Thu, 19 September 2019
Your Visitor Number :-   1808102
SuhisaverSuhisaver Suhisaver
ਗਣਪਤੀ ਵਿਸਰਜਨ ਦੌਰਾਨ ਵੱਖ-ਵੱਖ ਥਾਵਾਂ 'ਤੇ ਡੁੱਬਣ ਨਾਲ 33 ਮੌਤਾਂ               ਚਿਦੰਬਰਮ ਦੀ ਆਤਮ-ਸਮਰਪਣ ਦੀ ਪਟੀਸ਼ਨ ਖ਼ਾਰਜ              

ਹਰਿਆਣਾ 'ਚ ਭਾਜਪਾ ਦੀ ਪਹਿਲੀ ਸਰਕਾਰ ਸਥਾਪਤ, ਖੱਟਰ ਬਣੇ ਰਾਜ ਦੇ 10ਵੇਂ ਮੁੱਖ ਮੰਤਰੀ

Posted on:- 26-10-2014

suhisaver

ਸਹੁੰ ਚੁੱਕ ਸਮਾਗਮ 'ਚ ਪ੍ਰਧਾਨ ਮੰਤਰੀ ਸਮੇਤ ਭਾਜਪਾ ਦੀ ਸਮੁੱਚੀ ਲੀਡਰਸ਼ਿਪ ਨੇ ਲਵਾਈ ਹਾਜ਼ਰੀ
ਪੰਚਕੂਲਾ :
ਹਰਿਆਣਾ ਵਿੱਚ ਅੱਜ ਭਾਰਤੀ ਜਨਤਾ ਪਾਰਟੀ ਦੀ ਪਹਿਲੀ ਸਰਕਾਰ ਸਥਾਪਤ ਹੋ ਗਈ ਹੈ। ਮਨੋਹਰ ਲਾਲ ਖੱਟਰ ਨੇ ਸੂਬੇ ਦੇ 10ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਹਰਿਆਣਾ ਦੇ ਰਾਜਪਾਲ ਪ੍ਰੋ. ਕਪਤਾਨ ਸਿੰਘ ਸੋਲੰਕੀ ਨੇ ਅੱਜ ਇੱਥੇ ਇੱਕ ਸਮਾਰੋਹ ਦੌਰਾਨ ਮਨੋਹਰ ਲਾਲ ਖੱਟਰ ਨੂੰ  ਹਰਿਆਣਾ ਦੇ ਮੁੱਖ ਮੰਤਰੀ ਵਜੋਂ ਅਹੁਦੇ ਤੇ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ।

