Wed, 17 January 2018
Your Visitor Number :-   1131453
SuhisaverSuhisaver Suhisaver
ਇਸ ਸਾਲ ਦਾ ‘ਸੂਹੀ ਸਵੇਰ ਮੀਡੀਆ ਐਵਾਰਡ’ ਬੂਟਾ ਸਿੰਘ ਅਤੇ ਮਹਿੰਦਰ ਸਿੰਘ ਮਾਨੂੰਪੁਰੀ ਨੂੰ !               ਲਾਲੂ ਯਾਦਵ ਸਜ਼ਾ ਖ਼ਿਲਾਫ਼ ਹਾਈ ਕੋਰਟ ਪੁੱਜੇ               ਹਿੰਦੀ ਲੇਖਕ ਦੂਧਨਾਥ ਸਿੰਘ ਦਾ ਦੇਹਾਂਤ              

ਪਾਕਿਸਤਾਨੀ ਸ਼ਿਵ ਕੁਮਾਰ ਦੀ ਕਿਤਾਬ ਦਾ ਸਵਾਗਤ ਹੈ

Posted on:- 08-06-2017

suhisaver

- ਗੁਰਭਜਨ ਗਿੱਲ

ਲੱਗਭੱਗ ਵੀਹ ਸਾਲ ਪਹਿਲਾਂ ਪੱਤਰਕਾਰਾਂ  ਦੇ ਇੱਕ ਜਥੇ ਚ ਅਫ਼ਜਲ ਸਾਹਿਰ ਲੁਧਿਆਣੇ ਆਇਆ ਸੀ। ਪੂਰੇ ਕਰੰਟ ਵਾਲਾ ਪੰਜਾਬੀ ਕਵੀ। ਬੋਲਦਾ ਤਾਂ ਚੰਗਿਆੜੇ ਨਿਕਲਦੇ ਪ੍ਰਤੀਤ ਹੁੰਦੇ।  ਨਿਰੀ ਅਗਨ। ਲੋਕ ਓਧਰ ਉਸ ਨੂੰ ਸ਼ਿਵ ਕੁਮਾਰ ਕਹਿਣ ਲੱਗ ਪਏ ਸਨ। ਲੋਕ ਅੰਦਾਜ਼ ਦੀ ਕਵਿਤਾ ਕਰਕੇ। 2003 ’ਚ ਲਾਹੌਰ ’ਚ ਹੋਈ ਵਿਸ਼ਵ ਪੰਜਾਬੀ ਕਾਨਫਰੰਸ ਚ ਅਸੀਂ ਗਏ ਤਾਂ ਅਫ਼ਜ਼ਲ ਸਾਹਿਰ ਧਾਹ ਗਲਵੱਕੜੀ ਪਾ ਕੇ ਮਿਲਿਆ। ਨਾਲ ਜ਼ੋਇਆ ਸੀ। ਕਹਾਣੀਕਾਰ। ਦੋਵੇਂ ਇੱਕ ਦੂਜੇ ਦੇ ਪਰਛਾਵੇਂ।

