Fri, 19 April 2024
Your Visitor Number :-   6982777
SuhisaverSuhisaver Suhisaver

ਕੰਡੇ ਦਾ ਜ਼ਖ਼ਮ -ਅਜਮੇਰ ਸਿੱਧੂ

Posted on:- 28-04-2014

suhisaver

ਬਲਵਿੰਦਰ ਜੱਜ ਦੇ ਆਪਣੇ ਪਿੰਡ ਸ਼ਾਹਪੁਰ ਤੋਂ ਫ਼ੋਨ ਸੀ। ਭਤੀਜੇ ਦਾ ਨੰਬਰ ਦੇਖ ਕੇ ਥੋੜ੍ਹੀ ਘਬਰਾਹਟ ਵੀ ਹੋਈ ਸੀ। ਉਂਝ ਟਾਈਮ ਤਾਂ ਬਹੁਤਾ ਨਹੀਂ ਸੀ ਹੋਇਆ। ਕੈਲੇਫੋਰਨੀਆਂ ਤਾਂ ਚੌਵੀ ਘੰਟੇ ਜਾਗਦਾ ਹੈ ਪਰ ਉਹਦੇ ਲਈ ਤਾਂ ਰਾਤ ਪੈ ਚੁੱਕੀ ਸੀ। ਉਹ ਸਵੇਰੇ ਪੰਜ ਵਜੇ ਉੱਠਦੇ ਹਨ। ਆਪ ਤਿਆਰ ਹੁੰਦੇ ਹਨ। ਬੇਟੀ ਰਿਚਾ ਤੇ ਪੋਤਿਆਂ ਨੂੰ ਵੀ ਤਿਆਰ ਕਰਨਾ ਪੈਂਦਾ ਹੈ। ਉਹ ਆਪ ਤਾਂ ਸੱਤ ਵਜੇ ਘਰ ਤੋਂ ਕੰਮ ਲਈ ਤੁਰ ਪੈਂਦਾ ਹੈ। ਅੱਠ ਵਜੇ ਆਪਣੀ ‘ਸਿਗਰਟ ਸ਼ੌਪ’ ਖੋਲ੍ਹ ਲੈਂਦਾ ਹੈ। ਰਾਤ ਅੱਠ ਵਜੇ ਸ਼ੌਪ ਬੰਦ ਕਰਨੀ ਹੁੰਦੀ ਹੈ। ਨੌਂ ਵਜੇ ਘਰ ਪੁੱਜ ਕੇ ਹਿਸਾਬ-ਕਿਤਾਬ ਕਰਦਿਆਂ, ਖਾਣਾ ਖਾਂਦਿਆਂ ਤੇ ਟੈਲੀਵਿਜ਼ਨ ਦੇਖਦਿਆਂ ਸਾਢੇ ਗਿਆਰਾਂ ਬਾਰਾਂ ਵੱਜ ਹੀ ਜਾਂਦੇ ਹਨ। ਅਜੇ ਉਹਨੂੰ ਸੁੱਤੇ ਨੂੰ ਘੰਟਾ ਕੁ ਹੀ ਹੋਇਆ ਸੀ। ਫ਼ੋਨ ਦੀ ਬੈੱਲ ਖੜਕ ਪਈ ਸੀ। ਉਸਦੀ ਪਤਨੀ ਨੇ ਵੀ ਅੱਖਾਂ ਖੋਲ੍ਹ ਲਈਆਂ ਸਨ।

‘‘ਸੁੱਖੀ ਦਾ ਸੀ। ... ਹਾਂ, ਸੁੱਖ ਖ਼ੈਰ ਹੀ ਹੈ।’’ ਉਹ ਆਪਣੀ ਪਤਨੀ ਨਵਦੀਪ ਦੇ ਅੱਧ ਨੀਂਦ ਵਿਚ ਪੁੱਛੇ ਕਿੰਨੇ ਸਾਰੇ ਸਵਾਲਾਂ ਦੇ ਜਵਾਬ ਦੋ ਸਤਰਾਂ ਵਿਚ ਦੇ ਕੇ ਚੁੱਪ ਕਰ ਗਿਆ ਹੈ।

ਉਹਨੇ ਨਵਦੀਪ ਨੂੰ ਸੌਣ ਲਈ ਕਿਹਾ ਹੈ ਪਰ ਉਹਦੀ ਆਪਣੀ ਨੀਂਦ ਉੱਡ-ਪੁੱਡ ਗਈ ਹੈ। ਪਤਨੀ ਦੇ ਘੁਰਾੜੇ ਦੁਬਾਰਾ ਵੱਜਣ ਲੱਗ ਪਏ ਹਨ। ਉਹਦੀਆਂ ਅੱਖਾਂ ਛੱਤ ਵੱਲ ਲੱਗ ਗਈਆਂ ਹਨ। ਥੋੜ੍ਹੇ ਦਿਨ ਪਹਿਲਾਂ ਰੇਸ਼ਮਾ ਦੀ ਖ਼ਬਰ ਉਹਨੂੰ ਵਲੂੰਧਰ ਕੇ ਰੱਖ ਗਈ ਸੀ। ਉਹ ਤੇ ਕਿੰਨਾ ਜ਼ੁਲਮ ਢਾਹਿਆ ਸੀ ਜਰਵਾਣਿਆਂ ਨੇ। ਉਹਦੇ ਮੁੰਹੋਂ ਸਫੈਦਪੋਸ਼ ਕਿਆਂ ਨੂੰ ਕਿਲੋ ਦੀ ਗਾਲ੍ਹ ਨਿਕਲੀ ਹੈ। ਉਹਨੂੰ ਉਹ ਦਿਨ ਵੀ ਯਾਦ ਆਏ, ਜਦੋਂ ਉਹ ਲੁਕ ਲੁਕ ਕੇ ਦਿਨ ਕੱਟਦੇ ਸਨ। ਉਹਦੇ ਭਤੀਜੇ ਸੁੱਖੀ ਕੋਲ ਮੁਸ਼ਤਾਕ ਦੀ ਖ਼ਬਰ ਤਾਂ ਸੀ ਪਰ ਪੂਰੀ ਡੀਟੇਲ ਨਹੀਂ ਸੀ।

ਉਹ ਤਾਂ ਖ਼ਬਰ ਸੁਣਦੇ ਸਾਰ ਹੀ ਅਪਸੈੱਟ ਹੋ ਗਿਆ। ਹੁਣ ਉਹ ਬੈੱਡ ’ਤੇ ਪਿਆ ਪਾਸਾ ਵੀ ਨਹੀਂ ਸੀ ਲੈ ਰਿਹਾ। ਖ਼ੌਰੇ ਨਵਦੀਪ ਜਾਗ ਹੀ ਨਾ ਪਵੇ? ਉਨ੍ਹਾਂ ਸਵੇਰੇ ਡਿਉਟੀ ਵੀ ਕਰਨੀ ਹੈ। ਨਾਲੇ ਉਹ ਕਿਹੜਾ ਮੁਸ਼ਤਾਕ ਜਾਂ ਰੇਸ਼ਮਾ ਨੂੰ ਜਾਣਦੀ ਨਹੀਂ। ਉਹ ਜਦੋਂ ਵੀ ਇੰਡੀਆ ਗੇੜਾ ਮਾਰਦੇ, ਮੁਸ਼ਤਾਕ ਨੂੰ ਘਰ ਸੱਦ ਲੈਂਦੇ। ਘਰ ਦੇ ਕੰਮਾਂ ਕਾਰਾਂ ਦੀ ਸਾਰੀ ਜ਼ੁੰਮੇਵਾਰੀ ਉਹਨੂੰ ਸੰਭਾਲ ਦਿੰਦੇ। ਰੇਸ਼ਮਾ ਤੇ ਉਹਦੀ ਮਾਂ ਰਸੋਈ ਦਾ ਕੰਮ ਕਰਦੀਆਂ, ਕੱਪੜੇ ਲੀੜੇ ਧੋਣ ਤੇ ਪ੍ਰੈੱਸ ਕਰਨ ਤੋਂ ਲੈ ਕੇ ਸਭ ਛੋਟੇ ਵੱਡੇ ਕੰਮ ਕਰਦੀਆਂ। ਉਹ ਸੋਚ ਰਿਹਾ, ਇਸ ਵੇਲੇ ਉਸ ਪਰਿਵਾਰ ’ਤੇ ਕੀ ਬੀਤ ਰਹੀ ਹੋਵੇਗੀ?
ਪਿਛਲੇ ਸਾਲ ਸਿਆਲਾਂ ਵਿਚ ਉਹ ਸੁੱਖੀ ਦਾ ਵਿਆਹ ਕਰਨ ਗਏ ਸੀ। ਛੇ ਵੀਕ ਪੰਜਾਬ ਰਹੇ ਸਨ। ਉਹਨਾਂ ਦਿਨਾਂ ਵਿਚ ਵੀ ਇਕ ਘਟਨਾ ਵਾਪਰ ਗਈ ਸੀ। ਉਹਨਾਂ ਦੇ ਪਿੰਡ ਮਜ਼੍ਹਬੀਆਂ, ਤੇਲੀਆਂ ਤੇ ਬਾਜ਼ੀਗਰਾਂ ਦੇ ਘਰ ਇਕੱਠੇ ਹੀ ਹਨ। ਉਹਨਾਂ ਘਰਾਂ ਵਿਚ ਹੀ ਬਾਜ਼ੀ ਪਾਉਣ ਵਾਲੇ ਦੌਲੇ ਦੇ ਮੁੰਡੇ ਦੀ ਕਰਿਆਨੇ ਦੀ ਦੁਕਾਨ ਹੈ। ਸਫ਼ੈਦਪੋਸ਼ ਸਰਦਾਰ ਦੇ ਦੋਨੋਂ ਪੜਪੋਤੇ ਤੇ ਉਹਨਾਂ ਦੇ ਸਾਥੀ ਰਾਤ ਨੂੰ ਹਵੇਲੀ ਵਿਚ ਸ਼ਰਾਬ ਦੀ ਮਹਿਫ਼ਿਲ ਜਮਾ ਕੇ ਬੈਠੇ ਸਨ। ਉਹਨਾਂ ਨੇ ਜਾਂ ਤਾਂ ਸਿਗਰਟਾਂ ਲੈਣੀਆਂ ਹੋਣੀਆਂ ਜਾਂ ਕੋਈ ਭੁਜੀਆ ਵਗੈਰਾ। ਉਹ ਰਾਤ ਦੇ ਬਾਰਾਂ-ਇਕ ਵਜੇ ਆ ਕੇ ਆਵਾਜ਼ਾਂ ਮਾਰਨ ਲੱਗ ਪਏ। ਸ਼ਾਇਦ ਦੌਲੇ ਦਾ ਮੁੰਡਾ ਘਰ ਨਹੀਂ ਸੀ। ਨੂੰਹ ਨੇ ਸ਼ੌਪ ਖੋਲ੍ਹੀ ਨਾ। ਉਹ ਗਾਲ੍ਹਾਂ ਕੱਢਣ ਲੱਗ ਪਏ। ਦੁਕਾਨ ਦੇ ਬਾਹਰ ਬੈਂਚ ਪਏ ਸਨ। ਉਹ ਭੰਨ ਸੁੱਟੇ। ਦਰਵਾਜ਼ੇ ਉੱਤੇ ਲੋਹੇ ਦਾ ਟੀਨ ਸੀ। ਉਸ ਉੱਤੇ ਨੇਮ ਬੋਰਡ ਲੱਗਾ ਹੋਇਆ ਸੀ। ਉਹ ਚੁੱਕ ਕੇ ਗਲੀ ਵਿਚ ਮਾਰੇ। ਦੁਕਾਨ ਦੇ ਦਰਵਾਜ਼ੇ ਉੱਤੇ ਲੱਤਾਂ ਮਾਰਨ ਲੱਗ ਪਏ। ਉਹਨੀਂ ਪੂਰਾ ਖਰੂਦ ਪਾਇਆ ਸੀ। ਕੋਈ ਕੁਸਕ ਨਹੀਂ ਰਿਹਾ ਸੀ। ਸਭ ਦੀਆਂ ਜੀਭਾਂ ਨੂੰ ਤਾਲੇ ਲੱਗ ਗਏ ਸਨ। ਜਦੋਂ ਦੌਲੇ ਤੇ ਉਹਦੀ ਨੂੰਹ ਦੀਆਂ ਚੀਕਾਂ ਉੱਚੀਆਂ ਹੋਈਆਂ ਤਾਂ ਮੁਸ਼ਤਾਕ ਨੇ ਕੋਠੇ ਚੜ੍ਹ ਕੇ ਲਲਕਾਰਾ ਮਾਰ ਦਿੱਤਾ ਸੀ।

‘‘ਕਿਹੜਾ ਆ ਓਏ? ... ਜਾਣ ਨਾ ਭੱਜ ਕੇ। ਅਸੀਂ ਆ ਰਲੇ।’’

ਮੁਸ਼ਤਾਕ ਦੇ ਮਗਰ ਹੀ ਪੰਜ-ਸੱਤ ਹੋਰ ਆਵਾਜ਼ਾਂ ਉੱਠ ਪਈਆਂ ਸਨ। ਉਹਨੀਂ ਆਪਣੇ ਆਪ ਨੂੰ ਘਿਰਦੇ ਦੇਖਿਆ ਤਾਂ ਉਹ ਪੱਤਰੇ ਵਾਚ ਗਏ। ਨਵਦੀਪ ਤੇ ਬਲਵਿੰਦਰ ਜੱਜ ਨੂੰ ਰਾਤ ਵਾਲੀ ਘਟਨਾ ਦਾ ਸਵੇਰੇ ਉੱਠ ਕੇ ਹੀ ਪਤਾ ਲੱਗਾ ਸੀ। ਉਹ ਉਨ੍ਹਾਂ ਦੇ ਮੁਹੱਲੇ ਜਾ ਕੇ ਵੀ ਆਏ ਸਨ। ਬਲਵਿੰਦਰ ਜੱਜ ਨੇ ਉਹਨੂੰ ਸ਼ਾਬਾਸ਼ੇ ਦਿੱਤੀ ਸੀ।

ਜੱਜ ਦੀਆਂ ਅੱਖਾਂ ਪਰਦਿਆਂ ਵੱਲ ਤਾੜੇ ਲੱਗੀਆਂ ਹੋਈਆਂ ਸਨ। ਹੁਣ ਉਹ ਪਰਦਿਆਂ ਤੋਂ ਅੱਖਾਂ ਘੁੰਮਾ ਕੇ ਲਿਵਿੰਗ ਰੂਮ ਦੀ ਕੰਧ ’ਤੇ ਲੈ ਗਿਆ ਹੈ। ਜਿਥੇ ਮਿੰਨ੍ਹੀ-ਮਿੰਨ੍ਹੀ ਰੌਸ਼ਨੀ ਵਿਚ ਪਾਸ਼ ਦੀਆਂ ਅੱਖਾਂ ਚਮਕ ਪਈਆਂਹਨ। ਕੰਧ ’ਤੇ ਤਸਵੀਰ ਤਾਂ ਕ੍ਰਾਂਤੀਕਾਰੀ ਸ਼ਾਇਰ ਪਾਸ਼ ਦੀ ਹੈ ਪਰ ਉਹਨੂੰ ਝਾਉਲਾ ਪੈ ਰਿਹਾ ਜਿਵੇਂ ਪਾਸ਼ ਦੇ ਨਾਲ ਵਾਲੀ ਜਗ੍ਹਾ ’ਤੇ ਮੁਸ਼ਤਾਕ ਢਾਂਗੀ ਚੁੱਕੀ ਪਸ਼ੂਆਂ ਨਾਲ ਜਾ ਰਿਹਾ ਹੈ। ਪਾਸ਼ ਉਸ ਦੀ ਪਿੱਠ ਉੱਤੇ ਕਵਿਤਾ ‘ਕੰਡੇ ਦਾ ਜ਼ਖ਼ਮ’ ਲਿਖ ਰਿਹਾ ਹੈ। ਉਹ ਲਾਈਨਾਂ ਤਾਂ ਉਹਦੇ ਅੰਦਰ ਉੱਕਰੀਆਂ ਹੋਈਆਂ ਹਨ ਪਰ ਉਹਨੂੰ ਇਵੇਂ ਲੱਗ ਰਿਹਾ ਜਿਵੇਂ ਕੰਧ ’ਤੇ ਲਿਖੀਆਂ ਹੋਣ-

ਉਹ ਬਹੁਤ ਦੇਰ ਤੱਕ ਜੀਂਦਾ ਰਿਹਾ
ਕਿ ਉਸ ਦਾ ਨਾਮ ਰਹਿ ਸਕੇ,

ਧਰਤੀ ਬਹੁਤ ਵੱਡੀ ਸੀ
ਤੇ ਉਸ ਦਾ ਪਿੰਡ ਬਹੁਤ ਛੋਟਾ
ਉਹ ਸਾਰੀ ਉਮਰ ਇਕੋ ਛੰਨ ਵਿਚ ਸੌਂਦਾ ਰਿਹਾ
ਉਹ ਸਾਰੀ ਉਮਰ ਇਕੋ ਖੇਤ ਵਿਚ ਹੱਗਦਾ ਰਿਹਾ
ਅਤੇ ਚਾਹੁੰਦਾ ਰਿਹਾ
ਕਿ ਉਸ ਦਾ ਨਾਮ ਰਹਿ ਸਕੇ।

