Sat, 16 December 2017
Your Visitor Number :-   1116691
SuhisaverSuhisaver Suhisaver
5 ਪਾਕਿਸਤਾਨੀ ਬੱਚਿਆਂ ਨੂੰ ਮੈਡੀਕਲ ਵੀਜ਼ੇ ਦਿੱਤੇ : ਸੁਸ਼ਮਾ               ਸੁਨੀਲ ਜਾਖੜ ਨੇ ਲੋਕ ਸਭਾ ਮੈਂਬਰ ਵਜੋਂ ਲਿਆ ਹਲਫ਼               ਕੇਂਦਰ ਸਰਕਾਰ ਵੱਲੋਂ ਤਿੰਨ ਤਲਾਕ ਬਿੱਲ ਨੂੰ ਮਨਜ਼ੂਰੀ              

ਕੇਸੋ – ਬਲਵਿੰਦਰ ਸਿੰਘ

Posted on:- 21-07-2017

suhisaver

ਜਿਸ ਤਰ੍ਹਾਂ ਹਵਾ ਕੋਸਾਂ ਦੂਰ ਹੋਣ ਤੇ ਕੋਮਲ ਪੱਤੀਆਂ ਪਹਿਲਾਂ ਹੀ ਹਿੱਲਣਾ ਸ਼ੁਰੂ ਕਰ ਦਿੰਦੀਆਂ ਨੇ ਉਸੇ ਤਰ੍ਹਾਂ ਪਵਿੱਤਰ ਰੂਹਾਂ ਵੀ ਕੋਈ ਘਟਨਾ ਹੋਣ ਤੋਂ ਪਹਿਲਾਂ ਹੀ ਸੰਕੇਤ ਦੇਣ ਲੱਗ ਜਾਂਦੀਆਂ ਨੇ।ਇਸੇ ਤਰ੍ਹਾਂ ਰੋਜ਼ਮਰ੍ਹਾ ਦੀ ਜ਼ਿੰਦਗੀ ਵਿਚ ਕੇਸੋ ਕਬੂਤਰਾਂ ਨੂੰ ਦਾਣਿਆਂ ਦਾ ਚੋਗਾ ਪਾਉਣ ਲਈ ਪੁਰਾਣੀ ਹਵੇਲੀ ਵਿਚ ਹੱਥ ਵਿਚ ਦਾਣਿਆਂ ਦਾ ਕਟੋਰਾ ਫੜੀ ਕਬੂਤਰਾਂ ਦੀ ਉਡੀਕ ਕਰ ਰਹੀ ਏ ਪਰ ਕਿੰਨੇ ਸਮੇਂ ਤੋਂ ਕਬੂਤਰ ਆ ਨਹੀਂ ਰਹੇ। ਉਸਦਾ ਦਿਲ ਘਬਰਾ ਰਿਹੈ ਉਸ ਨੂੰ ਪਤਾ ਵੀ ਲੱਗਦਾ ਏ ਕਿ ਇਹ ਧੜਕਣ ਕੋਈ ਅਜੀਬ ਜਿਹੀ ਐ।ਇਸ ਤੋਂ ਛੁਟਕਾਰਾ ਪਾਉਣ ਲਈ ਉਹ ਕਦੇ ਬੈਠ ਜਾਂਦੀ ਏ ਤੇ ਕਦੇ ਖੜੀ ਹੋ ਕੇ ਦੂਰ ਨਿਗਾਹ ਮਾਰਦੀ ਏ ਪਰ ਕਬੂਤਰ ਕਿਤੇ ਨਹੀਂ ਦਿੱਸਦੇ।ਕਦੇ ਸੋਚਦੀ ਏ ਕਿ ਦਾਣੇ ਖਿਲਾਰ ਕੇ ਚਲੀ ਜਾਵੇ ਪਰ ਫਿਰ ਪਤਾ ਨਹੀਂ ਕਿਉਂ ਉਹ ਰੁਕ ਜਾਂਦੀ ਏ ਇਹ ਸੋਚ ਕੇ ਕਿ ਥੋੜੀ ਦੇਰ ਉਡੀਕ ਲਵੇ।

ਦਾਣੇ ਹੱਥ 'ਚ ਫੜੀ ਉਹ ਪੁਰਾਣੀ ਹਵੇਲੀ ਦੀਆਂ ਯਾਦਾਂ ਵਿਚ ਖੁੱਭੀ ਹੋਈ ਏ।ਅਚਾਨਕ ਉਸਨੂੰ ਇਕ ਛੂਹ ਡਰਾ ਦਿੰਦੀ ਏ ਉਹ ਆਪਣੇ ਛੋਟੇ ਜਿਹੇ ਮੁੰਡੇ ਗੇਬੂ ਨੂੰ ਦੇਖ ਕੇ ਦਹਲਾ ਉਠੱਦੀ ਏ।ਉਸ ਦੀ ਅਵਾਜ਼ ਤਾਂ ਨਹੀਂ ਨਿਕਲ ਰਹੀ ਪਰ ਉਹ ਲੰਬਾ ਹੱਥ ਕਰਕੇ ਇਸ਼ਾਰੇ ਨਾਲ ਸਮਝਾਂਉਦਾ ਸਿਰਫ ਏਨਾ ਹੀ ਬੋਲ ਪਾਂਦਾ ਏ 'ਬੀਬੀ ਭਾਪਾ...।'