ਕਾਨਫਰੰਸ ਪ੍ਰਬੰਧਕਾਂ ਨਾਲ ਤਾਂ ਘੁੱਟੇ ਵੱਟੇ ਲੱਗਦੇ ਸਨ ਪਰ ਸਾਡੇ ਨਾਲ ਪੁਰਾਣੀ ਵਾਕਫ਼ੀ ਕਾਰਨ ਘਿਉ ਖਿਚੜੀ ਸਨ। ਅਫ਼ਜ਼ਲ ਹੀ ਮੈਨੂੰ ਤੇ ਸੁਖਦੇਵ ਨੂੰ ਨਜਮ ਹੁਸੈਨ ਸੱਯਦ ਨੂੰ ਮਿਲਾਉਣ ਖਾਤਰ ਨੈਸ਼ਨਲ ਲਾਇਬਰੇਰੀ ਲੈ ਕੇ ਗਿਆ। ਉਹ ਉਥੋਂ ਨਿਕਲ ਚੁੱਕੇ ਸਨ। ਫਿਰ ਉਸ ਬੋਹੜ ਥੱਲੇ ਗਏ ਜਿੱਥੇ ਉਹ ਘਰ ਪਰਤਣੋਂ ਪਹਿਲਾਂ ਘੰਟਾ ਕੁ ਬੈਠਦੇ ਸਨ। ਉਹ ਓਥੇ ਵੀ ਨਾ ਮਿਲੇ। ਫਿਰ ਅਸਾਂ ਸੱਯਦ ਜੀ ਦੇ ਘਰ ਵੱਲ ਚਾਲੇ ਪਾ ਲਏ। ਉਹ ਘਰ ਨਹੀਂ ਸਨ ਪੁੱਜੇ। ਘਰੋਂ ਚਾਹ ਪੀ ਕੇ ਮੈਂ ਉਹ ਧਾਰੀਵਾਲ ਵਾਲੀ ਲੋਈ ਸੱਯਦ ਜੀ ਦੀ ਬੇਗਮ ਨੂੰ ਸੌਂਪੀ ਜੋ ਮੈਂ ਲੁਧਿਆਣਿਓਂ ਲੈ ਕੇ ਗਿਆ ਸਾਂ। ਸੱਯਦ ਸਾਹਿਬ ਕਿਸੇ ਤੋਂ ਕੁਝ ਨਹੀਂ ਲੈਂਦੇ। ਪਰ ਮੈਂ ਤਾਂ ਵਟਾਲੇ ਦੇ ਸਾਕੋਂ ਲੈ ਕੇ ਗਿਆ ਸਾਂ, ਪੂਰੇ ਵਟਾਲੇ ਵੱਲੋਂ, ਆਪਣੇ ਵੱਡੇ ਵਡੇਰੇ ਲਈ। ਜੀਊਂਦੇ ਪੰਜਾਬੀ ਚਿੰਤਕਾਂ ਚੋਂ ਪਰਮੁੱਖ ਨਜਮ ਹੁਸੈਨ ਸੱਯਦ ਲਈ, ਜੋ ਵੰਡ ਵੇਲੇ ਵਟਾਲਿਓਂ ਉੱਜੜ ਕੇ ਗਿਆ ਸੀ, ਮੇਰੇ ਮਾਪਿਆਂ ਵਾਂਗ , ਜੋ ਨਾਰੋਵਾਲ ਤੋਂ ਉੱਜੜ ਕੇ ਰਾਵੀ ਪਾਰ ਆਏ ਸਨ।

ਬੇਗਮ ਦੀ ਝਿਜਕ ਸਮਝ ਆ ਰਹੀ ਸੀ। ਅਫ਼ਜ਼ਲ ਸਾਹਿਰ ਨੇ ਵਿੱਚ ਵਿਚਾਲਾ ਕੀਤਾ ਅਖੇ ! ਸ਼ਾਹ ਜੀ ਗ਼ੁੱਸੇ ਹੋਣਗੇ ਤਾਂ ਮੈਂ ਲੋਈ ਲੈ ਜਾਵਾਂਗਾ। ਘਬਰਾਓ ਨਾ। ਸ਼ਿਵ ਕੁਮਾਰ ਦੇ ਵਤਨੋਂ ਆਇਆ ਤੋਹਫਾ ਹੈ। ਸ਼ਾਹਤਾਜ਼ ਹੋਟਲ ਚ ਉਹ ਸਾਨੂੰ ਮਿਲਣ ਆਉਂਦਾ। ਮੇਰੀ ਤੇ ਸੁਖਦੇਵ ਦੀ ਪੱਗ ਸਿਰ ਤੇ ਧਰ ਕੇ ਸੁਖਵਿੰਦਰ ਅੰਮ੍ਰਿਤ ਦੇ ਕਮਰੇ ’ਚ ਜ਼ੋਇਆ ਸਮੇਤ ਜਾ ਵੜਿਆ। ਦੋਹਾਂ ਦੇ ਸਿਰ ਤੇ ਪੱਗਾਂ, ਦਾੜ੍ਹੀ ਹੈ ਹੀ ਨਾ। ਓਥੇ ਗੱਲਾਂ ਕਰਦੇ ਕਰਦੇ ਦੋਵੇਂ ਪੱਗਾਂ ਛੱਡ ਆਏ।

