Sun, 26 January 2020
Your Visitor Number :-   2273428
SuhisaverSuhisaver Suhisaver
ਕਾਰਟੂਨਿਸਟ ਸੁਧੀਰ ਧਰ ਦਾ ਦਿਹਾਂਤ               ਜਥੇਦਾਰ ਅਵਤਾਰ ਸਿੰਘ ਮੱਕੜ ਨਹੀਂ ਰਹੇ              

ਉਤਰ-ਆਧੁਨਿਕਤਾ ਬਨਾਮ ਮਹਾਨ ਭਾਰਤ ! - ਇਕਬਾਲ ਸੋਮੀਆਂ

Posted on:- 17-07-2015

suhisaver

ਕੋਈ ਸਮਾਂ ਸੀ ਜਦੋਂ ਮਨੁੱਖ ਆਪਣੀਆਂ ਲੋੜਾਂ ਸਿੱਧਾ ਕੁਦਰਤ ਤੋਂ ਪੂਰੀਆਂ ਕਰਦਾ ਸੀ ਕਿਉਂਕਿ ਉਦੋਂ ਉਸ ਨੂੰ ਨਾ ਤਾਂ ਅੱਜ ਦੇ ਮਨੁੱਖ ਜਿੰਨੀ ਸੋਝੀ ਸੀ ਤੇ ਨਾ ਹੀ ਉਤਪਾਦਨ ਦੇ ਸੰਦ ਸਨ। ਪਰ ਕਈ ਸਦੀਆਂ ਬੀਤਦਿਆਂ ਇਕ ਅਜਿਹਾ ਸਮਾਂ ਆਇਆ ਜਦੋਂ ਸੰਸਾਰ ਵਿਚ ਫੈਕਟਰੀਆਂ, ਖੇਤੀ ਸੰਦ, ਹਥਿਆਰ, ਕੁਦਰਤ ਨਾਲ਼ ਨਜਿੱਠਣ ਦੇ ਸਾਧਨ ਤੇ ਹੋਰ ਤਕਨੀਕਾਂ ਸਹਿਤ ਵਿਗਿਆਨ ਨੇ ਜਨਮ ਲਿਆ। ਇਹ ਸਮਾਂ ਯੂਰਪੀ ਦੇਸ਼ਾਂ ਵਿਚ ਉਨੀਵੀਂ ਸਦੀ ਦੇ ਅੰਤ ਅਤੇ ਵੀਹਵੀਂ ਸਦੀ ਦੇ ਸ਼ੁਰੂਆਤ ਦਾ ਸਮਾਂ ਸੀ। ਜਦੋਂ ਮਸ਼ੀਨਾਂ ਦੀ ਪੈਦਾਇਸ਼ ਦੇ ਬਾਅਦ ਮਨੁੱਖ ਨੇ ਗਿਆਨ, ਵਿਗਿਆਨ, ਤਕਨੀਕ, ਧਰਮ, ਸਾਹਿਤ, ਭਵਨ-ਨਿਰਮਾਣ ਆਦਿ ਦੇ ਕੰਮ-ਕਾਜ ਤੇ ਰਹਿਣ ਸਹਿਣ ਨੂੰ ਬਦਲਣਾ ਸ਼ੁਰੂ ਕੀਤਾ ਤੇ ਜਦੋਂ ਉਨ੍ਹਾਂ ਯੂਰਪੀ ਮੁਲਕਾਂ ਵਿਚ ਪਰੰਪਰਾ ਦੇ ਵਿਰੁੱਧ ਨਵੇਂ ਮਿਆਰ ਤੇ ਉਤਪਾਦਨ ਸੰਬੰਧ ਸਿਰਜੇ ਗਏ ਤਾਂ ਇਸ ਸਭ ਨੂੰ ਉੱਥੇ ਆਧੁਨਿਕਤਾ ਦਾ ਨਾਮ ਦਿੱਤਾ ਗਿਆ। ਸੋ ਆਧੁਨਿਕਤਾ ਦਾ ਸੰਕਲਪ ਪੂੰਜੀਵਾਦੀ ਦੇਸ਼ਾਂ ਦੀ ਹੀ ਪੈਦਾਇਸ਼ ਹੈ। ਆਧੁਨਿਕਤਾਵਾਦ ਉਸ ਚਿੰਤਨ ਨੂੰ ਆਪਣੀ ਬੁੱਕਲ ਵਿਚ ਸਮਾਉਂਦਾ ਹੈ ਜੋ ਪਰੰਪਰਾਗਤ ਕਲਾ, ਸਮਾਜਕ ਸੰਸਥਾਵਾਂ, ਸਾਹਿਤ, ਧਾਰਮਿਕ ਵਿਸ਼ਵਾਸ, ਦਰਸ਼ਨ ਅਤੇ ਹੋਰ ਰੋਜ਼ਾਨਾਂ ਦੀਆਂ ਬਹੁਤ ਸਾਰੀਆਂ ਗਤੀਵਿਧੀਆਂ ਨੂੰ ਗਈਆਂ-ਗੁਜ਼ਰੀਆਂ ਮੰਨਦਾ ਹੈ।

ਕੁਝ ਚਿੰਤਕ ਆਧੁਨਿਕਤਾਵਾਦ ਨੂੰ ਇਕ ਸਮਾਜਿਕ ਅਗਾਂਹਵਧੂ ਵਿਚਾਰ ਨਾਲ਼ ਜੋੜਦੇ ਹਨ ਜੋ ਮਨੁੱਖ ਨੂੰ ਆਪਣੇ ਵਾਤਾਵਰਨ ਨੂੰ ਵਿਹਾਰਕ ਪ੍ਰਯੋਗਾਂ, ਵਿਗਿਆਨਕ ਗਿਆਨ ਤੇ ਤਕਨੀਕ ਦੁਆਰਾ ਸੁਧਾਰਨ ਅਤੇ ਮੁੜ-ਉਸਾਰਨ ਲਈ ਉਕਸਾਉਂਦਾ ਹੈ। ਆਧੁਨਿਕਤਾ ਦੇ ਸਮੇਂ ਵਿਚ ਮਨੁੱਖ ਨੂੰ ਗ਼ੁਲਾਮਦਾਰੀ ਤੇ ਸਾਮੰਤਵਾਦੀ ਵਿਵਸਥਾ ਤੋਂ ਮੁਕਤੀ ਨਾਲ਼ ਵੀ ਜੋੜ ਕੇ ਵੇਖਿਆ ਜਾਂਦਾ ਹੈ। ਆਧੁਨਿਕਤਾਵਾਦ ਦੇ ਹਾਮੀ ਡਾਰਵਿਨ, ਨਿਤਸ਼ੇ, ਮਾਰਕਸ, ਫਰਾਇਡ ਹੁਰਾਂ ਦੇ ਚਿੰਤਨ ਨੂੰ ਆਧੁਨਿਕਤਾ ਨਾਲ਼ ਜੋੜਦੇ ਹਨ, ਕਿਉਂਕਿ ਇਹਨਾਂ ਨੇ ਪਰੰਪਰਾ ਨੂੰ ਤੋੜਦਿਆਂ ਨਵੇਂ ਮਿਆਰ ਸਥਾਪਿਤ ਕੀਤੇ ਹਨ।

