Tue, 17 October 2017
Your Visitor Number :-   1096582
SuhisaverSuhisaver Suhisaver
ਆਰੂਸ਼ੀ ਦੇ ਮਾਤਾ-ਪਿਤਾ ਜੇਲ੍ਹ 'ਚੋਂ ਰਿਹਾਅ               ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਸਿੱਖ ਬੀਬੀਆਂ ਨੂੰ ਕੀਰਤਨ ਕਰਨ ਦੀ ਪ੍ਰਵਾਨਗੀ              

ਪੁਸਤਕ: ਐਨਾ ਲੂਈ ਸਟਰੌਂਗ ਸਟਾਲਿਨ ਯੁੱਗ - ਰਣਜੀਤ ਲਹਿਰਾ

Posted on:- 08-09-2017

suhisaver

100 ਸਾਲ ਪਹਿਲਾਂ, ਕਾਮਰੇਡ ਲੈਨਿਨ ਦੀ ਅਗਵਾਈ ਹੇਠ 'ਮਹਾਨ ਅਕਤੂਬਰ ਇਨਕਲਾਬ' ਨੂੰ ਨੇਪਰੇ ਚਾੜ੍ਹਦਿਆਂ ਰੂਸ ਦੇ ਕਰੋੜਾਂ ਮਜ਼ਦੂਰਾਂ-ਕਿਸਾਨਾਂ ਨੇ ਸਮਾਜਵਾਦ ਉਸਾਰਨ ਦਾ ਜਿਹੜਾ ਸੁਨਹਿਰੀ ਸੁਪਨਾ ਲਿਆ ਸੀ, 'ਸਟਾਲਿਨ ਯੁੱਗ' ਉਸ ਸੁਪਨੇ ਦੇ ਪਹਿਲੀ ਵਾਰ ਸਾਕਾਰ ਰੂਪ ਧਾਰਨ ਦਾ ਯੁੱਗ ਸੀ। ਕਾ. ਸਟਾਲਿਨ ਦੀ ਅਗਵਾਈ 'ਚ ਸੋਵੀਅਤ ਯੂਨੀਅਨ ਅੰਦਰ ਕਰੋੜਾਂ-ਕਰੋੜ ਮਜ਼ਦੂਰ-ਕਿਸਾਨਾਂ ਦਾ ਇੱਕ ਅਜਿਹਾ ਤੁਫ਼ਾਨ ਉੱਠਿਆ ਜਿਸ ਨੇ ਦੇਖਦਿਆਂ ਹੀ ਦੇਖਦਿਆਂ ਅਤਿ-ਪਛੜੇ ਤੇ ਮੱਧ-ਯੁਗੀਨ ਰੂਸ ਨੂੰ ਦੁਨੀਆ ਦਾ ਇੱਕ ਵਿਕਸਤ ਤੇ ਸ਼ਕਤੀਸ਼ਾਲੀ ਦੇਸ਼ ਬਣਾ ਦਿੱਤਾ। 'ਮੰਡੀ ਦੀਆਂ ਲੋੜਾਂ' ਦੀ ਥਾਂ 'ਲੋਕਾਈ ਦੀਆਂ ਲੋੜਾਂ' ਲਈ ਯੋਜਨਾਬੱਧ ਵਿਕਾਸ ਦੇ ਖੁੱਲ੍ਹੇ ਰਾਹਾਂ ਨੇ ਸਿਹਤ ਤੋਂ ਲੈ ਕੇ ਸਿੱਖਿਆ, ਕਲਾ ਤੋਂ ਲੈ ਕੇ ਖੇਡਾਂ, ਜ਼ਮੀਨ ਤੋਂ ਲੈ ਕੇ ਆਸਮਾਨ ਅਤੇ ਵਿਗਿਆਨ ਤੋਂ ਲੈ ਕੇ ਤਕਨਾਲੌਜੀ ਤੱਕ ਸਭ ਕੁੱਝ ਨੂੰ ਜਨ-ਜਨ ਦੀ ਪਹੁੰਚ ਵਿੱਚ ਲਿਆ ਦਿੱਤਾ।

ਯੋਜਨਾਬੱਧ ਵਿਕਾਸ ਦੇ ਨਵੇਂ ਲਾਂਘੇ ਭੰਨਦਿਆਂ ਜਦੋਂ ਸੋਵੀਅਤ ਯੂਨੀਅਨ ਨੇ 'ਪਹਿਲੀ ਪੰਜ-ਸਾਲਾ ਯੋਜਨਾ' ਦਾ ਐਲਾਨ ਕੀਤਾ ਤਾਂ ਪੱਛਮ ਦੇ ਸਾਮਰਾਜਵਾਦੀਆਂ ਨੇ ਇਸ ਨੂੰ ਸਟਾਲਿਨ ਦਾ ਹਵਾਈ ਕਿਲ੍ਹਾ ਕਰਾਰ ਦਿੱਤਾ, ਪਰ ਜਦੋਂ ਸਟਾਲਿਨ ਨੇ ਪਹਿਲੀ ਪੰਜ-ਸਾਲਾ ਯੋਜਨਾ ਦੇ ਅਖ਼ੀਰ 'ਤੇ ਪੰਜਾਂ ਸਾਲਾਂ ਦੇ ਵਿਕਾਸ ਦੀਆਂ ਬਰਕਤਾਂ ਗਿਣਾਉਂਦਿਆਂ ਸੋਵੀਅਤ ਯੂਨੀਅਨ ਨੂੰ 'ਖੇਤੀ ਪ੍ਰਧਾਨ' ਦੇਸ਼ ਦੀ ਥਾਂ ਵਿਕਸਤ ਸਨਅਤੀ ਦੇਸ਼ ਐਲਾਨਿਆ ਤਾਂ ਸਾਮਰਾਜਵਾਦੀ ਦੁਨੀਆ ਦੰਗ ਰਹਿ ਗਈ। ਹੋਰ ਵੀ ਹੈਰਾਨੀ ਦੀ ਗੱਲ ਇਹ ਸੀ ਕਿ ਸੋਵੀਅਤ ਯੂਨੀਅਨ ਪੈਦਾਵਾਰ ਤੇ ਵਿਕਾਸ ਵਿੱਚ ਇਹ ਮੱਲਾਂ ਉਨ੍ਹਾਂ ਦਿਨਾਂ ਵਿੱਚ ਮਾਰ ਰਿਹਾ ਸੀ ਜਿਨ੍ਹਾਂ ਦਿਨਾਂ ਵਿੱਚ ਸਾਮਰਾਜਵਾਦੀ ਦੁਨੀਆ 1929 ਦੇ ਮਹਾਂ-ਮੰਦਵਾੜੇ ਹੇਠ ਛਟਪਟਾ ਰਹੀ ਸੀ।

