Fri, 19 April 2024
Your Visitor Number :-   6985056
SuhisaverSuhisaver Suhisaver

ਖ਼ੁਸ਼ਕ ਅੱਖ ਦਾ ਖ਼ਾਬ

Posted on:- 16-08-2013

suhisaver

ਪ੍ਰਕਾਸ਼ਨ: ਤਰਕਭਾਰਤੀ ਪ੍ਰਕਾਸ਼ਨ
ਕੀਮਤ:  170/- ਰੁਪਏ

ਉਹ ਲੋਕ ਹੀ ਇਹ ਆਖਦੇ ਹਨ ਕਿ ਵਰਤਮਾਨ ਸਮਿਆਂ ਵਿਚ ਸਾਹਿਤ ਦੀ ਕੋਈ ਸਮਾਜਕ/ਰਾਜਨੀਤਕ ਪ੍ਰਾਸੰਗਿਕਤਾ ਨਹੀਂ ਰਹੀ, ਜਿਹਨਾਂ ਨੇ ਅਜਮੇਰ ਸਿੱਧੂ ਦੀਆਂ ਕਹਾਣੀਆਂ ਨਹੀਂ ਪੜ੍ਹੀਆਂ। ਅਜਮੇਰ ਸਿੱਧੂ ਵਰਤਮਾਨ ਸਮਿਆਂ ਦੀ ਕੇਵਲ ਨਬਜ਼ ਹੀ ਨਹੀਂ ਪਛਾਣਦਾ, ਉਹਨਾਂ ਦੇ ਵਹਿਣ ਨੂੰ ਮੋੜਨ ਦੀ ਜ਼ੁੱਰਅਤ ਵੀ ਰੱਖਦਾ ਹੈ।

ਅਜੇਹਾ ਉਹ ਤਕਨੀਕ ਦੀ ਪੱਧਰ ਤੇ ਕਰਦਾ ਹੈ। ਉਸ ਦੀ ਇਕੋ ਕਹਾਣੀ ਵਿਚ ਦੋ ਕਹਾਣੀਆਂ ਹੁੰਦੀਆਂ ਹਨ। ਪਹਿਲੀ ਕਹਾਣੀ ਵਿਚ ਉਹ ਵਿਵਸਥਾ ਨੂੰ ਬਿਆਨ ਕਰਦਾ ਹੈ ਅਤੇ ਦੂਸਰੀ ਰਾਹੀਂ ਉਸੇ ਵਿਵਸਥਾ ਨੂੰ ਵਿਸਥਾਪਿਤ ਕਰਦਾ ਚਲਿਆ ਜਾਂਦਾ ਹੈ। ‘ਸ਼ਾਇਦ ਰੰਮੀ ਮੰਨ ਜਾਏ’ ਦੀ ਅਗਰਭੂਮੀ ਤੇ ਪਈ ਕਹਾਣੀ ਵਿਚ ਘਰ ਦੀਆਂ ਤੰਗੀਆਂ ਦੀ ਸਤਾਈ ਤਾਰੋ ਆਪਣੀ ਧੀ ਰੰਮੀ ਨੂੰ ਦੇਹ ਦੇ ਧੰਦੇ ਲਈ ਮਨਾਉਣ ਦੀ ਕੋਸ਼ਿਸ ਕਰਦੀ ਹੈ। ਕਹਾਣੀਕਾਰ ਦੀ ਉਸਤਾਦੀ ਇਸ ਕਹਾਣੀ ਦੀ ਪੇਸ਼ਕਾਰੀ ਵਿਚ ਨਹੀਂ। ਉਸ ਵਿਧਾ ਵਿਚ ਹੈ, ਜਿਸ ਰਾਹੀਂ ਉਹ ਇਸ ਪੇਸ਼ਕਾਰੀ ਦੀਆਂ ਤ੍ਰੇੜਾਂ ਅੰਦਰ ਗੁਪਤ ਰੂਪ ਵਿਚ ਹੀ ਦੂਜੀ ਕਹਾਣੀ ਐਨਕੋਡ ਕਰ ਦਿੰਦਾ ਹੈ ਜਿਸ ਰਾਹੀਂ ਉਹ ਉਸ ਵਿਵਸਥਾ ਦੇ ਨਿਰਮਾਣ ਪਿੱਛੇ ਕੰਮ ਕਰ ਰਹੀ ਰਾਜਨੀਤੀ ਨੂੰ ਨੰਗਿਆਂ ਕਰਦਾ ਹੈ, ਜਿਹੜੀ ਵਿਵਸਥਾ ਤਾਰੋ ਨੂੰ ਆਪਣੀ ਧੀ ਤੋਂ ਧੰਦਾ ਕਰਵਾਉਣ ਲਈ ਮਜ਼ਬੂਰ ਕਰ ਰਹੀ ਸੀ।

ਦ੍ਰਿਸ਼ਟੀਗੋਚਰ ਕਹਾਣੀ ਵਿਚ, ਪੰਜਾਬ ਦੀ ਸਮਕਾਲੀ ਵਿਵਸਥਾ ਵਿਚ ਆ ਰਹੀਆਂ ਸਮਾਜ-ਸਭਿਆਚਾਰਕ ਤਬਦੀਲੀਆਂ, ਕ੍ਰਾਂਤੀਕਾਰੀ ਵਿਚਾਰਾਂ ਵਾਲੇ ਸੱਤੇ ਦੀ ਭੈਣ ਤਾਰੋ ਦਾ ਉਲਟ ਦਿਸ਼ਾ ਵਿਚ ਪੁਨਰਲੇਖਣ ਕਰ ਰਹੀਆਂ ਹਨ, ਪਰ ਲੇਖਕ ਦੁਆਰਾ ਪਹਿਲੀ ਕਹਾਣੀ ਵਿਚ ਐਨਕੋਡ ਕੀਤੀ ਗਈ ਦੂਜੀ ਕਹਾਣੀ, ਜੋ ਪਾਠਕਾਂ ਦੇ ਮਨਾਂ ਅੰਦਰ ਹੀ ਰੂਪ ਅਖਤਿਆਰ ਕਰਦੀ ਹੈ, ਵਿਚ ਤਾਰੋ ਇਹਨਾਂ ਤਬਦੀਲੀਆਂ ਪਿੱਛੇ ਕੰਮ ਕਰ ਰਹੀਆਂ ਆਰਥਕ-ਰਾਜਨੀਤਕ ਸ਼ਕਤੀਆਂ ਨੂੰ ਨੰਗਿਆਂ ਕਰਕੇ ਵਿਸਥਾਪਿਤ ਕਰ ਦਿੰਦੀ ਹੈ। ਜਿਹੜਾ ਸਮਾਜ ਤਾਰੋ ਨੂੰ ਕੰਸਟਰਕਟ ਕਰ ਰਿਹਾ ਸੀ, ਤਾਰੋ ਉਸੇ ਨੂੰ ਡੀਕੰਸਟਰਕਟ ਕਰਦੀ ਹੈ।

