Fri, 19 April 2024
Your Visitor Number :-   6985398
SuhisaverSuhisaver Suhisaver

ਮੁੰਡੇ ਕੁੜੀਆਂ ਦੀ ਆਜ਼ਾਦੀ ਤੇ ਬਰਾਬਰੀ ਦਾ ਮਸਲਾ - ਸੋਹਜ ਦੀਪ

Posted on:- 19-10-2018

suhisaver

ਕੀ ਮੁੰਡੇ ਅਤੇ ਕੁੜੀਆਂ ਸੱਚਮੁਚ ਬਰਾਬਰ ਹਨ? ਕੀ ਉਨ੍ਹਾਂ ਨੂੰ ਸੱਚਮੁਚ ਹੀ ਬਰਾਬਰਤਾ ਦੇਣੀ ਚਾਹੀਦੀ ਹੈ? ਸਾਡੀ ਵਿਹਾਰਕ ਜ਼ਿੰਦਗੀ ਵਿਚ ਅਜਿਹੇ ਕਈ ਪ੍ਰਸ਼ਨ ਹਨ, ਜਿਹੜੇ ਜਵਾਬਾਂ ਦੀ ਤਲਾਸ਼ ਵਿਚ ਭਟਕਦੇ ਰਹਿ ਜਾਂਦੇ ਹਨ। ਭਾਰਤੀ ਸਮਾਜ ਵਿਚ ਲਿੰਗ ਆਧਾਰਿਤ ਵਿਤਕਰੇ ਦਾ ਵਰਤਾਰਾ ਆਮ ਹੈ, ਜਿਸ ਤਹਿਤ ਔਰਤਾਂ/ਲੜਕੀਆਂ ਵੱਡੇ ਪੱਧਰ ’ਤੇ ਹਿੰਸਾ ਦਾ ਸ਼ਿਕਾਰ ਹੁੰਦੀਆਂ ਹਨ। ਦੇਸ਼ ਦੇ ਕਣ-ਕਣ ਵਿਚ ਪਿਤਰ ਸੱਤਾ ਦੁਆਰਾ ਕੀਤੀ ਜਾਂਦੀ ਹਿੰਸਾ ਗ੍ਰਸੀ ਹੋਈ ਹੈ। ਇਹ ਹਿੰਸਾ ਸਰੀਰਕ ਵੀ ਹੈ ਅਤੇ ਮਾਨਸਿਕ ਵੀ। ਔਰਤ, ਪੁਰਸ਼, ਬਜ਼ੁਰਗ ਤੇ ਬੱਚੇ ਪੜਾਅ ਦਰ ਪੜਾਅ ਹਿੰਸਕ ਪ੍ਰਵਿਰਤੀਆਂ ਦਾ ਸ਼ਿਕਾਰ ਅਤੇ ਸ਼ਿਕਾਰੀ ਹਨ। ਫ਼ਰਕ ਮਹਿਜ਼ ਇੰਨਾ ਹੈ ਕਿ ਇਨ੍ਹਾਂ ਦੀ ਭੂਮਿਕਾ ਬਦਲਦੀ ਰਹਿੰਦੀ ਹੈ। ਪਿਛਲੇ ਲੰਮੇ ਸਮੇਂ ਤੋਂ ਭਾਵੇਂ ਔਰਤ ਖ਼ੁਦਕੁਸ਼ੀ ਦੇ ਰੂਪ ਵਿਚ ਆਪਣਾ ਵਿਰੋਧ ਪਿਤਰ ਸੱਤਾ ਅੱਗੇ ਦਰਜ ਕਰਵਾਉਂਦੀ ਰਹੀ ਹੈ, ਪਰ ਸਥਾਪਤੀ ਲਈ ਹਰ ਹਾਲਤ ਵਿਚ ਆਪਣੀ ਹੋਂਦ ਬਣਾਈ ਰੱਖਣਾ ਜ਼ਰੂਰੀ ਹੈ।

