Tue, 17 October 2017
Your Visitor Number :-   1096582
SuhisaverSuhisaver Suhisaver
ਆਰੂਸ਼ੀ ਦੇ ਮਾਤਾ-ਪਿਤਾ ਜੇਲ੍ਹ 'ਚੋਂ ਰਿਹਾਅ               ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਸਿੱਖ ਬੀਬੀਆਂ ਨੂੰ ਕੀਰਤਨ ਕਰਨ ਦੀ ਪ੍ਰਵਾਨਗੀ              

ਪਾਪ ਦੀ ਕਮਾਈ - ਸਰੂਚੀ ਕੰਬੋਜ

Posted on:- 28-12-2016

ਤਕਰੀਬਨ ਛੇ ਕੁ ਮਹੀਨੇ ਪਹਿਲਾਂ ਪਿੰਡ ਦਾ ਇਕ ਗਰੀਬ ਜਿਹਾ ਬੰਦਾ ਸਾਡੇ ਘਰ ਪਾਪਾ ਕੋਲ ਆਇਆ। ਉਸਨੂੰ ਕੋਈ ਵੀਹ ਕੁ ਹਜ਼ਾਰ ਰੁਪਏ ਵਿਆਜ ਤੇ ਚਾਹੀਦੇ ਸਨ ਮੁੰਡੇ ਦਾ ਵਿਆਹ ਕਰਨਾ ਸੀ ।ਪਿੰਡ ਵਿੱਚ ਕਈ ਵੱਡੇ ਵੱਡੇ ਘਰਾਂ ਤੋਂ ਉਹ ਪੈਸੇ ਮੰਗ ਚੁੱਕਿਆ ਸੀ ਪਰ ਕਿਸੇ ਨੇ ਪੈਸੇ ਦੇਣ ਲਈ ਹਾਮੀ ਨਾ ਭਰੀ, ਕਿਉਂਕਿ ਉਸਦਾ ਲੈਣ ਦੇਣ ਬਹੁਤ ਮਾੜਾ ਸੀ,ਜੇ ਉਸ ਕਿਸੇ ਕੋਲੋਂ ਕੁਝ ਵੀ ਮੰਗ ਲਿਆ ਮੁੜ ਕਦੇ ਵਾਪਸ ਦੇਣ ਦਾ ਨਾਂ ਤੱਕ ਨਹੀਂ ਲੈਂਦਾ ਸੀ।

ਬੜੀਆਂ ਹੀ ਉਮੀਦਾਂ ਲੈ ਕੇ ਆਇਆ ਸੀ ਸਾਡੇ ਘਰ,ਪਾਪਾ ਅੱਗੇ ਮਿੰਨਤਾਂ ਜਿਹੀਆਂ ਕਰਨ ਲੱਗਿਆ, ਤਰਲੇ ਪਾਉਣ ਲੱਗਾ, ਸੋ ਪਾਪਾ ਨੂੰ ਵੀ ਤਰਸ ਜਿਹਾ ਆ ਗਿਆ ਅਤੇ ਉਹ ਉਸਨੂੰ ਮਨਾ ਨਾ ਕਰ ਸਕੇ ।ਉਸਨੇ ਪਾਪਾ ਨੂੰ ਦੋ ਮਹੀਨਿਆਂ ਵਿਚ ਪੈਸੇ ਮੋੜਨ ਦਾ ਕਰਾਰ ਕੀਤਾ ਸੀ ਵਿਆਜ ਦੇ ਨਾਲ।ਪਰ ਪਾਪਾ ਨੇ ਤਰਸ ਖਾ ਕੇ ਕਿਹਾ ਕਿ "ਗਰੀਬ ਦਾ ਵੀ ਕੋਈ ਹੁੰਦਾ, ਤੂੰ ਵਿਆਜ ਨਾ ਦੇਈਂ ਪਰ ਪੈਸੇ ਟੈਮ ਤੇ ਦੇ ਦੇਈਂ, ਕਿਉਂਕਿ ਮੈਂ ਵੀ ਆਪਣੀ ਵੱਡੀ ਕੁੜੀ ਦਾ ਵਿਆਹ ਰੱਖਿਆ ਹੋਇਆ ਤੇ ਪੈਸਿਆਂ ਦੀ ਲੋੜ ਮੈਨੂੰ ਵੀ ਬਥੇਰੀ ਹੈ।"

