Thu, 13 June 2024
Your Visitor Number :-   7106617
SuhisaverSuhisaver Suhisaver

ਮਨੁੱਖਤਾ ਦਾ ਭਲਾ ਮੰਗਦੀ ਅਤੇ ਸਾਂਝਾਂ ਦਾ ਸੁਨੇਹਾ ਦਿੰਦੀ ਪੁਸਤਕ ‘ਆਲ੍ਹਣਾ’

Posted on:- 08-01-2015

suhisaver

ਪੁਸਤਕ ਸਮੀਖਿਅਕ- ਬਲਜਿੰਦਰ ਸੰਘਾ

ਮਹਿੰਦਰਪਾਲ ਸਿੰਘ ਪਾਲ ਪਰਵਾਸੀ ਸਾਹਿਤਕ ਹਲਕਿਆਂ ਵਿਚ ਇਕ ਜਾਣਿਆ-ਪਛਾਣਿਆ ਨਾਮ ਹੈ। ਬਚਪਨ ਤੋਂ ਹੀ ਲਿਖਣ ਦਾ ਸ਼ੌਕ ਰੱਖਣ ਵਾਲਾ ਇਹ ਕਵੀ ਬਹੁਤ ਹੀ ਮਿਲਾਪੜਾ, ਨਿਮਰ ਅਤੇ ਇਨਸਾਨੀਅਤ ਦੀਆ ਡੂੰਘੀਆਂ ਕਦਰਾਂ-ਕੀਮਤਾਂ ਰੱਖਣ ਵਾਲਾ ਇਨਸਾਨ ਹੈ। ਉਸਦਾ ਪਿੰਡ ਹੇੜੀਆਂ ਜਿ਼ਲ੍ਹਾ ਨਵਾਂ ਸ਼ਹਿਰ ਵਿਚ ਹੈ। ਇਹਨਾਂ ਦੇ ਪਿਤਾ ਮਹਰੂਮ ਬਿਸੰ਼ਭਰ ਸਿੰਘ ਸਾਕੀ ਪੰਜਾਬੀ ਦੇ ਪ੍ਰਸਿੱਧ ਕਵੀ ਸਨ ਤੇ ਇੰਗਲੈਂਡ ਵਿਚ ਰਹਿੰਦੇ ਹੋਣ ਕਰਕੇ ਮਹਿੰਦਰਪਾਲ 1970 ਵਿਚ ਇੰਗਲੈਂਡ ਆ ਗਿਆ ਅਤੇ ਆਪਣੇ ਘਰ ਲੱਗਦੀਆਂ ਸ਼ਾਇਰਾਂ ਅਤੇ ਲੇਖਕਾਂ ਦੀਆਂ ਮਹਿਫ਼ਲਾਂ ਜਿਸ ਵਿਚ ਗੁਰਦਾਸ ਰਾਮ ਆਲਮ ਅਤੇ ਸਿ਼ਵ ਕੁਮਾਰ ਬਟਾਵਲੀ ਵੀ ਹਾਜ਼ਰ ਹੋਇਆ ਕਰਦੇ ਸਨ ਅਚੇਤ ਹੀ ਮਹਿੰਦਰਪਾਲ ਸਿੰਘ ਪਾਲ ਨੂੰ ਲੇਖਣੀ ਦੇ ਗੁਣਾਂ ਦੀ ਪਰਪੱਕਤਾ ਬਖ਼ਸ਼ਦੀਆਂ ਗਈਆਂ।

ਫਿਰ ਜ਼ਿੰਦਗੀ ਦੇ ਸਫ਼ਰ ਦੇ ਚਲਦਿਆਂ 1982 ਮਹਿੰਦਰਪਾਲ ਨੇ ਕੈਨੇਡਾ ਨੂੰ ਆਪਣਾ ਦੇਸ਼ ਬਣਾ ਲਿਆ ਤੇ ਕੈਲਗਰੀ ਸਾ਼ਹਿਰ ਵਿਚ ਰਹਿੰਦਿਆਂ ਹੋਇਆ ਮਹਰੂਮ ਇਕਬਾਲ ਅਰਪਨ ਜੀ ਦੀ ਅਗਵਾਈ ਹੇਠ 1999 ਵਿਚ ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਦਾ ਮੈਂਬਰ ਬਣ ਗਿਆ। ਮੈਂ ਮਹਿੰਦਰਪਾਲ ਸਿੰਘ ਪਾਲ ਦੀਆਂ ਤਿੰਨੇ ਹੀ ਪੁਸਤਕਾਂ ਪੜ੍ਹੀਆਂ ਹਨ ਜਿਸ ਵਿਚ ਉਹਨਾਂ ਦਾ ਪਹਿਲਾ ਗ਼ਜ਼ਲ ਸੰਗ੍ਰਹਿ ‘ਨਵੇਂ ਸਵੇਰੇ ਨਵੀਆਂ ਮਹਿਕਾਂ’ ਜੋ ਸਾਲ 2003 ਛਪਿਆ। ਦੂਸਰਾ ਗ਼ਜ਼ਲ ਸੰਗ੍ਰਹਿ ‘ਖਮੋਸ਼ੀਆਂ’ ਸਾਲ 2008 ਵਿਚ ਪ੍ਰਕਾਸਿ਼ਤ ਹੋਇਆ। ਸਾਲ 2011 ਉਹ ਆਪਣੀ ਸ਼ਾਇਰੀ ਦੇ ਹੋਰ ਸੂਖ਼ਮ ਅਤੇ ਮਨੁੱਖਵਾਦੀ ਰੰਗ ਨਵੀਂ ਕਿਤਾਬ ‘ਆਲ੍ਹਣਾ’ ਰਾਹੀ ਸਾਹਿਤਕ ਖੇਤਰ ਵਿਚ ਭਰਪੂਰ ਹਾਜ਼ਰੀ ਲਵਾਈ। ਇਸ ਕਿਤਾਬ ਵਿਚ ਉਹਨਾਂ ਦੀਆਂ ਕੁਝ ਰੁਬਾਈਆਂ ਸਮੇਤ 79 ਗ਼ਜ਼ਲਾਂ ਅਤੇ ਕਵਿਤਾਵਾਂ ਦਰਜ਼ ਹਨ।

ਮਹਿੰਦਰਪਾਲ ਸਿੰਘ ਪਾਲ ਦੇ ਇਸ ਕਾਵਿ-ਸੰਗ੍ਰਹਿ ਵਿਚ ਪਿਆਰ ਮੁਹੱਬਤ ਤੋਂ ਬਿਨਾਂ ਧਰਮ, ਨਸਲਵਾਦ, ਜਾਤ-ਪਾਤ ਅਤੇ ਮਨੁੱਖਤਾ ਦੇ ਹੋਰ ਮਸਲਿਆਂ ਬਾਰੇ ਬੜੀ ਸੂਖ਼ਮ ਅਤੇ ਮਨੁੱਖਤਾ ਦਾ ਭਲਾ ਮੰਗਦੀ ਤਰਕਵਾਦੀ ਕਵਿਤਾ ਅਤੇ ਗ਼ਜ਼ਲ ਦਰਜ਼ ਹੈ। ਜਿਸ ਵਿਚ ਉਸਦੀ ਕੋਮਲ ਅਤੇ ਮਨੁੱਖਵਾਦੀ ਸੋਚ ਦੇ ਦਰਸ਼ਨ ਹੁੰਦੇ ਹਨ। ਉਹ ਮਨੁੱਖ ਨੂੰ ਮਨੁੱਖ ਦੇ ਭੇਸ ਵਿਚ ਬੈਠੇ ਸੈ਼ਤਾਨਾਂ ਤੋਂ ਅਗਾਂਹ ਵੀ ਕਰਦਾ ਹੈ ਕਿ ਇਹ ਸ਼ੈਤਾਨ ਮਨੁੱਖ ਨੂੰ ਮਨੁੱਖ ਨਾਲ ਕਦੇ ਜਾਤਾਂ ਦੇ ਨਾਮ ਉੱਪਰ, ਕਦੇ ਧਰਮਾਂ ਦੇ ਨਾਮ ਉੱਪਰ ਲੜਾਉਂਦੇ ਹਨ ਤੇ ਆਪਣਾ ਉੱਲੂ ਸਿੱਧਾ ਕਰਦੇ ਹਨ। ਆਓ ਇਸ ਨਾਲ ਸਬੰਧਤ ਇਸ ਪੁਸਤਕ ਦੀ ਇਕ ਗ਼ਜ਼ਲ ਨਾਲ ਇਸ ਕਿਤਾਬ ਬਾਰੇ ਗੱਲ ਕਰਦੇ ਹੋਏ ਮਹਿੰਦਰਪਾਲ ਸਿੰਘ ਪਾਲ ਦੀ ਕਵਿਤਾ ਅਤੇ ਗ਼ਜ਼ਲ ਦੇ ਰੰਗਾਂ ਦੇ ਰੁਬਰੂ ਹੋਈਏ।

ਹਰ ਕਸਬੇ ਹਰ ਸ਼ਹਿਰ ਮਦਾਰੀ ਬੈਠੇ ਨੇ।
ਬਚ ਕੇ ਰਹਿਣਾ, ਯਾਰ ਸਿ਼ਕਾਰੀ ਬੈਠੇ ਨੇ।
ਕਰਦੇ ਸੌਦਾ ਜਿਸਮਾਂ ਦਾ ਤੇ ਰੂਹਾਂ ਦਾ
ਵੱਡੇ ਧੋਖ਼ੇਬਾਜ਼ ਵਿਉਪਾਰੀ ਬੈਠੇ ਨੇ।
ਨ਼ਫ਼ਰਤ ਤੇ ਸਾੜੇ ਦੇ ਰੰਗ ਨੇ ਘੋਲ ਰਹੇ,
ਸ਼ੈਤਾਨਾਂ ਦੇ ਦਲਾਲ ਲਲਾਰੀ ਬੈਠੇ ਨੇ।
ਵੇਖਣ ਵਿਚ ਉਹ ਲਗਦੇ ਭੋਲੇ ਭਾਲੇ ਨੇ,
ਲੈ ਕੇ ਤਿੱਖੀ ਤੇਜ਼ ਕਟਾਰੀ ਬੈਠੇ ਨੇ।
ਕੋਈ ਧਰਮ ਈਮਾਨ ਨਾ ਜਾਪੇ ਏਨਾਂ ਦਾ,
ਵੇਖਣ ਨੂੰ ਪਰ ਬਹੁਤ ਪੁਜਾਰੀ ਬੈਠੇ ਨੇ।
ਕੀ ਹੈ ‘ਪਾਲ’ ਇਲਾਜ਼ ਅਜੇਹੇ ਲੋਕਾਂ ਦਾ,
ਹਿੰਸਾ ਦੀ ਜੋ ਸਾਂਭ ਬਿਮਾਰੀ ਬੈਠੇ ਨੇ। (ਸਫ਼ਾ 34)


