਜਿਹੀ ਖੁਸ਼ੀ ਝਲਕ ਰਹੀ ਹੈ ਮੇਰਾ ਜਨਮ ਜੋ ਹੋਣ ਵਾਲਾ ਹੈ ਕਿੰਨੇ ਖੁਸ਼ ਨੇ ਨਾ ਸਭ ਘਰ ਵਿਚ ਮੇਰਾ ਜਨਮ ਹੋਣ ਦੀ ਖਬਰ ਸੁਣ ਕੇ ਤੇ ਜਦੋਂ ਮੇਰਾ ਜਨਮ ਹੋ ਜਾਵੇਗਾ ਤਾਂ ਕਿੰਨੇ ਖੁਸ਼ ਹੋਣਗੇ ਸਭ,ਬਹੁਤ ਖੁਸ਼ਨਸੀਬ ਹਾਂ ਮੈਂ ਜੋ ਮੇਰਾ ਐਨੇ ਚੰਗੇ ਘਰ ਵਿਚ ਜਨਮ ਹੋ ਰਿਹਾ।ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ! ਮੈਨੂੰ ਐਨੇ ਚੰਗੇ ਪਰਿਵਾਰ ਵਿਚ ਭੇਜਣ ਲਈ।

ਸਮਾਂ ਛੇ ਵੱਜ ਕੇ ਪੰਤਾਲੀ ਮਿੰਟ, ਆਖਿਰ ਮੈਂ ਧਰਤੀ ਤੇ ਆਪਣਾ ਪਹਿਲਾ ਸਾਹ ਲਿਆ।ਹਸਪਤਾਲ ਦੇ ਆਪਰੇਸ਼ਨ ਰੂਮ ਦੇ ਬਾਹਰ ਖੜ੍ਹੇ ਪਾਪਾ ਨੂੰ ਡਾਕਟਰ ਸਾਹਿਬ ਨੇ ਆ ਕੇ ਵਧਾਈ ਦਿੱਤੀ 'ਮੁਬਾਰਕ ਹੋਏ! ਬੇਟੀ ਹੋਈ ਹੈ '।

ਅਚਾਨਕ 'ਬੇਟੀ ਹੋਈ ਹੈ' ਸੁਣ ਕੇ ਪਾਪਾ ਦੇ ਚਿਹਰੇ ਤੇ ਦੌੜਦੀ ਮੁਸਕਰਾਹਟ ਫਿੱਕੀ ਪੈ ਗਈ।ਮੇਰੇ ਮੰਮੀ ਅੰਦਰ ਬੈੱਡ ਤੇ ਲੇਟੇ ਇੰਤਜਾਰ ਕਰ ਰਹੇ ਸਨ ਕਿ ਉਹ ਆਪਣੀ ਬੇਟੀ ਨੂੰ ਆ ਕੇ ਆਪਣੇ ਹੱਥਾਂ ਵਿੱਚ ਲੈ ਕੇ ਪਿਆਰ ਕਰਨ ਪਰ ਉਨ੍ਹਾਂ ਦੀਆਂ ਅੱਖਾਂ ਪੱਥਰਾ ਗਈਆ ਪਰ ਪਾਪਾ ਮੈਨੂੰ ਦੇਖਣ ਤੱਕ ਨਾ ਆਏ।ਦੁਖੀ ਮਨ ਨਾਲ ਘਰ ਫੋਨ ਕੀਤਾ ਪਾਪਾ ਨੇ, ਅੱਗੋਂ ਦਾਦੀ ਨੇ ਚੁੱਕਿਆ, ਦੁਖੀ ਮਨ ਨਾਲ 'ਕੁੜੀ ਹੋਈ ਹੈ' ਕਹਿ ਫੋਨ ਕੱਟ ਦਿੱਤਾ ।

ਮੈਨੂੰ ਇਹ ਸਮਝ ਹੀ ਨਹੀਂ ਆਇਆ ਜੇ ਮੈਂ ਘਰ ਵਿਚ ਸਭ ਨੂੰ ਐਨਾ ਹੀ ਖਟਕਣਾ ਸੀ ਤਾਂ ਕਿਉ ਮੈਨੂੰ ਜਨਮ ਦਿੱਤਾ? ਕਿਉਂ ਨਹੀਂ ਜਨਮ ਤੋਂ ਪਹਿਲਾਂ ਮਾਰ ਦਿੱਤਾ ਗਿਆ ਮੈਨੂੰ?

ਔਹ! ਤਾਂ ਇਹ ਵਜ੍ਹਾ ਸੀ, ਦਰਅਸਲ ਡਾਕਟਰ ਤੋਂ ਚੋਰੀ ਛੁੱਪੇ ਲਿੰਗ ਪ੍ਰੀਖਣ ਕਰਵਾਇਆ ਹੋਇਆ ਸੀ ਪਾਪਾ ਨੇ, ਕਿ ਕੁੜੀ ਨਹੀਂ ਮੁੰਡੇ ਦਾ ਜਨਮ ਹੋਣਾ ਪਰ ਮਸ਼ੀਨ ਧੋਖਾ ਦੇ ਗਈ ਤੇ ਜਿਸਦਾ ਨਤੀਜਾ ਮੈਂ ਹੋ ਗਈ ।

ਅਕਸਰ ਮੈਨੂੰ ਬੇਵਜ੍ਹਾ ਲੜਦੇ ਹੋਏ ਦਾਦੀ ਨੂੰ ਐਦਾ ਡਾਕਟਰਾਂ ਨੂੰ ਕੋਸਦੇ ਸੁਣਿਆ ਸੀ।
ਉਸ ਸਮੇਂ ਮੈਂ ਤੇ ਸਮਝ ਗਈ ਸੀ ਮੇਰੇ ਦੁਨੀਆਂ ਤੇ ਆਉਣ ਦੀ ਵਜ੍ਹਾ।

ਰਾਤ ਨੂੰ ਮਾਂ ਕੋਲ ਜਦੋਂ ਕਦੇ ਕਹਾਣੀ ਸੁਣਾਉਣ ਦੀ ਜਿੱਦ ਕਰਦੀ ਸੀ ਤਾਂ ਉਹ ਹਮੇਸ਼ਾਂ ਇਹ ਗੱਲ ਛੇੜ  ਦਿੰਦੀ ਸੀ ਕਿ ਕਿੱਦਾਂ ਮੇਰੇ ਜਨਮ ਵਾਲੇ ਦਿਨ ਦਾਦੀ ਨੇ ਹਸਪਤਾਲ ਸਿਰ ਤੇ ਚੁੱਕ ਲਿਆ ਸੀ ਕਿ ਡਾਕਟਰਾਂ ਨੇ ਉਹਨਾਂ ਨਾਲ ਧੋਖਾ ਕੀਤਾ ਸੀ ਪੁੱਤਰ ਕਹਿ ਕੇ ਧੀ ਦੇ ਦਿੱਤੀ।

ਪਾਪਾ ਨੇ ਵੀ ਆਪਣੇ ਦੋਸਤਾਂ ਰਿਸ਼ਤੇਦਾਰਾਂ ਨੂੰ ਸਭ ਪਾਸੇ ਕਹਿ ਰੱਖਿਆ ਸੀ ਕਿ ਮੁੰਡਾ ਹੀ ਹੋਵੇਗਾ ਪਰ ਕੁੜੀ ਹੋਣ ਦੀ ਖਬਰ ਨਾਲ ਉਹ ਖੁਦ ਨੂੰ ਨੀਵਾਂ ਸਮਝਣ ਲੱਗੇ ਸਨ ਸਭ ਦੀ ਨਜ਼ਰ ਵਿਚ ।ਉਹਨਾਂ ਦੀ ਝੁਕੀ ਹੋਈ ਗਰਦਨ ਦੀ ਵਜ੍ਹਾ ਸਿਰਫ ਤੇ ਸਿਰਫ ਮੈਂ ਹੀ ਸਾਂ।

ਪਰ ਜੇ ਮੈਂ ਐਨੀ ਹੀ ਬੁਰੀ ਲੱਗਦੀ ਸਾਂ ਉਹਨਾਂ ਨੂੰ ਤਾਂ ਫਿਰ ਜਨਮ ਦੇ ਬਾਅਦ ਵੀ ਮਾਰਿਆ ਜਾ ਸਕਦਾ ਸੀ ਮੈਨੂੰ, ਫਿਰ ਕਿਉਂ ਨਹੀਂ ਮਾਰਿਆ ਮੈਨੂੰ?

