Wed, 17 January 2018
Your Visitor Number :-   1131449
SuhisaverSuhisaver Suhisaver
ਇਸ ਸਾਲ ਦਾ ‘ਸੂਹੀ ਸਵੇਰ ਮੀਡੀਆ ਐਵਾਰਡ’ ਬੂਟਾ ਸਿੰਘ ਅਤੇ ਮਹਿੰਦਰ ਸਿੰਘ ਮਾਨੂੰਪੁਰੀ ਨੂੰ !               ਲਾਲੂ ਯਾਦਵ ਸਜ਼ਾ ਖ਼ਿਲਾਫ਼ ਹਾਈ ਕੋਰਟ ਪੁੱਜੇ               ਹਿੰਦੀ ਲੇਖਕ ਦੂਧਨਾਥ ਸਿੰਘ ਦਾ ਦੇਹਾਂਤ              

ਪੁਸਤਕ: ਪੰਜਾਬੀ ਬਾਲ ਸਾਹਿਤ ਤੇ ਬਲਜਿੰਦਰ ਮਾਨ (ਸਿਰਜਣਾ ਤੇ ਸ਼ਖ਼ਸੀਅਤ)

Posted on:- 10-07-2017

suhisaver

ਰੀਵਿਊਕਾਰ : ਡਾ.ਧਰਮਪਾਲ ਸਾਹਿਲ   
ਸੰਪਾਦਕ: ਪ੍ਰੋ.ਜੇ.ਬੀ.ਸੇਖੋਂ, ਕਮਲਜੀਤ ਨੀਲੋ
ਪ੍ਰਕਾਸ਼ਕ: ਲੋਕਗੀਤ ਪ੍ਰਕਾਸ਼ਨ ਮੁਹਾਲੀ ਪੰਨੇ :148, ਮੁੱਲ:295 /-


ਪੰਜਾਬ ਵਿਚ ਪੰਜਾਬੀ ਭਾਸ਼ਾ ਰਾਹੀਂ ਬਾਲ ਸਾਹਿਤ ਸਿਰਜਣਾ ਉਸਦੇ ਪ੍ਰਚਾਰ ਪ੍ਰਸਾਰ ਅਤੇ ਪ੍ਰਫੁੱਲਤਾ ਲਈ ਕਿਸੇ ਨਿਸ਼ਕਾਮ ਯੋਗੀ ਵਾਂਗ ਤਪਲੀਨ ਬਲਜਿੰਦਰ ਮਾਨ ਕਿਸੇ ਜਾਣ ਪਛਾਣ ਦਾ ਮੁਥਾਜ ਨਹੀਂ ਹੈ।ਪੰਜਾਬ ਵਿਚੋਂ ਬਾਲ ਸਾਹਿਤ ਲਈ ਉੰਗਲਾਂ ਤੇ ਗਿਣੇ ਜਾਣ ਜੋਗੇ ਸਮਰਪਤ ਲੇਖਕਾਂ ਅਤੇ ਸੰਪਾਦਕਾਂ ਵਿੱਚੋਂ ਬਲਜਿੰਦਰ ਮਾਨ ਪ੍ਰਮੁੱਖ ਹੈ।ਇਸ ਮਾਣਮੱਤੀ ਸ਼ਖਸੀਅਤ ਨੇ ਨਾ ਸਿਰਫ ਉੱਚ ਕੋਟੀ ਦਾ ਬਾਲ ਸਾਹਿਤ ਪੰਜਾਬੀ ਹਿੰਦੀ ਦੀ ਝੋਲੀ ਪਾਇਆ ਹੈ ਸਗੋਂ ਬੀਤੇ 22-23 ਵਰਿਆਂ ਤੋਂ ਨਿਰੰਤਰ ਬਾਲ ਸਹਿਤ ਰਸਾਲੇ ਨਿੱਕੀਆਂ ਕਰੂੰਬਲਾਂ ਦੀ ਸਫਲ ਸੰਪਾਦਨਾ ਕਰਕੇ ਇਕ ਰਿਕਾਰਡ ਕਾਇਮ ਕੀਤਾ ਹੈ ਜਦੋਂ ਕਿ ਪੰਜਾਬੀ ਦੇ ਕਈ ਸਿਰਕੱਢ ਰਸਾਲੇ ਜਾਂ ਤਾਂ ਵਿਚਾਲੇ ਦਮ ਤੋੜ ਗਏ ਜਾਂ ਕਈ ਆਖਰੀ ਸਾਹਾਂ ਤੇ ਆਪਣੇ ਦਿਨ ਗਿਣ ਰਹੇ ਹਨ।ਸੰਪਾਦਨਾ ਦੇ ਇਸ ਅੋਖੇ ਕਾਰਜ ਦੀ ਅਲਖ ਜਗਾਈ ਰਖਣਾ ਬਲਜਿੰਦਰ ਮਾਨ ਵਰਗੇ ਸਿਰੜੀ ਸ਼ਖਸ ਦੇ ਹੀ ਵੱਸ ਦੀ ਗੱਲ ਹੈ, ਉਹ ਵੀ ਬਿਨਾ ਕਿਸੇ ਸਰਕਾਰੀ ਸਹਾਇਤਾ ਦੇ।