ਉਹਦੀਆਂ ਅੱਖਾਂ ਵਿਚੋਂ ਹੰਝੂ ਨਦੀਆਂ ਵਾਂਗ ਵਹਿ ਰਹੇ ਨੇ।ਫਿਰ ਕੇਸੋ ਉਸਦੇ ਇਸ਼ਾਰੇ ਵੱਲ ਦੌੜ ਪੈਦੀ ਏ ਉਹ ਅੱਗੇ-ਅੱਗੇ ਦੌੜ ਪੈਂਦਾ ਏ ਤੇ ਕੇਸੋ ਉਸਦੇ ਪਿਛੇ-ਪਿਛੇ।ਨਾਲੇ ਉਹ ਦੌੜਦਾ ਜਾਂਦਾ ਏ ਨਾਲੇ ਪਿਛਾਂਹ ਵੇਖ ਲੈਦਾ ਕਿ ਉਸਦੀ ਮਾਂ ਆ ਰਹੀ ਐ ਕਿ ਨਹੀਂ।ਕੁਝ ਦੂਰ ਜਾਹ ਕੇ ਉਹ ਰੁਕ ਜਾਂਦਾ ਏ ਤੇ ਰੋਣਾ ਹੋਰ ਵੀ ਤੇਜ਼ ਹੋ ਜਾਂਦਾ ਐ ਕੇਸੋ ਦੇਖਦੀ ਏ ਕਿ ਉਸਦੇ ਘਰ ਵਾਲੇ ਦੀ ਲਾਸ਼ 'ਤੇ ਕਬੂਤਰਾਂ ਦਾ ਝੁੰਡ ਝੁਰਮਟ ਘੱਤੀ ਖੜਿਐ ਉਹ ਆਪਣੇ ਘਰ ਵਾਲੇ ਦੀ ਲਾਸ਼ 'ਤੇ ਬੇਹੋਸ਼ ਹੋ ਕੇ ਧਾਹ ਕਰਕੇ ਡਿੱਗ ਪੈਂਦੀ ਐ।ਉਸਦਾ ਲੜਕਾ ਆਪਣੀ ਮਾਂ ਦੇ ਮੋਢੇ ਨੂੰ ਫੜ ਕੇ 'ਬੀਬੀ! ਬੀਬੀ!' ਆਖ ਕੇ ਹਲੂਣਦਾ ਐ।ਕਬੂਤਰ ਉਸਦੇ ਉਪਰ-ਹੇਠਾਂ ਉਡਣਾ ਸ਼ੁਰੂ ਕਰ ਦਿੰਦੇ ਨੇ ਤੇ ਫਿਰ ਘੇਰਾ ਘੱਤ ਕੇ ਬੈਠ ਜਾਂਦੇ ਨੇ।

ਇੰਨੇ ਨੂੰ ਕੋਈ ਆਵਾਜ਼ ਸੁਣ ਕੇ ਆਂਉਦਾ ਏ ਤੇ ਇਕਦਮ ਪਿੰਡ ਨੂੰ ਭੱਜ ਪੈਂਦਾ ਏ।ਕੁਝ ਦੇਰ ਬਾਅਦ ਪਿੰਡ ਦੇ ਕਾਫੀ ਸਾਰੇ ਲੋਕ ਤੇ ਕੇਸੋ ਦਾ ਸਹੁਰਾ ਪਰਿਵਾਰ ਰੋਦਾ-ਕੁਰਲਾਂਦਾ ਦੀਪੇ ਦੀ ਲਾਸ਼ 'ਤੇ ਆ ਕੇ ਪਿੱਟਣ ਲੱਗ ਪੈਂਦਾ ਏ।ਦੋਵਾਂ ਨੂੰ ਚੁੱਕ ਕੇ ਘਰ ਲੈ ਜਾਂਦੇ ਨੇ ਕੁਝ ਦੇਰ ਬਾਅਦ ਪੁਲਿਸ ਆ ਕੇ ਦੀਪੇ ਦੀ ਲਾਸ਼ ਦੀਆਂ ਫੋਟੋਆਂ ਕਰਕੇ ਤੇ ਕੁਝ ਲਿਖ ਕੇ ਚਲੀ ਜਾਂਦੀ ਏ।ਕੁਝ ਦਿਨ੍ਹਾਂ ਬਾਅਦ ਪੁਲਿਸ ਫੇਰ ਆਉਂਦੀ ਏ ਤੇ ਕੇਸੋ ਕੋਲੋਂ ਪੁੱਛ ਗਿੱਛ ਕਰਦੇ ਨੇ ਪਰ ਕੇਸੋ ਚੁੱਪ-ਚੁਪੀਤੀ ਬੈਠੀ ਕੋਈ ਜਵਾਬ ਨਹੀਂ ਦਿੰਦੀ।ਪੁਲਿਸ ਪਰਿਵਾਰ ਤੇ ਹੋਰ ਪਿੰਡ ਵਾਲਿਆਂ ਦੇ ਬਿਆਨ ਲੈ ਕੇ ਇਹ ਕਹਿ ਕੇ ਵਾਪਿਸ ਚਲੀ ਜਾਂਦੀ ਹੈ ਕਿ 'ਚਿੰਤਾ ਨਾ ਕਰੋ ਅਸੀਂ ਤੁਹਾਡੇ ਨਾਲ ਆਂ।' ਕੇਸੋ ਦਾ ਸਹੁਰਾ ਪਰਿਵਾਰ ਵਿਚਾਰ ਕਰਦਾ ਐ ਕਿ ਕੇਸੋ ਦੀ ਬਾਂਹ ਛੋਟੇ ਉਸਦੇ ਦਿਓਰ ਕਰਮੇ ਨੂੰ ਫੜਾ ਦਿੱਤੀ ਜਾਵੇ।ਪਰ ਕੇਸੋ ਇਨਕਾਰ ਕਰ ਦਿੰਦੀ ਐ।