ਕਿਉਂਕਿ ਇਹ ਤਸੀਹੇ ਝੱਲਣੇ ਮੇਰੇ ਵੱਸ ਦੀ ਗੱਲ ਨਹੀਂ ਸੀ।
ਕੀ ਹੈ ਇਸ ਜ਼ਿੰਦਗੀ ਵਿੱਚ!

ਜਿਸ ਵਿਚ ਮੈਂ ਸੁਪਨੇ ਤਾਂ ਵੇਖ ਸਕਦੀ ਹਾਂ ਪਰ ਉਹਨਾਂ ਨੂੰ ਪੂਰਾ ਨਹੀਂ ਕਰ ਸਕਦੀ ।
ਮੈਨੂੰ ਵੀ ਪੜਨ ਲਿਖਣ ਦਾ ਸ਼ੌਂਕ ਹੈ ਦੂਜੇ ਬੱਚਿਆਂ ਵਾਂਗ ਪਰ ਮੈਂ ਆਪਣਾ ਇਹ ਸ਼ੌਂਕ ਪੂਰਾ ਨਹੀਂ ਕਰ ਸਕਦੀ, ਕਿਉਂ?
ਕਿਉਂਕਿ ਕੁੜੀ ਤਾਂ ਪਰਾਇਆ ਧਨ ਹੈ, ਉਸਨੇ ਤਾਂ ਅਗਲੇ ਘਰ ਜਾਣਾ, ਕੀ ਜਰੂਰਤ ਹੈ ਉਸ ਨੂੰ ਪੜਾਈ ਕਰਨ ਦੀ।
ਮੈਨੂੰ ਵੀ ਸ਼ੌਂਕ ਸੀ ਖੇਡਣ ਦਾ ਪਰ..... ਆਖਿਰ ਮੇਰਾ ਬਚਪਨ ਕਿਉਂ ਬਾਕੀਆਂ ਦੇ ਬਚਪਨ ਵਰਗਾ ਨਹੀ ਹੈ?
ਕੀ ਇਕ ਮੁੰਡਾ ਹੀ ਮਾਂ ਬਾਪ ਦਾ ਸਹਾਰਾ ਬਣ ਸਕਦਾ? ਕੀ ਮੈਂ ਇਕ ਕੁੜੀ ਹੋ ਕੇ ਆਪਣੇ ਮਾਂ ਬਾਪ ਦੇ ਬੁਢਾਪੇ ਦੀ ਲਾਠੀ ਨਹੀਂ ਬਣ ਸਕਦੀ?

ਜੇ ਕਿਤੇ ਗਲਤ ਹੋ ਰਿਹਾ ਤੇ ਮੈਂ ਆਵਾਜ਼ ਨਹੀਂ ਉਠਾ ਸਕਦੀ, ਬਸ ਚੁੱਪਚਾਪ ਰਹੋ ਤੇ ਸਹੋ ।
ਖੈਰ, ਜਦੋਂ ਕੁਝ ਕੁ ਦਿਨਾਂ ਦੀ ਹੋਈ ਤਾਂ ਇਕ ਨਾਮ ਦਿੱਤਾ ਗਿਆ ਮੈਨੂੰ 'ਸੁੱਖੀ' ਪਰ ਮੈਂ ਕਦੇ ਆਪਣੇ ਅਸਲੀ ਨਾਂ ਨਾਲ ਨਹੀਂ ਜਾਣੀ ਗਈ, ਅਕਸਰ ਮੇਰੀ ਦਾਦੀ ਮੈਨੂੰ ਨਵੇਂ ਤੋਂ ਨਵਾਂ ਨਾਂ ਦੇ ਕੇ ਬੁਲਾਉਂਦੀ ਹੁੰਦੀ ਸੀ

ਜਿਵੇਂ ਕਿ
ਮਨਹੂਸ,
ਫਸਾਦ ਦੀ ਜੜ,
ਡੈਣ,
ਲਾਹਨਤ,
ਮੁਸੀਬਤ,
ਵਗੈਰਾ ਵਗੈਰਾ

ਕਈ ਵਾਰ ਤਾਂ ਐਦਾ ਦੇ ਨਾਂ ਵੀ ਬੋਲੇ ਜਾਂਦੇ ਸਨ ਮੇਰੇ ਲਈ ਜਿੰਨਾਂ ਨੂੰ ਮੈਂ ਕਦੇ ਜੁਬਾਨ ਤੇ ਲਿਆ ਹੀ ਨਾ ਪਾਵਾਂ।
ਮੈਂ ਉਸ ਸਮੇਂ ਕੋਈ ਛੇ ਕੁ ਸਾਲ ਦੀ ਹੋਵਾਂਗੀ।

ਆਪਣੇ ਘਰ ਦੀ ਸਫਾਈ ਕਰ ਰਹੀ ਸੀ ਕਿ ਅਚਾਨਕ ਮਾਂ ਦੀ ਰਸੋਈ ਵਿੱਚੋਂ ਆਵਾਜ਼ ਆਈ "ਸੁੱਖੀ ਨੀ ਸੁੱਖੀ! ਜਾ ਵੇਖ ਤੇਰੇ ਵੀਰ ਨੇ ਜੇ ਨਾਸ਼ਤਾ ਕਰ ਲਿਆ ਤਾਂ ਉਹਨੂੰ ਸਕੂਲ ਛੱਡ ਕੇ ਆ।"

ਮੈਂ ਮਾਂ ਨੂੰ ਜਵਾਬ ਦਿੱਤਾ
"ਜਾਂਦੀ ਹਾਂ ਮੰਮੀ ।"

"ਅੱਜ ਫਿਰ ਦੇਰ ਨਾ ਕਰ ਦੇਈਂ ਜਲਦੀ ਵਾਪਸ ਆਈਂ। ਘਰ ਦਾ ਬਹੁਤ ਸਾਰਾ ਕੰਮ ਪਿਆ ਕਰਨ ਵਾਲਾ।"ਮਾਂ ਨੇ ਦੁਬਾਰਾ ਕਿਹਾ
ਜਿਵੇਂ ਹੀ ਮੈਂ ਆਪਣੇ ਛੋਟੇ ਭਰਾ ਕੁਲਦੀਪ ਦਾ ਲੰਚ ਬਾਕਸ ਚੁੱਕਣ ਲਈ ਕਿਚਨ ਵਿੱਚ ਆਈ ਕੁਝ ਪਲਾਂ ਲਈ ਮਾਂ ਕੋਲ ਹੀ ਖੜ੍ਹ ਗਈ
"ਕੀ ਹੋ ਗਿਆ ਬੁੱਤ ਬਣ ਕੇ ਕਿਉਂ ਖੜੀ ਹੈਂ ਜਾ ਤੇਰਾ ਵੀਰ ਲੇਟ ਹੋ ਰਿਹਾ ਹੋਣਾ ਸਕੂਲ ਜਾਣ ਤੋਂ।"ਮਾਂ ਨੇ ਇਕ ਨਜ਼ਰ ਮੇਰੇ ਵੱਲ ਤੱਕ ਕਿਹਾ ਤੇ ਫਿਰ ਆਪਣੇ ਕੰਮ ਲੱਗ ਗਈ।