ਹੌਲੀ ਹੌਲੀ ਇਸ ਗੱਲ ਨੂੰ ਦੋ ਮਹੀਨਿਆਂ ਤੋਂ ਉੱਤੇ ਟਾਇਮ ਬੀਤ ਗਿਆ ਪਰ ਉਸ ਆਦਮੀ ਨੇ ਪੈਸੇ ਦੇਣ ਦਾ ਕਦੀ ਕੋਈ ਜਿਕਰ ਹੀ ਨਹੀਂ ਕੀਤਾ।ਪਾਪਾ ਸੋਚਦੇ ਸ਼ਾਇਦ ਪੈਸੇ ਨਹੀਂ ਜੁੜੇ ਹੋਣਗੇ, ਜਦੋਂ ਜੁੜ ਗਏ ਉਦੋਂ ਦੇ ਦੇਊਗਾ ਆਖਰ ਜਬਾਨ ਕੀਤੀ ਹੈ ਉਸ ਮੁਕਰੇਗਾ ਥੋੜ੍ਹਾ।ਪਰ ਦੋ ਤੋਂ ਚਾਰ ਮਹੀਨੇ ਵੀ ਬੀਤ ਗਏ ।ਉੱਧਰ ਵੱਡੀ ਭੈਣ ਦਾ ਵਿਆਹ ਵੀ ਰੱਖਿਆ ਗਿਆ, ਵਿਆਹ ਦੀ ਤਰੀਕ ਵੀ ਦਿਨ ਬ ਦਿਨ ਨਜ਼ਦੀਕ ਆਉਂਦੀ ਜਾ ਰਹੀ ਸੀ ਅਤੇ ਹਰ ਛੋਟੇ ਵੱਡੇ ਵਿਆਹ ਦੇ ਕੰਮ ਲਈ ਪੈਸਾ ਚਾਹੀਦਾ ਸੀ।ਇਸ ਲਈ ਸਾਨੂੰ ਵੀ ਘਰ ਪੈਸਿਆਂ ਦੀ ਬੜੀ ਲੋੜ ਸੀ।ਸੋਚਿਆ ਜਿਹਨਾਂ ਜਿਹਨਾਂ ਨੂੰ ਪੈਸੇ ਦੇ ਰੱਖੇ ਹਨ ਉਹਨਾਂ ਤੋਂ ਪੈਸੇ ਮੰਗੀਏ।ਇਸ ਤਰ੍ਹਾਂ ਉਸ ਆਦਮੀ ਤੋਂ ਵੀ ਕਈ ਵਾਰ ਪੈਸੇ ਮੰਗੇ ਪਰ ਉਹ ਹਰ ਵਾਰ ਟਾਲ ਦਿੰਦਾ ਜਾਂ ਅੱਜ ਭਲਕੇ ਕਰ ਦਿੰਦਾ।ਦੁੱਖ ਤਾਂ ਬੜਾ ਲੱਗਿਆ ਕਿ ਆਪਣੇ ਹੀ ਦਿੱਤੇ ਪੈਸੇ ਨਹੀਂ ਮਿਲ ਰਹੇ ਸਨ, ਕਰ ਵੀ ਕੀ ਸਕਦੇ ਸੀ,ਇਸ ਲਈ ਸਬਰ ਦਾ ਘੁੱਟ ਭਰਕੇ ਬੈਠ ਗਏ। ਖੈਰ ਇਧਰੋਂ ਉਧਰੋਂ ਲੈ ਦੇ ਕੇ ਭੈਣ ਦਾ ਵਿਆਹ ਤਾਂ ਵਧੀਆ ਹੋ ਗਿਆ ।

