Tue, 16 April 2024
Your Visitor Number :-   6976043
SuhisaverSuhisaver Suhisaver

ਸਾਹੇਬ, ਚੁੱਲੂ ਬਰ ਪਾਨੀ... -ਅਮਨਦੀਪ ਹਾਂਸ

Posted on:- 04-03-2021

suhisaver

ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਗੰਧੜ ਤੋਂ ਵਿਸ਼ੇਸ਼ ਰਿਪੋਰਟ

(ਨੋਟ-ਇਹ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਸਹੁਰਾ ਪਿੰਡ ਵੀ ਹੈ ਤੇ ਕਿਰਤੀਆਂ ਲਈ ਜੂਝਦਿਆਂ ਸਟੇਟ ਦੇ ਜਬਰ ਝੱਲ ਰਹੀ ਕਿਰਤੀ ਕਾਰਕੁੰਨ ਨੌਦੀਪ ਕੌਰ ਦਾ ਪਿੰਡ ਵੀ ਹੈ)
 
ਏਹੋ ਜਹੀ ਕਮਜ਼ੋਰ ਹਕੂਮਤ ਬਾਬਾ ਜੀ
ਵੇਖੀ ਨਈਂ ਕੋਈ ਹੋਰ ਹਕੂਮਤ ਬਾਬਾ ਜੀ
ਪਿਛਲੀ ਨਾਲ ਵੀ ਸਾਡਾ ਏਹੋ ਰੌਲਾ ਸੀ
ਇਹ ਵੀ ਪੱਕੀ ਚੋਰ ਹਕੂਮਤ ਬਾਬਾ ਜੀ
ਸਾਨੂੰ ਲੱਗੇ ਭੈੜੀ, ਗਿਰਝਾਂ, ਚੀਲਾਂ ਤੋਂ
ਬਣ ਬਣ ਦੱਸੇ ਮੋਰ ਹਕੂਮਤ ਬਾਬਾ ਜੀ..


ਬਾਬਾ ਨਜ਼ਮੀ ਸਾਹਿਬ ਦੀਆਂ ਇਹ ਸਤਰਾਂ ਪੰਜਾਬ ਦੇ ਬਹੁਤ ਸਾਰੇ ਹਾਸ਼ੀਆਗਤ ਲੋਕਾਂ ਪ੍ਰਤੀ ਵੇਲੇ ਦੀਆਂ ਹਕੂਮਤਾਂ ਦੀ ਬਦਨੀਅਤ ਬਿਆਨਦੀਆਂ ਨੇ। ਹਕੂਮਤਾਂ ਦੀ ਬਦਨੀਅਤ ਹੀ ਹੈ ਕਿ ਅਜਾਦੀ ਦੀ ਪੌਣੀ ਸਦੀ ਲੰਘਣ ਤੋਂ ਬਾਅਦ ਵੀ ਪੰਜਾਬ ਵਰਗੇ ਖੁਸ਼ਹਾਲ ਆਖੇ ਜਾਂਦੇ ਸੂਬੇ ਦੇ ਬਹੁਤ ਸਾਰੇ ਕੰਮੀ ਪਰਿਵਾਰ ਪਾਣੀ ਵਰਗੀਆਂ ਮੁਢਲੀਆਂ ਸਹੂਲਤਾਂ ਤੋਂ ਵਾਂਝੇ ਨੇ।

ਨਹੀਂ ਯਕੀਨ ਤਾਂ ਆਓ, ਪਿੰਡ ਗੰਧੜ ਚਲਦੇ ਹਾਂ, ਇਹ ਪਿੰਡ ਵਿਧਾਇਕ ਅਜੈਬ ਸਿੰਘ ਭੱਟੀ ਦੇ ਹਲਕੇ ਚ ਆਉਂਦਾ ਹੈ। ਪਿੰਡ ਦੀ ਬਾਰਾਂ-ਤੇਰਾਂ ਸੌ ਦੇ ਕਰੀਬ ਵੋਟ ਹੈ। ਪਿੰਡ ਚ ਇੱਕ ਸ਼ਮਸ਼ਾਨਘਾਟ ਹੈ, ਦੋ ਗੁਰੂ ਘਰ ਨੇ, ਇੱਕ ਮਾਝੇ ਵਾਲੇ ਜੱਟਾਂ ਦਾ, ਤੇ ਇੱਕ ਮਾਲਵੇ ਵਾਲੇ ਜੱਟਾਂ ਦਾ। ਇਸ ਪਿੰਡ ਚ ਮਾਝੇ ਦੇ ਕਈ ਜੱਟ ਪਰਿਵਾਰ ਵੀ ਦਹਾਕਿਆਂ ਪਹਿਲਾਂ ਦੇ ਆ ਕੇ ਵਸੇ ਨੇ, ਪਰ ਉਹਨਾਂ ਦੀ ਮਾਲਵੇ ਵਾਲੇ ਜੱਟਾਂ ਨਾਲ  ਬਹੁਤੀ ਰਾਸ ਨਹੀ ਰਲਦੀ।

ਗੰਧੜ ਪਿੰਡ ਨੂੰ ਆਉਣਾ ਹੋਵੇ, ਪਿੰਡ ਤੋਂ ਕਿਤੇ ਜਾਣਾ ਹੋਵੇ ਤਾਂ ਆਵਦੇ ਸਾਧਨ ਦਾ ਇੰਤਜਾਮ ਕਰਨਾ ਪਊ, ਕਿਉਂਕਿ ਸਵਾ ਲੱਖ ਬੱਸ ਸ੍ਰੀ ਮੁਕਤਸਰ ਸਾਹਿਬ ਤੋਂ ਲੱਖੇਵਾਲੀ ਮੰਡੀ ਨੂੰ ਜਾਣ ਲਈ ਇਸ ਪਿੰਡ ਚ ਸਵੇਰੇ ਸਾਢੇ ਨੌਂ ਵਜੇ ਆਉਂਦੀ ਹੈ ਤੇ ਸ਼ਾਮ ਨੂੰ ਉਹੀ ਬੱਸ ਚਾਰ ਵਜੇ ਜਾਂਦੀ ਹੈ। ਹੋਰ ਕੋਈ ਸਾਧਨ ਸਰਕਾਰ ਨੇ ਜਨਤਾ ਵਾਸਤੇ ਨਹੀਂ ਲਾਇਆ।

