Tue, 16 April 2024
Your Visitor Number :-   6976757
SuhisaverSuhisaver Suhisaver

ਜ਼ਿੰਦਗੀ ਦੇ ਰਾਹਾਂ ’ਤੇ : ਸੰਘਰਸ਼ ਦਾ ਸਫ਼ਰ

Posted on:- 20-12-2019

- ਡਾ. ਲਕਸ਼ਮੀ ਨਰਾਇਣ ਭੀਖੀ

ਜ਼ਿੰਦਗੀ ਦੇ ਰਾਹਾਂ ’ਤੇ, ਰਣਜੀਤ ਲਹਿਰਾ ਦਾ ਜੀਵਨੀ ਮੂਲਕ ਸਫ਼ਰਨਾਮਾ ਹੈ। ਇਸ ਦੂਜੇ ਐਡੀਸ਼ਨ ਵਿਚ ਉਸਨੇ 1980 ਤੋਂ 2015 ਤੱਕ ਦੇ ਸੰਘਰਸ਼ਮਈ ਇਤਿਹਾਸ ਦੀ ਪੇਸ਼ਕਾਰੀ ਕੀਤੀ ਹੈ। ਜਿਸ ਤੋਂ ਲੇਖਕ ਦੀ ਪ੍ਰਤੀਬੱਧਤਾ ਦਾ ਪਤਾ ਲੱਗਦਾ ਹੈ ਅਤੇ ਉਸਦੀ ਕੱਟੜਤਾ ਤੋਂ ਮੁਕਤ ਵਿਚਾਰਧਾਰਾ ਦਾ ਗਿਆਤ ਹੁੰਦਾ ਹੈ ਕਿ ਲਹਿਰ ਦੀ ਪੇਸ਼ਕਾਰੀ ਕਰਦਿਆਂ ਉਸਨੇ ਆਪਣੇ ਗਰੁੱਪ ਨੂੰ ਬੇਲੋੜਾ ਚੜਾਇਆ ਤੇ ਚਮਕਾਇਆ ਨਹੀਂ ਅਤੇ ਮਤਭੇਦ ਰੱਖਣ ਵਾਲੇ ਇਨਕਲਾਬੀ ਗਰੁੱਪਾਂ ਨੂੰ ਛੁਟਆਇਆ ਤੇ ਨਿਵਾਂਇਆ ਵੀ ਨਹੀਂ। ਉਸਨੇ ਉਸ ਵੇਲੇ ਦੇ ਉਹ ਨੇਤਾ ਵੀ ਰੂ-ਬ-ਰੂ ਕੀਤੇ ਹਨ ਜੋ ਅੱਜ ਲਹਿਰ ਛੱਡਕੇ, ਸੱਤਾਧਾਰੀ ਪਾਰਟੀਆਂ ਦੇ ਲੜ ਲੱਗੇ ਹੋਏ ਹਨ। ਇਸ ਤਰ੍ਹਾਂ ਰਣਜੀਤ ਨੇ ਆਪਣੇ ਅੰਦਰ ਸੁਲਘਦੀ ਇਨਕਲਾਬੀ ਲਹਿਰ ਨੂੰ ਖੂਬਸੂਰਤੀ ਨਾਲ ਬਿਆਨ ਕੀਤਾ ਹੈ ਅਤੇ ਵਿਦਿਆਰਥੀ ਲਹਿਰ ਦੀਆਂ ਖੂਬੀਆਂ ਅਤੇ ਖੂਬਸੂਰਤੀਆਂ ਦੇ ਨਾਲ-ਨਾਲ ਇਸਦੀਆਂ ਘਾਟਾਂ ਕਮਜ਼ੋਰੀਆਂ ਨੂੰ ਵੀ ਸਨਮੁੱਖ ਕੀਤਾ ਹੈ।
   