ਬਲਜਿੰਦਰ ਮਾਨ ਕਿੱਤੇ ਵਜੋਂ ਅਧਿਆਪਕ ਹੈ।ਉਹ ਬੱਚਿਆਂ ਦੇ ਵਿਚ ਵਿਚਰਦਾ ਬੱਚਿਆਂ ਦੀ ਮਾਨਸਿਕਤਾ ਅਤੇ ਮਾਨਸਿਕ ਲੋੜਾਂ ਨੂੰ ਬਾਖੂਬੀ ਸਮਝਦਾ ਹੈ ।ਉਹਨਾਂ ਦੇ ਸਰੀਰਕ ਵਿਕਾਸ ਦੇ ਨਾਲ ਨਾਲ ਉਹਨਾਂ ਦੇ ਭਾਵਨਾਤਮਕ, ਸਮਾਜਕ, ਨੈਤਿਕ ਅਤੇ ਅਧਿਆਤਮਕ ਵਿਕਾਸ ਲਈ ਸਭ ਤੋਂ ਜ਼ਰੂਰੀ ਖੁਰਾਕ ਯਾਨੀ ਬਾਲ ਸਾਹਿਤ ਪੁਸਤਕਾਂ ਦੀ ਲੋੜ ਨੂੰ ਸ਼ਿੱਦਤ ਨਾਲ ਮਹਿਸੂਸ ਕਰਦਿਆਂ ਹੀ ਉਸਨੇ ਆਪਣੇ ਜੀਵਨ ਦਾ ਇਹ ਉਦੇਸ਼ ਨਿਸ਼ਚਤ ਕੀਤਾ ਹੋਇਆ ਹੈ, ਜਿਸ ਨੇ ਬਲਜਿੰਦਰ ਮਾਨ ਨੂੰ ਸਿਰਫ ਇਕ "ਯੂਨੀਕ ਅਧਿਆਪਕ" ਵਜੋਂ, ਸਗੋਂ ਬਾਲ ਸਾਹਿਤ ਦੇ ਖੇਤਰ ਵਿਚ ਇਕ ਮਾਨਮੱਤੀ ਹਸਤੀ ਵਜੋਂ ਪਛਾਣ ਬਣਾਈ ਹੈ।