ਇਸ ਦੇ ਨਾਲ਼ ਹੀ ਰੂਸੀ ਤੇ ਫਰਾਂਸੀਸੀ ਕ੍ਰਾਂਤੀ, ਪੈਰਿਸ ਕਮਿਊਨ ਤੇ ਹੋਰ ਬਗਾਵਤਾਂ ਤੇ ਤਖਤੇ ਫਲ਼ਟਾਉਣ ਤੇ ਦੋ ਵਿਸ਼ਵ-ਯੁੱਧਾਂ ਵਰਗੀਆਂ ਵੱਡੀਆਂ ਘਟਨਾਵਾਂ ਨੂੰ ਵੀ ਆਧੁਨਿਕਤਾ ਨਾਲ਼ ਜੋੜਿਆ ਗਿਆ ਹੈ। ਬਸ ਮਸਲਾ ਇਹ ਹੈ ਕਿ ਆਧੁਨਿਕਤਾ ਤੇ ਉਤਰ-ਆਧੁਨਿਕਤਾਵਾਦ ਦੇ ਹਾਮੀਆਂ ਤੇ ਸਮਾਜਵਾਦੀਆਂ ਦੇ ਸੰਦਰਭਾਂ ਦਾ ਹੀ ਮੂਲ ਅੰਤਰ ਹੈ। ਇਸੇ ਕਾਰਨ ਹੀ ਮਾਰਕਸਵਾਦ ਤੇ ਉਤਰ-ਆਧੁਨਿਕਤਾਵਾਦ ਵਿਚ ਢੇਰ ਸਾਰੇ ਪਰਸਪਰ ਵਿਰੋਧ ਸਾਹਮਣੇ ਆਉਂਦੇ ਹਨ।

ਦੂਜੇ ਵਿਸ਼ਵ ਯੁੱਧ ਦੇ ਬਾਅਦ ਦੇ ਸਮੇਂ ਵਿਚ ਆਧੁਨਿਕਤਾ ਦਾ ਸੰਕਲਪ ਵੀ ਦਿਸ਼ਾ ਬਦਲਣ ਲੱਗਦਾ ਹੈ ਅਤੇ ਬੰਦੂਕਾਂ ਤੇ ਤੋਪਾਂ ਦੀ ਵਰਤੋਂ ਦੀ ਜਗ੍ਹਾ ਪ੍ਰਮਾਣੂ ਦੀ ਵਰਤੋਂ ਤੋਂ ਬਾਅਦ ਇਹ ਉਤਰ-ਆਧੁਨਿਕਤਾ ਦਾ ਰੂਪ ਗ੍ਰਹਿਣ ਕਰਨ ਲੱਗਦਾ। ਇਸ ਸਮੇਂ ਨੂੰ ਕਈ ਚਿੰਤਕ ਟੈਲੀਵਿਜ਼ਨ, ਫੋਨ, ਸਿਨੇਮਾ, ਕੰਪਿਊਟਰੀ ਯੰਤਰ੍ਹਾਂ ਆਦਿ ਨਾਲ਼ ਜੋੜ ਕੇ ਵੇਖਦੇ ਹਨ ਤੇ ਕੁਝ ਭਵਨ-ਨਿਰਮਾਣ ਕਲਾ, ਚਿਤਰਕਲਾ, ਵੀਡੀਓਜ਼ ਤੇ ਹੋਰ ਖੇਤੀ ਤੇ ਸਨਅਤੀ ਸੰਦਾਂ ਨਾਲ਼ ਜੋੜ ਕੇ ਵੇਖਦੇ ਹਨ। ਉਦਾਹਰਨ ਵਜੋਂ ਰਾਬਰਟ ਨੇ ਚਾਰਲਸ ਜੈਂਕ ਦੇ ਹਵਾਲ਼ੇ ਨਾਲ਼ ਆਧੁਨਿਕਤਾ ਦਾ ਅੰਤ ਇਕ ਪੁਰਾਤਨ ਭਵਨ ਦੇ ਢਾਹੁਣ ਨਾਲ਼ ਜੋੜਦਿਆਂ 15 ਜੁਲਾਈ 1972 ਨੂੰ 3 ਵੱਜ ਕੇ 32 ਮਿੰਟ ਮਿਥਿਆ ਹੈ ਜੋ ਪਛੜੇ ਤੇ ਗ਼ਰੀਬ ਦੇਸ਼ਾਂ ਲਈ ਆਪਣੇ-ਆਪ ਵਿਚ ਹਾਸੋਹੀਣੀ ਸਥਿਤੀ ਹੈ। ਸਿੱਟੇ ਵਜੋਂ ਉਤਰ-ਆਧੁਨਿਕਤਾ ਦਾ ਸਮਾਂ ਸਰੀਰਿਕ ਸਮਰੱਥਾ ਨੂੰ ਸਰਲ ਕਰਨ ਵਾਲ਼ੇ ਆਧੁਨਿਕ ਯੰਤਰ੍ਹਾਂ ਤੋਂ ਬਾਅਦ ਬੌਧਿਕ ਸ਼ਕਤੀ ਉਪਰ ਨਿਰਭਰਤਾ ਦਾ ਸਮਾਂ ਮੰਨਿਆ ਜਾ ਸਕਦਾ ਹੈ। ਇਕ ਚਿੰਤਕ ਦੀ ਉਤਰ-ਆਧੁਨਿਕਤਾ ਦੂਜੇ ਲਈ ਆਧੁਨਿਕਤਾ ਹੋ ਸਕਦੀ ਹੈ ਤੇ ਇਕ ਦੀ ਆਧੁਨਿਕਤਾ ਦੂਜੇ ਲਈ ਉਤਰ-ਆਧੁਨਿਕਤਾ ਹੋ ਸਕਦੀ ਹੈ।

