ਮੇਰੀ ਕਵਿਤਾ ਨੇ ਸੱਚ ਬੋਲ‘ਤਾ। ਬੁੱਲ੍ਹਾਂ ਦਾ ਜਿੰਦਾ ਤੋੜ‘ਤਾ।
ਅਹਿ ਡੀ. ਜੇ. ਦੇ ਕਿਰਦਾਰਾਂ ਨੇ ਵਿਰਸੇ ਦਾ ਘੰਡ ਮਰੋੜ‘ਤਾ।
ਕਈ ਨਵੇਂ-ਨਵੇਂ ਫ਼ਨਕਾਰ ਬਣੇ। ਅੰਗ ਮਿਣ ਕੇ, ਗਾ ਹੁਸਿ਼ਆਰ ਬਣੇ।
ਇਹ ਭਾਰ ਜੋਖਦੇ ਧੀਆਂ ਦਾ, ਖ਼ੁਦ ਪੱਗ ਬੰਨ੍ਹ ਕੇ ਸਰਦਾਰ ਬਣੇ।
ਹਰ ਗੀਤ ਨੰਗੇਜ ‘ਚ ਗਾ ਕੇ ਕਿਉਂ ਕੁੜੀਆਂ ਦੇ ਵੱਲ ਨੂੰ ਮੋੜ‘ਤਾ?
ਅਹਿ ਡੀ. ਜੇ. ਦੇ ਕਿਰਦਾਰਾਂ ਨੇ ਵਿਰਸੇ ਦਾ ਘੰਡ ਮਰੋੜ‘ਤਾ।
ਕਿਤੇ ਬੋਤਲ, ਕਿਤੇ ਗਿਲਾਸੀ ਹੈ। ਕਿਤੇ ਟਕੂਆ, ਗੰਨ, ਗੰਡਾਸੀ ਹੈ।
ਇਹ ਗਾਉਂਦੇ ਨੇ ਕੁੱਝ ਏਸ ਤਰ੍ਹਾਂ, ਜਿਵੇਂ ਘਰੋਂ ਮਿਲ਼ੀ ਬਦਮਾਸ਼ੀ ਹੈ।
ਜਦ ਵਿਚ ਸਮਾਗਮ ਫ਼ਾਇਰ ਹੋਏ, ਕਈ ਜ਼ਖ਼ਮੀ ਤੇ ਕੋਈ ਰੋੜ੍ਹ‘ਤਾ।
ਅਹਿ ਡੀ. ਜੇ. ਦੇ ਕਿਰਦਾਰਾਂ ਨੇ ਵਿਰਸੇ ਦਾ ਘੰਡ ਮਰੋੜ‘ਤਾ।
ਗੀਤਾਂ ਵਿਚ ਹੁੰਦੇ ਜਬਰਾਂ ਨੇ। ਮਾਂ ਬੋਲੀ ਦਿਆਂ ਬੇ-ਕਦਰਾਂ ਨੇ।
ਦਹਿਲਾ‘ਤੇ ਮਾਪੇ ਧੀਆਂ ਦੇ ਜਿਣਸੀ ਸ਼ੋਸ਼ਣ ਦੀਆਂ ਖ਼ਬਰਾਂ ਨੇ।
ਧਰਤੀ ਵਿਚ ਨਜ਼ਰਾਂ ਵਾੜ‘ਤੀਆਂ, ਬੇ-ਹਯਾ ਦਾ ਪਰਦਾ ਖੋਲ੍ਹ‘ਤਾ।
ਅਹਿ ਡੀ. ਜੇ. ਦੇ ਕਿਰਦਾਰਾਂ ਨੇ ਵਿਰਸੇ ਦਾ ਘੰਡ ਮਰੋੜ‘ਤਾ।
ਕੀ ਦੱਸੀਏ, ਕੀ-ਕੀ ਗਾਇਆ ਹੈ? ਬਸ ਬੀਟ ‘ਤੇ ਨਚਣ ਲਾਇਆ ਹੈ।
ਇਹ ‘ਬਾਬਰ-ਫ਼ੌਜੀ ਟੋਲੇ’ ਨੇ ਗ਼ੈਰਤ ਦਾ ਘਾਣ ਕਰਾਇਆ ਹੈ।
‘ਗੁਰੂ ਨਾਨਕ’ ਦੀ ਇਸ ਧਰਤੀ ‘ਤੇ ਨਾਰੀ ਦਾ ਰੁਤਬਾ ਰੋਲ‘ਤਾ।
ਅਹਿ ਡੀ. ਜੇ. ਦੇ ਕਿਰਦਾਰਾਂ ਨੇ ਵਿਰਸੇ ਦਾ ਘੰਡ ਮਰੋੜ‘ਤਾ।
ਜੇ ਕਰ ਨਾ ਰੋਕ ਲਗਾਈ ਗਈ। ਇਹਨਾਂ ਦੇ ਨੱਥ ਨਾ ਪਾਈ ਗਈ।
ਤਾਂ ਉਹ ਦਿਨ ਵੀ ਫਿਰ ਦੂਰ ਨਹੀਂ, ਇਉਂ ਸਮਝੋ, ਸ਼ਾਮਤ ਆ ਈ ਗਈ।
ਬਾਕੀ ਛੱਡ ਦਿੱਤੀ ਪਾਠਕ ‘ਤੇ, ‘ਸੰਧੂ’ ਨੇ ਲਿਖ ਕੇ ਤੋਰ‘ਤਾ।
ਅਹਿ ਡੀ. ਜੇ. ਦੇ ਕਿਰਦਾਰਾਂ ਨੇ ਵਿਰਸੇ ਦਾ ਘੰਡ ਮਰੋੜ‘ਤਾ।
ਈ-ਮੇਲ: preet_asandhu@hotmail.com