ਪੁਸਤਕ ਪੜ੍ਹਦਿਆਂ ਵਿਦਿਆਰਥੀ ਲਹਿਰ ਦੀ ਚੜ੍ਹਤ ਸੰਬੰਧੀ ਕੁਝ ਨੁਕਤੇ ਸਾਹਮਣੇ ਆਏ ਹਨ ਕਿ ਇਕ ਤਾਂ ਵਿਦਿਆਰਥੀ ਆਗੂਆਂ ਦੀ ਨਿਰੰਤਰ ਸਕੂਲਿੰਗ ਹੁੰਦੀ ਸੀ, ਦੂਜਾ ਅਧਿਐਨ ਕੇਂਦਰ (ਸਟੱਡੀ ਸੈਂਟਰ) ਹੋਣ ਕਰਕੇ ਪੜ੍ਹਨ ਪੜਾਉਣ ਦਾ ਪੱਖ ਭਾਰੂ ਸੀ। ਸ਼ਖ਼ਸੀਅਤ ਘੜਨ ਅਤੇ ਚੇਤਨਾ ਪ੍ਰਦਾਨ ਕਰਨ ਵਿਚ ਸਕੂਲਿੰਗ ਅਤੇ ਸਟੱਡੀ ਸੈਂਟਰਾਂ ਦੀ ਅਹਿਮ ਭੂਮਿਕਾ ਸੀ।

ਦੂਜਾ ਵਿਦਿਆਰਥੀਆਂ ਅਤੇ ਲੋਕਾਂ ਨੂੰ ਜਾਗ੍ਰਿਤ ਕਰਨ ਲਈ, ਵਿਦਿਆਰਥੀ ਗਰੁੱਪਾਂ ਕੋਲ ਆਪੋ ਆਪਣੇ ਸਭਿਆਚਾਰਿਕ ਗਰੁੱਪ ਸਨ। ਅਜਿਹਾ ਕਰਨ ਨਾਲ ਜਿੱਥੇ ਸਾਹਿਤ ਅਤੇ ਕਲਾ ਪ੍ਰੇਮੀ ਵਿਦਿਆਰਥੀ ਲਹਿਰ ’ਚ ਆਉਂਦੇ ਸਨ, ਉੱਥੇ ਕਵਿਤਾ, ਗੀਤ, ਭਾਸ਼ਨ ਅਤੇ ਨਾਟਕ ਰਾਹੀਂ ਆਮ ਵਿਦਿਆਰਥੀ ਅਤੇ ਲੋਕਾਂ ਵਿਚ ਇਨਕਲਾਬੀ ਵਿਚਾਰਧਾਰਾ ਦਾ ਪ੍ਰਚਾਰ, ਪ੍ਰਸਾਰ ਹੋ ਜਾਂਦਾ ਸੀ। ਇਸ ਤਰ੍ਹਾਂ ਮਾਰਕਸੀ ਚਿੰਤਨ ਅਤੇ ਸਭਿਆਚਾਰਿਕ ਲਹਿਰ ਦੋਵੇਂ ਪ੍ਰਫੁੱਲਿਤ ਹੋ ਰਹੇ ਸਨ, ਜਿਸ ਸਦਕਾ ਲਹਿਰ ਦਾ ਪੜਾਕੂ ਅਤੇ ਲੜਾਕੂ ਪੱਖ ਵਿਕਾਸਮਈ ਦਿਸ਼ਾ ਵਿਚ ਸੀ। ਜਿਸਦੀ ਰਣਜੀਤ ਲਹਿਰਾ ਨੇ ਆਪਣੇ ਰਚਨਾ ਪਾਠਾਂ ਵਿਚ ਸੁਹਿਰਦਤਾ ਨਾਲ ਰਾਏ (ਜੱਜਮੈਂਟ) ਦ੍ਰਿਸ਼ਟੀਗੋਚਰ ਕੀਤੀ ਹੈ ਕਿ ਲਹਿਰ ਅੰਦਰ ਜਿੱਥੇ ਖਾੜਕੂਪੁੱਣਾ ਮੌਜੂਦ ਸੀ ਉੱਥੇ ਇਸ ਲਹਿਰ ਦੀ ਵਿਚਾਰਧਾਰਿਕ ਕਮਜ਼ੋਰੀ ਅਤੇ ਟੁੱਟਾਂ ਫੁੱਟਾਂ ਸੰਬੰਧੀ ਨਜ਼ਰੀਆਂ ਕਲਮਬੱਧ ਕੀਤਾ ਹੈ।