ਘਟਨਾਵਾਂ ਤਾਂ ਉਹੀ ਹਨ। ਪਰ ਉਹ ਇੱਕੋ ਕਹਾਣੀ ਅੰਦਰ ਮੌਜੂਦ ਦੋਨੋਂ ਕਹਾਣੀਆਂ ਵਿਚ ਤਰਕ ਵੱਖੋ ਵੱਖਰੇ ਉਸਾਰਦੀਆਂ ਹਨ। ਹਰ ਘਟਨਾ ਦੋ ਵਿਰੋਧੀ ਅਰਥ-ਪ੍ਰਬੰਧ ਨਹੀਂ, ਦੋ ਵਿਰੋਧੀ ਤਰਕ-ਪ੍ਰਬੰਧ ਉਸਾਰਦੀ ਹੈ। ਦੋ ਵਿਰੋਧੀ ਤਰਕ ਪ੍ਰਬੰਧਾਂ ਨੂੰ ਇਕੋ ਬਿਰਤਾਂਤ ਵਿਚ ਗੁਨ੍ਹਣ ਦੀ ਇਸ ਜੁਗਤ ਕਾਰਨ ਹੀ ਉਸਦੀ ਕਹਾਣੀ ਕਲਾ ਸਮਾਜਕ ਪ੍ਰਾਸੰਗਿਕਤਾ ਹਾਸਲ ਕਰਦੀ ਹੈ; ਪਾਠਕਾਂ ਅੰਦਰ ਵਿਵਸਥਾ ਨਾਲ ਟਕਰਾਉਣ ਦੀ ਜੁਰਅਤ ਪੈਦਾ ਕਰਦੀ ਹੈ। ਉਸਦੀਆਂ ਕਹਾਣੀਆਂ ਰਾਜਨੀਤੀ ਸਿਖਾਉਂਦੀਆਂ ਨਹੀਂ, ਰਾਜਨੀਤੀ ਕਰਦੀਆਂ ਹਨ।


ਇਸ ਕਹਾਣੀ ਦੀ ਮੁੱਖ ਪਾਤਰ ਤਾਰੋ, ਪਾਠਕਾਂ ਦੀ ਨਿੱਜੀ ਖਪਤ ਲਈ, ਕਹਾਣੀਕਾਰ ਦੁਆਰਾ ਘੜ੍ਹਿਆ ਗਿਆ ਪੂਰਵਨਿਸ਼ਚਿਤ ਖਿਡੌਣਾ/ ਕਿਰਦਾਰ ਨਹੀਂ, ਵਿਭਿੰਨ ਧਿਰਾਂ ਦੇ ਵਿਚਾਰਧਾਰਕ/ ਰਾਜਨੀਤਕ ਸੰਘਰਸ਼ ਦਾ ਅਖਾੜਾ ਹੈ, ਜਿਸ ਵਿਚ ਪਾਠਕ ਇਕ ਯੋਧੇ ਵਾਂਗ ਸ਼ਾਮਲ ਹੁੰਦਾ ਹੈ।

ਬਿਮਲਾ ਦੀਆਂ ਕੁੜੀਆਂ ਰੱਜੂ ਅਤੇ ਲੱਭੂ ਵਿਵਸ਼ ਹੋ ਕੇ ਵਿਸ਼ਵ ਸਰਮਾਏ ਦੁਆਰਾ ਸਥਾਪਤ ਉਪਭੋਗਤਾਵਾਦੀ ਵਿਵਸਥਾ ਵਿਚ ਜਜ਼ਬ ਹੋ ਜਾਂਦੀਆਂ ਹਨ। ਲੱਖ ਤੰਗੀਆਂ ਤੁਰਸ਼ੀਆਂ ਦੇ ਬਾਵਜੂਦ ਰੰਮੀ ਅਜੇਹੀਆਂ ਕਦਰਾਂ ਕੀਮਤਾਂ ਨੂੰ ਅਪਨਾਉਣ ਤੋਂ ਇਨਕਾਰੀ ਹੈ। ਤਾਰੋ ਜਾਣਦੀ ਹੈ ਕਿ ਮੱਝਾਂ ਦਾ ਦੁੱਧ ਵੇਚ ਕੇ ਘਰ ਦਾ ਗੁਜ਼ਾਰਾ ਨਹੀਂ ਚੱਲ ਸਕਦਾ। ਸੋਚਦੀ ਹੈ ਕਿ ਜ਼ਿੰਦਾ ਰਹਿਣ ਲਈ ਉਸਨੂੰ ਵੀ ਬਿਮਲਾ ਵਾਂਗ ਆਪਣੀ ਧੀ ਦੀ ਦੇਹ ਦਾ ਵਿਉਪਾਰ ਕਰਨਾ ਪਵੇਗਾ। ਆਪਣੇ ਭਰਾ ਸੱਤੇ ਦੀ ਯਾਦ ਉਸਨੂੰ ਅਜੇਹਾ ਕਰਨ ਤੋਂ ਵਰਜਦੀ ਹੈ। ਨਤੀਜੇ ਵਜੋਂ ਉਹ ਦੁੱਧ ਜਾਂ ਦੇਹ ਵੇਚਣ ਦੇ ਰੂਪ ਵਿਚ ਦੋ ਵਿਪਰੀਤ ਕਦਰਾਂ ਕੀਮਤਾਂ, ਸਭਿਆਚਾਰਕ ਰਵਾਇਤਾਂ ਅਤੇ ਵਿਚਾਰ-ਪ੍ਰਬੰਧਾਂ ਦੇ ਸੰਘਰਸ਼ ਦਾ ਅਖਾੜਾ ਬਣ ਜਾਂਦੀ ਹੈ। ਕਹਾਣੀ ਨੰਬਰ ਇਕ ਵਿਚ ਉਹ ਦੁੱਧ ਤੋਂ ਦੇਹ ਦੇ ਵਿਉਪਾਰ ਵੱਲ ਸਫਰ ਕਰਦੀ ਹੈ। ਦੂਸਰੀ ਕਹਾਣੀ, ਜੋ ਗੁਪਤ ਰੂਪ ਵਿਚ ਪਾਠਕ ਦੇ ਮਨ ਅੰਦਰ ਘਟਦੀ ਹੈ, ਪਾਠਕ ਨੂੰ ਇਸ ਤਬਦੀਲੀ ਵਿਰੁੱਧ ਇਕ ਯੋਧੇ ਵਾਂਗ ਡੱਟ ਜਾਣ ਲਈ ਤਿਆਰ ਕਰਦੀ ਹੈ। ਅਜਮੇਰ ਸਿੱਧੂ ਕੇਵਲ ਵਿਸ਼ਵ ਸਰਮਾਏ ਦੇ ਸਭਿਆਚਾਰਕ ਤਰਕ ਦਾ ਆਲੋਚਨਾਤਮਕ ਵਿਸ਼ਲੇਸ਼ਨ ਹੀ ਪੇਸ਼ ਨਹੀਂ ਕਰਦਾ, ਇਹ ਕੰਮ ਤਾਂ ਹੋਰ ਵੀ ਬਹੁਤ ਸਾਰੇ ਲੋਕ ਕਰਦੇ ਹੋਣਗੇ। ਅਜਮੇਰ ਸਿੱਧੂ ਹੋਣ ਦਾ ਮਹੱਤਵ ਅਜੇਹੇ ਤਰਕ ਵਿਰੁੱਧ ਸਿਆਸੀ ਉਪਦੇਸ਼ ਕਰਨ ਵਿਚ ਨਹੀਂ, ਸਿਆਸੀ ਐਕਸ਼ਨ ਦੀ ਸਿਰਜਣਾ ਕਰਨ ਵਿਚ ਹੈ। ਉਸਦੀ ਕਹਾਣੀ ਕਲਾ ਦੀ ਇਹੋ ਪਹਿਚਾਣ ਅਤੇ ਵਿਲੱਖਣਤਾ ਹੈ।