ਕਾ. ਸਟਾਲਿਨ ਦੀ ਰਹਿਨੁਮਾਨੀ ਹੇਠ ਉੱਠ ਖੜ੍ਹੇ ਹੋਏ ਜਨ-ਸੈਲਾਬ ਨੇ ਨਾ ਸਿਰਫ਼ ਸੋਵੀਅਤ ਰੂਸ ਦੀ ਹੀ ਕਾਇਆ-ਕਲਪ ਕੀਤੀ ਸਗੋਂ ਇਸ ਨੇ ਬਸਤੀਵਾਦ ਵਿਰੁੱਧ ਲੜ ਰਹੀਆਂ ਕੌਮਾਂ ਦੇ ਮੁਕਤੀ ਸੰਗਰਾਮਾਂ ਨੂੰ ਨਵਾਂ ਵੇਗ ਪ੍ਰਦਾਨ ਕਰਕੇ ਅਤੇ ਨਵ-ਅਜ਼ਾਦ ਦੇਸ਼ਾਂ ਨੂੰ ਪੈਰਾਂ-ਸਿਰ ਖੜ੍ਹਾ ਹੋਣ ਵਿੱਚ ਮੱਦਦ ਕਰਕੇ ਸੰਸਾਰ ਸਾਮਰਾਜਵਾਦ ਨੂੰ ਸਿੱਧਮ-ਸਿੱਧੀ ਚੁਣੌਤੀ ਪੇਸ਼ ਕੀਤੀ। ਸਰਮਾਏਦਾਰਾ ਜਗਤ ਦੇ ਕਿਰਤੀ-ਕਾਮਿਆਂ ਅਤੇ ਬਸਤੀਆਂ ਦੇ ਦੱਬੇ-ਕੁਚਲੇ ਲੋਕਾਂ ਲਈ ਸੋਵੀਅਤ ਯੂਨੀਅਨ ਚਾਨਣ-ਮੁਨਾਰਾ ਬਣ ਗਿਆ। ਸੋਵੀਅਤ ਸਮਾਜਵਾਦ ਦੀਆਂ ਬਰਕਤਾਂ ਨੇ ਇੱਕ-ਤਿਹਾਈ ਦੁਨੀਆ ਵਿੱਚ ਮਜ਼ਦੂਰ ਜਮਾਤ ਦੀ ਅਗਵਾਈ ਹੇਠ ਅਸਲੀ ਅਰਥਾਂ ਵਿੱਚ 'ਅਜ਼ਾਦੀ-ਬਰਾਬਰੀ-ਭਾਈਚਾਰੇ' ਦੇ ਪ੍ਰਤੀਕ ਲਾਲ ਪਰਚਮ ਲਹਿਰਾਉਣ ਦੇ ਰਾਹ ਖੋਲ੍ਹਣ ਵਿੱਚ ਅਹਿਮ ਭੂਮਿਕਾ ਨਿਭਾਈ। ਇੰਝ ਕਰਦਿਆਂ ਸੋਵੀਅਤ ਯੂਨੀਅਨ ਨੇ ਜਿੱਥੇ ਸਾਮਰਾਜਵਾਦ ਨੂੰ ਪਿੱਛੇ ਹਟਣ ਲਈ ਮਜਬੂਰ ਕੀਤਾ, ਉੱਥੇ ਨਾਲ ਹੀ ਫਾਸ਼ੀਵਾਦ ਦੇ ਉਸ ਜ਼ਹਿਰੀ ਨਾਗ ਦੀ ਸਿਰੀ ਵੀ ਚਿੱਪੀ, ਜਿਹੜਾ ਹਿਟਲਰ ਦੀ ਅਗਵਾਈ ਵਿੱਚ ਦੁਨੀਆ ਨੂੰ ਜਿੱਤਣ ਦੀਆਂ ਬੜ੍ਹਕਾਂ ਮਾਰ ਰਿਹਾ ਸੀ ਅਤੇ ਜਿਸ ਦੀਆਂ ਬੜ੍ਹਕਾਂ ਤੋਂ ਡਰ ਕੇ ਅਮਰੀਕਾ-ਬ੍ਰਿਟੇਨ-ਫਰਾਂਸ ਵਰਗੇ ਸਾਮਰਾਜਵਾਦੀਆਂ ਨੇ ਹਿਟਲਰ ਖ਼ਿਲਾਫ਼ ਉਦੋਂ ਤੱਕ 'ਦੂਜਾ ਮੋਰਚਾ' ਨਹੀਂ ਸੀ ਖੋਲ੍ਹਿਆ ਜਦੋਂ ਤੱਕ ਲਾਲ ਫ਼ੌਜ ਨੇ ਹਿਟਲਰ ਨੂੰ ਨਿਰਣਾਇਕ ਤੌਰ 'ਤੇ ਪਿਛਾਂਹ ਹਟਣ ਲਈ ਮਜ਼ਬੂਰ ਨਹੀਂ ਸੀ ਕਰ ਦਿੱਤਾ।

ਨਿਸ਼ਚੇ ਹੀ ਸੋਵੀਅਤ ਯੂਨੀਅਨ ਵਿੱਚ ਸਮਾਜਵਾਦ ਵੱਲੋਂ ਮਾਰੀਆਂ ਮੱਲਾਂ ਅਤੇ ਦੂਜੀ ਸੰਸਾਰ ਜੰਗ ਵਿੱਚ ਹਿਟਲਰ ਨੂੰ ਹਰਾ ਕੇ ਦੁਨੀਆ ਦਾ ਭਵਿੱਖ-ਨਕਸ਼ਾ ਬਦਲਣ ਦਾ ਸਿਹਰਾ ਸਟਾਲਿਨ ਦੇ ਸਿਰ ਬੱਝਦਾ ਹੈ। ਇਸ ਤੁਫ਼ਾਨ ਦਾ ਰੂਹੇ-ਰਵਾਂ ਕਾ. ਸਟਾਲਿਨ ਹੀ ਸੀ।