ਪੰਚਕੂਲਾ ਦੇ ਸੈਕਟਰ-5 ਸਥਿਤ ਮੇਲਾ ਗਰਾਊਂਡ ਵਿੱਚ ਹੋਏ ਸਹੁੰ ਚੁੱਕ ਸਮਾਰੋਹ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਭਾਜਪਾ ਦੀ ਸਮੁੱਚੀ ਲੀਡਰਸ਼ਿਪ ਦੀ ਹਾਜ਼ਰੀ ਵਿੱਚ ਮਨੋਹਰ ਲਾਲ ਖੱਟਰ ਸਮੇਤ 6 ਕੈਬਨਿਟ ਤੇ 3 ਰਾਜ ਮੰਤਰੀਆਂ ਨੂੰ ਸਹੁੰ ਚੁਕਾਈ ਗਈ। ਜਿਨ੍ਹਾਂ ਨੂੰ ਕੈਬਨਿਟ ਮੰਤਰੀਆਂ ਵਜੋਂ ਸਹੁੰ ਚੁਕਾਈ ਗਈ, ਉਨ੍ਹਾਂ ਵਿੱਚ ਰਾਮ ਬਿਲਾਸ ਸ਼ਰਮਾ, ਕੈਪਟਨ ਅਭਿਮਨਯੂ, ਓਮ ਪ੍ਰਕਾਸ਼ ਧਨਖੜ, ਅਨਿਲ ਵਿਜ, ਰਾਓ ਨਰਵੀਰ ਸਿੰਘ ਤੇ ਸ੍ਰੀਮਤੀ ਕਵਿਤਾ ਜੈਨ, ਜਦੋਂ ਕਿ ਵਿਕਰਮ ਸਿੰਘ ਠੇਕੇਦਾਰ, ਕ੍ਰਿਸ਼ਨ ਕੁਮਾਰ ਬੇਦੀ ਤੇ ਕਰਨ ਦੇਵ ਕੰਬੋਜ ਨੂੰ ਰਾਜ ਮੰਤਰੀ (ਆਜ਼ਾਦ ਚਾਰਜ) ਵਜੋਂ ਸਹੁੰ ਚੁਕਾਈ ਗਈ। ਸਮਾਰੋਹ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਭਾਜਪਾ ਪ੍ਰਧਾਨ ਅਮਿਤ ਸ਼ਾਹ, ਹਰਿਆਣਾ ਦੇ ਇੰਚਾਰਜ ਕੈਲਾਸ਼ ਵਿਜੈਵਰਗੀਆ, ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ, ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ, ਸ਼ਹਿਰੀ ਵਿਕਾਸ ਮੰਤਰੀ ਵੈਂਕਈਆ ਨਾਇਡੂ, ਕੇਂਦਰੀ ਮੰਤਰੀ ਰਾਧਾ ਮੋਹਨ, ਕੇਂਦਰੀ ਰਸਾਇਣ ਤੇ ਖਾਦ ਮੰਤਰੀ ਅਨੰਦ ਕੁਮਾਰ, ਸਿਹਤ ਤੇ ਪਰਿਵਾਰ ਕਲਿਆਣ ਮੰਤਰੀ ਡਾ. ਹਰਸ਼ਵਰਧਨ, ਖਪਤਕਾਰ ਮਾਮਲੇ, ਖੁਰਾਕ ਤੇ ਜਨਤਕ ਵੰਡ ਮੰਤਰੀ ਰਾਮ ਵਿਲਾਸ ਪਾਸਵਾਨ, ਕੇਂਦਰੀ ਮੰਤਰੀ ਮੇਨਕਾ ਗਾਂਧੀ, ਸੜਕ, ਟਰਾਂਸਪੋਰਟ ਤੇ ਜਹਾਜ਼ਰਾਣੀ ਰਾਜ ਮੰਤਰੀ ਕ੍ਰਿਸ਼ਨ ਪਾਲ ਗੁੱਜਰ, ਰੱਖਿਆ ਰਾਜ ਮੰਤਰੀ ਰਾਓ ਇੰਦਰਜੀਤ ਸਿੰਘ, ਪੂਰਵਰਤਰ ਮਾਮਲਿਆਂ ਦੇ ਮੰਤਰੀ ਜਰਨਲ (ਸੇਵਾਮੁਕਤ) ਵੀਕੇ ਸਿੰਘ, ਖੇਤੀਬਾੜੀ ਰਾਜ ਮੰਤਰੀ ਸੰਜੀਵ ਬਾਲਯਾਣਾ ਸ਼ਾਮਲ ਹੋਏ। ਇਸ ਸਮਾਰੋਹ ਵਿਚ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸ਼ਿਵ ਰਾਜ ਪਾਟਿਲ, ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਸਿੰਧਿਆ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵ ਰਾਜ ਚੌਹਾਨ, ਛੱਤੀਸਗੜ੍ਹ ਦੇ ਮੁੱਖ ਮੰਤਰੀ ਡਾ.