Sun, 15 September 2019
Your Visitor Number :-   1805760
SuhisaverSuhisaver Suhisaver
ਗਣਪਤੀ ਵਿਸਰਜਨ ਦੌਰਾਨ ਵੱਖ-ਵੱਖ ਥਾਵਾਂ 'ਤੇ ਡੁੱਬਣ ਨਾਲ 33 ਮੌਤਾਂ               ਚਿਦੰਬਰਮ ਦੀ ਆਤਮ-ਸਮਰਪਣ ਦੀ ਪਟੀਸ਼ਨ ਖ਼ਾਰਜ              

ਇੱਥੇ ਪੈਲ਼ੀਆਂ 'ਚ ਫੂਕਣੇ ਪੈਂਦੇ ਨੇ ਮੁਰਦੇ...

Posted on:- 31-01-2017

suhisaver

ਮਾਝੇ ਦੀ ਬਿੜਕ ਲੈਂਦਿਆਂ - ਅਜਨਾਲਾ ਹਲਕੇ ਤੋਂ ਅਮਨਦੀਪ ਹਾਂਸ ਦੀ ਵਿਸ਼ੇਸ਼ ਰਿਪੋਰਟ

''ਨੀਂ ਅੰਨੀਏ, ਬੋਲ਼ੀਏ ਹਕੂਮਤੇ ਨੀਂ
ਤੇਰਾ ਸਾਡੇ ਨਾਲ ਵਾਹ ਕੋਈ ਨਾ
ਅਸੀਂ ਪੈਲ਼ੀਆਂ 'ਚ ਫੂਕਦੇ ਆਂ ਮੁਰਦੇ
ਨੀਂ ਸਿਵਿਆਂ ਨੂੰ ਰਾਹ ਕੋਈ ਨਾ''

( ਹਲਕਾ ਅਜਨਾਲਾ ਵਿੱਚ ਵੜਨ ਤੋਂ ਪਹਿਲਾਂ ਦੱਸ ਦੇਈਏ ਕਿ ਇਥੇ ਮੁੱਖ ਮੁਕਾਬਲਾ- ਕਾਂਗਰਸ ਦੇ 65 ਸਾਲਾ ਹਰਪ੍ਰਤਾਪ ਸਿੰਘ, ਆਪ ਦੇ 52 ਸਾਲਾ ਰਾਜਪ੍ਰੀਤ ਸਿੰਘ ਸੰਨੀ ਰੰਧਾਵਾ ਅਤੇ ਗੱਠਜੋੜ ਦੇ 41 ਸਾਲਾ ਅਮਰਪਾਲ ਸਿੰਘ ਬੋਨੀ ਅਜਨਾਲਾ ਦੇ ਦਰਮਿਆਨ ਹੈ।  ਉਂਞ ਇਥੇ ਬਸਪਾ ਦੇ ਬਲਵਿੰਦਰ ਸਿੰਘ, ਬਸਪਾ ਅੰਬੇਡਕਰ ਦੇ ਸਤਨਾਮ ਸਿੰਘ, ਮਾਨ ਦਲ ਦੇ ਅਮਰੀਕ ਸਿੰਘ, ਬਹੁਜਨ ਮੁਕਤੀ ਪਾਰਟੀ ਦੇ ਹਰਪ੍ਰੀਤ ਸਿੰਘ, ਰੈਵੋਲਿਊਸ਼ਨਰੀ ਮਾਰਕਸਿਸਟ ਪਾਰਟੀ ਇੰਡੀਆ ਦੇ ਗੁਰਨਾਮ ਸਿੰਘ, ਸ਼ਿਵਸੈਨਾ ਦੇ ਪਵਨ ਸਰੀਨ, ਆਪਣਾ ਪੰਜਾਬ ਪਾਰਟੀ ਦੇ ਰਾਬਰਟ ਮਸੀਹ, ਤੇ ਪੰਜ ਅਜ਼ਾਦ ਉਮੀਦਵਾਰ ਆਪਣੀ ਸਿਆਸੀ ਕਿਸਮਤ ਅਜ਼ਮਾਅ ਰਹੇ ਨੇ।)