ਹੁਣ ਹੌਲੀ ਹੌਲੀ ਛੇ ਮਹੀਨੇ ਵੀ ਬੀਤ ਚੱਲੇ ਸਨ।ਇਕ ਦਿਨ ਪਾਪਾ ਉਸ ਆਦਮੀ ਦੇ ਘਰ ਪੈਸੇ ਮੰਗਣ ਗਏ ਪਰ ਉਸ ਤਾਂ ਸਾਫ ਮਨ੍ਹਾ ਕਰ ਦਿੱਤਾ ਪੈਸੇ ਦੇਣ ਤੋਂ, ਵੈਸੇ ਐਨਾ ਵੀ ਗਰੀਬ ਨਹੀਂ ਸੀ ਉਹ, ਇੱਕ ਦੋ ਕਿੱਲੇ ਜ਼ਮੀਨ ਸੀ ਜਿਸ ਮੁੰਡੇ ਦਾ ਵਿਆਹ ਕੀਤਾ ਸੀ ਉਹ ਵੀ ਸਰਕਾਰੀ ਬੈਂਕ ਵਿੱਚ ਚਪੜਾਸੀ ਦੀ ਨੌਕਰੀ ਲੱਗ ਗਿਆ ਸੀ।ਪਾਪਾ ਬੜੇ ਨਿਰਾਸ਼ ਹੋਏ ਕਿਸੇ ਗਰੀਬ ਦੀ ਮਦਦ ਕਰਨ ਦਾ ਇਹ ਨਤੀਜਾ ਨਿਕਲੇਗਾ ਕਦੇ ਨਹੀਂ ਸੋਚਿਆ ਸੀ ਨਾਲੇ ਹੁਣ ਤਾਂ ਉਨ੍ਹਾਂ ਦੇ ਘਰ ਦੇ ਹਾਲਾਤ ਵੀ ਪਹਿਲੇ ਨਾਲੋਂ ਬਿਹਤਰ ਸਨ ਆਪਣੀ ਛੋਟੀ ਕੁੜੀ ਦਾ ਵਿਆਹ ਵੀ ਕਰ ਦਿੱਤਾ ਸੀ ਉਸਨੇ, ਪਰ ਇੱਕ ਉਸਨੂੰ ਸਾਡੇ ਕੋਲੋਂ ਲਏ ਪੈਸੇ ਦੇਣ ਲੱਗਿਆਂ ਹੀ ਕੁਝ ਹੁੰਦਾ ਸੀ।

ਇੱਕ ਦੋ ਵਾਰ ਪਾਪਾ ਮੁੜ ਤੋਂ ਉਸ ਘਰ ਗਏ ਪੈਸੇ ਮੰਗਣ ਲੇਕਿਨ ਇਸ ਵਾਰ ਤਾਂ ਉਸਨੇ ਕੋਰੀ ਨਾਂਹ ਕਰ ਦਿੱਤੀ ਪੈਸੇ ਦੇਣ ਤੋਂ, ਪਾਪਾ ਨਿਰਾਸ਼ ਮਨ ਨਾਲ ਘਰ ਪਰਤ ਆਏ ਉਹਨਾਂ ਆਪਣੇ ਮਨ ਨੂੰ ਤਸੱਲੀ ਦਿੰਦਿਆ ਕਿਹਾ "ਹੱਕ ਦੀ ਕਮਾਈ ਸੀ ਜੋ ਡੁੱਬ ਗਈ ਪਰ ਮਾਲਕ ਤਾਂ ਸਭ ਵੇਖ ਰਿਹਾ ਉਹੀ ਕੁਝ ਕਰੂਗਾ।"

