Tue, 17 October 2017
Your Visitor Number :-   1096582
SuhisaverSuhisaver Suhisaver
ਆਰੂਸ਼ੀ ਦੇ ਮਾਤਾ-ਪਿਤਾ ਜੇਲ੍ਹ 'ਚੋਂ ਰਿਹਾਅ               ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਸਿੱਖ ਬੀਬੀਆਂ ਨੂੰ ਕੀਰਤਨ ਕਰਨ ਦੀ ਪ੍ਰਵਾਨਗੀ              

ਸਹਾਰਨਪੁਰ ਦੇ ਸ਼ਬੀਰਪੁਰ ਪਿੰਡ ’ਚ ਦਲਿਤਾਂ ਉੱਤੇ ਹੋਏ ਹਮਲੇ ਦੀ ਤੱਥ ਖੋਜ ਰਿਪੋਰਟ

Posted on:- 25-05-2017

suhisaver

(ਕਰਾਂਤੀਕਾਰੀ ਲੋਕ ਅਧਿਕਾਰ ਸੰਗਠਨ ਦੀ ਅਗਵਾਈ’ਚਪ੍ਰਤੀਸ਼ੀਲ ਮਹਿਲਾ ਏਕਤਾ ਕੇਂਦਰ ਅਤੇ ਨੌਜਵਾਨ ਭਾਰਤ ਸਭਾ ਦੇ ਕਾਰਕੁਨਾਂ ਨੇ ਤੱਥਾਂ ਦੀ ਜਾਂਚ ਪੜਤਾਲ ਲਈ 8 ਮਈ ਨੂੰ ਸ਼ਬੀਰਪੁਰ ਪਿੰਡ ਦਾ ਦੌਰਾ ਕੀਤਾ । ਇਸ ਜਾਂਚ ਪੜਤਾਲ ਦੇ ਆਧਾਰ ’ਤੇ ਇਹ ਰਿਪੋਰਟ ਤਿਆਰ ਕੀਤੀ ਗਈ ਹੈ)

ਸਹਾਰਨਪੁਰ ਤੋਂ ਤਕਰੀਬਨ 26 ਕਿਲੋਮੀਟਰ ਦੂਰੀ ’ਤੇ ਸ਼ਬੀਰਪੁਰ ਪਿੰਡ ਪੈਂਦਾ ਹੈ। ਮੁੱਖ ਸੜਕ ਤੋਂ ਤਕਰੀਬਨ ਅੱਧਾ ਕਿਲੋਮੀਟਰ ਦੂਰੀ ’ਤੇ ਹੈ ਇਹ ਪਿੰਡ ।ਇਸ ਪਿੰਡ ਦੇ ਨਾਲ ਹੀ ਮਹੇਸ਼ਪੁਰ ਅਤੇ ਸ਼ਿਮਲਾਨਾ ਪਿੰਡ ਪੈਂਦੇ ਹਨ।ਪਿੰਡ ਦੇ ਅੰਦਰ ਦਾਖਲ ਹੁੰਦੇ ਸਮੇਂ ਸਭ ਤੋਂ ਪਹਿਲਾਂ ਦਲਿਤ ਸਮੂਹ ਦੇ ਘਰ ਪੈਂਦੇ ਹਨ। ਜੋ ਕਿ ਤਕਰੀਬਨ 200 ਮੀ.ਦੇ ਘੇਰੇ ’ਚ ਗਲੀ ਦੇ ਦੋਨੋਂ ਪਾਸੇ ਵਸੇ ਹੋਏ ਹਨ।ਇੱਥੇ ਵੜਦਿਆਂ ਹੀ ਸਾਨੂੰ ਗਲੀ ਦੇ ਦੋਨੋਂ ਪਾਸੇ ਜਲੇ ਹੋਏ ਘਰ ਅਤੇ ਤਹਿਸ ਨਹਿਸ ਹੋਇਆ ਸਮਾਨ ਦਿਖਾਈ ਦਿੰਦਾ ਹੈ।ਦਲਿਤ ਜਾਤੀ ਦੇ ਕੁਝ ਨੌਜਵਾਨ,ਔਰਤਾਂ ਅਤੇ ਵੱਡੀ ਉਮਰ ਦੇ ਲੋਕ ਵਿਖਾਈ ਦਿੰਦੇ ਹਨ ਜਿਨ੍ਹਾਂ ਦੇ ਚਿਹਰਿਆਂ ਤੇ ਖੌਫ, ਗੁੱਸਾ ਅਤੇ ਦੁੱਖ ਦੇ ਸਾਂਝੇ ਚਿੰਨਾਂ ਨੂੰ ਸਾਫ-ਸਾਫ ਪੜਿਆ ਜਾ ਸਕਦਾ ਹੈ।ਇਸ ਪਿੰਡ ਦੇ ਵਾਸੀਆਂ ਦੇ ਦੱਸਣ ਮੁਤਾਬਕ, ਪਿੰਡ ਦੇ ਵੋਟਰਾਂ ਦੀ ਗਿਣਤੀ ਤਕਰੀਬਨ 2400 ਹੈ ਜਿਨ੍ਹਾਂ ਚੋਂ ਤਕਰੀਬਨ 1200 ਠਾਕੁਰ ਫਿਰਕੇ ਦੇ  ਅਤੇ 600 ਦਲਿਤ(ਚਮਾਰ) ਜਾਤੀ ਦੇ ਹਨ। ਬਾਕੀ ਦੇ ਵੋਟਰ ਕਸ਼ਯਪ, ਤੇਲੀ ਤੇ ਧੋਬੀ,ਜੋਗੀ (ਉਪਾਧਿਆਏ) ਆਦਿ ਫਿਰਕਿਆਂ ਨਾਲ ਸਬੰਧਿਤ ਹਨ। ਮੁਸਲਿਮ ਫਿਰਕੇ ਨਾਲ ਸਬੰਧਿਤ ਤੇਲੀਆਂ ਤੇ ਧੋਬੀਆਂ ਦੇ ਤਕਰੀਬਨ 12-13 ਪਰਿਵਾਰ ਹਨ। ਪਿੰਡ ਵਿਚ ਇਕ ਪ੍ਰਾਇਮਰੀ ਸਕੂਲ ਹੈ ਜਿਸ ਵਿਚ ਪੜ੍ਹਨ ਵਾਲੇ ਜ਼ਿਆਦਾਤਰ ਬੱਚੇ ਦਲਿਤ ਫਿਰਕੇ ਨਾਲ ਸਬੰਧਿਤ ਹਨ, ਠਾਕੁਰਾਂ ਦੇ ਤਾਂ ਬੱਸ ਗਿਣੇ-ਚੁਣੇ ਬੱਚੇ ਹੀ ਇਥੇ ਪੜ੍ਹਦੇ ਹਨ ।

            
ਪਿੰਡ ਦੀ ਜ਼ਿਆਦਾਤਰ ਖੇਤੀਯੋਗ ਜ਼ਮੀਨ ਠਾਕੁਰਾਂ ਕੋਲ ਹੈ ਪਰ 25-35 ਦਲਿਤ ਪਰਿਵਾਰਾਂ ਕੋਲ ਵੀ ਜ਼ਮੀਨ ਹੈ। ਦਲਿਤ ਪ੍ਰਧਾਨ ਦੇ ਪਰਿਵਾਰ, ਜਿਸ ਵਿਚ ਕੁਲ ਪੰਜ ਭਰਾ ਹਨ, ਕੋਲ 60 ਬਿਘੇ ਜ਼ਮੀਨ ਹੈ।
          