ਇਸ ਸੂਚਨਾ ਕ੍ਰਾਂਤੀ ਦੇ ਦੌਰ ਵਿਚ ਜਦੋਂ ਬਾਲਾਂ ਦੀਆਂ ਕੋਮਲ ਉੰਗਲਾ ਕਲਮ ਦੀ ਬਜਾਏ ਮੁਬਾਈਲ ਦੇ ਸਕਰੀਨ ਤੇ ਬੜੀ ਚੁਸਤੀ ਫੂਰਤੀ ਨਾਲ ਫਿਰਦੀਆ ਨਜ਼ਰ ਆਉਂਦੀਆਂ ਹਨ।ਬੱਚੇ ਪੁਸਤਕਾਂ ਦੀ ਪਾਰਸੀ ਛੋਹ ਤੋਂ  ਵਾਂਝੇ ਹੁੰਦੇ ਜਾ ਰਹੇ ਹਨ ਅਜਿਹੇ ਖਤਰਨਾਕ ਸਮੇਂ ਵਿਚ ਬੱਚਿਆਂ ਨੂੰ ਸ਼ਬਦਾਂ ਰਾਹੀਂ ਮਨੁੱਖੀ ਕਦਰਾਂ ਕੀਮਤਾਂ ,ਗਿਆਨ ਵਿਗਿਆਨ ,ਸੱਭਿਆਚਾਰ ਨਾਲ ਜੋੜ ਕੇ ਰੱਖਣ ਵਰਗੇ ਮਹੱਤਵਪੂਰਨ ਕਾਰਜ ਨੂੰ ਬਲਜਿੰਦਰ ਮਾਨ ਬੜੀ ਹੀ ਤਨਦੇਹੀ ਨਾਲ ਅੰਜਾਮ ਦੇ ਰਿਹਾ ਹੈ।ਪ੍ਰੋ ਜੇ.ਬੀ. ਸੇਖੋਂ ਅਤੇ ਕਮਲਜੀਤ ਨੀਲੋਂ(ਸ਼੍ਰੋਮਣੀ ਬਾਲ ਸਾਹਿਤਕਾਰ) ਵਲੋਂ ਸੰਪਾਦਤ ਹੱਥਲੀ ਪੁਸਤਕ 'ਪੰਜਾਬੀ ਬਾਲ ਸਾਹਿਤ ਤੇ ਬਲਜਿੰਦਰ ਮਾਨ ਸਿਰਜਣਾ ਤੇ ਸ਼ਖਸ਼ੀਅਤ' ਵਿਚ ਬਲਜਿੰਦਰ ਮਾਨ ਵਲੋਂ ਸਾਹਿਤ ਅਤੇ ਸਮਾਜਕ ਖੇਤਰ ਵਿਚ ਕੀਤੇ ਕਾਰਜਾਂ ਦਾ ਲੇਖਾ ਜੋਖਾ ਅਤੇ ਮੁਕੰਮਲ ਕਰਨ ਦਾ ਸ਼ਲ਼ਾਘਾਯੋਗ ਉਪਰਾਲਾ ਕੀਤਾ ਗਿਆ ਹੈ।ਮਾਨ ਦੀ ਹੁਣ ਤੱਕ ਦੀ ਘਾਲਣਾ ਨੂੰ ਵੱਖੋ ਵੱਖਰੇ ਵਿਦਵਾਨਾਂ ਸਾਹਿਤਕਾਰਾਂ ਲੇਖਕਾਂ ਵਲੋਂ ਪ੍ਰਸਤੂਤ ਕੀਤਾ ਗਿਆ ਹੈ।ਇਸ ਪੁਸਤਕ ਵਿਚ ਸ਼ਾਮਿਲ 32 ਲੇਖਕਾਂ ਨੂੰ 5 ਭਾਗਾ ਵਿਚ ਵੰਡਿਆ ਗਿਆ ਹੈ।ਪਹਿਲੇ ਭਾਗ ਪੰਜਾਬੀ ਬਾਲ ਸਾਹਿਤ ਪਰੰਪਰਾ ਅਤੇ ਪ੍ਰਵਾਹ ਵਿੱਚ ਡਾ.ਬਲਦੇਵ ਸਿਮਘ ਬੱਧਨ, ਡਾ. ਦਰਸ਼ਨ ਸਿੰਘ ਆਸ਼ਟ, ਗੁਰਚਰਨ ਨੂਰਪੁਰ ਅਤੇ ਪ੍ਰੋ ਬਲਦੇਵ ਸਿੰਘ ਬੱਲੀ ਦੇ ਲ਼ੇਖ ਹਨ।ਦੂਸਰੇ ਭਾਗ ਨਿੱਕੀਆਂ ਕਰੂੰਬਲਾਂ ਸਮਾ ਅਤੇ ਸਰੋਕਾਰ ਵਿਚ ਪ੍ਰੋ ਸੰਧੂ ਵਰਿਆਣਵੀ, ਪ੍ਰੋ ਜੇ ਬੀ ਸੇਖੋਂ, ਸੋਮਾ ਸਬਲੋਕ ਅਤੇ ਅਸ਼ਰਫ ਸੁਹੇਲ ਦੇ ਲੇਖ ਦਰਜ ਹਨ।ਭਾਗ ਤੀਜਾ ਬਲਜਿੰਦਰ ਮਾਨ ਸ਼ਖਸ਼ੀਅਤ ਅਤੇ ਸਿਰਜਣਾ ਵਿਚ ਐਸ ਅਸ਼ੋਕ ਭੌਰਾ, ਮਨਮੋਹਨ ਸਿੰਘ ਦਾਊਂ, ਨਿੰਦਰ ਘੁਗਿਆਣਵੀ, ਅਮਰੀਕ ਦਿਆਲ, ਡਾ ਧਰਮਪਾਲ ਸਾਹਿਲ, ਪਵਨ ਹਰਚੰਦਪੁਰੀ, ਡਾ ਫਕੀਰ ਚੰਦ ਸ਼ੁਕਲਾ ਅਤੇ ਸੁਦੇਸ਼ ਕਲਿਆਣ ਵਲੋਂ ਵਿਸਥਾਰ ਸਹਿਤ ਚਾਨਣਾ ਪਾਇਆ ਹੈ।ਚੋਥੇ ਭਾਗ ਬਲਜਿੰਦਰ ਮਾਨ ਖੇਡ ਪੱਤਰਕਾਰੀ ਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਕਮਲਜੀਤ ਨੀਲ਼ੋਂ, ਡਾ.ਮਨਮੋਹਨ ਸਿੰਘ ਤੀਰ, ਅਮਰੀਕ ਸਿੰਘ ਤਲਵੰਡੀ, ਡਾ ਹਰਸ਼ਿੰਦਰ ਕੌਰ, ਡਾ ਰਮਾ ਰਤਨ ,ਰਾਓ ਕੈਂਡੋਵਾਲ, ਸੈਮਸਨ ਮਸੀਹ, ਅਸ਼ੋਕ ਪੁਰੀ, ਹਰਮੇਸ਼ ਕੌਰ ਯੋਧੇ, ਸ਼ਿਵ ਕੁਮਾਰ ਬਾਵਾ, ਪਰਮਾਂਨੰਦ ਬ੍ਰਹਮਪੁਰੀ, ਪ੍ਰਦੀਪ ਸਲੇਮਪੁਰੀ, ਸ਼ੀਤਲ ਸਿੰਘ ਸ਼ੌਕੀ ਆਦਿ ਨੇ ਪੁੰਣ ਛਾਣ ਕੀਤੀ ਹੈ।ਅੰਤਿਮ ਤੇ ਪੰਜਵੇਂ ਭਾਗ ਮੁਲਾਕਾਤ ਅਤੇ ਕਾਰਜਸ਼ੀਲਤਾ ਨੂੰ ਪ੍ਰੋ ਜੇ ਬੀ ਸੇਖੋਂ ,ਅਵਤਾਰ ਸਿੰਘ ਸੰਧੂ ,ਪੰਮੀ ਖੁਸ਼ਹਾਲਪੁਰੀ ਨੇ ਨੇਪਰੇ ਚੜਾਇਆਂ ਹੈ।ਪੁਸਤਕ ਦੇ ਅੰਤ ਵਿਚ ਬਲਜਿੰਦਰ ਮਾਨ ਦੀਆਂ ਸਰਗਰਮੀਆਂ ਤੇ ਪ੍ਰਾਪਤੀਆ ਦੇ ਨਾਲ ਨਾਲ ਉਸਦੇ ਪੂਰਖਿਆਂ ਦਾ ਕੁਰਸੀਨਾਮਾ ਵੀ ਸ਼ਾਮਿਲ ਕੀਤਾ ਗਿਆ ਹੈ।

