Fri, 19 April 2024
Your Visitor Number :-   6984718
SuhisaverSuhisaver Suhisaver

250-300 ਰੁਪਏ ਦਾ ਕਰਜ਼ਾ -ਰਜਨੀਸ਼ ਗਰਗ

Posted on:- 20-10-2020

ਕਈ ਵਾਰ ਬੰਦਾ ਇਹੋ ਜਿਹੀ ਸਥਿਤੀ ਵਿੱਚ ਪਹੁੰਚ ਜਾਂਦਾ ਜਿਸ ਵਿੱਚ ਉਸ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਹ ਉਸ ਪਲ ਦੀ ਖੁਸ਼ੀ ਮਨਾਵੇ ਜਾਂ ਨਾ ਮਨਾਵੇ । ਇਹੋ ਜਿਹੇ ਅਜੀਬੋ-ਗਰੀਬ ਪਲ ਬੰਦੇ ਨੂੰ ਉਦਾਸੀ ਤੇ ਨਾਮੋਸੀ ਵੱਲ ਧਕੇਲ ਦਿੰਦੇ ਨੇ, ਪਰ ਕਈ ਵਾਰ ਇਹੋ ਜਿਹੇ ਪਲ ਜ਼ਿੰਦਗੀ ਦਾ ਇੱਕ ਅਟੁੱਟ ਹਿੱਸਾ ਵੀ ਬਣ ਜਾਂਦੇ ਨੇ । ਕਦੇ ਵੀ ਨਾ ਭੁੱਲਣ ਵਾਲੇ, ਇੱਕ ਅਨਮੋਲ ਪਲ ਜਿਸ ਦੀਆ ਯਾਦਾਂ ਹਮੇਸ਼ਾ ਇੱਕ ਖਿੜੇ ਹੋਏ ਫੁੱਲ ਵਾਂਗ ਹਮੇਸ਼ਾ ਤਾਜ਼ਾ ਰਹਿੰਦੀਆਂ ਨੇ । ਚਾਹੁੰਦੇ ਹੋਏ ਵੀ ਉਸ ਪਲ ਨੂੰ ਭੁਲਾਇਆ ਨਹੀਂ ਜਾ ਸਕਦਾ । ਕੁਝ ਇਹੋ ਜਿਹਾ ਖੱਟਾ-ਮਿੱਠਾ ਪਲ ਜਿਸ ਨੂੰ ਹਮੇਸ਼ਾ ਮੈਂ ਆਪਣੀ ਯਾਦਾ ਦੀ ਡਾਇਰੀ ਚ ਅਮਰ ਰੱਖਣਾ ਚਾਹੁੰਦਾ ਹਾਂ ਤੁਹਾਡੇ ਸਭ ਨਾਲ ਸਾਝਾ ਕਰਨ ਜਾ ਰਿਹਾ ਹਾਂ ।
       
