Tue, 17 October 2017
Your Visitor Number :-   1096582
SuhisaverSuhisaver Suhisaver
ਆਰੂਸ਼ੀ ਦੇ ਮਾਤਾ-ਪਿਤਾ ਜੇਲ੍ਹ 'ਚੋਂ ਰਿਹਾਅ               ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਸਿੱਖ ਬੀਬੀਆਂ ਨੂੰ ਕੀਰਤਨ ਕਰਨ ਦੀ ਪ੍ਰਵਾਨਗੀ              

ਮਹਿੰਦਰ ਸਿੰਘ ਮਾਨ ਦੀਆਂ ਚਾਰ ਗ਼ਜ਼ਲਾਂ

Posted on:- 19-06-2017

suhisaver

(1)

ਵੇਲੇ ਸਿਰ ਉਪਚਾਰ ਹੋ ਜਾਂਦਾ ਜੇ ਕਰ ਬੀਮਾਰ ਦਾ ,
ਤਾਂ ਉਹ ਆਪਣੀ ਜ਼ਿੰਦਗੀ ਨਾ ਮੌਤ ਅੱਗੇ ਹਾਰ ਦਾ ।

ਬਾਪ ਆਪਣੇ ਪੁੱਤ ਨੂੰ ਬਾਹਰ ਕਦੇ ਨਾ ਭੇਜਦਾ ,
ਉਸ ਨੂੰ ਜੇ ਕਰ ਫਿਕਰ ਹੁੰਦਾ ਨਾ ਉਦ੍ਹੇ ਰੁਜ਼ਗਾਰ ਦਾ ।

ਧਨ ਜਦੋਂ ਤੱਕ ਕਾਮਿਆਂ ਨੂੰ ਦੋਸਤੋ ਮਿਲਦਾ ਨਹੀਂ ,
ਦਬਦਬਾ ਰਹਿਣਾ ਉਦੋਂ ਤੱਕ ਜੱਗ ਵਿੱਚ ਜ਼ਰਦਾਰ ਦਾ ।

ਲੋੜ ਵੇਲੇ ਕੰਮ ਜਿਹੜਾ ਦੋਹਾਂ ਚੋਂ ਨਾ ਆ ਸਕੇ ,
ਫਾਇਦਾ  ਫਿਰ ਕੀ ਹੈ ਉਸ ਦੋਸਤ ਅਤੇ ਹਥਿਆਰ ਦਾ ।

ਰੱਬ ਵਾਂਗਰ ਪੂਜਦੇ ਨੇ ਉਸ ਨੂੰ ਯਾਰੋ ਲੋਕ ਵੀ ,
ਜੋ ਉਨ੍ਹਾਂ ਦੇ ਵਾਸਤੇ ਹੈ ਜਾਨ ਆਪਣੀ ਵਾਰਦਾ ।

ਦੁਸ਼ਮਣਾਂ ਤੋਂ ਤਾਂ ਹਮੇਸ਼ਾ ਬੰਦਾ ਰਹਿੰਦਾ ਹੈ ਸੁਚੇਤ ,
ਮਾਰਦਾ ਹੈ ਜਦ ਵੀ , ਹੈ ਆਪਣਾ ਹੀ ਉਸ ਨੂੰ ਮਾਰਦਾ ।

ਸਾਰੇ ਹਥਿਆਰਾਂ ਨੂੰ ਜਿੱਥੇ ਮੂੰਹ ਦੀ ਖਾਣੀ ਪੈਂਦੀ ਹੈ ,
ਕੰਮ ਉੱਥੇ ਆਂਦਾ ਹੈ ਹਥਿਆਰ ਕੇਵਲ ਪਿਆਰ ਦਾ ।

***

(2)

ਸਭ ਕੁਝ ਹੈ ਮਿਲਿਆ ਸਾਨੂੰ ਦਿਲ ਦੀ ਕਿਤਾਬ ਵਿੱਚੋਂ ,
ਕੀ ਖ਼ੌਰੇ ਲੋਕ ਭਾਲਣ ਭੈੜੀ ਸ਼ਰਾਬ ਵਿੱਚੋਂ ?

ਟਹਿਣੀ ਦੇ ਨਾਲ ਹੀ ਖੁਸ਼ਬੋ ਆਵੇ ਇਸ ਦੇ ਵਿੱਚੋਂ ,
ਟਹਿਣੀ ਬਿਨਾਂ ਨਾ ਆਵੇ ਖੁਸ਼ਬੋ ਗੁਲਾਬ ਵਿੱਚੋਂ ।

ਇਸ ਨੂੰ ਇਹ ਪੜ੍ਹਦੇ ਨਾ ਕੱਲੇ ਬੈਠ ਕੇ , ਲਾ ਕੇ ਦਿਲ ,
ਹੁੰਦੇ ਨੇ ਫੇਲ੍ਹ ਬੱਚੇ ਤਾਂ ਹੀ ਹਿਸਾਬ ਵਿੱਚੋਂ ।

ਜਦ ਉਸ ਤੋਂ ਪੁੱਛਿਆ ," ਉਹ ਕਿੱਦਾਂ ਅਮੀਰ ਬਣਿਆ ?"
ਹੰਕਾਰ ਦੀ ਬੋ ਆਈ ਉਸ ਦੇ ਜਵਾਬ ਵਿੱਚੋਂ ।

ਸੁੱਕੇ ਤਲਾਬ ਨੂੰ ਤੱਕ ਕੇ ਕਹਿਣ ਇਹ ਪਰਿੰਦੇ ,
" ਸਾਨੂੰ ਮਿਲੇਗਾ ਪਾਣੀ ਕਿਹੜੇ ਤਲਾਬ ਵਿੱਚੋਂ ?"

