Mon, 15 July 2024
Your Visitor Number :-   7187071
SuhisaverSuhisaver Suhisaver

ਕੁਰੂਕਸ਼ੇਤਰ ਤੋਂ ਪਾਰ -ਅਜਮੇਰ ਸਿੱਧੂ

Posted on:- 09-07-2013

suhisaver

ਜਹਾਜ਼ ਨੇ ਜਿਉਂ ਹੀ ਲੈਂਡ ਕੀਤਾ, ਇਹ ਸ਼ੂਟ ਵੱਟ ਕੇ ਦੌੜਨ ਲੱਗ ਪਿਆ ਏ। ਮੈਨੂੰ ਇਉਂ ਲੱਗ ਰਿਹਾ ਜਿਵੇਂ ਹਵਾਈ ਪੱਟੀ 'ਤੇ ਜਹਾਜ਼ ਨਹੀਂ, ਮੈਂ ਦੌੜ ਰਿਹਾ ਹੋਵਾਂ। ਬੱਸ ਦੌੜ ਹੀ ਦੌੜ...। ਹੱਫ਼ ਵੀ ਗਿਆ ਹਾਂ। ਜਹਾਜ਼ ਦਾ ਡੋਰ ਐਗਜ਼ਿਟ ਪੋਰਟ ਨਾਲ਼ ਅਟੈਚ ਹੋ ਗਿਆ ਹੈ। ਪਾਇਲਟ ਨੇ ਸੀਟ ਬੈਲਟ ਖੋਲ੍ਹਣ ਦੀ ਅਨਾਊਸਮੈਂਟ ਕੀਤੀ ਹੈ। ਮੈਂ ਹੈਂਡ ਬੈਗ ਚੁੱਕ ਕੇ ਤੁਰ ਪਿਆ ਹਾਂ। ਏਅਰ ਹੋਸਟੈੱਸ ਦੀ ਮੁਸਕਾਨ ਦਾ ਜਵਾਬ ਵੀ ਨਹੀਂ ਦੇ ਹੋਇਆ।

ਸ਼ੁਕਰ ਆ! ਇਮੀਗਰੇਸ਼ਨ ਅਫ਼ਸਰ ਨੇ ਜਲਦੀ ਹੀ ਵਿਹਲਾ ਕਰ ਦਿੱਤਾ। ਏਅਰ ਪੋਰਟ ਤੋਂ ਬਾਹਰ ਆਇਆ ਹਾਂ। ਤੱਤੀ ਹਵਾ ਮੇਰੇ ਮੂੰਹ 'ਤੇ ਵੱਜੀ ਏ। ਬਿੰਦ 'ਚ ਮੂੰਹ ਲਾਲ ਸੂਹਾ ਹੋ ਗਿਆ। ਇਹ ਹਵਾ ਪੰਜਾਬ ਵੱਲੋਂ ਆਈ ਲੱਗਦੀ ਹੈ। ਇਸ ਹਵਾ ਨੇ ਹੀ ਮੈਨੂੰ ਅਮਰੀਕਾ ਬੈਠੇ ਨੂੰ ਲੂਹਿਆ ਸੀ। ਇਹ ਹਵਾ ਈ ਐਸੀ ਏ ਜਿਹੜੀ ਕਦੇ ਮੈਨੂੰ ਸਕੂਨ ਦਿੰਦੀ ਸੀ ਪਰ ਹੁਣ ਭਸਮ ਕਰਦੀ ਜਾਪਦੀ ਸੀ। ਮੇਰੀ ਮੇਰੇ ਵਾਲ਼ੀ ਫ਼ਲਾਈਟ ਦਾ ਇੱਕ ਯਾਤਰੂ ਆਲ਼ੇ-ਦੁਆਲ਼ੇ ਦੇਖ ਰਿਹਾ ਹੈ। ...ਸੋਹਣੀ ਜਿਹੀ ਮੁਟਿਆਰ ਉਹਦੇ ਗਲ਼ੇ ਆ ਚਿੰਬੜੀ ਹੈ। ਜੇ ਉਹ ਉਹੋ ਜਿਹੀ ਨਾ ਹੁੰਦੀ। ਉਹਨੇ ਵੀ ਬੁੱਕੇ ਫੜ੍ਹ ਕੇ ਮੇਰੇ ਸੁਆਗਤ ਲਈ ਖੜ੍ਹੀ ਹੋਣਾ ਸੀ। ਇਸ ਮੁਟਿਆਰ ਵਾਂਗ ਹੀ ਮੇਰੀ ਤਿੰਨ ਸਾਲ ਦੀ ਪਿਆਸ ਬੁਝਾ ਦੇਣੀ ਸੀ। ਹੁਣ ਤੇ ਉਹ...। ਸਭ ਕੁਝ ਉਜਾੜ ਦਿੱਤਾ। ਕੀ ਸੋਚਿਆ ਸੀ ਤੇ ਕੀ ਹੋ ਗਿਆ, ਵਾਹਿਗੁਰੂ! ਮੇਰੇ ਤੋਂ ਉਹ ਬਚਣ ਨਹੀਂ ਲੱਗੇ। ਮੈ ਅੱਖਾਂ ਪੂੰਝੀਆਂ ਹਨ।

''ਭਾਅ ਜੀ, ਪੰਜਾਬ ਜਾਣੈਂ? ਸਸਤੇ ਭਾੜੇ 'ਤੇ ਛੱਡ ਆਉਣਾਂ। ਫਿਰ ਵੀ ਤੁਹਾਡਾ ਪੰਜਾਬੀ ਭਰਾ ਆਂ।'' ਟੈਕਸੀ ਡਰਾਇਵਰ ਨੇ ਪੱਗ ਦਾ ਲੜ ਅੱਖ ਵੱਲ ਨੂੰ ਖਿੱਚਦਿਆਂ, ਮੈਨੂੰ ਖ਼ਿਆਲਾਂ 'ਚੋਂ ਕੱਢਿਆ ਏ।

''ਹਾਂ, ਜਾਣਾ ਤਾਂ ਹੈ...।'' ਮੇਰੇ ਮੂੰਹੋਂ ਮਸਾਂ ਹੀ ਚਾਰ ਸ਼ਬਦ ਨਿਕਲ਼ੇ ਹਨ।

ਥੋੜ੍ਹਾ ਮਨ ਟਿਕਾਣੇ ਕਰਨ ਦਾ ਯਤਨ ਕਰਦਾ ਹਾਂ। ਕਾਹਲ਼ੀ-ਕਾਹਲ਼ੀ ਏਹਦੇ ਨਾਲ਼ ਰੇਟ ਮੁਕਾਇਆ ਏ। ਮੈਂ ਹੈਂਡ ਬੈਗ ਮੋਢੇ 'ਤੇ ਲਟਕਾ ਕੇ ਡਰਾਈਵਰ ਦੇ ਮਗਰ ਤੁਰ ਪਿਆ ਹਾਂ।

''ਭਾਅ ਜੀ, ਵੱਡੇ ਬੈਗ ਵੀ ਆ?'' ਡਰਾਈਵਰ ਨੇ ਖਾਲੀ ਲੱਗੇਅਜ ਕਾਰਟ ਵੱਲ ਦੇਖ ਕੇ ਪੁੱਛਿਆ ਹੈ।
''ਬੱਸਮੈਂ ਈ ਆਂ ਜਾਂ ਹੈਂਡ ਬੈਗ...।'' ਬੈਗ ਤਾਂ ਕੀ ਪਰਬਤੋਂ ਭਾਰੀਆਂ ਸੋਚਾਂ ਚੁੱਕੀ ਲਈ ਜਾ ਰਿਹਾਂ।

ਆਲ਼ੇ-ਦੁਆਲ਼ੇ ਅੱਗ ਲੱਗੀ ਹੋਵੇ ਤਾਂ ਮੋਮ ਵਰਗੇ ਅਹਿਸਾਸ ਮਨਾਂ ਵਿੱਚ ਹੀ ਸੜ-ਬਲ਼ ਜਾਂਦੇ ਹਨ। ਮਨਪ੍ਰੀਤ ਤੇ ਉਹ ਬਚਣ ਨਹੀਂ ਲੱਗੇ। ਦੁਪਹਿਰ ਦੇ ਤਿੰਨ ਵੱਜੇ ਹਨ। ਰਾਤ ਨੂੰ ਦੱਸ-ਗਿਆਰਾਂ ਵਜੇ ਤੱਕ...। ਮੇਰਾ ਸਿਰ ਘੁੰਮਿਆ ਹੈ।

''ਭਾਅ ਜੀ, ਇਕੱਲਿਆਂ ਨੇ ਜਾਣਾਂ ਜਾਂ...?'' ਡਰਾਈਵਰ ਨੇ ਪਿੱਛੇ ਵੱਲ ਦੇਖਦਿਆਂ ਟੈਕਸੀ ਦਾ ਦਰਵਾਜ਼ਾ ਖੋਲ੍ਹਿਆ ਹੈ।
''ਇਕੱਲਾ ਈ ਆਇਆਂ, ਭਰਾਵਾ। ਇਕੱਲਾ ਹੀ ਜਾਵਾਂਗਾ।'' ਮੈਂ ਟਿਸ਼ੂ ਪੇਪਰ ਨਾਲ਼ ਪਸੀਨਾ ਸਾਫ਼ ਕੀਤਾ ਏ।

''ਤੁਸੀਂ ਉਦਾਸ ਨਜ਼ਰ ਆਉਂਦੇ ਓ। ਕਹੋ ਤਾਂ ਕੁਛ ਪ੍ਰਬੰਧ ਕਰ ਦਵਾਂ ਤੁਹਾਡਾ? ਜਾਂਦੀ-ਜਾਂਦੀ ਤੁਹਾਡਾ ਮਨ ਲਾਏਗੀ। ਆਉਂਦੀ ਵਾਰ ਯਾਰ ਕਾਟੋ ਫੁੱਲਾਂ 'ਤੇ ਖਿਡਾਉਣਗੇ। ਬੱਸ ਦੋ ਕੁ ਹਜ਼ਾਰ ਰੁਪਏ ਦੀ ਗੱਲ ਏ। ਇੱਕ ਨਾਲ਼ੋਂ ਇੱਕ ਵੱਧ ਕੇ ਆ। ਜਿਹਤੇ ਮਰਜ਼ੀ ਉਂਗਲ਼ ਰੱਖ ਲੈਣੀ। ਐਕਟਰੈੱਸਾਂ ਵਰਗੀਆਂ ਨੇ। ਜੇ ਕਹੋ ਤਾਂ...।'' ਸ਼ੀਸ਼ੇ ਵਿੱਚੋਂ ਦੇਖਦਾ ਡਰਾਈਵਰ ਹੋਰ ਸਹੂਲਤਾਂ ਵੱਲ ਭਟਕਾ ਰਿਹਾ ਏ।

''ਐਵੇਂ ਦਿਮਾਗ਼ ਨਾ ਚੱਟ। ਗੱਡੀ ਧਿਆਨ ਨਾਲ਼ ਚਲਾ। ਹੋਰੇ ਐਕਸੀਡੈਂਟ ਕਰ ਬੈਠੇਂਗਾ।'' ਮੈਂ ਸ਼ੀਸ਼ੇ ਵਿੱਚੋਂ ਬਾਹਰ ਦੇਖਣ ਲੱਗ ਪਿਆ ਹਾਂ।
ਬਾਜ਼ਾਰ ਦੀਆਂ ਰੌਣਕਾਂ ਲੱਗੀਆਂ ਦਿੱਸਦੀਆਂ ਹਨ। ਕੰਪਨੀਆਂ ਦੀਆਂ ਆਦਮ ਕੱਦ ਇਮਾਰਤਾਂ ਆਪਣੇ ਵੱਲ ਨੂੰ ਖਿੱਚ ਰਹੀਆਂ ਹਨ। ਸੜਕ 'ਤੇ ਗੱਡੀਆਂ ਦਾ ਹੜ੍ਹ ਆਇਆ ਪਿਆ। ਸਭ ਕਾਹਲ਼ੀ ਵਿੱਚ ਹਨ। ਹਰ ਇੱਕ ਦੂਜੇ ਨੂੰ ਕੱਟ ਰਿਹਾ ਏ ਤੇ ਅੱਗੇ ਵੱਧ ਰਿਹਾ ਏ। ਕਮਾਲ ਆ ਔਰਤਾਂ ਦੇ ਕੱਪੜਿਆਂ ਵਿੱਚ ਈ ਬੜੀ ਤਬਦੀਲੀ ਆਈ ਏ। ਮੈਨੂੰ ਲੱਗ ਈ ਨ੍ਹੀਂ ਰਿਹਾ ਕਿ ਮੈਂ ਦਿੱਲੀ ਘੁੰਮ ਰਿਹਾਂ ਹਾਂ। ਫੈਸ਼ਨ ਤਾਂ ਸਾਡੇ ਕੈਲੀਫੌਰਨੀਆ ਨਾਲ਼ੋਂ ਵੀ ਵਧਿਆ ਹੋਇਆ। ਮਨਪ੍ਰੀਤ ਵੀ ਇਦਾਂ ਦੇ ਕੱਪੜੇ ਪਾਉਂਦੀ ਹੋਊ। ਤਾਹੀਓਂ ਤਾਂ...।

''ਭਾਈ ਸਾਹਿਬ, ਇੱਕ ਤਾਂ ਉਹ ਗੁੱਡੀ ਜਿਹੀ ਦੇਖੋ, ਜਿਹੜੀ ਵਿੰਡੋ 'ਚੋਂ ਤੱਕ ਰਹੀ ਆ। ਇੱਕ ਆਹ ਰਿਸੈਪਸ਼ਨ 'ਤੇ ਪਰੀ ਵੀ ਬੈਠੀ ਆ।''
ਹੈਂਅ...? ਮੈਂ ਸੋਚਾਂ ਦੀ ਫਹਿਰਿਸਤ ਵਿੱਚੋਂ ਬਾਹਰ ਆਇਆ ਹਾਂ। ਡਰਾਈਵਰ ਕੁਛ ਪੁੱਛ ਰਿਹਾ। ਉਸਨੇ ਗੱਡੀ ਹੋਟਲ ਦੇ ਅੰਦਰ ਵਾੜਦਿਆਂ ਹੀ ਕੁੜੀਆਂ ਬਾਰੇ ਦੱਸਣਾ ਸ਼ੁਰੂ ਕੀਤਾ ਹੋਇਆ ਹੈ। ਮੈਂ ਅੰਦਰ ਵੱਲ ਝਾਤੀ ਮਾਰਦਾ ਹਾਂ। ਪੰਜ-ਸੱਤ ਕੁੜੀਆਂ ਖਿੜਖਿੜਾ ਕੇ ਹੱਸ ਪਈਆਂ ਹਨ। ਪ੍ਰਫਿਊਮ, ਸੈਂਟ ਦੀ ਸਮੈੱਲ ਆਈ ਆ। ਇਸ਼ਾਰੇ ਮਾਰ ਰਹੀਆਂ ਹਨ। ਮੈਂ ਉਨ੍ਹਾਂ ਵੱਲ ਗਹੁ ਨਾਲ਼ ਵੇਖਿਆ ਹੈ। ਜੌਲੀ, ਡੌਲੀ...ਦੇ ਨਾਲ਼ ਮਨਪ੍ਰੀਤ ਵੀ ਖੜ੍ਹੀ ਨਜ਼ਰ ਆ ਰਹੀ ਆ। ਮੇਰਾ ਤਪਿਆ ਜ਼ਿਹਨ ਹੋਰ ਤਪਣ ਲੱਗ ਪਿਆ ਏ।

''ਓਏ, ਮੈਂ ਤੈਨੂੰ ਇੱਥੇ ਆਉਣ ਨੂੰ ਕਿਹਾ ਸੀ? ਵੜ ਢੱਠੇ ਖੂਹ 'ਚ...।'' ਮੈਂ ਗੱਡੀ 'ਚੋਂ ਨਿਕਲ਼ ਕੇ ਸੜਕ ਉੱਤੇ ਆ ਖੜ੍ਹਾ ਹੋਇਆ ਹਾਂ। ਇਸ ਡਰਾਈਵਰ ਨਾਲ਼ ਜਾਣਾ ਈ ਨਹੀਂ।