ਸਰਹੱਦੀ ਹਲਕਾ ਅਜਨਾਲਾ ਦੇ ਕਈ ਪਿੰਡ ਗਾਹੇ ਇਕੋ ਜਿਹੀਆਂ ਸਮੱਸਿਆਵਾਂ- ਲੋੜਵੰਦਾਂ ਨੂੰ ਪੈਨਸ਼ਨ, ਸ਼ਗਨ ਸਕੀਮ, ਭਗਤ ਪੂਰਨ ਸਿੰਘ ਬੀਮਾ ਯੋਜਨਾ, ਸਸਤੀ ਕਣਕ ਦਾਲ ਆਦਿ ਦੀ ਕੋਈ ਸਹੂਲਤ ਨਾ ਮਿਲਣ ਦੇ ਬਰਾਬਰ ਹੈ, ਭਾਵ ਕਦੇ ਕਦੇ ਪੈਨਸ਼ਨ ਤੇ ਕਣਕ ਮਿਲ ਜਾਂਦੀ ਹੈ, ਹੋਰ ਕੁਝ ਵੀ ਨਹੀਂ। ਸਿਹਤ ਸਹੂਲਤਾਂ ਇਹਨਾਂ ਪਿੰਡਾਂ ਵਿੱਚ ਵੀ ਹਲਕਾ ਖੇਮਕਰਨ ਦੇ ਸਰਹੱਦੀ ਪਿੰਡਾਂ ਵਾਂਗ ਨਹੀਂ, ਆਵਾਜਾਈ ਦੇ ਸਾਧਨ ਵੀ ਜਨਤਕ ਨਹੀਂ, ਆਪਣੇ ਸਾਧਨ ਹੀ ਨੇ।

ਸਕੂਲ ਨਹੀਂ, ਪੜਾਈ ਲਈ ਬੱਚੇ ਦੂਰ ਜਾਣ 'ਚ ਆਉਂਦੀਆਂ ਸਮੱਸਿਆਵਾਂ ਕਰਕੇ ਪੰਜ ਜਮਾਤਾਂ ਤੋਂ ਬਾਅਦ ਘੱਟ ਹੀ ਸਕੂਲ ਦਾ ਮੂੰਹ ਦੇਖਦੇ ਨੇ। ਰੱਜੇ ਪੁੱਜੇ ਕੁਝ ਕੁ ਘਰਾਂ ਦੇ ਬੱਚੇ ਸ਼ਹਿਰਾਂ ਵਿੱਚ ਆਪਣੇ ਆਵਾਜਾਈ ਸਾਧਨਾਂ ਜ਼ਰੀਏ ਪੜ ਰਹੇ ਨੇ।

ਪੀਣ ਵਾਲੇ ਪਾਣੀ ਦੀ ਸਮੱਸਿਆ ਤੇ ਬਹੁਤੇ ਘਰਾਂ ਵਿੱਚ ਟਾਇਲਟ ਨਾ ਹੋਣ ਦੀ ਸਮੱਸਿਆ ਆਮ ਹੈ। ਸੀਵਰੇਜ ਦਾ ਕੋਈ ਪ੍ਰਬੰਧ ਨਹੀਂ। ਨਰੇਗਾ ਸਕੀਮ ਨਹੀਂ। ਬਹੁਤੇ ਘਰਾਂ ਦੇ ਨੀਲੇ ਕਾਰਡ ਹੀ ਨਹੀਂ ਬਣੇ। ਇਹਨਾਂ ਆਮ ਹੀ ਨਸ਼ਰ ਹੋਈਆਂ ਸਮੱਸਿਆਵਾਂ ਨਾਲ ਜੂਝਦਾ ਅਜਨਾਲਾ ਹਲਕੇ ਦਾ ਇਕ ਨਿੱਕਾ ਜਿਹਾ ਪਿੰਡ ਹੈ ਨੰਗਲ ਅੰਬ, 281 ਵੋਟਾਂ ਨੇ ਇਸ ਪਿੰਡ ਦੀਆਂ, ਕਈ ਪਰਿਵਾਰ ਬਹਿਕਾਂ ਵਿੱਚ ਵਸੇ ਹੋਏ ਨੇ। 5-7 ਘਰ ਹੀ ਹੋਣਗੇ, ਜਿਹਨਾਂ ਕੋਲ ਪੀਣ ਵਾਲੇ ਪਾਣੀ ਲਈ ਆਰ ਓ ਸਿਸਟਮ ਤੋਂ ਲੈ ਕੇ ਆਵਾਜਾਈ ਲਈ ਕਾਰ ਤੱਕ ਦੀ ਸਹੂਲਤ ਹੈ, ਬਾਕੀ ਪਰਿਵਾਰ ਆਮ ਜ਼ਰੂਰਤਾਂ ਨੂੰ ਤਰਸਦੇ ਜ਼ਿੰਦਗੀ ਨਾਲ ਦੋ ਚਾਰ ਹੋ ਰਹੇ ਨੇ। ਪਿੰਡ ਦੇ ਸ਼ਤੀਰਾਂ ਵਰਗੇ ਦਰਜਨ ਭਰ ਮੁੰਡੇ ਉਚ ਵਿਦਿਆ ਹਾਸਲ ਕਰਨ ਮਗਰੋਂ ਕੰਧਾਂ 'ਚ ਟੱਕਰਾਂ ਮਾਰਦੇ ਫਿਰਦੇ ਨੇ, ਖੇਤੀ ਵਿਚੋਂ ਲੱਭਦਾ ਕੁਝ ਨਹੀਂ, ਹੋਰ ਕੋਈ ਰੁਜ਼ਗਾਰ ਨਹੀਂ ਮਿਲਦਾ, ਨੇੜੇ ਕੋਈ ਪ੍ਰਾਈਵੇਟ ਸੈਕਟਰ ਅਜਿਹਾ ਨਹੀਂ ਜਿੱਥੇ ਕੋਈ ਕੰਮ ਕਰ ਸਕਣ। ਵਿਦੇਸ਼ਾਂ ਵਿੱਚ ਜਾਣ ਦਾ ਵੈਸੇ ਵੀ ਰੁਝਾਨ ਨਹੀਂ ਹੈ, ਤੇ ਦੂਜੀ ਸਮੱਸਿਆ ਏਜੰਟਾਂ ਦੇ ਢਿੱਡ ਭਰਨ ਜੋਗੇ ਪੈਸੇ ਇਹਨਾਂ ਸਰਹੱਦੀ ਪਿੰਡਾਂ ਦੇ ਲੋਕਾਂ ਕੋਲ ਨਹੀਂ ਹਨ। ਇਥੇ ਵੀ ਨਸ਼ੇ ਨੇ ਮਾਰ ਕੀਤੀ ਹੈ।

