Sat, 20 April 2024
Your Visitor Number :-   6988229
SuhisaverSuhisaver Suhisaver

ਦਹਿਸ਼ਤ - ਮਨਦੀਪ ਸੁੱਜੋਂ

Posted on:- 07-04-2013


 
ਪਹਿਲੀ ਵਾਰ ਜਦ ਦਹਿਸ਼ਤ ਵੇਖੀ,
ਚੌਥੀ ਜਮਾਤ ’ਚ ਪੜਦ੍ਹਾ ਸੀ
ਸਵੇਰ ਪ੍ਰਾਥਨਾ ਵੇਲੇ,
ਅਗੇਰੀ ਕਤਾਰ ਖੜਦਾ ਸੀ ।

ਇੱਕ ਦਿਨ ਪ੍ਰਾਥਨਾ ਸਮੇਂ,
ਤਿੰਨ - ਚਾਰ ਬੰਦੇ ਆਏ ।
ਕੰਬਲੀਆਂ ਦੀਆਂ ਬੁੱਕਲਾਂ ’ਚ,
ਸੀ ਜਿਹਨਾਂ ਹਥਿਆਰ ਲੁਕਾਏ ।

ਅੱਖਾਂ ਹੀ ਬਸ ਦਿਸਦੀਆਂ ਸੀ,
ਮੂੰਹ ਸੀ ਜਿਹਨਾਂ ਲੁਕਾਏ ।
ਇੱਕ ਢਿੱਡਲ ਗਿਆ ਹੈੱਡਮਾਸਟਰ ਕੋਲ,
ਉਹਦੇ ਕੰਨੀਂ ਕੁਝ ਸ਼ਬਦ ਪਾਏ ।

ਘਬਰਾਹਟ ਜਿਹੀ ’ਚ
ਫੇਰ ਵਾਪਿਸ ਚਲੇ ਗਏ,
ਹੈੱਡ ਮਾਸਟਰ ਢਿੱਡਲ ਦੇ ਸ਼ਬਦ ਦੁਹਰਾਏ ।
ਕੱਲ੍ਹ ਤੋਂ ਕੇਸਰੀ ਪਟਕੇ ਬੰਨਣੇਂ ਨੇ,

ਸਾਡੇ ਸਿਰੋਂ ਨਾਬ੍ਹੀ ਲੁਹਾਏ ।
ਉਸ ਸਮੇਂ ਨਹੀਂ ਅਹਿਸਾਸ ਹੋਇਆ,
ਹੁਣ ਗੁਲਾਮੀਂ ਜਿਹੀ ਦਾ ਅਹਿਸਾਸ ਕਰਾਏ ।
 
ਜਦ ਉਮਰ ਦੇ ਹੋਏ ਅੱਠ -ਦਸ ਸਾਲ ਮੈਨੂੰ,
ਦਹਿਸ਼ਤ ਆਈ ਫੇਰ,
ਆਪਣਾ ਹਾਲ ਸੁਨਾਉਣ ਮੈਨੂੰ ।

ਹੁਣ ਦਹਿਸ਼ਤ ਖੁੱਲੇ ਮੂੰਹ ਆਈ ਸੀ,
ਜਿਹਦੇ ਮੂੰਹ ਨਾ ਮੁੱਛ
ਤੇ ਨਾ ਦਾਹੜੀ ਅਜੇ ਆਈ ਸੀ ।
ਸਭ ਕੋਠੇ ਚੜ੍ਹ ਦੇਖ ਰਹੇ ਸੀ,

ਪਿੰਡ ਜੋ ਇੱਕ ਬਰਾਤ ਆਈ ਸੀ ।
ਦੁਪਹਿਰ ਰੋਟੀ ਨੂੰ ਜਾਣ ਬਰਾਤੀ,ਨੱਚਦੇ- ਟੱਪਦੇ,
ਜਿਉਂ ਸੱਜਰੀ ਪ੍ਰਭਾਤ ਆਈ ਸੀ ।
ਖੁਸ਼ੀਆਂ ਮਨਾਉਣੀਆਂ ਮਨ੍ਹਾ ਨੇ,