ਇਹ ਉਸ ਵਕਤ ਦੀ ਗੱਲ ਹੈ ਜਦ ਮੈਂ ਛੋਟਾ ਹੁੰਦਾ ਸੀ ਤੇ ਮੈਂ ਪੰਜਵੀ ਕਲਾਸ ਚ ਪੜ੍ਹਦਾ ਸੀ । ਪੰਜਵੀ ਕਲਾਸ ਦੇ ਬੋਰਡ ਦੇ ਇਮਤਿਹਾਨ ਹੋ ਚੁੱਕੇ ਸੀ ਬਸ ਉਸ ਦਾ ਨਤੀਜਾ ਆਉਣਾ ਬਾਕੀ ਸੀ । ਮੈਂ ਉਸ ਨਤੀਜੇ ਤੋ ਬੇਫਿਕਰ ਸੀ ਨਾ ਪਾਸ ਹੋਣ ਦਾ ਡਰ ਨਾ ਫੇਲ ਹੋਣ ਦੀ ਚਿੰਤਾ ਕਿਉਂਕਿ ਉਸ ਵਕਤ ਨੰਬਰਾ ਨੂੰ ਏਨ੍ਹੀ ਅਹਿਮੀਅਤ ਨਹੀਂ ਸੀ ਦਿੱਤੀ ਜਾਦੀ ,ਜਿੰਨੀ ਅੱਜ-ਕੱਲ ਦੇ ਬੱਚਿਆ ਦੇ ਮਾਪਿਆ ਦੁਆਰਾ ਦਿੱਤੀ ਜਾਦੀ ਹੈ । ਉਨ੍ਹਾ ਉਪਰ ਇਮਤਿਹਾਨਾ ਦੇ ਨਤੀਜਿਆ ਦੇ ਨੰਬਰਾ ਦਾ (ਜੋ ਕਿ ਮੇਰੇ ਖਿਆਲ ਚ ਫਜੂਲ ਤੇ ਬੇਮਤਲਬ ਹੈ ) ਵਾਧੂ ਬੋਝ ਪਾਇਆ ਜਾਦਾ ਹੈ । ਤੇ ਇਸ ਬੋਝ ਥੱਲੇ ਦੱਬ ਕੇ ਬੱਚਾ ਅੰਕ ਤਾ ਬਹੁਤ ਵਧੀਆ ਪ੍ਰਾਪਤ ਕਰ ਲੈਦਾ ਹੈ, ਪਰ ਜ਼ਿੰਦਗੀ ਦੇ ਹਸੀਨ ਪਲਾਂ ਨੂੰ ਮਾਨਣ ਤੋ ਵਾਝਾਂ ਰਹਿ ਜਾਦਾ ਹੈ ਤੇ ਅਕਸਰ ਜ਼ਿੰਦਗੀ ਦੇ ਪੇਪਰਾ ਚੋ ਫੇਲ ਹੋ ਜਾਦਾ ਹੈ ।

ਮੈਂ ਆਪਣੇ ਬਚਪਨ ਦੇ ਰੰਗਾ ਨੂੰ ਬਿਨ੍ਹਾ ਕਿਸੇ ਫਿਕਰਾ ਦੇ ਆਜਾਦੀ ਨਾਲ ਮਾਣ ਰਿਹਾ ਸੀ । ਅਚਾਨਕ ਮੈਂਨੂੰ ਮੇਰੇ ਦਾਦਾ ਜੀ ਜੋ ਕਿ ਸਕੂਲ ਦੇ ਬਾਹਰ ਇੱਕ ਛੋਟੀ ਜੀ ਕਰਿਆਨੇ ਦੀ ਦੁਕਾਨ ਕਰਦੇ ਸੀ, ਉਨ੍ਹਾ ਤੋ ਮੇਰੇ ਪੰਜਵੀਂ ਕਲਾਸ ਦੇ ਨਤੀਜੇ ਬਾਰੇ ਪਤਾ ਲੱਗਿਆ । ਮੇਰੇ ਦਾਦਾ ਜੀ ਕਹਿੰਦੇ ਕਿ ਤੇਰੀ ਭੈਣਜੀ(ਹਰਿੰਦਰ ਕੌਰ) ਆਈ ਸੀ, ਸਕੂਲ ਚੋਂ, ਤੇ ਕਹਿੰਦੀ ਸੀ ਵੀ ਤੂੰ ਆਪਣੀ ਕਲਾਸ ਚੋ ਪਹਿਲੇ ਸਥਾਨ ਤੇ ਰਹਿ ਕੇ ਪੰਜਵੀ ਕਲਾਸ ਪਾਸ ਕਰ ਲਈ ਹੈ । ਪਹਿਲਾ ਤਾ ਸੁਣ ਕੇ ਕੁਝ ਅਜੀਬ ਜਾ ਲੱਗਿਆ, ਮੈਂ ਕਿਹਾ ਤੁਸੀ ਮਖੌਲ ਕਰਦੇ ੳ ਮੈਂ ਉਹ ਵੀ ਪਹਿਲੇ ਸਥਾਨ ਤੇ...? ਹੋ ਨਹੀਂ ਸਕਦਾ ਤੇ ਉੱਚੀ-ਉੱਚੀ ਹੱਸਣ ਲੱਗ ਪਿਆ ਪਰ ਬਾਅਦ ਚ ਮੈਂਨੂੰ ਕਿਸੇ ਹੋਰ ਤੋ ਸੁਣ ਕੇ ਬਹੁਤ ਖੁਸ਼ੀ ਹੋਈ ਕਿ ਸੱਚਮੁੱਚ ਮੈਂ ਪਹਿਲਾ ਸਥਾਨ ਪ੍ਰਾਪਤ ਕਰਕੇ ਪੰਜਵੀ ਬੋਰਡ ਦੀ ਕਲਾਸ ਪਾਸ ਕਰ ਲਈ ਹੈ । ਉਸ ਵਖਤ ਮੈਂ ਆਪਣੇ ਘਰ ਦੇ ਆਰਥਿਕ ਹਾਲਾਤਾਂ ਤੋ ਬਿਲਕੁਲ ਅਨਜਾਣ ਸੀ । ਮੈਂਨੂੰ ਗਰੀਬੀ-ਅਮੀਰੀ ਬਾਰੇ ਕੁਸ ਪਤਾ ਹੀ ਨਹੀਂ ਸੀ । ਸੋ ਮੈਂ ਬੜੇ ਚਾਵਾਂ ਨਾਲ ਆਪਣੀ ਮੰਮੀ ਜੀ ਦੇ ਨਾਲ ਸਕੂਲ ਵਿੱਚੋ ਆਪਣਾ ਸਰਟੀਫਿਕੇਟ ਲੈਣ ਪਹੁੰਚ ਗਿਆ, ਜੋ ਕਿ ਹਾਈ ਸਕੂਲ ਚ ਦਾਖਲੇ ਲਈ ਜਰੂਰੀ ਹੁੰਦਾ ।