ਸਾਡੀ ਸਮਝ ਵਿਚ ਭਾਰਤ ਵਿਚ ਅਜੇ ਆਧੁਨਿਕਤਾ ਵੀ ਚੰਗੀ ਤਰ੍ਹਾਂ ਪੈਰ ਨਹੀਂ ਪਾਸਾਰ ਪਾਈ ਤੇ ਉਤਰ-ਆਧੁਨਿਕਤਾ ਤਾਂ ਬੜੀ ਦੂਰ ਦੀ ਗੱਲ ਹੈ। ਭਾਵੇਂ ਅਕਾਦਮਿਕ ਟਾਪੂਆਂ 'ਤੇ ਵੱਸਣ ਵਾਲ਼ੇ ਚਿੰਤਕ ਕਿੰਨੇ ਵੀ ਉਤਰ-ਆਧੁਨਿਕਤਾ ਦੇ ਭਾਰਤ ਵਿਚ ਪ੍ਰਵੇਸ਼ ਦੇ ਦਾਅਵੇ ਕਰੀ ਜਾਣ। ਚੰਨ ਉਪਰ ਕੋਠੀਆਂ ਪਾਉਣ ਦੇ ਦਾਅਵੇਦਾਰਾਂ ਲਈ ਹੀ ਆਧੁਨਿਕਤਾ ਵੀ ਟੱਪ ਗਈ ਹੈ ਅਤੇ ਉਤਰ-ਆਧੁਨਿਕਤਾ ਦਾ ਪੂਰਾ ਵਾਤਾਵਰਨ ਉਸਰਿਆ ਹੋਇਆ ਹੈ। ਭਾਰਤ ਦੇ 80% ਲੋਕਾਂ ਉਪਰ ਰਾਜ ਕਰਨ ਵਾਲ਼ੇ 20% ਲੋਕ ਤਾਂ ਹਰ ਉਤਰ-ਆਧੁਨਿਕ ਵਸਤੂ ਨੂੰ ਮਾਣ ਕੇ ਜਸ਼ਨ ਮਨਾ ਰਹੇ ਹਨ ਪਰ ਬਾਕੀ ਲੋਕਾਂ ਨੂੰ ਤਾਂ ਰੋਟੀ ਵੀ ਨਸੀਬ ਨਹੀਂ ਹੁੰਦੀ ਅਤੇ ਲਗਪਗ 36 ਕਰੋੜ ਆਬਾਦੀ ਨਾਲ਼ ਅੱਜ ਵੀ ਜਾਤ-ਪਾਤ ਦੇ ਆਧਾਰ 'ਤੇ ਨੀਵੇਂ ਮੰਨਣ ਕਾਰਨ ਵਿਤਕਰੇਬਾਜ਼ੀ ਕੀਤੀ ਜਾਂਦੀ ਹੈ। ਯੂ. ਐੱਨ. ਓ. ਦੀ ਤਾਜ਼ਾ ਰਿਪੋਰਟ ਅਨੁਸਾਰ ਭਾਰਤ ਵਿਚ 30 ਕਰੋੜ ਲੋਕ ਅੱਤ ਦੀ ਗ਼ਰੀਬੀ ਭੋਗ ਰਹੇ ਹਨ।

ਆਧੁਨਿਕਤਾ ਤਾਂ ਪਰੰਪਰਾ ਦੇ ਉਲਟ ਹੁੰਦੀ ਹੈ ਪਰ ਭਾਰਤ ਵਿਚ ਪਰੰਪਰਾ ਤਾਂ ਉਹੀ ਹੈ ਫਿਰ ਆਧੁਨਿਕਤਾ ਤੇ ਉਤਰ-ਆਧੁਨਿਕਤਾ ਕਿੱਥੋਂ ਆ ਗਈ? ਭਾਰਤ ਪਹਿਲਾਂ ਵੀ ਖੇਤੀ ਪ੍ਰਧਾਨ ਮੁਲਕ ਸੀ ਅਤੇ ਹੁਣ ਵੀ ਖੇਤੀ ਪ੍ਰਧਾਨ ਹੀ ਹੈ। ਇਸ ਵਿਚ ਅਜੇ ਪੂੰਜੀਵਾਦ ਵੀ ਪੂਰਨ ਰੂਪ ਵਿਚ ਸ਼ਾਮਿਲ ਨਹੀਂ ਹੋਇਆ। ਜਗੀਰਦਾਰੀ ਯੁੱਗ ਵਿਚ ਵੀ ਗ਼ਰੀਬ ਲੋਕ ਜਗੀਰਦਾਰਾਂ ਤੋਂ ਲੋੜਾਂ ਪੂਰੀਆਂ ਕਰਦੇ ਸਨ ਤੇ ਉਨਾਂ ਬਦਲੇ ਉਨ੍ਹਾਂ ਦਾ ਕੰਮ ਕਰਦੇ ਸਨ ਅਤੇ ਅੱਜ ਵੀ ਮਜ਼ਦੂਰ ਜਗੀਰਦਾਰਾਂ ਉਪਰ ਹੀ ਆਸ਼ਰਿਤ ਹਨ। ਪਿੰਡਾਂ ਵਿਚ ਰੱਖੇ ਜਾਂਦੇ ਸੀਰੀ ਤੇ ਬੰਧੂਆਂ ਮਜ਼ਦੂਰ ਇਸੇ ਦੀ ਹੀ ਮਿਸਾਲ ਹਨ। ਗਲੋਬਲ ਸਲੇਵਰੀ ਇੰਡੈਕਸ ਦੇ ਸਰਵੇ ਅਨੁਸਾਰ ਲਗਪਗ 2 ਕਰੋੜ ਲੋਕ ਅੱਜ ਵੀ ਗ਼ੁਲਾਮ ਹਨ।  ਪਹਿਲਾਂ ਰਾਜਾਸ਼ਾਹੀ ਦੇ ਦੌਰ ਵਿਚ ਰਾਜਾ ਪ੍ਰਜਾ ਦਾ ਮਾਲਕ ਹੁੰਦਾ ਸੀ ਤੇ ਹਰ ਪਾਸੇ ਉਸ ਦਾ ਸਿੱਕਾ ਚੱਲਦਾ ਸੀ, ਰਾਜੇ ਵਿਰੁੱਧ ਬੋਲਣ ਵਾਲ਼ੇ ਨੂੰ ਸਜ਼ਾ ਦਾ ਭਾਗੀ ਮੰਨਿਆ ਜਾਂਦਾ ਸੀ ਤੇ ਅੱਜ ਵੀ ਅਖੌਤੀ ਮਾਡਰਨ ਕਹਾਉਂਦੇ ਭਾਰਤ ਵਿਚ ਅਖੌਤੀ ਲੋਕਤੰਤਰ ਦੇ ਢੋਂਗ ਦੀ ਸੱਤਾ ਉਪਰ ਕਾਬਜ਼ ਹਾਕਮ ਰਾਜਾਸ਼ਾਹੀ ਦਾ ਹੀ ਰੂਪਾਂਤਰਣ ਹਨ। ਸੋ ਉਤਪਾਦਨ ਦੇ ਸਾਧਨ (ਆਧਾਰ) ਬਦਲਣ ਦੇ ਬਿਨਾ ਬਾਕੀ ਸੰਬੰਧਾਂ (ਉਸਾਰ) ਦਾ ਸੰਪੂਰਨ ਰੂਪ ਵਿਚ ਬਦਲਣਾ ਸੰਭਵ ਨਹੀਂ ਹੁੰਦਾ। ਅੱਤ ਦੀ ਮਹਿੰਗਾਈ ਦੇ ਜ਼ਮਾਨੇ ਵਿਚ ਦੁਨੀਆ ਵਿਚ ਅਜਿਹਾ ਕੋਈ ਦੇਸ਼ ਨਹੀਂ ਹੋਵੇਗਾ ਜੋ 28 ਰੁਪੈ ਤੇ 32 ਰੁਪੈ ਤੋਂ ਵੱਧ ਕਮਾਉਣ ਵਾਲ਼ੇ ਨੂੰ ਅਮੀਰ ਮੰਨਦਾ ਹੋਵੇ। ਵਪਾਰਕ ਸ਼ਹਿਰਾਂ ਅਤੇ ਉਤਪਾਦਨ ਦੇ ਸਾਧਨਾਂ ਦੇ ਮਾਲਕਾਂ ਤੱਕ ਸੀਮਤ ਉਚੀਆਂ ਮੰਜ਼ਿਲਾਂ ਵਾਲ਼ੇ ਘਰਾਂ, ਓ ਡੀ ਗੱਡੀਆਂ, ਜਹਾਜਾਂ ਤੇ ਰਾਜਧਾਨੀ ਦੀਆਂ ਮੈਟਰੋ ਗੱਡੀਆਂ ਤੋਂ ਅਸੀਂ ਉਤਰ-ਆਧੁਨਿਕਤਾ ਨੂੰ ਪਰਿਭਾਸ਼ਿਤ ਨਹੀਂ ਕਰ ਸਕਦੇ। ਸਾਧਨਾਂ ਦੀ ਅਸਾਵੀਂ ਵੰਡ ਤੇ ਸਭਿਆਚਾਰਕ ਭੇਦ-ਭਾਵ ਆਧੁਨਿਕਤਾ ਜਾਂ ਉਤਰ-ਆਧੁਨਿਕਤਾ ਦਾ ਸੰਪੂਰਨ ਮਾਹੌਲ ਕਦੇ ਨਹੀਂ ਸਿਰਜ ਸਕਦੀ। ਇਹ ਸਿਰਫ਼ ਰਈਸ-ਪੱਖੀ ਚਿੰਤਨ ਦੇ ਵਰਤਾਰੇ ਹਨ।