ਦਹਿਸ਼ਤ ਤਾਨਾਸ਼ਾਹ ਬਣ ਆਈ ਸੀ ।
ਕਰਾ ਦਿਊ ਨੱਚਣਾਂ ਤੇ ਗਾਣਾਂ ਬੰਦ,
ਦਹਿਸ਼ਤ ਆਪਣੀਂ ਧੌਂਸ ਵਿਖਾਈ  ਸੀ ।
ਰੁਕਿਆ ਨਾ ਜਦ ਕੋਈ ਨੱਚਣੋ,

ਦਹਿਸ਼ਤ ਇੱਕ ਗੋਲੀ ਚਲਾਈ ਸੀ ।
ਖੁਸ਼ੀਆਂ ਵਾਲੇ ਘਰ ਵੈਣ ਪੁਆ ਕੇ,
ਦਹਿਸ਼ਤ ਪਾਈ ਆਪਣੀ ਫਿਰਕੂ ਦੁਹਾਈ ਸੀ ।
ਚੀਕ -ਚਿਹਾੜਾ ਪੈ ਗਿਆ,
ਨਾ ਹੁਣ ਕੋਈ ਰੋਟੀ ਖਾਵੇ ।

ਉਸ ਸਮੇਂ ਅਹਿਸਾਸ ਨਹੀਂ ਹੋਇਆ,
ਹੁਣ ਗੁਲਾਮੀ ਜਿਹੀ ਦਾ ਅਹਿਸਾਸ ਕਰਾਵੇ ।
 
ਪਿੰਡ ਦੇ ਰਿਟਾਇਰ ਸੂਬੇਦਾਰ,
ਪਾਕਿਸਤਾਨ ਨਾਲ ਲੜਾਈ ਚ ਦੇਸ਼ ਦੇ ਸਨ ਸਾਥੀ ।
ਸਿੱਖੀ ਸਰੂਪ ਨੇਕ ਇਰਾਦੇ,
ਸੇਵਾ ਕਰਦੇ ਵਜੋਂ ਗੁਰੂ ਘਰ ਦੇ ਪਾਠੀ ।
ਸੂਬੇਦਾਰ ਨੂੰ ਬੱਚੇ ਬਾਬਾ ਕਹਿੰਦੇ ਸਨ,

ਸ਼ਾਮ ਰੋਜ਼ ਗਲੀ ਚ
ਬਾਬੇ ਦਾ ਰਾਹ ਤੱਕਦੇ ਰਹਿੰਦੇ ਸਨ ।
ਬਾਬੇ ਆਪਣੀਂ ਜੇਬ ਵਿੱਚੋਂ

ਸਾਨੂੰ ਬੱਤਾ ਪਿਆਉਣਾ।
ਕਦੇ ਮਿੱਠੀਆਂ ਗੋਲੀਆਂ,
ਕਦੇ ਮਰੂੰਡਾ ਖਿਲਾਉਣਾ ।
ਤੇ ਨਾਲ ਪਿਆਰ ਕਹਿ ਛੱਡਣਾਂ,

ਕਾਕਾ ਸ਼ਾਮ ਨੂੰ ਗੁਰਦੁਆਰੇ ਜ਼ਰੂਰ ਆਉਣਾ ।
ਹੁਣ ਸਮਝ ਆਈ
ਬਾਬਾ ਆਪਣੇ ਪੈਸੇ ਖਰਚ ਕੇ,
ਸਿੱਖੀ ਦਾ ਬੂਟਾ ਲਾ ਰਿਹਾ ਸੀ ।

ਪਰ ਇਹ ਦੇਖ ਸਭ ਕੁਝ,
ਦਹਿਸ਼ਤ ਦਾ ਦਿਲ ਘਬਰਾ ਰਿਹਾ ਸੀ ।
ਦਹਿਸ਼ਤ ਇੱਕ ਸਕੀਮ ਪਾਈ ,
ਬਾਬੇ ਨੂੰ ਹਟਾਉਣ ਲਈ ਜੁਗਤ ਬਣਾਈ ।
ਰਹਿਰਾਸ ਤੋਂ ਵਾਪਸੀ ਵੇਲੇ,
ਬੇਰੀ ਵਾਲੇ ਮੌੜ ਤੇ,