ਹੁਣ ਮਿੰਨਤ ਕਰਨ ਲੱਗ ਪਿਆ ਏ। ਪੈਰੀਂ ਪੈਣ ਦਾ ਕੀ ਫ਼ਾਇਦਾ? ਪਹਿਲਾਂ ਈ ਬੰਦਿਆਂ ਵਾਲ਼ੀ ਗੱਲ ਕਰਦਾ। ਅਸੀਂ ਖ਼ਾਨਦਾਨੀ ਬੰਦੇ ਆਂ। ਨਾ ਪਰਾਈ ਔਰਤ ਕੋਲ਼ੇ ਜਾਂਦੇ ਆਂ ਤੇ ਨਾ ਆਪਣੀ ਔਰਤ ਦੀ ਏਹੋ ਜਿਹੀ ਕਰਤੂਤ ਸਹਿੰਦੇ ਆਂ। ਤਾਂਹੀਓਂ ਤਾਂ ਮਨਪ੍ਰੀਤ ਦਾ...। ਜੇ ਏਹੋ ਜਿਹਾ ਹੁੰਦਾ, ਉੱਥੇ ਅਮਰੀਕਾ ਵਿੱਚ ਪੰਜਾਹ ਤੁਰੀਆਂ ਫਿਰਦੀਆਂ ਸਨ। ਸਤਾਰਾਂ-ਅਠਾਰਾਂ ਸਾਲ ਹੋ ਗਏ, ਉੱਥੇ ਧੱਕੇ ਖਾਂਦੇ ਨੂੰ। ਜਾਹ ਤਾਂ ਕਿਸੇ ਵੱਲ ਮੂੰਹ ਵੀ ਕੀਤਾ ਹੋਵੇ। ਚੱਲ ਇਹਨੂੰ ਵੀ ਅਕਲ ਆ ਗਈ। ਹੁਣ ਪਿੰਡ ਤੱਕ ਨਹੀਂ ਕੁਸਕਦਾ। ਘੀਸੀਆਂ ਕਰਵਾ ਕੇ ਗੱਡੀ 'ਚ ਬੈਠਾ ਹਾਂ।

ਡਰਾਈਵਰ ਨੇ ਗੱਡੀ ਤੋਰ ਲਈ ਹੈ। ਦਿੱਲੀ ਤੋਂ ਬਾਹਰ ਆਏ ਹਾਂ। ਗੱਡੀ ਨੇ ਰਫ਼ਤਾਰ ਫੜ੍ਹ ਲਈ ਏ। ਪਰ ਮੈਨੂੰ ਅਜੇ ਵੀ ਚੈਨ ਨਹੀਂ ਹੈ। ਗੱਡੀ ਨੂੰ ਹਵਾ ਬਣਾ ਰਹੇ ਟਾਇਰਾਂ ਦੀ ਰਗੜ ਜਿਵੇਂ ਜ਼ਿਹਨ ਵਿਚਲੀ ਤਪਸ਼ ਨੂੰ ਹਵਾ ਦੇ ਰਹੀ ਹੋਵੇ।
''ਛੋਟੇ ਭਾਈ, ਬੰਦਾ ਭਾਵੇਂ ਬੁੱਢਾ ਹੋ ਜਾਵੇ। ਰੰਗ ਨਹੀਂ ਮਰਨੇ ਚਾਹੀਦੇ। ਜ਼ਿੰਦਗੀ ਵੱਲ ਐਨੀਂ ਵੀ ਬੇਰੁਖ਼ੀ ਅੱਛੀ ਨ੍ਹੀਂ।'' ਡਰਾਈਵਰ ਨੇ ਰਫ਼ਤਾਰ ਹੌਲ਼ੀ ਕਰਕੇ ਨਸੀਹਤ ਦੇਣ ਦਾ ਹੀਆ ਕੀਤਾ ਹੈ।

ਇਹ ਪਤਾ ਨਹੀਂ ਕਿਹੜੇ ਰੰਗਾਂ ਦੀ ਗੱਲ ਕਰਦੈ। ਸਾਡੇ ਰੰਗ ਤਾਂ ਕਦੋਂ ਦੇ ਫਿੱਕੇ ਪੈ ਗਏ ਆ। ਜ਼ਿੰਦਗੀ ਨੂੰ ਗੂੜ੍ਹੇ ਰੰਗਾਂ 'ਚ ਰੰਗਣ ਲਈ ਤਾਂ ਪਰਾਏ ਦੇਸ਼ ਗਿਆ ਸੀ। ਉਧਰ ਜ਼ਿੰਦਗੀ ਜਿਊਣ ਦੇ ਕਾਬਿਲ ਬਣਾਉਂਦਾ ਰਿਹਾ ਤੇ ਪਿੱਛੇ ਮੇਰੇ ਘਰ ਰਾਣੀਪੁਰ 'ਚ ਖੇਹ ਉੱਡ ਰਹੀ ਆ। ਬੈਗ 'ਚੋਂ ਟਿਸ਼ੂ ਪੇਪਰ ਕੱਢਿਆ ਆ। ਨਾਲ਼ ਹੀ ਭੂਆ ਦੀ ਪਾਈ ਚਿੱਠੀ ਵੀ ਬਾਹਰ ਆ ਗਈ ਏ। ਇਸ ਚਿੱਠੀ ਦੀ ਇਬਾਰਤ ਨੇ ਹੀ ਮੇਰੇ ਅੰਦਰਲੀ ਅੱਗ ਨੂੰ ਮਘਾਉਣ ਦਾ ਕੰਮ ਕੀਤਾ ਸੀ। ਇਹ ਚਿੱਠੀ ਪਤਾ ਨਹੀਂ ਮੈਂ ਕਿੰਨੀਂ ਵਾਰ ਪੜ੍ਹ ਚੁੱਕਾ ਹਾਂ।
ਗੁਰਜਿੰਦਰ ਬੇਟੇ,

ਢੇਰ ਸਾਰਾ ਪਿਆਰ। ਜਿੰਦੇ ਤੂੰ ਮੇਰਾ ਲਾਡਲਾ ਤੇ ਇੱਕਲੌਤਾ ਭਤੀਜਾ ਏਂ। ਮੇਰੇ ਕੋਲ਼ੋਂ ਗੱਲ ਛੁਪਾਈ ਨਹੀਂ ਜਾ ਰਹੀ। ਮੈਂ ਅੱਖੀਂ ਦੇਖ ਕੇ ਕਿਵੇਂ ਮੱਖੀ ਨਿਗਲ਼ ਜਾਵਾਂ। ਨਾਲ਼ੇ ਆਪਣੇ ਪਿਓ-ਦਾਦੇ ਦਾ ਘਰ ਬਰਬਾਦ ਹੁੰਦਾ ਦੇਖਿਆ ਨਹੀਂ ਜਾਂਦਾ। ਹਾਲਾਤ ਇਸ ਤਰ੍ਹਾਂ ਦੇ ਬਣ ਗਏ ਹਨ, ਰਾਣੀਪੁਰ ਵੱਲ ਜਾਣ ਨੂੰ ਮਨ ਨਹੀਂ ਮੰਨਦਾ। ਇੱਕ ਤਾਂ ਜਿੱਦਣ ਦਾ ਭਰਜਾਈ ਦਾ ਚੂਲ਼ਾ ਟੁੱਟਿਆ, ਮਨ ਊਈਂ ਬੁਝਿਆ ਰਹਿੰਦਾ ਆ। ਮੀਸਣਾ ਜਿਹਾ ਤੇਰਾ ਪਿਓ ਤੇ ਮਨਪ੍ਰੀਤ ਦੋਵੇਂ ਘਿਓ-ਖਿਚੜੀ ਨੇ। ਲੱਗਦੈ ਭਾਬੀ ਡਰਦੀ ਬੋਲਦੀ ਨਹੀਂ। ਪਿਛਲੇ ਵੀਰਵਾਰ ਮੈਂ ਪਿੰਡ ਗਈ ਸੀ। ਭਾਈ ਮੁੰਡਿਆ, ਤੇਰੀ ਵਾਹੁਟੀ ਮਨਪ੍ਰੀਤ ਮੇਰੇ ਭਾਈ ਦੇ ਕਮਰੇ 'ਚੋਂ ਬਾਹਰ ਆਉਣ ਦਾ ਨਾਂ ਨਾ ਲਵੇ। ਦੋ ਘੰਟੇ ਬਾਅਦ ਬਾਹਰ ਨਿਕਲ਼ੀ। ਅਸੀਂ ਜਿਵੇਂ ਵੇਟਿੰਗ 'ਤੇ ਲੱਗੇ ਹੋਈਏ। ਮਾਰ ਕਿਤੇ ਕਮਰੇ ਵਿੱਚ ਸੈਂਟ ਛਿੜਕੀ ਪਈ ਸੀ। ਤੇਰਾ ਪਿਓ ਚਿੱਟਾ ਕੁੜਤਾ-ਪਜਾਮਾ ਪਾਈ ਦੰਦ ਕੱਢ ਰਿਹਾ ਸੀ। ਕਮਰਾ ਤਾਂ ਭਾਬੀ ਵਾਲ਼ਾ ਵੀ ਸਾਫ਼-ਸੁਥਰਾ ਤੇ ਮਹਿਕਿਆ ਹੋਇਆ ਸੀ ਪਰ ਭਾਈ ਤੇ ਭਰਜਾਈ ਦੇ ਅਲੱਗ-ਅਲੱਗ ਕਮਰਿਆਂ ਦੀ ਗੱਲ ਹਜ਼ਮ ਨਾ ਹੋਈ। ਜਦੋਂ ਪੁੱਛਿਆ ਤਾਂ ਤੇਰੀ ਨੱਖਰਿਆਂ ਪਿੱਟੀ ਕਹਿਣ ਲੱਗੀ-''ਇਸ ਉਮਰ 'ਚ ਇਕੱਲੇ-ਇਕੱਲੇ ਠੀਕ ਆ, ਭੂਆ ਜੀ।''

ਬਿੜਕ ਤਾਂ ਮੈਨੂੰ ਪਹਿਲਾਂ ਵੀ ਸੀ ਇਨ੍ਹਾਂ ਦੀ ਖੁੱਲ੍ਹ ਖੇਡ ਦੀ। ਹੁਣ ਅੱਖੀਂ ਦੇਖ ਆਈ ਹਾਂ। ਪੁਤਰਾ, ਭਾਬੀ ਦੀ ਜਾਨ ਨੂੰ ਖ਼ਤਰਾ ਏ। ਕਿਸੇ ਤੋਂ ਪਤਾ ਲੱਗਾ, ਉਹ ਬਾਥਰੂਮ 'ਚੋਂ ਤਿਲਕ ਕੇ ਨਹੀਂ ਡਿੱਗੀ। ਇਸ ਜੋੜੀ 'ਚੋਂ ਕਿਸੇ ਨੇ ਧੱਕਾ ਦਿੱਤਾ ਆ। ਪੁੱਤਰਾ, ਤੇਰੀ ਤੇ ਤੇਰੇ ਘਰ ਦੀ ਸੁੱਖ ਮੰਗਦੀ ਹਾਂ। ਜੇ ਘਰ ਸਾਂਭ ਹੁੰਦਾ, ਆ ਕੇ ਸਾਂਭ ਲੈ। ਵਾਹਿਗੁਰੂ ਭਲੀ ਕਰੇ।
ਤੇਰੀ ਭੂਆ,

ਜਗਦੀਸ਼ ਕੌਰ
ਖ਼ਤ ਪੜ੍ਹ ਕੇ ਮੇਰਾ ਸਿਰ ਖੱਖੜੀਆਂ ਹੋ ਗਿਆ ਸੀ। ਪਿਓ ਜ਼ਹਿਰ ਦਿਸਣ ਲੱਗ ਪਿਆ ਸੀ। ਕੰਧ 'ਤੇ ਲੱਗੇ ਵਰਲਡ ਦੇ ਨਕਸ਼ੇ ਵਿੱਚੋਂ ਇੰਡੀਆ ਤੀਰ ਬਣ ਕੇ ਸੀਨੇ ਵਿੱਚ ਵਜਾ ਸੀ। ਮੈਂ ਉਸ ਨਕਸ਼ੇ 'ਤੇ ਬਣੇ ਕੋਲੰਬੀਆ ਦਰਿਆ 'ਤੇ ਬਣੇ ਪੁਲ ਦਾ ਪੋਸਟਰ ਲਾ ਦਿੱਤਾ। ਪਰ ਮਨ ਕਿਤੇ ਤਸਵੀਰਾਂ ਦੇਖ ਕੇ ਸ਼ਾਂਤ ਹੁੰਦਾ ਭਲਾ? ਸੁਪਨੇ ਵਿੱਚ ਮੈਂ ਕਈ ਵਾਰੀ ਦਰਿਆ ਵਿੱਚ ਛਾਲ਼ ਮਾਰ ਕੇ ਆਤਮ ਹੱਤਿਆ ਕੀਤੀ। ਪਰ ਸੁਪਨੇ 'ਚੋਂ ਨਿਕਲ਼ ਕੇ ਖ਼ੁਦੀ ਨੂੰ ਬੁਲੰਦ ਕਰਦਾ। ਮਨਪ੍ਰੀਤ ਦੇ ਗਲ਼ੇ ਨੂੰ ਆਪਣੇ ਹੱਥਾਂ ਨਾਲ਼ ਘੁੱਟਦਾ ਹੋਇਆ ਜੇਤੂ ਬਣਦਾ।
ਮੇਰੀ ਭੂਆ ਭਾਪੇ 'ਤੇ ਜਾਨ ਵਾਰਦੀ ਸੀ। ਭਾਪਾ ਫੌਜ ਵਿੱਚ ਸੀ। ਭੂਆ ਨੇ ਸਾਡੇ ਪਿੰਡ ਰਾਣੀਪੁਰ ਆ ਜਾਣਾ। ਭਾਪੇ ਦੀ ਦੁਸ਼ਮਣਾਂ ਨਾਲ਼ ਲੜਾਈ ਦੇ ਬਹਾਦਰੀ ਭਰੇ ਕਿੱਸੇ ਸੁਣਾਉਣੇ। ਉਹਦੇ ਮਨਘੜਤ ਕਿੱਸੇ ਵੀ ਸਾਨੂੰ ਸੱਚੇ ਲੱਗਣੇ। ਭਾਪਾ ਕਿਸੇ ਫਿਲਮ ਦਾ ਹੀਰੋ ਲੱਗਣਾ। ਭੂਆ ਦਾ ਮੇਰੀ ਮਾਂ ਨਾਲ਼ ਜ਼ਿਆਦਾ ਪਿਆਰ ਸੀ। ਆਪਣੇ ਭਰਾ ਨਾਲ਼ੋਂ ਵੀ ਮਾਂ ਦਾ ਜ਼ਿਆਦਾ ਖ਼ਿਆਲ ਰੱਖਦੀ। ਦੋਨੋਂ ਸਕੀਆਂ ਭੈਣਾਂ ਵਾਂਗ ਰਹਿੰਦੀਆਂ। ਉਨ੍ਹਾਂ ਨੂੰ ਦੇਖ ਕੇ ਕੋਈ ਨਣਾਨ-ਭਰਜਾਈ ਤਾਂ ਕਹਿ ਹੀ ਨਹੀਂ ਸਕਦਾ ਸੀ।

ਭੂਆ ਭਾਵੇਂ ਕੁਪੱਤੀ ਆ ਪਰ ਦਿਲ ਦੀ ਸਾਫ਼ ਆ। ਕਿਸੇ ਔਰਤ ਦੇ ਪਰਾਏ ਮਰਦ ਨਾਲ਼ ਸਬੰਧਾਂ ਨੂੰ ਸਭ ਤੋਂ ਵੱਧ ਭੰਡਦੀ। ਮੇਰੀ ਮਾਂ ਤੇ ਮੈਨੂੰ ਵੀ ਆਪਣੇ ਵਰਗੇ ਬਣਾ ਲਿਆ। ਮੇਰੇ 'ਤੇ ਭੂਆ ਦਾ ਪ੍ਰਭਾਵ ਜ਼ਿਆਦਾ ਪਿਆ। ਜਦੋਂ ਮੈਂ ਫਲੋਰੀਡਾ ਸਟੇਟ ਵਿੱਚ ਸੀ, ਕੰਮ ਦੀ ਬੜੀ ਸਮੱਸਿਆ ਆਈ। ਅਚਾਨਕ ਇੱਕ ਦਿਨ ਫ਼ਰਿਜ਼ਨੋਂ ਤੋਂ ਅਵਤਾਰ ਭਾਅ ਜੀ ਦਾ ਫੋਨ ਆ ਗਿਆ।
''ਆਹ ਜਾ, ਟਰੱਕ 'ਤੇ ਚੜ੍ਹ ਜਾ।''

