Tue, 16 April 2024
Your Visitor Number :-   6976985
SuhisaverSuhisaver Suhisaver

ਫ਼ਰੋਗ ਫ਼ਰੂਖ਼ਜ਼ਾਦ : ਹਯਾਤੀ ਅਤੇ ਫ਼ਨ - ਡਾ. ਪਰਮਜੀਤ ਸਿੰਘ ਢੀਂਗਰਾ

Posted on:- 18-07-2013

ਜਿਨ੍ਹਾਂ ਦੇ ਹੱਥਾਂ ਦੀਆਂ ਲਕੀਰਾਂ ਵਿੱਚ ਧੁਰੋਂ ਹੀ ਸ਼ਬਦ ਚਿਣੇ ਹੋਣ ਉਹ ਇਸ ਧਰਤ ’ਤੇ ਜਨਮ ਲੈਂਦਿਆਂ ਹੀ ਸ਼ਬਦਾਂ ਦੇ ਦੀਵੇ ਬਾਲ਼ ਲੈਂਦੇ ਹਨ। ਉਨ੍ਹਾਂ ਲਈ ਮਨੁੱਖ ਦੀ ਹਸਤੀ ਅਲੋਕਾਰ ਸ਼ਕਤੀ ਹੁੰਦੀ ਹੈ। ਉਹ ਮਿ੍ਰਗ ਤ੍ਰਿਸ਼ਨਾ ਵਿੱਚ ਪਾਣੀ ਨਹੀਂ ਸਗੋਂ ਨੀਰ ਡੁੱਬੇ ਸ਼ਬਦਾਂ ਦੀ ਤਲਾਸ਼ ਵਿੱਚ ਸਦਾ ਭਟਕਦੇ ਰਹਿੰਦੇ ਹਨ। ਉਨ੍ਹਾਂ ਲਈ ਕਵਿਤਾ ਕੋਈ ਫੈਸ਼ਨ ਜਾਂ ਮਨਪ੍ਰਚਾਵਾ ਨਹੀਂ ਹੁੰਦਾ, ਸਗੋਂ ਜ਼ਿੰਦਗੀ ਦੇ ਸਾਗਰਾਂ ਕੰਢੇ ਟਕਰਾਉਂਦੀਆਂ ਲਹਿਰਾਂ ਵਿੱਚੋਂ ਅਨੁਭਵ ਦੇ ਉਹ ਮੋਤੀ ਚੁਣਨੇ ਹੁੰਦੇ ਹਨ, ਜੋ ਜ਼ਿੰਦਗੀ ਦੇ ਰਾਜ਼ ਖੋਲ੍ਹ ਸਕਣ, ਜੋ ਮਨੁੱਖ ਦੀ ਕਾਇਆ ਅੰਦਰ ਉਹਦੀ ਹਸਤੀ ਨੂੰ ਹੁਲਾਰਾ ਦੇ ਸਕਣ ਤੇ ਸ਼ਬਦਾਂ ਦੇ ਮਾਣਕ ਮੋਤੀ ਬਣ ਸਕਣ।



ਅਜਿਹੀਆਂ ਹੀ ਪੈੜਾਂ ’ਤੇ ਤੁਰਨ ਵਾਲ਼ੀ ਇਰਾਨੀ ਸ਼ਾਇਰਾ ਸੀ ਫ਼ਰੋਗ ਫ਼ਰੂਖ਼ਜ਼ਾਦ, ਜੋ ਜੋਬਨ ਰੁੱਤੇ ਇੱਕ ਭਿਆਨਕ ਹਾਦਸੇ ਵਿੱਚ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਈ।

ਘਰੋਗ ਫਰੂਖ਼ਜ਼ਾਦ ਇਰਾਨ ਦੀ ਪਹਿਲੀ ਅਜਿਹੀ ਔਰਤ ਸੀ, ਜਿਸ ਨੇ ਔਰਤ ਦੀ ਪਰੰਪਰਕ ਇਸਲਾਮਿਕ ਛਵੀ ਨੂੰ ਨਕਾਰਿਆ ਤੇ ਉਹਦੇ ’ਤੇ ਪ੍ਰਸ਼ਨ ਚਿੰਨ੍ਹ ਲਾ ਦਿੱਤਾ ਕਿ ਔਰਤ ਆਜ਼ਾਦ ਕਿਉਂ ਨਹੀਂ? ਕਿਉਂ ਉਸਨੂੰ ਪਰਦੇ ਦੇ ਫ਼ਰੇਮ ਵਿੱਚ ਮੜ੍ਹ ਕੇ ਉਹਦੀ ਹਸਤੀ ਨੂੰ ਬੌਣਾ ਕਰ ਦਿੱਤਾ ਗਿਆ ਹੈ? ਇਸਲਾਮੀ ਦੇਸ਼ਾਂ ਵਿੱਚ ਔਰਤ ਦੀ ਆਜ਼ਾਦ ਹਸਤੀ ਦਾ ਮਸਲਾ ਬੜੇ ਵਾਦ-ਵਿਵਾਦ ਦਾ ਵਿਸ਼ਾ ਰਿਹਾ ਹੈ ਕਿਉਂਕਿ ਉੱਥੇ ਪਰੰਪਰਕ ਰੂੜੀਆਂ ਅਨੁਸਾਰ ਹੀ ਔਰਤਾਂ ਨੂੰ ਵਿਚਰਨ ਤੇ ਜੀਣ-ਥੀਣ ਲਈ ਮਜਬੂਰ ਕੀਤਾ ਜਾਂਦਾ ਹੈ। ਇਨ੍ਹਾਂ ਦੇਸ਼ਾਂ ਵਿੱਚ ਦਰਮ ਦੇ ਮਲਬੇ ਨੇ ਔਰਤ ਨੂੰ ਏਨਾ ਦਬਾਈ ਰੱਖਿਆ ਹੈ ਕਿ ਵਿਗਿਆਨ ਅਤੇ ਤਕਨਾਲੌਜੀ ਦੇ ਦੌਰ ਵਿੱਚ ਵੀ ਉਹ ਅਜੇ ਤੱਕ ਮੁਕੰਮਲ ਰੂਪ ਵਿੱਚ ਪੁਰਸ਼ ਦੀ ਬਰਾਬਰੀ ਦਾ ਰੁਤਬਾ ਹਾਸਲ ਨਹੀਂ ਕਰ ਸਕੀ। ਇਸੇ ਕਰਕੇ ਫ਼ਰੋਗ ਨੇ ਸਾਹਿਤ ਤੇ ਸੱਭਿਆਚਾਰ ਦੇ ਉਨ੍ਹਾਂ ਬੋਦੇ ਅਸੂਲਾਂ ਨੂੰ ਵੀ ਵੰਗਾਰਿਆ ਤੇ ਨਾਲ਼ ਹੀ ਔਰਤ ਦੀ ਨਿੱਜੀ ਆਜ਼ਾਦੀ ਦਾ ਝੰਡਾ ਵੀ ਬੁਲੰਦ ਕੀਤਾ। ਇਸੇ ਕਰਕੇ ਉਸ ਨੂੰ ਆਧੁਨਿਕ ਫਾਰਸੀ ਕਵਿਤਾ ਵਿੱਚ ਨਾਰੀਵਾਦ ਦੇ ਉਗਦੇ ਸੂਰਜ ਨਾਲ਼ ਤੁਲਨਾਇਆ ਜਾਂਦਾ ਹੈ।

ਉਹਦਾ ਜਨਮ 1935 ਵਿੱਚ ਤਹਿਰਾਨ ਦੇ ਇੱਕ ਪਰੰਪਰਾਵਾਦੀ ਰੱਜੇ-ਪੁੱਜੇ ਪਰਿਵਾਰ ਵਿੱਚ ਹੋਇਆ। ਉਹਦੇ ਪਿਤਾ ਦਾ ਨਾਂ ਮੁਹੰਮਦ ਬਾਗ੍ਹੇਰ ਸੀ, ਜੋ ਫ਼ੌਜ ਵਿੱਚ ਕਰਨਲ ਸੀ। ਉਹਦੀ ਮਾਂ ਦਾ ਨਾਂ ਤੌਰਨ ਵਾਜ਼ੀਰੀ ਤਾਬਾਰ ਸੀ। ਉਹ ਆਪਣੇ ਸੱਤ-ਭੈਣਾਂ ਭਰਾਵਾਂ ਅਮੀਰ ਮਸੂਦ, ਮਿਹਰਦਾਦ, ਫਰੀਦੂਨ, ਫ਼ਰੂਖ਼ਜ਼ਾਦ, ਪੁਰਾਨ ਫ਼ਰੂਖ਼ਜ਼ਾਦ, ਗਲੈਰੀਆ ਵਿੱਚੋਂ ਤੀਸਰੇ ਨੰਬਰ ’ਤੇ ਸੀ। ਉਸਨੇ ਨੌਵੀਂ ਤੱਕ ਸਿੱਖਿਆ ਸਥਾਨਕ ਸਕੂਲ ’ਚੋਂ ਲਈ। ਮੁੱਢਲੇ ਸਾਲਾਂ ਵਿੱਚ ਹੀ ਉਹ ਸ਼ਬਦਾਂ ਦੀਆਂ ਪੈੜਾਂ ਨੱਪਣ ਲੱਗ ਪਈ ਸੀ ਤੇ ਇਸੇ ਸਮੇਂ ਦੌਰਾਨ ਉਸਨੇ ਬਹੁਤ ਸਾਰਾ ਫ਼ਾਰਸੀ ਤੇ ਅੰਗ੍ਰੇਜ਼ੀ ਸਾਹਿਤ ਪੜ੍ਹਿਆ। ਹਾਈ ਸਕੂਲ ਤੱਕ ਪਹੁੰਚਦਿਆਂ ਉਹ ਸ਼ੇਅਰੋ ਸ਼ਾਇਰੀ ਕਰਨ ਲੱਗੀ। ਇਸ ਤੋਂ ਬਾਅਦ ਏਸ਼ੀਆ ਦੀ ਪਰੰਪਰਾ ਅਨੁਸਾਰ ਉਸ ਨੂੰ ਡਰਾਇੰਗ ਅਤੇ ਸੀਣ-ਪਰੌਣ ਦੇ ਇੱਕ ਸਕੂਲ ਵਿੱਚ ਦਾਖ਼ਲ ਕਰ ਦਿੱਤਾ ਗਿਆ।

ਇਸ ਸਿਖਲਾਈ ਤੋਂ ਬਾਅਦ 16 ਵਰ੍ਹਿਆਂ ਦੀ ਉਮਰ ਵਿੱਚ ਉਹਨੇ ਪਰਿਵਾਰ ਦੀ ਅਸਹਿਮਤੀ ਦੇ ਬਾਵਜੂਦ ਆਪਣੀ ਉਮਰ ਨਾਲ਼ੋਂ 15 ਵਰ੍ਹੇ ਵੱਡੇ ਦੂਰ ਦੇ ਇੱਕ ਰਿਸ਼ਤੇਦਾਰ ਪਰਵੇਜ਼ ਸ਼ਾਪਰ ਨਾਲ਼ ਨਿਕਾਹ ਕਰ ਲਿਆ। ਇੱਥੋਂ ਹੀ ਸ਼ੁਰੂ ਹੁੰਦਾ ਹੈ- ਉਸ ਦਾ ਨਾਰੀਵਾਦੀ ਸਫ਼ਰ ਜਿਸ ਵਿੱਚ ਉਸ ਨੇ ਨਿੱਜੀ ਆਜ਼ਾਦੀ ਤੇ ਨਿੱਜੀ ਪਸੰਦ ਲਈ ਘਰ-ਪਰਿਵਾਰ ਸਭ ਕੁਝ ਤਿਆਗਣ ਦਾ ਫ਼ੈਸਲਾ ਕਰ ਲਿਆ ਤੇ ਇਸ ਖ਼ਾਹਿਸ਼ ਦੀ ਪੂਰਤੀ ਲਈ ਜ਼ਿੰਦਗੀ ਵਿੱਚ ਜੱਦੋ-ਜਹਿਦ ਵਿੱਚ ਉਸ ਨੂੰ ਛੇਆਂ ਭੈਣਾਂ-ਭਰਾਵਾਂ ਵਿੱਚੋਂ ਕੇਵਲ ਦੋਹਾਂ ਦਾ ਹੀ ਸਹਾਰਾ ਮਿਲ਼ਿਆ, ਜਦੋਂ ਕਿ ਬਾਕੀ ਸਾਰੇ ਕਿਨਾਰਾ ਕਰ ਗਏ। ਉਸ ਤੋਂ ਇੱਕ ਸਾਲ ਛੋਟੀ ਭੈਣ ਪੁਰਾਨ ਅਤੇ ਤਿੰਨ ਸਾਲ ਛੋਟੇ ਭਰਾ ਫਰੀਦੂਨ ਨੇ ਮੁਸ਼ਕਿਲ ਦੇ ਦਿਨਾਂ ਵਿੱਚ ਉਸ ਨੂੰ ਆਸਰਾ ਦਿੱਤਾ।