ਭਾਰਤ ਕੋਈ ਪੂੰਜੀਵਾਦੀ ਦੇਸ਼ ਨਹੀਂ ਬਲਕਿ ਅਰਧ-ਪੂੰਜੀਵਾਦੀ ਦੇਸ਼ ਹੈ ਜਿਥੇ ਅੱਜ ਵੀ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਨਹੀਂ, ਕੰਮਾਂ ਵਿਚ ਵਿਹਾਰਕਤਾ ਨਹੀਂ, ਪਰੰਪਰਾਵਾਂ ਅਜੇ ਵੀ ਟੁੱਟੀਆਂ ਨਹੀਂ, ਜਾਤ-ਪਾਤ ਤੇ ਧਰਮ ਦੀਆਂ ਗੰਢਾਂ ਅੱਜ ਵੀਂ ਪੀਚੀਆਂ ਹੋਈਆਂ ਹਨ। ਜਦਕਿ ਇਹ ਸਭ ਆਧੁਨਿਕ ਸਮਾਜ ਵਿਚ ਮੌਜੂਦ ਹੋਣਾ ਕਈ ਸ਼ੰਕੇ ਖੜ੍ਹੇ ਕਰਦਾ ਹੈ। ਦਾਜ ਪ੍ਰਥਾ ਇਕ ਮੱਧਕਾਲੀ ਜਗੀਰੂ ਪ੍ਰਥਾ ਹੈ ਜਿਸ ਦਾ ਪ੍ਰਚਲਣ ਅੱਜ ਵੀ ਜਾਰੀ ਹੈ ਤੇ ਦਾਜ ਨਾ ਦੇ ਸਕਣ ਵਾਲਿਆਂ ਦੀ ਧੀ ਨੂੰ ਸਹੁਰੇ ਪਰਿਵਾਰ ਵਾਲਿਆਂ ਦੁਆਰਾ ਤੇਲ ਪਾ ਕੇ ਅੱਗ ਲਾਉਣ ਜਾਂ ਜ਼ਹਿਰ ਦੇ ਮਾਰਨ ਦੀਆਂ ਘਟਨਾਵਾਂ ਜਗੀਰੂ ਸਿਸਟਮ ਦੀ ਹੀ ਦੇਣ ਹਨ। ਮਾਦਾ ਭਰੂਣ ਹੱਤਿਆ ਦੇ ਭਾਰਤ ਵਿਚ ਸੈਂਕੜੇ ਕੇਸ ਰੋਜ਼ ਸਾਹਮਣੇ ਆਉਂਦੇ ਹਨ। ਅਣਖ ਖਾਤਰ ਕਤਲ ਦੇ ਲਗਪਗ 10000 ਕੇਸ ਹਰ ਸਾਲ ਸਾਹਮਣੇ ਆਉਂਦੇ ਹਨ। ਇਕ ਰਿਕਾਰਡ ਅਨੁਸਾਰ ਹਰ 2 ਮਿੰਟ ਵਿਚ ਔਰਤਾਂ ਨਾਲ਼ ਛੇੜਛਾੜ ਤੇ ਬਲਾਤਕਾਰ ਦੀਆਂ ਘਟਨਾਵਾਂ ਵਾਪਰਦੀਆਂ ਹਨ ਤੇ ਅਜਿਹੀਆਂ ਘਟਨਾਵਾਂ ਵਿਚ ਦੇਸ਼ ਦੀ ਆਜ਼ਾਦੀ ਦੇ ਸਮੇਂ ਤੋਂ ਲਗਪਗ 1000 ਗੁਣਾ ਵਾਧਾ ਹੋਇਆ ਹੈ ਜੋ ਮਨੁੱਖ ਦੀ ਜਾਂਗਲੀ ਮਾਨਸਿਕਤਾ ਦਾ ਹੀ ਸਿੱਟਾ ਹਨ। ਸਾਲ 2014 ਦੇ ਬੀਤੇ 5 ਮਹੀਨਿਆਂ ਵਿਚ ਹੀ 161 ਦਲਿਤ ਔਰਤਾਂ ਨਾਲ਼ ਬਲਾਤਕਾਰ ਦੇ ਕੇਸ ਦਰਜ ਹੋਏ ਹਨ ਤੇ ਨਾ ਦਰਜ ਹੋਏ ਕੇਸ ਵੀ ਹਜ਼ਾਰਾਂ ਹੋਣਗੇ। ਅਜਿਹੀ ਹਾਲਤ ਵਿਚ ਭਾਰਤ ਮਹਾਨ ਕਿਵੇਂ ਹੋ ਸਕਦਾ ਹੈ ਜਿੱਥੇ ਆਮ ਲੋਕਾਂ ਦੀ ਸੁਰੱਖਿਆ ਕਿਤੇ ਵੀ ਯਕੀਨੀ ਨਹੀਂ।
 
