Sat, 16 December 2017
Your Visitor Number :-   1116690
SuhisaverSuhisaver Suhisaver
5 ਪਾਕਿਸਤਾਨੀ ਬੱਚਿਆਂ ਨੂੰ ਮੈਡੀਕਲ ਵੀਜ਼ੇ ਦਿੱਤੇ : ਸੁਸ਼ਮਾ               ਸੁਨੀਲ ਜਾਖੜ ਨੇ ਲੋਕ ਸਭਾ ਮੈਂਬਰ ਵਜੋਂ ਲਿਆ ਹਲਫ਼               ਕੇਂਦਰ ਸਰਕਾਰ ਵੱਲੋਂ ਤਿੰਨ ਤਲਾਕ ਬਿੱਲ ਨੂੰ ਮਨਜ਼ੂਰੀ              

ਸੱਤਾ ਦੀਆਂ ਸੜਕਾਂ ਅਤੇ ਲੋਕਾਂ ਦੇ ਲਾਂਘੇ

Posted on:- 23-09-2017

suhisaver

- ਪੁਸ਼ਕਰ ਰਾਜ

ਕਰਜ਼ਾ ਮੁਕਤੀ ਅੰਦੋਲਨ ਦੇ ਨਾਂ ਹੇਠ ਜ਼ਿੰਦਗੀ ਦੀਆਂ ਤੰਗੀਆਂ-ਤੁਰਸ਼ੀਆਂ ਤੋਂ ਤੰਗ ਆਈ ਕਿਸਾਨੀ ਸੱਤ ਕਿਸਾਨ ਜੱਥੇਬੰਦੀਆਂ ਦੀ ਅਗਵਾਈ ਹੇਠ ਸੰਘਰਸ਼ ਦੇ ਰਾਹ ਪਈ ਹੋਈ ਹੈ। ਕਿਸਾਨੀ 22 ਸਤੰਬਰ ਨੂੰ ਆਧੁਨਿਕ ਰਾਜੇ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਅੱਗੇ ਵਹੀਰਾਂ ਘੱਤ ਕੇ ਪੁੱਜਣ ਦੀਆਂ ਤਿਆਰੀਆਂ ਕਰ ਰਹੀ ਹੈ। ਪੁਲੀਸ ਛਾਪੇਮਾਰੀਆਂ, ਕੰਧਾਂ ਟੱਪ ਕੇ ਲੋਕਾਂ ਦੇ ਘਰੀਂ ਵੜ ਕੇ ਗ੍ਰਿਫਤਾਰੀਆਂ ਵੀ ਹੋ ਰਹੀਆਂ ਹਨ ਤੇ ਵਿਰੋਧ ਵੀ ਹੋ ਰਿਹਾ ਹੈ। ਅੰਦੋਲਨ ਤੋਂ ਡਰੇ ਮਹਿਲਾਂ ਨੇ ਮਾਲਵੇ ਦੇ ਵੱਡੇ ਹਿੱਸੇ ਨੂੰ ਪੁਲੀਸ ਛਾਉਣੀ ਵਿੱਚ ਬਦਲ ਦਿੱਤਾ ਏ। ਸੱਤਾ ਆਪਣੇ ਪੂਰੇ ਸੰਦ ਪੁਲੀਸ, ਆਰ.ਬੀ.ਆਈ, ਸਿਵਲ ਪ੍ਰਸਾਸ਼ਨ ਤੇ ਇੱਥੋਂ ਤੱਕ ਕਿ ਅਦਾਲਤ ਦਾ ਸਹਾਰਾ ਲੈ ਕੇ ਵੀ ਅੰਦੋਲਨ ਨੂੰ ਕੁਚਲਣ ਦੇ ਰਾਹ ਪਈ ਹੈ। 14 ਸਤੰਬਰ ਨੂੰ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਪਟਿਆਲੇ ਵਿੱਚ ਰੋਸ-ਮੁਜ਼ਾਹਰੇ ਤੋਂ ਬਾਅਦ ਵਿਦਿਆਰਥੀ ਆਗੂਆਂ ਉੱਪਰ ਵੀ ਪਰਚੇ ਦਰਜ ਹੋ ਚੁੱਕੇ ਹਨ। ਕਰਜ਼ਾ ਮੁਕਤੀ, ਹਰ ਘਰ ਨੌਕਰੀ ਤੇ ਹੋਰ ਲੋਕ-ਲੁਭਾਊ ਵਾਅਦਿਆਂ ਨਾਲ ਸੱਤਾ ਵਿੱਚ ਆਈ ਕੈਪਟਨ ਦੀ ਕਾਂਗਰਸ ਸਰਕਾਰ ਹੁਣ ਵਾਅਦੇ ਪੂਰੇ ਕਰਨ ਦੀ ਥਾਂ ਸਿਰਫ਼ 'ਖੂੰਡੇ' ਦੀ ਭਾਸ਼ਾ 'ਚ ਹੀ ਲੋਕਾਂ ਨਾਲ ਗੱਲ ਕਰਨਾ ਚਾਹੁੰਦੀ ਹੈ।