ਇਹ ਬਿਮਲਾ ਅਤੇ ਤਾਰੋ, ਦੋ ਵਿਅੱਕਤੀਆਂ ਜਾਂ ਉਹਨਾਂ ਦੇ ਦੋ ਪਰਿਵਾਰਾਂ ਦੀ ਕਹਾਣੀ ਨਹੀਂ, ਵਿਸ਼ਵ ਸਰਮਾਏ ਦੇ ਪ੍ਰਭਾਵ ਅਧੀਨ ਤਬਦੀਲ ਹੋ ਰਹੇ ਪੰਜਾਬੀ ਸਭਿਆਚਾਰ/ ਮੁੱਲ ਪ੍ਰਬੰਧ ਦੀ ਕਹਾਣੀ ਹੈ। ਕੇਵਲ ਖਾਣ ਪੀਣ, ਪਹਿਨਣ, ਬੋਲ ਚਾਲ ਅਤੇ ਜੀਣ-ਥੀਣ ਦੇ ਤੌਰ ਤਰੀਕੇ ਹੀ ਨਹੀਂ ਬਦਲ ਰਹੇ, ਨਾਰੀ ਦੇਹ ਨੂੰ ਵੀ ਅਸੀਂ ਖਪਤ ਦੀ ਵਸਤੂ ਹੀ ਬਣਾ ਲਿਆ ਹੈ:

“ਛੋਟਾ ਗੇਟ ਖੁੱਲ੍ਹਾ ਸੀ। ਮੈਂ ਅੰਦਰ ਜਾ ਵੜੀ। ਡਰਾਇੰਗ ਰੂਮ ਦੇ ਨਾਲ ਵਾਲੇ ਕਮਰੇ ਵਿਚ ਸੀ ਡੀ ਪਲੇਅਰ ਚੱਲ ਰਿਹਾ ਸੀ। ਮੈਂ ਦਰਵਾਜ਼ਾ ਖੋਲ੍ਹਿਆ, ਲੱਭੂ (ਭੈਣ) ਅਤੇ ਰੂਪਾ (ਭਰਾ) ਗੀਤ ’ਤੇ ਨੱਚ ਰਹੇ ਸਨ। ਗੁਆਂਢੀਆਂ ਦੇ ਸੱਤ ਅੱਠ ਕੁ ਸਾਲ ਦੇ ਤਿੰਨ ਨਿਆਣੇ ਵੀ ਉਨ੍ਹਾਂ ਦੀ ਨਕਲ ਕਰ ਰਹੇ ਸਨ। ਪਹਿਲਾਂ ਤਾਂ ਮੈਨੂੰ ਕੁੜੀ ਦੇ ਕੱਪੜੇ ਦੇਖ ਕੇ ਤਰੇਲੀ ਆ ਗਈ। ਅੰਡਰ ਸ਼ਰਟ ਵਰਗੀ ਝੱਗੀ ਜਿਹੀ ਪਾਈ ਸੀ। ਸਾਰਾ ਲੱਕ ਤੇ ਢਿੱਡ ਨੰਗਾ। ਦਾਦੇ ਮਗਾਣਾ ਮੋਹਰੇ ਕੱਟ..। ਤੋਬਾ ਤੋਬਾ..। ਦੋਨੋਂ ਛਾਤੀਆਂ ਬਾਹਰ ਡਿਗਣ ਨੂੰ ਫਿਰਨ। .. ਉਹਨਾਂ ਦੇ ਐਕਸ਼ਨ ਦੇਖ ਦੇਖ ਮੈ ਧਰਤੀ ਵਿਚ ਧੱਸਦੀ ਜਾਵਾਂ। ਹੈਂਅ! ਸਕੇ ਭੈਣ ਭਰਾ ਤੇ..। ਉਤੋਂ ਹੋਰ ਸਿਤਮ ਉਹ ਨਿੱਕੇ ਨਿੱਕੇ ਨਿਆਣੇ ਵੀ ਉਨ੍ਹਾਂ ਵਾਂਗ ਕਰਨ।”


ਇਹ ਤਬਦੀਲੀ/ਬਿਮਾਰੀ ਬੱਚਿਆਂ ਰਾਹੀਂ ਸਾਡੇ ਭਵਿੱਖ ਨੂੰ ਤਾਂ ਡੰਗ ਹੀ ਰਹੀ ਹੈ। ਪਰ ਜਿਸ ਤਰੀਕੇ ਸਾਨੂੰ ਆਪਣੀਆਂ ਧੀਆਂ ਦੇ ਦੇਹ ਵਿਉਪਾਰ ਤੋਂ ਵੀ ਸ਼ਰਮ ਆਉਣੀ ਹਟ ਗਈ ਹੈ, ਉਹ ਹੋਰ ਵੀ ਖਤਰਨਾਕ ਹੈ। ਜਦੋਂ ਤਾਰੋ ਨੂੰ ਕੁਲਜੀਤ ਤੋਂ ਪਤਾ ਚੱਲਦਾ ਹੈ, “ਇਹ ਗਿੱਧੇ, ਭੰਗੜੇ, ਆਰਕੈਸਟ੍ਰੇ, ਸਭਿਆਚਾਰਕ ਪ੍ਰੋਗਰਾਮ ਤਾਂ ਬਹਾਨੇ ਐ। ਅਗਲੇ ਪਾਰਟੀ ‘ਚੋਂ ਮੁੱਲ ਪਾ ਕੇ ਲੈ ਜਾਂਦੇ ਆ।”, ਤਾਂ ਤਾਰੋ ਇਹ ਰਾਜ਼ ਬਿਮਲਾ ਨਾਲ ਸਾਂਝਾ ਕਰਦੀ ਹੈ ਕਿ ਉਸਦੀਆਂ ਧੀਆਂ, ਪ੍ਰੋਗਰਾਮ ਨਹੀਂ, ਧੰਦਾ ਕਰਦੀਆਂ ਹਨ। “ਨੀ, ਤਾਰੋ ਛੱਡ ਪਰ੍ਹਾਂ।” ਆਖ ਬਿਮਲਾ ਉਸਨੂੰ ਆਪਣੇ ਪਰਿਵਾਰ ਦੀ ਤਰੱਕੀ ਦੀਆਂ ਕਹਾਣੀਆ ਸੁਣਾਉਂਦੀ ਹੋਈ ਦੱਸਦੀ ਹੈ ਕਿ ਕਿਵੇਂ ਉਸਦੀਆਂ ਧੀਆਂ ਨੇ ਬਿਜ਼ਨਸ ਸੈੱਟ ਕੀਤਾ। ਫੇਰ ਉਹ ਸਾਰੇ ਗੁਰਮੰਤਰ ਤਾਰੋ ਨੂੰ ਵੀ ਦੱਸਦੀ ਹੈ। ਤੇ ਆਪਣੇ ਘਰ ਦੀ ਤਰੱਕੀ ਲਈ ਤਾਰੋ ਵੀ ਉਥੋਂ ਰੰਮੀ ਬਾਰੇ ਮਨ ਬਣਾ ਕੇ ਉੱਠਦੀ ਹੈ। ਉਪਭੋਗਤਾਵਾਦ ਨਾਲ ਜੁੜੀ ਤਰੱਕੀ ਦੀ ਧਾਰਨਾ ਹੀ ਵਿਸ਼ਵ ਸਰਮਾਏ ਦਾ ਸਭਿਆਚਾਰਕ ਤਰਕ ਹੈ। ਤਰੱਕੀ ਨੂੰ ਪ੍ਰਤੀ ਜੀਅ ਊਰਜਾ ਦੀ ਖਪਤ ਨਾਲ ਮਿਣਨਾ ਇਸਦੀ ਵਿਚਾਰਧਾਰਾ ਦਾ ਮੂਲ ਆਧਾਰ ਹੈ। ਵਿਸ਼ਵ ਸਰਮਾਏ ਦੀ ਇਸ ਕਹਾਣੀ ਦੀਆਂ ਤ੍ਰੇੜਾਂ ਵਿਚ ਉਸਦੇ ਸਭਿਆਚਾਰਕ ਤਰਕ ਨੂੰ ਨੰਗਿਆ ਕਰਕੇ ਵਿਥਾਪਿਤ ਕਰ ਦੇਣ ਵਾਲੀ ਦੂਜੀ ਕਹਾਣੀ ਐਨਕੋਡ ਕਰ ਦੇਣ ਦੀ ਕਲਾ ਅਜਮੇਰ ਸਿੱਧੂ ਕੋਲ ਹੀ ਹੈ।