ਹੁਣ ਇਸ ਗੱਲ ਨੂੰ ਮਹੀਨਾ ਬੀਤ ਗਿਆ ਸੀ।ਅੱਜ ਦੱਸ ਕੁ ਦਿਨ ਪਹਿਲਾਂ ਪਿੰਡ ਵਿਚ ਉੱਡਦੀ ਜਿਹੀ ਖਬਰ ਸੁਣੀ ਸੀ ਕਿ 'ਬਈ ਉਸ ਆਦਮੀ ਦੇ ਮੁੰਡੇ ਦਾ ਤਾਂ ਤਲਾਕ ਵੀ ਹੋ ਗਿਆ ਹੈ ਅਤੇ ਤਲਾਕ ਉੱਪਰ ਪੂਰੇ ਵੀਹ ਹਜ਼ਾਰ ਖਰਚਾ ਆਇਆ ਅਤੇ ਬਾਕੀ ਕੁੜੀ ਵਾਲਿਆਂ ਵੀ ਇਕ ਡੇਢ ਲੱਖ ਦੀ ਮੰਗ ਰੱਖੀ ਹੈ।'
"ਉਸ ਸਮੇਂ ਯਕੀਨ ਹੋ ਗਿਆ ਸੱਚ ਵਿਚ ਮਾਲਕ ਵੇਖਦਾ।ਜੋ ਕਿਸੇ ਦਾ ਹੱਕ ਮਾਰਦਾ ਉਸਦਾ ਬੁਰਾ ਜ਼ਰੂਰ ਹੁੰਦਾ।"

ਇੱਕ ਛੋਟਾ ਜਿਹਾ ਹੋਰ ਕਿੱਸਾ ਦੱਸਦੀ ਹਾਂ ਇਕ ਦਿਨ ਮੈਨੂੰ ਲਿਖਣ ਲਈ ਪੈੱਨ ਦੀ ਬੜੀ ਜਰੂਰਤ ਸੀ,ਛੋਟਾ ਵੀਰ ਘਰ ਨਹੀਂ ਸੀ ਇਸ ਲਈ ਪਾਪਾ ਨੂੰ ਪੈੱਨ ਲੈਣ ਲਈ ਦੁਕਾਨ ਤੇ ਭੇਜਿਆ।ਪਾਪਾ ਨੂੰ ਪੈੱਨ ਦੀ ਕੀਮਤ ਦਾ ਕੋਈ ਅੰਦਾਜ਼ਾ ਨਹੀਂ ਸੀ ਕਿਉਂਕਿ ਉਹ ਕਦੇ ਐਦਾ ਦਾ ਛੋਟਾ ਮੋਟਾ ਸਾਮਾਨ ਖਰੀਦਣ ਨਹੀਂ ਗਏ ਸਨ ਦੁਕਾਨ ਤੇ।ਇਸ ਲਈ ਦੁਕਾਨਦਾਰ ਨੇ ਦੱਸ ਰੁਪਏ ਵਾਲਾ ਪੈੱਨ ਉਹਨਾਂ ਨੂੰ ਵੀਹ ਰੁਪਏ ਦਾ ਲਾ ਦਿੱਤਾ।ਦਿਲ ਦੀ ਤਸੱਲੀ ਲਈ ਸੋਚਿਆ ਕਿ ਸ਼ਾਇਦ ਗਲਤੀ ਨਾਲ ਉਹ ਜ਼ਿਆਦਾ ਪੈਸੇ ਲੈ ਬੈਠਾ ਵਾਪਸ ਮੋੜ ਦੇਵੇਗਾ ਪਰ ਉਸ ਦੁਕਾਨਦਾਰ ਕਦੇ ਦੱਸ ਰੁਪਏ ਮੋੜਨ ਦਾ ਨਾ ਸੋਚਿਆ।ਇਸ ਘਟਨਾ ਤੋਂ ਕੁਝ ਦਿਨ ਬਾਅਦ ਮੈਨੂੰ ਉਸ ਦੁਕਾਨ ਤੋਂ ਕੋਈ ਜ਼ਰੂਰੀ ਸਮਾਨ ਲੈਣ ਜਾਣਾ ਪੈ ਗਿਆ ਸਾਮਾਨ 430 ਰੁਪਏ ਦਾ ਬਣਿਆ ਅਤੇ ਮੇਰੇ ਕੋਲ 500 ਰੁਪਏ ਦਾ ਨੋਟ ਸੀ ਉਸ ਦੁਕਾਨਦਾਰ ਨੇ ਮੈਨੂੰ 70 ਰੁਪਏ ਮੋੜਨ ਦੀ ਬਜਾਏ 80 ਰੁਪਏ ਮੋੜ ਦਿੱਤੇ ।ਮੈਂ ਕੁਝ ਦੇਰ ਸੋਚ ਵਿੱਚ ਪੈ ਗਈ ਕਿ ਦੁਕਾਨਦਾਰ ਨੇ ਮੈਨੂੰ ਪੈਸੇ ਜ਼ਿਆਦਾ ਮੋੜ ਦਿੱਤੇ ਹਨ ਇੱਕ ਮਨ ਕਰੇ ਜ਼ਿਆਦਾ ਪੈਸੇ ਵਾਪਸ ਕਰ ਦਿਆਂ ਦੂਜਾ ਮਨ ਕਰੇ ਨਾ ਕਰਾਂ ਤੇ ਇਸ ਫਿਰ ਮੈਂ ਪੈਸੇ ਲੈ ਕੇ ਘਰ ਵਾਪਸ ਆ ਗਈ ਸੋਚਿਆ ਜਿੰਨੇ ਰੁਪਏ ਉਸ ਪਾਪਾ ਤੋਂ ਵੱਧ ਲਏ ਸਨ ਉਹ ਤਾਂ ਮੁੜ ਆਏ ।