ਵਿਆਹ ਤੋਂ ਇੱਕ ਸਾਲ ਬਾਅਦ ਉਸ ਦੇ ਘਰ ਇੱਕ ਪੁੱਤਰ ਪੈਦਾ ਹੋਇਆ ਤੇ ਦੋ-ਢਾਈ ਸਾਲ ਬਾਅਦ ਫਰੋਗ ਤੇ ਪਰਵੇਜ਼ ਦੇ ਰਿਸ਼ਤੇ ਵਿੱਚ ਤਰੇੜ ਉੱਭਰ ਆਈ ਜੋ ਹੌਲ਼ੀ-ਹੌਲ਼ੀ ਖਾਈ ਦਾ ਰੂਪ ਧਾਰਨ ਲੱਗੀ ਜਿਸ ਦਾ ਨਤੀਜਾ ਦੋਹਾਂ ਦੇ ਤਲਾਕ ਦੀ ਸਥਿਤੀ ਵਿੱਚ ਹੋਏ ਸਮਝੌਤੇ ਅਨੁਸਾਰ ਉਸ ਨੂੰ ਆਪਣੇ ਪਿਆਰੇ ਬੇਟੇ ’ਤੇ ਹੱਕ ਛੱਡਣਾ ਪਿਆ। ਇਸ ਜੁਦਾਈ ਅਤੇ ਤੋੜ-ਵਿਛੋੜੇ ਤੋਂ ਬਾਅਦ ਉਹ ਇ ਸੰਸਾਰ ਵਿੱਚ ਇਕੱਲੇ ਰੁੱਖ ਵਾਂਗ ਸੀ, ਜੋ ਆਪਣੀ ਛਾਂ ਵੀ ਖ਼ੁਦ ਸੀ ਤੇ ਮੀਂਹ ਹਨੇਰੀਆਂ, ਝੱਖੜਾਂ ਵਿੱਚ ਉਹ ਆਪਣਾ ਹਮਸਫ਼ਰ ਵੀ ਆਪ ਹੀ ਸੀ। ਉਸ ਨੂੰ ਕਿਸੇ ਵੀ ਤਿਣਕੇ ਦਾ ਕੋਈ ਸਹਾਰਾ ਨਹੀਂ ਸੀ। ਸਹਾਰਾ ਸੀ ਤਾਂ ਸਿਰਫ਼ ਸ਼ਬਾਂ ਦਾ, ਜਿਨ੍ਹਾਂ ਨੂੰ ਉਹ ਕਵਿਤਾਵਾਂ ਵਿੱਚ ਪਰੋ-ਪਰੋ ਕੇ ਜ਼ਿੰਦਗੀ ਦੇ ਰਾਹ ਤਿਆਰ ਕਰ ਰਹੀ ਸੀ ਤਾਂ ਜੋ ਆਜ਼ਾਦ, ਸ਼ਾਨਾਮੱਤੀ ਹਸਤੀ ਬਣ ਕੇ ਜ਼ਿੰਦਗੀ ਦੇ ਸੁੰਨੇ ਰਾਹਾਂ ’ਤੇ ਵਿਚਰ ਸਕੇ।

ਇਨ੍ਹਾਂ ਸੁੰਨੇ ਤੇ ਇਕੱਲਤਾ ਭਰੇ ਦਿਨਾਂ ਵਿੱਚ 1954 ਵਿੱਚ ਉਸਦਾ ਪਹਿਲਾ ਕਾਵਿ-ਸੰਗ੍ਰਹਿ ਅਸੀਰ (ਬੰਦੀਵਾਨ) ਪ੍ਰਕਾਸ਼ਿਤ ਹੋਇਆ। ਇਸ ਦੇ ਛਪਦਿਆਂ ਹੀ ਉਸ ਦੀ ਜ਼ਿੰਦਗੀ ਦੇ ਨਿੱਜੀ ਪਹਿਲੂਆਂ ਨੂੰ ਲੈ ਕੇ ਅਦਬੀ ਮਹਿਫ਼ਲਾਂ ਵਿੱਚ ਭਾਂਤ-ਭਾਂਤ ਦੀਆਂ ਅਫ਼ਵਾਹਾਂ ਦਾ ਬਾਜ਼ਾਰ ਗਰਮ ਹੋ ਗਿਆ। ਇਨ੍ਹਾਂ ਨੂੰ ਮਸਾਲੇ ਲਾ-ਲਾ ਕੇ ਅਦੀਬ ਚਟਖ਼ਾਰੇ ਲੈਣ ਲੱਗੇ। ਉਸ ਦੀ ਸੰਵੇਦਨਾ ਇਸ ਨਾਲ਼ ਬੁਰੀ ਤਰ੍ਹਾਂ ਝੰਬੀ ਗਈ। ਸਿੱਟੇ ਵਜੋਂ ਉਹ ਮਾਨਸਿਕ ਰੋਗਾਂ ਦੀ ਸ਼ਿਕਾਰ ਹੋ ਗਈ। ਇਲਾਜ ਲਈ ਉਹ ਕੁਝ ਅਰਸਾ ਹਸਪਤਾਲ਼ ਵਿੱਚ ਵੀ ਰਹੀ। ਹੌਲ਼ੀ-ਹੌਲ਼ੀ ਅਫ਼ਵਾਹਾਂ ਦਮ ਤੋੜ ਗਈਆਂ ਤੇ ਉਹ ਨਿੱਤਰੇ ਪਾਣੀ ਵਾਂਗ ਸਾਫ਼ ਸਫਾ ਹੋ ਕੇ ਸਿਹਤਯਾਬੀ ਤੋਂ ਬਾਅਦ ਆਪਣੇ ਅਗਲੇਰੇ ਸਰ ਲਈ ਚੱਲ ਪਈ।

1956 ਵਿੱਚ ਉਸਦਾ ਦੂਜਾ ਕਾਵਿ-ਸੰਗ੍ਰਹਿ ‘ਦਿਵਾਰ’ ਪ੍ਰਕਾਸ਼ਿਤ ਹੋਇਆ। ਸਾਹਿਤ ਤੋਂ ਇਲਾਵਾ ਹੁਣ ਉਸ ਦਾ ਝੁਕਾਅ ਪੱਤਰਕਾਰੀ, ਕਲਾ, ਰੰਗਮੰਚ ਅਤੇ ਫਿਲਮਾਂ ਵੱਲ ਹੋ ਗਿਆ। ਇਨ੍ਹਾਂ ਮਾਧਿਅਮਾਂ ਵਿੱਚ ਮੁਹਾਰਤ ਹਾਸਿਲ ਕਰਨ ਲਈ ਉਸ ਨੇ ਯੂਰਪ ਦੀ ਯਾਤਰਾ ਵੀ ਕੀਤੀ। 1958 ਦੇ ਅੰਤ ’ਤੇ ਉਸ ਦਾ ਤੀਜਾ ਕਾਵਿ-ਸੰਗ੍ਰਹਿ ‘ਅਸੀਆਨ’ (ਬਗ਼ਾਵਤ) ਪ੍ਰਕਾਸ਼ਿਤ ਹੋਇਆ। ਇਸ ਦੇ ਛਪਦਿਆਂ ਹੀ ਇਰਾਨ ਦੇ ਮੀਡੀਆ ਅਤੇ ਅਦਬੀ ਹਲਕਿਆਂ ਵਿੱਚ ਇਸ ਦੀ ਚਰਚਾ ਸ਼ੁਰੂ ਹੋ ਗਈ ਤੇ ਇੱਕ ਕਵਿੱਤਰੀ ਦੇ ਤੌਰ ’ਤੇ ਉਸ ਨੂੰ ਬੜਾ ਮਾਣ-ਸਤਿਕਾਰ ਦਿੱਤਾ ਗਿਆ। ਲਗਭਗ ਸਾਰਿਆਂ ਚੋਟੀ ਦੇ ਰਸਾਲਿਆਂ ਨੇ ਆਧੁਨਿਕ ਫ਼ਾਰਸੀ ਕਵਿਤਾ ਵਿੱਚ ਉਸ ਦੇ ਯੋਗਦਾਨ ਨੂੰ ਪਰਖ਼ਦਿਆਂ ਲੇਖ, ਸਮੀਖਿਆਵਾਂ ਅਤੇ ਇੰਟਰਵਿਊ ਛਾਪੀਆਂ। ਇਸ ਸਮੇਂ ਉਸ ਦੀ ਦੋਸਤੀ ਸਾਹਿਤ ਤੇ ਫ਼ਿਲਮਕਾਰੀ ਦੇ ਖ਼ੇਤਰ ਦੀ ਪ੍ਰਸਿੱਧ ਹਸਤੀ ਇਬਰਾਹਿਮ ਗੋਲੇਸਤਾਨ ਨਾਲ਼ ਹੋਈ, ਜੋ ਉਸ ਦੇ ਲਈ ਚਿਰਸਥਾਈ ਹੀ ਸਾਬਤ ਨਹੀਂ ਬੋਈ, ਸਗੋਂ ਉਸ ਦੀ ਪ੍ਰਤਿਭਾ ਦੇ ਅਵਿਕਸਤ ਪੱਖਾਂ ਨੂੰ ਉਭਾਰਨ ਵਿੱਚ ਸਹਾਈ ਹੋਈ।