ਕਿਉਂ ਜੋ ਸਟਾਲਿਨ ਅਤੇ ਸਮਾਜਵਾਦ ਦਾ ਏਜੰਡਾ ਸਾਮਰਾਜਵਾਦੀ ਦੁਨੀਆ ਦੇ ਸੀਨੇ ਸੱਲ਼ ਪਾ ਰਿਹਾ ਸੀ ਇਸ ਲਈ ਸਾਮਰਾਜਵਾਦ ਤੇ ਉਸ ਦੇ ਪਿੱਠੂਆਂ ਦੀ ਇਹ ਅਣਸਰਦੀ ਲੋੜ ਬਣ ਗਈ ਕਿ ਉਹ ਸਟਾਲਿਨ ਅਤੇ ਸੋਵੀਅਤ ਸਮਾਜਵਾਦ ਬਾਰੇ ਕੂੜ-ਪ੍ਰਚਾਰ ਦੀ ਵਿਆਪਕ ਮੁਹਿੰਮ ਛੇੜ ਦੇਣ। ਉਨ੍ਹਾਂ ਨੇ ਅਜਿਹਾ ਹੀ ਕੀਤਾ। ਕੂੜ-ਪ੍ਰਚਾਰ ਦੀ ਮੁਹਿੰਮ ਸਿਰਫ਼ ਉਨ੍ਹਾਂ ਨੇ ਹੀ ਨਾ ਚਲਾਈ ਸਗੋਂ ਤਤਕਾਲੀ ਸਮਾਜਵਾਦੀ ਸੋਵੀਅਤ ਯੂਨੀਅਨ ਦੇ ਗ਼ੱਦਾਰਾਂ ਤੇ ਭਗੌੜਿਆਂ ਨੇ ਅੰਦਰੋਂ ਸੰਨ੍ਹ ਲਾ ਕੇ ਉਨ੍ਹਾਂ ਦੇ ਪਾਪਾਂ 'ਚ ਆਪਣਾ ਬਣਦਾ-ਸਰਦਾ ਹਿੱਸਾ ਪਾਇਆ। ਕਾ. ਸਟਾਲਿਨ ਦੀ ਮੌਤ ਉਪਰੰਤ 'ਸੋਵੀਅਤ ਯੂਨੀਅਨ ਦਾ ਰੰਗ' ਬਦਲਣ ਤੋਂ ਬਾਅਦ ਰਾਜਕੀ ਇਜ਼ਾਰੇਦਾਰ ਸਰਮਾਏਦਾਰੀ ਦੇ ਨੁਮਾਇੰਦਿਆਂ ਦੇ ਰੂਪ 'ਚ ਖਰੁਸ਼ਚੇਵ ਵਰਗਿਆਂ ਨੇ ਇਹ ਕੰਮ ਖੁੱਲ੍ਹੇ ਰੂਪ 'ਚ ਕੀਤਾ। ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਦੀ 20ਵੀਂ ਕਾਂਗਰਸ (1956) ਦੇ ਡੈਲੀਗੇਟਾਂ ਸਾਹਮਣੇ ਖਰੁਸ਼ੁਚੇਵ ਨੇ ਆਪਣੇ ਗੁਪਤ ਭਾਸ਼ਣ ਵਿੱਚ ਕਾ. ਸਟਾਲਿਨ ਖ਼ਿਲਾਫ਼ ਖੁੱਲ੍ਹ ਕੇ ਜ਼ਹਿਰ ਉਗ਼ਲੀ ਅਤੇ ਭੰਡੀ-ਪ੍ਰਚਾਰ ਕੀਤਾ। ਗੁਪਤ ਕਹੇ ਗਏ ਇਸ ਭਾਸ਼ਣ ਨੂੰ ਕੁੱਝ ਹੀ ਦਿਨਾਂ ਬਾਅਦ ਅਮਰੀਕੀ ਬਦੇਸ਼ ਵਿਭਾਗ ਨੇ ਪ੍ਰਕਾਸ਼ਿਤ ਵੀ ਕਰ ਦਿੱਤਾ। ਜ਼ਾਹਿਰ ਹੈ ਕਾ. ਸਟਾਲਿਨ ਖ਼ਿਲਾਫ਼ ਖਰੁਸ਼ਚੇਵ ਦੇ ਕੂੜ-ਪ੍ਰਚਾਰ ਨੇ ਸਾਮਰਾਜਵਾਦ ਨੂੰ ਖ਼ੂਬ ਰਾਹਤ ਪਹੁੰਚਾਈ ਤੇ ਖ਼ੁਸ਼ੀ ਪ੍ਰਦਾਨ ਕੀਤੀ।

ਐਨਾ ਲੂਈ ਸਟਰੌਂਗ ਦੀ ਹੱਥਲੀ ਪੁਸਤਕ ਖਰੁਸ਼ਚੇਵ ਦੇ ਉਸੇ ਗੁਪਤ ਭਾਸ਼ਣ ਦੀ ਤੱਥਾਤਮਕ ਚੀਰ-ਫਾੜ ਕਰਦੀ ਹੈ ਅਤੇ ਸਮਾਜਵਾਦ ਦੇ ਉਸ ਪਹਿਲੇ ਤਜ਼ਰਬੇ ਨੂੰ ਬੁਲੰਦ ਕਰਦੀ ਹੈ, ਘਾਟਾਂ-ਕਮਜ਼ੋਰੀਆਂ 'ਤੇ ਉਂਗਲ ਧਰਦੀ ਹੈ ਅਤੇ ਇਸ ਦੀਆਂ ਸਮੱਸਿਆਵਾਂ ਦੀ ਚਰਚਾ ਕਰਦੀ ਹੈ।