ਉਹਦੇ ਆਪਣੇ ਦੋ ਟਰੱਕ ਸਨ। ਟਰੱਕ ਸਿਖਾਉਣ ਤੇ ਲਾਇਸੈਂਸ ਬਣਾਉਣ ਦੇ ਕੰਮ ਉਹਨੇਂ ਹੀ ਕੀਤੇ। ਫਿਰ ਸ਼ਹਿਰਾਂ ਅਤੇ ਉਹਨਾਂ ਦੀਆਂ ਸੜਕਾਂ ਦੇ ਨਕਸ਼ਿਆਂ 'ਤੇ ਟਰੱਕ ਦੇ ਟਾਇਰ ਵੀ ਦੌੜਾਏ। ਉਹਦੇ ਏਟਟੀਨ ਵ੍ਹੀਲਰ (ਅਠ੍ਹਾਰਾਂ ਟਾਇਰੀ) 'ਤੇ ਡਰਾਇਵਰੀ ਕਰਨ ਲੱਗਾ।
ਇੱਕ ਦਿਨ ਰੈੱਸਟ ਏਰੀਏ ਵਿੱਚ ਟਰੱਕ ਖੜ੍ਹਾ ਕਰਕੇ ਸੌਣ ਲੱਗਾ ਸੀ। ਅਜੇ ਬੱਤੀ ਨਹੀਂ ਬੁਝਾਈ ਸੀ। ਟਰੱਕ ਦੇ ਦਰਵਾਜ਼ੇ 'ਤੇ ਠੱਕ-ਠੱਕ ਹੋਈ। ਦਰਵਾਜ਼ਾ ਖੋਲ੍ਹਿਆ ਤਾਂ ਇੱਕ ਕੁੜੀ ਅੰਦਰ ਵੜਨ ਨੂੰ ਕਰੇ। ਮੈਂ ਟਰੱਕ ਦਾ ਡੋਰ ਬੰਦ ਕਰ ਲਿਆ। ਉਹ ਬਾਹਰ ਖੜ੍ਹੀ ਕਦੇ ਸਿਕਸ ਨਾਈਨ ਦਾ ਇਸ਼ਾਰਾ ਕਰੇ, ਕਦੇ ਜ਼ੀਰੋ ਵਨ ਦਾ। ਜੀਭ ਨੂੰ ਘੁਮਾਈ ਜਾਵੇ। ਮੈਂ ਪੰਜ-ਸੱਤ ਕੱਢੀਆਂ ਗਾਲ੍ਹਾਂ ਤੇ ਲੌਕ ਲਾ ਕੇ ਪੈ ਗਿਆ। ਸਵੇਰੇ ਉੱਠਦਿਆਂ ਅਵਤਾਰ ਭਾਅ ਜੀ ਨੂੰ ਰਿੰਗ ਕੀਤੀ। ਰਾਤ ਵਾਲ਼ੀ ਸਾਰੀ ਕਥਾ ਸੁਣਾਈ। ਉਹ ਹੱਸ ਪਿਆ। ਵੀਕ ਐਂਡ 'ਤੇ ਲੋਡ ਲਾਹ ਕੇ ਵਾਪਸ ਮੁੜਿਆ ਤਾਂ ਸਭ ਤੋਂ ਪਹਿਲਾਂ ਉਹਨੂੰ ਮਿਲਿਆ। ਉਹ ਫੇਰ ਹੱਸੀ ਜਾਵੇ। ਉਹਦੇ ਹੱਥ ਵਿੱਚ ਇੱਕ ਸਟਿੱਕਰ ਸੀ। ਉਸ ਉੱਤੇ ਬਣੇ ਸਰਕਲ ਵਿੱਚ ਨੰਗੀ ਔਰਤ ਦੇ ਪਰਛਾਵੇਂ ਦੀ ਤਸਵੀਰ ਸੀ। ਉੱਤੇ ਕਾਂਟਾ ਮਾਰਿਆ ਹੋਇਆ ਸੀ ਤੇ ਲਿਖਿਆ ਹੋਇਆ ਸੀ-ਨੋ ਨਾਈਟ ਲਿਜ਼ਰਡ।

''ਇਹ ਸਟਿੱਕਰ ਦਰਵਾਜ਼ੇ 'ਤੇ ਚਿਪਕਾ ਲੈ। ਫਿਰ ਨ੍ਹੀਂ ਆਉਂਦੀਆਂ।'' ਉਹਨੇ ਸਟਿੱਕਰ ਮੇਰੇ ਹੱਥ ਫੜਾ ਦਿੱਤਾ ਸੀ।
ਮੁੜ ਕੇ ਕਿਸੇ ਔਰਤ ਦੀ ਹਿੰਮਤ ਨਹੀਂ ਪਈ। ਜਿਸ ਰਾਤ ਮੈਂ ਉਹ ਔਰਤ ਭਜਾਈ, ਮੈਨੂੰ ਭੂਆ ਯਾਦ ਆਈ ਸੀ। ਪਰ ਹੁਣ ਭੂਆ ਮਨਪ੍ਰੀਤ ਦੇ ਨੱਕ ਨੂੰ ਨਕੇਲ ਕਿਉਂ ਨਾ ਪਾ ਕੀ। ਸੋਚਿਆ ਤਾਂ ਇਹ ਸੀ ਉਹਦੇ ਪੇਪਰ ਵਾਪਿਸ ਲੈ ਲਵਾਂ। ਬੈਠੀ ਰਹੇ ਮਾਪਿਆਂ ਦੇ ਘਰ। ਫਿਰ ਖ਼ਿਆਲ ਆਇਆ- ਉਹਤਾਂ ਮੇਰੇ ਭਾਪੇ ਦੇ ਘਰ ਬੈਠੇਗੀ। ਮੇਰੀ ਮਾਂ ਬਣ ਕੇ। ਮੈਂ ਜੇ ਇਹ ਕਰਨ ਦੀ ਸੋਚਦਾ, ਉਹਦੇ ਸ਼ਰੀਫ਼ ਭਰਾ ਮੱਖਣ ਸਿੰਘ ਦਾ ਚੇਹਰਾ ਮੇਰੇ ਸਾਹਮਣੇ ਆ ਜਾਂਦਾ। ਨਾਲ਼ੇ ਉਹਦੀ ਕੁਰਬਾਨੀ।

ਉਨੀਂ ਸੌ ਚੁਰਾਨਵੇਂ 'ਚ ਮੈਂ ਕਾਲਜ ਪੜ੍ਹਨ ਲੱਗਾ ਸੀ। ਅਕਸਰ ਅਸੀਂ ਪੰਜ-ਸੱਤ ਮੁੰਡੇ ਕਾਲਜ ਤੋਂ ਵਾਪਿਸ ਆ ਕੇ ਖਾਲਸਾ ਕਲਾਥ ਹਾਊਸ ਵਾਲ਼ਿਆਂ ਦੇ ਬੈਠ ਜਾਂਦੇ। ਕਾਲਿਜ ਦੇ ਰਾਹ ਵਿੱਚ ਹੀ ਇਹ ਸ਼ਾਪ ਪੈਂਦੀ ਸੀ। ਖਾਲਸਾ ਕਲਾਥ ਹਾਊਸ ਵਾਲ਼ਾ ਪਰਮਿੰਦਰ ਸਿੰਘ ਗੁਲਾਟੀ ਸਾਡੇ ਤੋਂ ਉਮਰ 'ਚ ਭਾਵੇਂ ਦਸ-ਗਿਆਰਾਂ ਸਾਲ ਵੱਡਾ ਸੀ, ਪਰ ਉਹ ਹਮਉਮਰਾਂ ਵਾਂਗ ਹੀ ਮਿਲ਼ਦਾ ਸੀ। ਉਂਝ ਵੀ ਬੀਬੀ ਭਾਪੇ ਸਮੇਤ ਸਾਡੇ ਪਿੰਡ ਦੇ ਲੋਕੀਂ ਉਹਦੇ ਪੱਕੇ ਗਾਹਕ ਸਨ। ਇੱਕ ਦਿਨ ਮੇਰੇ ਕੰਨ ਵਿੱਚ ਕਹਿਣ ਲੱਗਾ- ''ਬਾਬਾ ਜੀ ਖਾੜਕੂ ਸੰਘਰਸ਼ ਵਿੱਚ ਕੁੱਦੇ ਹੋਏ ਹਨ। ਇਨ੍ਹਾਂ ਨੂੰ ਸਕੂਟਰ 'ਤੇ ਲੈ ਜਾਈਂ। ਆਪਣੇ ਤੋਂ ਅਗਲੇ ਪਿੰਡ ਲਾਹ ਆਈਂ।''

ਮੈਂ ਉਹਨੂੰ ਨਾਲ਼ ਦੇ ਪਿੰਡ ਲਾਹ ਆਇਆ। ਫਿਰ ਰਾਤ-ਬਰਾਤੇ ਉਹ ਤੇ ਉਹਦੇ ਸਾਥੀ ਸਾਡੀ ਮੋਟਰ'ਤੇ ਆਉਣ ਲੱਗੇ। ਉਹਨਾਂ ਕੋਲ਼ ਅਸਾਲਟਾਂ ਦੇਖ ਕੇ ਡਰ ਲੱਗਾ ਸੀ। ਭਾਪੇ ਨੇ ਕਿਹਾ ਵੀ, ''ਜਿੰਦਿਆ, ਅੱਜ-ਕੱਲ੍ਹ ਪਤਾ ਨ੍ਹੀਂ ਲੱਗਦਾ ਬੰਦੇ ਕੌਣ ਨੇ। ਜੇ ਬਚ ਹੁੰਦਾ ਤਾਂ ਬਚ ਲੈ।''

ਪਰ ਕੀ ਕਰ ਸਕਦੇ ਸੀ? ਅੰਨ ਪਾਣੀ ਤਾਂ ਛਕਾਉਣਾ ਈ ਪੈਂਦਾ ਸੀ। ਫਿਰ ਇਹਦਾ ਖਮਿਆਜ਼ਾ ਵੀ ਭੁਗਤਣਾ ਪਿਆ। ਇੱਕ ਦਿਨ ਖਾਕੀ ਵਰਦੀ ਵਾਲ਼ੇ ਆ ਧਮਕੇ ਸਨ। ਹੱਥਾਂ-ਪੈਰਾਂ ਦੀ ਪੈ ਗਈ ਸੀ। ਮੈਂ ਤਾਂ ਹੱਥ ਨਾ ਆਇਆ। ਭਾਪੇ ਨੂੰ ਫੜ ਕੇ ਲੈ ਗਏ ਸਨ। ਮੈਂ ਗੁਲਾਟੀ ਸਾਹਿਬ ਦੇ ਪੈਰ ਜਾ ਫੜੇ ਸਨ।

''ਧਰਮ ਲਈ ਸੰਘਰਸ਼ ਚੱਲ ਰਿਹਾ। ਕੌਮ ਦੀ ਸੇਵਾ ਕਰ।'' ਉਹਦੇ ਚਿਹਰੇ 'ਤੇ ਲਾਲੀ ਆਈ ਪਈ ਸੀ। ਉਹ ਦਾੜ੍ਹੀ ਨੂੰ ਵਾਰ-ਵਾਰ ਪਲ਼ੋਸ ਰਿਹਾ ਸੀ।

ਮੈਂ ਸਿਰ ਫੇਰ ਦਿੱਤਾ ਸੀ ਤੇ ਨਾਲ਼ ਹੱਥ ਵੀ ਜੋੜ ਦਿੱਤੇ ਸਨ। ਸ਼ਾਇਦ ਮੇਰੇ ਤਰਲੇ ਸੁਣ ਕੇ ਪਿਘਲ਼ ਗਿਆ ਸੀ।
''ਪੁਲੀਸ ਨਾਲ਼ ਸੈੱਲ ਬਣਾਉਣੇ ਪੈਣੇ ਆ। ਟਰਾਈ ਮਾਰ ਕੇ ਦੇਖਦਾਂ। ਦਾਨ ਦਕਸ਼ਣਾ ਵੀ ਦੇਣੀ ਪੈਣੀ ਆ। ...ਬਾਕੀ ਜੰਗਜੂਆਂ ਤੋਂ ਕਿਵੇਂ ਬਚੇਂਗਾ?'' ਗੁਲਾਟੀ ਨੇ ਮੇਰੇ ਅੱਗੇ ਦਹਿਸ਼ਤ ਫੈਲਾ ਦਿੱਤੀ ਸੀ।
''ਮੈਂ ਅਮਰੀਕਾ ਭੱਜ ਜਾਵਾਂਗਾ।''

ਉਹ ਮੇਰੀ ਗੱਲ ਸੁਣ ਕੇ ਮੁਸਕਰਾ ਪਿਆ ਸੀ। ਜਿਵੇਂ ਕਹਿ ਰਿਹਾ ਹੋਵੇ- ਜੇ ਤੁੰਮੇ ਏਨੇ ਮਿੱਠੇ ਹੋ ਜਾਣ ਤਾਂ ਹਰ ਕੋਈ ਮੂੰਹ ਵਿੱਚ ਪਾ ਲਵੇ। ਪਰ ਮੈਂ ਉਹਦੇ ਮਗਰ ਹੱਥ ਧੋ ਕੇ ਪੈ ਗਿਆ ਸੀ। ਉਹ ਜਿਵੇਂ ਕਹਿੰਦਾ ਰਿਹਾ, ਮੈਂ ਕਰਦਾ ਰਿਹਾ। ਬਾਪੂ ਕੋਲ਼ ਪੰਜ ਕਿੱਲੇ ਸੀਗੇ। ਜ਼ਮੀਨ ਗਹਿਣੇ ਧਰਦਾ ਰਿਹਾ। ਕਦੇ ਪੁਲੀਸ ਨੂੰ ਖੁਸ਼ ਕਰਦਾ ਤੇ ਕਦੇ...। ਉਹ ਕਰਦਾ ਵੀ ਕੀ? ਉਨੀਂ-ਵੀਹ ਸਾਲ ਦੇ ਇੱਕਲੌਤੇ ਪੁੱਤ ਨੂੰ ਮਰਵਾ ਲੈਂਦਾ? ਗੁਲਾਟੀ ਸਾਹਿਬ ਕੀ ਸ਼ੈਅ ਸੀ, ਉਦੋਂ ਪਤਾ ਲੱਗਿਆ। ਜਦੋਂ ਮੈਨੂੰ 'ਮਾਫ਼ੀ' ਦੁਆ ਦਿੱਤੀ, ਮੇਰਾ ਭਾਪਾ ਕਹਿੰਦਾ- ਇਹ ਖ਼ੁਫ਼ੀਆ ਏਜੰਸੀ ਦਾ ਬੰਦਾ ਹੋਣਾਂ। ਮੇਰੇ ਲਈ ਇਸ ਗੱਲ ਦੀ ਕੋਈ ਮਹੱਤਤਾ ਨਹੀਂ ਸੀ। ਮੈਂ ਪੁਲੀਸ ਤੋਂ ਬੱਚਕੇ ਅਮਰੀਕਾ ਪੁੱਜਣਾ ਚਾਹੁੰਦਾ ਸੀ। ਗੁਲਾਟੀ ਸਾਹਿਬ ਦਾ ਈ ਏਜੰਟ ਸੀ। ਉਹ ਏਜੰਟ ਈ ਦਿੱਲੀ ਤੋਂ ਕਿਊਬਾ, ਜਮੇਇਕਾ ਤੇ ਬਾਹਮਸ ਤੱਕ ਲੈ ਕੇ ਗਿਆ ਬੋਟ ਰਾਹੀਂ। ਅਮਰੀਕਾ ਦੇ ਮਿਆਮੀ ਸ਼ਹਿਰ ਦੀ ਐਂਟਰੀ ਵੀ ਉਹਨੇ ਹੀ ਕਰਵਾਈ। ਉਹ ਬੋਟ ਰਾਹੀਂ ਆਪ ਤਾਂ ਛੁਪਣ ਹੋ ਗਿਆ। ਜਿਉਂ ਹੀ ਅਸੀਂ ਜੰਗਲ਼ ਵਿੱਚ ਵੜੇ, ਫਲੋਰੀਡਾ ਸਟੇਟ ਦੀ ਪੁਲੀਸ ਨੇ ਸਾਨੂੰ ਦਬੋਚ ਲਿਆ ਸੀ। ਮਿਆਮੀ ਸੈਂਟਰਲ ਜੇਲ੍ਹ ਤੋਂ ਹੁੰਦੇ ਹੋਏ ਇਮੀਗਰੇਸ਼ਨ ਜੇਲ੍ਹ ਦੀ ਹਵਾ ਖਾਣ ਲੱਗ ਪਏ। ਪੁੱਛ-ਗਿੱਛ ਹੋਈ। ਮੈਂ ਪੁਲੀਸ ਦੇ ਛਾਪਿਆਂ ਵਾਲ਼ਾ ਤੇ ਦੂਜਾ ਸਾਰਾ ਕੇਸ ਉਹਨਾਂ ਸਾਹਮਣੇ ਖੋਲ੍ਹ ਦਿੱਤਾ ਸੀ। ਉਹਨਾਂ ਦਿਨਾਂ ਵਿੱਚ ਮੈਨੂੰ ਕੋਈ ਵੀ ਮਾਰ ਸਕਦਾ ਸੀ। ਜੱਜ ਨੂੰ ਗੱਲ ਜਚ ਗਈ ਸੀ। ਬਾਕੀ ਕੈਦੀ ਤਾਂ ਬੌਂਡ 'ਤੇ ਛੱਡ ਦਿੱਤੇ ਸਨ ਪਰ ਮੇਰਾ ਰੈਕਟ ਕਿਸੇ ਕਰਿਮੀਨਲ ਅੱਤਵਾਦੀ ਨਾਲ਼ ਮੈਚ ਕਰ ਰਿਹਾ ਸੀ, ਮੈਨੂੰ ਦੁਬਾਰਾ ਸੈਂਟਰਲ ਜੇਲ੍ਹ ਭੇਜ ਦਿੱਤਾ।