"ਮਾਂ, ਜੇ ਅੱਜ ਤੂੰ ਮੈਨੂੰ ਵੀ ਸਕੂਲ ਭੇਜਦੀ ਹੁੰਦੀ ਤਾਂ ਵੇਖਣਾ ਸੀ ਮੈਂ ਕੀ ਤੋਂ ਕੀ ਬਣ ਜਾਣਾ ਸੀ।"ਮੈਂ ਮਾਂ ਨਾਲ ਰੁਸਦੇ ਹੋਏ ਕਿਹਾ।
"ਕਿਉਂ ਤੇਰੇ ਪੜਨ ਨਾਲ ਇਹ ਘਰ ਇੱਟਾਂ ਦੀ ਥਾਂ ਸੋਨੇ ਦਾ ਬਣ ਜਾਣਾ ਸੀ,ਜਾ ਜਾ ਜੋ ਕੰਮ ਕਿਹਾ ਕਰ।"ਮਾਂ ਨੇ ਬੜੇ ਗੁੱਸੇ ਨਾਲ ਕਿਹਾ।
"ਪਰ ਮਾਂ ।"
"ਪਰ ਵਰ ਕੁਝ ਨਹੀਂ ਕਿਹਾ ਨਾ ਜਾ।"

ਮੁਰਝਾਏ ਚਿਹਰੇ ਨਾਲ ਉਦਾਸ ਮਨ ਮੈਂ ਆਪਣੇ ਵੀਰ ਨੂੰ ਸਕੂਲ ਛੱਡਣ ਚਲੀ ਗਈ।ਰਸਤੇ ਵਿੱਚ ਇੱਕ ਸਰਕਾਰੀ ਸਕੂਲ ਵੀ ਪੈਂਦਾ ਸੀ।ਮੈਂ ਜਦੋਂ ਵੀ ਉੱਥੋਂ ਗੁਜਰਦੀ ਬਾਹਰ ਖੁੱਲੇ ਵਾਤਾਵਰਣ ਵਿੱਚ ਬੈਠੇ ਬੱਚਿਆਂ ਦੀਆਂ ਉੱਚੀ ਉੱਚੀ ਪੜਦਿਆਂ ਦੀਆਂ ਆਵਾਜ਼ਾਂ ਮੇਰੇ ਕੰਨੀ ਪੈਂਦੀਆਂ, ਉਹਨਾਂ ਨੂੰ ਵੇਖਦੀ ।ਮੇਰਾ ਦਿਲ ਵੀ ਕਰਦਾ ਉਹਨਾਂ ਵਾਂਗੂੰ ਪੜਨ ਨੂੰ, ਕਈ ਵਾਰ ਘਰ ਆਪਣੀ ਇੱਛਾ ਵੀ ਦੱਸੀ ਪਰ ਦਾਦੀ ਨੇ ਸਾਫ਼ ਲਫਜ਼ਾਂ ਵਿੱਚ ਨਾਂਹ ਕਹਿ ਦਿੱਤੀ, ਅਤੇ ਦਾਦੀ ਦਾ ਫੈਸਲਾ ਘਰ ਵਿਚ ਆਖਰੀ ਫੈਸਲਾ ਹੁੰਦਾ ਸੀ।

ਹੁਣ ਕੁਲਦੀਪ ਨੂੰ ਸਕੂਲ ਛੱਡ ਵਾਪਸੀ ਵੇਲੇ ਮੈਂ ਹਮੇਸ਼ਾਂ ਐਦਾ ਹੀ ਕਰਦੀ ਉਸ ਸਰਕਾਰੀ ਸਕੂਲ ਦੀ ਕੰਧ ਤੇ ਬੈਠ ਬਲੈਕਬੋਰਡ ਤੇ ਅਧਿਆਪਕ ਦੁਆਰਾ ਸਿਖਾਏ ਗਿਣਤੀ ਤੇ ਪਹਾੜੇ ਸਿਖਦੀ ਰਹਿੰਦੀ। ਐਦਾ ਮੈਂ ਪੰਜ ਤੱਕ ਪਹਾੜੇ ਸਿੱਖ ਲਏ ਸਨ। ਹਮੇਸ਼ਾ ਇਸ ਚੱਕਰ ਵਿੱਚ ਹੀ ਮੈਂ ਘਰ ਵਾਪਸੀ ਵਿੱਚ ਲੇਟ ਹੋ ਜਾਂਦੀ ਸੀ ਤੇ ਮਾਂ ਦੀਆਂ ਝਿੜਕਾਂ ਵੀ ਸਹਿੰਦੀ।

ਆਖਰ ਇਸ ਰਾਜ ਤੋਂ ਪਰਦਾ ਵੀ ਜਲਦੀ ਉੱਠ ਗਿਆ ਜਿਸ ਦਿਨ ਮੈਂ ਛੇ ਦਾ ਪਹਾੜਾ ਪੜਦੀ ਪੜਦੀ ਕੰਧ ਤੋਂ ਡਿੱਗ ਪਈ ਤੇ ਮੇਰੇ ਸਿਰ ਅਤੇ ਪੈਰ ਤੇ ਕਾਫ਼ੀ ਸੱਟ ਲੱਗੀ ਸੀ।ਉਸ ਦਿਨ ਤੋਂ ਬਾਅਦ ਮੇਰਾ ਹਮੇਸ਼ਾਂ ਲਈ ਬਾਹਰ ਜਾਣਾ ਬੰਦ ਹੋ ਗਿਆ।

ਫਿਰ ਇੱਕ ਦਿਨ ਤਰਸ ਖਾ ਕੇ ਮਾਂ ਨੇ ਪਾਪਾ ਅੱਗੇ ਮੇਰੇ ਸਕੂਲ ਜਾਣ ਦੀ ਸਿਫਾਰਸ਼ ਕੀਤੀ।ਕੁਝ ਦੇਰ ਦੀ ਨੋਕ ਝੋਂਕ ਬਾਅਦ ਮਾਂ ਨੇ ਪਾਪਾ ਨੂੰ ਰਾਜੀ ਕਰ ਹੀ ਲਿਆ । ਅਗਲੇ ਦਿਨ ਮੇਰਾ ਐਡਮਿਸ਼ਨ ਉਸੇ ਸਰਕਾਰੀ ਸਕੂਲ ਵਿੱਚ ਕਰਵਾ ਦਿੱਤਾ।ਉਸ ਵਕਤ ਮੈਂ ਕੋਈ ਸੱਤ ਕੁ ਸਾਲ ਦੀ ਸਾਂ ਜਦ ਮੈਂ ਪਹਿਲੀ ਜਮਾਤ ਚ ਸਾਂ।ਮੈਂ ਆਪਣੀ ਜਮਾਤ ਵਿਚ ਸਭ ਤੋਂ ਵੱਡੀ ਸਾਂ ਪਰ ਮੇਰੀ ਲਗਨ ਅਤੇ ਮਿਹਨਤ ਸਦਕਾ ਜਦੋਂ ਤੱਕ ਮੈਂ ਨੌਂ ਸਾਲ ਦੀ ਹੋਈ ਅਤੇ ਮੇਰੀ ਜਮਾਤ ਚੌਥੀ ਹੋ ਗਈ।ਸਾਰੇ ਅਧਿਆਪਕ ਮੇਰੀ ਤਾਰੀਫ ਕਰਦੇ ਨਹੀਂ ਥੱਕਦੇ ਸਨ ਕਿ 'ਸੁਖੀ ਨੂੰ ਪੜਾਉਣ ਵਿੱਚ ਸਾਨੂੰ ਕੋਈ ਦਿੱਕਤ ਨਹੀਂ ਹੁੰਦੀ ਇਹ ਬੜੀ ਟੈਲੇਂਟਿੰਡ ਕੁੜੀ ਹੈ ।' ਮੈਂ ਹਰ ਅਧਿਆਪਕ ਦੀ ਮਨਪਸੰਦ ਵਿਦਿਆਰਥੀ ਸੀ।