ਪੁਸਤਕ ਦੇ ਸੰਪਾਦਕਾਂ ਪ੍ਰੋ ਜੇ ਬੀ ਸੇਖੋਂ ਅਤੇ ਕਮਲਜੀਤ ਨੀਲੋਂ ਵਲੋਂ ਇਸ ਪ੍ਰੋਜੈਕਟ ਨੂੰ ਸਫਲਤਾ ਪੂਰਵਕ ਸੰਪਨ ਕਰਨ ਲਈ ਕੀਤੀ ਘਾਲਣਾ ਸਪਸ਼ਟ ਨਜ਼ਰ ਆਉਂਦੀ ਹੈ ਜੋ ਬਲਜਿੰਦਰ ਮਾਨ ਦੀ ਸ਼ਖਸ਼ੀਅਤ ਦੇ ਵੱਖੋ ਵੱਖਰੇ ਪਹਿਲੂਆਂ ਅਤੇ ਸਰੋਕਾਰਾਂ ਨੂੰ ਉਘਾੜਨ ਵਿਚ ਕਾਮਯਾਬ ਸਿੱਧ ਹੋਈ ਹੈ।ਬਲਜਿੰਦਰ ਮਾਨ ਦੀ ਬਹੂਮੁਖੀ ਪ੍ਰਤਿਭਾ ਨੂੰ ਸ਼ਬਦਾਂ ਰਾਹੀਂ ਉਭਾਰ ਕੇ ਪਾਠਕਾਂ ਅੱਗੇ ਪੇਸ਼ ਕਰਨਾ ਵੀ ਇਸ ਪੁਸਤਕ ਦਾ ਮਨੋਰਥ ਹੈ।ਜਿਸ ਵਿੱਚ ਦੋਵੇ ਸੰਪਾਦਕ ਪੂਰੀ ਤਰ੍ਹਾਂ ਸਫਲ ਹਨ।