ਘਰ ਵਾਲੇ ਕਾਫੀ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ ਪਰ ਕੇਸੋ ਦੀ ਆਤਮਾ ਨਹੀਂ ਮੰਨਦੀ।ਕੇਸੋ ਨੂੰ ਮਜ਼ਬੂਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਐ ਪਰ ਕੇਸੋ ਖਿਝ ਕੇ ਇਹ ਆਖ ਕੇ ਉਠੱ ਜਾਂਦੀ ਹੈ ਕਿ "ਕੱਲ੍ਹ ਨੂੰ ਇਹ ਮਰ ਗਿਆ ਤਾਂ ਫਿਰ ਕਿਸ ਨਾਲ ਵਿਆਹੁਗੇ, ਖਸਮ ਬਣਨ ਦੀ ਥਾਂ ਭਰਾ ਵੀ ਤੇ ਬਣ ਸਕਦਾ ਐ?" ਆਪਨੀ ਮਾਂ ਨੂੰ ਰੋਂਦੀ ਵੇਖ ਕੇ ਉਸਦਾ ਮੁੰਡਾ ਗੁੱਸੇ ਵਿਚ ਡਾਂਗ ਚੁੱਕ ਲੈਦਾ ਏ ਤੇ ਆਖਦਾ ਏ "ਨਿਕਲ ਜਾਓ ਸਾਰੇ, ਤੁਸੀ ਰੋਜ਼ ਈ ਮੇਰੀ ਮਾਂ ਨੂੰ ਰੁਆਉਣ ਆ ਜਾਂਦੇ ਓ।" ਉਸ ਦੇ ਹੱਥਾਂ ਵਿਚ ਡਾਂਗ ਕੰਬ ਰਹੀ ਹੁੰਦੀ ਐ ਸਾਰੇ ਜਣੇ ਦੇਖ ਕੇ ਹੈਰਾਨ ਰਹਿ ਜਾਂਦੇ ਨੇ।ਉਹ ਸੋਚਦੇ ਨੇ ਸ਼ਾਇਦ ਕੇਸੋ ਨੂੰ ਇਸ ਸਹਾਰੇ 'ਤੇ ਪੂਰਾ ਮਾਣ ਐ, ਇਸ ਕਰਕੇ ਉਹ ਹੋਰ ਕਿਸੇ ਦਾ ਸਹਾਰਾ ਨਹੀਂ ਚਾਹੁੰਦੀ।ਸਾਰੇ ਉਠੱ ਜਾਂਦੇ ਨੇ।ਕੁਝ ਦੇਰ ਬਾਅਦ ਫਿਰ ਪੁਲਿਸ ਆਂਉਦੀ ਏ ਤੇ ਕੇਸੋ ਨੂੰ ਥਾਣੇ ਆਉਣ ਲਈ ਆਖਦੇ ਨੇ, ਕੇਸੋ ਥਾਣੇ ਨਹੀਂ ਜਾਂਦੀ ਤੇ ਥਾਣੇਦਾਰ ਵਾਰ ਵਾਰ ਉਸਦੇ ਘਰ ਗੇੜੇ ਮਾਰਦਾ ਏ।

ਇੱਕ ਦਿਨ ਥਾਣੇਦਾਰ ਪੁਲਿਸ ਨੂੰ ਬਾਹਰ ਠੱਲ੍ਹ ਕੇ ਆਪ ਅੰਦਰ ਚਲਾ ਜਾਂਦਾ ਏ।ਉਹ ਕੇਸੋ ਨੂੰ ਆਖਦਾ ਏ, "ਪੁਲਿਸ ਮਹਿਕਮੇ ਨੂੰ ਤੁਹਾਡੇ ਨਾਲ ਹਮਦਰਦੀ ਏ, ਤੁਸੀਂ ਇਸ ਫਾਈਲ 'ਤੇ ਦਸਤਖਤ ਕਰ ਦਿਓ ਤਾਂ ਅਸੀ ਕੇਸ ਦੀ ਅਗਲੀ ਕਾਰਵਾਈ ਆਰੰਭ ਕਰੀਏ।" ਕੇਸੋ ਥਾਣੇਦਾਰ ਦੇ ਚਿਹਰੇ 'ਤੇ ਸਰਸਰੀ ਜਿਹੀ ਨਜਰ ਮਾਰ ਕੇ ਚੁੱਪ ਵੱਟੀ ਰੱਖਦੀ ਐ।ਥਾਣੇਦਾਰ ਜਾਂਦਾ ਹੋਇਆ ਇਕ ਸੌ ਰੂਪਏ ਕੱਢ ਕੇ ਉਸਦੇ ਮੁੰਡੇ ਨੂੰ ਫੜਾਉਣ ਦੀ ਕੋਸ਼ਿਸ਼ ਕਰਦਾ ਐ ਪਰ ਉਹ ਨਹੀਂ ਫੜਦਾ ਫਿਰ ਥਾਣੇਦਾਰ ਧੱਕੇ ਨਾਲ ਉਸਦੀ ਜੇਬ ਵਿਚ ਪਾ ਦਿੰਦਾ ਐ ਪਰ ਉਹ ਜੇਬ ਵਿਚੋਂ ਕੱਢ ਕੇ ਥੱਲੇ ਸੁੱਟ ਦਿੰਦਾ ਐ ਤੇ ਉਸਤੇ ਪੈਰ ਰੱਖ ਦਿੰਦਾ ਐ।ਘੂਰ ਕੇ ਥਾਣੇਦਾਰ ਵੱਲ ਵੇਖਦਾ ਏ।ਉਸਨੂੰ ਥਾਣੇਦਾਰ ਦਾ ਆਪਣੀ ਮਾਂ ਨਾਲ ਗੱਲਾਂ ਕਰਦੇ ਚੰਗਾ ਨਹੀਂ ਲੱਗਦਾ।ਕੇਸੋ ਸੌ ਰੂਪਏ ਚੁੱਕ ਕੇ ਥਾਣੇਦਾਰ ਨੂੰ ਫੜਾਂਉਦੀ ਆਖਦੀ ਐ, "ਐਹ ਲਓ ਭਾਅ ਜੀ! ਆਪਣੇ ਪੈਸੇ, ਅਸੀ ਕੋਈ ਕੇਸ ਨਹੀਂ ਕਰਨਾ ਚਾਹੁੰਦੇ।" ਥਾਣੇਦਾਰ ਆਖਦਾ ਏ, "ਅਸੀ ਤੁਹਾਨੂੰ ਇਨਸਾਫ..........!" ਇਕਦਮ ਹੀ ਕੇਸੋ ਉਸਦੇ 'ਇਨਸਾਫ' ਸ਼ਬਦ ਨੂੰ ਫੜ ਲੈਂਦੀ ਏ ਤੇ ਆਖਦੀ ਏ, "ਇਨਸਾਫ! ਇਨਸਾਫ ਇਹੋ-ਜਿਹਾ ਨਹੀਂ ਚਾਹੀਦਾ ਜਿਸ ਨਾਲ ਇਕ ਜ਼ਿੰਦਗੀ ਪਿਛੇ ਕਈ ਹੋਰ ਜ਼ਿੰਦਗੀਆਂ ਦਾਅ 'ਤੇ ਲਾ ਬਹੀਏ।" ਫਿਰ ਤੁਸੀਂ ਦਸਤਖ਼ਤ ਕਰ ਦਿਓ ਕਿ ਅਸੀ ਕੇਸ ਨਹੀਂ ਕਰਨਾਂ ਚਾਹੁੰਦੇ, ਥਾਣੇਦਾਰ ਕਾਗਜ਼ ਕੇਸੋ ਵੱਲ ਕਰਦਾ ਹੋਇਆ ਇਕਦਮ ਬੋਲ ਪੈਦਾ ਐ।ਪਰ ਕੇਸੋ ਕਹਿੰਦੀ ਐ ਕਿ "ਮੈਂ ਤਾਂ ਪਹਿਲਾਂ ਵੀ ਨਹੀਂ ਸੀ ਆਖਿਆ ਕਿ ਮੈਂ ਕੇਸ ਕਰਨਾ ਐ, ਤੁਸੀਂ ਆਪ ਈ ਫਾਈਲ ਤਿਆਰ ਕੀਤੀ ਐ ਆਪ ਈ ਫਾੜ ਦਿਓ।