ਜਦ ਮੈਂ ਆਪਣੀ ਭੈਣਜੀ(ਹਰਿੰਦਰ ਕੌਰ) ਨੂੰ ਮਿਲਿਆ ਤਾਂ ਅੱਗੋ ਉਹ ਵੀ ਬਹੁਤ ਖੁਸ਼ ਸਨ ਤੇ ਖੁਸ਼ੀ-ਖੁਸ਼ੀ ਚ ਉਨ੍ਹਾ ਨੇ ਮੇਰੇ ਤੋ ਮਠਿਆਈ ਦੇ ਡੱਬੇ ਦੀ ਮੰਗ ਕੀਤੀ, ਜਿਸਦਾ ਮੈਂਨੂੰ ਅੱਜ-ਤੱਕ ਅਫਸੋਸ ਹੈ ਤੇ ਸਾਇਦ ਹਮੇਸ਼ਾ ਹੀ ਰਹੇਗਾ ਤੇ ਨਾਲ ਹੀ ਮੇਰੀ ਤਾਰੀਫ ਕਰਦੇ ਹੋਏ ਮੇਰੀ ਮੰਮੀ ਜੀ ਨੂੰ ਮੈਂਨੂੰ ਛੇਤੀ ਤੋ ਛੇਤੀ ਅਗਲੀ ਕਲਾਸ(ਛੇਵੀ ਕਲਾਸ) ਚ ਦਾਖਲਾ ਦਵਾਉਣ ਬਾਰੇ ਕਿਹਾ । ਜਿਸ ਤੋ ਬਾਅਦ ਮੇਰੀ ਮੰਮੀ ਜੀ ਨੇ ਮੇਰੀ ਭੈਣਜੀ ਨੂੰ ਤੁਰੰਤ ਸਾਡੇ ਘਰ ਦੀਆ ਆਰਥਿਕ ਮਜਬੂਰੀਆ ਬਾਰੇ ਦੱਸਿਆ ਤੇ ਅਗਲੀ ਜਮਾਤ ਚ ਦਾਖਲਾ ਲੈਣ ਤੋ ਅਸਮੱਰਥਾ ਪ੍ਰਗਟਾਈ ।ਜਿਸ ਨੂੰ ਸੁਣ ਕੇ ਮੇਰੇ ਭੈਣਜੀ ਦੇ ਚੇਹਰੇ ਤੋ ਖੁਸ਼ੀ ਅਚਾਨਕ ਗਾਇਬ ਹੋ ਗਈ । ਇਸ ਤੋ ਬਾਅਦ ਰੱਬ ਜਾਣੇ ਮੇਰੀ ਭੈਣਜੀ ਨੂੰ ਮੇਰੇ ਅਨਭੋਲ ਚੇਹਰੇ ਤੇ ਤਰਸ ਆਇਆ ਸੀ, ਕਿ ਮੇਰੇ ਘਰ ਦਿਆ ਹਾਲਾਤਾਂ ਤੇ ਉਨ੍ਹਾ ਨੇ ਆਪਣੇ ਪਰਸ ਚੋ ਮੇਰੇ ਦਾਖਲੇ ਦੀ ਫੀਸ(ਜੋ ਕਿ 250-300 ਰੁਪਏ) ਸੀ ਕੱਢ ਕੇ ਮੇਰੇ ਮੰਮੀ ਜੀ ਨੂੰ ਦੇ ਦਿੱਤੇ ਤੇ ਉਸੇ ਵਕਤ ਹਾਈ ਸਕੂਲਾਂ ਚ ਜਮ੍ਹਾ ਕਰਵਾਉਣ ਨੂੰ ਕਿਹਾ । ਮੇਰੀ ਮੰਮੀ ਜੀ ਨੇ ਜਦ ਉਹ ਪੈਸੇ ਵਾਪਸ ਕਰਨੇ ਚਾਹੇ ਤਾਂ ਉਨ੍ਹਾ ਇਹ ਕੇ ਵਾਪਸ ਫੜਾ ਦਿੱਤੇ ਕਿ ਜਦ ਤੁਹਾਡੇ ਕੋਲ ਹੋਣ ਤਾਂ ਮੈਂਨੂੰ ਮੋੜ ਦਿੳ । ਮੇਰੀ ਮੰਮੀ ਨੇ ਉਨ੍ਹਾਂ ਦਾ ਧੰਨਵਾਦ ਕੀਤਾ ਤੇ ਅਸੀ ਮੇਰਾ ਛੇਵੀ ਕਲਾਸ ਚ ਦਾਖਲਾ ਜਮ੍ਹਾ ਕਰਵਾ ਕੇ ਵਾਪਸ ਆ ਗਏ ।
     