1964 ਵਿੱਚ ਉਸ ਦਾ ਚੌਥਾ ਅਤੇ ਸਭ ਤੋਂ ਮਹੱਤਵਪੂਰਨ ਕਾਵਿ-ਸੰਗ੍ਰਹਿ ‘ਤਬਲੂਦੇ ਦੀਗਰ’ (ਦੂਸਰਾ ਜਨਮ) ਪ੍ਰਕਾਸ਼ਿਤ ਹੋਇਆ ਤੇ ਨਾਲ਼ ਹੀ ਉਸ ਦੀਆਂ ਚੋਣਵੀਆਂ ਕਵਿਤਾਵਾਂ ਦਾ ਸੰਗ੍ਰਹਿ ‘ਸਿਲੈਕਟਡ ਪੋਇਮਜ਼ ਆਫ਼ ਫ਼ਰੋਗ ਫ਼ਰੂਖ਼ਜ਼ਾਦ’ ਵੀ ਛਪਿਆ। ਉਸ ਦੇ ਇਸ ਕਾਵਿ-ਸੰਗ੍ਰਹਿ ਨੂੰ ਈਰਾਨ ਦੀਆਂ ਸਾਹਿਤਕ ਸਫ਼ਾਂ ਵਿੱਚ ਭਰਵਾਂ ਹੁੰਗਾਰਾ ਮਿਲ਼ਿਆ ਤੇ ਇਸ ਨੂੰ ਫ਼ਾਰਸੀ ਕਵਿਤਾ ਵਿੱਚ ਕਲਾਸੀਕਲ ਕਵਿਤਾ ਦਾ ਦਰਜਾ ਦਿੱਤਾ ਗਿਆ। ਅਸਲ ਵਿੱਚ ਇਬਰਾਹਿਮ ਗੋਲੇਸਤਾਨ ਨੇ ਉਸ ੀ ਜ਼ਿੰਦਗੀ ਨੂੰ ਜੋ ਹੁਲਾਰਾ ਅਤੇ ਉਤਸ਼ਾਹ ਦਿੱਤਾ ਸੀ ਇਹ ਉਸਦਾ ਦੂਜਾ ਜਨਮ ਹੀ ਸੀ, ਜਿਸ ਵਿੱਚ ਉਸ ਦੀ ਕਾਵਿ ਪ੍ਰਤਿਭਾ ਨਿਖ਼ਰ ਕੇ ਹੋਰ ਲਿਸ਼ਕੀ। ਹਾਲਾਂਕਿ ਇਸਦੇ ਬਾਰੇ ਉਸਦੇ ਆਪਣੇ ਵਿਚਾਰ ਵੱਖਰੀ ਤਰ੍ਹਾਂ ਦੇ ਹਨ ਉਹ ਲਿਖਦੀ ਹੈ, ‘ਮੇਰੀ ਉਮਰ 30 ਵਰ੍ਹੇ ਹੈ ਤੇ ਇੱਕ ਔਰਤ ਦੀ ਜ਼ਿੰਦਗੀ ਵਿੱਚ 30 ਵਰ੍ਹਿਆਂ ਦੀ ਉਮਰ ਪਰਪੱਕਤਾ ਦੀ ਉਮਰ ਮੰਨੀ ਜਾਂਦੀ ਹੈ, ਪਰ ਮੇਰੀ ਸ਼ਾਇਰੀ ਦਾ ਵਿਸ਼ੇ-ਵਸਤੂ ਇਸ ਦੇ ਅਨੁਸਾਰ ਨਹੀਂ। ਉਸ ਵਿੱਚ ਕੱਚਾਪਨ ਹੈ। ਮੇਰੀ ਕਿਤਾਬ ‘ਤਬਲੂਦੇ ਦੀਗਰ’ (ਦੂਸਰਾ ਜਨਮ) ਵਿੱਚ ਇਹੀ ਵੱਡੀ ਖ਼ਾਮੀ ਹੈ। ਇੱਕ ਰਚਨਾਕਾਰ ਦੀ ਸਭ ਤੋਂ ਵੱਡੀ ਤਾਕਤ ਉਸ ਦੀ ਪ੍ਰਤਿਭਾ ਤੇ ਜਾਗਰੂਕਤਾ ਹੁੰਦੀ ਹੈ ਤੇ ਮੈਂ ਅਜਿਹੀ ਭਰਾਂਤੀ ਦੀ ਸ਼ਿਕਾਰ ਰਹੀ ਹਾਂ। ਮੇਰੀ ਸੋਚ ਦਾ ਢੰਗ-ਤਰੀਕਾ ਠੋਸ ਸਿਧਾਂਤਾ ’ਤੇ ਆਧਾਰਿਤ ਨਹੀਂ ਰਿਹਾ। ਸਨਕੀਪੁਣਾ ਹੋਣ ਕਰਕੇ ਮੈਂ ਚੀਜ਼ਾਂ ਨੂੰ ਟੁਕੜਿਆਂ ਦੇ ਰੂਪ ਵਿੱਚ ਦੇਖਣ ਦੀ ਆਦੀ ਹੋ ਗਈ ਤੇ ਟੁਕੜਿਆਂ ਵਿੱਚ ਹੀ ਜ਼ਿੰਦਗੀ ਜਿੳੂਂਦੀ ਰਹੀ। ਇਹੀ ਵਜ੍ਹਾ ਹੈ ਕਿ ਠੀਕ-ਠਾਕ ਸਮਝਦਾਰੀ ਮੇਰੇ ਅੰਦਰ ਬਹੁਤ ਦੇਰ ਨਾਲ਼ ਵਿਕਸਿਤ ਹੋਈ।’ ਇੱਕ ਅਰਥ ਵਿੱਚ ਇਹ ਗੱਲ ਸਹੀ ਵੀ ਹੈ। ਸਨਕੀਪੁਣੇ ਵਿੱਚ ਉਹ ਮਾਨਸਿਕ ਵਿਕਾਰਾਂ ਵਿੱਚ ਘਿਰੀ ਰਹੀ ਹੈ ਤੇ ਚੌਥੇ ਕਾਵਿ-ਸੰਗ੍ਰਹਿ ਵਿੱਚ ਦੂਜਾ ਜਨਮ ਪ੍ਰਾਪਤ ਕਰਕੇ ਉਹ ਵਧੇਰੇ ਠੋਸ ਅਤੇ ਸੰਵੇਦਨਸ਼ੀਲ ਹੋ ਗਈ। ਜਿੱਥੇ ਕਵੀਪੁਣੇ ਵਿੱਚ ਉਹ ਵਧੇਰੇ ਗਹਿਰ ਗੰਭੀਰ ਹੋ ਗਈ, ਉੱਥੇ ਫ਼ਿਲਮ ਨਿਰਮਾਣ, ਫ਼ਿਲਮ ਵੇਖਣ, ਰੰਗਮੰਚ ਅਤੇ ਅਭਿੈ ਦੇ ਖੇਤਰ ਵਿੱਚ ਉਸ ਨੇ ਵਧੇਰੇ ੳੂਰਜਾ ਅਤੇ ਆਸਥਾ ਨਾਲ਼ ਖੁਭਦਿਆਂ ਕੰਮ ਕੀਤਾ। 1964 ਤੋਂ 67 ਤੱਕ ਦੇ ਤਿੰਨਾਂ ਵਰ੍ਹਿਆਂ ਵਿੱਚ ਉਸ ਨੇ ਛੇ ਲੰਬੀਆਂ ਯਾਦਗਾਰੀ ਨਜ਼ਮਾਂ ਦੀ ਰਚਨਾ ਕੀਤੀ ਜਿਨ੍ਹਾਂ ਵਿੱਚ ‘ਖਿੜਕੀ’, ‘ਕਿ ਸਿਰਫ਼ ਆਵਾਜ਼ਾਂ ਹੀ ਬਚੀਆਂ ਹਨ’, ‘ਮੈਂ ਪ੍ਰੇਸ਼ਾਨ ਹਾਂ’, ਆਦਿ ‘ਅਰਸ਼’ ਨਾਂ ਦੇ ਰਸਾਲੇ ਦੇ ਵੱਖ-ਵੱਖ ਅੰਕਾਂ ਵਿੱਚ ਛਪੀਆਂ। ਉਸ ਦੀ ਮੌਤ ਤੋਂ ਸੱਤ ਵਰ੍ਹੇ ਬਾਅਦ ਉਸ ਦਾ ਪੰਜਵਾਂ ਤੇ ਅੰਤਿਮ ਕਾਵਿ-ਸੰਗ੍ਰਹਿ ‘ਸਰਦੀ ਦੇ ਮੌਸਮ ਤੇ ਸਾਨੂੰ ਗੌਰ ਕਰਨਾ ਚਾਹੀਦਾ ਹੈ’ ਛਪਿਆ।

ਯੂਰਪ ਦੀ ਯਾਤਰਾ ਦੌਰਾਨ ਉਸ ਨੇ ਪਿਸਾਰੋ (ਇਟਲੀ) ਵਿੱਚ ਹੋਏ ਦੂਸਰੇ ਲੇਖਕ ਫੈਸਟੀਵਲ ਵਿੱਚ ਸ਼ਿਰਕਤ ਕੀਤੀ, ਯੂਰਪ ਵਾਪਸੀ ਤੋਂ ਬਾਅਦ ਫ਼ਰੋਗ਼ ਨੇ ਸਭ ਤੋਂ ਪਹਿਲਾ ਕੰਮ ਇਹ ਕੀਤਾ ਕਿ ਤਹਿਰਾਨ ਵਿੱਚ ਰਹਿੰਦੇ ਆਪਣੇ ਕਵੀਆਂ ਅਤੇ ਲੇਖਕ ਦੋਸਤਾਂ ਨਾਲ਼ ਮਿਲ਼ ਕੇ ‘ਜਵਾਨੇਹ’ ਨਾਂ ਦੀ ਇੱਕ ਪ੍ਰਕਾਸ਼ਨ ਸੰਸਥਾ ਦਾ ਆਰੰਭ ਕੀਤਾ। ਇਸ ਦੀ ਇੱਕ ਯੋਜਨਾ ਤਿਆਰ ਕੀਤੀ ਗਈ ਕਿ ਹਰ ਮਹੀਨੇ ਗੰਭੀਰ ਕਿਸਮ ਦੇ ਸਾਹਿਤ ਦੀਆਂ ਪੰਜ ਪੁਸਤਕਾਂ ਛਾਪੀਆਂ ਜਾਣ। ਇਸੇ ਯੋਜਨਾ ਵਿੱਚ ਹੀ ਉਨ੍ਹਾਂ ਨੇ ‘ਅਜ ਨੀਮਾ ਤਾ ਬਾਦ’ ਨਾਂ ਹੇਠ ਆਧੁਨਿਕ ਫ਼ਾਰਸੀ ਕਵਿਤਾ ਦਾ ਇੱਕ ਸੰਗ੍ਰਹਿ ਛਾਪਿਆ, ਜਿਸ ਵਿੱਚ ਨੀਮਾ, ਸ਼ਾਮਲੂ, ਅਖਵਾਨੇ ਸਾਲੇਸ, ਨਾਦੇਰਪੋਦ, ਸਿਪਹਰੀ, ਪਰੋਗਤ ਅਤੇ ਛੇ ਹੋਰ ਕਵੀਆਂ ਦੀਆਂ ਕਵਿਤਾਵਾਂ ਸ਼ਾਮਲ ਸਨ ਪਰ ਇਹ ਯੋਜਨਾ 1968 ਵਿੱਚ ਫ਼ਰੋਗ਼ ਦੀ ਮੌਤ ਤੋਂ ਬਾਅਦ ਸਿਰੇ ਚੜ੍ਹੀ। ਇਸ ਦੇ ਨਾਲ਼ ਹੀ ਉਸਨੇ ਸ਼ਾਮਲੂ ਅਤੇ ਯਾਦੇਲਲਾਹ ਰੋ ਯਾਈ ਨਾਲ਼ ਮਿਲ਼ ਕੇ ‘ਹੋਨਰ’ ਨਾਂ ਦਾ ਇੱਕ ਰਸਾਲਾ ਕੱਢਣ ਦੀ ਯੋਜਨਾ ਵੀ ਬਣਾਈ, ਇਸ ਲਈ ਉਸ ਨੇ ਬੜੀ ਤਨਦੇਹੀ ਨਾਲ਼ ਕੰਮ ਕੀਤਾ।

ਫ਼ਿਲਮਕਾਰੀ ਅਤੇ ਅਭਿਨੈ ਦੇ ਖ਼ੇਤਰ ਵਿੱਚ ਉਹ ਅੱਠ ਸਾਲਾਂ ਤੱਕ ਯਤਨਸ਼ੀਲ ਰਹੀ ਤੇ ਉਸ ਨੇ ਕੁਝ ਲਘੂ ਫ਼ਿਲਮਾਂ ਵੀ ਬਣਾਈਆਂ। ਪਰ 1967 ਵਿੱਚ ਉਸ ਦੀ ਸਭ ਤੋਂ ਮਹੱਤਵਪੂਰਨ ਯੋਜਨਾ ਸੀ ਬਰਨਾਰਡ ਸ਼ਾਅ ਦੇ ਨਾਟਕ ‘ਸੇਂਟ ਜਾਨ’ ਦੀ ਫ਼ਾਰਸੀ ਰੰਗਮੰਚ ’ਤੇ ਪੇਸ਼ਕਾਰੀ। ਇਸ ਨਾਟਕ ਲਈ ਉਸ ਨੇ ਬੜੀ ਮਿਹਨਤ ਕੀਤੀ। ਫ਼ਾਰਸੀ ਦਾ ਨਾਟ-ਲੇਖ ਵੀ ਉਸਨੇ ਆਪ ਤਿਆਰ ਕੀਤਾ। ਪਰ ਉਸਦਾ ਇਹ ਸੁਪਨਾ ਸੁਪਨਾ ਹੀ ਰਹਿ ਗਿਆ। 17 ਫ਼ਰਵਰੀ, 1967 ਨੂੰ ਅਭਾਗੇ ਦਿਨ ਜਦੋਂ ਉਹ ਗੋਲੇਸਤਾਨ ਸਟੂਡੀਓ ਵਿੱਚ ਬਣ ਰਹੀ ਫ਼ਿਲਮ ਲਈ ਰੀਲ ਖ਼ਰੀਦ ਕੇ ਲੋਕੇਸ਼ਨ ਸਥਾਨ ਵੱਲ ਪਰਤ ਰਹੀ ਸੀ ਤਾਂ ਇੱਕ ਸਕੂਲ ਬੱਸ ਨਾਲ਼ ਟੱਕਰ ਤੋਂ ਬਚਣ ਲਈ ਉਸ ਦੀ ਜੀਪ ਡਾਵਾਂ ਡੋਲ ਹੋ ਕੇ ਇੱਕ ਵੱਡੀ ਪੱਥਰਾਂ ਦੀ ਕੰਧ ਨਾਲ਼ ਟਕਰਾ ਗਈ। ਜ਼ਖ਼ਮੀ ਹਾਲਤ ਵਿੱਚ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਹ ਜੋਬਨ ਰੁੱਤ ਵਿਸਾਰ ਕੇ ਫੁੱਲ ਜਾਂ ਅੰਬਰਾਂ ਦਾ ਤਾਰਾ ਬਣ ਗਈ।