ਸਾਨੂੰ ਤੁਹਾਡੀ ਹਮਦਰਦੀ ਦੀ ਕੋਈ ਜਰੂਰਤ ਨਹੀਂ, ਇਨਸਾਫ ਅਸੀ ਵਕਤ ਕੋਲੋਂ ਲੈ ਲਵਾਂਗੇ।" ਕੇਸੋ ਜਾਣਦੀ ਏ ਕਿ ਜੇ ਉਸਨੇ ਕੇਸ ਕਰ ਦਿੱਤਾ ਤਾਂ ਉਸਦੀ ਜ਼ਿੰਦਗੀ ਕੋਰਟਾਂ-ਕਚਹਿਰੀਆਂ ਵਿਚ ਰੁਲ ਜਾਵੇਗੀ ਨਾਲੇ ਉਹ ਕਿੰਨੀ ਦੇਰ ਤੱਕ ਇਨ੍ਹਾਂ ਬਘਿਆੜਾਂ ਹੱਥੋਂ ਬਚਦੀ ਫਿਰੇਗੀ।ਉਹ ਆਪਣੇ ਅਣਖੀ ਪੁੱਤਰ ਦਾ ਸੰਘ ਨਹੀਂ ਘੁੱਟਣਾ ਚਾਹੁੰਦੀ ਕਿ ਉਹ ਲੋਕਾਂ ਮੂਹਰੇ ਸਾਰੀ ਜ਼ਿੰਦਗੀ ਚੁੱਪ ਵੱਟੀ ਰੱਖੇ।ਇਸ ਤੋ ਬਾਅਦ ਕੇਸੋ ਦਾ ਦਿਓਰ ਕੇਸੋ ਨੂੰ ਹੱਥ-ਪੁਵੱਥੀ ਪਵਾਂਦਾ ਰਹਿੰਦਾ ਐ।ਉਸਦਾ ਜੇਠ ਜੈਲਾ ਉਨ੍ਹਾਂ ਦੇ ਘਰ ਕਈ-ਕਈ ਗੇੜੇ ਮਾਰਦਾ ਏ।ਉਹ ਅਕਸਰ ਹੀ ਮੁੱਛਾਂ 'ਤੇ ਹੱਥ ਫੇਰਦਾ ਰਹਿੰਦਾ ਏ ਤੇ ਤੁਰਦੀ-ਫਿਰਦੀ ਕੇਸੋ ਨੂੰ ਨਿਹਾਰਦਾ ਰਹਿੰਦਾ ਹੈ।ਕੇਸੋ ਨੂੰ ਉਹ ਥਾਣੇਦਾਰ ਵਾਂਗ ਲੱਗਦਾ ਏ।ਪਰ ਕੇਸੋ ਵਕਤ ਦੀ ਉਡੀਕ 'ਚ ਚੁੱਪ ਵੱਟ ਜਾਂਦੀ ਐ।ਕੇਸੋ ਦੇ ਦਿਓਰ ਕਰਮੇ ਨੂੰ ਵੀ ਅਜਿਹਾ ਪਸੰਦ ਨਹੀਂ ਸੀ ਉਹ ਵੀ ਆਪਣੇ ਵੱਡੇ ਭਰਾ ਪ੍ਰਤੀ ਬਹੁਤ ਕ੍ਰੋਧ ਖਾਂਦਾ ਸੀ।ਕੇਸੋ ਦਾ ਮੁੰਡਾ ਵੀ ਆਪਣੇ ਤਾਏ ਨੂੰ ਘੱਟ ਈ ਅਹੁੜਦਾ ਸੀ।ਜੈਲੇ ਦਾ ਗੇੜੇ ਮਾਰਨਾਂ ਵੱਧਦਾ ਜਾ ਰਿਹਾ ਸੀ ਤੇ ਦੂਜੇ ਪਾਸੇ ਗੁੱਸਾ ਵੀ।ਇਕ ਦਿਨ ਅਚਾਨਕ ਜੈਲਾ ਆਪਣੇ ਘਰ ਦੀ ਦਹਿਲੀਜ਼ ਲੰਘਦਾ ਐ ਤੇ ਆਪਣੀ ਘਰਵਾਲੀ ਨਾਲ ਆਪਣੇ ਬੇਬੇ-ਬਾਪੂ ਨੂੰ ਗੱਲਾਂ ਕਰਦਾ ਸੁਣਕੇ ਵਾਪਿਸ ਹੀ ਮੁੜ ਜਾਂਦਾ ਏ ਉਸ ਨੂੰ ਪਤਾ ਸੀ ਕਿ ਅੱਜ ਕਰਮਾ ਘਰ ਨਹੀਂ ਐ।ਉਹਨੇ ਪੀਤੀ ਤਾਂ ਘੱਟ ਹੀ ਸੀ ਪਰ ਜ਼ਿਆਦਾ ਪੀਤੀ ਦਾ ਬਹਾਨਾ ਬਣਾ ਕੇ ਕੇਸੋ ਦੇ ਘਰ ਦੀ ਦਹਿਲੀਜ਼ ਲੰਘ ਆਇਆ।