ਇਸੇ ਤਰ੍ਹਾਂ ਭਾਰਤ ਵਿਚ ਜਾਤ-ਪਾਤ ਦਾ ਇਤਿਹਾਸ ਹਜ਼ਾਰਾਂ ਸਦੀਆਂ ਪੁਰਾਣਾ ਹੈ। ਬ੍ਰਾਹਮਣ, ਖੱਤਰੀ, ਵੈਸ਼ ਤੇ ਸ਼ੂਦਰ ਦੀ ਵੰਡ ਅੱਜ ਤਾਈਂ ਖਤਮ ਨਹੀਂ ਹੋਈ। ਭਾਰਤ ਵਿਚਲੀ ਹਿੰਦੂ ਜਾਤੀ  ਆਪਣੇ ਆਪ ਨੂੰ ਬ੍ਰਹਮਾ ਦੇ ਮੁੱਖ ਤੋਂ ਪੈਦਾ ਹੋਈ ਉਚ ਜਾਤੀ ਸਮਝਦੀ ਹੈ ਅਤੇ ਸੂਦਰਾਂ ਨੂੰ ਬ੍ਰਹਮਾਂ ਦੇ ਪੈਰਾਂ ਚੋਂ ਪੈਦਾ ਹੋਈ ਮਲੀਨ ਜਾਤੀ ਮੰਨਦੀ ਹੈ। ਇਹ ਜਾਤੀਵਾਦੀ ਸੋਚ ਅੱਜ ਤੱਕ ਨਹੀਂ ਗਈ ਜੋ ਕਿ ਭਾਰਤ ਦੇ ਮੰਦਰਾਂ, ਗੁਰਦੁਆਰਿਆਂ ਵਿਚ ਦਲਿਤਾਂ ਨੂੰ ਨਾ ਵੜਨ ਦੇਣ ਦੇ ਵੱਡੇ-ਵੱਡੇ ਬੈਨਰਾਂ ਰਾਹੀਂ, ਸਮਾਜਿਕ ਬਾਈਕਾਟਾਂ ਰਾਹੀਂ, ਦਲਿਤ ਲੜਕੇ ਦੇ ਕਿਸੇ ਹੋਰ ਜਾਤੀ ਨਾਲ਼ ਬਣੇ ਪ੍ਰੇਮ ਸੰਬੰਧਾਂ ਕਾਰਨ ਕਤਲ ਕਰ ਦੇਣ ਰਾਹੀਂ ਤੇ ਸਮਾਜ ਵਿਚ ਵਿਚਰਦਿਆਂ ਆਮ ਵਰਤੋਂ-ਵਿਹਾਰ ਵਿਚ ਉਨ੍ਹਾਂ ਨਾਲ਼ ਮੇਲ-ਵਰਤਾਓ ਰਾਹੀਂ ਸਾਡੇ ਸਾਹਮਣੇ ਆਉਂਦੀ ਹੈ। ਰਾਸ਼ਟਰੀ ਅਪਰਾਧ ਬਿਊਰੋ ਦੀ 2006 ਦੀ ਰਿਪੋਰਟ ਅਨੁਸਾਰ ਦਲਿਤਾਂ ਤੇ 27027 ਜੁਲਮ ਹੋਏ, ਹਰ ਹਫਤੇ 13 ਦਲਿਤਾਂ ਦਾ ਕਤਲ, 6 ਦਾ ਅਪਹਰਣ, 3 ਔਰਤਾਂ ਦਾ ਰੇਪ, 11 ਉਪਰ ਤਸ਼ੱਦਦ, ਹਰ 18 ਮਿੰਟ ਵਿਚ ਇਕ ਦਲਿਤ ਤੇ ਅਤਿਆਚਾਰ ਅਤੇ 5 ਦਲਿਤਾਂ ਦੇ ਘਰ-ਬਾਰ ਸਾੜ ਕੇ ਸੁਆਹ ਕੀਤੇ ਗਏ। ਭਾਰਤ ਦਾ ਅੰਨ੍ਹਾ ਕਾਨੂੰਨ ਕੇਵਲ 2% ਅਪਰਾਧੀਆਂ ਨੂੰ ਹੀ ਸਜ਼ਾ ਦਿੰਦਾ ਹੈ। ਇਸੇ ਤਰ੍ਹਾਂ ਮਹਾਂਰਾਸ਼ਟਰ ਵਿਚ ਗੋਬਿੰਦ ਗਰੇ ਤੇ ਸ਼ੀਰੀਭਾਲਮਿਆਂ ਵੱਲੋਂ 206 ਪਿੰਡਾਂ ਵਿਚ ਦਲਿਤਾਂ ਦੀ ਸਥਿਤੀ ਬਾਰੇ ਕੀਤੇ ਅਧਿਐਨ ਤੋਂ ਪਤਾ ਲੱਗਦਾ ਹੈ ਕਿ 90% ਦਲਿਤ ਹੁਣ ਵੀ ਪਿੰਡਾਂ ਤੋਂ ਬਾਹਰ ਰਹਿੰਦੇ ਹਨ  ਅਤੇ ਸਿਰਫ਼ 47 ਪਿੰਡਾਂ ਵਿਚ ਜਨਤਕ ਖੂਹਾਂ ਤੋਂ ਪਾਣੀ ਭਰਨ ਅਤੇ 52 ਪਿੰਡਾਂ ਵਿਚ ਮੰਦਰਾਂ ਵਿਚ ਦਾਖਲੇ ਦੀ ਆਗਿਆ ਸੀ ਬਾਕੀ 'ਤੇ ਨਹੀਂ। ਪੰਜਾਬ ਵਿਚ ਫਿਰੋਜ਼ਪੁਰ ਜ਼ਿਲ੍ਹੇ ਪਿੰਡ ਮੋਠਾਂਵਾਲਾ ਵਿਚ, ਤਰਨਤਾਰਨ ਦੇ ਪੱਧਰੀ ਕਲਾਂ ਵਿਚ, ਸੰਗਰੂਰ ਦੇ ਬਾਉਪੁਰ, ਬੱਲਰਾਂ, ਛਾਹੜ, ਬੰਗਾਂ, ਮਹਾਂ ਸਿੰਘ ਵਾਲਾ ਆਦਿ ਕਈ ਪਿੰਡਾਂ ਵਿਚ ਅਖੌਤੀ ਸਿੱਖ ਜ਼ਿਮੀਦਾਰਾਂ ਵੱਲੋਂ ਕੀਤੇ ਗਏ ਸਮਾਜਿਕ ਬਾਈਕਾਟ ਦੇਸ਼ ਵਿਚ ਜਾਤ-ਪਾਤ ਤੇ ਛੂਤ-ਛਾਤ ਦੀਆਂ ਚੀਕ-ਚੀਕ ਕੇ ਗਵਾਹੀਆਂ ਭਰਦੀਆਂ ਮਿਸਾਲਾਂ ਹਨ। ਅੱਜ ਵੀ ਉਚ ਜਾਤੀ ਪਰਿਵਾਰ ਦਲਿਤਾਂ ਵਿਚ ਵਿਆਹ-ਸ਼ਾਦੀ ਨਹੀਂ ਰਚਾਉਂਦਾ।