ਪਰ ਸਕੂਲ ਲੱਗਣ ਨਾਲ ਵੀ ਮੇਰੀਆਂ ਮੁਸ਼ਕਿਲਾਂ ਆਸਾਨ ਨਹੀਂ ਹੋਈਆਂ ਸਨ ।ਜਿੱਥੇ ਉਹ ਮੇਰੀ ਪੜਨ ਲਿਖਣ ਤੇ ਖੇਡਣ ਦੀ ਉਮਰ ਸੀ ਉਥੇ ਮੈਨੂੰ ਘਰ ਦੇ ਹਰ ਕੰਮ ਦੀ ਸਿਖਲਾਈ ਦਿੱਤੀ ਜਾਂਦੀ।

ਸਕੂਲੋਂ ਘਰ ਆ ਕੇ ਅਜੇ ਮੈਂ ਥੱਕੀ ਹਾਰੀ ਨੇ ਕੁਝ ਪਲ ਆਰਾਮ ਕਰਨਾ ਹੁੰਦਾ ਜਾਂ ਕਦੇ ਵੀਰ ਕੋਲ ਬੈਠ ਟੀਵੀ ਵੇਖਣ ਲੱਗਦੀ ਕਿ ਉਪਰੋਂ ਮਾਂ ਆ ਜਾਂਦੀ
"ਵਿਹਲੀ ਬੈਠੀ ਟੀਵੀ ਵੇਖ ਰਹੀ ਹੈ ਇਹ ਨਹੀਂ ਕਿ ਮਾਂ ਦੀ ਮਦਦ ਕਰ ਦੇਵਾਂ, ਚਲ ਰਸੋਈ ਵਿੱਚ ਬਹੁਤ ਭਾਂਡੇ ਧੋਣ ਵਾਲੇ ਪਏ ਨੇ ਉਹਨਾਂ ਨੂੰ ਧੋ ।"

ਮੇਰਾ ਮਨ ਕਰਦਾ ਕਿ ਮੈਂ ਮਾਂ ਨੂੰ ਮਨਾ ਕਰਾਂ ਪਰ ਮੈਂ ਚੁੱਪਚਾਪ ਚਲੀ ਜਾਂਦੀ।
ਭਾਂਡੇ ਧੋਣ ਬਾਅਦ ਮਾਂ ਕੱਪੜੇ ਧੋਣ ਲਾ ਦੇਂਦੀ।

ਸ਼ਾਮ ਨੂੰ ਸਬਜ਼ੀ ਕੱਟਣੀ ਤੇ ਰਾਤ ਨੂੰ ਸਬਜ਼ੀ ਬਣਾਉਣੀ ।ਜਦੋਂ ਰਾਤ ਨੂੰ ਸਭ ਰੋਟੀ ਖਾ ਹੱਟਦੇ ਤੇ ਫਿਰ ਬਰਤਨ ਸਾਫ ਕਰਨੇ ।
ਜਿਵੇਂ ਜਿਵੇਂ ਉਮਰ ਵੱਧ ਰਹੀ ਸੀ ਉਸ ਤਰਾਂ ਹੀ ਮੇਰੇ ਉੱਪਰ ਕੰਮਾ ਦਾ ਬੋਝ ਵੀ ਦਿਨ ਬ ਦਿਨ ਵੱਧ ਰਿਹਾ ਸੀ ।
 ਸਵੇਰ ਨਾਲ ਸਕੂਲ ਜਾਣ ਤੋਂ ਪਹਿਲਾਂ ਝਾੜੂ ਪੋਚਾ ਵੀ ਮੈਨੂੰ ਹੀ ਕਰਨਾ ਪੈਂਦਾ।

ਜੇ ਕਦੇ ਕੋਈ ਗਲਤੀ ਮੇਰਾ ਭਰਾ ਕਰਦਾ ਮਾਰ ਮੈਨੂੰ ਹੀ ਪੈਂਦੀ।ਸਕੂਲੋਂ ਆ ਕੇ ਉਹ ਟੀਵੀ ਵੇਖਦਾ ਜਿੰਨੀ ਦੇਰ ਉਸਦਾ ਦਿਲ ਕਰਦਾ ਤੇ ਸ਼ਾਮ ਨੂੰ ਖੇਡਣ ਤੁਰ ਜਾਂਦਾ ।

ਮੇਰਾ ਮਨ ਵੀ ਕਰਦਾ ਸੀ ਇਕ ਆਜ਼ਾਦ ਪੰਛੀ ਵਾਂਗ ਖੁੱਲੀ ਹਵਾ ਵਿੱਚ ਪੰਖ ਫੈਲਾ ਕੇ ਉੱਡਣ ਦਾ, ਪਰ ਇਹ ਪਾਬੰਦੀਆਂ ਮੈਨੂੰ ਰੋਕ ਲੈਂਦੀਆਂ ਤੇ ਅਹਿਸਾਸ ਕਰਵਾਉਦੀਆਂ ਮੇਰੀ ਕੈਦ ਦਾ।

ਹੁਣ ਮੈਂ ਪੰਦਰਾਂ ਸਾਲਾਂ ਦੀ ਹੋ ਗਈ ਸਾਂ ਇਕ ਦਿਨ ਜਦ ਮੈਂ ਸ਼ਾਮ ਨੂੰ ਆਪਣੀ ਸਹੇਲੀ ਦੇ ਨਾਲ ਗੁਰਦੁਆਰਾ ਸਾਹਿਬ ਜਾ ਰਹੀ ਸੀ ਕਿ ਰਾਹ ਵਿੱਚ ਇਕ ਮੁੰਡੇ ਨੇ ਮੇਰਾ ਰਾਹ ਰੋਕ ਕੇ ਮੇਰਾ ਹੱਥ ਫੜ ਲਿਆ ।ਬੜੀ ਮੁਸ਼ਕਲ ਨਾਲ ਛੁਡਾ ਕੇ ਆਈ ਤੇ ਗੁੱਸੇ ਵਿੱਚ ਬਲਦੀ ਨੇ ਸਾਰੀ ਗੱਲ ਮਾਂ ਨੂੰ ਜਾ ਦੱਸੀ।

ਮਾਂ ਨੇ ਮੇਰੀ ਖੂਬ ਪਿਟਾਈ ਕੀਤੀ ਇਹ ਕਹਿ ਕੇ 'ਤੂੰ ਹੀ ਕੋਈ ਉਲਟਾ ਸਿੱਧਾ ਇਸ਼ਾਰਾ ਕੀਤਾ ਹੋਣਾ ਜੋ ਮੁੰਡੇ ਦੀ ਐਨੀ ਹਿੰਮਤ ਵੱਧ ਗਈ ਤੇ ਉਸ ਨੇ ਤੇਰਾ ਹੱਥ ਫੜ ਲਿਆ ।'