ਮੁਸ਼ਤਾਕ ਕਦੇ ਉਹਦੇ ਪਿੰਡ ਦਾ ਵਾਗੀ ਹੁੰਦਾ ਸੀ। ਉਹ ਪਿੰਡ ਦਾ ਮਾਲ ਡੰਗਰ ਚਾਰਦਾ ਰਿਹਾ। ਹੁਣ ਤੇ ਬੁੱਢਾ ਹੋ ਗਿਆ ਸੀ। ਸੱਤਰਵਿਆਂ ਦਾ ਉਹ ਭਰ ਜੁਆਨ ਵਾਗੀ ਉਹਦੇ ਮੋਹਰੇ ਘੰਮੀ ਜਾਂਦਾ ਹੈ। ਉਨ੍ਹਾਂ ਦਾ ਪਿੰਡ ਕੋਈ ਬਹੁਤ ਵੱਡਾ ਨਹੀਂ ਸੀ। ਤਿੰਨ ਕੁ ਸੌ ਦੇ ਨੇੜੇ ਤੇੜੇ ਘਰ ਹੋਣਗੇ। ਪੰਜ-ਸੱਤ ਜ਼ਿੰਮੀਂਦਾਰਾਂ ਦੇ ਘਰ ਤਾਂ ਵਾਹਵਾ ਖੁਸ਼ਹਾਲ ਸਨ। ਸਫ਼ੈਦਪੋਸ਼। ਸਰਦਾਰ ਲਛਮਣ ਸਿੰਘ ਕੋਲ ਜ਼ਮੀਨ ਦੀ ਸਭ ਤੋਂ ਵੱਡੀ ਢੇਰੀ ਸੀ। ਉਹ ਅੰਗਰੇਜ਼ ਹਕੂਮਤ ਵੇਲੇ ਸਰਕਾਰ ਦਾ ਖੈਰ ਖਵਾਹ ਰਿਹਾ ਸੀ। ਉਸ ਨੂੰ ਇਵਜ਼ ਵਿਚ ਸਰਕਾਰ ਵਲੋਂ ਮੁਹੱਬੇ ਮਿਲੇ ਹੋਏ ਸਨ। ਉਹਨਾਂ ਦੇ ਆਪਣੇ ਕਾਮੇ ਸਨ। ਬਾਕੀ ਪਿੰਡ ਦੇ ਲੋਕ ਮਾਤ੍ਹੜ ਹੀ ਸਨ। ਉਂਝ ਪਿੰਡ ਦੀ ਬਹੁਤੀ ਆਬਾਦੀ ਕੰਬੋਆਂ ਦੀ ਸੀ। ਬਾਕੀ ਜਿੰਨੇ ਕੰਬੋਅ ਤੇ ਜੱਟ ਸਨ, ਡੇਢ ਜਾਂ ਦੋ ਖੇਤਾਂ ਦੇ ਮਾਲਕ ਸਨ। ਇਹ ਕੋਈ ਡੇਢ ਕੁ ਸੌ ਘਰ ਹੋਏਗਾ।

ਇਨ੍ਹਾਂ ਵਿੱਚੋਂ ਅੱਧੇ ਘਰਾਂ ਦੀਆਂ ਕੱਟੀਆਂ, ਕੱਟੇ, ਮੱਝਾਂ, ਝੋਟੇ, ਗਾਵਾਂ, ਵੱਛੇ, ਬਲਦ ਤੇ ਬੱਕਰੀਆਂ ਆਦਿ ਚਾਰਨ ਮੁਸ਼ਤਾਕ ਲੈ ਜਾਂਦਾ। ਉਹਦੇ ਨਾਲ ਦਾਤ ਤੇ ਮਸ਼ਕ ਚੁੱਕੀ ਉਹਦਾ ਭਤੀਜਾ ਤੁਰਿਆ ਹੁੰਦਾ। ਉਹਦਾ ਭਰਾ ਨਜੀਰਾ ਤੇ ਨਜੀਰੇ ਦਾ ਵੱਡਾ ਮੁੰਡਾ ਬਾਕੀ ਅੱਧੇ-ਘਰਾਂ ਦੇ ਡੰਗਰ ਚਾਰਨ ਲਈ ਲੈ ਕੇ ਜਾਂਦੇ। ਮੁਸ਼ਤਾਕ ਦਾ ਇਕ ਅਸੂਲ ਸੀ ਉਹ ਕਿਸੇ ਦੇ ਘਰ ਤੋਂ ਨਾ ਡੰਗਰ ਲੈਣ ਜਾਂਦਾ ਸੀ ਤੇ ਨਾ ਛੱਡਣ। ਉਹ ਪਿੰਡ ਦੇ ਸ਼ਾਮਲਾਟ ਵਿਚ ਪੁੱਜ ਜਾਂਦਾ। ਲੋਕ ਉਥੇ ਹੀ ਉਹਨੂੰ ਪਸ਼ੂ ਸੰਭਾਲ ਕੇ ਜਾਂਦੇ। ਜੇਕਰ ਕਿਸੇ ਦਾ ਮਾਲ ਵੱਛਾ ਰਹਿ ਜਾਣਾ, ਉਨ੍ਹਾਂ ਆਪ ਮਗਰ ਜਾਣਾ ਤੇ ਨਾਲ ਰਲਾ ਕੇ ਆਉਣੇ।

ਉਨ੍ਹਾਂ ਸਮਿਆਂ ਵਿਚ ਸਾਲ ਦੀ ਇਕ ਫ਼ਸਲ ਹੁੰਦੀ ਸੀ। ਉਹ ਵੀ ਸਾਉਣੀ ਦੀ ਫ਼ਸਲ ਜੋ ਮੀਂਹ ਦੇ ਸਹਾਰੇ ਪਲਦੀ ਸੀ। ਬਾਕੀ ਸਾਰਾ ਸਾਲ ਖੁਸ਼ਕੀ, ਵੀਰਾਨੀ ਪਈ ਰਹਿੰਦੀ। ਗਰੀਬੀ ਬਹੁਤ ਹੁੰਦੀ ਸੀ। ਉਨ੍ਹਾਂ ਦੇ ਪਿੰਡ ਦੇ ਆਲੇ ਦੁਆਲੇ ਟਿੱਬੇ ਹੁੰਦੇ ਸਨ। ਰੇਤ ਮੱਤ ਮਾਰੀ ਰੱਖਦੀ। ਮੁਸ਼ਤਾਕ ਨੇ ਸਾਰੇ ਪਸ਼ੂ ਪਿੰਡ ਤੋਂ ਬਾਹਰਲੀ ਢਾਬ ’ਤੇ ਚਰਨ ਲਾ ਦੇਣੇ। ਪਸ਼ੂਆਂ ਦੀਆਂ ਅਡਿੰਗਣੀਆਂ ਉਸ ਦਾ ਦਿਨ ਭਰ ਜੀਅ ਲਾਈ ਰੱਖਦੀਆਂ। ਕੁਝ ਪਸ਼ੂਆਂ ਦੇ ਤਾਂ ਉਹਨੇ ਨਾਂ ਵੀ ਧਰੇ ਹੋਏ ਸਨ। ਬਲਵਿੰਦਰ ਹੁਰਾਂ ਦੀ ਪੰਜ ਕਲਿਆਣੀ ਦਾ ਨਾਂ ਉਹਨੇ ਬਿੱਲੋ ਰੱਖਿਆ ਹੋਇਆ ਸੀ। ਉਹ ਨਾਂ ਲੈ ਕੇ ਜਦੋਂ ਪਸ਼ੂ ਨੂੰ ਦਬਕਾ ਮਾਰਦਾ, ਮਜ਼ਾਲ ਸੀ ਪਸ਼ੂ ਹਿੱਲ ਵੀ ਜਾਂਦਾ।

ਜਦੋਂ ਸੂਰਜ ਆਪਣੀ ਲਾਲੀ ਨਾਲ ਪਿੰਡ ਦੇ ਰੇਤਲੇ ਟਿੱਬਿਆਂ ਨੂੰ ਲਾਲ ਕਰ ਦਿੰਦਾ, ਮੁਸ਼ਤਾਕ ਵੀ ਉਦੋਂ ਈ ਪਸ਼ੂਆਂ ਨੂੰ ਪਿੰਡ ਵੱਲ ਲੈ ਤੁਰਦਾ। ਪਸ਼ੂ ਨਿੱਤ ਦੇ ਵਾਂਗ ਜੁਗਾਲੀ ਕਰਦੇ ਸ਼ਾਮਲਾਟ ਪੁੱਜ ਜਾਂਦੇ। ਉਥੇ ਆਪਣੇ ਮਾਲਕਾਂ ਨੂੰ ਦੇਖ ਕੇ ਅੜਿੰਗਣ ਲੱਗ ਪੈਂਦੇ। ਉਹ ਹੱਕਦੇ ਉਨ੍ਹਾਂ ਨੂੰ ਖੁਰਲੀਆਂ ਤੱਕ ਲੈ ਜਾਂਦੇ। ਸੰਗਲ ਪਾ ਕੇ ਬੰਨ੍ਹ ਲੈਂਦੇ।

ਦਬੰਗ ਅੱਖਾਂ ਵਾਲੇ ਸ਼ਾਇਰ ਨਾਲ ਮੁੜ ਬਲਵਿੰਦਰ ਨੇ ਅੱਖਾਂ ਮਿਲਾਈਆਂ ਹਨ। ਮੁਸ਼ਤਾਕ ਤੇ ਉਹਦਾ ਭਤੀਜਾ ਲੋਕਾਂ ਦੇ ਘਰਾਂ ਵਿਚ ਰੋਟੀ ਲੈਣ ਤੁਰੇ ਹੋਏ ਹਨ। ਬਲਵਿੰਦਰ ਨੂੰ ਲੱਗਾ ਜਿਵੇਂ ਪਾਸ਼ ਫੋਟੋ ਵਿੱਚੋਂ ਨਿਕਲ ਕੇ ਆਪਣੀ ਸਤਰਾਂ ਦੀਆਂ ਕਵਿਤਾਵਾਂ ਗੁਣਗੁਣਾਉਣ ਲੱਗ ਪਿਆ ਹੈ।

ਉਸ ਉਮਰ ਭਰ ਬੱਸ ਤਿੰਨ ਹੀ ਆਵਾਜ਼ਾਂ ਸੁਣੀਆਂ
ਇਕ ਕੁਕੜ ਦੀ ਬਾਂਗ ਸੀ
ਇਕ ਡੰਗਰਾਂ ਦੇ ਘਰਕਣ ਦੀ ਆਵਾਜ਼
ਤੇ ਇਕ ਆਪਣੇ ਹੀ ਬੁੱਟਾਂ ਵਿਚ ਰੋਟੀ ਪੁਚਾਕਣ ਦੀ
ਟਿੱਬਿਆਂ ਦੇ ਰੇਸ਼ਮੀ ਚਾਨਣ ਵਿਚ
ਸੂਰਜ ਦੇ ਅਸਤਣ ਦੀ ਆਵਾਜ਼ ਉਸ ਨੇ ਕਦੇ ਨਹੀਂ ਸੁਣੀ
ਬਹਾਰ ਵਿਚ ਫੁੱਲਾਂ ਦੇ ਚਟਖਣ ਦੀ ਆਵਾਜ਼ ਉਸ ਨੇ ਕਦੀ ਨਹੀਂ ਸੁਣੀ
ਤਾਰਿਆਂ ਨੇ ਕਦੇ ਵੀ ਉਸ ਦੇ ਲਈ ਕੋਈ ਗੀਤ ਨਹੀਂ ਗਾਇਆ।

ਮੁਸ਼ਤਾਕ ਦੀ ਖ਼ਬਰ ਤੇ ਉਸ ਬਾਰੇ ਕਵਿਤਾ ਯਾਦ ਕਰਕੇ ਸ਼ਾਇਰ ਬਲਵਿੰਦਰ ਜੱਜ ਦੇ ਅੰਦਰੋਂ ਕੁਝ ਟੁੱਟਿਆ ਹੈ। ਉਹਦੀਆਂ ਅੱਖਾਂ ਸਿੱਲ੍ਹੀਆਂ ਹੋ ਗਈਆਂ ਹਨ। ਮੁਸ਼ਤਾਕ ਦੇ ਪੁਰਖਿਆਂ ਦਾ ਪਿੰਡ ਵਿਚ ਕਦੇ ਤੇਲ ਕੱਢਣ ਦਾ ਕੋਹਲੂ ਹੁੰਦਾ ਸੀ। ਇਲਾਕੇ ਵਿਚ ਉਸ ਦੀ ਮਸ਼ਹੂਰੀ ਬੜੀ ਸੀ। ਇਸ ਕੋਹਲੂ ਦੀ ਚੜ੍ਹਤ ਨਾ ਬਲਵਿੰਦਰ ਨੇ ਦੇਖੀ ਤੇ ਨਾ ਹੀ ਮੁਸ਼ਤਾਕ ਹੁਰੀਂ। ਬਲਵਿੰਦਰ ਦਾ ਬਾਪ ਦਸਦਾ ਹੁੰਦਾ ਸੀ-‘ਜਿਥੇ ਹੁਣ ਸਰਕਾਰੀ ਸਕੂਲ ਦੀ ਇਮਾਰਤ ਹੈ। ਇਹਦੇ ਲਾਗੇ ਦਿਨ ਰਾਤ ਕੋਹਲੂ ਚਲਦਾ ਹੁੰਦਾ ਸੀ। ਜਦੋਂ ਦੇਸ਼ ਦਾ ਬਟਵਾਰਾ ਹੋਇਆ, ਇਹ ਪਰਿਵਾਰ ਵੀ ਲੁੱਟਿਆ ਪੁੱਟਿਆ ਗਿਆ। ਉਂਝ ਮੁੜ ਕੇ ਕੋਹਲੂ ਚਾਲੂ ਤਾਂ ਕਰ ਲਿਆ ਸੀ ਪਰ ਉਹਨਾਂ ਦੇ ਪੈਰ ਨਾ ਲੱਗੇ। ਮਾੜੀ ਮੋਟੀ ਰੋਟੀ ਖਾਣ ਜੋਗੇ ਹੋ ਗਏ ਸਨ। ਫਿਰ ਸ਼ਹਿਰਾਂ ਵਿਚ ਵੱਡੇ ਵੱਡੇ ਕੋਹਲੂ ਲੱਗ ਗਏ। ਮਾਰਕੀਟ ਵਿਚ ਤਰ੍ਹਾਂ-ਤਰ੍ਹਾਂ ਦੇ ਤੇਲ ਤੇ ਬਨਾਉਟੀ ਘਿਓ ਆਉਣ ਲੱਗੇ। ਮਾਰਕੀਟ ਦਾ ਸਸਤਾ ਤੇਲ ਪਿੰਡਾਂ ਵੱਲ ਨੂੰ ਰੁਖ ਕਰ ਗਿਆ। ਮੁਸ਼ਤਾਕ ਦੇ ਬਜ਼ੁਰਗਾਂ ਤੋਂ ਮਹਿੰਗਾ ਤੇ ਸ਼ੁੱਧ ਤੇਲ ਕੌਣ ਖਰੀਦਦਾ? ਇਹਨਾਂ ਦੇ ਕੋਹਲੂ ਤੋਂ ਮੱਖੀਆਂ ਉੱਡਣ ਲੱਗੀਆਂ। ਮੁਸ਼ਤਾਕ ਤੇ ਨਜ਼ੀਰਾ ਉਦੋਂ ਦਸ ਬਾਰਾਂ ਸਾਲਾਂ ਦੇ ਹੋਣਗੇ, ਜਦੋਂ ਇਨ੍ਹਾਂ ਦਾ ਬਾਪ ਚਲ ਵਸਿਆ। ਇਹ ਉਦੋਂ ਦੇ ਹੀ ਲੋਕਾਂ ਦੇ ਪਸ਼ੂ ਚਾਰਨ ਲੱਗੇ ਹੋਏ ਹਨ।

ਬਲਵਿੰਦਰ ਨੇ ਅੱਖਾਂ ਪੂੰਝੀਆਂ ਹਨ। ਉਹਨੂੰ ਹੁਣ ਵੀ ਉਹ ਵੱਗ ਲਈ ਤੁਰਿਆ ਜਾਂਦਾ ਦਿਖਦਾ। ਲੰਮੀ ਢਾਂਗੀ ਮੋਢੇ ’ਤੇ ਝੂਲਦੀ ਪਈ ਹੈ। ਉਹਦੇ ਪਿੱਛੇ ਧੂੜ ਉੱਡ ਰਹੀ ਹੈ। ਉਹਦੇ ਕਾਲੇ ਰੰਗ ’ਤੇ ਪਈ ਮਿੱਟੀ ਵੀ ਉਹਨੂੰ ਬੇ-ਪਛਾਣ ਨਾ ਕਰਦੀ। ਉਹਨੂੰ ਉਹਦਾ ਹਦਵਾਣੇ ਵਰਗਾ ਸਿਰ ਅਜੇ ਵੀ ਦੂਰੋਂ ਚਮਕਾਂ ਮਾਰਦਾ ਦਿਸ ਰਿਹਾ ਹੈ। ਜਿੱਦਣ ਉਹ ਸਿਰ ’ਤੇ ਪਰਨਾ ਬੰਨ੍ਹ ਲੈਂਦਾ। ਪਰਨੇ ਦੇ ਲੜ ਢਿੱਲੇ ਹੁੰਦੇ। ਉਸ ਵਿਚੋਂ ਵਾਲਾਂ ਦੀਆਂ ਜਟੂਰੀਆਂ ਬਾਹਰ ਨੂੰ ਝਾਕ ਰਹੀਆਂ ਹੁੰਦੀਆਂ। ਉਹਨੂੰ ਉਹਦੀ ਅਣਵਾਹੀ ਦਾੜ੍ਹੀ ਦੀ ਝਲਕ ਅਜੇ ਵੀ ਸਾਫ਼ ਦਿਖ ਰਹੀ ਹੈ।