ਐਨਾ ਲੂਈ ਸਟਰੌਂਗ ਇੱਕ ਅਮਰੀਕਣ ਪੱਤਰਕਾਰ ਸੀ ਜਿਸ ਨੇ ਆਪਣੀ ਜ਼ਿੰਦਗੀ ਦਾ ਲੰਮਾ ਸਮਾਂ ਸਟਾਲਿਨ ਕਾਲੀਨ ਸੋਵੀਅਤ ਯੂਨੀਅਨ ਵਿੱਚ ਇੱਕ ਪੱਤਰਕਾਰ ਦੇ ਤੌਰ 'ਤੇ ਗੁਜ਼ਾਰਿਆ। ਉਹ ਉਸ ਯੁੱਗ ਦੀਆਂ ਸੱਚਾਈਆਂ ਨਾਲ ਸਿੱਧੇ ਰੂਪ 'ਚ ਜੁੜੀ ਹੋਈ ਸੀ ਅਤੇ ਇੱਕ ਪੱਤਰਕਾਰ ਦੇ ਰੂਪ 'ਚ ਉਸ ਦਾ ਨਜ਼ਰੀਆ ਹਕੀਕਤਮੁਖੀ ਸੀ। ਇਸੇ ਲਈ ਉਸ ਦੀ ਇਹ ਪੁਸਤਕ ਸਟਾਲਿਨ ਦੇ ਯੁੱਗ ਦੇ ਇਤਿਹਾਸ 'ਤੇ ਇੱਕ ਪੰਛੀ ਝਾਤ ਮਾਰਦਿਆਂ, ਉਸ ਯੁੱਗ ਦੇ ਸਬੰਧ 'ਚ ਕਈ ਅਹਿਮ ਖੁਲਾਸੇ ਕਰਦੀ ਹੈ। ਉਸ ਨਾਲ ਜਾਣ-ਪਛਾਣ ਕਰਾਉਂਦੀ ਹੈ ਤੇ ਪਾਠਕ ਨੂੰ ਉਸ ਦੌਰ ਦੀ ਡੂੰਘੇਰੀ ਸੱਚਾਈ ਜਾਨਣ ਅਤੇ ਸਮਝਦਾਰੀ ਬਨਾਉਣ ਲਈ ਪ੍ਰੇਰਿਤ ਕਰਦੀ ਹੈ। ਸਟਾਲਿਨ ਦੀ ਮੌਤ ਤੋਂ ਬਾਅਦ ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਦੀ 20ਵੀਂ ਕਾਂਗਰਸ ਵਿੱਚ ਖਰੁਸ਼ਚੇਵ ਵੱਲੋਂ ਆਪਣੇ ਗੁਪਤ ਭਾਸ਼ਣ ਰਾਹੀਂ ਸਟਾਲਿਨ ਖ਼ਿਲਾਫ਼ ਕੀਤੇ ਭੰਡੀ-ਪ੍ਰਚਾਰ ਨੇ ਸੋਵੀਅਤ ਯੂਨੀਅਨ ਦੇ ਲੋਕਾਂ ਤੇ ਪਾਰਟੀ ਸਮੇਤ ਕਮਿਊਨਿਸਟ ਲਹਿਰ ਤੇ ਸਮਾਜਵਾਦੀ ਖੇਮੇ ਵਿਚਕਾਰ ਵਿਆਪਕ ਭੰਬਲਭੂਸਾ ਖੜ੍ਹਾ ਕਰਕੇ ਆਪਣੀ ਉਲਟ-ਇਨਕਲਾਬੀ ਯੋਜਨਾ ਨੂੰ ਅੰਜ਼ਾਮ ਦਿੱਤਾ ਗਿਆ। ਫਰਵਰੀ, 1956 ਵਿੱਚ ਹੋਈ ਇਸ ਕਾਂਗਰਸ ਤੋਂ ਕੁੱਝ ਮਹੀਨੇ ਬਾਅਦ ਹੀ (ਨਵੰਬਰ, 1956) ਵਿੱਚ ਐਨਾ ਆਪਣੀ ਪੁਸਤਕ 'ਸਟਾਲਿਨ ਯੁੱਗ' ਲੈ ਕੇ ਹਾਜ਼ਰ ਹੋਈ। ਇਸ ਤੁਰਤ-ਪੈਰੀ ਪ੍ਰਤੀਕ੍ਰਿਆ ਨੇ ਕਮਿਊਨਿਸਟ ਤੇ ਸਮਾਜਵਾਦੀ ਲਹਿਰ ਦੇ ਹਾਮੀਆਂ ਦੇ ਹੱਥ ਵਿੱਚ ਇੱਕ ਅਜਿਹਾ ਦਸਤਾਵੇਜ਼ ਦੇ ਦਿੱਤਾ ਜਿਸ ਨਾਲ ਖਰੁਸ਼ਚੇਵ ਦੇ ਕੁ-ਤਰਕਾਂ ਨੂੰ ਕਾਰਗਰ ਤਰੀਕੇ ਨਾਲ ਕਾਟ ਕੀਤਾ ਜਾ ਸਕਦਾ ਸੀ। ਅਜਿਹੇ ਦਸਤਾਵੇਜ਼ ਦੀ ਲੋੜ ਵੀ ਸੀ ਕਿਉਂਕਿ ਉਸ ਸਮੇਂ ਤੀਕ ਕੌਮਾਂਤਰੀ ਕਮਿਊਨਿਸਟ ਲਹਿਰ ਵੱਲੋਂ ਖਰੁਸ਼ਚੇਵ ਦੇ ਕੁ-ਤਰਕਾਂ ਤੇ ਸਿਧਾਂਤਕ ਪੁਜੀਸ਼ਨਾਂ ਦੀ ਭਰਵੀਂ ਚੀਰ-ਫਾੜ ਖੁੱਲ੍ਹੇ ਰੂਪ 'ਚ ਸਾਹਮਣੇ ਨਹੀਂ ਸੀ ਆਈ। ਇਸ ਪੁਸਤਕ ਦਾ ਇਤਿਹਾਸਕ ਯੋਗਦਾਨ ਤੇ ਮਹੱਤਤਾ ਵੀ ਇਸੇ ਗੱਲ ਵਿੱਚ ਸੀ ਤੇ ਹੈ। ਇਸ ਪੁਸਤਕ ਦੀ ਪ੍ਰਸੰਗਿਕਤਾ ਅੱਜ ਵੀ ਬਰਕਰਾਰ ਹੈ ਕਿਉਂਕਿ ਇਸ ਦੀ ਆਪਣੀ ਵਿਲੱਖਣ ਪ੍ਰਮਾਣਿਕਤਾ ਹੈ ਤੇ ਇਹ ਪ੍ਰਮਾਣਿਕਤਾ ਇਸ ਲਈ ਵੀ ਹੈ ਕਿ ਲੇਖਿਕਾ ਨੂੰ ਖ਼ੁਦ ਸਟਾਲਿਨ ਦੇ ਦੌਰ ਵਿੱਚ ਗ੍ਰਿਫ਼ਤਾਰੀ ਤੇ ਜਲਾਵਤਨੀ ਭੋਗਣੀ ਪਈ ਸੀ।