ਉਸ ਦਿਨ ਦੀ ਕੁੱਟ ਤੋਂ ਬਾਅਦ ਮੈਂ ਸਮਝ ਗਈ ਸੀ ਕਿ ਐਦਾ ਦੇ ਹਾਦਸੇ ਤਾਂ ਰੋਜ ਹੁੰਦੇ ਰਹੇ ਮੇਰੇ ਨਾਲ ਤਾਂ ਇਲਜ਼ਾਮ ਮੇਰੇ ਸਿਰ ਹੀ ਆਉਣਾ ਇਸ ਤੋਂ ਚੰਗਾ ਹੈ ਕਿ ਮੈਂ ਮਾਂ ਨੂੰ ਕੁਝ ਨਹੀਂ ਦੱਸਾਂ ਤੇ ਚੁੱਪ ਚਾਪ ਸਹਿੰਦੀ ਰਹਾਂ।

ਉਸ ਤੋਂ ਬਾਅਦ ਮੈਂ ਹਰ ਰੋਜ਼ ਵੇਖਦੀ ਸਾਂ ਵਹਿਸ਼ੀ ਨਿਗਾਹਾਂ ਜੋ ਮੈਨੂੰ ਘੂਰ ਰਹੀਆਂ ਹੁੰਦੀਆਂ, ਕੋਈ ਵੇਖ ਸੀਟੀ ਮਾਰ ਦਿੰਦਾ ਜਾਂ ਅੱਖ, ਕਈਆਂ ਨੇ ਤਾਂ ਗੰਦੇ ਗੰਦੇ ਇਸ਼ਾਰੇ ਵੀ ਕੀਤੇ।ਮਨ ਤਾਂ ਚਾਹੁੰਦਾ ਸੀ ਕਿ ਜਾਵਾਂ ਉਹਨਾਂ ਕੋਲ ਤੇ ਉਹਨਾਂ ਨੂੰ ਸਬਕ ਸਿਖਾਵਾਂ ਦੋ ਦੋ ਮੂੰਹ ਤੇ ਚਪੇੜਾਂ ਮਾਰ, ਪਰ ਮਾਂ ਦੀ ਮਾਰ ਦਾ ਖਿਆਲ ਮੇਰੀ ਉਸ ਖਾਹਿਸ਼ ਨੂੰ ਚਕਨਾਚੂਰ ਕਰ ਦਿੰਦਾ।

ਫਿਰ ਇਕ ਦਿਨ ਜਦ ਮੇਰੀ ਸਹਿਣ ਸ਼ਕਤੀ ਜਵਾਬ ਦੇ ਗਈ ਤਾਂ ਹਿੰਮਤ ਕਰਕੇ ਜਿਸ ਮੁੰਡੇ ਮੇਰਾ ਦੋਬਾਰਾ ਹੱਥ ਫੜਨ ਦੀ ਹਿੰਮਤ ਕੀਤੀ ਸੀ ਮੈਂ ਉਸਦੇ ਹੱਥ ਨੂੰ ਐਨੇ ਜੋਰ ਨਾਲ ਮਰੋੜਿਆ ਕਿ ਉਸਦੇ ਹੱਥ ਦਾ ਕੜਾਕਾ ਨਿਕਲ ਗਿਆ, ਐਦਾ ਆਵਾਜ਼ ਆਈ ਜਿਵੇਂ ਟੁੱਟ ਹੀ ਗਿਆ ਸੀ।ਅਸਲ ਵਿੱਚ ਉਸਦਾ ਹੱਥ ਸੱਚ ਵਿਚ ਹੀ ਟੁੱਟ ਗਿਆ ਸੀ ।
ਉਹ ਦਿਨ ਮੇਰਾ ਸਕੂਲ ਦਾ ਆਖਿਰੀ ਦਿਨ ਸੀ ਕਿਉਂਕਿ ਮੁੰਡੇ ਦੇ ਮਾਂ ਬਾਪ ਸ਼ਿਕਾਇਤ ਲੈ ਕੇ ਘਰ ਆਏ ਸਨ ਅਤੇ ਪਾਪਾ ਨੇ ਮੈਨੂੰ ਮੇਰੀ ਬਾਰਵੀਂ ਜਮਾਤ ਦੇ ਇਮਤਿਹਾਨ ਵਿੱਚ ਵੀ ਬੈਠਣ ਦੀ ਮਨਾਹੀ ਕਰ ਦਿੱਤੀ।

ਕੁਝ ਘੰਟਿਆਂ ਦੀ ਜੋ ਸਕੂਲ ਜਾਣ ਦੀ ਅਜਾਦੀ ਮਿਲੀ ਸੀ ਉਹ ਵੀ ਮੈਂ ਆਪਣੇ ਹੱਥੀਂ ਗਵਾ ਬੈਠੀ ਸਾਂ ।ਹੁਣ ਘਰ ਸੀ, ਘਰ ਦੀ ਚਾਰ ਦੀਵਾਰੀ ਤੇ ਮੈਂ ।ਘਰੋਂ ਬਾਹਰ ਨਿਕਲਣ ਦਾ ਮੌਕਾ ਉਦੋਂ ਹੀ ਮਿਲਦਾ ਜਦ ਕਦੇ ਰਿਸ਼ਤੇਦਾਰਾਂ ਘਰ ਵਿਆਹ ਹੁੰਦਾ।

ਉਸ ਦਿਨ ਅਸੀਂ ਸਭ ਵੱਡੇ ਮਾਮਾ ਦੀ ਦੇ ਮੁੰਡੇ ਦਾ ਵਿਆਹ ਤੇ ਮੇਰੇ ਨਾਨਕੇ ਪਹੁੰਚੇ ਸੀ।ਮਾਮਾ ਜੀ ਦੀਆਂ ਕੁੜੀਆਂ ਦਾ ਮੇਰੇ ਨਾਲ ਐਨਾ ਮੋਹ ਸੀ ਕਿ ਘਰ ਦਾਖਲ ਹੁੰਦਿਆਂ ਹੀ ਮੈਨੂੰ ਨੱਚਣ ਲਈ ਜੋਰ ਦੇਣ ਲੱਗ ਪਈਆਂ।ਪਾਪਾ ਨੂੰ ਐਦਾ ਦਾ ਸਭ ਕੁਝ ਨੱਚਣਾ ਗਾਉਣਾ ਬਿਲਕੁਲ ਵੀ ਪਸੰਦ ਨਹੀਂ ਸੀ ਸੋ ਵਾਰ ਵਾਰ ਮਨਾ ਕਰਦੀ ਰਹੀ ਪਰ ਉਹ ਨਾ ਮੰਨੀਆਂ ਤਾਂ ਮੈਨੂੰ ਉਹਨਾ ਦੇ ਕਹਿਣ ਤੇ ਨੱਚਣਾ ਪਿਆ।ਸ਼ੌਂਕ ਸੀ ਮੈਨੂੰ ਵੀ ਖੁਸ਼ੀ ਚ ਨੱਚਣ ਦਾ।ਉਹ ਕੁਝ ਪਲਾਂ ਵਿਚ ਨੱਚਣਾ ਮੈਨੂੰ ਇਕ ਆਜ਼ਾਦ ਹਵਾ ਦਾ ਅਹਿਸਾਸ ਕਰਾ ਰਿਹਾ ਸੀ।ਪਰ ਨੱਚਣ ਤੋਂ ਬਾਅਦ ਜਿਸ ਕਮਰੇ ਵਿੱਚ ਅਸੀਂ ਠਹਿਰੇ ਸਾਂ ਉਥੇ ਮਾਂ ਨੇ ਮੈਨੂੰ ਬਹੁਤ ਸੁਣਾਈਆਂ ਕਿਉਂਕਿ ਪਾਪਾ ਨੂੰ ਚੰਗਾ ਨਹੀਂ ਲੱਗਿਆ ਇੰਝ ਕਿਸੇ ਦੇ ਘਰ ਨੱਚਣਾ
"ਸ਼ਰਮ ਕਰ ਲੈ ਐਦਾ ਜਵਾਨ ਕੁੜੀਆ ਨੱਚਦੀਆਂ ਬੇਹਿਆ ਹੀ ਹੋ ਗਈ ਹੈ, ਜੇ ਐਦਾ ਹੀ ਨੱਚਣਾ ਹੈ ਤਾਂ ਰਲ ਜਾ ਕੰਜਰੀਆਂ ਨਾਲ ਤੇ ਕਰ ਲੈ ਆਪਣਾ ਸੌਂਕ ਮੱਠਾ।ਪਰ ਖਬਰਦਾਰ ਜੇ ਅੱਜ ਤੋਂ ਬਾਅਦ ਨੱਚੀ ਤਾਂ ਤੇਰੀਆਂ ਲੱਤਾਂ ਦੇ ਟੋਟੇ ਕਰ ਤੇਰੇ ਗੱਲ ਮਾਲਾ ਬਣਾ ਕੇ ਪਾ ਦਿਆਂਗੀ।ਜੋ ਵੀ ਕਰਨਾ ਆਪਣੇ ਸਹੁਰੇ ਘਰ ਕਰੀਂ ਪਰ ਇੱਥੇ ਨਹੀਂ ।"