ਇਸ ਪਿੰਡ ਦਾ ਪਾਣੀ ਪੀਣ ਦੇ ਲਾਇਕ ਨਹੀਂ, ਕੋਈ ਸਰਕਾਰੀ ਟੈਂਕੀ ਨਹੀਂ, ਬਹੁਤੇ ਲੋਕ ਜ਼ਮੀਨ ਹੇਠਲਾ ਖਰਾਬ ਪਾਣੀ ਪੀਣ ਨਾਲ ਬਿਮਾਰ ਹੀ ਰਹਿੰਦੇ ਨੇ, ਦਵਾ ਦਾਰੂ ਲਈ ਕੋਈ ਸਰਕਾਰੀ ਸਿਹਤ ਕੇਂਦਰ ਤਾਂ ਨਹੀਂ, ਨੇੜੇ 7-8 ਕਿਲੋਮੀਟਰ ਦੂਰ ਗੱਗੋਮਾਹਲ ਕਸਬੇ ਵਿੱਚ ਆਰ ਐਮ ਪੀਜ਼ ਹਨ, ਓਥੋਂ ਜਾ ਕੇ ਦਵਾਈ ਲੈਂਦੇ ਨੇ। ਕਿਸਾਨੀ ਸੰਕਟ ਬਾਕੀਆਂ ਵਰਗਾ ਹੈ, ਨੇੜੇ ਮੰਡੀ ਨਹੀਂ, ਦੂਰ ਦੁਰੇਡੇ ਜਿਣਸ ਲੈ ਕੇ ਜਾਂਦੇ ਨੇ ਤਾਂ ਸਮੇਂ ਸਿਰ ਤੋਲ ਨਹੀਂ ਲੱਗਦੀ, ਤੋਲ ਮਗਰੋਂ ਪੈਸੇ ਵਕਤ ਸਿਰ ਨਹੀਂ ਮਿਲਦੇ, ਹਾਲੇ ਵੀ ਬਹੁਤੇ ਜ਼ਿਮੀਦਾਰਾਂ ਨੂੰ ਝੋਨੇ ਦੀ ਵੱਟਤ ਨਹੀਂ ਮਿਲੀ। ਕਣਕ ਝੋਨੇ ਦੇ ਨਾਲ ਨਾਲ ਬਾਸਮਤੀ ਵਾਲੇ ਇਥੇ ਕਿਸਾਨ ਹਨ, ਪਰ ਬਾਸਮਤੀ ਦਾ ਢੁਕਵਾਂ ਭਾਅ ਨਹੀਂ ਮਿਲਦਾ। ਖਰਚਾ ਵੀ ਕਈ ਵਾਰ ਪੂਰਾ ਨਹੀਂ ਹੁੰਦਾ। ਤਕਰੀਬਨ ਹਰ ਕਿਸਾਨ ਕਰਜ਼ਈ ਹੈ।