ਮਹਿੰਦਰਪਾਲ ਸਿੰਘ ਪਾਲ ਦੀ ਕਿਤਾਬ ਦੀਆਂ ਗ਼ਜ਼ਲਾਂ ਅਤੇ ਕਵਿਤਾਵਾਂ ਵਿਚ ਪਿਆਰ ਮੁਹੱਬਤ ਦੇ ਰੰਗ ਵੀ ਹਨ ਪਰ ਬਹੁਤੀਆਂ ਰਚਨਾਵਾਂ ਮਨੁੱਖਵਾਦੀ ਹਨ ਤੇ ਕਵੀ ਖੁ਼ਦ ਚਾਹੁੰਦਾ ਹੈ ਕਿ ਹੁਸਨ-ਇਸ਼ਕ ਦੇ ਕਿੱਸੇ ਬਹੁਤ ਲਿਖ਼ੇ ਜਾ ਚੁੱਕੇ ਹਨ ਹੁਣ ਦੱਬੇ-ਕੁਚਲੇ ਲੋਕਾਂ ਦੇ ਹੱਕਾਂ ਦੀ ਗੱਲ ਕਰੀਏ ਅਤੇ ਇਹ ਆਪਣੇ-ਆਪ ਤੋਂ ਸੁ਼ਰੂ ਕਰੀਏ, ਪਹਿਲਾ ਆਪਣੇ ਅੰਦਰ ਦਾ ਹਨ੍ਹੇਰਾ ਦੂਰ ਕਰੀਏ। ਜਦੋਂ ਅਸੀਂ ਆਪਣੇ ਅੰਦਰ ਦਾ ਹਨ੍ਹੇਰਾ ਦੂਰ ਕਰ ਲਿਆ ਤਾਂ ਫਿਰ ਅਸੀ ਹਰ ਜਗ੍ਹਾਂ ਤੋਂ ਹਨੇਰਾ ਦੂਰ ਕਰਨ ਦਾ ਦਿਰੜ ਇਰਾਦਾ ਕਰਕੇ ਹਨ੍ਹੇਰੇ ਰਾਹਾਂ ਨੂੰ ਰੁਸ਼ਨਾ ਸਕਦੇ ਹਾਂ। ਅਜਿਹੇ ਆਸ਼ਾਵਾਦੀ ਵਿਚਾਰ ਉਸਦੀਆਂ ਇਸ ਸੰਗ੍ਰਹਿ ਦੀਆਂ ਬਹੁਤੀਆਂ ਗਜ਼ਲਾਂ ਅਤੇ ਕਵਿਤਾਵਾਂ ਵਿਚ ਮਿਲਦੇ ਹਨ ਜਿਵੇਂ-

ਬਹੁਤ ਲਿਖ ਚੁੱਕੇ ਹੋ ਕਿੱਸੇ ਹੁਣ ਹੁਸਨ ਦੇ
ਹੁਣ ਕਿਸੇ ਮਜ਼ਲੂਮ ਦਾ ਕਿੱਸਾ ਲਿਖੋ।
ਬਾਲਦੇ ਫਿਰਦੇ ਹੋ ਦੀਵੇ ਹਰ ਜਗ੍ਹਾ
ਆਪਣੇ ਹਿਰਦੇ ਨੂੰ ਵੀ ਰੌਸ਼ਣ ਕਰੋ। (ਸਫ਼ਾ 27)

ਬਹੁਤ ਬਹਾਰਾਂ ਦੇ ਗੀਤ ਨਗਮੇ ਅਸੀਂ ਗਾਏ ਨੇ
ਪਤਝੜ ਦੇ ਵੀ ਗੀਤ ਬਣਾਉਂਦੇ ਜਾਵਾਂਗੇ।
ਨੇਰ੍ਹੀਆਂ ਰਾਹਾਂ ਸਾਨੂੰ ਨਹੀਂ ਮਨਜ਼ੂਰ ਕਦੇ
ਮੋੜ ਮੋੜ ਤੇ ਦੀਪ ਜਗਾਉਂਦੇ ਜਾਵਾਂਗੇ। (ਸਫ਼ਾ 51)


ਉਹ ਆਪਣੀਆਂ ਕਵਿਤਾਵਾਂ ‘ਹਨੇਰਾ’ ਅਤੇ ‘ਚਾਨਣ’ ਵਿਚ ਵੀ ਇਹੀ ਸੁਨੇਹਾ ਦਿੰਦਾ ਹੈ ਕਿ ਹਨੇਰੇ ਵਿਚ ਡੁੱਬਦੀ ਦੁਨੀਆਂ ਜਿਸ ਵਿਚ ਹਰ ਪਾਸੇ ਨਫ਼ਰਤ ਅਤੇ ਹਿੰਸਾ ਹੈ, ਸਿਆਸਤਦਾਨ ਮਨੁੱਖ ਨੂੰ ਮਨੁੱਖ ਨਾਲ ਲੜਾਕੇ ਆਪਣੀਆਂ ਸਿਆਸੀ ਰੋਟੀਆਂ ਸੇਕ ਰਹੇ ਹਨ ਅਤੇ ਨਿਰਦੋਸ਼ ਅਤੇ ਸ਼ਰੀਫ਼ ਲੋਕਾਂ ਨਾਲ ਧੱਕੇ-ਸ਼ਾਹੀਆਂ ਹੋ ਰਹੀਆਂ ਹਨ। ਉਹ ਇਸ ਹਨੇਰੇ ਵਿਚ ਚਾਨਣ ਦੀ ਜੋਤ ਜਗਾਉਣ ਦੀ ਆਸ਼ਾਵਾਦੀ ਸੋਚ ਰੱਖਦਾ ਹੈ –

ਹਾਲੀ ਵੀ ਉਸ ਧਰਤੀ ਤੇ ਬੱਚੇ
ਸਕੂਲ ਜਾਣ ਦੀ ਬਜਾਏ
ਸੜਕਾਂ ਤੇ ਕੂੜਾ ਚੁਕਦੇ
ਭਾਂਡੇ ਧੋਂਦੇ ਜਾਂ ਬੂਟ ਪਾਲਿਸ਼ ਕਰਦੇ
ਨਜ਼ਰ ਆਉਂਦੇ ਹਨ
ਹੁਣ ਮੈਂ ਧਰਤੀ ਦੇ ਉਸ ਟੁਕੜੇ ਲਈ
ਜਿਸ ਨਾਲ ਮੇਰਾ ਜਨਮ ਦਾ ਨਾਤਾ ਹੈ
ਇਕ ਚਾਨਣ ਦੀ ਮੰਗ ਕਰਦਾ ਹਾਂ (ਸਫ਼ਾ 107)