     ਵਿਦਿਆਰਥੀ ਲਹਿਰ ਦੇ ਆਗੂਆਂ ਦੀ ਕਮਜ਼ੋਰੀ ਸੀ ਕਿ ਭਾਸ਼ਨਾਂ ਅਤੇ ਬੋਲਚਾਲ ਵਿਚ ਔਖੇ ਭਾਰੇ ਅਤੇ ਜਟਿਲ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਸੀ, ਜਿਹੜੀ ਆਮ ਵਿਦਿਆਰਥੀ ਦੀ ਸਮਝ ਵਿਚ ਨਹੀਂ ਸੀ ਆਉਂਦੀ, ਦੂਜਾ ਵਿਦਿਆਰਥੀ ਲਹਿਰ ਦੇ ਚਿੰਤਕਾਂ ਵੱਲੋਂ ਲਕੀਰ ਦੇ ਫ਼ਕੀਰ ਆਗੂ ਪੈਦਾ ਕੀਤੇ ਜਾਂਦੇ ਸਨ ਜੋ ਸਿਆਸੀ ਲੀਡਰਸ਼ਿਪ ਦੇ ਹੱਥ ਠੋਕੇ ਹੋਣ, ਕਠਪੁਤਲੀਆਂ ਹੋਣ, ਜੇਕਰ ਉਹ ਤੋਤਾ ਬੋਲੀ ਨਹੀਂ ਬੋਲਦੇ ਸਨ, ਹਾਂ ’ਚ ਨਹੀਂ ਮਿਲਾਉਂਦੇ ਸਨ ਤਾਂ ਉਹ ਬਦਲ ਦਿੱਤੇ ਜਾਂਦੇ ਸਨ। ਇਸ ਤਰ੍ਹਾਂ ਕਰਨ ਨਾਲ ਵਿਦਿਆਰਥੀ ਲਹਿਰ ਦੇ ਇਨਕਲਾਬੀ ਗਰਾਫ਼ ਵਿਚ ਗਿਰਾਵਟ ਆਈ। ਮਤਭੇਦ ਰੱਖਣ ਵਾਲਿਆਂ ਨੇ ਪਹਿਲਾਂ ਭਾਂਡੇ ਭੰਨਣੇ ਸ਼ੁਰੂ ਕੀਤੇ, ਫੇਰ ਭਾਂਡੇ ਵੰਡਣੇ ਸ਼ੁਰੂ ਕੀਤੇ ਜੋ ਕਿ ਹੁਣ ਤੱਕ ਵੀ ਵੰਡੇ ਜਾ ਰਹੇ ਹਨ। ਇਸ ਪੁਸਤਕ ਵਿਚ ਬੱਸ ਕਿਰਾਇਆ ਘੋਲ ਦਾ ਨਰੌਅ ਦ੍ਰਿਸ਼ ਪੇਸ਼ ਕੀਤਾ ਗਿਆ ਹੈ। ਬੱਸ ਕਿਰਾਇਆ ਘੋਲ ਸਮੇਂ ਅਪਣਾਈ ਯੁੱਧਨੀਤੀ ਵੀ ਉੱਭਰਕੇ ਸਾਹਮਣੇ ਆਉਂਦੀ ਹੈ ਜੋ ਪਾਠਕਾਂ ਹੌਸਲੇ ਬੁਲੰਦ ਕਰਦੀ ਹੈ। ਲਾਭ ਸਿੰਘ ਦੀ ਸ਼ਹਾਦਤ ਅਤੇ ਲਾਸ਼ ਖੋਹੀ ਵੀਰਾ ਤੇਰੀ ਅੱਧ-ਝੁਲਸੀ ਵਿਚ, ਲਹਿਰ ਦੇ ਖਾੜਕੂ ਪੱਖ ਪੇਸ਼ ਹੋਏ ਹਨ ਕਿ ਵਿਦਿਆਰਥੀ ਲਹਿਰ ਗੁੰਡਾਗਰਦੀ ਦੇ ਖ਼ਿਲਾਫ਼ ਸਖ਼ਤ ਟੱਕਰ ਦਿੰਦੀ ਰਹੀ, ਇਸ ਦੀ ਪੁਸ਼ਟੀ ਵੱਜੋਂ ਜੇ.ਬੀ.ਟੀ. ਦੇ ਪ੍ਰਿੰਸੀਪਲ ਨੂੰ ਸਬਕ ਸਿਖਾਉਂਣਾ ਹੈ।