ਇਸ ਤਰ੍ਹਾਂ ਹੀ ਇੱਕ ਵਾਰ ਮੇਰੀ ਇੱਕ ਸਹੇਲੀ ਨੇ ਮੇਰੇ ਹਜ਼ਾਰ ਰੁਪਏ ਚੋਰੀ ਕਰ ਲਏ ਸੀ ਉਸ ਤੋਂ ਕੁਝ ਦਿਨ ਬਾਅਦ ਹੀ ਉਸਦਾ ਐਕਸੀਡੈਂਟ ਹੋ ਗਿਆ ਅਤੇ ਪੂਰੇ 1000 ਰੁਪਏ ਹੀ ਲੱਗੇ ਉਸਦੇ ਇਲਾਜ ਤੇ।ਇਸ ਗੱਲ ਤੋਂ ਤਾਂ ਪੂਰਾ ਹੀ ਯਕੀਨ ਹੋ ਗਿਆ ਸੀ ਕਿ ਮਾਲਕ ਸਭ ਵੇਖਦਾ।

ਮੈਂ ਵੀ ਬਹੁਤ ਵਾਰ ਬੁਰਾ ਕਰਨ ਦਾ ਸੋਚਿਆ ਪਰ ਕਿਸੇ ਦਾ ਬੁਰਾ ਸੋਚਣ ਤੋਂ ਪਹਿਲਾਂ ਹੀ ਮੇਰੇ ਨਾਲ ਬੁਰਾ ਹੋ ਜਾਂਦਾ।