ਪਾਸ਼ ਪਿੰਡ ਆਉਂਦਾ। ਉਹਦੇ ਨਾਲ ਗੱਲੀਂ ਜੁੱਟ ਜਾਂਦਾ। ਜਿਵੇਂ ਚਿੱਤਰਕਾਰ ਕਿਸੇ ਆਜੜੀ ਨੂੰ ਕੋਲ ਬਿਠਾ ਕੇ ਪੇਂਟਿੰਗ ਬਣਾਉਂਦਾ ਹੈ। ਉਹ ਉਵੇਂ ਉਹਦੇ ਢਿੱਡ ਵਿਚ ਜਾ ਵੜਦਾ। ਉਹ ਵੀ ਰੰਗਾਂ ਵਾਂਗ ਸ਼ਬਦਾਂ ਨਾਲ ਘੁਲ ਮਿਲ ਜਾਂਦਾ। ਉਹੀ ਸ਼ਬਦ ਹੁਣ ਬਲਵਿੰਦਰ ਦੇ ਬੁੱਲ੍ਹਾਂ ’ਤੇ ਆਏ ਹਨ।

ਉਮਰ ਭਰ ਉਹ ਤਿੰਨ ਹੀ ਰੰਗਾਂ ਤੋਂ ਬੱਸ ਵਾਕਿਫ਼ ਰਿਹਾ
ਇਕ ਰੰਗ ਭੌਇੰ ਦਾ ਸੀ
ਜਿਦ੍ਹਾ ਕਦੇ ਵੀ ਉਹਨੂੰ ਨਾਂ ਨਹੀਂ ਆਇਆ।
ਇਕ ਰੰਗ ਅਸਮਾਨ ਦਾ ਸੀ
ਜਿਦ੍ਹੇ ਬਹੁਤ ਸਾਰੇ ਨਾਂ ਸਨ
ਪਰ ਕੋਈ ਵੀ ਉਹਦੀ ਜੀਭ ’ਤੇ ਚੜ੍ਹਦਾ ਨਹੀਂ ਸੀ।
ਇਕ ਰੰਗ ਉਹਦੀ ਤੀਵੀਂ ਦੀਆਂ ਗਲ੍ਹਾਂ ਦਾ ਸੀ
ਜਿਸ ਦਾ ਕਦੇ ਵੀ ਸੰਗਦਿਆਂ ਉਸ ਨਾਂ ਨਹੀਂ ਲਿਆ।

ਬਲਵਿੰਦਰ ਨੂੰ ਮੁਸ਼ਤਾਕ ਰੋਟੀਆਂ ਖਾ ਰਿਹਾ ਦਿਖ ਰਿਹਾ ਹੈ। ਉਹ ਮੇਥਿਆਂ ਵਾਲੀਆਂ ਮੱਕੀ ਦੀਆਂ ਪੰਦਰਾਂ-ਵੀਹ ਰੋਟੀਆਂ ਖਾ ਕੇ ਹੀ ਲੱਸੀ ਪੀਂਦਾ ਸੀ। ਫ਼ਿਰ ਉਹ ਡਕਾਰ ਮਾਰਦਾ ਤੇ ਤੁਰ ਪੈਂਦਾ। ਪਹਿਲਾਂ ਪਹਿਲ ਬਲਵਿੰਦਰ ਨੇ ਪਾਸ਼ ਨੂੰ ਉਹਦੇ ਖਾਣ ਪੀਣ ਬਾਰੇ ਦੱਸਿਆ ਸੀ ਤਾਂ ਉਹਨੇ ਯਕੀਨ ਨਹੀਂ ਸੀ ਕੀਤਾ। ਉਹ ਜਿਨ੍ਹਾਂ ਸੱਤਰ-ਪਝੱਤਰ ਘਰਾਂ ਦਾ ਮਾਲ ਚਾਰਦੇ ਸੀ, ਉਨ੍ਹਾਂ ਘਰਾਂ ਵਿਚ ਹੀ ਖਾਂਦੇ ਪੀਂਦੇ ਸੀ। ਹਰ ਘਰ ਨੇ ਉਹਨੂੰ ਇਕ ਦਿਨ ਰੋਟੀ, ਚਾਹ-ਪਾਣੀ ਤੇ ਬੀੜੀਆਂ ਦਾ ਬੰਡਲ ਦੇਣੇ ਹੁੰਦੇ ਸਨ। ਸੱਤਰ-ਪਝੱਤਰ ਦਿਨਾਂ ਬਾਅਦ ਅਗਲੇ ਘਰ ਦੀ ਵਾਰੀ ਆਉਂਦੀ ਸੀ। ਜਿਸ ਦਿਨ ਜਿਸ ਘਰ ਦੀ ਵਾਰੀ ਹੁੰਦੀ, ਉਸ ਘਰ ਦੀਆਂ ਬੁੜ੍ਹੀਆਂ-ਕੁੜੀਆਂ ਸਵੇਰ ਤੋਂ ਈ ਮੰਨੇ ਥੱਪਣ ਲੱਗ ਪੈਂਦੀਆਂ।

‘‘ਚਾਚਾ, ਬੀਬੀ ਰੱਜਵੀਂ ਚਾਹ ਵੀ ਦਿੰਦੀ ਆ ਕਿ ਨ੍ਹੀਂ?’’ ਪਾਸ਼ ਨੇ ਇਕ ਵਾਰ ਉਹਨੂੰ ਛੇੜਿਆ ਸੀ।

ਉਹ ਉਨ੍ਹਾਂ ਤੋਂ ਉਮਰ ਵਿਚ ਮਸਾਂ ਪੰਜ-ਸੱਤ ਸਾਲ ਵੱਡਾ ਹੋਏਗਾ ਪਰ ਪਿੰਡ ਵਿਚੋਂ ਲੱਗਦੇ ਰਿਸ਼ਤੇ ਵਿੱਚੋਂ ਉਹ ਬਲਵਿੰਦਰ ਹੁਰਾਂ ਦਾ ਚਾਚਾ ਹੀ ਲੱਗਦਾ ਸੀ। ਪਿੰਡ ਦਾ ਵੱਡਾ ਕੀ ਤੇ ਛੋਟਾ ਕੀ ਸਭ ਉਹਨੂੰ ਮੁਸ਼ਤਾਕਾ ਹੀ ਸੱਦਦੇ। ਸਿਰਫ਼ ਬਲਵਿੰਦਰ ਦੇ ਪਾਸ਼ ਚਾਚਾ ਸੱਦਦੇ ਸਨ।

‘‘ਐਵੇਂ ਡੇਢ ਕੁ ਕੱਪ ਮਿਲਦਾ। ਰੱਜਵੀਂ ਨਹੀਂ ਮਿਲਦੀ।’’ ਉਹਨੇ ਸਿਕਰੀ ਭਰੇ ਕਾਲੇ ਬੁੱਲ੍ਹਾਂ ਉੱਤੇ ਰੱਤੀ ਜੀਭ ਫੇਰ ਕੇ ਕਿਹਾ ਸੀ।

ਬੀਬੀ ਨੇ ਉਹਨਾਂ ਨੂੰ ਉਹਦਾ ਕੱਪ ਦੇਖਣ ਨੂੰ ਕਿਹਾ। ਉਹਦੇ ਕੋਲ ਫ਼ੌਜੀਆਂ ਵਾਲਾ ਦੋ ਲਿਟਰ ਦਾ ਮੱਘ ਸੀ। ਠੋਕ-ਠੋਕ ਕੇ ਉਹਦਾ ਹੇਠਲਾ ਹਿੱਸਾ ਬਾਹਰ ਨੂੰ ਕੱਢਿਆ ਹੋਇਆ ਸੀ। ਉਹ ਕੱਪ ਦੇਖ ਕੇ ਹੱਸ ਪਏ।

ਇਕ ਦਿਨ ਉਹ ਗੰਨੇ ਪੀੜ ਰਹੇ ਸੀ। ਅਜੇ ਗੁੜ ਦੀ ਇਕ ਪੱਤ ਹੀ ਕੱਢੀ ਸੀ। ਕਮਾਦ ਵੱਲ ਗਿਆ ਝੁਕਾਵਾ ਆ ਕੇ ਕਹਿਣ ਲੱਗਾ।

‘‘ਕਿਸੇ ਨੇ ਕੱਲ੍ਹ ਦੀਆਂ ਦੋ ਗੰਨਿਆਂ ਦੀਆਂ ਭਰੀਆਂ ਚੂਪ ਕੇ ਛਿਲਕਿਆਂ ਦੇ ਢੇਰ ਲਾਏ ਹੋਏ ਨੇ।’’

ਉਹ ਅਜੇ ਕਿਆਫ਼ੇ ਹੀ ਲਾ ਰਹੇ ਸਨ। ਟਿੱਬੇ ਵਲੋਂ ਆਵਾਜ਼ ਆਉਣ ਲੱਗ ਪਈ, ‘‘... ਤੇਰੇ ਟਿੱਲੇ ਤੋਂ ਕੋਈ ਸੂਰਤ ਦੀਂਹਦੀ ਏ ਹੀਰ ਦੀ, ਓ ਲੈ ਦੇਖ ਗੋਰਖਾ ਉੱਡਦੀ ਏ ਫੁਲਕਾਰੀ।’ ਮੁਸ਼ਤਾਕ ਮਾਣਕ ਸਟਾਈਲ ਕੰਨ ’ਤੇ ਹੱਥ ਰੱਖ ਕੇ ਉੱਚੀ ਹੇਕ ਵਿਚ ਗਾਉਂਦਾ ਹੋਇਆ ਪਸ਼ੂਆਂ ਨੂੰ ਹੱਕੀ ਲਈ ਆ ਰਿਹਾ ਸੀ। ਪਾਸ਼ ਨੇ ਇਸ਼ਾਰਾ ਕਰਕੇ ਸੱਦ ਲਿਆ। ਰਸ ਪੀਣ ਲਈ ਸੁਲ੍ਹਾ ਮਾਰੀ। ਉਹਨੀਂ ਦਾਤ ਤੇ ਢਾਂਗੀ ਪਾਸੇ ਰੱਖੇ ਤੇ ਰਸ ਪੀਣ ਲੱਗ ਪਏ। ਭਤੀਜੇ ਨੇ ਤਾਂ ਦੋ ਡੱਬਿਆਂ ਤੋਂ ਬਾਅਦ ਹੱਥ ਖੜ੍ਹੇ ਕਰ ਦਿੱਤੇ। ਮੁਸ਼ਤਾਕ ਚੀਂਡ ਲਾ ਕੇ ਸੱਤ-ਅੱਠ ਡੱਬੇ ਪੀ ਗਿਆ। ਉਹ ਮੁਸਕਰਾ ਪਏ ਸਨ।

‘‘ਬੱਸ... ਹੋਰ ਕਿਤੇ ਰੱਜਣਾ ਆ, ਮੱਲਾ? ’’ ਉਹਨਾਂ ਨੂੰ ਮੁਸਕਰਾਉਂਦਿਆਂ ਦੇਖ ਕੇ ਦਾਤ ਤੇ ਢਾਂਗੀ ਚੁੱਕ ਕੇ ਡੰਗਰਾਂ ਨੂੰ ‘ਡਿਅਰ ਡਿਅਰ’ ਕਰਦਾ ਤੁਰ ਪਿਆ ਸੀ।

ਜਿੱਦਣ ਵੀ ਬਲਵਿੰਦਰ ਦੇ ਘਰ ਪਾਸ਼ ਆਉਂਦਾ, ਉਹ ਉਹਨੂੰ ਸੱਦ ਲੈਂਦੇ। ਉਹਦੇ ਕੋਲੋਂ ਪੂਰਨ ਭਗਤ ਜਾਂ ਜ਼ਿੰਦਗੀ ਬਿਲਾਸ ਦੇ ਕਿੱਸੇ ਸੁਣਦੇ। ਕਿੱਸਿਆਂ ਤੋਂ ਬਿਨਾਂ ਉਹਨੂੰ ਦੋ ਹੀ ਗੱਲਾਂ ਆਉਂਦੀਆਂ। ਜਾਂ ਤਾਂ ਉਹ ਮਾਲ ਦੀਆਂ ਗੱਲਾਂ ਕਰਦਾ ਜਾਂ ਫ਼ਿਰ ਸ਼ਰਤ ਲਾ ਕੇ ਖਾਣ ਪੀਣ ਦੀਆਂ। ਬਲਵਿੰਦਰ ਨੂੰ ਉਸ ਦੀਆਂ ਸ਼ਿਆਹ ਕਾਲੀਆਂ ਅੱਖਾਂ ਹੁਣ ਵੀ ਹਨੇਰੇ ਵਿਚ ਚਮਕਦੀਆਂ ਦਿਖ ਰਹੀਆਂ ਹਨ। ਇਨ੍ਹਾਂ ਅੱਖਾਂ ਵਿੱਚੋਂ ਹੀ ਉਤਰਦੀਆਂ ਪਾਸ਼ ਦੀ ਕਵਿਤਾ ਦੀਆਂ ਅਗਲੀਆਂ ਸੱਤਰਾਂ ਬਲਵਿੰਦਰ ਨੂੰ ਦਿਖ ਰਹੀਆਂ ਹਨ।
ਮੂਲੀਆਂ ਉਹ ਜ਼ਿੱਦ ਕੇ ਖਾ ਸਕਦਾ ਸੀ

ਵਧ ਕੇ ਛੱਲੀਆਂ ਚੱਬਣ ਦੀ ਉਸ ਨੇ ਕਈ ਵਾਰ ਜਿੱਤੀ ਸ਼ਰਤ
ਪਰ ਆਪ ਉਹ ਬਿਨ ਸ਼ਰਤ ਹੀ ਖਾਧਾ ਗਿਆ,
ਉਸ ਦੇ ਪੱਕੇ ਹੋਏ ਖ਼ਰਬੂਜ਼ਿਆਂ ਵਰਗੇ ਉਮਰ ਦੇ ਸਾਲ
ਬਿਨਾਂ ਹੀ ਚੀਰਿਆਂ ਨਿਗਲੇ ਗਏ
ਤੇ ਕੱਚੇ ਦੁੱਧ ਵਰਗੀ ਓਸ ਦੀ ਸੀਰਤ
ਬੜੇ ਸੁਆਦ ਨਾਲ ਪੀਤੀ ਗਈ।
ਉਹਨੂੰ ਕਦੇ ਵੀ ਨਾ ਪਤਾ ਲੱਗ ਸਕਿਆ
ਉਹ ਕਿੰਨਾ ਸਿਹਤਅਫ਼ਜ਼ਾ ਸੀ।

ਜੱਜ ਆਪਣੇ ਸ਼ਾਇਰ ਯਾਰ ਪਾਸ਼ ’ਤੇ ਬਲਿਹਾਰੇ ਗਿਆ ਹੈ। ਇਹ ਦੋ ਹਜ਼ਾਰ ਤੇਰਾਂ ਦਾ ਵਰ੍ਹਾ ਹੈ। ਉਹਨੇ ਚਾਲੀ ਸਾਲ ਪਹਿਲਾਂ ‘ਮੁਸ਼ਤਾਕਾਂ’ ਬਾਰੇ ਭਵਿੱਖਬਾਣੀ ਕਰ ਦਿੱਤੀ ਸੀ! ਉਹ ਸੋਚ ਰਿਹਾ-ਕੀ ਉਹਨੂੰ ਇਸ ਹੋਣੀ ਦਾ ਇਲਮ ਸੀ? ਜਿਵੇਂ ਪਾਸ਼ ਨੇ ਲਿਖਿਆ, ਉਵੇਂ ਮੁਸ਼ਤਾਕ ਨਾਲ ਹੋਇਆ। ਸ਼ਾਇਰ ਬਲਵਿੰਦਰ ਜੱਜ ਚੁੱਪ ਕਰ ਗਿਆ ਹੈ। ਪ੍ਰੋਫ਼ੈਸਰ ਬਲਵਿੰਦਰ ਜੱਜ ਦੇ ਅੰਦਰਲਾ ਆਲੋਚਕ ਜਾਗ ਪਿਆ ਹੈ। ਉਹ ‘ਕੰਡੇ ਦਾ ਜ਼ਖ਼ਮ’ ਕਵਿਤਾ ਦਾ ਤਬਸਰਾ ਕਰਨ ਲੱਗ ਪਿਆ ਹੈ।

