Tue, 11 August 2020
Your Visitor Number :-   2620923
SuhisaverSuhisaver Suhisaver
ਸੂਹੀ ਸਵੇਰ ਦਾ ਸਾਲਾਨਾ ਸਮਾਗਮ 9 ਫਰਵਰੀ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ               ਜਥੇਦਾਰ ਅਵਤਾਰ ਸਿੰਘ ਮੱਕੜ ਨਹੀਂ ਰਹੇ              

ਅਜ਼ਲ ਤੋਂ ਆਈ ਆਵਾਜ਼ - ਜਸਮੇਰ ਸਿੰਘ ਲਾਲ

Posted on:- 29-05-2012
ਇੱਕ ਬਹੁਤ ਵੱਡਾ ਜੰਗਲ ,
ਮੈਂ ਪਿੱਛੇ ਛੱਡ ਆਇਆ ਹਾਂ ,
ਇੱਕ ਰਸਤਾ ਬਣਾ ਆਇਆ ਹਾਂ !
ਦੂਰ ਦੂਮੇਲ ਤੀਕਰ , ਪਸਰਿਆ ,
ਇੱਕ ਹੋਰ ਬੀਆਬਾਨ, ਮੈਨੂੰ ਉਡੀਕ ਰਿਹਾ ਹੈ !

ਪਹਿਲਾਂ ਵੀ ਮੈਂ ਅਜਿਹੇ, ਕਈ ਜੰਗਲ, ਕਈ  ਬੇਲੇ ,
ਪਿੱਛੇ ਛੱਡ ਆਇਆ ਹਾਂ, ਗਾਹ ਆਇਆ ਹਾਂ !
ਰਸਤੇ ਬਣਾ ਆਇਆ ਹਾਂ ! ਕੁਝ ਨਵਾਂ ਕਰ ਆਇਆ ਹਾਂ !ਅਗਿਆਨਤਾ ਪੁੱਟ ਆਇਆ ਹਾਂ , ਸੱਚ ਬੀਜ ਆਇਆ ਹਾਂ !
ਵਿਸ਼ਵਾਸ ਦੀ,  ਆਪਸੀ ਪਿਆਰ ਦੀ, ਪਨੀਰੀ ਲਾ ਆਇਆ ਹਾਂ !
ਚਾਨਣ ਦਾ ਛੱਟਾ ਦੇ ਕੇ , ਕੂਚ ਕੂਚ ,
ਮਲ ਮਲ , ਹਨੇਰਾ ਧੋ ਆਇਆ ਆਇਆ ਹਾਂ !

ਥੋੜ੍ਹਾ ਥੱਕ ਗਿਆ ਹਾਂ, ਬੈਠ ਗਿਆ ਹਾਂ !
ਆਪਣੇ ਸੰਦਾਂ ਨੂੰ , ਦਾਤਰੀ ਤੇ ਰੰਬੇ ਨੂੰ ,
ਬੀਜਾਂ ਦੀ ਪੋਟਲੀ ਨੂੰ , ਸਰ੍ਹਾਣੇ ਦੀ ਟੇਕ ਬਣਾ , ਲੇਟ ਗਿਆ ਹਾਂ !

ਨੀਂਦਰ ਦੇ ਝੌਂਕੇ ਵਿੱਚ , ਥਕੇਵੇਂ ਦੇ ਢੌਂਕੇ ਵਿੱਚ,
ਬੀਆਬਾਨ ਵਿੱਚ ਛਾਏ, ਇਸ ਸੰਨਾਟੇ ਅੰਦਰ ,
ਮੈਂ ਕੁਝ ਆਵਾਜ਼ਾਂ, ਆਪਣੇਂ ਵੱਲ ਨੂੰ ਆਉਂਦੀਆਂ ਸੁਣੀਆਂ !

ਧਰਤੀ ਨੂੰ ਲਗਾਤਾਰ ਟੱਕਦੀ  ,
ਖੱਟ ਖੱਟ ਵੱਜਦੀ , ਦੂਰੋਂ ਆਉਂਦੀ, ਇੱਕ ਖੂੰਡੇ ਵਰਗੀ ਟਕੋਰ !
ਖੜਾਵਾਂ ਦੀ ਖੜਾਕ ,
ਮਜ਼ਬੂਤ ਪੈਰਾਂ ਦੀ ਥਪਾਕ, ਮੇਰੇ ਜ਼ਿਹਨ ਵਿੱਚ ਟਕਰਾਈ  !

ਇੰਝ ਲੱਗਿਆ ,ਜਿਵੇਂ ਕੋਈ ,
ਭਰਵੇਂ ਕਦਮੀਂ , ਮੇਰੇ ਵੱਲ ਨੂੰ ਵਧ ਰਿਹਾ ਹੋਵੇ ,  
ਤੇ ਹੁਣੇ ਹੁਣੇ, ਮੇਰੇ ਕੋਲੋਂ ਦੀ ਲੰਘ ਗਿਆ ਹੋਵੇ !