ਮੇਰੇ ਕੇਸ ਦੀ ਪੈਰਵੀ ਏਜੰਟ ਕਰਵਾ ਰਿਹਾ ਸੀ। ਇੱਕ ਦਿਨ ਇੱਕ ਗੁਰਸਿੱਖ ਸਿੰਘ ਜੇਲ੍ਹ ਆਇਆ। ਉਸਨੇ ਸਾਰੇ ਪੰਜਾਬੀ ਪੋਲੀਟੀਕਲ ਅਸਾਈਲਮ ਵਾਲ਼ਿਆਂ ਨਾਲ਼ ਮੁਲਾਕਾਤ ਕੀਤੀ। ਤੇ ਬੋਲਿਆ- ''ਮੈਂ ਮੱਖਣ ਸਿੰਘ ਗੁਰਦੁਆਰਾ ਸਾਹਿਬ ਮਿਆਮੀ ਦੀ ਸਾਧ ਸੰਗਤ ਤੇ ਪ੍ਰਬੰਧਕਾਂ ਵੱਲੋਂ ਆਇਆਂ, ਕਿਸੇ ਸਿੱਖ ਵੀਰ ਨੂੰ ਕਿਸੇ ਕਿਸਮ ਦੀ ਲੋੜ ਹੋਵੇ, ਦੱਸਣਾ। ਵਕੀਲ, ਪੈਸੇ ਧੇਲੇ ਦੀ, ਜਾਂ ਕੋਈ ਹੋਰ...। ਗੁਰੂ ਘਰ ਦਾ ਫੋਨ ਨੰਬਰ ਨੋਟ ਕਰ ਲਉ। ਚੌਵੀ ਘੰਟੇ ਗੁਰੂ ਘਰ ਦੇ ਦਰਵਾਜ਼ੇ ਸਭਨਾਂ ਲਈ ਖੁੱਲ੍ਹੇ ਹਨ।'' ਉਹ ਹਫ਼ਤੇ ਦੋ ਹਫ਼ਤੇ ਬਾਅਦ ਗੇੜਾ ਮਾਰ ਜਾਂਦਾ। ਅਖ਼ਬਾਰਾਂ ਤੇ ਸਿੱਖ ਲਿਟਰੇਚਰ ਦੇ ਜਾਂਦਾ। ਦੁੱਖ ਸੁੱਖ ਸਾਂਝਾ ਕਰ ਜਾਂਦਾ। ਸਾਨੂੰ ਹੌਂਸਲੇ 'ਚ ਕਰ ਜਾਂਦਾ।

ਫਿਰ ਇੱਕ ਦਿਨ ਕੋਰਟ ਨੇ ਬਿਨਾਂ ਬੌਂਡ ਤੋਂ ਮੇਰੀ ਰਿਹਾਈ ਕਰ ਦਿੱਤੀ। ਮੈਂ ਜੇਲ੍ਹ ਤੋਂ ਸਿੱਧਾ ਗੁਰੂ ਘਰ ਆ ਗਿਆ। ਸ਼ਾਮ ਨੂੰ ਮੱਖਣ ਸਿੰਘ ਨਾਲ਼ ਮੁਲਾਕਾਤ ਹੋਈ। ਮਿਲ਼ ਕੇ ਲੱਗਾ ਜਿਵੇਂ ਕੁਝ ਬੰਦੇ ਦੂਜਿਆਂ ਦੇ ਕੰਮ ਆਉਣ ਲਈ ਹੀ ਬਣੇ ਹੁੰਦੇ ਹਨ। ਉਹ ਮੈਨੂੰ ਆਪਣੇ ਅਪਾਰਮੈਂਟ ਲੈ ਗਿਆ। ਮੈਨੂੰ ਵਰਕ ਪਰਮਿਟ ਲੈ ਕੇ ਦਿੱਤਾ। ਮੇਰੇ ਕੇਸ ਦੀ ਪੈਰਵੀ ਕਰਦਾ। ਕੋਰਟ ਵਿੱਚ ਬਿਆਨ ਕਰਵਾਉਂਦਾ। ਉਹ ਮੈਨੂੰ ਛੇਤੀ ਤੋਂ ਛੇਤੀ ਸੈੱਟ ਕਰਨਾ ਚਾਹੁੰਦਾ ਸੀ। ਸਾਰਾ ਪੇਪਰ ਵਰਕ ਉਹਨੇ ਹੀ ਕਰਵਾਇਆ ਸੀ। ਮੈਂ ਦਸ ਸਾਲ ਉਹਦੇ ਲਾਗੇ ਰਿਹਾ। ਫਿਰ ਉਹਨੇ ਮੈਨੂੰ ਕੈਲੀਫੋਰਨੀਆਂ ਭਾਅ ਜੀ ਅਵਤਾਰ ਕੋਲ਼ ਭੇਜ ਦਿੱਤਾ। ਉਹਨੇ ਅਵਤਾਰ ਵੀ ਨਰ ਬੰਦਾ ਟਕਰਾਇਆ। ਉਹ ਤਾਂ ਚਾਹੁੰਦਾ ਸੀ, ਮੈਂ ਰਾਤੋ ਰਾਤ ਸਫ਼ਲ ਹੋ ਜਾਵਾਂ। ਉੱਥੇ ਕੰਮ ਤਾਂ ਸਿਸਟਮ ਵਿੱਚ ਪੈ ਕੇ ਹੁੰਦੇ ਹਨ। ਪੋਲੀਟੀਕਲ ਅਸਾਈਲਮ ਦਾ ਕੇਸ ਹੋਣ ਕਰਕੇ ਬੀਬੀ ਭਾਪਾ ਤਾਂ ਉਸੇ ਵੇਲੇ ਜਾ ਸਕਦੇ ਸਨ ਪਰ ਉਹ ਮੰਨੇ ਨਹੀਂ ਸਨ।ਜਦੋਂ ਤੱਕ ਮੈਨੂੰ ਸਿਟੀਜ਼ਨਸ਼ਿੱਪ ਮਿਲ਼ੀ, ਉੱਥੇ ਗਏ ਨੂੰ ਪੰਦਰਾਂ ਸਾਲ ਹੋ ਗਏ ਸਨ। ਹੁਣ ਮੇਰੇ ਕੋਲ਼ ਕਿਸ਼ਤਾਂ ਵਾਲ਼ਾ ਘਰ ਏ। ਆਪਣਾ ਟਰੱਕ ਆ। ਇਹ ਸਭ ਭਾਅ ਜੀ ਮੱਖਣ ਸਿੰਘ ਦੀਆਂ ਬਰਕਤਾਂ ਆ। ਜਿਉਂ ਹੀ ਮੈਨੂੰ ਸਿਟੀਜ਼ਨਸ਼ਿੱਪ ਮਿਲ਼ੀ। ਮੈਂ ਇੰਡੀਆ ਲਈ ਟਿਕਟ ਕਟਾ ਲਈ ਸੀ।

''ਗੁਰਜਿੰਦਰ ਸਿਆਂ, ਦਿਲ 'ਚ ਨਾ ਰੱਖੀਂ ਕਿ ਮੱਖਣ ਸਿਹੁੰ ਸਾਰਾ ਕੁਝ ਮਤਲਬ ਲਈ ਕਰਦਾ ਰਿਹਾ। ਮੇਰੀ ਭੈਣ ਆ ਮਨਪ੍ਰੀਤ। ਬੀ.ਐੱਸ.ਸੀ. ਨਰਸਿੰਗ ਕੀਤੀ ਹੋਈ ਆ। ਵਾਹਿਗੁਰੂ ਦੀ ਕਿਰਪਾ ਨਾਲ਼ ਤੇਰਾ ਉਹਦੇ ਨਾਲ਼ ਮੇਲ਼ ਵੀ ਆ। ਪਿੰਡ ਜਾ ਆਵੀਂ। ਮੇਰੇ ਪਿਤਾ ਜੀ ਵੀ ਆਉਣਗੇ। ਪਸੰਦ ਆ ਗਈ ਤਾਂ ਵਿਆਹ ਕਰਵਾ ਲਵੀਂ। ਜੇ ਪਸੰਦ ਨਾ ਆਈ, ਫਿਰ ਨਾ ਕਰੀਂ। ਮੈਂ ਮਾਈਂਡ ਨ੍ਹੀਂ ਕਰਦਾ। ਆਪਣਾ ਰਿਸ਼ਤਾ ਬਣਿਆ ਰਹੇਗਾ। ਬਾਕੀ ਜੇ ਕਰਮਾਂ 'ਚ ਰਿਸ਼ਤਾ ਹੋਇਆ ਤਾਂ ਹੋ ਜਾਵੇਗਾ।'' ਭਾਅ ਜੀ ਮੱਖਣ ਸਿੰਘ ਨੇ ਹਲਕੇ ਜਿਹੇ ਮੂਡ ਵਿੱਚ ਕਿਹਾ ਸੀ। ਰੋਜ਼ ਤਾਂ ਉਹਦਾ ਫੋਨ ਆਉਂਦਾ ਸੀ। ਹੁਣ ਵੀ ਆਉਂਦਾ ਏ।

ਇਹੋ ਜਿਹੇ ਬੰਦੇ ਦੀ ਭੈਣ ਨਾਲ਼ ਵਿਆਹ ਕਰਵਾਉਣਾ, ਮੈਨੂੰ ਮਾਣ ਵਾਲ਼ੀ ਗੱਲ ਲੱਗਦੀ ਸੀ। ਮੈਂ ਦੇਖ ਦਿਖਾਈ ਦੇ ਚੱਕਰ 'ਚ ਨਾ ਪਿਆ। ਬੱਸ ਵਿਆਹ ਕਰਵਾਉਣ ਦੀ ਕੀਤੀ। ਮੈਂ ਕਦੇ ਵੀ ਭਾਅ ਜੀ ਮੱਖਣ ਸਿੰਘ ਦਾ ਦੇਣਾ ਨਹੀਂ ਦੇ ਸਕਦਾ। ਨਾਲ਼ੇ ਮਨਪ੍ਰੀਤ ਤਾਂ ਉਂਝ ਈ ਬਹੁਤ ਖ਼ੂਬਸੂਰਤ ਸੀ ਤੇ ਸੁਘੜ ਸਿਆਣੀ ਹੋਣ ਕਰਕੇ ਸੱਚ ਮੁੱਚ ਈ ਮੇਰੇ ਮਨ ਦੀ ਪ੍ਰੀਤ ਬਣ ਗਈ ਸੀ। ਮੇਰੀ ਮਨਪ੍ਰੀਤ ਨੇ ਘਰ ਆ ਸਾਂਭਿਆ ਸੀ। ਪਰ ਜੋ ਕੁਝ ਉਹ ਹੁਣ ਕਰ ਰਹੀ ਆ। ਬੰਦਾ ਕਲਪਨਾ ਵੀ ਨਹੀਂ ਕਰ ਸਕਦਾ।

ਡਰਾਈਵਰ ਦੇ ਫੋਨ ਦੀ ਘੰਟੀ ਵੱਜੀ ਹੈ। ਮੇਰੇ ਕੋਲ਼ ਇੰਟਰਨੈਸ਼ਨਲ ਨੰਬਰ ਵਾਲ਼ਾ ਫੋਨ ਏ। ਮੈਂ ਕਿਸੇ ਨਾਲ਼ ਗੱਲ ਨਹੀਂ ਕਰਦਾ। ਇਹ ਕਿਸੇ ਨਾਲ਼ ਗੱਲਾਂ ਵਿੱਚ ਰੁਝ ਵੀ ਗਿਆ ਹੈ। ਗੱਡੀ ਦੀ ਸਪੀਡ ਉਨੀ ਈ ਆ। ਬਈ ਤੂੰ ਸਾਈਡ 'ਤੇ ਲਾ ਕੇ ਗੱਲ ਕਰ ਲੈ। ਕਿੰਨੀਂ ਵਾਰ ਕਿਹਾ- ਚਲਦੀ ਗੱਡੀ 'ਚ ਫੋਨ ਅਟੈਂਡ ਨਾ ਕਰੋ। ਇਧਰਲੇ ਡਰਾਈਵਰਾਂ ਨੂੰ ਜੋ ਮਰਜ਼ੀ ਕਹੀ ਜਾਵੋ। ਵਿੰਗੀਆਂ ਲੱਕੜੀਆਂ ਨੇ। ਇਹਨੀਂ ਕਿਹੜਾ ਮੰਨਣਾ ਹੁੰਦੈ. ਜਾਹ ਤਾਂ ਸਾਡੇ ਉਧਰ ਕੋਈ ਟਰੈਫਿਕ ਦਾ ਨਿਯਮ ਤੋ ਕੇ ਦਿਖਾਵੇ। ਉਸੇ ਵੇਲ਼ੇ ਸ਼ੈਰਿਫ਼ ਮੋਟੀ ਟਿਕਟ ਦੇ ਜਾਂਦਾ ਆ। ...ਇਹ ਭਾਈ ਸਾਹਿਬ ਤਾਂ ਅਜੇ ਤੱਕ ਫੋਨ 'ਤੇ ਚਿੰਬੜੇ ਹੋਏ ਹਨ। ਚਾਰੇ ਪਾਸੇ ਇਵੇਂ ਲੱਗ ਰਿਹਾ ਜਿਵੇਂ ਹਿੰਦੁਸਤਾਨੀਆਂ ਨੇ ਫੋਨਾਂ 'ਤੇ ਹੀ ਜੰਗ ਜਿੱਤਣੀ ਹੋਵੇ। ਜਦੋਂ ਸੁਦਾਗਰ ਦਾ ਫੋਨ ਆਇਆ ਸੀ, ਮੈਂ ਵੀ ਉਦੋਂ ਟਰੱਕ ਡਰਾਈਵ ਕਰ ਰਿਹਾ ਸੀ। 'ਬੈੱਕ ਕਾਲ ਕਰਦਾਂ' ਕਹਿ ਕੇ ਫੋਨ ਕੱਟ ਦਿੱਤਾ ਸੀ।

ਸੁਦਾਗਰ ਦਾ ਨਾਂ ਯਾਦ ਆਉਂਦਿਆਂ ਹੀ ਮਨ ਦਾ ਜ਼ਰਾ ਕੁ ਸ਼ਾਂਤ ਹੋਇਆ ਸਮੁੰਦਰ ਫਿਰ ਤੋਂ ਖੌਲਣ ਲੱਗ ਪਿਆ ਸੀ। ਅੱਖਾਂ ਦੀ ਲਾਲੀ ਦੀਆਂ ਡੋਰੀਆਂ ਹੋਰ ਵੱਧ ਗਈਆਂ ਹੋਣਗੀਆਂ। ਮੈਂ ਗੈਸ ਸਟੇਸ਼ਨ 'ਤੇ ਰੁਕ ਕੇ ਉਹਨੂੰ ਫੋਨ ਲਾਇਆ ਸੀ।
''ਹੋਰ ਸੁਣਾ ਪਿੰਡ ਦਾ ਹਾਲ। ਆਂਢ-ਗੁਆਂਢ ਦਾ ਤੇ ਸਾਡੇ ਘਰ ਦਾ।''

ਮੈਂ 'ਸਾਡੇ ਘਰ ਦਾ'  'ਤੇ ਜ਼ੋਰ ਦਿੱਤਾ ਸੀ। ਮੈਂ ਭੂਆ ਦਾ ਤਾਜ਼ਾ-ਤਾਜ਼ਾ ਖ਼ਤ ਪੜ੍ਹ ਕੇ ਹਿਲਿਆ ਹੋਇਆ ਸੀ।
ਸੁਦਾਗਰ ਮੇਰਾ ਜਮਾਤੀ ਏ ਤੇ ਦੋਸਤ ਵੀ ਏ। ਮੈਨੂੰ ਉਸ 'ਤੇ ਪੂਰਾ ਭਰੋਸਾ ਸੀ ਕਿ ਉਹ ਸੱਚ ਬੋਲੇਗਾ ਤੇ ਇਕੱਲੀ-ਇਕੱਲੀ ਗੱਲ ਆਪਣਾ ਦੁੱਖ ਸਮਝ ਕੇ ਦੱਸੇਗਾ। ਪਹਿਲਾਂ ਤਾਂ ਉਹ ਇਧਰ-ਉਧਰ ਦੀਆਂ ਮਾਰਦਾ ਰਿਹਾ। ਫਿਰ ਗਲੋਟਾ ਉਧੜਦਾ ਤੇ ਉਲਝਦਾ ਜਾ ਰਿਹਾ ਸੀ।
''ਭਰਾਵਾ, ਹੌਂਸਲਾ ਨ੍ਹੀਂ ਸੀ ਪੈ ਰਿਹਾ, ਕਿਵੇਂ ਗੱਲ ਕਰਾਂ। ਹੁਣ ਤਾਂ ਪਾਣੀ ਪੁਲ਼ਾਂ ਉੱਤੋਂ ਦੀ ਲੰਘ ਗਿਆ ਜਾਪਦਾ ਏ ਸਾਰੇ ਪਿੰਡ 'ਚ ਰੌਲ਼ਾ ਪੈ ਗਿਆ। ਭਾਬੀ ਤੇ ਫੌਜੀ ਭਾਪੇ ਦੇ ਗਲਤ ਬਣੇ ਰਿਸ਼ਤੇ ਦਾ।''