ਪਿੰਡ ਦੀ ਠਾਕੁਰ ਬਿਰਾਦਰੀ ਕੋਲ ‘ਭਾਜਪਾ’ ਦੇ ਲੀਡਰਾਂ ਦਾ ਆਉਣਾ-ਜਾਣਾ ਲੱਗਿਆ ਰਹਿੰਦਾ ਹੈ ਜਦੋਂ ਕਿ ਦਲਿਤ ਫਿਰਕਾ ‘ਬਸਪਾ’ ਨਾਲ ਜੁੜਿਆ ਹੋਇਆ ਹੈ। ਪਿੰਡ ਦਾ ਦਲਿਤ ਪ੍ਰਧਾਨ ਸਿਵ ਕੁਮਾਰ ਬਸਪਾ ਦਾ ਸਮਰਥਕ ਹੈ। ਇਸ ਖੇਤਰ ਵਿਚ ਪੈਣ ਵਾਲੇ ਪਿੰਡ ਮਿਰਜ਼ਾਪੁਰ ਦੇ ਦਲਿਤ ਮੈਂਬਰ ਸੱਤਪਾਲ ਸਿੰਘ ਨੇ ਦੱਸਿਆ ਕਿ ਉਹ ਖੁਦ ਲੰਬੇ ਸਮੇਂ ਤੋਂ ਆਰ.ਐਸ.ਐਸ (ਸੰਘ) ਨਾਲ ਜੁੜਿਆ ਹੋਇਆ ਹੈ। ਸ਼ਿਮਲਾਨਾ,ਮਹੇਸ਼ਪੁਰ ਅਤੇ ਸ਼ਬੀਰਪੁਰ ਪਿੰਡ ਵਿਚ ਸੰਘ ਦੀ ਸ਼ਾਖਾ ਲੱਗਦੀ ਹੈ ਹਾਲਾਂਕਿ ਸ਼ਬੀਰਪੁਰ ਪਿੰਡ ਵਿਚ ਲੱਗਣ ਵਾਲੀ ਸ਼ਾਖਾ ਵਿਚ 6-7 ਦਲਿਤਾਂ ਤੋਂ ਇਲਾਵਾ ਹੋਰ ਕੋਈ ਦਲਿਤ ਮੈਂਬਰ ਨਹੀਂ ਜਾਂਦਾ।

ਘਟਨਾ ਅਤੇ ਇਸ ਦੀ ਤੱਤਕਾਲਿਕ ਪਿੱਠਭੂਮੀ
   
5 ਮਈ ਨੂੰ ਦਲਿਤ ਫਿਰਕੇ ਨੂੰ ਨਿਸ਼ਾਨਾ ਬਣਾਉਣ ਤੋਂ ਕੁਸ਼ ਵਕਤ ਪਹਿਲਾਂ ਕੁਝ ਐਸੀਆਂ ਗੱਲਾਂ ਹੋਈਆਂ ਜਿਨ੍ਹਾਂ ਕਾਰਨ ਦਲਿਤਾਂ ਨੂੰ ਸਬਕ ਸਿਖਾਉਣ ਵਾਲੀ ਧਾਰਨਾ ਮਜ਼ਬੂਤ ਹੁੰਦੀ ਗਈ। 14 ਅਪਰੈਲ ਨੂੰ ਅੰਬੇਦਕਰ ਦਿਵਸ ਦੇ ਮੌਕੇ ’ਤੇ ਪਿੰਡ ਦੇ ਦਲਿਤ ਰਵੀਦਾਸ ਮੰਦਰ ਦੇ ਵਿਹੜੇ ਵਿਚ ਅੰਬੇਦਕਰ ਦਾ ਬੁੱਤ ਲਗਾਉਣਾ ਚਾਹੁੰਦੇ ਸਨ। ਪਰ ਪਿੰਡ ਦੇ ਠਾਕੁਰ ਫਿਰਕੇ ਦੇ ਲੋਕਾਂ ਨੇ ਇਸ ’ਤੇ ਇਤਰਾਜ਼  ਕੀਤਾ। ਪ੍ਰਸ਼ਾਸਨ ਨੇ ਦਲਿਤਾਂ ਨੂੰ ਬੁੱਤ ਲਗਾਉਣ ਦੀ ਆਗਿਆ ਨਾ ਦਿੱਤੀ। ਜਦੋਂ ਦਲਿਤ ਬੁੱਤ ਲਗਾ ਰਹੇ ਸਨ ਤਾਂ ਪਿੰਡ ਦੇ ਠਾਕੁਰਾਂ ਨੇ ਪੁਲੀਸ ਪ੍ਰਸ਼ਾਸਨ ਨੂੰ ਬੁਲਾਇਆ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਬੁੱਤ ਲੱਗਣੋਂ ਰੋਕ ਦਿਤਾ।ਦਲਿਤਾਂ ਨੂੰ ਕਿਹਾ ਗਿਆ ਕਿ ਉਹ ਪ੍ਰਸ਼ਾਸਨ ਦੀ ਆਗਿਆ ਮਿਲਣ ਦਾ ਇੰਤਜ਼ਾਰ ਕਰਨ ਪਰ ਆਗਿਆ ਨਹੀਂ ਮਿਲੀ।
            
5 ਮਈ ਨੂੰ ਇਸ ਪਿੰਡ ਦੇ ਨਜ਼ਦੀਕ ਸ਼ਿਮਲਾਨਾ ਪਿੰਡ ਵਿਚ ਠਾਕੁਰ ਫਿਰਕੇ ਦੇ ਲੋਕ “ਮਹਾਂਰਾਣਾ ਪ੍ਰਤਾਪ ਜਯੰਤੀ” ਮਨਾਉਣ ਲਈ ਇਕੱਤਰ ਹੋਏ। ਉਨ੍ਹਾਂ ਦੀ ਗਿਣਤੀ ਹਜ਼ਾਰਾਂ ਵਿਚ ਦੱਸੀ ਜਾਦੀ ਹੈ। ਇਸ ਵਿਚ ਸ਼ਬੀਰਪੁਰ ਪਿੰਡ ਦੇ ਠਾਕੁਰ ਵੀ ਸਨ। ਉਨ੍ਹਾਂ ਸਾਰਿਆਂ ਦੇ ਸਿਰਾਂ ਉਪਰ ਰਾਜਪੂਤ ਸਟਾਈਲ ਦੀਆਂ ਦਸਤਾਰਾਂ ਬੰਨੀਆਂ ਹੋਈਆਂ ਸਨ, ਹੱਥਾਂ ਵਿਚ ਤਲਵਾਰਾਂ ਤੇ ਡੰਡੇ ਫੜ੍ਹੇ ਹੋਏ ਸਨ।
           