ਨੰਗਲ ਅੰਬ ਪਿੰਡ ਸਰਹੱਦ ਤੋਂ 4 ਕੁ ਕਿਲੋਮੀਟਰ ਉਰਾਂ ਨੂੰ ਵੱਸਿਆ ਹੋਇਆ ਹੈ, ਜਿਸ ਦੀਆਂ ਸੜਕਾਂ ਪਿਛਲੇਰੀ ਮਨਮੋਹਨ ਸਰਕਾਰ ਵੇਲੇ ਪ੍ਰਧਾਨ ਮੰਤਰੀ ਗ੍ਰਾਮ ਯੋਜਨਾ ਤਹਿਤ ਬਣੀਆਂ ਸਨ, ਉਸ ਮਗਰੋਂ ਤਾਂ ਕਿਸੇ ਨੇ ਰੋੜਾ ਵੀ ਨਾ ਲਾਇਆ। ਪਿੰਡ ਦੀਆਂ ਹੋਰ ਪਿੰਡਾਂ ਨੂੰ ਜਾਂਦੀਆਂ ਲਿੰਕ ਸੜਕਾਂ ਮਸਾਂ ਇਕ ਟਰਾਲੀ ਲੰਘਣ ਜੋਗੀਆਂ ਨੇ, ਭਾਵ ਫੋਰ ਲੇਨ ਜਾਂ ਸਿਕਸ ਲੇਨ ਨਹੀਂ, ਵਨ ਲੇਨ ਹੀ ਨੇ, ਟਰਾਲੀ ਨਾਲ ਸਾਈਕਲ ਵੀ ਨਹੀਂ ਲੰਘਦਾ, ਉਹ ਵੀ ਸੜਕ ਨਾਲ ਬਣੀ ਖਾਲ 'ਚ ਲਾਹ ਕੇ ਲੰਘਾਉਣਾ ਪੈਂਦੈ। ਕੁੜੀਆਂ ਦੀ ਪੜਾਈ ਨੂੰ ਧਿਆਨ ਵਿੱਚ ਰੱਖਦਿਆਂ ਪਿੰਡ ਵਾਸੀਆਂ ਨੇ ਕੁਝ ਪ੍ਰਾਈਵੇਟ ਬੱਸਾਂ ਲਵਾਈਆਂ ਸਨ ਪਰ ਰਾਵੀ ਦਰਿਆ ਤੋਂ ਰੇਤ ਢੋਣ ਵਾਲੀਆਂ ਧਾਕੜਾਂ ਦੀਆਂ ਟਰਾਲੀਆਂ ਬੱਸਾਂ ਨੂੰ ਰਾਹ ਨਹੀਂ ਸੀ ਦਿੰਦੀਆਂ, ਜੀਹਦੇ ਕਰਕੇ ਬੱਸਾਂ ਬੰਦ ਹੋ ਗਈਆਂ। ਜੇ ਕੋਈ ਬਿਮਾਰ ਹੋਵੇ ਤਾਂ ਉਸ ਨੂੰ ਗੱਗੋਮਾਹਲ 7-8 ਕਿਲੋਮੀਟਰ ਤੱਕ ਸਾਈਕਲ 'ਤੇ ਲਿਜਾਣਾ ਪੈਂਦਾ ਹੈ, ਜਾਂ ਫੇਰ ਬਲਦ ਗੱਡੇ 'ਤੇ ਜਾਂ ਕਿਸੇ ਟਰਾਲੀ ਵਿੱਚ ਪਾ ਕੇ। ਗਰਭਵਤੀ ਔਰਤਾਂ ਦੀ ਹਾਲਤ ਸਹਿਜੇ ਹੀ ਪਤਾ ਲੱਗ ਸਕਦੀ ਹੈ।