ਭਾਰਤ ਵਿਚ ਸਾਧਨਾਂ ਦੀ ਅਸਾਵੀਂ ਵੰਡ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਜਨਮ ਦੇ ਰਹੀ ਹੈ, ਬਹੁਤ ਸਾਰੇ ਅਪਰਾਧਾਂ ਪਿੱਛੇ ਵੀ ਮੂਲ ਕਾਰਨ ਗ਼ਰੀਬੀ ਹੀ ਹੈ। ਕਾਮਰੇਡ ਲੈਨਿਨ ਦਾ ਕਹਿਣਾ ਹੈ ਕਿ ''ਹਾਕਮ ਜਮਾਤਾਂ ਹਮੇਸ਼ਾਂ ਉਸ ਵਰਤਾਰੇ ਨੂੰ ਬਚਾ ਕੇ ਰੱਖਦੀਆਂ ਹਨ ਜੋ ਉਨ੍ਹਾਂ ਦੇ ਹਿੱਤ ਪੂਰਦਾ ਹੈ।'' ਇਹ ਜਾਤ-ਪਾਤ ਦੀ ਵਿਵਸਥਾ ਤੇ ਹੋਰ ਸਾਰੀਆਂ ਵੰਡੀਆਂ ਹਾਕਮ ਧਿਰਾਂ ਦੀ ਕੋਝੀ ਰਾਜਨੀਤੀ ਵਿਚੋਂ ਹੀ ਪੈਦਾ ਹੁੰਦੀਆਂ ਹਨ ਜੋ ਭਾਰਤ ਵਿਚ ਲਗਪਗ ਹਜ਼ਾਰਾਂ ਸਾਲ ਪੁਰਾਣੀ ਹੈ ਉਦਾਹਰਨ ਵਜੋਂ ਦੇਸ਼ ਵਿਚ ਬਹੁਮਤ ਹਾਸਲ ਕਰਨ ਵਾਲੀ ਭਾਜਪਾ ਦੀ ਮੋਦੀ ਸਰਕਾਰ ਵੀ ਰੁਪਏ ਦੇ ਨਾਲ਼-ਨਾਲ਼ ਜਾਤ ਤੇ ਧਰਮ ਆਧਾਰਿਤ ਵੋਟ ਬੈਂਕ ਰਾਹੀਂ ਹੀ ਬਹੁਮਤ ਹਾਸਲ ਕਰਕੇ ਦੇਸ਼ ਦੀ ਸੱਤਾ ਉਪਰ ਕਾਬਜ਼ ਹੋਈ ਹੈ। ਭਾਜਪਾ ਦੀ ਸੱਜੀ ਬਾਂਹ ਆਰ. ਐੱਸ. ਐੱਸ. ਦੁਆਰਾ 'ਲਵ ਜੇਹਾਦ', 'ਘਰ ਵਾਪਸੀ', 'ਮਿਥਿਹਾਸ ਨੂੰ ਇਤਿਹਾਸ ਵਿਚ ਤਬਦੀਲ ਕਰਨ', 'ਸੰਵਿਧਾਨ ਵਿਚੋਂ ਧਰਮ-ਨਿਰਪੱਖ ਸ਼ਬਦ ਕੱਢਣ' ਆਦਿ ਦੇ ਸਭ ਯਤਨ ਆਧੁਨਿਕ ਸੋਚ ਦੇ 'ਸੰਕਲਪ' ਕਦੇ ਨਹੀਂ ਹੋ ਸਕਦੇ। ਆਧੁਨਿਕਤਾ ਅਤੇ ਉਤਰ-ਆਧੁਨਿਕਤਾ 'ਵਿਚਾਰ ਪ੍ਰਗਟਾਉਣ ਦੀ' ਖੁੱਲ਼ੀ ਛੋਟ ਦਿੰਦੀ ਹੈ ਪਰ ਇਹ ਆਜ਼ਾਦੀ ਸਾਰੇ ਦੇਸ਼ਾਂ ਵਿਚਲੇ ਆਮ ਲੋਕਾਂ ਨੂੰ ਪ੍ਰਾਪਤ ਨਹੀਂ। ਭਾਰਤ ਦੇ ਸੰਵਿਧਾਨ ਵਿਚ ਤਾਂ ਇਹ ਮਨੁੱਖੀ ਅਧਿਕਾਰਾਂ ਵਿਚ ਸ਼ਾਮਲ ਮਦ ਹੈ ਪਰ ਸ਼ਾਂਤੀਮਈ ਢੰਗ ਨਾਲ਼ ਆਪਣੇ ਹੱਕ ਮੰਗਦੇ ਬੇਰੁਜ਼ਗਾਰਾਂ ਤੇ ਨਿਆਂ-ਪਸੰਦਾਂ ਉਪਰ ਹਰ ਸਾਲ ਹਜ਼ਾਰਾਂ ਕੇਸ ਦਰਜ ਹੁੰਦੇ ਹਨ ਤੇ ਉਨ੍ਹਾਂ ਦੀ ਹੱਕੀ ਅਵਾਜ਼ ਨੂੰ ਦਬਾਉਣ ਲਈ ਹਰ ਯਤਨ ਕੀਤੇ ਜਾਂਦੇ ਹਨ। ਮਹਾਰਾਸ਼ਟਰ ਵਿਚ ਤਰਕਸ਼ੀਲ ਵਿਚਾਰਾਂ ਦੇ ਧਾਰਨੀ ਨਰਿੰਦਰ ਦਾਬੋਲਕਰ ਦੀ ਹੱਤਿਆ ਇਸੇ ਕਾਰਨ ਫਾਸ਼ੀਵਾਦੀ ਤਾਕਤਾਂ ਨੇ ਕਰ ਦਿੱਤੀ ਗਈ ਕਿਉਂਕਿ ਉਹ ਤਰਕਸ਼ੀਲ ਵਿਚਾਰਾਂ ਦਾ ਪ੍ਰਚਾਰ ਕਰ ਰਿਹਾ ਸੀ।