ਜਿਵੇਂ ਕਿ ਸਾਡੇ ਘਰ ਦੇ ਸਾਹਮਣੇ ਗਲੀ ਵਿਚ ਇਕ ਸਬਜੀ ਵਾਲਾ ਆਪਣੀ ਰੇਹੜੀ ਲਾਉਂਦਾ ਸੀ ਜੇ ਕੋਈ ਉਸ ਤੋਂ ਸਬਜੀ ਲੈਂਦਾ ਉਹ ਹਮੇਸ਼ਾ ਕਿਲੋ ਪਿੱਛੇ ਦੱਸ ਵੀਹ ਗ੍ਰਾਮ ਘੱਟ ਹੀ ਤੌਲਦਾ ਜਿਸ ਨਾਲ ਉਸਦਾ ਬੜਾ ਫਾਇਦਾ ਹੋ ਜਾਂਦਾ।ਇੱਕ ਦਿਨ ਮੈਨੂੰ ਅੱਠ ਕਿੱਲੋ ਪਿਆਜ ਚਾਹੀਦੇ ਸਨ ਪਰ ਉਸ ਗਲਤੀ ਨਾਲ ਪੰਜ ਕਿੱਲੋ ਪਿਆਜ ਦੇ ਪੈਸੇ ਕੱਟ ਕੇ ਮੈਨੂੰ ਪੈਸੇ ਵਾਪਸ ਕਰ ਦਿੱਤੇ ।ਮਨ ਵਿਚ ਬੜੀ ਖੁਸ਼ ਸਾਂ ਕਿ ਅੱਜ ਤਾਂ ਸਾਰਾ ਅਗਲਾ ਪਿਛਲਾ ਹਿਸਾਬ ਬਰਾਬਰ ਹੋ ਗਿਆ।ਪਰ ਅਜੇ ਮੈਂ ਘਰ ਪਹੁੰਚਣ ਤੋਂ ਕੋਈ ਪੰਜ ਕਦਮ ਦੂਰ ਸਾਂ ਕਿ ਲਿਫਾਫਾ ਫੱਟ ਗਿਆ ਜਿਸ ਨਾਲ ਅੱਧੇ ਤੋਂ ਜ਼ਿਆਦਾ ਪਿਆਜ ਗੰਦੇ ਪਾਣੀ ਵਾਲੀ ਨਾਲੀ ਵਿੱਚ ਡਿੱਗ ਪਏ ਅਤੇ ਬਾਕੀ ਕੋਈ ਕਿਲੋ ਦੋ ਕਿਲੋ ਜੋ ਬਚੇ ਸਨ ਉਹ ਇਕੱਠੇ ਕਰ ਆਪਣੀ ਝੋਲੀ ਵਿੱਚ ਪਾ ਘਰ ਮੁੜੀ।

ਦੋਸਤੋ, ਇਹ ਗੱਲ ਸੱਚ ਹੈ ਅਗਰ ਕਿਸੇ ਨੂੰ ਪਾਪ ਦੀ ਕਮਾਈ ਕਰਕੇ ਆਪਾਂ ਵੱਧਦੇ ਫੁੱਲਦੇ ਵੇਖਦੇ ਹਾਂ ਤਾਂ ਆਪਣੇ ਮਨ ਵਿੱਚ ਵੀ ਐਦਾ ਦਾ ਵਿਚਾਰ ਜ਼ਰੂਰ ਆਉਂਦਾ ਹੈ ਕਿ ਸਾਨੂੰ ਵੀ ਐਦਾ ਕਰਕੇ ਵੇਖਣਾ ਚਾਹੀਦਾ, ਜੇ ਉਹਨਾਂ ਨੂੰ ਨੁਕਸਾਨ ਨਹੀਂ ਹੋਇਆ ਤਾਂ ਸਾਨੂੰ ਕੀ ਨੁਕਸਾਨ ਹੋਣਾ।

ਇਹਨਾਂ ਪਾਪ ਕਰਮਾਂ ਕਰਕੇ ਹੀ ਮੰਦਰਾਂ ਗੁਰਦੁਆਰਿਆਂ ਦੀ ਆਮਦਨ ਦਿਨ ਬ ਦਿਨ ਵੱਧ ਰਹੀ ਹੈ ।ਲੋਕ ਆਏ ਦਿਨੀਂ ਪਾਪ ਕਰਦੇ ਰਹਿੰਦੇ ਹਨ ਅਤੇ ਉਨ੍ਹਾਂ ਤੋਂ ਨਿਜਾਤ ਤੇ ਛੁਟਕਾਰਾ ਪਾਉਣ ਲਈ ਨਿੱਤ ਮੰਦਿਰ ਗੁਰਦੁਆਰੇ ਜਾਂਦੇ ਹਨ ਅਤੇ ਲੱਖਾਂ ਦਾ ਦਾਨ ਪੁੰਨ ਕਰਕੇ ਪ੍ਰਾਥਨਾ ਕਰਦੇ ਹਨ ਕਿ 'ਹੇ ਦਾਤਾ! ਸਾਡੇ ਕੀਤੇ ਪਾਪਾਂ ਤੇ ਐਦਾਂ ਹੀ ਪਰਦਾ ਪਾਈਂ ਰੱਖੀਂ ।ਸਾਡੇ ਉਪਰ ਕਦੇ ਕੋਈ ਮੁਸੀਬਤ ਨਾ ਆਵੇ।ਅਸੀਂ ਹਮੇਸ਼ਾ ਤੇਰੇ ਦਰ ਤੇ ਐਦਾ ਹੀ ਦਾਨ ਪੁੰਨ ਕਰਦੇ ਰਹਾਂਗੇ ।'