ਪਿੰਡ ਚ ਇੱਕ ਪ੍ਰਾਈਮਰੀ ਤੇ ਇੱਕ ਮਿਡਲ ਸਕੂਲ ਹੈ, ਦਸਵੀਂ, ਬਾਰਵੀਂ ਲਈ ਬੱਚੇ ਬੱਚੀਆਂ ਨੂੰ ਪੈਦਲ ਪੈਂਡਾ ਮਾਰ ਕੇ ਪੰਜ ਛੇ ਕਿਲੋਮੀਟਰ ਦੂਰ ਲੱਖੇਵਾਲੀ ਮੰਡੀ ਜਾਣਾ ਪੈਂਦਾ ਹੈ, ਓਥੇ ਸੀਨੀਅਰ ਸੈਕੰਡਰੀ ਸਕੂਲ ਹੈ, ਮਜ਼ਦੂਰ ਪਰਿਵਾਰਾਂ ਦੇ ਤੇ ਗਰੀਬ ਜੱਟਾਂ ਦੇ ਜੁਆਕ ਸਰਕਾਰੀ ਸਕੂਲਾਂ ਚ ਪੜ੍ਹਦੇ ਨੇ।

ਕਈ ਸਰਦੇ ਪੁੱਜਦੇ ਮਜ਼ਦੂਰ ਪਰਿਵਾਰਾਂ ਨੇ ਆਪਣੇ ਬੱਚਿਆਂ ਨੂੰ ਸਾਈਕਲ ਲੈ ਕੇ ਦਿੱਤੇ ਹੋਏ ਨੇ, ਤੇ ਹਾਲਾਤਾਂ ਤੋਂ ਡਰਦੇ ਕਈ ਮਾਪਿਆਂ ਨੇ ਕੁੜੀਆਂ ਲਈ ਪ੍ਰਈਵੈਟ ਵੈਨ ਲਵਾਈ ਹੈ, ਜੋ ਮਹੀਨੇ ਦਾ ਪੰਜ ਸੌ ਰੁਪਏ ਕਿਰਾਇਆ ਲੈਂਦੇ ਨੇ, ਜੇ ਕਦੇ ਕਿਰਾਇਆ ਲੇਟ-ਫੇਟ ਹੋ ਜਾਏ, ਫੇਰ ਵੈਨ ਵਾਲੇ ਜੁਆਕੜੀਆਂ ਨੂੰ ਚਾੜਦੇ ਈ ਨੀ, ਜਾਂ ਰਾਹ ਚ ਲਾਹ ਦਿੰਦੇ ਨੇ।

 ਪਿੰਡ ਚ ਚਾਰ ਸੌ ਦੇ ਕਰੀਬ ਮਜ਼ਦੂਰ ਪਰਿਵਾਰਾਂ ਦੇ ਘਰ ਹਨ। ਜਿਹਨਾਂ ਦੇ ਬਹੁਤੇ ਬੱਚੇ ਲੱਖੇਵਾਲੀ ਤੋਂ ਬਾਰਾਂ ਕਰਕੇ ਫੇਰ ਦਿਹਾੜੀ ਦੱਪਾ ਕਰਨ ਲੱਗ ਪੈਂਦੇ ਨੇ। ਨੌਦੀਪ ਕੌਰ ਦੀਆਂ ਭੈਣਾਂ ਵਿਚੋਂ ਇਕ ਐਮ ਐਸ ਸੀ, ਇਕ ਪੀ ਐਚ ਡੀ ਕਰਨ ਦਿੱਲੀ ਯੂਨੀਵਰਸਿਟੀ ਤੱਕ ਪਹੁੰਚੀਆਂ ਨੇ, ਜਿਹੋ ਜਿਹੇ ਹਾਲਾਤਾਂ ਨਾਲ ਉਹਨਾਂ ਨੂੰ ਜੂਝਣਾ ਪਿਆ, ਉਹ ਹੁਣ ਕਿਸੇ ਤੋਂ ਲੁਕਿਆ ਨਹੀਂ, ਨੌਦੀਪ ਦਾ ਇਕ ਭਰਾ ਜੈਪਾਲ ਸ੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਸਕੂਲ ਚ ਨਾਨ ਮੈਡੀਕਲ ਵਿਸ਼ੇ ਚ ਬਾਰਵੀਂ ਚ ਪੜ੍ਹਦਾ ਹੈ, ਸਕੂਲ ਆਉਣ ਜਾਣ ਦੀ ਬੇਹਦ ਤੰਗੀ ਹੈ, ਉਹ ਦੱਸਦਾ ਹੈ ਕਿ ਕੁਝ ਪੈਂਡਾ ਤੁਰ ਕੇ ਲੰਘਾਇਆ ਜਾਂਦਾ ਹੈ ਤੇ ਫੇਰ ਲਿਫਟ ਵਗੈਰਾ ਮਿਲ ਜਾਂਦੀ ਹੈ। ਪਰ ਹੈ ਬਹੁਤ ਔਖਾ। ਲੱਖੇਵਾਲੀ ਸਰਕਾਰੀ ਸਕੂਲ ਚ ਸਾਇੰਸ ਨਹੀ ਸੀ, ਜਿਸ ਕਰਕੇ ਉਸ ਨੂੰ ਚੌਦਾਂ ਕਿਲੋਮੀਟਰ ਦੂਰ ਪੜਨ ਜਾਣਾ ਪੈਂਦਾ ਹੈ, ਆਵਾਜਾਈ ਦਾ ਸਾਧਨ ਨਾ ਹੋਣ ਕਰਕੇ ਬਹੁਤ ਸਾਰੇ ਮੁੰਡੇ ਕੁੜੀਆਂ ਦੇ ਪੜਨ ਦੇ ਸੁਪਨੇ ਹਕੂਮਤਾਂ ਦੇ ਨਾਕਸ ਪ੍ਰਬੰਧਾਂ ਹੇਠ ਦਫਨ ਹੋ ਰਹੇ ਨੇ, ਕਿਸੇ ਦਾ ਇਸ ਪਾਸੇ ਕੋਈ ਧਿਆਨ ਨਹੀਂ।