ਪੁਰਸ਼ ਦੀ ਹਿੰਸਾ ਦੀ ਵਡਿਆਈ ਕੀਤੀ ਜਾਂਦੀ ਹੈ। ਪੁਰਸ਼ ਦੇ ਰੋਅਬਦਾਰ ਅਕਸ ਨੂੰ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ। ਸਾਨੂੰ ਸਿਖਾਇਆ ਜਾਂਦਾ ਹੈ ਕਿ ਔਰਤ ਦੀ ‘ਸੁੱਘੜਤਾ ਅਤੇ ਸਿਆਣਪ’ ਉਸ ਦਾ ਗਹਿਣਾ ਹੈ। ਮਾਪਿਆਂ ਅਤੇ ਸਮਾਜ ਵੱਲੋਂ ਪ੍ਰਵਾਨਿਤ ਲੀਹ ਉਤੇ ਚੱਲਣ ਵਾਲੀ ਔਰਤ ਹੀ ਸੁਚੱਜੀ ਦੱਸੀ ਜਾਂਦੀ ਹੈ। ਚੁੱਪ-ਚਾਪ ਅੱਖਾਂ ਝੁਕਾ ਕੇ ਸਕੂਲ/ਕਾਲਜ/ਯੂਨੀਵਰਸਿਟੀ/ਨੌਕਰੀ ਤੋਂ ਘਰ ਆਉਣ ਵਾਲੀ ਔਰਤ, ਪਤੀ ਦੀ ਹਿੰਸਾ ਬਰਦਾਸ਼ਤ ਕਰਕੇ ਘਰ ਚਲਾਉਣ ਵਾਲੀ ਔਰਤ, ਆਪਣੀਆਂ ਮਾਮੂਲੀ ਇੱਛਾਵਾਂ ਦਾ ਤਿਆਗ ਕਰਨ ਵਾਲੀ ਔਰਤ ਨੂੰ ‘ਭਲੀ ਔਰਤ’ ਦਾ ਇਨਾਮ ਦਿੱਤਾ ਜਾਂਦਾ ਹੈ।

ਇਸੇ ਸੰਦਰਭ ਵਿਚ ਮਹੱਤਵਪੂਰਨ ਸਵਾਲ ਇਹ ਹੈ ਕਿ ਪੁਰਸ਼ ਹਿੰਸਾ ਕਿਉਂ ਕਰਦਾ ਹੈ? ਔਰਤ ਉਸ ਹਿੰਸਾ ਨੂੰ ਬਰਦਾਸ਼ਤ ਕਿਉਂ ਕਰਦੀ ਹੈ? ਅਸੀਂ ਪਿਆਰ ਕਿਉਂ ਕਰਦੇ ਹਾਂ? ਜਿਊਂਦੇ ਕਿਉਂ ਹਾਂ? ਜਿਊਣਾ ਕਿਉਂ ਚਾਹੀਦਾ ਹੈ? ਖੁਸ਼ ਕਿਉਂ ਹੋਣਾ ਚਾਹੁੰਦੇ ਹਾਂ? ਦੁਖੀ ਕਿਉਂ ਹੁੰਦੇ ਹਾਂ? ਮਨਮਰਜ਼ੀਆਂ ਕਰਨ ਵਿਚ ਹਰਜ਼ ਕੀ ਹੈ? ਸਾਡੇ ਫ਼ੈਸਲਿਆਂ ਦੀ ਜਵਾਬਦੇਹੀ ਸਾਡੀ ਕਿਉਂ ਨਹੀਂ ਹੋਣੀ ਚਾਹੀਦੀ? ਅਸੂਲ ਮੁੰਡੇ ਤੇ ਕੁੜੀ ਲਈ ਵੱਖੋ-ਵੱਖਰੇ ਕਿਉਂ ਹੁੰਦੇ ਹਨ? ਵੰਸ਼ ਚਲਾਉਣ ਲਈ ਮੁੰਡਾ ਚਾਹੀਦਾ ਹੈ, ਪਰ ਇੱਜ਼ਤ ਦਾ ਭਾਰ ਕੁੜੀ ਸਿਰ ਲੱਦਿਆ ਜਾਂਦਾ ਹੈ, ਅਜਿਹਾ ਕਿਉਂ?