...‘ਮੈਂ ਐਨੀ ਜੈਨੂਅਨ ਪੋਇਟਰੀ ਜੀਵਨ ਵਿਚ ਕਦੇ ਨਹੀਂ ਪੜ੍ਹੀ। ਜਿਸ ਵਿਚ ਜੀਵਨ ਦੀਆਂ ਆਮ ਘਟਨਾਵਾਂ ਹਨ। ਹਰ ਪਾਪੂਲਰ ਕਵਿਤਾ ਕਿਸੇ ਵਾਦ ਨਾਲ ਜੁੜ ਕੇ ਹੀ ਮਸ਼ਹੂਰੀ ਖੱਟਦੀ ਹੈ। ਜਿਵੇਂ ਧਰਮ, ਜਾਤ, ਰੋਮਾਂਸ, ਸਮਾਜਵਾਦ, ਸਾਮਰਾਜਵਾਦ, ਜੰਗ... ਜਾਂ ਕਿਸੇ ਹੋਰ ਵਾਦ ਕਾਰਨ ਚਰਚਿਤ ਹੰੁਦੀਆਂ ਹਨ। ਇਹ ਪਹਿਲੀ ਕਵਿਤਾ ਹੈ, ਜਿਹੜੀ ਜੀਵਨ ਦੇ ਆਮ ਸਧਾਰਨ ਮੁੱਲਾਂ ਨੂੰ ਬਿਨਾਂ ਕਿਸੇ ਵਾਦ ਤੋਂ ਇਤਿਹਾਸਕ ਅਰਥ ਦਿੰਦੀ ਹੈ।’’

‘‘ਗੋਲਡਨ ਰੇਸ਼ੋ ਕੀ ਹੁੰਦੀ ਹੈ? ’’ ਉਹਨੇ ਆਪਣੇ ਆਪ ਨੂੰ ਸਵਾਲ ਕੀਤਾ ਹੈ। ਉਹ ਇਸ ਸਵਾਲ ਦੇ ਜਵਾਬ ਵਿਚ ਉਲਝ ਗਿਆ ਹੈ। ਉਹਨੂੰ ਯਾਦ ਆਇਆ।

‘‘ਵਿਦਵਾਨਾਂ ਨੇ ਗੋਲਡਨ ਰੇਸ਼ੋ ਲੱਭੀ ਹੈ। ਜਿਵੇਂ ਦੋ ਕੰਨਾਂ ਵਿਚਕਾਰ ਨੱਕ, ਦੋ ਮੋਢਿਆਂ ਵਿਚਾਲੇ ਧੁਨੀ, ਦੋ ਸਤੰਭਾਂ ਵਿਚਾਲੇ ਜਨਨ ਸ਼ਕਤੀ ਤੇ ਦੋ ਅੰਗੂਠਿਆਂ ਵਿਚਾਲੇ ਅੰਗੂਠੇ... ਕਿਸ ਪੋਰਿਸ਼ਨ ਵਿਚ ਤੁਹਾਡੀਆਂ ਉਂਗਲਾਂ ਹਨ? ... ਕੰਨ ਹਨ? ਬਿੳੂਟੀ ਕੰਨਟੈਂਟ ਵਾਲੇ ਨੋਟ ਕਰਦੇ ਹਨ। ਇਹ ਵੀ ਏਹੋ ਜਿਹੀ ਕਵਿਤਾ ਹੈ। ਇਸ ਕਵਿਤਾ ਵਿਚ ਜੀਵਨ ਦੇ ਬੇਸਿਕ ਭਾਵ ਕਵੀ ਨੇ ਪੇਸ਼ ਕੀਤੇ ਹਨ। ਕਵੀ ਕਿਸੇ ਆਮ ਬੰਦੇ ਦੇ ਬੇਸਿਕ ਮੂਡ ਨੂੰ ਕਿਵੇਂ ਪੇਸ਼ ਕਰ ਰਿਹਾ ਹੈ। ਹੈ ਨਾ ਕਮਾਲ ਦੀ ਗੱਲ? ਇਸ ਕਵਿਤਾ ਦਾ ਨਾਇਕ ਮੇਰੇ ਪਿੰਡ ਵਾਲਾ... ਮੁਸ਼ਤਾਕ ਕਿਥੇ ਹੈ? ਉਹ ਤੇ ਮੈਨੂੰ ਸਾਹਮਣੇ ਕੰਧ ’ਤੇ ਖੜ੍ਹਾ ਪਾਸ਼ ਨਾਲ ਦਿਖ ਰਿਹਾ ਹੈ।’’

ਬਲਵਿੰਦਰ ਜੱਜ ਦੇ ਪਿੰਡ ਸ਼ਾਇਰਾਂ ਦੀ ਮਹਿਫ਼ਿਲ ਜੁੜ ਜਾਂਦੀ। ਮੁਸ਼ਤਾਕ ਉਹਨਾਂ ਦੀ ਸ਼ਾਇਰੀ ਸੁਣਨ ਬੈਠ ਜਾਂਦਾ। ਸ਼ਾਇਰ ਕਵਿਤਾਵਾਂ ਵਿਚ ਇਨਕਲਾਬ ਲਿਆ ਦਿੰਦੇ। ਮੁਸ਼ਤਾਕ ਵਰਗੇ ਗਰੀਬਾਂ ਨੂੰ ਰਾਜ ਭਾਗ ਸੰਭਾਲ ਦਿੰਦੇ। ਉਹ ਖੁਸ਼ੀ ਵਿਚ ਫੁੱਲਿਆ ਨਾ ਸਮਾਉਂਦਾ। ਉਹ ਦੌਰ ਸ਼ਹਾਦਤਾਂ ਤੇ ਕੁਰਬਾਨੀਆਂ ਦਾ ਸੀ। ਦੇਸ਼ ਵਿਚ ਇਨਕਲਾਬ ਕਰਨ ਦਾ ਟੀਚਾ ਮਿਥ ਲਿਆ ਗਿਆ ਸੀ। ਕ੍ਰਾਂਤੀਕਾਰੀ ਆਗੂ ਜੰਗਜੂਆਂ ਦੀ ਭਾਲ ਵਿਚ ਪਿੰਡ ਪਿੰਡ ਹੋਕਾ ਦਿੰਦੇ ਫਿਰਦੇ ਸਨ। ਉਹ ਸ਼ਾਹਪੁਰ ਵੀ ਦੋ-ਚਾਰ ਵਾਰ ਫੇਰਾ ਮਾਰ ਗਏ ਸਨ। ਮੀਟਿੰਗ ਵਿਚ ਪੰਜ-ਸੱਤ ਬੰਦੇ ਹਾਜ਼ਰ ਹੁੰਦੇ। ਇਨਕਲਾਬਪਸੰਦ ਆਪਣਾ ਭਾਸ਼ਣ ਸ਼ੁਰੂ ਕਰਦੇ।

‘‘ਅਸੀਂ ਅਜੋਕਾ ਗਲਿਆ ਸੜਿਆ ਰਾਜ ਪ੍ਰਬੰਧ ਬਦਲਣਾ ਚਾਹੁੰਦੇ ਹਾਂ। ਅਸੀਂ ਅਮਰੀਕਾ ਕੀ ਹਰ ਤਰ੍ਹਾਂ ਦੇ ਸਾਮਰਾਜ ਦੇ ਵਿਰੁੱਧ ਹਾਂ। ਭਗਤ ਸਰਾਭੇ ਤੇ ੳੂਧਮ ਦੀ ਸੋਚ ਵਾਲਾ ਰਾਜ ਪ੍ਰਬੰਧ ਕਾਇਮ ਕਰਨਾ ਚਾਹੁੰਦੇ ਹਾਂ, ਜਿਥੇ ਮਜ਼ਦੂਰ ਦੀ, ਕਿਰਤੀ ਦੀ ਤੇ ਕਮਾੳੂ ਲੋਕਾਂ ਦੀ ਸਰਦਾਰੀ ਹੋਏਗੀ। ਮੁਲਕ ’ਚੋਂ ਫ਼ੈਲੀਆਂ ਜਾਤ-ਪਾਤ ਵਰਗੀਆਂ ਤੇ ਹੋਰ ਅਨੇਕਾਂ ਅਲਾਮਤਾਂ ਨੂੰ ਜੜੋ੍ਹਂ ਪੁੱਟ ਕੇ ਵਗਾਹ ਮਾਰਿਆ ਜਾਏਗਾ। ਅਜਿਹਾ ਪ੍ਰੋਗਰਾਮ ਸਿਰਫ਼ ਸਾਡੀ ਇਨਕਲਾਬੀ ਪਾਰਟੀ ਕੋਲ ਹੀ ਹੈ।’’

ਬੰਦੇ ਭਾਸ਼ਣ ਸੁਣਦੇ ਤੇ ਤੁਰ ਜਾਂਦੇ। ਉਹ ਬੰਦੇ ਕਾਇਮ ਕਰਨ ਵਿਚ ਸਫ਼ਲ ਨਹੀਂ ਹੋਏ ਸਨ। ਪਾਸ਼ ਹੱਕਾ-ਬੱਕਾ ਰਹਿ ਜਾਂਦਾ। ਉਹ ਬਲਵਿੰਦਰ ਨੂੰ ਮਿਹਣਾ ਮਾਰਦਾ। ਬਲਵਿੰਦਰ ਕੀ ਕਰ ਸਕਦਾ ਸੀ? ਸਿਰ ਦੇਣ ਦੇ ਦੌਰ ਵਿਚ ਕੋਈ-ਕੋਈ ਖੜ੍ਹਦਾ ਹੈ। ਇਕ ਵਾਰ ਉਹ ਮੀਟਿੰਗ ਪਿੱਛੋਂ ਮੁਸ਼ਤਾਕ ਨੂੰ ਸਮਝਾਉਣ ਲੱਗੇ।

‘‘ਇਹ ਲੋਕ ਗਰੀਬ ਗੁਰਬੇ ਨੂੰ ਰਾਜ ਭਾਗ ਦੇ ਭਾਗੀਦਾਰ ਬਣਾਉਣਾ ਚਾਹੁੰਦੇ ਆ। ਜੇ ਜੱਸ ਖੱਟ ਹੁੰਦਾ, ਖੱਟ ਲੈ ਮੁਸ਼ਤਾਕ ਚਾਚਾ ਸਿਆਂ।

‘‘ਮੈਨੂੰ ਕੀ ਮਿਲੇਗਾ? ਮੈਂ ਤਾਂ ਤੁਹਾਡੇ ਰਾਜ ਵਿਚ ਵੀ ਤੁਹਾਡੇ ਵਗ ਹੀ ਚਾਰਾਂਗਾ? ’’ ਮੁਸ਼ਤਾਕ ਨੇ ਉਹਨਾਂ ਦੇ ਮੂੰਹ ’ਤੇ ਹੀ ਕਹਿ ਦਿੱਤਾ ਸੀ।

‘‘ਚਾਚਾ ਸਿਆਂ, ਰਾਜ ਤਾਂ ਆਪਣਾ ਗਰੀਬਾਂ ਦਾ ਆਉਣਾ। ਨੌਕਰੀਆਂ, ਜ਼ਮੀਨ ਜਾਇਦਾਦ ਵਿਚ ਸਭ ਬਰਾਬਰ ਦੇ ਹਿੱਸੇਦਾਰ ਹੋਣਗੇ। ਸਭ ਨੂੰ ਘਰ ਮਿਲੇਗਾ... ਰੁਜ਼ਗਾਰ ਮਿਲੇਗਾ। ਤੈਨੂੰ ਇਕ ਹੋਰ ਗੱਲ ਦੱਸਾਂ? ਆਹ ਸਫ਼ੈਦਪੋਸ਼ ਕਿਆਂ ਦੇ ਇਨ੍ਹਾਂ ਯੋਧਿਆਂ ਕਰਕੇ ਗਰੀਬਾਂ ਵੱਲ ਅੱਖ ਚੁੱਕ ਕੇ ਵੀ ਨਹੀਂ ਦੇਖਦੇ ਸਗੋਂ ਲੁਕ-ਲੁਕ ਕੇ ਦਿਨ ਕੱਟਦੇ ਨੇ। ਨਹੀਂ ਤਾਂ ਹੁਣ ਨੂੰ ਆਪਾਂ ਨੂੰ ਕੱਚਿਆਂ ਨੂੰ ਚੱਬ ਜਾਂਦੇ।’’ ਬਲਵਿੰਦਰ ਨੇ ਉਸ ਸਮੇਂ ਦਾ ਸੱਚ ਬਿਆਨ ਕੀਤਾ ਸੀ।

‘‘ਅੱਛਾ, ਫਿਰ ਠੀਕ ਆ। ਮੈਨੂੰ ਤੁਹਾਡੇ ਲੀਡਰਾਂ ਦੀਆਂ ਬਹੁਤੀਆਂ ਗੱਲਾਂ ਦੀ ਸਮਝ ਨਹੀਂ ਲਗਦੀ।... ਜਿੱਦਣ ਕੋਈ ਕੰਮ ਕਰਾਉਣਾ ਹੋਇਆ, ਦੱਸ ਦਿਓ।’’ ਉਹ ਢਾਂਗੀ ਤੇ ਦਾਤ ਚੁੱਕ ਕੇ ਹਨੇਰੇ ਵਿਚ ਆਲੋਪ ਹੋ ਗਿਆ ਸੀ।

ਉਹ ਸ਼ਾਹਪੁਰ ਤੋਂ ਕੋਈ ਬੰਦਾ ਨਾ ਤੋਰ ਸਕੇ। ਫਿਰ ਦੇਸ਼ ਵਿਚ ਐਮਰਜੈਂਸੀ ਲੱਗ ਗਈ। ਇਹ ਪੰਜ-ਛੇ ਸਾਲ ਉਥਲ-ਪੁੱਥਲ ਵਾਲੇ ਸਨ। ਪਾਸ਼, ਬਲਵਿੰਦਰ ਜੱਜ ਤੇ ਹੋਰ ਕਈ ਸ਼ਾਇਰ ਇਸ ਲਪੇਟ ਵਿਚ ਆਏ ਸਨ। ਤਸ਼ੱਦਦ ਸਹਿਆ ਸੀ। ਜੇਲ੍ਹ ਵੀ ਜਾਣਾ ਪਿਆ ਸੀ। ਐਮਰਜੈਂਸੀ ਟੁੱਟਣ ਤੋਂ ਬਾਅਦ ਉਹਨਾਂ ਦੀ ਰਿਹਾਈ ਹੋਈ ਸੀ। ਜੇਲ੍ਹ ਤੋਂ ਆ ਕੇ ਬਲਵਿੰਦਰ ਆਪਣੀ ਉਚੇਰੀ ਪੜ੍ਹਾਈ ਵਿਚ ਜੁੱਟ ਗਿਆ ਸੀ। ਉਸ ਦਾ ਇਨਕਲਾਬ ਦਾ ਸੁਪਨਾ ਬਿਖਰ ਗਿਆ ਸੀ।

‘‘ਮੁੰਡਿਓ, ਮੇਰੇ ਰਾਜ ਭਾਗ ਦਾ... ਮੇਰੇ ਘਰ ਦਾ ਕੀ ਬਣਿਆ? ’’ ਮੂੰਹ ਚੋਂ ਧੂੰਆਂ ਕੱਢਦਿਆਂ ਮੁਸ਼ਤਾਕ ਬੀੜੀ ਬੁਝਾ ਕੇ ਬੋਲਿਆ ਸੀ।

‘‘ਚਾਚਾ, ਮੈਨੂੰ ਨੌਕਰੀ ਮਿਲ ਜਾਣੀ ਆ। ਤੇਰੀ ਪੈਸੇ ਧੇਲੇ ਦੀ ਮਦਦ ਕਰਾਂਗਾ। ਸ਼ਰਮਿੰਦਾ ਹੋਏ ਬਲਵਿੰਦਰ ਨੇ ਪਤਾ ਨਹੀਂ ਉਹਨੂੰ ਹੌਂਸਲਾ ਦਿੱਤਾ ਸੀ ਜਾਂ ਆਪਣੇ ਆਪ ਨੂੰ।

ਐਮਰਜੈਂਸੀ ਟੁੱਟਣ ਤੋਂ ਤਿੰਨ ਸਾਲ ਬਾਅਦ ਬਲਵਿੰਦਰ ਜੱਜ ਨੂੰ ਇਕ ਪ੍ਰਾਈਵੇਟ ਕਾਲਜ ਵਿਚ ਲੈਕਚਰਾਰ ਦੀ ਕੱਚੀ ਨੌਕਰੀ ਮਿਲ ਗਈ ਸੀ। ਉਸਨੂੰ ਪਹਿਲੀ ਤਨਖਾਹ ਮਿਲੀ ਤਾਂ ਪਾਸ਼ ਆ ਧਮਕਿਆ ਸੀ। ਉਹਦੇ ਨਾਲ ਸ਼ਾਇਰ ਅਮਿਤੋਜ ਵੀ ਸੀ। ਪਾਸ਼ ਕਹਿੰਦਾ ਚਲੋ ਜਸ਼ਨ ਮਨਾਈਏ। ਉਹ ਤਿੰਨੋਂ ਪਿੰਡ ਤੋਂ ਨਕੋਦਰ ਆ ਗਏ। ਉਥੋਂ ਸਰਹਿੰਦ ਪੁੱਜ ਗਏ। ਉਥੇ ਇਕ ‘ਡਰੀਮ ਹੋਟਲ’ ਸੀ। ਉਹ ਅਮੀਰਜ਼ਾਦਿਆਂ ਲਈ ਬਣਿਆ ਸੀ। ਇਨ੍ਹਾਂ ਸ਼ਾਇਰਾਂ ਨੇ ਕਦੇ ਉਥੇ ਬਹਿ ਕੇ ਦਾਰੂ ਪੀਣ ਦਾ ਸੁਪਨਾ ਲਿਆ ਸੀ।