ਕੇਸੋ ਨੇ ਸਮਝਿਆ ਕਰਮਾ ਹੋਣੈ ਪਰ ਜਦ ਉਹਨੇ ਬੂਹੇ 'ਚ ਦੇਖਿਆ ਤਾਂ ਜੈਲਾ ਖੜਿਆ ਸੀ ਉਹ ਮੁੱਛਾਂ 'ਤੇ ਹੱਥ ਫੇਰਦਾ ਕਹਿਣ ਲੱਗਾ, "ਮੈਂ ਕਿਹਾ ਅੱਜ ਭਰਜਾਈ ਦੇ ਹੱਥਾਂ ਦੀਆਂ ਰੋਟੀਆਂ ਖਾ ਆਈਏ।" ਕੇਸੋ ਡਰੀ ਨਹੀਂ, ਨਾ ਹੀ ਸਹਿਮੀ ਉਹਨੇ ਦੂਰੋ ਹੀ ਆਖਿਆ, "ਭਾਅ ਜੀ! ਤੁਸੀਂ ਪੀਤੀ ਐ ਆਪਣੇ ਘਰ ਜਾਓ, ਜੇ ਤੁਸੀਂ ਹੀ ਇਸ ਤਰ੍ਹਾਂ ਕਰੋਗੇ ਤਾਂ ਲੋਕ ਕੀ ਕਹਿਣਗੇ।" ਜੈਲਾ ਬੋਲਿਆ "ਜੇ ਤੂੰ ਛੋਟੇ ਨੂੰ ਨਹੀਂ ਕਰਨਾਂ ਤਾਂ ਵੱਡੇ ਨੂੰ ਕਰਲਾ, ਮੈਂ ਦੋ ਰੱਖ ਲੂੰ।" ਕੇਸੋ ਦਾ ਜਵਾਬ ਸੀ, "ਵਿਆਂਹ ਇਕ ਵਾਰ ਹੁੰਦੈ ਤੇ ਮੇਰਾ ਹੋ ਗਿਐ, ਸੁਖ ਨਾਲ ਇਕ ਪੁੱਤਰ ਵੀ ਏ ਜੋ ਮੇਰਾ ਸਹਾਰਾ ਏ ਜਿਹੜਾ ਪਰਛਾਵੇ ਵਾਂਗ ਮੇਰੀ ਇੱਜ਼ਤ ਦੇ ਦੁਆਲੇ-ਦੁਆਲੇ ਘੁੰਮਦਾ ਰਹਿੰਦੈ, ਯਾਦ ਰੱਖਣਾ ਭਾਅ ਜੀ ਇਕ ਦਿਨ ਉਹਦੀਆਂ ਨਿੱਕੀਆਂ ਅੱਖਾਂ ਨੇ ਵੱਡਾ ਵੀ ਹੋਣੈ ਨਾਲੇ ਮੈਂ ਆਪਣੇ ਮੌਤ ਦੀਆਂ ਅੱਖਾਂ ਵਿਚ ਅੱਖਾਂ ਪਾਉਣ ਵਾਲੇ ਪੁੱਤ ਦੀ ਅਣਖ ਦੀਆਂ ਜੜ੍ਹਾਂ ਨਹੀਂ ਪੁੱਟਾਂਗੀ, ਇਸ ਨਾਲੋਂ ਜਹਿਰ ਦੇ ਇਕ-ਦੋ ਘੁੱਟ ਮਨਜੂਰ ਨੇ।" ਫਿਰ ਉਹ ਚੁੱਪ ਹੋ ਗਈ ਤੇ ਜੈਲੇ ਨੂੰ ਚੁੱਪ ਵੱਟੀ ਖੜਿਆ ਦੇਖ ਕੇ ਫਿਰ ਬੋਲੀ, "ਮੇਰੀ ਇੱਜ਼ਤ ਦੀ ਰਾਖੀ ਕਰਦਿਆਂ ਜੇ ਮੇਰੇ ਪੁੱਤ ਨੂੰ ਤਲਵਾਰ ਦੀ ਵੀ ਲੋੜ ਪਈ ਤਾਂ ਮੈ ਆਪ ਫੜਾਵਾਂਗੀ ਤੇ ਇਸ 'ਤੇ ਮਾਣ ਮਹਿਸੂਸ ਕਰਾਂਗੀ ਕਿ ਇਹ ਮੇਰਾ ਈ ਪੁੱਤ ਏ, ਔਰਤ ਦੀ ਰਾਖੀ ਪਹਿਲਾਂ ਬਾਪ ਕਰਦੈ, ਫਿਰ ਖਸਮ ਕਰਦੈ ਤੇ ਫਿਰ ਪੁੱਤ ਕਰਦੈ ਤੇ ਸੁਖ ਨਾਲ ਮੇਰੇ ਪੁੱਤਰ ਦੀਆਂ ਪੈੜਾਂ ਵੱਡੀਆਂ ਹੋ ਰਹੀਆਂ ਨੇ।" ਜੈਲੇ ਦੇ ਪਿਛੇ ਖੜਿਆ ਉਸਦਾ ਛੋਟਾ ਭਰਾ ਕਰਮਾਂ ਵੀ ਇਹ ਸਾਰੀਆਂ ਗੱਲਾਂ ਸੁਣ ਰਿਹਾ ਸੀ, ਜਦ ਜੈਲਾ ਪਿਛਾਂਹ ਮੁੜਿਆ ਤਾਂ ਉਸ ਦੀ ਨਜ਼ਰ ਕਰਮੇ ਨਾਲ ਜਾ ਮਿਲੀ ਕਰਮੇ ਦੀਆਂ ਅੱਖਾਂ ਵਿਚ ਵੀ ਕੇਸੋ ਦੇ ਬੋਲਾਂ ਦੀ ਭਾਫ ਭਖ ਰਹੀ ਸੀ ਜੈਲਾ ਨੀਵੀਂ ਪਾ ਕੇ ਬਾਹਰ ਨਿਕਲ ਗਿਆ।