ਜਦੋਂ ਸੱਤਾ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਥਾਂ ਸਿਰਫ 'ਖੂੰਡੇ' ਦੀ ਭਾਸ਼ਾ ਵਿੱਚ ਹੀ ਗੱਲ ਕਰਦੀ ਹੋਵੇ ਤਾਂ ਵਿਰੋਧੀ ਧਿਰ ਦੀ ਜ਼ੁੰਮੇਵਾਰੀ ਹੋਰ ਵੀ ਵਧ ਜਾਂਦੀ ਹੈ। ਪਰ ਏਥੇ ਤਾਂ ਵਿਰੋਧੀ ਧਿਰ ਨਾਂ ਦੀ ਕੋਈ ਚੀਜ਼ ਨਜ਼ਰ ਨਹੀਂ ਆਉਂਦੀ। ਵਿਦਿਆਰਥੀ ਮੁਜ਼ਾਹਰੇ ਦੌਰਾਨ ਵੀ ਨਾਕੇਬੰਦੀਆਂ ਕੀਤੀਆਂ ਗਈਆਂ ਤੇ ਹੁਣ 22 ਸਤੰਬਰ ਤੋਂ ਪਹਿਲਾਂ ਤਾਂ ਪੂਰੇ ਪਟਿਆਲੇ ਸ਼ਹਿਰ ਨੂੰ ਹੀ ਸੀਲ ਕਰ ਦਿੱਤਾ ਏ। ਯਾਨਿ ਸੱਤਾ ਇਸ ਗੱਲ ਲਈ ਤਿਆਰ ਹੈ ਕਿ ਸੜਕਾਂ 'ਤੇ ਚਿੜੀ ਵੀ ਨਹੀਂ ਫੜਕਣ ਦੇਣੀ।