ਜੋ ਲੋਕ ਜ਼ਿਆਦਾ ਪਾਪ ਕਰ ਰਹੇ ਹਨ,ਜ਼ਿਆਦਾ ਮੰਦਰ ਗੁਰਦੁਆਰੇ ਆ ਰਹੇ ਹਨ ਜ਼ਿਆਦਾ ਚਢਾਵਾ ਚੜਾ ਰਹੇ ਹਨ।ਕੀ ਇਹ ਸਹੀ ਹੈ ਪਹਿਲਾਂ ਪਾਪ ਕਰ ਲੈਣਾ ਫਿਰ ਮੰਦਰਾਂ ਗੁਰਦੁਆਰਿਆਂ ਵਿੱਚ ਲੱਖਾਂ ਦਾ ਦਾਨ ਕਰ ਦੇਣ ਨਾਲ ਉਸ ਪਾਪ ਤੋਂ ਮੁਕਤੀ ਮਿਲ ਜਾਂਦੀ ਹੈ?

ਪਰ ਜ਼ਰਾ ਸੋਚੋ ਜੋ ਇਹ ਲੋਕ ਕਿਸੇ ਦਾ ਹੱਕ ਖਾਂਦੇ ਹਨ ਉਹਨਾਂ ਨੂੰ ਔਨੀਆਂ ਹੀ ਜ਼ਿਆਦਾ ਦੁੱਖ ਤਕਲੀਫਾਂ ਸਹਿਣੀਆਂ ਪੈਂਦੀਆਂ ਹਨ ਕਿਉਂਕਿ ਉਸ ਚੋਰੀ ਠੱਗੀ ਨਾਲ ਕਮਾਏ ਪੈਸੇ ਉੱਪਰ ਕਿਸੇ ਹੋਰ ਦਾ ਹੱਕ ਹੁੰਦਾ, ਉਸ ਪੈਸੇ ਵਿੱਚ ਜਿਸ ਤੇ ਆਪਣਾ ਹੱਕ ਹੁੰਦਾ ਅਸੀਂ ਉਸ ਪੈਸੇ ਨੂੰ ਤਾਂ ਖੁਸ਼ੀ ਖੁਸ਼ੀ ਖਰਚ ਕਰ ਲੈਂਦੇ ਹਾਂ ਪਰ ਜਿਸ ਤੇ ਕਿਸੇ ਹੋਰ ਦਾ ਹੱਕ ਹੁੰਦਾ ਉਹ ਪੈਸਾ ਰੋਗ, ਬਿਮਾਰੀ,ਦੁੱਖ,ਤਕਲੀਫ ਵਿੱਚ ਖਰਚ ਹੋ ਜਾਂਦਾ ।