ਕੇਸੋ ਕਈ ਵਾਰ ਆਪ ਈ ਘਰ ਤੋਂ ਥੋੜੀ ਦੂਰ ਦੁਕਾਨ ਤੇ ਸਮਾਨ ਲੈਣ ਚਲੀ ਜਾਂਦੀ ਸੀ ਤੇ ਅੱਜ ਵੀ ਉਹ ਕਾਫੀ ਦੇਰ ਤੋਂ ਉਡੀਕ ਰਹੀ ਸੀ ਕਿ ਕਿਸੇ ਦੇ ਆਣ 'ਤੇ ਉਹ ਸਾਬਣ ਮੰਗਾ ਕੇ ਕੱਪੜੇ ਧੋ ਲਵੇਗੀ।ਪਰ ਕਿਸੇ ਦੇ ਨਾ ਆਉਣ 'ਤੇ ਉਹ ਆਪ ਈ ਦੁਕਾਨ 'ਤੇ ਚਲੀ ਗਈ ਜਦ ਉਹ ਪੈਸੇ ਫੜਾਉਣ ਲੱਗੀ ਤਾਂ ਦੁਕਾਨਦਾਰ ਨੇ ਕੇਸੋ ਦਾ ਹੱਥ ਫੜ ਲਿਆ ਕੇਸੋ ਨੇ ਹੱਥ ਛੁਡਾ ਕੇ ਇੰਨੇ ਜੋਰ ਦੀ ਥੱਪੜ ਮਾਰਿਆ ਕਿ ਦੁਕਾਨਦਾਰ ਦਾ ਮੂੰਹ ਖੰਡ ਦੀ ਬੋਰੀ ਵਿਚ ਜਾਹ ਪਿਆ।ਕੇਸੋ ਵਾਪਿਸ ਮੁੜ ਆਈ।ਕੁਝ ਦਿਨ੍ਹਾਂ ਬਾਅਦ ਕੇਸੋ ਨੂੰ ਪਤਾ ਲੱਗਿਆ ਕਿ ਦੁਕਾਨਦਾਰ ਦਾ ਦੰਦ ਟੁੱਟ ਗਿਆ ਸੀ।ਸਾਰੇ ਪਿੰਡ ਵਿਚ ਦੁਕਾਨਦਾਰ ਦੀ ਬਹੁਤ ਬਦਨਾਮੀ ਹੋਈ ਤੇ ਹੋਰ ਮੁਸ਼ਟੰਡੇ ਜਿਹੜੇ ਕੇਸੋ ਦੇ ਘਰ ਮੂਹਰੇ ਗੇੜੇ ਮਾਰਦੇ ਰਹਿੰਦੇ ਸਨ ਹੁਣ ਕਦੇ ਉਧਰ ਫਟਕੇ ਵੀ ਨਹੀਂ ਸਨ।ਕੇਸੋ ਦਾ ਮੁੰਡਾ ਦੁਕਾਨਦਾਰ ਦਾ ਪੱਥਰ ਮਾਰ ਕੇ ਸਿਰ ਪਾੜ ਆਇਆ ਸੀ।ਵਕਤ ਲੰਘਦਾ ਗਿਆ ਕੇਸੋ ਨੇ ਕਰਮੇ ਵਾਸਤੇ ਆਪ ਕੁੜੀ ਲੱਭ ਕੇ ਵਿਆਂਹ ਕਰ ਦਿੱਤਾ ਤੇ ਉਹਨਾਂ ਨੂੰ ਆਪਣੇ ਘਰ ਵਿਚ ਈ ਰੱਖਿਆ, ਕੇਸੋ ਏਨੀ ਸੱਚੀ ਸੀ ਕਿ ਕਦੇ ਕਿਸੇ ਦੀ ਨਿਕੰਮੀ ਜੁਬਾਨ ਨੇ ਵੀ ਇਹ ਨਹੀਂ ਸੀ ਆਖਿਆ ਕਿ ਕੇਸੋ ਦਾ ਆਪਣੇ ਦਿਓਰ ਨਾਲ ਭਰਾ ਤੋਂ ਬਿਨ੍ਹਾਂ ਕੋਈ ਹੋਰ ਵੀ ਰਿਸ਼ਤਾ ਸੀ।ਉਹ ਸਵਖਤੇ ਉਠ ਕੇ ਮੱਝਾਂ ਚੋਂਦੀ ਤੇ ਚਾਹ ਧਰ ਕੇ ਕਬੂਤਰਾਂ ਨੂੰ ਚੋਗਾ ਪਾਉਣ ਹਵੇਲੀ ਵਿਚ ਚਲੀ ਜਾਂਦੀ।ਆ ਕੇ ਮੁੰਡੇ ਨੂੰ ਤਿਆਰ ਕਰਕੇ ਸਕੂਲ ਭੇਜ ਦਿੰਦੀ।ਕਰਮਾ ਖੇਤ ਚਲਿਆ ਜਾਂਦਾ।