ਪਿੰਡ ਚ ਕੋਈ ਸਰਕਾਰੀ ਡਿਸਪੈਂਸਰੀ ਨਹੀਂ, ਚਾਰ ਕਿਲੋਮੀਟਰ ਦੂਰ ਸ਼ੇਰੇਵਾਲਾ ਦੇ ਸਿਹਤ ਕੇਂਦਰ ਜਾਣਾ ਪੈਂਦਾ ਹੈ, ਮੁਸ਼ਕਲ ਉਹੀ ਕਿ ਆਉਣ ਜਾਣ ਲਈ ਕੋਈ ਸਾਧਨ ਨਾ ਹੋਣ ਕਰਕੇ ਮਰੀਜ਼ ਪੈਰ ਘੜੀਸਦੇ ਜਾਂਦੇ ਨੇ, ਜਾਂ ਕਿਸੇ ਸਾਧਨ ਦਾ ਹੀਲਾ ਕਰਨਾ ਪੈਂਦਾ ਹੈ। ਓਥੇ ਵੀ ਤਾਂ ਗੁਰਬਤ ਮਾਰਿਆਂ ਨੇ ਹੀ ਜਾਣਾ ਹੁੰਦਾ ਹੈ, ਕਾਰਾਂ ਗੱਡੀਆਂ ਵਾਲੇ ਤਾਂ ਵੱਡੇ ਸ਼ਹਿਰ, ਵੱਡੇ ਹਸਪਤਾਲਾਂ ਚ ਜਾਂਦੇ ਨੇ।

ਹੁਣ ਜਦ ਤੋਂ ਕਰੋਨਾ ਆਇਆ ਹੈ, ਤਦ ਤੋਂ ਨਜ਼ਦੀਕੀ ਪਿੰਡਾਂ ਦੀਆਂ ਸਰਕਾਰੀ ਡਿਸਪੈਂਸਰੀਆਂ ਦੇ ਡਾਕਟਰ ਸ਼ਹਿਰਾਂ ਚ ਬਣਾਏ ਕਰੋਨਾ ਵਾਰਡਾਂ ਚ ਡਿਊਟੀ ਤੇ ਲਾ ਦਿੱਤੇ ਗਏ ਨੇ, ਤੇ ਪਿੰਡਾਂ ਦੇ ਮਰੀਜਾਂ ਨੂੰ ਰੱਬ ਆਸਰੇ ਛਡ ਦਿੱਤਾ ਗਿਆ ਹੈ। ਗਰੀਬਾਂ ਦੀ ਇਥੇ ਕੌਣ ਸੁਣਦਾ ਹੈ..

ਗੰਧੜ ਪਿੰਡ ਦੇ ਮਜ਼ਦੂਰਾਂ ਵਾਲੇ ਪਾਸੇ ਭਾਵ ਵਿਹੜੇ ਚ ਬਹੁਤੇ ਘਰ ਬਿਨਾਂ ਦਰਾਂ ਵਾਲੇ ਨੇ, ਭਾਵ ਮੇਨ ਗੇਟ..  ਮੁੱਖ ਦਰਵਾਜ਼ਾ ਨਹੀ ਲੱਗਿਆ। ਬੋੜੀਆਂ ਕੰਧਾਂ ਵਾਲੇ ਕੱਚੇ ਢਾਰੇ, ਜਾਂ ਗਾਰੇ ਨਾਲ ਇੱਟਾਂ ਚਿਣ ਕੇ ਕੀਤੀਆਂ ਕੰਧਾਂ ਵਾਲੇ ਘਰਾਂ ਦੇ ਦਰਵਾਜਿਆਂ ਦੀ ਥਾਂ ਕਪਾਹ, ਨਰਮੇ ਦੀਆਂ ਛਿਟੀਆਂ ਦਾ ਢਾਂਚਾ ਬਣਾ ਕੇ ਓਟ ਕੀਤੀ ਹੋਈ ਹੈ, ਜਾਂ ਪੱਲੀਆਂ ਤਾਣ ਕੇ ਦਰਵਾਜੇ ਦਾ ਰਾਹ ਮੁੰਦਿਆ ਹੋਇਆ ਹੈ। ਬਹੁਤੇ ਘਰ ਇੱਕ ਇੱਕ ਕਮਰੇ ਵਾਲੇ ਨੇ, ਮੀਂਹ ਕਣੀ ਚ ਓਸੇ ਕਮਰੇ ਚ ਬਾਲਣ, ਓਸੇ ਕਮਰੇ ਚ ਮਾਲ ਡੰਗਰ, ਤੇ ਓਸੇ ਚ ਰਸੋਈ, ਓਸੇ ਚ ਪੈਣਾ-ਸੌਣਾ। ਕਈ ਕਮਰਿਆਂ ਨੂੰ ਲੱਕੜ ਦੇ ਟੁੱਟੇ ਫੁੱਟੇ ਦਰਵਾਜੇ ਤਾਂ ਲੱਗੇ ਹੋਏ ਮਿਲ ਜਾਣਗੇ, ਪਰ ਕੁੰਡੀ ਦੀ ਥਾਂ ਲੀਰਾਂ ਨਾਲ ਡੰਗ ਸਾਰਿਆ ਜਾਂਦਾ ਹੈ।