ਤੇ ਸ਼ਾਇਰ ਉਹ ਸੁਪਨਾ ਹੀ ਪੂਰਾ ਕਰ ਰਹੇ ਸਨ। ਉਥੇ ਹੋਟਲ ਵਿਚ ਬੈਠੇ ਬੀਅਰ ਵਿਚ ਗੁਲਾਬ ਜਾਮਨਾਂ ਡੋਬ-ਡੋਬ ਕੇ ਖਾਣ ਦਾ ਆਨੰਦ ਮਾਣ ਰਹੇ ਸਨ। ਤਨਖਾਹ ਤਾਂ ਸਿਰਫ਼ ਅੱਠ ਨੌ ਰੁਪਏ ਮਿਲੇ ਸੀ। ਕੁਝ ਘੰਟਿਆਂ ਵਿਚ ਹੀ ਅੱਧੀ ਤਨਖਾਹ ਹੋਟਲ ‘ਹਜ਼ਮ’ ਕਰ ਗਿਆ ਸੀ। ਸ਼ਹਿਜ਼ਾਦਿਆਂ ਦੇ ਹੋਟਲ ਵਿਚ ਗੱਲਾਂ ਕਵਿਤਾ ਦੀਆਂ, ਇਨਕਲਾਬੀ ਲਹਿਰ ਨੂੰ ਲੱਗੀ ਸੱਟ ਬੈਕ ਦੀਆਂ ਹੁੰਦੀਆਂ ਹੁੰਦੀਆਂ ‘ਮੁਸ਼ਤਾਕਾਂ’ ਦੀਆਂ ਹੋਣ ਲੱਗ ਪਈਆਂ ਸਨ। ਬਲਵਿੰਦਰ ਨੂੰ ਮੁਸ਼ਤਾਕ ਦਾ ਮੋਟੇ ਨਕਸ਼ਾਂ ਵਾਲਾ ਪਥਿਆ-ਪਥਿਆ ਚਿਹਰਾ ਗੰਭੀਰ ਦਿਖਿਆ ਸੀ। ਉਸਨੇ ਉਸੇ ਵੇਲੇ ਉਹਦੇ ਲਈ ਸੌ ਦਾ ਨੋਟ ਵੱਖਰਾ ਕਰ ਲਿਆ ਸੀ। ਉਹ ਸ਼ਾਮ ਨੂੰ ਘਰ ਪੁੱਜੇ ਸਨ। ਉਸ ਦਿਨ ਮੁਸ਼ਤਾਕ ਲਈ ਰੋਟੀ ਦੀ ਵਾਰੀ ਵੀ ਉਹਨਾਂ ਦੇ ਘਰ ਦੀ ਹੀ ਸੀ।

ਪਾਸ਼ ਨੇ ਬਲਵਿੰਦਰ ਕੋਲੋਂ ਸੌ ਦਾ ਨੋਟ ਫੜਿਆ ਸੀ... ਤੇ ਮੁਸ਼ਤਾਕ ਦੀ ਮੁੱਠੀ ਵਿਚ ਥਮਾ ਦਿੱਤਾ ਸੀ। ਉਹਨੇ ਸੌ ਦੇ ਨੋਟ ਨੂੰ ਖੋਲ੍ਹ ਲਿਆ। ਧਿਆਨ ਨਾਲ ਦੇਖਣ ਲੱਗ ਪਿਆ। ਪਹਿਲਾਂ ਇਕ ਪਾਸਾ ਦੇਖਿਆ ਤੇ ਫਿਰ ਦੂਜਾ।

‘‘ਮੁੰਡਿਓ, ਆਹ ਫੋਟੋ ਕਿਹਦੀ ਆ ਨੋਟ ’ਤੇ? ਮੇਰੀ ਜਾਂ ਤੁਹਾਡੀ ਤਾਂ ਲਗਦੀ ਨਹੀਂ!’’ ਨੋਟ ਨੂੰ ਪਲਟਾਅ-ਪਲਟਾਅ ਕੇ ਵੇਖਦਿਆਂ ਉਹਦੀ ਮਸ਼ਕਰੀ ਹੱਸ ਰਹੇ ਕਰੇੜੇ ਦੰਦਾਂ ਵਿੱਚੋਂ ਬਾਹਰ ਆ ਰਹੀ ਸੀ।

ਉਹ ਚੁੱਪ ਸਨ। ਅਮਿਤੋਜ ਕਹਿਣ ਲੱਗਾ ਇਸ ਬੰਦੇ ਨੇ ਜ਼ਿੰਦਗੀ ’ਚ ਪਹਿਲੀ ਵਾਰ ਸੌ ਦਾ ਨੋਟ ਦੇਖਿਆ ਹੋਏਗਾ? ਮੁਸ਼ਤਾਕ ਨੇ ਨੋਟ ਤੋਂ ਧਿਆਨ ਹਟਾਇਆ। ਕਦੇ ਪਾਸ਼ ਵੱਲ ਤੇ ਕਦੇ ਬਲਵਿੰਦਰ ਵੱਲ ਟਿਕਟਿਕੀ ਲਾ ਕੇ ਦੇਖਣ ਲੱਗ ਪਿਆ ਕਰੇ। ਉਹ ਬੋਲੇ ਨਾ। ਫਿਰ ਉਹਨੇ ਨੋਟ ਮੱਥੇ ਨੂੰ ਲਾਇਆ। ਪਰਨੇ ਦੇ ਲੜ ਬੰਨ੍ਹ ਲਿਆ। ... ਤੇ ਬਾਹਰ ਨਿਕਲ ਗਿਆ।

ਮਹੀਨੇ ਕੁ ਬਾਅਦ ਉਹ ਬਲਵਿੰਦਰ ਨੂੰ ਕਾਲਜ ਤੋਂ ਆਉਂਦੇ ਨੂੰ ਮਿਲ ਪਿਆ। ਉਹਨੇ ਧੌੜੀ ਦੀ ਜੁੱਤੀ ਪਾਈ ਹੋਈ ਸੀ। ਬਲਵਿੰਦਰ ਨੇ ਨੋਟ ਨੂੰ ਖਰਚਣ ਬਾਰੇ ਪੁੱਛਿਆ। ਉਹਨੇ ਜੁੱਤੀ ਵਿੱਚੋਂ ਪਹਿਲਾਂ ਪੈਰ ਕੱਢਿਆ ਤੇ ਫਿਰ ਇਕ ਲੀਰ। ਉਸ ਲੀਰ ਵਿਚ ਸੌ ਦਾ ਨੋਟ ਸੀ।

‘‘ਬੁੱਲੇ ਲੁੱਟ ਪਿਆਰੇ।’’ ਬਲਵਿੰਦਰ ਨੇ ਉਸ ਨੂੰ ਇਨਾ ਹੀ ਕਿਹਾ ਸੀ।

ਉਹ ਅਗਲੀ ਵਾਰ ਚਾਰ-ਪੰਜ ਮਹੀਨੇ ਬਾਅਦ ਖੂਹ ’ਤੇ ਮਿਲਿਆ ਸੀ। ਖਰਬੂਜ਼ਿਆਂ ਦੇ ਢੇਰ ਵਿੱਚੋਂ ਕਿੰਨੇ ਸਾਰੇ ਖਰਬੂਜ਼ੇ ਪਾਸ਼ ਨਾਲ ਸ਼ਰਤ ਲਾ ਕੇ ਖਾ ਗਿਆ ਸੀ। ਸ਼ਰਤ ਤਾਂ ਉਹਨੇ ਦਸ ਰੁਪਏ ਦੀ ਜਿੱਤੀ ਸੀ। ਪਾਸ਼ ਨੇ ਦਸ ਦਾ ਨੋਟ ਦੇਣ ਵੇਲੇ ਸੌ ਦੇ ਨੋਟ ਬਾਰੇ ਪੁੱਛ ਲਿਆ ਸੀ। ਉਸ ਨੇ ਉਸੇ ਵੇਲੇ ਆਪਣੇ ਪਜ਼ਾਮੇ ਦਾ ਨਾਲਾ ਖੋਲ੍ਹਿਆ। ਨੇਫੇ ਵਿਚ ਲੁਕਾਇਆ ਮੋਮਜਾਮੇ ਵਿਚਲਾ ਨੋਟ ਕੱਢ ਕੇ ਪਾਸ਼ ਦੇ ਹੱਥ ’ਤੇ ਰੱਖ ਦਿੱਤਾ। ਉਹ ਨੋਟ ਚੋਰੀ ਹੋਣ ਦੇ ਡਰੋਂ ਘਰ ਨਹੀਂ ਸੀ ਰੱਖਦਾ। ਪਾਸ਼ ਹੱਸ ਕੇ ਬੋਲਿਆ।

‘‘ਮੁਸ਼ਤਾਕ ਚਾਚਾ, ਇਸ ਨੋਟ ਦਾ ਕੀ ਕਰੇਂਗਾ? ’’

‘‘ਆਪਣੀ ਭਤੀਜੀ ਸੀਬੋ ਦੇ ਵਿਆਹ ’ਤੇ ਦਾਜ ਬਣਾ ਦੇ ਦੳੂਂਗਾ।’’ ਵੱਡੇ ਭਰਾ ਨਜੀਰੇ ਦੀ ਧੀ ਦੇ ਵਿਆਹ ਦੀ ਉਹਨੂੰ ਉਦੋਂ ਹੀ ਚਿੰਤਾ ਸੀ।

ਪਾਸ਼ ਨੇ ਦੋਨੋਂ ਨੋਟ ਉਹਦੇ ਹੱਥ ’ਤੇ ਰੱਖ ਦਿੱਤੇ। ਉਹਨੇ ਇਕ ਹੱਥ ਵਿਚ ਨੋਟ ਫੜੇ ਹੋਏ ਸਨ। ਦੂਜੇ ਹੱਥ ਦੀਆਂ ਉਂਗਲਾਂ ਨਾਲ ਧਰਤੀ ’ਤੇ ਲਕੀਰਾਂ ਵਾਹ ਰਿਹਾ ਸੀ। ਉਹ ਕੀ ਲਿਖ ਰਿਹਾ ਸੀ ਜਾਂ ਵਾਹ ਰਿਹਾ ਸੀ? ਸ਼ਾਇਦ ਉਹਨੂੰ ਵੀ ਪਤਾ ਨਹੀਂ ਸੀ।

‘‘ਮੈਂ ਆਪਣਾ ਵਿਆਹ ਨਾ ਕਰਵਾ ਲਵਾਂ? ਨਾਲੇ ਨਜੀਰੇ ਦੀ ਵਹੁਟੀ ਨੂੰ ਅਕਲ ਆ ਜੂ। ਹਰ ਵੇਲੇ ਅਵਾ ਤਵਾ ਬੋਲਦੀ ਰਹਿੰਦੀ ਏ, ਆਖ਼ਿਰ ਮੇਰੇ ਕੋਲ ਸੌ ਦਾ ਨੋਟ ਏ।’’

ਪਾਸ਼ ਦਾ ਹਾਉਕਾ ਨਿਕਲ ਗਿਆ ਸੀ। ਮੁਸ਼ਤਾਕ ਨੋਟ ਮੋਮਜਾਮੇ ਵਿਚ ਲਪੇਟਦਾ ਉੱਠ ਕੇ ਤੁਰ ਪਿਆ ਸੀ। ਪਾਸ਼ ਦੀਆਂ ਅੱਖਾਂ ਵਿੱਚੋਂ ਤਿਪ ਤਿਪ ਕਰਕੇ ਅੱਥਰੂ ਡਿੱਗਣ ਲੱਗ ਪਏ ਸਨ। ਉਹ ਗਰੀਬੀ ਬਾਰੇ ਸੋਚਦਾ ਹਾਲੋਂ ਬੇਹਾਲ ਹੋ ਗਿਆ ਸੀ। ਫਿਰ ਉਹਨੇ ਆਪ ਹੀ ਇਨ੍ਹਾਂ ਸੋਚਾਂ ਵਿੱਚੋਂ ਨਿਕਲਣ ਦਾ ਫ਼ੈਸਲਾ ਕਰ ਲਿਆ।

‘‘ਬਲਵਿੰਦਰ ਸਿਆਂ, ਆਪਾਂ ਐਵੇਂ ਫਰੈਂਡਲਿਕ ਐਂਗਲ ਦੀ ਕਿਤਾਬ ‘ਟੱਬਰ, ਨਿੱਜੀ ਜਾਇਦਾਦ ਤੇ ਸਿਆਸਤ’ ਪੜ੍ਹਦੇ ਰਹੇ। ਬੰਦੇ ਦਾ ਸੁੱਖ, ਚੈਨ, ਆਪਣਾਪਣ, ਜੀਵਨ... ਰਿਸ਼ਤਿਆਂ ਬਾਰੇ ਸਮਝ ਕਿਵੇਂ ਬਦਲਦੀ ਹੈ। ਪੈਸਾ, ਨਿੱਜੀ ਜਾਇਦਾਦ ਬੰਦੇ ਦੀ ਮਾਨਸਿਕਤਾ ਨੂੰ ਕਿਵੇਂ ਬਦਲ ਦਿੰਦਾ ਹੈ। ਯਾਰ, ਇਹ ਤਾਂ ਮੁਸ਼ਤਾਕ ਸਿਖਾ ਗਿਆ।’’ ਉਹਨੇ ਖੁਰਬੂਜ਼ੇ ਤੋੜਦੇ ਬਲਵਿੰਦਰ ਨੂੰ ਕੋਲ ਬੁਲਾ ਕੇ ਦੱਸਿਆ ਸੀ।

ਬਲਵਿੰਦਰ ਉਸ ਦਿਨ ਲਿਖਾਰੀ ਸਭਾ ਜਗਤਪੁਰ ਦੇ ਸਾਲਾਨਾ ਕਵੀ ਦਰਬਾਰ ’ਤੇ ਗਿਆ ਹੋਇਆ ਸੀ। ਉਸ ਦਿਨ ਚਾਹ ਰੋਟੀ ਦੀ ਵਾਰੀ ਰੰਗੜਾਂ ਦੇ ਘਰ ਦੀ ਸੀ। ਮੁਸ਼ਤਾਕ ਨੇ ਉਨ੍ਹਾਂ ਦੇ ਘਰੋਂ ਚਾਹ ਪਾਣੀ ਪੀ ਲਿਆ ਸੀ ਤੇ ਰੋਟੀ ਛਕ ਲਈ ਸੀ। ਜਿਹੜਾ ਉਹਨੀਂ ਉਹਨੂੰ ਬੀੜੀਆਂ ਦਾ ਬੰਡਲ ਦਿੱਤਾ ਸੀ, ਉਹ ਕਿਤੇ ਰੋਹੀ ਬੀਆਬਾਨ ਵਿਚ ਡਿੱਗ ਪਿਆ। ਬੀੜੀ ਤੋਂ ਬਗੈਰ ਉਹ ਰਹਿ ਨਹੀਂ ਸਕਦਾ ਸੀ। ਉਹ ਡੰਗਰਾਂ ਨੂੰ ਭਤੀਜੇ ਕੋਲ ਛੱਡ ਕੇ ਪਿੰਡ ਵੱਲ ਨੂੰ ਤੁਰ ਪਿਆ। ਉਹ ਮੰਗਣ ਜਾਂ ਉਧਾਰ ਲੈਣ ਨੂੰ ਹੱਤਕ ਸਮਝਦਾ ਸੀ। ਉਹ ਲਾਲੇ ਮੁਕੰਦੇ ਦੀ ਹੱਟੀ ’ਤੇ ਗਿਆ। ਨੇਫ਼ੇ ਵਿਚੋਂ ਸੌ ਦਾ ਨੋਟ ਕੱਢ ਕੇ ਬੀੜੀਆਂ ਲਈ ਲਾਲੇ ਨੂੰ ਦਿੱਤਾ। ਨੋਟ ਬੁਦਿਆ ਪਿਆ ਸੀ। ‘‘ਮੁਸ਼ਤਾਕਿਆ, ਇਹ ਨ੍ਹੀਂ ਚਲਣਾ ਓਏ। ਨੋਟ ਨਕਲੀ ਆ।’’

ਉਹ ਉਸੇ ਵੇਲੇ ਬਲਵਿੰਦਰ ਦੇ ਘਰ ਪੁੱਜਾ ਸੀ। ਉਹਦੀ ਬੀਬੀ ਦੇ ਹੱਥ ’ਤੇ ਸੌ ਦਾ ਨੋਟ ਰੱਖ ਕੇ ਬੋਲਿਆ।

‘‘ਬਲਵਿੰਦਰ ਦੇ ਦੋਸਤ ਪ੍ਰਕਾਸ਼ੇ ਨੇ ਮੇਨਾ ਧੋਖਾ ਕੀਤਾ। ਆਹ ਨਕਲੀ ਨੋਟ ਦੇ ਕੇ।’’ ਮੁਸ਼ਤਾਕ ਤੇ ਬੀਬੀ ਪਾਸ਼ ਨੂੰ ਪ੍ਰਕਾਸ਼ ਸੱਦਦੇ ਸਨ।