‘ਈਵਾਨ ਇਲੀਚ ਦੀ ਦੂਜੀ ਮੌਤ’ ਦਾ ਮੁੱਖ ਪਾਤਰ ਹਰਸੇਵ ਆਪਣੇ ਮਾਂ-ਬਾਪ ਦਾ ‘‘ਗਊ ਪੁੱਤ ਸੀ। ਜਾਹ ਤਾਂ ਜੇ ਮੰਮੀ ਡੈਡੀ ਦੇ ਕਹਿਣੇ ਤੋਂ ਰਤਾ ਏਧਰ-ਓਧਰ ਹੋ ਜਾਵੇ। ਜਿਥੇ ਬਿਠਾ ਦਿੱਤਾ, ਬਹਿ ਗਿਆ। ਉਸਨੂੰ ਪੜ੍ਹਾਈ ਦੀ ਮਸਤੀ ਸੀ ਜਾਂ ਮੰਮੀ ਡੈਡੀ ਦੇ ਸੁਪਨਿਆਂ ਦੀ। ਕੁੜੀਆਂ ਵੱਲ ਤਾਂ ਉਹ ਫੁਟੀ ਅੱਖ ਨਹੀਂ ਸੀ ਭਾਉਂਦਾ।” ਕੰਪੀਟੀਸ਼ਨ ਦੀ ਮਾਰ ਵਿਚੋਂ ਲੰਘ ਕੇ ਮਾਅਰੀਨ ਇੰਜੀਨੀਅਰ ਬਣ ਜਾਂਦਾ ਹੈ। ਇੱਕ ਅਮਰੀਕਨ ਸ਼ਿਪਿੰਗ ਕੰਪਨੀ ਵਿਚ ਦਸ ਲੱਖ ਦਾ ਪੈਕੇਜ ਵੀ ਮਿਲ ਜਾਂਦਾ ਹੈ। ਜਦੋਂ ਸ਼ਿਪ ਬੰਦਰਗਾਹ ਤੇ ਲਗਦਾ ਤਾਂ ਉਸਦੇ ਸਾਥੀ ਆਪਣੀਆਂ ਰਾਤਾਂ ਰੰਗੀਨ ਬਨਾਉਣ ਲਈ ਪੱਬਾਂ ਕਲੱਬਾਂ ਵੱਲ ਇਵੇਂ ਦੌੜਦੇ ਜਿਵੇਂ ਪਿੰਜਰੇ ਵਿਚੋਂ ਛੁੱਟੇ ਹੋਣ। ਹਰਸੇਵ ਉਹਨਾਂ ਨੂੰ ਮਰ ਰਹੇ ਵਿਅੱਕਤੀ ਦੀ ਖੌਫਨਾਕ ਪੇਸ਼ਕਾਰੀ ਕਰਨ ਵਾਲੇ ਟਾਲਸਟਾਏ ਦੇ ਨਾਵਲ ‘ਈਵਾਨ ਇਲੀਚ ਦੀ ਮੌਤ’ ਦੇ ਐਪੀਸੋਡ ਪੜ੍ਹ ਕੇ ਸੁਣਾਉਂਦਾ, ਪਰ ਉਹ ਇਕ ਨਾ ਸੁਣਦੇ। ਉਹ ਤਾਂ ਬੱਸ ਇਸ ਉਡੀਕ ਵਿਚ ਰਹਿੰਦੇ ਕਿ ਕਦੋਂ ਸ਼ਿਪ ਬੰਦਰਗਾਹ ਤੇ ਲੱਗੇ ਤਾਂ ਜੋ ਉਹ ਖਰੀਦੋ-ਫਰੋਖਤ ਅਤੇ ਮੌਜ-ਮਸਤੀ ਕਰ ਸਕਣ। ਦੂਸਰੇ ਪਾਸੇ ਹਰਸੇਵ ਨੂੰ ਤਾਂ ਕੇਵਲ ਅੱਗੇ ਵਧਣ ਦਾ ਨਸ਼ਾ ਸੀ ਜਾਂ ਕਹਿ ਲਉ ਪੈਸੇ ਕਮਾਉਣ ਦਾ। ਪਰ ਉਹ ਇਸ ਸੁਪਨਈ ਮਹੌਲ ਤੋਂ ਕਿੰਨੀ ਕੁ ਦੇਰ ਬਾਹਰ ਰਹਿ ਸਕਦਾ ਸੀ; ਆਖਰ ਉਹ ਵੀ ਉਸੇ ਮਹੌਲ ਵਿਚ ਰੰਗਿਆ ਗਿਆ। ਸਾਮਰਾਜ ਦੀ ਬਿਮਾਰੀ ਉਸ ਨੂੰ ਡੰਗ ਲੈਂਦੀ ਹੈ ਤੇ ਉਹ ਈਵਾਨ ਇਲੀਚ ਦੀ ਮੌਤੇ ਮਰਨਾ ਸ਼ੁਰੂ ਹੋ ਜਾਂਦਾ ਹੈ।