ਉਸ ਦੀ ਅਚਨਚੇਤੀ ਮੌਤ ਨੇ ਇਰਾਨ ਦੇ ਸਾਹਿਤਕ ਹਲਕਿਆਂ ਵਿੱਚ ਬੜਾ ਸੋਗ ਪੈਦਾ ਕੀਤਾ। ਤਹਿਰਾਨ ਦੇ ਪਿ੍ਰੰਟ ਮੀਡੀਏ ਨੇ ਉਸ ਦੇ ਅਦਬੀ ਸਫ਼ਰ ਦੀ ਮੁਕਤ ਕੰਠ ਨਾਲ਼ ਪ੍ਰਸੰਸਾ ਕੀਤੀ। ਫਿਰਦੋਸ਼ੀ, ਇੰਤੇਕਾਦ-ਏ-ਕੇਤਾਬ, ਅਰਸ਼ ਆਦਿ ਰਸਾਲਿਆਂ ਨੇ ਉਸ ਦੇ ਬਾਰੇ ਵਿਸ਼ੇਸ਼ ਅੰਕ ਕੱਢੇ। ਕਈ ਆਲੋਚਕਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਫ਼ਾਰਸੀ ਕਵਿਤਾ ਵਿੱਚ ਹਾਫ਼ਿਜ਼ ਤੋਂ ਬਾਅਦ ਏਨੀ ਪ੍ਰਤਿਭਾਸ਼ੀਲ ਕਵਿੱਤਰੀ ਸਿਰਫ਼ ਫ਼ਰੋਗ਼ ਹੀ ਹੈ। ਪ੍ਰਸਿੱਧ ਪੇਂਟਰ ਬਹਿਜਤ ਸਦਰ ਨੇ ਕਿਹਾ, ਆਪਣੀ ਸ਼ਾਇਰੀ ਅਤੇ ਜ਼ਿੰਦਗੀ ਦੇ ਜ਼ਰੀਏ ਫ਼ਰੋਗ਼ ਨੇ ਇਰਾਨ ਦੀਆਂ ਔਰਤਾਂ ਨੂੰ ਮਹਾਨ ਪ੍ਰਾਪਤੀਆਂ ਬਖਸ਼ੀਆਂ ਹਨ। ਇਹੀ ਕਾਰਨ ਹੈ ਕਿ ਇਰਾਨ ਵਿੱਚ ਆਈ ਇਸਲਾਮੀ ਕ੍ਰਾਂਤੀ ਤੋਂ ਬਾਅਦ ਲਗਭਗ ਇੱਕ ਦਹਾਕੇ ਤੋਂ ਵੀ ਜ਼ਿਆਦਾ ਉਸ ਦੀਆਂ ਪੁਸਤਕਾਂ ਤੇ ਪਾਬੰਦੀ ਲੱਗੀ ਰਹੀ ਪਰ ਜ਼ਬਤਸ਼ੁਦਾ ਦੌਰ ਵਿੱਚ ਵੀ ਉਸ ਦੀ ਸ਼ਾਇਰੀ ਜਿੳੂਂਦੀ ਰਹੀ ਸਾਹ ਲੈਂਦੀ ਰਹੀ, ਤੇ ਅੱਗ ਉਗਲ਼ਦੀ ਰਹੀ। ਉਹ ਲਿਖਦੀ ਹੈ, ਜੇ ਮੈਂ ਕਵਿਤਾ ਤੇ ਕਲਾ ਨੂੰ ਪਿਆਰਦੀ ਹਾਂ ਤਾਂ ਇਹ ਮੇਰੇ ਲਈ ਕੋਈ ਖੇਡ ਜਾਂ ਸ਼ੌਕ ਨਹੀਂ, ਸਗੋਂ ਇਹ ਮੇਰੇ ਲਈ ਜ਼ਿੰਦਗੀ ਵਾਂਗ ਹੈ, ਜਿਸ ਨੂੰ ਮੈਂ ਆਪਣੇ ਤਰੀਕੇ ਨਾਲ਼ ਜਿੳੂਂਦੀ ਹਾਂ। ਕਵਿਤਾ ਮੇਰੇ ਲਈ ਗਹਿਰ ਗੰਭੀਰ ਵਿਸ਼ਾ ਹੈ। ਇਹ ਇੱਕ ਕਰਮ ਵਾਂਗ ਜ਼ਿੰਮੇਵਾਰੀ ਹੈ। ਮੈਂ ਆਪਣੀ ਕਵਿਤਾ ਦਾ ਓਨਾ ਹੀ ਸਤਿਕਾਰ ਕਰਦੀ ਹਾਂ ਜਿੰਨਾਂ ਕੋਈ ਆਪਣੇ ਧਰਮ ਦਾ ਕਰਦਾ ਹੈ। ਇਹੋ ਜਿਹੇ ਵਿਚਾਰਾਂ ਵਾਲ਼ੀ ਸਦਜੀਵੀ ਕਵਿੱਤਰੀ ਨੂੰ ਸਲਾਮ!

ਸਮੇਂ ਦੇ ਬਦਲਣ ਨਾਲ਼ ਹਰ ਸਮਾਜ ਵਿੱਚ ਤਬਦੀਲੀਆਂ ਵਾਪਰਦੀਆਂ ਹਨ। ਇਨ੍ਹਾਂ ਵਿੱਚ ਜਿੱਥੇ ਪਰੰਪਰਾ ਨਾਲ਼ੋ ਨਾਲ਼ ਚਲਦੀ ਹੈ, ਉੱਥੇ ਤਬਦੀਲੀਆਂ ਦੇ ਪ੍ਰਭਾਵ ਹੇਠ ਨਵੀਆਂ ਪਰੰਪਰਾਵਾਂ ਪਨਪਦੀਆਂ ਹਨ। ਸਾਹਿਤ, ਕਲਾ ਅਤੇ ਸੱਭਿਆਚਾਰ ਦੇ ਖ਼ੇਤਰ ਵਿੱਚ ਇਹ ਪਰੰਪਰਾਵਾਂ ਨਵੇਂ ਮਾਪ ਦੰਡ ਸਿਰਜਦੀਆਂ ਹਨ। ਇਹ ਨਵੀਆਂ ਸੋਚਾਂ ਅਤੇ ਵਿਗਿਆਨਕ ਉੱਨਤੀ ਨਾਲ਼ ਪ੍ਰਨਾਈਆਂ ਹੁੰਦੀਆਂ ਹਨ। ਇਸੇ ਕਰਕੇ ਜਦੋਂ ਕਿਸੇ ਸਮਾਜ, ਸੱਭਿਆਚਾਰ, ਸਾਹਿਤ ਅਤੇ ਕਲਾ ਬਾਰੇ ਜਾਣਨਾ ਹੋਵੇ ਤਾਂ ਉਨ੍ਹਾਂ ਦੀਆਂ ਨਵੀਆਂ ਪੈੜਾਂ ਨੂੰ ਖੋਜਣਾ ਵਧੇਰੇ ਜਾਣਕਾਰੀ ਭਰਪੂਰ ਹੁੰਦਾ ਹੈ।

ਵੀਹਵੀਂ ਸਦੀ ਦੇ ਅਰੰਭਲੇ ਦਹਾਕੇ ਤੋਂ ਲੈ ਕੇ ਪੰਜਵੇਂ ਦਹਾਕੇ ਤੱਕ ਇਰਾਨੀ ਕਵਿੱਤਰੀਆਂ ਦੀ ਕਵਿਤਾ ਨਾਲ਼ ਪੁਰਾਤਨ ਇਰਾਨੀ ਪਰੰਪਰਾ ਢਹਿੰਦੀ ਅਤੇ ਨਵੀਂ ਉਸਰਦੀ ਨਜ਼ਰ ਆਉਂਦੀ ਹੈ। ਇਹ ਨਵੀਂ ਪਰੰਪਰਾ ਨੇ ਪੁਰਾਤਨ ਕੀਮਤਾਂ ਤੋਂ ਪੂਰੀ ਤਰ੍ਹਾਂ ਬਾਗ਼ੀ ਸੁਰ ਵੀ ਨਹੀਂ ਅਪਣਾਈ ਪਰ ਆਪਣੀ ਨਵੀਂ ਪਰੰਪਰਾ ਸਿਰਜ ਕੇ ਪੁਰਾਤਨ ਪਰੰਪਰਾ ਨੂੰ ਬੋਦੀ ਜ਼ਰੂਰ ਕਰ ਦਿੱਤਾ। ਹਾਲਾਂਕਿ ਫ਼ਾਰਸੀ ਕਵਿਤਾ ਦੀ ਬੜੀ ਅਮੀਰ ਪਰੰਪਰਾ ਹੈ ਪਰ ਇਸਲਾਮੀ ਪ੍ਰਭਾਵ ਅਤੇ ਕੱਟੜਤਾ ਨੇ ਔਰਤ ਪ੍ਰਤੀ ਨਾਂਹ-ਪੱਖੀ ਵਤੀਰਾ ਅਪਨਾਈ ਰੱਖਿਆ ਹੈ। ਇਸ ਅਰਸੇ ਦੌਰਾਨ ਔਰਤਾਂ ਨੇ ਸਵੈ-ਪ੍ਰਗਟਾਵੇ, ਪਰਦੇ ਦੇ ਖ਼ਿਲਾਫ਼ ਅਤੇ ਔਰਤਾਂ ਪਤੀ ਇੱਕ ਇਨਸਾਨ ਵਾਂਗ ਵਿਹਾਰ ਕਰਨ ’ਤੇ ਜ਼ੋਰ ਦੇ ਕੇ ਕਵਿਤਾ ਨੂੰ ਮਾਧਿਅਮ ਬਣਾਇਆ। ਇਨ੍ਹਾਂ ਪ੍ਰਮੁੱਖ ਕਵਿੱਤਰੀਆਂ ਵਿੱਚ ਜ਼ੰਡ ਦੋਖ਼ਤ ਸ਼ਿਰਾਜ਼ੀ (1911-52), ਜਾਲੇਰ ਇਸਫਹਾਨੀ (1921), ਪਰਵੀਨ ਦੌਲਤਬਾਦੀ (1922), ਸਿਮਨ ਬੇਬਹਾਨੀ (1927), ਲੌ ’ਬਤ ਵਾਲਾ ਸ਼ਹਿਬਾਨੀ (1930), ਮਾਹਿਨ ਸਿਕੰਦਰੀ (1940), ਫ਼ਾਰੋਗ਼ ਫ਼ਰੂਖ਼ਜ਼ਾਦ (1935-67) ਅਤੇ ਤਹਿਰੇਸ਼ ਸਫ਼ਰਜਾਦੇਹ (1936), ਸ਼ਾਮਲ ਹਨ, ਜਿਨ੍ਹਾਂ ਆਪਣੀ ਸੋਚ, ਕਵਿਤਾ ਅਤੇ ਵਿਚਾਰਾਂ ਨਾਲ਼ ਪੁਰਾਤਨ ਫ਼ਾਰਸੀ ਕਵਿਤਾ ਨੂੰ ਰੱਦ ਨਹੀਂ ਕੀਤਾ ਪਰ ਚਿੱਬ ਜ਼ਰੂਰ ਪਾਇਆ।