ਦਹਿਸ਼ਤ ਬਾਬੇ ਦੇ ਰਾਹ ਚ ਆਈ ।
ਲੱਗੀ ਸਮਝਾਉਣ ਬਾਬੇ ਨੂੰ ।
ਸਾਨੂੰ ਗੋਲਕ ਚਾਹੀਦੀ ਹੈ,
ਬਾਬਾ ਤੂੰ ਸਾਡੇ ਰਾਹ ਚ ਨਾ ਆਈਂ ।
ਬਾਬੇ ਨੇ ਦਹਿਸ਼ਤ ਦੀ,
ਬਹੁਤ ਕੀਤੀ ਲਾਹ -ਪਾਹ ।
ਹਾਰਦੀ ਦਹਿਸ਼ਤ ਲੱਗੀ ਜਦ ਵਾਰ ਕਰਨ,
ਬਾਬੇ ਨੇ ਵੀ ਲਈ ਲੰਮੀ ਪਾ ।
ਤਿੰਨ ਪਟਾਕੇ ਚਲਾ,

ਦਹਿਸ਼ਤ, ਬਾਬਾ ਬੱਚਿਆਂ ਤੋਂ ਖੋਹ ਲਿਆ ।
ਪਰ ਉਹਦਾ ਬੱਤਾ ਅੱਜ ਵੀ ਯਾਦ ਆਏ ।
ਉਸ ਸਮੇਂ ਅਹਿਸਾਸ ਨਹੀਂ ਹੋਇਆ,
ਅੱਜ ਗੁਲਾਮੀਂ ਜਿਹੀ ਦਾ ਅਹਿਸਾਸ ਕਰਾਏ ।
 

ਅੱਜ ਦਸਦਿਆਂ ਇਹਨਾਂ ਦਹਿਸ਼ਤਵਾਦੀਆਂ ਨੂੰ,
ਅੱਤਵਾਦੀਆਂ ਤੇ ਫਿਰਕੂ ਵੱਖਵਾਦੀਆਂ ਨੂੰ ।
ਅਸੀਂ ਆਜ਼ਾਦ ਜਿਆਂਗੇ ਆਜ਼ਾਦ ਮਰਾਂਗੇ,
ਤੁਸੀਂ ਮਾਰਨ ਤੇ ਆਏ ਜੇ?
ਮਾਰਾਂਗੇ ਜਾਂ ਮਰਾਂਗੇ ।
ਹੁਣ ਅੱਠ ਸਾਲਾਂ ਦੇ ਬੱਚੇ ਨਹੀਂ
ਗਲੋਂ ਫੜ ਦਹਿਸ਼ਤ ਨੂੰ
ਘਰੋਂ ਬਾਹਰ ਵੀ ਕਰਾਂਗੇ ।
ਬਹੁਤ ਕਰ ਲਿਆ ਜੋ ਤੁਸਾਂ ਕਰਨਾ ਸੀ,
ਬੱਸ ਹੁਣ ਹੋਰ ਨਹੀਂ ਜਰਾਂਗੇ
ਬੱਸ ਹੁਣ ਹੋਰ ਨਹੀਂ ਜਰਾਂਗੇ ।
 
ਸੰਪਰਕ: +61 430432716

Comments

ਕੋਮਰੇਡ

ਕਿਆ ਬਾਤ ਹੈ ਸੁਜਾਨ ਜੀ

Balihar Sandhu

Mandeep tuhadi likhat bahut JOSH wali ae...Salute

Iqbal Singh

Bhaa ji , Bahut e wadiya likhi aa, Bahut wadiya sochni de naal ate bahut e wadiya chaal de naal, bas "baba bacheyan ton kho leya "

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