ਪਿੰਡ ਵਿੱਚ ਇਕ ਪ੍ਰਾਈਮਰੀ ਸਕੂਲ ਹੈ, ਮਿਡ ਡੇਅ ਮੀਲ ਤਾਂ ਰੋਜ਼ ਮਿਲਦੀ ਹੈ, ਪਰ ਅੱਖਰ ਗਿਆਨ ਨਹੀਂ ਮਿਲਦਾ, ਮਾਸਟਰ ਅੱਵਲ ਤਾਂ ਆਉਂਦਾ ਨਹੀਂ, ਜੇ ਕੋਈ ਆ ਵੀ ਜਾਏ ਤਾਂ ਗੇੜੀ ਕੱਢ ਕੇ ਮੁੜ ਜਾਂਦਾ ਹੈ। ਬੱਚਿਆਂ ਨੂੰ ਪੰਜਵੀਂ ਪਾਸ ਦਾ ਸਰਟੀਫਿਕੇਟ ਬਿਨਾ ਕੁਝ ਪੜਿਆਂ ਹੀ ਮਿਲ ਜਾਂਦਾ ਹੈ।
ਇਥੇ ਰਾਏ ਸਿੱਖ ਬਰਾਦਰੀ ਦੇ 35 ਕੁ ਘਰ ਇਕੱਠੇ ਵਸੇ ਹੋਏ ਨੇ, ਜਿਹਨਾਂ ਕੋਲ ਸਹੂਲਤਾਂ ਦੇ ਨਾਮ 'ਤੇ ਬੋੜੀਆਂ ਕੰਧਾਂ ਤੇ ਡਿੱਗੂੰ ਡਿੱਗੂੰ ਕਰਦੀਆਂ ਛੱਤਾਂ ਨੇ, 35 ਕੁ ਪਰਿਵਾਰਾਂ ਦੇ ਪਾਣੀ ਦੀ ਗਰਜ ਸਾਰਦਾ ਹੈ ਸਵਾ ਲੱਖ ਨਲਕਾ, ਉਹ ਵੀ ਕਾਂਗਰਸ ਸਰਕਾਰ ਵੇਲੇ ਲਾਇਆ ਗਿਆ ਸੀ। ਨਲਕੇ ਦਾ ਪਾਣੀ ਬੇਹੱਦ ਕੌੜਾ, ਪੀਲੇ ਰੰਗ ਦਾ ਹੈ, ਪਰ ਹੋਰ ਕੋਈ ਚਾਰਾ ਵੀ ਨਹੀਂ। ਇਸੇ ਨਾਲ ਡੰਗ ਟੱਪਦਾ ਹੈ। ਇਸ ਭਾਈਚਾਰੇ ਦੇ ਸਭ ਤੋਂ ਬਜ਼ੁਰਗ ਨੇ ਦੱਸਿਆ ਕਿ ਉਹ 50 ਸਾਲਾਂ ਤੋਂ ਇਥੇ ਨੇ, ਪਰ ਕੁਝ ਨਹੀਂ ਬਦਲਿਆ, ਬੱਸ ਇਕ ਵਾਰ ਕੱਚੀਆਂ ਗਲੀਆਂ 'ਚ ਇੱਟਾਂ ਚਿਣ ਕੇ ਪੱਕੀਆਂ ਦਾ ਨਾਮ ਕਰ ਦਿੱਤਾ ਗਿਆ ਸੀ, ਹੋਰ ਕੁਝ ਨਹੀਂ। ਕਿਸੇ ਘਰ ਵਿੱਚ ਟਾਇਲਟ ਨਹੀਂ, ਜਵਾਨ ਧੀਆਂ ਨੂੰ ਮਾਪੇ ਜੰਗਲ ਪਾਣੀ ਲਈ ਖੱਤਿਆਂ ਵਿੱਚ ਭੇਜਣ ਤੋਂ ਤ੍ਰਿਹਿੰਦੇ ਨੇ, ਸਮੱਸਿਆ ਖੇਮਕਰਨ ਹਲਕੇ ਦੇ ਪਿੰਡਾਂ ਵਾਲੀ ਕਿ ਨਸ਼ੇੜੀ ਐਨੇ ਹੁੰਦੇ ਨੇ, ਕੀ ਪਤਾ ਕਿਹੜਾ ਭਾਣਾ ਵਾਪਰ ਜਾਏ। ਖੇਤਾਂ ਵਾਲੇ ਵੀ ਫੈਲਦੀ ਗੰਦਗੀ ਕਰਕੇ ਇਹਨਾਂ ਥੁੜਾਂ ਮਾਰਿਆਂ ਦੇ ਮੌਰ ਭੰਨ ਦਿੰਦੇ ਨੇ ਕਈ ਵਾਰ, ਕਈ ਨਿੱਕੇ ਨਿਆਣਿਆਂ ਦੀ ਏਸ ਕਰਕੇ ਛਿੱਲ ਲਹੀ ਕਿ ਉਹ ਖੇਤ ਦੀ ਪਹੀ 'ਤੇ ਹੀ ਜੰਗਲ ਪਾਣੀ ਬਹਿ ਗਏ, ਗੱਲ ਕੀ ਆਏ ਦਿਨ ਲੜਾਈ। ਘਰਾਂ ਵਿੱਚ ਟਾਇਲਟ ਬਣਾਉਣ ਜੋਗੇ ਇਹ ਪਰਿਵਾਰ ਨਹੀਂ, ਕੱਚੀ ਖੂਹੀ ਵਾਲੀ ਟਾਇਲਟ ਬਣਾਉਣ 'ਤੇ 12-13 ਹਜ਼ਾਰ ਦਾ ਖਰਚਾ ਆ ਜਾਂਦੈ, ਐਨੀ ਵੱਡੀ ਰਕਮ ਕਿੱਥੋਂ ਲੈ ਕੇ ਆਈਏ- ਜਦ ਪਰਿਵਾਰ ਇਹ ਗੱਲ ਆਖਦਾ ਹੈ ਤਾਂ ਉਸ ਦੇ ਮਾਸੂਮ ਬੋਲ ਸਿਰ ਵਿੱਚ ਹਥੌੜਿਆਂ ਵਾਂਗ ਵੱਜਦੇ ਨੇ।