ਇਸ ਪੁਸਤਕ ਦੀਆਂ ਆਪਣੀਆਂ ਕੁੱਝ ਸੀਮਾਵਾਂ ਵੀ ਹਨ। 'ਸਟਾਲਿਨ ਯੁੱਗ' ਦੇ ਜਿਨ੍ਹਾਂ ਅੱਤਿਆਚਾਰਾਂ ਦੀਆਂ ਕਹਾਣੀਆਂ ਸਾਮਰਾਜਵਾਦੀ ਮੀਡੀਏ ਵੱਲੋਂ ਹੁਣ ਤੱਕ ਮਿਰਚ-ਮਸਾਲੇ ਲਾ ਕੇ ਪੇਸ਼ ਕੀਤੀਆਂ ਜਾਂਦੀਆਂ ਹਨ ਉਨ੍ਹਾਂ ਅੱਤਿਆਚਾਰਾਂ ਤੇ ਜ਼ਿਆਦਤੀਆਂ ਦੇ ਸੱਚ ਨੂੰ ਐਨਾ ਨੇ ਬਹੁਤ ਨੇੜਿਓਂ ਅੱਖੀਂ ਤੱਕਿਆ ਸੀ। ਲੇਖਿਕਾ ਨੇ ਇਸ ਪੁਸਤਕ ਨੂੰ ਸ਼ੁੱਧ ਇਤਿਹਾਸਕਾਰੀ ਦੇ ਇਰਾਦੇ ਨਾਲ ਨਹੀਂ ਲਿਖਿਆ ਸੀ। ਉਸਦਾ ਇਰਾਦਾ ਖੜ੍ਹੇ-ਪੈਰ ਪ੍ਰਤੀਕ੍ਰਿਆ ਦੇਣ ਦਾ ਸੀ। ਇਸ ਲਈ ਸਮੇਂ ਦੀ ਘਾਟ ਕਾਰਨ ਲੇਖਿਕਾ ਬਹੁਤ ਸਾਰੇ ਤੱਥਾਂ ਦੀ ਡੂੰਘੀ ਪੜਤਾਲ ਨਹੀਂ ਕਰ ਪਾਈ ਤੇ ਕਿਤੇ-ਕਿਤੇ ਉਸ ਦੀ ਪਹੁੰਚ ਨਾਕਾਰਤਮਕ ਵੀ ਹੋਈ। ਇਹਦੇ ਨਾਲ-ਨਾਲ ਲੇਖਿਕਾ ਨੇ ਉਸ ਦੌਰ ਦੇ ਨਕਾਰਾਤਮਕ ਅਨੁਭਵਾਂ ਨੂੰ ਪੇਸ਼ ਕਰਦੇ ਹੋਏ, ਉਸ ਸਮੇਂ ਦੀਆਂ ਸੀਮਤਾਈਆਂ ਨੂੰ ਸਮਝਦੇ ਹੋਏ ਇੱਕ ਸੰਤੁਲਿਤ ਪਹੁੰਚ ਬਨਾਉਣ ਦੀ ਕੋਸ਼ਿਸ਼ ਕੀਤੀ ਹੈ। ਕੁੱਲ ਮਿਲਾ ਕੇ ਪੁਸਤਕ ਸਟਾਲਿਨ ਦੇ ਇਤਿਹਾਸਕ ਯੋਗਦਾਨ ਅਤੇ ਸਮਾਜਵਾਦ ਦੇ ਪ੍ਰੋਜੈਕਟ ਨੂੰ ਬੁਲੰਦ ਕਰਦੀ ਹੈ।

ਸਟਾਲਿਨ ਦੀ ਅਗਵਾਈ 'ਚ ਸੋਵੀਅਤ ਯੂਨੀਅਨ ਦੇ ਲੋਕਾਂ ਨੇ ਸਮਾਜਵਾਦ ਦੀ ਸਿਰਜਣਾ ਦੇ ਸੁਪਨੇ ਨੂੰ ਧਰਤੀ 'ਤੇ ਪਹਿਲੀ ਵਾਰ ਸਾਕਾਰ ਕਰਕੇ ਇੱਕ ਇਤਿਹਾਸਕ ਤੇ ਹਾਂ-ਪੱਖੀ ਕਾਰਨਾਮਾ ਕੀਤਾ ਸੀ। ਸਮਾਜਵਾਦ ਦੀ ਉਸਾਰੀ ਲਈ ਸਟਾਲਿਨ ਤੇ ਉਸ ਦੇ ਸਾਥੀ ਅਣਦੇਖੇ ਤੇ ਅਣਗਾਹੇ ਰਾਹਾਂ 'ਤੇ ਚੱਲੇ ਸਨ। ਉਨ੍ਹਾਂ ਕੋਲ ਰਾਹ ਦਰਸਾਵੇ ਲਈ ਨਾ ਪਹਿਲਾਂ ਦਾ ਕੋਈ ਤਜ਼ਰਬਾ ਸੀ ਤੇ ਨਾ ਕਿਸੇ ਤਜ਼ਰਬੇ ਤੋਂ ਹਾਸਲ ਹੋਏ ਸਬਕ ਸਨ। ਅਜਿਹੀ ਹਾਲਤ ਵਿੱਚ ਸਾਰੀਆਂ ਨੇਕ-ਇੱਛਾਵਾਂ ਦੇ ਬਾਵਜੂਦ ਘਾਟਾਂ ਰਹਿਣੀਆਂ, ਗ਼ਲਤੀਆਂ ਹੋਣੀਆਂ ਤੇ ਪਛਾੜਾਂ ਲੱਗਣੀਆਂ ਸੁਭਾਵਿਕ ਸਨ। ਮਾਰਗ-ਦਰਸ਼ਕ ਦੇ ਰੂਪ 'ਚ ਉਨ੍ਹਾਂ ਕੋਲ ਮਾਰਕਸਵਾਦ-ਲੈਨਿਨਵਾਦ ਦਾ ਸਿਧਾਂਤ ਹੈ ਸੀ, ਪਰ ਕਿਸੇ ਵੀ ਸਿਧਾਂਤ ਜਾਂ ਸੁਪਨੇ ਨੂੰ ਲਾਗੂ ਕਰਨ ਜਾਂ ਹਕੀਕਤ ਵਿੱਚ ਸਾਕਾਰ ਕਰਨ ਦੇ ਅਮਲ ਦੀ ਪ੍ਰਕ੍ਰਿਆ ਅਣਦੇਖੀਆਂ ਤੇ ਅਣਸੁਲਝੀਆਂ ਸਮੱਸਿਆਵਾਂ ਨੂੰ ਸਾਹਮਣੇ ਲਿਆਉਂਦੀ ਹੈ, ਜਿਨ੍ਹਾਂ ਦੇ ਹੱਲ ਲਈ ਪਹਿਲਾਂ ਤੋਂ ਵਿਕਸਤ ਸਿਧਾਂਤ ਅਧੂਰੇ ਸਾਬਤ ਹੁੰਦੇ ਹਨ। ਉਨ੍ਹਾਂ ਸਿਧਾਂਤਾਂ ਨੂੰ ਅੱਗੇ ਹੋਰ ਵਿਕਸਤ ਕਰਨ ਦੀ ਲੋੜ ਪੈਂਦੀ ਹੈ। ਸਿਧਾਂਤ ਤੇ ਅਮਲ ਇੱਕ-ਦੂਜੇ ਨੂੰ ਇਸੇ ਤਰ੍ਹਾਂ ਅਮੀਰ ਬਣਾਉਂਦੇ ਰਹਿੰਦੇ ਹਨ।