ਵਧੇਰੇ ਕਮਾਈ, ਉਪਭੋਗਤਾਵਾਦ ਅਤੇ ਅੱਯਾਸ਼ੀ ਵਿਚ ਉਲਝਾ ਕੇ ਸਾਮਰਾਜ ਮਨੁੱਖ ਨੂੰ ਕਿਵੇਂ ਏਡਜ਼ ਦੀ ਬਿਮਾਰੀ ਵਾਂਗ ਭੈੜੀ ਮੌਤੇ ਮਾਰ ਰਿਹਾ ਹੈ, ਇਹ ਅਗਰਭੂਮੀ ਤੇ ਪਈ ਇਸ ਬਿਰਤਾਂਤ ਦੀ ਪਹਿਲੀ ਕਹਾਣੀ ਹੈ ਜੋ ਅਸੀਂ ਪੜ੍ਹਦੇ ਹਾਂ। ਪਰ ਹਰਸੇਵ (ਮਨੁੱਖ) ਦਾ ਦਰਦ, ਸਾਮਰਾਜ ਦੀ ਸਭਿਆਚਾਰਕ ਰਾਜਨੀਤੀ (ਏਡਜ਼) ਨੂੰ ਨੰਗਿਆਂ ਕਰਕੇ ਕਿਵੇਂ ਵਿਸਥਾਪਿਤ ਕਰਦਾ ਹੈ, ਇਹ ਉਹ ਗੁਪਤ ਕਹਾਣੀ ਹੈ, ਜੋ ਕਹਾਣੀਕਾਰ ਦੀ ਕਲਾਕਾਰੀ ਰਾਹੀਂ ਉਸ ਸਭਿਆਚਾਰਕ ਰਾਜਨੀਤੀ ਦੇ ਵਿਦਰੋਹ ਵਿਚ ਪਾਠਕਾਂ ਦੇ ਮਨਾਂ ਅੰਦਰ ਜਾਗਦੀ ਹੈ। ਪਹਿਲੀ ਕਹਾਣੀ ਗਿਆਨ ਦਿੰਦੀ ਹੈ, ਦੂਸਰੀ ਐਕਸਪੀਰੀਐਂਸ।

ਵਧੇਰੇ ਕਮਾਈ ਦੀ ਚਾਹਤ, ਉਪਭੋਗਤਾਵਾਦ, ਅੱਯਾਸ਼ੀ, ਆਦਿ ਸਭ ਵਸਤੂਕਰਣ ਦੀਆਂ ਅਲਾਮਤਾਂ ਹਨ। ਸਾਡਾ ਵਿਦਿਆ ਪ੍ਰਬੰਧ ਵੀ ਹੁਣ ਇੰਡਸਟਰੀ ਬਣ ਗਈ ਹੈ, ਜੋ ਗੁਣੀ ਮਨੁੱਖ ਪੈਦਾ ਕਰਨ ਦੀ ਥਾਂ, ਜੌਬ ਮਾਰਕਿਟ ਲਈ ਕਾਮਿਆਂ ਦੇ ਰੂਪ ਵਿਚ ਵਸਤੂਆਂ ਪੈਦਾ ਕਰਦਾ ਹੈ: “ਓਏ ਰੱਬਾ ਅਸੀਂ ਕਿਹੜੇ ਰਸਤੇ ਤੁਰ ਪਏ। ਅਸੀਂ ਬੱਚਿਆਂ ਨੂੰ ਬੱਚੇ ਨਹੀਂ ਰਹਿਣ ਦਿੱਤਾ, ਪ੍ਰੋਡਕਟ ਬਣਾ ਦਿੱਤਾ.. ਤੇ ਮਾਰਕਿਟ ਵਿਚ ਲਾਂਚ ਕਰ ਦਿੱਤੇ। ਬਖਸ਼ੀਂ ਵਾਹਿਗੁਰੂ।” ਜੇ ਉਸ ਪਰੋਡਕਟ (ਬੱਚੇ) ਦਾ ਮਾਰਕਿਟ ਵਿਚ ਪੂਰਾ ਮੁੱਲ ਨਾ ਮਿਲੇ, ਤਾਂ ਸਾਨੂੰ ਉਸ ਪਰੋਡਕਟ ਉਪਰ ਆਈ ਲਾਗਤ ਸਤਾਉਣ ਲਗਦੀ ਹੈ। ਜਦੋਂ ਹਰਸੇਵ ਬਿਮਾਰ ਹੋ ਕੇ ਘਰ ਆ ਬੈਠਦਾ ਹੈ, ਤਾਂ ਕੁਝ ਅਰਸੇ ਬਾਅਦ ਉਸ ਨੂੰ ਭਈਏ ਵਾਲੇ ਕਮਰੇ ਵਿਚ ਸ਼ਿਫਟ ਕਰ ਦਿੱਤਾ ਜਾਂਦਾ ਹੈ। ਮਾਂ ਤਾਂ ਸਿਰੇ ਦੀ ਗੱਲ ਆਖ ਦਿੰਦੀ ਹੈ: “ਅਸੀਂ ਤੈਨੂੰ ਵਰਲਡ ਲੈਵਲ ਦਾ ਇੰਜੀਨੀਅਰ ਬਣਾਇਆ ਤੇ ਤੂੰ ਸਾਨੂੰ ਕੀ ਦਿੱਤਾ, ਓਏ.. ਬਦਨਾਮੀ। ਸਾਡਾ ਲੋਕਾਂ ਵਿਚ ਜੀਣਾ ਹਰਾਮ ਕੀਤਾ, ਇਹਦੇ ਨਾਲੋਂ ਤਾਂ ਚੰਗਾ ਸੀ ਕੁਲੱਛਣਿਆ ਜੰਮਦਾ ਹੀ ਮਰ ਜਾਂਦਾ। ਸਬਰ ਕਰ ਲੈਂਦੇ।”

ਮੋਹ, ਮਮਤਾ, ਮੁਹੱਬਤ ਸਮੇਤ ਰਿਸ਼ਤਿਆਂ ਦਾ ਵੀ ਵਸਤੂਕਰਣ ਹੋ ਗਿਆ। ਸਭਿਆਚਾਰ ਹੁਣ ਸਮਾਜਕ ਪ੍ਰੈਕਟਿਸ ਨਹੀਂ, ਸਭਿਆਚਾਰਕ/ਕਲਾਤਮਕ/ਸਾਹਿਤਕ ਵਸਤੂਆਂ ਅਤੇ ਸੇਵਾਵਾਂ ਦਾ ਵਿਉਪਾਰ ਅਤੇ ਉਹਨਾਂ ਦੀ ਖਪਤ ਬਣ ਕੇ ਰਹਿ ਗਿਆ ਹੈ। ਕਲਚਰਲ ਇੰਡਸਟਰੀ, ਨੌਲਿਜ ਇੰਡਸਟਰੀ, ਕਰੀਏਟਿਵ ਇੰਡਸਟਰੀ, ਫੇਥ ਇੰਡਸਟਰੀ, ਈਮੋਸ਼ਨਲ ਇੰਡਸਟਰੀ, ਬੇਬੀ ਬਿਜ਼ਨਸ, ਆਦਿ ਇਸ ਗੱਲ ਦੇ ਗਵਾਹ ਹਨ ਕਿ ਵਰਤਮਾਨ ਸੰਸਾਰ ਵਿਚ ਐਸਾ ਕੁਝ ਵੀ ਨਹੀਂ ਰਿਹਾ ਜਿਸਦਾ ਵਸਤੂਕਰਣ ਨਾ ਹੋਇਆ ਹੋਵੇ, ਸਭ ਧੰਦਾ ਹੈ ਅਤੇ ਸੰਸਾਰ ਇਕ ਮਸ਼ੀਨੀ ਢਾਂਚਾ। ਬੱਸ ਇਕ ਗਿਰਾਸੀਮ ਬਚਿਆ ਹੈ, ਜਿਸਦਾ ਭਾਵੇਂ ਵਰਤਮਾਨ ਸਮਾਜ ਦੀ ਕਹਾਣੀ ਦੇ ਨਿਰਮਾਣ ਵਿਚ ਕੋਈ ਸਥਾਨ/ ਮੁੱਲ/ਮਹੱਤਵ ਨਹੀਂ, ਪਰ ਉਹ ਵਰਤਮਾਨ ਸਮਾਜ ਨੂੰ ਵਿਸਥਾਪਿਤ ਕਰਕੇ, ਉਸ ਅੰਦਰ ਨਵੀਆਂ ਸੰਭਾਵਨਾਵਾਂ ਜਗਾਉਣ ਵਾਲੀ, ਇਸੇ ਕਹਾਣੀ ਅੰਦਰ ਗੁਪਤ ਰੂਪ ਵਿਚ ਪਲ ਰਹੀ ਦੂਜੀ ਗੁਪਤ ਕਹਾਣੀ, ਦਾ ਪਾਠਕਾਂ ਅੰਦਰ ਨਾਇਕ ਬਣਨ ਦੀ ਸਮਰੱਥਾ ਜ਼ਰੂਰ ਰੱਖਦਾ ਹੈ।