ਬਾਥਰੂਮ ਬਹੁਤੇ ਘਰਾਂ ਚ ਹੈ ਨਹੀਂ, ਔਰਤਾਂ ਮੰਜੇ ਟੇਢੇ ਕਰਕੇ ਪੱਲੀਆਂ ਤਾਣ ਕੇ ਨਹਾਉਂਦੀਆਂ ਨੇ, ਜੇ ਬਾਥਰੂਮ ਬਣੇ ਨੇ ਤਾਂ ਦਰਵਾਜੇ ਲਾਉਣ ਜੋਗੇ ਪੈਸੇ ਨਹੀਂ, ਓਥੇ ਵੀ ਚਾਦਰਾਂ ਤਾਣ ਕੇ ਓਟ ਕੀਤੀ ਹੋਈ ਹੈ, ਟਾਇਲਟ ਦੇ ਨਾਮ ਤੇ ਸਾਢੇ ਕੁ ਤਿੰਨ ਫੁੱਟ ਦੀ ਗਾਰੇ ਦੀ ਕੰਧ ਨਾਲ ਓਟ, ਕੱਚੀ ਖੂਹੀ ਤੇ ਵਿੱਚ ਲੋਹੇ ਦੀ ਚਾਦਰ ਚ ਮਘੋਰਾ ਕੱਢ ਕੇ ਸੀਟ ਬਣਾ ਕੇ ਫਿੱਟ ਕਰ ਲਈ ਹੋਈ ਹੈ। ਛੱਤ ਹੈ ਨਾ.. ਅੰਬਰ ਦੀ.. ਨੀਲੀ ਛਤਰੀ ਆਲੇ ਦੀ ..

ਮੀਂਹ ਕਣੀ ਚ ਤੇ ਬਿਮਾਰੀ ਦੀ ਹਾਲਤ ਚ ਅਜਿਹੇ ਟਾਇਲਟ ਬਾਥਰੂਮ ਚ ਕੋਈ ਕਿਵੇਂ ਜਾਂਦਾ ਹੋਊ, ਸੰਵੇਦਨਾ ਨਾਲ ਭਰੇ ਜਿਹਨ ਸੌਖਿਆਂ ਮਹਿਸੂਸ ਕਰ ਸਕਦੇ ਨੇ।

... ਸਾਡਾ ਕਾਹਦਾ ਜਿਉਣ, ਬੁੱਤੇ ਸਾਰਦੇ ਆਂ .. ਪਹਿਲਾਂ ਖੱਤਿਆਂ ਚ ਜੰਗਲ ਪਾਣੀ ਜਾ ਆਉਂਦੇ ਸੀ, ਹੁਣ ਜੱਟਾਂ ਨੇ ਤਾਰਾਂ ਨਾਲ ਬਗਲ ਮਾਰ ਲਿਆ, ਅਗਲੇ ਵੜਨ ਨੀ ਦਿੰਦੇ, ਫੇਰ ਘਰੇ ਈ ਫਲੱਸ਼ਾਂ ਦਾ ਮਾੜਾ ਮੋਟਾ ਜੁਗਾੜ ਕਰ ਲਿਆ...

ਇਹ ਗੱਲਾਂ ਕਿਸੇ ਵੀ ਕੰਮੀ ਦੇ ਘਰ ਜਾਓਗੇ, ਸੁਣਨ ਨੂੰ ਮਿਲਣਗੀਆਂ। ਕੱਚੀਆਂ ਖੂਹੀਆਂ ਜਦ ਗਰਕ ਜਾਂਦੀਆਂ ਨੇ, ਤਾਂ ਹੋਰ ਟੋਆ ਕਢ ਲਈਦਾ, ਪੱਕੀ ਫਲੱਸ਼ ਤੇ ਚਾਲੀ ਪੰਜਾਹ ਹਜਾਰ ਦਾ ਖਰਚਾ ਆ ਜਾਂਦਾ, ਐਨੇ ਜੋਗਰੇ ਅਸੀਂ ਹੈ ਨੀਂ।

ਬਹੁਤੇ ਮਜ਼ਦੂਰ ਪਰਿਵਾਰ ਜੋ ਦਿਹਾੜੀ ਦੱਪਾ ਕਰਦੇ ਨੇ, ਉਹਨਾਂ ਦੇ ਹਾਲਾਤ ਇਕੋ ਜਿਹੇ ਨੇ, ਦਰਦਾਂ ਨਾਲ ਭਰੇ.. ਦੋ ਬੋਲ ਹਮਦਰਦੀ ਦੇ ਸੁਣਦਿਆਂ ਹੀ ਉਹ ਫਿਸ ਫਿਸ ਪੈਂਦੇ ਨੇ, ਸਾਡੀ ਕੋਈ ਨੀ ਸੁਣਦਾ ਜੀ..।

ਮਾਲ ਡੰਗਰ ਰੱਖ ਕੇ ਮਾੜਾ ਮੋਟਾ ਡੰਗ ਸਰਦਾ ਹੁੰਦਾ, ਪਰ ਓਹਦੇ ਲਈ ਕੱਖ ਖੋਤਣ ਜੱਟਾਂ ਦੇ ਖੱਤਿਆਂ ਚ ਈ ਜਾਣਾ ਪੈਂਦਾ, ਅਗਲੇ ਮਣ ਮਣ ਦੀਆਂ ਗਾਲਾਂ ਦਿੰਦੇ ਆ, ਬੇਜ਼ਤੀ ਕਰਦੇ ਆ, ਪਰ ਟੈਮ ਤਾਂ ਟਪਾਉਣਾ ਈ ਆ, ਕਦੇ ਤਰਲੇ ਕਰਕੇ ਤੇ ਕਦੇ ਚੋਰੀ ਛੁਪੇ ਕੱਖ ਖੋਤ ਲੈਂਨੇ ਆਂ..।