ਸਟਾਲਿਨ ਤੇ ਉਸ ਦੇ ਸਾਥੀਆਂ ਦੀਆਂ ਕੁੱਝ ਸੀਮਤਾਈਆਂ ਉਸ ਇਤਿਹਾਸਕ ਦੌਰ ਅਤੇ ਸਮਾਜਵਾਦ ਦੇ ਪਹਿਲੇ ਤਜ਼ਰਬੇ ਦੀਆਂ ਸਨ। ਮਸਲਨ, ਇਨਕਲਾਬ ਤੋਂ ਬਾਅਦ ਸਮਾਜਵਾਦ ਦੇ ਲੰਮੇ ਸੰਗਰਾਂਦੀ ਦੌਰ ਵਿੱਚ ਜਮਾਤੀ ਸੰਘਰਸ਼ ਕਿਵੇਂ ਅਹਿਮ ਭੂਮਿਕਾ ਨਿਭਾਏਗਾ, ਸਮਾਜਵਾਦ ਦੇ ਅੰਦਰ ਪੂੰਜੀਪਤ ਮਾਰਗੀਆਂ ਦੇ ਕਿਲੇ ਕਿਵੇਂ ਉੱਸਰਦੇ ਤੇ ਕਾਇਮ ਰਹਿੰਦੇ ਹਨ, ਕਮਿਊਨਿਸਟ ਪਾਰਟੀ ਤੇ ਉਸ ਦੀ ਲੀਡਰਸ਼ਿਪ ਕਿਵੇਂ ਆਤਮਘਾਤੀ ਰਾਹ 'ਤੇ ਚੱਲ ਸਕਦੇ ਹਨ, ਆਰਥਕ ਆਧਾਰ ਅਤੇ ਉਸਾਰ ਦੇ ਦਵੰਦਵਾਦੀ ਰਿਸ਼ਤੇ ਵਿੱਚ ਸਮਾਜਵਾਦ ਦੌਰਾਨ ਉਸਾਰ ਕਿਵੇਂ ਮੁੱਖ ਭੂਮਿਕਾ ਨਿਭਾਉਂਦਾ ਹੈ, ਪੈਦਾਵਾਰ ਦੇ ਸਾਧਨਾਂ 'ਤੇ ਸਮੂਹਿਕ ਮਾਲਕੀ ਸਥਾਪਤ ਹੋਣ ਤੋਂ ਬਾਅਦ ਵੀ ਸਮਾਜਿਕ ਪੈਦਾਵਾਰ ਦੀ ਵੰਡ ਆਰਥਕ ਪਾੜੇ ਨੂੰ ਕਿਵੇਂ ਬਰਕਰਾਰ ਰੱਖਦੀ ਹੈ, ਆਦਿ ਵਰਗੇ ਸਵਾਲਾਂ ਬਾਰੇ ਵਿਗਿਆਨਕ ਸਮਝਦਾਰੀ ਪੂਰੀ ਤਰ੍ਹਾਂ ਵਿਕਸਤ ਤੇ ਸਪਸ਼ਟ ਨਹੀਂ ਸੀ। 'ਖੱਪੇ ਪੱਖੀ ਕਮਿਊਨਿਜ਼ਮ-ਇੱਕ ਬਚਕਾਨਾ ਰੋਗ' ਵਿੱਚ ਲੈਨਿਨ ਨੇ ਸਮਾਜਵਾਦੀ ਸਮਾਜ ਵਿੱਚ ਸਰਮਾਏਦਾਰ ਜਮਾਤਾਂ ਦੇ ਪਨਪਣ ਦੇ ਸਮਾਜਿਕ ਆਧਾਰ ਬਾਰੇ ਅਤੇ ਪ੍ਰੋਲੇਤਾਰੀ ਦੀ ਸੱਤ੍ਹਾ ਵਿੱਚ ਨੌਕਰਸ਼ਾਹ ਪ੍ਰਵਿਰਤੀਆਂ ਅਤੇ ਸਰਮਾਏਦਾਰਾ ਵਿਗਾੜ ਪੈਦਾ ਹੁੰਦੇ ਰਹਿਣ ਵੱਲ ਧਿਆਨ ਦਿਵਾਇਆ ਸੀ, ਪਰ ਲੈਨਿਨ ਵੱਲੋਂ ਕੀਤੇ ਇਸ਼ਾਰਿਆਂ ਨੂੰ ਪਕੜ ਕੇ ਸਿਧਾਂਤ ਦੇ ਰੂਪ 'ਚ ਵਿਕਸਤ ਕਰਨ ਦਾ ਕੰਮ ਸਟਾਲਿਨ ਦੇ ਦੌਰ 'ਚ ਨਹੀਂ ਹੋ ਪਾਇਆ। ਇਹੋ ਹੀ ਸਟਾਲਿਨ ਯੁੱਗ ਦੀ ਵੱਡੀ ਕਮਜ਼ੋਰੀ ਰਹੀ। ਸਮਾਜਵਾਦ ਦਾ ਦੌਰ ਇੱਕ ਲੰਮਾ ਸੰਗਰਾਂਦੀ ਦੌਰ ਹੈ, ਜਿਹੜਾ ਕਈ ਸਦੀਆਂ ਵੀ ਚੱਲ ਸਕਦਾ ਹੈ, ਇਸ ਦੌਰ ਵਿੱਚ ਪ੍ਰੋਲੇਤਾਰੀ ਜਮਾਤ ਦੀ ਸਰਦਾਰੀ ਵਾਲੇ ਰਾਜ ਨੇ ਉਹ ਸਾਰੇ ਜਮਾਤੀ ਵਿਰੋਧ, ਸਾਰੇ ਆਰਥਕ ਸਬੰਧ ਜਿਨ੍ਹਾਂ ਵਿੱਚੋਂ ਜਮਾਤੀ ਵਿਰੋਧ ਪੈਦਾ ਹੁੰਦੇ ਹਨ, ਸਾਰੇ ਸਮਾਜਿਕ ਸਬੰਧ ਜਿਹੜੇ ਇਨ੍ਹਾਂ ਆਰਥਕ ਸਬੰਧਾਂ 'ਤੇ ਆਧਾਰਿਤ ਹੁੰਦੇ ਹਨ, ਸਾਰੇ ਵਿਚਾਰ ਜਿਹੜੇ ਇਨ੍ਹਾਂ ਸਮਾਜਿਕ ਸਬੰਧਾਂ ਨਾਲ ਮੇਲ ਖਾਂਦੇ ਹਨ, ਨੂੰ ਖ਼ਤਮ ਕਰਨ ਦੀ ਸੇਧ ਅਖਤਿਆਰ ਕਰਨੀ ਹੁੰਦੀ ਹੈ ਅਤੇ ਬੁਰਜੂਆ ਹੱਕ ਨੂੰ ਲਗਾਤਾਰ ਸੀਮਤ ਕਰਦੇ ਹੋਏ ਇਸ ਨੂੰ ਖ਼ਤਮ ਕਰਨ ਵੱਲ ਵਧਣਾ ਹੁੰਦਾ ਹੈ। ਇਸ ਸਾਰੇ ਦੌਰ ਵਿੱਚ ਕਮਿਊਨਿਸਟ ਪਾਰਟੀ ਅਤੇ ਪ੍ਰੋਲੇਤਾਰੀਏ ਦੇ ਰਾਜ ਦੀ ਸੇਧ ਸਰੀਰਕ ਕਿਰਤ ਅਤੇ ਮਾਨਸਿਕ ਕਿਰਤ, ਸ਼ਹਿਰ ਅਤੇ ਪਿੰਡ, ਵਿਕਸਤ ਅਤੇ ਪਛੜੇ ਅਤੇ ਮਜ਼ਦੂਰ ਤੇ ਕਿਸਾਨ ਦਰਮਿਆਨ ਦੇ ਵਿਰੋਧਾਂ ਨੂੰ ਲਗਾਤਾਰ ਘੱਟ ਕਰਦੇ ਜਾਣ ਵਾਲੀ ਰਹਿੰਦੀ ਹੈ।