ਉਸਦੀ ਕਹਾਣੀ ‘ਜਹਾਜ਼ ਵਾਲੀ ਟੈਂਕੀ’, ਉਸ ਖੇਡ ਨੂੰ ਨੰਗਿਆਂ ਕਰਦੀ ਹੈ, ਜਿਸ ਖੇਡ ਰਾਹੀ ਪੰਜਾਬੀ ਭਾਈਚਾਰਕਤਾ ਅਤੇ ਪੰਜਾਬੀ ਬੰਦੇ ਦੀ ਵਿਦੇਸ਼ ਜਾਣ ਦੀ ਚਾਹਤ, ਇਕ ਦੂਜੀ ਦਾ ਨਿਰਮਾਣ ਕਰਦੀਆਂ ਹਨ। ਇਸ ਚਾਹਤ ਨੂੰ ਉਹ ਉਸ ਕਮਜ਼ੋਰੀ ਦੇ ਰੂਪ ਵਿਚ ਪੇਸ਼ ਕਰਦਾ ਹੈ, ਜਿਸ ਕਮਜ਼ੋਰੀ ਵਿਚੋਂ ਬਾਜ਼ ਵਾਲੇ ਜ਼ੈਲਦਾਰ, ਜਹਾਜ਼ ਵਰਗੀ ਟੈਂਕੀ ਵਾਲੇ ਤਾਏ ਚਰਨ ਸੁੰਹ, ਸੰਤ ਬਾਬਿਆਂ ਅਤੇ ਏਜੰਟ ਸ਼ੇਰਗਿਲ ਵਰਗੇ ਲੋਕਾਂ ਦਾ ਨੈਟਵਰਕ ਉੱਭਰਦਾ ਹੈ, ਜੋ ਪੰਜਾਬੀ ਪਰਿਵਾਰ ਅਤੇ ਭਾਈਚਾਰਕਤਾ ਨੂੰ ਪਲੀਤ ਕਰਨ ਦੇ ਨਾਲ ਨਾਲ ਪੰਜਾਬੀ ਬੰਦੇ ਦਾ ਲਹੂ ਵੀ ਪੀਂਦਾ ਹੈ: “ਹੁਣ ਤਾਂ ਅੱਡੇ ਕੋਲ ਚਾਰ ਠੇਕੇ ਨੇ। ਮੈਂ ਬੋਤਲ ਲਈ ਆ। .. ਅਹਾਤੇ ਵਿਚ ਆ ਗਿਆ ਹਾਂ। ਅੱਧੀ ਨਿਬੇੜ ਦਿੱਤੀ ਆ। ਹੁਣ ਸਾਰਾ ਅਹਾਤਾ ਉਹਨਾਂ ਦੁਖਿਆਰਿਆਂ ਨਾਲ ਭਰਿਆ ਲੱਗਦੈ, ਜਿਨ੍ਹਾਂ ਨੂੰ ਭੈਣ ਚੋ ਸ਼ੇਰਗਿਲ ਰਗੜ ਗਿਆ ਏ। ਨਾਲੇ ਉਹ ਝੂਠੇ ਬਾਬੇ। ਮੈਨੂੰ ਤਾਂ ਲਗਦੈ ਸਾਰਿਆਂ ਦੀ ਮਿਲੀ ਭੁਗਤ ਆ। ਲੈ ਹੁਣ ਬਖਸ਼ਿੰਦਰ ਦੀ ਫਰਮਾਇਸ਼ ਚੇਤੇ ਆ ਗਈ। ਉਹ ਕਹਿੰਦੀ ਸੀ ਖਾਲੀ ਹੱਥ ਨਾ ਆਈਂ। ..ਮੈਂ ਨਾਮਧਾਰੀ ਸੀਡ ਸਟੋਰ ਤੇ ਪੁੱਜਾ ਹਾਂ।”

‘ਖੁਸ਼ਕ ਅੱਖ ਦਾ ਖ਼ਾਬ’ ਕਹਾਣੀ ਵਿਚ ਪਾਤਰ ਰੇਵਲ ਸਿੰਘ ਆਖਦਾ ਹੈ, “ਇਕ ਸਾਡੀ ਪੀੜ੍ਹੀ ਸੀ ਜੋ ਚੰਗੇਰੇ ਭਵਿੱਖ ਲਈ ਲੜ ਰਹੀ ਸੀ। ਇਕ ਆਹ ਨਵੀਂ ਪੀੜ੍ਹੀ ਆ ਜਿਹੜੀ ਨਿੱਜੀ ਜ਼ਿੰਦਗੀ ਦੀ ਦੌੜ ਵਿਚ ਸ਼ਾਮਲ ਹੋ ਗਈ ਹੈ।” ਇਹ ਗੱਲ ਤਾਂ ਠੀਕ ਹੈ ਕਿ ਆਰਥਕ ਉਦਾਰਵਾਦ ਦੇ ਪ੍ਰਭਾਵ ਅਧੀਨ ਨਵੀਂ ਪੀੜ੍ਹੀ ਦੇ ਸਰੋਕਾਰ ਸਮਾਜਕ ਜਾਂ ਪਰਿਵਾਰਕ ਨਹੀਂ ਰਹੇ, ਨਿੱਜੀ ਹੋ ਗਏ ਹਨ। ਪਰ ਸੁਆਲ ਪੈਦਾ ਹੁੰਦਾ ਹੈ ਕਿ ਇਹ ਹਕੀਕਤ/ਚੁਨੌਤੀ ਬੱਚਿਆਂ ਦੀ ਵੱਖੋ ਵੱਖਰੀ ਮਾਨਸਿਕਤਾ ਕਿਵੇਂ ਪੈਦਾ ਕਰ ਰਹੀ ਹੈ। ਬਲਦੇਵ ਸਿੰਘ ਜੌਹਲ ਦਾ ਲੜਕਾ ਪਰਮਵੀਰ, ਜਿਸਨੂੰ ਉਹਨਾਂ ਨੇ ਸਾਧਾਂ, ਚੇਲਿਆ ਅਤੇ ਡਾਕਟਰਾਂ ਦੇ ਚੱਕਰ ਕੱਟ ਕੱਟ ਕੇ ਮਸਾਂ ਪ੍ਰਾਪਤ ਕੀਤਾ ਸੀ, ਅੱਜ ਆਪਣੇ ਹੀ ਮਾਂ-ਬਾਪ ਨੂੰ ਮਾਰਨ ਤੇ ਉਤਾਰੂ ਹੈ, ਤਾਂ ਜੋ ਉਹ ਜ਼ਮੀਨ/ਜਾਇਦਾਦ ਹਾਸਲ ਕਰਕੇ ਮਨ ਆਈਆਂ ਕਰ ਸਕੇ। ਦੂਸਰੇ ਪਾਸੇ, ਖੇਤਾਂ ਵਿਚੋਂ ਮਿਲੀ ਨਵਜੰਮੀ ਲੜਕੀ ਜੋਧਿਕਾ, ਜਿਸਨੂੰ ਕੁਲਵਿੰਦਰ ਸਿੰਘ ਅਤੇ ਉਸਦੀ ਪਤਨੀ ਜਸਪਾਲ ਨੇ ਆਪਣੀ ਧੀ ਬਣਾ ਕੇ ਪਾਲਿਆ, ਆਪਣੇ ਮਾਂ ਬਾਪ ਲਈ ਆਪਣੀ ਚਾਹਤ, ਕੈਰੀਅਰ ਆਦਿ ਹਰ ਕਿਸਮ ਦੀ ਕੁਰਬਾਨੀ ਕਰਦੀ ਹੈ।