ਉਸ ਦਿਨ ਤੋਂ ਬਾਅਦ ਤੇ ਅੱਜ ਦਾ ਦਿਨ ਮੈਂ ਕਦੇ ਨਹੀਂ ਨੱਚੀ।

ਪਾਪਾ ਨੇ ਵੀ ਕਹਿ ਦਿੱਤਾ ਸੀ ਮੰਮੀ ਨੂੰ 'ਸੁੱਖੀ ਨੂੰ ਘਰ ਦੇ ਤੇ ਸਿਲਾਈ ਕਢਾਈ ਦਾ ਕੰਮ ਸਿਖਾ ਦੇ, ਤੇ ਜਦੋਂ ਵੀ ਕੋਈ ਚੰਗਾ ਰਿਸ਼ਤਾ ਮਿਲਦਾ ਇਹਦਾ ਵਿਆਹ ਕਰ ਤੋਰ ਦੇਣਾ ਇਹਦੇ ਘਰ।'

ਮਾਂ ਨੇ ਮੈਨੂੰ ਘਰ ਸੂਟ ਸਿਊਣਾ ਸਿਖਾਉਣਾ ਸ਼ੁਰੂ ਕਰ ਦਿੱਤਾ,ਕੁਝ ਦਿਨਾਂ ਵਿਚ ਹੀ ਮੈਂ ਸੂਟ ਸਿਊਣ ਵਿੱਚ ਮਾਹਿਰ ਹੋ ਗਈ।ਕਦੇ ਟੀਵੀ ਵਿੱਚ ਕੋਈ ਨਵੇਂ ਡਿਜਾਇਨ ਨੂੰ ਵੇਖਦੀ ਤੇ ਮਾਂ ਨੂੰ ਕਹਿੰਦੀ
"ਮਾਂ ਮੈਂ ਆਪਣੇ ਲਈ ਐਦਾ ਦਾ ਸੂਟ ਸਿਊਂ ਲਵਾਂ? "

ਤਾਂ ਮਾਂ ਦਾ ਜਵਾਬ ਹੁੰਦਾ
" ਨਹੀਂ, ਜੋ ਵੀ ਫੈਸ਼ਨ ਕਰਨੇ ਨੇ ਆਪਣੇ ਸਹੁਰੇ ਘਰ ਕਰੀਂ ਇੱਥੇ ਨਹੀਂ।"

ਅਕਸਰ ਜਦ ਵੀ ਐਦਾ ਹੀ ਕੋਈ ਮੰਗ ਰੱਖਦੀ ਮਾਂ ਦਾ ਇੱਕ ਹੀ ਜਵਾਬ ਹੁੰਦਾ 'ਆਪਣੇ ਸਹੁਰੇ ਘਰ ਕਰੀਂ।'
ਮਾਂ ਦੀ ਇਹ ਗੱਲ ਸੁਣ ਕੇ ਇਕ ਉਮੀਦ ਦੀ ਕਿਰਨ ਜਾਗੀ ਸੀ ਮਨ ਵਿਚ ਕਿ ਜੋ ਸੁਪਨੇ ਮੈਂ ਵੇਖੇ ਸਨ ਕੀ ਵਾਕਿਆ ਹੀ ਉਹ ਮੇਰੇ ਸਹੁਰੇ ਘਰ ਜਾਣ ਤੇ ਪੂਰੇ ਹੋ ਜਾਣਗੇ।ਆਪਣੇ ਦਮ ਤੋੜਦਿਆਂ ਸੁਪਨਿਆਂ ਨੂੰ ਫਿਰ ਤੋਂ ਆਸ ਦਾ ਪਾਣੀ ਪਾਉਣ ਲੱਗੀ ਸਾਂ ਮੈਂ, ਇਕ ਨਵੀਂ ਆਸ ਨੇ ਮੈਨੂੰ ਮੁਰਝਾਈ ਨੂੰ ਖਿੜਾ ਦਿੱਤਾ ਸੀ ।

ਦੋ ਚਾਰ ਰਿਸ਼ਤੇ ਆਏ ਸਨ ਘਰ।ਜਿੰਨਾ ਚੋਂ ਇਕ ਦੋ ਘਰ ਆਏ ਮੈਨੂੰ ਵੇਖਣ ਪਰ ਕਿਸੇ ਨੂੰ ਮੈਂ ਨਾ ਪਸੰਦ ਆਈ ਤੇ ਕੋਈ ਘਰ ਦਿਆਂ ਨੂੰ।

ਫਿਰ ਇਹ ਇਕ ਸਿਲਸਿਲਾ ਹੀ ਬਣ ਗਿਆ ਸੀ ਮੈਨੂੰ ਦੇਖਣ ਦਿਖਾਉਣ ਦਾ, ਕਦੇ ਦਾਜ ਕਰਕੇ ਤੇ ਕਦੇ ਪੜਾਈ ਕਰਕੇ ਤੇ ਕਦੇ ਕਿਸੇ ਹੋਰ ਕਾਰਨ ਕਰਕੇ ਨਾਂਹ ਹੀ ਸੁਣਨ ਨੂੰ ਮਿਲਦੀ।