ਕੁਝ ਮਹੀਨਿਆਂ ਬਾਅਦ ਸਰਪੰਚੀ ਦੀਆਂ ਚੋਣਾਂ ਆ ਗਈਆਂ, ਇਸ ਵਾਰ ਸਰਕਾਰ ਦੀ ਨਵੀ ਨੀਤੀ ਮੁਤਾਬਿਕ ਸਰਪੰਚ ਔਰਤ ਨੇ ਬਣਨਾ ਸੀ ਸਾਰੇ ਪਿੰਡ ਨੇ ਕੇਸੋ ਨੂੰ ਸਰਪੰਚ ਬਣਾ ਦਿੱਤਾ।ਕੇਸੋ ਦੇ ਸਰਪੰਚ ਬਣਦਿਆਂ ਈ ਪਿੰਡ ਦੀ ਉਥਲ-ਪੁਥਲ ਸ਼ੁਰੂ ਹੋ ਗਈ ਕੇਸੋ ਜਿੰਨੀ ਗਰਾਂਟ ਆਂਉਦੀ ਸਾਰੀ ਪਿੰਡ 'ਤੇ ਲਗਾ ਦਿੰਦੀ ਦੋ ਸਾਲਾਂ ਵਿਚ ਈ ਪਿੰਡ ਦਾ ਨਕਸ਼ਾ ਬਦਲ ਦਿੱਤਾ।ਚਾਰ-ਚੁਫੇਰੇ ਕੇਸੋ ਦੀ ਪ੍ਰਸਿੱਧੀ ਵੱਧਣ ਲੱਗੀ।ਉਸਦੀ ਚਰਚਾ ਇੰਨੀ ਵੱਧ ਗਈ ਕਿ ਇੱਕ-ਦਿਨ ਐਮ.ਐਲ.ਏ ਬਣ ਗਈ।ਪਹਿਲਾਂ ਉਹਨੇ ਬਾਰ੍ਹਾਂ ਪੜ੍ਹੀਆਂ ਹੋਈਆਂ ਸਨ ਹੁਣ ਕੇਸੋ ਨੇ ਆਪਨੀ ਪੜਾਈ ਅੱਗੇ ਸ਼ੁਰੂ ਕਰ ਦਿੱਤੀ, ਉਸਨੇ ਸਭ ਤੋ ਪਹਿਲਾਂ ਔਰਤਾਂ ਨੂੰ ਨਾਲ ਲੈ ਕੇ ਆਪ ਅਗਵਾਈ ਕਰਕੇ ਔਰਤਾਂ ਦੇ ਹੱਕ ਦੇ ਕਾਨੂੰਨਾਂ ਦੀ ਮੰਗ ਕੀਤੀ।ਜਿਸ ਦਾ ਸਾਹਿਤਕਾਰਾਂ, ਡਾਕਟਰਾਂ, ਅਧਿਆਪਕਾਂ, ਵਕੀਲਾਂ, ਲੀਡਰਾਂ ਤੇ ਆਮ ਲੋਕਾਂ ਨੇ ਹੁੰਗਾਰਾ ਭਰਿਆ।ਇਸ ਸਬੰਧੀ ਬਿੱਲ ਤਿਆਰ ਕਰਕੇ ਪੇਸ਼ ਕੀਤੇ ਗਏ ਤੇ ਔਰਤਾਂ ਖਾਸ ਕਰ ਵਿਧਵਾ ਔਰਤਾਂ ਦੇ ਹੱਕਾਂ ਪ੍ਰਤੀ ਜ਼ਿਆਦਾ ਤਵੱਜ਼ੋ ਦਿੱਤੀ ਗਈ।ਉਸਨੇ ਆਪਣੀ ਪੁਰਾਣੀ ਹਵੇਲੀ ਦੇ ਨਾਲ ਹੋਰ ਥਾਂ ਲੈ ਕੇ ਚਿੜੀਆ ਘਰ ਬਣਵਾ ਦਿੱਤਾ।ਹੁਣ ਉਹ ਕਾਨੂੰਨ ਦੀ ਡਿਗਰੀ ਹਾਸਿਲ ਕਰ ਚੁੱਕੀ ਸੀ।ਉਹਨੇ ਆਪਨੇ ਘਰਵਾਲੇ ਦਾ ਕੇਸ ਦੁਬਾਰਾ ਖੁਲ੍ਹਵਾਇਆ ਤੇ ਆਪ ਉਸਦੀ ਪੈਰਵਾਈ ਕੀਤੀ।ਕੁਝ ਹੀ ਸਮੇਂ ਵਿਚ ਉਹਨੇ 'ਤੇਲ ਦਾ ਤੇਲ ਤੇ ਪਾਣੀ ਦਾ ਪਾਣੀ' ਕਰ ਦਿੱਤਾ ਉਸਦੇ ਪਤੀ ਨੂੰ ਉਸਦੇ ਜੇਠ ਜੈਲੇ ਨੇ ਜ਼ਮੀਨ ਦੀ ਖਾਤਿਰ ਥਾਣੇਦਾਰ ਨਾਲ ਮਿਲਕੇ ਮਰਵਾਇਆ ਸੀ ਜਿਸ ਵਿਚ ਕਰਮੇ ਦਾ ਵੀ ਨਾਂ ਸੀ ਪਰ ਕਰਮਾਂ ਉਨ੍ਹਾਂ ਹੱਥੋਂ ਬਚ ਗਿਆ ਸੀ।