ਨਾ ਤਾਂ ਵਿਰੋਧੀ ਧਿਰ ਦੇ ਤੇਜ਼-ਤਰਾਰ ਜਾਣੇ ਜਾਂਦੇ ਆਗੂ ਸੁਖਪਾਲ ਖਹਿਰਾ ਦਾ ਹਾਲੇ ਤੱਕ ਕੋਈ ਬਿਆਨ ਸੁਣਨ-ਪੜ੍ਹਨ ਨੂੰ ਮਿਲਿਆ ਅਤੇ ਨਾ ਹੀ ਵਿਰੋਧੀ ਧਿਰ ਯਾਨਿ ਝਾੜੂ ਪਾਰਟੀ ਦੇ ਪੰਜਾਬ ਪ੍ਰਧਾਨ ਤੇ ਸੰਗਰੂਰ ਲੋਕ ਸਭਾ ਹਲਕਾ ਤੋਂ ਐਮ.ਪੀ. ਭਗਵੰਤ ਮਾਨ ਨੇ ਖੁੱਲ ਕੇ ਕਿਸਾਨ ਸੰਘਰਸ਼ ਦੀ ਹਮਾਇਤ ਕੀਤੀ ਤੇ ਵਿਦਿਆਰਥੀਆਂ 'ਤੇ ਪਰਚਿਆਂ ਦੀ ਨਿਖੇਧੀ ਕੀਤੀ। ਏਥੇ ਇਹ ਜ਼ਿਕਰਯੋਗ ਹੈ ਕਿ ਸੰਘਰਸ਼ ਦੇ ਖੇਤਰਾਂ 'ਚੋਂ ਸੰਗਰੂਰ ਲੋਕ ਸਭਾ ਹਲਕਾ ਪ੍ਰਮੁੱਖ ਹੈ ਤੇ ਇੱਥੋਂ ਹੀ ਭਗਵੰਤ ਮਾਨ ਦੋ ਲੱਖ ਤੋਂ ਉੱਪਰ ਵੋਟਾਂ ਦੇ ਅੰਤਰ ਨਾਲ ਐਮ. ਪੀ. ਬਣਿਆ ਸੀ। ਹਾਂ ਭਗਵੰਤ ਮਾਨ ਦਾ ਏਨਾ ਬਿਆਨ ਹੀ ਆਉਂਦਾ ਹੈ ਕਿ ਸਿਰਫ ਕਿਸਾਨ ਹੀ ਨਹੀਂ ਪੂਰਾ ਪੰਜਾਬ ਹੀ ਮੋਤੀ ਮਹਿਲ ਵੱਲ ਕੂਚ ਕਰਨ ਤਿਆਰ ਬੈਠਾ ਹੈ। ਤਾਂ ਸਵਾਲ ਤਾਂ ਪੁੱਛਣਾ ਬਣਦਾ ਹੈ ਕਿ ਜੇ ਭਗਵੰਤ ਮਾਨ ਦੇ ਸ਼ਬਦਾਂ ਅਨੁਸਾਰ ਪੂਰਾ ਪੰਜਾਬ ਮੋਤੀ ਮਹਿਲ ਵੱਲ ਕੂਚ ਕਰਨ ਨੂੰ ਤਿਆਰ ਬੈਠਾ ਹੈ ਤਾਂ ਮੁੱਖ ਵਿਰੋਧੀ ਧਿਰ ਉਸਦੀ ਝਾੜੂ ਪਾਰਟੀ ਕੀ ਲੋਕਾਂ ਦੀ ਅਗਵਾਈ ਕਰ ਰਹੀ ਏ? ਕੀ ਉਹ ਲੋਕਾਂ ਨੂੰ ਲਾਮਬੰਦ ਕਰ ਰਹੀ ਏ? ਕੀ ਝਾੜੂ ਪਾਰਟੀ ਦੇ ਆਗੂ ਪਿੰਡੋ-ਪਿੰਡੀ ਕਿਸਾਨ ਜੱਥੇਬੰਦੀਆਂ ਦੇ ਆਗੂਆਂ-ਵਰਕਰਾਂ ਵਾਂਗ ਘੁੰਮ ਰਹੇ ਹਨ? ਜਵਾਬ ਹੈ ਨਹੀਂ। ਕਿਉਂਕਿ ਖ਼ੁਦ ਭਗਵੰਤ ਮਾਨ ਸੜਕਾਂ 'ਤੇ ਲੋਕਾਂ ਦੀ ਅਗਵਾਈ ਕਰਨ ਦੀ ਥਾਂ ਅਹੁਦਾ ਮਾਣਦਿਆਂ ਹੋਇਆ 19 ਸਤੰਬਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਨਾਲ ਉਹਨਾਂ ਹੀ ਸੜਕਾਂ ਦੀ ਮੁਰੰਮਤ ਵਿੱਚ ਰੁੱਝਿਆ ਹੋਇਆ ਹੈ, ਜਿਨ੍ਹਾਂ 'ਤੇ ਇਹੀ ਜ਼ਿਲ੍ਹਾ ਪ੍ਰਸ਼ਾਸਨ ਕਿਸਾਨਾਂ ਨੂੰ ਚੜ੍ਹਨ ਨਹੀਂ ਦੇਵੇਗਾ ਤੇ ਜੇਲੀਂ ਡੱਕੇਗਾ। ਇਸੇ 19 ਸਤੰਬਰ ਨੂੰ ਲੋਕ ਸਭਾ ਹਲਕਾ ਸੰਗਰੂਰ ਦੇ ਵੱਡੇ ਤੇ ਸਿਆਸੀ ਪਿੰਡ ਲੌਂਗੋਵਾਲ ਵਿਖੇ ਪੁਲੀਸ ਤੇ ਕਿਸਾਨਾਂ ਵਿਚਕਾਰ ਟਕਰਾਅ ਹੁੰਦਾ ਹੈ, ਪੁਲੀਸ ਦੁਆਰਾ ਔਰਤਾਂ ਨੂੰ ਮੰਦਾ ਬੋਲਿਆ ਜਾਂਦਾ ਹੈ ਤੇ 40 ਜਣਿਆਂ 'ਤੇ ਪੁਲੀਸ ਪਰਚੇ ਦਰਜ ਕਰਦੀ ਹੈ ਪਰ ਮਾਨਯੋਗ ਸੰਸਦ ਮੈਂਬਰ ਭਗਵੰਤ ਮਾਨ ਜੀ ਅੱਜ ਤੱਕ ਲੌਂਗੋਵਾਲ ਵਿੱਚ ਜਾ ਕੇ ਲੋਕਾਂ ਨਾਲ ਨਹੀਂ ਖੜੇ ਕਿਉਂਕਿ ਪੁਲੀਸ ਦੀਆਂ ਜਿਪਸੀਆਂ ਦੌੜਨ ਲਈ 22 ਸਤੰਬਰ ਤੱਕ ਸੜਕਾਂ ਤਿਆਰ ਕਰਨ ਵਿੱਚ ਉਹ ਰੁੱਝੇ ਹੋਏ ਹਨ। ਉਂਝ ਇਹ ਪਹਿਲੀ ਵਾਰ ਨਹੀਂ, ਪਹਿਲਾਂ ਵੀ ਭਗਵੰਤ ਮਾਨ ਨੇ ਆਪਣੇ ਸੰਸਦੀ ਹਲਕੇ ਦੇ ਪਿੰਡ ਜਲੂਰ ਦੇ ਕਾਂਡ 'ਤੇ ਮੂੰਹ ਨਹੀਂ ਖੋਲਿਆ ਤੇ ਨਾ ਹੀ ਜਲੂਰ ਪਿੰਡ ਜਾ ਕੇ ਦਲਿਤਾਂ ਦਾ ਹਾਲ ਪੁੱਛਿਆ। ਹਾਂ ਕਿਸਾਨੀ ਨੂੰ ਸੱਤ ਕਿਸਾਨ ਜੱਥੇਬੰਦੀਆਂ ਦੀ ਅਗਵਾਈ ਹੇਠਲੇ ਸੰਘਰਸ਼ ਤੋਂ ਪਾਸੇ ਰੱਖਣ ਲਈ 22 ਸਤੰਬਰ ਤੋਂ ਐਨ ਇੱਕ ਦਿਨ ਪਹਿਲਾਂ 21 ਸਤੰਬਰ ਨੂੰ ਕੋਟਕਪੂਰਾ ਵਿਖੇ ਕਿਸਾਨ-ਮਜ਼ਦੂਰ ਸੰਮੇਲਨ' ਜਰੂਰ ਕੀਤਾ ਝਾੜੂ ਪਾਰਟੀ ਨੇ।