ਪੰਚਾਇਤ ਅਕਾਲੀ ਦਲ ਬਾਦਲ ਦੀ ਹੈ, ਕਾਗਜ਼ਾਂ ਵਿੱਚ ਵਿਕਾਸ ਦੀਆਂ ਨਹਿਰਾਂ ਵਗ ਰਹੀਆਂ ਨੇ, ਪਰ ਇਥੇ ਹਰ ਖੂੰਜੇ ਵਿੱਚ ਸੋਕਾ ਹੀ ਨਜ਼ਰ ਆਉਂਦਾ ਹੈ।  ਇਹਨਾਂ ਪਰਿਵਾਰਾਂ ਵਿਚੋਂ ਚਾਰ ਕੁ ਬਜ਼ੁਰਗਾਂ ਨੂੰ ਸਾਲ ਵਿੱਚ 2 ਵਾਰ ਪੈਨਸ਼ਨ ਮਿਲੀ ਹੈ, ਕਣਕ ਦਾਲ ਦੇ ਤਾਂ ਕਦੇ ਦਰਸ਼ਨ ਹੀ ਨਹੀਂ ਹੋਏ।

ਰਾਏ ਸਿੱਖ ਬਰਾਦਰੀ ਦੇ ਇਹ ਪਰਿਵਾਰ ਬਹੁਤ ਥੋੜੀਆਂ ਜ਼ਮੀਨਾਂ ਵਾਲੇ ਨੇ, ਕਈ ਬੇਜ਼ਮੀਨੇ ਨੇ, ਸਭ ਢਿੱਡ ਨੂੰ ਝੁਲਕਾ ਦੇਣ ਲਈ ਮਜ਼ਦੂਰੀ ਕਰਦੇ ਨੇ।  ਖੇਤਾਂ ਵਿੱਚ ਕੰਮ ਘੱਟ ਹੀ ਮਿਲਦਾ ਹੈ ਮਹੀਨੇ ਵਿੱਚ ਵੱਧ ਤੋਂ ਵੱਧ 5-6 ਦਿਹਾੜੀਆਂ ਕੰਮ ਮਿਲਦਾ, ਮਰਦਾਂ ਦੀ ਦਿਹਾੜੀ ਦਾ ਰੇਟ 8 ਘੰਟੇ ਕੰਮ ਦੇ 100 ਰੁਪਏ ਤੇ ਔਰਤਾਂ ਨੂੰ 80 ਰੁਪਏ ਦਿਹਾੜੀ ਮਿਲਦੀ ਹੈ, ਔਰਤਾਂ ਦੀ ਦਿਹਾੜੀ ਵੀ 10 ਘੰਟੇ ਹੈ, 10 ਘੰਟੇ ਕੰਮ ਦੇ ਵਿਜ਼ 'ਚ ਸਿਰਫ 80 ਰੁਪਏ..

ਵਿਕਾਸ ਦੀ ਕਿਹੜੀ ਇਬਾਰਤ ਹੈ, ਸਾਡੀ ਸਮਝੋਂ ਬਾਹਰ ਦੀ ਗੱਲ ਹੈ।

ਇਹਨਾਂ ਕਾਮਿਆਂ ਨੂੰ ਚਾਹ ਤਿੰਨ ਟਾਈਮ ਕੰਮ ਕਰਵਾਉਣ ਵਾਲਾ ਪਿਆ ਦਿੰਦਾ ਹੈ, ਰੋਟੀ ਆਪਣੇ ਕੋਲੋਂ ਖਾਂਦੇ ਨੇ। ਅਜਨਾਲਾ ਦੇ ਬਾਰਡਰ ਨਾਲ ਲੱਗਦੇ ਪਿੰਡ ਨੰਗਲ ਅੰਬ ਤੋਂ ਇਹ 250 ਦੇ ਕਰੀਬ ਜੀਅ ਰੁਜ਼ਗਾਰ ਖਾਤਰ ਕਪੂਰਥਲੇ ਆਲੂਆਂ ਦੇ ਸੀਜਨ 'ਚ ਜਾਂਦੇ ਨੇ। ਸਾਰੀ ਬਰਾਦਰੀ ਸਮੇਤ ਬਜ਼ੁਰਗਾਂ, ਬੱਚਿਆਂ ਦੇ ਭਾੜੇ 'ਤੇ ਵਾਹਨ ਕਰਕੇ ਪੰਜਾਬ ਦੇ ਇਕ ਕੋਨੇ ਤੋਂ ਦੂਜੇ ਕੋਨੇ ਵੱਲ ਰੁਜ਼ਗਾਰ ਖਾਤਰ ਜਾਂਦੇ ਨੇ, ਪਰ ਮੁੜਦੇ ਖਾਲੀ ਵਰਗੇ ਹੱਥਾਂ ਨਾਲ ਹੀ ਨੇ।