ਚੁਫੇਰੇ ਕੂੜ ਸਿਆਸਤ ਤਣ ਗਈ
ਬੰਦੇ ਦੀ ਦੁਸ਼ਮਣ ਬਣ ਗਈ
ਅੱਖ ਕੰਨ ‘ਤੇ ਬੰਨ ਕੇ ਪੱਟੀ
ਸ਼ਰਾਫਤ ਅੰਨੀ ਬਹਿਰੀ ਬਣ ਗਈ
ਬੇਦੋਸ਼ੇ ਤੇ ਹੋ ਕਹਿਰ ਰਿਹਾ ਹੈ
ਚਲ ਥੋੜਾ ਜਿਹਾ ਚਾਨਣ ਕਰੀਏ (ਸਫ਼ਾ 114)


ਮਨੁੱਖ ਦਾ ਇਹ ਸੁਭਾਅ ਹੈ ਕਿ ਉਹ ਆਪਣੇ ਨਾਲ ਹੋਏ ਅਨਿਆਂ ਦਾ ਤਾਂ ਬੜਾ ਰੌਲਾ ਪਾਉਂਦਾ ਹੈ ਪਰ ਉਸ ਨੂੰ ਆਪਣੇ ਵੱਲੋਂ ਹੋਰਾਂ ਨਾਲ ਕੀਤੇ ਜਾ ਰਹੇ ਅਨਿਆਂ ਅਤੇ ਧੱਕੇ ਬਿਲਕੁਲ ਨਜ਼ਰ ਨਹੀਂ ਆਉਂਦੇ। ਇਸ ਧੱਕੇ ਵਿਚ ਇਕ ਧੱਕਾ ਨਸਲਵਾਦ ਹੈ। ਬੇਸ਼ਕ ਬਹੁਤ ਸਾਰੇ ਪਰਵਾਸੀ ਪੰਜਾਬੀ ਜਦੋਂ ਖੱਟਣ-ਕਮਾਉਣ ਘਰਾਂ ਤੋਂ ਨਿਕਲੇ ਤਾਂ ਉਹਨਾਂ ਨਾਲ ਹੋਏ ਨਸਲਵਾਦ ਦੇ ਧੱਕੇ ਨੇ ਉਹਨਾਂ ਨੂੰ ਇਹ ਅਹਿਸਾਸ ਕਰਵਾਇਆ ਹੈ ਕਿ ਉਹ ਵੀ ਤਾਂ ਆਪਣੇ ਪਿਛਲੇ ਘਰਾਂ/ਪਿੰਡਾਂ/ ਸ਼ਹਿਰਾਂ ਵਿਚ ਨਸਲਵਾਦ ਕਰਦੇ ਰਹੇ ਹਨ ਪਿੰਡਾਂ ਦੇ ਕਾਮਿਆਂ ਨਾਲ, ਦੂਸਰੇ ਸੂਬੇ ਵਿਚੋਂ ਆਏ ਕਾਮਿਆਂ ਨਾਲ ਪਰ ਜਦੋਂ ਬਾਹਰਲੇ ਦੇਸ਼ਾਂ ਵਿਚ ਆਕੇ ਖ਼ੁਦ ਨੂੰ ਨਸਲਵਾਦ ਦਾ ਸਿ਼ਕਾਰ ਹੋਣਾ ਪੈਦਾ ਹੈ ਤਾਂ ਅਸੀਂ ਇਸ ਦਾ ਵਿਰੋਧ ਕਰਦੇ ਹਨ। ਜਾਗਰੂਕ ਗੋਰੇ ਜਾਣਦੇ ਹਨ ਕਿ ਜਿੰਨ੍ਹਾਂ ਨਸਲਵਾਦ ਭਾਰਤ ਵਿਚ ਹੈ ਉਨ੍ਹਾਂ ਸਾਡੇ ਦੇਸ਼ਾਂ ਵਿਚ ਨਹੀਂ। ਮਹਿੰਦਰਪਾਲ ਨੇ ਸਾਡੀ ਆਪਣੀ ਹੀ ਮਨੋਸਥਿਤੀ ਨੂੰ ‘ਅਸੀਂ’ ਕਵਿਤਾ ਵਿਚ ਬੜੇ ਤੁਲਨਾਤਮਕ ਢੰਗ ਨਾਲ ਸਾਡੇ ਸਾਹਮਣੇ ਰੱਖਿਆ ਹੈ-

ਅਸੀਂ ਉਹ ਹੀ ਹਾਂ
ਜਿਹੜੇ ਆਪਣੇ ਦੇਸ਼ ਵਿਚ
ਛੋਟੀ ਜਾਤੀ ਦੇ
ਘੜੇ ਨੂੰ ਹੱਥ
ਲੱਗ ਜਾਣ ਨਾਲ
ਭਿੱਟੇ ਜਾਂਦੇ ਹਾਂ।
ਅਸੀਂ ਉਹ ਹੀ ਹਾਂ
ਜਿਹੜੇ ਕਿਸੇ
ਦੂਜੇ ਸੂਬੇ ਵਿਚੋਂ ਆਏ
ਕਾਮੇ ਨੂੰ
ਉਸ ਦੇ ਨਾਮ ਦੇ ਥਾਂ
ਹੇ ਭਈਆਂ ਕਹਿ ਕੇ
ਬਲਾਉਂਦੇ ਹਾਂ।
……………
ਹੁਣ ਅਸੀਂ
ਇਸ ਚੌਕ ਵਿਚ ਇਕੱਠੇ ਹੋਕੇ
ਨਸਲਵਾਦ ਵਿਰੁੱਧ
ਨਾਅਰੇ ਲਾਵਾਂਗੇ
………………
ਸਾਨੂੰ ਇਸ ਗੱਲ ਦਾ ਗ਼ਮ ਨਹੀਂ
ਕਿ ਨਸਲਵਾਦ ਹੋ ਰਿਹਾ ਹੈ
ਸਾਨੂੰ ਇਸ ਗੱਲ ਦਾ ਗ਼ਮ ਹੈ
ਕਿ ਨਸਲਵਾਦ ਸਾਡੇ ਨਾਲ
ਹੋ ਰਿਹਾ ਹੈ। (ਸਫ਼ਾ 85,86)