5 ਮਈ ਨੂੰ ਸਵੇਰੇ ਤਕਰੀਬਨ 10.30 ਵਜੇ, ਠਾਕੁਰ ਫਿਰਕੇ ਦੇ ਕੁਝ ਨੌਜਵਾਨ, ਮੋਟਰਸਾਈਕਲਾਂ ‘ਤੇ ਡੀ.ਜੇ ਵਜਾਉਂਦੇ ਹੋਏ, ਦਲਿਤ ਫਿਰਕੇ ਵੱਲ ਨੂੰ ਜਾਣ ਵਾਲੇ ਰਸਤੇ ’ਤੇ ਅੱਗੇ ਵਧ ਰਹੇ ਸਨ। ਇਸ ਗੱਲ ’ਤੇ ਦਲਿਤਾਂ ਨੇ ਇਤਰਾਜ਼ ਕੀਤਾ ਕਿਉਂਕਿ ਪ੍ਰਸ਼ਾਸਨ ਤੋਂ ਇਸ ਦੀ ਮਨਜ਼ੂਰੀ ਨਹੀਂ ਲਈ ਗਈ ਸੀ। ਦਲਿਤਾਂ ਦੇ ਵਿਰੋਧ ਕਰਨ ’ਤੇ ਵੀ ਮਾਮਲਾ ਨਹੀਂ ਰੁਕਿਆ ਤਾਂ ਦਲਿਤ ਪ੍ਰਧਾਨ ਨੇ ਪੁਲੀਸ ਨੂੰ ਸੂਚਿਤ ਕੀਤਾ। ਪੁਲੀਸ ਆਈ ਅਤੇ ਡੀ.ਜੇ ਨੂੰ ਹਟਾ ਦਿਤਾ ਗਿਆ। ਦਲਿਤ ਫਿਰਕੇ ਦੇ ਲੋਕਾਂ ਨੇ ਦੱਸਿਆ ਕਿ ਇਸ ਤੋਂ ਬਾਅਦ ਉਹ ਯੁਵਕ ਬਾਈਕ ’ਤੇ ਉਸ ਰਸਤੇ ਤੋਂ, “ਅੰਬੇਦਕਰ ਮੁਰਦਾਬਾਦ”, “ਰਾਜਪੂਤਾਨਾ ਜ਼ਿੰਦਾਬਾਦ” , ਮਹਾਂਰਾਣਾ ਪ੍ਰਤਾਪ ਜ਼ਿੰਦਾਬਾਦ” ਦੇ ਨਾਹਰੇ ਲਾਉਂਦੇ ਹੋਏ, ਅੱਗੇ ਵਧਣ ਲੱਗੇ। ਉਹ ਉਸ ਰਸਤੇ ਤੋਂ 2-3 ਵਾਰ ਗੁਜ਼ਰੇ। ਇਸ ਦੌਰਾਨ ਇਕ ਵਾਰ ਫਿਰ ਪੁਲੀਸ ਆਈ।
                
ਠਾਕੁਰ ਫਿਰਕੇ ਦੇ ਲੋਕਾਂ ਦਾ ਕਹਿਣਾ ਸੀ ਕਿ ਇਸ ਦੌਰਾਨ ਦਲਿਤ ਪ੍ਰਧਾਨ ਨੇ ਉਨ੍ਹਾਂ ਉਪਰ ਉਸ ਰਸਤੇ ਤੋਂ ਲੰਘਣ  ਸਮੇਂ ਪਥਰਾਅ ਕੀਤਾ ਜਦੋਂ ਕਿ ਦਲਿਤ ਫਿਰਕੇ ਦੇ ਲੋਕ ਇਸ ਗੱਲ ਤੋਂ ਇਨਕਾਰੀ ਹਨ। ਹੋ ਸਕਦਾ ਹੈ ਦਲਿਤਾਂ ਦੀ ਤਰਫ਼ ਤੋਂ ਕੁਝ ਪਥਰਾਅ ਹੋਇਆ ਹੋਵੇ। ਕਿਉਂਕਿ ਇਸੇ ਦੌਰਾਨ ਠਾਕੁਰ ਫਿਰਕੇ ਦੇ ਲੋਕ ਮਹਾਂਰਾਣਾ ਪ੍ਰਤਾਪ ਜ਼ਿੰਦਾਬਾਦ ਦੇ ਨਾਹਰੇ ਲਾਉਂਦੇ ਹੋਏ ਰਵੀਦਾਸ ਮੰਦਰ ’ਤੇ ਹਮਲਾ ਕਰਨ ਲਈ ਅੱਗੇ ਵਧੇ।
       
ਲੱਗਭਗ 11 ਵਜੇ ਰਵੀਦਾਸ ਮੰਦਰ ’ਤੇ ਹਮਲਾ ਕਰ ਦਿਤਾ ਗਿਆ। ਦੂਸਰੇ ਪਿੰਡ ਤੋਂ ਆਏ ਇਕ ਨੌਜਵਾਨ ਨੇ ਰਵੀਦਾਸ ਦੀ ਮੂਰਤੀ ਤੋੜ੍ਹ ਕੇ ਥੱਲੇ ਸੁੱਟ ਦਿਤੀ। ਦਲਿਤਾਂ ਨੇ ਦੱਸਿਆ ਕਿ ਮੂਰਤੀ ਉਪਰ ਪਿਸ਼ਾਬ ਵੀ ਕੀਤਾ ਗਿਆ। ਅਤੇ ਉਹ ਨੌਜਵਾਨ ਜਿਵੇਂ ਹੀ ਮੰਦਰ ਦੇ ਅੰਦਰੋਂ ਬਾਹਰ ਮੰਦਰ ਦੇ ਵਿਹੜੇ ਵਿਚ ਦਾਖਲ ਹੋਇਆ ਤਾਂ ਜ਼ਮੀਨ ’ਤੇ ਡਿੱਗ ਗਿਆ ਅਤੇ ਉਸ ਦੀ ਮੌਤ ਹੋ ਗਈ। ਉਸ ਦ ਹੱਤਿਆ ਦਾ ਦੋਸ਼ ਦਲਿਤਾਂ ਉਪਰ ਲਾਇਆ ਗਿਆ। ਇੰਡੀਅਨ ਐਕਸਪ੍ਰੈਸ ਅਖਬਾਰ ਮੁਤਾਬਕ ਪੋਸਟਮਾਰਟਮ ਵਿਚ ਮੌਤ ਦਾ ਕਾਰਨ ਦਮ ਘੁਟਣਾ (Suffocation) ਹੈ।
      
ਤੁਰੰਤ ਹੀ ਦਲਿਤਾਂ ਦੁਆਰਾ ਠਾਕੁਰ ਯੁਵਕ ਦੀ ਮੌਤ ਦੀ ਖ਼ਬਰ ਜੰਗਲ ਦੀ ਅੱਗ ਦੀ ਤਰ੍ਹਾਂ ਫੈਲਾਈ ਗਈ। ਅਤੇ ਫਿਰ ਸ਼ਿਮਲਾਨਾ ਪਿੰਡ ਵਿਚ ਮਹਾਰਾਣਾ ਪ੍ਰਤਾਪ ਜਯੰਤੀ ਲਈ ਜੁੜ੍ਹੇ ਸੈਂਕੜੇ ਲੋਕ ਤੁਰੰਤ ਇਸ ਪਿੰਡ ਵਿਚ ਵੜ ਗਏ। ਇਸ ਤੋਂ ਬਾਅਦ ਤਾਂਡਵ ਰਚਾ ਗਿਆ। ਤਲਵਾਰਾਂ, ਡੰਡਿਆਂ ਨਾਲ ਲੈਸ ਇਨ੍ਹਾਂ ਲੋਕਾਂ ਨੇ ਦਲਿਤਾਂ ਉਪਰ ਹਮਲਾ ਬੋਲ ਦਿੱਤਾ। ਥਿਨਰ ਛਿੜਕ ਕੇ ਘਰਾਂ ਨੂੰ ਲੱਗ ਲਗਾ ਦਿੱਤੀ। ਲੱਗਭਗ 55 ਘਰ ਜਲੇ। 12 ਦਲਿਤ ਜ਼ਖਮੀ ਹੋਏ ਜਿਨ੍ਹਾਂ ਚੋਂ ਇਕ ਦੀ ਹਾਲਤ ਗੰਭੀਰ ਹੈ। ਗਾਂਵਾਂ,ਮੱਝਾਂ ਅਤੇ ਦੂਸਰੇ ਜਾਨਵਰਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਇਸ ਤਬਾਹੀ ਦੇ ਨਿਸ਼ਾਨ ਹਰ ਜਗਾਹ ਦਿਸ ਰਹੇ ਸਨ। ਇਥੋਂ ਥੋੜੀ ਦੂਰ ਮਹੇਸ਼ਪੁਰ ਪਿੰਡ ਵਿਚ ਸੜਕ ਕਿਨਾਰੇ ਦਲਿਤਾਂ ਦੇ 10 ਖੋਖੇ ਅੱਗ ਦੇ ਹਵਾਲੇ ਕੀਤੇ ਗਏ।ਇਸ ਸਭ ਚੁਣ-2 ਕੈ ਕੀਤਾ ਗਿਆ।
         