ਹਰ ਸਮਾਜ ਵਿਚ ਅੰਤਰ-ਵਿਰੋਧਤਾਵਾਂ ਹੁੰਦੀਆਂ ਹਨ, ਸਾਡੇ ਵਿਚ ਵੀ ਹਨ। ਸਾਨੂੰ ਉਨ੍ਹਾਂ ਨੂੰ ਸਮਝਣਾ ਅਤੇ ਪਾਰ ਜਾਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਪਰ ਅਸੀਂ ਬਦਲਾਅ ਪ੍ਰਵਾਨ ਕਰਨ ਦੀ ਬਜਾਏ ਪੁਰਾਤਨਤਾ ਨੂੰ ਜੋਕ ਵਾਂਗ ਚੰਬੜੇ ਰਹਿਣਾ ਪਸੰਦ ਕਰਦੇ ਹਾਂ। ਆਪ ਰਾਹ ਬਣਾਉਣ ਜਾਂ ਤਲਾਸ਼ਣ ਦੀ ਮੁਸ਼ੱਕਤ ਤੋਂ ਬਚੇ ਰਹਿਣਾ ਚਾਹੁੰਦੇ ਹਾਂ, ਕਿਉਂਕਿ ਅਸੀਂ ਬਣੇ-ਬਣਾਏ ਰਾਹਾਂ ਉਤੇ ਤੁਰ ਕੇ ਘਰ ਸਮੇਂ ਸਿਰ ਪਹੁੰਚ ਜਾਂਦੇ ਹਾਂ। ਮਨ ਜੇਕਰ ਨਵੇਂ ਰਸਤਿਆਂ ਉਤੇ ਦੌੜਨਾ ਚਾਹੇ ਤਾਂ ਵੀ ਦੇਰ ਹੋਣ ਜਾਂ ਬੇਵਕਤੇ ਹੋਣ ਦੇ ਡਰ ਕਾਰਨ ਰੁਕ ਜਾਂਦੇ ਹਾਂ। ਦਿਨ ਜਾਂ ਰਾਤ ਸਾਡੇ ਨਾਲ ਭੇਦਭਾਵ ਨਹੀਂ ਕਰਦੇ, ਅਸੀਂ ਖ਼ੁਦ ਆਪਣੇ ਆਪ ਤੇ ਆਪਣੀ ਹੋਂਦ ਦੇ ਇਕ ਹਿੱਸੇ ਨਾਲ ਭੇਦਭਾਵ ਕਰਦੇ ਹਾਂ। ਅਸੀਂ ਪੁਰਸ਼ ਨੂੰ ਬਿਹਤਰ ਅਤੇ ਔਰਤ ਨੂੰ ਘੱਟ ਸਮਝਦੇ ਹਾਂ। ਔਰਤ ਵੀ ਖ਼ੁਦ ਨੂੰ ਕਮਜ਼ੋਰ ਸਮਝਦੇ ਹੋਏ ਪੁਰਸ਼ ਨਾਲ ਹੱਥ ਵਟਾਉਣ ਦੀ ਬਜਾਏ ਆਪਣੇ ਅੰਦਰ ਡਰ ਵਧਾ ਲੈਂਦੀ ਹੈ, ਇਸ ਨਾਲ ਦੋਵਾਂ ਦਾ ਨੁਕਸਾਨ ਹੈ। ਇਸ ਨਾਲ ਸਿਰਫ਼ ਔਰਤ ਨਹੀਂ, ਪੁਰਸ਼ ਵੀ ਇਨ੍ਹਾਂ ਕਮਜ਼ੋਰੀਆਂ ਦੇ ਗੁਲਾਮ ਬਣਦੇ ਹਨ। ਗੁਲਾਮ ਸਿਰਫ਼ ਗੁਲਾਮ ਹੁੰਦਾ ਹੈ। ਮੁਹੱਬਤ ਵਿਚ ਵੀ ਗੁਲਾਮੀ ਬਰਦਾਸ਼ਤਯੋਗ ਨਹੀਂ ਹੁੰਦੀ ਹੈ, ਪਿਆਰ ਸੁਤੰਤਰ ਹੋ ਕੇ ਕਰਨਾ ਹੀ ਸੰਭਵ ਹੈ।