     ਇਸ ਪੁਸਤਕ ਵਿਚ ਸੁਹਿਰਦ ਵਿਦਿਆਰਥੀ ਆਗੂਆਂ ਦਾ ਜ਼ਿਕਰ ਹੈ ਜੋ ਫੁੱਟ ਨੂੰ ਟਾਲਣਾ ਚਾਹੁੰਦੇ ਸਨ। ਇਸ ਲਈ ਉਹ ਜੱਥੇਬੰਦੀ ਅੰਦਰ ਦੋ ਲਾਇਨਾਂ ਦਾ ਸੰਘਰਸ਼ ਚਲਾਉਂਦੇ ਰਹੇ, ਰਿਐਤ ਦਿੱਲੀਂ ਵਿਰੁੱਧ ਟੱਕਰ ਲੈਂਦੇ ਰਹੇ ਅਤੇ ਇਨਕਲਾਬੀ ਏਕਤਾ ਕੇਂਦਰ ਦੀ ਸਥਾਪਨਾ ’ਚ ਸ਼ਰਗਰਮ ਰਹੇ। ਜਿਸ ਦੀ ਰਹਿਨੁਮਾਈ ਗੁਰਸ਼ਰਨ ਭਾਅ ਜੀ ਕਰਦੇ ਸਨ ਕਿਉਂ ਜੋ ਇਸ ਵੇਲੇ ਇਕ ਤਾਂ ਲਹਿਰ ਦੇ ਖਿੰਡਾਅ ਕਰਕੇ ਨਿਰਾਸ਼ਤਾ ਸੀ, ਦੂਜਾ ਖਾੜਕੂ ਲਹਿਰ ਵੱਲੋਂ ਇਨਕਲਾਬੀ ਜਮੂਹਰੀ ਲਹਿਰ ਤੇ ਹਮਲੇ ਤਿੱਖੇ ਕੀਤੇ ਹੋਏ ਸਨ। ਅਜਿਹੀ ਤ੍ਰਾਸਦੀ ਭਰੇ ਦੌਰ ਵਿਚ, ਕਾਲੇ ਦਿਨਾਂ ਦੀਆਂ ਰੌਸ਼ਨ ਰਾਤਾਂ ਵਿਚ ਵੀ ਇਨਕਲਾਬੀ ਲੋਕ ਗਰਮਜੋਸ਼ੀ ਨਾਲ ਜੂਝਦੇ ਰਹੇ। ਰਣਜੀਤ ਲਹਿਰਾ ਨੇ ਜਿੱਥੇ ਕਈ ਘੋਲਾਂ ਵਿਚ ਹਿੱਸਾ ਲਿਆ, ਉੱਥੇ ਕੁਝ ਘੋਲਾਂ ਦੀ ਖੁਦ ਵੀ ਅਗਵਾਈ ਕੀਤੀ। ਪੁਸਤਕ ਪੜ੍ਹਦਿਆਂ ਪ੍ਰਿੰਸੀਪਲ ਜਰਨੈਲ, ਨਰਿੰਦਰ ਨਿੰਦੀ, ਨਾਜ਼ਰ ਬਾਗੀ, ਸੁਖਦੇਵ ਪਾਂਧੀ, ਅਜਾਇਬ ਸਿੰਘ, ਜਸਵੰਤ ਸਿੰਘ, ਬਲਦੀਪ ਸਿੰਘ ‘ਦਿਲਚਸਪ ਇਨਸਾਨ ਜਾਪੇ।’ ਇਸ ਪੁਸਤਕ ਰਾਹੀਂ ਲਹਿਰਾ ਦੀ ਤਰਕਸ਼ੀਲ ਸੋਚ ਦਾ ਲਿਸ਼ਕਾਰਾ ਪੈਂਦਾ ਹੈ। ਅਜਿਹਾ ਇਸ ਕਰਕੇ ਹੋ ਸਕਿਆ ਹੈ, ਕਿ ਉਸਦਾ ਇਨਕਲਾਬੀ ਸਾਹਿਤ ਨਾਲ ਗਹਿਰਾ ਸੰਬੰਧ ਰਿਹਾ ਹੈ ਲੜਨਾ ਅਤੇ ਪੜ੍ਹਨਾ ਇਨਕਲਾਬੀ ਬੰਦੇ ਦੇ ਦੋ ਹੀ ਲਕਸ਼ ਹੁੰਦੇ ਹਨ, ਇਸ ਕਸਵੱਟੀ ਤੇ ਲਹਿਰਾ ਪੂਰਾ ਉਤਰਦਾ ਹੈ। ਵਰਤਮਾਨ ਲਹਿਰ ਦਾ ਇਹ ਵੀ ਦੁਖਾਂਤ ਹੈ ਕਿ ਜਦੋਂ ਉਹ ਕੋਈ ਸੰਘਰਸ਼ ਨਹੀਂ ਕਰ ਰਹੇ ਹੁੰਦੇ, ਉਸ ਵੇਲੇ ਉਹ ਕੀ ਕਰਨ, ਉਹ ਜਾਂ ਤਾਂ ਚੁੱਪ ਚਾਪ ਬੈਠੇ ਰਹਿੰਦੇ ਹਨ ਜਾਂ ਫੇਰ ਬੇਲੋੜਾ ਸੰਘਰਸ਼ ਕਰਦੇ ਹਨ। ਅਜਿਹਾ ਸੰਘਰਸ਼ ਅੱਗਾ ਦੌੜ ਪਿੱਛਾ ਚੌੜ ਕਰਨ ਵਾਲਾ ਸਾਬਤ ਹੁੰਦਾ ਹੈ। ਇਸ ਪੁਸਤਕ ਵਿਚ ਲਹਿਰਾ ਦੀ ਸੱਚੀ ਸੁੱਚੀ ਰਹਿਤਲ ਦੀ ਸਪਸ਼ਟ ਝੱਲਕ ਮਿਲਦੀ ਹੈ ਅਤੇ ਉਸ ਦੀ ਲੋਕਾਂ ਅੰਦਰ ਰਚਣ ਮਿਚਣ ਦੀ ਕਲਾ ਦਾ ਵੀ ਪਤਾ ਲੱਗਦਾ ਹੈ ਕਿ ਉਹ ਜਿਸ ਘਰ ਵਿਚ ਆਉਂਦਾ ਜਾਂਦਾ ਹੈ, ਉਸ ਘਰ ਵਿਚ ਉਹ ਘਰ ਦਾ ਜੀਅ ਹੋ ਕੇ ਵਿਚਰਦਾ ਹੈ, ਅਜਿਹੀ ਪ੍ਰਤਿਭਾ ਦੇ ਮਾਲਕ ਕੁਝ ਕੁ ਗਿਣਤੀ ਦੇ ਲੋਕ ਹੁੰਦੇ ਹਨ, ਜਿੰਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਲੋਕਾਂ ਦੇ ਜੰਗਲ ਕਿਵੇਂ ਰਹਿਣਾ ਹੈ, ਖੁੱਲ੍ਹਿਆਂ ਕਿਵੇਂ ਵਿਚਰਨਾ ਹੈ, ਸਖਤ ਅਤੇ ਗੁਪਤ ਹਾਲਾਤ ’ਚ ਕਿਵੇਂ ਚੌਕਸ਼ੀ ਵਰਤਣੀ ਹੈ। ਇਸ ਪੁਸਤਕ ਵਿਚ ਬੁੱਧੀਜੀਵੀਆਂ ਦੀ ਅਣਯਥਾਰਥਕ ਪਹੁੰਚ ਦਾ ਵੀ ਪਤਾ ਲੱਗਦਾ ਹੈ ਕਿ ਰਣਜੀਤ ਲਹਿਰਾ ਨੇ ਲਹਿਰਾ ਸੰਗ ਰਹਿੰਦਿਆਂ ਅਤੇ ਲੋਕਾਂ ਵਿਚ ਵਿਚਰਦਿਆਂ ਕਿਵੇਂ ਕੌੜੀਆਂ ਮਿੱਠੀਆਂ ਯਾਦਾਂ ਹੰਢਾਈਆਂ ਹਨ।