ਜ਼ਖਮੀਆਂ ਵਿਚ 5 ਔਰਤਾਂ ਹਨ ਅਤੇ 7 ਪੁਰਸ਼। ਪਿੰਡ ਦੇ ਦਲਿਤ ਪ੍ਰਧਾਨ ਦਾ ਬੇਟਾ ਦੇਹਰਾਦੂਨ ਜੌਲੀਗ੍ਰਾਂਟ ਵਿਚ ਗੰਭੀਰ ਹਾਲਤ ਵਿਚ ਭਰਤੀ ਹੈ। ਤਲਵਾਰ ਤੇ ਡੰਡਿਆਂ ਨਾਲ ਉਸ ਦੇ ਸਿਰ,ਹੱਥਾਂ ਤੇ ਪੈਰਾਂ ਨੂੰ ਬੁਰੀ ਤਰ੍ਹਾਂ ਜ਼ਖਮੀ ਕੀਤਾ ਗਿਆ ਹੈ। ਰੀਨਾ ਨਾਂਅ ਦੀ ਔਰਤ ਦਾ ਸਰੀਰ ਬੁਰੀ ਤਰ੍ਹਾਂ ਜ਼ਖਮ ਹੈ। ਉਸ ਮੁਤਾਬਕ ਉਸ ਦੀ ਛਾਤੀ ਨੂੱ ਕੱਟਣ ਦੀ ਅਤੇ ਉਸ ਨੂੰ ਅੱਗ ਵਿਚ ਸੁਟਣ ਦੀ ਕੋਸ਼ਿਸ਼ ਕੀਤੀ ਗਈ। ਉਹ ਕਿਸੇ ਤਰ੍ਹਾਂ ਬਚ ਗਈ।
                            
ਸ਼ਾਸਨ, ਪੁਲੀਸ ਪ੍ਰਸ਼ਾਸਨ ਤੇ ਮੀਡੀਆ ਦੀ ਭੂਮਿਕਾ
ਸਰਕਾਰ ਤੇ ਪੂਲੀਸ ਦੀ ਭੂਮਿਕਾ ਸ਼ੱਕੀ ਤੇ ਅਵੇਸਲੇਪਣ ਵਾਲੀ ਹੈ। ਇਹ ਦੋਸ਼ ਲਾਇਆ ਜਾ ਰਿਹਾ ਹੈ ਕਿ ਘਟਨਾ-ਸਥਾਨ ’ਤੇ ਹਮਲੇ ਦੌਰਾਨ ਪੁਲੀਸ ਹਮਲਾਵਰਾਂ ਦਾ ਸਾਥ ਦੇਣ ਲੱਗੀ ਅਤੇ ਕੁਝ ਦਲਿਤਾਂ ਦੀ ਮਾਰ-ਕੁੱਟ ਪੂਲੀਸ ਨੇ ਹੀ ਕੀਤੀ। ਸ਼ੱਕ ਦਾ ਆਧਾਰ ਇਸ ਗੱਲ ਤੋਂ ਹੀ ਬਣ ਜਾਂਦਾ ਹੈ ਕਿ ਜਦ ਇਕ ਪਾਸੇ ਸੰਘ ਤੇ ਭਾਜਪਾ ਅੰਬੇਦਕਰ ਦੀ ਵਿਰਾਸਤ ਨੂੰ ਹਥਿਆਉਣ ਲਈ ਹੱਥ ਪੈਰ ਮਾਰ ਰਹੀ ਹੈ ਤਾਂ ਦੂਸਰੀ ਤਰਫ਼ ਦਲਿਤਾਂ ਨੂੰ ਉਨ੍ਹਾਂ ਦੇ ਹੀ ਰਵੀਦਾਸ ਮੰਦਰ ਵਿਚ ਅੰਬੇਦਕਰ ਦੀ ਮੂਰਤੀ ਲਾਉਣ ਤੋਂ ਰੋਕ ਦਿਤਾ ਅਤੇ ਮੂਰਤੀ ਲਾਉਣ ਦੀ ਆਗਿਆ ਨਹੀਂ ਦਿੱਤੀ।
              
ਦਲਿਤਾਂ ਉਪਰ ਹੋਏ ਹਮਲਿਆਂ ਦੇ ਬਾਅਦ ਵੀ ਸਰਕਾਰ ਤੇ ਮੁੱਖ ਮੰਤਰੀ ਵਲੋਂ ਅਜਿਹੇ ਕੋਈ ਯਤਨ ਨਹੀਂ ਕੀਤੇ ਗਏ ਜਿਨ੍ਹਾਂ ਤੋਂ ਦਲਿਤਾਂ ਨੂੰ ਮਹਿਸੂਸ ਹੋਵੇ ਕਿ ਉਨ੍ਹਾਂ ਨਾਲ ਨਿਆਂ ਹੋਵੇਗਾ। ਇਸ ਦੀ ਬਜਾਏ ਮਾਮਲਾ ਹੋਰ ਜ਼ਿਆਦਾ ਭੜਕਾਉਣ ਵਾਲਾ ਹੋਇਆ। ਇਕ ਤਰਫ਼ ਪੁਲੀਸ ਤੇ ਪ੍ਰਸ਼ਾਸਨ ਨੇ ਪੀੜ੍ਹਤਾਂ ਤੇ ਹਮਲਾਵਰਾਂ ਨੂੰ ਇਕ ਬਰਾਬਰ ਰੱਖਿਆ ਅਤੇ ਹਮਲਾਵਰ ਠਾਕੁਰ ਫਿਰਕੇ ਦੇ ਲੋਕਾਂ ਦੇ ਨਾਲ -2 ਦਲਿਤਾਂ ਉਪਰ ਵੀ ਮੁਕੱਦਮੇ ਦਰਜ ਕੀਤੇ ਗਏ। 8 ਮਈ ਤੱਕ ਸਿਰਫ 17 ਲੋਕ ਹੀ ਗ੍ਰਿਫ਼ਤਾਰ ਕੀਤੇ ਗਏ ਜਿਨ੍ਹਾਂ ਵਿਚ 7 ਦਲਿਤ ਅਤੇ 10 ਠਾਕੁਰ ਫਿਰਕੇ ਦੇ ਲੋਕ ਸਨ। ਦੂਸਰੀ ਤਰਫ਼ ਠਾਕੁਰ ਫਿਰਕੇ ਦੇ ਮਿਰਤਕ ਦੇ ਪਰਿਵਾਰ ਨੂੰ ਮੁਆਵਜ਼ਾ ਦੇਣ ਅਤੇ ਮੇਰਠ ਵਿੱਚ ਮੁਖ ਮੰਤਰੀ ਯੋਗੀ ਵਲੋਂ ਅੰਬੇਦਕਰ ਦੀ ਮੂਰਤੀ ਨੂੰ ਮਾਲਾ ਨਾ ਪਹਿਨਾਉਣ ਸਬੰਧੀ ਖਬਰਾਂ ਵੀ ਹਵਾ ਵਿਚ ਹਨ ।
            
ਪੁਲੀਸ ਨੇ 8 ਮਈ ਤੱਕ ਹਸਪਤਾਲ ਜਾ ਕੇ ਕਿਸੇ ਜ਼ਖਮੀ ਦਲਿਤ ਦੇ ਬਿਆਨ ਦਰਜ ਨਹੀਂ ਕੀਤੇ। ਜ਼ਖਮੀ ਲੋਕਾਂ ਨੇ ਉਹੀ ਘਟਨਾ ਦੇ ਦਿਨ ਵਾਲੇ ਕਪੜੇ ਪਹਿਨੇ ਹੋਏ ਹਨ ਜਿਨ੍ਹਾਂ ਉਪਰ ਖੂਨ ਦੇ ਧੱਬੇ ਲੱਗੇ ਹੋਏ ਹਨ। ਇਹ ਸਭ ਪ੍ਰਸ਼ਾਸਨ ਦੀ ਸੰਵੇਦਨਹੀਣਤਾ ਦਾ ਸੂਚਕ ਹੈ।
           
ਇਸ ਦੌਰਾਨ ਡੀ.ਐਮ ਨੇ ਪਿੰਡ ਦਾ ਸਿਰਫ ਇਕ ਵਾਰ ਦੌਰਾ ਕੀਤਾ ਅਤੇ ਕੁਝ ਪਰਿਵਾਰਾਂ ਨੂੰ ਰਾਸ਼ਨ ਵੰਡਿਆ। ਪਰ ਲੋਕਾਂ ਦੀਆਂ ਜ਼ਰੂਰਤਾਂ ਬਹੁਤ ਜ਼ਿਆਦਾ ਹਨ। ਉਨ੍ਹਾਂ ਨੂੰ ਛੱਤ ਦੇ ਤੌਰ ’ਤੇ ਤਰਪਾਲਾਂ ਦੀ ਜ਼ਰੂਰਤ ਹੈ। ਪਰ ਸ਼ਾਸਨ/ਪਰਿਸ਼ਾਸਨ ਨੇ ਉਸ ਤੋਂ ਬਾਅਦ ਕੋਈ ਕਦਮ ਨਹੀਂ ਉਠਾਇਆ। ਬਾਹਰ ਤੋਂ ਜੋ ਲੋਕ ਮਦਦ ਪਹੁੰਚਾ ਰਹੇ ਸਨ, ਪ੍ਰਸ਼ਾਸਨ ਨੇ ਉਨ੍ਹਾਂ ਨੂੰ ਰੋਕ ਦਿੱਤਾ।
           
ਲਖਨਊ ਤੋਂ ਗ੍ਰਹਿ ਸਕੱਤਰ ਤੇ ਡੀ.ਜੀ.ਪੀ ਸਥਿਤੀ ਦਾ ਜ਼ਾਇਜਾ ਲੈਣ ਪਹੁੰਚੇ ਪਰ ਸਿਰਫ ਅਧਿਕਾਰੀਆਂ ਨਾਲ ਗੱਲ ਕਰ ਕੇ ਚਲੇ ਗਏ। ਨਾ ਹੀ ਉਹ ਪਿੰਡ ਗਏ ਅਤੇ ਨਾ ਹੀ ਦਲਿਤਾਂ ਨੂੰ ਮਿਲੇ।
           
ਗੱਲ ਇਥੇ ਨਹੀਂ ਰੁਕੀ। ਦਲਿਤਾਂ ਨੇ ਭੇਦਭਾਵ ਪੂਰਨ ਵਿਵਹਾਰ ਅਤੇ ਮੁਆਚਜ਼ਾ ਲੈਣ ਲਈ ਇਕਜੁਟ ਹੋਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਰੋਕ ਦਿਤਾ ਗਿਆ। ਦਲਿਤ ਹੋਸਟਲ ਵਿਚ ਰਾਤ ਨੂੰ ਹੀ ਪੀ.ਏ.ਸੀ ਤਾਇਨਾਤ ਕਰ ਦਿਤੀ ਗਈ। ਜਦੋਂ ਗਾਂਧੀ ਪਾਰਕ ਵਿਚ ਇਕਤਰ ਹੋਏ ਦਲਿਤਾਂ ਨੇ ਮੁਜ਼ਾਹਰਾ ਕਰਨਾ ਚਾਹਿਆ ਤਾਂ ਉਨ੍ਹਾਂ ਉਪਰ ਲਾਠੀਚਾਰਜ ਕੀਤਾ ਗਿਆ।
        
ਮੀਡੀਆ ਨੇ ਇਸ ਕਾਤਲਾਨਾ ਹਮਲੇ ਨੂੰ ਦੋ ਫਿਰਕਿਆਂ ਦਰਮਿਆਨ ਟਕਰਾਅ ( Clash) ਦੇ ਰੂਪ ਵਿਚ ਪੇਸ਼ ਕੀਤਾ। ਹਮਲਾਵਰਾਂ ਤੇ ਹਮਲੇ ਦੇ ਸ਼ਿਕਾਰ ਲੋਕਾਂ ਨੂੰ ਇਕੋ ਹੀ ਰੱਸੇ ਨਾਲ ਬੰਨਿਆ ਗਿਆ। ਇਸ ਦਾ ਨਤੀਜਾ ਇਹ ਨਿਕਲਿਆ ਕਿ ਦਲਿਤਾਂ ਵਿਚ ਪੁਲੀਸ ਪਰਸ਼ਾਸਨ ਤੇ ਮੀਡੀਆ ਪ੍ਰਤੀ ਅਵਿਸ਼ਵਾਸ ਤੇ ਨਫ਼ਰਤ ਵੱਧਦੀ ਗਈ।

ਸ਼ਬੀਰਪੁਰ ਘਟਨਾ ਦੇ ਦੀਰਘਕਾਲੀ ਕਾਰਨ
     
ਸਹਾਰਨਪੁਰ ਵਿਚ ਦਲਿਤਾਂ ਦੀ ਆਰਥਿਕ ਤੇ ਸਿਆਸੀ ਸਥਿਤੀ ਮੁਕਾਬਲਤਨ  ਠੀਕ  ਹੇ ਅਤੇ ਉਹ ਮੁਕਾਬਲਤਨ ਬੇਬਾਕ ਹਨ। ਰਾਂਖਵੇਕਰਨ ਕਾਰਨ ਥੋੜੀ ਬਹੁਤ ਸੰਪੰਨਤਾ ਦਲਿਤਾਂ ਵਿਚ ਆਈ ਹੈ ਅਤੇ ਉਹ ਆਪਣੇ ਅਧਿਕਾਰਾਂ ਪ੍ਰਤੀ ਜ਼ਿਆਦਾ ਸਜੱਗ ਹੋਏ ਹਨ। ਪਰ ਇਸ ਤਬਦੀਲੀ ਨੂੰ ਆਪਣੀ ਜਾਗੀਰੂ ਮਾਨਸਿਕਤਾ ਕਾਰਨ ਉਚ ਜਾਤੀਆਂ ਦੇ ਲੋਕ ਅਤੇ ਖ਼ਾਸਕਰ ਠਾਕੁਰ ਫਿਰਕੇ ਦੇ ਲੋਕ ਹਜ਼ਮ ਨਹੀਂ ਕਰ ਪਾ ਰਹੇ। ਉਨ੍ਹਾਂ ਨੂੰ ਇਹ ਗੱਲ ਨਫ਼ਰਤ ਨਾਲ ਭਰ ਦਿੰਦੀ ਹੈ ਕਿ ਕਲ ਤੱਕ ਜਿਨ੍ਹਾਂ ਨੂੰ ਅਸੀਂ ਪੈਰਾਂ ਹੇਠ ਰੱਕਦੇ ਰਹੇ ਹਾਂ, ਅੱਜ ਉਹੀ ਸਾਨੂੰ ਅੱਖਾਂ ਦਿਖਾ ਰਹੇ ਹਨ।
       