ਅਚਾਨਕ,
ਇੱਕ ਅੰਬਰ ਨੂੰ ਚੀਰਦੀ ,
ਰਬਾਬ ਦੀ ਟੁਣਕਾਰ ਵਾਂਗ ,
ਨਾਦ ਦੀ ਧੁੰਨ ਵਾਂਗ  ਗੂੰਜਦੀ,
ਇੱਕ ਗੈਬੀ ਆਵਾਜ਼, ਮੇਰੇ ਕੰਨਾਂ ਨੂੰ ਸੁਣਾਈ ਦਿੱਤੀ :

“ਉੱਠ ਭਲਿਆ ਲੋਕਾ , ਉੱਠ !
ਉੱਠ ਕੇ ਤੁਰ , ਰਸਤੇ ਵਿੱਚ ਰੁਕੀਦਾ ਨਹੀਂ !
ਰਾਹ –ਤੁਰਿਆਂ ਹੀ ਬਣਦੇ ਹਨ ”
ਤੁਰਿਆਂ ਹੀ ਰਸਤੇ ” ਬਣਦੇ ਹਨ !

ਤੇ ਇੱਕ ਸੂਏ ਵਰਗੀ ਚੋਭ,  ਮੈਂ
ਆਪਣੀ ਵੱਖੀ  ਵਿੱਚ ਚੁੱਭਦੀ ਮਹਿਸੂਸ ਕੀਤੀ !

ਮੈਂ ਅੱਭੜ੍ਹਵਾਹੇ ਉੱਠਦਾ ਹਾਂ,
ਆਲਾ-ਦੁਆਲਾ ਵੇਖਦਾ ਹਾਂ,
ਕੋਈ ਨਹੀਂ ਸੀ !

ਪਰ ਮੇਰੇ ਸਾਹਮਣੇ ਪਸਰੇ,
ਬੀਆਬਾਨ ਦੀਆਂ ਝਾੜੀਆਂ ਦੇ ਵਿਚਕਾਰ,
ਇੱਕ ਦੂਰ ਤੀਕਰ ਨਵਾਂ ਰਾਹ ਖੁਦਿਆ ਪਿਆ ਸੀ ...
 
ਬਿਜਲੀ ਦੀ ਰਫ਼ਤਾਰ ਵਾਂਗ,
ਸਵਾਲ ਮੇਰੀਆਂ ਅੱਖਾਂ ਅੱਗੇ ਨੱਚਣ ਲੱਗੇ !
ਇਹ ਰਬਾਬ ਦੀ ਟੁਣਕਾਰ ?
ਇਹ ਅਨਹਦ ਨਾਦ  ?
ਇਹ ਖੜਾਵਾਂ, ਇਹ ਖੂੰਡੇ ਦੀ ਠਾਪ ?

ਉਏ ਮੇਰਿਆ ਰੱਬਾ !
ਇਹ ਕਿਤੇ ਉਹੀਓ ਰਮਤਾ,
ਉੱਚ ਦਾ ਪੀਰ ,ਨਾਨਕ ਹੀ ਤਾਂ ਨਹੀਂ ਸੀ ,
ਜੋ ਮੈਨੂੰ  ਠੁੱਡਾ ਮਾਰ ਜਗਾ ਗਿਆ ਹੈ ?

ਮੇਰੇ ਸਾਹਮਣੇ ਪਸਰੇ,
ਬੀਆਵਾਨ ਵਿਚਕਾਰ,  
ਨਵੇਂ ਬਣੇ ਰਾਹ ਦੀ ਪਟੜੀ ਉੱਤੇ
ਜਦੋਂ ਮੈਂ ਦੁਬਾਰਾ ਝਾਤ ਮਾਰੀ ਤਾਂ  
ਉੱਥੇ ਮੈਨੂੰ  ਚਾਨਣ ਉੱਗਿਆ ਦਿਸਿਆ !

ਮੈਂ ਫਟਾ ਫੱਟ  ਉੱਠਦਾ ਹਾਂ ,
ਬੀਜਾਂ  ਨੂੰ ਚੁੱਕਦਾ ਹਾਂ ,
ਸਾਹਮਣੇ ਖੜ੍ਹੇ  ਜੰਗਲ ’ਚ,
ਨਵੇਂ ਰਾਹ ਖੋਦਣ ਲਈ ,
ਪੈਰ ਪੁੱਟਣ  ਜੁੱਟਦਾ ਹਾਂ !