ਫਿਰ ਇਕ ਦਿਨ ਅਚਾਨਕ ਰਿਸ਼ਤਾ ਵੀ ਤੈਅ ਹੋ ਗਿਆ।ਮੁੰਡੇ ਦੀ ਆਪਣੀ ਦੁਕਾਨ ਸੀ ਸ਼ਹਿਰ ਵਿਚ ਪਰ ਘਰ ਪਿੰਡ ਵਿੱਚ ਸੀ ਉਸਦਾ।ਮੁੰਡਾ ਕੋਈ ਜਿਆਦਾ ਸੋਹਣਾ ਨਹੀਂ ਸੀ ਕੁਝ ਜਿਆਦਾ ਹੀ ਪੱਕੇ ਰੰਗ ਦਾ,ਪਰ ਘਰਬਾਰ ਚੰਗਾ ਸੀ ਸੋ ਰਿਸ਼ਤਾ ਤੈਅ ਹੋ ਗਿਆ।ਜਦੋਂ ਦਾ ਪਤਾ ਲੱਗਾ ਸੀ ਮੈਨੂੰ ਕਿ ਮੁੰਡਾ ਜਗਵੀਰ ਨਾਮ ਸੀ ਉਸ ਦਾ ਰੰਗ ਕਾਲਾ ਹੈ ਤਾਂ ਮੈਨੂੰ ਉਸ ਨਾਲ ਨਫਰਤ ਜਿਹੀ ਹੀ ਹੋ ਗਈ ਸੀ ਕਿ ਮੈਂ ਖੁਦ ਐਨੀ ਸੋਹਣੀ ਤੇ ਗੋਰੀ ਚਿੱਟੀ ਭਲਾ ਉਸ ਕਾਲੇ ਜਿਹੇ ਨਾਲ ਕਿਵੇਂ ਜਚਾਂਗੀ।ਸਭ ਲੋਕ ਮਜ਼ਾਕ ਉਡਾਉਣਗੇ ਸਾਨੂੰ ਇਕੱਠਿਆਂ ਵੇਖ ਕੇ।ਐਦਾ ਦੇ ਖਿਆਲ ਮੈਨੂੰ ਅਕਸਰ ਆਣ ਘੇਰਦੇ।ਫਿਰ ਇਕ ਦਿਨ ਉਹ ਵਿਆਹ ਤੋਂ ਪਹਿਲਾਂ ਮੈਨੂੰ ਮਿਲਣ ਆਇਆ ਸੀ, ਤਿਆਰ ਹੋਇਆ ਹੋਇਆ ਉਹ ਉਹਨਾਂ ਪਾਏ ਹੋਏ ਕੱਪੜਿਆਂ ਵਿੱਚ ਜਚ ਰਿਹਾ ਸੀ ਭਲੇ ਹੀ ਉਹ ਕਾਲਾ ਸੀ ਪਰ ਹਰ ਸੂਟ ਉਸਤੇ ਜਚ ਜਾਂਦਾ ਸੀ ।ਅਸਲ ਵਿੱਚ ਉਹ ਕਾਲਾ ਨਹੀਂ ਸੀ ਸਾਂਵਲੇ ਰੰਗ ਦਾ ਸੀ ਪਰ ਮੈਨੂੰ ਉਹ ਕਾਲਾ ਹੀ ਜਾਪਦਾ ਸੀ।

ਜਦ ਉਸਨੇ ਪਹਿਲੀ ਵਾਰ ਮੇਰੇ ਨਾਲ ਗੱਲ ਕੀਤੀ ਤਾਂ ਉਸ ਮੈਨੂੰ ਯਕੀਨ ਦਵਾਇਆ ਕਿ ਉਹ ਮੇਰਾ ਹਰ ਖਵਾਬ ਸੱਚ ਕਰਨ ਵਿੱਚ ਮੇਰਾ ਸਾਥ ਦੇਵੇਗਾ।ਉਸਦੀ ਉਸ ਗੱਲ ਨੇ ਮੈਂ ਬੇਜਾਨ ਵਿੱਚ ਇੱਕ ਨਵੀਂ ਜਾਨ ਫੂਕ ਦਿੱਤੀ ।ਹੁਣ ਹਰ ਪਲ ਮੈਂ ਜਗਵੀਰ ਨਾਲ ਆਪਣੇ ਸੁਨਹਿਰੀ ਭਵਿੱਖ ਦੇ ਸੁਪਨਿਆਂ ਵਿੱਚ ਗੁਆਚੀ ਰਹਿੰਦੀ।ਜਗਵੀਰ ਮੈਨੂੰ ਕਿਸੇ ਫਰਿਸ਼ਤੇ ਤੋਂ ਘੱਟ ਨਹੀਂ ਸੀ ਜਾਪਦਾ।ਮੇਰੇ ਖਾਬਾਂ ਦਾ ਰਾਜਕੁਮਾਰ ਜੋ ਇਕ ਦਿਨ ਘੋੜੀ ਤੇ ਸਵਾਰ ਹੋ ਕੇ ਆਏਗਾ ਤੇ ਮੈਨੂੰ ਆਪਣੇ ਮਹਿਲ ਲੈ ਜਾਵੇਗਾ ਖੁਸ਼ੀ ਖੁਸ਼ੀ।ਉਸ ਤੋਂ ਬਾਅਦ ਹੀ ਮੇਰੀ ਅਸਲ ਜ਼ਿੰਦਗੀ ਸ਼ੁਰੂ ਹੋਵੇਗੀ।

ਚੰਗਾ ਦਿਨ ਵੇਖ ਕੇ ਸਾਡਾ ਦੋਹਾਂ ਦਾ ਵਿਆਹ ਵੀ ਹੋ ਗਿਆ ।ਵਿਆਹ ਤੋਂ ਬਾਅਦ ਪਹਿਲੀ ਰਾਤ ਉਸ ਇਕ ਵਾਰ ਫਿਰ ਤੋਂ ਮੇਰੇ ਹੱਥ ਨੂੰ ਆਪਣੇ ਹੱਥਾਂ ਵਿੱਚ ਲੈ ਮੈਨੂੰ ਗਲ ਨਾਲ ਲਾ ਵਾਅਦਾ ਕੀਤਾ ਸੀ, ਮੇਰਾ ਹਰ ਖਵਾਬ ਸੱਚ ਕਰਨ ਦਾ।'ਜਿੰਨਾ ਚਾਹੇ ਉੱਡ ਲਈ ਮੈਂ ਹਮੇਸ਼ਾ ਜ਼ਮੀਨ ਤੇ ਹੱਥ ਪਕੜ ਚੱਲਾਂਗਾ ਤੇਰੇ ਨਾਲ ।ਕਦੇ ਡਿੱਗਣ ਨਹੀਂ ਦੇਵਾਂਗਾ ਤੈਨੂੰ।'ਜਦੋਂ ਉਹ ਇਸ ਤਰ੍ਹਾਂ ਕਹਿੰਦਾ ਤਾਂ ਮੈਂ ਸੱਤਵੇਂ ਆਸਮਾਨ ਤੇ ਉੱਡਦੀ ਫਿਰਦੀ ਨਜ਼ਰ ਆਉਂਦੀ।

ਜਗਵੀਰ ਮੈਨੂੰ ਫੁੱਲਾਂ ਵਾਂਗ ਰੱਖਦਾ।ਗੱਲ ਗੱਲ ਤੇ ਪਿਆਰ ਜਤਾਉਂਦਾ।ਜਦੋਂ ਜੀਅ ਕਰਦਾ ਆਪਣੀਆਂ ਬਾਹਾਂ ਦਾ ਹਾਰ ਬਣਾ ਮੈਨੂੰ ਗਲ ਨਾਲ ਲਾਉਂਦਾ।ਐਦਾ ਪਿਆਰ ਕਰਦੇ ਨੂੰ ਵੇਖ ਮੈਨੂੰ ਵੀ ਉਸ ਤੇ ਬੜਾ ਪਿਆਰ ਆਉਂਦਾ।ਨਿਤ ਦਿਨ ਮੇਰੇ ਲਈ ਬਾਜ਼ਾਰ ਤੋਂ ਕੁਝ ਨਾ ਕੁਝ ਲਿਆਉਂਦਾ ਰਹਿੰਦਾ ।