ਮਹਿੰਦਰਪਾਲ ਦੀ ਕਵਿਤਾ ਅਤੇ ਗ਼ਜ਼ਲ ਵਿਚ ਵਿਦਰੋਹ ਦਾ ਰੂਪ ਵੀ ਬੜਾ ਪਿਆਰਾ ਹੈ। ਅੱਜ ਮਨੁੱਖਾ ਵਿਚ ਚਮਚਾਗਿਰੀ ਵਧ ਗਈ ਹੈ, ਲੋਕ ਆਪਣੇ ਨਿੱਕੇ-ਨਿੱਕੇ ਸਵਾਰਥਾਂ ਲਈ ਆਪਣੀ ਸੋਚ, ਸਮਝ, ਸਿਆਣਪ, ਸਵੈਮਾਣ ਸਭ ਕੁਝ ਦਾਅ ਤੇ ਲਾਕੇ ਫ਼ਜੂਲ ਦੀਆਂ ਚਮਚਾਗਿਰੀਆਂ ਕਰਦੇ ਹਨ ਅਜਿਹੇ ਬੰਦੇ ਇਕ ਵਾਰ ਤਾਂ ਇਹ ਸੋਚਦੇ ਹਨ ਕਿ ਪੈਰ ਥੱਲੇ ਬਟੇਰਾ ਲਿਆਉਣ ਦੀ ਜਾਂਚ ਸਿਰਫ਼ ਉਹਨਾਂ ਨੂੰ ਹੀ ਆ ਤੇ ਬਾਕੀ ਲੋਕ ਤਾਂ ਬੁੱਧੂ ਹੀ ਹਨ। ਪਰ ਇਹੋ ਜਿਹੇ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਲੋਕਾਂ ਵਿਚ ਉਹਨਾਂ ਦੀ ਕੀ ਤਸਵੀਰ ਬਣ ਰਹੀ ਹੈ ਤੇ ਇਹੋ ਤਸਵੀਰ ਕਈ ਵਾਰ ਮੌਕੇ ਦੀ ਚਮਚਾਗਿਰੀ ਨਾਲ ਤਾਂ ਅਸਥਾਈ ਲਾਭਦਾਇਕ ਹੋ ਸਕਦੀ ਹੈ ਪਰ ਉਸ ਮਨੁੱਖ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਕੰਡੇ ਬੀਜ ਜਾਂਦੀ ਹੈ। ਇਸ ਮਰੀ ਜ਼ਮੀਰ ਵਾਲੇ ਮਨੁੱਖਾ ਪੱਲੇ ਪੈਸਾ ਤਾਂ ਵੱਧ ਹੋ ਸਕਦਾ ਹੈ ਪਰ ਸਮਾਜਿਕ ਰੁਤਬਾ ਦਿਨੋ-ਦਿਨ ਗਿਰਦਾ ਜਾਂਦਾ ਹੈ ਇਹ ਚਮਚੇਬਾਜ਼ ਜਿ਼ੰਦਗੀਂ ਦੇ ਆਖ਼ਰੀ ਦਿਨਾਂ ਵਿਚ ਬਹੁਤ ਇਕੱਲੇ ਰਹਿ ਜਾਂਦੇ ਹਨ ਕਿਉਂਕਿ ਉਹਨਾਂ ਦੇ ਸਵਾਰਥੀ ਕੰਮਾਂ ਕਰਕੇ ਉਹਨਾਂ ਦੇ ਮੇਲ-ਜੋਲ ਵੀ ਸਵਾਰਥੀ ਲੋਕਾਂ ਨਾਲ ਹੀ ਹੁੰਦੇ ਹਨ ਜੋ ਇਹ ਸੋਚਕੇ ਪਾਸਾ ਵੱਟ ਲੈਂਦੇ ਹਨ ਕਿ ਹੁਣ ਅਸੀਂ ਇਸ ਤੋਂ ਕੀ ਲੈਣਾ ਹੈ। ਇਸੇ ਕਰਕੇ ਮਹਿੰਦਰਪਾਲ ਆਪਣੀ ਕਵਿਤਾ ਕਠਪੁਤਲੀ ਰਾਹੀਂ ਇਹੋ ਸੁਨੇਹਾਂ ਦਿੰਦਾ ਹੈ ਕਿ ਕਦੇ ਵੀ ਆਪਣਾ ਵਜ਼ੂਦ ਦਾਅ ਤੇ ਨਾ ਲਾਓ-

ਮੈਂ ਉਹ ਹੀ ਕਰਾਗਾਂ
ਜੋ ਮੈਂ ਚਾਵਾਂਗਾ
ਜਿਹੜਾ ਮੈਨੂੰ ਭਾਉਂਦਾ ਹੋਵੇ
ਜਿਹੜਾ ਮੇਰੀ ਸੋਚ ਦੇ ਅਨੁਕੂਲ ਹੋਵੇ
ਕਿਉਂ ਕਿ
ਮੈਂ ਕਠਪੁਲਤੀ ਨਹੀਂ ਹਾਂ
ਕਠਪੁਤਲੀ ਦਾ ਕੋਈ
ਵਜੂਦ ਨਹੀਂ ਹੁੰਦਾ (ਸਫ਼ਾ 72)