ਅਖੀਰ ਬੁਰੇ ਦਾ ਅੰਤ ਹਮੇਸ਼ਾ ਬੁਰਾ ਹੀ ਹੁੰਦਾ ਕਈ ਲੋਕ ਸੋਚਦੇ ਹਨ ਕਿ ਇਹ ਜੋ ਭ੍ਰਿਸ਼ਟ ਨੇਤਾ, ਅਧਿਕਾਰੀ, ਕਰਮਚਾਰੀ ਇਹਨਾਂ ਸਭ ਨਾਲ ਐਸਾ ਕਿਉਂ ਨਹੀ ਹੁੰਦਾ ਜੋ ਹਰ ਰੋਜ਼ ਲੱਖਾਂ ਦਾ ਚੂਨਾ ਲਾ ਰਹੇ ਹਨ ਦੁਨੀਆਂ ਨੂੰ, ਤਾਂ ਜ਼ਰਾ ਆਪਣੇ ਆਸ ਪਾਸ ਨਜ਼ਰ ਦੌੜਾ ਕੇ ਵੇਖੋ ਦੋਸਤੋ! ਇਹ ਲੋਕ ਨਾ ਤਾਂ ਘਰ ਦੇ ਹਨ ਨਾ ਘਾਟ ਦੇ ਮਤਲਬ ਘਰ ਵਿਚ ਇਹਨਾਂ ਦੀ ਕਦਰ ਕੌਡੀ ਜਿੰਨੀ ਵੀ ਨਹੀਂ ਹੁੰਦੀ ਪਤਨੀ ਲਤਾੜਦੀ ਹੈ,ਬੱਚੇ ਗਾਲ੍ਹਾਂ ਕੱਢਦੇ ਹਨ ਹੋਰ ਤੇ ਹੋਰ ਆਪਣੇ ਵੱਡੇ ਅਫਸਰਾਂ ਤੋਂ ਵੀ ਗਾਲਾਂ ਖਾਂਦੇ ਹਨ।ਸਰਕਾਰੀ ਕਰਮਚਾਰੀ ਰਿਸ਼ਵਤ ਲੈਂਦੇ ਹਨ ਪਰ ਪਾਪ ਦਾ ਧੰਨ ਪੱਚਦਾ ਨਹੀਂ ਹਰ ਦਿਨ ਘਰ ਵਿਚ ਕੋਈ ਨਾ ਕੋਈ ਦੁੱਖ ਆਇਆ ਹੀ ਰਹਿੰਦਾ।ਨੇਤਾਵਾਂ ਕੋਲ ਵੀ ਧੰਨ ਤਾਂ ਬਹੁਤ ਹੁੰਦਾ ਪਰ ਇਸਦੇ ਇਲਾਵਾ ਕੁਝ ਨਹੀਂ ਹੁੰਦਾ ਇਹਨਾਂ ਦੀ ਸੰਤਾਨ ਦੀਆਂ ਹਰਕਤਾਂ ਵੱਲ ਝਾਤ ਮਾਰੀਏ ਤਾਂ ਇਕ ਵੀ ਚੱਜ ਦੀ ਨਹੀਂ ਹੋਵੇਗੀ ਅਸਲ ਗੱਲ ਇਹ ਹੈ ਕਿ ਪਾਪ ਦੀ ਕਮਾਈ ਕਿਤੇ ਤਾਂ ਅਸਰ ਕਰੇਗੀ ਹੀ ।ਅੰਤ ਚੰਗੇ ਤੇ ਮਾੜੇ ਕੰਮ ਇੱਕ ਰਬੜਬੈਂਡ ਵਾਂਗੂੰ ਹੀ ਹੁੰਦੇ ਹਨ ਜਿਨ੍ਹਾਂ ਮਰਜੀ ਫੈਲਾ ਲਓ ਅੰਤ ਢਿੱਲ ਪਾਉਗੇ ਤਾਂ ਤੁਹਾਡੇ ਵੱਲ ਹੀ ਪਰਤੇਗਾ ਉਸੇ ਤਰ੍ਹਾਂ ਹੀ ਪਾਪ ਅਤੇ ਪੁੰਨ ਹੈ ਜੇ ਚੰਗਾ ਕਰੋਗੇ ਤਾਂ ਚੰਗੇ ਫਲ ਦੇਣਗੇ,ਬੁਰਾ ਕਰੋਗੇ ਤਾਂ ਬੁਰਾ।


ਸੰਪਰਕ: +91  98723 48277

Comments

Name (required)

Leave a comment... (required)

Security Code (required)ਕਹਾਣੀ-ਨਾਵਲ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