ਸਾਡੇ ਸਮਾਜ ਵਿਚ ਹਿੰਸਕ ਰੁਚੀਆਂ ਦਾ ਕਾਰਨ ਸ਼ਾਇਦ ਇਹ ਹੈ ਕਿ ਅਸੀਂ ਖੁਦ ਨੂੰ ਪਿਆਰ ਨਹੀਂ ਕਰਦੇ। ਅਸੀਂ ਆਪਣੀਆਂ ਇੱਛਾਵਾਂ ਦਾ ਆਦਰ ਨਹੀਂ ਕਰਦੇ। ਖੁਦ ਦਾ ਅਨਾਦਰ ਕਰਨ ਵਾਲਾ ਵਿਅਕਤੀ ਦੂਜੇ ਨੂੰ ਪਿਆਰ ਕਰਨ ਦੇ ਵੀ ਸਮਰੱਥਾ ਨਹੀਂ ਹੁੰਦਾ। ਉਹ ਦੂਜੇ ਦਾ ਸਤਿਕਾਰ ਕਰਨ ਦੀ ਬਜਾਏ ਅਪਮਾਨ ਹੀ ਕਰੇਗਾ, ਕਿਉਂਕਿ ਉਹ ਆਪਣੀਆਂ ਅਧੂਰੀਆਂ ਚਾਹਤਾਂ ਦੀਆਂ ਕਬਰਾਂ ਉਤੇ ਬੈਠਾ ਹੱਸਣ ਦਾ ਦਿਖਾਵਾ ਕਰ ਰਿਹਾ ਹੁੰਦਾ ਹੈ। ਪੁਰਸ਼ ਬਹੁਤ ਲੰਮੇ ਸਮੇਂ ਤੋਂ ਇਹੀ ਕਰਨ ਲਈ ਮਜਬੂਰ ਹਨ, ਇਹ ਮਜਬੂਰੀ ਉਸ ਨਾਲ ਚੰਬੜੀ ਹੋਈ ਹੈ। ਸਾਨੂੰ ਚੰਗਾ ਪੁਰਸ਼, ਸਾਊ ਔਰਤ, ਸਿਆਣੀ ਧੀ ਤੇ ਪੁੱਤ ਆਦਿ ਦੀਆਂ ਪਰਿਭਾਸ਼ਾਵਾਂ ਨੂੰ ਬਦਲਣਾ ਚਾਹੀਦਾ ਹੈ। ਸਾਊ ਹੋਣਾ ਕੀ ਹੈ? ਸਾਡੀ ਪਰੰਪਰਾ ਸਾਊ ਉਸ ਨੂੰ ਮੰਨਦੀ ਹੈ, ਜੋ ਆਪਣੀਆਂ ਇੱਛਾਵਾਂ ਦਾ ਤਿਆਗ ਕਰਦਾ ਹੈ। ਆਪਣੇ ਜੀਵਨ ਦੇ ਬੇਹੱਦ ਮਹੱਤਵਪੂਰਨ ਫ਼ੈਸਲੇ ਘਰਦਿਆਂ ਦੀ ਮਰਜ਼ੀ ਨਾਲ ਲੈਣ ਵਾਲਾ ਵਿਅਕਤੀ ਸਾਊ ਮੰਨਿਆ ਜਾਂਦਾ ਹੈ। ਖ਼ਾਸ ਕਰ ਕੇ ਔਰਤ ਜੇਕਰ ਆਪਣੀ ਮਰਜ਼ੀ ਨਾਲ ਨੌਕਰੀ ਜਾਂ ਵਿਆਹ ਕਰਵਾਉਣਾ ਚਾਹੁੰਦੀ ਹੈ ਤਾਂ ਉਸ ਨੂੰ ਬਦਚਲਨ, ਬੇਸ਼ਰਮ ਤੇ ਬੇਗ਼ੈਰਤ ਗਰਦਾਨਿਆ ਜਾਂਦਾ ਹੈ। ਸਾਊ ਹੋਣ ਦਾ ਮਤਲਬ ਆਪਣੀਆਂ ਅਤੇ ਦੂਜਿਆਂ ਦੀਆਂ ਇੱਛਾਵਾਂ ਦਾ ਸਤਿਕਾਰ ਕਰਨ ਵਾਲਾ ਹੋਣਾ ਚਾਹੀਦਾ ਹੈ।