ਤਕਨੀਕ ਦੇ ਪੱਖ ਤੋਂ ਜੇਕਰ ਵੇਖਿਆ ਜਾਵੇ ਤਾਂ ਆਧੁਨਿਕਤਾ ਤੇ ਉਤਰ-ਆਧੁਨਿਕਤਾ ਦੇ ਸੰਕਲਪ ਭਾਰਤ ਵਿਚ ਖਰੇ ਨਹੀਂ ਉਤਰਦੇ। ਭਾਰਤ ਦੇ ਲਗਪਗ 5% ਇਲਾਕਿਆਂ ਵਿਚ ਅਜੇ ਵੀ ਬਿਜਲੀ ਨਹੀਂ ਪਹੁੰਚੀ, ਧੂੜ ਭਰੇ ਰਾਹ ਹਨ। ਕੰਪਿਊਟਰ ਵਰਗੇ ਹੋਰ ਇਲੈਕਟ੍ਰੋਨਿਕ ਯੰਤਰ੍ਹਾਂ ਬਾਰੇ ਤਾਂ ਕਈ ਪੇਂਡੂ ਤੇ ਆਦਿਵਾਸੀ ਲੋਕਾਂ ਨੂੰ ਅਜੇ ਤੱਕ ਪਤਾ ਨਹੀਂ ਕਿ ਇਹ ਕਿਹੜੀ ਬਲਾ ਦਾ ਨਾਮ ਹੈ। ਉਨ੍ਹਾਂ ਲਈ ਤਾਂ ਕੋਈ ਪਟਿਆਲਾ ਸਲਵਾਰ ਕੁੜਤੀ ਪਹਿਨੀ ਕੁੜੀ ਹੀ ਮਾਡਰਨ ਹੈ ਜਾਂ ਫਿਰ ਕੋਈ ਮੋਟਰ ਸਾਈਕਲ ਤੇ ਜਾ ਰਿਹਾ ਵਿਅਕਤੀ ਤੇ ਸ਼ਹਿਰੀ। ਅੱਜ ਦੇ ਮਾਡਰਨ ਕਹਾਉਂਦੇ ਕੁੜੀਆਂ-ਮੁੰਡੇ ਵੀ ਲੀੜੇ-ਕੱਪੜੇ ਤੋਂ ਹੀ ਮਾਡਰਨ ਹਨ 5% ਨੂੰ ਛੱਡ ਕੇ ਬਾਕੀ ਦੇ ਦਿਮਾਗ ਪਰੰਪਰਾਗਤ ਕਿਰਕ ਨਾਲ਼ ਭਰੇ ਪਏ ਹਨ। ਧਰਮ ਤੇ ਪਰੰਪਰਾ ਦਾ ਇੰਨਾ ਜ਼ਿਆਦਾ ਪ੍ਰਭਾਵ ਹੈ ਕਿ ਕੁਝ ਪਰੰਪਰਾਵਾਦੀ ਲੋਕ ਤਕਨੀਕ ਦਾ ਇਸਤੇਮਾਲ ਕਰਨੋਂ ਵੀ ਗੁਰੇਜ਼ ਕਰਦੇ ਹਨ ਜਾਂ ਫਿਰ ਗ਼ਰੀਬੀ ਪੱਖੋਂ ਅੱਜ ਵੀ ਬਹੁਤੀ ਥਾਈਂ ਬਲਦਾਂ ਨਾਲ਼ ਖੇਤੀ ਕੀਤੀ ਜਾਂਦੀ ਹੈ, ਸਿਰਾਂ ਤੇ ਮੈਲਾ ਢੋਇਆ ਜਾਂਦਾ ਹੈ, ਹੱਥਾਂ ਨਾਲ਼ ਫਸਲ ਕਟਾਈ ਤੇ ਕਢਾਈ ਕੀਤੀ ਜਾਂਦੀ ਹੈ। ਇਸ ਤੋਂ ਇਹ ਵੀ ਸਿੱਧ ਹੁੰਦਾ ਹੈ ਕਿ ਆਧੁਨਿਕ ਤੇ ਉਤਰ-ਆਧੁਨਿਕ ਕਹਾਉਂਦੀ ਮਸ਼ੀਨਰੀ ਤੇ ਹੋਰ ਸਾਧਨਾਂ ਤੱਕ ਆਮ ਲੋਕਾਂ ਦੀ ਪਹੁੰਚ ਵੀ ਨਹੀਂ ਹੈ ਜਿਸ ਕਾਰਨ ਉਨ੍ਹਾਂ ਲਈ ਇਸ ਦਾ ਕੋਈ ਮਹੱਤਵ ਨਹੀਂ ਰਹਿ ਜਾਂਦਾ। ਸਭਿਆਚਾਰਕ ਕਦਰਾਂ-ਕੀਮਤਾਂ, ਜਾਦੂ-ਟੂਣਾ, ਵਹਿਮ-ਭਰਮ, ਅਨੁਸ਼ਠਾਣ, ਰੀਤੀ-ਰਿਵਾਜ ਤੇ ਹੋਰ ਅਜਿਹੀਆਂ ਗਤੀਵਿਧੀਆਂ ਦੀ ਪਰੰਪਰਾ ਸੰਪੂਰਨ ਰੂਪ ਵਿਚ ਅੱਜ ਤੱਕ ਨਹੀਂ ਬਦਲ ਪਾਈ ਉਲਟਾ ਮੀਡੀਆ ਰਾਹੀਂ ਦੁੱਖਾਂ ਨੂੰ ਦੂਰ ਕਰਨ ਵਾਲ਼ੇ ਸ਼ਕਤੀ ਵਾਲ਼ੇ ਤਵੀਤਾਂ/ਮੂਰਤੀਆਂ/ਮੁੰਦਰੀਆਂ ਦਾ ਪ੍ਰਚਾਰ ਦਿਨੋ-ਦਿਨ ਜ਼ੋਰ ਫੜ੍ਹਦਾ ਜਾ ਰਿਹਾ ਹੈ। ਹੁਣ ਤਾਂ ਸ਼ੋਸ਼ਲ ਮੀਡੀਆ ਤੇ ਪ੍ਰਿੰਟ ਮੀਡੀਆ ਰਾਹੀਂ ਮੁਰਦੇ ਜ਼ਿੰਦਾ ਕਰਾਉਣ ਦੀਆਂ ਮਸ਼ਹੂਰੀਆਂ ਵੀ ਸਾਹਮਣੇ ਆਉਣ ਲੱਗੀਆਂ ਹਨ। ਆਧੁਨਿਕਤਾਵਾਦੀਆਂ ਦੀ ਪਰਿਭਾਸ਼ਾ ਵਿਚ ਇਹ ਆਧੁਨਿਕਤਾ ਦੇ ਲੱਛਣ ਨਹੀਂ ਮੰਨੇ ਜਾ ਸਕਦੇ।