ਕਪੂਰਥਲੇ ਵਿੱਚ ਆਲੂਆਂ ਦਾ ਕੰਮ ਦਿਵਾਉਣ ਦੇ ਇਵਜ਼ 'ਚ ਠੇਕੇਦਾਰ ਇਹਨਾਂ ਤੋਂ ਕਮਿਸ਼ਨ ਲੈਂਦਾ ਹੈ। ਪੰਜਾਬ ਵਿਚੋਂ ਪੰਜਾਬ ਵਿੱਚ ਹੀ ਪ੍ਰਵਾਸ ਕਰਨ ਵਾਲੇ ਕਾਮਿਆਂ ਨੂੰ ਦਿਹਾੜੀ ਓਥੇ ਵੀ 100 ਰੁਪਿਆ ਹੀ ਮਿਲਦੀ ਹੈ। ਚਾਹ, ਰੋਟੀ ਰਿਹਾਇਸ਼ ਸਭ ਕੁਝ ਪੱਲਿਓਂ ਕਰਨਾ ਪੈਂਦਾ ਹੈ। ਸਾਲ ਵਿੱਚ ਦੋ ਵਾਰ ਮਹੀਨਾ-ਡੂਢ ਮਹੀਨਾ ਆਲੂਆਂ ਦਾ ਕੰਮ ਕਰਦੇ ਨੇ। ਕੁੱਲੀਆਂ ਪਾ ਕੇ ਰਹਿੰਦੇ ਨੇ।

ਬਰਾਦਰੀ ਦੇ 100 ਦੇ ਕਰੀਬ ਬੱਚੇ ਹਨ, ਜੋ ਪੜਨਾ ਲੋਚਦੇ ਨੇ, ਪਰ ਸਾਧਨਹੀਣਤਾ ਉਹਨਾਂ ਦੀ ਇੱਛਾ ਸ਼ਕਤੀ ਨੂੰ ਖੋਰਾ ਲਾ ਰਹੀ ਹੈ। ਰੁਜ਼ਗਾਰ ਲਈ ਪਲਾਇਨ ਕਰਨਾ ਵੀ ਸਕੂਲ ਛੁੱਟਣ ਦਾ ਇਕ ਕਾਰਨ ਹੈ। ਜਦ ਇਹ ਪਰਿਵਾਰ ਕਿਤੇ ਹੋਰ ਰੁਜ਼ਗਾਰ ਲਈ ਚਲੇ ਜਾਂਦੇ ਨੇ ਤਾਂ ਪਿੰਡ ਵਿੱਚ ਲੇਬਰ ਦੀ ਕਮੀ ਹੋ ਜਾਂਦੀ ਹੈ, ਕਿਸਾਨ ਓਸ ਵਕਤ ਵੱਡੇ ਸੰਕਟ ਦਾ ਸਾਹਮਣਾ ਕਰਦੇ ਨੇ, ਪਰ ਮਰਦੇ ਅੱਕ ਚੱਬ ਰਹੇ ਨੇ।

ਰਾਏ ਸਿੱਖ ਬਰਾਦਰੀ ਦਾ ਇਕ ਕਿਸਾਨ ਹੈ ਬਲਦੇਵ ਸਿੰਘ, ਸਵਾ ਦੋ ਏਕੜ ਜ਼ਮੀਨ ਦਾ ਮਾਲਕ ਹੈ, ਪਰ ਪਾਣੀ ਦਾ ਕੋਈ ਪ੍ਰਬੰਧ ਨਾ ਹੋਣ ਕਰਕੇ ਖਾਣ ਜੋਗੇ ਦਾਣੇ ਵੀ ਨਹੀਂ ਹੁੰਦੇ, ਬਲਦੇਵ ਸਿੰਘ 50 ਕੁ ਸਾਲ ਦਾ ਹੈ, ਪਰ ਗੁਰਬਤ ਨੇ ਐਨਾ ਕੁ ਭੰਨ ਦਿੱਤਾ ਕਿ 70 ਸਾਲਾ ਲੱਗਦਾ ਹੈ, ਉਸ ਦੇ 20 ਤੇ 18 ਸਾਲ ਦੀ ਉਮਰ ਦੇ ਦੋ ਪੁੱਤ ਨੇ ਇਕ ਅੰਮ੍ਰਿਤਸਰ ਦੀ ਕਿਸੇ ਫੈਕਟਰੀ ਵਿੱਚ ਕੰਮ ਕਰਦਾ ਹੈ, ਦੂਜਾ ਹਰਿਦੁਆਰ ਦੀ ਕਿਸੇ ਫੈਕਟਰੀ ਵਿੱਚ ਕਾਮਾ ਹੈ। ਦੋਵੇਂ ਮੀਆਂ ਬੀਵੀ ਬਾਕੀ ਪਰਿਵਾਰਾਂ ਦੇ ਨਾਲ ਹੀ ਦਿਹਾੜੀ ਦੱਪਾ ਕਰਦੇ ਨੇ, ਪਲ ਪੂਰਾ ਫੇਰ ਵੀ ਨਹੀਂ ਹੁੰਦਾ।