ਅਸੀਂ ਕਾਰਾਂ, ਰਿਸ਼ਤਿਆਂ ਤੇ ਅਹੁਦਿਆਂ ਉਤੇ ਸਵਾਰ ਹੋਣਾ ਸਿੱਖਦੇ ਹਾਂ, ਸਾਨੂੰ ਪੈਦਲ ਤੁਰਨਾ ਨਹੀਂ ਸਿਖਾਇਆ ਜਾਂਦਾ ਜਾਂ ਅਸੀਂ ਤੁਰਦੇ ਨਹੀਂ। ਸੰਵਾਦ ਨਹੀਂ ਰਚਾਉਂਦੇ। ਤੁਰਨ, ਗਾਉਣ ਤੇ ਬਾਤਾਂ ਪਾਉਣ ਲਈ ਸਾਹਸ ਚਾਹੀਦਾ ਹੈ। ਉਹ ਸਾਹਸ ਜਿਸ ਨੂੰ ਅਸੀਂ ਦੁਸਾਹਸ ਕਹਿ ਕੇ ਭੰਡਦੇ ਹਾਂ। ਹਿੰਸਾ ਨੂੰ ਮੂਰਖਤਾ ਮੰਨ ਕੇ ਨਕਾਰਿਆ ਜਾਣਾ ਚਾਹੀਦਾ ਹੈ। ਚੰਗਾ ਪੁਰਸ਼ ਅਤੇ ਔਰਤ ਉਹ ਹੋਣੇ ਚਾਹੀਦੇ ਹਨ, ਜੋ ਵਿਅਕਤੀਗਤ ਆਜ਼ਾਦੀ ਦੇ ਰੱਖਿਅਕ ਹੋਣ, ਨਾ ਕਿ ਉਹਦੇ ਵਿਚ ਵਿਘਨ ਪਾਉਣ ਵਾਲੇ ਹੋਣ। ਬੇਵਕਤਾ ਉਹ ਹੁੰਦਾ ਹੈ, ਜੋ ਸਮਾਜ ਵਿਚ ਆ ਰਹੀ ਤਬਦੀਲੀ ਅਤੇ ਜਾਗਰੂਕਤਾ ਨੂੰ ਸਵੀਕਾਰ ਕਰਨ ਦਾ ਹਾਜ਼ਮਾ ਨਹੀਂ ਰੱਖਦਾ। ਬੇਵਕਤਾ ਉਹ ਪ੍ਰਬੰਧ ਹੈ, ਜਿਹੜਾ ਸਾਡੀ ਪੀੜ੍ਹੀ ਤੋਂ ਯੋਗ ਰੁਜ਼ਗਾਰ ਦੇ ਮੌਕੇ ਖੋਹ ਰਿਹਾ ਹੈ। ਬੇਵਕਤਾ ਉਹ ਸਮਾਜ ਹੈ, ਜਿਹੜਾ ਆਪਣੀ ਨਵੀਂ ਪੀੜ੍ਹੀ ਨੂੰ ਆਪਣੇ ਹੱਥੀਂ ਵਿਦੇਸ਼ਾਂ ਵਿਚ ਭੇਜ ਕੇ ਗੁਲਾਮ ਬਣਨ ਲਈ ਮਜਬੂਰ ਕਰ ਰਿਹਾ ਹੈ। ਬੇਵਕਤੀਆਂ, ਉਹ ਸਰਕਾਰਾਂ ਹਨ, ਜਿਹੜੀਆਂ ਪੰਜਾਬ ਨੂੰ ਸੰਭਾਲਣ ਦੇ ਯੋਗ ਨਹੀਂ ਹਨ।