ਬਲਜਿੰਦਰ ਮਾਨ ਇਕ ਬਾਲ ਸਾਹਿਤ ਲੇਖਕ ਹੈ, ਸੰਪਾਦਕ ਹੈ,ਇਕ ਵਧੀਆਂ ਐਂਕਰ ਹੈ।ਸੱਭਿਆਚਾਰਕ ਪ੍ਰੋਗਰਾਮਾਂ ਦਾ ਆਯੋਜਕ ਹੈ, ਸਮੀਖਿਅਕ ਹੈ।ਆਪਣੇ ਆਪ ਵਿਚ ਇਕ ਚਲਦੀ ਫਿਰਦੀ ਸੰਸਥਾਂ ਹੈ।ਇਸ ਸਭ ਦੇ ਨਾਲ ਨਾਲ ਉਹ ਇਕ ਅਧਿਆਪਕ ਵੀ ਹੈ।ਸੰਪਾਦਕੀ ਮੰਡਲ ਬਲਜਿੰਦਰ ਮਾਨ ਦੀ ਅਧਿਆਪਕ ਵਜੋਂ ਭੂਮਿਕਾ ਤੇ ਵੀ ਇਕ ਅੱਧ ਲੇਖ ਪੁਸਤਕ ਵਿਚ ਸ਼ਾਮਿਲ ਕਰ ਲੈਂਦੇ ਤਾਂ ਮਾਨ ਦੀ ਇਸ ਬਹੁਮੁਖੀ ਸ਼ਖਸੀਅਤ ਦਾ ਇਕ ਹੋਰ ਪਹਿਲੂ ਉਘੜ ਕੇ ਸਾਹਮਣੇ ਆਉਣਾ ਸੋਨੇ ਵਿਚੋਂ ਸੁਹਾਗੇ ਵਾਲੀ ਗੱਲ ਹੋਈ ਸੀ।ਪੁਸਤਕ ਵਿਚ ਸ਼ਾਮਿਲ ਹਰੇਕ ਲੇਖਕ ਨੇ ਪੂਰੀ ਇਮਾਨਦਾਰੀ ਅਤੇ ਨਿਰਪਖਤਾ ਨਾਲ ਬਿਨ੍ਹਾ ਅਤਿ ਪਸ਼ੰਸਾ ਦਾ ਸ਼ਿਕਾਰ ਹੋਇਆਂ, ਆਪਣੇ ਸੱਚੇ ਸੁੱਚੇ ਵਿਚਾਰਾਂ ਤੇ ਭਾਵਨਾਵਾਂ ਨੂੰ ਪ੍ਰਗਟ ਕੀਤਾ ਹੈ।ਤਿੰਨ ਦਰਜਨ ਦੇ ਕਰੀਬ ਵਿਚਵਾਨਾਂ ਵਲੋਂ ਬਲਜਿੰਦਰ ਮਾਨ ਦੇ ਵਿਲੱਖਣ ਵਿਅਕਤੀਤਵ ਤੇ ਆਪਣੀ ਸਾਹਿਤਕ ਮੋਹਰ ਲਾ ਦੇਣਾ ਆਪਣੇ ਆਪ ਵਿੱਚ ਇਕ ਜ਼ਿਕਰਯੋਗ ਪ੍ਰਾਪਤੀ ਹੈ।ਜਿਸ ਨਾਲ ਬਲਜਿੰਦਰ ਮਾਨ ਦਾ ਹੀ ਨਹੀਂ ਸਗੋਂ ਦੁਆਬੇ ਦੇ ਮਾਨ ਵਿਚ ਚੋਖਾ ਵਾਧਾ ਹੋਇਆਂ ਹੈ।ਹਥਲੀ ਪੁਸਤਕ ਪੰਜਾਬੀ ਦੇ ਹੋਰ ਪੁਰਾਣੇ -ਨਵੇਂ ਲੇਖਕਾਂ ਲਈ ਇਕ ਪ੍ਰੇਰਣਾ, ਤੇ ਇਕ ਰਾਹ ਦਸੇਰੇ ਦਾ ਕੰਮ ਕਰੇਗੀ।ਬਾਲ ਸਾਹਿਤ ਦੇ ਖੋਜ ਵਿਦਿਆਰਥੀਆਂ ਲਈ "ਰੈਫਰੈਂਸ ਬੁਕ" ਦੇ ਨਾਲ ਨਾਲ ਮਾਰਗ ਦਰਸ਼ਨ ਵੀ ਕਰੇਗੀ।