''ਇਹ ਰੌਲ਼ਾ ਈ ਆ? ਜਾਂ ਤੂੰ ਆਪ ਵੀ ਕੁਝ ਦੇਖਿਆ?'' ਮੈਨੂੰ ਅਜੇ ਵੀ ਆਪਣੇ ਆਪ 'ਤੇ ਭਰੋਸਾ ਸੀ। ਜਿਹੜਾ ਫੌਜੀ ਸਰਹੱਦ 'ਤੇ ਦੁਸ਼ਮਣਾਂ ਦਾ ਸਫਾਇਆ ਕਰਦਾ ਰਿਹਾ, ਉਹ ਦੁਸ਼ਮਣਾਂ ਦੇ ਟੋਲੇ 'ਚ ਕਿਵੇਂ ਜਾ ਰਲ਼ਿਆ। ਉਹ ਟੂਣੇਹਾਰੀ ਅੱਖ ਦੇ ਕਿਵੇਂ ਕਾਬੂ ਆ ਗਿਆ?
''ਥੋੜ੍ਹੇ ਦਿਨ ਹੋਏ ਮੈਂ ਗੇਟ ਖੁੱਲ੍ਹਾ ਦੇਖ ਕੇ ਅੰਦਰ ਜਾ ਵੜਿਆ। ਭਾਬੀ ਫੌਜੀ ਭਾਪੇ 'ਤੇ ਪਾਣੀ ਦੇ ਮੱਘ ਭਰ-ਭਰ ਕੇ ਪਾ ਰਹੀ ਸੀ। ਉਹ ਭਾਬੀ ਤੋਂ ਸਾਬਣ ਲੁਆ-ਲੁਆ ਕੇ ਨਹਾ ਰਿਹਾ ਸੀ। ਮੈਨੂੰ ਦੇਖ ਕੇ ਭਾਬੀ ਦੇ ਮੱਥੇ ਵੱਟ ਪੈ ਗਏ , ਪਰ ਬੋਲੀ ਕੁਝ ਨਾ। ਪਰ ਫੌਜੀ ਦਿਮਾਗ਼ ਨੇ ਹੱਦ ਕਰ ਦਿੱਤੀ। ਕਹਿਣ ਲੱਗਾ-''ਓਏ ਸੱਗੀ, ਘੰਟੀ ਵਜਾਉਣ ਲਈ ਲਾਈ ਹੋਈ ਆ।'' ਇਹ ਸ਼ਬਦ ਉਨਾਂ ਇਨੇਂ ਕੁਰੱਖ਼ਤ ਲਹਿਜੇ ਵਿੱਚ ਵਰਤੇ, ਮੈਂ ਤਾਂ ਜਿਵੇਂ ਮਰ ਹੀ ਗਿਆ ਹੋਵਾਂ। ਮੈਂ ਆਸਰਾ ਭਾਲਣ ਲਈ ਬੀਬੀ ਦੇ ਕਮਰੇ ਵੱਲ ਚਲਿਆ ਗਿਆ। ਉਹ ਵੀ ਚੁੱਪ। ਭਰਾਵਾ ਉਹਦੀ ਕਿੱਥੇ ਚਲਦੀ ਆ ਹੁਣ। ਨਾਲ਼ੇਂ ਜਦੋਂ ਵਹੁਟੀਆਂ ਆ ਜਾਣ, ਮਾਵਾਂ ਪਿੱਛੇ ਪੈ ਜਾਂਦੀਆਂ ਹਨ। ਉਹਦਾ ਵਿਚਾਰੀ ਦਾ ਚੂਲ਼ਾ ਕੀ ਟੁੱਟਿਆ, ਨਾਤੇ ਈ ਤੋੜ ਬੈਠੀ।''

ਮੈਂ ਫੋਨ ਕੱਟ ਕੇ ਟਰੱਕ ਤੋਰ ਤਾਂ ਲਿਆ ਪਰ ਮੋਹਰੇ ਦਿਸੇ ਕੁਝ ਨਾ। ਅੱਖਾਂ ਅੱਗੇ ਹਨੇਰਾ ਆਈ ਜਾਵੇ। ਦੋ-ਤਿੰਨ ਵਾਰ ਟੱਕਰ ਹੋਣੋਂ ਵੀ ਬਚੀ। ਫਰੀਵੇਅ 'ਤੇ ਪਾਇਆ ਤਾਂ ਮੂਹਰੇ ਸ਼ੈਰਿਫ਼ ਚਲਾਣ ਕੱਟ ਰਿਹਾ ਸੀ। ਮੈਂ ਉਸ 'ਮਾਮੇ' ਨੂੰ ਦੇਖ ਕੇ ਡਰ ਗਿਆ। ਟਰੱਕ, ਟਰੱਕ ਸ਼ਾਪ 'ਤੇ ਜਾ ਖੜ੍ਹਾ ਕੀਤਾ। ਲੋਡ ਕਿਸੇ ਹੋਰ ਨੂੰ ਚੁਕਾਉਣ ਲਈ ਡੈਸਪੈਚਰ ਨੂੰ ਰੀਕੁਐਸਟ ਕੀਤੀ। ਮੈਂ ਟਰੱਕ ਵਿਚਲੇ ਬੈਂਡ 'ਤੇ ਪੈ ਗਿਆ। ਪਰ ਅੱਖਾਂ ਨਾ ਮੀਟ ਹੋਈਆਂ।

ਜਦੋਂ ਤੱਕ ਮੇਰਾ ਕਾਰਡ ਨਹੀਂ ਮੁੱਕ ਗਿਆ, ਮੈਂ ਸੁਦਾਗਰ ਨਾਲ਼ ਗੱਲੀਂ ਲੱਗਾ ਰਿਹਾ ਸੀ। ਉਹਦੇ ਉਹੀ ਬੋਲ ਮੇਰੇ ਕੰਨਾਂ ਵਿੱਚ ਵੱਜਣ ਲੱਗੇ। ਲੋਕ ਕਿਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ। ਉਹ ਵੀ ਉਹਨੇ ਮੈਨੂੰ ਦੱਸੀਆਂ ਸਨ। ਜੇ ਸਾਰਾ ਕੁਝ ਸੱਚ ਸੀ, ਮੈਂ ਕਿਵੇਂ ਲੋਕਾਂ ਨੂੰ ਰੋਕ ਸਕਦਾ ਸੀ? ਲੋਕਾਂ ਦੀ ਜ਼ੁਬਾਨ ਤੇ ਵਗਦੀ ਹਵਾ ਨੂੰ ਕੋਈ ਫੜ ਨਹੀਂ ਸਕਦਾ। ਇਹ ਹਵਾ ਵੀ ਕਾਲ਼ੀ ਹਨੇਰੀ ਬਣਦੀ ਦਿਸ ਰਹੀ ਸੀ। ਇਸ ਹਨੇਰੀ ਵਿੱਚ ਉੱਡਿਆ, ਮੈਂ ਯਾਦਾਂ ਦੇ ਵਾਵਰੋਲ਼ਿਆਂ ਵਿੱਚ ਘੁੰਮਣ ਲੱਗਾ।

ਮੈਨੂੰ ਯਾਦ ਆਇਆ ਜਦੋਂ ਅਸੀਂ ਛੇਵੀਂ-ਸੱਤਵੀਂ ਜਮਾਤ 'ਚ ਪੜ੍ਹਦੇ ਸੀ, ਸਾਡਾ ਗੁਆਂਢੀ ਕਰਮਾ ਇਰਾਨ ਗਿਆ ਹੋਇਆ ਸੀ। ਉਦੋਂ ਇਰਾਕ ਤੇ ਇਰਾਨ ਦੀ ਜੰਗ ਛਿੜ ਪਈ ਸੀ। ਕਰਮੇ ਦਾ ਕੋਈ ਥਹੁ ਪਤਾ ਨਾ ਲੱਗੇ। ਨਾ ਚਿੱਠੀ ਨਾ ਪੱਤਰ. ਪਿੱਛੇ ਸੁਰਿੰਦਰ ਭਾਬੀ, ਦੋ ਬੱਚੇ ਤੇ ਤਾਇਆ ਜੀ ਉਹਦੀ ਰੋਜ਼ ਉਡੀਕ ਕਰਨ। ਤਿੰਨ-ਚਾਰ ਸਾਲ ਲੰਘ ਗਏ ਪਰ ਉਹ ਨਾ ਆਇਆ। ਤਾਏ ਨੇ ਹੋਰ ਮੱਝਾਂ ਰੱਖ ਲਈਆਂ। ਦੁੱਧ ਵੇਚ ਕੇ ਗੁਜ਼ਾਰਾ ਕਰਨ ਲੱਗੇ। ਸ਼ਾਮਾਂ ਨੂੰ ਲੋਕਾਂ ਨੇ ਦੁੱਧ ਲੈਣ ਆਉਣਾ। ਮੈਂ ਤੇ ਸੁਦਾਗਰ ਵੀ ਉਹਨਾਂ ਦੇ ਘਰ ਖੇਡਣ ਚਲੇ ਜਾਂਦੇ। ਭਾਬੀ ਤਾਏ ਤੋਂ ਘੁੰਡ ਕੱਢਦੀ ਸੀ। ਚੁੰਨੀਂ ਦੇ ਲੜ ਵਿੱਚੋਂ ਈ ਭਾਬੀ ਦੀਆਂ ਅੱਖਾਂ ਤਾਏ ਵਿੱਚੋਂ ਪਤਾ ਨ੍ਹੀਂ ਕੀ ਭਾਲ਼ਦੀਆਂ ਰਹਿੰਦੀਆਂ ਸਨ, ਉਹਨੇ ਤਾਏ ਦੇ ਮੂੰਹ ਵੱਲ ਵੇਖੀ ਜਾਣਾ। ਦੁੱਧ ਦਾ ਮਘ ਭਰ ਕੇ ਉਹਨੂੰ ਦਿਖਾਲਣਾ। ਫਿਰ ਅਗਲੇ ਦੇ ਡੱਬੇ ਵਿੱਚ ਉਲਟਾਉਣਾ। ਅਸੀਂ ਡੇਢ ਦੋ ਘੰਟੇ ਉਹਨਾਂ ਦਾ ਅੱਖ ਮਟਕਾ ਦੇਖੀ ਜਾਣਾਂ। ਹੌਲ਼ੀ-ਹੌਲ਼ੀ ਪਿੰਡ ਵਿੱਚ ਉਨ੍ਹਾਂ ਦੇ ਘਿਓ-ਖਿਚੜੀ ਹੋਣ ਦਾ ਰੌਲ਼ਾ ਪੈ ਗਿਆ ਸੀ। ਇਹ ਖ਼ਬਰ ਭੂਆ ਤੱਕ ਅੱਪੜੀ ਤਾਂ ਉਹ ਲੋਹੀ ਲਾਖੀ ਹੋਈ, ਉਸੇ ਵੇਲ਼ੇ ਉਨ੍ਹਾਂ ਦੇ ਘਰ ਜਾ ਪੁੱਜੀ ਸੀ। ਉੱਚੀ-ਉੱਚੀ ਸੰਘ ਘਰੋੜ-ਘਰੋੜ ਕੇ ਉਹਨੇ ਦੋਵਾਂ ਦੀ ਮਿੱਟੀ ਪੱਟ-ਪੱਟ ਅੰਬਰੀਂ ਚਾੜ੍ਹ ਦਿੱਤੀ। ਦੋਵੇਂ ਨੂੰ ਸ਼ਰੀਕੇ 'ਚ ਬਿਠਾ ਕੇ ਕੰਨਾਂ ਨੂੰ ਹੱਥ ਲੁਆਏ।

ਮੈਨੂੰ ਲੱਗਦੈ ਸਾਡੇ ਘਰ ਦੀ ਗੱਲ ਸੱਚੀ ਨਹੀਂ ਹੋਣੀ। ਜੇ ਸੱਚੀ ਹੁੰਦੀ ਹੁਣ ਤੱਕ ਭੂਆ...। ਮਨਪ੍ਰੀਤ ਦੇ ਸੁਭਾਅ ਦਾ ਕੀ ਪਤਾ? ਹੋ ਸਕਦਾ ਬਾਹਲ਼ੀ ਲੜਾਕੀ ਹੋਵੇ। ਭੂਆ ਝੇਪ ਮੰਨਦੀ ਹੋਵੇ। ਮੈਂ ਤਾਂ ਵਿਆਹ ਪਿਛੋਂ ਪੰਜ ਹਫ਼ਤੇ ਉਹਦੇ ਕੋਲ਼ ਰਿਹਾਂ। ਫਿਰ ਉਡਾਰੀ ਮਾਰ ਲਈ ਸੀ। ਮੈਂ ਘਰ ਫ਼ੋਨ ਕਰਦਾ ਆਂ। ਬੀਬੀ ਵੀ ਕੁਸਕਦੀ ਨਹੀਂ। ਉਹਦੇ ਕਹਿਣ ਤੇ ਤਾਂ ਮੈਂ ਮਨਪ੍ਰੀਤ ਦੀ ਪਟੀਸ਼ਨ ਕੀਤੀ ਸੀ। ਸਾਡੀ ਦੋਨਾਂ ਦੀ ਉਮਰ 'ਚ ਫ਼ਰਕ ਆ। ਉਹ ਮੈਥੋਂ ਦਸ-ਬਾਰਾਂ ਸਾਲ ਛੋਟੀ ਐ। ਅੰਬੈਸੀ ਵਾਲ਼ੇ ਸਾਡੀ ਮੈਰਿਜ 'ਤੇ ਸ਼ੱਕ ਕਰਦੇ ਆ। ਔਬਜ਼ੈਕਸ਼ਨ ਲਾਈ ਜਾਂਦੇ ਆ। ਮੈਂ ਤਾਂ ਉਹਦੇ ਆਉਣ ਦੀ ਉਡੀਕ ਵਿੱਚ ਦਿਨ ਕਟੀ ਕਰ ਰਿਹਾ ਸੀ। ਆਹ ਤਾਂ ਪਤਾ ਈ ਨਹੀਂ ਸੀ।