ਇਨ੍ਹਾਂ ਕਵਿੱਤਰੀਆਂ ਨੇ ਆਪਣੇ ਨਿੱਜੀ, ਜੀਵਨੀ ਮੁਲਕ ਵੇਰਵਿਆਂ ਅਤੇ ਭਾਵਨਾਵਾਂ ਨੂੰ ਆਪਣੀਆਂ ਰਚਨਾਵਾਂ ਵਿੱਚ ਤੱਥਾਂ ਵਾਂਗ ਪੇਸ਼ ਕੀਤਾ। ਸ਼ਹਿਰ ਤੋਂ ਪਰਦਾ ਕਿਨਾਰੀ ਕਰਕੇ ਹੱਥਾਂ ’ਚ ਕਲਮਾਂ ਲੈ ਕੇ ਪਾਠਕਾਂ ਅੱਗੇ ਕੰਧਾਂ ਤੇ ਪਰਦਿਆਂ ਓਹਲੇ ਦੇ ਅਨੁਭਵਾਂ ਨੂੰ ਪੇਸ਼ ਕੀਤਾ। ਉਨ੍ਹਾਂ ਨੇ ਨੌਜਵਾਨ ਔਰਤਾਂ ਦੇ ਵੇਗਮਈ ਉਦਗਾਰਾਂ, ਸੰਵੇਦਨਾਵਾਂ ਦੇ ਨਾ-ਬਰਾਬਰੀ ਵਾਲ਼ੇ ਸਮਾਜਿਕ ਪੱਖਾਂ ਨੂੰ ਅਗਰ ਭੂਮਿਤ ਕੀਤਾ। ਉਨ੍ਹਾਂ ਦੀਆਂ ਰਚਨਾਵਾਂ ਵਿੱਚ ਨਾ ਤਾਂ ਕੋਈ ਓਹਲਾ ਹੈ ਨਾ ਦੋਹਰੇ ਮਾਪ ਦੰਡ ਨਜ਼ਰ ਆਉਂਦੇ ਹਨ, ਸਗੋਂ ਉਨ੍ਹਾਂ ਨੇ ਔਰਤ ਦੀ ਆਜ਼ਾਦੀ ਅਤੇ ਖ਼ੁਦਮੁਖ਼ਤਾਰ ਹੋਂਦ ਦੀ ਤੜਪ ਨੂੰ ਪੇਸ਼ ਕੀਤਾ ਹੈ। ਇਨ੍ਹਾਂ ਵਿੱਚ ਨਾ ਤਾਂ ਭਾਵਨਾਵਾਂ ਦੀ ਕੋਈ ਕਮੀ ਹੈ ਤੇ ਨਾ ਹੀ ਸੰਵੇਦਨਾਵਾਂ ਦਾ ਤੋੜਾ। ਨਾ ਇੱਛਾਵਾਂ ਅਤੇ ਅਕਾਂਖਿਆਾਂ ਦਾ ਦਮਨ ਹੈ ਤੇ ਨਾ ਹੀ ਪੁਰਖ਼ ਗ਼ੈਰ-ਹਾਜ਼ਰ ਹੈ। ਇਹ ਰਚਨਾਵਾਂ ਨਾਰੀਵਾਦੀ ਸਾਹਿਤ ਦਾ ਪੌੜੀ ਪ੍ਰਬੰਧ ਸਿਰਜਦੀਆਂ ਨਜ਼ਰ ਆਉਂੀਆਂ ਹਨ। ਇਨ੍ਹਾਂ ਵਿੱਚ ਇਰਾਨੀ ਸਮਾਜ ਦੇ ਔਰਤਾਂ ਪ੍ਰਤੀ ਨਜ਼ਰੀਏ ਨੂੰ ਨਵੀਂ ਸੋਚ ਰਾਹੀਂ ਪ੍ਰਗਟਾਇਆ ਗਿਆ ਹੈ। ਸਮਾਜ ਵਿਚਲੀਆਂ ਪਰੰਪਰਾਵਾਂ ਅਤੇ ਰੀਤੀ ਰਿਵਾਜ਼ਾਂ ਦੇ ਪ੍ਰਸੰਗ ਵਿੱਚ ਨਵੀਂ ਸੋਚ ਨੂੰ ਉਭਾਰਿਆ ਗਿਆ ਹੈ।

ਇਨ੍ਹਾਂ ਕਵਿੱਤਰੀਆਂ ਦੀਆਂ ਰਚਨਾਵਾਂ ਵਿੱਚ ਔਰਤ ਦੀ ਘਰੇਲੂ ਕੈਦ ਨੂੰ ਰੱਦ ਕੀਤਾ ਗਿਆ ਹੈ ਤੇ ਜਿਵੇਂ ਸਦੀਆਂ ਤੋਂ ਔਰਤ ਘਰ ਦੀ ਚਾਰ ਦੀਵਾਰੀ ਵਿੱਚ ਕੈਦ ਹੈ ਉਸ ਨੂੰ ਮੁਕਤ ਕਰਨ ਅਤੇ ਉਹਦੀ ਹੋਂਦ ਨੂੰ ਸਥਾਪਿਤ ਕਰਨ ਦਾ ਯਤਨ ਜ਼ਰੂਰ ਨਜ਼ਰ ਆਉਂਦਾ ਹੈ। ਆਪਣੇ ਨਿੱਜੀ ਅਨੁਭਵਾਂ ਰਾਹੀਂ ਉਹ ਔਰਤ ਨੂੰ ਇੱਕ ਪੱਥਰ ਵਾਂਗ ਚੁੱਪ ਰਹਿਣ ਦੀ ਬਜਾਏ ਆਪਣੀ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੰਦੀਆਂ ਹਨ। ਉਨਵਾਂ ਦੀ ਇਸ ਬੁਲੰਦ ਆਵਾਜ਼ ਪ੍ਰਤੀ ਕੱਟੜਪੰਥੀਆਂ ਦਾ ਰਵੱਈਆ ਪਰੰਪਰਾਵਾਦੀ ਸੋਚ ਦਾ ਧਾਰਨੀ ਹੈ, ਜਿਸ ਵਿੱਚ ਧਰਮ ਅਤੇ ਧਾਰਮਿਕ ਆਦੇਸ਼ਾਂ ਅਨੁਸਾਰ ਔਰਤ ’ਤੇ ਅਨੇਕਾਂ ਪਾਬੰਦੀਆਂ ਆਇਦ ਹਨ। ਖ਼ਾਸ ਕਰਕੇ ਔਰਤ ਦਾ ਪਰਦੇ ਵਿੱਚ ਰਹਿਣਾ ਜ਼ਰੂਰੀ ਹੈ। ਪਰ ਇਸ ਦੇ ਉਲਟ ਪੜ੍ਹੀ ਲਿਖੀ ਅਤੇ ਆਧੁਨਿਕ ਸੋਚ ਦੀ ਧਾਰਨੀ ਜਮਾਤ ਦੀ ਪ੍ਰਤੀਕਿਰਿਆ ਸਾਕਾਰਾਤਮਕ ਨਜ਼ਰ ਆਉਂਦੀ ਹੈ। ਇਸ ਦੇ ਬਾਵਜੂਦ ਨਵੇਂ ਖ਼ਿਆਲ ਵਾਲ਼ੀ ਉੱਚ ਜਮਾਤ ਨਾਲ਼ੋਂ ਕੱਟੜ ਪੰਥੀਆਂ ਦਾ ਹੱਥ ਉੱਪਰ ਨਜ਼ਰ ਆਉਂਦਾ ਹੈ। ਇਸ ਦੇ ਵਿਰੁੱਧ ਪੱਛਮੀ ਸਿੱਖਿਆ ਪ੍ਰਾਪਤ ਅਲੀ ਸ਼ਹਿਰ ਆਤੀ ਜੋ ਕਿ ਇਰਾਨ ਦੇ ਪੜ੍ਹਿਆਂ ਲਿਖਿਆਂ ਵਿੱਚ ਬੜੀ ਮਕਬੂਲ ਹਸਤੀ ਹੈ, ਦਾ ਕਥਨ ਬੜਾ ਢੁਕਵਾਂ ਹੈ ਕਿ- ‘ਪੁਰਸ਼ਾਂ ਨੇ ਔਰਤਾਂ ਨਾਲ਼ ਹਮੇਸ਼ਾ ਜੰਗਲ਼ੀ ਜਾਨਵਰਾਂ ਵਾਲ਼ਾ ਸਲੂਕ ਕੀਤਾ ਹੈ, ਜਿਨ੍ਹਾਂ ਨੂੰ ਪਾਲਤੂ ਨਹੀਂ ਬਣਾਇਆ ਜਾ ਸਕਦਾ, ਸਿੱਖਿਅਤ ਨਹੀਂ ਕੀਤਾ ਜਾ ਸਕਦਾ ਤੇ ਨਾ ਹੀ ਉਨ੍ਹਾਂ ’ਤੇ ਕਾਬੂ ਪਾਇਆ ਜਾ ਸਕਦਾ ਹੈ। ਉਨ੍ਹਾਂ ਨੇ ਔਰਤਾਂ ਨੂੰ ਕਾਬੂ ਕਰਨ ਦਾ ਇੱਕੋ ਇੱਕ ਤਰੀਕਾ ਇਜ਼ਾਦ ਕੀਤਾ ਕਿ ਇਨ੍ਹਾਂ ਨੂੰ ਘਰਾਂ ਦੀ ਚਾਰ ਦੀਵਾਰੀ ਵਿੱਚ ਕੈਦ ਕਰ ਦਿਉ। ਘਰਾਂ ਵਿੱਚ ਔਰਤਾਂ ਕੈਦੀਆਂ ਵਾਂਗ ਹਨ, ਜਿਨ੍ਹਾਂ ਲਈ ਕੋਈ ਸਕੂਲ, ਲਾਇਬ੍ਰੇਰੀ ਨਹੀਂ ਤੇ ਨਾ ਹੀ ਸਮਾਜ ਵਿੱਚ ਉਨ੍ਹਾਂ ਦਾ ਕੋਈ ਸਥਾਨ ਹੈ।’ ਇਸੇ ਪ੍ਰਸੰਗ ਵਿੱਚ ਅਸੀਂ ਪ੍ਰਸਿੱਧ ਇਰਾਨੀ ਕਵਿੱਤਰੀ ਫ਼ਾਰੂਖ਼ ਫ਼ਰੋਗਜ਼ਾਦ ਦੀਆਂ ਰਚਨਾਵਾਂ ਦੇ ਪ੍ਰਮੁੱਖ ਸਰੋਕਾਰਾਂ ਦੀ ਘੋਖ ਕਰਾਂਗੇ।