ਇਸ ਲਈ ਸਾਨੂੰ ਇਕ-ਦੂਜੇ ਨੂੰ ਵਕਤ ਦੀ ਪ੍ਰਵਾਹ ਕੀਤੇ ਬਿਨਾ ਮਿਲਣਾ ਚਾਹੀਦਾ ਹੈ। ਬਹੁਤ ਸਾਰੀਆਂ ‘ਚੰਗੀਆਂ ਅਲਾਮਤਾਂ’ ਸਾਨੂੰ ਵਕਤ ਦੇ ਬੰਧਨਾਂ ਤੋਂ ਮੁਕਤ ਹੋ ਕੇ ਮਿਲਦੀਆਂ ਹਨ। ਸਮੇਂ ਦੀ ਸੀਮਾ ਸਾਰਨੀ ਵਿਚ ਰਹਿ ਕੇ ਕੌਣ ਹੱਸਦਾ ਹੈ? ਸਾਡੀ ਸੋਚ ਤੋਂ ਸਮੇਂ ਦੇ ਬੰਧਨ ਹਟਣੇ ਚਾਹੀਦੇ ਹਨ। ਛੋਟੀ ਜਿਹੀ ਜ਼ਿੰਦਗੀ ਵਿਚ ਮਿਲੇ ਤਾਰਿਆਂ ਨਾਲ ਚਮਕਦੇ ਵਕਤ ਨੂੰ ਅਸੀਂ ਲਗਾਨ ਵਜੋਂ ਕਿਉਂ ਸਮਾਜ ਨੂੰ ਚੁਕਾਉਂਦੇ ਰਹੀਏ? ਮਨ ਵਿਚ ਉਠਦੇ ਬੇਅੰਤ ਸਵਾਲਾਂ ਦੇ ਜਵਾਬ ਅਸੀਂ ਰਾਤ ਨੂੰ ਬੰਦ ਕਮਰਿਆਂ ਵਿਚ ਬੈਠ ਕੇ ਪੜ੍ਹੀਆਂ ਕਿਤਾਬਾਂ ਵਿਚੋਂ ਲੱਭ ਕੇ ਸੰਤੁਸ਼ਟ ਕਿਉਂ ਹੋਈਏ ? ਹਰ ਵਿਅਕਤੀ ਨੂੰ ਆਪਣੀ ਜ਼ਿੰਦਗੀ ਜਿਊਣ ਦਾ ਹੱਕ ਹੈ। ਉਸ ਦੇ ਮਨ ’ਤੇ ਸਮੇਂ ਦੇ ਬੰਧਨ ਲਾ ਕੇ ਜ਼ਿੰਦਗੀ ਵਿਚੋਂ ਉਸ ਦਾ ਸਮਾਂ ਘਟਾਉਣ ਦਾ ਹੱਕ ਕਿਸੇ ਨੂੰ ਨਹੀਂ ਹੋਣਾ ਚਾਹੀਦਾ। ਰਾਤ ਨੂੰ ਕੰਮ ਕਰਨ, ਪੜ੍ਹਨ ਜਾਂ ਸੁਪਨੇ ਬੁਣਨ ਦਾ ਅਧਿਕਾਰ ਔਰਤਾਂ/ਲੜਕੀਆਂ ਤੋਂ ਇਸ ਲਈ ਨਹੀਂ ਖੋਹਣਾ ਚਾਹੀਦਾ ਕਿ ਉਨ੍ਹਾਂ ਦੀ ਇੱਜ਼ਤ ਨੂੰ ਖ਼ਤਰਾ ਹੋ ਸਕਦਾ ਹੈ, ਉਨ੍ਹਾਂ ਨੂੰ ਇਹ ਅਧਿਕਾਰ ਇਸ ਲਈ ਮਿਲਣਾ ਚਾਹੀਦਾ ਹੈ ਕਿ ਉਹ ਮਾਤ-ਲੋਕ ਵਿਚ ਬਰਾਬਰ ਦੀ ਧਿਰ ਹਨ। ਔਰਤਾਂ ਨਾਲ ਹੁੰਦੀ ਇਸ ਵਧੀਕੀ ਲਈ ਸਾਨੂੰ ਸ਼ਰਮਸਾਰ ਹੋਣਾ ਚਾਹੀਦਾ ਹੈ। ਕੀ ਭਾਰਤੀ/ਪੰਜਾਬੀ ਸੰਸਕ੍ਰਿਤੀ ਇੰਨੀ ਕਮਜ਼ੋਰ ਹੈ ਕਿ ਇਸ ਵਿਚ ਰਹਿਣ ਵਾਲੀ ਅੱਧੀ ਆਬਾਦੀ ਨੂੰ ਰਾਤ ਸਮੇਂ ‘ਤੁਰਨ-ਫਿਰਨ’ ਤੋਂ ਖ਼ਤਰਾ ਹੋ ਸਕਦਾ ਹੈ? ਕੀ ਭਾਰਤੀ/ਪੰਜਾਬੀ ਪੁਰਸ਼ ਅਜਿਹੇ ਹਨ, ਜਿਨ੍ਹਾਂ ਤੋਂ ਰਾਤ ਵੇਲੇ ਸੜਕ ਉਤੇ ਤੁਰੀਆਂ ਜਾਂਦੀਆਂ ਔਰਤਾਂ ਨੂੰ ਖ਼ਤਰਾ ਹੈ? ਅਜਿਹੇ ਸਵਾਲਾਂ ਦੇ ਜਵਾਬ ਲੱਭਣਾ ਸਮੇਂ ਦੀ ਮੁੱਖ ਲੋੜ ਹੈ।

ਸੰਪਰਕ: 98724-27960

Comments

Security Code (required)



Can't read the image? click here to refresh.

Name (required)

Leave a comment... (required)





ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