ਪੰਜਾਬ ਦੇ ਹੋਰ ਬਹੁਤ ਸਾਰੇ ਪਿੰਡਾਂ ਵਾਂਗ ਇਥੇ ਵੀ ਮਜ਼ਦੂਰੀ ਦੀ ਔਰਤਾਂ ਦੀ ਦਿਹਾੜੀ ਢਾਈ ਸੌ ਰੁਪਏ ਤੇ ਮਰਦਾਂ ਦੀ ਤਿੰਨ ਸੌ ਰੁਪਏ ਹੈ, ਰੋਟੀ ਆਵਦੀ, ਚਾਹ ਇਕ ਟਾਈਮ ਜੱਟ ਦੇ ਦਿੰਦੇ ਆ। ਪਰ ਉਹ ਦਿਹਾੜੀਆਂ ਕਦੇ ਕਦੇ ਈ ਮਿਲਦੀਆਂ ਨੇ। ਤੇ ਦਿਹਾੜੀਦਾਰਾਂ ਚੋਂ ਕਈਆਂ ਦੀ ਹਾਲਤ ਇਹ ਹੈ ਕਿ ਧਾਕੜ ਜੱਟਾਂ ਤੋਂ ਆਪਣੀ ਕਿਰਤ ਦੇ ਪੈਸੇ ਮੰਗਣ ਦਾ ਹੀਆ ਵੀ ਨੀ ਕਰ ਹੁੰਦਾ, ਪੈਸੇ ਮੰਗਣ ਜਾਂਦੇ ਨੇ, ਹਿੰਮਤ ਨੀ ਜੁਟਾ ਪਾਉਂਦੇ, ਪਹਿਲਾਂ ਗੋਹਾ ਹੂੰਝਣਗੇ, ਖੁਰਲੀਆਂ ਚ ਹੱਥ ਮਾਰੀ ਜਾਣਗੇ, ਫੇਰ ਹੌਲੀ ਹੌਲੀ ਪੈਸਿਆਂ ਦਾ ਕਹਾਣਾ ਪਾਉਣਗੇ, ਕਿ ਚਾਚਾ ਜੀ, ਬਾਈ ਜੀ.. ਸਰਦਾਰ ਜੀ..  ਦਿਹਾੜੀ ਦੇ ਪੈਸੇ ਲੈਣੇ ਸੀ..

ਅੱਗੋਂ ਜਗੀਰਦਾਰ ਸਾਹਿਬ ਟਿੱਚਰ ਜਿਹੀ ਚ ਸਵਾਲ ਕਰਦੇ ਨੇ— ਤੂੰ ਕੀ ਕਰਨੇ ਆ ਪੈਸੇ ..

ਕਿੱਥੇ ਜਾਣੈ
ਕਿੱਥੇ ਖਰਚਣੇ ਨੇ..
ਕਈ ਸਾਰੇ ਸਵਾਲ

ਗਰੀਬ ਤਾਂ ਉਂਝ ਹੀ ਧਰਤ ਚ ਵੜ ਜਾਂਦਾ..
ਸਾਰੇ ਜੱਟ ਇਉਂ ਨੀ ਕਰਦੇ, ਕੁਝ ਚੰਗੇ ਵੀ ਨੇ।

ਪਰ ਜਗੀਰੂ ਸੋਚ ਦੇ ਧਾਰਨੀ ਜੱਟ ਹਾਲੇ ਵੀ ਕਿਰਤੀਆਂ ਦਾ ਭਾਂਡਾ ਵੱਖਰਾ, ਦੂਰੋਂ ਰੋਟੀ ਫੜਾਉਣਾ, ਮਾਲਕ ਦੇ ਮੰਜੇ ਦੀ ਪੁਆਂਦੀ ਬਿਠਾਉਣਾ.. ਇਹ ਸਭ ਕਰਦੇ ਨੇ।

ਜੇ ਕੋਈ ਪੱਕਾ ਸੀਰ ਕਰਦਾ, ਦੋ ਸੌ ਦਿਹਾੜੀ ਤੇ ਕੰਮ ਕਰਦਾ, ਜੇ ਕਿਤੇ ਛੁੱਟੀ ਕਰ ਲਵੇ ਤਾਂ ਦਿਹਾੜੀ ਤਿੰਨ ਸੌ ਰੁਪਏ ਕੱਟੀ ਜਾਊ।

ਗੁਰਬਤ ਮਾਰਿਆਂ ਦੇ ਮੋਢੇ ਤੇ ਸਨੇਹ ਨਾਲ ਭਰਿਆ ਹੱਥ ਰੱਖ, ਪੁੱਛ ਕੇ ਤਾਂ ਵੇਖੋ, ਸਾਰਾ ਭਾਈਚਾਰਕ ਸਾਂਝ ਵਾਲਾ ਇਨਕਲਾਬ ... ਸ਼ਰਮ ਨਾਲ ਨੁਚੜਦਾ ਨਾ ਦਿਸਿਆ ਤਾਂ ਕਹਿਣਾ..

ਮਜ਼ਦੂਰ ਪਰਿਵਾਰਾਂ ਦੇ ਕਈ ਮੁੰਡੇ ਲਾਗੇ ਪਿੰਡਾਂ ਚ ਦਿਹਾੜੀ ਦਾ ਕੰਮ ਨਾ ਮਿਲਣ ਕਰਕੇ ਨਜ਼ਦੀਕੀ ਸ਼ਹਿਰਾਂ ਚ ਸ਼ੈਲਰਾਂ ਜਾਂ ਹੋਰ ਥਾਈਂ ਦਿਹਾੜੀ ਕਰਦੇ ਨੇ, ਪੱਲਿਓਂ ਤੇਲ ਦਾ ਖਰਚਾ ਕਰਦੇ ਨੇ, ਸਾਰਾ ਖਰਚਾ ਕੱਢ ਕੇ ਮਸਾਂ ਤਿੰਨ ਚਾਰ ਹਜਾਰ ਰੁਪਇਆ ਮਹੀਨੇ ਦਾ ਬਚਦਾ..। ਸਵੇਰੇ ਮੂੰਹ ਹਨੇਰੇ ਈ ਚਲੇ ਜਾਂਦੇ ਨੇ, ਕਈ ਵਾਰ ਤਾਂ ਰਾਤ ਨੂੰ ਗਿਆਰਾਂ, ਬਾਰਾਂ ਵੀ ਵੱਜ ਜਾਂਦੇ ਨੇ ਮੁੜਦਿਆਂ ਨੂੰ.. ਮਾਵਾਂ ਫਿਕਰਾਂ ਚ ਸੁੱਕ ਸੁੱਕ ਜਾਂਦੀਆਂ ਨੇ, ਉਮਰੋਂ ਪਹਿਲਾਂ ਆਈਆਂ ਝੁਰੜੀਆਂ ਚ ਧਸੀਆਂ ਅੱਖਾਂ ਦੇ ਕੋਇਆਂ ਚ ਸਿੰਮਿਆ ਪਾਣੀ ਸਿਰ ਦੇ ਮੈਲੇ ਲੀੜੇ ਨਾਲ ਵਾਰ ਵਾਰ ਪੂੰਝਦੀਆਂ ਨੇ.. ਕਹਿੰਦੀਆਂ ਹੁਣ ਮਹੌਲ ਚੰਗੇ ਨੀ ਰਹੇ ਨਾ..