ਸਮਾਂ ਬੀਤਦਾ ਗਿਆ ਤੇ ਮੈਂਨੂੰ ਮੇਰੇ ਮਾਂ-ਪਿੳ ਨੇ ਔਖ-ਸੋਖ ਨਾਲ ਬਾਰਾਂ ਕਲਾਸਾਂ ਪੂਰੀਆ ਕਰਵਾ ਦਿੱਤੀਆਂ । ਪੜਾਈ ਚ ਹੁਸ਼ਿਆਰ ਹੋਣ ਕਾਰਣ ਮੈਂਨੂੰ ਮੇਰੇ ਗੁਆਢੀਆਂ ਨੇ ਇੱਕ ਪ੍ਰਾਈਵੇਟ ਫਾਇਨਾਂਸ ਕੰਪਨੀ ਚ ਕੰਮ ਤੇ ਲਵਾ ਦਿੱਤਾ । ਹੌਲੀ-ਹੌਲੀ ਬਹੁਤ ਸਾਰੇ ਲੋਕਾਂ(ਕੰਪਨੀ ਦੇ ਮਾਲਕ,ਆਂਢ-ਗੁਆਂਢ,ਮੇਰੇ ਮਾਂ-ਪਿੳ ਤੇ ਪ੍ਰਮਾਤਮਾ) ਦੀ ਕ੍ਰਿਪਾ ਨਾਲ ਅਸੀ ਆਪਣੇ ਪੈਰਾਂ ਤੇ ਖੜੇ ਹੋ ਗਏ । ਅਸੀ ਵਧੀਆ ਸੌਖ ਨਾਲ ਆਮ ਜਨਜੀਵਨ ਬਤੀਤ ਕਰਨ ਲੱਗ ਪਏ । ਮੇਰੇ ਲਈ ਖੁਸ਼ੀ ਤੇ ਹੈਰਾਨ ਕਰਨ ਵਾਲੀ ਗੱਲ ਇਹ ਸੀ ਕਿ ਜਿਸ ਭੈਣਜੀ (ਮੈਂਡਮ ਹਰਿੰਦਰ ਕੌਰ ) ਦੇ ਬਦੌਲਤ ਮੈਂ ਆਪਣੇ ਆਪ ਨੂੰ ਖਸ਼ਕਿਸਮਤ ਸਮਝਦਾ ਸੀ, ਉਨ੍ਹਾ ਦਾ ਘਰ ਦਫਤਰ ਦੇ ਬਿਲਕੁਲ ਸਾਹਮਣੇ ਵਾਲੀ ਗਲੀ ਚ ਸਾਹਮਣੇ ਘਰ ਸੀ । ਪਰ ਅੱਜ-ਤੱਕ ਉਨ੍ਹਾ ਕੋਲ ਮੇਰੇ ਤੋ ਜਾ ਨਹੀਂ ਹੋਇਆ ।ਬਹੁਤ ਵਾਰ ਮਨ ਕੀਤਾ ਸਾਲਾਂ ਪਹਿਲਾ ਲਿਆ ਉਧਾਰ ਵਾਪਸ ਕਰਨ ਤੇ ਧੰਨਵਾਦ ਕਰਨ ਨੂੰ, ਪਰ ਕਦੇ ਹਿੰਮਤ ਹੀ ਨਹੀਂ ਪਈ ਜਾਂ ਸਾਇਦ ਮੈਂ ਉਸ ਉਧਾਰ ਨੂੰ ਵਾਪਸ ਹੀ ਨਹੀਂ ਕਰਨਾ ਚਾਹੁੰਦਾ ਸੀ । ਕਿਉਕਿ ਜੋ ਕੀਮਤੀ ਯਾਦਾ ਉਸ ਉਧਾਰ ਕਾਰਣ ਮੇਰੇ ਨਾਲ ਜੁੜੀਆ ਹੋਈਆ ਨੇ, ਉਹ ਉਧਾਰ ਵਾਪਸ ਚੁਕਾਉਣ ਤੋ ਬਾਅਦ ਨਹੀਂ ਰਹਿਣੀਆ । ਦੁਨੀਆ ਦੀ ਨਜ਼ਰ ਚ ਇਹ ਸਿਰਫ 250-300 ਰੁਪਏ ਹੈ, ਪਰ ਮੇਰੇ ਲਈ ਇਹ ਉਧਾਰ ਅਨਮੋਲ ਹੈ ਇਸ ਉਧਾਰ ਨੂੰ ਕੋਈ ਵੀ ਅਮੀਰ ਬੰਦਾ ਉਤਾਰ ਨਹੀਂ ਸਕਦਾ । ਇਹ ਸਿਰਫ ਪੈਸੇ ਨਹੀਂ ਇਸ ਨਾਲ ਕਈ ਮਹਿੰਗੇ ਜਜ਼ਬਾਤ ਜੁੜੇ ਹੋਏ ਨੇ । ਧੰਨਵਾਦ ਹਰਿੰਦਰ ਕੌਰ ਭੈਣਜੀ ਰਾਮਪੁਰਾ ਫੂਲ ।

 ਸੰਪਰਕ: 90412 50087

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