    ਜ਼ਿੰਦਗੀ ਦੇ ਰਾਹਾਂ ’ਤੇ ਪੁਸਤਕ ਦਾ ਹੁਸੀਨ ਪੱਖ ਇਹ ਵੀ ਹੈ ਕਿ 2015 ਦੇ ਪਹਿਲੇ ਐਡੀਸ਼ਨ ਸੰਬੰਧੀ, ਸਮਕਾਲੀਆਂ ਦੇ ਵਿਚਾਰ ਇਸ ਪੁਸਤਕ ਵਿਚ ਅੰਕਿਤ ਹਨ। ਰਾਜਪਾਲ ਸਿੰਘ ਕੋਟਕਪੂਰਾ ਅਤੇ ਮੁਖਤਿਆਰ ਪੂਹਲਾ ਨੇ ਇਸ ਪੁਸਤਕ ਦਾ ਵਧੀਆਂ ਵਿਸ਼ਲੇਸ਼ਣ ਕੀਤਾ ਹੈ। ਸੁਖਦਰਸ਼ਨ ਨੱਤ ਦੀਆਂ ਵੱਡਮੁੱਲੀਆਂ ਰਾਵਾਂ ਇਸ ਪੁਸਤਕ ਵਿਚ ਦਰਜ ਹਨ। ਸੁਖਦੇਵ ਪਾਂਧੀ ਦਾ ਮੱਤ ਵੀ ਲੇਖਕ ਨੇ ਸ਼ਾਮਲ ਕੀਤਾ ਹੈ। ਇਸ ਪੁਸਤਕ ਵਿਚ ਪੰਜਾਬ ਸੂਟੈਂਡਟ ਯੂਨੀਅਨ ਲਲਕਾਰ ਅਤੇ ਸੁਖਵਿੰਦਰ ਪੱਪੀ ਦੇ ਵਿਚਾਰ ਢੁੱਕਵਂੇ ਹਨ। ਕਮਿਊਨਿਸਟ ਯੂਥ ਲੀਗ ਦੇ ਸੰਚਾਲਕ ਅਜਾਇਬ ਸਿੰਘ ਟਿਵਾਣਾ ਅਤੇ ਕੰਵਲਜੀਤ ਖੰਨਾ ਦੇ ਵਿਚਾਰ ਪੜਚੋਲਾਤਮਿਕ ਅਤੇ ਪ੍ਰੇਰਨਾ ਦਾਇਕ ਹਨ। ਇਸ ਲਈ ਜ਼ਿੰਦਗੀ ਦੇ ਰਾਹਾਂ ਤੇ ਪੁਸਤਕ ਪੜ੍ਹਨ ਯੋਗ ਅਤੇ ਪੜਤਾਲਣਯੋਗ ਆਖੀ ਜਾ ਸਕਦੀ ਹੈ।

ਫੋਨ : 94175-88616


Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