ਜਦੋਂ ਤੋਂ ਐਸ.ਸੀ-ਐਸ.ਟੀ ਐਕਟ ਬਣਿਆ ਹੈ, ਇਸ ਐਕਟ ਅਧੀਨ ਮੁਕੱਦਮੇ ਦੇ ਡਰ ਤੋਂ ਠਾਕੁਰ ਫਿਰਕੇ ਦੇ ਲੋਕਾਂ ਨੂੰ ਆਪਣੇ-ਆਪ ਉੱਪਰ ਨਿਯੰਤਰਨ ਰੱਖਣਾ ਪੈਂਦਾ ਹੈ। ਕਦੇ-2 ਤਾਂ ਇਸ ਐਕਟ ਕਾਰਨ ਜੇਲ੍ਹ ਵੀ ਜਾਣਾ ਪੈਂਦਾ ਹੈ। ਅਜਿਹੀ ਸਥਿਤੀ ਉਨ੍ਹਾਂ ਨੂੰ ਨਫ਼ਰਤ ਨਾਲ ਭਰ ਦਿੰਦੀ ਹੈ। ਠਾਕੁਰ ਫਿਰਕੇ ਦੇ ਲੋਕ ਮਹਿਸੂਸ ਕਰਦੇ ਹਨ ਕਿ ਬਸਪਾ ਦੀ ਸਰਕਾਰ ਸੀ ਤਾਂ ਬੱਸ ਇਨ੍ਹਾਂ ਦਲਿਤਾਂ ਦਾ ਹੀ ਰਾਜ ਸੀ। ਹੁਣ ਬਸਪਾ ਦੀ ਸਰਕਾਰ ਹੁੰਦੀ ਤਾਂ ਹਮਲੇ ਵਿਚ ਵਸ਼ਾਮਲ ਸਾਰੇ ਠਾਕੁਰ ਜੇਲ ਅੰਦਰ ਹੁੰਦੇ, ਭਾਜਪਾ ਦੀ ਸਰਕਾਰ ਕਾਰਨ ਸਿਰਫ 10-12 ਠਾਕੁਰ ਹੀ ਗ੍ਰਿਫਤਾਰ ਹੋਏ। ਦਲਿਤਾਂ ਤੇ ਠਾਕੁਰਾਂ ਦੇ ਇਹ ਅੰਤਰ-ਵਿਰੋਧ ਅਲੱਗ-2 ਸਮਿਆਂ ’ਤੇ ਝਗੜਿਆਂ ਦੇ ਰੂਪ ਵਿਚ ਦਿਸਦੇ ਹਨ।
        
ਕਿਉਂਕਿ ਸੰਘ ਲਗਾਤਾਰ ਆਪਣੇ ਨਫ਼ਰਤ ਭਰੇ ਜਾਤੀਵਾਦੀ ਵਿਚਾਰਾਂ ਦਾ ਬੀਜ ਇਸ ਇਲਾਕੇ ਵਿਚ ਬੀਜਦਾ ਰਿਹਾ ਹੈ ਜਿਸ ਤੋਂ ਉਚ-ਜਾਤੀ ਲੋਕ ਬਹੁਤ ਪ੍ਰਭਾਵਿਤ ਹਨ। ਸੰਘ ਰਾਖਵੇਂਕਰਨ ਤੇ ਸਮਾਜਿਕ ਬਰਾਬਰਤਾ ਦਾ ਵਿਰੋਧੀ ਹੈ। ਇਸ ਲਈ ਇਹ ਅੰਤਰ-ਵਿਰੋਧ ਹੋਰ ਤਿੱਖਾ ਹੋਇਆ ਹੈ। ਸੰਘ ਮੁਸਲਮਾਨਾਂ ਦੇ ਵਿਰੋਧ ਵਿਚ ਸਾਰੇ ਹਿੰਦੂਆਂ ਨੂੰ ਲਾਮਬੰਦ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਆਪਣੇ ਫ਼ਾਸਿਸਟ ਅੰਦੋਲਨ ਨੂੰ ਮਜ਼ਬੂਤ ਕਰ ਰਿਹਾ ਹੈ। ਸ਼ਬੀਰਪੁਰ ਘਟਨਾ ਉਸ  ਲਈ ਫਾਇਦੇਮੰਦ ਨਹੀਂ ਹੈ।
      
ਸ਼ਬੀਰਪੁਰ ਪਿੰਡ ਵਿਚ ਠਾਕੁਰ ਫਿਰਕੇ ਦੇ ਵੋਟ ਦਲਿਤਾਂ ਦੇ ਵੋਟਾਂ ਤੋਂ ਦੁਗਣੀ ਗਿਣਤੀ ਵਿਚ ਹੋਣ ਦੇ ਬਾਵਜੂਦ ਠਾਕੁਰ ਆਪਣੇ ਫਿਰਕੇ ਚੋਂ ਕਿਸੇ ਨੂੰ ਪ੍ਰਧਾਨ ਨਹੀਂ ਬਣਾ ਪਾਏ। ਇਸ ਵਾਰ ਸੀਟ ਰਿਜ਼ਰਵ ਹੋਣ ਕਾਰਨ ਪਰ ਇਸ ਤੋਂ ਪਹਿਲੀ ਵਾਰ ਸੀਟ ਸਧਾਰਨ ਹੋਣ ਦੇ ਬਾਵਜੂਦ।
       
ਜਦੋਂ ਠਾਕੁਰ ਫਿਰਕੇ ਦੇ ਲੋਕਾਂ ਤੋਂ ਇਸ ਦਾ ਕਾਰਨ ਪੁਛਿਆ ਤਾਂ ਉਨ੍ਹਾਂ ਦੱਸਿਆ ਕਿ ਸਾਰੇ ਚਮਾਰ,ਤੇਲੀ,ਕਸ਼ਯਪ ਆਦਿ ਇਕ ਹੋ ਗਏ ਪਰ ਅਸੀਂ ਇਕ ਨਹੀਂ ਹੋ ਪਾਏ। ਜ਼ਿਆਦਾ ਠਾਕੁਰ ਚੋਣਾਂ ਵਿਚ ਖੜ੍ਹੇ ਹੋ ਗਏ, ਵੋਟ ਵੰਡੇ ਗਏ ਅਤੇ ਉਹ ਸਾਰੇ ਹਾਰ ਗਏ। ਉਨ੍ਹਾਂ ਨੂੰ ਇਸ ਗੱਲ ਦਾ ਬਹੁਤ ਅਫ਼ਸੋਸ ਹੈ।
           