ਵਿਆਹ ਦੇ ਦਸ ਦਿਨ ਬਾਅਦ ਜਗਵੀਰ ਦੇ ਦੋਸਤ ਨੇ ਸਾਨੂੰ ਆਪਣੇ ਘਰ ਲੰਚ ਕਰਨ ਦਾ ਸੱਦਾ ਦਿੱਤਾ।ਜਗਵੀਰ ਨੇ ਲੰਚ ਤੋਂ ਬਾਅਦ ਮੂਵੀ ਵੇਖਣ ਦਾ ਪਲੈਨ ਵੀ ਬਣਾ ਲਿਆ ਸੀ ਮੇਰੇ ਨਾਲ।ਉਹ ਮੈਨੂੰ ਹਰ ਖੁਸ਼ੀ ਹਰ ਉਹ ਜਗਾ ਵਿਖਾਉਣਾ ਚਾਹੁੰਦੇ ਸਨ ਜਿਸ ਦਾ ਵੀ ਮੈਂ ਜਿਕਰ ਕਰਦੀ ਜਾਂ ਤਸਵੁਰ ਕਰਦੀ।

ਜਦ ਜਗਵੀਰ ਦੇ ਦੋਸਤ ਘਰ ਅਸੀਂ ਦੋਵੇਂ ਪਹੁੰਚੇ ਤਾਂ ਉਸਦੇ ਦੋਸਤ ਨੇ ਮੇਰੀ ਖੁੱਲੇ ਦਿਲ ਨਾਲ ਜਗਵੀਰ ਅੱਗੇ ਤਾਰੀਫ਼ ਕੀਤੀ ਸੀ

"ਔਏ ਕਮੀਨਿਆ, ਐਨੀ ਗੋਰੀ ਚਿੱਟੀ ਤੇ ਸੋਹਣੀ ਹੂਰਾਂ ਵਰਗੀ ਕੁੜੀ ਤੈਨੂੰ ਕਾਲੇ ਜਿਹੇ ਨੂੰ ਕਿਵੇਂ ਦੇ ਦਿੱਤੀ ਕਿਸੇ।ਮੇਰਾ ਤਾਂ ਦਿਲ ਬੇਈਮਾਨ ਹੋ ਗਿਆ ਭਾਬੀ ਤੇ ਦਿਲ ਕਰਦਾ ਚੁੱਕ ਕੇ ਲੈ ਜਾਵਾਂ।ਵੈਸੇ ਤੇਰੇ ਨਾਲ ਐਨੀ ਸੋਹਣੀ ਕੁੜੀ ਕਿਵੇਂ ਗੁਜਾਰਾ ਕਰੂਗੀ ਸਾਰੀ ਜ਼ਿੰਦਗੀ।ਸੰਭਾਲ ਕੇ ਰੱਖੀਂ ਕਿਤੇ ਕੋਈ ਤੇਰੇ ਤੋਂ ਸੋਹਣਾ ਲੱਭ ਜਾਏ ਤੇ ਉਸ ਨਾਲ ਫੁਰਰਰਰ ਹੀ ਨਾ ਹੋ ਜਾਵੇ ।ਅੱਜਕਲ ਐਦਾ ਦੇ ਵਾਕਿਆ ਬਹੁਤ ਹੋ ਰਹੇ ਨੇ।"

ਜਗਵੀਰ ਦੇ ਦੋਸਤ ਦੀਆ ਹਾਸੇ ਨਾਲ ਕਹੀਆਂ ਗੱਲਾਂ ਨੇ ਜਗਵੀਰ ਦੇ ਮਨ ਉੱਪਰ ਗਹਿਰਾ ਅਸਰ ਛੱਡਿਆ ਸੀ ।ਉਸ ਦਿਨ ਅਸੀਂ ਉਹਨਾਂ ਦੇ ਘਰ ਜਾਣ ਬਾਅਦ ਸਿਨੇਮਾ ਵੇਖਣ ਜਾਣਾ ਸੀ ਪਰ ਸਿਰ ਦਰਦ ਦਾ ਬਹਾਨਾ ਕਰ ਜਗਵੀਰ ਮੈਨੂੰ ਘਰ ਵਾਪਸ ਲੈ ਆਏ ।ਉਹ ਵਿਆਹ ਤੋਂ ਬਾਅਦ ਜਗਵੀਰ ਨਾਲ ਮੇਰਾ ਬਾਹਰ ਘੁੰਮਣ ਜਾਣ ਦਾ ਪਹਿਲਾ ਤੇ ਆਖਰੀ ਦਿਨ ਸੀ ।ਜੇ ਕਦੇ ਮੈਂ ਗੱਲਾਂ ਗੱਲਾਂ ਵਿੱਚ ਬਾਹਰ ਘੁੰਮਣ ਜਾਣ ਦੀ ਗੱਲ ਵੀ ਕੀਤੀ ਤਾਂ ਸਿਰਫ਼ ਜਗਵੀਰ ਦਾ ਗੁੱਸਾ ਹੀ ਦੇਖਣ ਨੂੰ ਮਿਲਿਆ ਜਾਂ ਉਹ ਰੁਸ ਕੇ ਕਮਰੇ ਤੋਂ ਬਾਹਰ ਚਲਾ ਜਾਂਦਾ ਜਾਂ ਤਾਹਨਾ ਦਿੰਦਾ ਮੈਨੂੰ 'ਜੋ ਵੀ ਤੇਰੇ ਸ਼ੌਂਕ ਸੀ ਆਪਣੇ ਪੇਕੇ ਘਰ ਪੂਰੇ ਕਰਕੇ ਆਉਂਦੀ।'

।ਹੁਣ ਕਦੇ ਇੱਕਲੀ ਬੈਠੀ ਹੁੰਦੀ ਹਾਂ ਤਾਂ ਸੋਚਦੀ ਹਾਂ ਕਿ ਮਾਂ ਤਾਂ ਕਹਿੰਦੀ ਸੀ 'ਜੋ ਕਰਨਾ ਸਹੁਰੇ ਘਰ ਕਰੀਂ' ਤੇ ਸਹੁਰੇ ਘਰ ਕਹਿੰਦੇ ਨੇ 'ਜੋ ਕਰਨਾ ਸੀ ਪੇਕੇ ਘਰ ਕਰਕੇ ਆਉਂਦੀ ਸਾਡੇ ਕੋਲ ਟੈਮ ਨਹੀਂ ਤੇਰੀਆਂ ਖਾਹਿਸ਼ਾਂ ਪੂਰੀਆਂ ਕਰਨ ਦਾ।' ਇੱਕ ਵਾਰ ਫੇਰ ਤੋਂ ਮੈਂ ਜਿੱਥੇ ਸੀ ਉੱਥੇ ਹੀ ਪਹੁੰਚ ਗਈ।ਆਸਮਾਨ ਤੇ ਪਹੁੰਚਾਉਣ ਦੇ ਖਵਾਬ ਵਿਖਾਉਣ ਵਾਲੇ ਨੇ ਇਕ ਵਾਰ ਫੇਰ ਮੈਨੂੰ ਜ਼ਮੀਨ ਤੇ ਪਟਕ ਦਿੱਤਾ।ਕੀ ਬਦਲਿਆ ਮੇਰੀ ਜ਼ਿੰਦਗੀ ਵਿੱਚ ਖੁਸ਼ੀਆਂ, ਚਾਹਤਾਂ, ਪਿਆਰ ਜਾਂ ਸ਼ਾਇਦ ਕੁਝ ਵੀ ਨਹੀਂ ਬਸ ਬਦਲਿਆ ਹੈ ਤਾਂ ਮੇਰਾ ਕਫਸ।

ਆਖਰ ਕੀ ਕਸੂਰ ਹੈ ਮੇਰਾ, ਮੇਰਾ ਕੁੜੀ ਹੋਣਾ ।

ਸੰਪਰਕ: +91 98723 48277

Comments

Name (required)

Leave a comment... (required)

Security Code (required)ਕਹਾਣੀ-ਨਾਵਲ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