ਸਾਹਿਤ ਦੇ ਖੇਤਰ ਵਿਚ ਸਾਡੇ ਮੁੱਢਲੇ ਆਲੋਚਕਾਂ ਤੇ ਸਾਹਿਤਕਾਰਾਂ ਨੇ ਪਰੰਪਰਾਮਈ ਢੰਗਾਂ ਨਾਲ਼ ਸਾਹਿਤ ਨੂੰ ਵੇਖਿਆ। ਪੀ. ਐੱਚ. ਡੀ ਤੱਕ ਦੀ ਉਚ ਡਿਗਰੀ ਪ੍ਰਾਪਤ ਵਿਦਵਾਨ ਵੀ ਸਾਹਿਤ ਵਿਚ ਆਧੁਨਿਕਤਾ ਤੇ ਉਤਰ-ਆਧੁਨਿਕਤਾ ਦੇ ਸ਼ਾਮਿਲ ਹੋਣ ਜਾਂ ਨਾ ਹੋਣ ਬਾਰੇ ਟਫਲ਼ਾ ਖਾਂਦੇ ਵੇਖੇ ਗਏ ਹਨ। ਕਈ ਆਲੋਚਕ ਤਾਂ ਗੁਰਬਾਣੀ ਵਿਚ ਵੀ ਉਤਰ-ਆਧੁਨਿਕਤਾ ਨੂੰ ਲੱਭਦੇ ਫਿਰਦੇ ਹਨ। ਸੋ ਅਜਿਹੇ ਆਲੋਚਕਾਂ ਤੇ ਇਤਿਹਾਸਕਾਰਾਂ ਨੂੰ ਵੀ ਆਪਣੇ ਖੋਜ ਖੇਤਰ ਵਿਚ ਪੁਨਰ-ਘੋਖ ਕਰਨੀ ਚਾਹੀਦੀ ਹੈ।

ਇਸ ਤਰ੍ਹਾਂ ਸਿੱਧ ਹੈ ਕਿ ਭਾਰਤ ਵਿਚ ਆਮ ਲੋਕਾਂ ਲਈ ਆਧੁਨਿਕਤਾ ਅਜੇ ਤੱਕ ਪੈਰ ਪਸਾਰ ਰਹੀ ਹੈ, ਕਿਉਂਕਿ ਅਜੇ ਤੱਕ ਲੋਕਾਂ ਤੱਕ ਪਾਣੀ, ਬਿਜਲੀ, ਸਿਹਤ, ਉਦਯੋਗ, ਵਸੇਬੇ ਤੇ ਕੰਮ-ਧੰਦੇ ਦੀ ਸਹੂਲਤ ਤੋਂ ਇਲਾਵਾ ਵਿਚਾਰ ਪ੍ਰਗਟਾਵੇ ਦਾ ਅਧਿਕਾਰ, ਜੀਵਨ ਸਾਥੀ ਦੀ ਚੋਣ ਦਾ ਅਧਿਕਾਰ, ਆਦਿ ਦੀ ਕੋਈ ਸੁਤੰਤਰਤਾ ਨਹੀਂ ਹੈ। ਇੰਨਾ ਜ਼ਰੂਰ ਹੈ ਕਿ ਕੁਝ ਜਗੀਰਦਾਰੀ ਤੇ ਸਾਮੰਤੀ ਰਿਸ਼ਤੇ ਹੌਲ਼ੀ-ਹੌਲ਼ੀ ਟੁੱਟ ਰਹੇ ਹਨ ਪਰ ਅਜੇ ਅਜਿਹਾ ਵੀ ਨਹੀਂ ਹੋਇਆ ਹੈ ਕਿ ਇੱਥੇ ਜਾਤ-ਪਾਤ, ਧਰਮ ਪ੍ਰਭੂਤਾ, ਉਚ ਵਰਗ ਦਾ ਦਾਬਾ, ਜਾਂਗਲੀ ਬਲਾਤਕਾਰੀ ਮਾਨਸਿਕਤਾ ਆਦਿ ਸਭ ਖ਼ਤਮ ਹੋ ਚੁੱਕਾ ਹੈ। ਇਹ ਵੀ ਸਿੱਧ ਹੈ ਕਿ ਦੇਸ਼ ਦੇ 20 ਕੁ ਪ੍ਰਤੀਸ਼ਤ ਰਈਸ ਲੋਕਾਂ ਲਈ ਤਾਂ ਆਧੁਨਿਕਤਾ ਵਾਕਅ ਹੀ ਆ ਕੇ ਲੰਘ ਵੀ ਗਈ ਹੈ ਤੇ ਉਹ ਹੁਣ ਉਤਰ-ਆਧੁਨਿਕਤਾ ਦੇ ਨੈਨੋ-ਤਕਨੀਕ ਦੇ ਦੌਰ ਵਿਚ ਜਸ਼ਨ ਮਨਾ ਰਹੇ ਹਨ, ਪਾਣੀਆਂ ਤੇ ਚੰਨ ਉਪਰ ਕੋਠੀਆਂ ਪਾ ਰਹੇ ਹਨ ਪਰ ਆਮ ਲੋਕਾਂ ਦੀ ਜ਼ਿੰਦਗੀ ਵਿਚ ਇਹ ਅਜੇ ਜ਼ਮੀਨ ਅਸਮਾਨ ਦੇ ਵੱਡੇ ਫ਼ਰਕ ਵਾਲ਼ੀਆਂ ਗੱਲਾਂ ਹੀ ਹਨ।

1 ਇਹ ਸੰਦਰਭ ਸਾਰੇ ਹਿੰਦੂਆਂ ਲਈ ਨਹੀਂ ਹੈ।

2  ਇਹੋ ਸਥਿਤੀ ਪੰਜਾਬ ਵਿਚ ਵੀ ਹੈ ਤੇ ਦਲਿਤਾਂ ਨੂੰ ਪਿੰਡਾਂ ਤੇ ਨਗਰਾਂ ਵਿਚ ਵੀ ਬਸਤੀਆਂ ਦੇ ਰੂਪ ਵਿਚ ਪਿੰਡਾਂ ਤੇ ਨਗਰਾਂ ਤੋਂ ਬਾਹਰ ਹੀ ਰੱਖਿਆ ਜਾਂਦਾ ਹੈ।


ਸੰਪਰਕ: +91 95012 05169

Comments

Security Code (required)Can't read the image? click here to refresh.

Name (required)

Leave a comment... (required)

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