ਪੁਸਤਕ ਵਿਚ ਲੇਖਕਾਂ ਦੇ ਨਾਲ ਨਾਲ ਬਲਜਿੰਦਰ ਮਾਨ ਦੀਆਂ ਸ਼ਾਨਮੱਤਾ ਉਪਲਬਧੀਆ  ਨੂੰ ਦਰਸਾਉਂਦੀਆਂ ਤਸਵੀਰਾਂ ਜਿੱਥੇ ਬਲਜਿੰਦਰ ਮਾਨ ਦੀਆਂ ਸਰਗਰਮੀਆਂ ਦੀ ਗਵਾਹ ਬਣਦੀਆਂ ਹਨ ਉਥੇ ਪੁਸਤਕ ਨੂੰ ਹੋਰ ਵੀ ਪ੍ਰਭਾਵਸ਼ਾਲੀ ਬਣਾੳਂਦੀਆਂ ਹਨ।ਪੁਸਤਕ ਦਾ ਇਕ ਹੋਰ ਪਾਜ਼ੀਟਿਵ ਪੱਖ ਹੈ ਇਸ ਦੀ ਛਪਾਈ।ਲੋਕ ਗੀਤ ਪ੍ਰਕਾਸ਼ਨ ਨੇ ਪ੍ਰਿੰਟਿੰਗ,ਟਾਈਟਲ,ਪੇਪਰ ਤੋਂ ਲੈ ਕੇ ਬਾਈਂਡਿੰਗ ਤੱਕ ਬਹੁਤ ਹੀ ਸੁਚੱਜੀ ਸਾਜ-ਸੱਜਾ ਕੀਤੀ ਹੈ।ਇਕ ਵਿਲੱਖਣ ਪ੍ਰਤਿਭਾ ਵਾਲੇ ਵਿਅਕਤੀਤਵ ਬਲਜਿੰਦਰ ਮਾਨ ਬਾਰੇ ਇਸ ਖੂਬਸੂਰਤ ਪੁਸਤਕ ਦੀ ਸਫਲ ਸੰਪਾਦਨਾ ਲਈ ਪ੍ਰੋ ਜੇ. ਬੀ. ਸੇਖੋਂ ਅਤੇ ਕਮਲਜੀਤ ਨੀਲੋਂ ਦੋਵੇਂ ਹੀ ਵਧਾਈ ਦੇ ਪਾਤਰ ਹਨ।ਇਹਨਾਂ ਤੋਂ ਭਵਿੱਖ ਵਿਚ ਹੋਰ ਵੀ ਚੰਗੀਆਂ ਪੁਸਤਕਾਂ ਦੀ ਸੰਪਾਦਨਾ ਦੀ ਆਸ ਬੱਝਦੀ ਹੈ।

Comments

Name (required)

Leave a comment... (required)

Security Code (required)ਕਿਤਾਬਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