ਮੁਜ਼ਰਿਮਾਂ ਨੂੰ ਉਮਰ ਕੈਦ ਦੀ ਸਜ਼ਾ ਤੇ ਇਕ-ਇਕ ਲੱਖ ਰੂਪਏ ਜੁਰਮਾਨਾ ਕੀਤਾ ਗਿਆ।ਕੇਸੋ ਨੇ ਥਾਣੇਦਾਰ ਤੇ ਆਪਣੇ ਜੇਠ ਨਾਲ ਜੇਲ੍ਹ ਵਿਚ ਮੁਲਾਕਾਤ ਕੀਤੀ, ਉਹਨੇ ਥਾਣੇਦਾਰ ਨੂੰ ਆਖਿਆ, "ਭਾਅ ਜੀ! ਮੈਂ ਆਖਿਆ ਸੀ ਨਾ, ਕਿ ਅਸੀਂ ਵਕਤ ਕੋਲੋਂ ਆਪੇ ਇਨਸਾਫ ਲੈ ਲਵਾਂਗੇ, ਅੱਜ ਵਕਤ ਨੇ ਮੋੜਾ ਖਾ ਲਿਆ ਐ ਤੁਸੀਂ ਆਪਣੀ ਕੀਤੀ ਦੀ ਛਾਵੇਂ ਬੈਠੇ ਓ, ਜੇ ਹੋ ਸਕੇ ਤਾਂ ਇਸ ਤੋਂ ਬਾਅਦ ਚੰਗੇ ਕਰਮ ਕਰ ਲੈਣਾ।"  ਜੇਲ੍ਹ ਤੋਂ ਬਾਹਰ ਆਂਉਦਿਆਂ ਹੀ ਪੱਤਰਕਾਰਾਂ ਨੇ ਕੇਸੋ ਨੂੰ ਘੇਰ ਲਿਆ ਤੇ ਕਈ ਸਵਾਲ ਕਰਨ ਲੱਗੇ ਇਕ ਨੇ ਸਵਾਲ ਕੀਤਾ, "ਮੈਡਮ ਆਪ ਜੀ ਦੀ ਜ਼ਿੰਦਗੀ ਇਕ ਲੰਬੇ ਤੇ ਕਠੋਰ ਸੰਘਰਸ਼ ਦੀ ਮੁਹਤਾਜ਼ ਰਹੀ ਐ, ਆਪ ਨੇ ਵਿਧਵਾ ਔਰਤਾਂ ਦੇ ਹੱਕ ਵਿਚ ਕਾਫੀ ਆਵਾਜ਼ ਉਠਾਈ ਐ, ਆਪ ਜੀ ਨੂੰ ਵਿਧਵਾ ਹੋਣ ਨਾਤੇ ਕੀ ਮੁ਼ਸ਼ਕਿਲਾਂ ਸਹਿਣ ਕਰਨੀਆਂ ਪਈਆਂ?" ਕੇਸੋ ਨੇ ਉਸ ਪੱਤਰਕਾਰ ਦੀਆਂ ਅੱਖਾਂ 'ਚ ਅੱਖਾਂ ਪਾਂਦਿਆਂ ਆਖਿਆ-
ਖਸਮਾਂ ਬਾਝੋਂ ਰੰਡੀਆਂ,
ਪ੍ਰੀਤ ਵਿਹੂਣੀਆਂ,
ਰੋਵਣ ਸਿਰੋਂ ਨੰਗੀਆਂ,
ਇੱਜ਼ਤੋਂ ਖੂਣੀਆਂ।

ਇਹ ਪੰਕਤੀਆਂ ਉਚਾਰਨ ਤੋਂ ਬਾਅਦ ਕੇਸੋ ਦੀਆਂ ਅੱਖਾਂ ਵਿਚੋਂ ਦਰਿਆ ਵਹਿ ਤੁਰਿਆ ਤੇ ਸਾਰੇ ਪੱਤਰਕਾਰਾਂ ਨੇ ਆਪਣੇ-ਆਪਣੇ ਮੈਕ ਹੇਠਾਂ ਕਰ ਲਏ।ਹੁਣ ਸਾਰਿਆਂ ਨੂੰ ਆਪਣੇ-ਆਪਣੇ ਸਵਾਲਾਂ ਦੇ ਜਵਾਬ ਮਿਲ ਗਏ ਸਨ।

Comments

Name (required)

Leave a comment... (required)

Security Code (required)ਕਹਾਣੀ-ਨਾਵਲ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