ਇੱਕ ਗੱਲ ਜੋ ਸਮਝਣੀ ਚਾਹੀਦੀ ਹੈ ਕਿ ਸੱਤਾ ਨੂੰ ਚੁਣੌਤੀ ਸਿਰਫ ਸੜਕਾਂ 'ਤੇ ਨਿੱਤਰ ਕੇ ਸੰਘਰਸ਼ਾਂ ਰਾਹੀਂ ਹੀ ਦਿੱਤੀ ਜਾ ਸਕਦੀ ਹੈ ਤੇ ਸੱਤਾ ਇਸੇ ਤੋਂ ਘਬਰਾਉਂਦੀ ਹੈ। ਜੇ ਤੁਸੀਂ ਸੜਕਾਂ 'ਤੇ ਨਹੀਂ ਨਿੱਤਰਦੇ, ਲੋਕ ਘੋਲ ਨਹੀਂ ਉਸਾਰਦੇ ਤਾਂ ਵਿਧਾਨ ਸਭਾ ਅੰਦਰਲੀ ਵਿਰੋਧੀ ਧਿਰ ਨੂੰ ਸੱਤਾ ਵੀ ਦੌੜਾ-ਦੌੜਾ ਕੁੱਟਦੀ ਹੈ ਤੇ ਝਾੜੂ ਪਾਰਟੀ ਦੇ ਵਿਧਾਇਕ ਇਸ ਗੱਲ ਨੂੰ ਹੱਡੀਂ ਹੰਢਾ ਚੁੱਕੇ ਹਨ। ਲੋਕ ਘੋਲ ਦੀ ਚੁਣੌਤੀ ਦੀ ਤਾਜ਼ਾ ਮਿਸਾਲ ਦੇਖਣੀ ਹੋਵੇ ਤਾਂ 2 ਲੱਖ ਤੱਕ ਦੇ ਕਿਸਾਨ ਕਰਜ਼ੇ ਬਾਰੇ ਨੋਟੀਫਿਕੇਸ਼ਨ ਵੀ ਸੱਤ ਕਿਸਾਨ ਜੱਥੇਬੰਦੀਆਂ ਦੇ ਸੰਘਰਸ਼ ਦੀ ਬਦੌਲਤ 22 ਸਤੰਬਰ ਤੋਂ ਦੋ ਦਿਨ ਪਹਿਲਾਂ 20 ਸਤੰਬਰ ਨੂੰ ਹੀ ਜਾਰੀ ਕੀਤਾ ਨਾ ਕਿ ਵਿਧਾਨ ਸਭਾ ਅੰਦਰਲੀ ਵਿਰੋਧੀ ਧਿਰ ਸਦਕਾ।