ਇਸ ਬਜ਼ੁਰਗ ਨੂੰ ਮੁਫਤ ਵਾਲਾ ਟਿਊਬਵੈਲ ਕੁਨੈਕਸ਼ਨ ਮਿਲਣ ਦੀ ਚਿੱਠੀ ਆਈ ਸੀ 4-5 ਮਹੀਨੇ ਪਹਿਲਾਂ, ਬੋਰ ਵੀ ਆਪ ਕਰਵਾਉਣਾ, ਮੋਟਰ ਵੀ ਆਪ ਲਵਾਉਣੀ, ਤਾਰ, ਬੈਂਡ , ਪਾਈਪ ਸਾਰਾ ਖਰਚਾ ਆਪ ਕਰਨਾ, ਦੋ ਤਿੰਨ ਥਾਈਂ ਰਿਸ਼ਵਤਾਂ ਦੇ ਪੈਸੇ ਪਾ ਕੇ ਬੰਬੀ ਲਵਾਉਣਾ ਸਾਢੇ ਤਿੰਨ ਲੱਖ 'ਚ ਪੈਂਦਾ, ਬਲਦੇਵ ਸਿੰਘ ਨੇ ਦੱਸਿਆ ਕਿ ਮੇਨ ਖੰਭੇ ਨਾਲ ਬਿਜਲੀ ਦਾ ਕੁਨੈਕਸ਼ਨ ਲਾਉਣ ਬਦਲੇ ਹੀ ਬਿਜਲੀ ਵਾਲੇ ਸਵਾ ਲੱਖ ਰੁਪਏ ਰਿਸ਼ਵਤ ਮੰਗਦੇ ਨੇ। ਨਾ ਨੌ ਮਣ ਤੇਲ ਹੋਵੇ ਨਾ ਰਾਧਾ ਨੱਚੇ। ਐਨੇ ਪੈਸੇ ਨਾ ਹੋਣ ਕਰਕੇ ਉਹਨਾਂ ਬੰਬੀ ਲਵਾਉਣ ਬਾਰੇ ਸੋਚਣਾ ਬੰਦ ਕਰ ਦਿੱਤਾ।

ਨੰਗਲ ਅੰਬ ਪਿੰਡ ਵਿੱਚ ਸਭ ਤੋਂ ਵੱਧ ਹੈਰਾਨ ਕਰਨ ਵਾਲਾ ਮਸਲਾ ਹੈ ਸਿਵਿਆਂ ਦਾ। ਪਿੰਡ ਦੇ ਪੈਲੀਆਂ ਬੰਨਿਆਂ ਵਾਲੇ ਲੋਕ ਆਪਣੇ ਮੁਰਦੇ ਆਪਣੀਆਂ ਪੈਲੀਆਂ ਵਿੱਚ ਫੂਕਦੇ ਨੇ, ਤੇ ਬੇਜ਼ਮੀਨੇ ਲੋਕ ਕੋਲੋਂ ਲੰਘਦੇ ਸੂਏ ਦੇ ਕੰਢੇ ਸਸਕਾਰ ਕਰਦੇ ਨੇ। ਅਜਿਹਾ ਨਹੀਂ ਕਿ ਪਿੰਡ ਵਿੱਚ ਸਿਵੇ ਨਹੀਂ, ਸਿਵੇ ਤਾਂ ਹਨ, ਪਰ ਸਿਵਿਆਂ ਨੂੰ ਕੋਈ ਰਾਹ ਨਹੀਂ ਜਾਂਦਾ। ਰਾਹ ਦੇ ਨਉਂ ਤੇ ਸਿਵਿਆਂ ਨੂੰ ਇਕ ਖੇਤ ਵਿਚੋਂ ਵੱਟ ਜਾਂਦੀ ਹੈ, ਮੁਰਦੇ ਨੂੰ ਚੁੱਕ ਕੇ ਵੱਟ ਤੋਂ ਕੋਈ ਕਿਵੇਂ ਤੁਰੂ??

ਸੋ ਸਿਵਿਆਂ ਵਿੱਚ ਸਸਕਾਰ ਹੋਣੇ ਬੰਦ ਹੋ ਗਏ..
ਇਹ ਪੰਜਾਬ ਵੀ ਮੇਰਾ ਹੈ, ਜਿੱਥੇ ਪੈਲ਼ੀਆਂ 'ਚ ਫੂਕਣੇ ਪੈਂਦੇ ਨੇ ਮੁਰਦੇ।
ਵਿਕਾਊ ਬਿਰਤੀ ਵਾਲਿਆਂ ਲਈ ਸ਼ਾਇਦ ਇਹੀ ਵਿਕਾਸ ਹੈ.. ..

Comments

Security Code (required)Can't read the image? click here to refresh.

Name (required)

Leave a comment... (required)

ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