ਸ਼ੈਤਾਨ ਨੇਤਾ ਨੂੰ ਵੇਖੇ ਯਾਰੋ , ਕਿਸ ਤਰ੍ਹਾਂ ਉਹ ,
ਉਹ ਆਪ ਜਨਤਾ ਵੇਖੀ ਜਾਵੇ ਨਕਾਬ ਵਿੱਚੋਂ ।

ਦਿਲ ਵਿੱਚੋਂ ਕੱਢ ਕੇ ਨਫਰਤ , ਸਭ ਨੂੰ ਸਮਾਨ ਸਮਝੋ ,
ਤਾਂ ਹੀ ਅਸੀਂ ਖ਼ੁਦਾ ਵੇਖਾਂਗੇ 'ਜਨਾਬ' ਵਿੱਚੋਂ।
***

(3)

ਸਮਝਦਾ ਹੈ ਖੇਡ ਜਿਹੜਾ ਪਿਆਰ ਨੂੰ ,
ਧੋਖਾ ਪਲ ਪਲ ਦੇਵੇ ਉਹ ਦਿਲਦਾਰ ਨੂੰ।

ਜ਼ਹਿਰ ਦੇ ਕੇ ਦਾਜ ਦੇ ਲਾਲਚੀਆਂ ਨੇ,
ਮਾਰਿਆ ਹੈ ਆਪ ਹੀ ਮੁਟਿਆਰ ਨੂੰ।
 
ਦਿਨ ਬ ਦਿਨ ਜਾਵੇ ਵਧੀ ਮਹਿੰਗਾਈ ਹੁਣ,
ਲੈਣ ਜਾਵੇ ਕਾਮਾ ਕੀ ਬਾਜ਼ਾਰ ਨੂੰ।

ਜਿੱਤ ਉਸਦੇ ਪੈਰ ਚੁੰਮੇ ਦੋਸਤੋ,
ਜਿਹੜਾ ਗਲ ਲਾਵੇ ਖੁਸ਼ੀ ਨਾ'ਹਾਰ ਨੂੰ।

ਆਪ ਵੀ ਕੁਝ ਕਰਕੇ ਦੱਸੋ ਦੋਸਤੋ,
ਮਾੜਾ ਦੱਸੀ ਜਾਉ ਨਾ ਸੰਸਾਰ ਨੂੰ।

ਚਿੰਤਾ ਦੇ ਰਾਖਸ਼ ਤੋਂ ਜੇ ਕਰ ਬਚਣਾ ਹੈ,
ਕੋਲ ਰੱਖੋ ਆਸ਼ਾ ਦੀ ਤਲਵਾਰ ਨੂੰ।

ਖੁਦ ਹੀ ਜਲ ਜਾਇਉ ਨਾ ਕਿਧਰੇ ਦੋਸਤੋ,
ਦਿਲ ਚੋਂ ਕੱਢ ਦਿਉ ਘਿਰਣਾ ਦੇ ਅੰਗਾਰ ਨੂੰ।

***                                                                    


(4)

ਜਿਸ ਘਰ ਵਿੱਚ ਯਾਰੋ, ਵੱਜਦੇ ਸੀ ਢੋਲ ਕਦੇ,
ਹੁਣ ਉੱਥੋਂ ਕੰਨੀਂ ਨਾ ਪੈਂਦੇ ਬੋਲ ਕਦੇ।

ਕੀ ਹੋਇਆ ਜੇ ਗਰੀਬੀ ਆਈ ਹੈ ਅੱਜ ਕਲ੍ਹ,
ਹੁੰਦਾ ਸੀ ਕਾਫੀ ਧਨ ਸਾਡੇ ਕੋਲ ਕਦੇ।

ਜੇ ਤੂੰ ਆਪਣਾ ਦਿਲ ਹਲਕਾ ਕਰਨਾ ਚਾਹੇਂ,
ਆ ਕੇ ਮੇਰੇ ਨਾ' ਆਪਣੇ ਦੁੱਖ ਫੋਲ ਕਦੇ।

ਦੇਖ ਕਿਵੇਂ ਤੈਨੂੰ ਮਿਲਦੀ ਮਨ ਦੀ ਸ਼ਾਂਤੀ,
ਜੇ ਤੂੰ ਮਾਂ-ਪਿਉ ਨੂੰ ਸਮਝੇਂ ਅਨਮੋਲ ਕਦੇ।

ਮਾਫ ਸਮਝ ਕੇ ਆਪਣਾ ਕਰ ਦੇਵੀਂ ਮੈਨੂੰ,
ਜੇ ਕੁਝ ਕਹਿ ਹੋ ਗਿਆ ਤੈਨੂੰ ਅਣਭੋਲ ਕਦੇ।

ਹੁਣ ਫੋਨ ਉੱਤੇ ਗੱਲਾਂ ਕਰਦਾ ਨ੍ਹੀ ਹੱਟਦਾ,
ਖਿਝਿਆ ਰਹਿੰਦਾ ਸੀ ਉਹ ਜਦ ਸੀ ਕੋਲ ਕਦੇ।

'ਮਾਨ' ਮਿਲੇਗਾ ਤੈਨੂੰ ਪਿਆਰ ਤੇਰਾ ਤਾਂ ਹੀ,
ਵਿਸ਼ਵਾਸ ਦਾ ਧਨ ਜੇ ਰੱਖੇਂਗਾ ਕੋਲ ਕਦੇ।

ਸੰਪਰਕ: +91 99158 03554

Comments

Name (required)

Leave a comment... (required)

Security Code (required)ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