1955 ਦੇ ਹੁਨਾਲੇ ਵਿੱਚ ਫ਼ਰੋਗ ਦਾ ਪਹਿਲਾ ਕਾਵਿ ਸੰਗ੍ਰਹਿ ‘ਬੰਦੀਵਾਨ’ (ਅਸਹਿ) ਪ੍ਰਕਾਸ਼ਿਤ ਹੋਇਆ। ਇਸ ਵਿਚਲੀਆਂ ਸਾਰੀਆਂ ਕਵਿਤਾਵਾਂ ਵਿੱਚ ਉਹ ਬੜੇ ਗੰਭੀਰ ਰੂਪ ’ਚ ਔਰਤਾਂ ਜੀ ਤਰਜ਼ਮਾਨੀ ਕਰਦੀ ਹੋਈ ਪਿਆਰ ਦੀ ਤਲਾਸ਼ ਵਿੱਚ ਨਜ਼ਰ ਆਉਂਦੀ ਹੈ। ਇਨ੍ਹਾਂ ਕਵਿਤਾਵਾਂ ਵਿੱਚ ਕੋਈ ਫਲਸਫ਼ਾ ਜਾਂ ਕੁਦਰਤ ਭਰਵੇਂ ਰੂਪ ਵਿੱਚ ਪੇਸ਼ ਨਹੀਂ ਹੁੰਦੀ। ਕੁਦਰਤ ਦੇ ਕੁਝ ਕੁ ਮਹਿਜ਼ ਜਾਣੇ-ਪਛਾਣੇ ਰੂਪ ਹੀ ਇਨ੍ਹਾਂ ਵਿੱਚ ਨਜ਼ਰ ਆਉਂਦੇ ਹਨ। ਇਨ੍ਹਾਂ ਵਿੱਚ ਮਨੋਭਾਵਾਂ ਦੀ ਸੱਤਰੰਗੀ ਉਭਰਵੇਂ ਰੂਪ ਵਿੱਚ ਦਿ੍ਰਸ਼ਗੋਚਰ ਹੁੰਦੀ ਹੈ, ਆਸਾਂ, ਉਮੀਦਾਂ, ਅੰਨ੍ਹੇ ਜਜ਼ਬੇ, ਖੁਸ਼ੀ, ਸੰਦੇਹ, ਪਛਤਾਵਾ, ਪਸ਼ੇਮਾਨੀ ਸੰਤਾਪ, ਤੌਬਾ, ਇਕੱਲਤਾ, ਸੁਪਨਸਾਜ਼ੀ ਵਰਗੇ ਖ਼ਿਆਲ ਬੜੇ ਕਲਾਮਈ ਰੂਪ ਵਿੱਚ ਉਜਾਗਰ ਹੁੰਦੇ ਹਨ, ਪਰ ਮੁੱਖ ਥੀਮ ਪਿਆਰ ਨਾਲ਼ ਜੁੜੇ ਸਰੋਕਾਰਾਂ ਵਾਲ਼ਾ ਹੈ। ਇੱਕ ਔਰਤ ਦਾ ਪੁਰਸ਼ ਲਈ ਜਜ਼ਬਿਆਂ ਗੁੱਧਾ ਪਿਆਰ, ਜਿਸ ਨਾਲ਼ ਦਿਲ ਵਿੱਚ ਦਰਦ ਪੈਦਾ ਹੁੰਦਾ ਹੈ ਤੇ ਇਹੀ ਪਿਆਰ ਸਾਰੀਆਂ ਲੋੜਾਂ ਤੋਂ ਪ੍ਰਮੁੱਖ ਹੈ। ਪੁਰਖ਼ ਇਨ੍ਹਾਂ ਵਿੱਚ ਕਈ ਰੂਪਾਂ ਵਿੱਚ ਨਜ਼ਰ ਆਉਂਦਾ ਹੈ, ਮਸਲਨ- ਘੁਮੰਡੀ, ਹੈਂਕੜਬਾਜ਼, ਬੇਵਫ਼ਾ, ਬਹਾਦਰ ਯੋਧਾ, ਮਾਲਕ-ਔਰਤ ਨੂੰ ਜਾਇਦਾਦ ਸਮਝਣ ਵਾਲ਼ਾ- ਅਜਿਹੇ ਪੁਰਸ਼ ਉਸਨੂੰ ਪਸੰਦ ਨਹੀਂ। ‘ਬੰਦੀਵਾਨ’ ਦੀਆਂ ਕਵਿਤਾਵਾਂ ਵਿੱਚ ਉਹਦੀ ਇੱਛਾ ਹੈ ਕਿ ਪੁਰਸ਼ ਚੌੜੀ ਛਾਤੀ ਵਾਲ਼ਾ, ਪੀਡੀ ਜਕੜ ਵਾਲ਼ਾ, ਉੱਚ ਦੁਮਾਲੜੇ ਵਾਲ਼ਾ ਆਦਰਸ਼ਕ ਹੋਵੇ, ਜਿਸ ਦੇ ਹੋਠਾਂ ’ਤੇ ਪਿਆਰ ਭਰੇ ਚੁੰਮਣ ਹੋਣ। ਪਰ ਬਹੁਤੇ ਪੁਰਸ਼ ਅਜਿਹੇ ਨਹੀਂ ਹੁੰਦੇ। ਉਹ ਖੁੱਲ੍ਹੀ ਜਿਣਸੀ ਸੋਚ ਵਾਲ਼ੇ ਹੁੰਦੇ ਹਨ, ਜਿਹੜੇ ਪਿਆਰ ਦੇ ਜਾਦੂ ਤੋਂ ਅਭਿੱਜ ਅਤੇ ਇਸ ਪ੍ਰਤੀ ਸਮਰਪਨ ਤੋਂ ਕੋਰੇ ਹੁੰਦੇ ਹਨ।

ਇਨ੍ਹਾਂ ਕਵਿਤਾਵਾਂ ਵਿੱਚੋਂ ਹੋ ਸਕਦਾ ਹੈ ਕਿ ਬਹੁਤਾ ਹਿੱਸਾ ਪਾਠਕਾਂ ਨੂੰ ਅਨੰਦਿਤ ਨਾ ਕਰੇ ਕਿਉਂਕਿ ਇਹ ਨਾਰੀਵਾਦੀ ਦਿ੍ਰਸ਼ਟੀਕੋਣ ਦਾ ਮੁੱਢਲਾ ਪ੍ਰਗਟਾਵਾ ਹਨ। ਇਹ ਕਵਿਤਾਵਾਂ ਇੱਕ ਨੌਜਵਾਨ ਔਰਤ ਦੇ ਆਦਰਸ਼ਕ ਸੁਪਨਿਆਂ, ਸੰਵੇਦਨਾਵਾਂ, ਸਜੀਵਤਾ, ਆਸਵੰਦੀਆਂ ਅਤੇ ਪਿਆਰ ਨੂੰ ਲਿਸ਼ਕਾਉਂਦੀਆਂ, ਚਮਕਾਉਂਦੀਆਂ ਵਿਸ਼ੇਸ਼ ਅਰਥਾਂ ਦੀਆਂ ਧਾਰਨੀ ਬਣਾਉਂਦੀਆਂ ਨਜ਼ਰ ਆਉਂਦੀਆਂ ਹਨ। ਹਾਲਾਂਕਿ ਇਨ੍ਹਾਂ ਵਿੱਚੋਂ ਇਸਲਾਮੀ ਤੇ ਇਰਾਨੀ ਪਰੰਪਰਾਵਾਂ ਵਾਲ਼ਾ ਵਾਤਾਵਰਣ ਵੀ ਦਿ੍ਰਸ਼ਟੀਗੋਚਰ ਹੁੰਦਾ ਹੈ । ਫ਼ਰੋਗ ਦੀ ਕਵਿਤਾ ਵਿੱਚੋਂ ਇੱਕ ਪਤਨੀ, ਇੱਕ ਮਾਂ ਅਤੇ ਇੱਕ ਕਵਿੱਤਰੀ ਦੇਰੂਪ ਵਿੱਚ ਇਰਾਨੀ ਸਮਾਜ ਵਿਚਲੀਆਂ ਪਾਬੰਦੀਆਂ, ਦੁਬਿਧਾਵਾਂ ਅਤੇ ਉਨ੍ਹਾਂ ਵਿਰੋਧੀ ਜਜ਼ਬਿਆਂ ਦਾ ਵੀ ਪਤਾ ਲੱਗਦਾ ਹੈ, ਜਿਸ ਕਾਰਣ ਔਰਤ ਦਮਨ ਦੀ ਸਥਿਤੀ ਵਿੱਚ ਦਰਦ ਹੰਢਾਂਦੀ ਅਤੇ ਆਪਣੀ ਹੋਂਦ ਤੋਂ ਵਿਛੁੰਨੀਂ ਪ੍ਰਤੀਤ ਹੁੰਦੀ ਹੈ। ‘ਬੰਦੀਵਾਨ’ ਵਿੱਚ ਉਹ ਔਰਤ ਦੇ ਉਦਗਾਰਾਂ ਨੂੰ ਖੁੱਲ੍ਹੇ ਰੂਪ ਵਿੱਚ ਬਿਆਨਦੀ ਹੈ-

ਮੈਂ ਤੈਨੂੰ ਚਾਹੁੰਦੀ ਹਾਂ
ਪਰ ਮੈਨੂੰ ਪਤੈ
ਮੈਂ ਕਦੇ ਵੀ ਤੈਨੂੰ ਆਪਣੇ ਸੀਨੇ ਨਾਲ਼
ਨਹੀਂ ਲਾ ਸਕਦੀ
ਤੂੰ ਹੈਂ ਇੱਕ ਉਜਲਾ ਤੇ ਨੀਲਾ ਆਕਾਸ਼
ਤੇ ਮੈਂ ਨੁਕਰੇ ਪਏ
ਇੱਕ ਪਿੰਜਰੇ ਵਿੱਚ
ਕੈਦ ਇੱਕ ਪੰਛੀ
ਪਿੰਜਰੇ ਦੀਆਂ ਠੰਡੀਆਂ ਸਲਾਖ਼ਾਂ ਪਿੱਛੇ
ਮੇਰੀਆਂ ਹੈਰਾਨ ਨਜ਼ਰਾਂ ਤੇਰਾ ਪਿੱਛਾ ਕਰ ਰਹੀਆਂ ਨੇ
ਮੈਨੂੰ ਆਸ ਹੈ ਕਿ ਇੱਕ ਦਿਨ ਇੱਕ ਹੱਥ ਮੇਰੇ ਵੱਲ ਵਧੇਗਾ
ਤੇ ਮੈਂ ਉਸ ਦੀ ਦਿਸ਼ਾ ਵਿੱਚ
ਆਪਣੇ ਪਰ ਫੈਲਾ ਦਿਆਂਗੀ...।


ਘਰੋਗ ਦਾ ਦੂਜਾ ਕਾਵਿ-ਸੰਗ੍ਰਹਿ ‘ਦੀਵਾਰ’ 1956 ਵਿੱਚ ਪ੍ਰਕਾਸ਼ਿਤ ਹੋਇਆ, ਜਿਸ ਵਿੱਚ ਪੰਝੀ ਦੇ ਕਰੀਬ ਪ੍ਰਗੀਤ ਸ਼ਾਮਿਲ ਹਨ। ਇਨ੍ਹਾਂ ਦੀ ਸਿਰਜਨਾ ਉਹਨੇ 1956 ਦੀ ਬਸੰਤ ਰੁੱਤੇ ਕੀਤੀ। ਇਨ੍ਹੰ ਵਿੱਚ ਉਹ ਨਾ ਤਾਂ ਇਰਾਨੀ ਪਿਛੋਕੜ ਤੇ ਨਾ ਹੀ ਸਵੈ-ਜੀਵਨੀ ਮੂਲਕ ਸਰੋਕਾਰਾਂ ਨੂੰ ਪੇਸ਼ ਕਰਦੀ ਹੈ। ਸਗੋਂ ਇਸ ਵਿੱਚ ਉਸਨੇ ਪਿਆਰ ਭਰੇ ਲਮ੍ਹਿਆਂ ਦੀ ਦਾਸਤਾਨ, ਪਿਆਰ ਬਾਰੇ ਆਸ ਭਰੀਆਂ ਸੋਚ, ਆਸ਼ਕਾਂ ਦੇ ਤਾਨੇ ਮਿਹਣੇ ਵਰਗੇ ਥੀਮ ਪੇਸ਼ ਕੀਤੇ ਹਨ। ਪਰ ਇਸ ਦੇ ਬਾਵਜੂਦ ‘ਬੰਦੀਵਾਨ’ ਵਾਂਗ ਇਸ ਸੰਗ੍ਰਹਿ ਵਿੱਚ ਵੀ ਇਰਾਨੀ ਲੋਕਾਂ ਦੇ ਅਕਸ ਅਤੇ ਜਜ਼ਬਾਤੀ ਪ੍ਰਛਾਵਿਆਂ ਦੇ ਝੌਲ਼ੇ ਨਜ਼ਰ ਆਉਂਦੇ ਹਨ ਜੋ ਕਿ ਨਾਰੀ ਪ੍ਰਤੀ ਉਨ੍ਹਾਂ ਦੀ ਸੋਚ ਦੇ ਪ੍ਰਗਟਾਵੇ ਹਨ। ਦੋਹਾਂ ਸੰਗ੍ਰਹਿਆਂ ਦੇ ਟਾਈਟਲਾਂ ਵਿੱਚ ਵੀ ਸਾਂਝ ਨਜ਼ਰ ਆਉਂਦੀ ਹੈ। ਬੰਦੀਵਾਨ ਵਿੱਚ ਉਹ ਨਿੱਜ ਨਾਲ਼ ਜੁੜ ਕੇ ਆਪਣੇ ਭਾਵ ਸਰੋਕਾਰਾਂ ਦਾ ਪ੍ਰਗਟਾਵਾ ਕਰਦੀ ਹੈ ਪਰ ਦਿਵਾਰ ਵਿੱਚ ਇਸ ਔਰਤ ਜਾਤ ਨਾਲ਼ ਜੋੜ ਕੇ ਵਿਸਥਾਰ ਦਿੰਦੀ ਹੈ। ਆਪਣੀ ਇੱਕ ਕਵਿਤਾ ਵਿੱਚ ਉਹ ਆਪਣੇ ਆਪ ਨੂੰ ਕਰੁਣ ਦਰਿਆ ਦੇ ਰਾਹੀਂ ਆਪਣੇ ਪਹਿਲੇ ਪਿਆਰ ਨੂੰ ਸੰਬੋਧਿਤ ਹੁੰਦੀ ਲਿਖਦੀ ਹੈ-

ਮੇਰੇ ਦਿਲ ’ਚ ਤੇਰੀ ਯਾਦ ਕਿਵੇਂ ਹੈ ਮਰ ਸਕਦੀ
ਤੇਰੀ ਯਾਦ ਮੇਰੀ ਯਾਦ ਵਿੱਚ ਵਸਿਆ ਪਹਿਲਾ ਪਿਆਰ ਹੈ...

