Sat, 20 April 2024
Your Visitor Number :-   6986990
SuhisaverSuhisaver Suhisaver

ਆਦਮੀ - ਹਰਜਿੰਦਰ ਸਿੰਘ ਗੁਲਪੁਰ

Posted on:- 29-11-2014

ਤਲਖ਼ੀਆਂ ਦੇ ਦੌਰ ਵਿੱਚੋਂ,
ਲੰਘ ਰਿਹਾ ਹੈ ਆਦਮੀ,
ਨਾਗ ਬਣਕੇ ਇੱਕ ਦੂਜੇ ਨੂੰ,
ਡੰਗ  ਰਿਹਾ ਹੈ ਆਦਮੀ

ਮਨ ਚ ਲੈ ਕੇ ਲਾਲਸਾ,
ਲੰਬਾ ਚਿਰ ਜਿਉਣ ਦੀ,
ਮੌਤ ਦੇ ਰੰਗਾਂ ’ਚ ਜ਼ਿੰਦਗੀ,
ਰੰਗ ਰਿਹਾ ਹੈ ਆਦਮੀ

ਜ਼ਿੰਦਗੀ ਨੂੰ ਠਿੱਬੀ ਲਾਉਣ ਦੇ,
ਮੌਕੇ ਤਲਾਸ਼ਦਾ,
ਉਂਝ ਭਲਾ ਸਰਬੱਤ ਦਾ ਵੀ,
ਮੰਗ ਰਿਹਾ ਹੈ ਆਦਮੀ

ਚੰਗੇ ਨਹੀਂ ਲਗਦੇ ਏਸ ਨੂੰ,
ਅਮਨਾਂ ਦੇ ਆਲ੍ਹਣੇ,
ਅਮਨਾਂ ਦੇ ਨਾਂ ’ਤੇ ਰੋਜ਼ ਹੀ,
ਕਰ ਜੰਗ ਰਿਹਾ ਹੈ ਆਦਮੀ

ਪੈਰ ਦੱਬ ਕੇ ਲੰਘਣ ਦੀ,
ਜਿੱਥੇ ਤੋਂ ਲੋੜ ਹੈ ,
ਬਿਨਾਂ ਆਈ ਖੰਘ ਤੋਂ ਵੀ,
ਖੰਘ ਰਿਹਾ ਹੈ ਆਦਮੀ

ਧਰਤੀ ਦੇ ਝੇੜੇ ਕਰ ਰਿਹਾ,
ਬਹਿ ਕੇ ਬਰੂਦ ’ਤੇ,
ਸੋਚ ਪਰ ਤਾਰੇ ਫੜਨ ਦੇ,
ਢੰਗ ਰਿਹਾ ਹੈ ਆਦਮੀ

ਈਰਖਾ ਦਾ ਰੋਗ ਲੱਗਾ,
ਹੋਈਆਂ ਨਾ ਖੁਸ਼ੀਆਂ ਨਸੀਬ,
ਜੰਮਣ ਤੋਂ ਤੋਂ ਲੈ ਕੇ ਮੌਤ ਤੀਕਰ,
ਤੰਗ ਰਿਹਾ ਹੈ ਆਦਮੀ

ਯਾਦ ਕਰਕੇ ਕਦੇ ਕਦੇ ,
ਸੂਲੀ ਦਾ ਫਲਸਫਾ,
ਆਪਣੇ ਆਪ ਨੂੰ ਸੂਲੀਆਂ ’ਤੇ,
ਟੰਗ ਰਿਹਾ ਹੈ ਆਦਮੀ

ਤੀਰਥਾਂ ਤੇ ਪੁੰਨ ਕਰਦਾ,
ਮੱਥੇ ਵੀ ਟੇਕਦਾ,
ਦਾਨ ਕਰਦਾ ਵੀ ਲੱਗੇ ਕਿ,
ਮੰਗ ਰਿਹਾ ਹੈ ਆਦਮੀ

ਮੁਕਤੀ ਲੈ ਲਈ ਏਸ ਨੇ,
ਅੱਜ ਕੱਲ ਪਰਾਈ ਪੀੜ ਤੋਂ,
ਤੱਕ ਤੱਕ ਆਪਣੀ ਪੀੜ ਨੂੰ,
ਹੋ ਦੰਗ ਰਿਹਾ ਹੈ ਆਦਮੀ

ਹਰ ਤਰ੍ਹਾਂ ਦੀ ਭੁੱਖ ਨੇ,
ਅੰਦਰ ਵਸੇਬਾ ਕਰ ਲਿਆ,
ਅਸਤਰ ਬਸਤਰ ਪਹਿਨ ਕੇ,
ਲੱਗ ਨੰਗ ਰਿਹਾ ਹੈ ਆਦਮੀ


  ਸੰਪਰਕ: +91 81465 63065

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