ਇਸ ਤੋਂ ਇਲਾਵਾ ਦਲਿਤਾਂ ਦਾ ਜ਼ਮੀਨ ਦੇ ਮਾਲਕ ਹੋਣਾ ਵੀ ਠਾਕੁਰਾਂ ਦੀ ਚਿੜ੍ਹ ਤੇ ਕੜਵਾਹਟ ਦਾ ਕਾਰਨ ਹੈ ਜੋ ਉਨ੍ਹਾਂ ਦੀਆਂ ਗੱਲਾਂ ਵਿਚ ਸਾਫ਼ ਝਲਕ ਰਹੀ ਸੀ। ਜਦੋਂ ਠਾਕੁਰਾਂ ਨੂੰ ਪੁਛਿਆ ਗਿਆ ਕਿ ਸਭ ਤੋਂ ਜ਼ਿਆਦਾ ਜ਼ਮੀਨ ਕਿਸ ਕੋਲ ਹੈ ਤਾਂ ਜਵਾਬ ਸੀ ਕਿ ਸਭ ਕੋਲ ਹੈ, ਪ੍ਰਧਾਨ ਕੋਲ 100 ਬਿਘੇ ਜ਼ਮੀਨ ਹੈ, ਭੱਠਾ ਵੀ ਹੇ, ਪਟਵਾਰੀ ਵੀ ਦਲਿਤ ਹੈ ਜੋ ਪੈਸਾ ਲੈ ਕੇ ਪ੍ਰਧਾਨ ਦੀ ਜ਼ਮੀਨ ਜ਼ਿਆਦਾ ਦਿਖਾ ਦਿੰਦਾ ਹੈ।
          
ਠਾਕੁਰ ਪਰਿਵਾਰ ਦੀਆਂ ਔਰਤਾਂ ਬੋਲੀਆਂ ਕਿ ਉਹ ਇੱਜ਼ਤਦਾਰ ਹਨ ਅਤੇ ਘਰਾਂ ਚੋਂ ਬਾਹਰ ਨਹੀਂ ਨਿਕਲ ਸਕਦੀਆਂ ।ਪਰ ਦਲਿਤ ਔਰਤਾਂ ਦੀ ਕੀ ਇਜ਼ਤ, ਸਭ ਟ੍ਰੈਕਟਰ-ਟਰਾਲੀ ਵਿਚ ਬੈਠ ਕੇ ਸ਼ਹਿਰ ਜਾਂਦੀਆਂ ਹਨ, ਪੈਸੇ ਲੈ ਕੇ ਆਉਂਦੀਆਂ ਹਨ।ਠਾਕੁਰ ਲੋਕ ਅੱਗੇ ਕਹਿਣ ਲੱਗੇ “ ਦਲਿਤਾਂ ਦੇ ਤਾਂ ਇਕ ਪਰਿਵਾਰ ਦੇ 5-5 ਲੋਕ ਕਮਾਉਂਦੇ ਹਨ, 600 ਰੁਪਏ ਦਿਹਾੜੀ ਮਿਲਦੀ ਹੈ, ਸਾਡੀ ਤਾਂ ਬੱਸ ਕਿਸਾਨੀ ਹੈ, ਅਸੀਂ ਪ੍ਰੇਸ਼ਾਨ ਹਾਂ ਕਿਉਂਕਿ ਆਮਦਨ ਨਹੀਂ ਹੈ”।
           
ਇਹੀ ਤਾਂ ਅੰਤਰ-ਵਿਰੋਧ ਸਨ ਜੋ ਹੌਲੀ-2 ਵਧ ਰਹੇ ਸਨ ਅਤੇ ਦਲਿਤਾਂ ਨੂੰ ਸਬਕ ਸਿਖਾਉਣ ਦੀ ਮਨਸ਼ਾ ਦਿਨ ਪ੍ਰਤੀ ਦਿਨ ਪ੍ਰਬਲ ਹੋ ਰਹੀ ਸੀ। ਅਤੇ ਫਿਰ 5 ਮਈ ਨੂੰ ਡੀ.ਜੇ ਦੇ ਬਹਾਨੇ ਅਤੇ ਫਿਰ ਨਾਹਰੇਬਾਜ਼ੀ ਕਰਕੇ ਮਾਮਲਾ ਦਲਿਤਾਂ ਉਪਰ ਕਾਤਲਾਨਾ ਹਮਲਾ ਕਰਨ ਤੱਕ ਅੱਗੇ ਵਧਾ ਦਿਤਾ ਗਿਆ। ਇਸ ਵਿਚ ਸਥਾਨਿਕ ਪੱਧਰ ਦੇ ਭਾਜਪਾ ਤੇ ਸੰਘ ਦੇ ਨੇਤਾਵਾਂ ਅਤੇ ਪੁਲੀਸ ਪ੍ਰਸ਼ਾਸਨ ਦੀ ਭੂਮਿਕਾ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
         
 5 ਮਈ ਨੂੰ ਸ਼ਿਮਲਾਨਾ ਪਿੰਡ ਵਿਚ ਮਹਾਂਰਾਣਾ ਪ੍ਰਤਾਪ ਜਯੰਤੀ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਹਜ਼ਾਰਾਂ ਲੋਕ ਇਕੱਠੇ ਹੋਏ। ਅਜਿਹਾ ਪ੍ਰੋਗਰਾਮ ਸਹਾਰਨਪੁਰ ਖੇਤਰ ਦੇ ਕਿਸੇ ਪਿੰਡ ਵਿਚ ਪਹਿਲੀ ਵਾਰ ਹੋਇਆ ਜਦ ਕਿ ਪਹਿਲਾਂ ਇਹ ਪ੍ਰੋਗਰਾਮ ਜਿਹੇ ਦੇ ਸਦਰ ਮੁਕਾਮ ’ਤੇ ਹੁੰਦਾ ਸੀ।

ਦਲਿਤ ਸਮਾਜ ਦੀ ਪ੍ਰਤੀਕਿਰਿਆ ਅਤੇ ਸ਼ਾਸਨ ਪ੍ਰਸ਼ਾਸਨ          
ਜਿਵੇਂ ਕਿ ਸਪੱਸ਼ਟ ਹੈ ਪੂਲੀਸ ਪ੍ਰਸ਼ਾਸਨ ਪ੍ਰਤੀ ਦਲਿਤਾਂ ਵਿਚ ਬਹੁਤ ਤੀਬਰ ਗੁੱਸਾ ਸੀ। ਜਦ 9 ਮਈ ਨੂੰ ਗਾਂਧੀ ਪਾਰਕ ਵਿਚ ਲਾਠੀ-ਚਾਰਜ ਤਾਂ ਇਹ ਗੁੱਸਾ ਸ਼ਾਮ ਹੁੰਦੇ -2 ਪੁਲੀਸ ਨਾਲ ਮੁਠਭੇੜ ਕਰਨ ਦੇ ਰੂਪ ਵਿਚ ਨਿਕਲਿਆ। ਦਲਿਤ ਮੰਗ ਕਰ ਰਹੇ ਸਨ ਕਿ ਠਾਕੁਰ ਫਿਰਕੇ ਦੇ ਲੋਕਾਂ ਨੂੰ 24 ਘੰਟੇ ਦੇ ਅੰਦਰ ਗ੍ਰਿਫ਼ਤਾਰ ਕਰੋ।
                