ਆਪਣੇ ਦੂਸਰੇ ਕਾਵਿ-ਸੰਗ੍ਰਹਿ ਨੂੰ ਆਪਣੇ ਪਹਿਲੇ ਪਤੀ ਨੂੰ ਸਮਰਪਿਤ ਕਰਦਿਆਂ ਉਹ ਲਿਖਦੀ ਹੈ- ‘ਸਾਡੇ ਬੀਤੇ ਲਮ੍ਹਿਆਂ ਦੀ ਯਾਦ ਵਿੱਚ, ਇਸ ਆਸ ਨਾਲ਼ ਕਿ ਇਹ ਮੇਰਾ ਕੀਮਤੀ ਤੋਹਫ਼ਾ ਉਨ੍ਹਾਂ ਅਣਗਿਣਤ ਰਹਿਮੋ-ਕਰਮਾਂ ਲਈ ਇੱਕ ਸ਼ੁਰੀਏ ਦੇ ਰੂਪ ਵਿੱਚ ਜੋ ਤੂੰ ਮੇਰੇ ’ਤੇ ਕੀਤੇ।’ ਇਸ ਸੰਗ੍ਰਹਿ ਦੀ ਇੱਕ ਕਵਿਤਾ ਵਿੱਚ ਉਹ ਪਿਆਰ ਲਈ ਗੁਨਾਹ ਕਰਨ ਨੂੰ ਪਹਿਲ ਦਿੰਦੀ ਲਿਖਦੀ ਹੈ-

ਮੈਂ ਗੁਨਾਹ ਕੀਤਾ ਪਰ ਇਹ ਖੁਸ਼ੀ ਭਰਿਆ ਗੁਨਾਹ
ਇੱਕ ਗਲਵਕੜੀ ਜੋ ਬੜੀ ਨਿੱਘੀ ਤੇ ਅੱਗ ਵਰਗੀ
ਮੇਰੀਆਂ ਬਾਹਾਂ ਦੀ ਜਕੜ-ਇਹ ਗੁਨਾਹ
ਜਿਹੜਾ ਨਿੱਘਾ ਤੇ ਗਰਮ
ਲੋਹੇ ਵਾਂਗ ਤਪਿਆ ਹੋਇਆ ਤੇ ਬਦਲਾ ਲੳੂ
ਹਨੇਰੇ ਅਤੇ ਚੁੱਪ ਭਰੀ ਇਕੱਲਤਾ ਵਿੱਚ
ਮੈਂ ਉਹਦੀਆਂ ਭੇਤ ਭਰੀਆਂ ਨਜ਼ਰਾਂ ’ਚ ਝਾਕਿਆ
ਮੇਰਾ ਦਿਲ ਮੇਰੀ ਛਾਤੀ ’ਚ ਧੜਕਦਾ
ਬੁਰੀ ਤਰ੍ਹਾਂ ਰਿਹਾ ਸੀ ਕੰਬ
ਉਹਦੀਆਂ ਅੱਖਾਂ ਵਿਚਲੀ ਜਾਦੂਭਰੀ ਤੱਕਣੀ ’ਚ
ਹਨੇਰੇ ਅਤੇ ਚੁੱਪ ਭਰੀ ਇਕੱਲਤਾ ਵਿੱਚ
ਆਪਣੇ ਉਘੜ-ਦੁੱਗੜੇ ਕੱਪੜਿਆਂ ਤੇ ਖੁੱਲ੍ਹੇ ਵਾਲਾਂ ਨਾਲ਼
ਮੈਂ ਜੁੜ ਗਈ ਉਹਦੇ ਨਾਲ਼
ਆਪਣੇ ਪਾਗਲ ਦਿਲ ਦੇ ਦੁੱਖਾਂ ’ਚੋਂ ਮੈਂ ਬਚ ਨਿਕਲੀ
ਮੈਂ ਗੁਨਾਹ ਕੀਤਾ ਪਰ ਇਹ ਖ਼ੁਸ਼ੀ ਭਰਿਆ ਗੁਨਾਹ...।’


ਅਗਸਤ 1956 ਵਿੱਚ ਰੋਮ, ਮਿੳੂਨਿਖ ਅਤੇ ਤਹਿਰਾਨ ਦੀ ਯਾਤਰਾ ਦੌਰਾਨ ਉਸ ਨੇ ‘ਵਾਪਸੀ’ ਅਤੇ ‘ਇਹ ਕਵਿਤਾ ਤੇਰੇ ਲਈ’ ਆਦਿ ਸਤਾਰਾਂ ਕਵਿਤਾਵਾਂ ਲਿਖੀਆਂ। 1958 ਦੀ ਬਸੰਤ ਵਿੱਚ ਉਹਨੇ ਇਨ੍ਹਾਂ ਨੂੰ ਇਕੱਠਿਆਂ ਕਰਕੇ ਤੀਜਾ ਕਾਵਿ-ਸੰਗ੍ਰਹਿ ‘ਬਾਗ਼ੀ’ ਪ੍ਰਕਾਸ਼ਿਤ ਕਰਵਾਇਆ। ਇਹ ਕਵਿਤਾਵਾਂ ਪਹਿਲਾਂ ਵਾਲ਼ੇ ਸੰਗ੍ਰਹਿਆਂ ਨਾਲ਼ੋਂ ਅੱਡਰੀ ਕਿਸਮ ਦੀਆਂ ਹਨ। ਇਨ੍ਹਾਂ ਵਿੱਚ ਓਲਡ ਟੈਸਟਾਮੈਂਟ, ਕੁਰਾਨ ਅੇ ਪਰੰਪਰਿਕ ਫ਼ਾਰਸੀ ਕਵਿਤਾ ਵਿਚਲੀ ਬਿੰਬਾਵਲੀ ਨੂੰ ਪ੍ਰਗਟਾਇਆ ਹੈ। ਇਹ ਕਵਿਤਾਵਾਂ ਇੱਕ ਤਰ੍ਹਾਂ ਨਾਲ਼ ਪਰੰਪਰਾ ਨੂੰ ਨਵੇਂ ਰੂਪ ਵਿੱਚ ਪੇਸ਼ ਕਰਨ ਦਾ ਯਤਨ ਹੈ। ਦੂਸਰਾ, ਇਸ ਵਿਚਲੀ ਔਰਤ- ਮੈਂ ਅਕਸਰ ਮੌਤ ਬਾਰੇ ਸਰੋਕਾਰਾਂ ਨੂੰ ਉਜਾਗਰ ਕਰਦੀ ਨਜ਼ਰ ਆਉਂਦੀ ਹੈ।

ਇਸ ਤੀਸਰੇ ਸੰਗ੍ਰਹਿ ਵਿੱਚ ਉਹ ਪੂਰੀ ਤਰ੍ਹਾਂ ਓਮਰ ਖ਼ਿਆਮ ਦੀਆਂ ਰੁਬਾਈਆਂ ਵਿਚਲੇ ਗੁੱਸੇ ਨੂੰ ਬਾਗ਼ੀਦੇ ਰੂਪ ਵਿੱਚ ਜ਼ਾਹਰ ਕਰਦੀ ਹੈ। ਇਸ ਬਾਰੇ ‘ਦੈਵੀ ਬਾਗ਼ੀ’ ਕਵਿਤਚਾ ਦੇਖੀ ਜਾ ਸਕਦੀ ਹੈ-

ਕਿ ਕੀ ਕਰੇਗੀ ਉਹ ਜੇ ਰੱਬ ਹੋਵੇ
ਉਹ ਸੂਰਜਾਂ ਨੂੰ ਛੱਡ ਦੇਵੇਗੀ ਹਨੇਰਿਆਂ ’ਚ ਖੁੱਲ੍ਹਾ
ਪਹਾੜਾਂ ਨੂੰ ਦੇਵੇਗੀ ਸੁੱਟ ਸਮੁੰਦਰਾਂ ’ਚ
ਜੰਗਲ਼ਾਂ ਨੂੰ ਲਾ ਦੇਵੇਗੀ ਅੱਗ
ਕਬਰਾਂ ’ਚ ਪਏ ਮੁਰਦਿਆਂ ’ਚ ਫੂਕ ਦੇਵੇਗੀ ਰੂਹ
ਜੰਨਤ ਦੀਆਂ ਅਪਵਿੱਤਰ ਹਰੀਆਂ ਚਰਾਗਾਹਾਂ ’ਚੋਂ
ਤਪੱਸਵੀਆਂ ਦੇ ਟੋਲਿਆਂ ਨੂੰ
ਦਏਗੀ ਕੱਢ ਬਾਹਰ
ਕਿ ਕੀ ਕਰੇਗੀ ਉਹ ਜੇ ਰੱਬ ਹੋਵੇ