ਦੋਗਲੇ ਲੋਕ ਹਰ ਸਮਾਜ/ਸੁਸਾਇਟੀ ਵਿਚ ਹੁੰਦੇ ਹਨ, ਇਹ ਲੋਕ ਬੜੇ ਖ਼ਤਰਨਾਕ ਕਿਸਮ ਦੇ ਹੁੰਦੇ ਹਨ। ਘਰ ਤੋਂ ਦੁਨੀਆਂ ਤੱਕ ਜਿਹੜੇ ਝਗੜੇ-ਝੇੜੇ, ਵੰਡਾਂ, ਲੜਾਈਆਂ ਹੁੰਦੀਆਂ ਹਨ ਇਹਨਾਂ ਵਿਚ ਦੋਗਲੇ ਲੋਕਾਂ ਦੀ ਮੁੱਖ ਭੂਮਿਕਾ ਹੁੰਦੀ ਹੈ। ਇਹ ਇੱਕ ਕਹਾਵਤ ‘ਅੱਗ ਲਾਕੇ ਡੱਬੂ ਕੰਧ ਤੇ’ ਵਾਲੇ ਡੱਬੂ ਤੋਂ ਵੱਧ ਖ਼ਤਰਨਾਕ ਹੁੰਦੇ ਹਨ, ਕਿਉਂਕਿ ਇਹ ਦੋਗਲੇ ਡੱਬੂ ਅੱਗ ਲਗਾਉਣ ਬਾਅਦ ਕੰਧ ਤੇ ਨਹੀਂ ਬਹਿੰਦੇ ਬਲਕਿ ਕੰਧ ਦੇ ਏਧਰ-ਓਧਰ ਛਾਲਾਂ ਮਾਰਕੇ ਅੱਗ ਨੂੰ ਵਧਾਉਣ ਤੇ ਭੜਕਾਉਣ ਦਾ ਕੰਮ ਵੀ ਕਰਦੇ ਹਨ, ਜਦੋਂ ਲੱਗੇ ਕਿ ਹੁਣ ਅੱਗ ਪੂਰੀ ਮਘ ਗਈ ਹੈ ਤਾਂ ਇਹ ਆਪਣਾ ਕਾਰੋਬਾਰ ਹੋਰ ਅੱਗੇ ਸ਼ੁਰੂ ਕਰ ਲੈਂਦੇ ਹਨ ਕਿਉਂਕਿ ਇਹ ਮਾਨਸਿਕ ਤੌਰ ਤੇ ਵੀ ਇੰਨੇ ਅਸਥਿਰ ਹੁੰਦੇ ਹਨ ਕਿ ਟਿਕਕੇ ਨਹੀਂ ਬੈਠ ਸਕਦੇ। ਦੁਬਰਾ ਫਿਰ ਕਈ ਪਾਸੇ ਤੀਰ ਚਲਾੳਂੁਦੇ ਹਨ ਤੇ ਇਕ ਅੱਧਾ ਤੀਰ ਫਿਰ ਇਹਨਾਂ ਦੀ ਸੋਚ ਅਨੁਸਾਰ ਟਿਕਾਣੇ ਤੇ ਲੱਗ ਜਾਂਦਾ ਹੈ ਇਸ ਤਰ੍ਹਾਂ ਇਹਨਾਂ ਦਾ ਤੋਰੀ-ਫੁਲਕਾ ਚੱਲਦਾ ਰਹਿੰਦਾ ਹੈ। ਮਹਿੰਦਰਪਾਲ ਨੇ ਆਪਣੀ ਕਵਿਤਾ ‘ਦੋਗਲੇ’ ਵਿਚ ਇਹਨਾਂ ਦੇ ਕਿਰਦਾਰ ਦੀ ਪੂਰੀ ਤਸਵੀਰ ਖਿੱਚੀ ਹੈ। ਦਿਲ ਤਾਂ ਕਰਦਾ ਹੈ ਪੂਰੀ ਕਵਿਤਾ ਨਾਲ ਆਪ ਦੀ ਸਾਂਝ ਪਵਾਉਂਦਾ ਪਰ ਲੇਖ ਦੀ ਲੰਬਾਈ ਨੂੰ ਧਿਆਨ ਵਿਚ ਰੱਖਦਿਆਂ ਕੁਝ ਬੰਦ ਸਾਂਝੇ ਕਰਦਾ ਹਾਂ-

ਜਿੱਧਰ ਜਾਵਾਂ ਮਿਲ ਹੀ ਜਾਵਣ ਦੋਗਲੇ।
ਰਿਸ਼ਤਿਆਂ ਵਿਚ ਦਰਾਰਾਂ ਪਾਵਣ ਦੋਗਲੇ।
ਟਾਵੇਂ ਟਾਵੇਂ ਲੱਗਣ ਤੀਰ ਨਿਸ਼ਾਨੇ ਤੇ,
ਐਪਰ ਨਿਤ ਹੀ ਤੀਰ ਚਲਾਵਣ ਦੋਗਲੇ।
ਜਦ ਦੋ ਧਿਰਾਂ ‘ਚ ਖਿੱਚਾ ਧੂਈ ਹੋ ਜਾਵੇ,
ਦਿਲ ਹੀ ਦਿਲ ਅੰਦਰ ਮੁਸਕਾਵਣ ਦੋਗਲੇ।
ਮੂੰਹ ਦੇ ਮਿੱਠੇ ਦਿਲ ਦੇ ਭਾਵੇ ਕਾਲੇ ਇਹ,
ਗੱਲਾਂ ਨਾ ਸਭ ਨੂੰ ਭਰਮਾਵਣ ਦੋਗਲੇ। (ਸਫ਼ਾ 73)