ਕੈਸਾ ਪੰਜਾਬ ਹੋ ਗਿਆ
ਇਹ ਪੰਜਾਬ ਵੀ ਮੇਰਾ ਹੈ??

ਇਹ ਪਿੰਡ ਨਸ਼ਿਆਂ ਦੀ ਮਾਰ ਚ ਆ ਸਕਦਾ ਹੈ, ਸ਼ਰਾਬ, ਗੋਲੀਆਂ ਦੇ ਨਸ਼ੇ ਤਾਂ ਚਲਦੇ ਨੇ, ਚਿੱਟੇ ਤੋਂ ਬਚਿਆ, ਉਂਝ ਸਮੈਕ ਤੇ  ਚਿੱਟਾ ਕਿਸੇ ਵਿਰਲੇ ਟਾਂਵੇ ਵੱਡੇ ਘਰ ਚ ਭਾਵੇਂ ਅਪੜ ਗਿਆ ਹੋਵੇ.. ਇਹ ਵੀ ਨੱਪੀ ਸੁਰ ਚ ਪਿੰਡ ਦੇ ਲੋਕ ਕਹਿੰਦੇ ਨੇ..

ਦੂਰ ਕੰਮਾਂ ਤੇ ਜਾਂਦੇ ਪੁੱਤਾਂ ਦੀਆਂ ਮਾਵਾਂ ਨੂੰ ਬਹੁਤਾ ਫਿਕਰ ਨਸ਼ੇ ਕਰਕੇ ਹੀ ਹੈ।

ਪਿੰਡ ਚ ਅਜਿਹਾ ਨਹੀਂ ਕਿ ਸਭ ਦਾ ਹਾਲ ਮੰਦਾ ਹੈ, ਚੰਗਾ ਵੀ ਹੈ, ਜਨਰਲ ਸ਼੍ਰੇਣੀ ਵਾਲੇ ਪਾਸੇ ਕੋਠੀਆਂ, ਪੱਕੇ ਘਰ, ਇੰਟਰਲੌਕ ਟਾਇਲਾਂ ਵਾਲੀਆਂ ਗਲੀਆਂ, ਘਰ ਘਰ ਟੂਟੀ , ਸਭ ਕੁਝ ਹੈ, ਪਰ ਕੰਮੀਆਂ ਦੇ ਵਿਹੜੇ ਵਾਲਾ ਸੂਰਜ ਧੁੰਦਲਾ ਜਿਹਾ ਹੀ ਉੱਗਦਾ ਹੈ। ਗੰਦੇ ਨਾਲੇ, ਉੱਤੇ ਭਿਨਭਿਨਾਉਂਦੀਆਂ ਮੱਖੀਆਂ, ਮੀਂਹਾਂ ਚ ਗਲੀਆਂ ਚੋਂ ਆਪਣੇ ਰਿਸਕ ਤੇ ਲੰਘੋ.. ਵੈਸੇ ਕਿਰਤੀਆਂ ਦੇ ਵਿਹੜੇ ਚ ਕਿਤੇ ਕਿਤੇ ਗਲੀਆਂ ਚ ਇੱਟਾਂ ਕਿਤੇ ਕਿਤੇ ਝਾਅਤ ਮਾਰਦੀਆਂ ਵੀ ਨੇ।

ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇ ਨਾਅਰਿਆਂ ਚ ਗਵਾਚੇ ਜ਼ਰਾ ਗੌਰ ਨਾਲ ਪੜਨ-ਸੁਣਨ ਕਿ ਗੰਧੜ ਪਿੰਡ ਚ ਨਰਮਾ ਚੁਗਾਵੀਆਂ ਨੂੰ ਜੱਟ , ਪੰਜ ਰੁਪਏ ਕਿੱਲੋ ਮਗਰ ਦਿੰਦੇ ਨੇ, ਸਾਰਾ ਜੋਰ ਮਾਰ ਕੇ ਬੀਬੀਆਂ ਮਸਾਂ ਦਿਹਾੜੀ ਦਾ ਤੀਹ ਕਿੱਲੋ ਨਰਮਾ ਚੁਗਦੀਆਂ ਨੇ, ਦਿਹਾੜੀ ਏਸ ਹਿਸਾਬ ਨਾਲ ਡੂਢ ਸੌ ਰੁਪਏ ਮਿਲਦੀ ਹੈ, ਰੋਟੀ ਆਵਦੀ, ਚਾਹ ਇਕ ਟਾਈਮ ਦੀ ਜੱਟ ਪਰਿਵਾਰ ਵਲੋਂ। ਮਨਰੇਗਾ ਦਾ ਕੰਮ ਇੱਥੇ ਘੱਟ ਈ ਮਿਲਦਾ, ਕੁਝ ਔਰਤਾਂ ਜਿਮੀਦਾਰਾਂ ਦੇ ਘਰਾਂ ਚ ਝਾੜੂ ਪੋਚਾ ਤੇ ਕੁਝ ਗੋਹਾ ਕੂੜਾ ਕਰਦੀਆਂ ਨੇ, ਕੁਝ ਨੂੰ ਤਾਂ ਪੈਸਿਆਂ ਦੀ ਥਾਂ ਇਕ ਗਲਾਸ ਦੁੱਧ ਤੇ ਕਦੇ ਕਦਾਈਂ ਕਣਕ, ਆਟਾ ਜਾਂ ਕੋਈ ਹੋਰ ਥੋੜਾ ਬਹੁਤ ਸਮਾਨ ਹੀ ਕਿਰਤ ਦੇ ਇਵਜ਼ ਚ ਮਿਲਦਾ ਹੈ।