ਉਪ੍ਰੋਕਤ ਸਿਧਾਂਤਕ ਸੀਮਤਾਈਆਂ ਦੇ ਚੱਲਦਿਆਂ ਸਟਾਲਿਨ ਦੌਰ ਦੌਰਾਨ ਸਮਾਜਵਾਦ ਨੂੰ ਪਿੱਛਲ-ਮੋੜੇ ਅਤੇ ਸਰਮਾਏਦਾਰਾ ਮੁੜ-ਬਹਾਲੀ ਦੀਆਂ ਸੰਭਾਵਨਾਵਾਂ ਨਾਲ ਨਜਿੱਠਣ ਲਈ ਲੋੜੀਂਦਾ ਸਿਧਾਂਤਕ ਆਧਾਰ ਨਹੀਂ ਸੀ। ਸਰਮਾਏਦਾਰਾ ਮੁੜ-ਬਹਾਲੀ ਨੂੰ ਰੋਕ ਸਕਣਾ ਮੁਮਕਿਨ ਨਹੀਂ ਸੀ। ਇਸੇ ਲਈ ਸਟਾਲਿਨ ਦੀ ਮੌਤ ਤੋਂ ਬਾਅਦ ਖਰੁਸ਼ਚੇਵ ਦੀ ਅਗਵਾਈ 'ਚ ਸੋਧਵਾਦੀਆਂ ਤੇ ਪੂੰਜੀਪਤ ਮਾਰਗੀਆਂ ਨੇ ਪਾਰਟੀ, ਰਾਜ ਸੱਤ੍ਹਾ ਅਤੇ ਸਮਾਜ 'ਤੇ ਆਪਣਾ ਗਲਬਾ ਜਮਾ ਕੇ ਸੋਵੀਅਤ ਯੂਨੀਅਨ ਵਿੱਚ ਮੁੜ ਤੋਂ ਸਰਮਾਏਦਾਰੀ ਬਹਾਲ ਕਰ ਦਿੱਤੀ।