ਮੈਂ ਸੋਚਦਾਂ ਸਾਂ ਕਿ ਹੋ ਸਕਦੈ ਭੂਆ ਆਦਤ ਮੁਤਾਬਕ ਵਧਾਅ-ਚੜ੍ਹਾਅ ਕੇ ਗੱਲ ਕਰਦੀ ਹੋਵੇ। ਉਂਝ ਵੀ ਭੂਆ ਮੈਨੂੰ ਆਪ ਰਿਸ਼ਤਾ ਕਰਾਉਣਾ ਚਾਹੁੰਦੀ ਸੀ। ਪਰ ਮੈਂ ਤਾਂ ਮਨਪ੍ਰੀਤ ਦੇ ਭਰਾ ਦਾ ਅਹਿਸਾਨ ਚੁਕਾਉਣਾ ਚਾਹੁੰਦਾ ਸੀ। ਇਸ ਕਰਕੇ ਭੂਆ ਵਾਲ਼ਾ ਰਿਸ਼ਤਾ ਨਾ ਲਿਆ। ਪਰ ਸੁਦਾਗਰ ਤਾਂ ਸਿਆਣਾ ਬੰਦਾ। ਨਾ ਮੇਰਾ ਕੋਈ ਚਾਚਾ, ਨਾ ਤਾਇਆ ਤੇ ਨਾ ਹੀ ਕੋਈ ਭੈਣ ਭਾਈ। ਇਕੱਲੀ ਤਾਂ ਵਣਾਂ ਵਿੱਚ ਲੱਕੜੀ ਵੀ ਨਾ ਹੋਵੇ। ਹੁਣ ਪਤਾ ਲਗਦੈ ਕਿ ਕੋਈ ਨਾਲ਼ ਦਾ ਜੰਮਿਆ ਜ਼ਰੂਰ ਹੋਣਾ ਚਾਹੀਦਾ। ਢਿੱਡ ਦੀ ਗੱਲ ਕਰਨ ਲਈ। ਦੁੱਖ ਵੰਡਿਆ ਜਾਂਦਾ ਤੇ ਹੱਲ ਵੀ ਨਿੱਕਲ਼ ਜਾਂਦੇ ਆ। ਆਪਣੀ ਕਿਸਮਤ 'ਤੇ ਰੋਂਦਾ, ਮੈਂ ਟਰੱਕ ਤੋਰ ਲਿਆ ਸੀ। ਮੇਰੇ ਸਾਹਮਣੇ ਕੋਈ ਮੰਜ਼ਿਲ ਨਾ ਰਹੀ। ਖ਼ੁਦ ਨੂੰ ਇੱਕ ਅੰਨੀਂ ਗਰਕ ਹੁੰਦੀ ਹਨੇਰੀ ਗੁਫ਼ਾ ਵੱਲ ਜਾਂਦਾ ਵੇਖ ਰਿਹਾ ਸੀ। ਪਤਾ ਨਹੀਂ ਕਿਵੇਂ ਮੈਂ ਉਸ ਦਿਨ ਘਰ ਪੁੱਜਿਆ ਹੋਵਾਂਗਾ। ਜਦੋਂ ਟਰੱਕ ਖੜ੍ਹਾ ਕਰਕੇ ਘਰ ਨੂੰ ਤੁਰਿਆ, ਮੀਂਹ ਪੈ ਕੇ ਹਟਿਆ ਸੀ। ਠੰਡੀ ਹਵਾ ਸਿਰ ਨੂੰ ਠਾਰਨ ਲੱਗੀ। ਪਰ ਮੇਰੇ ਅੰਦਰ ਤਾਂ ਅੱਗ ਮੱਚੀ ਹੋਈ ਸੀ। ''ਭਾਈ ਸਾਹਿਬ, ਕੁਰੂਕਸ਼ੇਤਰ ਪਹੁੰਚ ਗਏ ਆਂ। ਕੁਝ ਛਕਣਾ-ਛਕਾਉਣਾ ਕਿ ਚਲਦੇ ਰਹੀਏ?'' ਡਰਾਈਵਰ ਉਬਾਸੀ 'ਤੇ ਉਬਾਸੀ ਲੈ ਰਿਹਾ।

''ਭਰਾਵਾ, ਤੂੰ ਜੇ ਫ਼ਰੈੱਸ਼ ਹੋਣਾ ਤਾਂ ਹੋ ਲੈ। ਮੇਰਾ ਤਾਂ ਬੱਸ...।'' ਮੈਂ ਤਾਂ ਕਦੋਂ ਦਾ ਕੁਰੂਕਸ਼ੇਤਰ ਪੁੱਜਿਆ ਹੋਇਆ ਆਂ। ਜੇਬ 'ਚੋਂ ਸੌ ਦਾ ਨੋਟ ਫੜ੍ਹਾਉਂਦਿਆਂ ਕਿਹਾ ਏ।

ਸਾਹਮਣੇ ਚੌਂਕ ਵਿੱਚ ਖੜ੍ਹੇ ਵਿਸ਼ਾਲ ਰਥ 'ਤੇ ਕ੍ਰਿਸ਼ਨ ਸਾਰਥੀ ਬਣਿਆ ਬੈਠਾ ਸੀ ਤੇ ਅਰਜਨ ਨੂੰ ਯੁੱਧ ਲੜਨ ਲਈ ਪ੍ਰੇਰਿਤ ਕਰ ਰਿਹਾ ਸੀ। ਮੈਨੂੰ ਮਹਿਸੂਸ ਹੋਇਆ, ਜਿਵੇਂ ਅਰਜਨ ਦਾ ਥਾਂ ਮੈਂ ਰਥ 'ਤੇ ਬੈਠਾ ਹੋਵਾਂ। ਮੇਰੇ ਹੱਥਾਂ 'ਚ ਤਲਵਾਰ, ਕਮਾਨ ਤੇ ਹੋਰ ਵੀ ਹਥਿਆਰ ਹੋਣ। ਕੌਰਵਾਂ ਵਾਲ਼ੇ ਰਥ 'ਤੇ ਮੈਨੂੰ ਮਨਪ੍ਰੀਤ ਬੈਠੀ ਨਜ਼ਰ ਆ ਹੀ ਸੀ। ਨਾਲ਼ ਦੇ ਰਥ 'ਤੇ ਫੌਜੀ। ਮਜਬੂਰ ਹੋਈ ਬੀਬੀ ਭੀਸ਼ਮ ਲੱਗ ਰਹੀ ਸੀ।
''ਘਰਾਂ ਦੀਆਂ ਜੰਗਾਂ ਤਬਾਹੀ ਤੋਂ ਵੱਧ ਕੁਝ ਨਹੀਂ ਦਿੰਦੀਆਂ।''

ਬੀਬੀ ਮੈਨੂੰ ਰੋਕਣ ਲਈ ਭੱਜੀ ਆ ਰਹੀ ਏ। ਪਰ ਮੇਰੇ ਮਨ ਦਾ ਕ੍ਰਿਸ਼ਨ ਜ਼ੋਰ ਪਾ ਰਿਹਾ ਏ। ਮੈਂ ਤਲਵਾਰ ਤੇਜ਼ ਘੁਮਾਈ ਜਾ ਰਿਹਾ ਹਾਂ। ਤਲਵਾਰ ਸਹੀ ਟਿਕਾਣੇ ਤੇ ਵਾਰ ਕਰ ਰਹੀ ਏ। ਦੋਵਾਂ ਦੇ ਸੀਸ ਲਾਹ ਕੇ ਔਹ ਮਾਰੇ ਹਨ। ਧੜ ਤੜਫ਼ ਰਹੇ ਹਨ। ਬੀਬੀ ਧੜਾਂ ਲਾਗੇ ਬੈਠ ਗਈ ਆ। ਵਿਰਲਾਪ ਕਰਨ ਲੱਗ ਪਈ ਹੈ। ਭਗਵਾਨ ਮੁਸਕਰਾ ਰਹੇ ਹਨ। ਮੈਨੂੰ ਆਪਣੇ ਕੀਤੇ 'ਤੇ ਮਾਣ ਮਹਿਸੂਸ ਹੋਣ ਲੱਗਾ।
''ਸਾਹਿਬ ਜੀ, ਟੋਇਅਲੈਟ ਜਾਣੈ ਤਾਂ ਜਾ ਆਵੋ।'' ਡਰਾਈਵਰ ਨੇ ਸ਼ੀਸ਼ੇ ਸਾਫ਼ ਕਰਦਿਆਂ ਚੱਲ ਰਹੀ ਜੰਗ ਨੂੰ ਰੋਕਿਆ ਆ ਤੇ ਮਰਦਾਨਾ ਰੈੱਸਟ ਰੂਮ ਵੱਲ ਇਸ਼ਾਰਾ ਕੀਤਾ ਹੈ।

ਮੈਂ ਸੁਪਨੇ ਨਾਲ਼ੋਂ ਟੁੱਟਿਆ ਹਾਂ। ਅਰਜਨ ਕੋਲ਼ ਤੀਰ ਰਥ ਹੈਗੇ ਨੇ। ਤੇ ਕ੍ਰਿਸ਼ਨ ਵੱਲੋਂ ਯੁੱਧ ਦਾ ਦਿੱਤਾ ਗਿਆ ਗਿਆਨ ਵੀ। ਹਥਿਆਰ ਤਾਂ ਮੈਂ ਗੁਲਾਟੀ ਤੋਂ ਲੈ ਲਵਾਂਗਾ ਪਰ ਗਿਆਨ? ਯੁੱਧ ਲੜਨ ਲਈ ਯੁੱਧ ਬਾਰੇ ਗਿਆਨ ਜ਼ਰੂਰ ਹੋਣਾ ਚਾਹੀਦਾ ਹੈ। ਜੇ ਗਿਆਨ ਨਹੀਂ ਤਾਂ ਹਥਿਆਰ ਕਿਵੇਂ ਚਲਾਵਾਂਗੇ? ਹੁਣ ਮੈਂ ਦੁਬਿਧਾ ਵਿੱਚ ਫਸ ਗਿਆ ਹਾਂ। ਮੇਰੇ ਸਾਹਮਣੇ ਰਸਤਾ ਸਾਫ਼ ਨਹੀਂ ਹੈ। ਮੈਂ ਡਰਾਈਵਰ ਨੂੰ ਚੱਲਣ ਦਾ ਇਸ਼ਾਰਾ ਮਾਰਿਆ ਹੈ। ਉਸ ਨੇ ਪਰਫਿਊਮ ਛਿੜਕਿਆ ਹੈ ਤੇ ਕੰਨਾਂ ਨੂੰ ਹੱਥ ਲਾ ਕੇ ਗੱਡੀ ਤੋਰ ਲਈ ਏ।

ਮੈਂ ਨਿਗਾਹ ਸ਼ੀਸ਼ੇ ਵਿੱਚੋਂ ਬਾਹਰ ਘੁਮਾਈ ਆ। ਅੱਵਲ ਤਾਂ ਸੜਕ ਕਿਨਾਰੇ ਦਰੱਖਤ ਦਿੱਸਦੇ ਹੀ ਨਹੀਂ। ਜਿਹੜੇ ਟਾਵੇਂ-ਟਾਵੇਂ ਹੈਗੇ ਨੇ, ਉਹ ਵੀ ਸੁੱਕੇ ਹੋਏ ਹਨ। ਫਿਰ ਹਰਿਆਲੀ ਕਿੱਥੋਂ ਆ ਜਾਊ? ਅੱਗੇ ਛਾਂਦਾਰ ਦਰੱਖਤ ਛਾਂ ਦੇਣ ਲਈ ਹੁੰਦੇ ਸਨ। ਫਲ਼ਦਾਰ ਬੂਟਿਆਂ ਦੀ ਮਿਠਾਸ ਨੇ ਸਾਡੇ ਰਿਸ਼ਤੇ ਵੀ ਮਿੱਠੇ ਕੀਤੇ ਹੁੰਦੇ ਸਨ। ਇਨ੍ਹਾਂ ਰੁੱਖਾਂ ਦੇ ਖ਼ਾਤਮੇ ਨਾਲ਼ ਮੌਸਮ ਤਾਂ ਬੇਯਕੀਨੇ ਹੋਏ ਹੀ ਹਨ, ਨਾਲ਼ ਹੀ ਰਿਸ਼ਤਿਆਂ ਦਾ ਵੀ ਕੋਈ ਇਤਬਾਰ ਨਹੀਂ ਰਿਹਾ। ਵਿਕਾਸ ਦੇ ਨਾਂ 'ਤੇ ਸਭ ਕੁਝ ਖ਼ਤਮ ਕੀਤਾ ਜਾ ਰਿਹਾ। ਆਹ ਸੜਕ ਈ ਦੇਖ ਲਉ। ਇਹ ਅਮਰੀਕੀ ਸੜਕਾਂ ਵਰਗੀਆਂ ਬਣਾ ਦਿੱਤੀਆਂ।

''ਇਹ ਬੀਮਾਰੀ ਵੀ ਤੁਹਾਡੇ ਦੇਸ਼ 'ਚੋਂ ਆਈ ਲੱਗਦੀ ਆ।'' ਥਾਂ-ਥਾਂ ਟੋਲ ਪਲਾਜ਼ਿਆਂ 'ਤੇ ਫੀਸ ਦਿੰਦਾ ਡਰਾਈਰ ਦੁਖੀ ਹੋਇਆ ਪਿਆ।
ਡਰਾਈਵਰ ਗੱਡੀ ਦੀ ਸਪੀਡ ਵੀ ਵਧਾਈ ਜਾ ਰਿਹਾ। ਇੱਕ-ਇੱਕ ਕਰਕੇ ਛੋਟੇ ਸ਼ਹਿਰਾਂ ਨੂੰ ਪਿੱਛੇ ਧਕੇਲਦੀ ਹੋਈ ਗੱਡੀ ਸ਼ਰਰ-ਸ਼ਰਰ ਦੀ ਆਵਾਜ਼ ਦੇ ਰਹੀ ਹੈ। ਪਤਾ ਨ੍ਹੀਂ ਕਿਉਂ ਮੈਨੂੰ ਇਸ ਆਵਾਜ਼ 'ਚੋਂ ਭੈਅ ਆ ਰਿਹਾ ਹੈ। ਸਾਹਮਣੇ ਹਰੇ ਰੰਗ ਦੇ ਬੋਡ 'ਤੇ ਝਉਲ਼ਾ-ਝਉਲ਼ਾ ਜਿਹਾ ਅੰਬਾਲਾ ਸ਼ਬਦ ਪੜ੍ਹਿਆ ਤਾਂ ਕੁਰੂਕਸ਼ੇਤਰ ਵਿਚਲਾ ਚੀਕ-ਚਿਹਾੜਾ ਫਿਰ ਤੋਂ ਕੰਨਾਂ ਵਿੱਚ ਗੂੰਜਣ ਲੱਗ ਪਿਆ ਹੈ।

ਮੇਰੇ ਪੇਂਡੂ ਰਾਣੀਪੁਰ ਵਾਲ਼ੇ ਸਰਪੰਚ ਦੇ ਟੱਬਰ ਨੂੰ 'ਅੰਬਾਲੇ ਵਾਲ਼ੇ' ਕਰਕੇ ਸੱਦਦੇ ਆ। ਪੁਰਾਣੇ ਸਮਿਆਂ ਵਿੱਚ ਸਰਪੰਚ ਪਾਖਰ ਸਿਹੁੰ ਦਾ ਪੜਦਾਦਾ ਯੂਬਾ ਵਾਲ਼ੇ ਪਾਸੇ ਕਿਸੇ ਮੈਕਸੀਕਨ ਨਾਲ਼ ਘਰ ਵਸਾਈ ਬੈਠਾ ਸੀ। ਉਧਰ ਪੰਜਾਬ ਵਿੱਚ ਸਰਪੰਚ ਦੀ ਪੜਦਾਦੀ ਅੰਬਾਲ਼ੇ ਵੱਲ ਦੇ ਕਿਸੇ ਡਰਾਈਵਰ ਨੂੰ ਘਰ ਰੱਖੀ ਬੈਠੀ ਸੀ। ਇਹਦੇ ਦਾਦੇ ਦੀ ਸ਼ਕਲ ਉਸ ਅੰਬਾਲ਼ੇ ਵਾਲ਼ੇ ਨਾਲ਼ ਮਿਲਦੀ ਸੀ। ਉਦੋਂ ਦੇ ਇਨ੍ਹਾਂ ਨੂੰ ਪਿੰਡ ਦੇ ਲੋਕੀਂ ਅੰਬਾਲ਼ੇ ਵਾਲ਼ੇ ਈ ਸੱਦਦੇ ਆ। ਇਹ ਅੰਬਾਲ਼ੇ ਵਾਲ਼ਾ ਸਰਦਾਰ ਸੈਕਰਾਮੈਂਟੋ ਆਪਣੀ ਧੀ ਕੋਲ਼ ਆਇਆ ਹੋਇਆ। ਇਹਦਾ ਜੁਆਈ ਵੀ ਟਰੱਕ ਚਲਾਉਂਦਾ। ਇਹ ਉਹਦੇ ਨਾਲ਼ ਟਰੱਕ 'ਤੇ ਸਿਆਟਲ ਦੇਖਣ ਆ ਗਿਆ। ਮੈਂ ਵੀ ਉੱਥੇ ਸੇਬਾਂ ਤੇ ਪੀਚ ਦਾ ਲੋਡ ਚੁੱਕਣ ਵੇਅਰ ਹਾਊਸ ਪੁੱਜਾ ਹੋਇਆ ਸੀ।