ਇਹ ਕਹਾਣੀ ਉਹਨਾਂ ਜੀਵਨ ਗਾਥਾਵਾਂ ਦੀ ਨਿਸ਼ਾਨਦੇਹੀ ਕਰਦੀ ਹੈ, ਜੋ ਪਰਮਵੀਰ ਅਤੇ ਜੋਧਿਕਾ ਦੀ ਵੱਖੋ ਵੱਖਰੀ ਮਾਨਸਿਕਤਾ ਦਾ ਨਿਰਮਾਣ ਕਰਦੀਆਂ ਹਨ। ਪਰਮਵੀਰ ਜਾਣਦਾ ਹੈ ਕਿ ਉਸਦਾ ਪਿਤਾ ਬਲਦੇਵ ਸਿੰਘ ਜੌਹਲ ਜ਼ਮੀਨ/ਜਾਇਦਾਦ ਵਾਲਾ ਆਦਮੀ ਹੈ, ਇਸ ਲਈ ਉਸਦਾ ਭਵਿੱਖ ਸੁਰੱਖਿਅਤ ਹੈ। ਕੋਈ ਜ਼ਿੰਮੇਵਾਰੀ ਨਹੀਂ। ਸਭ ਨਿਸ਼ਚਿਤ ਹੈ। ਕੇਵਲ ਇੱਕੋ ਗੱਲ ਨਿਸ਼ਚਿਤ ਨਹੀਂ, ਕਿ ਉਹ ਖੁਦ ਇਸ ਜ਼ਮੀਨ/ਜਾਇਦਾਦ ਦਾ ਮਾਲਕ ਕਦੋਂ ਬਣੇਗਾ। ਇਹ ਅਨਿਸ਼ਚਤਤਾ/ਸੋਚ ਹੀ ਉਸਦੀ ਮਾਨਸਿਕਤਾ ਦਾ ਨਿਰਮਾਣ ਕਰ ਰਹੀ ਹੈ। ਦੂਸਰੇ ਪਾਸੇ ਜੋਧਿਕਾ ਦਾ ਭਵਿੱਖ ਨਿਸ਼ਚਿਤ ਨਹੀਂ। ਲੜਕੀ ਹੋਣ ਦੇ ਨਾਤੇ ਵੀ ਉਸਨੇ ਕਿਹੜੇ ਪਰਿਵਾਰ ਵਿਚ ਜਾ ਕੇ ਕਿਵੇਂ ਅਡਜਸਟ ਹੋਣਾ ਹੈ, ਇਹ ਵੀ ਪਤਾ ਨਹੀਂ। ਉਸ ਨੂੰ ਗੈਰ ਜ਼ਿੰਮੇਵਾਰ ਹੋਣਾ ਪੁੱਗਦਾ ਹੀ ਨਹੀਂ। ਇਸ ਅਨਿਸ਼ਚਤਤਾ ਵਿਚੋਂ ਨਿਸ਼ਚਿਤਤਾ ਦੀ ਭਾਲ ਹੀ ਉਸਨੂੰ ਪਰਿਵਾਰ ਅਤੇ ਸਮਾਜ ਨਾਲ ਜੋੜੀ ਰੱਖਦੀ ਹੈ। ਇਸੇ ਕਰਕੇ ‘ਉਣੀਂਦੀ ਨਦੀ’ ਕਹਾਣੀ ਵਿਚ ਉਤਰਾ ਨੂੰ ਮੁਹੱਬਤ ਅਤੇ ਮਮਤਾ ਦੀ ਤਲਾਸ਼ ਹੈ ਜਦੋਂ ਕਿ ਉਸਦੇ ਭਰਾਵਾਂ ਨੂੰ ਮੱਠ ਦੀ ਜ਼ਮੀਨ/ਜਾਇਦਾਦ ਉਪਰ ਅਧਿਕਾਰ ਦੀ।

ਜਿਹੜੇ ਲੋਕ ਮਨੁੱਖ ਦੇ ਖੂਬਸੂਰਤ ਭਵਿੱਖ ਨੂੰ ਵਿਗਿਆਨ ਅਤੇ ਤਕਨਾਲੋਜੀ ਵਿਚੋਂ ਤਲਾਸ਼ ਰਹੇ ਹਨ,‘ਕਬਰ ‘ਚ ਦਫਨ ਹਜ਼ਾਰ ਵਰ੍ਹੇ’ ਕਹਾਣੀ ਵਿਚ ਉਹ ਵਿਗਿਆਨ ਅਤੇ ਤਕਨਾਲੋਜੀ ਰਾਹੀਂ, ਮਨੁੱਖ ਦੀ ਆਪਣੀ ਨਿੱਜੀ ਹਵਸ ਦੀ ਪੂਰਤੀ ਲਈ, ਕੁਦਰਤ ਨੂੰ ਕੰਟਰੋਲ ਕਰਕੇ ਉਸਦੇ ਵਸੀਲਿਆਂ ਨੂੰ ਲੁੱਟਣ ਦੀ ਸਾਜ਼ਿਸ਼ ਨੰਗੀ ਕਰ ਦਿੰਦਾ ਹੈ। ਯੋਗੇਸ਼ ਦੀ ਕਹਾਣੀ ਦੱਸਦੀ ਹੈ ਕਿ ਮਨੁੱਖ ਦੇ ਸਮਾਜਿਕ/ਨੈਤਿਕ/ਵਿਕਾਸ ਨਾਲ ਅਜੇਹੀ ਵਿਗਿਆਨਕ ਤਰੱਕੀ ਦਾ ਕੋਈ ਸਬੰਧ ਨਹੀਂ।