ਇੱਕ ਵਿਧਵਾ ਬਜੁਰਗ ਹੱਡਾਂ ਦੀ ਮੁੱਠ ਅੱਧ ਕੱਚੇ ਅਧ ਪੱਕੇ ਕਮਰੇ ਵਾਲੇ ਘਰ ਪੱਲੀ ਵਾਲਾ ਦਰਵਾਜ਼ਾ ਹਟਾ ਕੇ ਅੰਦਰ ਜਾਂਦੀ ਨੂੰ ਜਦ ਪੁੱਛਿਆ ਕਿ ਮਾਤਾ ਜੀ ਕੰਮਕਾਰ ਕਿਵੇਂ ਚੱਲਦਾ, ਮਾਤਾ ਭਰੇ ਫੋੜੇ ਵਾਂਗ ਫਿਸ ਪਈ, .... ਕਾਹਦਾ ਕੰਮਕਾਰ ਪੁੱਤ, ਬੱਸ ਦਿਨ ਕਟੀਆਂ, ਮੇਰਾ ਜਵਾਨ ਪੁੱਤ ਕਿਸੇ ਚੰਦਰੀ ਬਿਮਾਰੀ ਨੇ ਖਾ ਲਿਆ ਸੀ, ਨੂੰਹ ਨੂੰ ਓਹਦੇ ਪੇਕੇ ਲੈ ਗਏ, ਜਵਾਨ ਜਹਾਨ ਸੀ, ਇਥੇ ਵੀ ਕੀ ਕਰਦੀ ਉਹ, ਮੈਂਨੂੰ ਸੱਤ ਸੌ ਪੈਨਸ਼ਨ ਮਿਲਦੀ ਆ, ਇੱਕ ਘਰ ਦਾ ਗੋਹਾ ਸੁੱਟ ਆਉਂਨੀ ਆਂ, ਵੇਲੇ ਕੁਵੇਲੇ ਕੋਈ ਚੀਜ਼ ਵਸਤ ਲੈ ਆਉਂਨੀ ਆਂ , ਬੱਸ ਦਿਨ ਕਟੀਆਂ, ਆਈ ਨੂੰ ਉਡੀਕੀਦੀ ਆਂ ਹੁਣ ਤਾਂ..

ਗੁਰਬਤ ਜਿੰਨਾ ਡੂੰਘਾ ਹਾਉਕਾ ਭਰ ਕੇ ਮਾਤਾ ਆਵਦੇ ਕਮਰੇ ਚ ਚਲੀ ਗਈ ਤੇ ਪੱਲੀ ਦਾ ਬੂਹਾ ਢੋਅ ਲਿਆ, ਜਿਵੇਂ ਓਹਦੇ ਪਰਦੇ ਪਿੱਛੇ ਸਾਰੇ ਦਰਦ ਲੁਕ ਗਏ ਹੋਣ..।

ਇੱਕ ਹੋਰ ਘਰ ਗਏ, ਜਿੱਥੇ ਵਿਹੜੇ ਚ ਬਣੇ ਇੱਕ ਟੈਂਕੀ ਨੁਮਾ ਪੱਕੇ ਟੋਏ ਚੋਂ ਇਕ ਔਰਤ ਬਾਲਟੀ ਨਾਲ ਪਾਣੀ ਕੱਢ ਰਹੀ ਸੀ, ਜਿਵੇਂ ਪੁਰਾਣੇ ਸਮੇਂ ਖੂਹੀਆਂ ਚੋਂ ਪਾਣੀ ਕੱਢਿਆ ਕਰਦੇ ਸੀ, ਹੈਰਾਨੀ ਹੋਈ.. ਪੁੱਛਣ ਤੇ ਪਤਾ ਲੱਗਿਆ ਕਿ ਪਿੰਡ ਦੇ ਵਿਹੜੇ ਵਾਲਿਆਂ ਦੇ ਬਹੁਤੇ ਘਰਾਂ ਚ ਪਾਣੀ ਵਾਲੀ ਸਰਕਾਰੀ ਟੂਟੀ ਨੀਂ ਲੱਗੀ ਹੋਈ। ਵਕਤ ਲੰਘਾਉਣ ਨੂੰ ਲੋਕਾਂ ਨੇ ਘਰਾਂ ਦੇ ਵਿਹੜੇ ਚ ਸੱਤ ਅਠ ਫੁਟ ਦੇ ਟੋਏ ਪੁੱਟ ਕੇ ਪੱਕੇ ਕਰ ਲਏ, ਕੱਸੀ ਤੋਂ ਭਰ ਕੇ ਆਉਂਦੇ ਪਾਣੀ ਦੇ ਟੈਂਕਰ ਤੋਂ ਇਹਨਾਂ ਡਿੱਗੀਆਂ ਚ ਪਾਣੀ ਪਵਾ ਲੈਂਦੇ ਨੇ, ਇਕ ਟੈਂਕਰ ਢਾਈ, ਤਿੰਨ ਸੌ ਦਾ ਆਉਂਦਾ, ਇਹ ਪਾਣੀ ਪਸ਼ੂਆਂ ਲਈ, ਲੀੜੇ ਤੇ ਭਾਂਡੇ ਆਦਿ ਧੋਣ ਲਈ, ਤੇ ਨੁਹਾਉਣ ਲਈ ਵਰਤਿਆ ਜਾਂਦਾ, ਟੱਬਰਾਂ ਦੇ ਹਿਸਾਬ ਨਾਲ ਇਹ ਪਾਣੀ ਚਾਰ-ਪੰਜ ਦਿਨ ਕੱਢ ਦਿੰਦਾ, ਫੇਰ ਪੈਸੇ ਖਰਚ ਕੇ ਪਾਣੀ ਲਿਆ ਜਾਂਦਾ। ਪੀਣ ਲਈ ਘਰਾਂ ਤੋਂ ਸਵਾ ਤੋਂ ਲੈ ਕੇ ਡੂਢ ਕਿਲੋਮੀਟਰ ਦੂਰ ਪੈਂਦੇ ਵਾਟਰਵਰਕਸ ਦੀ ਟੂਟੀ ਤੋਂ ਵੀਹ ਵੀਹ ਲੀਟਰ ਦੀਆਂ ਕੈਨੀਆਂ ਹਰ ਰੋਜ਼ ਭਰ ਕੇ ਲਿਆਉਣੀਆਂ ਪੈਂਦੀਆਂ ਨੇ। ਮੋਹਤਬਰ ਦੋ ਵਾਰ ਫੰਡ ਲੈ ਗਏ ਕਿ ਪਾਈਪਾਂ ਪਵਾ ਕੇ ਟੂਟੀਆਂ ਲਵਾ ਦਿਆਂਗੇ, ਪਰ ਹਾਲੇ ਤੱਕ ਪਾਣੀ ਘਰਾਂ ਤੱਕ ਨਹੀਂ ਅਪੜਿਆ। ਉਹ ਫੰਡ ਕੀ ਕੀਤਾ, ਕੋਈ ਨਹੀਂ ਜਾਣਦਾ।