ਦਲਿਤਾਂ ਦੇ ਜ਼ਮੀਨੀ ਹੱਕ, ਮੁਜ਼ਾਰੇ ਕਿਸਾਨਾਂ ਦੀ ਮਾਲਕੀ ਦੇ ਹੱਕ, ਮੁਫ਼ਤ ਸਿਹਤ ਤੇ ਸਿੱਖਿਆ ਸਹੂਲਤਾਂ, ਪ੍ਰਾਈਵੇਟ ਘਰਾਣਿਆਂ ਦੇ ਕੌਮੀਕਰਨ ਦੀ ਗੱਲ ਨਾ ਕਰਨ ਵਾਲੀ ਕੋਈ ਵੀ ਪਾਰਟੀ ਲੋਕ ਘੋਲਾਂ ਦੀ ਉਸਾਰੀ ਨਹੀਂ ਕਰ ਸਕਦੀ ਭਾਵੇਂ ਉਹ ਝਾੜੂ ਪਾਰਟੀ ਹੋਵੇ ਜਾਂ ਕੋਈ ਹੋਰ ਪਾਰਟੀ। ਭਾਵੇਂ ਕੈਪਟਨ ਸਰਕਾਰ ਵਕਤੀ ਤੌਰ 'ਤੇ ਲੋਕਾਂ ਨੂੰ ਮੋਤੀ ਮਹਿਲ ਦਾ ਘਿਰਾਓ ਕਰਨ ਲਈ ਸੜਕਾਂ 'ਤੇ ਨਾ ਵੀ ਚੜ੍ਹਨ ਦੇਵੇ ਪਰ ਤਾਂ ਵੀ ਲੋਕ-ਘੋਲ ਅੰਤ ਨੂੰ ਆਪਣੇ ਲਾਂਘੇ ਬਣਾਉਂਦੇ ਹੋਏ ਮਹਿਲਾਂ 'ਤੇ ਚੜ੍ਹਾਈ ਜਰੂਰ ਕਰਨਗੇ।

ਸੰਪਰਕ: +91 88724 76198

Comments

Name (required)

Leave a comment... (required)

Security Code (required)ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