ਬੀਬੀ ਨੇ ਉਹ ਨੋਟ ਟੁੱਟੀ ਹੋਈ ਕੇਤਲੀ ਵਿਚ ਰੱਖ ਦਿੱਤਾ। ਉਹਨੂੰ ਬੀੜੀਆਂ ਲਈ ਪੱਚੀ ਪੈਸੇ ਦੇ ਦਿੱਤੇ। ਬਲਵਿੰਦਰ ਤੀਜੇ ਦਿਨ ਘਰ ਮੁੜਿਆ ਸੀ। ਉਹਦੇ ਨਾਲ ਪਾਸ਼ ਵੀ ਸੀ। ਬੀਬੀ ਨੇ ਉਨ੍ਹਾਂ ਨੂੰ ਸਾਰੀ ਵਿਥਿਆ ਸੁਣਾਈ, ਉਹਨਾਂ ਦੇ ਕੰਨ ਖਿੱਚਦੀ ਬੋਲੀ,

‘‘ਇਹਨੂੰ ਵਿਚਾਰੇ ਸਾਈਂ ਲੋਕ ਨੂੰ ਕਾਹਨੂੰ ਤੰਗ ਕਰਦੇ ਓ, ਨਕਲੀ ਨੋਟ ਦੇ ਕੇ।’’

ਉਹ ਅਗਲੇ ਦਿਨ ਡਾਕਖਾਨੇ ਗਏ ਸਨ। ਉਹ ਨੋਟ ਬਦਲਾਅ ਕੇ ਲਿਆਂਦਾ ਸੀ ਤੇ ਬੀਬੀ ਸਾਹਮਣੇ ਉਹਨੂੰ ਉਹ ਤੇ ਇਕ ਹੋਰ ਸੌ ਦਾ ਨੋਟ ਦਿੱਤਾ ਸੀ।

‘‘ਇਹ ਨੋਟ ਲਾਲੇ ਮੁਕੰਦੇ ਨੂੰ ਦੇ ਦਿਓ। ਜਦੋਂ ਮੈਂ ਆਪਣੀ ਭਤੀਜੀ ਦਾ ਵਿਆਹ ਕਰਾਂ। ਉਹ ਸੌਦਾ ਦੇ ਦੇਵੇ।’’ ਉਹ ਲਾਲੇ ਦੀ ਹੱਟੀ ਵੱਲ ਨੂੰ ਤੁਰ ਪਿਆ ਸੀ।

‘‘ਭਾਈ ਬਲਵਿੰਦਰ ਸਿਆਂ, ਇਹ ਹੈ ਰਿਸ਼ਤਾ ਨਾਤਾ ਪ੍ਰਬੰਧ। ਇਥੋਂ ਉਸਰਦੀ ਆ ਸਾਕਾਦਾਰੀ।’’ ਪਾਸ਼ ਫੇਰ ਫਰੈਂਡਲਿਕ ਐਂਗਲਜ਼ ਦੇ ਸਮਾਨਾਂਤਰ ਆਪਣੀ ਫਿਲਾਸਫ਼ੀ ਘੋਟਣ ਲੱਗ ਪਿਆ ਸੀ।

ਬਲਵਿੰਦਰ ਜੱਜ ਨੂੰ ਪਾਸ਼ ਦੀ ਕਵਿਤਾ ਦੀਆਂ ਸਤਰਾਂ ਯਾਦ ਆਈਆਂ ਹਨ।
ਅਤੇ ਇਹ ਲਾਲਸਾ ਕਿ ਉਸਦਾ ਨਾਮ ਰਹਿ ਸਕੇ
ਡੂੰਮਣੇ ਦੀ ਮੱਖੀ ਵਾਂਗ
ਉਹਦੇ ਪਿੱਛੇ ਰਹੀ ਲੱਗੀ।
ਉਹ ਆਪੇ ਆਪਣਾ ਬੁੱਤ ਬਣ ਗਿਆ
ਪਰ ਉਸ ਦਾ ਬੁੱਤ ਕਦੇ ਵੀ ਜਸ਼ਨ ਨਾ ਬਣਿਆ।

ਬਲਵਿੰਦਰ ਨੂੰ ਹੁਣ ਆਪਣਾ ਆਪ ਯਾਦ ਆ ਗਿਆ ਹੈ। ਉਦੋਂ ਪੰਜਾਬ ਨੂੰ ਚੌਰਾਸੀ ਦੇ ਗੇੜ ਵਿਚ ਪਾ ਦਿੱਤਾ ਗਿਆ ਸੀ। ਬਲਿੳੂ ਸਟਾਰ ਓਪਰੇਸ਼ਨ ਨੇ ਪੰਜਾਬੀਆਂ ਨੂੰ ਵੱਡੇ ਜ਼ਖ਼ਮ ਦਿੱਤੇ ਸਨ। ਜਿਸ ਦਿਨ ਗੁਰੂ ਘਰ ਸ੍ਰੀ ਹਰਿਮੰਦਰ ਸਾਹਿਬ ’ਤੇ ਹਮਲਾ ਹੋਇਆ, ਉਹ ਉਸ ਤੋਂ ਦੋ ਦਿਨ ਪਹਿਲਾਂ ਅਮਰੀਕਾ ਦੀ ਧਰਤੀ ’ਤੇ ਪੁੱਜ ਗਿਆ ਸੀ। ਫਿਰ ਪੰਜਾਬ ਵਲੋਂ ਵੈਣਾਂ ਦੀਆਂ ਖ਼ਬਰਾਂ ਆਉਣ ਲੱਗੀਆਂ। ਉਹ ਸ਼ਾਇਰ ਬਲਵਿੰਦਰ ਜੱਜ ਬਣ ਵੈਣਾਂ ਦੀ ਭਾਸ਼ਾ ਨੂੰ ਕਵਿਤਾ ਦਾ ਰੂਪ ਦਿੰਦਾ।

ਉਨ੍ਹਾਂ ਦਿਨਾਂ ਵਿਚ ਹੀ ਪਾਸ਼ ਦਾ ਵੀ ਕਤਲ ਕਰ ਦਿੱਤਾ ਗਿਆ ਸੀ। ਬਲਵਿੰਦਰ ਨੂੰ ਯਾਦ ਆਇਆ ਉਹ ਉਨ੍ਹਾਂ ਦਿਨਾਂ ਵਿਚ ਪਾਸ਼ ਦੇ ਪਿੰਡ ਤਲਵੰਡੀ ਸਲੇਮ ਗਿਆ ਸੀ। ਆਪਣੇ ਮਹਿਬੂਬ ਉਸਤਾਦ ਸ਼ਾਇਰ ਨੂੰ ਸ਼ਰਧਾਂਜਲੀ ਭੇਂਟ ਕਰਨ। ਸ਼ਾਹਪੁਰ ਵਿਚ ਵੀ ਕੀਰਨੇ ਪੈ ਰਹੇ ਸਨ। ਸਭ ਤੋਂ ਵੱਧ ਅੱਥਰੂ ਮੁਸ਼ਤਾਕ ਦੀਆਂ ਅੱਖਾਂ ਵਿਚ ਸਨ। ਉਸ ਦਿਨ ਉਹਨੂੰ ਮੁਸ਼ਤਾਕ ’ਤੇ ਲਿਖੀ ਕਵਿਤਾ ‘ਕੰਡੇ ਦਾ ਜ਼ਖ਼ਮ’ ਬਹੁਤ ਵੱਡੀ ਲੱਗੀ ਸੀ।
‘‘ਬਦਕਿਸਮਤੀ ਏ ਪਾਸ਼ ਤੂੰ ਸਾਡੇ ਪੰਜਾਬੀਆਂ ਵਿਚ ਜੰਮਿਆ। ਜੇ ਤੂੰ ਕਿਸੇ ਐਫਰੋ ਜਾਂ ਯੂਰਪੀਅਨ ਸਮਾਜ ਵਿਚ ਪੈਦਾ ਹੁੰਦਾ ਤਾਂ ਇਸੇ ਇਕ ਕਵਿਤਾ ਲਈ ਤੈਨੂੰ ਨੌਬਲ ਪ੍ਰਾਈਜ਼ ਮਿਲ ਜਾਣਾ ਸੀ।’’ ਉਹਨੇ ਮੱਥੇ ’ਤੇ ਹੱਥ ਮਾਰਿਆ ਸੀ।

ਫਿਰ ਉਹ ਕੈਲੇਫੋਰਨੀਆਂ ਪੁੱਜਾ ਸੀ। ਸਾਰੇ ਸ਼ਾਇਰ ਇਕੱਠੇ ਹੋਏ ਸਨ। ਹੱਥਾਂ ਵਿਚ ਮੋਮਬੱਤੀਆਂ ਲੈ ਕੇ ਕੈਂਡਲ ਮਾਰਚ ਕੀਤਾ ਸੀ। ਉਹ ਪਾਸ਼ ਦੀਆਂ ਕਵਿਤਾਵਾਂ ਗਾਉਂਦੇ ਅੱਗੇ ਵਧ ਰਹੇ ਸਨ। ਇਨ੍ਹਾਂ ਸਾਲਾਂ ਵਿਚ ਪੰਜਾਬ ਨਾਲ, ਇਤਿਹਾਸ ਨਾਲ ਬਹੁਤ ਕੁਝ ਵਾਪਰ ਗਿਆ। ਮੁਸ਼ਤਾਕ ਤਾਂ ਬਲਵਿੰਦਰ ਨੂੰ ਭੁੱਲ ਹੀ ਗਿਆ ਸੀ। ਉਵੇਂ ਜਿਵੇਂ ਕੇਂਦਰ ਵਲੋਂ ਪੰਜਾਬ ਦੇ ‘ਮੁਸ਼ਤਾਕਾਂ’ ਨੂੰ ਭੁਲਾ ਦੇਣ ਦੀ ਸਾਜ਼ਿਸ਼ ਘੜੀ ਗਈ ਹੋਵੇ। ਸਭ ਪੰਜਾਬ ਵਿਚ ਹੋ ਰਹੀ ਮਾਰਧਾੜ ਵਿਚ ਉਲਝਾ ਦਿੱਤੇ ਗਏ ਸਨ।

ਪੰਦਰਾਂ ਸਾਲਾਂ ਬਾਅਦ ਉਹਨੂੰ ਪਿੰਡ ਚੇਤੇ ਆਇਆ ਸੀ ਤੇ ਮੁਸ਼ਤਾਕ ਵੀ। ਪਾਸ਼ ਦੀ ਸ਼ਹਾਦਤ ਵੇਲੇ ਗੇੜਾ ਵੱਜਿਆ ਸੀ। ਉਹ ਦੋ ਦਿਨ ਲਈ ਪੰਜਾਬ ਗਿਆ ਸੀ। ਇਕ ਦਿਨ ਤਲਵੰਡੀ ਸਲੇਮ ਤੇ ਦੂਜੇ ਦਿਨ ਪਿੰਡ ਸ਼ਾਹਪੁਰ। ਉਹਨੇ ਉਸ ਗੇੜੇ ਨੂੰ ਪੰਜਾਬ ਜਾਣਾ ਨਹੀਂ ਸੀ ਮੰਨਿਆ। ਪੰਦਰਾਂ ਸਾਲਾਂ ਬਾਅਦ ਵਾਲਾ ਗੇੜਾ ਹੀ ਉਹਦਾ ਪਹਿਲਾ ਅਸਲ ਗੇੜਾ ਸੀ। ਉਹ ਤੇ ਬੱਚੇ ਚਾਅ ਨਾਲ ਪਿੰਡ ਪੁੱਜੇ ਸਨ। ਪਰ ਪਿੰਡ ਘੱਟ ਰਹੇ ਸਨ। ਉਨ੍ਹਾਂ ਕੋਲ ਚਾਰ ਵੀਕ ਸਨ। ਰਿਸ਼ਤੇਦਾਰਾਂ ਤੇ ਸਾਹਿਤਕਾਰਾਂ ਨੂੰ ਮਿਲਦਿਆਂ ਝੱਟ ਬੀਤ ਗਏ ਸਨ। ਮੁਸ਼ਤਾਕ ਨਾਲ ਖੁੱਲ੍ਹੀਆਂ ਗੱਲਾਂ ਨਾ ਹੋ ਸਕੀਆਂ। ਆਉਣ ਵੇਲੇ ਹਜ਼ਾਰ-ਹਜ਼ਾਰ ਦੇ ਦੋ ਨੋਟ ਉਹਦੇ ਹੱਥ ’ਤੇ ਰੱਖੇ ਸਨ ਤੇ ਅਗਲੇ ਸਾਲ ਮੁੜ ਮਿਲਣ ਦਾ ਵਾਅਦਾ ਕੀਤਾ ਸੀ।

ਉਹ ਦੋ ਸਾਲ ਬਾਅਦ ਦੁਬਾਰਾ ਪਿੰਡ ਗਿਆ ਸੀ। ਪਹਿਲਾ ਵੀਕ ਉਹ ਪਿੰਡ ਹੀ ਰਿਹਾ ਸੀ। ਨਵਦੀਪ ਨੇ ਅਖੰਡ ਪਾਠ ਰਖਵਾਉਣਾ ਸੀ। ਉਹ ਦੂਜੇ ਦਿਨ ਮੁਸ਼ਤਾਕ ਦੇ ਘਰ ਪੁੱਜਾ ਸੀ। ਹੁਣ ਉਹ ਪਿੰਡ ਦਾ ਮਾਲ ਡੰਗਰ ਨਹੀਂ ਚਾਰਦੇ ਸਨ। ਚਰਾਂਦਾਂ ਖਤਮ ਹੋ ਗਈਆਂ ਸਨ। ਲੋਕਾਂ ਨੇ ਪਸ਼ੂ ਰੱਖਣੇ ਹੀ ਬੰਦ ਕਰ ਦਿੱਤੇ ਸਨ। ਬਲਦ ਤਾਂ ਗਾਇਬ ਹੀ ਹੋ ਗਏ ਸਨ। ਖੇਤੀ ਟ੍ਰੈਕਟਰਾਂ ਨਾਲ ਹੋਣ ਲੱਗੀ ਸੀ। ਦੁੱਧ ਲਈ ਇਕ ਜਾਂ ਦੋ ਮੱਝਾਂ ਹੁੰਦੀਆਂ। ਬਿਹਾਰੀ ਨੌਕਰ ਹੀ ਪੱਠਿਆਂ ਦਾ ਪ੍ਰਬੰਧ ਕਰਦੇ। ਖੇਤੀ ਵਾਲੇ ਟਾਵੇਂ ਪਰਿਵਾਰਾਂ ਨੂੰ ਛੱਡ ਕੇ ਸਭ ਨੌਕਰਾਂ ’ਤੇ ਨਿਰਭਰ ਸਨ। ਨਜੀਰੇ ਕੋਲ ਆਪਣੀਆਂ ਭੇਡਾਂ ਤੇ ਬੱਕਰੀਆਂ ਸਨ। ਉਸਨੇ ਇਹ ਬਲਵਿੰਦਰ ਦੀ ਮਦਦ ਨਾਲ ਖਰੀਦੀਆਂ ਸਨ। ਉਹਨੇ ਆਪਣੀ ਧੀ ਸੀਬੋ ਤੇ ਦੋਨੋਂ ਮੁੰਡੇ ਵਿਆਹ ਲਏ ਸਨ। ਅਗਾਂਹ ਉਨ੍ਹਾਂ ਦੇ ਬੱਚੇ ਵੀ ਜੁਆਨ ਹੋ ਗਏ ਸਨ। ਦੋਨੋਂ ਮੁੰਡੇ ਸ਼ਹਿਰ ਦੁਕਾਨਾਂ ’ਤੇ ਕੰਮ ਲੱਗੇ ਹੋਏ ਸਨ। ਮੁਸ਼ਤਾਕ ਦਿਹਾੜੀ ਦੱਪਾ ਕਰਦਾ ਸੀ।

ਉਹ ਬਲਵਿੰਦਰ ਨੂੰ ਘਰ ਆਏ ਨੂੰ ਦੇਖ ਕੇ ਬਹੁਤ ਖੁਸ਼ ਹੋਇਆ ਸੀ। ਪਰ ਉਹਨੂੰ ਘੋਨਾ ਮੋਨਾ ਹੋਇਆ ਦੇਖ, ਅੰਗਰੇਜ਼ਾਂ ਵਰਗੀ ਦਾੜ੍ਹੀ ਤੇ ਕੱਪੜੇ ਦੇਖ ਕੇ ਉਸ ਤੋਂ ਰਹਿ ਨਾ ਹੋਇਆ।

‘‘ਹਾਂ, ਬਈ ਪ੍ਰੋਫ਼ੈਸਰਾ। ਤੁਸੀਂ ਜਿਹੜੇ ’ਮਰੀਕਾਂ ਨੂੰ ਗਾਲ੍ਹਾਂ ਕੱਢਦੇ ਹੁੰਦੇ ਸੀ। ਹੁਣ ਉਥੇ ਈ ਦਿਲ ਲਾ ਲਿਆ। ਲਗਦੈ ਤੁਹਾਡੇ ਸੂਤ ਬਹਿ ਗਿਆ। ਇਥੇ ਮਾਤ੍ਹੜਾਂ ਦਾ ਕੀ ਬਣੂੰਗਾ? ’’