ਸਹਾਰਨਪੁਰ ਇਲਾਕੇ ਦੇ ਰਾਮਨਗਰ, ਨਾਜੀਰਪੁਰਾ, ਚਿਕਲਾਨਾ ਅਤੇ ਮਾਨਕਮਊ ਵਿਚ ਸੜਕਾਂ ਬਲਾਕ ਕਰ ਦਿਤੀਆਂ ਗਈਆਂ। ਇਹ ਸਭ ਦਲਿਤ ਫਿਰਕੇ ਦੇ ਯੁਵਕਾਂ ਦੇ ਇਕ ਸੰਗਠਨ-ਭੀਮ ਆਰਮੀ- ਦੇ ਬੈਨਰ ਹੇਠ ਕੀਤਾ ਗਿਆ। ਲਾਠੀ ਡੰਡਿਆਂ ਨਾਲ ਲੈਸ ਇਨ੍ਹਾਂ ਯੁਵਕਾਂ ਨੂੰ ਪੁਲਿਸ ਪ੍ਰਸ਼ਾਸ਼ਨ ਨੇ ਜਦ ਫਿਰ ਖਦੇੜਨ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੂੰ ਨਿਸ਼ਾਨ ਬਣਾਉਂਦੇ ਹੋਏ ਹੱਲਾ ਬੋਲ ਦਿੱਤਾ ਗਿਆ।ਪੁਲਿਸ ਥਾਣੇ ਵਿੱਚ ਅੱਗ ਲਗਾ ਦਿੱਤੀ ਗਈ।ਪੁਲਿਸ ਦੀਆਂ ਕੁੱਝ ਗੱਡੀਆਂ ਜਲਾ ਦਿੱਤੀਆਂ ਗਈਆਂ।ਪੁਲਿਸ ਦਾ ਜੋ ਵੀ ਆਦਮੀ ਹੱਥ ਲੱਗਿਆ ਉਸ ਨੂੰ ਦੌੜਾ ਦੌੜਾ ਕੇ ਕੁੱਟਿਆ ਗਿਆ। ਅਧਿਕਾਰੀਆਂ ਨੂੰ ਇਸ ਗੁੱਸੇ ਨੂੰ ਦੇਖਕੇ ਭੱਜਣਾ ਪਿਆ।ਇੱਕ ਦੋ ਪੱਤਰਕਾਰਾਂ ਨੂੰ ਵੀ ਕੁੱਟਿਆ ਗਿਆ ਅਤੇਇਕ ਮੋਟਰਸਾਈਕਲ ਜਲਾ ਦਿੱਤੀ।ਇੱਕ ਬੱਸ ਵਿੱਚੋਂ ਸਵਾਰੀਆਂ ਨੂੰ ਬਾਹਰ ਕੱਢਕੇ ਅੱਗ ਲਗਾ ਦਿੱਤੀ ਗਈ।
    
ਇਸ ਗੁੱਸੇ ਨਾਲ ਮੋਦੀ ਸਰਕਾਰ ਦੇ ਮੱਥੇ ਤੇ ਸਪਸ਼ਟ ਲਕੀਰਾਂ ਉੱਭਰ ਆਈਆਂ। ਤੁਰੰਤ ਹੀ ਇਸ ਸਾਰੀ ਕਾਰਵਾਈ ਦਾ ਠੀਕਰਾ ਦੋ ਐੱਸ.ਪੀ ਸਿਰ ਭੰਨ ਕੇ ਮਾਮਲਾ ਰਫਾ ਦਫਾ ਕਰ ਦਿੱਤਾ ਗਿਆ ਅਤੇ ਹੁਣ ਉਹੀ ਕਾਨੂੰਨ ਆਪਣਾ ਕੰਮ ਕਰਨ ਦੇ ਨਾਂਅ ’ਤੇ ਦਲਿਤ ਨੌਜਵਾਨਾਂ ਦੇ ਸੰਗਠਨ ‘ਭੀਮ ਆਰਮੀ’ ਉੱਤੇ ਹਮਲਾਵਰ ਹੋ ਗਈ ਹੈ। ਹਸਪਤਾਲ ਤੋਂ ਲੈਕੇ ਹੋਸਟਲ ਤੱਕ ਅਤੇ ਪਿੰਡ ਤੱਕ ਹਰ ਥਾਂ ਇਹਨਾਂ ਨੂੰ ਨਿਸ਼ਾਨਾ ਬਣਾਕੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਜਦਕਿ ਠਾਕੁਰ ਸਮੂਹ ਦੇ ਲੋਕਾਂ ਨੂੰ ਤਲਵਾਰ ਦੇ ਜੋਰ ਡਰ ਅਤੇ ਦਹਿਸ਼ਤ ਦਾ ਮਹੌਲ ਪੈਦਾ ਕਰਨ ਵਾਲੇ ਮਹਾਰਾਣਾ ਪ੍ਰਤਾਪ ਜਯੰਤੀ ਵਾਲੀ ਸੈਨਾ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਜਾ ਰਿਹਾ ਹੈ।ਉਨ੍ਹਾਂ ਦੇ ਖਿਲਾਫ ਅਜਿਹੀ ਕੋਈ ਕਾਰਵਾਈ ਵੇਖਣ ਜਾਂ ਸੁਨਣ ਨੂੰ ਨਹੀਂ ਮਿਲੀ।ਸਾਫ ਮਹਿਸੂਸ ਹੋ ਰਿਹਾ ਹੈ ਕਿ ਪੁਲਿਸ ਪ੍ਰਸ਼ਾਸਨ ਹੁਣ ਪੁਲਿਸ ਕਰਮਚਾਰੀਆਂ ਤੇ ਹਮਲਾ  ਕਰਨ ਵਾਲੇ ਦਲਿਤ ਸਮੂਹ ਦੇ ਲੋਕਾਂ ਨੂੰ ਸਬਕ ਸਿਖਾਉਣ ਵੱਲ ਆਪਣੇ ਕਦਮ ਵਧਾ ਚੁੱਕਿਆ ਹੈ।

ਕੁਲ ਮਿਲਾਕੇ ਸ਼ਾਸ਼ਨ-ਪ੍ਰਸ਼ਾਸ਼ਨ ਅਤੇ ਰਾਜ ਸਰਕਾਰ ਦਾ ਰੁੱਖ ਦਲਿਤਾਂ ਪ੍ਰਤੀ ਪੱਖਪਾਤੀ,ਨਫਰਤਵਾਲਾ,ਜਾਬਰ, ਅਤੇ ਸਬਕ ਸਿਖਾਉਣ ਵਾਲਾ ਬਣਿਆ ਹੋਇਆ ਹੈ।ਇਸ ਲਈ ਆਉਣ ਵਾਲੇ ਸਮੇਂ ਵਿੱਚ ਇਹ ਸਮੱਸਿਆ ਹੋਰ ਗਹਿਰੀ ਹੋਵੇਗੀ।ਵੈਸੇ ਵੀ ਜਦ ਜਾਤੀਵਾਦੀ,ਫ੍ਰਿਕਾਪ੍ਰਸਤ,ਤਾਨਾਸ਼ਾਹੀ ਅਤੇ ਫਾਸ਼ਿਸ਼ਟ ਵਿਚਾਰਾਂ ਨਾਲ ਲੈੱਸ  ਪਾਰਟੀ ਸੱਤਾ ਵਿੱਚ ਬੈਠੀ ਹੋਈ ਹੋਵੇ ਤਾਂ ਇਸ ਤੋਂ ਵੱਖਰੀ ਅਤੇ ਬੇਹਤਰਹੋਣ ਦੀ ਉਮੀਦ ਕਰਨਾ ਮੂਰਖਤਾ ਹੈ।

‘ਨਾਗਰਿਕ’ ’ਚੋਂ ਧੰਨਵਾਦ ਸਹਿਤ
ਅਨੁਵਾਦਕ : ਹਰਚਰਨ ਸਿੰਘ ਚਹਿਲ  

Comments

Name (required)

Leave a comment... (required)

Security Code (required)ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