ਇਸ ਸਿਧਾਂਤਕ ਅਤੇ ਅਮਲੀ ਤਜ਼ਰਬੇ ਨੂੰ ਵਿਕਸਤ ਕਰਨ ਦਾ ਇਤਿਹਾਸਕ ਕਾਰਜ਼ ਮਾਓ ਜੇ ਤੁੰਗ ਨੇ ਅਗਾਂਹ ਤੋਰਿਆ। ਮਾਓ ਨੇ ਸੋਵੀਅਤ ਸਮਾਜਵਾਦ ਦੇ ਹਾਂ ਪੱਖੀ ਤੇ ਨਾਂਹ ਪੱਖੀ ਤਜ਼ਰਬੇ ਅਤੇ ਸਰਮਾਏਦਾਰਾ ਮੁੜ-ਬਹਾਲੀ ਤੋਂ ਸਬਕ ਗ੍ਰਹਿਣ ਕਰਕੇ ਅਤੇ ਮਾਰਕਸਵਾਦ-ਲੈਨਿਨਵਾਦ ਨੂੰ ਸਜਿੰਦ ਰੂਪ 'ਚ ਲਾਗੂ ਕਰਕੇ ਸਮਾਜਵਾਦ ਦੌਰਾਨ 'ਨਿਰੰਤਰ ਇਨਕਲਾਬ' ਦਾ ਸਿਧਾਂਤ ਵਿਕਸਤ ਕੀਤਾ ਅਤੇ ਨਿਰੰਤਰ ਇਨਕਲਾਬ ਦੇ ਸਿਧਾਂਤ ਨੂੰ 'ਸੱਭਿਆਚਾਰਕ ਇਨਕਲਾਬ' ਜ਼ਰੀਏ ਚੀਨ ਅੰਦਰ ਲਾਗੂ ਕੀਤਾ ਅਤੇ ਪ੍ਰੋਲੇਤਾਰੀਏ ਦੇ ਰਾਜ ਵਿੱਚ ਸਥਾਪਤ ਬੁਰਜੂਆ ਹੈੱਡ ਕੁਆਰਟਰ ਉਡਾਉਣ ਦਾ ਚੀਨੀ ਲੋਕਾਂ ਨੂੰ ਸੱਦਾ ਦਿੱਤਾ।

ਸਟਾਲਿਨ ਦਾ ਯੁੱਗ ਪੂਰੀ ਮਨੁੱਖ ਜਾਤੀ ਦੇ ਇਤਿਹਾਸ ਦਾ ਸ਼ਾਨਦਾਰ ਧਰੋਹਰ ਹੈ। 20ਵੀਂ ਸਦੀ ਦੇ ਪਹਿਲੇ ਅੱਧ ਨੂੰ ਜਿੰਨਾ ਪ੍ਰਭਾਵਿਤ ਸਟਾਲਿਨ ਨੇ ਕੀਤਾ ਉਨਾ ਕਿਸੇ ਵੀ ਹੋਰ ਨੇ ਨਹੀਂ ਕੀਤਾ। ਉਸ ਯੁੱਗ ਦੀ ਦਰੁੱਸਤ ਸਮਝਦਾਰੀ ਵਿਕਸਤ ਕਰਨਾ ਅਤੇ ਠੀਕ ਸਿੱਟੇ ਕੱਢਣਾ ਕਮਿਊਨਿਸਟ ਇਨਕਲਾਬੀ ਲਹਿਰ, ਸਮਾਜਵਾਦ ਦੇ ਹਾਮੀਆਂ ਅਤੇ ਇਤਿਹਾਸ ਦੇ ਵਿਦਿਆਰਥੀਆਂ ਲਈ ਬੇਹੱਦ ਜ਼ਰੂਰੀ ਹੈ। ਪਰ ਪੰਜਾਬੀ ਵਿੱਚ ਇਸ ਵਿਸ਼ੇ ਬਾਰੇ ਸਾਹਿਤ ਦੀ ਬੇਹੱਦ ਘਾਟ ਹੈ। ਇਸ ਪੁਸਤਕ ਦਾ ਪੰਜਾਬੀ ਅਨੁਵਾਦ ਇਸੇ ਮਕਸਦ ਨੂੰ ਲੈ ਕੇ ਕੀਤਾ ਗਿਆ ਹੈ। ਮੈਂ ਆਪਣੇ ਸਿਆਸੀ ਜੀਵਨ ਦੇ ਸ਼ੁਰੂਆਤੀ ਦਿਨਾਂ 'ਚ, ਦੋ-ਢਾਈ ਦਹਾਕੇ ਪਹਿਲਾਂ, ਜਦੋਂ ਇਹ ਪੁਸਤਕ ਪੜ੍ਹੀ ਸੀ ਤਾਂ ਇਸ ਨੇ ਮੇਰੇ ਦਿਲੋ-ਦਿਮਾਗ਼ 'ਤੇ ਅਮਿੱਟ ਛਾਪ ਛੱਡੀ ਸੀ। ਪਰ ਉਸ ਵਕਤ ਇਹ ਨਹੀਂ ਸੀ ਪਤਾ ਕਿ ਇਸ ਪੁਸਤਕ ਨੂੰ ਪੰਜਾਬੀ ਪਾਠਕਾਂ ਦੇ ਰੂ-ਬ-ਰੂ ਕਰਨਾ ਮੇਰੇ ਹਿੱਸੇ ਹੀ ਆਵੇਗਾ। ਮਹਾਨ ਅਕਤੂਬਰ ਇਨਕਲਾਬ ਦੇ 100 ਸਾਲਾ ਜਸ਼ਨ ਮਨਾਏ ਜਾ ਰਹੇ ਹਨ, ਅਜਿਹੇ ਮੌਕੇ ਇਸ ਪੁਸਤਕ ਨੂੰ ਪੰਜਾਬੀ ਪਾਠਕਾਂ ਦੇ ਸਨਮੁਖ ਪੇਸ਼ ਕਰਕੇ ਬੇਹੱਦ ਖ਼ੁਸ਼ੀ ਮਹਿਸੂਸ ਹੋ ਰਹੀ ਹੈ। ਇਹ ਕਾਰਜ਼ ਸ਼ਾਇਦ ਨੇਪਰੇ ਨਾ ਚੜ੍ਹਦਾ ਜੇਕਰ ਸਾਥੀ ਬੂਟਾ ਸਿੰਘ ਨਵਾਂ ਸ਼ਹਿਰ, ਸਾਥੀ ਮੁਖਤਿਆਰ ਪੂਹਲਾ ਅਤੇ ਨਰਾਇਣ ਦੱਤ ਕੀਮਤੀ ਰਾਵਾਂ ਨਾ ਦਿੰਦੇ ਅਤੇ ਮੇਰੀ ਬੇਟੀ ਅਰਸ਼ਦੀਪ ਅਰਸ਼ੀ ਇੰਗਲਿਸ਼ ਤੇ ਪੰਜਾਬੀ, ਦੋਵੇਂ ਜ਼ੁਬਾਨਾਂ, 'ਤੇ ਬਿਹਤਰ ਪਕੜ ਨਾਲ ਅਨੁਵਾਦ ਵਿੱਚ ਮੱਦਦ ਨਾ ਕਰਦੀ।

Comments

Name (required)

Leave a comment... (required)

Security Code (required)ਕਿਤਾਬਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