ਬਲਵਿੰਦਰ ਖਸਿਆਨੀ ਜਿਹੀ ਹਾਸੀ ਹੱਸਿਆ ਸੀ। ਉਹਦੇ ਸਵਾਲਾਂ ਦਾ ਜਵਾਬ ਉਹਦੇ ਕੋਲ ਨਹੀਂ ਸੀ। ਉਹਨੇ ਆਲੇ ਦੁਆਲੇ ਦੇਖਿਆ। ਮੁਸ਼ਤਾਕ ਦਾ ਉਹੀ ਘਰ ਸੀ ਜੋ ਸਤਾਰਾਂ ਸਾਲ ਪਹਿਲਾਂ ਛੱਡ ਕੇ ਗਿਆ ਸੀ। ਉਹੀ ਦੌਣ ਵਾਲੇ ਮੰਜੇ ਸਨ। ਅਮਰੀਕਾ ਜਾਣ ਵੇਲੇ ਆਪਣੇ ਹੱਥੀਂ ਨਲਕਾ ਲਗਵਾ ਕੇ ਦੇ ਕੇ ਗਿਆ ਸੀ। ... ਫਿਰ ਉਹਨੂੰ ਆਪਣਾ ਘਰ ਯਾਦ ਆਇਆ। ਉਦੋਂ ਉਨ੍ਹਾਂ ਦੇ ਦੋ ਕਮਰੇ ਸਨ ਤੇ ਮੋਹਰੇ ਬਰਾਂਡਾ। ਉਪਰ ਇਕ ਕਮਰੇ ਦਾ ਚੁਬਾਰਾ ਸੀ। ਹੁਣ ਦੋ ਕਨਾਲਾਂ ਵਿਚ ਅਮਰੀਕਾ ਵਾਲੇ ਨਕਸ਼ੇ ਤਹਿਤ ਕੋਠੀ ਬਣਾਈ ਹੋਈ ਹੈ। ਨਲਕੇ ਦੀ ਜਗ੍ਹਾ ਸਬਮਰਸੀਬਲ ਮੋਟਰ ਨੇ ਲੈ ਲਈ ਹੈ। ਸਾਇਕਲਾਂ ਦੀ ਜਗ੍ਹਾ ਲਗਜ਼ਰੀ ਗੱਡੀਆਂ ਆ ਗਈਆਂ ਹਨ। ਘਰ ਵਿਚ ਪਏ ਵੱਡੀਆਂ ਵੱਡੀਆਂ ਸਕਰੀਰਾਂ ਵਾਲੇ ਟੈਲੀਵੀਜ਼ਨ, ਕੈਮਰੇ, ਮੋਬਾਇਲ ਤੇ ਲੈਪਟਾਪ ਨਜ਼ਰ ਆ ਰਹੇ ਹਨ। ਨਜੀਰੇ ਦੀ ਪੋਤੀ ਰੇਸ਼ਮਾ ਪਿੱਤਲ ਵਾਲੇ ਗਿਲਾਸਾਂ ਵਿਚ ਚਾਹ ਲੈ ਕੇ ਆਈ ਸੀ। ਭਾਂਡਿਆਂ ਦੇ ਖੜਾਕ ਨੇ ਉਹਦਾ ਧਿਆਨ ਤੋੜਿਆ ਸੀ। ਉਹਨੇ ਚਾਹ ਦਾ ਗਿਲਾਸ ਚੁੱਕਿਆ ਸੀ।

‘‘ਚਾਚਾ, ਕਿੱਦਾਂ? ਮੈਂ ਪਿਛਲੀ ਵਾਰ ਦੋ ਹਜ਼ਾਰ ਰੁਪਈਆ ਦੇ ਗਿਆ ਸੀ। ਉਹ ਖਰਚ ਲਏ? ਫਿਰ ਤੈਨੂੰ ਹੋਰ ਵੀ ਦੇਣੇ ਆ।’’ ਬਲਵਿੰਦਰ ਨੇ ਉਹਦੇ ਸਵਾਲ ਤੋਂ ਧਿਆਨ ਲਾਂਭੇ ਕਰਨ ਲਈ ਖਰਚ ਵਾਲੀ ਗੱਲ ਕੀਤੀ ਸੀ। ਨਾਲ ਚਾਹ ਦਾ ਘੁੱਟ ਭਰਿਆ ਸੀ।

ਮੁਸ਼ਤਾਕ ਨੇ ਪਜਾਮੇ ਦੇ ਨੇਫੇ ਵਿੱਚੋਂ ਹਜ਼ਾਰ-ਹਜ਼ਾਰ ਦੇ ਦੋ ਨੋਟ ਕੱਢੇ ਸਨ। ਉਨ੍ਹਾਂ ਦੁਆਲੇ ਲਪੇਟਿਆ ਮੋਮਜਾਮਾ ਤਾਂ ਫਟ ਗਿਆ ਸੀ। ਪਰ ਨੋਟ ਅਜੇ ਸਾਬਤ ਸਨ। ਉਨ੍ਹਾਂ ਦੀ ਹਾਲਤ ਉਸ ਸੌ ਦੇ ਨੋਟ ਵਰਗੀ ਬਣ ਗਈ ਸੀ, ਜਿਹੜਾ ਲਾਲੇ ਮੁਕੰਦੇ ਨੇ ਲੈਣ ਤੋਂ ਨਾਂਹ ਕਰ ਦਿੱਤੀ ਸੀ। ਉਸਨੇ ਹੁਣ ਨੋਟ ਸਿੱਧੇ ਕੀਤੇ ਸਨ।

‘‘ਮੁੰਡਿਆ, ਇਹ ਰੇਸ਼ਮਾ ਦੇ ਵਿਆਹ ’ਤੇ ਕੰਮ ਆਉਣਗੇ।’’ ਉਹਨੇ ਦਰ ਵੱਲ ਮੂੰਹ ਕਰਕੇ ਬੈਠੀ ਰੇਸ਼ਮਾ ਵੱਲ ਇਸ਼ਾਰਾ ਕੀਤਾ ਸੀ।

ਜਦੋਂ ਉਹ ਘਰੋਂ ਤੁਰਿਆ ਸੀ। ਟੈਲੀਵੀਜ਼ਨ ’ਤੇ ਖ਼ਬਰਾਂ ਚਲ ਰਹੀਆਂ ਸਨ। ‘ਅੱਜ ਸੰਨ ਦੋ ਹਜ਼ਾਰ ਇਕ ਵਿਚ ਭਾਰਤ ਦੀ ਵਿਕਾਸ ਦਰ... ਪ੍ਰਤੀਸ਼ਤ ਤੱਕ ਪੁੱਜੀ।...

ਪ੍ਰਤੀਸ਼ਤ ਵਾਧਾ ਹੋਇਆ। ਚੁਰੰਜਾ ਸਾਲਾਂ ਵਿਚ ਦੇਸ਼ ਤਰੱਕੀ ਦੇ ਰਾਹ ’ਤੇ।’’ ਬਲਵਿੰਦਰ ਦਾ ਸਿਰ ਚਕਰਾਉਣ ਲੱਗ ਪਿਆ ਸੀ। ਉਹ ਸਿੱਥਾ ਪੈ ਗਿਆ ਸੀ। ਉਹ ਮਨੋ ਮਨੀ ਆਪਣੇ ਆਪ ਨੂੰ ਤੇ ਆਪਣੀ ਲਹਿਰ ਨੂੰ ਵੀ ਕੋਸਣ ਲੱਗ ਪਿਆ ਸੀ। ਉਸ ਤੋਂ ਉਥੇ ਹੋਰ ਬੈਠਿਆ ਨਹੀਂ ਸੀ ਗਿਆ। ਗਰੀਬੀ... ਭੁੱਖਮਰੀ ਦੇ ਕੰਡੇ ਨੇ ਪਤਾ ਨਹੀਂ ਕਿੰਨੇ ਲੋਕਾਂ ਨੂੰ ਜ਼ਖ਼ਮ ਦਿੱਤੇ ਹੋਏ ਹਨ। ਉਸ ਹਾਉਕਾ ਲਿਆ ਸੀ। ਉਹ ਅਖੰਡ ਪਾਠ ਦੇ ਕੰਮ ਲਈ ਸੱਦਾ ਦੇ ਕੇ ਘਰ ਨੂੰ ਤੁਰ ਪਿਆ ਸੀ।
 

ਮੁਸ਼ਤਾਕ, ਰੇਸ਼ਮਾ ਤੇ ਉਹਦੀ ਮਾਂ ਕਿਵੇਂ ਕੰਮ ਲਈ ਨੱਠੇ ਭੱਜੇ ਫਿਰਦੇ ਰਹੇ, ਉਹ ਬਲਵਿੰਦਰ ਨੂੰ ਹੁਣ ਵੀ ਉਵੇਂ ਦਿਖਾਈ ਦੇ ਰਹੇ ਹਨ। ਭੋਗ ਵਾਲੇ ਦਿਨ ਤਾਂ ਮੁਸ਼ਤਾਕ ਦਾ ਸਾਰਾ ਟੱਬਰ ਕੰਮ ਵੀ ਕਰ ਰਿਹਾ ਸੀ ਤੇ ਪ੍ਰਬੰਧ ਵੀ ਦੇਖ ਰਿਹਾ ਸੀ। ਬਲਵਿੰਦਰ ਹੁਰਾਂ ਦੇ ਗੁਆਂਢੀ ਕੇਹਰ ਸਿੰਘ ਥਾਂਦੀ ਨੇ ਉਹਨਾਂ ਨੂੰ ਮਸ਼ਕਰੀ ਕੀਤੀ ਸੀ।

‘‘ਆਹ ਬਈ ਅਮਰੀਕਨਾਂ ਨੇ ਤਾਂ ਆਪਣੇ ਘਰ ਦੇ ਮੋਹਤਵਾਰ ਤੇਲੀ ਬਣਾ ਲਏ।’’

ਸਾਰੇ ਜੀਆਂ ਦੀ ਤੋਰ ਢਿੱਲੀ ਪੈ ਗਈ ਸੀ। ਇਹ ਕੰਡਾ ਵੀ ਬਹੁਤ ਮਾਰ ਕਰਦਾ। ਬਲਵਿੰਦਰ ਨੂੰ ਹਿੰਦੁਸਤਾਨ ਦੀ ਪੌਣੀ ਆਬਾਦੀ ਇਸ ਕੰਡੇ ਨਾਲ ਜ਼ਖ਼ਮੀ ਹੋਈ ਦਿਸੀ। ‘‘ਕੀ ਛੋਟੀ ਜਾਤ ਦਾ ਹੋਣਾ ਕੋਈ ਛੋਟਾ ਗੁਨਾਹ ਹੈ? ਉਹਨੇ ਆਪਣੇ ਆਪ ਨੂੰ ਹੀ ਸਵਾਲ ਕੀਤਾ ਹੈ। ‘‘ਇਸ ਦੇਸ਼ ਵਿਚ ਸ਼ਾਇਦ ਇਹ ਸਭ ਤੋਂ ਵੱਡਾ ਗੁਨਾਹ ਹੈ।’ ਉਸ ਗੁੱਸੇ ਵਿਚ ਮੁੱਠੀ ਮੀਟੀ ਹੈ। ਇਹ ਕੇਹਰ ਸੁੰਹ ਦਾ ਟੱਬਰ ਘੱਟ ਜ਼ਮੀਨ ਵਾਲਾ ਹੈ ਪਰ ਬੋਲ ਬਾਣੀ ਵਿਚ ਆਪਣੇ ਆਪ ਨੂੰ ਮਨੂ ਦੀ ਕੁਲ ਚੋਂ ਸਮਝਦਾ। ਪਹਿਲਾਂ ਇਹ ਬਲਵਿੰਦਰ ਹੁਰਾਂ ਨੂੰ ਕਿਹੜਾ ਬਖਸ਼ਦੇ ਹੁੰਦੇ ਸੀ। ਬਲਵਿੰਦਰ ਤੇ ਕੇਹਰ ਸੁੰਹ ਦੇ ਟੱਬਰ ਇਕ ਦੂਜੇ ਦੇ ਆਵਤ ’ਤੇ ਚਲੇ ਜਾਂਦੇ ਹੁੰਦੇ ਸਨ। ਬਲਵਿੰਦਰ ਹੁਰੀਂ ਘਰੋਂ ਲੇਟ ਤੁਰਨਾ। ਉਹਨੀਂ ਕਹਿਣਾ-

‘‘ਚਾਹੇ ਖੂਹ ਚੋਂ ਝੋਟਾ ਕੱਢ ਲਿਆ ਚਾਹੇ ਕੰਬੋਅ ਘਰ ਚੋਂ ਕੱਢ ਲਏ।’’

ਬਲਵਿੰਦਰ ਨੂੰ ਜ਼ੋਰ ਨਾਲ ਝਟਕਾ ਲੱਗਾ ਹੈ। ਉਹ ਆਪ ਵੀ ਸੰਭਲਿਆ ਹੈ ਤੇ ਉਦੋਂ ਮੁਸ਼ਤਾਕ ਹੁਰਾਂ ਨੂੰ ਵੀ ਸੰਭਾਲ ਲਿਆ ਸੀ। ਖਾਸਕਰ ਨਵੀਂ ਪੀੜ੍ਹੀ ਨੂੰ ਪੁੱਤ ਬੱਚਾ ਕਰਕੇ ਪੁਚਕਾਰ ਲਿਆ ਸੀ। ਉਹ ਫੇਰ ਕੰਮ ਲੱਗ ਗਏ ਸਨ।

ਜਦੋਂ ਉਹ ਪਿਛਲੇ ਸਾਲ ਸੁੱਖੀ ਦਾ ਵਿਆਹ ਕਰਨ ਗਏ। ਮੁਸ਼ਤਾਕ ਖੁਸ਼ ਬੜਾ ਸੀ। ਜਿਸ ਦਿਨ ਉਸਨੇ ਲਲਕਾਰੇ ਮਾਰ ਕੇ ਮੁੰਡੀਰ ਭਜਾਈ। ਸਾਰੇ ਉਹਦੀ ਬਹਾਦਰੀ ਨੂੰ ਵਡਿਆ ਰਹੇ ਸਨ। ਨਵਦੀਪ ਉਹਨੂੰ ਐਵਾਰਡ ਵਜੋਂ ਲੰਬਾ ਕੋਟ ਦੇ ਕੇ ਆਈ ਸੀ। ਸਫ਼ੈਦਪੋਸ਼ ਦੇ ਪੜਪੋਤੇ ਤੇ ਉਨ੍ਹਾਂ ਦੇ ਨਾਲ ਦੇ ਮੁਸ਼ਤਾਕ ’ਤੇ ਕਚੀਚੀਆਂ ਵੱਟ ਰਹੇ ਸਨ। ਸਫ਼ੈਦਪੋਸ਼ ਕਿਆਂ ਨੇ ਬਹੁਤੇ ਮੁਰੱਬੇ ਤਾਂ ਨਸ਼ਿਆਂ ਵਿਚ ਫਸ ਕੇ ਬਿਲੇ ਲਾ ਦਿੱਤੇ ਸਨ। ਉਹਨਾਂ ਕੋਲ ਜ਼ਮੀਨ ਦੇ ਤੀਹ ਕੁ ਕਿੱਲੇ ਰਹਿ ਗਏ ਸਨ ਪਰ ਅਜੇ ਉਹਨਾਂ ਆਪਣੀ ਜਗੀਰੂ ਹੈਂਕੜ ਨਹੀਂ ਸੀ ਛੱਡੀ। ਬਲਵਿੰਦਰ ਨੂੰ ਅੱਚੋਆਵੀ ਲੱਗੀ ਹੋਈ ਹੈ। ਮੁਸ਼ਤਾਕ ਨਾਲ ਇਹ ਕਿਵੇਂ ਸਾਰਾ ਕੁਝ ਵਾਪਰ ਗਿਆ? ਉਹ ਇਹ ਸੋਚ ਕੇ ਮੁਸ਼ਤਾਕ ਵਰਗੇ ਬੰਦਿਆਂ ਲਈ ਤਾਂ ਹਿੰਦੁਸਤਾਨ ਵਿਚ ਕੰਡਿਆਂ ਦੀ ਸੇਜ ਹੀ ਵਿਛੀ ਹੋਈ ਹੈ ਤੇ ਸਾਰੀ ਦੇਹ ਜ਼ਖ਼ਮਾਂ ਨਾਲ ਭਰੀ ਹੋਈ ਹੈ, ਲਿਵਿੰਗ ਰੂਮ ਵਿਚ ਆ ਗਿਆ ਹੈ।