ਰਮਨ ਸਿੰਘ, ਗੁਜਰਾਤ ਦੀ ਮੁੱਖ ਮੰਤਰੀ ਆਨੰਦੀ ਬੇਨ ਪਟੇਲ, ਗੋਆ ਦੇ ਮੁੱਖ ਮੰਤਰੀ ਮਨੋਹਰ ਪਾਰਿਕਰ, ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਪ੍ਰੋ. ਪ੍ਰੇਮ ਕੁਮਾਰ ਧੂਮਲ, ਬਿਹਾਰ ਦੇ ਸਾਬਕਾ ਉਪ-ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ, ਸਾਂਸਦ ਅਨੁਰਾਗ ਠਾਕੁਰ, ਧਰਮਵੀਰ ਸਿੰਘ, ਰਾਜ ਕੁਮਾਰ ਸੈਣੀ, ਰਮੇਸ਼ ਕੌਸ਼ਿਕ, ਰਤਨ ਲਾਲ ਕਟਾਰਿਆ ਤੋਂ ਇਲਾਵਾ ਭਾਜਪਾ ਦੇ ਸਾਰੇ ਵਿਧਾਇਕ ਤੇ ਭਾਜਪਾ ਸ਼ਾਸਿਤ ਰਾਜਾਂ ਦੇ ਮੰਤਰੀ, ਸਾਬਕਾ ਐਮਪੀ ਨਵਜੋਤ ਸਿੰਘ ਸਿੱਧੂ, ਚੌਧਰੀ ਬੀਰੇਂਦਰ ਸਿੰਘ, ਇਨੈਲੋ ਵਿਧਾਇਕ ਦਲ ਦੇ ਨੇਤਾ ਅਭੈ ਸਿੰਘ ਚੌਟਾਲਾ, ਮੁੱਖ ਸਕੱਤਰ ਸ਼ਕੁੰਤਲਾ ਜਾਖੂ, ਤੇ ਰਾਜ ਸਰਕਾਰ ਦੇ ਹੋਰ ਸੀਨੀਅਰ ਅਧਿਕਾਰੀ  ਹਾਜ਼ਰ ਸਨ।
ਇਸ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਅੱਖਾਂ ਤਾਂ ਮਿਲਾਇਆ, ਪ੍ਰੰਤੂ ਸਲਾਮ ਨਾ ਕੀਤੀ। ਇਸ ਸਮਾਰੋਹ ਦੌਰਾਨ ਕਿਸੇ ਵੀ ਆਗੂ ਨੇ ਭਾਸ਼ਣ ਨਹੀਂ ਦਿੱਤਾ, ਸਿਰਫ਼ ਮੁੱਖ ਮੰਤਰੀ ਤੇ ਮੰਤਰੀਆਂ ਨੂੰ ਅਹੁਦੇ ਦੀ ਸਹੁੰ ਚੁਕਾਈ ਗਈ।
ਪੱਤਰਕਾਰਾਂ ਦੇ ਬੈਠਣ ਦੇ ਪ੍ਰਬੰਧਾਂ ਵਿੱਚ ਕਾਫ਼ੀ ਬੇਨੇਮੀਆਂ ਦੇਖੀਆਂ ਗਈਆਂ। ਭਾਵੇਂ ਪੱਤਰਕਾਰਾਂ ਦੇ ਪਾਸ ਵੇਖੇ ਗਏ ਅਤੇ ਉਨ੍ਹਾਂ ਦੇ ਪਛਾਣ ਪੱਤਰ ਵੇਖ ਕੇ ਮੀਡੀਆ ਵਿੰਗ ਵਿੱਚ ਜਾਣ ਦਿੱਤਾ, ਪਰ ਉਥੇ ਪੱਤਰਕਾਰਾਂ ਦੀਆਂ ਕੁਰਸੀਆਂ 'ਤੇ ਪਹਿਲਾਂ ਹੀ ਭਾਜਪਾ ਦੇ ਸਿਆਸੀ ਆਗੂ ਵੱਡੀ ਗਿਣਤੀ ਵਿੱਚ ਬੈਠੇ ਸਨ, ਜਿਸ ਕਾਰਨ ਮੀਡੀਆ ਕਰਮੀਆਂ ਨੂੰ ਕਵਰੇਜ ਕਰਨ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਮੰਤਰੀਆਂ ਦੀ ਟੀਮ ਦੇ ਆਉਣ ਤੋਂ ਬਾਅਦ ਲੋਕਾਂ ਨੇ ਪੁਲਿਸ ਨੂੰ ਇਹ ਕਹਿ ਕੇ ਵਾਪਸ ਭੇਜ ਦਿੱਤਾ ਕਿ ਹੁਣ ਐਂਟਰੀ ਬੰਦ ਕਰ ਦਿੱਤੀ ਗਈ ਹੈ। ਇਸ ਤਰ੍ਹਾਂ ਮਿਲੀਆਂ ਰਿਪੋਰਟਾਂ ਮੁਤਾਬਕ ਹਜ਼ਾਰਾਂ ਲੋਕ ਵਾਪਸ ਹੋ ਗਏ।
ਹਰਿਆਣਾ ਦੇ ਨਵੇਂ ਮੁੱਖ ਮੰਤਰੀ ਮਨੋਹਰ ਲਾਲ ਖਟੱਰ ਨੇ ਅੱਜ ਨੁਮਾਇੰਦਿਆਂ ਤੇ ਨੌਕਰਸ਼ਾਹਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸਾਰੇ ਕੰਮਾਂ ਦਾ ਆਖਰੀ ਟੀਚਾ ਲੋਕ ਹਿੱਤ ਹੀ ਹੋਣਾ ਚਾਹੀਦਾ ਹੈ। ਸਰਕਾਰ ਚਲਾਉਣਾ ਸਿਰਫ ਰਾਜਨੀਤਿਕ ਲੋਕਾਂ ਦਾ ਕੰਮ ਨਹੀਂ ਹੈ, ਸਗੋਂ ਨੌਕਰਸ਼ਾਹੀ ਦੀ ਹਿੱਸੇਦਾਰੀ ਵੀ ਉਨ੍ਹੀ ਹੀ ਹੈ । ਸਾਰੇ ਅਧਿਕਾਰੀ ਚਾਹੇ ਉਹ ਆਈਪੀਐਸ ਜਾਂ ਆਈਏਐਸ ਹੋਣ, ਸਭ ਨੂੰ ਮਿਲ-ਜੁਲ ਕੇ ਲੋਕਾਂ ਦੇ ਹਿੱਤਾਂ ਲਈ ਕੰਮ ਕਰਨਾ ਚਾਹੀਦਾ ਹੈ । ਸ੍ਰੀ ਖਟੱਰ ਅੱਜ ਰਾਜ ਦੇ ਨਵੇਂ ਮੁੱਖ ਮੰਤਰੀ ਅਹੁਦੀ ਦੀ ਸਹੁੰ ਲੈਣ ਤੋਂ ਬਾਅਦ ਹਰਿਆਣਾ ਸਿਵਲ ਸਕੱਤਰੇਤ ਵਿਚ ਰਾਜ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਨਾਲ ਆਯੋਜਿਤ ਰਸਮੀ ਮੀਟਿੰਗ ਨੂੰ ਸੰਬੋਧਿਤ ਕਰ ਰਹੇ ਸਨ। ਬੈਠਕ ਵਿਚ ਹਰਿਆਣਾ ਮੰਤਰੀ ਮੰਡਲ ਦੇ ਸਾਰੇ ਨਵੇਂ 9 ਮੰਤਰੀ ਵੀ ਹਾਜ਼ਿਰ ਸਨ।
ਮੁੱਖ ਮੰਤਰੀ ਸ੍ਰੀ ਖੱਟਰ ਨੇ ਹਾਲ ਹੀ ਦੇ ਵਿਧਾਨ ਸਭਾ ਚੋਣਾਂ ਦਾ ਸਫਲਤਾ ਨਾਲ ਕਰਾਉਣ ਲਈ ਅਧਿਕਾਰੀਆਂ ਦੀ ਸ਼ਲਾਘਾ ਕੀਤੀ । ਉਨ੍ਹਾਂ ਨੇ ਆਸ਼ ਪ੍ਰਗਟਾਈ ਕਿ ਆਉਣ ਵਾਲੇ ਸਮੇਂ ਵਿਚ ਸਾਰੇ ਅਧਿਕਾਰੀ ਸਰਕਾਰ ਦੇ ਨਾਲ ਮਿਲ ਕੇ ਚੰਗਾ ਕੰਮ ਕਰਨਗੇ ।        
ਮੀਟਿੰਗ ਵਿਚ ਮੁੱਖ ਸਕੱਤਰ ਸ੍ਰੀਮਤੀ ਸ਼ਕੁੰਤਲਾ ਜਾਖੂ ਨੇ ਰਾਜ ਸਰਕਾਰ ਦੇ ਅਧਿਕਾਰੀਆਂ ਵੱਲੋਂ ਮੁੱਖ ਮੰਤਰੀ ਸਮੇਤ ਸਾਰੇ ਨਵੇਂ ਮੰਤਰੀਆਂ ਦਾ ਸੁਆਗਤ ਕੀਤਾ । ਉਨ੍ਹਾਂ ਕਿਹਾ ਕਿ ਅਧਿਕਾਰੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਮਿਨੀਮਨ ਗੋਰਮੈਂਟ-ਮੈਕਸਿਮਮ ਗਰਵਨੈਂਸ 'ਤੇ ਕੰਮ ਕਰਨ ਨੂੰ ਪਹਿਲ ਦੇਣਗੇ । ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਨਵੀਂਆਂ ਯੋਜਨਾਵਾਂ ਨੂੰ ਲੋਕਾਂ ਤਕ ਪਹੁੰਚਾਉਣਾ ਅਧਿਕਾਰੀਆਂ ਲਈ ਚੁਣੌਤੀ ਹੁੰਦੀ ਹੈ । ਅਧਿਕਾਰੀਆਂ ਨੂੰ ਇਸ ਨੂੰ ਆਪਣਾ ਰੈਗੂਲਰ ਕੰਮ ਨਾ ਮੰਨ ਕੇ ਆਪਣੇ ਏਜੰਡੇ ਵਿਚ ਸ਼ਾਮਿਲ ਕਰਨਾ ਚਾਹੀਦਾ ਹੈ । ਉਨ੍ਹਾਂ ਨੇ ਮੁੱਖ ਮੰਤਰੀ ਨੂੰ ਭਰੋਸਾ ਦਿੱਤਾ ਕਿ ਸਾਰੇ ਅਧਿਕਾਰੀ ਨਵੀਂ ਸਰਕਾਰ ਦੇ ਨਾਲ ਮਿਲ ਕੇ ਕੰਮ ਕਰਨਗੇ । ਬੈਠਕ ਵਿਚ 75 ਤੋਂ ਵੱਧ ਪ੍ਰਸ਼ਾਸਨਿਕ ਸਕੱਤਰਾਂ ਤੇ ਵਿਭਾਗ ਮੁੱਖੀਆਂ ਅਤੇ ਪੁਲਿਸ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਮੁੱਖ ਮੰਤਰੀ ਸ੍ਰੀ ਖੱਟਰ ਨੂੰ ਉਨ੍ਹਾਂ ਦੇ ਅਧੀਨ ਵਿਭਾਗਾਂ ਦੀ ਜਾਣਕਾਰੀ ਦਿੱਤੀ ।

Comments

Security Code (required)Can't read the image? click here to refresh.

Name (required)

Leave a comment... (required)

ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