ਸਾਹਿਰ ਨਾਲ ਫਿਰ 2013 ਚ ਲਾਹੌਰ ਵਿਖੇ ਹੀ ਮੁਲਾਕਾਤ ਹੋਈ। ਰੇਡੀਓ ਦਾ ਇੱਕ ਪ੍ਰੋਗਰਾਮ ਕਰਦਾ ਹੈ ਉਹ ਸਾਡੀ ਕਈ ਜਣਿਆਂ ਦੀ ਓਸ ਇੰਟਰਵਿਉ ਕੀਤੀ। ਜੀਵੰਤ ਸ਼ਾਇਰ ਹੈ। ਮੈਂ ਕਿਹਾ, ਬੜਾ ਅਫਸੋਸ ਹੈ ਤੂੰ 37 ਸਾਲ ਟੱਪ ਗਿਆ ਏਂ, ਮਰਿਆ ਨਹੀਂ, ਸ਼ਿਵ ਵਾਲੀਆਂ ਸਭ ਦੁਨਿਆਵੀ ਸਿਫ਼ਤਾਂ ਦੇ ਬਾਵਜੂਦ। ਉਹ ਹੱਸਿਆ, ਖੰਘਿਆ ਤੇ ਦਮ ਉਲਟਣ ਲੱਗਾ। ਸਿਗਰਟ ਆਪਣਾ ਕੰਮ ਕਰ ਚੁੱਕੀ ਸੀ। ਉਸਦੇ ਫੇਫੜੇ ਕਹਿ ਰਹੇ ਸਨ, ਇਹਨੂੰ ਸਮਝਾਓ ਯਾਰ। ਸਭ ਕੁਝ ਦੇ ਬਾਵਜੂਦ ਮੁਹੱਬਤੀ ਰੂਹ ਹੈ। ਹੱਦਾਂ ਸਰਹੱਦਾਂ ਤੋਂ ਪਾਰ ਨਿਰੋਲ ਸ਼ਾਇਰ। ਪੰਜਾਬੀ ਮਾਂ ਦਾ ਲਾਡਲਾ ਪੁੱਤਰ।

ਅੱਜ ਮੇਰੇ ਪੁੱਤਰ ਨੇ ਦੱਸਿਆ ਕਿ ਅਫ਼ਜ਼ਲ ਸਾਹਿਰ ਦੀ ਕਿਤਾਬ ਦੀ ਤਸਵੀਰ ਫੇਸਬੁੱਕ ’ਤੇ ਆਈ ਹੈ। ਤਸਵੀਰ ਵੇਖੀ ਹੈ ਤਾਂ ਪਤਾ ਲੱਗਾ ਕਿ ਚੇਤਨਾ ਪ੍ਰਕਾਸ਼ਨ ਪੰਜਾਬੀ ਭਵਨ ਲੁਧਿਆਣਾ ਵੱਲੋਂ ਛਪੀ ਹੈ। ਪਹਿਲੀ ਵਾਰ ਕੰਧ ਓਹਲੇ ਪਰਦੇਸ ਦੇ ਅਰਥ ਸਮਝ ਆਏ ਹਨ।

ਸਾਡੇ ਸੱਜਣ ਦੀ ਕਿਤਾਬ ਸ਼ਹਿਰ ਚ ਆਈ ਹੋਵੇ ਤੇ ਅਸੀਂ ਸ਼ਗਨਾਂ ਨਾਲ ਬਿਰਾਦਰੀ ’ਚ ਨਾ ਲਿਆਈਏ ਤੇ ਵਿਖਾਈਏ, ਸਾਡਾ ਮਰਨ ਹੋਰ ਕਿਵੇਂ ਹੋਵੇਗਾ। ਕੱਲ੍ਹ ਹੀ ਸਤੀਸ਼ ਦੇ ਪੁੱਤਰ ਤੋਂ 11 ਕਿਤਾਬਾਂ ਮੰਗਵਾਵਾਂਗਾ ਤੇ ਬੇਲੀਆਂ ਨੂੰ ਵੰਡ ਕੇ ਕਹਾਂਗਾ, ਪੜ੍ਹੋ ਯਾਰ, ਸਾਹਾਂ ਤੋਂ ਪਿਆਰੇ ਦੀਆਂ ਕਵਿਤਾਵਾਂ।

ਹਾਲ ਦੀ ਘੜੀ ਉਸ ਦੀਆਂ ਦੋ ਕਵਿਤਾਵਾਂ ਨਾਲ ਸਾਂਝ ਪਾਓ।

1.
ਚੰਦਰੀ ਰੁੱਤ ਦੇ ਜਾਏ

ਰੁੱਖਾਂ ਦੇ ਪਰਛਾਵੇਂ ਕੰਬਣ
ਧਰਤੀ ਠੰਢੀ ਠਾਰ।
ਸਿਖਰ ਦੁਪਹਿਰੇ ਰਾਤ ਦੇ ਪਹਿਰੇ
ਪੱਤਝੜ ਜਹੀ ਬਹਾਰ।
ਰੂਹ ਦੀ ਧੂਣੀ ਮਿਰਚਾਂ ਧੂੜੇ
ਨਿੱਤ ਹੋਣੀ ਦਾ ਵਾਰ।
ਕੂੰਜਾਂ ਦੀ ਥਾਂ ਅਸਮਾਨਾਂ ਤੇ
ਗਿਰਝਾਂ ਬੰਨ੍ਹੀ ਡਾਰ।
ਘੁੱਟ ਘੁੱਟ ਕੱਚੀਆਂ ਗੰਢਾਂ ਲਾਵਣ
ਰੁੱਤਾਂ ਵਰਗੇ ਯਾਰ।
ਪੰਖਾਂ ਬਾਝ ਪੰਖੇਰੂ ਖੇਡਣ
ਨਵੀਓਂ ਨਵੀਂ ਬਹਾਰ।
ਜੋ ਆਹਾ ਸੇ ਆਹਾ ਲੋਕਾ
ਅੰਦਰੋਂ ਆਈਏ ਬਾਹਰ।

2.

