Fri, 19 April 2024
Your Visitor Number :-   6984474
SuhisaverSuhisaver Suhisaver

ਗੁਰਨਾਮ ਗਿੱਲ ਦੀਆਂ ਦੋ ਰਚਨਾਵਾਂ

Posted on:- 31-08-2012


ਗ਼ਜ਼ਲ


ਨਹੀਂ  ਰੁੱਖਾਂ 'ਤੇ  ਦਿਸਦਾ  ਆਲ੍ਹਣਾ ਹੁਣ  ਆਸ਼ੀਆਂ ਵਰਗਾ।
ਮਕਾਨਾਂ 'ਚੋਂ ਵੀ ਹੋਇਆ ਖਤਮ ਹੁਣ ਤਾਂ ਨਿੱਘ ਘਰਾਂ ਵਰਗਾ!

ਜਿਤਾਉਂਦੇ  ਹੇਜ  ਮਤਲਬ  ਵਾਸਤੇ ਸਭ  ਨਾਮ  ਦੇ ਰਿਸ਼ਤੇ,
ਨਹੀਂ  ਮਿਲ਼ਦਾ ਅਸਾਂ ਨੂੰ  ਕੋਈ ਵੀ ਪਰ  ਰਿਸ਼ਤਿਆਂ ਵਰਗਾ।

ਬਨੇਰੇ   ਹੋ  ਗਏ   ਉੱਚੇ   ਮਗਰ  ਮੋਰਾਂ   ਬਿਨਾ   ਸੁੰਨੇ,
ਅਗਰ  ਦਿਸਦਾ ਜੇ ਕੋਈ ਮੋਰ  ਉਹ ਵੀ ਬਿਨ ਪਰਾਂ ਵਰਗਾ!

ਮਨਾਂ ਵਿੱਚ ਸਹਿਮ, ਚਿਹਰੇ ਪੜ੍ਹਨ ਤੋਂ ਹੁਣ ਲੋਕ ਨੇ ਡਰਦੇ,
ਜਿਵੇਂ ਅਖ਼ਬਾਰ ਹੋਵੇ ਕੋਈ ਕਤਲ ਦੀਆਂ ਸੁਰਖੀਆਂ ਵਰਗਾ।

ਸਟੇਜਾ 'ਤੇ ਨਹੀਂ, ਹਰ ਘਰ 'ਚ ਹੀ ਹੁਣ  ਹੋ ਰਹੇ ਨਾਟਕ,
ਮਗਰ  ਕਿਰਦਾਰ  ਕੋਈ  ਘੱਟ ਹੀ ਹੈ  ਘਰਦਿਆਂ ਵਰਗਾ।


ਜੀਵਨ ਨਵਾਂ ਉਸਾਰਨਾ

ਕੀ ਹੈ ਮੇਰੇ ਮਸਤਕ ਅੰਦਰ?
ਮੈਂ ਹੀ ਜਾਣਾ
ਉਸਦੇ ਮੱਥੇ ਅੰਦਰ ਕੀ ਹੈ?
ਉਹ ਹੀ ਜਾਣੈ, ਹੋਰ ਨਾ ਕੋਈ
ਦੱਸਿਆਂ ਵੀ
ਕੋਈ ਜਾਣ ਨਾ ਸਕਦਾ
ਪੂਰਾ ਕਿਸੇ ਤੋਂ ਦੱਸ ਨਾ ਹੋਵੇ।
ਸੁਨਣ ਵਾਲ਼ਾ ਉਕਤਾ ਜਾਂਦਾ
ਆਸ ਦੇ ਦੀਪ ਬੁਝਾ ਜਾਂਦਾ
ਹੌਸਲਾ ਹੀ ਢਾਅ ਜਾਂਦਾ!
ਨਿੱਕੀਆਂ-ਨਿੱਕੀਆਂ ਗੱਲਾਂ ਪਿੱਛੇ
ਛੁਪਿਆ ਹੋਇਆ ਝਗੜਾ ਹੈ
ਤਾਂ ਹੀ ਜੀਵਨ ਲੰਗੜਾ ਹੈ!

ਆਪਣੇ ਅੰਦਰੋਂ ਬਾਹਰ ਨਿਕਲ਼ ਕੇ
ਦੂਜੇ ਦੀ ਥਾਂ ਖੜ੍ਹ ਕੇ ਦੇਖੋ
ਉਸ ਦੇ ਵਹਿਣ 'ਚ ਹੜ੍ਹ ਕੇ ਦੇਖੋ
ਕੂੜ-ਕਪਟ ਦਾ ਪੱਲਾ ਛੱਡ ਕੇ
ਸੱਚ ਦੀ ਪੌੜੀ ਚੜ੍ਹ ਕੇ ਦੇਖੋ
ਆਪੋ-ਆਪਣੀ ਥਾਂ 'ਤੇ ਖੜ ਕੇ
ਬਿਨ ਸ਼ਬਦਾਂ ਤੋਂ
ਸਭ ਕੁੱਝ ਪੜ੍ਹ ਕੇ
ਨੇਰ੍ਹੀ ਰਾਤ 'ਚੋਂ ਜੁਗਨੂੰ ਫੜ ਕੇ
ਮੇਲੇ ਵਰਗੀ ਦੁਨੀਆਂ ਅੰਦਰ
ਹੱਸਦੇ-ਗਾਉਂਦੇ ਤੁਰ ਸਕਦੇ ਹਾਂ
ਇੱਕ ਦੂਜੇ ਨਾ' ਜੁੜ ਸਕਦੇ ਹਾਂ।

ਰਸਤਿਆਂ ਵਿੱਚ ਚਾਨਣਾ ਹੈ
ਸਮੇਂ ਨੂੰ ਪਹਿਚਾਨਣਾ ਹੈ
ਧਰਤ ਨੂੰ ਸ਼ਿੰਗਾਰਨਾ
ਹਰ ਸ਼ਖ਼ਸ ਨੂੰ ਪਿਆਰਨਾ
ਰੰਗ ਨਸਲ ਨੂੰ ਭੁੱਲ ਕੇ
ਸਭ ਨੂੰ ਹੀ ਸਤਿਕਾਰਨਾ
ਜੀਵਨ ਨਵਾਂ ਉਸਾਰਨਾ।

Comments

Gurpreet Pandher

Bahut vadia ji...

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