ਇਸ ਬਾਰੇ ਗੱਲ ਕਰਨ ਲਈ ਪਿੰਡ ਦੇ ਸਰਪੰਚ ਜਲੌਰ ਸਿੰਘ ਨਾ ਤਾਂ ਪਿੰਡ ਚ ਮਿਲੇ  ਤੇ ਨਾ ਟੈਲੀਫੋਨ ਚੁੱਕਿਆ।

ਇਥੇ ਬਜ਼ੁਰਗ ਹੋ ਚੁੱਕੀਆਂ ਔਰਤਾਂ ਨੇ ਦੱਸਿਆ ਕਿ ਪੰਜਾਹ ਵਰੇ ਹੋ ਗਏ, ਪਾਣੀ ਦੀ ਢੋਅ ਢੁਆਈ ਹੀ ਕਰਨੀ ਪੈਂਦੀ ਆ, ਪਹਿਲਾਂ ਖਾਲੇ ਦੀ ਦੋ ਘੰਟੇ ਦੀ ਵਾਰੀ ਹੁੰਦੀ ਸੀ, ਅਸੀਂ ਓਥੋਂ ਜੀਓ ਜੀਅ ਨੇ ਪਾਣੀ ਢੋਅ ਕੇ ਡਰੰਮ ਭਰਨੇ, ਉਸੇ ਨਾਲ ਸਾਰਨਾ , ਹੁਣ ਜਵਾਕ ਕੁਝ ਵੱਡੇ ਹੋਏ ਤਾਂ ਆਹ ਘਰਾਂ ਚ ਡਿੱਗੀਆਂ ਬਣਾ ਕੇ ਡੰਗ ਸਾਰ ਲਈਦਾ, ਪਰ ਹਾਲ ਕੁਝ ਨਹੀਂ। ਵੋਟਾਂ ਵੇਲੇ ਹਰੇਕ ਨੂੰ ਆਖੀਦਾ ਕਿ ਪਾਣੀ ਦਾ ਮਸਲਾ ਹੱਲ ਕਰ ਦਿਓ, ਇਕ ਜੀਅ ਦੀ ਕਮਾਈ ਤਾਂ ਪਾਣੀ ਮੁੱਲ ਲੈਣ ਤੇ ਹੀ ਲੱਗ ਜਾਂਦੀ ਆ, ਮੀਂਹ ਕਣੀ ਚ ਪੀਣ ਵਾਲਾ ਪਾਣੀ ਭਰ ਕੇ ਲਿਆਉਣਾ ਵੀ ਔਖਾ ਹੋ ਜਾਂਦਾ, ਪਰ ਸਾਡੀ ਗਰੀਬਾਂ ਦੀ ਕੋਈ ਸੁਣਦਾ ਈ ਨੀਂ।

ਮੁਢਲੀ ਲੋੜ ਪਾਣੀ, ਉਹ ਵੀ ਚੂਲੀ ਚੂਲੀ ਵਰਤੀਦਾ..

ਕਿਹੜੇ ਵਿਕਾਸ ਦੀਆਂ ਗੱਲਾਂ ਕਰਦੇ ਨੇ ਸਾਡੇ ਹਾਕਮ??  . ਜਿੱਥੇ ਲੋਕ ਪੀਣ ਵਾਲੇ ਪਾਣੀ ਦੀ ਚੂਲੀ ਲਈ ਵੀ ਤਰਸਦੇ ਫਿਰਦੇ ਨੇ।

ਗੁਰਬਤ ਮਾਰਿਆਂ ਦੀ ਹਾਲਤ ਮਹਿਸੂਸਦਿਆਂ ਦਿਲ ਚੋਂ ਆਪੇ ਈ ਨਿਕਲ ਜਾਂਦੈ ਕਿ- ਸਾਹੇਬ .. ਚੁੱਲੂ ਬਰ ਪਾਨੀ ਆਪ ਕੇ ਲੀਏ..

ਬਾਬਾ ਨਜ਼ਮੀ ਸਾਹਿਬ ਦੀ ਉਹੀ ਗੱਲ ਅਕਸਰ ਪੰਜਾਬ ਦੀ ਫੇਰੀ ਪਾਉਂਦਿਆਂ ਤੇ ਕੰਮੀਆਂ ਦੇ ਵਿਹੜੇ ਚ ਵਿਚਰਦਿਆਂ ਯਾਦ ਆ ਜਾਂਦੀ ਹੈ

ਮੰਨੇ ਭਾਵੇਂ ਨਾ ਓਹ ਮੰਨੇ
ਇਹ ਤੇ ਉਹਦੀ ਮਰਜ਼ੀ ਏ
ਮੇਰਾ ਕੰਮ ਸੀ ਸ਼ੀਸ਼ਾ ਧਰਨਾ,
ਸ਼ੀਸ਼ਾ ਧਰ ਕੇ ਮੁੜਿਆ ਵਾਂ

Comments

DeeyneiOi

gay chat rooms free asian gay chat lines <a href="https://free-gay-sex-chat.com/">snap chat gay solo </a>

Deedawar Taangh

bahut sach bhut alaa

Security Code (required)



Can't read the image? click here to refresh.

Name (required)

Leave a comment... (required)





ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