ਇਹ ਅਸੰਭਵ ਹੈ ਕਿ ਕਿਸੇ ਪਰਵਾਸੀ ਨੂੰ ਆਪਣੀ ਜਨਮ ਮਿੱਟੀ ਦੀ ਯਾਦ ਨਾ ਆਵੇ ਬੇਸ਼ਕ ਲੰਬਾ ਸਮਾਂ ਵਿਦੇਸ਼ ਵਿਚ ਰਹਿਣ ਨਾਲ ਸਾਡੀਆਂ ਪੁਰਾਣੀਆਂ ਸੋਚਾਂ ਤੇ ਗਰਦਾਂ ਪੈ ਜਾਂਦੀਆਂ ਹਨ ਅਸੀਂ ਘਾਹ ਦੀ ਤਰ੍ਹਾਂ ਨਵੀ ਮਿੱਟੀ ਨਾਲ ਜੜ੍ਹਾਂ ਰਾਹੀਂ ਨਹੀਂ ਬਲਕਿ ਜੜ੍ਹ ਵਿਹੂਣੇ ਦਰਖ਼ਤ ਦੇ ਤੌਰ ਤੇ ਪੱਤਿਆਂ ਤੇ ਫਲ, ਫੁੱਲਾਂ ਰਾਹੀਂ ਜੁੜ ਜਾਂਦੇ ਹਾਂ ਤੇ ਫਲ, ਫੁੱਲਾਂ ਦਾ ਪਿਆਰ ਅਤੇ ਦੂਸਰਾ ਵਤਨ ਦੀ ਧਰਤੀ ਤੇ ਫੈਲੀ ਕਈ ਤਰ੍ਹਾਂ ਦੀ ਧੱਕੇ-ਸ਼ਾਹੀ, ਬੇਰੋਜ਼ਗਾਰੀ ਸਾਨੂੰ ਉੱਥੇ ਵਾਪਸ ਜਾਣ ਤੋਂ ਵੀ ਰੋਕਣ ਲੱਗਦੀ ਹੈ। ਪਰ ਪਰਵਾਸੀ ਮਨੁੱਖ ਮਾਨਸਿਕ ਤੌਰ ਤੇ ਆਪਣੇ ਪਿੰਡ/ਸ਼ਹਿਰ/ਕਸਬੇ ਨਾਲ ਮਰਨ ਤੱਕ ਜੁੜਿਆ ਰਹਿੰਦਾ ਹੈ।

ਇੱਕ ਗੱਲ ਰੜਕਦੀ ਰਹੀ ਹੈ ਕਿ ਬਹੁਤੇ ਪਰਵਾਸੀਆਂ ਨੇ ਸ਼ੁਰੂ ਵਿਚ ਏਧਰੋਂ ਜਾਕੇ ਮੌਜ-ਬਹਾਰਾਂ, ਡਾਲਰਾਂ-ਪੌਡਾਂ, ਗੋਰੀਆਂ ਮੇਮਾਂ ਦੇ ਇੰਨੇ ਮਨਘੜਤ ਕਿੱਸੇ ਓਧਰ ਜਾਕੇ ਸੁਣਾਏ ਕਿ ਆਹ ਇੰਟਰਨੈੱਟ, ਟਵਿੱਟਰ, ਫੇਸਬੁੱਕ ਤੋਂ ਪਹਿਲਾਂ ਉਹਨਾਂ ਨੂੰ ਇੱਥੋਂ ਦੀ ਹੱਡਭੰਨਵੀਂ ਮਿਹਨਤ ਅਤੇ ਵੱਡੀਆਂ ਡਿਗਰੀਆਂ ਨੀਵੇਂ ਕੰਮਾਂ ਦਾ ਕਿੱਸਾ ਦੱਸਿਆ ਹੀ ਨਹੀਂ ਤੇ ਓਧਰ ਬੈਠੇ ਲੋਕ ਇਧਰੋਂ ਗਿਆ ਨੂੰ ਸਵਰਗ ਵਿਚੋਂ ਆਏ ਲੋਕ ਸਮਝਦੇ ਰਹੇ ਜਿੱਥੇ ਡਾਲਰ-ਪੌਂਡ ਦਰੱਖਤਾਂ ਨੂੰ ਲੱਗਦੇ ਹਨ। ਕਿਸੇ ਨੇ ਨਹੀਂ ਦੱਸਿਆ ਕਿ ਅਸੀਂ ਤਾਂ ਓਧਰ ਸੋਲਾਂ-ਸੋਲਾਂ ਘੰਟੇ ਮਸ਼ੀਨਾਂ ਤੇ ਟੰਗੇ ਰਹਿੰਦੇ ਹਾਂ ਬੱਸ ਮਹੀਨਾ ਕੁ ਓਧਰ ਜਾਕੇ ਡਾਲਰਾਂ-ਪੌਡਾਂ ਦੇ ਖੁੱਲ੍ਹੇ ਰੁਪਏ ਬਣਾਕੇ ਕਾਰਾਂ, ਲੰਡੀਆਂ ਜੀਪਾਂ, ਕੋਠੀਆਂ ਦੇ ਅਜਿਹੇ ਦਿਖਾਵੇ ਕੀਤੇ ਕਿ ਉਧਰਲਾ ਹਰ ਚੰਗਾ ਭਲਾ ਵੱਸਦਾ ਮਨੁੱਖ ਚਾਹੇ ਉਹ ਵਧੀਆ ਨੌਕਰੀ ਕਰਦਾ ਜਾਂ ਚੰਗਾ ਜਿ਼ੰਮੀਦਾਰ ਵੀ ਵਿਦੇਸ਼ ਵੱਲ ਖਿੱਚਿਆ ਗਿਆ।