ਅੰਬਾਲ਼ੇ ਵਾਲ਼ਾ ਵੀ ਆਪਣੇ ਜੁਆਈ ਨਾਲ਼ ਫਰੂਟ ਲੈਣ ਦੀ ਵੇਟ ਕਰੇ। ਮੈਨੂੰ ਦੇਖ ਕੇ ਖੁਸ਼ ਹੋ ਗਿਆ। ਮੈਂ ਤਾਂ ਇਕੱਠਾ ਜਿਹਾ ਹੋਈ ਜਾਵਾਂ। ਇਹ ਸਾਰੇ ਪਿੰਡ ਦੀਆਂ ਕਹਾਣੀਆਂ ਸੁਣਾਈ ਜਾਵੇ। ਫਿਰ ਆਪਣੇ ਜੁਆਈ ਦੇ ਸਾਹਮਣੇ ਈ ਕਹਿਣ ਲੱਗਾ, ''ਮੁੰਡਿਆ, ਫੌਜੀ ਤੇਰੇ ਨਾਲ਼ ਠੀਕ ਨਹੀਂ ਕਰ ਰਿਹਾ। ਤੈਨੂੰ ਸੁਦਾਗਰ ਨੇ ਦੱਸਿਆ ਈ ਹੋਣਾ। ਤੈਨੂੰ ਪਤਾ ਤੁਹਾਡੇ ਘਰ ਦੇ ਪਿੱਛੇ ਕੁੱਬਿਆਂ ਦੇ ਖੱਤੇ ਆ। ਉਹ ਦੱਸਦੇ ਸਨ- ਉਹਨਾਂ ਦੇ ਖੱਤੇ ਖੂਨ ਨਾਲ਼ ਲਿੱਬੜੇ ਕੱਪੜਿਆਂ ਤੇ ਰੂੰ ਨਾਲ਼ ਭਰੇ ਪਏ ਹਨ। ਭਾਈ ਤੇਰਾ ਪਿਓ ਤਾਂ ਪਿੰਡ ਦੇ ਸੰਸਕਾਰਾਂ ਨੂੰ ਵੀ ਭੁੱਲ੍ਹ ਗਿਆ। ਮੈਂ ਘਰ ਗਿਆ ਤਾਂ ਤੇਰੀ ਵਹੁਟੀ ਉਹਦੇ ਨਾਲ਼ ਹਿੜ-ਹਿੜ ਕਰ ਰਹੀ ਸੀ। ਨਾ ਸਿਰ 'ਤੇ ਚੁੰਨੀਂ ਨਾ ਕੋਈ ਹੋਰ ਕੱਪੜਾ। ਸਹੁਰੇ ਕੋਲ਼ ਬਹੂਆਂ ਪਿੰਡਾਂ 'ਚ ਇਉਂ ਨ੍ਹੀਂ ਬਹਿੰਦੀਆਂ।''

ਉਹ ਅਖ਼ਬਾਰ ਪੜ੍ਹ ਰਿਹਾ ਸੀ। ਅਖ਼ਬਾਰ ਨੂੰ ਪਾਸੇ ਰੱਦਿਆਂ ਬੋਲਿਆ, ''ਤੁਹਾਡੇ ਗੁਆਂਢੀ ਤਾਂ ਇਹ ਵੀ ਕਹਿੰਦੇ ਆ, ਤੇਰੀ ਵਹੁਟੀ ਉਹਨੂੰ ਪੜ੍ਹਨ ਨੂੰ ਗੰਦੇ ਨਾਵਲ ਲਿਆ ਕੇ ਦਿੰਦੀ ਆ। ਤਾਂ ਕਿ ਉਹਦੀ ਮਰਦਾਨਗੀ ਬਣੀ ਰਹੇ। ਲੋਕ ਤਾਂ ਹੋਰ ਵੀ ਬਹੁਤ ਕੁਝ ਬੋਲਦੇ ਆ। ਮੈਨੂੰ ਤਾਂ ਤੇਰੀ ਮਾਂ 'ਤੇ ਤਰਸ ਆਉਂਦਾ। ਇਸ ਉਮਰ ਵਿੱਚ ਵਿਚਾਰੀ ਸਭ ਕੁਝ ਅੱਖਾਂ ਸਾਹਮਣੇ...। ਮੈਂ ਉਹਨੂੰ ਬਥੇਰਾ ਕਿਹਾ ਭਾਈ ਕੁਝ ਬੋਲ। ਉਹ ਨੀ ਕੁਸਕੀ। ਤੇਰੇ ਨਾਲ਼ ਕਿਹੜਾ ਫੋਨ 'ਤੇ ਗੱਲ ਕਰਦੀ ਹੋਣੀ ਆ। ...ਬਾਕੀ ਸਰਪੰਚ ਹੋਣ ਦੇ ਨਾਤੇ ਮੇਰੀ ਹਮਦਰਦੀ ਪੁੱਤਰਾ ਤੇਰੇ ਨਾਲ਼ ਆ। ਤੂੰ ਜੋ ਕਹੇਂਗਾ ਤਨੋਂ ਮਨੋਂ ਮੈਂ ਤੇਰੇ ਨਾਲ਼ ਆਂ।''

ਲੱਗਦਾ ਸਰਪੰਚੀ ਦਾ। ਆਪਣੇ ਜੁਆਈ ਸਾਹਮਣੇ ਮੇਰਾ ਜਲੂਸ ਕੱਢ ਦਿੱਤਾ ਸੀ। ਹੋ ਸਕਦਾ ਧੀ ਨੂੰ ਵੀ ਦੱਸ ਆਇਆ ਹੋਵੇ। ਗੱਲ ਸਾਰੇ ਕੈਲੀਫੋਰਨੀਆ 'ਚ ਫੈਲ ਜਾਣੀ ਆ। ਸਰਪੰਚ ਦੀਆਂ ਗੱਲਾਂ ਨੇ ਭਾਂਬੜ ਆ ਬਾਲ਼ ਸੁੱਟੇ ਸਨ। ਮੇਰੇ ਮਨ ਨੇ ਦੋਨਾਂ ਦਾ ਕਤਲ ਕਰਨ ਦਾ ਫੈਸਲਾ ਕਰ ਲਿਆ। ਮੈਨੂੰ ਪਲਵਿੰਦਰ ਸਿੰਘ ਗੁਲਾਟੀ ਦਾ ਚੇਤਾ ਆ ਗਿਆ। ਉਹ ਕਦੇ ਭੁੱਲਿਆ ਵੀ ਨਹੀਂ। ਅਮਰੀਕਾ ਪੁੱਜਣ ਤੱਕ ਸਾਡੀ ਸਾਰੀ ਜ਼ਮੀਨ ਉਹਦੇ ਕੋਲ਼ ਗਹਿਣੇ ਪਈ ਸੀ। ਮੈਂ ਅਠਾਰਾਂ-ਅਠਾਰਾਂ ਘੰਟੇ ਕੰਮ ਕੀਤਾ ਤੇ ਸਭ ਤੋਂ ਪਹਿਲਾਂ ਜ਼ਮੀਨ ਛੁਡਾਈ। ਫੇਰ ਉਹ ਭਾਪੇ ਨੂੰ ਹੋਰ ਜ਼ਮੀਨ ਖ਼ਰੀਦ ਕੇ ਦੇਣ ਲੱਗ ਪਿਆ। ਜਿਉਂ ਹੀ ਪੰਜਾਬ 'ਤੇ ਚੰਗੇ ਦਿਨ ਆਏ, ਗੁਲਾਟੀ ਰੀਅਲ ਅਸਟੇਟ ਦਾ ਕੰਮ ਕਰਨ ਲੱਗ ਪਿਆ ਸੀ। ਹੁਣ ਤੇ ਉਹਦਾ ਆਪਣਾ ਮੌਲ ਆ। ਐੱਮ.ਐੱਲ.ਏ. ਦੀ ਟਿਕਟ ਦਾ ਦਾਅਵੇਦਾਰ ਵੀ ਆ। ਮੈਂ ਉਹਦੇ ਨਾਲ਼ ਗੱਲ ਤੋਰੀ। ਉਹ ਹੱਸ ਕੇ ਕਹਿਣ ਲੱਗਾ, ''ਔਰਤਾਂ-ਮਰਦਾਂ ਦੇ ਨਾਜਾਇਜ਼ ਸਬੰਧ ਤਾਂ ਹੁਣ ਪੰਜਾਬ ਵਿੱਚ ਆਮ ਗੱਲ ਹੋ ਗਈ ਏ। ਬਾਕੀ ਹੁਣ ਫਾਹਾ ਵਢਾਉਣ ਵਾਲ਼ੇ ਕੰਮ ਮਹਿੰਗੇ ਹੋ ਗਏ।'

ਮੈਂ ਆਪਣਾ ਫੈਸਲਾ ਨਾ ਬਦਲਿਆ। ਸਗੋਂ ਇੰਡੀਆ ਲਈ ਜਹਾਜ਼ ਚੜ੍ਹ ਆਇਆ ਹਾਂ। ਪੰਜਾਬ ਦਾ ਬੋਰਡ ਸਵਾਗਤ ਕਰ ਰਿਹਾ ਹੈ। ਬਾਹਰ ਸ਼ਾਮ ਢਲ਼ ਗਈ ਹੈ। ਡਰਾਈਵਰ ਨੇ ਪਾਠ ਵਾਲ਼ੀ ਟੇਪ ਲਾ ਦਿੱਤੀ ਹੈ। ਬਾਣੀ ਰਸ ਦੀ ਭਿੰਨੀਂ ਆਵਾਜ਼ ਆਉਣ ਲੱਗੀ ਹੈ। ਪਰ ਇਹ ਮਹਿਕ ਵੀ ਮੇਰੇ ਅੰਦਰ ਬਲ਼ ਰਹੇ ਲਾਵੇ ਦੀ ਸੜਹਾਂਦ ਨੂੰ ਮੱਠਾ ਨਹੀਂ ਕਰ ਰਹੀ। ਮੈਂ ਮਨ ਨੂੰ ਠੀਕ ਕਰਨ ਲਈ ਬਾਣੀ ਦਾ ਆਸਰਾ ਲੈਂਦਾ ਹਾਂ। ਪਰ ਮਨ ਟਿਕ ਨਹੀਂ ਰਿਹਾ। ਇੱਥੇ ਹੁਣ ਖੁਸ਼ੀਆਂ-ਖੇੜੇ ਆਉਣੋਂ ਵੀ ਡਰਦੇ ਹਨ। ਕੋਈ ਸੱਧਰ ਵੀ ਨਹੀਂ ਮੌਲਦੀ। ਮੇਰੇ ਸਾਹਮਣੇ ਦੋ ਸਿਵੇ ਬਲ਼ ਰਹੇ ਹਨ।

ਨਵਾਂ ਸ਼ਹਿਰ ਆ ਗਿਆ। ਬਾਹਰ ਘੁੱਪ ਹਨੇਰਾ ਹੋਇਆ ਪਿਆ। ਜਿਉਂ ਹੀ ਗੱਡੀ ਬੰਗਾ ਰੋਡ 'ਤੇ ਪਈ, ਕੁਰੂਕਸ਼ੇਤਰ ਫਿਰ ਤੋਂ ਮੇਰੇ ਅੰਦਰ ਉਸਲ਼ਵੱਟੇ ਲੈਣ ਲੱਗ ਪਿਆ ਹੈ। ਘੜੀ ਵੱਲ ਦੇਖਦਾ ਹਾਂ। ਰਾਤ ਦੇ ਗਿਆਰਾਂ ਵੱਜੇ ਹਨ। ਹੋਰ ਪੰਦਰਾਂ ਮਿੰਟ ਦਾ ਰਾਹ ਏ। ਮੇਰੀਆਂ ਅੱਖਾਂ ਅੱਗੇ ਫੌਜੀ ਤੇ ਮਨਪ੍ਰੀਤ ਫਿਰ ਤੋਂ ਆਪਣੇ-ਆਪਣੇ ਰਥਾਂ 'ਤੇ ਸਵਾਰ ਘੁੰਮ ਰਹੇ ਹਨ। ਮੈਂ ਭਮੱਤਰਿਆ ਗਿਆ ਹਾਂ। ਗੁੱਸੇ ਨੇ ਮੇਰੇ ਮਨ 'ਤੇ ਆਪਣਾ ਪੂਰਾ ਅਧਿਕਾਰ ਕਰ ਲਿਆ ਹੈ। ਮੇਰੀ ਤਲਵਾਰ ਵੀ ਹਵਾ ਵਿੱਚ ਲਹਿਰਾ ਰਹੀ ਹੈ। ਮੈਂ ਜਲਦੀ ਤੋਂ ਜਲਦੀ ਪਿੰਡ ਪੁੱਜਣਾ ਚਾਹੁੰਦਾ ਹਾਂ। ਡਰਾਈਵਰ ਨੂੰ ਗੱਡੀ ਤੇਜ ਕਰਨ ਦਾ ਹੁਕਮ ਦਿੰਦਾ ਹਾਂ। ਡਰਾਈਵਰ ਨੇ ਸੁੱਚੇ ਸੂਰਮੇ ਦੇ ਅਖਾੜੇ ਵਾਲ਼ੀ ਟੇਪ ਲਾ ਦਿੱਤੀ ਹੈ। ਮੈਂ ਅਰਜਨ ਨੂੰ ਮਨੋਂ ਕੱਢਿਆ ਏ। ਹੁਣ ਮੈਂ ਸੁੱਚਾ ਸੂਰਮਾਂ ਬਣਨ ਜਾ ਰਿਹਾਂ। ਮਨਪ੍ਰੀਤ ਦਾ ਹਸ਼ਰ ਬਲਬੀਰੋ ਭਾਬੀ ਵਾਲ਼ਾ ਹੋਏਗਾ।
ਮੇਰਾ ਸਰੀਰ ਕੰਬਣ ਲੱਗ ਪਿਆ। ਚਿਹਰੇ 'ਤੇ ਗੁੱਸੇ ਦੇ ਨਿਸ਼ਾਨ ਉੱਭਰ ਆਏ ਹਨ। ਸਰੀਰ 'ਚੋਂ ਬੇਚੈਨੀ ਜਿਹੀ ਉੱਠੀ ਆ। ਬੈਗ ਨੂੰ ਫਰੋਲ਼ਿਆ ਹੈ। ਸ਼ਰਾਬ ਦੀ ਬੋਤਲ ਕੱਢ ਲਈ ਹੈ। ਬਲੈਕ ਲੇਬਲ ਦੀ ਬੋਤਲ ਮੂੰਹ ਨੂੰ ਲਾ ਲਈ ਹੈ। ਸੱਤ-ਅੱਠ ਘੁੱਟ ਅੰਦਰ ਲੰਘਾ ਕੇ ਬੋਤਲ ਫਿਰ ਬੈਗ ਵਿੱਚ ਪਾ ਲਈ ਹੈ। ਬੰਗਾ ਲੰਘ ਗਏ ਹਾਂ। ਦਿਮਾਗ਼ 'ਤੇ ਨਸ਼ਾ ਚੜ੍ਹਨ ਲੱਗਾ ਆ।

ਮੇਰੀ ਨਸ-ਨਸ ਵਿੱਚ ਤੇਜ਼ੀ ਆ ਗਈ ਹੈ। ਰਾਹਾਂ 'ਤੇ ਮੇਰੀ ਉਂਗਲ਼ ਘੁੰਮ ਰਹੀ ਹੈ। ਡਰਾਈਵਰ ਉਂਗਲ਼ੀ ਦੇ ਇਸ਼ਾਰੇ 'ਤੇ ਚੱਲ ਰਿਹਾ ਹੈ। ਰਾਣੀਪੁਰ ਆ ਗਿਆ। ਸਾਡੇ ਪਿੰਡ ਗੇਟ ਨਹੀਂ ਬਣਿਆ ਹੋਇਆ। ਮੈਂ ਸੋਚਦਾ ਸੀ ਬਾਪ ਦੀ ਮੌਤ ਦੇ ਬਾਅਦ 'ਸੂਬੇਦਾਰ ਮਿਲਖ਼ਾ ਸਿੰਘ ਯਾਦਗਾਰੀ ਗੇਟ' ਬਣਵਾਂਗਾ। ਇਹ ਤੇ ਕਦੇ ਸੋਚਿਆ ਈ ਨਹੀਂ ਸੀ ਕਿ ਆਪਣੇ ਹੱਥੀਂ ਉਹਦੀ ਮੌਤ...।

''ਬੱਸ ਆਹ ਵਸੀਵੇਂ 'ਤੇ ਈ ਲਾਹ ਦੇ। ...ਆਹ ਲੈ ਆਪਣਾ ਕਿਰਾਇਆ। ਦੋ ਸੌ ਵੱਧ ਦਿੱਤਾ ਆ। '' ਮੈਂ ਡਰਾਈਵਰ ਨੂੰ ਨੋਟ ਫੜਾਉਂਦਿਆਂ ਉਹਨੂੰ ਪਿੰਡ ਦੇ ਬਾਹਰੋਂ ਈ ਵਿਦਿਆ ਕਰ ਦਿੱਤਾ ਹੈ।

ਪੈਰ ਧਰਤੀ ਤੋਂ ਕੁਝ ਉੱਚੇ-ਉੱਚੇ ਰੱਖ ਹੋ ਰਹੇ ਹਨ। ਸਾਰਾ ਪਿੰਡ ਤਾਂ ਸੁੱਤਾ ਪਿਆ। ਇਸੇ ਕਰਕੇ ਤਾਂ ਮੈਂ ਇਹ ਵਕਤ ਚੁਣਿਆ ਸੀ। ਬੱਸ ਫੌਜੀ ਤੇ ਮਨਪ੍ਰੀਤ ਇੱਕੋ ਕਮਰੇ ਵਿੱਚ ਹੋਣ। ਤੇ ਦਰਵਾਜ਼ਾ ਖੁੱਲ੍ਹਾ। ਅੱਤ ਦੀ ਗਰਮੀ ਆ। ਦਰਵਾਜ਼ੇ ਖੁੱਲ੍ਹੇ ਈ ਹੋਣਗੇ।