ਉੱਚਿਆਂ ਟਿੱਬਿਆਂ ਤੇ

ਉੱਚਿਆਂ ਟਿੱਬਿਆਂ ’ਤੇ ਮੈਂ ਬੈਠਾ
ਮੁੱਠੀਓਂ ਧੂੜ ਉਡਾਵਾਂ।
ਪੁੱਠੀਓਂ ਕਿਰ ਕੇ ਮੈਂ ਵੀ ਕਿਧਰੇ
ਦੂਰ ਕਿਤੇ ਉੱਡ ਜਾਵਾਂ।
ਕਿਸੇ ਬਸੰਤੀ ਫੁੱਲ ਦੀ ਚਾਦਰ
ਤੇ ਜਾ  ਕੇ ਸੌਂ ਜਾਵਾਂ।

ਹਰੇ ਕਚੂਰ ਪੱਤਰ ਦੀ ਫੋਟ ਚ
ਅੱਖ ਨਾਲ ਹੌਜ਼ ਬਣਾਵਾਂ।
ਉਮਰਾਂ ਦੀ ਮੈਂ ਪਿਆਸ ਮਿਟਾਵਾਂ।
ਤੇ ਹਰਿਆ ਹੋ ਜਾਵਾਂ।

ਉੱਡ ਕਿਸੇ ਆਸ਼ਕ ਦੀ ਕਬਰੇ
ਮੈਂ ਕਿਧਰੇ ਬਹਿ ਜਾਵਾਂ।
ਫਿੱਕੀ ਮਹਿੰਦੀ ਵਾਲੇ ਹੱਥ ਦੇ
ਪੀਲੇ ਚੌਲ ਮੈਂ ਖਾਵਾਂ।
ਟੁੱਟੀ ਚੁੰਝ ਨਾਲ ਕੱਢ ਦੋ ਕਬਰਾਂ
ਦੋਹਾਂ ਵਿੱਚ ਸੌਂ ਜਾਵਾਂ।

ਉੱਚਿਆਂ ਟਿੱਬਿਆਂ ’ਤੇ
ਕਿਸੇ ਜੋਗੀ ਦੇ ਮੋਢੇ ਬਹਿ ਕੇ
ਪਰਦੇਸਾਂ ਵੱਲ ਜਾਵਾਂ।
ਉਸ ਜੋਗੀ ਦੇ ਤਿਲਕ ਦੀ ਸੁਰਖ਼ੀ
ਨੀਲੇ ਹੋਠੀਂ ਲਾਵਾਂ।
ਉਸ ਸੁਰਖ਼ੀ ਨਾਲ ਸੂਰਜ ਬਾਲਾਂ
ਜੀਵਨ ਨੂੰ ਰੁਸ਼ਨਾਵਾਂ।
ਉੱਚਿਆਂ ਟਿੱਬਿਆਂ ਤੇ ਮੈਂ ਬੈਠਾ
ਮੁੱਠੀਂ ਧੂੜ ਉਡਾਵਾਂ
ਦੂਰ ਕਿਤੇ ਉੱਡ ਜਾਵਾਂ।

ਅਫ਼ਜ਼ਲ ਸਾਹਿਰ ਦੀ ਕਵਿਤਾ ਦੀ ਕਿਤਾਬ ਨਾਲ ਸੱਜਣ ਦੇ ਰਹੀਏ ਨੂੰ ਮਿਲਾਂਗਾ। ਰੱਬ ਚਾਹਿਆ ਤਾਂ ਅਫ਼ਜ਼ਲ ਨੂੰ ਵੀ। ਸਰਹੱਦਾਂ ਠੰਢੀਆਂ ਹੋਣ ਤਾਂ ਮੁਹੱਬਤੀ ਜੀਅ ਮਿਲ ਬਹਿਣ। ਦੁਆ ਕਰੋ।

Comments

Name (required)

Leave a comment... (required)

Security Code (required)ਕਿਤਾਬਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