ਜੇਕਰ ਵਿਗਿਆਨ ਦਾ ਮਨੁੱਖ ਦੇ ਸਮਾਜਕ/ਨੈਤਿਕ ਵਿਕਾਸ ਨਾਲ ਕੋਈ ਸਬੰਧ ਨਹੀਂ, ਤਾਂ ਸਾਹਿਤ ਅਤੇ ਕਲਾ ਦਾ ਕਿਵੇਂ ਹੋ ਸਕਦਾ ਹੈ? ਜਿਥੇ ਵਿਗਿਆਨ ਅਤੇ ਤਕਨਾਲੋਜੀ ਦੀ ਸੀਮਾ ਖਤਮ ਹੋ ਜਾਂਦੀ ਹੈ, ਓਥੋਂ ਸਾਹਿਤ ਅਤੇ ਕਲਾ ਦੀ ਟੈਰੇਟਰੀ ਸ਼ੁਰੂ ਹੁੰਦੀ ਹੈ। ਜੋ ਨਿਸ਼ਚਿਤ ਹੈ, ਲੌਜੀਕਲ ਹੈ. ਮੈਥੇਮੈਟੀਕਲ ਹੈ, ਐਲਗੋਰਿਦਮਿਕ ਹੈ, ਉਹ ਵਿਗਿਆਨ ਹੈ, ਸਿਧਾਂਤ ਹੈ। ਜੋ ਅਨਿਸ਼ਚਿਤ ਅਤੇ ਵਿਰੋਧਾਭਾਸੀ ਹੈ, ਉਹ ਸਾਹਿਤ ਹੈ, ਕਲਾ ਹੈ। ਜੋ ਉਲਝਣ ਹੱਲ ਹੋ ਗਈ, ਉਹ ਵਿਗਿਆਨ ਹੈ, ਸਿਧਾਂਤ ਹੈ; ਜੋ ਹੱਲ ਨਹੀਂ ਹੋਈ, ਜਿਸਦਾ ਹੱਲ ਹੋਣਾ ਹਾਲੇ ਬਾਕੀ ਹੈ, ਉਹ ਸਾਹਿਤ ਅਤੇ ਕਲਾ ਹੈ। ‘ਬਲਦੇ ਚਿਰਾਗ਼’ ਕਹਾਣੀ ਦਾ ਰਿਆਜ਼ ਅਹਿਮਦ ’47 ਵਿਚ ਬੰਗਿਆਂ ਤੋਂ ਉੱਜੜ ਕੇ ਪਾਕਿਸਤਾਨ ਜਾ ਵਸਿਆ ਸੀ। ਹੁਣ ਉਹ ਵੀਜ਼ਾ ਲੈ ਕੇ ਬੰਗੇ ਆਪਣੇ ਪੁਰਾਣੇ ਘਰ ਆਉਂਦਾ ਹੈ। ਉਸ ਘਰ, ਜਿਥੋਂ ਉਸਦੀ ਭੈਣ ਨੂੰ ਅਗਵਾ ਕਰ ਕੇ ਉਸਦੀ ਅੰਮਾ ਅਤੇ ਭਰਾਵਾਂ ਦਾ ਕਤਲ ਕਰ ਦਿੱਤਾ ਗਿਆ ਸੀ। ਪਰ ਨਾਲ ਨਾਲ ਇਹ ਹੀ ਉਹ ਘਰ/ਗਲੀ ਮੁਹੱਲਾ ਹੈ, ਜਿਥੇ ਉਸਦੀ ਮੁਹੱਬਤ ਨਿਰਮਲਾ ਉਸਦੀ ਯਾਦ ਵਿਚ ਸਾਰੀ ਉਮਰ ਕੁਆਰੀ ਬੈਠੀ ਰਹੀ। ਇਕ ਪਾਸੇ ਸਿਖਰਾਂ ਦੀ ਹਿੰਸਾ ਹੈ, ਦੂਜੇ ਪਾਸੇ ਸਿਰੇ ਦੀ ਮੁਹੱਬਤ। ਰਿਆਜ਼ ਅਹਿਮਦ ਪੁੱਛਦਾ ਹੈ, “ਉਹ ਕੌਣ (ਹਿੰਦੂ ਸਿੱਖ) ਸਨ, ਜੋ ਮੇਰੀ ਭੈਣ ਆਫਸ਼ਾ ਨੂੰ ਲੈ ਗਏ, ਜਿਹਨਾਂ ਨੇ ਮੇਰੀ ਅੰਮਾ, ਮੇਰੇ ਭਰਾਵਾਂ ਦਾ ਕਤਲ ਕਰ ਦਿੱਤਾ।” ਰਿਆਜ਼ ਅਹਿਮਦ ਜਾਣਦਾ ਹੈ ਕਿ ਇਹ ਓਹੀ ਲੋਕ ਸਨ, ਜਿਹਨਾਂ ਦੀ ਧੀ ਨਿਰਮਲਾ ਸਾਰੀ ਉਮਰ ਉਸਦੀ ਉਡੀਕ ਵਿਚ ਕੁਆਰੀ ਬੈਠੀ ਰਹੀ। ਇਸੇ ਲਈ ਉਹ ਉਸ ਘਰ ਵਿਚ ਆਪਣੀ ਭੈਣ ਆਫਸ਼ਾਂ ਅਤੇ ਆਪਣੀ ਮੁਹੱਬਤ ਨਿਰਮਲਾ ਦੀ ਸਾਂਝੀ ਯਾਦ ਵਿਚ ਚਿਰਾਗ਼ ਬਾਲ਼ਦਾ ਹੈ। ਇਹ ਹਿੰਸਾ ਅਤੇ ਮੁਹੱਬਤ ਦੇ ਸੰਘਰਸ਼ ਵਿਚ ਬਲ਼ ਰਿਹਾ ਚਿਰਾਗ਼ ਹੀ ਸਾਹਿਤ ਹੈ, ਕਲਾ ਹੈ। ਇਹ ਸੰਘਰਸ਼ ਵਿਅਕਤੀਵਾਦ ਅਤੇ ਭਾਈਚਾਰਕਤਾ, ਸਮਾਜਕ ਨਿਆਂ ਅਤੇ ਆਜ਼ਾਦੀ, ਸਹਿਯੋਗ ਅਤੇ ਪ੍ਰਤੀਯੋਗ, ਕਾਮਨਾ ਅਤੇ ਸਬਰ ਸੰਤੋਖ, ਉਪਭੋਗਤਾਵਾਦ ਅਤੇ ਤਿਆਗ, ਕਾਸੇ ਦਾ ਵੀ ਹੋ ਸਕਦਾ ਹੈ। ਜਦੋਂ ਇਹ ਸੰਘਰਸ਼ ਨਿਆਂ, ਬਰਾਬਰੀ, ਅਤੇ ਆਜ਼ਾਦੀ ਵਰਗੀਆਂ ਕਦਰਾਂ ਕੀਮਤਾਂ ਉਪਰ ਟਿਕੇ ਸਮਾਜ ਦੀ ਸਿਰਜਣਾ ਲਈ ਹੋਵੇ, ਤਾਂ ਅਜਮੇਰ ਸਿੱਧੂ ਦੀ ਕਹਾਣੀ ਕਲਾ ਜਨਮ ਲੈਂਦੀ ਹੈ।

- ਸ੍ਰ. ਅਮਰਜੀਤ ਸਿੰਘ ਗਰੇਵਾਲ

Comments

Security Code (required)



Can't read the image? click here to refresh.

Name (required)

Leave a comment... (required)





ਕਿਤਾਬਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