‘ਬਾਗ਼ੀ’ ਸੰਗ੍ਰਹਿ ਵਿੱਚ ਉਹ ਬੰਦੀਵਾਨ ਤੇ ਦਿਵਾਰ ਤੋਂ ਪਰਾਹਨ ਕਰਦੀ ਨਜ਼ਰ ਆਉਂਦੀ ਹੈ।

1964 ਵਿੱਚ ਉਸ ਦਾ ਚੌਥਾ ਕਾਵਿ-ਸੰਗ੍ਰਹਿ ‘ਦੂਸਰਾ ਜਨਮ’ ਨਾਂ ਹੇਠ ਪ੍ਰਕਾਸ਼ਿਤ ਹੋਇਆ। ਇਸ ਵਿੱਚ ਕੁੱਲ ਇਕੱਤੀ ਕਵਿਤਾਵਾਂ ਹਨ, ਜਿਨ੍ਹਾਂ ਨੂੰ ਉਹਨੇ ਛੇ ਵਰ੍ਹਿਆਂ ਵਿੱਚ ਲਿਖਿਆ। ਇਨ੍ਹਾਂ ਵਿੱਚੋਂ ਕਈ ਕਵਿਤਾਵਾਂ ‘ਅੰਦੀਸ਼ੇਸ਼ ਵਾ ਹੋਨਾਰ’, ‘ਅਰਸ਼’, ‘ਕੇਤਾਬ-ਏ-ਹਾਫ਼ਤਾਹ’ ਵਰਗੇ ਆਧੁਨਿਕ ਸੋਚ ਨਾਲ਼ ਪ੍ਰਨਾਏ ਰਸਾਲਿਆਂ ਵਿੱਚ ਛਪ ਚੁੱਕੀਆਂ ਸਨ। ਇਨ੍ਹਾਂ ਕਵਿਤਾਵਾਂ ਨੂੰ ਆਧੁਨਿਕ ਫ਼ਾਰਸੀ ਕਵਿਤਾ ਵਿੱਚ ਮੀਲ ਪੱਥਰ ਮੰਨਿਆ ਗਿਆ ਹੈ। ਇਨ੍ਹਾਂ ਨੇ ਫ਼ਰੋਗ ਨੂੰ ਅਪਾਰ ਪ੍ਰਸਿੱਧੀ ਦਿਵਾਈ। ਉਸ ਨੂੰ ਖ਼ੁਦ ਨੂੰ ਮਹਿਸੂਸ ਹੋਇਆ ਕਿ ਹੁਣ ਉਸ ਦੀ ਕਵਿਤਾ ਪਰੋੜ ਹੋ ਗਈ ਹੈ। ਇਸ ਵਿਚਲੀ ਬਿੰਬਾਵਲੀ, ਕਾਵਿ-ਭਾਸ਼ਾ, ਕਾਵਿ-ਸਰੋਕਾਰ ਵਧੇਰੇ ਵਿਸ਼ਾਲ ਕੈਨਵਸ ਵਾਲ਼ੇ ਅਤੇ ਨਿਵੇਕਲੇ ਹਨ। ਇਨ੍ਹਾਂ ਵਿਚਲਾ ਦਿ੍ਰਸ਼ਟੀਕੋਣ ਵੀ ਵੱਖਰੀ ਭਾਂਤ ਦਾ ਹੈ। ‘ਅਲੀ ਦੀ ਮਾਂ ਨੇ ਉਸ ਨੂੰ ਇੱਕ ਦਿਨ ਕਿਹਾ’, ‘ਧਰਤ ਦੇ ਸ਼ੇਅਰ’, ‘ਓਹ ਹਰਿਆਂ ਜੜ੍ਹੀ ਧਰਤ’ ਆਦਿ ਕਵਿਤਾਵਾਂ ਉਸ ਦੇ ਵਿਲੱਖਣ ਅਨੁਭਵ ਦੀ ਦੇਣ ਹਨ। ਆਪਣੀ ਮੌਤ ਤੋਂ ਕੁਝ ਚਿਰ ਪਹਿਲਾਂ ਦਿੱਤੀ ਇੰਟਰਵਿੳੂ ਵਿੱਚ ਉਸ ਨੇ ਕਿਹਾ ਸੀ ਕਿ- ‘ਇਸ ਵਿਚਲੀਆਂ ਕਵਿਤਾਵਾਂ ਬਾਰੇ ਉਸ ਨੂੰ ਪਛਤਾਵਾ ਹੈ।’ ਉਸ ਦੀਆਂ ਅਸਲ ਤੇ ਸੱਚੀਆਂ ਕਵਿਤਾਵਾਂ ਤਾਂ ਦੂਸਰੇ ਜਨਮ ਵਾਲ਼ੀਆਂ ਹਨ। ਉਸ ਦਾ ਵਿਸ਼ਵਾਸ ਸੀ ਕਿ ਅਸਲ ਵਿੱਚ ਕਵਿਤਾ ਪ੍ਰੋੜ ਉਮਰੇ ਜਾ ਕੇ ਸੱਚ ਨੂੰ ਪ੍ਰਗਟਾਉਣ ਦੇ ਸਮਰਥ ਹੁੰਦੀ ਹੈ, ਜਦ ਕਿ ਸ਼ੁਰੂ ਵਿੱਚ ਜਜ਼ਬੇ, ਪਿਆਰ, ਉਮੰਗਾਂ, ਇਛਾਵਾਂ, ਬਾਗ਼ੀ ਸੁਰ ਤੇ ਹੋਰ ਕਈ ਪ੍ਰਕਾਰ ਦੇ ਸਰੋਕਾਰ ਵਧੇਰੇ ਭਾਰੂ ਹੁੰਦੇ ਹਨ।

1974 ਵਿੱਚ ਫ਼ਰੋਗ ਦਾ ਅਖੀਰਲਾ ਕਾਵਿ-ਸੰਗ੍ਰਹਿ ਉਸ ਦੀ ਮੌਤ ਤੋਂ ਬਾਅਦ ਪ੍ਰਕਾਸ਼ਿਤ ਹੋਇਆ ਜਿਸ ਦਾ ਨਾਂ ਹੈ, ‘ਸਰਦੀ ਦੇ ਮੌਸਮ ’ਤੇ ਸਾਨੂੰ ਗੌਰ ਕਰਨਾ ਚਾਹੀਦਾ ਹੈ’। ਇਸ ਵਿੱਚ ਕਿਤਾਬ ਦੇ ਨਾਂ ਵਾਲ਼ੀ ਕਵਿਤਾ ਤੋਂ ਇਲਾਵਾ ‘ਖਿੜਕੀ’, ‘ਬਾਗ਼ ਲਈ ਮੈਂ ਸ਼ਰਮਿੰਦਾ ਹਾਂ’, ‘ਉਹ, ਜੋ ਉਸ ਵਰਗਾ ਨਹੀਂ’, ‘ਕੇਵਲ ਆਵਾਜ਼ਾਂ ਹਨ ਜੋ ਬਚੀਆਂ ਰਹਿੰਦੀਆਂ ਹਨ’ ਅਤੇ ‘ਮੈਂ ਉਦਾਸ ਹਾਂ’ ਸ਼ਾਮਲ ਹਨ। ਇਸ ਸੰਗ੍ਰਹਿ ਨਾਲ਼ ਉਸ ਦੁਆਰਾ ਲਿਖੀਆਂ 127 ਕਵਿਤਾਵਾਂ ਦੀ ਲੜੀ ਪੂਰੀ ਹੁੰਦੀ ਹੈ, ਜੋ ਪੰਜ ਕਾਵਿ-ਸੰਗ੍ਰਹਿਆਂ ਵਿੱਚ ਸ਼ਾਮਲ ਹਨ। ਇਸ ਤੋਂ ਇਲਾਵਾ ਕੁਝ ਹੋਰ ਵੀ ਅਣ-ਛਪੀਆਂ ਅਤੇ ਕੁਝ ਇਕਾ-ਦੁਕਾ ਰਸਾਲਿਆਂ ਵਿੱਚ ਛਪੀਆਂ ਕਵਿਤਾਵਾਂ ਬਕਾਇਆ ਹਨ। ਉਸ ਦੇ ਇਸ ਸੰਗ੍ਰਹਿ ਵਿਚਲੀ ਕਵਿਤਾ ‘ਖਿੜਕੀ’ ਦੀਆਂ ਕੁਝ ਸਤਰਾਂ ਵੇਖੀਆਂ ਜਾ ਸਕਦੀਆਂ ਹਨ-

ਮੇਰੇ ਲਈ ਇੱਕ ਖਿੜਕੀ ਹੈ ਕਾਫ਼ੀ
ਆਤਮਾ ਦੀ ਚਹਿਲ ਕਦਮੀ ਲਈ ਇੱਕ ਖਿੜਕੀ
ਜੋ ਦੇਖ ਰਹੀ ਹੈ-ਸ਼ਾਂਤੀ
ਇਕੱਲਤਾ
ਅਖਰੋਟ ਦਾ ਨਿੱਕਾ ਜਿਹਾ ਬੂਟਾ
ਹੁਣ ਹੋ ਗਿਐ ਵੱਡਾ
ਬਿਆਨ ਕਰਨ ਲਈ ਦਿਵਾਰ ਦੇ ਅਰਥ
ਆਪਣੇ ਜਵਾਨ ਪੱਤਿਆਂ ਨੂੰ
ਸ਼ੀਸ਼ੇ ਨੂੰ ਪੁੱਛੋ
ਕੌਣ ਹੈ ਉਸ ਦਾ ਰਖਵਾਲਾ
ਕੀ ਮੈਂ ਆ ਸਕਦੀ ਹਾਂ ਦੁਬਾਰਾ?
ਕੀ ਮੈਂ ਵਾਹ ਸਕਦੀ ਹਾਂ ਹਵਾਵਾਂ ਨਾਲ਼ ਵਾਲ਼?
ਕੀ ਮੈਂ ਬਗ਼ੀਚੇ ਵਿੱਚ ਦੁਬਾਰਾ ਪੈਂਜੀ ਦੇ ਫੁੱਲ ਲਾ ਸਕਦੀ ਹਾਂ?
ਤੇ ਬੀਜ ਸਕਦੀ ਹਾਂ ਅਕਾਸ਼ਾਂ ਵਿੱਚ ਜਰੇਨੀਅਮ
ਆਪਣੀ ਖ਼ਿੜਕੀ ਤੋਂ ਬਾਹਰ
ਕੀ ਸ਼ਰਾਬ ਲੱਦੇ ਗਲਾਸਾਂ ’ਤੇ ਨੱਚ ਸਕਦੀ ਹਾਂ ਮੈਂ ਦੁਬਾਰਾ?
ਕੀ ਘਰ ਦੀ ਘੰਟੀ ਬੁਲਾਏਗੀ ਮੈਨੂੰ ਦੁਬਾਰਾ
ਆਸਵੰਦੀ ਆਵਾਜ਼ ਨਾਲ਼
ਮੈਂ ਮਾਂ ਨੂੰ ਕਿਹਾ-ਇਹ ਸਭ ਖ਼ਤਮ ਹੋ ਚੁਕਿਐ ਹੁਣ
ਮੈਂ ਕਿਹਾ-ਸਭ ਕੁਝ ਵਾਪਰ ਜਾਂਦੈ ਸਾਡੇ ਸੋਚਣ ਤੋਂ ਪਹਿਲਾਂ
ਸਾਨੂੰ ਸ਼ੋਕ ਮਤੇ ਭੇਜਣੇ ਚਾਹੀਦੇ ਨੇ ਹੁਣ
ਭਾਗਾਂ ਵਾਲ਼ੇ ਪੰਨੇ ਲਈ...


ਇਸ ਤਰ੍ਹਾਂ ਫ਼ਰੋਗ ਦੇ ਇਸ ਛੋਟੇ ਜਿਹੇ ਕਾਵਿ-ਸਫ਼ਰ ਤੋਂ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਹਦੀ ਕਾਵਿ-ਉਡਾਰੀ ਕਿੰਨੀਂ ਤਿੱਖੀ ਅਤੇ ਅਕਾਸ਼ ਦੀਆਂ ਨਿਲੱਣਾਂ ਵਿੱਚ ਫ਼ੈਲਣ ਵਾਲ਼ੀ ਹੈ। ਉਸ ਦੇ ਕਾਵਿ-ਸਫ਼ਰ ਨੇ ਜਿੱਥੋਂ ਪਰਵਾਜ਼ ਭਰੀ ਸੀ ਅੰਤ ’ਤੇ ਆ ਕੇ ਉਹ ਇੱਕ ਵਿਸ਼ਾਲ ਕੈਨਵਸ ਦੀ ਧਾਰਨੀ ਬਣ ਗਈ। ਇਸੇ ਕਰਕੇ ਆਧੁਨਿਕ ਇਰਾਨ ਦੀ ਫ਼ਾਰਸੀ ਕਵਿਤਾ ਦੇ ਇਤਿਹਾਸ ਵਿੱਚ ਉਸ ਨੂੰ ਬੜਾ ਵੱਡਾ ਮੁਕਾਮ ਹਾਸਲ ਹੈ। ਬੇਸ਼ੱਕ ਜ਼ਿੰਦਗੀ ਦੇ ਉਤਾਰਾਂ-ਚੜਾਵਾਂ ਨੇ ਉਸ ਨੂੰ ਬੁਰੀ ਤਰ੍ਹਾਂ ਝੰਬਿਆ ਪਰ ਉਹ ਚਟਾਨ ਵਾਂਗ ਉਨ੍ਹਾਂ ਦਾ ਮੁਕਾਬਲਾ ਕਰਦੀ ਕਾਵਿ ਪੈੜਾਂ ਸਿਰਜਦੀ ਰਹੀ। ਮੌਤ ਦੀ ਅਟੇਲ ਹੋਣੀ ਨੇ ਭਾਵੇਂ ਉਸ ਨੂੰ ਜੋਬਨ ਰੁੱਤੇ ਨਿਗਲ਼ ਲਿਆ ਪਰ ਉਸ ਦੇ ਕਾਵਿ ਵਿੱਚ ਅਜੇ ਵੀ ਸੱਜਰਾਪਨ ਤੇ ਸਦੀਵੀ ਅੱਗ ਹੈ, ਜਿਹੜੀ ਸਦਾ ਉਸ ਦੀ ਯਾਦ ਵਿੱਚ ਮਘਦੀ ਤੇ ਜਗਮਗਾਉਂਦੀ ਰਹੇਗੀ।

ਪੰਜਾਬ ਯੂਨੀਵਰਸਿਟੀ, ਰਿਜਨਲ ਸੈਂਟਰ
ਮੁਕਤਸਰ

Comments

Dzikron

Susilirpngry well-written and informative for a free online article.

Security Code (required)



Can't read the image? click here to refresh.

Name (required)

Leave a comment... (required)





ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