ਜੱਜ ਦਾ ਇਹ ਬਰੈਂਟਵੁੱਡ ਵਾਲਾ ਘਰ ਬਹੁਤ ਸੁੰਦਰ ਹੈ। ਉਥੇ ਘਰਾਂ ਵਿਚ ਕਲਾਸਕ ਪੋਰਟਰੇਟ ਲਗਾਉਣ ਦਾ ਰਿਵਾਜ ਹੈ। ਲਿਵਿੰਗ ਰੂਮ ਵਿਚ ‘ਬੁੱਢਾ ਤੇ ਸਮੁੰਦਰ’ ਨਾਵਲ ਦੀ ਪੇਂਟਿੰਗ ਲੱਗੀ ਹੋਈ ਹੈ। ਇਹ ਕਲਾ ਦਾ ਸਿਖ਼ਰ ਛੂਹ ਰਹੀ ਹੈ। ਸਮੁੰਦਰ ਵਿਚ ਤੁਫ਼ਾਨ ਆਇਆ ਹੋਇਆ ਹੈ। ਬੁੱਢਾ ਉਹਦਾ ਸਾਹਮਣਾ ਕਰ ਰਿਹਾ ਹੈ। ਜੱਜ ਨੇ ਉਸ ਪੋਰਟਰੇਟ ’ਤੇ ਨਜ਼ਰ ਗੱਡੀ ਹੋਈ ਹੈ। ਉਸ ਬੁੱਢੇ ਦੀ ਜਗ੍ਹਾ ਮੁਸ਼ਤਾਕ ਨੇ ਲੈ ਲਈ ਹੈ।

ਥੋੜ੍ਹੇ ਦਿਨ ਪਹਿਲਾਂ ਬਲਵਿੰਦਰ ਨੂੰ ਫੋਨ ਰਾਹੀਂ ਖ਼ਬਰ ਪੁੱਜੀ ਸੀ। ਉਸ ਘਟਨਾ ਦੇ ਸ਼ਬਦ ਉਹਦੇ ਜ਼ਿਹਨ ਵਿਚ ਬਣਨ ਲੱਗ ਪਏ ਹਨ।

ਉਸ ਦਿਨ ਦੀਵਾਲੀ ਸੀ। ਨਜੀਰੇ ਨੇ ਬੱਕਰਾ ਵੱਢਿਆ ਹੋਇਆ ਸੀ। ਸਵੇਰ ਦਾ ਮੀਟ ਵੇਚ ਰਿਹਾ ਸੀ। ਸ਼ਾਮ ਨੂੰ ਸਫ਼ੈਦਪੋਸ਼ ਦਾ ਪੜਪੋਤਾ ਤੇ ਉਹਦਾ ਮਿੱਤਰ ਵੀ ਮੀਟ ਲੈਣ ਆਏ ਸਨ। ਉਹ ਤੱਕ ਕੇ ਆਏ ਸਨ। ਉਨ੍ਹਾਂ ਪੰਜ ਕਿਲੋ ਮੀਟ ਪੁਆ ਲਿਆ ਪਰ ਪੈਸੇ ਦੇਣ ਵੇਲੇ ਖਹਿਬੜ ਪਏ। ਜਦੋਂ ਨਜ਼ੀਰੇ ਨੇ ਪੈਸਿਆਂ ਲਈ ਜ਼ੋਰ ਪਾਇਆ। ਉਨ੍ਹਾਂ ਨਜੀਰੇ ਦੇ ਥੱਪੜ ਜੜ ਦਿੱਤਾ। ਤੇੜ ਪਾਇਆ ਕੁੜਤਾ ਲੀਰਾਂ-ਲੀਰਾਂ ਕਰ ਦਿੱਤਾ। ਰੌਲਾ ਰੱਪਾ ਸੁਣ ਕੇ ਮੁਸ਼ਤਾਕ ਵੀ ਭੱਜਿਆ ਆਇਆ ਸੀ। ਉਹਦੇ ਹੱਥ ਵਿਚ ਦਾਤ ਸੀ। ਉਸਨੇ ਨਾ ਅੱਗਾ ਵੇਖਿਆ ਤੇ ਨਾ ਪਿੱਛਾ। ਦਾਤ ਵਰ੍ਹਾਉਣਾ ਸ਼ੁਰੂ ਕਰ ਦਿੱਤਾ। ..

. ਮੁੰਡੇ ਫਿਰ ਭੱਜ ਗਏ ਸਨ। ਮੁਸ਼ਤਾਕ ਦੇ ਹੱਥ ਉਨ੍ਹਾਂ ਦਾ ਮੋਟਰ ਸਾਇਕਲ ਆ ਗਿਆ ਸੀ। ਦਾਤ ਮੋਟਰ ਸਾਇਕਲ ’ਤੇ ਵਰ੍ਹਿਆ ਸੀ। ਟਾਇਰ ਟਿੳੂਬ ਵੱਢ ਸੁੱਟੇ ਸਨ। ਮੋਟਰ ਸਾਇਕਲ ਦਾ ਕਚਰਾ ਕਚਰਾ ਕਰ ਦਿੱਤਾ ਸੀ। ਉਹ ਘਰ ਨੂੰ ਜਾ ਰਿਹਾ ਸੀ। ਉਹਦੇ ਪੈਰਾਂ ਨਾਲ ਉੱਡ ਰਹੀ ਧੂੜ ਨਾਲ ਅਸਮਾਨ ਘਸਮੈਲਾ ਹੋ ਗਿਆ ਸੀ।

ਮੁੰਡਿਆਂ ਨੂੰ ਨਮੋਸ਼ੀ ਮਾਰ ਗਈ ਸੀ। ਉਹ ਵਿਦਿਆਰਥੀ ਸਨ। ਕਾਲਜ ਕੀ ਮੂੰਹ ਦਿਖਾਉਂਦੇ। ਉਥੋਂ ਡਰ ਕੇ ਭੱਜਣਾ ਤੇ ਮੋਟਰ ਸਾਇਕਲ ਦਾ ਕਚਰਾ ਕਚਰਾ ਹੋਣਾ, ਉਨ੍ਹਾਂ ਨੂੰ ਚਿੜਾ ਰਹੇ ਸਨ। ਜਦੋਂ ਉਹ ਮੁਸ਼ਤਾਕ ਦੇ ਮੋਹਰੇ-ਮੋਹਰੇ ਭੱਜੇ, ਉਥੇ ਮਲੱਖ ਥੋੜ੍ਹੀ ਸੀ? ਜਨਤਾ ਤਾੜੀਆਂ ਮਾਰ ਦੇ ਹੱਸੀ ਸੀ। ਉਨ੍ਹਾਂ ਬਦਲਾ ਲੈਣ ਲਈ ਸਕੀਮ ਘੜੀ। ਨਜੀਰੇ ਦੀ ਪੋਤੀ ਰੇਸ਼ਮਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਗਿਆਰ੍ਹਵੀਂ ਦੀ ਵਿਦਿਆਰਥਣ ਸੀ। ਅੱਜ ਕੱਲ੍ਹ ਦੇਸ਼ ਵਿਚ ਬਲਾਤਕਾਰ ਦਾ ਕੰਡਾ ਚੋਭਿਆ ਜਾਂਦਾ ਹੈ। ਰੇਸ਼ਮਾ ਨਾਲ ਵੀ ਖੇਹ ਖਰਾਬੀ ਕੀਤੀ ਗਈ ਸੀ। ਪੰਜ ਜਣਿਆਂ ਨੇ ਉਹਨੂੰ ਇਹ ਜ਼ਖ਼ਮ ਦਿੱਤਾ ਸੀ।... ਪਰ ਕੁੜੀ ਚੁੱਪ ਕਰ ਗਈ ਸੀ। ਉਹਨੂੰ ਆਪਣੇ ਘਰ ਦੇ ਹਲਾਤਾਂ ਦਾ ਪਤਾ ਸੀ। ਉਹਨੇ ਉੱਘ ਸੁੱਘ ਨਾ ਨਿਕਲਣ ਦਿੱਤੀ।

ਉਨ੍ਹਾਂ ਮੁੰਡਿਆਂ ਨੇ ਰੇਸ਼ਮਾ ਨਾਲ ਕੀਤੇ ਕੁਕਰਮ ਦੀ ਮੋਬਾਇਲ ਨਾਲ ਮੂਵੀ ਬਣਾਈ ਹੋਈ ਸੀ। ਕੁਝ ਦਿਨਾਂ ਬਾਅਦ ਉਨ੍ਹਾਂ ਉਹ ਇੰਟਰਨੈੱਟ ’ਤੇ ਪਾ ਦਿੱਤੀ। ਉਸ ਦੇ ਵੀਡਿਓ ਕਲਿੱਪ ਬਣ ਗਏ। ਮੋਬਾਇਲਾਂ ਵਿਚ ਉਹ ਕਲਿੱਪ ਘੁੰਮਣ ਲੱਗੇ।

‘‘ਭਾਈਆ, ਕਲਯੁੱਗ ਆ ਗਿਆ। ਹੁਣ ਗਰੀਬਾਂ ਦੀਆਂ ਧੀਆਂ ਧਿਆਣੀਆਂ ਦੀ ਕੋਈ ਇੱਜ਼ਤ ਨਹੀਂ ਰਹਿ ਗਈ।’’ ਦੌਲੇ ਦੀ ਨੂੰਹ ਨੇ ਮੋਬਾਇਲ ਵਾਲੇ ਕਲਿੱਪ ਆਪਣੇ ਸਹੁਰੇ ਨੂੰ ਦਿਖਾਉਂਦਿਆਂ ਕਿਹਾ ਸੀ।

ਇਨ੍ਹਾਂ ਕਲਿੱਪਾਂ ਬਾਰੇ ਦੌਲੇ ਨੇ ਨਾ ਚਾਹੁੰਦਿਆਂ ਹੋਇਆਂ ਵੀ ਮੁਸ਼ਤਾਕ ਨੂੰ ਦੱਸ ਦਿੱਤਾ ਸੀ। ਉਸ ਦੀਆਂ ਅੱਖਾਂ ਵਿਚ ਲਹੂ ਉਤਰ ਆਇਆ ਸੀ। ਉਹ ਦਾਤ ਚੁੱਕ ਕੇ ਮੁੰਡਿਆਂ ਦੀ ਭਾਲ ਵਿਚ ਤੁਰ ਪਿਆ ਸੀ।

... ਤੇ ਅੱਜ ਸੁੱਖੀ ਨੇ ਬਲਵਿੰਦਰ ਨੂੰ ਉਹਦੀ ਖ਼ਬਰ ਸੁਣਾ ਦਿੱਤੀ ਹੈ। ਉਹਨੂੰ ਉਸ ਖ਼ਬਰ ’ਤੇ ਯਕੀਨ ਨਹੀਂ ਆ ਰਿਹਾ। ਉਹਨੂੰ ਖ਼ਿਆਲ ਆਇਆ ਪਰਸੋਂ ਰਾਤ ਦੀ ਘਟਨਾ ਵਾਪਰੀ ਹੋਈ ਹੈ। ਅਖ਼ਬਾਰ ਵਿਚ ਅੱਜ ਖ਼ਬਰ ਵੀ ਤਾਂ ਆਈ ਹੋਏਗੀ? ਉਹਨੇ ਇੰਟਰਨੈੱਟ ਓਪਨ ਕਰ ਕੇ ਅਖ਼ਬਾਰ ਦਾ ਮੁੱਖ ਪੰਨਾ ਫਰੋਲਿਆ ਹੈ। ਉਹ ਅਗਲੇ ਪੰਨੇ ’ਤੇ ਜਾਂਦਾ ਹੈ। ... ਕਿੰਨੇ ਪੰਨੇ ਫਰੋਲ ਮਾਰੇ ਹਨ। ਖ਼ਬਰ ਕਿਤੇ ਰੜਕ ਨਹੀਂ ਰਹੀ। ਫੇਰ ਉਹਨੇ ਆਪਣੇ ਜ਼ਿਲ੍ਹੇ ਵਾਲਾ ਲੋਕਲ ਪੰਨਾ ਦੇਖਿਆ ਹੈ। ਹੇਠਾਂ ਜਿਹੇ ਇਕ ਕਾਲਮ ਦੀ ਛੋਟੀ ਜਿਹੀ ਖ਼ਬਰ ਨਜ਼ਰੀਂ ਪਈ ਹੈ।

-ਮੁਸ਼ਤਾਕ (65 ਸਾਲ) ਵਾਸੀ ਸ਼ਾਹਪੁਰ ਸੜਕ ਹਾਦਸੇ ਵਿਚ ਹਲਾਕ ਹੋ ਗਿਆ ਹੈ। ਕੱਲ੍ਹ ਸ਼ਾਮੀਂ ਘੁਸਮੁਸੇ ਜਿਹੇ ਵਿਚ ਉਹ ਸਾਇਕਲ ’ਤੇ ਪਿੰਡ ਨੂੰ ਜਾ ਰਿਹਾ ਸੀ। ਕਿਸੇ ਵਹੀਕਲ ਦੀ ਫੇਟ ਨਾਲ ਉਸ ਦੇ ਮਾਰੇ ਜਾਣ ਦੀ ਖ਼ਬਰ ਹੈ। ਵਹੀਕਲ ਵਾਲੇ ਹਨੇਰੇ ਵਿਚ ਭੱਜਣ ਵਿਚ ਸਫ਼ਲ ਹੋ ਗਏ ਹਨ। ਪੁਲੀਸ ਦੋਸ਼ੀਆਂ ਦੀ ਭਾਲ ਕਰ ਰਹੀ ਹੈ।

ਬਲਵਿੰਦਰ ਨੂੰ ਐਕਸੀਡੈਂਟ ਦੀ ਖ਼ਬਰ ਝੂਠੀ ਲੱਗੀ ਹੈ। ਉਹ ਸੋਚਣ ਲੱਗਿਆ-‘‘ਮੁਸ਼ਤਾਕ ਮਰਨ ਵਾਲਾ ਬੰਦਾ ਨਹੀਂ ਸੀ। ਉਹਨੂੰ ਜ਼ਰੂਰ ਸਫ਼ੈਦਪੋਸ਼ਾਂ ਨੇ ਮਰਵਾਇਆ ਹੋੳੂ। ਉਹ ਐਰਾ-ਗੈਰਾ ਨਹੀਂ ਸੀ। ਖਾੜਕੂ ਬੰਦਾ ਸੀ। ਆਖ਼ਰ ਉਹ ਪਾਸ਼ ਦੀ ਕਵਿਤਾ ਦਾ ਪਾਤਰ ਸੀ।... ਉਹ ਅਣਹੋਇਆ ਸੀ? ... ਨ੍ਹੀਂ ਉਹਨੇ ਤਾਂ ਸਫ਼ੈਦਪੋਸ਼ਾਂ ਦੇ ਆਹੂ ਲਾਹੁਣੇ ਸਨ ਪਰ...।’

ਉਸ ਦੀਆਂ ਅੱਖਾਂ ਵਿਚ ਅੱਥਰੂਆਂ ਦਾ ਹੜ੍ਹ ਆ ਗਿਆ ਹੈ। ਉਹਦੀ ਆਵਾਜ਼ ਨਹੀਂ ਨਿਕਲ ਰਹੀ। ਘੰਡੀ ਵੱਜਣ ਲੱਗ ਪਈ ਹੈ। ਉਸਨੇ ਟਿਸ਼ੂ ਪੇਪਰ ਚੁੱਕੇ ਹਨ। ਨੱਕ ਸਾਫ਼ ਕੀਤਾ ਹੈ। ਅੱਖਾਂ... ਗਲ੍ਹਾਂ ’ਤੇ ਵੀ ਟਿਸ਼ੂ ਪੇਪਰ ਫੇਰਿਆ ਹੈ। ਉਹ ਪਾਸ਼ ਦੀ ਤਸਵੀਰ ਦੇ ਸਾਹਮਣੇ ਖੜ੍ਹ ਗਿਆ ਹੈ। ਉਹਨੂੰ ਲੱਗ ਰਿਹਾ ਜਿਵੇਂ ਪਾਸ਼ ਦੀਆਂ ਅੱਖਾਂ ਵਿੱਚੋਂ ਵੀ ਹੰਝੂ ਡਿੱਗ ਰਹੇ ਹੋਣ ਪਰ ਇਹ ਤਾਂ ਉਹਦੇ ਆਪਣੇ ਹੀ ਅੱਥਰੂ ਹਨ। ਜਿਉਂ ਹੀ ਉਹਦੇ ਇਹ ਹੰਝੂ ਕਾਰਪੈਟ ’ਤੇ ਡਿੱਗਦੇ ਹਨ, ਅੱਥਰਾਂ ਦਾ ਰੂਪ ਲਈ ਜਾ ਰਹੇ ਹਨ। ਕਵਿਤਾ ਬਣੀ ਜਾ ਰਹੀ ਹੈ।

ਉਸ ਦੇ ਘਰ ਤੋਂ ਖੂਹ ਤੱਕ ਰਾਹ
ਅਜੇ ਵੀ ਜੀੳੂਂਦਾ ਹੈ
ਪਰ ਅਣਗਿਣਤ ਪੈੜਾਂ ਦੇ ਹੇਠਾਂ ਦੱਬੀ ਗਈ
ਉਹਦੀ ਪੈੜ ਵਿਚ

ਹਾਲੇ ਵੀ ਇਕ ਕੰਡੇ ਦਾ ਜ਼ਖ਼ਮ ਹੱਸਦਾ ਹੈ।

ਸੰਪਰਕ:  +91 94630 63990

Comments

Security Code (required)



Can't read the image? click here to refresh.

Name (required)

Leave a comment... (required)





ਕਹਾਣੀ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