ਸੱਚ ਨੂੰ , ਭਾਈਚਾਰੇ ਨੂੰ,  
ਆਪਸੀ ਬਰਾਬਰਤਾ ਨੂੰ,
ਸਾਰੇ ਇਨ੍ਹਾਂ ਬੀਜਾਂ ਨੂੰ ,
ਛੱਟੇ ਮਾਰ ਸੁੱਟਦਾ ਹਾਂ

“ ਉੱਠ ਭਲਿਆ ਲੋਕਾ , ਉੱਠ !
ਉੱਠ ਕੇ ਤੁਰ , ਰਸਤੇ ਵਿੱਚ ਰੁਕੀਦਾ ਨਹੀਂ
ਰਾਹ –ਤੁਰਿਆਂ ਹੀ ਬਣਦੇ ਹਨ ”
ਤੁਰਿਆਂ ਹੀ ਰਸਤੇ ” ਬਣਦੇ ਹਨ !

ਅਜ਼ਲ ਤੋਂ ਆਈ ਉਹ ਆਵਾਜ਼ ਅੱਜ ਤੀਕਰ
ਨਿਰੰਤਰ ਮੇਰੇ  ਕੰਨਾਂ ਵਿੱਚ ਗੂੰਜ ਰਹੀ ਹੈ !

ਉਦੋਂ ਤੋੰ ਲੈ ਕੇ ਅੱਜ ਤੀਕਰ ,
ਓਹ ਰਮਤਾ ਨਾਨਕ,  ਉਹ ਸੱਚ ਦਾ ਪੀਰ
ਮੇਰੇ ਅੱਗੇ ਅੱਗੇ ਹੈ ਅਤੇ ਮੈਂ ਉਸਦੇ ਪਿੱਛੇ ਪਿੱਛੇ !
ਤੁਰਿਆ ਆ ਰਿਹਾ ਹਾਂ , ਨਵੇਂ ਰਸਤੇ ਬਣਾ ਰਿਹਾ ਹਾਂ !
ਕੁਝ ਪੁਰਾਣਾ ਸੁੱਟ ਆਇਆਂ ਹਾਂ, ਕੁਝ ਨਵਾਂ ਰੱਖ ਆਇਆ ਹਾਂ

ਆਪਣੇ ਹੱਥਾਂ ਵਿੱਚ ਲੈਂਦਾ ਹਾਂ
ਆਪਣੇ ਦੀ ਗੁਠਲੀ

ਜੰਗਲ ਨੂੰ ਪੁੱਟਦਾ ਹਾਂ
ਪੁਰਾਣੇ ਝਾੜ ਪੁੱਟਦਾ ਹਾਂ
ਨਵੇਂ ਬੀਜ ਸੁੱਟਦਾ

ਆਪਸੀ ਪਿਆਰ ਦੀ
ਦਾਤਰੀ ਤੇ ਰੰਬੇ ਨੂੰ
ਆਪਣੇ ਕੰਮ ਵਿੱਚ
ਦੋਬਾਰਾ ਜੁੱਟ ਜਾਂਦਾ ਹਾਂ  

ਵੇਖਿਆ ! ਅਗਿਆਨਤਾ ਨੂੰ ਪੁੱਟਦਾ ਹਾਂ
ਵਿਸ਼ਵਾਸ ਦੀ, ਆਪਸੀ ਪਿਆਰ ਦੀ
ਨਵੀਂ ਪਿਓਂਦ ਲਾਉਂਦਾ ਹਾਂ

ਈ ਮੇਲ: lall.jasmer@gmail.com

Comments

harveer

kamaal da likhde ho sir tusin... mubarqan

JASMER SINGH LALL

ਹਰਵੀਰ ਜੀ, ਤੁਹਾਨੂੰ ਮੇਰੀ ਰਚਨਾ ਪਸੰਦ ਆਈ ਤੁਹਾਡਾ ਬਹੁਤ ਬਹੁਤ ਧੰਨਬਾਦ ਇਸ ਹੁੰਘਾਰੇ ! ਪਾਠਕ ਦੀ ਪ੍ਰਸ਼ੰਸ਼ਾ ਲੇਖਕ ਦਾ ਇਨਾਮ ਹੁੰਦੀ ਹੈ ਜੋ ਉਸ ਨੂੰ ਹੋਰ ਚੰਗੇਰਾ ਲਿਖਣ ਲਈ ਪ੍ਰੇਰਦੀ ਹੈ ! ਸੋ ਤੁਹਾਡਾ ਇੱਕ ਵਾਰ ਫਿਰ ਤੋਂ ਸ਼ੁਕਰੀਆ !

kiran

nice sir ji.....

JASMER SINGH LALL

kIRAN JI, I APPRECIATE YOUR COMPLEMENTS

Security Code (required)Can't read the image? click here to refresh.

Name (required)

Leave a comment... (required)

ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