''ਅੱਜ ਨੀਂ ਛੱਡਦਾ ਤੈਨੂੰ ਫੌਜੀਆ...ਮਨਪ੍ਰੀਤ ਤੇਰੀ ਚਿਖ਼ਾ ਵੀ ਨਾਲ਼ ਈ ਬਲ਼ੇਗੀ।'' ਪਤਾ ਨੀਂ ਮੇਰੇ ਮੂੰਹੋਂ ਉੱਚੇ-ਉੱਚੇ ਲਲਕਾਰੇ ਵੱਜ ਰਹੇ ਨੇ ਜਾਂ ਇਹ ਮੇਰੇ ਅੰਦਰ ਦੀ ਈ ਕੋਈ ਆਵਾਜ਼ ਆ।

ਮੈਂ ਕਾਹਲ਼ੇ-ਕਾਹਲ਼ੇ ਕਦਮੀਂ ਪਿੰਡ ਦੀਆਂ ਗਲ਼ੀਆਂ ਵਿੱਚੋਂ ਲੰਘ ਰਿਹਾ ਹਾਂ। ਬੈਗ ਨੂੰ ਕਦੇ ਇੱਕ ਮੋਢੇ 'ਤੇ ਪਾਉਂਦਾ ਹਾਂ ਤੇ ਕਦੇ ਦੂਜੇ ਮੋਢੇ 'ਤੇ। ਅੱਖਾਂ 'ਚੋਂ ਅਗਨੀ ਦੀਆਂ ਬੁਛਾਰਾਂ ਬਾਹਰ ਵੱਲ ਡਿੱਗ ਰਹੀਆਂ ਹਨ। ਬੁੱਲ੍ਹ ਕੰਬ ਰਹੇ ਹਨ। ਜੀਭ ਥਥਲਾ ਰਹੀ ਆ।

ਮੈਂ ਪਿਛਵਾੜਿਓਂ ਐਂਟਰ ਹੋਇਆ ਹਾਂ। ਸੁਆਦ ਆ ਗਿਆ। ਛੋਟਾ ਗੇਟ ਖੁੱਲ੍ਹਾ ਈ ਆ। ਕੰਧ ਨ੍ਹੀਂ ਟੱਪਣੀ ਪਈ। ਪਿੱਛੇ ਹਨੇਰਾ ਈ ਆ। ਮੈਂ ਅੰਦਰ ਵੜ ਕੇ ਹਨੇਰੇ ਦੀ ਓਟ ਲਈ ਏ। ਹੈਂਅ! ਮੇਨ ਗੇਟ ਵੀ ਖੁੱਲ੍ਹਾ? ਹੌਲ਼ੀ-ਹੌਲ਼ੀ ਕਮਰਿਆਂ ਦੇ ਪਿੱਛੇ ਤੁਰ ਰਿਹਾ ਹਾਂ। ਮੈਂ ਤਾਕੀਆਂ ਵਿੱਚੋਂ ਅੰਦਾਜ਼ਾ ਲਾਉਣਾ ਚਾਹੁੰਨਾਂ। ਅਜੇ ਸੁੱਤੇ ਨਹੀਂ। ਆਵਾਜ਼ਾਂ ਆ ਰਹੀਆਂ ਹਨ। ਮੈਂ ਅੱਗੇ ਵਧਿਆ ਹਾਂ। ਫੌਜੀ ਵਾਲ਼ੇ ਬੈੱਡ ਰੂਮ ਦੀਆਂ ਤਾਕੀਆਂ ਖੁੱਲ੍ਹੀਆਂ ਹਨ। ਮੈਂ ਜਾਲ਼ੀ ਨੂੰ ਮੂਹ ਲਾਇਆ ਏ। ਹੈਂਅ! ਇਹ ਕੀ?

''ਬੱਸ ਦੋ ਚਾਰ ਹੋਰ ਸਾਹ ਬਖ਼ਸ਼ੇ ਨੇ ਰੱਬ ਨੇ।'' ਡਾਕਟਰ ਫੌਜੀ ਦੇ ਟੀਕਾ ਲਾ ਕੇ ਹਟਿਆ ਆ।

ਮਨਪ੍ਰੀਤ ਡੁਸਕਣ ਲੱਗ ਪਈ ਹੈ। ਸੁਦਾਗਰ ਤੇ ਬੀਬੀ ਇਹਨੂੰ ਚੁੱਪ ਕਰਾਉਣ ਲੱਗ ਪਏ ਹਨ।

''ਮਨਪ੍ਰੀਤ ਜੀ, ਤੁਸੀਂ ਤਾਂ ਬਜ਼ੁਰਗਾਂ ਦੀ ਬਹੁਤ ਸੇਵਾ ਕੀਤੀ ਏ। ਤੁਹਾਡਾ ਕੋਈ ਦੇਣਾ ਨਹੀਂ ਦੇ ਸਕਦਾ। ਏਡਜ਼ ਇਹੋ ਜਿਹੀ ਬਿਮਾਰੀ ਆ, ਜਿਹਤੇ ਜਿੱਤ ਨਹੀਂ ਪ੍ਰਾਪਤ ਕੀਤੀ ਜਾ ਸਕਦੀ। ਆਪਾਂ ਹਾਰੀ ਹੋਈ ਲੜਾਈ ਲੜ ਰਹੇ ਸੀ। ਇਹ ਬਹੁਤ ਵੱਡੀ ਗੱਲ ਆ, ਤੁਸੀਂ ਦੋ ਸਾਲ ਉਹਨਾਂ ਨੂੰ ਬਚਾਈ ਰੱਖਿਆ।''

ਡਾਕਟਰ ਦੀ ਗੱਲ ਸੁਣ ਕੇ ਮੈਨੂੰ ਘਬਰਾਹਟ ਹੋਣ ਲੱਗ ਪਈ ਹੈ। ਮੇਰੇ ਭਾਪੇ ਨੂੰ ਏਡਜ਼ ਕਿਵੇਂ ਹੋ ਗਈ? ਕਿਤੇ ਮਨਪ੍ਰੀਤ ਤੋਂ ਤਾਂ...?
''ਸੁਦਾਗਰ ਬੇਟਾ, ਅਸੀਂ ਤਾਂ ਤੇਰੇ ਭਾਪੇ ਦੀ ਬਿਮਾਰੀ ਬਾਰੇ ਲੋਕਾਂ ਨੂੰ ਦੱਸਿਆ ਨੀਂ। ਇਸ ਭੈੜੀ ਬਿਮਾਰੀ ਕਰਕੇ ਲੋਕੀਂ ਸੌ-ਸੌ ਗੱਲਾਂ ਕਰਦੇ ਆ।'' ਬੀਬੀ ਕੁਰਸੀ 'ਤੇ ਬੈਠੀ ਬਿਮਾਰੀ ਬਾਰੇ ਦੱਸ ਰਹੀ ਹੈ।

''ਇਹ ਤਾਂ ਜੋ ਗੁਰਜਿੰਦਰ ਨੇ ਕਰਨਾ ਸੀ, ਮੇਰੀ ਇਸ ਧੀ ਨੇ ਕੀਤਾ। ਅੱਗੇ ਅਸੀਂ ਸਾਰਾ ਕੁਸ਼ ਪੁੱਤ ਤੋਂ ਵੀ ਲੁਕਾ ਕੇ ਰੱਖਿਆ। ਬਥੇਰੇ ਫੋਨ ਕਰਦਾ ਸੀ। ਹੁਣ ਸਭ ਕੁਸ਼ ਦੱਸ ਦੇਣਾ। ਆ ਮੇਰੀ ਧੀ...।'' ਬੀਬੀ ਨੇ ਮਨਪ੍ਰੀਤ ਨੂੰ ਕਲ਼ਾਵੇ ਵਿੱਚ ਲਿਆ ਏ। ਮੱਥਾ ਚੁੰਮਿਆ ਏ।
''ਜੇ ਇਹ ਮੇਰੀ ਧੀ ਨਾ ਹੁੰਦੀ, ਅਸੀਂ ਦੋਨੋਂ ਕਦੋਂ ਦੇ ਇਸ ਦੁਨੀਆਂ ਤੋਂ ਰੁਕਸਤ ਹੋ ਗਏ ਹੁੰਦੇ।'' ਬੀਬੀ ਮਨਪ੍ਰੀਤ ਦਾ ਸਿਰ ਪਲੋਸਣ ਲੱਗੀ ਹੋਈ ਹੈ।

ਭਾਪੇ ਨੇ ਹਟਕੋਰਾ ਲਿਆ ਹੈ। ਸਾਰੇ ਉਹਦੇ ਪੀਲ਼ੇ ਪੈ ਰਹੇ ਮੂੰਹ ਵੱਲ ਵੇਖਣ ਲੱਗੇ ਹਨ। ਮਨਪ੍ਰੀਤ ਖੜ੍ਹੀ ਹੋ ਗਈ ਹੈ। ਡਾਕਟਰ ਨੇ ਭਾਪੇ ਦੀ ਨਬਜ਼ ਟੋਹੀ ਹੈ। ਐਨਕ ਲਾਹ ਕੇ ਉੱਪਰ ਵੱਲ ਦੇਖਣ ਲੱਗ ਪਿਆ ਹੈ।

''ਭੌਰ ਉਡਾਰੀ ਮਾਰ ਗਿਆ।'' ਡਾਕਟਰ ਨੇ ਭਾਪੇ ਦਾ ਮੂੰਹ ਕੱਪੜੇ ਨਾਲ਼ ਢੱਕ ਦਿੱਤਾ ਹੈ।

ਬੀਬੀ ਤੇ ਮਨਪ੍ਰੀਤ ਰੋਣ ਲੱਗ ਪਈਆਂ ਹਨ। ਮਨਪ੍ਰੀਤ ਦੇ ਕੀਰਨੇਂ ਬੀਬੀ ਨਾਲ਼ੋਂ ਵੀ ਜ਼ਿਆਦਾ ਹਨ। ਸੁਦਾਗਰ ਉਨ੍ਹਾਂ ਨੂੰ ਚੁੱਪ ਕਰਾ ਰਿਹਾ ਹੈ।

''ਵੇ ਮੇਰਿਆ ਬਾਬਲਾ, ਮੈਂ ਤਾਂ ਰਿਸ਼ਤੇਦਾਰਾਂ ਤੋਂ ਊਜਾਂ ਲੁਆਈਆਂ। ਸਾਰੇ ਪਿੰਡ ਤੋਂ ਬਦਨਾਮੀ ਖੱਟੀ। ਫਿਰ ਵੀ ਤੈਨੂੰ ਬਚਾਅ ਨਾ ਸਕੀ।'' ਮਨਪ੍ਰੀਤ ਫੁੱਟ-ਫੁੱਟ ਭਾਪੇ 'ਤੇ ਲਿਟ ਰਹੀ ਹੈ।

ਬੀਬੀ ਤੇ ਮਨਪ੍ਰੀਤ ਦਾ ਚੀਕ-ਚਿਹਾੜਾ ਸੁਣ ਕੇ ਆਂਢ-ਗੁਆਂਢ ਆਉਣਾ ਸ਼ੁਰੂ ਹੋ ਗਿਆ ਹੈ। ਮੈਂ ਸੁੰਨ ਹੋਇਆ ਖੜ੍ਹਾ ਹਾਂ। ਮੇਰੀਆਂ ਲੱਤਾਂ ਵਿੱਚ ਜਾਨ ਨਹੀਂ ਰਹੀ। ਮੈਨੂੰ ਕੁਝ ਸੁਝ ਨਹੀਂ ਰਿਹਾ। ਮੈਂ ਕੀ ਕਰਾਂ? ਇੱਕ ਤਾਂ ਮਨ ਕਰਦਾ ਕਿ ਮਨਪ੍ਰੀਤ ਤੇ ਬੀਬੀ ਵਾਂਗ ਮੈਂ ਵੀ ਭਾਪੇ ਦੀਆਂ ਲੱਤਾਂ ਨਾਲ਼ ਚੁੰਬੜ ਜਾਵਾਂ। ਪਰ ਮੇਰੀ ਕਮੀਨਗੀ? ਇੱਕ ਸੋਚਦਾਂ ਭੱਜ ਜਾਵਾਂ। ਡਰਾਈਵਰ ਨੂੰ ਫੋਨ ਕਰਕੇ ਵਾਪਸ ਬੁਲਾ ਲਵਾਂ। ਉਹ ਮੈਨੂੰ ਲੈ ਜਾਵੇ ਤੇ ਜਹਾਜ਼ ਚੜ੍ਹਾ ਦੇਵੇ। ਮੈਂ ਉਹਨੂੰ ਕਿਹਾ ਵੀ ਸੀ-''ਬੰਗੇ ਖੜ੍ਹ ਜਾਵੀਂ। ਸ਼ਾਇਦ ਮੈਂ ਨਾਲ਼ ਹੀ ਚੱਲਾਂ।''

ਮੈਂ ਅੰਦਰ ਜਾਣ ਲਈ ਇੱਕ ਪੈਰ ਪੁੱਟਿਆ ਹੈ। ਦਿੱਲੀ ਜਾਣ ਲਈ ਦੋ ਪੈਰ ਪਿਛਾਂਹ ਹੋਇਆ ਹਾਂ।...ਬੱਸ ਇੱਕ ਪੈਰ ਅੱਗੇ ਤੇ ਦੋ ਪੈਰ ਪਿੱਛੇ ਹੋਈ ਜਾ ਰਹੇ ਹਨ। ਹੋਰ ਲੋਕ ਆ ਗਏ ਹਨ। ਵਿਹੜਾ ਭਰ ਗਿਆ ਹੈ। ਕੁਝ ਲੋਕ ਗੇਟ 'ਤੇ ਖੜ੍ਹੇ ਹਨ। ਪਿਛਵਾੜੇ ਵਾਲ਼ੇ ਗੇਟ 'ਤੇ ਵੀ ਆਂਦਕ-ਜਾਂਦਕ ਹੋ ਗਈ ਹੈ। ਮੇਰੇ ਕੋਲ਼ ਹੁਣ ਕੋਈ ਰਾਹ ਨਹੀਂ ਬਚਿਆ। ਲੱਤਾਂ ਜਵਾਬ ਦੇਈ ਜਾ ਰਹੀਆਂ ਹਨ। ਮੇਰੀ ਸਰੀਰ ਝੂਠਾ ਪੈ ਗਿਆ ਹੈ। ਮੈਂ ਧਰਤੀ ''ਤੇ ਬੈਠ ਗਿਆ ਹਾਂ ਤੇ ਚੀਕਾਂ ਮਾਰਨ ਲੱਗ ਪਿਆ ਹਾਂ।

Comments

Iqbal Ramoowalia

ਜੀਂਦਾ ਰਹੁ, ਅਜਮੇਰ!!

j.singh.1@kpnmail.nl

ਬਹੁਤ ਹੀ ਖੂਬਸੂਰਤ ਕਥਾ ਹੈ. ਹਾਲਾਤਾਂ ਤੋਂ ਦੂਰ ਅਫਵਾਹਾਂ ਦੇ ਭੈਅ ਤੇ ਮਰਦ ਦੀ ਝੂਠੀ ਹਾਉਮੈ ਦਾ ਦਰਦ ਬਿਆਨ ਕਰਦੀ ਕਹਾਣੀ ਇਹ ਕਥਾ. ਬਹੁਤ ਕੁੱਸ਼ ਹੈ ਇਸ ਕਹਾਣੀ ਵਿੱਚ ਇਤਿਹਾਸ, ਮਿਥਿਹਾਸ,ਵਰਤਮਾਨ, ਤੇ ਭਵਿੱਖ. ਬਾਕੀ ਕੁਰਖਛੇਤਰ ਤਾ ਵਿਚਾਲੇ ਹੀ ਰਹਿ ਜਾਦਾ ਹੈ ਚੰਗਾ ਹੁੰਦਾ ਧੁਰ ਪੰਜਾਬ ਦੇ ਪਿੰਡਾਂ ਦਾ ਕੋਈ ਬਿੰਬ ਵਰਤਿਅਾ ਹੁੰਦਾ. ਫਿਰ ਵੀ ਚੰਗੀ ਤੇ ਵਿਲੱਖਣ ਕਹਾਣੀ ਲਈ ਅਜ਼ਮੇਰ ਸਿੰਘ ਦੀ ਕਲਮ ਨੰੂ ਸਲਾਮ.

Security Code (required)



Can't read the image? click here to refresh.

Name (required)

Leave a comment... (required)





ਕਹਾਣੀ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