ਇਧਰ ਭੱਜ-ਭੱਜ 16 ਸੋਲਾਂ-ਸੋਲਾਂ ਘੰਟੇ ਕੰਮ ਕਰਦੀਆਂ ਤੇ ਰੋਟੀ ਵੀ ਛੇਤੀ ਵਿਚ ਕੋਕਲੀ ਬਣਾਕੇ ਖ਼ਾਦੀਆਂ ਸਾਡੀਆਂ ਵਿਦੇਸ਼ੀ ਆਈਆ ਦੇਸੀ ਬੀਬੀਆਂ ਜਦੋਂ ਉਧਰ ਵਾਪਸ ਜਾਕੇ ਹਾਈ ਸੁਸਾਇਟੀ ਦਾ ਪ੍ਰਭਾਵ ਪਾਉਣ ਲਈ ਗੁਲਾਬ ਜਾਮਣ ਵੀ ਇਸ ਤਰ੍ਹਾਂ ਮੂੰਹ ਬਣਾਕੇ ਖ਼ਾਦੀਆਂ ਹਨ ਕਿ ਜਿਵੇਂ ਉਹਨੂੰ ਕੰਡੇ ਲੱਗੇ ਹੋਣ ਤਾਂ ਓਧਰ ਚੰਗੀ ਭਲੀ ਨੌਕਰੀ ਕਰਦੀ ਲੜਕੀ ਵੀ ਮਾਪਿਆਂ ਨੂੰ ਆਖਣ ਲੱਗ ਜਾਂਦੀ ਹੈ ਕਿ ਭਾਵੇ ਲੱਗੇ ਪੱਚੀ ਲੱਖ ਤੇ ਭਾਵੇ ਤੀਹ ਲੱਖ, ਮੇਰੇ ਲਈ ਮੁੰਡਾ ਬਾਹਰਲਾ ਹੀ ਲੱਭਣਾ। ਪਰ ਹੁਣ ਵਿਸ਼ਵੀਕਰਣ ਦੇ ਜ਼ਮਾਨੇ ਵਿਚ ਲੋਕਾਂ ਨੂੰ ਸਭ ਪਤਾ ਲੱਗ ਗਿਆ ਹੈ ਕਿ ਵਿਦੇਸ਼ ਦੀ ਜਿ਼ੰਦਗੀਂ ਵਿਚ ਮਿਹਨਤ ਬਹੁਤ ਕਰਨੀ ਪੈਂਦੀ ਹੈ, ਬਾਕੀ ਲੇਖਕਾਂ ਨੇ ਵੀ ਇੱਥੋਂ ਦੀ ਜਿ਼ੰਦਗੀ ਦੀ ਹਕੀਕਤ ਬਿਆਨ ਕਰਦੀਆਂ ਕਹਾਣੀਆਂ/ਕਵਿਤਾਵਾਂ/ ਨਾਵਲ ਲਿਖ਼ਕੇ ਸਭ ਪਰਦੇ ਚੁੱਕੇ ਹਨ। ਮਹਿੰਦਰਪਾਲ ਵੀ ਆਪਣੀ ਕਵਿਤਾ ‘ਮੇਰਾ ਪਿੰਡ’ ਵਿਚ ਇਹੋ ਦੱਸਦਾ ਹੈ-

ਉਹ ਸੋਚਣ ਕਿ ਵਿਦੇਸ਼ ਜਾਣ ਨਾਲ ਹੀ
ਬੱਸ ਹੋਣੀਆਂ ਨੇ ਸੱਭੇ ਖ਼ਤਮ ਮੁਸ਼ਕਲਾਂ।
ਉਹ ਨਾਂ ਜਾਨਣ ਕਿ ਵਿਚ ਪਰਦੇਸ ਆਣ ਕੇ,
ਕੀ-ਕੀ ਕਰਨੀਆਂ ਪੈਦੀਆਂ ਨੇ ਘਾਲਣਾਂ। (ਸਫ਼ਾ 67)


ਇਸ ਤੋਂ ਇਲਾਵਾ ਇਸ ਸੰਗ੍ਰਹਿ ਵਿਚ ਕਵੀ ਦੀਆਂ ਬਹੁਤ ਸਾਰੀਆਂ ਸੰਜੀਦਾ ਅਤੇ ਅਗਾਂਹਵਧੂ ਸੋਚ ਦੀਆਂ ਕਵਿਤਾਵਾਂ ਦਰਜ਼ ਹਨ ਜਿਵੇਂ ‘ਕਦ ਤੱਕ’, ‘ਨਕਾਬਪੋਸ਼’, ‘ਪਰਭਾਤ’ ‘ਕੋਝੀ ਸਿਆਸਤ’ ਆਦਿ ਜਿਹਨਾਂ ਬਾਰੇ ਕਾਫ਼ੀ-ਕੁਝ ਲਿਖਿ਼ਆ ਜਾ ਸਕਦਾ ਹੈ ਪਰ ਲੇਖ ਦੀ ਲੰਬਾਈ ਨੂੰ ਧਿਆਨ ਵਿਚ ਰੱਖਦਿਆ ਕਵੀ ਮਹਿੰਦਰਪਾਲ ਸਿੰਘ ਪਾਲ ਨੂੰ ਚੇਤਨਾ ਪ੍ਰਕਾਸ਼ਨ ਵੱਲੋਂ ਛਾਪੀ ਇਸ ਸਮਾਜ ਨੂੰ ਸ਼ੀਸ਼ਾ ਦਿਖਾਉਂਦੀ, ਮਨੁੱਖਤਾ ਦਾ ਭਲਾ ਮੰਗਦੀ ਅਤੇ ਸਾਂਝਾਂ ਦਾ ਸੁਨੇਹਾ ਦਿੰਦੀ ਮਾਨਣਯੋਗ, ਪੜਨਯੋਗ ਅਤੇ ਵਿਚਾਰਨਯੋਗ ਪੁਸਤਕ ਲਈ ਬਹੁਤ-ਬਹੁਤ ਵਧਾਈ।

ਸੰਪਰਕ: 001 403 680 3212

Comments

Security Code (required)Can't read the image? click here to refresh.

Name (required)

Leave a comment... (required)

ਕਿਤਾਬਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